.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਜੱਗੋਂ ਤੇਰ੍ਹਵੀਆਂ

ਮਲੇਸ਼ੀਆ `ਚ ਗ੍ਰੰਥੀਆਂ ਦੀ ਘਾਟ
ਭਾਗ ਗਿਆਰ੍ਹਵਾਂ

ਸਕੂਲ ਦੀ ਇਮਾਰਤ ਬਹੁਤ ਖੂਬਸੂਰਤ ਹੋਵੇ ਪਰ ਉਸ ਵਿੱਚ ਅਧਿਆਪਕ ਨਾ ਹੋਣ ਤਾਂ ਕੀ ਬੱਚਿਆਂ ਨੂੰ ਵਿਦਿਆ ਆ ਜਾਏਗੀ? ਸਭ ਦਾ ਉੱਤਰ ਹੋਏਗਾ ਕਦੇ ਵੀ ਬੱਚਿਆਂ ਨੂੰ ਵਿਦਿਆ ਨਹੀਂ ਆਏਗੀ। ਦੂਸਰਾ ਜੇ ਸਕੂਲਾਂ ਵਿੱਚ ਅਧਿਆਪਕਾਂ ਦੀ ਥਾਂ `ਤੇ ਚਪੜਾਸੀ ਨੂੰ ਹਿਸਾਬ ਦੇ ਪੀਰੀਅਡ ਦਿੱਤੇ ਜਾਣ ਤਾਂ ਉਸ ਸਕੂਲ ਦੇ ਬੱਚੇ ਕਦੇ ਵੀ ਉੱਚ ਵਿਦਿਆ ਪ੍ਰਾਪਤ ਨਹੀਂ ਕਰ ਸਕਣਗੇ। ਹਸਪਤਾਲ ਦੀ ਇਮਾਰਤ `ਤੇ ਸ਼ਹਿਰ ਵਾਸੀਆਂ ਨੇ ਬਹੁਤ ਪੈਸੇ ਖਰਚ ਕੀਤੇ ਹਨ, ਪਰ ਉਸ ਵਿੱਚ ਡਾਕਟਰ ਰੱਖਣ ਲਈ ਕੋਈ ਤਿਆਰ ਨਹੀਂ ਹੈ। ਕੀ ਇਸ ਖਾਲੀ ਇਮਾਰਤ ਦਾ ਜੰਤਾ ਨੂੰ ਕੋਈ ਲਾਭ ਹੋ ਸਕਦਾ ਹੈ? ਅਣਜਾਣ ਤੋਂ ਅਣਜਾਣ ਵੀ ਏਹੀ ਆਖੇਗਾ ਖਾਲੀ ਇਮਾਰਤ ਦਾ ਕੋਈ ਲਾਭ ਨਹੀਂ ਹੈ ਸਗੋਂ ਵਾਧੂ ਦਾ ਖਰਚਾ ਹੀ ਪੈ ਰਿਹਾ ਹੈ। ਜੇ ਡਾਕਟਰ ਦੀ ਥਾਂ `ਤੇ ਪਾਣੀ ਪਿਲਾਉਣ ਵਾਲਾ ਸੇਵਾਦਾਰ ਹੀ ਅਪ੍ਰੇਸ਼ਨ ਕਰਨ ਲੱਗ ਪਏ ਤਾਂ ਮਰੀਜ਼ਾਂ ਦੀ ਉਮਰ ਵਿੱਚ ਕੋਈ ਦੇਵਤਾ ਵੀ ਵਾਧਾ ਨਹੀਂ ਕਰ ਸਕੇਗਾ।
