.

ਸੰਗ੍ਰਾਂਦ

ਸਰਵਜੀਤ ਸਿੰਘ ਸੈਕਰਾਮੈਂਟੋ

ਪੰਥਕ ਸੇਵਾ ਲਹਿਰ ਦੇ ਮੁਖੀ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ ਤੋਂ ਇਹ ਕਹਿ ਕੇ, “ਮੇਰੇ ਵਰਗੇ ਜਿਨ੍ਹਾਂ ਨੂੰ ਕੈਲੰਡਰ ਦਾ ੳ, ਅ ਵੀ ਨਹੀਂ ਆਉਂਦਾ, ਉਨ੍ਹਾਂ ਨੂੰ ਕੌਮ ਦਾ ਕਲੰਡਰ ਬਣਾਉਣ ਜਾਂ ਸੋਧਣ ਵਿਚ ਆਪਣੀ ਲੱਤ ਨਹੀਂ ਅੜਾਉਣੀ ਚਾਹੀਦੀ” ਕੈਲੰਡਰ ਦੇ ਵਿਸ਼ੇ ਨੂੰ ਇਕ ਫੇਰ ਚਰਚਾ ‘ਚ ਲੈ ਆਂਦਾ ਹੈ। ਅਕਤੂਬਰ 2009 ਵਿਚ ਜਦੋਂ  ਨਾਨਕ ਸ਼ਾਹੀ ਕੈਲੰਡਰ ਨੂੰ ਸੋਧਾਂ ਲਾਉਣ ਦੀ ਖ਼ਬਰ ਆਈ ਸੀ ਤੋਂ ਅੱਜ ਤਾਈਂ ਕਿਸੇ ਨਾ ਕਿਸੇ ਰੂਪ ਵਿਚ ਇਹ ਚਰਚਾ ਚਲਦੀ ਹੀ ਰਹਿੰਦੀ ਹੈ। ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਇਸ ਚਰਚਾ ‘ਚ ਆਪਣਾ ਬਣਦਾ ਸਰਦਾ ਯੋਗਦਾਨ ਪਾਉਂਦੀ ਹੀ ਰਹਿੰਦੀ ਹੈ। ਕਦੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦੇ ਕੇ ਅਤੇ ਕਦੇ ਨਾਨਕਸ਼ਾਹੀ ਕੈਲੰਡਰ ਦੀਆਂ ਸੰਗ੍ਰਾਂਦਾਂ ਨੂੰ ਰੱਦ ਕਰਕੇ ਬਿਕ੍ਰਮੀ ਸੰਮਤ ਵਾਲੀਆਂ ਸੰਗ੍ਰਾਂਦਾਂ ਮੰਨ ਕੇ। ਭਾਈ ਬਲਜੀਤ ਸਿੰਘ ਦਾਦੂਵਾਲ ਨੇ ਵੀ ਇਸ ਵਿਵਾਦਿਤ ਵਿਸ਼ੇ ਤੇ ਬਿਆਨ ਦੇਣ ਲਈ ਗੁਰਦੁਆਰਾ ਬੰਗਲਾ ਸਾਹਿਬ (ਨਵੀਂ ਦਿੱਲੀ) ਦੀ ਸਟੇਜ ਨੂੰ ਹੀ ਚੁਣਿਆ ਹੈ ਜਦੋਂ ਕਿ ਉਹ ਪ੍ਰਚਾਰ ਤਾਂ ਪੰਜਾਬ ‘ਚ ਵੀ ਕਰਦੇ ਹਨ। ਇਸ ਦੇ ਪਿਛੇ ਕੀ ਕਾਰਨ ਹੋ ਸਕਦਾ ਹੈ ਇਹ ਤਾ ਉਹੀ ਜਾਣਦੇ ਹਨ ਪਰ ਉਨ੍ਹਾਂ ਨੇ ਸੱਚ ਬੋਲਣ ਜੁਰਅਤ ਤਾਂ ਕੀਤੀ ਹੈ। ਇਥੇ ਅਜੇਹੇ ਪ੍ਰਚਾਰਕਾਂ ਦੀ ਭਰਮਾਰ ਹੈ ਜਿਨ੍ਹਾਂ ਨੂੰ ਏਨਾ ਵੀ ਨਹੀ ਪਤਾ ਕਿ ਜੇ ਨਾਨਕਸ਼ਾਹੀ ਕੈਲੰਡਰ ਦੀ ਬਜਾਏ ਸੰਗ੍ਰਾਂਦ ਬਿਕ੍ਰਮੀ ਸੰਮਤ ਵਾਲੀ ਮਨਾਉਣੀ ਹੈ ਤਾਂ, ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖਾਂ ਵੀ ਹਰ ਸਾਲ ਉਸ ਮੁਤਾਬਕ ਹੀ ਬਦਲਣੀਆਂ ਪੈਣੀਆਂ ਹਨ। ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਦਿੱਤਾ ਸਪੱਸ਼ਟ ਬਿਆਨ,“ਮੇਰੇ ਵਰਗੇ ਜਿਨ੍ਹਾਂ ਨੂੰ ਕੈਲੰਡਰ ਦਾ ੳ, ਅ ਵੀ ਨਹੀਂ ਆਉਂਦਾ, ਉਨ੍ਹਾਂ ਨੂੰ ਕੌਮ ਦਾ ਕੈਲੰਡਰ ਬਣਾਉਣ ਜਾਂ ਸੋਧਣ ਵਿਚ ਆਪਣੀ ਲੱਤ ਨਹੀਂ ਅੜਾਉਣੀ ਚਾਹੀਦੀ” ਬਹੁਤ ਹੀ ਸ਼ਲਾਘਾਯੋਗ ਹੈ ਇਸ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਬਣਦਾ ਹੈ।

