.

☬ ੴਸਤਿ ਗੁਰਪ੍ਰਸਾਦਿ ☬

ਵਾਰ ਮਾਝ ਕੀ, ਮਹਲਾ ੧-ਸਟੀਕ (ਪੰ: ੧੩੭- ੧੫੦)

(ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ) (ਕਿਸ਼ਤ ੨੮)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ, ਸਟੀਕ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

(ਪਉੜੀ ਨੰ: ੨੨ ਦਾ ਮੂਲ ਪਾਠ, ਸਲੋਕਾਂ ਸਮੇਤ)

ਸਲੋਕੁ ਮਹਲਾ ੨॥ ਮੰਤ੍ਰੀ ਹੋਇ ਅਠੂਹਿਆ ਨਾਗੀ ਲਗੈ ਜਾਇ॥ ਆਪਣ ਹਥੀ ਆਪਣੈ ਦੇ ਕੂਚਾ ਆਪੇ ਲਾਇ॥ ਹੁਕਮੁ ਪਇਆ ਧੁਰਿ ਖਸਮ ਕਾ ਅਤੀ ਹੂ ਧਕਾ ਖਾਇ॥ ਗੁਰਮੁਖ ਸਿਉ ਮਨਮੁਖੁ ਅੜੈ ਡੁਬੈ ਹਕਿ ਨਿਆਇ॥ ਦੁਹਾ ਸਿਰਿਆ ਆਪੇ ਖਸਮੁ ਵੇਖੈ ਕਰਿ ਵਿਉਪਾਇ॥ ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ॥ ੧ 

ਮਹਲਾ ੨॥ ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ॥ ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ॥ ਵਾਟ ਨ ਕਰਈ ਮਾਮਲਾ ਜਾਣੈ ਮਿਹਮਾਣੁ॥ ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ॥ ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ॥ ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੁ॥ ਅਗੈ ਓਹੁ ਅਗੰਮੁ ਹੈ ਵਾਹੇਦੜੁ ਜਾਣੁ॥ ੨ 

ਪਉੜੀ॥ ਨਾਰੀ ਪੁਰਖ ਪਿਆਰੁ ਪ੍ਰੇਮਿ ਸੀਗਾਰੀਆ॥ ਕਰਨਿ ਭਗਤਿ ਦਿਨੁ ਰਾਤਿ ਨ ਰਹਨੀ ਵਾਰੀਆ॥ ਮਹਲਾ ਮੰਝਿ ਨਿਵਾਸੁ ਸਬਦਿ ਸਵਾਰੀਆ॥ ਸਚੁ ਕਹਨਿ ਅਰਦਾਸਿ ਸੇ ਵੇਚਾਰੀਆ॥ ਸੋਹਨਿ ਖਸਮੈ ਪਾਸਿ ਹੁਕਮਿ ਸਿਧਾਰੀਆ॥ ਸਖੀ ਕਹਨਿ ਅਰਦਾਸਿ ਮਨਹੁ ਪਿਆਰੀਆ॥ ਬਿਨ ਨਾਵੈ ਧ੍ਰਿਗੁ ਵਾਸੁ ਫਿਟੁ ਸੁ ਜੀਵਿਆ॥ ਸਬਦਿ ਸਵਾਰੀਆਸੁ ਅੰਮ੍ਰਿਤੁ ਪੀਵਿਆ॥ ੨੨ 

(ਸਟੀਕ ਪਉ: ੨੨-ਲੋੜੀਂਦੀ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕੁ ਮਹਲਾ ੨॥ ਮੰਤ੍ਰੀ ਹੋਇ ਅਠੂਹਿਆ, ਨਾਗੀ ਲਗੈ ਜਾਇ॥ ਆਪਣ ਹਥੀ ਆਪਣੈ, ਦੇ ਕੂਚਾ ਆਪੇ ਲਾਇ॥ ਹੁਕਮੁ ਪਇਆ ਧੁਰਿ ਖਸਮ ਕਾ, ਅਤੀ ਹੂ ਧਕਾ ਖਾਇ॥ ਗੁਰਮੁਖ ਸਿਉ ਮਨਮੁਖੁ ਅੜੈ, ਡੁਬੈ ਹਕਿ ਨਿਆਇ॥ ਦੁਹਾ ਸਿਰਿਆ ਆਪੇ ਖਸਮੁ, ਵੇਖੈ ਕਰਿ ਵਿਉਪਾਇ॥ ਨਾਨਕ ਏਵੈ ਜਾਣੀਐ, ਸਭ ਕਿਛੁ ਤਿਸੈ ਰਜਾਇ॥ ੧॥ {ਪੰਨਾ ੧੪੮}

ਪਦ ਅਰਥ: ਮੰਤ੍ਰੀ—ਮਾਂਦਰੀ, ਮੰਤਰ ਪੜ੍ਹ ਕੇ ਇਲਾਜ ਕਰਣ ਵਾਲਾ, ਮੰਤ੍ਰ ਵਿਦ੍ਯਾ ਦਾ ਜਾਣੂ (ਮ: ਕੋਸ਼)। ਅਠੂਹਿਆ ਬਿਛੂਆਂ ਦੇ ਮੰਤ੍ਰਾਂ ਦਾ ਜਾਣੂ। ਨਾਗੀ ਲਗੈ ਜਾਇ … ਸੱਪਾਂ ਨੂੰ ਜਾ ਹੱਥ ਪਾਂਦਾ ਹੈ। ਕੂਚਾ—ਲੰਬੂ, ਮੁਆਤਾ, ਚੁਆਤੀ। ਧੁਰਿ—ਧੁਰੋਂ। ਅਤੀ ਹੂ—ਅੱਤ ਚੁਕਣ ਦੇ ਕਾਰਨ। ਅੜੈ—ਖਹਿਬੜਦਾ ਹੈ। ਡੁਬੈ … ਸੰਸਾਰ-ਸਮੁੰਦਰ `ਚ ਡੁੱਬਦਾ ਹੈ, ਵਿਕਾਰਾਂ ਦੀਆਂ ਲਹਰਾਂ `ਚ ਉਸ ਦੀ ਜ਼ਿੰਦਗੀ ਦੀ ਬੇੜੀ ਗ਼ਰਕ ਹੋ ਜਾਂਦੀ ਹੈ। ਹਕਿ ਨਿਆਇ—ਸੱਚੇ ਨਿਆਂ ਦੇ ਕਾਰਨ, ਅਕਾਲਪੁਖ ਦੇ ਸੱਚ ਨਿਆਂ `ਚ। ਵਿਉਪਾਇ—ਨਿਰਨਾ। ਦੁਹਾ ਸਿਰਿਆਚੰਗੇ ਵੀ ਤੇ ਮਾੜੇ ਵੀ, ਦੋਨਾਂ ਦੇ ਜੀਵਨ ਦਾ ਨਿਬੇੜਾ, ਗੁਰਮੁਖ ਕੌਣ ਤੇ ਮਨਮੁਖ ਕੌਣ ਹੈ? ਕਰਤੇ ਦੀ ਦਰਗਾਹ `ਚ ਦੋਨਾਂ ਦਾ ਨਿਆਂ ਆਪਣੇ ਆਪ ਹੁੰਦਾ ਹੈ।

ਨੋਟ-ਪਹਿਲੇ ਸਮੇਂ `ਚ ਤਾਂ ਬਹੁਤ ਹੁੰਦੇ ਸਨ ਜਦਕਿ ਅੱਜ ਘੱਟ ਹਨ। ਫ਼ਿਰ ਵੀ ਕੁੱਝ ਅਜੇ ਵੀ ਹਨ ਕਿ ਜਦੋਂ ਕਿਸੇ ਨੂੰ ਕੋਈ ਠੂਆਂ ਭਾਵ ਬਿੱਛੂ ਜਾਂ ਸਪ ਕੱਟਦਾ ਹੈ ਤਾਂ ਉਹ ਉਸ ਦਾ ਇਲਾਜ ਮੰਤ੍ਰ ਪੜ੍ਹ ਕੇ ਕਰਦੇ ਹਨ, ਉਨ੍ਹਾਂ ਨੂੰ ਹੀ ਮੰਤ੍ਰੀ ਜਾਂ ਮਾਂਦਰੀ ਆਦਿ ਕਿਹਾ ਜਾਂਦਾ ਹੈ। ਜਦਕਿ ਉਥੇ ਵੀ ਫ਼ਰਕ ਹੁੰਦਾ ਹੈ ਕਿ ਜਿਹੜਾ ਬਿਛੂਆਂ ਦਾ ਮਾਂਦਰੀ ਹੋਵੇ ਤਾਂ ਉਸ ਦੇ ਮੰਤ੍ਰਾਂ ਦਾ ਅਸਰ, ਸਪਾਂ ਦੇ ਕੱਟੇ `ਤੇ ਨਹੀਂ ਹੁੰਦਾ ਬਲਕਿ ਸਪਾਂ ਨੂੰ ਹੱਥ ਪਾ ਲੈਣਾ ਤਾਂ ਉਸ ਦੇ ਆਪਣੇ ਲਈ ਹੀ ਖਤਰਨਾਕ ਸਾਬਤ ਹੰਦਾ ਹੇ।

ਅਰਥ: “ਮੰਤ੍ਰੀ ਹੋਇ ਅਠੂਹਿਆ, ਨਾਗੀ ਲਗੈ ਜਾਇ” ਜੇ ਕੋਈ ਮਨੁੱਖ ਅਠੂਹਿਆਂ ਭਾਵ ਬਿਛੂਆਂ ਦਾ ਮਾਂਦਰੀ ਹੋ ਕੇ ਸੱਪਾਂ ਨੂੰ ਜਾ ਹੱਥ ਪਾਂਦਾ ਹੈ।

“ਆਪਣ ਹਥੀ ਆਪਣੈ, ਦੇ ਕੂਚਾ ਆਪੇ ਲਾਇ” ਅਸਲ `ਚ ਉਹ ਮਾਨੋ ਆਪਣੇ ਆਪ ਨੂੰ ਆਪਣੇ ਹੀ ਹੱਥਾਂ ਨਾਲ ਆਪ ਚੁਆਤੀ ਲਾ ਰਿਹਾ ਹੁੰਦਾ ਹੈ।

“ਹੁਕਮੁ ਪਇਆ ਧੁਰਿ ਖਸਮ ਕਾ, ਅਤੀ ਹੂ ਧਕਾ ਖਾਇ” ਇਸ ਤਰ੍ਹਾਂ ਇਹ ਤਾਂ ਜਿਵੇਂ ਧੁਰੋਂ ਮਾਲਕ ਦਾ, ਹੁਕਮ ਹੀ ਇਉਂ ਹੁੰਦਾ ਹੈ ਕਿ ਇਸ ਅੱਤ ਦੇ ਕਾਰਨ ਭਾਵ, ਇਸ ਅੱਤ ਦੇ ਮੂਰਖਪੁਣੇ ਕਰ ਕੇ ਉਸ ਨੂੰ ਧੱਕਾ ਵੱਜਦਾ ਹੈ ਅਤੇ ਅਜਿਹੀ ਚੋਟ ਵੀ ਉਸ ਨੂੰ ਆਪ ਹੀ ਖਾਣੀ ਪੈਂਦੀ ਹੈ।

“ਗੁਰਮੁਖ ਸਿਉ ਮਨਮੁਖੁ ਅੜੈ, ਡੁਬੈ ਹਕਿ ਨਿਆਇ” ਇਸੇ ਤਰ੍ਹਾਂ ਜੇਕਰ ਕੋਈ ਮਨਮੁਖ ਮਨੁੱਖ, ਕਿਸੇ ਗੁਰਮੁਖ ਨਾਲ ਖਹਿਬੜਦਾ ਹੈ ਤਾਂ ਕਰਤਾਰ ਦੇ ਸੱਚ ਨਿਆਂ `ਚ, ਉਹ ਵੀ ਸੰਸਾਰ-ਸਮੁੰਦਰ `ਚ ਹੀ ਡੁੱਬਦਾ ਹੈ ਭਾਵ, ਵਿਕਾਰਾਂ ਦੀਆਂ ਲਹਰਾਂ `ਚ ਉਸ ਦੀ ਜ਼ਿੰਦਗੀ ਦੀ ਬੇੜੀ ਵੀ ਗ਼ਰਕ ਹੋ ਜਾਂਦੀ ਹੈ।

“ਦੁਹਾ ਸਿਰਿਆ ਆਪੇ ਖਸਮੁ, ਵੇਖੈ ਕਰਿ ਵਿਉਪਾਇ” ਇਸ ਦੇ ਲਈ ਕਿਸੇ ਨੂੰ ਦੋਸ਼ ਵੀ ਨਹੀਂ ਦਿੱਤਾ ਜਾ ਸਕਦਾ। ਕੀ ਗੁਰਮੁਖ ਤੇ ਕੀ ਮਨਮੁਖ, ਦੋਹੀਂ ਪਾਸੀਂ ਖਸਮ-ਪ੍ਰਭੂ ਆਪ ਹੀ ਸਿਰ ਤੇ ਖਲੋਤਾ ਹੈ ਹੁੰਦਾ ਹੈ ਤੇ ਨਿਰਨਾ ਵੀ ਉਹ ਆਪ ਹੀ ਕਰ ਕੇ ਵੇਖ ਰਿਹਾ ਹੁੰਦਾ ਹੈ। ਭਾਵ ਚੰਗੇ ਜਾਂ ਮੰਦੇ ਕਿਸੇ ਦੀ ਕਰਣੀ ਦਾ ਹਿਬੇੜਾ ਵੀ ਇਕੋ ਇੱਕ ਕਰਤੇ ਪ੍ਰਭੂ ਨੇ ਹੀ ਕਰਣਾ ਹੁੰਦਾ ਹੈ।

“ਨਾਨਕ ਏਵੈ ਜਾਣੀਐ, ਸਭ ਕਿਛੁ ਤਿਸੈ ਰਜਾਇ” ਤਾਂ ਤੇ ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ, ਕਿ ਅਸਲ ਗੱਲ ਇਉਂ ਸਮਝਣੀ ਚਾਹੀਦੀ ਹੈ ਕਿ ਸੰਸਾਰ ਦੀ ਸਾਰੀ ਖੇਡ ਤੇ ਇਸ `ਚ ਹਰੇਕ ਦੀ ਕਰਣੀ ਲਈ ਨਿਆਂ ਵੀ, ਉਸ ਕਾਦਿਰ ਦੀ ਰਜ਼ਾ `ਚ, ਆਪਣੇ ਆਪ ਤੇ ਨਾਲੋ ਨਾਲ ਹੁੰਦਾ ਹੈ।

