.

ਵਿਗਿਆਨਕ ਯੁਗ ਦੇ ਬਾਨੀ- ਗੁਰੂ ਨਾਨਕ ਸਾਹਿਬ ਜੀ

ਰਾਮ ਸਿੰਘ, ਗ੍ਰੇਵਜ਼ੈਂਡ

ਗਰੂ ਨਾਨਕ ਸਾਹਿਬ ਨੇ ਮੱਧ-ਯੁਗ ਨੂੰ ਕਲਯੁਗ ਕਰਕੇ ਪੁਕਾਰਿਆ ਹੈ। ਗੁਰੂ ਸਾਹਿਬ ਜੀ ਨੇ ਉਸ ਸਮੇਂ ਨੂੰ ਕਲਯੁਗ ਕਿਹਾ ਜਿਹੜਾ ਉਨ੍ਹਾਂ ਦੇ ਪੇਸ਼ ਕਿਸੇ ਮਨੁੱਖੀ ਸ਼ਕਲ ਵਿੱਚ ਨਹੀਂ ਹੋਇਆ ਸੀ, ਪਰ ਉਹ ਸਮਾਂ ਸੀ ਜਦ ਵਹਿਮਾਂ, ਭਰਮਾਂ, ਊਚ ਨੀਚ, ਵਰਨ ਅਨੇਕਤਾ, ਕਰਮ ਕਾਂਡ, ਵਿਖਾਵਾ, ਮਨੁੱਖੀ ਜਾਮੇ ਵਿੱਚ ਵਿਚਰ ਰਹੇ ਅਧਰਮੀ ਰਾਜਿਆਂ ਤੇ ਲਾਲਚੀ ਧਾਰਮਿਕ ਆਗੂਆਂ ਦਾ ਬੋਲ ਬਾਲਾ ਸੀ। ਸਿੱਟੇ ਵਜੋਂ ਲੋਕੀਂ ਕਿਸੇ ਤਰ੍ਹਾਂ ਦਾ ਗਿਆਨ ਨਾ ਹੋਣ ਕਰਕੇ ਵਕਤੀ ਹਾਕਮ ਦੀ “ਚੜ੍ਹਦੇ ਸੂਰਜ ਨੂੰ ਸਲਾਮ” ਵਾਲੀ ਕਹਾਵਤ ਅਨੁਸਾਰ ਪੂਜਾ ਕਰਦੇ ਸਨ ਅਤੇ ਉਸਦਾ ਸੁਭਾਅ, ਆਚਰਨ, ਤੌਰ ਤਰੀਕੇ ਆਦਿ ਵੀ, ਉਸ ਨੂੰ ਖੁਸ਼ ਕਰਨ ਲਈ ਅਪਨਾ ਲਏ ਸਨ। ਇਸ ਕਰਕੇ ਜੀਵਨ ਦੇ ਹਰ ਖੇਤਰ ਵਿੱਚ ਭਟਕਣਾ ਹੀ ਭਟਕਣਾ ਸੀ। ਅਖੌਤੀ ਧਰਮੀਆਂ ਤੇ ਹੁਕਮਰਾਨਾਂ ਦੇ ਦੰਭ, ਪਾਖੰਡ ਅਤੇ ਜਬਰ ਦੇ ਮਾਹੌਲ ਕਰਕੇ ਸਮਾਜਿਕ ਜੀਵਨ ਦੇ ਹਰ ਖੇਤਰ ਵਿੱਚ ਤ੍ਰੇੜਾਂ ਹੀ ਤ੍ਰੇੜਾਂ ਨੇ ਨੈਤਕ ਕਦਰਾਂ ਕੀਮਤਾਂ ਦਾ ਭੋਗ ਹੀ ਪਾ ਦਿੱਤਾ ਸੀ। ਜੇ ਉਸ ਤਰ੍ਹਾਂ ਦੇ ਸਮੇਂ ਦੀ ਵੰਨਗੀ ਦੇਖਣੀ ਹੋਵੇ ਤਾਂ ਅੱਜਕਲ ਦੇ ਧਾਰਮਿਕ ਠੇਕੇਦਾਰਾਂ ਅਤੇ ਹੁਕਮਰਾਨਾਂ ਵਲੋਂ ਬਣਾਈ ਗਈ ਦੇਸ ਦੀ ਹਾਲਤ ਦੇਖੀ ਜਾ ਸਕਦੀ ਹੈ। ਜ਼ਾਤ-ਪਾਤ ਆਦਿ ਦੇ ਵਿਤਕਰੇ ਕਾਰਨ ਮਨੁੱਖ ਮਨੁੱਖ ਤੋਂ ਨਫਰਤ ਕਰ ਰਿਹਾ ਹੈ। ਗਰੁੱਪ, ਧੜੇ, ਪਾਰਟੀਆਂ, ਝਗੜੇ, ਲੜਾਈਆਂ, ਕਤਲ, ਬਲਾਤਕਾਰ ਅਤੇ ਖੂਨ ਖਰਾਬਾ ਹੋ ਰਿਹਾ ਹੈ। ਅਖੌਤੀ ਲੋਕ-ਰਾਜ ਵਿੱਚ ਜੰਤਾ ਵਲੋਂ ਆਪਣੀ ਰੱਖਿਆ ਲਈ ਚੁਣਿਆ ਹੋਇਆ ਹੁਕਮਰਾਨ ਟੋਲਾ ਜੰਤਾ ਦੀ ਰੱਖਿਆ ਦੀ ਥਾਂ ਆਪਣੀ ਰੱਖਿਆ ਲਈ ਲੋਕਾਂ ਦੇ ਸਿਰ ਭਾਰ ਪਾ ਕੇ ਇੱਕ ਦੋ ਨਹੀਂ ਪੰਜ ਤੋਂ ਲੈ ਕੇ ਦਸ ਦਸ ਰੱਖਿਅਕ ਆਪਣੇ ਨਾਲ ਲਈ ਫਿਰਦਾ ਹੈ। ਕਿੱਥੇ ਗਈ ਆਪਣੇ ਜ਼ੋਰ ਨਾਲ ਬਣ ਕੇ ਆਪਣੀ ਰੱਖਿਆ ਦੀ ਵੀ ਪਰਵਾਹ ਨਾ ਕਰਦੇ ਹੋਏ ਲੋਕਾਂ ਵਿੱਚ ਫਿਰ ਫਿਰ ਕੇ ਲੋਕਾਂ ਦੀ ਹਾਲਤ ਦਾ ਖਿਆਲ ਰੱਖਣ ਵਾਲੇ ਮਾਹਾਰਾਜਾ ਰਣਜੀਤ ਸਿੰਘ ਦੀ ਖਾਲਸਈ ਨਾਨਕ ਸੋਚ? ਕਿਸੇ ਵੇਲੇ ਸੱਚ ਜਿਹੜਾ ਧਰਮ ਦਾ ਮੂਲ ਮੰਨਿਆਂ ਜਾਂਦਾ ਸੀ ਉਹ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਗਟ ਹੋਣ ਸਮੇਂ ਧਰਮ ਵਿੱਚੋਂ ਖੰਭ ਲਾ ਕੇ ਉੱਡ ਚੁੱਕਿਆ ਸੀ ਅਤੇ ਧਰਮ ਆਪ ਹੀ ਕਲਯੁਗੀ ਸ਼ਕਲ ਧਾਰ ਚੁੱਕਿਆ ਸੀ। ਰਾਜਨੀਤੀ ਨੇ ਤਾਂ ਅਧਰਮੀ ਬਣਨਾ ਹੀ ਸੀ। ਇਸ ਕਰਕੇ ਗੁਰੂ ਸਾਹਿਬ ਜੀ ਨੂੰ ਇਸ ਸਮੇਂ ਨੂੰ ਕਲਯੁਗ ਕਹਿ ਕੇ ਪੁਕਾਰਨਾ ਪਿਆ, ਜਿਸਦੀ ਕਿ ਕੂੜ ਭਾਵ ਝੂਠ ਸਰਦਾਰ ਬਣ ਕੇ ਅਗਵਾਈ ਕਰ ਰਿਹਾ ਸੀ। ਕਿਸੇ ਤਰ੍ਹਾਂ ਦੀ ਦਲੀਲ ਆਦਿ ਦੀ ਥਾਂ ਅੰਧਵਿਸ਼ਾਸ ਦੇ ਨਾਲ ਨਾਲ ਲੋਕ ਵਿਸ਼ੇ ਵਿਕਾਰਾਂ ਦੀ ਭੱਠੀ ਵਿੱਚ ਜਲ ਰਹੇ ਸਨ। ਗੁਰੂ ਜੀ ਨੂੰ ਜਲਦੀ ਬਲਦੀ ਲੋਕਾਈ ਤੇ ਕੁੱਛ ਜ਼ਿਆਦਾ ਹੀ ਤਰਸ ਆਇਆ ਕਿਉਂਕਿ ਗੁਰੂ ਜੀ ਤਾਂ ਲੋਕਾਂ ਦੇ ਜੀਵਨ ਨੂੰ ਦਲਦਲ ਵਿੱਚੋਂ ਕੱਢ ਕੇ ਸੁਚੱਜਾ ਤੇ ਸਵੱਛ ਬਨਾਉਣਾ ਲੋਚਦੇ ਸਨ ਅਤੇ ਉਨ੍ਹਾਂ ਨੂੰ ਰੱਬ ਜੀ ਦੀ ਬੇਅੰਤਤਾ ਬਾਰੇ ਬਹੁਤ ਕੁੱਛ ਦੱਸਣਾ ਚਾਹੁੰਦੇ ਸਨ, ਪਰ ਲੋਕੀਂ ਧਰਤੀ ਦੇ ਤੱਲ ਤੋਂ ਵੀ ਬਹੁਤ ਥੱਲੇ ਵਹਿਮਾਂ ਭਰਮਾਂ ਦੇ ਖੱਡੇ ਵਿੱਚ ਡਿੱਗੇ ਹੋਏ ਸਨ। ਇਸ ਖੱਡੇ ਵਿੱਚੋਂ ਕੱਢਣ ਲਈ ਗੁਰੂ ਜੀ ਨੇ ਕਮਰ ਕੱਸਾ ਕਰ ਲਿਆ ਤੇ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਲੋਕਾਈ ਨੂੰ ਸੋਧਣ ਤੁਰ ਪਏ। ਸਾਂਝੀਵਾਲਤਾ ਦੇ ਮੁਦਈ ਗੁਰੂ ਸਾਹਿਬ ਜੀ ਨੇ ਅਨੇਕਤਾ ਨੂੰ ਏਕਤਾ, ਭਾਵ ਸਗਲ-ਜਮਾਤੀ ਬਨਾਉਣ ਦੇ ਟੀਚੇ ਨੂੰ ਮੁੱਖ ਰੱਖ ਕੇ ਲੋਕਾਂ ਦੀ ਮਾਨਸਿਕਤਾ ਨੂੰ ਬਦਲਣ ਅਤੇ ਉਨ੍ਹਾਂ ਦੇ ਖਿਆਲ ਤੇ ਇਰਾਦਿਆਂ ਵਿੱਚ ਇਨਕਲਾਬ ਲਿਆਉਣਾ ਜ਼ਰੂਰੀ ਸਮਝਿਆ ਤਾਕਿ ਲੋਕ ਉਸ ਸੋਚ ਦੇ ਹਾਣੀ ਬਣ ਸਕਣ ਜਿੱਸ ਰਾਹੀਂ ਉਹ ਗੁਰੂ ਸਾਹਿਬ ਜੀ ਦੇ ਵਿਚਾਰਾਂ ਤੋਂ ਲਾਭ ਉਠਾ ਸਕਣ। ਕਿਉਂਕਿ ਅਨੇਕਤਾ ਇੱਥੋਂ ਤੱਕ ਸੀ ਕਿ ਇਸ਼ਟ ਜੁਦੇ, ਦੇਵ ਜੁਦੇ, ਦੇਹੁਰੇ ਵੱਖਰੇ, ਮਸੀਤਾਂ ਵੱਖਰੀਆਂ, ਰਹੁ-ਰੀਤਾਂ ਵੱਖਰੀਆਂ, ਰੋਟੀ ਪਾਣੀ ਵੱਖਰੇ, ਇਥੋਂ ਤੱਕ ਕਿ ਤੁਰਨ ਫਿਰਨ ਦੇ ਰਾਹ ਵੱਖਰੇ ਸਨ, ਭਾਵ ਇਨਸਾਨੀਅਤ ਲੀਰੋ ਲੀਰ ਹੋਈ ਪਈ ਸੀ। ਐਸੇ ਮਾਹੌਲ ਵਿੱਚ ਕਿਸੇ ਲਈ ਦਇਆ ਜੋ ਧਰਮ ਦਾ ਧੁਰਾ ਹੋਣਾ ਚਾਹੀਦਾ ਹੈ ਬਿਲਕੁਲ ਗਾਇਬ ਸੀ। ਉਸਦੀ ਥਾਂ ਆਪਸੀ ਝਗੜੇ ਤੇ ਅਖੌਤੀ ਨੀਵੀਂ ਜਾਤੀਆਂ ਤੇ ਜ਼ੁਲਮ ਹੀ ਜ਼ੁਲਮ ਦਾ ਬੋਲ ਬਾਲਾ ਸੀ। ਜੋ ਦੇਸ ਦੀ ਗੁਲਾਮੀ ਦਾ ਕਾਰਨ ਸੀ। ਆਜ਼ਾਦੀ ਦੇ ਅਵਤਾਰ, ਦੁਰਕਾਰੇ ਜਾਂਦੇ ਅਤੇ ਮਜ਼ਲੂਮਾਂ ਲਈ ਆਪਣਾ ਸੱਭ ਕੁੱਛ ਕੁਰਬਾਨ ਕਰਨ ਵਾਲੇ ਦਇਆ ਦੇ ਪੁੰਜ ਗੁਰੂ ਜੀ ਨੂੰ ਦੇਸ ਦੀ ਗੁਲਾਮੀ ਹੇਠ ਪਿਸ ਰਹੀ ਆਮ ਜੰਤਾ ਅਤੇ ਖਾਸ ਕਰਕੇ ਧਰਮ ਦੇ ਠੇਕੇਦਾਰਾਂ ਰਾਹੀਂ ਅਗਿਆਨੀ ਬਣਾ ਕੇ ਵਹਿਮਾਂ ਭਰਮਾਂ ਵਿੱਚ ਪਾ ਕੇ ਹਰ ਪੱਖੋਂ ਲੁੱਟ ਹੋ ਰਹੀ ਕਿਰਤੀ ਸ਼੍ਰੇਣੀ ਜੋ ਦੇਸ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਉੱਤੇ ਬੜਾ ਤਰਸ ਆਇਆ। ਉਹ ਇਸ ਸੱਭ ਕੁੱਛ ਦਾ ਸਰਵੇਖਣ ਕਰਨ ਅਤੇ ਨਾਲ ਦੀ ਨਾਲ ਜੀਵਨ ਨੂੰ ਸਹੀ ਲੀਹਾਂ ਤੇ ਪਾਉਣ ਦਾ ਇਲਾਜ ਦੱਸਣ ਤੁਰ ਪਏ। ਖਾਸ ਥਾਵਾਂ ਤੇ ਜਾ ਕੇ ਜੋ ਵਰਤਾਰੇ ਗੁਰੂ ਜੀ ਨੇ ਵਰਤਾਏ ਉਨ੍ਹਾਂ ਤੋਂ ਪਹਿਲਾਂ ਆਮ ਲੋਕਾਂ ਨੇ ਜੋ ਗੁਰੂ ਜੀ ਦੀ ਸਰਲ ਪਰ ਵਿਗਿਆਨਕ ਸਿਖਿਆ ਤੋਂ ਲਾਭ ਉਠਾਇਆ ਉਸ ਦਾ ਜ਼ਿਕਰ ਕਰ ਲੈਣਾ ਠੀਕ ਰਹੇਗਾ।