ਸੰਗ੍ਰਾਂਦ; ਲਫਜ ਸੰਗ੍ਰਾਦ ਸੰਸਕ੍ਰਿਤ ਦੇ ਸਾਂਕ੍ਰਾਂਤ ਦਾ ਵਿਗਾੜ ਹੈ, ਇਸ ਦਾ ਅਰਥ ਹੈ, ਇਸ ਦਾ ਅਰਥ ਹੈ ‘ਸੂਰਜ ਦਾ ਇਕ ਰਾਸਿ ਤੋਂ ਦੂਜੀ ਰਾਸਿ ਵਿਚ ਲੰਘਣਾ’। (ਬੁਰਾਈ ਦਾ ਟਾਕਰਾ, ਪੰਨਾ 125)

ਸੰਕ੍ਰਾਂਤਿ: ਸੰ. ਸੰਗ੍ਯਾ- ਉਹ ਦਿਨ, ਜਿਸ ਵਿੱਚ ਸੂਰਜ ਨਵੀਂ ਰਾਸ਼ਿ ਪੁਰ ਸੰਕ੍ਰਮਣ ਕਰੇ. ਸੂਰਜ ਮਹੀਨੇ ਦਾ ਪਹਿਲਾ ਦਿਨ. ਪਹਿਲਾ ਪ੍ਰਵਿਸ਼ਟਾ. (ਮਹਾਨ ਕੋਸ਼)

ਸੂਰਜੀ ਬਿਕ੍ਰਮੀ ਕੈਲੰਡਰ ਦੇ ਸਾਲ ਵਿਚ 12 ਮਹੀਨੇ ਹਨ (ਚੇਤ, ਵੈਸਾਖ, ਜੇਠ, ਹਾੜ, ਸਾਵਣ, ਭਾਦੋਂ, ਅੱਸੂ, ਕੱਤਕ, ਮੱਘਰ ਪੋਹ, ਮਾਘ, ਫੱਗਣ) ਅਤੇ 12 ਹੀ ਰਾਸ਼ਿਆਂ ਹਨ। (ਮੇਖ, ਬ੍ਰਿਖ, ਮਿਥੁਨ, ਕਰਕ, ਸਿੰਘ, ਕੰਨਿਆ, ਤੁਲਾਂ, ਬ੍ਰਿਸ਼ਚਕ, ਧਨ, ਮਕਰ, ਕੁੰਭ, ਮੀਨ) ਸੂਰਜ ਇਕ ਰਾਸ਼ੀ ਵਿਚ ਇਕ ਮਹੀਨਾ  ਰਹਿੰਦਾ ਹੈ। ਜਿਸ ਦਿਨ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ‘ਚ ਪ੍ਰਵੇਸ਼ ਕਰਦਾ ਹੈ ਉਸ ਦਿਨ ਸੰਗ੍ਰਾਂਦ ਹੁੰਦੀ ਹੈ। ਯਾਦ ਰਹੇ, ਇਹ ਨਿਯਮ ਉਨ੍ਹਾਂ ਦਿਨਾਂ ਦੇ ਬਣੇ ਹੋਏ ਹਨ ਜਦੋਂ ਇਹ ਮੰਨਿਆ ਜਾਂਦਾ ਸੀ ਕਿ ਧਰਤੀ ਖੜੀ ਹੈ ਅਤੇ ਸੂਰਜ ਧਰਤੀ ਦੇ ਦੁਵਾਲੇ ਘੁੰਮਦਾ ਹੈ ਪਰ ਅੱਜ ਅਜੇਹਾ ਨਹੀਂ ਹੈ। ਗੇਲੀਲੀਓ (1564-1642) ਨੇ ਅੱਜ ਤੋਂ ਕਈ ਚਾਰ ਸਦੀਆਂ ਪਹਿਲਾ ਇਹ ਸਾਬਤ ਕਰ ਦਿੱਤਾ ਸੀ ਕਿ ਧਰਤੀ ਸੂਰਜ ਦੇ ਦੁਵਾਲੇ ਘੁੰਮਦੀ ਹੈ। ਇਸ ਹਿਸਾਬ ਨਾਲ ਤਾਂ ਸੰਗ੍ਰਾਂਦ ਦੀ ਪ੍ਰੀਭਾਸ਼ਾ ਵੀ ਬਦਲ ਜਾਣੀ ਚਾਹੀ ਸੀ ਪਰ ਨਹੀ। ਖੈਰ ! ਇਹ ਸਾਡਾ ਵਿਸ਼ਾ ਨਹੀਂ ਹੈ।  

