.

☬ ੴਸਤਿ ਗੁਰਪ੍ਰਸਾਦਿ ☬

ਵਾਰ ਮਾਝ ਕੀ, ਮਹਲਾ ੧-ਸਟੀਕ (ਪੰ: ੧੩੭- ੧੫੦)

(ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ) (ਕਿਸ਼ਤ ੨੪)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ, ਸਟੀਕ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

(ਪਉੜੀ ਨੰ: ੧੮ ਦਾ ਮੂਲ ਪਾਠ, ਸਲੋਕਾਂ ਸਮੇਤ)

ਸਲੋਕ ਮਃ ੨॥ ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ॥ ਤਿਸੁ ਵਿਚਿ ਨਉ ਨਿਧਿ ਨਾਮੁ ਏਕੁ ਭਾਲਹਿ ਗੁਣੀ ਗਹੀਰੁ॥ ਕਰਮਵੰਤੀ ਸਾਲਾਹਿਆ ਨਾਨਕ ਕਰਿ ਗੁਰੁ ਪੀਰੁ॥ ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ॥ ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ॥ ਓਥੈ ਅੰਮ੍ਰਿਤੁ ਵੰਡੀਐ ਕਰਮੀ ਹੋਇ ਪਸਾਉ॥ ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ॥ ਜੇ ਹੋਵੈ ਨਦਰਿ ਸਰਾਫ ਕੀ ਬਹੁੜਿ ਨ ਪਾਈ ਤਾਉ॥ ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ॥ ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ॥ ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ॥ ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ ਪਾਸਿ॥ ੧ 

ਮਃ ੨॥ ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥ ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ॥ ੨ 

ਪੳੜੀ॥ ਸਚਾ ਭੋਜਨੁ ਭਾਉ ਸਤਿਗੁਰਿ ਦਸਿਆ॥ ਸਚੇ ਹੀ ਪਤੀਆਇ ਸਚਿ ਵਿਗਸਿਆ॥ ਸਚੈ ਕੋਟਿ ਗਿਰਾਂਇ ਨਿਜ ਘਰਿ ਵਸਿਆ॥ ਸਤਿਗੁਰਿ ਤੁਠੈ ਨਾਉ ਪ੍ਰੇਮਿ ਰਹਸਿਆ॥ ਸਚੈ ਦੈ ਦੀਬਾਣਿ ਕੂੜਿ ਨ ਜਾਈਐ॥ ਝੂਠੋ ਝੂਠੁ ਵਖਾਣਿ ਸੁ ਮਹਲੁ ਖੁਆਈਐ॥ ਸਚੈ ਸਬਦਿ ਨੀਸਾਣਿ ਠਾਕ ਨ ਪਾਈਐ॥ ਸਚੁ ਸੁਣਿ ਬੁਝਿ ਵਖਾਣਿ ਮਹਲਿ ਬੁਲਾਈਐ॥ ੧੮ 

(ਸਟੀਕ ਪਉ: ੧੮-ਲੋੜੀਂਦੀ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕੁ ਮ: ੨॥ ਅਠੀ ਪਹਰੀ ਅਠ ਖੰਡ, ਨਾਵਾ ਖੰਡੁ ਸਰੀਰੁ॥ ਤਿਸੁ ਵਿਚਿ ਨਉ ਨਿਧਿ ਨਾਮੁ ਏਕੁ, ਭਾਲਹਿ ਗੁਣੀ ਗਹੀਰੁ॥ ਕਰਮਵੰਤੀ ਸਾਲਾਹਿਆ, ਨਾਨਕ ਕਰਿ ਗੁਰੁ ਪੀਰੁ॥ ਚਉਥੈ ਪਹਰਿ ਸਬਾਹ ਕੈ, ਸੁਰਤਿਆ ਉਪਜੈ ਚਾਉ॥ ਤਿਨਾ ਦਰੀਆਵਾ ਸਿਉ ਦੋਸਤੀ, ਮਨਿ ਮੁਖਿ ਸਚਾ ਨਾਉ॥ ਓਥੈ ਅੰਮ੍ਰਿਤੁ ਵੰਡੀਐ ਕਰਮੀ ਹੋਇ ਪਸਾਉ॥ ਕੰਚਨ ਕਾਇਆ ਕਸੀਐ, ਵੰਨਿ ਚੜੈ ਚੜਾਉ॥ ਜੇ ਹੋਵੈ ਨਦਰਿ ਸਰਾਫ ਕੀ, ਬਹੁੜਿ ਨ ਪਾਈ ਤਾਉ॥ ਸਤੀ ਪਹਰੀ ਸਤੁ ਭਲਾ, ਬਹੀਐ ਪੜਿਆ ਪਾਸਿ॥ ਓਥੈ ਪਾਪੁ ਪੁਨੁੰ ਬੀਚਾਰੀਐ, ਕੂੜੈ ਘਟੈ ਰਾਸਿ॥ ਓਥੈ ਖੋਟੇ ਸਟੀਅਹਿ, ਖਰੇ ਕੀਚਹਿ ਸਾਬਾਸਿ॥ ਬੋਲਣੁ ਫਾਦਲੁ ਨਾਨਕਾ, ਦੁਖੁ ਸੁਖੁ ਖਸਮੈ ਪਾਸਿ॥ ੧॥ {ਪੰਨਾ ੧੪੬}