ਗੁਰਮੱਤ ਵਿਚਾਰ ਦਰਸ਼ਨ- “ਮੰਤ੍ਰੀ ਹੋਇ ਅਠੂਹਿਆ, ਨਾਗੀ ਲਗੈ ਜਾਇ” ਸ਼ੱਕ ਨਹੀਂ, ਮਨੁੱਖ ਨੂੰ ਚਾਹੇ ਬਿੱਛੂ ਕੱਟੇ ਜਾਂ ਸਪ, ਦੋਨਾਂ ਤੋਂ ਮਨੁੱਖ ਨੂੰ ਜ਼ਹਿਰ ਹੀ ਚੜ੍ਹਦਾ ਹੈ ਤੇ ਬਹੁਤ ਵਾਰੀ ਮੌਤ ਤੱਕ ਵੀ ਹੋ ਜਾਂਦੀ ਹੈ। ਜਦਕਿ ਇਹ ਵੀ ਮੰਣਿਆਂ ਪ੍ਰਮੰਣਿਆਂ ਸੱਚ ਹੈ ਕਿ ਫ਼ਿਰ ਵੀ ਦੋਨਾਂ ਦੇ ਕੱਟਣ `ਚ ਭਾਰੀ ਅੰਤਰ ਹੈ। ਪੂਰਾਨੇ ਸੰਮੇਂ ਤੋਂ ਹੀ ਬਿਛੂ ਦੇ ਕੱਟਣ ਦਾ ਇਲਾਜ ਹੋਵੇ ਜਾਂ ਸਪ ਦਾ, ਫ਼ਿਰ ਇਸ ਲਈ ਮੰਤ੍ਰਾਂ ਵਾਲਾ ਰਸਤਾ ਹੋਵੇ ਜਾਂ ਇਲਾਜ ਵਾਲਾ; ਇਹ ਦੋਨੋਂ ਰਸਤੇ ਭਿੰਨ ਭਿੰਨ ਵੀ ਹਨ ਤੇ ਇਨ੍ਹਾਂ ਵਿਚਲੇ ਖੱਤਰੇ ਵਿਚਕਾਰ ਵੀ ਵੱਡਾ ਅੰਤਰ ਹੈ। ਉਸ ਤਜ਼ੁਰਬੇ ਮੁਤਾਬਕ ਸਪਾਂ ਵਾਲਾ ਰਸਤਾ, ਬਿਛੂਆਂ ਦੇ ਮੁਕਾਬਲੇ ਵੱਡਾ ਖਤਰਨਾਕ ਹੈ। ਦਰਅਸਲ ਇਥੇ ਸਲੋਕ `ਚ ਵੀ ਗੁਰਦੇਵ ਨੇ ਇਸੇ ਪ੍ਰਕਰਣ ਨੂੰ ਗੁਰਮੁਖ ਤੇ ਮਨਮੁਖ ਦੀ ਕਰਣੀ ਤੇ ਉਨ੍ਹਾਂ ਪ੍ਰਤੀ ਕਰਤੇ ਵੱਲੋਂ ਭਿੰਨ ਭਿੰਨ ਤੇ ਵਿਰੋਧੀ ਸਜ਼ਾਵਾਂ ਨੂੰ ਹੀ ਪ੍ਰਗਟਾਇਆ ਹੈ।

“ਗੁਰਮੁਖ ਸਿਉ ਮਨਮੁਖੁ ਅੜੈ” ਕੇਵਲ ਗੁਰਬਾਣੀ ਦੇ ਸੱਚ ਵਾਲੇ ਮਾਰਗ `ਤੇ ਚਲਣ ਵਾਲਾ ਹੀ ਸਮਝ ਸਕਦਾ ਹੈ ਕਿ ਮਨਮੁਖ ਤੇ ਗੁਰਮੁਖ ਦੇ ਜੀਵਨ ਵਿਚਕਾਰਲੇ ਸੱਚ ਤੇ ਝੂਠ `ਚ ਕਿਤਨਾ ਵੱਡਾ ਅੰਤਰ ਹੁੰਦਾ ਹੈ। ਸਿੱਖ ਇਤਿਹਾਸ ਨੂੰ ਜਾਨਣ ਵਾਲਾ ਚੰਗੀ ਤਰ੍ਹਾਂ ਸਮਝ ਤੇ ਪਹਿਚਾਣ ਸਕਦਾ ਹੈ ਕਿ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰਬਾਣੀ ਵਾਲੇ ਸੱਚ ਦੇ ਮਾਰਗ `ਤੇ ਚਲਾਇਆ ਫ਼ਿਰ ਸੰਸਾਰ ਦੀ ਵੱਡੀ ਤੋਂ ਵੱਡੀ ਰੁਕਾਵਤ ਤੇ ਭਿਆਨਕ ਤੋਂ ਭਿਆਨਕ ਤਸੀਹੇ ਵੀ ਉਨ੍ਹਾਂ ਨੂੰ ਸੱਚ ਦੇ ਮਾਰਗ ਤੋਂ ਨਾ ਡੇਗ ਸਕੇ। ਦੂਜੇ ਪਾਸੇ ਮਨਮਤੀਏ ਉਹ ਭਾਵੇਂ ਕਿਸੇ ਵੀ ਧਰਮ ਨਾਲ ਸਬੰਧਤ ਜਾਂ ਉਨ੍ਹਾਂ ਧਰਮਾਂ ਦੇ ਆਗੂ ਵੀ ਸਨ, ਪਰ ਉਨ੍ਹਾਂ ਦੇ ਜੀਵਨ ਅੰਦਰ ਨਾ ਕੋਈ ਧਰਮ ਸੀ, ਨਾ ਇਮਾਨ ਤੇ ਜ਼ਿੰਦਗੀ ਦਾ ਕੋਈ ਉਸੂਲ। ਇਹੀ ਮੁੱਖ ਕਾਰਨ ਹੈ ਕਿ ਬਿਲਕੁਲ ਥੋੜੇ ਸਮੇਂ `ਚ ਹੀ ਸਿੱਖ ਇਤਿਹਾਸ ਨੇ ਸੰਸਾਰ ਨੂੰ ਧਰਮੀ ਮਰਜੀਵੜਿਆਂ ਦਾ ਇਤਿਹਾਸ ਬਣਾ ਕੇ ਪੇਸ਼ ਕੀਤਾ ਤੇ ਪੂਰੇ ਸੰਸਾਰ `ਚ ਆਪਣਾ ਵਿਸ਼ੇਸ਼ ਰੁੱਤਬਾ ਕਾਇਮ ਕਰ ਲਿਆ। ਜਦਕਿ ਦੂਜੇ ਪਾਸੇ ਪੂਰੇ ਸੰਸਾਰ ਦਾ ਅਤੇ ਹਜ਼ਾਰਾਂ ਸਦੀਆਂ ਪੂਰਾਣਾ ਇਤਿਹਾਸ ਵੀ, ਸਿੱਖ ਇਤਿਹਾਸ ਸਾਹਮਣੇ ਹੇਚ ਤੇ ਨਿਰਜੀਵ ਸਾਬਤ ਹੋਇਆ। ਇਹ ਫ਼ਰਕ ਸੀ ਗੁਰਮੁਖ ਤੇ ਮਨਮੁਖਤਾ ਦੇ ਜੀਵਨ ਵਿਚਕਾਰ।

ਦਰਅਸਲ ਇਸ ਸਲੋਕ `ਚ ਗੁਰਦੇਵ ਇਹੀ ਨਿਰਣਾ ਦੇ ਰਹੇ ਹਨ ਜਦੋਂ ਮਨੁੱਖ ਦਾ ਜੀਵਨ ਗੁਰਮੁਖੀ ਤਿਆਰ ਹੋ ਜਾਂਦਾ ਹੈ ਤਾਂ ਉਸ ਦੇ ਸਾਹਮਣੇ ਮਨਮੁਖੀ ਜੀਵਨ, ਆਪਣੀਆਂ ਨੀਚ ਚਾਲਾਂ, ਬੇ-ਉਸੂਲੇ ਪਣ ਤੇ ਅਗਿਆਨਤਾ ਭਰਪੂਰ ਕਰਣੀਆਂ ਨਾਲ, ਉਸ ਨੂੰ ਸਦਾ ਨੀਚਾ ਦਿਖਾਉਣ ਦੀ ਫ਼ਿਰਾਕ `ਚ ਹੀ ਰਹਿੰਦਾ ਹੈ। ਉਸੇ ਦਾ ਨਤੀਜਾ ਹੁੰਦਾ ਹੈ ਕਿ ਸੰਸਾਰ ਤਲ ਤੇ ਵੀ ਅਜਿਹੇ ਮਨਮੁਖੀ ਜੀਵਨ, ਬਲਕਿ ਖ਼ੁਦ ਵੀ ਵਿਕਾਰਾਂ ਅਉਗੁਣਾਂ ਦੀ ਗਹਿਰੀ ਤੇ ਹੋਰ ਗਹਿਰੀ ਖੱਡ `ਚ ਡਿਗਦੇ ਤੇ ਜੀਵਨ ਭਰ ਦੁਖੀ ਰਹਿੰਦੇ ਹਨ। ਉਪ੍ਰੰਤ ਮੌਤ ਤੋਂ ਬਾਅਦ ਵੀ ਕਰਤੇ ਦੀ ਨਿਆਂ `ਚ ਚੋਟਾਂ ਹੀ ਖਾਂਦੇ ਹਨ। ਜਦਕਿ ਇਸ ਦੇ ਲਈ ਕਸੂਰ ਵਾਰ ਉਹ ਆਪ ਹੁੰਦੇ ਹਨ, ਕਰਤਾ ਅਕਾਲਪੁਰਖ ਦਾ ਨਿਆਂ ਜਾਂ ਕੋਈ ਵੀ ਦੂਜਾ ਨਹੀਂ। ਇਸ ਲਈ ਵੱਡੀ ਲੋੜ ਹੈ, ਮਨੁੱਖਾ ਜੀਵਨ ਪਾ ਕੇ ਗੁਰਬਾਣੀ ਦੀ ਰੋਸ਼ਨੀ `ਚ ਇਸ ਜਨਮ ਦੀ ਸੰਭਾਲ ਕਰਣ ਤੇ ਇਸ ਨੂੰ ਸਫ਼ਲ ਕਰਣ ਦੀ।

ਮਹਲਾ ੨॥ ਨਾਨਕ ਪਰਖੇ ਆਪ ਕਉ, ਤਾ ਪਾਰਖੁ ਜਾਣੁ॥ ਰੋਗੁ ਦਾਰੂ ਦੋਵੈ ਬੁਝੈ, ਤਾ ਵੈਦੁ ਸੁਜਾਣੁ॥ ਵਾਟ ਨ ਕਰਈ ਮਾਮਲਾ, ਜਾਣੈ ਮਿਹਰਮਾਣੁ॥ ਮੂਲੁ ਜਾਣਿ ਗਲਾ ਕਰੇ, ਹਾਣਿ ਲਾਏ ਹਾਣੁ॥ ਲਬਿ ਨ ਚਲਈ, ਸਚਿ ਰਹੈ ਸੋ ਵਿਸਟੁ ਪਰਵਾਣੁ॥ ਸਰੁ ਸੰਧੈ ਆਗਾਸ ਕਉ, ਕਿਉ ਪਹੁਚੈ ਬਾਣੁ॥ ਅਗੈ ਓਹੁ ਅਗੰਮੁ ਹੈ ਵਾਹੇਦੜੁ ਜਾਣੁ॥ ੨॥ {ਪੰਨਾ ੧੪੮}

ਪਦ ਅਰਥ: ਸੁਜਾਣੁ—ਸਿਆਣਾ। ਵਾਟ—ਰਾਹ `ਚ, ਰਸਤੇ `ਚ। ਮਾਮਲਾ—ਝੰਬੇਲਾ, ਝੇੜਾ। ਮਿਹਰਮਾਣੁ …ਮੁਸਾਫ਼ਿਰ। ਮੂਲੁ—ਅਸਲਾ, ਜੀਵਨ ਦਾ ਅਸਲਾ ਅਥਵਾ ਮੂਲ ਅਕਾਲਪੁਰਖ। ਲਬਿ—ਲੱਬ ਨਾਲ, ਲੱਬ ਦੇ ਆਸਰੇ, ਲੋਭ ਦੇ ਆਸਰੇ। ਵਿਸਟੁ—ਵਿਚੋਲਾ। ਪਰਵਾਣੁ—ਮੰਨਿਆ ਪ੍ਰਮੰਨਿਆ। ਸਰੁ—ਤੀਰੁ। ਸੰਧੈ—ਚਲਾਏ। ਬਾਣੁ—ਤੀਰ। ਅੰਗਮੁ—ਜਿਸ ਤੱਕ ਪਹੁੰਚਿਆ ਨਾ ਜਾ ਸਕੇ। ਵਾਹੇਦੜੁ—ਤੀਰ ਵਾਹਣ ਵਾਲਾ। ਹਾਣੁ—ਜ਼ਿੰਦਗੀ ਦਾ ਸਮਾਂ, ਆਪਣੀ ਉਮਰ ਦਾ ਸਮਾਂ। ਹਾਣਿ—ਹਾਣੀ, ਹਮ-ਉਮਰ, ਆਪਣੇ ਸੁਭਾਉ ਵਾਲੇ, ਸਤ-ਸੰਗੀ। ਅਗੰਮੁ… ਅਪਹੁੰਚ, ਗਿਆਨ ਤੇ ਕਰਮ ਇੰਦਰਿਆਂ ਦੀ ਪਹੁੰਚ ਤੋਂ ਪਰੇ ਭਾਵ ਅਕਾਲਪੁਰਖ। ਵਾਹੇਦੜੁ ਜਾਣੁ …. ਇਹ ਜਾਣ ਲਵੋ ਕਿ ਵਾਪਿਸ ਮਾਰਨ ਵਾਲੇ ਨੂੰ ਹੀ ਲਗੇਗਾ।

ਅਰਥ : — “ਨਾਨਕ ਪਰਖੇ ਆਪ ਕਉ, ਤਾ ਪਾਰਖੁ ਜਾਣੁ” ਆਪਣੇ ਦੂਜੇ ਜਾਮੇ `ਚ ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਦੂਜਿਆਂ ਦੀ ਆਤਮਕ ਪੜਚੋਲ ਕਰਨ ਦੇ ਥਾਂ ਜੇ ਮਨੁੱਖ ਆਪਣੇ ਆਪ ਨੂੰ ਪਰਖ ਲਵੇ, ਤਾਂ ਉਸ ਨੂੰ ਹੀ ਅਸਲ ਪਾਰਖੂ ਮਨੁੱਖ ਸਮਝਣਾ ਚਾਹੀਦਾ ਹੈ।

“ਰੋਗੁ ਦਾਰੂ ਦੋਵੈ ਬੁਝੈ, ਤਾ ਵੈਦੁ ਸੁਜਾਣੁ” ਦੂਜਿਆਂ ਦੇ ਵਿਕਾਰ-ਰੂਪ ਰੋਗ ਲੱਭਣ ਦੇ ਥਾਂ ਜੇ ਮਨੁੱਖ ਆਪਣੇ ਆਤਮਕ ਰੋਗ ਤੇ ਰੋਗਾਂ ਦਾ ਇਲਾਜ ਦੋਵੇਂ ਸਮਝ ਲਏ ਤਾਂ ਉਸ ਨੂੰ ਹੀ ਸਿਆਣਾ ਹਕੀਮ ਜਾਣੋ।

“ਵਾਟ ਨ ਕਰਈ ਮਾਮਲਾ, ਜਾਣੈ ਮਿਹਰਮਾਣੁ” ਇਹੋ ਜਿਹਾ ‘ਸੁਜਾਣ ਵੈਦ’ ਜ਼ਿੰਦਗੀ ਦੇ ਰਾਹ `ਚ ਹੋਰਨਾਂ ਨਾਲ ਝੇੜੇ-ਝਗੜੇ ਨਹੀਂ ਪਾ ਬੈਠਦਾ, ਉਹ ਆਪਣੇ ਆਪ ਨੂੰ ਜਗਤ `ਚ ਮੁਸਾਫ਼ਿਰ ਹੀ ਜਾਣਦਾ ਹੈ।

“ਮੂਲੁ ਜਾਣਿ ਗਲਾ ਕਰੇ, ਹਾਣਿ ਲਾਏ ਹਾਣੁ” ਉਹ ਜੋ ਭੀ ਗੱਲ ਕਰਦਾ ਹੈ ਆਪਣੇ ਅਸਲੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਹੀ ਕਰਦਾ ਹੈ। ਇਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਦਾ ਸਮਾਂ ਸਤ-ਸੰਗੀਆਂ ਨਾਲ ਮਿਲ ਕੇ ਹੀ ਗੁਜ਼ਾਰਦਾ ਹੈ।