“ਬਿਕ੍ਰਮਾਜੀਤੀ ਸਾਲ ਦੇ ਇਹਨਾਂ ਬਾਰਾਂ ਮਹੀਨਿਆਂ ਦਾ ਸੰਬੰਧ ਸੂਰਜ ਦੀ ਚਾਲ ਦੇ ਨਾਲ ਹੈ । ਹਰ ਦੇਸੀ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਸੂਰਜ ਇਕ ‘ਰਾਸਿ’ ਨੂੰ ਛੱਡ ਕੇ ਦੂਜੀ ‘ਰਾਸਿ’ ਵਿਚ ਪੈਰ ਧਰਦਾ ਹੈ । ਬਾਰਾਂ ਮਹੀਨੇ ਹਨ ਤੇ ਬਾਰਾਂ ਹੀ ਰਾਸਾਂ ਹਨ । ਜੋ ਲੋਕ ਸੂਰਜ ਦੇਵਤੇ ਦੇ ਉਪਾਸਕ ਹਨ, ਉਹਨਾਂ ਲਈ ਹਰੇਕ ‘ਸੰਗ੍ਰਾਂਦ’ ਦਾ ਦਿਨ ਪਵਿੱਤ੍ਰ ਹੈ ਕਿਉਂਕਿ ਉਸ ਦਿਨ ਸੂਰਜ-ਦੇਵਤਾ ਇਕ ‘ਰਾਸਿ’ ਨੂੰ ਛੱਡ ਕੇ ਦੂਜੀ ਵਿਚ ਆਉਂਦਾ ਹੈ । ਉਸ ਦਿਨ ਖ਼ਾਸ ਉਚੇਚਾ ਪੂਜਾ-ਪਾਠ ਕੀਤਾ ਜਾਂਦਾ ਹੈ, ਤਾਂ ਜੋ ਸੂਰਜ-ਦੇਵਤਾ ਉਸ ਨਵੀਂ ‘ਰਾਸਿ’ ਵਿਚ ਰਹਿ ਕੇ ਉਪਾਸਕ ਲਈ ਸਾਰਾ ਮਹੀਨਾ ਚੰਗਾ ਲੰਘਾਏ”। (ਬੁਰਾਈ ਦਾ ਟਾਕਰਾ, ਪੰਨਾ 125)

ਗੁਰੂ ਕਾਲ ਵੇਲੇ ਹਿੰਦੋਸਤਾਨ ਵਿਚ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਪ੍ਰਚੱਲਤ ਸੀ। ਇਸ ਕੈਲੰਡਰ ਦੇ ਸਾਲ ਦੀ ਲੰਬਾਈ 365.2587 ਦਿਨ ਹੈ। ਨਵੰਬਰ 18-19, 1964 ਵਿਚ ਅੰਮ੍ਰਿਤਸਰ ਵਿਖੇ ਵਿਦਵਾਨਾਂ ਦੀ ਇਕ ਇਕੱਤ੍ਰਤਾ ਹੋਈ ਜਿਸ ਵਿਚ ਸਾਲ ਦੀ ਲੰਬਾਈ ‘ਚ ਸੋਧ ਕਰਨ ਬਾਰੇ ਚਰਚਾ ਹੋਈ ਕੀਤੀ ਗਈ।