ਵਿਸ਼ੇਸ਼ ਨੋਟ- “ਅਠੀ ਪਹਰੀ ਅਠ ਖੰਡ, ਨਾਵਾ ਖੰਡੁ ਸਰੀਰੁ” ਬੇਸ਼ੱਕ ਇਹ ਗੁਰਮੱਤ ਵਿਸ਼ਵਾਸ ਨਹੀਂ ਜਦਕਿ ਬ੍ਰਾਹਮਣੀ ਵਿਸ਼ਵਾਸਾਂ `ਚ, ਬ੍ਰਾਹਮਣ ਨੇ ਇਸ ਸਾਰੀ ਧਰਤੀ ਅਥਵਾ ਸਮੂਹ ਰਚਨਾ ਨੂੰ ਨੌਂ ਖੰਡਾਂ (੯ ਹਿਸਿਆਂ) `ਚ ਵੰਡਿਆ ਹੋਇਆ ਹੈ। ਉਪ੍ਰੰਤ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ `ਚ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਚਾਰ ਦੌਰਿਆਂ ਦਾ ਜ਼ਿਕਰ ਕਰਦੇ ਹੋਏ, ਇਸੇ ਬ੍ਰਾਹਮਣੀ ਸ਼ਬਦਾਵਲੀ ਨੂੰ ਮੁਹਾਵਰੇ ਵੱਜੋਂ ਵਰਤਿਆ ਹੈ ਜਿਵੇਂ “ਬਾਬੇ ਤਾਰੇ ਚਾਰ ਚਕ ਨੌ ਖੰਡ ਪ੍ਰਿਥਮੀ ਸਚਾ ਢੋਆ” (ਭਾਗੁ ੧/੨੭)। ਖ਼ੂਬੀ ਇਹ ਕਿ ਗੁਰੂ ਅੰਗਦ ਪਾਤਸ਼ਾਹ ਨੇ ਵੀ ਇਸ ਸਲੋਕ `ਚ, ਉਸੇ ਪ੍ਰਚਲਤ ਬ੍ਰਾਹਮਣੀ ਸ਼ਬਦਾਵਲੀ ਦੀ ਪਰ ਬੜੇ ਸੁਆਦਲੇ ਨਿਰੋਲ, ਨਿਰੋਏ ਤੇ ਆਪਣੇ ਹੀ ਢੰਗ ਨਾਲ ਬਿਲਕੁਲ ਨਵੇਂ ਅਰਥਾਂ `ਚ ਵਰਤੋਂ ਕੀਤੀ ਹੈ।

