.

ਹਠ ਕਰਮ ਅਤੇ ਗੁਰੂ ਬਾਣੀ

26- ਬਿਲਾਵਲੁ ਮਹਲਾ 1॥ ਮੈ ਮਨਿ ਚਾਉ ਘਣਾ ਸਾਚਿ ਵਿਗਾਸੀ ਰਾਮ॥ ਮੋਹੀ ਪ੍ਰੇਮ ਪਿਰੇ ਪ੍ਰਭਿ ਅਬਿਨਾਸੀ ਰਾਮ॥ ਅਵਿਗਤੋ ਹਰਿ ਨਾਥੁ ਨਾਥਹੁ ਤਿਸੈ ਭਾਵੈ ਸੋ ਥੀਐ॥ ਕਿਰਪਾਲੁ ਸਦਾ ਦਇਆਲੁ ਦਾਤਾ ਜੀਆ ਅੰਦਰਿ ਤੂੰ ਜੀਐ॥ ਮੈ ਅਵਰੁ ਗਿਆਨੁ ਨ ਧਿਆਨੁ ਪੂਜਾ ਹਰਿ ਨਾਮੁ ਅੰਤਰਿ ਵਸਿ ਰਹੇ॥ ਭੇਖੁ ਭਵਨੀ ਹਠੁ ਨ ਜਾਨਾ ਨਾਨਕਾ ਸਚੁ ਗਹਿ ਰਹੇ॥ 1 {844} -2 

27- ਰਾਮਕਲੀ ਮਹਲਾ 1॥ ਹਠੁ ਨਿਗ੍ਰਹੁ ਕਰਿ ਕਾਇਆ ਛੀਜੈ॥ ਵਰਤੁ ਤਪਨੁ ਕਰਿ ਮਨੁ ਨਹੀ ਭੀਜੈ॥ ਰਾਮ ਨਾਮ ਸਰਿ ਅਵਰੁ ਨ ਪੂਜੈ॥ 1 {905} -5 

28- ਇਕਿ ਨਾਗੇ ਭੂਖੇ ਭਵਹਿ ਭਵਾਏ॥ ਇਕਿ ਹਠੁ ਕਰਿ ਮਰਹਿ ਨ ਕੀਮਤਿ ਪਾਏ॥ ਗਤਿ ਅਵਿਗਤ ਕੀ ਸਾਰ ਨ ਜਾਣੈ ਬੂਝੈ ਸਬਦੁ ਕਮਾਈ ਹੇ॥ 13 {ਮਾਰੂ ਮਹਲਾ 1॥ 1225} -5

ਧਰਮ ਦਾ ਅੰਗ ਮੰਨ ਕੇ ਕਈ ਤਰ੍ਹਾਂ ਦੇ ਭੇਖ ਧਾਰਨ ਕਰ ਲੈਣੇ, ਅੰਨ ਖਾਣਾ ਛੱਡ ਕੇ, ਬੋਲਣਾ ਤਿਆਗ ਕੇ ਕੰਨ ਨੱਕ ਆਦਿ ਸ੍ਰੋਤ ਮੂੰਦ ਕੇ ਮੋਨ ਧਾਰੀ ਬਣ ਬੈਠੇ, ਨੰਗੇ ਰਹਿਣ ਵਾਲੇ ਅਥਵਾ ਪੁਠੇ ਪੈਰੀਂ ਜਾਂ ਨੰਗੇ ਪੈਰੀਂ ਤੁਰਨ ਤੋਂ ਸਰੀਰ ਨੂੰ ਦੁਖੀ ਅਤੇ ਖੀਨ ਕਰਨ ਵਾਲੇ ਹਠ ਕਰਮੀਆਂ ਨੂੰ ਨਿਰਾ ਮੂਰਖ ਅਤੇ ਅੰਧੇ ਹੀ ਨਹੀਂ ਆਖਿਆ ਸਗੋਂ, ਸਤਿਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਨੂੰ ਪਿਛਲੇ ਮੰਦੇ ਕਰਮਾਂ ਦਾ ਫਲ ਪਾ ਰਹੇ ਫ਼ੁਰਮਾਨ ਕੀਤਾ ਹੈ:-

