.

ਨੋਟ: ਪਿਛਲੇ ਹਫਤੇ ਇਕਬਾਲ ਸਿੰਘ ਢਿੱਲੋਂ ਰਚਿਤ ਪੁਸਤਕ ‘ਅਕਾਲ-ਤਖਤ: ਸੰਕਲਪ ਅਤੇ ਵਿਵਸਥਾ’ ਛਪ ਕੇ ਆਈ ਹੈ। ਹੇਠਾਂ ਪੇਸ਼ ਹੈ ਲੇਖ ਦੇ ਰੂਪ ਵਿੱਚ ਇਸ ਪੁਸਤਕ ਦੀ ‘ਭੂਮਿਕਾ’।

---- 0 ----

ਪੁਸਤਕ ‘ਅਕਾਲ-ਤਖਤ: ਸੰਕਲਪ ਅਤੇ ਵਿਵਸਥਾ’ ਦੀ ‘ਭੂਮਿਕਾ’

ਸਿਖ ਮੱਤ ਦੇ ਪਰਮੁੱਖ ਇਤਹਾਸਿਕ ਅਸਥਾਨ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਇਲਾਕੇ ਵਿੱਚ ਸਥਿਤ ‘ਅਕਾਲ ਬੁੰਗਾ’ ਸਿਖ ਕੌਮ ਨਾਲ ਜੁੜਿਆ ਹੋਇਆ ਮਹੱਤਵਪੂਰਨ ਭਵਨ ਰਿਹਾ ਹੈ। ਵੀਹਵੀਂ ਸਦੀ ਈਸਵੀ ਦੇ ਤੀਸਰੇ ਦਹਾਕੇ ਤੋਂ ਇਸ ਭਵਨ ਦੇ ਨਾਮ ਵਿੱਚ ਫੇਰ-ਬਦਲ ਕਰਦੇ ਹੋਏ ਇਸ ਦੇ ਨਾਲ ਨਵੀਂ ਈਜਾਦ ਕੀਤੀ ਗਈ ‘ਅਕਾਲ-ਤਖਤ’ ਵਿਵਸਥਾ ਜੋੜ ਦਿੱਤੀ ਗਈ ਹੋਈ ਹੈ। ਲੱਗ-ਭੱਗ ਉੱਸੇ ਸਮੇਂ ਤੋਂ ਹੀ ਇਹ ਵਿਵਸਥਾ ਲਗਾਤਾਰ ਸਿਖ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਦੀ ਆ ਰਹੀ ਹੈ। ਇਸ ਵਿਵਸਥਾ ਸਬੰਧੀ ਚਰਚਾ ਬਹੁਤਾ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ਨਿਯੁਕਤ ਕੀਤੇ ਜਾਂਦੇ ਰਹੇ ‘ਅਕਾਲ-ਤਖਤ’ ਦੇ ਜੱਥੇਦਾਰਾਂ ਦੀ ਭੂਮਿਕਾ ਤੇ ਹੀ ਕੇਂਦ੍ਰਿਤ ਰਹੀ ਹੈ ਅਤੇ ਸਿਖ ਕੌਮ ਇਸ ਵਿਵਸਥਾ ਪਿਛਲੇ ਸੰਕਲਪ ਅਤੇ ਇਸ ਦੇ ਪ੍ਰਬੰਧਕੀ ਪੱਖਾਂ ਬਾਰੇ ਕਦੀ ਸੁਚੇਤ ਨਹੀਂ ਹੋਈ।