ਸਲੋਕ `ਚ ਗੁਰਦੇਵ ਫ਼ੁਰਮਾਉਂਦੇ ਹਨ, ਕਰਤਾਰ ਨੇ ਵੀ ਸਮੂਚੀ ਰਚਨਾ ਦੇ ਚਲਣ ਨੂੰ ਮੂਲ ਰੂਪ `ਚ ਨੌਂ ਖੰਡਾਂ `ਚ ਹੀ ਵੰਡਿਆ ਹੋਇਆ ਹੈ। ਤਾਂ ਤੇ ਕਰਤਾਪੁਰਖ ਜੀ ਦੀ ਸਮੂਚੀ ਰਚਨਾ ਦੇ ਚਲਣ ਦੇ ਇਹ ਨੌ ਖੰਡ ਕਿਹੜੇ ਅਤੇ ਕਿਵੇਂ ਹਨ? ਗੁਰਦੇਵ ਉਸੇ ਪ੍ਰਚਲਤ ਸ਼ਬਦਾਵਲੀ ਨੂੰ ਆਧਾਰ ਬਣਾ ਕੇ, ਫ਼ੁਰਮਾਉਂਦੇ ਹਨ:

ਕਰਤੇ ਵੱਲੋਂ ਸਮੇਂ ਦੀ ਕੁਲ ਵੰਡ `ਚ ਦਿਨ ਤੇ ਰਾਤ ਦੇ ਅੱਠ ਪਹਿਰ ਹੁੰਦੇ ਹਨ। ਉਪ੍ਰੰਤ ਇਹ ਵੀ ਕਿ ਇਸ ਧਰਤੀ ਤੇ ਕਰਤੇ ਦੀਆਂ ਵਿਚਰ ਰਹੀਆਂ ਅਰਬਾਂ-ਖਰਬਾਂ ਜੂਨਾਂ `ਚੋਂ ਵੀ “ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ” (ਪੰ: ੩੭੪) ਅਨੁਸਾਰ ਖ਼ੁਦ ਕਾਦਿਰ ਨੇ ਹੀ ਮਨੁੱਖਾ ਜੂਨ ਨੂੰ ਸਰਬ ਉੱਤਮ ਜੂਨ ਵੱਜੋਂ ਵੀ ਰਚਿਆ ਹੋਇਆ ਹੈ। ਇਸ ਲਈ ਜੇਕਰ ਕਰਤੇ ਦੀ ਦਿਨ ਤੇ ਰਾਤ ਭਾਵ ਸਮੇਂ ਦੀ ਉਸ ਅੱਠਾਂ ਪਹਿਰਾਂ ਵਾਲੀ ਖੇਡ `ਚ ਮਨੁੱਖਾ ਜਨਮ ਨੂੰ ਵੀ ਉਸ ਦੀ ਇਸ ਖੇਡ ਦਾ ਨੋਵਾਂ ਖੰਡ ਮੰਨ ਲਿਆ ਜਾਵੇ। ਕਿਉਂਕਿ ਇਹੀ ਇਕੋ ਇੱਕ ਜੂਨ ਹੈ ਜਦੋਂ ਜੀਵ ਰਾਹੀਂ ਵਾਪਿਸ ਕਰਤੇ `ਚ ਅਭੇਦ ਹੋਇਆ ਜਾ ਸਕਦਾ ਹੈ। ਜਦਕਿ ਇਹ ਵੀ ਸੱਚ ਹੈ ਕਿ ਕਰਤੇ ਨੇ ਅਜਿਹੀ ਸਮ੍ਰਥਾ ਹੋਰ ਕਿਸੇ ਵੀ ਜੂਨ ਨੂੰ ਨਹੀਂ ਬਖ਼ਸ਼ੀ ਹੋਈ।