29- ਮਃ 1॥ ਲਿਖਿ ਲਿਖਿ ਪੜਿਆ॥ ਤੇਤਾ ਕੜਿਆ॥ ਬਹੁ ਤੀਰਥ ਭਵਿਆ॥ ਤੇਤੋ ਲਵਿਆ॥ ਬਹੁ ਭੇਖ ਕੀਆ ਦੇਹੀ ਦੁਖੁ ਦੀਆ॥ ਸਹੁ ਵੇ ਜੀਆ ਅਪਣਾ ਕੀਆ॥ ਅੰਨੁ ਨ ਖਾਇਆ ਸਾਦੁ ਗਵਾਇਆ॥ ਬਹੁ ਦੁਖੁ ਪਾਇਆ ਦੂਜਾ ਭਾਇਆ॥ ਬਸਤ੍ਰ ਨ ਪਹਿਰੈ॥ ਅਹਿਨਿਸਿ ਕਹਰੈ॥ ਮੋਨਿ ਵਿਗੂਤਾ॥ ਕਿਉ ਜਾਗੈ ਗੁਰ ਬਿਨੁ ਸੂਤਾ॥ ਪਗ ਉਪੇਤਾਣਾ॥ ਅਪਣਾ ਕੀਆ ਕਮਾਣਾ॥ ਅਲੁ ਮਲੁ ਖਾਈ ਸਿਰਿ ਛਾਈ ਪਾਈ॥ ਮੂਰਖਿ ਅੰਧੈ ਪਤਿ ਗਵਾਈ॥ ਵਿਣੁ ਨਾਵੈ ਕਿਛੁ ਥਾਇ ਨ ਪਾਈ॥ ਰਹੈ ਬੇਬਾਣੀ ਮੜੀ ਮਸਾਣੀ॥ ਅੰਧੁ ਨ ਜਾਣੈ ਫਿਰਿ ਪਛੁਤਾਣੀ॥ ਸਤਿਗੁਰੁ ਭੇਟੇ ਸੋ ਸੁਖੁ ਪਾਏ॥ ਹਰਿ ਕਾ ਨਾਮੁ ਮੰਨਿ ਵਸਾਏ॥ ਨਾਨਕ ਨਦਰਿ ਕਰੇ ਸੋ ਪਾਏ॥ ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ॥ 2 {467} -9-

ਅਰਥ:-ਜਿੰਨਾ ਕੋਈ ਮਨੁੱਖ (ਕੋਈ ਵਿੱਦਿਆ) ਲਿਖਣੀ ਪੜ੍ਹਨੀ ਜਾਣਦਾ ਹੇ, ਉਨਾ ਹੀ ਉਸ ਨੂੰ ਆਪਣੀ ਵਿਦਿਆ ਦਾ ਮਾਣ ਹੈ (ਸੋ ਇਹ ਜ਼ਰੂਰੀ ਨਹੀਂ ਕਿ, ਰੱਬ ਜੀ ਦੇ ਦਰ ਤੇ ਪਰਵਾਨ ਹੋਣ ਲਈ ਵਿੱਦਿਆ ਦੀ ਲੋੜ ਹੈ), ਜਿੰਨਾ ਹੀ ਕੋਈ ਬਹੁਤੇ ਤੀਰਥਾਂ ਦੀ ਯਾਤ੍ਰਾਂ ਕਰਦਾ ਹੈ, ਉਨਾ ਹੀ ਥਾਂ ਥਾਂ ਤੇ ਦੱਸਦਾ ਫਿਰਦਾ ਹੈ (ਕਿ, ਮੈਂ ਫਲਾਣੇ ਤੀਰਥ ਤੇ ਇਸ਼ਨਾਨ ਕਰ ਆਇਆ ਹਾਂ। ਤੋ ਤੀਰਥ-ਯਾਤ੍ਰਾ ਵੀ ਅਹੰਕਾਰ ਦਾ ਹੀ ਕਾਰਨ ਬਣਦੀ ਹੈ। (ਕਿਸੇ ਨੇ ਲੋਕਾਂ ਨੂੰ ਪਤਿਆਉਣ ਵਾਸਤੇ, ਧਰਮ ਦੇ) ਚਿਹਨ ਧਾਰੇ ਹੋਏ ਹਨ, ਅਤੇ ਕੋਈ ਆਪਣੇ ਸਰੀਰ ਨੂੰ ਕਸ਼ਟ ਦੇ ਰਿਹਾ ਹੈ, (ਉਸ ਨੂੰ ਵੀ ਇਹੀ ਕਹਿਣਾ ਠੀਕ ਜਾਪਦਾ ਹੈ ਕਿ,) ਹੇ ਭਾਈ! ਆਪਣੇ ਕੀਤੇ ਦਾ ਦੁੱਖ ਸਹਾਰ (ਭਾਵ, ਇਹ ਭੇਖ ਧਾਰਨੇ ਸਰੀਰ ਨੂੰ ਦੁੱਖ ਦੇਣੇ ਵੀ ਰੱਬ ਦੇ ਦਰ ਤੇ ਕਬੂਲ ਨਹੀ ਹਨ)।