ਵਿਗਿਆਨ ਨੇ ਆਪਣੇ ਆਪ ਦੀ ਵਰਤੋਂ ਸ਼ੁਰੂ ਹੋਈ ਦੇਖੀ ਜਦ ਅੰਧਵਿਸ਼ਵਾਸ ਰਾਹੀਂ ਆਪਣੇ ਆਪ ਨੂੰ ਸਦਾ ਲਈ ਸ਼ੂਦਰ ਸਮਝਣ ਵਾਲਿਆਂ ਅਤੇ ਪੈਰ ਦੀ ਜੁੱਤੀ ਸਮਝੀ ਜਾਣ ਵਾਲੀ ਮਨੁੱਖੀ ਜਨਮ ਦਾਤੀ ਨੇ ਗੁਰੂ ਜੀ ਵਲੋਂ ਉਚਾਰੇ ਮੂਲ ਮੰਤਰ, ਖਾਸ ਕਰਕੇ “ੴ” ਦੇ ਆਧਾਰ ਤੇ ਪੰਗਤ ਅਤੇ ਸੰਗਤ ਰਾਹੀਂ ਸਾਂਝੇ ਭੋਜਨ ਅਤੇ ਰੱਬ ਜੀ ਦੀ ਯਾਦ ਵਿੱਚ ਜੁੜਨ ਦਾ ਅਨੰਦ ਮਾਨਣਾ ਸ਼ੁਰੂ ਕੀਤਾ। ਇਹ ਕੀ ਸੀ? ਇਹ ਉਹ ਇਨਕਲਾਬ ਸੀ ਜਿਸ ਨੇ ਰੱਬੀ ਕੁਦਰਤ ਦੀ ‘ਅਨੇਕਤਾ’ ਵਿੱਚੋਂ ਰੱਬੀ ‘ਏਕਤਾ’ ਦੇ ਅਹਿਸਾਸ ਦੀ ਸ਼ਮ੍ਹਾਂ ਜਗਾ ਕੇ ਸਦਾ ਲਈ ਦੁਰਕਾਰੇ ਜਾਂਦੇ ਲੋਕਾਂ ਵਿੱਚ ਉਹ ਸਵੈ-ਵਿਸ਼ਵਾਸ ਅਤੇ ਏਕਤਾ ਭਰ ਦਿੱਤੇ ਜਿਸ ਨੇ ਅੱਗੇ ਜਾ ਕੇ ਜਰਵਾਣਿਆਂ ਦੇ ਨੱਕ ਵਿੱਚ ਦਮ ਕਰ ਦਿੱਤਾ। ਇਸ ਏਕਤਾ ਨੇ ਛੂਤ ਛਾਤ, ਉੱਚੇ ਨੀਵੇਂ, ਹਿੰਦੂ, ਮੁਸਲਮਾਨ, ਮਰਦ ਇਸਤਰੀ ਆਦਿ ਦੀ ਸੋਚ ਤੋਂ ਉਤਾਂਹ ਉੱਠ ਕੇ ਸੱਭ ਨੂੰ ਮਨੁੱਖਤਾ ਦੇ ਤੱਲ ਤੇ ਲਿਆ ਕੇ ਇੱਕ ਪਿਤਾ (ਇਕੋ ਰੱਬ ਜੀ) ਦੇ ਬਾਲਕ ਸਮਝਣ, ਭਾਵ ਰਾਜਾ ਰੰਕ ਬਰਾਬਰੀ ਅਤੇ ਸਭੇ ਸਾਂਝੀਵਾਲ ਹੋ ਕੇ ਵਿਚਰਨ ਦਾ ਸਬਕ ਇਸ ਗੁਰਵਾਕ “ਜਾਤਿ ਜਨਮੁ ਨਹ ਪੂਛੀਐ ਸਚੁ ਘਰੁ ਲੇਹੁ ਬਤਾਇ॥” ਅਤੇ “ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ॥” (ਅੰਗ 1330 ) ਦੁਆਰਾ ਪੱਕਾ ਕਰਾ ਦਿੱਤਾ। ਜਿਨ੍ਹਾਂ ਲੋਕਾਂ ਦੇ ਰੱਬ ਜੀ ਦਾ ਨਾਮ ਸੁਣਨ ਤੇ ਕੰਨਾਂ ਵਿੱਚ ਗਰਮ ਸਿੱਕਾ ਪਾਇਆ ਜਾਂਦਾ ਸੀ ਤੇ ਨਾਮ ਲੈਣ ਤੇ ਜੀਭ ਕੱਟ ਦਿੱਤੀ ਜਾਂਦੀ ਸੀ, ਮੰਦਰ ਵਿੱਚ ਜਾਣਾ ਤਾਂ ਬਹੁਤ ਦੂਰ ਦੀ ਗੱਲ ਰਹੀ, ਉਨ੍ਹਾਂ ਨੇ ਆਪਣੇ ਆਪ ਨੂੰ ਸਾਂਝੀ ਸੰਗਤ ਵਿੱਚ ਬੈਠ ਕੇ ਰੱਬ ਜੀ ਦੀ ਗੋਦ ਦਾ ਨਿੱਘ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ ਦੇਖਿਆ। ਇਹ ਕੀ ਸੀ? ਉਨ੍ਹਾਂ ਲਈ ਇਹ ਐਸਾ ਸਮਾਂ ਸੀ ਜਦ ਮਿਸਟਰ ਆਰਮਸਟ੍ਰੌਂਗ ਨੇ ਚੰਦ ਤੇ ਜਾ ਕੇ ਪੈਰ ਧਰਿਆ ਸੀ। ਉਨ੍ਹਾਂ ਲਈ ਇਹ ਵਿਗਿਆਨਕ ਕਰਾਮਾਤ ਹੀ ਤਾਂ ਸੀ, ਜੋ ਬਾਬੇ ਨਾਨਕ ਜੀ ਨੇ ਵਰਤਾਈ ਸੀ, ਉਨ੍ਹਾਂ ਨੂੰ ਇੱਕ ਕਿਸਮ ਦਾ ਨਰਕ ਵਿੱਚੋਂ ਕੱਢ ਕੇ ਸਵਰਗ ਦੇ ਝੂਟੇ ਦਿਵਾ ਦਿੱਤੇ ਸਨ। ਸਵਰਗ ਦੇ ਸਦਾ ਲਈ ਝੂਟੇ ਲੈਂਦੇ ਰਹਿਣ ਲਈ ਗੁਰੂ ਜੀ ਨੇ ਜੋ ਵਿਉਂਤ (ਸਕੀਮ) ਦੱਸੀ ਉਹ ਸਰਬ-ਸਾਂਝੀ ਸੀ ਪਰ ਸਿੱਖ ਕੌਮ ਲਈ ਪੱਕਾ ਸਿਧਾਂਤ ਬਣ ਗਈ। ਧਰਮ ਦੀ ਕਿਰਤ, ਵੰਡ ਛਕਣਾ ਤੇ ਰੱਬ ਜੀ ਦਾ ਨਾਮ ਜਪਣਾ ਐਸਾ ਸਿਧਾਂਤ ਹੈ ਕਿ ਇਸ ਤੇ ਚੱਲਣ ਵਾਲਾ (ਅਖੌਤੀ ਚੌਹਾਂ ਵਰਨਾਂ ਵਿੱਚੋਂ ਕੋਈ ਵੀ) ਆਪਣੇ ਆਪ ਨੂੰ ਕਿਸੇ ਦਾ ਗੁਲਾਮ ਨਹੀਂ ਸਮਝਦਾ। ਇਸ ਰਾਹੀਂ ਤਾਂ ਸਮਾਜ ਵਿੱਚ ਪਾਈਆਂ ਗਈਆਂ ਵਿਅਰਥ ਸਮਾਜਿਕ ਤੇ ਧਾਰਮਿਕ ਕੰਧਾਂ ਤਿੜਕਣੀਆਂ ਸ਼ੁਰੂ ਹੋ ਗਈਆਂ। ਇਹ ਐਸਾ ਨੁਸਖਾ ਹੈ ਜਿਸ ਨਾਲ ਜਿੱਥੇ ਆਰਥਿਕ, ਸਮਾਜਿਕ, ਧਾਰਮਿਕ ਅਤੇ ਆਤਮਕ ਆਜ਼ਾਦੀ ਪ੍ਰਾਪਤ ਹੁੰਦੀ ਹੈ, ਉੱਥੇ ਪਰਉਪਕਾਰ ਕਰਨ ਦਾ ਬਲ ਮਨ ਵਿੱਚ ਆ ਵਸਦਾ ਹੈ। ਇਸ ਸਕੀਮ ਤੇ ਚੱਲਣ ਨਾਲ ਤਾਂ ਘੁਟਾਲੇ ਆਦਿ ਕਰਨ ਜਾ ਕਿਸੇ ਦੇ ਹੱਕਾਂ ਤੇ ਛਾਪਾ ਮਾਰਨ ਵਾਲੇ ਵਿਚਾਰ ਵੀ ਕਿਸੇ ਦੇ ਮਨ ਵਿੱਚ ਕਦੇ ਪੈਦਾ ਨਾ ਹੋਣੇ ਸ਼ੁਰੂ ਹੋ ਗਏ, ਜੋ ਬੇਗਮਪੁਰਾ ਭਾਵ ਹਲੇਮੀ ਰਾਜ ਦਾ ਮੁੱਢ ਹੈ। ਕਿਉਂਕਿ ਘੁਟਾਲੇ ਕਰਨੇ ਅਤੇ ਪਰਾਏ ਹੱਕ ਤੇ ਛਾਪਾ ਮਾਰਨਾ ਐਸੇ “ਮਹਾ ਲੋਭ” ਦੀ ਉਪਜ ਹਨ ਜਿਸ ਨਾਲ ਬੰਦੇ ਵਿੱਚੋਂ ਪਹਿਲਾਂ ਇਨਸਾਨੀਅਤ ਤੇ ਫਿਰ ਰੂਹਾਨੀਅਤ ਖੰਭ ਲਾ ਕੇ ਉੜ ਜਾਂਦੇ ਹਨ। ਫਿਰ ਦਇਆ ਤੇ ਇਨਸਾਫ ਕਿੱਥੇ? ਹਲੇਮੀ ਰਾਜ ਤਾਂ ਬਹੁਤ ਦੂਰ ਦੀ ਗੱਲ ਹੈ ਜੋ ਖਾਲਸਾ ਹੀ ਵਰਤਾ ਸਕਦਾ ਹੈ ਅਤੇ ਵਰਤ ਕੇ ਰਹੇਗਾ!

