.

ਗੱਲ ਚੱਲੀ ਗੁਰਮੁਖੀ ਵਿੱਚ ਤਿੰਨ ਹੋਰ ਚਿੰਨ੍ਹਾਂ ਦੀ

ਗੱਲ ਇਹ ੧੯੫੮ ਦੀਆਂ ਗਰਮੀਆਂ ਦੇ ਮਈ ਮਹੀਨੇ ਦੀ ਹੈ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਸੰਗੀਤ ਕਲਾਸ ਵਿਚ, ਸਾਨੂੰ ਪ੍ਰੋਫ਼ੈਸਰ ਰਾਜਿੰਦਰ ਸਿੰਘ ਜੀ ਭੈਰਉਂ ਰਾਗ ਵਿੱਚ ਦਾਦਰਾ ਤਾਲ ਦਾ ਸ਼ਬਦ ਸਿਖਾ ਰਹੇ ਸਨ। ਸ਼ਬਦ ਸੀ, “ਗੁਰ ਕੀ ਮੂਰਤਿ ਮਨ ਮਹਿ ਧਿਆਨੁ॥’ ਜਦੋਂ ਅੰਤਰੇ ਵਿੱਚ ਇਹ ਤੁਕ ਆਈ, “ਗੁਰ ਪ੍ਰਸਾਦਿ ਊਰਧ ਕਮਲ ਬਿਗਾਸ॥” ਤਾਂ ਬੋਰਡ ਉਪਰ ਇਸ ਦੀ ਨੋਟੇਸ਼ਨ ਲਿਖਣ ਸਮੇ ਜਦੋਂ ‘ਊਰਧ ‘ਲਫ਼ਜ਼ ਆਇਆ ਤਾਂ ਇਹਨਾਂ ਤਿੰਨਾਂ ਅੱਖਰਾਂ ਨੂੰ ਤਾਰ ਸਪਤਕ ਦੇ ‘ਸਾਂ’ ਦੀਆਂ ਦੋ ਮਾਤਰਾਂ ਵਿੱਚ ਬੋਲਣਾ ਸੀ। ਇਸ ਨੁਕਤੇ ਨੂੰ ਸਮਝਾਉਣ ਲਈ ਉਹ ਦੱਸਣ ਕਿ ਜਿਸ ਤਰ੍ਹਾਂ ਅੰਗ੍ਰੇਜ਼ੀ ਦਾ ਪਦ ‘ਆਰਟ’ ਬੋਲਣਾ ਹੈ, ਕੀਰਤਨ ਕਰਦੇ ਸਮੇ ਉਸ ਤਰ੍ਹਾਂ ਇਸ ਲਫ਼ਜ਼ ‘ਊਰਧ’ ਨੂੰ ਬੋਲਣਾ ਹੈ। ਅਰਥਾਤ ‘ਊ’ ਅਤੇ ‘ਧ’ ਦੇ ਵਿਚਕਾਰਲੇ ਰ ਨੂੰ ਇਸ ਤਰ੍ਹਾਂ ਬੋਲਣਾ ਹੈ ਕਿ ਇਸ ਦੀ ਮਾਤਰਾ ਵੱਖਰੀ ਨਾ ਲੱਗੇ ਜਿਵੇਂ ‘ਆਰਟ’ ਸ਼ਬਦ ਵਿੱਚ R ਬੋਲਣੀ ਹੈ; ਏਥੇ ਵੀ ਰ ਨੂੰ ਉਸ R ਵਾਂਙ ਹੀ ਬੋਲਣਾ ਹੈ। ਹੋਰ ਕਿਸੇ ਵਿਦਿਆਰਥੀ ਨੂੰ ਇਸ ਗੱਲ ਦੀ ਸਮਝ ਆਈ ਹੋਵੇ ਚਾਹੇ ਨਾ ਪਰ ਮੇਰੇ ਖਾਨੇ ਵਿੱਚ ਤਾਂ ਇਹ ਗੱਲ ਓਦੋਂ ਬਿਲਕੁਲ ਨਹੀਂ ਸੀ ਵੜੀ।

ਇਹ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਸੰਸਾਰ ਦੀ ਕੋਈ ਵੀ ਲਿੱਪੀ ਮਨੁਖ ਦੇ ਹਰੇਕ ਭਾਵ ਨੂੰ ਪਰਗਟ ਕਰਨ ਵਿੱਚ ਪੂਰੀ ਤਰ੍ਹਾਂ ਸਫ਼ਲ ਨਹੀਂ ਹੈ। ਮਨੁਖ ਨੂੰ ਬਹੁਤ ਕੁੱਝ ਆਪਣੇ ਹਾਵਾਂ ਭਾਵਾਂ ਨਾਲ਼ ਹੀ ਦਰਸਾਉਣਾ ਪੈਂਦਾ ਹੈ ਜੋ ਅੱਖਰਾਂ ਰਾਹੀਂ ਨਹੀਂ ਪ੍ਰਗਟਾਇਆ ਜਾ ਸਕਦਾ।

ਪੁਰਾਤਨ ਪੰਜਾਬੀ ਉਚਾਰਣ ਅਨੁਸਾਰ ਗੁਰਮੁਖੀ ਲਿੱਪੀ ਦੇ ਅੱਖਰ ਤਕਰੀਬਨ ਸੰਪੂਰਨ ਹਨ। ਪੰਜਾਬੀ ਭਾਸ਼ਾ ਹੋਰ ਕਿਸੇ ਵੀ ਲਿੱਪੀ ਵਿੱਚ ਗੁਰਮੁਖੀ ਨਾਲ਼ੋਂ ਵਧ ਢੁਕਵੇਂ ਤਰੀਕੇ ਨਾਲ਼ ਨਹੀਂ ਲਿਖੀ ਜਾ ਸਕਦੀ। ਪੰਜਾਬੀ ਵਾਸਤੇ ਸਭ ਤੋਂ ਢੁਕਵੀਂ ਲਿੱਪੀ ਸਿਰਫ਼ ਗੁਰਮੁਖੀ ਹੀ ਹੈ। ਜੇਹੜੀਆਂ ਆਵਾਜ਼ਾਂ ਪਹਿਲਾਂ ਪੰਜਾਬੀ ਬੋਲੀ ਵਿੱਚ ਨਹੀਂ ਸਨ ਤੇ ਬਾਅਦ ਵਿੱਚ ਅਰਬੀ, ਫ਼ਾਰਸੀ ਬੋਲੀਆਂ ਵਿਚੋਂ ਪੰਜਾਬੀ ਵਿੱਚ ਆਏ ਕੁੱਝ ਸ਼ਬਦਾਂ ਵਿਚਲੀਆਂ ਆਵਾਜ਼ਾਂ ਨੂੰ ਦਰਸਾਉਣ ਲਈ, ਉਹਨਾਂ ਦੇ ਨੇੜੇ ਤੇੜੇ ਬੋਲੇ ਜਾਣ ਵਾਲ਼ੇ ਅੱਖਰਾਂ ਦੇ ਪੈਰੀਂ ਬਿੰਦੀ ਲਾ ਕੇ, ਪੰਜ ਹੋਰ ਅੱਖਰਾਂ ਦਾ ਵਾਧਾ ਕੀਤਾ ਗਿਆ। ਫਿਰ ਪੰਜਾਬੀ ਦੇ ਇੱਕ ਹੋਰ ਅੱਖਰ ਲ ਦਾ ਤਾਲ਼ਵੀ ਉਚਾਰਣ ਵੀ ਹੁੰਦਾ ਹੈ ਜਿਸ ਨੂੰ ਪਹਿਲਾਂ ਗੁਰਮੁਖੀ ਵਿੱਚ ਨਹੀਂ ਸ਼ਾਮਲ ਕੀਤਾ ਗਿਆ ਸੀ ਪਰ ਅੱਧੀ ਕੁ ਸਦੀ ਪਹਿਲਾਂ, ਪਟਿਆਲ਼ੇ ਤੋਂ ਡਾ. ਗੁਰਚਰਨ ਸਿੰਘ ਨੇ, ਆਪਣੀ ਕਿਤਾਬ ‘ਆਧੁਨਿਕ ਪੰਜਾਬੀ ਲੇਖ’ ਦੀ ਭੂਮਿਕਾ ਵਿਚ, ਲ ਦੇ ਪੈਰ ਵਿੱਚ ਬਿੰਦੀ ਲਾ ਕੇ, ਇਸ ਨੂੰ ਲ਼ ਬਣਾ ਕੇ, ਵਰਤਣ ਦਾ ਸੁਝਾ ਦਿਤਾ ਜੋ ਕਿ ਮੇਰੇ ਖਿਆਲ ਵਿੱਚ ਓਵੇਂ ਹੀ ਇਹ ਗੱਲ ਜਚਦੀ ਹੈ ਜਿਵੇਂ ਦੂਜੇ ਅੱਖਰਾਂ ਦੇ ਪੈਰਾਂ ਵਿੱਚ ਬਿੰਦੀਆਂ ਲਾ ਕੇ ਬਣਾਏ ਗਏ ਲੋੜੀਂਦੇ ਅੱਖਰਾਂ ਬਾਰੇ ਢੁਕਦੀ ਹੈ। ਪੰਜਾਬੀ ਵਿੱਚ ਬਹੁਤ ਸਾਰੇ ਸ਼ਬਦ ਹਨ ਜਿਨ੍ਹਾਂ ਵਿੱਚ ਲ ਦਾ ਉਚਾਰਣ ਤਾਲ਼ੂ ਵਿੱਚ ਹੁੰਦਾ ਹੈ; ਉਦਾਹਰਣ ਵਜੋਂ: ਗਲ਼, ਮਲ਼, ਭਲ਼, ਹਲ਼, ਤਾਲ਼ੂ, ਕਚਾਲ਼ੂ, ਪੰਜਾਲ਼ੀ, ਜੂਲ਼ਾ, ਮੈਲ਼, ਮੇਲ਼, ਵਾਲ਼ਾ, ਕਾਲ਼ਾ, ਮਾਲ਼ਾ, ਸਾਲ਼ਾ, ਘਾਲ਼ਾ, ਭੰਬਲ਼ਭੂਸਾ ਆਦਿ। ਗੁਜਰਾਤੀ ਵਿੱਚ ਇਸ ਉਚਾਰਣ ਵਾਸਤੇ ਸੁਤੰਤਰ ਅੱਖਰ ਹੈ ਪਰ ਪੰਜਾਬੀ/ਹਿੰਦੀ ਵਿੱਚ ਨਹੀਂ। ਥੋਹੜੀ ਗਿਣਤੀ ਵਿੱਚ ਪੰਜਾਬੀ ਦੇ ਲਿਖਾਰੀ ਬਜਿਦ ਹਨ ਕਿ ਅਜਿਹਾ ਉਚਾਰਣ ਲੱਲੇ ਦੇ ਪੈਰ ਵਿੱਚ ੍ਹ ਲਾ ਕੇ ਲਿਖਣਾ ਚਾਹੀਦਾ ਹੈ, ਜੋ ਕਿ ਬਿਲਕੁਲ ਹੀ ਗ਼ਲਤ ਹੈ; ਕਿਉਂਕਿ ਜਦੋਂ ਅਸੀਂ ਗਲ਼ (ਗਲ਼ਾ) ਨੂੰ ਪੈਰੀਂ ੍ਹ ਲਾ ਕੇ ਲਿਖਾਂਗੇ ਤਾਂ ਉਹ ਗਲ੍ਹ ਬਣ ਜਾਵੇਗਾ, ਗਲ਼ ਨਹੀਂ। ਇਸ ਤਰ੍ਹਾਂ ਹੀ ਕੁੱਝ ਹੋਰ ਸ਼ਬਦਾਂ ਬਾਰੇ ਵੀ ਭੁਲੇਖਾ ਪੈ ਸਕਦਾ ਹੈ। ਇਸ ਲਈ ਲੱਲੇ ਦੇ ਪੈਰਾਂ ਵਿੱਚ ੍ਹ ਪਾ ਕੇ ਇਸ ਆਵਾਜ਼ ਨੂੰ ਪਰਗਟ ਕਰਨਾ ਕਤਈ ਗ਼ਲਤ ਤਰੀਕਾ ਹੈ।