ਇਸ ਦੇ ਨਾਲ ਇਹ ਵੀ, ਜੇਕਰ ਮਨੁੱਖ ਵੀ ਗੁਰਬਾਣੀ ਅਭਿਆਸ ਤੇ ਸੋਝੀ ਰਾਹੀਂ ਆਪਣੇ ਇਸ ਵਿਸ਼ੇਸ਼ ਜਨਮ ਸਮੇਂ, ਇਸ ਜੂਨ ਦੀ ਉੱਤਮਤਾ ਦੀ ਪਹਿਚਾਣ ਕਰ ਲਵੇ। ਉਸ ਦਾ ਨਤੀਜਾ ਹੋਵੇਗਾ ਕਿ ਮਨੁੱਖ ਆਪਣੇ ਇਸ ਵਿਸ਼ੇਸ਼ ਜਨਮ ਨੂੰ ਸਫ਼ਲ ਕਰ ਲਵੇਗਾ। ਜੀਵਨ ਦੀ ਅਜਿਹੀ ਸਫ਼ਲ ਅਵਸਥਾ `ਚ ਉਹ ਕੇਵਲ ਇਸ ਧਰਤੀ ਦਾ ਹੀ ਨਹੀਂ ਬਲਕਿ ਇਸ ਜਨਮ ਲਈ ਸਮੂਚੀ ਰਚਨਾ ਦਾ ਲਾਭ ਵੀ ਲੈ ਸਕੇਗਾ। ਉਪ੍ਰੰਤ ਸਰੀਰਕ ਮੌਤ ਬਾਅਦ ਵੀ ਉਸਨੂੰ ਮੁੜ ਜਨਮ ਮਰਨ ਦੇ ਗੇੜ `ਚ ਨਹੀਂ ਆਉਣਾ ਪਵੇਗਾ, ਕਰਤੇ `ਚ ਹੀ ਸਮਾਅ ਜਾਵੇਗਾ।

ਇਸ `ਤੇ ਇਹ ਵੀ ਸੁਆਲ ਪੈਦਾ ਹੁੰਦਾ ਹੈ ਕਿ ਇਸ ਸਰਬ ਉੱਤਮ ਜੂਨ ਦਾ, ਮਨੁੱਖ ਨੇ ਕਿਵੇਂ ਤੇ ਕਿਸ ਸੁਚੱਜੇ ਢੰਗ ਨਾਲ ਲਾਭ ਲੈਣਾ ਹੈ ਤਾ ਕਿ ਉਸ ਨੂੰ ਪਤਾ ਲੱਗ ਸਕੇ ਕਿ ਕਰਤੇ ਨੇ ਸਚਮੁਚ ਹੀ ਉਸ ਨੂੰ ਵਿਸ਼ੇਸ਼ ਜੂਨ ਤੇ ਜਨਮ ਬਖ਼ਸਿਆ ਹੋਇਆ ਹੈ। ਗਹਿਰਾਈ ਤੋਂ ਦੇਖਿਆ ਜਾਵੇ ਤਾਂ ਹੱਥਲੇ ਸਲੋਕ `ਚ ਗੁਰਦੇਵ ਨੇ ਉਸੇ ਇਲਾਹੀ ਸੱਚ ਦਾ ਹੀ ਵੇਰਵਾ ਦਿੱਤਾ ਹੋਇਆ ਹੈ। ਸ਼ਾਇਦ ਉਹ ਵੀ ਇਸ ਲਈ ਕਿ ਮਨੁੱਖਾ ਜਨਮ ਪ੍ਰਾਪਤ ਹੋਣ ਬਾਅਦ ਮਨੁੱਖ ਦੇ ਜੀਵਨ `ਚ ਗੁਰਬਾਣੀ ਦੀਆਂ ਸਚਾਈਆਂ ਜਿਵੇਂ:

“ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨) ਅਥਵਾ

“ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ” (ਪੰ: 176) ਅਤੇ

“ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ॥ ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ” (ਪੰ: ੬੩੧) ਇਤਿਆਦ ਵੀ ਉਸਨੂੰ ਜੀਊਂਦੇ ਜੀਅ ਪ੍ਰਗਟ ਹੋ ਜਾਣ। ਜਿਸ ਤੋਂ ਮਨੁੱਖ ਆਪਣੇ ਇਸ ਮਨੁੱਖਾ ਜਨਮ ਦੀ ‘ਸ਼ਬਦ ਗੁਰੂ’ ਦੀ ਕਮਾਈ ਨਾਲ ਸੰਭਾਲ ਕਰੇ ਤੇ ਪ੍ਰਾਪਤ ਜਨਮ ਨੂੰ ਹੀ ਸਫ਼ਲ ਵੀ ਕਰ ਲਵੇ। ਉਸੇ ਤੋਂ ਇਸ ਦਾ ਅਮੁੱਲਾ ਤੇ ਦੁਰਲਭ ਮਨੁੱਖਾ ਜਨਮ ਬਿਰਥਾ ਨਾ ਜਾਵੇ।