ਇਸ ਵਿਧਾਨ ਤੇ ਪਹਿਰਾ ਦੇਣ ਅਤੇ ਸਾਂਝੀ ਪੰਗਤ ਤੇ ਸੰਗਤ ਦਾ ਆਨੰਦ ਮਾਨਣ ਵਾਲਿਆਂ ਨੇ ਆਪਣੇ ਆਪ ਨੂੰ ਹੋਰ ਵੀ ਹਲਕੇ ਫੁਲਕੇ ਸਮਝਿਆ ਜਦ ਅਨਗਿਣਤ ਦੇਵੀ ਦੇਵਤਿਆਂ ਦੀ ਪੂਜਾ ਅਤੇ ਕਈ ਤਰ੍ਹਾਂ ਦੇ ਕਰਮ ਕਾਂਡ (ਵਰਤ, ਯੱਗ, ਹਵਨ, ਸ਼ਰਾਧ, ਸੂਤਕ, ਪਾਤਕ, ਸੁੱਚ ਭਿੱਟ, ਪਾਪਾਂ ਦੇ ਧੋਤੇ ਜਾਣ ਲਈ ਫਜ਼ੂਲ ਦਾ ਪੈਸਾ ਤੇ ਸਮਾਂ ਖਰਚ ਕੇ ਉਨ੍ਹਾਂ ਦੇਵੀ ਦੇਵਤਿਆਂ ਦੇ ਥਾਵਾਂ ਦੀ ਤੀਰਥ ਯਾਤਰਾ ਆਦਿ) ਕਰਕੇ ਉਨ੍ਹਾਂ ਨੂੰ ਮਨਾਉਣ ਦੀ ਥਾਂ “1” ਇੱਕ ਨਿਰਭਉ ਨਿਰਵੈਰ ਪ੍ਰਮਾਤਮਾ ਦੀ ਯਾਦ ਵਿੱਚ ਜੁੜ ਕੇ ਆਤਮਕ ਆਨੰਦ ਮਾਨਣ ਦੇ ਨਾਲ ਧਰਮ ਦੀ ਕਿਰਤ ਦੁਆਰਾ ਮਾਨਸਿਕ ਆਨੰਦ ਮਾਨਣ ਦਾ ਸੁਭਾਗ ਪ੍ਰਾਪਤ ਕਰ ਲਿਆ। ਇੱਥੇ ਗੁਰੂ ਸਾਹਿਬ ਜੀ ਨੇ ਪ੍ਰਮਾਤਮਾ ਭਾਵ ਸੱਚੇ ਮਾਲਕ ਨਾਲ ਸੰਬੰਧ ਜੋੜਨ ਲਈ ਸੱਚ ਦਾ ਧਰਮ ਦ੍ਰਿੜ ਕਰਵਾਇਆ ਅਤੇ ਮਨਾਂ ਵਿੱਚ ਪੱਕਾ ਕਰ ਦਿਤਾ ਕਿ ਰੱਬ ਜੀ ਨੂੰ ਲੱਭਣ ਲਈ ਮੂਰਤੀ ਪੂਜਾ, ਤੀਰਥ-ਯਾਤਰਾ, ਜੰਗਲ-ਵਾਸ ਆਦਿ ਭਾਵ ਕਿਸੇ ਪਾਸੇ ਜਾਣ, ਲੱਭਣ, ਖੋਜਣ ਕਿਸੇ ਤਰ੍ਹਾਂ ਦੀਆਂ ਰਸਮਾਂ (ਭਾਵ ਕਰਮ ਕਾਂਡ) ਕਰਨ ਦੀ ਲੋੜ ਨਹੀਂ, ਆਪਣੇ ਮਨ ਨੂੰ ਖੋਜਣ ਦੀ ਲੋੜ ਹੈ। ਕਿਉਂਕਿ ਮਨ ਵਿੱਚ ਰੱਬੀ ਜੋਤ ਦਾ ਵਾਸਾ ਹੈ। ਇਸ ਲਈ ਆਪੇ ਦੀ ਸੋਝੀ ਬੰਦੇ ਨੂੰਅਸਲੀ ਗਿਆਨ ਕਰਵਾ ਦਿੰਦੀ ਹੈ ਜਦ ਕਿ ਹਰ ਤਰ੍ਹਾਂ ਦੇ ਕਰਮ ਕਾਂਡ ਆਦਿ ਹੋਰ ਵਹਿਮਾਂ ਤੇ ਭਰਮ ਭੁਲੇਖਿਆਂ ਵਿੱਚ ਪਾ ਦਿੰਦੇ ਹਨ। ਆਪੇ ਦੀ ਸੋਝੀ ਤੋਂ ਬਿਨਾਂ ਮਨੁੱਖ “ਮੂਲ ਨ ਬੂਝਹਿ ਆਪਣਾ ਸੇ ਪਸੂਆਂ ਸੇ ਢੋਰ ਜੀਓ॥” (ਅੰਗ 751) ਅਨੁਸਾਰ ਹੈ, ਜਦ ਕਿ ਆਪਾ ਬੂਝਣ ਨਾਲ “ਮਨਿ ਜੀਤੈ ਜਗੁ ਜੀਤੁ॥” ਦੀ ਪਦਵੀ ਪ੍ਰਪਤ ਕਰ ਲੈਂਦਾ ਹੈ, ਭਾਵ ਹਉਮੈ ਦੀ ਜੇਲ੍ਹ ਤੋਂ ਆਜ਼ਾਦ ਹੋ ਜਾਂਦਾ ਹੈ। ਮਨੋਵਿਗਿਆਨ ਦਾ ਇਹ ਸਿਖਰ ਹੈ। ਐਸੇ ਗਿਆਨ ਰਾਹੀਂ ਇੱਕ ਐਸਾ ਨਿਰਾਲਾ ਪੰਥ ਹੋਂਦ ਵਿੱਚ ਆਉਣਾ ਸ਼ੁਰੂ ਹੋਇਆ ਜਿਸ ਨੇ “ਇਕ ਅਕਾਲ ਪੁਰਖ ਦੀ ਪੂਜਾ” ਰਾਹੀਂ ਸੱਭ ਵਿੱਚ ਇੱਕ ਨੂੰ ਦੇਖਦੇ ਹੋਇਆਂ “ਸੇਵਾ ਸੱਭ ਦੀ” ਦਾ ਸਬਕ ਪੱਕਾ ਕਰ ਲਿਆ। ਇਹ ਇੱਕ ਡੂੰਘੀ ਖੱਡ ਵਿੱਚੋਂ ਨਿਕਲ ਕੇ ਪਹਾੜ ਦੀ ਚੋਟੀ ਤੇ ਪੁੱਜ ਜਾਣ ਤੁੱਲ ਸੀ, ਭਾਵ ਗੁਲਾਮੀ ਦੀ ਹਾਲਤ ਵਿੱਚੋਂ ਨਿਕਲ ਕੇ ਆਜ਼ਾਦੀ ਦੀ ਉਸ ਹਾਲਤ ਵਿੱਚ ਜਿੱਥੇ ਆਪਣੀ ਆਜ਼ਾਦੀ ਦੇ ਨਾਲ ਨਾਲ ਹੋਰਨਾਂ ਨੂੰ ਭੀ ਕਿਸੇ ਤਰ੍ਹਾਂ ਦੇ ਬੰਧਣਾਂ ਤੋਂ ਆਜ਼ਾਦ ਦੇਖ ਕੇ ਜਾ ਬੰਧਨਾਂ ਵਿੱਚ ਫਸੇ ਨੂੰ ਬੰਧਨਾਂ ਵਿੱਚੋਂ ਕੁਰਬਾਨੀ ਤੱਕ ਦੇ ਕੇ ਵੀ ਕੱਢ ਕੇ ਮਨ ਖੁਸ਼ ਹੁੰਦਾ ਹੋਵੇ।