ਫਿਰ ਵੀ ਪਿਛਲੇ ਸਮੇਂ ਵਿੱਚ ਕੁੱਝ ਵਿਦਵਾਨਾਂ ਵੱਲੋਂ ਆਪਣੇ ਤੌਰ ਤੇ ‘ਅਕਾਲ-ਤਖਤ’ ਦੇ ਸੰਕਲਪ, ਭੂਮਿਕਾ ਅਤੇ ਇਤਹਾਸ ਬਾਰੇ ਜਾਣਕਾਰੀ ਦੇਣ ਦੇ ਯਤਨ ਜੋਏ ਹਨ ਅਤੇ ਉਹਨਾਂ ਵੱਲੋਂ ਇਸ ਵਿਸ਼ੇ ਤੇ ਕੁੱਝ ਪੁਸਤਕਾਂ ਵੀ ਲਿਖੀਆਂ ਹੋਈਆਂ ਮਿਲਦੀਆਂ ਹਨ। ਪਰੰਤੂ ਇਹਨਾਂ ਵਿੱਚੋਂ ਬਹੁਤੇ ਵਿਦਵਾਨ ਆਪਣੀਆਂ ਜਾਤੀ ਧਾਰਨਾਵਾਂ ਅਨੁਸਾਰ ਕਲਪੀ ਹੋਈ ‘ਅਕਾਲ-ਤਖਤ’ ਦੀ ਸਥਿਤੀ ਨੂੰ ਵਿਸ਼ੇਸ਼ ਰੰਗਤ ਦੇ ਕੇ ਪੇਸ਼ ਕਰਨ ਵੱਲ ਹੀ ਰੁਚਿਤ ਰਹੇ ਹਨ ਅਤੇ ਇਹ ਕਦੀ ਨਹੀਂ ਹੋਇਆ ਕਿ ਕਿਸੇ ਧਿਰ ਨੇ ਨਿੱਠ ਕੇ ਅਤੇ ਨਿਰਪੱਖ ਹੋ ਕੇ ‘ਅਕਾਲ-ਤਖਤ’ ਵਿਵਸਥਾ ਦੀ ਉਤਪੱਤੀ, ਪ੍ਰਸੰਗਿਕਤਾ ਅਤੇ ਉਪਯੋਗਤਾ ਸਬੰਧੀ ਵਿਗਿਆਨਕ ਢੰਗ ਨਾਲ ਘੋਖ ਕੀਤੀ ਹੋਵੇ। ਸਿੱਟੇ ਦੇ ਤੌਰ ਤੇ ਇਸ ਵਿਵਸਥਾ ਦੀ ਅਸਲੀ ਭੂਮਿਕਾ ਉੱਤੇ ਪਰਦਾ ਬਣਿਆ ਆ ਰਿਹਾ ਹੈ ਜਿਸ ਦੇ ਫਲਸਰੂਪ ਇਸ ਰਾਹੀਂ ਸਿਖ ਕੌਮ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪੈ ਚੁੱਕਾ ਹੈ। ਹੱਥਲੀ ਪੁਸਤਕ ਇਸ ‘ਅਕਾਲ-ਤਖਤ’ ਵਿਵਸਥਾ ਦੀ ਅਸਲੀਅਤ ਤੋਂ ਪਰਦਾ ਚੁੱਕਣ ਦਾ ਸਭ ਤੋਂ ਪਹਿਲਾ ਯਤਨ ਹੈ।