ਦੁਨੀਆਂ ਵਿੱਚ ਸਿੱਖਾਂ ਵਲੋਂ ਵੱਸੀ ਕਰਨ ਦਾ ਸ਼ਾਇਦ ਸਭ ਤੋਂ ਪਹਿਲਾਂ ਦਾ ਰਿਕਾਰਡ ਮਲੇਸ਼ੀਆਂ, ਥਾਈਲੈਂਡ, ਸਿੰਘਾਪੁਰ ਤੇ ਹਾਂਗਕਾਂਗ ਦਾ ਹੀ ਆਉਂਦਾ ਲੱਗਦਾ ਹੈ। ਇਹਨਾਂ ਮੁਲਕਾਂ ਵਿੱਚ ਸਾਡੇ ਪੁਰਖਿਆਂ ਨੇ ਹੱਡ ਭੰਨ੍ਹਵੀਂ ਮਿਹਨਤ ਕਰਦਿਆਂ, ਆਪਣੇ ਗੌਰਵਮਈ ਵਿਰਸੇ ਨੂੰ ਸੰਭਾਲਣ ਲਈ ਤੇ ਆਪਸ ਵਿੱਚ ਮਿਲ ਬੈਠਣ ਲਈ ਗੁਰਦੁਆਰਿਆਂ ਦੇ ਰੂਪ ਨੂੰ ਸਾਕਾਰ ਕੀਤਾ। ਉਂਜ ਸਿੱਖ ਜਿੱਥੇ ਵੀ ਗਿਆ ਹੈ ਇਸ ਨੇ ਸਭ ਤੋਂ ਪਹਿਲਾਂ ਗੁਰਦੁਆਰੇ ਬਣਾਉਣ ਨੂੰ ਪਹਿਲ ਦਿੱਤੀ ਹੈ। ਬਾਕੀ ਤਾਂ ਕੁੱਝ ਘੱਟ ਵੱਧ ਹੋ ਸਕਦਾ ਹੈ ਪਰ ਸਿੱਖ ਗੁਰੂ ਤੋਂ ਨਹੀਂ ਰਹਿ ਸਕਦਾ। ਕਈ ਥਾਂਈਂ ਸਿੱਖਾਂ ਨੇ ਆਪਣਿਆਂ ਮਕਾਨਾਂ ਉੱਪਰ ਕਰਜ਼ਾ ਲੈ ਕੇ ਵੀ ਗੁਰਦੁਆਰੇ ਬਣਾਉਣ ਦਾ ਸਾਰਥਿਕ ਯਤਨ ਕੀਤਾ ਹੈ।
ਗੱਲ ਕਰਦੇ ਹਾਂ ਮਲੇਸ਼ੀਆਂ ਦੇ ਗਰਦੁਆਰਿਆਂ ਵਿੱਚ ਗ੍ਰੰਥੀ ਸਿੰਘਾਂ ਦੀ ਕਿੰਨੀ ਘਾਟ ਤੇ ਕਿੰਨੀ ਲੋੜ ਹੈ। ਮੈਨੂੰ ਚੌਵੀ ਕੁ ਸਾਲ ਉਪਰੰਤ ਮਲੇਸ਼ੀਆ ਵਿੱਚ ਦੂਜੀ ਵਾਰ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਦੋ ਹਫਤੇ ਵਿੱਚ ਕੋਈ ਲੱਗ-ਪਗ ਚੌਦਾਂ ਕੁ ਗੁਰਦੁਆਰਿਆਂ ਵਿੱਚ ਸ਼ਬਦ ਦੀ ਵਿਚਾਰ ਕਰਨ ਦਾ ਸਮਾਂ ਬਣਿਆ ਹੈ। ਇਹਨਾਂ ਚੋਦਾਂ ਗੁਰਦੁਆਰਿਆਂ ਵਿੱਚ ਸਿਰਫ ਇੱਕ ਕਲਾਂਗ ਦੇ ਗੁਰਦੁਆਰੇ ਦੇ ਗ੍ਰੰਥੀ ਗਿਆਨੀ ਜਸਵੰਤ ਸਿੰਘ ਮੌਰਜੰਡ ਵਾਲੇ ਸਿੱਖ ਸਿਧਾਂਤ ਤੇ ਪਹਿਰਾ ਹੀ ਨਹੀਂ ਦੇ ਰਹੇ, ਸਗੋਂ ਬੱਚਿਆਂ ਦੀਆਂ ਕਲਾਸਾਂ ਲਗਾ ਕੇ ਗੁਰਬਾਣੀ ਪੜ੍ਹਾਉਣ ਦਾ ਸਾਰਥਿਕ ਯਤਨ ਵੀ ਕਰ ਰਹੇ ਹਨ। ਦੇਸੋਂ ਆਏ ਨੌਜਵਾਨਾਂ ਵੀਰਾਂ ਨੂੰ ਉਹਨਾਂ ਨੇ ਸਿੱਖੀ ਸਰੂਪ ਨਾਲ ਜੋੜ ਕੇ ਸਿਰਾਂ `ਤੇ ਦਸਤਾਰਾਂ ਵੀ ਸਜਾ ਦਿੱਤੀਆਂ ਹਨ। ਦੇਸੋਂ ਆਏ ਨੌਜਵਾਨ ਵੀਰ ਗਿਆਨੀ ਜਸਵੰਤ ਸਿੰਘ ਮੌਰਜੰਡ ਵਾਲਿਆਂ ਪਾਸੋਂ ਗੁਰਬਾਣੀ ਪੜ੍ਹਦੇ ਨਜ਼ਰ ਆਏ ਹਨ। ਅੱਧ ਪਜੱਦ ਕਿਸਮ ਦੇ ਇੱਕ ਦੋ ਹੋਰ ਗ੍ਰੰਥੀ ਸਿੰਘ ਦੇਖੇ ਨੇ ਜਿਹੜੇ ਥੋੜਾ ਬਹੁਤਾ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਿਭਾਅ ਰਹੇ ਹਨ।
ਬਾਕੀ ਦਿਆਂ ਗੁਰਦੁਆਰਿਆਂ ਵਿੱਚ ਗ੍ਰੰਥੀ ਨਹੀਂ ਕੇਵਲ ਇੱਕ ਖਾਨਾ ਪੂਰਤੀ ਕੀਤੀ ਗਈ ਹੈ। ਅਸਲ ਵਿੱਚ ਇਹ ਸਥਾਨਕ ਕਮੇਟੀਆਂ ਦੀ ਜ਼ਿੰਮੇਵਾਰੀ ਹੈ ਕਿ ਸਿਖਾਂਦਰੂ ਗ੍ਰੰਥੀ ਰੱਖਣ ਤਾਂ ਕਿ ਉਹ ਗੁਰਦੁਆਰੇ ਵਿੱਚ ਸਹੀ ਢੰਗ ਦਾ ਸਿੱਖੀ ਪਰਚਾਰ ਤੇ ਗੁਰਬਾਣੀ ਦੀ ਵਿਆਖਿਆ ਕਰ ਸਕਣ। ਇਹਨਾਂ ਵਿੱਚ ਕੁੱਝ ਅਜੇਹੇ ਗ੍ਰੰਥੀ ਵੀ ਹਨ ਜਿੰਨ੍ਹਾਂ ਨੂੰ ਪੰਜਾਬੀ ਜ਼ਬਾਨ ਦਾ ਬੋਧ ਬਹੁਤ ਘੱਟ ਹੈ ਕਿਉਂ ਕਿ ਉਹਨਾਂ ਦਾ ਅਧਾਰ ਪੰਜਾਬ ਤੋਂ ਬਾਹਰ ਦਾ ਹੈ। ਕਈਆਂ ਨੂੰ ਸਿਰਫ ਮੁੱਖ ਵਾਕ ਲੈਣਾ ਜਾਂ ਅਰਦਾਸ ਕਰਨੀ ਹੀ ਆਉਂਦੀ ਹੈ। ਬਾਕੀ ਗੁਰਬਾਣੀ ਸਿਧਾਂਤ ਵਲੋਂ ਫਾਡੀ ਹਨ।