ਗੁਰੂ ਸਾਹਿਬ ਜੀ ਨੇ ਜੋ ਖਾਸ ਮੌਕਿਆਂ ਤੇ ਜਾ ਥਾਵਾਂ ਤੇ ਜਾ ਕੇ ਤੇ ਖਾਸ ਜ਼ੁੰਮੇਂਵਾਰ ਬੰਦਿਆਂ ਨਾਲ ਗੱਲਬਾਤ ਕੀਤੀ ਉਹ ਜਿੱਥੇ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਆਰਥਿਕ ਖੇਤਰਾਂ ਵਿੱਚ ਸਦਾ ਲਈ ਪੱਥ ਪ੍ਰਦਰਸ਼ਕ ਹੈ ਉੱਥੇ ਉਹ ਵਿਗਿਅਨਕ ਪੱਖੋਂ ਸੱਭ ਦੀ ਸਹਾਇਕ ਹੁੰਦੀ ਹੋਈ ਵਿਗਿਅਨੀਆਂ ਲਈ ਗਿਆਨ ਦਾ ਬਹੁਤ ਬੜਾ ਭੰਡਾਰ ਹੈ ਜਿਸ ਦਾ ਵਿਗਿਆਨੀਆਂ ਨੇ ਦਿਲੋਂ ਸਵਾਗਤ ਕੀਤਾ ਹੈ। ਗੁਰੂ ਜੀ ਵਲੋਂ ਅਸਲੀ ਗਿਆਨ ਵੰਡੇ ਜਾਣ ਦੀਆਂ ਹੀ ਸੱਭ ਕਹਾਣੀਆਂ ਹਨ ਜਿਨ੍ਹਾਂ ਨੇ ਸਭਨਾਂ ਦੇ ਅਗਿਆਨ ਦੀ ਧੁੰਦ ਦੂਰ ਕਰਕੇ ਅਸਲੀ ਗਿਆਨ ਬਖਸ਼ ਦਿੱਤਾ। ਸੱਭ ਤੋਂ ਪਹਿਲਾਂ ਪਾਧੇ ਤੇ ਮੌਲਵੀ ਨੂੰ ਸੱਚੀ ਪੜ੍ਹਾਈ, ਜੋ ਸਦਾਚਾਰੀ ਜੀਵਨ ਦੀ ਸਿੱਖਿਆ ਦਿੰਦੀ ਹੋਵੇ ਆਪ ਸਿੱਖਿਣ ਤੇ ਹੋਰਨਾਂ ਨੂੰ ਸਿਖਾਉਣ ਬਾਰੇ ਸੋਝੀ ਬਖਸ਼ੀ। ਦੂਸਰੇ ਜਨੇਊ ਦੀ ਰਸਮ ਸਮੇਂ ਪਰੋਹਤ ਨੂੰ “ਇਹ ਜਨੇਊ ਜੀਅ ਕਾ ਹਈ ਤਾ ਪਾਂਡੇ ਘਤਿ” ਮੁਖਵਾਕ ਰਾਹੀਂ ਕਿਤਨਾ ਵੱਡਾ ਉਪਦੇਸ਼ ਸੀ, ਜੋ ਇੱਕ ਤਾਂ ਇਹ ਰਸਮ ਕਿਸੇ ਵਿਤਕਰੇ ਤੋਂ ਬਿਨਾਂ ਸੱਭ ਲਈ ਹੋਵੇ ਅਤੇ ਦੂਸਰੇ ਖਾਸ ਕਰਕੇ ਹਰ ਤਰ੍ਹਾਂ ਦੇ ਵਿਕਾਰਾਂ ਤੋਂ ਬਚਣ ਲਈ ਸਿੱਖਿਆ ਦਿੰਦੀ ਹੋਵੇ। ਸੱਚੇ ਸੌਦੇ ਦਾ ਰਹੱਸ, ਕੁਰਾਹੇ ਪਿਆਂ ਤੇ ਵਿਹਲੇ ਰਹਿ ਕੇ ਹੋਰਨਾਂ ਦੇ ਮੋਢਿਆਂ ਦਾ ਭਾਰ ਬਣੇ ਸਾਧੂਜਨਾਂ ਨੂੰ ਰੱਬ ਦਾ ਜ਼ਰੇ ਜ਼ਰੇ ਅਤੇ ਹਰ ਕਿਸੇ ਦੇ ਦਿਲ ਵਿੱਚ ਵਸਣਾ ਦਰਸਾ ਕੇ ਅਤੇ 20 ਰੁਪਿਆਂ ਦੀ ਰਸਦ ਦਾ ਲੰਗਰ ਖੁਆ ਕੇ ਘਰਾਂ ਨੂੰ ਮੁੜਨ ਦੀ ਸਿੱਖਿਆ ਦਿੱਤੀ ਤਾਂ ਕਿ ਦਸਾਂ ਨੌਹਾਂ ਦੀ ਕਿਰਤ ਕਰਕੇ ਆਪਣੇ ਮਾਂ ਪਿਉ, ਘਰ ਵਾਲੀ ਤੇ ਬੱਚਿਆਂ ਦੀ ਦੇਖਭਾਲ ਕਰਕੇ ਅਤੇ ਘਰ ਵਿੱਚ ਤੇ ਸੰਗੀ ਸਾਥੀਆਂ ਨਾਲ ਸੰਗਤ ਕਰਕੇ ਪ੍ਰਮਾਤਮਾ ਦਾ ਜੱਸ ਕਰਕੇ ਉਸਦੀ ਨੇੜਤਾ ਸਹਿਜੇ ਹੀ ਪ੍ਰਪਤ ਕਰ ਸਕਣ। ਇਹ ਸੀ ਸੰਪੂਰਨ ਜੀਵਨ ਦੀ ਅਸਲੀਅਤ ਦੀ ਸਿੱਖਿਆ ਜੋ ਸੱਭ ਲਈ ਹਰ ਸਮੇਂ ਲਈ ਹੈ। ਵੇਈਂ ਰਿਸ਼ਨਾਨ ਤੋਂ ਪਿਛੋਂ ਕਹੇ “ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ” ਸ਼ਬਦਾਂ ਰਾਹੀਂ ਕਿਸੇ ਦੀ ਕੋਈ ਹੇਠੀ ਕਰਨ ਦੀ ਗੱਲ ਨਹੀਂ ਸੀ, ਇਹ ਤਾਂ ਉਨ੍ਹਾਂ ਦੇ ਮਨਾਂ ਨੂੰ ਟੁੰਬਣ ਲਈ ਸੀ ਕਿ ਚੰਗੇ ਹਿੰਦੂ ਤੇ ਚੰਗੇ ਮੁਸਲਮਾਨ ਬਣੋ। ਮਸਜਿਦ ਵਿੱਚ ਨਮਾਜ਼ ਸਮੇਂ ਨਮਾਜ਼ ਵਿੱਚ ਨਾ ਸ਼ਾਮਲ ਹੋਣ ਰਾਹੀਂ ਕਾਜ਼ੀ ਤੇ ਨਵਾਬ ਨੂੰ ਹੀ ਨਹੀਂ ਸੱਭ ਲਈ ਇਹ ਸਿੱਖਿਆ ਸੀ ਤੇ ਹੈ ਕਿ ਰੱਬ ਜੀ ਦੇ ਦਰ ਤੇ ਸ੍ਰੀਰਕ ਹਾਜ਼ਰੀ ਨਹੀਂ ਮਨ ਦੀ ਹਾਜ਼ਰੀ, ਉਹ ਵੀ ਇੱਕ ਮਨ ਹੋ ਕੇ, ਪ੍ਰਵਾਨ ਹੈ। ਹੁਣ ਹਰਿਦੁਆਰ ਵਿਖੇ ਘਟੀ ਜਾ ਘਟਾਈ ਗਈ ਘਟਨਾ ਲਈਏ। ਇਹ ਪੰਡਤਾਂ ਵਲੋਂ ਬਣਾਈ ਬੜੀ ਗੰਭੀਰ ਭਰਮ ਭਰੀ ਪ੍ਰੰਪਰਾ ਸੀ, ਕਿ ਸੂਰਜ ਵੱਲ ਮੁਖ ਕਰਕੇ ਪਾਣੀ ਉਛਾਲਿਆ ਪਿਤਰਾਂ ਨੂੰ ਪੁਜ ਜਾਂਦਾ ਹੈ। ਇਹ ਭਰਮ ਜਾਲ ਗੱਲੀਂ ਬਾਤੀਂ ਕੁੜੱਤਣ ਵਾਲੇ ਵਾਤਾਵਰਨ ਰਾਹੀਂ ਸਮਝਾਉਣ ਦੀ ਥਾਂ ਗੁਰੂ ਜੀ ਨੇ ਹਾਸ ਰਸ ਦੀ ਚਾਸ਼ਣੀ ਦੇ ਕੇ ਉਸ ਸਮੇਂ ਦੇਖਣ ਵਾਲਿਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਐਸਾ ਸਬਕ ਪੜ੍ਹਾ ਦਿੱਤਾ ਕਿ ਮੋਏ ਹੋਏ ਪਿਤਰਾਂ ਨੂੰ ਐਸੇ ਕਰਮ ਕਾਂਡ ਜਾ ਸ਼ਰਾਧ ਆਦਿ ਰਾਹੀਂ ਕੁੱਛ ਪੁੱਜ ਜਾਣ ਦੇ ਭਰਮ ਦੀ ਥਾਂ (ਖੇਤੀ ਨੂੰ ਪਾਣੀ ਰਾਹੀਂ) ਜੀਉਂਦੇ ਪਿਤਰਾਂ ਦੀ ਸੇਵਾ ਕਰਨੀ ਚਾਹੀਦੀ ਹੈ। ਜੋ ਕੁੱਛ ਗੁਰੂ ਜੀ ਨੇ ਉੱਥੇ ਕੀਤਾ ਸੱਭ ਜਾਣਦੇ ਹਨ। ਜਗਨ ਨਾਥ ਪੁਰੀ ਵਿਖੇ ਬ੍ਰਾਹਮਣਾਂ ਨੂੰ ਆਰਤੀ ਕਰਦਿਆਂ ਦੇਖ ਕੇ “ਗਗਨ ਮਹਿ ਥਾਲ ਰਵਿ ਚੰਦ ਦੀਪਕ ਬਨੇਂ” ਮੁਖਵਾਕ ਉਚਾਰ ਕੇ ਪ੍ਰੰਪਰਾਗਤਿ ਪੰਡਤਾਂ ਲਈ ਹੀ ਨਹੀਂ ਅਜੋਕੇ ਉਨ੍ਹਾਂ ਹੀ ਲੀਹਾਂ ਤੇ ਚਲ ਕੇ ਆਰਤੀ ਕਰਨ ਵਾਲੇ ਸਿੱਖਾਂ ਲਈ ਬੜੀ ਉੱਚਪੱਧਰੀ ਵਿਅੰਗਮਈ ਸਿੱਖਿਆ ਹੈ। ਗੁਰੂ ਜੀ ਵਲੋਂ ਦੱਸੀ ਸੱਚੀ ਆਰਤੀ ਦੀਆਂ ਜਗਮਗਾਉਂਦੀਆਂ ਬੱਤੀਆਂ ਅੱਗੇ ਨਿਕੀ ਆਰਤੀ ਅੰਧੇਰੇ ਵਾਂਗ ਵਿੱਚੇ ਹੀ ਗੁਆਚ ਜਾਣੀ ਚਾਹੀਦੀ ਹੈ। ਕਿਉਂਕਿ ਗੁਰੂ ਜੀ ਦੀ ਆਰਤੀ ਵਿੱਚ ਸਾਰਾ ਸੰਸਾਰ ਸ਼ਾਮਲ ਹੋ ਸਕਦਾ ਹੈ। ਜੋ ਗੁਰੂ ਜੀ ਦਾ ਸੰਦੇਸ਼ ਸੀ। ਕੁਰਕਸ਼ੇਤਰ ਵਿਖੇ ਸੂਰਜ ਗ੍ਰਹਿਣ ਦੇ ਮੌਕੇ ਮੇਲਾ ਲੱਗੇ ਤੇ ਗੁਰੂ ਜੀ ਉੱਥੇ ਉਚੇਚੇ ਪਹੁੰਚੇ। ਇਸ ਮੌਕੇ ਇੱਥੇ ਮਾਸ ਰਿਨ੍ਹਣਾ ਤੇ ਖਾਣਾ ਮਨ੍ਹਾਂ ਹੈ। ਗੁਰੂ ਜੀ ਨੇ ਮਨਾਹੀ ਹੋਣ ਦੇ ਬਾਵਜੂਦ ਇਥੇ ਮਾਸ ਚੜ੍ਹਵਾ ਦਿੱਤਾ, ਜੋ ਵਾਦ ਵਿਵਾਦ ਦਾ ਕਾਰਨ ਬਣਿਆ। ਗੁਰੂ ਜੀ ਇਥੇ ਮਾਸ ਖਾਣ ਜਾ ਨਾ ਖਾਣ ਦੇ ਦਵੰਦ ਦੀ ਗੱਲ ਨਹੀਂ ਕਰਨਾ ਚਾਹੁੰਦੇ ਸਨ। ਉਹ ਤਾਂ ਧਰਮ ਦਾ ਮਖੌਟਾ ਪਾਈ ਅਧਰਮੀ ਬਣੇ ਪੰਡਤਾਂ ਨੂੰ ਅਸਲੀਅਤ ਦਾ ਗਿਆਨ ਕਰਾਉਣਾ ਚਾਹੁੰਦੇ ਸਨ ਕਿ ਜਨਮ ਤੋਂ ਲੈ ਕੇ ਹਰ ਪੱਖੋਂ ਮਾਸ ਦੇ ਨਾਲ ਸੰਬੰਧ ਰੱਖਦੇ ਹੋਏ ਉਂਝ ਮਾਸ ਤੋਂ ਘਿਰਨਾ ਕਰਨੀ ਪਰ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਲਈ ਯੱਗ-ਵਿਧੀ ਰਾਹੀਂ ਗੈਂਡੇ ਤੱਕ ਦੀ ਬਲੀ ਦੇਣੀ, ਰਾਤ ਨੂੰ ਸਾਬਤੇ ਮਨੁੱਖ ਖਾ ਜਾਣੇ ਜਾ ਮਨੁੱਖਾਂ ਦੇ ਮਾਲ-ਅਸਬਾਬ ਨੂੰ ਲੁੱਟ ਲੈਣਾ, ਕੀ ਇਹ ਸੱਭ ਕੁੱਛ ਮਾਸ ਖਾਣ ਤੋਂ ਘੱਟ ਹੈ? ਇਸ ਰਾਹੀਂ ਗੁਰੂ ਜੀ ਦਾ ਅਸਲੀ ਪਰਯੋਜਨ ਇਸ ਅਤੇ ਇਸ ਤਰ੍ਹਾਂ ਦੀਆਂ ਕਲਯੁਗੀ ਸਥਿਤੀਆਂ ਰਾਹੀਂ ਗੁਲਾਮੀ ਦੀ ਹਾਲਤ ਵਿੱਚ ਫਸਾਉਣ ਵਾਲੀਆਂ ਵਹਿਮਾਂ ਭਰੀਆਂ ਰਸਮਾਂ ਨੂੰ ਤਿਆਗ ਕੇ ਹਰ ਪਾਸੇ ਫੈਲੇ ਅਧਰਮ ਦੇ ਵਾਤਾਵਰਨ ਵਿਰੁੱਧ ਇਕਮੁਠ ਹੋ ਕੇ ਇੱਕ ਅਣਕਿਆਸਿਆ ਸੰਗਰਾਮ ਭਾਵ ਧਰਮ-ਯੁਧ ਅਰੰਭਿਆ ਜਾਏ, ਜਿਸ ਨਾਲ ਸੱਭ ਨੂੰ ਆਜ਼ਾਦ ਮਾਹੌਲ ਅਤੇ ਇਨਸਾਫ ਮਿਲ ਸਕੇ। ਇਹ ਤਾਂ ਸਾਹਸਹੀਨ ਹੋਏ ਲੋਕਾਂ ਦੀ ਅਣਖ ਨੂੰ ਵੰਗਾਰ ਸੀ। ਕਿਉਂਕਿ ਲੋਕੀਂ ਸਹਿਮੇ ਹੋਏ ਮੁਗਲ ਹਾਕਮਾਂ ਦੇ ਪਹਿਰਾਵੇ, ਬੋਲੀ, ਧਰਮ, ਖਾਣ ਪੀਣ, ਸਭਿਆਚਾਰ ਦੀ ਨਕਲ ਕਰਦੇ ਹੋਏ ਆਪਣੇ ਸਿਰ ਮੂੰਹ ਮੁਨਾ ਕੇ ਆਪਣੀ ਸ਼ਕਲ ਵੀ ਵਿਗਾੜ ਬੈਠੇ ਸਨ। ਉਨ੍ਹਾਂ ਨੂੰ ਗੁਰੂ ਜੀ ਵਲੋਂ ਵੰਗਾਰ ਪਾਈ ਗਈ, “ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥” (ਅੰਗ. 142)