ਪਹਿਲੇ ਪੜਾ ਉੱਤੇ ਕੈਨੇਡਾ ਦੇਸ਼ ਦੀ ਧਰਤੀ ਤੋਂ ਚੱਲਣ ਵਾਲੇ ‘ਸਿਖਮਾਰਗ ਡੌਟ ਕੌਮ’ ਵੈਬਸਾਈਟ ਤੇ ਮਾਰਚ 2011 ਈਸਵੀ ਤੋਂ ਲੈ ਕੇ ਜੁਲਾਈ 2011 ਈਸਵੀ ਦੌਰਾਨ ‘ਅਕਾਲ-ਤਖਤ’ ਦੇ ਅਤੀ ਸੰਵੇਦਨਸ਼ੀਲ ਵਿਸ਼ੇ ਤੇ ਲਿਖੇ ਹੋਏ ਮੇਰੇ ਅੱਠ ਲੇਖ ਪਾਏ ਗਏ ਸਨ। ਇਹਨਾਂ ਅੱਠਾਂ ਲੇਖਾਂ ਵਿੱਚ ਸਿਖ ਕੌਮ ਅੱਗੇ ਇੱਕ ਨਵੀਂ ਵਿਚਾਰਧਾਰਾ ਪੇਸ਼ ਕੀਤੀ ਗਈ ਸੀ ਜਿਸ ਰਾਹੀਂ ‘ਅਕਾਲ-ਤਖਤ’ ਦੇ ਨਾਮ ਤੇ ਸਿਖ-ਮਾਨਸਿਕਤਾ ਵਿੱਚ ਪੂਰੀ ਤਰ੍ਹਾ ਮਾਨਤਾ ਪਰਾਪਤ ਕਰ ਚੁੱਕੇ ਸੰਕਲਪ ਅਤੇ ਵਿਵਸਥਾ ਨੂੰ ਮੁੱਢੋਂ ਹੀ ਨਕਾਰਿਆ ਗਿਆ ਸੀ। ਇਸ ਵਿਚਾਰਧਾਰਾ ਅਨੁਸਾਰ ‘ਅਕਾਲ-ਤਖਤ’ ਵਿਵਸਥਾ ਸਿਖ ਮੱਤ ਲਈ ਪ੍ਰਸੰਗਕ ਅਤੇ ਉਪਯੋਗੀ ਰਹੀ ਹੋਣ ਦੀ ਬਜਾਇ ਬੇਹੱਦ ਨੁਕਸਾਨਦੇਹ ਸਾਬਤ ਹੋਈ ਹੈ। ਚੰਡੀਗੜ੍ਹ ਤੋਂ ਪ੍ਰਕਾਸ਼ਿਤ ਹੁੰਦੇ ਪੰਜਾਬੀ ਅਖਬਾਰ ‘ਰੋਜ਼ਾਨਾ ਸਪੋਕਸਮੈਨ’ ਦੇ 28 ਅਪਰੈਲ, 2011 ਈਸਵੀ ਦੇ ਸੰਪਾਦਕੀ ਰਾਹੀਂ ਦਾਵਾ ਕੀਤਾ ਗਿਆ ਕਿ ‘ਅਕਾਲ-ਤਖਤ’ ਵਿਵਸਥਾ ਨੂੰ ਨਕਾਰਨ ਵਾਲੇ ਮੇਰੇ ਵਿਚਾਰਾਂ ਤੋਂ ਪਹਿਲਾਂ ਇਹੋ ਜਿਹੇ ਵਿਚਾਰ ਮਹਿੰਦਰ ਸਿੰਘ ਜੋਸ਼ ਨਾਮੀ ਲੇਖਕ ਨੇ ਵੀ ਆਪਣੇ ਵਲੋਂ ਸੰਪਾਦਿਤ ਕੀਤੀ ਪੁਸਤਕ ‘ਸ੍ਰੀ ਅਕਾਲ ਤਖੱਤ ਸਾਹਿਬ ਤੇ ਇਸਦਾ ਜਥੇਦਾਰ’ ਵਿੱਚ ਪੇਸ਼ ਕੀਤੇ ਸਨ। ਪਰੰਤੂ ਅਸਲੀਅਤ ਇਹ ਹੈ ਕਿ ਇਸ ਪੁਸਤਕ ਵਿੱਚ ਸ਼ਾਮਲ ਆਪਣੇ ਲੇਖਾਂ ਵਿੱਚ ਮਹਿੰਦਰ ਸਿੰਘ ਜੋਸ਼ ਨਾ ਕੇਵਲ ਪੂਰੀ ਤਰਾਂ ‘ਅਕਾਲ-ਤਖਤ’ ਵਿਵਸਥਾ ਦੇ ਹੱਕ ਵਿੱਚ ਭੁਗਤਿਆ ਹੈ ਸਗੋਂ ਉਸ ਨੇ ‘ਜੱਥੇਦਾਰ’ ਦੇ ਅਹੁਦੇ ਨਾਲ ਸਬੰਧਤ ਸੱਮਿਸਆਵਾਂ ਦਾ ਵਿਸਥਾਰ ਦੇਣ ਪਿੱਛੋਂ ਵੀ ਇਸ ਅਹੁਦੇ ਨੂੰ ਬਣਾਈ ਰੱਖਣ ਤੇ ਜ਼ੋਰ ਦਿੱਤਾ ਹੈ। ਇਸ ਤਰ੍ਹਾਂ ‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕ ਦਾ ਉਪਰੋਕਤ ਦਾਵਾ ਬੇਬੁਨਿਆਦ ਸਾਬਤ ਹੁੰਦਾ ਹੈ। ਉੱਘਾ ਸਿਖ-ਚਿੰਤਕ ਗੁਰਬਖਸ਼ ਸਿੰਘ ਕਾਲਾ ਅਫਗਾਨਾ ‘ਸਿਖਮਾਰਗ’ ਵੈਬਸਾਈਟ ਦੀ ‘ਪਹਿਲੀ ਲੜੀ’ ਵਿੱਚ ਸ਼ਾਮਲ ਆਪਣੇ ਲੇਖ “ਤਖਤ ਸਾਹਿਬਾਨ ਅਤੇ ‘ਹੁਕਮਨਾਮਿਆਂ’ ਬਾਰੇ” ਵਿੱਚ ਸ਼ਬਦ-ਜੁੱਟ ‘ਅਕਾਲ ਤਖਤ’ ਦੀ ਉਤਪੱਤੀ ਉੱਤੇ ਤਾਂ ਕਿੰਤੂ ਕਰਦਾ ਹੈ ਪਰੰਤੂ ਉਹ ਸਿਖ ਕੌਮ ਵਿੱਚ ਪਰਚਲਤ ਹੋ ਚੁੱਕੇ ‘ਅਕਾਲ-ਤਖਤ’ ਦੇ ਸੰਕਲਪ ਨੂੰ ਮਾਨਤਾ ਦੇਣ ਤੋਂ ਪਿੱਛੇ ਵੀ ਨਹੀਂ ਹੱਟਦਾ (ਵੇਖੋ ਹੱਥਲੀ ਪੁਸਤਕ ਦਾ ਪੰਨਾ 73-75)।

‘ਸਿਖਮਾਰਗ’ ਵੈਬਸਾਈਟ ਉੱਤੇ ਹੀ ਮੇਰੇ ਵਿਚਾਰ-ਅਧੀਨ ਅੱਠ ਲੇਖਾਂ ਵਿੱਚ ਪਰਗਟ ਕੀਤੇ ਗਏ ਨੁਕਤਿਆਂ ਸਬੰਧੀ ਚਾਰ ਮਹੀਨੇ ਤੋਂ ਵੱਧ ਦੇ ਸਮੇ ਤਕ ਵਿਚਾਰ-ਚਰਚਾ ਚਲਦੀ ਰਹੀ ਜਿਸ ਕਰ ਕੇ ਹੱਥਲੀ ਪੁਸਤਕ ਦੇ ਪ੍ਰਕਾਸਿਤ ਹੋਣ ਦੇ ਸਮੇਂ ਤਕ ਸਿਖ ਜਗਤ ‘ਅਕਾਲ-ਤਖਤ’ ਵਿਵਸਥਾ ਦੀ ਉਤਪੱਤੀ ਅਤੇ ਉਪਯੋਗਤਾ ਸਬੰਧੀ ਵਿਵਾਦ ਦੇ ਵੱਖ-ਵੱਖ ਪਹਿਲੂਆਂ ਤੋਂ ਕਾਫੀ ਹੱਦ ਤਕ ਜਾਣੂ ਹੋ ਗਿਆ ਹੋਇਆ ਹੈ। ਇਸ ਵਿਚਾਰ-ਚਰਚਾ ਦੌਰਾਨ ਜਿੱਥੇ ਮੇਰੇ ਨਿਵੇਕਲੇ ਵਿਚਾਰਾਂ ਪ੍ਰਤੀ ਤਿੱਖਾ ਪ੍ਰਤੀਕਰਮ ਪਰਗਟ ਹੋਣਾ ਸੁਭਾਵਕ ਹੀ ਸੀ ਉੱਥੇ ਕਾਫੀ ਗਿਣਤੀ ਵਿੱਚ ਵਿਦਵਾਨਾ ਵੱਲੋਂ ਮੇਰੇ ਵਿਚਾਰਾਂ ਨਾਲ ਸਹਿਮਤੀ ਵੀ ਪ੍ਰਗਟਾਈ ਗਈ ਹੈ। ‘ਸਿਖਮਾਰਗ’ ਵੈਬਸਾਈਟ ਉੱਤੇ ਸੁਚਾਰੂ ਢੰਗ ਨਾਲ ਚਲਾਈ ਗਈ ਇਸ ਵਿਚਾਰ-ਚਰਚਾ ਦੇ ਕੁੱਝ ਨਾਂਹ-ਪੱਖੀ ਪਹਿਲੂ ਵੀ ਰਹੇ ਹਨ (ਵੇਖੋ ਹੱਥਲੀ ਪੁਸਤਕ ਦਾ ਪੰਨਾ 137-39)। ਪਰੰਤੂ ਕੁੱਲ ਮਿਲਾ ਕੇ ਇਹ ਵਿਚਾਰ-ਚਰਚਾ ਬਹੁਤ ਲਾਹੇਵੰਦ ਰਹੀ। ਮੇਰਾ ਇਹ ਅਟੱਲ ਵਿਸ਼ਵਾਸ ਹੈ ਕਿ ਕਿਸੇ ਗੰਭੀਰ ਵਿਸ਼ੇ ਤੇ ਕੀਤੀ ਗਈ ਵਿਚਾਰ-ਚਰਚਾ, ਭਾਵੇਂ ਇਹ ਆਹਮੋ-ਸਾਹਮਣੇ ਬੈਠ ਕੇ ਕੀਤੀ ਜਾਵੇ ਜਾਂ ਕਿਸੇ ਸੰਚਾਰ ਮਾਧਿਅਮ ਰਾਹੀਂ, ਸਦਾ ਹੀ ਉਪਯੋਗੀ ਸਿੱਧ ਹੁੰਦੀ ਹੈ। ਵਿਚਾਰ-ਚਰਚਾ ਰਾਹੀਂ ਪਾਠਕਾਂ/ਸਰੋਤਿਆਂ ਨੂੰ ਵਿਸ਼ੇ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਮਿਲ ਜਾਂਦੀ ਹੈ ਅਤੇ ਲੇਖਕ ਨੂੰ ਆਪਣੀਆਂ ਧਾਰਨਾਵਾਂ ਸਬੰਧੀ ਪੁਨਰ-ਵਿਚਾਰ ਕਰਨ ਦਾ ਮੌਕਾ ਪਰਾਪਤ ਹੋ ਜਾਂਦਾ ਹੈ। ਇਸ ਤਰ੍ਹਾਂ ਵਿਚਾਰ-ਚਰਚਾ ਦੀ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਉਹਨਾਂ ਦੀ ਜੀਵਨ-ਜਾਚ ਪ੍ਰਤੀ ਜਾਗਰੂਕਤਾ ਵਿੱਚ ਵਾਧਾ ਕਰਨ ਦੇ ਇੱਕ ਅਤੀ ਪਰਭਾਵਸ਼ਾਲੀ ਸਾਧਨ ਵਜੋਂ ਵਰਤੋਂ ਨੂੰ ਖੂਬ ਉਤਸਾਹਿਤ ਕਰਨਾ ਚਾਹੀਦਾ ਹੈ।