ਫਿਰ ਮੁੜੀਏ ਅੰਗ੍ਰੇਜ਼ੀ ਸ਼ਬਦਾਂ ਦੇ ਵਿਚਕਾਰਲੇ ਆਰ R ਵੱਲ। ਅੰਗ੍ਰੇਜ਼ੀ ਦੇ ਬਹੁਤ ਸਾਰੇ ਸ਼ਬਦ ਅਜਿਹੇ ਹਨ ਜਿਨ੍ਹਾਂ ਦੇ ਵਿਚਕਾਰ ਜਾਂ ਅੰਤ ਵਿੱਚ ਆਈ ਆਰ R ਨੂੰ ਪੂਰਾ ਨਹੀਂ ਬੋਲਿਆ ਜਾਂਦਾ; ਜਿਵੇਂ ਕਿ ਆਰਟ, ਸਮਾਰਟ, ਚਾਰਟ, ਕਾਰਟ, ਪਾਰਟ, ਹਾਰਟ, ਕਾਰਡ ਆਦਿ ਪਰ ਉਹਨਾਂ ਨੇ ਅੰਗ੍ਰੇਜ਼ੀ ਦੀ ਵਰਣਮਾਲਾ ਵਿੱਚ ਅਜਿਹੀ ਆਵਾਜ਼ ਲਈ ਕੋਈ ਚਿੰਨ੍ਹ ਨਹੀਂ ਚਿਤਵਿਆ। ਉਹ ਖ਼ੁਦ ਹੀ ਜਾਣਦੇ ਹਨ ਕਿ ਇਸ R ਦਾ ਪੂਰਾ ਉਚਾਰਣ ਕਿੱਥੇ ਕਰਨਾ ਹੈ ਤੇ ਕਿੱਥੇ ਨਹੀਂ ਕਰਨਾ। ਇਸ ਤਰ੍ਹਾਂ ਸ਼ਬਦ ਦੇ ਵਿਚਕਾਰ ਆਉਣ ਵਾਲ਼ੀ L ਨੂੰ ਵੀ ਉਹ ਪੂਰੀ ਤਰ੍ਹਾਂ ਨਹੀਂ ਬੋਲਦੇ; ਜਿਵੇਂ ਕਿ ਚਾਕ, ਵਾਕ, ਟਾਕ, ਚਾਈਲਡ, ਮਾਇਲਡ ਆਦਿ।

ਅੰਗ੍ਰੇਜ਼ਾਂ ਦੀ ਤਾਂ, “ਮਥਰਾ (ਈ) ਤੀਨ ਲੋਕ ਸੇ ਨਿਆਰੀ” ਹੈ। ਉਹ ਤਾਂ ਛੱਬੀ ਅੱਖਰਾਂ ਨਾਲ਼ ਹੀ ਤਕਰੀਬਨ ਅੱਧੀ ਦੁਨੀਆ ਨੂੰ ਗਧੀ ਗੇੜੇ ਪਾਈ ਫਿਰਦੇ ਹਨ।

ਅੰਗ੍ਰੇਜ਼ੀ ਸ਼ਬਦਾਂ ਨੂੰ ਹਿੰਦੀ ਵਿੱਚ ਲਿਖਣ ਸਮੇ, ਸ਼ਬਦ ਦੇ ਵਿਚਕਾਰ ਆਉਣ ਵਾਲ਼ੀ R ਵਾਲ਼ੇ ਥਾਂਵਾਂ ਤੇ ਪੂਰਾ ਰਾਰਾ ਲਿਖਣ ਦੇ ਥਾਂ, ਉਸ ਤੋਂ ਅਗਲੇ ਅੱਖਰ ਉਪਰ ਟੇਢੀ ਜਿਹੀ ਟਿੱਪੀ ਲਾ ਕੇ, ਇੱਕ ਚਿੰਨ੍ਹ ਬਣਾਇਆ ਜਾਂਦਾ ਹੈ ਤੇ ਸ਼ਬਦ ਦੇ ਵਿਚਕਾਰ ਆਉਣ ਵਾਲ਼ੇ ਪੂਰੇ ਲੱਲੇ ਦੀ ਥਾਂ ਅੱਧਾ ਲੱਲਾ ਵਰਤਿਆ ਜਾਂਦਾ ਹੈ। ਗੁਰਮੁਖੀ ਵਿੱਚ ਅਜਿਹਾ ਕੋਈ ਪ੍ਰਬੰਧ ਨਹੀਂ ਹੈ। ਇਸ ਲਈ ਕੋਈ ਹਰਜ ਨਹੀਂ ਜੇ ਅਸੀਂ ਵੀ ਹਿੰਦੀ ਵਾਲ਼ੇ ਤਰੀਕੇ ਅਨੁਸਾਰ ਹੀ, ਓਸੇ ਟੇਢੀ ਜਿਹੀ ਟਿੱਪੀ ਨੂੰ ਵਰਤ ਕੇ, ਅੰਗ੍ਰੇਜ਼ੀ ਸ਼ਬਦਾਂ ਦੇ ਵਿਚਕਾਰ ਆਉਣ ਵਾਲ਼ੇ ‘ਰ’ ਨੂੰ ਦਰਸਾ ਸਕੀਏ।