ਬਹੁਗਿਣਤੀ ਵਿੱਚੋਂ ਕੁੱਛ ਕੱਟੜ-ਪੰਥੀ ਫਾਸ਼ੀ ਅੰਸਾਂ ਵਲੋਂ ਅਜਕਲ ਸਹਿਮਾਂ ਭਰੀ ਬਣਾਈ ਦੇਸ ਦੀ ਹਾਲਤ ਵਾਂਗ ਇਨ੍ਹਾਂ ਦੇ ਵਡਾਰੂਆਂ ਵਲੋਂ ਤੰਗ ਕੀਤੇ ਗਏ ਭੀਲ ਲੋਕਾਂ ਨੂੰ ਜਦ ਮੱਧ ਪ੍ਰਦੇਸ ਦੇ ਜੰਗਲਾਂ ਵਿੱਚ ਸਿਰ ਲਕੋਣਾ ਪਿਆ ਤਾਂ (ਉਹ ਰਾਕਸ਼ ਨਹੀਂ ਸਨ) ਉਨ੍ਹਾਂ ਨੇ ਪਰਨ ਕਰ ਲਿਆ ਕਿ ਜੇ ਇਨ੍ਹਾਂ ਵਿੱਚੋਂ ਕੋਈ ਵੀ ਹੱਥ ਆਵੇ ਉਸ ਨੂੰ ਤਲ ਕੇ ਖਾ ਲਿਆ ਜਾਵੇਗਾ ਜੋ ਬਿਲਕੁਲ ਠੀਕ ਨਹੀਂ, ਪਰ ਉਹ ਤੰਗ ਬਹੁਤ ਕੀਤੇ ਗਏ ਸਨ। ਆਖਰ ਉਨ੍ਹਾਂ ਤੇ ਹੀ ਨਹੀਂ ਸਾਰੇ ਦੇਸ ਤੇ ਕੀ ਸਾਰੀ ਮਨੁੱਖਤਾ ਤੇ ਤਰਸ ਕਰਨ ਵਾਲੇ ਗੁਰੂ ਜੀ ਭਾਈ ਕੌਡੇ ਕੋਲ ਪੁਜ ਗਏ। ਸੂਖਮ ਚਿੱਤ ਸਤਿਗੁਰੂ ਜੀ ਨੇ ਸਾਖਸ਼ਾਤ ਦਰਸ਼ਨ ਦੇ ਕੇ ਕੌਡੇ ਦੇ ਤਪਦੇ ਹਿਰਦੇ ਨੂੰ ਸ਼ਾਂਤ ਕਰਕੇ ਆਪਣਾ ਹੀ ਬਣਾ ਲਿਆ। ਅਧਰਮੀ ਪਰ ਧਰਮ ਦਾ ਮਖੌਟਾ ਧਾਰੀ ਸੱਜਣ ਨੂੰ ਉਸ ਦੇ ਦਿਲ ਦੇ ਪਾਜ ਖੋਲਣ ਵਾਲੇ ਸ਼ਬਦ ਦਾ ਐਸਾ ਤੀਰ ਛੱਡਿਆ ਕਿ ਸੱਜਣ ਸੁਣਦੇ ਸਾਰ ਗੁਰੂ ਜੀ ਦੇ ਕਦਮਾਂ ਤੇ ਸੀ। ਵਲੀ ਕੰਧਾਰੀ ਅਤੇ ਹਮਜ਼ਾ ਗੌਸ ਨਾਲ ਜੋ ਵਰਤਾਰੇ ਵਰਤਾਏ ਉਨ੍ਹਾਂ ਨੂੰ ਸਭ ਜਾਣਦੇ ਹਨ। ਸਰਬੱਤ ਦਾ ਭਲਾ ਚਾਹੁਣ ਤੇ ਕਰਨ ਵਾਲੇ ਜਿੱਥੇ ਉਨ੍ਹਾਂ ਦੀ ਕੀਤੀ ਕਮਾਈ ਨੂੰ ਉਨ੍ਹਾਂ ਵਲੋਂ ਵਰਤਾਏ ਜਾ ਰਹੇ ਕੌਤਕਾਂ ਰਾਹੀਂ ਅਜਾਈਂ ਗੁਆ ਦੇਣਾ ਨਹੀਂ ਚਾਹੁੰਦੇ ਸਨ ਉਥੇ ਉਨ੍ਹਾਂ ਨੂੰ ਸੱਭ ਨਾਲ ਪਿਆਰ ਨਾਲ ਵਰਤਣ ਦੀ ਸਿੱਖਿਆ ਪ੍ਰਦਾਨ ਕੀਤੀ। ਵਲੀ ਕੰਧਾਰੀ ਵਲੋਂ ਸੁੱਟੇ ਪੱਥਰ ਨੂੰ ਹੱਥ ਨਾਲ ਰੋਕ ਕੇ ਪੀਰੀ ਨਾਲ ਮੀਰੀ ਨੂੰ ਵਰਤਣ ਲਈ ਤਿਆਰ ਰਹਿਣ ਦੀ ਨਿੱਗਰ ਰੂਪ ਵਿੱਚ ਸਿੱਖਿਆ ਵੀ ਦੇਣਾ ਸੀ, ਭਾਵ ਅੱਗੇ ਵੰਗਾਂ ਨਹੀਂ ਪਾਈਆਂ ਹੋਈਆਂ। ਵਸਦੇ ਰਹੋ, ਉੱਜੜ ਜਾਉ ਸ਼ਬਦ ਕਿੰਨਾ ਵੱਡਾ ਗਿਆਨ ਆਪਣੇ ਵਿੱਚ ਲਕੋਈ ਬੈਠੇ ਹਨ? ਇਸ “ਉੱਜੜ ਜਾਉ” ਇਸ਼ਾਰੇ ਤੇ ਸਿੱਖਾਂ ਨੇ ਪੂਰੀ ਤਰ੍ਹਾਂ ਪਹਿਰਾ ਦਿੱਤਾ ਨਹੀਂ, ਹੁਣ ਸਮਾਂ ਹੈ ਇਸ ਵਲ ਧਿਆਨ ਦੇਣ ਦਾ। ਕਾਰੂੰ ਬਾਦਸ਼ਾਹ ਜਾ ਦੁਨੀ ਚੰਦ ਨਾਲ ਸੂਈ ਵਾਲੀ ਵਾਰਤਾ ਪੈਸੇ ਦੀ ਠੀਕ ਢੰਗਾਂ ਨਾਲ ਪ੍ਰਾਪਤੀ ਅਤੇ ਉਸ ਦੀ ਠੀਕ ਵਰਤੋਂ ਕਰਨ ਲਈ ਦਿੱਤੇ ਸਬਕ ਦੀ ਹੈ ਕੋਈ ਤੁਲਨਾ? ਮੱਕੇ ਸ਼ਰੀਫ ਦੀ ਪ੍ਰਸਿੱਧ ਘਟਨਾ ਹਾਜੀ ਨੂੰ ਹਰ ਪਾਸੇ ਮੱਕਾ (ਅੱਲਾ) ਹੋਣ ਦੀ ਵਰ੍ਹਿਆਂ ਵਿੱਚ ਨਾ ਮਿਲੀ ਸੋਝੀ ਗੁਰੂ ਜੀ ਦੀ ਵਿਚਾਰਸ਼ੀਲ ਜੁਗਤ ਛਿਨ ਵਿੱਚ ਬਖਸ਼ ਦਿੰਦੀ ਹੈ। ਇਸ ਦੇ ਨਾਲ ਹੀ ਦੂਜੇ ਧਰਮਾਂ ਦੇ ਪ੍ਰਤਿ ਨਫਰਤ ਦਾ ਭਰਮ ਤੋੜਿਆ। ਬਗਦਾਦ ਵਿਖੇ ਪੀਰ ਸ਼ਾਹ ਬਹਲੋਲ ਨਾਲ ਗੋਸ਼ਟ ਸਮੇਂ ਦੱਸਿਆ ਕਿ ਇਸ ਬ੍ਰਹਿਮੰਡ ਅੰਦਰ ਲੱਖਾਂ ਹੀ ਨਹੀਂ ਅਨਗਿਣਤ ਹੀ ਆਕਾਸ਼ ਪਾਤਾਲ ਅਤੇ ਧਰਤੀਆਂ ਹਨ। ਪੀਰ ਦਾ ਸ਼ੰਕਾ ਨਿਵਾਰਨ ਲਈ ਗੁਰੂ ਜੀ ਨੇ ਉਸ ਦੇ ਲੜਕੇ ਨੂੰ ਇਨ੍ਹਾਂ ਬੇਅੰਤ ਧਰਤੀਆਂ ਦੇ ਸਾਖਸ਼ਾਤ ਦਰਸ਼ਨ ਕਰਵਾਏ। ਬਾਬਰ ਨਾਲ ਮੇਲ ਸਮੇਂ ਨਿਧੜਕ ਹੋ ਕੇ ਉਸ ਵਲੋਂ ਨਿਰਦੋਸਾਂ ਤੇ ਕੀਤੇ ਗਏ ਜ਼ੁਲਮ ਲਈ ਉਸ ਨੂੰ ਦੋਸ਼ੀ ਠਹਿਰਾਉਣਾ ਅਤੇ ਅੱਗੇ ਵਾਸਤੇ ਇਨਸਾਫ ਦਾ ਰਾਜ ਕਰਨ ਲਈ ਮਨਾ ਲੈਣਾ ਨਿਰੰਕਾਰੀ ਗੁਰੂ ਜੀ ਦੀ ਹੀ ਕਰਾਮਾਤੀ ਜੁਗਤ ਸੀ।

ਰਾਜਾ ਸ਼ਿਵਨਾਭ ਵਲੋਂ ਪ੍ਰੀਖਿਆ ਸਮੇਂ ਹਾਰ ਸ਼ਿੰਗਾਰ ਨਾਲ ਮਸਤ ਮੁਟਿਆਰਾਂ ਨੂੰ “ਗਾਛੋ ਪੁਤਰੀ ਰਾਜਕੁਆਰ” ਨਾਲ ਸੰਬੋਧਨ ਕਰ ਕੇ ਗੁਰੂ ਜੀ ਨੇ ਉਨ੍ਹਾਂ ਦੀ ਮੰਦ ਭਾਵਨਾ ਨੂੰ ਹਾਸ ਰਸਿ ਦੁਆਰਾ ਤ੍ਰਿਪਤੀ ਬਖਸ਼ੀ। ਭਾਈ ਮਰਦਾਨੇ ਨੂੰ ਛਤਰਾ ਬਨਾਉਣ ਦੀ ਸਾਖੀ ਵਿੱਚ ਮੰਦ-ਭਾਵਨਾ ਰੱਖਣ ਵਾਲੀਆਂ ਤੀਵੀਆਂ ਨੂੰ ਗੁਰੂ ਜੀ ਕਿਵੇਂ ਦਿਬ ਦ੍ਰਿਸ਼ਟੀ ਬਖਸ਼ਦੇ ਹਨ। ਨਿਰੰਕਾਰੀ ਜੋਤ ਹੀ ਇਹ ਸੱਭ ਕੁੱਛ ਕਰ ਸਕਦੀ ਹੈ, ਭਾਵ ਚੰਗੇ ਪਾਸੇ ਲਾ ਸਕਦੀ ਹੈ, ਜੋ ਗੁਰੂ ਜੀ ਦਾ ਉਦੇਸ਼ ਸੀ। ਤਾਹੀਉਂ ਤਾਂ ਗੁਰੂ ਜੀ ਉਚੇਚੇ ਸਿੱਧਾਂ ਪਾਸ ਗਏ। ਕਿਉਂਕਿ ਉਹ ਲੋਕ ਬੜੀ ਅਕਲ ਦੇ ਮਾਲਕ ਸਨ। ਪਰ ਅਗਿਆਨਤਾ ਦੇ ਵੱਸ, ਹਰ ਥਾਂ ਮੌਜੂਦ ਰੱਬ ਜੀ ਦੀ ਪ੍ਰਾਪਤੀ ਲਈ, ਸੰਸਾਰ ਨੂੰ ਛੱਡ ਕੇ ਪਹਾੜਾਂ ਦੀਆਂ ਕੰਧਰਾਂ ਵਿੱਚ ਲੁਕੇ ਜਿਥੇ ਆਪ ਆਪਣਾ ਜੀਵਨ ਅਜਾਈਂ ਗੁਆ ਰਹੇ ਸਨ, ਉੱਥੇ ਆਪਣੀ ਸਿਆਣਪ ਰਾਹੀਂ ਲੋਕਾਂ ਦੀ ਸੁਚੱਜੀ ਅਗਵਾਈ, ਜਿਸਦੇ ਉਹ ਕਰਨ ਯੋਗ ਸਨ, ਕਰਨ ਦੀ ਥਾਂ ਉਨ੍ਹਾਂ ਨੂੰ ਆਪਣੀਆਂ ਰਿੱਧੀ ਸਿੱਧੀ ਕਰਾਮਾਤਾਂ ਦਾ ਡਰਾਵਾ ਦੇ ਕੇ ਆਪਣੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਦੇ ਸਨ, ਜੋ ਪਹਿਲਾਂ ਹੀ ਗਰੀਬੀ ਦਾ ਜੀਵਨ ਕੱਟ ਰਹੇ ਲੋਕਾਂ ਲਈ ਵਾਧੂ ਦਾ ਭਾਰ ਬਣੇ ਹੋਏ ਸਨ। ਸਿੱਧਾਂ ਨਾਲ ਵਿਚਾਰ ਵਟਾਂਦਰੇ ਬਾਅਦ ਸਿੱਧਾਂ ਨੂੰ ਆਖਰ ਗੁਰੂ ਜੀ ਦੇ ਵਿਚਾਰਾਂ ਦੇ ਕਾਇਲ ਹੋਣਾ ਪਿਆ। ਇਸੇ ਤਰ੍ਹਾਂ ਜੋਗੀਆਂ ਨੂੰ ਸਹੀ ਜੀਵਨ ਜੀਉਣ ਦੀ ਜੁਗਤੀ ਦੱਸੀ। ਗੁਰੂ ਜੀ ਨੇ ਕਿਸੇ ਮਤ ਦੇ ਖੰਡਨ ਦੀ ਥਾਂ ਬੜੀਆਂ ਸਰਲ ਅਤੇ ਜ਼ਿਆਦਾ ਉਸਾਰੂ ਤਜਵੀਜ਼ਾਂ ਪੇਸ਼ ਕੀਤੀਆਂ ਅਤੇ ਬਾਹਰਲੀ ਸ਼ਰੀਅਤ ਦੀ ਥਾਂ ਮਨੁੱਖ ਦੇ ਅੰਦਰਲੇ ਭਾਵਾਂ ਨੂੰ ਮੇਲਣ ਤੇ ਜ਼ੋਰ ਦਿੱਤਾ ਤਾਂਕਿ ਮਨੁੱਖਤਾ ਚੜ੍ਹਦੀ ਕਲਾ ਵਿੱਚ ਜਾ ਸਕੇ ਅਤੇ ਸਰਬੱਤ ਦਾ ਭਲਾ ਹੋ ਸਕੇ। ਆਖਰ ਇਨ੍ਹਾਂ ਸੱਭ ਧਾਰਮਿਕ ਆਗੂਆਂ ਦੀ ਸਿਰਫ “ਰੋਟੀਆ ਕਾਰਣਿ ਪੂਰਹਿ ਤਾਲ॥” (ਅੰਗ. 464) ਵਾਲੀ ਜੀਵਨ ਚਾਲ ਦੇਖ ਕੇ ਗੁਰੂ ਜੀ ਨੂੰ ਇਹ ਕਹਿਣਾ ਹੀ ਪਿਆ:-

“ਕਾਦੀ ਕੂੜੁ ਬੋਲਿ ਮਲਿ ਖਾਇ॥ ਬ੍ਰਾਹਮਣ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧ॥” (ਅੰਗ 662) ਅਧਰਮੀ ਬਣੇ ਹੁਕਮਰਾਨਾਂ ਦਾ ਲੋਕਾਂ ਪ੍ਰਤਿ ਵਿਉਹਾਰ ਦੇਖ ਕੇ ਭੀ ਗੁਰੂ ਜੀ ਨੇ ਉਨ੍ਹਾਂ ਨੂੰ ਖਰੀਆਂ ਖਰੀਆਂ ਸੁਣਾਈਆਂ:-

“ਕਲਿ ਕਾਤੀ ਰਾਜੇ ਕਸਾਈ ਧਰਮੁ ਪੰਖ ਕਰਿ ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥” (ਅੰਗ 145) “ਰਾਜੇ ਸ਼ੀਂਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥ ਚਾਕਰ ਨਹਦਾ ਪਾਇਨਿ ਘਾਉ॥ ਰਤੁ ਪਿਤੁ ਕੁਤਹੋ ਚਟਿ ਜਾਹੁ॥ ਜਿਥੇ ਜੀਆ ਹੋਸੀ ਸਾਰ॥ ਨਕੀ ਵਡੀ ਲਾਇ ਤਾਬਾਰ॥” ਅੰਗ. 1288)