ਉਪਰੋਕਤ ਲੇਖਾਂ ਨੂੰ ਪੁਸਤਕ ਰੂਪ ਦੇਣ ਦੀ ਪ੍ਰਕਿਰਿਆ ਦੌਰਾਨ ਅਨੇਕਾਂ ਨਵੇਂ ਤੱਥ ਉਘੜਕੇ ਸਾਹਮਣੇ ਆਏ ਹਨ ਅਤੇ ਮੇਰੇ ਮਨ ਵਿੱਚ ਕਈ ਨਵੀਆਂ ਧਾਰਨਾਵਾਂ ਨੇ ਜਨਮ ਲਿਆ ਹੈ। ਅਜਿਹਾ ਹੋਣਾ ਕੁਦਰਤੀ ਹੀ ਸੀ ਅਤੇ ਇਸ ਸਥਿਤੀ `ਚੋਂ ਪਾਠਕਾਂ ਨੂੰ ਕੋਈ ਅਚੰਭਾ ਨਹੀਂ ਹੋਣਾ ਚਾਹੀਦਾ। ਪੁਸਤਕ ਵਿੱਚ ਵਿਸ਼ੇ ਦੇ ਅੱਡ-ਅੱਡ ਪੱਖਾਂ ਨੂੰ ਪੇਸ਼ ਕਰਨ ਵੇਲੇ ਕਈ ਤਥਾਂ ਦਾ ਦੁਹਰਾਓ ਵੀ ਹੋਇਆ ਹੈ। ਮਹੱਤਵਪੂਰਨ ਤੱਥਾਂ ਦੇ ਸੋਮਿਆਂ ਦਾ ਹਵਾਲਾ ਨਾਲੋ-ਨਾਲ ਹੀ ਦੇ ਦਿੱਤਾ ਗਿਆ ਹੈ ਅਤੇ ਫੁਟ-ਨੋਟਾਂ ਅਤੇ ਵੇਰਵਾ-ਸੂਚੀ ਦੀ ਵਰਤੋਂ ਨਹੀਂ ਕੀਤੀ ਗਈ। ਉਂਜ ਵਰਤੇ ਗਏ ਸਰੋਤਾਂ ਨਾਲ ਸਬੰਧਤ ਪੁਸਤਕਾਂ ਦੀ ਸੂਚੀ (Bibliography) ਪੁਸਤਕ ਦੇ ਅੰਤਲੇ ਪੰਨਿਆਂ ਤੇ ਦਰਜ ਕਰ ਦਿੱਤੀ ਗਈ ਹੈ।