“ਅੰਮ੍ਰਿਤਸਰ-19 ਨਵੰਬਰ- ਅਖਿਲ ਭਾਰਤੀਯ ਵੈਦ ਸਰਵਸ਼ਾਖਾ ਸਮੇਲਨ (ਸਾਤਵਾਂ) ਕੇ ਜ਼ੇਰ ਏ ਇਹਤਮਾਮ ਜੋਤਿਸ਼ ਕੇ ਇਸ ਮੌਜ਼ੂ ਪਰ ਯੇਹ ਫੈਸਲਾ ਕਰਨੇ ਕੇ ਲੀਏ ਦਿਲਚਸਪ ਸ਼ਾਸਤਰਾਰਥ ਹੂਆ ਕਿ ਦਰਿਕ ਪਕਸ਼ ਕੋ ਦਰੁਸਤ ਮਾਨਨਾ ਚਾਹੀਏ ਯਾ ਸਵਰ ਪਕਸ਼ ਕੋ ਦਰੁਸਤ ਮਾਨਨਾ ਚਾਹੀਏ। ਦਰਿਕ ਪਕਸ਼ ਕਾ ਸਮਰਥਨ ਮੌਜ਼ਾ ਕੁਰਾਲੀ ਜ਼ਿਲਾ ਅੰਬਾਲਾ ਕੇ ਦੋ ਨੌਜਵਾਨ ਵਿਦਵਾਨ ਸ਼੍ਰੀ ਪਿਰਯਾਵਰਤ, ਐੈਮ ਏ, ਪਰੋਫੈਸਰ ਸੰਸਕ੍ਰਿਤ ਕਾਲਜ, ਸੋਲਨ ਔਰ ਸ਼੍ਰੀ ਸ਼ਕਤੀ ਧਰ, ਐਮ ਐਸ ਸੀ ਕਰ ਰਹੇ ਥੇ। ਔਰ ਸਵਰ ਪਕਸ਼ ਕਾ ਸਮਰਥਨ ਜਗਤ ਗੁਰੂ ਸ਼ੰਕਰਾਚਾਰੀਯ ਗੋਵਰਧਨ ਮੱਠ ਪੂਰੀ ਵਾ ਸ਼੍ਰੀ ਰਾਮ ਵਿਆਸ ਪਾਂਡੇ ਕਰ ਰਹੇ ਥੇ। ਸ਼ਾਸਤਰਾਰਥ ਕੇ ਦੌਰਾਨ ਏਕ ਸਮਯ ਪਰ ਦਰਿਕ ਪਕਸ਼ ਕੇ ਹਕ ਮੇਂ ਦਲਾਯਲ ਸੁਨ ਕਰ ਜਗਤ ਗੁਰੂ ਭੀ ਚਕਤ ਰਹਿ ਗਏ। ਚੁਨਾਂਚੇ ਦਰਿਕ ਪਕਸ਼ ਵਾਲੋਂ ਕਾ ਪਲੜਾ ਭਾਰੀ ਰਹਾ”।

ਇਸ ਸੰਮੇਲਨ ‘ਚ ਸਾਲ ਦੀ ਨਵੀਂ ਲੰਬਾਈ 365.2563 ਦਿਨ ਮੰਨ ਲਈ ਗਈ ਅਤੇ ਇਸ ਨੂੰ ‘ਦ੍ਰਿਕਗਿਣਤ’ ਦਾ ਸਿਧਾਂਤ ਕਿਹਾ ਜਾਂਦਾ ਹੈ। ਅੱਜ ਵੀ ਹਿੰਦੋਸਤਾਨ ਵਿਚ ਇਹ ਦੋਵੇਂ ਕੈਲੰਡਰ ਪ੍ਰਚੱਲਤ ਹਨ। ਯਾਦ ਰਹੇ ਧਰਤੀ ਸੂਰਜ ਦੁਵਾਲੇ ਆਪਣਾ ਇਕ ਚੱਕਰ 365.2422 ਦਿਨਾਂ ‘ਚ ਪੂਰਾ ਕਰਦੀ ਹੈ। ਬਿਕ੍ਰਮੀ ਕੈਲੰਡਰ ਸੂਰਜੀ ਸਿਧਾਂਤ (365.2587 ਦਿਨ) ਅਤੇ ਦ੍ਰਿਕਗਿਣਤ ਸਿਧਾਂਤ (365.2563 ਦਿਨ) ਦੇ ਸਾਲ ਦੀ ਲੰਬਾਈ ‘ਚ ਅੰਤਰ ਹੋਣ ਕਾਰਨ ਦੋਵਾਂ ਕੈਲੰਡਰਾਂ ਦੀਆਂ 4-5 ਸੰਗ੍ਰਾਂਦਾਂ ਹਰ ਸਾਲ ਵੱਖ-ਵੱਖ ਹੁੰਦੀਆਂ ਹਨ।