ਗੁਰੂ ਸਾਹਿਬ ਜੀ ਦੀ ਸਮੁੱਚੀ ਯਾਤਰਾ ਕੋਈ ਤੀਰਥ-ਯਾਤਰਾ, ਜਾ ਹੱਜ, ਜਾ ਮਠਾਂ ਤੇ ਮੰਦਰਾਂ ਦਾ ਦਰਸ਼ਨ ਨਹੀਂ ਸੀ, ਭਾਵੇਂ ਉਨ੍ਹਾਂ ਨੇ ਸਭ ਤੀਰਥ ਪੁਰਬ ਫਿਰ ਦੇਖੇ। ਉਨ੍ਹਾਂ ਦਾ ਅਸਲੀ ਆਦਰਸ਼ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹੇ ਪਾਉਣਾ, ਦੁਖੀਆਂ ਦਾ ਕਸ਼ਟ ਹਰਨਾਂ ਤੇ ਸਮਝ ਤੇ ਸੋਝੀ ਵਾਲੇ ਪੰਡਤਾਂ, ਪੀਰਾਂ, ਸਿੱਧਾਂ, ਵਲੀਆਂ, ਰਾਜਿਆਂ, ਹਾਕਮਾਂ ਆਦਿ ਨੂੰ ਪ੍ਰੇਰਨਾ ਸੀ ਕਿ ਉਹ ਜਨਤਾ ਤੋਂ ਵੱਖਰੇ ਬਣ ਕੇ ਨਾ ਬਹਿਣ ਸਗੋਂ ਲੋਕ-ਸੇਵਾ ਵਿੱਚ ਜੁੜਨ। ਉਨ੍ਹਾਂ ਵਲੋਂ ਦੱਸੀ ਗਈ ਤੀਰਥ-ਯਾਤਰਾ ਤਾਂ ਸ਼ਬਦ ਦੀ ਵਿਚਾਰ ਤੇ ਕਮਾਈ ਸੀ ਤੇ ਹੈ। ਗੁਰੂ ਸਾਹਿਬ ਦੀ ਸਰਬ-ਪੱਖੀ ਪ੍ਰਤਿਭਾ ਅਤੇ ਗੁਣ-ਸੰਪੂਰਨਤਾ ਤੋਂ ਕਾਇਲ ਹੋ ਕੇ ਡਾਕਟਰ ਇਕਬਾਲ ਨੇ ਉਨ੍ਹਾਂ ਨੂੰ ਪੂਰਨ ਪੁਰਖ ਦਾ ਰੁਤਬਾ ਦਿੱਤਾ ਹੈ, “ਫਿਰ ਉਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ। ਹਿੰਦ ਕੋ ਇੱਕ ਮਰਦਿ ਕਾਮਿਲ ਨੇ ਜਗਾਇਆ ਖਾਬ ਸੇ।” ਠੀਕ ਹੀ ਗੁਰੂ ਸਾਹਿਬ ਜੀ ਦੀ ਵਿਲੱਖਣ ਸੂਝ ਬੂਝ, ਉੱਚ ਪੱਧਰੀ ਕਲਾਤਮਕ ਛੁਹ ਅਤੇ ਭਰਪੂਰ ਸ਼ਖਸ਼ੀਅਤ ਨੇ ਸਦੀਆਂ ਦੇ ਕਠੋਰ ਚਿੰਤਨ (ਮੁਸਲਮਾਨਾਂ ਦੀ ਅਤਿ ਦੀ ਮਜ਼੍ਹਬੀ ਕਠੋਰਤਾ ਅਤੇ ਹਿੰਦੂਆਂ ਦੀ ਪਾਤਾਲ ਛੂਹੰਦੀ ਵਹਿਮਪ੍ਰਸਤੀ) ਨੂੰ ਮਨਾਂ ਤੋਂ ਹੂੰਝ ਕੇ ਰੱਖ ਦਿੱਤਾ। ਇਹ ਹੀ ਨਹੀਂ “ਖੋਜੀ ਉਪਜੇ ਬਾਦੀ ਬਿਨਸੈ” (ਅੰਗ. 1255) ਕਹਿ ਕੇ ਹੋਰ ਖੋਜਾਂ ਦੇ ਨਾਲ ਖਾਸ ਕਰਕੇ ਮਨ ਨੂੰ ਖੋਜਣ ਲਈ ਆਖਿਆ, ਕਿਉਂਕਿ ਬ੍ਰਹਿਮੰਡ ਵਿੱਚ ਸਰਗੁਣ ਰੂਪ ਵਿੱਚ ਮੌਜੂਦ ਮਹਾਂ-ਸ਼ਕਤੀ, ਰੱਬ ਜੀ, ਇਸ ਪਿੰਡ (ਸਰੀਰ) ਵਿੱਚ ਵੀ ਮੌਜੂਦ ਹੈ, ਬਾਹਰ ਲੱਭਣ ਦੀ ਲੋੜ ਨਹੀਂ। ਗੁਰੂ ਜੀ ਕਾਦਰ ਦੀ ਕੁਦਰਤ ਦੀ ਵਿਸ਼ਾਲਤਾ ਦੀ ਖੋਜ (ਜਾਣਕਾਰੀ) ਜੋ ਵਿਗਿਆਨੀਆਂ ਦਾ ਵਿਸ਼ਾ ਹੈ, ਉਸ ਤੋਂ ਭੀ ਅਗਾਂਹ ਆਤਮਾ ਨੂੰ ਖੇੜਾ ਦੇਣ ਵਾਲੇ ਕਾਦਰ ਦੀ ਹਜ਼ੂਰੀ ਦਾ ਜਲਵਾ ਮਾਨਣ ਤੱਕ ਜਾਂਦੇ ਹਨ। ਠੀਕ ਹੀ ਉਹ ਵਿਗਿਆਨੀਆਂ ਦੇ ਪਤਾਮਾ ਹਨ।

ਇਹ ਸੱਭ ਕੁੱਛ ਅਤੇ ਖਾਸ ਕਰਕੇ ‘ਖੋਜ’ ਲਫਜ਼ ਸਾਬਤ ਕਰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਸਿੱਖ ਧਰਮ ਨੂੰ ਨਵੀਨ ਯੁੱਗ ਦਾ ਵਿਗਿਆਨਕ ਮਜ਼੍ਹਬ ਬਣਾਉਣਾ ਚਾਹੁੰਦੇ ਸਨ, ਜਦ ਕਿ ਦੂਸਰੇ ਧਰਮ ਵਿਗਿਅਨਕ ਸੋਚ ਤੋਂ ਬਿਲਕੁਲ ਰਹਿਤ ਸਨ। ਮਹਾਨ ਵਿਗਿਆਨੀ ਗਲੈਲੀਓ, ਜੋ ਗੁਰੂ ਨਾਨਕ ਸਾਹਿਬ ਤੋਂ ਲੱਗ ਭੱਗ ਡੇਢ ਸੌ ਸਾਲ ਬਾਅਦ ਹੋਇਆ, ਦੀ ਮਿਸਾਲ ਸਾਮ੍ਹਣੇ ਹੈ ਜੋ ਈਸਾਈ ਧਰਮ ਦੇ ਠੇਕੇਦਾਰਾਂ ਨੇ ਉਸ ਨਾਲ ਕੀਤਾ। ਇਸ ਕਰਕੇ ਗੁਰੂ ਜੀ ਨੇ ਵਿਗਿਆਨਕ ਤੱਥਾਂ ਨੂੰ ਗੁਰਬਾਣੀ, ਜੋ ਵਿਗਿਆਨ ਦੀ ਵੀ ਮਾਂ ਹੈ, ਦਾ ਸਹਿਯੋਗੀ ਕਰਕੇ ਵਰਤਿਆ, ਤਾਕਿ ਧਰਮ ਤੇ ਵਿਗਿਆਨ ਇੱਕ ਦੂਜੇ ਦੇ ਸਹਾਇਕ ਬਣ ਕੇ ਮਨੁੱਖਤਾ ਦੀ ਢੁੱਕਵੀਂ ਸੇਵਾ ਕਰ ਸਕਣ। ਗੁਰੂ ਨਾਨਕ ਜੀ ਦੀ ਬਾਣੀ ਵਿੱਚ ਪ੍ਰੋਫੈਸਰ ਦਇਆਬੀਰ ਸਿੰਘ ਅਨੁਸਾਰ, “ਵਿਗਿਆਨ ਦੇ ਉਹ ਸਾਰੇ ਤੱਥ ਮੌਜੂਦ ਹਨ, ਜਿਹੜੇ ਨਵੀਨ ਵਿਗਿਆਨੀਆਂ ਨੇ ਲੱਭੇ ਹਨ ਜਾ ਉਹ ਲੱਭ ਰਹੇ ਹਨ। ਕਈ ਨਵੀਨ ਵਿਗਿਆਨੀ ਇਸ ਗੱਲ ਨੂੰ ਮੰਨ ਚੁੱਕੇ ਹਨ ਕਿ ਗੁਰੂ ਨਾਨਕ ਸਾਹਿਬ ਦੇ ਦਰਸਾਏ ਹੋਏ ਵਿਗਿਅਨਕ ਤੱਥ ਭੌਤਕ, ਰਸਾਇਣ, ਬਨਸਪਤ, ਸਰੀਰ, ਤਾਰਾ, ਵਾਯੂ-ਮੰਡਲ, ਜੀਵ, ਪਸ਼ੂ, ਪੰਛੀ, ਮਾਨਸ, ਸਾਗਰ, ਭੂ-ਗਰਭ ਵਿਗਿਆਨ ਆਦਿ ਹਰ ਪ੍ਰਕਾਰ ਦੇ ਨਵੀਨ ਵਿਗਿਆਨਾਂ ਅਤੇ ਉਨ੍ਹਾਂ ਦੇ ਨਵੇਂ ਲੱਭੇ ਤੱਥਾਂ ਉੱਤੇ ਭਰਪੂਰ ਚਾਨਣ ਪਾਉਂਦੇ ਹਨ।” ਗਲੈਲੀਓ ਤੋਂ ਲੈ ਕੇ ਨਵੀਨ ਵਿਗਿਆਨੀ ਪੁਲਾੜ-ਨੀਝ-ਸ਼ਾਲਾ ਰਾਹੀਂ ਇਹ ਵਿਗਿਆਨਕ ਤੱਥ ਪੇਸ਼ ਕਰ ਰਹੇ ਹਨ ਜਦ ਕਿ ਉਹ ਨਿੰਕਾਰੀ ਜੋਤ, ਬਿਨਾਂ ਕਿਸੇ ਨੀਝ-ਸ਼ਾਲਾ ਤੋਂ ਇਨ੍ਹਾਂ ਵਿਗਿਅਨਾਂ ਅਤੇ ਹੋਰ ਬਹੁਤ ਕੁੱਝ ਬਾਰੇ ਬਿਆਨ ਕਰ ਗਈ ਹੈ ਜਿਨ੍ਹਾਂ ਬਾਰੇ ਨਵੀਨ ਵਿਗਿਆਨੀ ਨਹੀਂ ਜਾਣ ਸਕੇ। ਇਸ ਵਾਸਤੇ ਇਨ੍ਹਾਂ ਨੂੰ ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਵਿਰਤੀਆਂ ਤੇ ਕਾਬੂ ਪਾ ਕੇ “ਮਨਿ ਜੀਤੈ ਜਗੁ ਜੀਤੁ” ਦੀ ਅਵਸਥਾ ਪ੍ਰਾਪਤ ਕਰਨੀ ਹੋਵੇਗੀ ਅਤੇ ਆਪਣੇ ਗਿਆਨ ਨੂੰ ਉਸ ਅਟੱਲ ਤੇ ਅਚੱਲ ਸ਼ਕਤੀ ਵਲੋਂ ਬਖਸ਼ੀ ਦਾਤ ਅਤੇ ਉਸ ਸ਼ਕਤੀ ਦੀ ਹੋਂਦ ਨੂੰ ਸਵਿਕਾਰਨਾ ਹੋਵੇਗਾ। ਉਸ ਬੁਨਿਆਦੀ ਸ਼ਕਤੀ ਨੁੰ ਗੁਰੂ ਨਾਨਕ ਜੀ ਨੇ ‘ਏਕੰਕਾਰ’ ਜਾ ‘ਨਿਰੰਕਾਰ’ ਕਹਿ ਕੇ ਦਰਸਾਇਆ ਹੈ। ਇਸ ਹਕੀਕਤ ਨੂੰ ਅੱਜ ਵਿਗਿਆਨੀ ਮੰਨਣ ਲਈ ਮਜਬੂਰ ਹੋ ਰਹੇ ਹਨ। ਭਾਈ ਸਾਹਿਬ ਧਰਮ ਸਿੰਘ, ਸੂਬੇਦਾਰ, ਇੰਗਲੈਂਡ ਦੇ ਮਸ਼ਹੂਰ ਵਿਗਿਆਨੀ ਜੌਹਨ ਟੇਲਰ ਬਾਰੇ ਲਿਖਦੇ ਹਨ, “ਜਦੋਂ ਸੰਸਾਰ ਦੇ ਸੰਭਾਵਤ ਅਰੰਭ ਦੀ ਭਾਲ ਵੱਲ ਉਹ ਚੱਲਿਆ ਤਾਂ ਉਹ ਜਦੋਂ Compounds, Elements and Atoms ਵਿੱਚੋਂ ਲੰਘ ਕੇ ਆਖਰ Protons ਤੇ ਪਹੁੰਚਿਆ ਤਾਂ ਉਸ ਨੇ ਆਖਿਆ ਸੀ ਕਿ Something cannot be created from nothing. There is something behind the Protons. ਪਰ ਉਸ ਨੂੰ ਉਸ Something ਦੀ ਕੋਈ ਸਮਝ ਨਾ ਆਵੇ ਕਿ ਉਹ Something ਹੈ ਕੀ? ਉਹ ਹੀ ਤਾਂ ਬੁਨਿਆਦੀ ਹਸਤੀ ‘ਏਕੰਕਾਰ’ ਹੈ।”