ਪੁਸਤਕ ਵਿੱਚ ਨੌਂ ਅਧਿਆਇ ਸ਼ਾਮਲ ਕੀਤੇ ਗਏ ਹਨ। ਅਧਿਆਇ ਪਹਿਲਾ ਵਿੱਚ ਸਿਖ ਮੱਤ ਵਿੱਚ ‘ਤਖਤ’ ਦੀ ਭੂਮਿਕਾ ਬਾਰੇ ਦਸਿੱਆ ਗਿਆ ਹੈ। ਅਧਿਆਇ ਦੂਸਰਾ ਵਿੱਚ ‘ਅਕਾਲ-ਤਖਤ’ ਦੀ ਮਿਥ ਦੀ ਉਤਪੱਤੀ ਬਾਰੇ ਜਾਣਕਾਰੀ ਪੇਸ਼ ਕੀਤੀ ਗਈ ਹੈ। ਅਧਿਆਇ ਤੀਸਰਾ ਵਿੱਚ ਅਜੋਕੀ ‘ਅਕਾਲ-ਤਖਤ’ ਵਿਵਸਥਾ ਦੀ ਹੋਈ ਸਥਾਪਤੀ ਬਾਰੇ ਜਾਣਕਾਰੀ ਪੇਸ਼ ਕੀਤੀ ਗਈ ਹੈ। ਅਧਿਆਇ ਚੌਥਾ ਵਿੱਚ ‘ਅਕਾਲ-ਤਖਤ’ ਸਬੰਧੀ ਸਿਧਾਂਤ ਦੀ ਮੌਜੂਦਗੀ ਦੇ ਦਾਵਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਅਧਿਆਇ ਪੰਜਵਾਂ ਵਿੱਚ ਮੀਰੀ-ਪੀਰੀ ਦੀ ਪ੍ਰੰਪਰਾਗਤ ਧਾਰਨਾ ਸਬੰਧੀ ‘ਅਕਾਲ-ਤਖਤ’ ਵਿਵਸਥਾ ਦੇ ਸੰਦਰਭ ਵਿੱਚ ਵਿਚਾਰ ਕੀਤੀ ਗਈ ਹੈ। ਅਧਿਆਇ ਛੇਵਾਂ ਦਾ ਵਿਸ਼ਾ ‘ਅਕਾਲ-ਤਖਤ’ ਵਿਵਸਥਾ ਦੇ ਪਰਮੁੱਖ ਅੰਗ ‘ਜੱਥੇਦਾਰ’ ਦੇ ਅਹੁਦੇ ਨੂੰ ਬਣਾਇਆ ਗਿਆ ਹੈ। ਅਧਿਆਇ ਸੱਤਵਾਂ ਦਾ ਵਿਸ਼ਾ ਕੁੱਝ ਧਿਰਾ ਵੱਲੋਂ ਸਿਖ ਮੱਤ ਵਿੱਚ ਉਚੇਚੇ ਤੌਰ ਤੇ ‘ਪੁਜਾਰੀਵਾਦ’ ਦੇ ਸੰਕਲਪ ਨੂੰ ‘ਜੱਥੇਦਾਰ’ ਦੇ ਅਹੁਦੇ ਨਾਲ ਜੋੜਨ ਦਾ ਰੁਝਾਨ ਹੈ। ਅਧਿਆਇ ਅੱਠਵਾਂ ਵਿੱਚ ‘ਅਕਾਲ-ਤਖਤ’ ਵਿਵਸਥਾ ਦੇ ਸੰਦਰਭ ਵਿੱਚ ਸਿਖ-ਮਾਨਸਿਕਤਾ ਨੂੰ ਵਿਚਾਰਿਆ ਗਿਆ ਹੈ। ਅਖੀਰਲੇ ਅਧਿਆਇ ਵਿੱਚ ‘ਅਕਾਲ-ਤਖਤ’ ਵਿਵਸਥਾ ਦੀ ਸਿਖ ਜੀਵਨ-ਜਾਚ ਲਈ ਅਪ੍ਰਸੰਗਿਕਤਾ ਨੂੰ ਦਰਸਾਉਣ ਦਾ ਯਤਨ ਕੀਤਾ ਗਿਆ ਹੈ।