ਬਿਕ੍ਰਮੀ 2069 ਸੰਮਤ (2012-13ਸੀ: ਈ) ਦੀਆਂ ਸੰਗ੍ਰਾਂਦਾਂ

ਮਹੀਨਾ

ਸੂਰਜੀ ਸਿਧਾਂਤ

ਦ੍ਰਿਕਗਿਣਤ

ਚੇਤ

14 ਮਾਰਚ

14 ਮਾਰਚ

ਵੈਸਾਖ

13 ਅਪ੍ਰੈਲ

13 ਅਪ੍ਰੈਲ

ਜੇਠ

14 ਮਈ

14 ਮਈ

ਹਾੜ

14 ਜੂਨ

14 ਜੂਨ

ਸਾਵਣ

16 ਜੁਲਾਈ

16 ਜੁਲਾਈ

ਭਾਦੋਂ

17 ਅਗਸਤ

16 ਅਗਸਤ

ਅੱਸੂ

17 ਸਤੰਬਰ

16 ਸਤੰਬਰ

ਕੱਤਕ

17 ਅਕਤੂਬਰ

16 ਅਕਤੂਬਰ

ਮੱਘਰ

16 ਨਵੰਬਰ

15 ਨਵੰਬਰ

ਪੋਹ

15 ਦਸੰਬਰ

15 ਦਸੰਬਰ

ਮਾਘ

14 ਜਨਵਰੀ

13 ਜਨਵਰੀ

ਫੱਗਣ

12 ਫਰਵਰੀ

12 ਫਰਵਰੀ

 

ਉਪ੍ਰੋਕਤ ਚਾਰਟ ਤੋਂ ਸਪੱਸ਼ਟ ਹੈ ਕਿ ਦੋ ਵੱਖ-ਵੱਖ ਕੈਲੰਡਰਾਂ ਵਿਚ, ਇਕ ਸਾਲ ਵਿਚ ਹੀ 5 ਸੰਗ੍ਰਾਂਦਾਂ ਵੱਖ-ਵੱਖ ਤਾਰੀਖਾਂ ਨੂੰ ਹਨ। ਸੂਰਜੀ ਸਿਧਾਂਤ ਅਤੇ ਦ੍ਰਿਕਗਿਣਤ ਸਿਧਾਂਤ ਦੇ ਸਾਲ ਦੀ ਲੰਬਾਈ ‘ਚ ਲੱਗਭੱਗ 4 ਮਿੰਟ ਦਾ ਫ਼ਰਕ ਹੈ। ਇਸ ਮੁਤਾਬਕ ਇਹ (24*60/4=360) 360 ਸਾਲ ਪਿਛੋਂ ਇਕ ਦਿਨ ਦਾ ਫਰਕ ਹੋ ਜਾਵੇਗਾ ਤਾਂ ਜਿਹੜੀਆਂ 7 ਸੰਗ੍ਰਾਂਦਾਂ ਅੱਜ ਇਕੋ ਤਾਰੀਖ਼ ਨੂੰ ਆਉਂਦੀਆਂ ਹਨ ਇਹ ਵੀ ਨਹੀ ਆਉਣਗੀਆਂ। ਇਨ੍ਹਾਂ ਕੈਲੰਡਰਾਂ ਨੂੰ ਬਣਾਉਣ ਵਾਲੀਆਂ ਦੋਵੇਂ ਧਿਰਾਂ ਹੀ ਇਹ ਦਾਵਾ ਕਰਦੀਆਂ ਹਨ ਕਿ ਸੰਗ੍ਰਾਂਦ ਉਸ ਦਿਨ ਹੁੰਦੀ ਹੈ ਜਦੋਂ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿਚ ਪ੍ਰਵੇਸ਼ ਕਰਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕੇ ਕੀ ਸੰਗ੍ਰਾਂਦ ਦੀ ਇਹ ਪ੍ਰੀਭਾਸ਼ਾ ਮੰਨਣ ਯੋਗ ਹੈ? ਸੂਰਜੀ ਸਿਧਾਂਤ  ਮੁਤਾਬਕ ਤਾਂ 17 ਸਤੰਬਰ ਨੂੰ ਅੱਸੂ ਮਹੀਨੇ ਦੀ ਸੰਗ੍ਰਾਂਦ ਸੀ ਭਾਵ ਸੂਰਜ ਨੇ 17 ਸਤੰਬਰ ਨੂੰ ਨਵੀਂ ਰਾਸ਼ੀ ‘ਚ ਪ੍ਰਵੇਸ਼ ਕੀਤਾ ਸੀ ਪਰ ਦ੍ਰਿਕਗਿਣਤ ਸਿਧਾਂਤ ਮੁਤਾਬਕ 16 ਸਤੰਬਰ ਨੂੰ, ਸੂਰਜ ਇਕ ਹੈ, ਰਾਸ਼ੀ ਇਕ ਹੈ, ਪਰ ਉਸ ਰਾਸ਼ੀ ‘ਚ ਸੂਰਜ ਪ੍ਰਵੇਸ਼ ਦੀ ਤਾਰੀਖ ਦੋ ਕੈਲੰਡਰਾਂ ਮੁਤਾਬਕ  ਵੱਖ-ਵੱਖ। ਇਹ ਦੋਵੇਂ ਕੈਲੰਡਰ ਠੀਕ ਨਹੀ ਹੋ ਸਕਦੇ ਅਤੇ ਸੂਰਜ ਦੋਵਾਂ ਕੈਲੰਡਰਾਂ ਮੁਤਾਬਕ ਨਹੀ ਚਲ ਸਕਦਾ। ਯਾਦ ਰਹੇ ਹੁਣ ਤਾਂ ਤੇਰਵੀਂ ਰਾਸ਼ੀ ‘ਆਫਿਓਕਸ’ ਦੀ ਚਰਚਾ ਚਲ ਪਈ ਹੈ। ਸੋ ਸਪੱਸ਼ਟ ਹੈ ਕਿ ਰਾਸ਼ੀਆਂ ਵਾਲਾ ‘ਮੱਕੜ ਜਾਲ’ ਵਿਗਿਆਨਕ ਨਹੀਂ  ਅਤੇ ਨਾ ਹੀ ਸੰਗ੍ਰਾਂਦ  ਨਿਸ਼ਚਿਤ ਕਰਨ ਦਾ ਕੁਦਰਤੀ ਸਿਧਾਂਤ, ਸਗੋਂ ਇਹ ਵੀ ਲੁੱਟ ਦਾ ਹੀ ਸਿਧਾਂਤ ਹੈ। ਖਾਲਸਾ ਜੀ ਜਾਗੋ! ਉਨ੍ਹਾਂ ਨੂੰ ਪਛਾਣੋ, ਜਿਹੜੇ ਸਾਨੂੰ ਅੱਜ ਵੀ ਰਾਸ਼ੀਆਂ ਦੇ ਮੱਕੜ ਜਾਲ ‘ਚ ਉਲਝਾਈ ਰੱਖਣਾ ਚਾਹੁੰਦੇ ਹਨ