ਪਦ ਅਰਥ: —ਅਠੀ ਪਹਰੀ—ਦਿਨ ਦੇ ਅੱਠੇ ਪਹਰਾਂ `ਚ। ਅਠ ਖੰਡ—ਅੱਠ ਹਿੱਸੇ। ਨਾਵਾ ਖੰਡੁ ਸਰੀਰੁ… ਇਸੇ ਦਾ ਨੌਵਾਂ ਹਿੱਸਾ ਅਥਵਾ ਖੰਡ ਮਨੁੱਖਾ ਸਰੀਰ ਹੈ (ਜਿਸ ਦੀ ਇਨ੍ਹਾਂ ਅੱਠ ਪਹਿਰਾਂ `ਚ ਹੀ ਸੁਵਰਤੋਂ ਜਾਂ ਕੁਵਰਤੋਂ ਹੋਣੀ ਹੈ; ਵੇਰਵਾ ਵਿਸ਼ੇਸ਼ ਨੋਟ `ਚ ਆ ਚੁੱਕਾ ਹੈ)। ਗੁਣੀ ਗਹੀਰੁ—ਗੁਣਾਂ ਕਰਕੇ ਗਹੀਰ ਪ੍ਰਭੂ ਨੂੰ, ਅਥਾਹ ਗੁਣਾਂ ਵਾਲੇ ਪ੍ਰਭੂ ਨੂੰ। ਕਰਮਵੰਤੀ—ਭਾਗਾਂ ਵਾਲਿਆਂ ਨੇ, ਜਿਨ੍ਹਾਂ ਨੂੰ ਪ੍ਰਭੂ ਦੀ ਬਖ਼ਸ਼ਿਸ਼ ਪ੍ਰਾਪਤ ਹੋ ਗਈ। ਕਰਿ—ਕਰ ਕੇ, ਧਾਰ ਕੇ। ਚਉਥੈ ਪਹਰਿ ਸਬਾਹ ਕੈ…. ਸੁਬ੍ਹਾ ਸਵੇਰ ਦੇ ਚਉਥੇ ਪਹਿਰ, ਝਾਲਾਗੇ, ਪਿਛਲ ਰਾਤ, ਭਲਕੇ, ਤੜਕੇ। ਸੁਰਤਿਆ—ਉੱਚੀ ਸੁਰਤਿ ਵਾਲਿਆਂ ਨੂੰ। ਮਨਿ—ਮਨ `ਚ। ਦਰਿਆਵਾ ਸਿਉ—ਦਰਿਆਵਾਂ ਨਾਲਿ, ਅਜਿਹੇ ਗੁਰਮੁਖਾਂ ਨਾਲ ਜਿਨ੍ਹਾਂ ਅੰਦਰ ਨਾਮ ਭਾਵ ਕਰਤੇ ਦੀ ਸਿਫ਼ਤ ਸਲਾਹ ਦਾ ਪ੍ਰਵਾਹ ਚੱਲ ਰਿਹਾ ਹੈ। ਪਸਾਉ—ਬਖਸ਼ਸ਼। ਕੰਚਨ—ਸੋਨਾ। ਕਸੀਐ—ਕੱਸ ਲਈ ਜਾਂਦੀ ਹੈ, ਪਰਖ ਕੀਤੀ ਜਾਂਦੀ ਹੈ। ਵੰਨੀ ਚੜੈ ਚੜਾਉ ਸੋਹਣਾ ਪੱਕਾ ਰੰਗ ਚੜ੍ਹਦਾ ਹੈ। ਸਤੁ—ਉੱਚਾ ਆਚਰਨ। ਫਾਦਲੁ—ਫਜ਼ੂਲ {ਗੁਰਬਾਣੀ `ਚ ਅਰਬੀ ਦੇ ‘ਜ਼’ ਦਾ ਬਦਲ ‘ਦ’ ਹੋਰ ਵੀ ਕਈਂ ਥਾਵੇਂ ਹੈ ਜਿਵੇਂ ‘ਕਾਗ਼ਜ਼’ ਤੋਂ ‘ਕਾਗ਼ਦ’, ‘ਕਾਜ਼ੀਆ’ ਤੋਂ ‘ਕਾਦੀਆਂ’, ਇਸੇ ਤਰ੍ਹਾਂ ਇਥੇ ‘ਫਜ਼ੂਲ’ ਤੋਂ ‘ਫਾਦਲ’ (ਪ੍ਰੋ: ਸਾਹਿਬ ਸਿੰਘ ਜੀ)}।