“ਲਬਿ ਨ ਚਲਈ, ਸਚਿ ਰਹੈ ਸੋ ਵਿਸਟੁ ਪਰਵਾਣੁ” ਉਹ ਮਨੁੱਖ ਲੱਬ ਭਾਵ ਸੰਸਾਰਕ ਰਸਾਂ ਕਸਾਂ ਦੇ ਆਸਰੇ ਨਹੀਂ ਤੁਰਦਾ। ਉਹ ਤਾਂ ਸੱਚ ਭਾਵ ਸੁਰਤ ਕਰਕੇ ਕਰਤੇ ਦੀ ਸਿਫ਼ਤ ਸਲਾਹ `ਚ ਹੀ ਟਿਕਿਆ ਰਹਿੰਦਾ ਹੈ। ਅਜਿਹਾ ਮਨੁੱਖ ਆਪ ਤਾਂ ਜੀਵਨ ਦੇ ਸਿਧੇ ਰਾਹ ਟੁਰਦਾ ਹੀ ਹੈ, ਬਲਕਿ ਹੋਰਨਾਂ ਤੇ ਦੂਜਿਆਂ ਦੇ ਜੀਵਨ ਲਈ ਵੀ ਪਰਮਾਣੀਕ ਵਿਚੋਲਾ ਹੀ ਸਾਬਤ ਹੁੰਦਾ ਹੈ।

“ਸਰੁ ਸੰਧੈ ਆਗਾਸ ਕਉ, ਕਿਉ ਪਹੁਚੈ ਬਾਣੁ” ਪਰ ਜੇ ਉਹ ਮਨੁੱਖ ਆਪ ਹੋਵੇ ਹੀ ਮਨਮੁਖ ਤੇ ਅੜੇ ਗੁਰਮੁਖਾਂ ਨਾਲ। ਅਜਿਹੇ ਮਨੁੱਖ ਦਾ ਜੀਵਨ ਤਾਂ ਇਉਂ ਹੈ ਜਿਵੇਂ ਕੋਈ ਆਕਾਸ਼ ਨੂੰ ਤੀਰ ਚਲਾਂਦਾ ਹੈ। ਸਪਸ਼ਟ ਹੈ ਜੋ ਮਨੁੱਖ ਆਕਾਸ਼ ਵੱਲ ਤੀਰ ਚਲਾਵੇਗਾ, ਉਸ ਦਾ ਤੀਰ ਕਿਸੇ ਵੀ ਨਿਸ਼ਾਨੇ `ਤੇ ਕਿਵੇਂ ਅਪੜ ਸਕੇਗਾ? ਭਾਵ ਨਹੀਂ ਅਪੜ ਸਕੇਗਾ।

“ਅਗੈ ਓਹੁ ਅਗੰਮੁ ਹੈ ਵਾਹੇਦੜੁ ਜਾਣੁ” ਕਿਉਂਕਿ ਉਹ ਆਕਾਸ਼ ਰੂਪ ਅਕਾਲਪੁਰਖ ਤਾਂ ਅੱਗੋਂ ਹੈ ਹੀ ਅਪਹੁੰਚ ਭਾਵ ਗਿਆਨ ਤੇ ਕਰਮ ਇੰਦਰਿਆਂ ਦੀ ਪਹੁੰਚ ਤੋਂ ਪਰੇ। ਇਸ ਲਈ, ਯਕੀਨ ਕਰਕੇ ਜਾਣ ਲਵੋ ਕਿ ਇਸ ਤਰ੍ਹਾਂ ਤਾਂ ਤੀਰ ਚਲਾਣ ਵਾਲਾ ਹੀ ਵਿੰਨ੍ਹਿਆ ਜਾਵੇਗਾ। ਭਾਵ ਉਹ ਤੀਰ ਵਾਪਿਸ ਮਾਰਨ ਵਾਲੇ ਨੂੰ ਹੀ ਲਗੇਗਾ (ਦਰਅਸਲ ਇਹੀ ਹਾਲ ਹੁੰਦਾ ਹੈ ਮਨਮੁਖਾਂ ਦੀਆਂ ਗੱਲਾਂ ਤੇ ਕਰਣੀਆਂ ਦਾ ਕਿਉਂਕਿ ਉਹ ਹੁੰਦੀਆਂ ਹੀ ਬੇਸਿਰਪੈਰ ਤੇ ਜੀਵਨ ਨੂੰ ਹੋਰ ਕੁਰਾਹੇ ਪਾਣ ਵਾਲੀਆਂ ਹੀ ਹੁੰਦੀਆਂ ਹਨ। ਇਸ ਤੋਂ ਉਨ੍ਹਾਂ ਦਾ ਜੀਵਨ ਪਹਿਲਾਂ ਤੋਂ ਵਧ ਉਖੜਿਆ, ਪ੍ਰੇਸ਼ਾਣੀਆਂ ਭਟਕਣਾ ਆਦਿ ਵਾਲਾ ਹੋ ਜਾਂਦਾ ਹੈ)। ੨।

ਗੁਰਮੱਤ ਵਿਚਾਰ ਦਰਸ਼ਨ-ਦੇਖਿਆ ਜਾਵੇ ਤਾਂ ਇਸ ਸਲੋਕ `ਚ ਵੀ ਗੁਰਦੇਵ ਨੇ ਪਿਛਲੇ ਸਲੋਕ ਵਾਲੇ ਵਿਸ਼ੇ ਨੂੰ ਹੀ ਅੱਗੇ ਟੋਰਿਆ ਹੈ। ਗੁਰਦੇਵ ਨੇ ਉਸ ਸਲੋਕ `ਚ ਮਾਂਦਰੀ ਦੀ ਮਿਸਾਲ ਨੂੰ ਵਰਤ ਕੇ ਸਪਸ਼ਟ ਕੀਤਾ ਹੋਇਆ ਹੈ ਕਿ ਜਿਵੇਂ ਮਨਮੁਖ ਆਪਣੀ ਜ਼ਿੰਦਗੀ ਨੂੰ ਸਿਧੇ ਰਾਹ ਪਾਣ ਲਈ ਕਿਸੇ ਗੁਰਮੁਖ ਦਾ ਸੰਗ ਕਰਣ ਦੀ ਬਜਾਏ, ਉਲਟਾ ਗੁਰਮੁਖਾਂ ਨਾਲ ਖਹਿਬੜਦਾ ਤੇ ਝਗੜੇ ਝੇੜੇ ਕਰਦਾ ਹੈ। ਉਸੇ ਦਾ ਨਤੀਜਾ ਹੁੰਦਾ ਹੈ ਕਿ ਬਜਾਏ ਉਸ ਦੇ ਜੀਵਨ ਦੀ ਸੰਭਾਲ ਹੋਣ ਦੇ ਉਹ ਹੋਰ ਵੀ ਵਿਕਾਰਾਂ ਅਉਗੁਣਾਂ `ਚ ਡੁੱਬਦਾ ਤੇ ਆਪਣੇ ਜੀਵਨ ਨੂੰ ਤਬਾਹੀ ਵਾਲੇ ਪਾਸੇ ਹੀ ਲਿਜਾਂਦਾ ਹੈ।

ਇਸੇ ਤਰ੍ਹਾਂ ਇਸ ਸਲੋਕ `ਚ ਵੀ `ਚ ਵੀ ਗੁਰਦੇਵ ਫ਼ੁਰਮਾਉਂਦੇ ਹਨ ਕਿ ਆਪਣੇ ਆਪ ਦਾ ਅਸਲ ਪਾਰਖੂ ਉਹੀ ਮਨੁੱਖ ਹੁੰਦਾ ਹੈ ਜਿਹੜਾ ਆਤਮਕ ਪੱਖੋਂ ਆਪਣੇ ਆਪ ਨੂੰ ਪਰਖ ਤੇ ਘੋਖ ਸਕੇ। ਅਜਿਹਾ ਮਨੁੱਖ ਆਪਣੀ ਜ਼ਿੰਦਗੀ ਦੇ ਸਮੇਂ ਨੂੰ ਬਿਰਥਾ ਦੇ ਝਗੜਿਆਂ ਝੇੜਿਆਂ ਵੱਲ ਨਹੀਂ ਵਧਣ ਦਿੰਦਾ। ਉਹ ਆਪਣੇ ਜੀਵਨ ਨੂੰ ਸੰਸਾਰਕ ਰਸਾਂ ਕਸਾਂ `ਚ ਵੀ ਬਰਬਾਦ ਨਹੀਂ ਕਰਦਾ। ਉਹ ਆਪਣੇ ਲਈ ਸੰਗ ਵੀ ਸਤਸੰਗੀਆਂ ਦਾ ਹੀ ਪਸੰਦ ਕਰਦਾ ਹੈ। ਇਸੇ ਦਾ ਨਤੀਜਾ ਹੁੰਦਾ ਹੈ ਕਿ ਉਹ ਆਪਣੇ ਮਨੁੱਖਾ ਜਨਮ ਦੀ ਸੰਭਾਲ ਤਾਂ ਕਰਦਾ ਹੀ ਹੈ ਨਾਲ ਨਾਲ ਦੂਜਿਆਂ ਦੇ ਜੀਵਨ ਵੀ ਸਫ਼ਲ ਕਰਣ ਦਾ ਕਾਰਨ ਬਣਦਾ ਹੈ।