ਗ੍ਰੰਥੀਆਂ ਦੀਆਂ ਵੰਨਗੀਆਂ ਜਗ੍ਹੋਂ ਤੇਰ੍ਹਵੀਆਂ ਦੇਖਣ ਸੁਣਨ ਨੂੰ ਮਿਲੀਆਂ। ਇੱਕ ਗੁਰਦੁਆਰੇ ਦੇ ਗ੍ਰੰਥੀ ਸਿੰਘ ਨੇ ਆਪਣੇ ਵਲੋਂ ਮੁੱਖ ਵਾਕ ਦੀ ਵਿਆਖਿਆ ਕੀਤੀ ਪਰ ਪੰਜਾਬੀ ਵਿੱਚ ਕਿਹਾ ਜਾ ਸਕਦਾ ਹੈ ਕਿ ਵਿਆਖਿਆ ਨਹੀਂ ਇਹਨੇ ਕੜੀ ਘੋਲ਼ੀ ਆ। ਰਾਗ ਸੋਰਠਿ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਦਾ ਵਾਕ ਸੀ “ਗੁਰਿ ਪੂਰੈ ਚਰਨੀ ਲਾਇਆ॥ ਹਰਿ ਸੰਗਿ ਸਹਾਈ ਪਾਇਆ”॥ ਗ੍ਰੰਥੀ ਸਿੰਘ ਜੀ ਹੁਣ ਵਿਆਖਿਆ ਕਰਦੇ ਹਨ ਕਿ ਸਾਧ ਸੰਗਤ ਜੀ ਕਲਿਜੁੱਗ ਦਾ ਘੋਰ ਤੇ ਭਿਆਨਕ ਸਮਾਂ ਚਲ ਰਹਾ ਹੈ। ਜਿਹੜਾ ਗੁਰੂ ਜੀ ਦੇ ਚਰਨ ਫੜ ਲਏਗਾ ਗੁਰੂ ਮਹਾਰਾਜ ਜੀ ਉਸ ਨੂੰ ਸੱਚ ਖੰਡ ਨਾਲ ਹੀ ਲੈ ਜਾਣਗੇ। ਕਿਉਂ ਕਿ ਪ੍ਰਮੇਸ਼ਰ ਸੱਚ ਖੰਡ ਵਿੱਚ ਰਹਿੰਦਾ ਹੈ। ਜਪੋ ਜੀ ਵੈਗੁਰੂ। ਰਹਾਉ ਤੋਂ ਅਗਲ਼ੀਆਂ ਤੁਕਾਂ ਦੀ ਵਿਚਾਰ ਸੁਣ ਕੇ ਹਾਸਾ ਵੀ ਆਉਂਦਾ ਸੀ ਤੇ ਕੰਧ ਨੂੰ ਸਿਰ ਮਾਰ ਕੇ ਰੋਣਾ ਨੂੰ ਵੀ ਚਿੱਤ ਕਰਦਾ ਸੀ। “ਨਾਰਾਇਣ ਪ੍ਰਾਣ ਅਧਾਰਾ॥ ਹਮ ਸੰਤ ਜਨਾਂ ਰੇਨਾਰਾ” ਸਾਧ ਸੰਗਤ ਜੀ ਗੁਰੂ ਮਹਾਂਰਾਜ ਜੀ ਫਰਮਾਉਂਦੇ ਹਨ ਸਾਨੂੰ ਸੰਤਾਂ ਮਹਾਂਪੁਰਸ਼ਾਂ ਦੀ ਦੇ ਚਰਨੀ ਲੱਗਣਾ ਚਾਹੀਦਾ ਹੈ ਭਾਈ ਸੰਤਾਂ ਮਹਾਂ ਪੁਰਸ਼ਾਂ ਦੀ ਚਰਣ ਧੂੜ ਤਾਂ ਬੜੇ ਭਾਗਾਂ ਵਾਲਿਆਂ ਨੂੰ ਮਿਲਦੀ ਹੈ। ਭਾਈ ਇਸ ਕਲਜੁੱਗ ਦੇ ਜ਼ਮਾਨੇ ਵਿੱਚ ਪੂਰਨ ਸੰਤ ਬ੍ਰੈਮ ਗਿਆਨੀਆਂ ਦੁਆਰਾ ਨਾਮ ਜਪਣ ਦੀ ਜੁੱਗਤੀ ਮਿਲਦੀ ਹੈ। ਤਾਬਿਆਂ ਬੈਠਿਆਂ ਕੁੱਝ ਮਰ ਚੁੱਕੇ ਬੂਬਨੇ ਸਾਧਾਂ ਦਾ ਨਾਂ ਲੈਣ ਤੋਂ ਭੋਰਾ ਵੀ ਸੰਕੋਚ ਨਹੀਂ ਕੀਤਾ। ਨਾਲ ਹੀ ਕਹਿੰਦੇ ਜਪੋ ਵੈਗੁਰੂ। ਮੈਂ ਦੇਖ ਰਿਹਾ ਸੀ ਸੰਗਤ ਬੜੇ ਧਿਆਨ ਨਾਲ ਬਾਬਾ ਜੀ ਦੁਆਰਾ ਅੱਧੀ ਹਿੰਦੀ ਤੇ ਅੱਧੀ ਪੰਜਾਬੀ ਵਿੱਚ ਕੀਤੀ ਕਥਾ ਨੂੰ ਧਿਆਨ ਪੂਰਵਕ ਹੋ ਕੇ ਸੁਣ ਰਹੀ ਸੀ। ਏਦ੍ਹੀ ਅਰਦਾਸ ਵੀ ਜੱਗੋਂ ਤੇਰ੍ਹਵੀਂ ਸੀ, ਏਦ੍ਹਾ ਵੱਸ ਚੱਲਦਾ ਤਾਂ ਸਾਰੇ ਸ਼ਹੀਦਾਂ ਦੇ ਨਾਵਾਂ ਦੀ ਥਾਂ `ਤੇ ਬੂਬਨੇ ਬਾਬਿਆਂ ਦਾ ਨਾਂ ਲੈ ਕੇ ਅਰਦਾਸ ਕਰਦਾ। ਪ੍ਰਬੰਧਕ ਸਟੇਜ ਦੇ ਨੇੜੇ ਬੈਠ ਕੇ ਰਸੀਦਾਂ ਕੱਟ ਰਹੇ ਸਨ। ਉਹਨਾਂ ਨੂੰ ਕੋਈ ਪਤਾ ਨਹੀਂ ਭਾਈ ਜੀ ਕੀ ਬੋਲ ਰਹੇ ਹਨ। ਸਮਾਪਤੀ ਉਪਰੰਤ ਭਾਈ ਜੀ ਨੂੰ ਪੁੱਛ ਲਿਆ, ਕਿ “ਭਾਈ ਜੀ ਗੁਰਬਾਣੀ ਵਿਚਾਰ ਦੀ ਕਿਥੋਂ ਸਿਖਿਆ ਲਈ ਜੇ,” ਅੱਗੋਂ ਬਣਾ ਸਵਾਰ ਕੇ ਭਾਈ ਕਹਿੰਦੈ, ਕਿ “ਮੈਂ ਤਾਂ ਸਿਰਫ ਕੀਰਤਨ ਹੀ ਸਿਖਿਆ ਹਾਂ, ਮੈਨੂੰ ਕਥਾ ਨਹੀਂ ਆਉਂਦੀ, ਇਹ ਤੇ ਪ੍ਰਧਾਨ ਜੀ ਦੀ ਆਗਿਆ ਅਨੁਸਾਰ ਚਾਰ ਬਚਨ ਕਹਿ ਲਈਦੇ ਨੇ”। ਆਪਣੀ ਗੱਲ ਨੂੰ ਜਾਰੀ ਰੱਖਦਿਆਂ ਭਾਈ ਜੀ ਕਹਿੰਦੇ, ਕਿ “ਮੁੱਖ ਵਾਕ ਦੇ ਅਰਥ ਕਰਨ ਨਾਲ ਏੱਥੋਂ ਦੇ ਬੱਚਿਆਂ ਨੂੰ ਗੁਰਬਾਣੀ ਦੀ ਸਮਝ ਆ ਜਾਂਦੀ ਹੈ”। ਜਨੀ ਕਿ ਭਾਈ ਜੀ ਨੂੰ ਇਹ ਅਹਿਸਾਸ ਸੀ ਕਿ ਜੋ ਮੈਂ ਕਥਾ ਕਰ ਰਿਹਾਂ ਹਾਂ ਇਸ ਨਾਲ ਮਲੇਸ਼ੀਆ ਦਿਆਂ ਬੱਚਿਆਂ ਨੂੰ ਸਿੱਖੀ ਦੀ ਬਹੁਤ ਜਾਣਕਾਰੀ ਮਿਲ ਰਹੀ ਹੈ। ਦੂਸਰਾ ਉਦ੍ਹਾ ਵਿਚਾਰ ਸੀ ਕਿ ਜੋ ਮੈਂ ਕਰ ਰਿਹਾ ਹਾਂ ਉਹ ਸਹੀ ਕਰ ਰਿਹਾਂ ਹਾਂ। ਕਿਉਂ ਕਿ ਪ੍ਰਬੰਧਕਾਂ ਨੇ ਜੂ ਰੱਖਿਆ ਹੋਇਆ ਹੈ।
ਮਲੇਸ਼ੀਆ ਦੇ ਇੱਕ ਹੋਰ ਗ੍ਰੰਥੀ ਸਿੰਘ ਦੀ ਵੰਨਗੀ ਦੇਖਦੇ ਹਾਂ। ਗ੍ਰੰਥੀ ਸਿੰਘ ਦਾ ਕਦ ਛੋਟਾ ਹੈ ਪਰ ਪਜਾਮਾ ਗਿੱਟਿਆਂ ਤੋਂ ਕੋਈ ਡੇੜ ਫੁੱਟ ਨੀਵਾਂ ਪਾਇਆ ਹੋਇਆ ਹੈ। ਸ਼ਾਇਦ ਭਾਈ ਜੀ ਨੇ ਇਹ ਭਰਮ ਪਾਲਿਆ ਹੋਵੇ ਕੇ ਪਜਾਮਾ ਨੀਵਾਂ ਸਵਾਉਣ ਨਾਲ ਹੀ ਮੇਰੀ ਲੰਬਾਈ ਵੱਧ ਜਾਏਗੀ। ਚੇਤ ਦੇ ਮਹੀਨੇ ਦੀ ਸੰਗਰਾਂਦ ਸਬੰਧੀ ਗ੍ਰੰਥੀ ਸਿੰਘ ਜੀ ਨੇ ਅਰਦਾਸ ਵਿੱਚ ਜੋ ਕਿਹਾ ਉਹ ਸਾਬਤ ਕਰਦਾ ਸੀ ਕਿ ਸਾਡੀ ਕੌਮ ਨੂੰ ਹੁਣ ਮੰਦਰ ਜਾਣ ਦੀ ਜ਼ਰੂਰਤ ਨਹੀਂ ਰਹੇਗੀ, ਤੇ ਇਹਨਾਂ ਗ੍ਰੰਥੀਆਂ ਦੀ ਮਿਹਰਬਾਨੀ ਕਰਕੇ ਹੁਣ ਗੁਰਦੁਆਰੇ ਨੂੰ ਹੀ ਮੰਦਰ ਬਣਾ ਦਿੱਤਾ ਹੈ। ਭਾਈ ਜੀ ਨੇ ਚੇਤ ਦੇ ਮਹੀਨੇ ਦੀ ਵਿਆਖਿਆ ਕਰਦਿਆਂ ਕਿਹਾ ਕਿ ਸਾਧ ਸੰਗਤ ਜੀ “ਜਲ ਬਿਨੁ ਸਾਖ ਕੁਮਲਾਵਤੀ, ਉਪਜਹਿ ਨਾਹੀ ਦਾਮ” ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਜਿਸ ਤਰ੍ਹਾਂ ਪਾਣੀ ਵਿੱਚ ਕਮਲ ਦਾ ਫੁੱਲ ਹੁੰਦਾ ਹੈ ਤੇ ਡੱਡੂ ਨੂੰ ਕਮਲ ਦੇ ਫੁੱਲ ਦੀ ਸਾਰ ਨਹੀਂ ਹੁੰਦੀ, ਏਸੇ ਤਰ੍ਹਾਂ ਕਈਆਂ ਨੂੰ ਡੱਡੂ ਵਾਂਗ ਸੰਗਰਾਂਦ ਦੇ ਪਵਿੱਤਰ ਦਿਹਾੜੇ ਦੀ ਵੀ ਪਛਾਣ ਨਹੀਂ ਹੈ। ਅੱਜ ਬੋਤ ਪਵਿੱਤਰ ਦਿਨ ਹੈ। ਅੱਜ ਦਾ ਬੀਜਿਆ ਹੀ ਹਰਿਆ ਹੋਨਾ ਹੈ। ਭਾਈ ਨਾਮ ਜੱਪਿਆ ਕਰੋ। ਨਾਮ ਨਾ ਜੱਪਣ ਕਰਕੇ ਹੀ ਸਿੱਖਾਂ ਦੀਆਂ ਸਾਰੀਆਂ ਸਮੱਸਿਆਵਾਂ ਵੱਧ ਗਈਆਂ ਹਨ। ਦੀਵਾਨ ਦੀ ਸਮਾਪਤੀ ਉਪਰੰਤ ਭਾਈ ਨੂੰ ਪੁੱਛ ਲਿਆ ਕਿ ਭਾਈ ਜੀ “ਜਲ ਬਿਨੁ ਸਾਖ ਕੁਮਲਾਵਤੀ, ਉਪਜਹਿ ਨਾਹੀ ਦਾਮ” ਦੇ ਫਿਰ ਅਰਥ ਕਰਿਆ ਜੇ, ਭਾਈ ਸਮਝ ਗਿਆ ਮੇਰੇ ਲਈ ਹੁਣ ਨਵੀਂ ਬਿਪਤਾ ਖੜੀ ਹੋ ਗਈ ਲਗਦੀ ਏ, ਇਸ ਲਈ ਉਸ ਨੇ ਨੇੜੇ ਹੀ ਗੱਲ ਮਕਾਉਂਦਿਆਂ ਕਿਹਾ ਕਿ ਬਾਪੂ ਜੀ ਮੈਨੂੰ ਅਰਥ ਉਰਥ ਕੋਈ ਨਹੀਂ ਆਉਂਦੇ ਮੈਂ ਤੇ ਐਵੇਂ ਸਮਾਂ ਹੀ ਪਾਸ ਕਰ ਰਿਹਾ ਹਾਂ। ਦੂਸਰਾ ਸੰਗਤ ਨੂੰ ਕਿਹੜਾ ਬਹੁਤਾ ਪਤਾ ਆ ਸਭ ਚਲਦਾ ਹੈ।
ਇਕ ਗੁਰਦੁਆਰੇ ਵਿੱਚ ਪ੍ਰਬੰਧਕਾਂ ਦੇ ਸਹਿਯੋਗ ਨਾਲ ਗ੍ਰੰਥੀ ਸਿੰਘ ਨੇ ਪਾਣੀ ਵਾਲਾ ਘੜਾ ਸਜਾ ਕੇ ਰੱਖਿਆ ਹੋਇਆ ਸੀ। ਆਏ ਗਏ ਨੂੰ ਗੁਰਬਾਣੀ ਪੜਾਉਣ ਦੀ ਥਾਂ `ਤੇ ਜਲ ਦੇ ਕੇ ਗੋਡਿਆਂ ਗਿੱਟੀਆਂ ਦੀਆਂ ਦਰਦਾਂ ਹਟਾ ਰਿਹਾ ਸੀ। ਧੰਨ ਪ੍ਰਬੰਧਕ ਤੇ ਧੰਨ ਗ੍ਰੰਥੀ।
ਕੁਝ ਗ੍ਰੰਥੀ ਸੰਕਟ ਮੋਚਨ ਦੀਆਂ ਵਿਧੀਆਂ ਦਸਦੇ ਹੋਏ ਵੀ ਨਜ਼ਰ ਆਏ। ਕੁੱਝ ਮਾਲਾਂ ਨੂੰ ਪ੍ਰਸਾਦ ਵਜੋਂ ਦੇਂਦੇ ਹੋਏ ਵੀ ਦੇਖੇ ਗਏ। ਇੱਕ ਕਹਿੰਦਾ ਕਿ ਮੈਂ ਮਿਸ਼ਨਰੀ ਕਾਲਜ ਦਾ ਪੜ੍ਹਿਆ ਹੋਇਆ ਹਾਂ ਪਰ ਉਸ ਨੂੰ ਅਰਦਾਸ ਵੀ ਪੂਰੀ ਯਾਦ ਨਹੀਂ ਸੀ।