ਉੱਸ ਏਕੰਕਾਰ ਨੇ ਜੋ ਅਨੇਕਾਂ ਧਰਤੀਆਂ ਤੇ ਪਾਤਾਲਾਂ ਦਾ ਪਸਾਰਾ ਪਸਾਰਿਆ ਹੋਇਆ ਹੈ, ਉੱਸ ਬਾਰੇ ਵੀ ਵਿਗਿਆਨੀਆਂ ਦੀ ਅਗਵਾਈ ਲਈ ਗੁਰੂ ਸਾਹਿਬ ਨੇ ਬਹੁਤ ਸਾਰੇ ਇਸ਼ਾਰੇ ਦਿੱਤੇ ਹੋਏ ਹਨ, “ਕੀਤਾ ਪਸਾਉ ਏਕੋ ਕਵਾਉ॥ ਤਿਸਤੇ ਹੋਇ ਲਖ ਦਰੀਆਉ॥” (ਅੰਗ. 3) ਅਤੇ “ਏਕ ਕਵਾਵੇ ਤੇ ਸਭ ਹੋਆ॥” (ਅੰਗ. 1003) “Big Bang” ਵਲ ਇਸ਼ਾਰਾ ਸੀ। “ਏਕੋ ਕਵਾਉ” ਕੀ ਸੀ? ਗੁਰੂ ਜੀ ਅੰਗ. 19 ਤੇ ਫੁਰਮਾਉਂਦੇ ਹਨ ਕਿ ਪ੍ਰਮਾਤਮਾ, ਭਾਵ ਬੁਨਿਆਦੀ ਸ਼ਕਤੀ, ਨੇ “ਪਵਨ”, ਗੈਸ ਜਾ ਹਵਾ ਕਹਿ ਲਵੋ, ਪੈਦਾ ਕੀਤੀ, ਉਸ ਤੋਂ ਜਲ (ਪਾਣੀ) ਅਤੇ ਜਲ ਤੋਂ ਤ੍ਰਿਭਵਣ ਸਾਜ ਕੇ ਉਸ ਵਿੱਚ ਆਪਣੀ ਜੋਤ ਭਾਵ ਸ਼ਕਤੀ ਰੱਖ ਦਿੱਤੀ। ਇਹ ਡਾਰਵਨ ਆਦਿ ਲਈ Evolution Theory (ਕ੍ਰਮ-ਵਿਕਾਸ ਸਿਧਾਂਤ) ਵਲ ਇਸ਼ਾਰਾ ਸੀ। “ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ॥ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ॥” (ਜਪੁ ਜੀ ਸਾਹਿਬ) ਅਤੇ “ਮੁਕਾਮੁ ਤਿਸ ਨੋ ਆਖੀਐ ਜਿਸੁ ਸਿਸਿ ਨ ਹੋਵੀ ਲੇਖੁ॥ ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ ਏਕੁ॥ ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ॥ ਮੁਕਾਮੁ ਓਹੀ ਏਕੁ ਹੈ ਨਾਨਕਾ ਸਚ ਬੁਗੋਇ॥” (ਅੰਗ. 64) ਭਾਵ ਨਿਰੰਕਾਰ ਦੇ ਕੁਦਰਤੀ ਪਸਾਰੇ ਵਿੱਚ ਇੱਕ ਨਹੀਂ ਕਈ ਧੂ ਤਾਰੇ, ਅਨੇਕਾਂ ਸੂਰਜ, ਚੰਦਰਮੇ ਅਤੇ ਤਾਰੇ ਮੰਡਲ ਹਨ ਜੋ ਕਿਸੇ ਧੌਲ ਆਦਿ ਦੇ ਸਹਾਰੇ ਦੀ ਥਾਂ “ਧੌਲ ਧਰਮ ਦਇਆ ਕਾ ਪੂਤੁ॥ ਸੰਤੋਖ ਥਾਪਿ ਰਖਿਆ ਜਿਨਿ ਸੂਤਿ॥” ਅਨੁਸਾਰ ਪੂਰੇ ਸਬਰ ਸੰਤੋਖ ਵਿੱਚ ਆਪਣੇ ਥਾਂ ਟਿਕੇ ਹੋਏ ਹਨ ਅਤੇ ਕਿਸੇ ਖਾਸ ਨਿਯਮ-ਬੱਧ ਕਾਨੂੰਨ ਅਨੁਸਾਰ ਚਲਦੇ ਰਹਿੰਦੇ ਹਨ। ਜਿਵੇਂ, “ਭੈ ਵਿਚਿ ਸੂਰਜ ਭੈ ਵਿਚਿ ਚੰਦੁ॥ ਕੋਹ ਕਰੋੜੀ ਚਲਤ ਨ ਅੰਤੁ॥” (ਅੰਗ. 464) ਇਹ ਕਾਨੂੰਨ ਧਰਤ-ਖਿੱਚ, ਸੂਰਜ-ਖਿੱਚ ਅਤੇ ਚੰਦਰਮਾਂ-ਖਿੱਚ ਆਦਿ ਰਾਹੀਂ ਜੁਗਾ-ਜੁਗੰਤਰਾਂ ਤੋਂ ਵਰਤ ਰਿਹਾ ਹੈ। ਇਸ ਵਿਗਿਆਨਕ ਸਚਿਆਈ ਬਾਰੇ ਵੀ ਕਿ ਇਹ ਸੱਭ ਗ੍ਰਹਿ ਇੱਕ ਦੂਜੇ ਤੋਂ ਗਰਮੀ ਤੇ ਰੌਸ਼ਨੀ ਲੈਂਦੇ ਦਿੰਦੇ ਰਹਿੰਦੇ ਹਨ, ਗੁਰੂ ਜੀ ਨੇ ਚੰਦ ਨੂੰ ਸੂਰਜ ਵਲੋਂ ਮਿਲਦੀ ਰੌਸ਼ਨੀ ਬਾਰੇ ਇਸ਼ਾਰਾ ਕੀਤਾ ਹੈ, “ਪਸਰੀ ਕਿਰਣਿ ਰਸ ਕਮਲ ਬਿਗਾਸੇ ਸਸਿ ਘਰਿ ਸੂਰ ਸਮਾਇਆ॥” (ਅੰਗ. 1322) ਅਤੇ “ਸਸਿ ਘਰ ਸੂਰ ਸਮਾਵੈ॥” (ਅੰਗ. 840), ਅੰਗ 943 ਅਤੇ 1041 ਤੇ ਵੀ ਇਸ ਬਾਰੇ ਦਰਜ ਹੈ।

ਖੈਰ, ਅੰਤ ਵਿੱਚ ਦੁਨੀਆਂ ਜੋ ਅੱਜਕਲ ਸਮੱਸਿਆਵਾਂ ਦਾ ਸਾਮ੍ਹਣਾ ਕਰ ਰਹੀ ਹੈ ਉਨ੍ਹਾਂ ਵਿੱਚੋਂ ਪਹਿਲੀ, ਜੋ ਕੈਂਸਰ ਦਾ ਕਾਰਨ ਹੈ, ਉਦਾਸੀਆਂ ਸਮੇਂ ਤੁਰਨ ਲੱਗਿਆਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ, ਸਾਬਤ ਸੂਰਤ ਰਹਿਣ ਦੇ ਨਾਲ, ਤਮਾਕੂ ਵਰਤਣ ਤੋਂ ਪੱਕੀ ਤਰ੍ਹਾਂ ਵਰਜ ਦਿੱਤਾ, । ਦੂਸਰੇ ਭਾਈ ਮਰਦਾਨੇ ਦੇ ਨਾਮ ਤੇ ਉਸ ਮਾਰੂ ਸ਼ਰਾਬ ਜੋ ਆਪੇ ਦੀ ਸੁੱਧ ਬੁੱਧ ਭੁਲਾਉਣ ਦੇ ਨਾਲ ਨਾਲ ਅੰਤ ਜਾਨ-ਲੇਵਾ ਬਣਦੀ ਹੈ ਤੋਂ ਬਚਣ ਲਈ ਸ਼ਬਦ ਉਚਾਰ ਕੇ ਬੜਾ ਪਿਆਰਾ, ਢੁੱਕਵਾਂ ਤੇ ਸਰਲ ਸਬਕ ਦਿੱਤਾ। ਸ਼ਰਾਬ ਬਾਰੇ ਇੰਗਲੈਂਡ ਦੇ ਭੂਤਕਾਲ ਪ੍ਰਧਾਨ ਮੰਤਰੀ ਗਲੈਡਸਟੋਨ ਅਨੁਸਾਰ “ਸ਼ਰਾਬ ਨਾਲ ਪਲੇਗ, ਜੰਗ ਅਤੇ ਕਾਲ, ਤਿੰਨਾਂ ਨਾਲੋਂ ਵੱਧ ਨੁਕਸਾਨ ਹੁੰਦਾ ਹੈ” (Health and Logevity by A.C. Solomon M. W. Page 100) (ਸ਼ਰਾਬ ਸੰਬੰਧੀ ਚਿੰਤਤ ਬਹੁਤ ਸਾਰੀਆਂ ਸੰਸਥਾਵਾਂ ਸ਼ਰਾਬ ਦੇ ਸੇਵਨ ਰਾਹੀਂ ਨਿਕਲ ਰਹੇ ਸਿੱਟੇ ਦੁਨੀਆਂ ਅੱਗੇ ਰੱਖਕੇ ਲੋਕਾਂ ਨੂੰ ਬਹੁਤ ਸਾਵਧਾਨ ਕਰ ਰਹੀਆਂ ਹਨ। ਜਿਵੇਂ British Journal Psychiatry ਵਿੱਚ ਛਪੀ ਖਬਰ ਅਨੁਸਾਰ 78% ਪੰਜਾਬ ਦੇ ਲੋਕ ਸ਼ਰਾਬ ਪੀਂਦੇ ਹਨ ਅਤੇ ਦੁਨੀਆਂ ਵਿੱਚ 2 Million ਲੋਕ Drink Driving Accidents ਰਾਹੀਂ ਮਰਦੇ ਅਤੇ 58.3 Million Disabled ਹੁੰਦੇ ਹਨ, ਜੋ ਬੜੀ ਚਿੰਤਾ ਦੀ ਗੱਲ ਹੈ)। ਬਾਅਦ ਵਿੱਚ ਦਸਮੇਸ਼ ਜੀ ਨੇ ਇਨ੍ਹਾਂ ਨਸ਼ਿਆਂ ਤੋਂ ਬਚਣ ਲਈ ਕੁਰਹਿਤਾਂ ਵਿੱਚ ਪੱਕਾ ਕਰ ਦਿੱਤਾ। ਮਨੁੱਖ ਨੂੰ ਸਰੀਰਕ ਤੇ ਮਾਨਸਕ ਪੱਖੋਂ ਨਰੋਆ ਰਹਿ ਕੇ ਸੁਚੱਜਾ ਜੀਵਨ ਜੀਉਣ ਲਈ ਗੁਰੂ ਸਾਹਿਬ ਦੀ ਕਿੰਨੀ ਦੂਰ-ਅੰਦੇਸ਼ੀ ਭਰੀ ਸਦੀਵ ਕਾਲੀ ਸਿੱਖਿਆ ਹੈ ਇਹ! ਇਹ ਹੀ ਨਹੀਂ, ਗੁਰੂ ਸਾਹਿਬ ਮਨੁੱਖ ਨੂੰ ਮਨੁੱਖ, ਨਾਕਿ ਪਸ਼ੂ, ਬਣਿਆ ਰਹਿਣ ਲਈ ਸੱਚੇ ਸੁੱਚੇ ਤੇ ਸ਼੍ਰੇਸਟਾਚਾਰੀ ਜੀਵਨ ਨੂੰ ਗਿਆਨ-ਗੋਸ਼ਟ ਦੀਆਂ ਕੋਰੀਆਂ ਗੱਪਾਂ ਤੇ ਬਾਣੀ ਦੇ ਦਿਖਲਾਵੇ ਦੇ ਰਟਣ ਨਾਲੋਂ ਵਧੇਰੇ ਉੱਚਤਾ ਤੇ ਮਹੱਤਤਾ ਦਿੰਦੇ ਹੋਏ “ਸਚਹੁ ਉਰੈ ਸਭੁ ਕੋ ਉਪਰਿ ਸਚੁ ਆਚਾਰੁ॥” (ਅੰਗ. 62) ਅਤੇ