(ਹਰ ਵੇਖੋ, ਕਿਸੇ ਨੇ) ਅੰਨ ਛਡਿਆ ਹੋਇਆ ਹੈ (ਪ੍ਰਭੂ ਦਾ ਸਿਰਮਰਨ ਤਾਂ ਨਹੀਂ ਕਰਦਾ, ਸਿਮਰਨ ਤਿਆਗ ਕੇ) ਉਸ ਨੂੰ ਇਹ ਹੋਰ ਹੀ ਕੰਮ ਚੰਗਾ ਲੱਗਾ ਹੋ। ਉਸ ਨੇ ਵੀ ਆਪਣੀ ਜ਼ਿੰਦਗੀ ਦੁਖੀ ਬਣਾਈ ਹੋਈ ਹੈ ਅਤੇ ਦੁੱਖ ਸਹਾਰ ਰਿਹਾ ਹੇ। ਕੱਪਣੇ ਨਹੀਂ ਪਾਉਂਦਾ ਤੇ ਦਿਨ ਰਾਤ ਔਖਾ ਹੋ ਰਿਹਾ ਹੈ। (ਇਕਲਵਾਂਜੇ) ਚੁੱਪ ਵੱਟ ਕੇ (ਅਸਲੀ ਰਾਹ ਤੋਂ) ਖੁੰਝਿਆ ਹੈ, ਭਲਾ, ਦੱਸੋ (ਮਾਇਆ ਦੀ ਨੀਂਦ ਵਿੱਚ) ਸੁੱਤਾ ਹੋਇਆ ਮਨੁੱਖ ਗੁਰੂ ਤੋਂ ਬਿਨਾ ਕਿਵੇਂ ਜਾਗ ਸਕਦਾ ਹੈ?

(ਇਕ) ਪੈਰਾਂ ਤੋਂ ਨੰਗਾ ਫਿਰਦਾ ਹੈ ਅਤੇ ਆਪਣੀ ਇਸ ਕੀਤੀ ਹੋਈ ਭੁੱਲ ਦਾ ਦੁੱਖ ਸਹਿ ਰਿਹਾ ਹੈ। (ਸੁੱਚਾ ਭੋਜਨ ਛੱਡ ਕੇ) ਜੂਠਾ ਮਿੱਠਾ ਖਾਂਦਾ ਹੈ ਅਤੇ ਸਿਰ ਵਿੱਚ ਸੁਆਹ ਪਾ ਰੱਖੀ ਹੈ, ਅਗਿਆਨੀ ਮੂਰਖ ਨੇ (ਇਸ ਤਰ੍ਹਾਂ) ਆਪਣੀ ਪੱਤ ਗਵਾ ਲਈ ਹੈ। ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਉੱਦਮ ਪਰਵਾਨ ਨਹੀਂ ਹੈ। (ਅਕਲੋਂ) ਅੰਨ੍ਹਾ (ਮਨੁੱਖ) ਉਜਾੜਾਂ, ਮੜ੍ਹੀਆਂ, ਮਸਾਣਾ ਵਿੱਚ ਜਾ ਰਹਿੰਦਾ ਹੈੱ, (ਰੱਬ ਵਾਲਾ ਰਸਤਾ) ਨਹੀਂ ਸਮਝਦਾ ਤੇ ਸਮਾਂ ਵਿਹਾ ਜਾਣ ਤੇ ਪਛਤਾਉਂਦਾ ਹੇ।

ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਹੈ (ਅਸਲੀ) ਸੁਖ ਉਹੀ ਮਾਣਦਾ ਹੈੱ (ਉਹ ਵਡਭਾਗਾ) ਰੱਬ ਦਾ ਨਾਮ ਆਪਣੇ ਹਿਰਦੇ ਵਿੱਚ (ਟਿਕਾਉਂਦਾ) ਹੈ। (ਪਰ) ਹੇ ਨਾਨਕ! ਗੁਰੂ ਵੀ ਉਸੇ ਨੂੰ ਹੀ ਮਿਲਕਦਾ ਹੈ ਜਿਸ ਉੱਤੇ ਆਪ ਕਰਤਾਰ ਮਿਹਰ ਦੀ ਨਜ਼ਰ ਕਰਦਾ ਹੈ। ਉਹ ਸੰਸਾਰ ਦੀਆਂ ਆਸਾਂ ਫਿਕਾਰਾਂ ਤੋਂ ਨਿਰਲੇਪ ਹੋ ਕੇ ਗੁਰੂ ਦੇ ਸ਼ਬਦ ਦੁਆਰਾ ਆਪਣੀ ਹਉਮੈ ਨੂੰ ਸਾੜ ਦੇਂਦਾ ਹੈ। 2.

{ਇਨ੍ਹਾਂ ਗੁਰੂ ਫ਼ੁਰਮਾਨਾ ਤੋਂ ਇਲਾਵਾ ਕਰਮਕਾਂਡੀ ਰੁਚੀਆਂ ਤੋਂ ਵਰਜ ਰਹੇ ਹੋਰ ਵੀ ਬੇਅੰਤ ਗੁਰੂ ਸ਼ਬਦ ਹਨ, ਪੜ੍ਹੋ ਪੁਸਤਕ “ਬਿੱਪਰਨ ਕੀ ਰੀਤ ਤੋਂ ਸਚੁ ਦਾ ਮਾਰਗ” -ਭਾਗ ਤੀਜਾ}

ਕਰੀਰ ਦਾ ਕਿੱਲਾ ਚਾਰ ਪਦਾਰਥਾਂ ਦਾ ਦਾਤਾ?

ਸਵੈਯਾ॥ ਗੁਰ ਅੰਗਦ ਐਸ ਉਚਾਰ ਕੀਯੋ ਇਹ ਮੇਖ ਕਰੀਰ ਅਬੈ ਸਭਿ ਜੋਈ।

ਨਰ ਨਾਰਿ ਜੋਊ ਇਹ ਦਰਸ ਕਰੈ ਫਲ ਚਾਰਿ ਲਹੈ ਦੁਖਸੰਕਟ ਖੋਈ।

ਪੁਨਿ ਐਸ ਨਿਦੇਸ ਕਰੀ ਮੁਖ ਸੋ ਮਮ ਧਾਮ ਰਚੈ ਤਿਹ ਠਾਂ ਸੁਖ ਹੋਈ।

ਮਮ ਧਾਮ ਕੇ ਅੱਗ੍ਰਜ ਮੇਖ ਕਰੀਰ, ਸੁ ਦਰਸ਼ਨ ਤੇ ਅਘ ਓਘ ਨਸੋਈ॥ 161॥

ਪਦ ਅਰਥ:-ਇਹ ਮੇਖ. . =ਇਹ ਕਿੱਲਾ ਹੁਣ ਕਰੀਰ ਦਾ ਰੁੱਖ ਬਣੇਗਾ। ਸਭਿ ਜੋਈ=ਜਿਸ ਨੂੰ ਸਾਰੇ ਵੇਖਣਗੇ। ਚਾਰਿ=ਚਾਰ ਪਦਾਰਥ। ਦੁਖ ਸੰਕਟ. . =ਦੁੱਖਾਂ ਮੁਸੀਬਤਾਂ ਦਾ ਖ਼ਾਤਮਾ ਹੋ ਜਾਵੇਗਾ। ਨਿਦੇਸ=ਇਸਮੁਖਾਰਬਿੰਦ ਤੋਂ ਇਹ ਆਗਿਆ ਕਰੀ। ਤਿਹ ਠਾਂ=ਇਸ ਥਾਂ। ਅੱਗ੍ਰਜ=ਸਾਹਮਣੇ। ਅਘ … =ਸਾਰੇ ਪਾਪ ਨਾਸ ਹੋ ਜਾਣਗੇ।