ਪਰ ਜੇ ਮਨੁੱਖ ਆਪ ਹੋਵੇ ਹੀ ਮਨਮੁਖ ਤੇ ਅੜੇ ਗੁਰਮੁਖਾਂ ਨਾਲ। ਅਜਿਹੇ ਮਨਮੁੱਖ ਦਾ ਜੀਵਨ ਤਾਂ ਇਉਂ ਹੁੰਦਾ ਹੈ ਜਿਵੇਂ ਕੋਈ ਆਕਾਸ਼ ਵੱਲ ਤੀਰ ਚਲਾਵੇ। ਕਿਉਂਕਿ ਦੂਜੇ ਪਾਸੇ ਉਹ ਆਕਾਸ਼ ਰੂਪ ਅਕਾਲਪੁਰਖ ਤਾਂ ਅੱਗੋਂ ਹੈ ਹੀ ਅਪਹੁੰਚ ਭਾਵ ਗਿਆਨ ਤੇ ਕਰਮ ਇੰਦਰਿਆਂ ਦੀ ਪਹੁੰਚ ਤੋਂ ਪਰੇ। ਸੋ, ਇਸ ਤਰ੍ਹਾਂ ਇਹੀ ਹਾਲ ਮਨਮੁਖਾਂ ਦੀਆਂ ਮੂਰਖ ਕਰਣੀਆਂ ਤੇ ਗੱਲਾਂ (ਤੀਰਾਂ) ਦਾ ਹੁੰਦਾ ਹੈ, ਕਿਉਂਕਿ ਉਹ ਸਭ ਬੇਸਿਰਪੈਰ ਤੇ ਜੀਵਨ ਨੂੰ ਕੁਰਾਹੇ ਪਾਣ ਵਾਲੀਆਂ ਹੀ ਹੁੰਦੀਆਂ ਹਨ। ਇਸ ਤਰ੍ਹਾਂ ਇਸੇ ਤੋਂ ਉਨ੍ਹਾਂ ਦਾ ਆਪਣਾ ਜੀਵਨ ਬਲਕਿ ਹੋਰ ਤੋਂ ਹੋਰ ਖ਼ਰਾਬ ਹੁੰਦਾ ਜਾਂਦਾ ਤੇ ਵਿਕਾਰਾਂ ਅਉਗੁਣਾਂ ਆਦਿ ਵੱਲ ਹੀ ਵਧਦਾ ਜਾਂਦਾ ਹੈ।

ਪਉੜੀ॥ ਨਾਰੀ ਪੁਰਖ ਪਿਆਰੁ, ਪ੍ਰੇਮਿ ਸੀਗਾਰੀਆ॥ ਕਰਨਿ ਭਗਤਿ ਦਿਨੁ ਰਾਤਿ, ਨਾ ਰਹਨੀ ਵਾਰੀਆ॥ ਮਹਲਾ ਮੰਝਿ ਨਿਵਾਸੁ ਸਬਦਿ ਸਵਾਰੀਆ॥ ਸਚੁ ਕਹਨਿ ਅਰਦਾਸਿ, ਸੇ ਵੇਚਾਰੀਆ॥ ਸੋਹਨਿ ਖਸਮੈ ਪਾਸਿ ਹੁਕਮਿ ਸਿਧਾਰੀਆ॥ ਸਖੀ ਕਹਨਿ ਅਰਦਾਸਿ, ਮਨਹੁ ਪਿਆਰੀਆ॥ ਬਿਨੁ ਨਾਵੈ ਧ੍ਰਿਗੁ ਵਾਸੁ, ਫਿਟੁ ਸੁ ਜੀਵਿਆ॥ ਸਬਦਿ ਸਵਾਰੀ ਆਸੁ ਅੰਮ੍ਰਿਤੁ ਪੀਵਿਆ॥ ੨੨॥ {ਪੰਨਾ ੧੪੮}

ਪਦ ਅਰਥ: ਨਾਰੀ—ਜੀਵ-ਇਸਤ੍ਰੀ। ਪੁਰਖ … ਅਕਾਲਪੁਰਖ। ਪ੍ਰੇਮਿ … ਪ੍ਰਭੂ ਪਿਆਰ ਰੂਪ ਗਹਣਿਆਂ ਨਾਲ। ਸੀਗਾਰੀਆ—ਸਜੀਆਂ ਹੋਈਆਂ। ਪ੍ਰੇਮਿ ਸੀਗਾਰੀਆ — ਪ੍ਰਭੂ ਪਿਆਰ ਰੂਪ ਗਹਣਿਆਂ ਨਾਲ ਸਜੀਆਂ ਹੋਈਆਂ। ਵਾਰੀਆ—ਵਰਜੀਆਂ, ਰੋਕੀਆਂ ਜਾ ਸਕਦੀਆਂ। ਸਿਧਾਰੀਆ— ਸੁਰਤ ਕਰਕੇ ਅੱਪੜੀਆਂ ਹੋਈਆਂ। ਸਖੀ—ਸਖੀਆਂ, ਗੋਲੀਆਂ, ਸੇਵਕਾਵਾਂ। ਮਨਹੁ—ਦਿਲੋਂ, ਸੱਚੇ ਦਿਲੋਂ, ਮਨ ਕਰਕੇ, ਸੁਰਤ ਪੱਖੋਂ। ਧ੍ਰਿਗੁ—ਫਿਟਕਾਰ ਜੋਗ। ਸਬਦਿ ਸਵਾਰੀਆਸੁ—ਜਿਨ੍ਹਾਂ ਜੀਵ ਇਸਤ੍ਰੀਆਂ ਦੇ ਜੀਵਨ ਸ਼ਬਦ ਰਾਹੀਂ ਸੁਆਰੇ ਜਾ ਚੁੱਕੇ ਹਨ। ਅੰਮ੍ਰਿਤੁ ਪੀਵਿਆਕਰਤੇ ਪ੍ਰਭੂ ਦੀਆਂ ਵਡਿਆਈਆਂ `ਚ ਗੜੁੱਚ ਹੋਈਆਂ, ਅਕਾਲਪੁਰਖ ਦੀ ਸਿਫ਼ਤ ਸਲਾਹ `ਚ ਮਗ਼ਨ।

ਅਰਥ: “ਨਾਰੀ ਪੁਰਖ ਪਿਆਰੁ, ਪ੍ਰੇਮਿ ਸੀਗਾਰੀਆ” ਜਿਨ੍ਹਾਂ ਜੀਵ-ਇਸਤ੍ਰੀਆਂ ਦਾ ਪ੍ਰਭੂ-ਪਤੀ ਨਾਲ ਪਿਆਰ ਹੁੰਦਾ ਹੈ, ਉਹ ਸਦਾ ਪ੍ਰਭੂ ਦੇ ਪਿਆਰ ਰੂਪ ਗਹਣਿਆਂ ਨਾਲ ਹੀ ਸਜੀਆਂ ਰਹਿੰਦੀਆਂ ਹਨ।