ਸੁਣਨ ਵਿੱਚ ਆਇਆ ਹੈ ਕਿ ਮਲੇਸ਼ੀਆ ਵਿੱਚ ਸੱਤਰ ਕੁ ਕਰੀਬ ਦੇ ਵੱਖ ਵੱਖ ਜੱਥੇਬੰਦੀਆਂ ਹਨ ਇਹਨਾਂ ਵਿਚੋਂ ਸੱਤਾਂ ਅੱਠਾਂ ਨੂੰ ਮਾਨਤਾ ਵੀ ਮਿਲੀ ਹੋਈ ਹੈ। ਆਪੋ ਆਪਣੇ ਥਾਂ ਸਾਰੇ ਸੇਵਾ ਭਾਵਨਾ ਨਾਲ ਸਿੱਖੀ ਦਾ ਪਰਚਾਰ ਕਰ ਰਹੇ ਪਰ ਗੁਰਦੁਅਰਿਆਂ ਦੇ ਗ੍ਰੰਥੀ ਰੱਖਣ ਵਲ ਵੀ ਸੁਚੇਤ ਹੋਣ ਦੀ ਲੋੜ ਹੈ। ਕੁੱਝ ਕੁ ਜੱਥੇਬੰਦੀਆਂ ਦਾ ਬਹੁਤ ਸਾਰਥਿਕ ਕੰਮ ਹੈ ਪਰ ਉਹਨਾਂ ਨੂੰ ਵੀ ਨਵੇਂ ਸਿਰੇ ਤੋਂ ਵਿਉਂਤ ਬੰਦੀ ਕਰਨ ਦੀ ਲੋੜ ਹੈ।
ਕੁਝ ਥਾਂਵਾਂ ਤੇ ਇਹ ਮਹਿਸੂਸ ਕੀਤਾ ਗਿਆ ਹੈ ਜਿਵੇਂ ਪ੍ਰਬੰਧਕਾਂ ਨੇ ਕੇਵਲ ਸਵੇਰੇ ਸ਼ਾਮ ਗੁਰਦੁਆਰੇ ਦਾ ਦਰਵਾਜ਼ਾ ਖੁਲ੍ਹਾ ਰੱਖਣ ਲਈ ਹੀ ਇੱਕ ਬੰਦੇ ਨੂੰ ਰੱਖਿਆ ਹੋਵੇ ਤੇ ਉਨੂ ਕਹਿ ਦਿੱਤਾ ਜਾਏ ਕਿ ਭਾਈ ਤੂੰ ਈਂ ਸਵੇਰੇ ਸ਼ਾਮ ਗੁਰੂ ਮਹਾਂਰਾਜ ਦਾ ਪ੍ਰਕਾਸ਼ ਤੇ ਸੰਤੋਖਣ ਦੀ ਸੇਵਾ ਨਿਭਾਈ ਜਾਂਈ।
ਮਲੇਸ਼ੀਆ ਵਿੱਚ ਜਿਸ ਤਰ੍ਹਾਂ ਗੁਰਪੁਰਬ ਬਹੁਤ ਵੱਡੀ ਪੱਧਰ `ਤੇ ਮਨਾਏ ਜਾਂਦੇ ਹਨ। ਇਹਨਾਂ ਸਮਾਗਮਾਂ ਨੂੰ ਗੁਰਬਾਣੀ ਪਰਚਾਰ ਲਈ ਜ਼ਰੂਰ ਵਰਤਣ ਲੈਣਾ ਚਾਹੀਦਾ ਹੈ। ਸ਼ਬਦ ਕੀਰਤਨ ਦੇ ਨਾਲ ਨਾਲ ਸ਼ਬਦ ਵਿਚਾਰ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਏ ਤਾਂ ਕਿ ਸੰਗਤਾਂ ਸਿੱਖ ਸਿਧਾਂਤ ਤੋਂ ਵੀ ਚੰਗੀ ਤਰ੍ਹਾਂ ਜਾਣੂ ਹੋ ਸਕਣ।




.