ਜਿਨ੍ਹਾਂ ਚਾਰ ਪਦਾਰਥਾਂ ਦੇ ਪ੍ਰਾਪਤ ਹੋਣ ਦਾ ਲਿਖਾਰੀ ਨੇ ਲਾਲਚ ਦਿੱਤਾ ਹੈ, ਉਨ੍ਹਾਂ ਬਾਰੇ (ਬਾਬਾ ਲਹਿਣਾ ਜੀ ਦੇ) ਗੁਰੂ ਪਰਮੇਸ਼ਰ ਸਤਿਗੁਰੂ ਨਾਨਕ ਸਾਹਿਬ ਜੀ ਨੇ ਬਹੁ-ਪੱਖੀ ਗਿਆਨ ਦੀ, ਅਤੇ ਕਥਿਤ ਚਾਰ ਪਦਾਰਥਾਂ ਬਾਰੇ ਇਉ ਦੀ ਸੂਝ ਬਖ਼ਸ਼ਸ਼ ਕੀਤੀ ਹੈ:-

30- ਗਉੜੀ ਮਹਲਾ 1॥ … … ਚਾਰਿ ਪਦਾਰਥ ਕਹੈ ਸਭੁ ਕੋਈ॥ ਸਿੰਮ੍ਰਿਤਿ ਸਾਸਤ ਪੰਡਿਤ ਮੁਖਿ ਸੋਈ॥ ਬਿਨੁ ਗੁਰ ਅਰਥੁ ਬੀਚਾਰੁ ਨ ਪਾਇਆ॥ ਮੁਕਤਿ ਪਦਾਰਥੁ ਭਗਤਿ ਹਰਿ ਪਾਇਆ॥ 2 ॥ … 4॥ 12॥ {154}

“ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ” ਦੂਜੀ ਪੋਥੀ ਦੇ 23 ਸਫ਼ੇ ਤੇ ਉਪ੍ਰੋਕਤ ਦੂਜੀ ਤੁਕ ਦੇ ਅਰਥ ਇਸ ਪ੍ਰਕਾਰ ਲਿਖੇ ਹਨ:- ‘ਹਰੇਕ ਜੀਵ ਧਰਮ ਅਰਥ ਕਾਮ ਮੋਖ (=ਮੁਕਤੀ) ਇਨ੍ਹਾਂ ਚਾਰ ਪਦਾਰਥਾਂ ਦਾ ਜ਼ਿਕਰ ਤਾਂ ਕਰਦਾ ਹੈ, ਸਿੰਮ੍ਰਿਤੀਆਂ ਸ਼ਾਸਤ੍ਰਾਂ (ਹਿੰਦੂਆਂ ਦੇ ਧਰਮ ਗ੍ਰੰਥ ਜਿਨ੍ਹਾਂ ਦਾ ਲਿਖਾਰੀ ਬ੍ਰਾਹਮਣ ਹੈ) ਦੇ ਪੰਡਤਾਂ ਦੇ ਮੂਹੋਂ ਵੀ ਏਹੀ ਸਣੀਦਾ ਹੈ, ਪਰ ਮੁਕਤਿ ਪਦਾਰਥ ਕੀ ਹੈ (ਉਹ ਅਵਸਥਾ ਕਿਹੋ ਜਹੀ ਹੈ ਜਿੱਥੇ ਜੀਵ ਤਿੰਨਾ ਗੁਣਾ ਤੋਂ ਨਿਰਲੇਪ ਜਾਂਦਾ ਹੈ) ਗੁਰੂ ਦੀ ਸਰਨ ਪੈਣ ਤੋਂ ਬਿਨਾ ਇਸ ਦਾ ਅਨੁਭਵ ਨਹੀਂ ਹੋ ਸਕਦਾ, ਇਹ ਪਦਾਰਥ ਪਰਮਾਤਮਾ ਦੀ ਭਗਤੀ ਕੀਤਿਆਂ ਹੀ ਮਿਲਦਾ ਹੈ। 2. - ਭਾਵ, ਚਾਰ ਪਦਾਰਥਾਂ ਵਿੱਚ ਵੰਡੀ ਹੋਈ ਮਾਇਆ, ਕਰੀਰ ਦੇ ਸਿੇ ਰੁੱਖ ਕੋਲੋਂ ਕਦੇ ਨਹੀਂ ਮਿਲ ਸਕਦੇ। ਸਤਗੁਰੂ ਜੀ ਦੇ ਗਿਆਨ ਅਨੁਸਾਰ ਜੀਵਨ ਢਾਲ ਲੈਣ ਨਾਲ ਤਿੰਨ ਮਾਇਕ ਪਦਾਰਥ ਦੀ ਤਾਂ ਇਛਿਆ ਹੀ ਮੁੱਕ ਜਾਂਦੀ ਹੈ; - ਸਤਿਗੁਰ ਕੈ ਵਸਿ ਚਾਰਿ ਪਦਾਰਥ॥ ਤੀਨਿ ਸਮਾਏ ਏਕ ਕ੍ਰਿਤਾਰਥ॥ 5 ॥ . . 8॥ 6॥ {1344}

“ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ” ਨੌਂਵੀ ਪੋਥੀ ਦੇ 627 ਸਢੇ ਤੇ ਉਪ੍ਰੋਤ ਗੁਰੂ ਸ਼ਬਦ ਦੀ ਪੰਜਵੀ ਤੁਕਦੇ ਅਰਥ:-

‘(ਲੋਕ ਦਨੀਆ ਦੇ ਪਦਾਰਥਾਂ ਦੀ ਖ਼ਾਤਰ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ, ਪਰ) ਗੁਰੂ ਦੇ ਇਖ਼ਤਿਆਰ ਵਿੱਚ (ਧਰਮ, ਅਰਥ, ਕਾਮ, ਮੋਖ) ਚਾਰੇ ਪਦਾਰਥ ਹਨ। (ਗੁਰੂ ਦੀ ਸਿਖਿਆ ਤੇ ਤੁਰਿਆਂ) ਤਿੰਨ ਪਦਾਰਥਾਂ ਦੀ ਵਾਸਨਾ ਹੀ ਮੁੱਕ ਜਾਂਦੀ ਹੈ, ਤੇ ਮਨੁੱਖ ਨੂੰ ਇੱਕ ਵਿੱਚ ਸਫ਼ਲਤਾ ਪ੍ਰਾਪਤ ਹੋ ਜਾਂਦੀ ਹੈ (ਭਾਵ, ਮਾਇਆ ਦੇ ਮੋਹ ਤੋਂ ਮੁਕਤੀ ਮਿਲ ਜਾਂਦੀ ਹੈ)। 5.

(7) ਇਸ ਗਾਥਾ ਦਾ ਇੱਕ ਇਹ ਪੱਖ-

(ੳ) ਜਦ ਲਿਖਾਰੀ ਆਪ ਹੀ ਮੰਨਦਾ ਹੈ ਕਿ (ਗੁਰੂ) ਅਮਰਦਾਸ ਜੀ ਰਾਤ ਦੇ ਹਨੇਰੇ ਵਿੱਚ ਹੀ ਬਿਆਸ ਤੋਂ ਪਾਣੀ ਲਿਆ ਕੇ ਤੜਕੇ ਤਿੰਨ ਵਜੇ ਸਤਿਗੁਰੂ ਅੰਗਦ ਸਾਹਿਬ ਜੀ ਦਾ ਇਸ਼ਨਾਨ ਵੀ ਕਰਾ ਲੈਂਦੇ ਸਨ ਤਾਂ ਉਸ ਸੇਵਾ ਨੂੰ ਵੇਖ ਕੇ ਨਾਲੋ ਨਾਲ ਕੋਣ ਲਿਖਦਾ ਰਿਹਾ ਜੋ ਇਹ ਗਾਥਾ ਸੈਂਕੜੇ ਸਾਲ ਮਗਰੋਂ ਜਨਮੇ ਲਿਖਾਰੀ ਤਕ ਹੂ-ਬਹੂ ਉਵੇਂ ਦੀ ਉਵੇਂ ਆ ਪੁੱਜੀ? ਲਿਖਾਰੀ ਨੇ ਜਦ ਹੋਰ ਛੋਟੀਆਂ ਛੋਟੀਆਂ ਬੇਅੰਤ ਗੱਲਾਂ ਲਿਖੀਆਂ ਹਨ, ਫਿਰ ਇਹ ਕਿਉਂ ਨਹੀਂ ਲਿਖਿਆ ਕਿ ਦਾਤੂ ਜੀ ਭਾਵੇਂ ਪਿਤਾ ਗੁਰਦੇਵ ਜੀ ਦੀ ਸੇਵਾ ਕਰਨੀ ਆਪਣੀ ਹੱਤਕ ਸਮਝਦੇ ਸਨ, ਪਰ ਰਾਤ ਸਮੇਂ ਇਸ਼ਨਾਸ ਕਰਾਉਣ ਵਾਲੀ ਇਸ ਕਠਨ ਸੇਵਾ ਨੂੰ ਵੇਖਣ ਲਈ ਉਹ ਰਾਤੀਂ ਔਖੇ ਹੋ ਕੇ ਵੀ ਉਠ ਬੈਠਦੇ ਸਨ।