“ਪਰ ਦਾਰਾ ਪਰ ਧਨ ਪਰ ਲੋਭਾ ਹਉਮੈ ਬਿਖੈ ਬਿਕਾਰ॥ ਦੁਸਟ ਭਾਉ ਤਜਿ ਨਿੰਦ ਪਰਾਈ ਕਾਮੁ ਕ੍ਰੋਧੁ ਚੰਡਾਰੁ॥” (ਅੰਗ. 1255) ਮੁਖਵਾਕ ਰਾਹੀਂ ਸਾਵਧਾਨ ਕਰਦੇ ਹੋਏ ਹਰ ਪੱਖੋਂ ਸਚਿਆਰ ਬਣਨ ਦੀ ਸਿੱਖਿਆ ਦਿੰਦੇ ਹਨ। ਇਸ ਰਾਹੀਂ ਅੱਜਕਲ ਦੀ ਸੱਭ ਤੋਂ ਭਿਆਨਕ ਬੀਮਾਰੀ (ਏਡਜ਼) ਅਤੇ ਪਰਾਏ ਹੱਕ ਤੇ ਘੁਟਾਲਿਆਂ ਦੀ ਸੋਚ ਤੋਂ ਵੀ ਬਚਣ ਲਈ ਬਹੁਤ ਢੁੱਕਵੀਂ ਸਿਖਿਆ ਪ੍ਰਦਾਨ ਕੀਤੀ ਗਈ ਹੈ। ਘੁਟਾਲੇ ਕਰਨ ਅਤੇ ਪਰਾਏ ਹੱਕ ਤੇ ਛਾਪੇ ਮਾਰਨ ਵਾਲਿਆਂ ਨੂੰ ਤਾਂ ਗੁਰੂ ਜੀ ਨੇ “ਹਕੁ ਪਰਾਇਆ ਨਾਨਕਾ ਉਸ ਸੂਅਰ ਉਸੁ ਗਾਇ॥” (ਅੰਗ. 141) ਮੁਖਵਾਕ ਰਾਹੀਂ ਬੜਾ ਸਾਵਧਾਨ ਕੀਤਾ ਹੈ। ਵਰਤਮਾਨ ਸਮੇਂ ਵਿੱਚ ਵਾਤਾਵਰਨ ਸੰਬੰਧੀ ਸਾਰੀ ਦੁਨੀਆਂ ਬੜੀ ਚਿੰਤਤ ਹੈ। ਹਾਲੇ ਵੀ ਕੁੱਛ ਨਹੀਂ ਵਿਗੜਿਆ ਜੇ ਦੁਨੀਆਂ ਗੁਰੂ ਜੀ ਦੇ ਜਪੁ ਜੀ ਸਾਹਿਬ ਜੀ ਦੇ ਆਖਰੀ ਪਵਿੱਤਰ ਸ਼ਲੋਕ ਦੀਆਂ ਪਹਿਲੀਆਂ ਦੋ ਪਵਿੱਤਰ ਤੁਕਾਂ, “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥” ਤੇ ਦਿਲੋਂ ਲਾ ਕੇ ਅਮਲ ਕਰਨਾ ਸ਼ੁਰੂ ਕਰ ਦੇਵੇ। ਗੁਰੂ ਦੀ ਮਹੱਤਤਾ ਸੱਭ ਜਾਣਦੇ ਹਨ। ਦੁਨਿਆਵੀ ਪੜ੍ਹਾਈ ਹੋਵੇ ਜਾ ਅਧਿਆਤਮਕ, ਗੁਰੂ ਦੀ ਲੋੜ ਤੋਂ ਕੌਣ ਮੁਨਕਰ ਹੋ ਸਕਦਾ ਹੈ? ਇਕ, ਗੁਰੂ ਲਈ ਆਦਰ ਮਨ ਵਿੱਚ ਲੈ ਕੇ ਪਵਣ ਵਾਸਤੇ, ਦੂਸਰੇ ਗੁਰੂ ਜੀ ਵਲੋਂ “ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥” ਅੰਗ. (474) ਪਾਣੀ ਦੀ ਚਾਰੇ ਖਾਣੀਆਂ, ਅੰਡਜ, ਜੇਰਜ, ਸੇਤਜ ਤੇ ਉਤਭੁਜ ਲਈ ਦਰਸਾਈ ਪਿਤਾ ਵਾਲੀ ਮਹੱਤਤਾ ‘ਪਵਣ’ ਤੇ ‘ਪਾਣੀ’ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਅਤੇ ਢੁੱਕਵੀਂ ਤੇ ਠੀਕ ਵਰਤੋਂ ਲਈ ਵੱਡਮੁੱਲੀ ਸਿੱਖਿਆ ਹੈ। ‘ਮਾਤਾ’ ਦੀ ਮੱਹਤਤਾ ਤੋਂ ਕੌਣ ਮੁਨਕਰ ਹੋ ਸਕਦਾ ਹੈ? ਇੱਥੇ ਗੁਰੂ ਜੀ ਉੱਸ ਮਹਾਨ ‘ਮਾਤਾ’ ‘ਧਰਤਿ’ ਦੀ ਗੱਲ ਕਰਦੇ ਹਨ, ਜਿੱਥੇ ਚੌਹਾਂ ਖਾਣੀਆਂ ਦੇ ਸ੍ਰਦਾਰ ਮਨੁੱਖ ਨੇ ਚੌਹਾਂ ਖਾਣੀਆਂ ਦੀ ਜ਼ਰੂਰਤ ਲਈ ਧਰਤੀ ਮਾਤਾ ਵਲੋਂ ਪੈਦਾ ਕੀਤੀਆਂ ਵਸਤੂਆਂ ਦੀ ਠੀਕ ਵਰਤੋਂ ਅਤੇ ਦੇਖਭਾਲ ਕਰਨੀ ਹੈ ਉੱਥੇ ਮਾਤਾ ਨੂੰ ਮੁੱਲਵਾਨ ਵਸਤੂਆਂ ਪੈਦਾ ਕਰਨ ਲਈ ‘ਧਰਤਿ ਮਾਤਾ’ ਦੀ ‘ਮਾਤਾ’ ਵਜੋਂ ਸੰਭਾਲ ਕਰਨੀ ਹੈ। ਤਾਕਿ ਰਾਤ ਦਿਨ ਦੀ ਗੋਦ ਵਿੱਚ ਹਰ ਜੀਵ, ਸਮੇਤ ਬਨਸਪਤ, ਆਪਣੇ ਅਤੇ ਸੱਭ ਦੇ ਵੱਧਣ ਫੁੱਲਣ ਅਤੇ ਆਪਣੇ ਆਪਣੇ ਫਰਜ਼ ਨਿਭਾਉਣ ਵਿੱਚ ਢੁੱਕਵਾਂ ਰੋਲ ਅਦਾ ਕਰ ਸਕੇ।

ਗੁਰੂ ਜੀ ਸੰਬੰਧੀ ਲਿਖਣ ਨੂੰ ਤਾਂ ਬਹੁਤ ਕੁੱਛ ਹੈ, ਜਿਵੇਂ ਮੁਟਾਪਾ, ਮੰਦਵਾੜਾ ਆਦਿ ਪਰ ਅਖੀਰ ਵਿੱਚ ਸੱਭ ਨੂੰ ਇਹ ਮੰਨਣਾ ਪੈਂਦਾ ਹੈ ਕਿ ਗੁਰੂ ਸਾਹਿਬ ਦੀ ਸਦੀਵ-ਕਾਲ ਲਈ ਸੱਚੀ ਬਾਣੀ ਦੇ ਸਮਾਜਿਕ, ਧਾਰਮਿਕ, ਆਰਥਿਕ, ਰਾਜਨੀਤਕ, ਵਿਗਿਆਨਕ ਆਦਿ ਅੰਸ਼ ਸਿੱਧ ਕਰਦੇ ਹਨ ਕਿ ਗੁਰੂ ਜੀ ਅਜਿਹੇ ਸਰਬ ਕਲਾ ਸਮਰੱਥ ਬਹੁ-ਪੱਖੀ ਵਿਗਿਆਨੀ ਸਨ ਜਿਨ੍ਹਾਂ ਦੇ ਵਿਗਿਆਨਕ ਸਿਧਾਂਤ ਵਿਸ਼ਵ-ਵਿਆਪੀ ਅਤੇ ਸਰਬ-ਕਾਲੀ ਇਕਸਾਰ ਲਾਗੂ ਰਹਿਣ ਵਾਲੇ ਹਨ। ਇਸ ਗੱਲ ਦੀ ਪੁਸ਼ਟੀ ਵਿੱਚ ਮਿਸਟਰ ਐਚ. ਐਲ. ਬ੍ਰਾਡਸ਼ਾਹ (ਅਮ੍ਰੀਕਾ) ਨੇ ਬਹੁਤ ਸਾਰੇ ਹੋਰ ਵਿਦਾਵਾਨਾਂ ਸਮੇਤ, ਇਹ ਬੜੇ ਭਰੋਸੇ ਨਾਲ ਕਿਹਾ, “ਸਚਾਈ ਇਹ ਹੈ ਕਿ ਸਿੱਖ ਧਰਮ ਵਰਤਮਾਨ ਮਨੁੱਖ ਦੀਆਂ ਉਲਝਣਾਂ ਦਾ ਹਲ ਤੇ ਪ੍ਰਸ਼ਨਾਂ ਦਾ ਉੱਤਰ ਹੈ।”। ਦੇਸ ਬਦੇਸ ਵਿੱਚ ਕਥਾਵਾਚਕਾਂ ਤੋਂ ਪਤਾ ਲੱਗਾ ਹੈ ਕਿ ਅਮਰੀਕਨ ਅਜਾਇਬਘਰ ਵਿੱਚ ਸੱਭ ਤੋਂ ਉੱਚੀ ਮੰਜ਼ਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਸ਼ੋਭਤ ਹਨ ਅਤੇ ਨਾਸਾ ਸਪੇਸ ਏਜੈਂਸੀ ਬੜੇ ਸਤਿਕਾਰ ਸਹਿਤ ਰੱਖਕੇ ਆਪਣੇ ਕਾਰਜਾਂ ਵਾਸਤੇ ਸਹਾਇਤਾ ਲੈਂਦੇ ਹਨ। ਅਸੀਂ, ਜਿਨ੍ਹਾਂ ਨੂੰ ਗੁਰੂ ਜੀ ਨੇ ਰੁਲਦਿਆਂ ਨੂੰ ਸੰਭਾਲਿਆ, ਸਾਡੇ ਵਹਿਮ ਕੱਢੇ, ਸਾਡੇ ਮੱਥੇ ਘਸਣੋਂ ਬਚਾਏ, ਡਰ ਹਟਾਏ ਤੇ ਪਸੂਆਂ ਤੋਂ ਦੇਵਤੇ ਬਣਾਏ, ਅਤੇ ਅਸੀਂ ਆਪਣੇ ਆਪ ਨੂੰ ਉਸ ਕ੍ਰਾਂਤੀਕਾਰੀ ਗੁਰੂ ਦੇ ਵਾਰਸ ਕਹਾਉਂਦੇ ਹਾਂ, ਆਪਣੇ ਵਲ ਝਾਤ ਮਾਰੀਏ ਕਿ ਅਸੀਂ ਉਸ ਮਹਾਨ ਗੁਰੂ ਦੀ ਸਰਬ-ਕਲਿਆਣੀ ਬਾਣੀ ਨੂੰ ਕਿੱਦਾਂ ਵਰਤਦੇ ਹਾਂ? “ਸਿਖੀ ਸਿਖਿਆ ਗੁਰ ਵੀਚਾਰਿ॥” ਰਾਹੀਂ ਗੁਰੂ ਜੀ ਸਮਝਾ ਰਹੇ ਹਨ ਕਿ ਬਾਣੀ ਕਿਸੇ ਵਿਧੀ ਨਾਲ ਪੜ੍ਹਨ ਜਾ ਕਈ ਤਰ੍ਹਾਂ ਦੇ ਪਾਠ ਕਰਨ ਲਈ ਨਹੀਂ, ਇਹ ਬਾਣੀ “ਘਰਿ ਤ ਤੇਰੈ ਸਭੁ ਕਿਛੁ ਹੈ” ਅਨੁਸਾਰ ਜੀਵਨ ਜਾਚ ਦੇ ਸਦਾਚਾਰੀ ਅਨਮੋਲ ਰਤਨਾਂ ਨਾਲ ਭਰਪੂਰ ਹੈ, ਜਿਸ ਨੂੰ ਖੋਜੀ ਵਿਰਤੀ ਨਾਲ ਵਿਚਾਰ ਕੇ ਸੱਚੇ ਆਚਾਰ ਦੀ ਘਾੜਤ ਘੜਨ ਲਈ ਜੀਵਨ ਵਿੱਚ ਲਾਗੂ ਕਰਨਾ ਹੈ। ਅੱਜਕਲ ਬਾਣੀ ਬਹੁਤ ਪੜ੍ਹੀ ਜਾਂਦੀ ਹੈ। ਕਈ ਅਵਸਰਾਂ ਤੇ ਪਾਠ ਕੀਤੇ ਜਾਂਦੇ ਹਨ, ਪਾਠ ਵੀ ਕਈ ਸਾਰੀਆਂ ਵਿਧੀਆਂ ਤੇ ਪਾਠਾਂ ਦੇ ਕਈ ਤਰ੍ਹਾਂ ਦੇ ਨਾਵਾਂ ਰਾਹੀਂ ਅਤੇ ਮੂੰਹ ਤੇ ਕਪੜਾ ਤੱਕ ਬੰਨ੍ਹ ਕੇ ਤੇ ਬਿਨਾਂ ਬੋਲੇ, ਜਿਨ੍ਹਾਂ ਨੂੰ ਸੁਣਨ ਵਾਲਾ ਵੀ ਕੋਈ ਨਹੀਂ ਹੁੰਦਾ। ਗੁਰੂ ਜੀ ਵਲੋਂ ਲਾਈ ਸ਼ਰਤ ਤਾਂ ਨਾ ਪਾਠ ਕਰਨ ਵਾਲੇ ਨੇ ਮੰਨੀ ਤੇ ਨਾ ਪਾਠ ਕਰਵਾਉਣ ਵਾਲੇ ਤੇ ਲਾਗੂ ਕੀਤੀ ਗਈ ਜੋ ਬਹੁਤ ਜ਼ਰੂਰੀ ਹੈ। ਦਾਸ ਨੇ ਆਪਣੇ ਲੇਖ “ਨਿਹਚਲ ਚਉਰੁ ਛਤੁ ਅਤੇ ਬਾਣੀ ਦਾ ਸਤਿਕਾਰ” ਵਿੱਚ ਇਸ ਬਾਰੇ ਵਿਸਥਾਰ ਨਾਲ ਲਿਖਿਆ ਸੀ। ਸੋ ਸੰਖੇਪ ਵਿੱਚ ਵੱਡਮੁੱਲੀ ਬਾਣੀ ਨੂੰ ਇਸ ਤਰ੍ਹਾਂ ਵਿਚਾਰ- ਰਹਿਤ ਬਣਾ ਕੇ ਕੀ ਅਸੀਂ ਮੁੜ ਕੇ ਉੱਸ ਹੀ ਬਿੱਪਰ ਰੀਤੀ ਦੇ ਵਹਿਮਾਂ ਭਰੇ ਤੰਦੂਏ ਜਾਲ ਵਿੱਚ ਤਾਂ ਨਹੀਂ ਫਸ ਰਹੇ, ਜਿੱਸ ਵਿੱਚੋਂ ਕੱਢ ਕੇ ਗੁਰੂ ਸਾਹਿਬ ਸਾਨੂੰ ਸਰਬੱਤ ਦਾ ਭਲਾ ਮੰਗਣ ਹੀ ਨਹੀਂ ਕਰਨ ਲਈ ਅਤੇ ਭਰਾਤਰੀ-ਭਾਵ ਨਾਲ ਜੀਉਣ ਲਈ ਸ੍ਰਦਾਰ ਤੇ ਖਾਲਸਾ ਬਣਾ ਗਏ ਸਨ? ਕਿਉਂਕਿ ਜੇ ਮਨੁੱਖ ਸੱਭ ਜੀਵਾਂ ਦਾ ਸ੍ਰਦਾਰ ਹੈ ਤਾਂ “ਖਾਲਸਾ ਮਨੁੱਖਾਂ ਦਾ ਸ੍ਰਦਾਰ, ਵਿਗਿਆਨਕ ਯੁੱਗ ਦਾ ਖੋਜੀ ਮਨੁੱਖ” ਵਜੋਂ ਬਣਾਇਆ ਸੀ। ਚੰਗੀ ਤਰ੍ਹਾਂ ਜਾਗਣ ਦੀ ਲੋੜ ਹੈ, ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਉਨ੍ਹਾਂ ਦੀ ਸਿੱਖਿਆ ਨੂੰ ਮੁੱਖ ਰੱਖਕੇ!




.