ਪਿਛਲੀਆਂ ਦੋ ਸਦੀਆਂ ਦੇ ਸਮੇ ਦੌਰਾਨ ਅੰਗ੍ਰੇਜ਼ੀ ਭਾਸ਼ਾ ਦੇ ਬਹੁਤ ਸਾਰੇ ਸ਼ਬਦ ਪੰਜਾਬੀ ਵਿੱਚ ਘੁਲ਼ ਮਿਲ਼ ਗਏ ਹਨ ਜਿਵੇਂ ਕਿ ਅਰਬੀ, ਫ਼ਾਰਸੀ ਆਦਿ ਦੇ ਪਹਿਲਾਂ ਹੀ ਪੰਜਾਬੀ ਵਿੱਚ ਮੌਜੂਦ ਹਨ ਤੇ ਉਹ ਹੁਣ ਪੰਜਾਬੀ ਦੇ ਹੀ ਬਣ ਚੁੱਕੇ ਹਨ; ਉਹਨਾਂ ਨੂੰ ਕੋਈ ਵਖਰਿਆ ਨਹੀਂ ਸਕਦਾ। ਜਿਵੇਂ ਕਿ ਟੈਸ, ਮੈਸ, ਟੈਲ, ਐਸ, ਗੈਸ, ਹੈਲ, ਚੈਕ, ਪੈਗ ਆਦਿ। ਇਹਨਾਂ ਸਾਰੇ ਸ਼ਬਦਾਂ ਦੇ ਪਹਿਲੇ ਅੱਖਰ ਉਪਰਲੀਆਂ ਦੋਲਾਵਾਂ ਦੇ ਨਾਲ਼ ਅੱਧਕ ਵੀ ਬੋਲਦਾ ਹੈ ਪਰ ਪੰਜਾਬੀ ਲਿਖਤ ਵਿੱਚ ਜੇ ਬਿਹਾਰੀ, ਲਾਂ, ਦੁਲਾਵਾਂ, ਹੋੜਾ, ਕਨੌੜਾ ਦੇ ਨਾਲ਼ ਅੱਧਕ ਜਾਂ ਟਿੱਪੀ ਲੱਗੀ ਹੋਈ ਸ਼ਬਦ ਦੇ ਲਿਖਤੀ ਰੂਪ ਦੀ ਸ਼ਕਲ ਦੀ ਸੋਭਾ ਘਟਾਉਂਦੀ ਹੈ। ਸ਼ਾਇਦ ਏਸੇ ਕਰਕੇ ਹੀ ਸਿਆਣਿਆਂ ਨੇ ਸ਼ੁਰੂ ਵਿੱਚ ੳ ਉਪਰ ਅੱਧਕ ਜਾਂ ਟਿਪੀ ਲਾਉਣੀ ਯੋਗ ਨਹੀਂ ਸੀ ਸਮਝੀ। ਜਦੋਂ ਕਿ ਬਾਕੀ ਅੱਖਰਾਂ ਦੇ ਔਂਕੜ, ਦੁਲੈਂਕੜੇ ਆਦਿ ਨਾਲ਼ ਟਿੱਪੀ ਲਾਈ ਜਾਂਦੀ ਹੈ ਪਰ ਜਦੋਂ ੳ ਦੀ ਵਾਰੀ ਆਉਂਦੀ ਹੈ ਤਾਂ ਉਸ ਨਾਲ਼ ਟਿੱਪੀ ਦੇ ਥਾਂ ਬਿੰਦੀ ਹੀ ਲਾਈ ਜਾਂਦੀ ਹੈ; ਟਿੱਪੀ ਨਹੀਂ ਲਾਈ ਜਾਂਦੀ। ਇਸ ਕਰਕੇ ਅੰਗ੍ਰੇਜ਼ੀ ਦੇ ਅਜਿਹੇ ਸ਼ਬਦਾਂ ਵਿੱਚ ਅੱਧਕ ਬੋਲਣ ਦੇ ਬਾਵਜੂਦ ਵੀ ਲਿਖਤ ਵਿੱਚ ਲੱਗਾ ਹੋਇਆ ਸੋਭਦਾ ਨਹੀਂ। ਇਸ ਲਈ ਪੰਜਾਬੀ ਵਿੱਚ ਇਸ ਭਾਵ ਨੂੰ ਦਰਸਾਉਣ ਲਈ ਇੱਕ ਨਵਾਂ ਚਿੰਨ੍ਹ ਸਿਰਜਣ ਦੀ ਲੋੜ ਹੈ। ਮੇਰੇ ਖਿਆਲ ਵਿੱਚ ਜੇ ਦੁਲਾਵਾਂ ਦਾ ਪਿਛਲਾ ਅੰਤ ਆਪਸ ਵਿੱਚ ਜੋੜ ਕੇ, ਅਜਿਹਾ ਚਿੰਨ੍ਹ ਸਿਰਜ ਲਿਆ ਜਾਵੇ ਤਾਂ ਇਸ ਵਿੱਚ ਕੋਈ ਹਰਜ ਨਹੀਂ; ਜਾਂ ਫਿਰ ਵਿਦਵਾਨ ਸੱਜਣ ਕੋਈ ਹੋਰ ਤਰੀਕਾ ਵਰਤ ਲੈਣਾ ਵੀ ਯੋਗ ਸਮਝ ਸਕਦੇ ਹਨ।

ਫਿਰ ਅੰਗ੍ਰੇਜ਼ੀ ਭਾਸ਼ਾ ਵਿੱਚ ਕਨੌੜੇ ਤੇ ਕੰਨੇ ਦੇ ਵਿਚਕਾਰਲੀ ਇੱਕ ਆਵਾਜ਼ ਹੈ; ਜਿਵੇਂ ਕਿ ਡੌਟ, ਸ਼ੌਪ, ਸਟੌਪ, ਨੌਲਜ, ਕੌਲਜ ਆਦਿ। ਇਹ ਆਵਾਜ਼ ਪਹਿਲਾਂ ਹਿੰਦੀ/ਪੰਜਾਬੀ ਵਿੱਚ ਨਹੀਂ ਸੀ ਹੁੰਦੀ। ਹਿੰਦੀ ਵਾਲ਼ਿਆਂ ਨੇ ਚਿਰੋਕਣਾ ਹੀ ਇਸ ਦਾ ਹੱਲ ਕਢ ਲਿਆ ਹੋਇਆ ਹੈ। ਉਹ ਕੰਨੇ ਦੇ ਉਪਰ ਅੱਧਕ ਲਾ ਕੇ, ਇਸ ਆਵਾਜ਼ ਨੂੰ ਦਰਸਾ ਦਿੰਦੇ ਹਨ। ਇਸ ਲਈ ਸਾਨੂੰ ਇਹ ਕੰਨੇ ਉਪਰ ਅੱਧਕ ਲਾਉਣ ਵਾਲ਼ਾ, ਸੌਖਾ ਜਿਹਾ ਤਰੀਕਾ ਹੀ ਅਪਨਾ ਲੈਣਾ ਚਾਹੀਦਾ ਹੈ।

ਯਾਦ ਰਹੇ ਕਿ ਬੋਲੀ, ਲਿੱਪੀ ਗੁਰਬਾਣੀ ਵਾਂਙ ਕੋਈ “ਖਸਮ ਕੀ ਬਾਣੀ” ਨਹੀਂ ਹਨ ਕਿ ਸਮੇ ਸਮੇ ਲੋੜ ਅਨੁਸਾਰ ਇਹਨਾਂ ਵਿਚ, ਉਚਾਰਣ ਨੂੰ ਮੁਖ ਰੱਖ ਕੇ ਵਾਧਾ ਜਾਂ ਸੁਧਾਰ ਨਹੀਂ ਹੋ ਸਕਦਾ ਬਲਕਿ ਸਮੇ ਸਮੇ ਇਹਨਾਂ ਵਿੱਚ ਵਾਧਾ ਤੇ ਸੁਧਾਰ ਹੁੰਦੇ ਆਏ ਹਨ। ਸਭ ਤੋਂ ਪਹਿਲਾਂ ਇਸ ਵਿੱਚ ਸੁਧਾਰ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਂਰਾਜ ਨੇ ਕੀਤਾ ਅਤੇ ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਇਸ ਲਿੱਪੀ ਵਿੱਚ ਲਿਖਵਾਇਆ ਜਿਸ ਕਰਕੇ ਇਸ ਦਾ ਨਾਂ ਗੁਰਮੁਖੀ ਪ੍ਰਸਿਧ ਹੋਇਆ। ਕੁੱਝ ਸੱਜਣਾਂ ਨੇ ਇਉਂ ਵੀ ਸਮਝ ਲਿਆ ਕਿ ਗੁਰਮੁਖੀ ਅੱਖਰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬਣਾਏ ਸਨ ਤੇ ਇਸ ਲਈ ਹੀ ਇਹਨਾਂ ਨੂੰ ਗੁਰਮੁਖੀ ਆਖਿਆ ਜਾਂਦਾ ਹੈ। ਖੋਜੀਆਂ ਨੇ ਸਾਬਤ ਕਰ ਦਿਤਾ ਹੈ ਕਿ ਅਜਿਹੇ ਜਾਂ ਇਹਨਾਂ ਨਾਲ਼ ਮਿਲਦੇ ਜੁਲਦੇ ਅੱਖਰ ਬ੍ਰਹਮੀ, ਸ਼ਾਰਦਾ, ਮਹਾਜਨੀ ਆਦਿ ਲਿੱਪੀਆਂ ਵਿਚ, ਗੁਰੂ ਸਾਹਿਬਾਨ ਤੋਂ ਪਹਿਲਾਂ ਹੀ ਮੌਜੂਦ ਸਨ। ਦੂਜੇ ਗੁਰੂ ਜੀ ਤੋਂ ਪਹਿਲਾਂ ਇਹਨਾਂ ਅੱਖਰਾਂ ਦੀ ਮੌਜੂਦਗੀ ਦੀ ਗਵਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਮਿਲ਼ਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਸਾ ਰਾਗ ਅੰਦਰ ‘ਪੱਟੀ ਲਿਖੀ’ (ਪੰਨਾ ੪੩੨) ਨਾਮੀ ਬਾਣੀ ਜੋ ਲਿਖੀ ਹੈ ਉਸ ਵਿੱਚ ਇਹ ਅੱਖਰ ਵਰਤੇ ਹਨ। ਇਸ ਦੇ ਨਾਲ਼ ਲੱਗਵੀਂ ਹੀ, ਪੰਨਾ ੪੩੪ ਉਪਰ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ‘ਪਟੀ’ ਵੀ ਦਰਜ ਹੈ। ਫਿਰ ਪਹਿਲੇ ਗੁਰੂ ਜੀ ਦੇ ਸਮਕਾਲੀ ਭਗਤ ਕਬੀਰ ਜੀ ਨੇ ਵੀ ਗਉੜੀ ਰਾਗ ਅੰਦਰ ਉਚਾਰੀ ‘ਬਾਵਨ ਅੱਖਰੀ’ ਨਾਮੀ ਬਾਣੀ, ਜੋ ਪੰਨਾ ੩੪੦ ਉਪਰ ਅੰਕਤ ਹੈ, ਵਿੱਚ ਵੀ ਗੁਰਮੁਖੀ ਅੱਖਰਾਂ ਨੂੰ ਹੀ ਵਰਤਿਆ ਹੈ। ਯਾਦ ਰਹੇ ਕਿ ਸੰਸਕ੍ਰਿਤ ਦੀ ਲਿੱਪੀ ਦੇ ਬਵੰਜਾ ਅੱਕਰ ਹੁੰਦੇ ਹਨ। ਇਹ ਹੈਰਾਨੀ ਦੀ ਗੱਲ ਹੈ ਕਿ ਕਾਂਸ਼ੀ ਵਿੱਚ ਰਹਿਣ ਵਾਲ਼ੇ ਭਗਤ ਕਬੀਰ ਜੀ ਵੀ ਗੁਰਮੁਖੀ ਵਾਲ਼ੇ ਅੱਖਰਾਂ ਦਾ ਹੀ ਵਰਨਣ ਕਰਦੇ ਹਨ, ਜੋ ਕਿ ਇੱਕ ੜ ਅਤੇ ੲ ਨੂੰ ਛੱਡ ਕੇ, ਬਾਕੀ ਸਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਵਾਂਙ ਹੀ ਅਜੋਕੀ ਗੁਰਮੁਖੀ ਅੱਖਰ ਹਨ। ਹਾਂ, ਇਹ ਗੱਲ ਜਰੂਰ ਹੈ ਕਿ ਮੌਜੂਦਾ ਤਰਤੀਬ ਇਹਨਾਂ ਅੱਖਰਾਂ ਨੂੰ, ਦੂਜੇ ਗੁਰੂ ਜੀ ਨੇ ਹੀ ਦੇ ਕੇ, ਇਸ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ।

ਇਹਨਾਂ ਅੱਖਰਾਂ ਨੂੰ ‘ਸੇਕਰਡ ਕਾਉ’ (ਪਵਿਤਰ ਗਊ) ਬਣਾ ਕੇ, ਸੰਸਕ੍ਰਿਤ ਵਾਂਙ, ਮਨੁਖੀ ਸਮੂੰਹ ਦੀ ਸਮਝੋਂ ਬਾਹਰ ਕਰਕੇ, ਵਾਧੂ ਭੰਬਲ਼ਭੂਸੇ ਪੈਦਾ ਕਰਨ ਦੀ ਕੋਈ ਲੋੜ ਨਹੀਂ। ਬੋਲੀ ਇੱਕ ਮਨੁਖ ਦਾ ਗਿਆਨ ਦੂਜੇ ਮਨੁਖ/ਮਨੁਖਾਂ ਤੱਕ ਬੋਲ ਕੇ ਪੁਚਾਉਣ ਦਾ ਕੇਵਲ ਸਾਧਨ ਮਾਤਰ ਹੈ ਅਤੇ ਲਿੱਪੀ ਇਸ ਗਿਆਨ ਨੂੰ ਲਿਖਤ ਵਿੱਚ ਲਿਆਉਣ ਦਾ ਵਸੀਲਾ; ਇਸ ਕਰਕੇ ਸਮੇ ਦੀ ਲੋੜ ਅਨੁਸਾਰ ਜੇ ਗੁਰਮਖੀ ਲਿੱਪੀ ਵਿੱਚ ਇਹਨਾਂ ਤਿੰਨ ਚਿੰਨ੍ਹਾਂ ਦਾ ਹੋਰ ਵਾਧਾ ਕਰ ਲਿਆ ਜਾਵੇ ਤਾਂ ਇਹ ਸੰਪੂਰਨਤਾ ਵੱਲ ਇੱਕ ਹੋਰ ਕਦਮ ਹੋਵੇਗਾ ਨਾ ਕਿ ਕੋਈ ਪਾਪ ਕਰਮ।

ਇਸ ਪ੍ਰਥਾਇ ਵਿਦਵਾਨਾਂ ਦੇ ਵਿਚਾਰਾਂ ਦਾ ਸਵਾਗਤ ਹੈ।

ਸੰਤੋਖ ਸਿੰਘ




.