ਸ਼੍ਰੋਮਣੀ ਕਮੇਟੀ ਵੱਲੋਂ ਮਾਰਚ 2010 ‘ਚ ਵਿਗਾੜ ਕੇ ਜਾਰੀ ਕੀਤੇ ਗਏ ਕੈਲੰਡਰ ‘ਚ ਸੰਗ੍ਰਾਂਦਾਂ ਦ੍ਰਿਕਗਿਣਤ ਸਿਧਾਂਤ ਵਾਲੀਆਂ ਮੰਨੀਆਂ ਗਈਆਂ ਹਨ। ਇਹ ਸਿਧਾਂਤ 1964 ਵਿਚ ਹੋਂਦ ਵਿਚ ਆਇਆ ਸੀ। ਜਿਹੜੇ ਇਹ ਕਹਿੰਦੇ ਹਨ ਕਿ ਪਾਲ ਸਿੰਘ ਪੁਰੇਵਾਲ ਨੇ ਸੰਗ੍ਰਾਂਦਾਂ  ਬਦਲ ਦਿੱਤੀਆਂ ਹਨ। (ਹਰੀ ਸਿੰਘ ਰੰਧਾਵਾ, ਜਨਵਰੀ 9, 2011 ਦਿਨ ਐਤਵਾਰ, ਰੇਡੀਓ ਸ਼ੇਰ ਏ ਪੰਜਾਬ) ਕੀ ਉਹ ਇਸ ਸਵਾਲ ਦਾ ਜਵਾਬ ਦੇਣਗੇ ਕੇ ਤੁਸੀਂ ਗੁਰੂ ਕਾਲ ਵੇਲੇ ਪ੍ਰਚੱਲਤ ਸੂਰਜੀ ਸਿਧਾਂਤ ਵਾਲੇ ਬਿਕ੍ਰਮੀ ਕੈਲੰਡਰ ਨੂੰ ਕਿਉਂ ਛੱਡਿਆ ਹੈ?