(ਅ) ਜੇ ਗੁਰੂ ਅਮਰਦਾਸ ਜੀ ਲਈ ਬਿਆਸ ਦਾ ਪਾਣੀ ਏਡਾ ਪਾਵਨ ਪਵਿੱਤਰ ਬਣ ਚੁੱਕਾ ਸੀ ਤਾਂ ਦਰਿਆ ਦੇ ਕੰਢੇ ਤੇ ਆਪ ਹੀ ਵਸਾਏ ਗੋਇੰਦਵਾਲ ਸਾਹਿਬ ਵਿੱਚ ਆ ਕੇ ਉਨ੍ਹਾਂ ਨੇ ਬਿਆਸ ਦਾ ਪਣੀ ਵਰਤਣਾ ਸਾਰਿਆਂ ਲਈ ਜ਼ਰੂਰੀ ਬਣਾਉਣ ਦੀ ਥਾਂ ਸਗੋਂ ਬੜੀਆਂ ਘਾਲਣਾ ਨਾਲ 84 ਪਉੜੀਆਂ ਵਾਲੀ ਬਾਉਲੀ ਕਿਉਂ ਸਿਰਜ ਲਈ? ਹੇ ਸਿਖਾਂ ਦੀ ਵਾਗ ਡੋਰ ਦੇ ਮਾਲਕ, ਸਤਿਕਾਰ ਜੋਗ ਜਥੇਦਾਰ ਸਾਹਿਬਾਨ ਜੀਓ! ਝੂਠ ਦੇ ਨੰਗੇਜ ਦਾ ਕਿਹੜਾ ਕਿਹੜਾ ਪਾਸਾ ਢੱਕ ਲਵੋਗੇ?

(8) - ਇਸ ਝੂਠ ਕਾਥਾ ਦੇ ਲਿਖਣ ਤੋਂ ਲਿਖਾਰੀ ਦਾ ਮੰਤਵ (Motive)

ਅਜੇਹੀਆਂ ਝੂਠੀਆਂ ਕਹਾਣੀਆਂ ਨੂੰ ਗੁਰੂ ਇਤਿਹਾਸ ਵਿੱਚ ਰਲਾਉਣ ਵਿੱਚ ਪ੍ਰਾਪਤ ਕਰ ਲਈ ਪੂਰੀ ਸਫ਼ਲਤਾ ਦਾ ਹੀ ਚਮਤਕਾਰ ਹੈ ਕਿ, ਜਿਸ ਗੁਰਮਤਿ ਗਿਆਨ ਦਾ ਸਦਕਾ ਅਸੀਂ, (ਮਨੁੱਖਤਾ ਦੇ ਸ਼ੁੱਭ ਗੁਣਾ ਦੀ ਘਾਤਕ), ਅਨੇਕਤਾ ਦੀ ਪੂਜਾ ਤਿਆਗ ਕੇ, ਕੇਵਲ ਇੱਕ ਅਕਾਲ ਦੇ ਪੁਜਾਰੀ, ਸਤਿਗੁਰੂ ਨਾਨਕ ਸਾਹਿਬ ਜੀ ਦੇ ੴਦੇ ਉਪਾਸ਼ਕ ਬਣ ਜਾਣ ਤੋਂ ਅਸ਼ੀਂ ਸ਼ਕਤੀ-ਸ਼ਾਲੀ ਰਾਜ ਭਾਗ ਦੇ ਮਾਲਕ ਬਣ ਗਏ ਸਾਂ, ਅੱਜ ਅਸੀਂ ਕੰਧਾਂ ਕੋਠਿਆਂ, ਰੁੱਖਾਂ ਤੇ ਕਿਲਿਆਂ ਦੇ, ਸ਼ਸਤਰਾਂ ਦੇ, ਜਲ ਤੇ ਬੇਰੀ ਦੇ, ਏਥੋ ਤੱਕ ਕਿ, ਮੁਰਦਿਆਂ ਦੀਆਂ ਕਬਰਾਂ ਦੇ ਪੁਜਾਰੀ ਬਣ ਕੇ ਦਿਨੋ ਦਿਨ ਸਿੱਖੀ ਦੇ ਕੱਟੜ ਵੈਰੀ ਪ੍ਰੋਹਿਤ ਜੀ ਦੇ ਗ਼ੁਲਾਮ ਬਣਦੇ ਮੰਦਰਾਂ ਦੇ ਟੱਲਾਂ ਖੜਕਾਉਣ ਦੀ ਮਰਿਯਾਦਾ ਵਲ ਨੂੰ ਤੁਰੇ ਜਾ ਰਹੇ ਹਾਂ। ਸਿੱਖੀ ਦੇ ਵੈਰੀਆਂ ਸਫ਼ਲਤਾ ਦਾ ਕਮਾਲ ਵੇਖੋ ਕਿ, ਅਸੀਂ ਸਭ ਕੁੱਝ ਗੁਆ ਕੇ ਵੀ ਅਹੰਕਾਰ ਦੀ ਸਿਖ਼ਰ ਤੋਂ ਹੇਠਾਂ ਉਤਰ ਆਉਣਾ ਹੱਤਕ ਮੰਨੀ ਬੈਠੇ ਹਾਂ।