ਆਸ ਹੈ ਕਿ ਹੱਥਲੀ ਪੁਸਤਕ ਰਾਹੀਂ ‘ਅਕਾਲ-ਤਖਤ’ ਵਿਵਸਥਾ ਦੀ ਅਸਲੀਅਤ ਸਾਹਮਣੇ ਆ ਜਾਣ ਤੇ ਇਹ ਪੁਸਤਕ ਸਿਖ ਕੌਮ ਦੇ ਇਤਹਾਸ ਵਿੱਚ ਇੱਕ ਨਵਾਂ ਮੋੜ ਸਿਰਜਣ ਦਾ ਇੱਕ ਪਰਭਾਵਸ਼ਾਲੀ ਵਸੀਲਾ ਸਾਬਤ ਹੋਵੇਗੀ ਅਤੇ ਸਿਖ ਕੌਮ ਇਸ ਵਿਵਸਥਾ ਰਾਹੀਂ ਹੋਣ ਵਾਲੇ ਨੁਕਸਾਨ ਤੋਂ ਬਚਣ ਦੇ ਉਪਰਾਲੇ ਕਰਨ ਲਈ ਇਕ-ਮੁੱਠ ਹੋ ਕੇ ਗੰਭੀਰਤਾ ਨਾਲ ਯਤਨ ਅਰੰਭੇਗੀ। ਇੱਥੇ ਮੈਂ ਪਾਠਕਾਂ ਦੇ ਧਿਆਨ ਵਿੱਚ ਵਿਸ਼ੇਸ਼ ਤੌਰ ਤੇ ਇਹ ਤੱਥ ਲਿਆਉਣਾ ਚਾਹੁੰਦਾ ਹਾਂ ਕਿ ਹੱਥਲੀ ਪੁਸਤਕ ਵਿੱਚ ਮੈਂ ਸਿਖ ਮੱਤ ਦੇ ਇੱਕੋ-ਇਕ ਧਾਰਮਿਕ ਗ੍ਰੰਥ (scripture) ਦਾ ਹਵਾਲਾ ਸਤਿਕਾਰਿਤ ਨਾਮ ‘ਪਵਿੱਤਰ ਗ੍ਰੰਥ’ ਹੇਠ ਸ਼ਾਮਲ ਕੀਤਾ ਹੈ। ਸ਼ਬਦ-ਜੁੱਟ ‘ਪਵਿੱਤਰ ਗ੍ਰੰਥ’ ਅੰਗਰੇਜ਼ੀ ਭਾਸ਼ਾ ਦੇ ‘Holy Book’ ਦਾ ਪਰਿਆਇਵਾਚੀ (synonym) ਹੈ। ਮੇਰੀ ਇਹ ਸਪਸ਼ਟ ਧਾਰਨਾ ਹੈ ਕਿ ਸਿਖ ਮੱਤ ਦਾ ਪਵਿੱਤਰ ਗ੍ਰੰਥ ਸਿਖ ਮੱਤ ਦੇ ਇੱਕੋ-ਇਕ ਧਾਰਮਿਕ ਗ੍ਰੰਥ ਦਾ ਪੁਸਤਕ ਰੂਪ ਹੈ ਅਤੇ ਇਸ ਵਿੱਚ ਦਰਜ ਸਮੁੱਚੀ ਰਚਨਾ ਦਾ ਸੰਦੇਸ਼ ਅਤੇ ਉਪਦੇਸ਼ ਸਿਖ ਮੱਤ ਦਾ ਗਿਆਰ੍ਹਵਾਂ ਗੁਰੂ, ਗੁਰੂ ਗ੍ਰੰਥ ਹੈ। ਇਸ ਤਰ੍ਹਾਂ ਸਿਖ ਮੱਤ ਦਾ ਧਾਰਮਿਕ ਗ੍ਰੰਥ ਅਤੇ ਗੁਰੂ ਗ੍ਰੰਥ (ਗਿਆਰ੍ਹਵੇਂ ਗੁਰੂ ਦੇ ਤੌਰ ਤੇ) ਦੋ ਅਲੱਗ-ਅਲੱਗ ਹਸਤੀਆਂ ਬਣ ਜਾਂਦੀਆਂ ਹਨ।