ਨਾਨਕਸ਼ਾਹੀ ਕੈਲੰਡਰ ‘ਚ ਸੰਗ੍ਰਾਂਦ ਦਾ ਮਤਲਬ ਹੈ ਮਹੀਨੇ ਦੀ ਪਹਿਲੀ ਤਾਰੀਖ। ਇਸ ਦਾ ਰਾਸ਼ੀ ਨਾਲ ਕੋਈ ਸਬੰਧ ਨਹੀਂ ਹੈ। ਇਸ ਕੈਲੰਡਰ ਵਿਚ ਹਰ ਸਾਲ ਹਰ ਮਹੀਨੇ ਦਾ ਅਰੰਭ ਇਕ ਖਾਸ ਤਾਰੀਖ ਨੂੰ ਹੀ ਹੁੰਦਾ ਹੈ  ਜਦੋਂ ਕਿ ਸੂਰਜੀ ਸਿਧਾਂਤ ਅਤੇ ਦ੍ਰਿਕਗਿਣਤ ਸਿਧਾਂਤ ਵਾਲੇ ਬਿਕ੍ਰਮੀ ਕੈਲੰਡਰਾਂ  ਵਿਚ ਹਰ ਸਾਲ ਦੋ-ਤਿੰਨ ਸੰਗ੍ਰਾਂਦਾਂ ਦੀਆਂ ਤਾਰੀਖਾਂ ਬਦਲ ਜਾਂਦੀਆਂ ਹਨ।

ਮਹੀਨਾ

ਨਾਨਕ ਸ਼ਾਹੀ

544/45

 ਸੂਰਜੀ

 2069

ਸੂਰਜੀ

2070

ਦ੍ਰਿਕਗਿਣਤ 2069

ਦ੍ਰਿਕਗਿਣਤ 2070

ਚੇਤ

14 ਮਾਰਚ

14 ਮਾਰਚ

14 ਮਾਰਚ

14 ਮਾਰਚ

14 ਮਾਰਚ

ਵੈਸਾਖ

14 ਅਪ੍ਰੈਲ

13 ਅਪ੍ਰੈਲ

13 ਅਪ੍ਰੈਲ

13 ਅਪ੍ਰੈਲ

13 ਅਪ੍ਰੈਲ

ਜੇਠ

15 ਮਈ

14 ਮਈ

14 ਮਈ

14 ਮਈ

14 ਮਈ

ਹਾਵ

15 ਜੂਨ

14 ਜੂਨ

15 ਜੂਨ

14 ਜੂਨ

14 ਜੂਨ

ਸਾਵਣ

16 ਜੁਲਾਈ

16 ਜੁਲਾਈ

16 ਜੁਲਾਈ

16 ਜੁਲਾਈ

16 ਜੁਲਾਈ

ਭਾਦੋਂ

16 ਅਗਸਤ

17 ਅਗਸਤ

17 ਅਗਸਤ

16 ਅਗਸਤ

16 ਅਗਸਤ

ਅੱਸੂ

15 ਸਤੰਬਰ

17 ਸਤੰਬਰ

17 ਸਤੰਬਰ

16 ਸਤੰਬਰ

16 ਸਤੰਬਰ

ਕੱਤਕ

15 ਅਕਤੂਬਰ

17 ਅਕਤੂਬਰ

17 ਅਕਤੂਬਰ

16 ਅਕਤੂਬਰ

17 ਅਕਤੂਬਰ

ਮੱਘਰ

14 ਨਵੰਬਰ

16 ਨਵੰਬਰ

16 ਨਵੰਬਰ

15 ਨਵੰਬਰ

16 ਨਵੰਬਰ

ਪੋਹ

14 ਦਸੰਬਰ

15 ਦਸੰਬਰ

16 ਦਸੰਬਰ

15 ਦਸੰਬਰ

15 ਦਸੰਬਰ

ਮਾਘ

13 ਜਨਵਰੀ

14 ਜਨਵਰੀ

14 ਜਨਵਰੀ

13 ਜਨਵਰੀ

14 ਜਨਵਰੀ

ਫੱਗਣ

12 ਫਰਵਰੀ

12 ਫਰਵਰੀ

12 ਫਰਵਰੀ

12 ਫਰਵਰੀ

12 ਫਰਵਰੀ

 

ਨਾਨਕ ਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ 365.2425 ਦਿਨ ਹੋਣ ਕਾਰਨ ਇਸ ਦਾ ਮੌਸਮੀ ਸਾਲ ਨਾਲੋਂ ਜਿਸ ਦੀ ਲੰਬਾਈ 365.2422 ਦਿਨ ਹੈ, ਲੱਗ ਭੱਗ 26 ਸੈਕਿੰਡ ਦਾ ਫਰਕ ਹੋਣ ਕਾਰਨ, ਇਹ 3300 ਸਾਲ ਪਿਛੋਂ ਇਕ ਦਿਨ ਦਾ ਫ਼ਰਕ ਪਵੇਗਾ। ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਜੋ ਗੁਰੂ ਕਾਲ ਵੇਲੇ ਪ੍ਰਚੱਲਤ ਸੀ, ਦੇ ਸਾਲ ਦੀ ਲੰਬਾਈ 365.2587 ਦਿਨ ਭਾਵ ਮੌਸਮੀ ਸਾਲ ਤੋਂ ਲੱਗ ਭੱਗ 24 ਮਿੰਟ ਵੱਧ ਹੋਣ ਕਾਰਨ, ਇਹ ਸਾਲ ਮੌਸਮੀ ਸਾਲ ਨਾਲੋਂ 60 ਸਾਲ ਪਿਛੋਂ ਹੀ ਇਕ ਦਿਨ ਅੱਗੇ ਹੋ ਜਾਂਦਾ ਹੈ। ਚਲੋ! ਜੇ ਸੰਤ ਸਮਾਜ ਵਾਲੇ  ਇਹ ਦਲੀਲ ਦੇਣ ਕਿ ਦ੍ਰਿਕਗਿਣਤ ਸਿਧਾਂਤ ਦਾ ਬਿਕ੍ਰਮੀ ਕੈਲੰਡਰ ਤਾਂ ਸੋਧਿਆ ਹੋਇਆ ਹੈ। ਇਸ ਲਈ ਇਸ ਕੈਲੰਡਰ ਦੀਆਂ ਸੰਗ੍ਰਾਂਦਾਂ ਨੂੰ  ਲਾਗੂ ਕੀਤਾ ਗਿਆ ਹੈ। ਸੰਤ ਸਮਾਜ ਦੀ ਇਹ ਦਲੀਲ ਵੀ ਪਰਖ ਦੀ ਕਸਵੱਟੀ ਤੇ ਪੂਰੀ ਨਹੀਂ ਢੁਕਦੀ। ਦ੍ਰਿਕਗਿਣਤ ਸਿਧਾਂਤ ਦੇ ਸਾਲ ਦੀ ਲੰਬਾਈ 365.2563 ਦਿਨ ਹੈ ਜੋ ਮੌਸਮੀ ਸਾਲ ਦੀ ਲੰਬਾਈ ਤੋਂ ਲੱਗ ਭੱਗ 20 ਮਿੰਟ ਜਿਆਦਾ ਹੋਣ ਕਾਰਨ ਇਹ ਸਾਲ ਵੀ ਮੌਸਮੀ ਸਾਲ ਤੋਂ 72 ਸਾਲ ਪਿਛੋਂ ਇਕ ਦਿਨ ਅੱਗੇ ਹੋ ਜਾਂਦਾ ਹੈ। ਸੋ ਸਪੱਸ਼ਟ ਹੈ ਕੇ ਜੇ ਨਾਨਕ ਸ਼ਾਹੀ ਕੈਲੰਡਰ ਨੂੰ ਰੱਦ ਕਰਕੇ, ਗੁਰੂ ਕਾਲ ਵੇਲੇ ਪ੍ਰਚੱਲਤ ਕੈਲੰਡਰ ਨਹੀਂ ਅਪਨਾਉਣਾ ਤਾਂ ਹਿੰਦੂ ਵਿਦਵਾਨਾਂ ਵੱਲੋਂ 1964 ਵਿਚ ਬਣਾਏ ਕੈਲੰਡਰ ਦੀਆਂ ਸੰਗਰਾਦਾਂ ਨੂੰ ਅਪਣਾਉਣ ਪਿਛੇ ਦੋ ਮੈਂਬਰੀ ਕਮੇਟੀ (ਅਵਤਾਰ ਸਿੰਘ ਮੱਕੜ ਅਤੇ ਹਰਨਾਮ ਸਿੰਘ ਧੁੰਮਾ) ਦਾ, ਜਾਂ ਤਾਂ ਕੋਈ ਖਾਸ ਮੰਤਵ ਹੋ ਸਕਦਾ ਹੈ ਜਾਂ ਭਾਈ ਬਲਜੀਤ ਸਿੰਘ ਦਾਦੂਵਾਲ ਦੇ ਕਹਿਣ ਵਾਂਗੂ ਉਨ੍ਹਾਂ ਨੂੰ ਕੈਲੰਡਰ ਦਾ ੳ ਅ ਵੀ ਨਹੀ ਆਉਂਦਾ।




.