ਏਥੇ ਲਿਖਾਰੀ ਨੇ ਪਹਿਲਾਂ ਦਮਦਮਾ ਸਾਹਿਬ ਨੂੰ ਪਾਪ ਨਾਸਕ ਤੀਰਥ ਬਣਾ ਲਿਆ, ਫੇਰ ਕਿੱਲੀ ਤੋਂ ਬਣ ਰਿਹਾ ਕਰੀਰ ਦਾ ਰੁੱਖ? ਪਹਿਲਾਂ ਉਸ ਭਾਵੀ-ਰੁੱਖ ਦੇ ਦਰਸ਼ਨ ਕਰੋ ਤਾਂ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ ਹੋ ਸਕਦੇ ਸਨ? ਨਹੀਂ ਤਾਂ …? ਲਿਖਾਰੀ ਦੀ ਚਤੁਰਤਾ ਦਾ ਅਥਵਾ ਸਾਡੀ ਮੂਰਖਤਾ ਦਾ ਸਦਕਾ ਉਹੀ ਕਿੱਲਾ ਜਿਸ ਨੇ (ਸਤਿਗੁਰੁ) ਅਮਰਦਾਸ ਜੀ ਨੂੰ ਦੁਖਦਾਈ ਠੋਕਰ ਮਾਰੀ ਸੀ, ਕਿੱਲੇ ਤੋਂ ਕਰੀਰ ਦਾ ਰੁਖ ਬਣ ਕੇ ਚਾਰ ਪਦਾਰਥਾਂ ਦਾ ਦਾਤਾ ਬਣ ਗਿਆ? ਦਮਦਮੇ ਸਾਹਿਬ ਵੀ ਕਰੀਰ ਦੇ ਦਰਸ਼ਨ ਕਰੋ ਅਤੇ ਖਡੂਰ ਸਾਹਬ ਵੀ ਕਰੀਰ ਦਾ ਰੁੱਖ ਹੀ, ਸਰਬ ਪਾਪ ਨਾਸਕ, ਚਾਰੇ ਪਦਾਰਥਾਂ ਦਾ ਦਾਤਾ ਅਥਵਾ ਸਰਬ ਸੁਖ ਦਾਤਾ ਬਣ ਬੈਠਾ? ਧੰਨ ਹੈ ਲਿਖਾਰੀ ਤੇ ਧੰਨ ਧੰਨ ਹੈ ਉਸ ਦੀ ਸਫ਼ਲਤਾ। ਏਧਰੋਂ ਸਾਡੇ ਵੇਦਾਂਤੀ ਜੀ ਧੰਨ ਹਨ ਜਿਨ੍ਹਾਂ ਨੇ ਗੁਰਮਤਿ-ਘਾਤਕ ਇਸ ਪੁਸਤਕ ਨੂੰ ਪੰਥ ਲਈ ਸੁਗ਼ਾਤ ਵਜੋਂ ਵਰਤਾਉਣਾ ਅਰੰਭ ਕਰ ਦਿੱਤਾ। ਉਰਦੂ ਜ਼ਬਾਨ ਦੇ ਸ਼ਾਇਰ ਦਾ ਕਥਨ ਪ੍ਰਤੱਖ? ਦਿੱਲ ਕੇ ਫਫੋਲੇ ਜੱਲ ਉਠੇ ਸੀਨੇ ਕੇ ਦਾਗ਼ ਸੇ। ਇਸ ਘਰ ਕੋ ਆਗ ਲਗੀ ਘਰ ਕੇ ਚਿਰਾਗ਼ ਸੇ

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.