ਪਹਿਲਾਂ ਹੱਥਲੀ ਪੁਸਤਕ ਦੀ ਛਪਾਈ ਦਾ ਕਾਰਜ ਦਸੰਬਰ 2011 ਤੱਕ ਪੂਰਾ ਕਰ ਲਏ ਜਾਣ ਦਾ ਟੀਚਾ ਮਿਥਿੱਆ ਗਿਆ ਸੀ। ਉੱਧਰ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਕੋਲੋਂ ਆਰ. ਟੀ. ਆਈ. ਐਕਟ 2005 ਤਹਿਤ ਕੁੱਝ ਅਜਿਹੀ ਜਾਣਕਾਰੀ ਮੰਗੀ ਹੋਈ ਸੀ ਜਿਸ ਦਾ ਪੁਸਤਕ ਵਿੱਚ ਸ਼ਾਮਲ ਕਰਨਾ ਬੇਹੱਦ ਜ਼ਰੂਰੀ ਸੀ। ਕਮੇਟੀ ਵੱਲੋਂ ਇਹ ਜਾਣਕਾਰੀ ਸਮੇਂ ਸਿਰ ਪਰਦਾਨ ਨਾ ਕਰਨ ਤੇ ਮੈਂਨੂੰ ਇਹ ਮਾਮਲਾ ਪੰਜਾਬ ਸਟੇਟ ਇਨਫਰਮੇਸ਼ਨ ਕਮਿਸ਼ਨ ਕੋਲ ਲੈ ਕੇ ਜਾਣਾ ਪਿਆ ਜਿੱਥੇ ਜੁਲਾਈ 2012 ਈਸਵੀ ਦੇ ਅਖੀਰਲੇ ਹਫਤੇ ਵਿੱਚ ਫੈਸਲਾ ਸੁਣਾਇਆ ਗਿਆ। ਇਸ ਫੈਸਲੇ ਤੋਂ ਮੇਰੇ ਪੱਲੇ ਨਿਰਾਸ਼ਾ ਹੀ ਪਈ। ਕਮੇਟੀ ਨੇ ਮੰਗੀ ਗਈ ਜਾਣਕਾਰੀ ਪਰਦਾਨ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਪਰੰਤੂ ਕਮਿਸ਼ਨ ਨੇ ਕਮੇਟੀ ਦੇ ਖਿਲਾਫ ਕੋਈ ਕਾਰਵਾਈ ਕੀਤੇ ਬਗੈਰ ਹੀ ਕੇਸ ਬੰਦ ਕਰ ਦਿੱਤਾ। ਉਪਰੋਕਤ ਕੇਸ ਸਬੰਧੀ ਵੇਰਵੇ ਪੁਸਤਕ ਦੇ ਅਧਿਆਇ ਛੇਵਾਂ ਵਿੱਚ ਉਪਲਭਦ ਹਨ। ਇਹਨਾਂ ਪ੍ਰਸਥਿਤੀਆਂ ਵਿੱਚ ਪੁਸਤਕ ਦਾ ਪ੍ਰਕਾਸ਼ਨ ਅੱਗੇ ਪੈਂਦਾ ਗਿਆ। ਪੁਸਤਕ ਦੇ ਪ੍ਰਕਾਸ਼ਨ ਅਤੇ ਛਪਾਈ ਦੇ ਪ੍ਰਬੰਧ ਸਬੰਧੀ ਵੀ ਅਨੇਕਾਂ ਮੁਸ਼ਕਲਾਂ ਸਾਹਮਣੇ ਆ ਖੜੀਆਂ ਹੋਈਆਂ ਅਤੇ ਕੁੱਝ ਹੋਰ ਦੇਰੀ ਦਾ ਸਬੱਬ ਹੋ ਨਿਬੜੀਆਂ।

‘ਸਿਖਮਾਰਗ’ ਵੈਬਸਾਈਟ ਦੇ ਪ੍ਰਬੰਧਕਾਂ ਵੱਲੋਂ ਮੈਂਨੂੰ ਦਿੱਤੇ ਗਏ ਸਹਿਯੋਗ ਲਈ ਮੈਂ ਉਹਨਾਂ ਦਾ ਰਿਣੀ ਹਾਂ। ਮੇਰੀ ਦਿਲੀ ਕਾਮਨਾ ਹੈ ਕਿ ਇਹ ਵੈਬਸਾਈਟ ਹੋਰ ਤਰੱਕੀ ਕਰੇ ਅਤੇ ਦ੍ਰਿੜਤਾ ਨਾਲ ਸਿਖ ਕੌਮ ਦੀ ਸੇਵਾ ਕਰਦਾ ਰਹੇ। ਇੱਥੇ ਮੈਂ ਇੱਸੇ ਵੈਬਸਾਈਟ ਦੇ ਹੋਰ ਲੇਖਕਾਂ ਦਾ ਵੀ ਧੰਨਵਾਦ ਕਰਨ ਦੀ ਖੁਸ਼ੀ ਲੈਂਦਾ ਹਾਂ ਜਿਹਨਾਂ ਨੇ ਵਿਚਾਰ-ਚਰਚਾ ਤੋਂ ਲੈ ਕੇ ਹੁਣ ਤੱਕ ਆਪਣਾ ਸੁਚੱਜਾ ਯੋਗਦਾਨ ਪਾਇਆ ਹੈ।

ਅੰਤ ਵਿੱਚ ਮੈਂ ਅਕਾਲ-ਪੁਰਖ ਵਾਹਿਗੁਰੂ ਅੱਗੇ ਲੱਖ ਵਾਰ ਨਤਮਸਤਕ ਹਾਂ ਜਿਸ ਦੀ ਅਪਾਰ ਕਿਰਪਾ ਸਦਕਾ ਪੁਸਤਕ ਪਾਠਕਾਂ ਦੇ ਹੱਥਾਂ ਵਿੱਚ ਆਣ ਪਹੁੰਚੀ ਹੈ।

ਇਕਬਾਲ ਸਿੰਘ ਢਿੱਲੋਂ (ਡਾ.)




.