“ਕਰਨਿ ਭਗਤਿ ਦਿਨੁ ਰਾਤਿ, ਨਾ ਰਹਨੀ ਵਾਰੀਆ” ਅਜਿਹੀਆਂ ਜੀਵ-ਇਸਤ੍ਰੀਆਂ ਦਿਨ ਤੇ ਰਾਤ ਭਾਵ ਹਰ ਸਮੇਂ, ਹਰ ਪਲ ਪ੍ਰਭੂ-ਪਤੀ ਦੀ ਹੀ ਭਗਤੀ ਕਰਦੀਆਂ ਹਨ। ਇਸ ਲਈ ਉਨ੍ਹਾਂ ਨੂੰ ਜੇਕਰ ਕੋਈ ਉਸ ਪਾਸਿਓਂ ਵਰਜੇ ਵੀ, ਉਹ ਤਾਂ ਵੀ ਪ੍ਰਭੂ ਸਿਮਰਨ ਵਾਲੇ ਪਾਸਿਓਂ ਨਹੀਂ ਹਟਦੀਆਂ।

“ਮਹਲਾ ਮੰਝਿ ਨਿਵਾਸੁ ਸਬਦਿ ਸਵਾਰੀਆ” ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸੁਧਰੀਆਂ ਹੋਈਆਂ ਹੋਣ ਕਾਰਨ ਉਹ ਮਾਨੋ ਹਰ ਸਮੇਂ ਪ੍ਰਭੂ ਪਤੀ ਦੇ ਮਹਲਾਂ `ਚ ਹੀ ਵੱਸਦੀਆਂ ਹਨ,

“ਸਚੁ ਕਹਨਿ ਅਰਦਾਸਿ, ਸੇ ਵੇਚਾਰੀਆ” ਸ਼ਬਦ ਗੁਰੂ ਦੀ ਵਿਚਾਰਵਾਨ, ਉਹ ਸਦਾ-ਥਿਰ ਰਹਿਣ ਵਾਲੀ ਅਰਦਾਸ ਹੀ ਕਰਦੀਆਂ ਹਨ। ਭਾਵ, ਪ੍ਰਭੂ ਦਰ ਤੋਂ ਸੰਸਾਰਕ ਨਾਸ਼ਵੰਤ ਪਦਾਰਥ ਨਹੀਂ, ਬਲਕਿ ਸਦਾ ਥਿਰ ਕਰਤੇ ਦੀ ਸਿਫ਼ਤ ਸਲਾਹ ਤੇ ਉਸ ਨਾਲ ਸਾਂਝ-ਪਿਆਰ ਹੀ ਮੰਗਦੀਆਂ ਹਨ।

“ਸੋਹਨਿ ਖਸਮੈ ਪਾਸਿ ਹੁਕਮਿ ਸਿਧਾਰੀਆ” ਪ੍ਰਭੂ-ਪਤੀ ਦੇ ਹੁਕਮ ਅਨੁਸਾਰ, ਪ੍ਰਭੂ ਦਰ ਤੱਕ ਅੱਪੜੀਆਂ ਜੀਵ-ਇਸਤ੍ਰੀਆਂ ਖਸਮ-ਪ੍ਰਭੂ ਦੇ ਕੋਲ ਰਹਿੰਦੀਆਂ ਤੇ ਸ਼ੋਭਾ ਪਾਂਦੀਆਂ ਹਨ ਭਾਵ ਸੁਰਤ ਕਰਕੇ ਉਹ ਸਦਾ ਕਰਤੇ `ਚ ਅਭੇਦ ਹੁੰਦੀਆਂ ਹਨ ਤੇ ਉਨ੍ਹਾਂ ਦੇ ਜੀਵਨ ਵੀ ਅਨੰਦਮਈ, ਸੰਤੋਖੀ ਬੀਤਦੇ ਹਨ।

“ਸਖੀ ਕਹਨਿ ਅਰਦਾਸਿ, ਮਨਹੁ ਪਿਆਰੀਆ” ਅਜਿਹੀਆਂ ਜੀਵ-ਇਸਤ੍ਰੀਆਂ ਪ੍ਰਭੂ ਨੂੰ ਦਿਲੋਂ ਪਿਆਰ ਕਰਦੀਆਂ ਹਨ ਤੇ ਸਖੀ-ਭਾਵਨਾਂ ਨਾਲ ਉਸ ਕਰਤੇ ਦੇ ਚਰਨਾਂ `ਚ ਹੀ ਅਰਦਾਸ ਕਰਦੀਆਂ ਹਨ।

“ਬਿਨੁ ਨਾਵੈ ਧ੍ਰਿਗੁ ਵਾਸੁ, ਫਿਟੁ ਸੁ ਜੀਵਿਆ” ਜਦਕਿ ਅਜਿਹਾ ਜੀਊਣਾ ਹੀ ਫਿਟਕਾਰ-ਜੋਗ ਹੈ, ਅਜਿਹੇ ਵਸੇਵੇ ਨੂੰ ਹੀ ਲਾਹਨਤ ਹੈ ਜਿਹੜਾ ਨਾਮ ਭਾਵ ਕਰਤੇ ਦੀ ਸਿਫ਼ਤ ਸਲਾਹ ਤੋਂ ਸਖਣਾ ਹੋਵੇ।

“ਸਬਦਿ ਸਵਾਰੀਆਸੁ, ਅੰਮ੍ਰਿਤੁ ਪੀਵਿਆ” ਜਿਨ੍ਹਾਂ ਜੀਵ-ਇਸਤ੍ਰੀਆਂ ਨੂੰ ਅਕਾਲ ਪੁਰਖ ਨੇ ਗੁਰ-ਸ਼ਬਦ ਰਾਹੀਂ ਸੁਧਾਰਿਆ ਹੁੰਦਾ ਹੈ ਅਸਲ `ਚ ਨਾਮ ਅੰਮ੍ਰਿਤ ਵੀ ਉਹ ਹੀ ਪੀਂਦੀਆਂ ਹਨ। ੨੨।

ਗੁਰਮੱਤ ਵਿਚਾਰ ਦਰਸ਼ਨ- ਸਲੋਕ `ਚ “ਨਾਰੀ ਪੁਰਖ” ? -ਧਿਆਨ ਦੇਣਾ ਹੈ ਕਿ ਇਥੇ ਨਾਰੀ ਪੁਰਖ ਭਾਵ ਸੰਸਾਰਕ ਪਤੀ ਪਤਨੀ ਵਾਲੇ ਪ੍ਰਕਰਣ ਨੂੰ ਕੇਵਲ ਮਿਸਾਲ ਵੱਜੋਂ ਹੀ ਵਰਤਿਆ ਹੈ। ਇਸ ਤਰ੍ਹਾਂ ਇਥੇ ਲਫ਼ਜ਼ ਪੁਰਖ ਵੀ, ਕੇਵਲ ਤੇ ਕੇਵਲ ਅਕਾਲਪੁਰਖ ਲਈ ਹੀ ਹੈ ਕਿਸੇ ਮਨੁੱਖ ਮਾਤ੍ਰ ਲਈ ਨਹੀਂ ਹੈ। ਇਸ ਤੋਂ ਬਾਅਦ ਜਿਉਂ ਜਿਉਂ ਪਉੜੀ ਦੇ ਅਰਥਾਂ ਵੱਲ ਵਧਦੇ ਹਾਂ ਪਉੜੀ ਦੀ ਹਰੇਕ ਪੰਕਤੀ ਵੀ “ਪ੍ਰਭੂ ਪਤੀ ਤੇ ਜੀਵ ਇਸਤ੍ਰੀ” ਵਾਲੇ ਵਿਸ਼ੇ ਨੂੰ ਹੀ ਸਪਸ਼ਟ ਕਰ ਰਹੀ ਹੈ ਕਿਸੇ ਸੰਸਾਰਕ ਨਾਰੀ-ਪੁਰਖ ਦੇ ਅਰਥਾਂ ਨਾਲ ਇਸ ਦਾ ਦੂਰ ਦਾ ਵੀ ਸਬੰਧ ਨਹੀਂ।

ਪਉੜੀ ਤੇ ਸਲੋਕਾਂ ਦੀ ਆਪਸੀ ਸਾਂਝ-ਪਹਿਲੇ ਸਲੋਕ `ਚ ਗੁਰਦੇਵ ਨੇ ਸਪਸ਼ਟ ਕੀਤਾ ਹੈ ਕਿ ਸੰਸਾਰ `ਚ ਆਮਤੌਰ `ਤੇ ‘ਗੁਰਮੁਖ’ ਤੇ ‘ਮਨਮੁਖ’ ਦੋ ਤਰ੍ਹਾਂ ਦੇ ਵਿਰੋਧੀ ਜੀਵਨ ਹੁੰਦੇ ਹਨ। ਫ਼ਿਰ ਦੇਖਣ ਦੀ ਗੱਲ ਇਹ ਵੀ ਹੈ ਕਿ ਸੰਸਾਰ `ਚ ਬਹੁਤਾ ਕਰਕੇ ਮਨਮੁਖ, ਗੁਰਮੁਖਾਂ ਨਾਲ ਖਹਿਬੜਦਾ ਹੀ ਰਹਿੰਦਾ ਹੈ। ਇਸ ਤਰ੍ਹਾਂ ਮਨਮੁਖ ਜਿਹੜਾ ਕਿ ਜੀਵਨ ਰਹਿਣੀ ਕਰਕੇ ਪਹਿਲਾਂ ਤੋਂ ਹੀ ਕੁਰਾਹੇ ਪਿਆ ਹੁੰਦਾ ਹੈ, ਆਪਣੀ ਅਜਿਹੀ ਨੀਚ ਕਰਣੀ ਕਰਕੇ, ਕਰਤੇ ਦੇ ਨਿੳਾਂ `ਚ ਹੀ “ਅਤੀ ਹੂ ਧਕਾ ਖਾਇ” ਉਸਦਾ ਜੀਵਨ ਹੋਰ ਵਧ ਨੀਵਾਂ ਤੇ ਗੰਦਾ ਹੁੰਦਾ ਜਾਂਦਾ ਹੈ। ਇਹ ਵੀ ਕਿ ‘ਗੁਰਮੁਖ’ ਹੋਵੇ ਜਾਂ ‘ਮਨਮੁਖ’ ਦੋਨਾਂ ਲਈ ਨਿਆਂਕਾਰੀ ਇਕੋ ਪ੍ਰਭੂ ਹੀ ਹੈ ਤੇ ਉਥੇ ਭਿੰਨ ਭਿੰਨ ਨਹੀਂ ਹਨ। ਇਸ ਲਈ ਜੇਕਰ ਮਨਮੁਖ ਵੀ ਜੀਵਨ ਦੀ ਇਸ ਅਸਲੀਅਤ ਨੂੰ ਪਹਿਚਾਣ ਲਵੇ ਤਾਂ ਉਹ ਵੀ ਗੁਰਮੁਖਾਂ ਨਾਲ ਖਹਿਬੜਣ ਦੀ ਬਜਾਏ ਉਨ੍ਹਾਂ ਦੇ ਸੰਗ `ਚ ਆ ਕੇ ਆਪਣੇ ਜੀਵਨ ਨੂੰ ਸੁਆਰ ਸਕਦਾ ਹੈ। ਇਸ ਤੋਂ ਕਰਤੇ ਦੇ ਦਰ `ਤੇ ਉਹ ਵੀ ਮਨਜ਼ੂਰ ਹੋ ਜਾਵੇਗਾ। ਇਸ ਤਰ੍ਹਾਂ ਉਸ ਦਾ ਜੀਵਨ ਵੀ “ਅਤੀ ਹੂ ਧਕਾ ਖਾਇ” ਤੋਂ ਬੱਚ ਜਾਵੇਗਾ ਅਤੇ “ਸਬਦਿ ਸਵਾਰੀਆਸੁ, ਅੰਮ੍ਰਿਤੁ ਪੀਵਿਆ” ਹੋ ਜਾਵੇਗਾ।

ਇਸੇ ਤਰ੍ਹਾਂ ਦੂਜੇ ਸਲੋਕ `ਚ ਵੀ ਪਾਤਸ਼ਾਹ ਇਹੀ ਦ੍ਰਿੜ ਕਰਵਾ ਰਹੇ ਹਨ ਕਿ ਮਨੁੱਖਾ ਜਨਮ ਪਾਉਣ ਬਾਅਦ ਜੇ ਕਰ ਮਨੁੱਖ ਨੂੰ ਆਤਮਕ ਪਰਖ ਵੀ ਆ ਜਾਵੇ ਤਾਂ ਕੋਈ ਵੀ ਮਨੁੱਖ ਨਾ ਮਨਮੁਖ ਰਵੇਗਾ ਤੇ ਨਾ ਕਰਾਹੇ ਪੈ ਕੇ ਆਪਣੇ ਜੀਵਨ ਨੂੰ ਬਿਰਥਾ ਤੇ ਸਜ਼ਾਵਾਂ ਭਰਪੂਰ ਕਰੇਗਾ। ਉਹ ਵੀ “ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ” ਕਰੇ ਤੇ ਉਸ ਨੂੰ ਵੀ ਚੇਤਾ ਰਵੇਗਾ ਕਿ “ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ” ਇਸ ਤਰ੍ਹਾਂ ਉਹ ਵੀ ਕਰਤੇ ਦੀ ਦਰਗਾਹ ਤੋਂ ਕਦੇ ਵੀ ਨਹੀਂ ਧੱਕਿਆ ਜਾਵੇਗਾ।

ਉਪ੍ਰੰਤ ਪਉੜੀ `ਚ ਵੀ ਗੁਰਦੇਵ ਨੇ ਇਹੀ ਸਪਸ਼ਟ ਕੀਤਾ ਹੈ ਕਿ ਜਿਹੜੀਆਂ ਜੀਵ ਇਸਤ੍ਰੀਆਂ ਕੇਵਲ ਤੇ ਕੇਵਲ ਜੀਵਨ ਭਰ ਇਕੋ ਇੱਕ ਕਰਤੇ ਦੇ ਰੰਗ `ਚ ਰੰਗੀਆਂ ਰਹਿੰਦੀਆਂ ਤੇ ਕਰਤੇ ਦੇ ਦਰ ਤੋਂ ਸੰਸਾਰਕ ਮੰਗਾ ਨਹੀਂ ਬਲਕਿ ਉਸ ਦੀ ਸਿਫ਼ਤ ਸਲਾਹ ਲਈ ਹੀ ਅਰਦਾਸਾਂ ਕਰਦੀਆਂ ਹਨ। ਮਨੁੱਖਾ ਜੀਵਨ ਦਾ ਸੱਚ ਵੀ ਇਹੀ ਹੈ ਕਿ ਕੇਵਲ ਉਹੀ ਕਰਤੇ ਦੇ ਦਰ `ਤੇ ਕਬੂਲ ਹੁੰਦੀਆਂ ਤੇ ਜੀਉਂਦੇ ਜੀਅ ਵੀ ਜੀਵਨ ਦਾ ਆਨੰਦ ਮਾਣਦੀਆਂ ਹਨ ਜਦਕਿ ਬਾਕੀਆਂ ਦੀ ਹਾਲਤ “ਬਿਨ ਨਾਵੈ ਧ੍ਰਿਗੁ ਵਾਸੁ ਫਿਟੁ ਸੁ ਜੀਵਿਆ” ਵਾਲੀ ਹੀ ਹੁੰਦੀ ਹੈ। ਦੇਖਣ ਦੀ ਗੱਲ ਇਹ ਹੈ ਕਿ ਸਲੋਕਾਂ ਤੇ ਪਉੜੀ `ਚ ਵੀ ਵਿਸ਼ਾ ਇਕੋ ਹੀ ਚੱਲ ਰਿਹਾ ਹੈ ਵੱਖ ਵੱਖ ਨਹੀਂ ਹਨ। (ਚਲਦਾ) #28 MkV.GVDs28.22.04.12#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Majh Ki Vaar M:1 GVD & Steek” being loaded in instalments. Otherwise All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat 6Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.