ਅਰਥ: — “ਅਠੀ ਪਹਰੀ ਅਠ ਖੰਡ, ਨਾਵਾ ਖੰਡੁ ਸਰੀਰੁ” ਜੇ ਦਿਨ ਤੇ ਰਾਤ ਦੇ ਅੱਠਾਂ ਪਹਿਰਾਂ ਦੇ ਅੱਠ ਹਿਸਿਆਂ `ਚ ਹੀ ਇਨ੍ਹਾਂ ਦੀ ਵਰਤੋਂ ਕਰਣ ਵਾਲੇ ਮਨੁੱਖਾ ਸਰੀਰ ਨੂੰ ਵੀ ਇਸੇ ਦਾ ਖੰਡ ਭਾਵ ਹਿੱਸਾ ਮੰਨ ਲਿਆ ਜਾਵੇ; ਤਾਂ ਇਹ ਕੁਲ ਮਿਲਾ ਕੇ ਅੱਠ ਨਹੀਂ ਬਲਕਿ ਨੌ ਖੰਡ ਹੋ ਜਾਂਦੇ ਹਨ।

“ਤਿਸੁ ਵਿਚਿ ਨਉ ਨਿਧਿ ਨਾਮੁ ਏਕੁ, ਭਾਲਹਿ ਗੁਣੀ ਗਹੀਰੁ” ਤਾਂ ਵੀ ਵਿਰਲੇ ਮਨੁੱਖ ਹੀ ਹੁੰਦੇ ਹਨ ਜਿਹੜੇ ਨਾਵੇਂ ਖੰਡ ਮਨੁੱਖਾ ਸਰੀਰ `ਚੋਂ ਨਉ ਨਿਧਿ ਨਾਮ ਲੱਭ ਕੇ ਅਥਾਹ ਗੁਣਾਂ ਦੇ ਭੰਡਾਰ ਪ੍ਰਭੂ ਨੂੰ ਭਾਲਣ `ਚ ਸਫ਼ਲ ਹੁੰਦੇ ਹਨ। ਭਾਵ ਮਨੁੱਖਾ ਜਨਮ ਪਾ ਕੇ ਵੀ ਹਿਰਦੇ ਘਰ ਅੰਦਰ ਵੱਸ ਰਹੇ ਪ੍ਰਭੂ ਦੀ ਪਹਿਚਾਣ ਵਿਰਲੇ ਹੀ ਕਰ ਸਕਦੇ ਹਨ ਤੇ ਬਹੁਤੇ ਤਾਂ ਵੀ ਨਹੀਂ ਕਰ ਸਕਦੇ।

“ਕਰਮਵੰਤੀ ਸਾਲਾਹਿਆ, ਨਾਨਕ ਕਰਿ ਗੁਰੁ ਪੀਰੁ” ਇਸ ਤੇ ਗੁਰੂ ਪਾਤਸ਼ਾਹ ਸਪਸ਼ਟ ਕਰਦੇ ਹਨ, ਇਸ ਦਾ ਕਾਰਨ ਹੁੰਦਾ ਹੈ ਕਿ ਮਨੁੱਖਾ ਜਨਮ ਪਾ ਕੇ ਵੀ ਕੇਵਲ ਉਹੀ ਲੋਕ ਆਪਣੇ ਹਿਰਦੇ ਘਰ `ਚ ਵੱਸ ਰਹੇ ਪ੍ਰਭੂ ਦੀ ਪਹਿਚਾਣ ਕਰਣ `ਚ ਸਫ਼ਲ ਹੁੰਦੇ ਹਨ, ਜਿਹੜੇ ਸ਼ਬਦ ਗੁਰੂ ਦੀ ਕਮਾਈ ਕਰਦੇ ਹਨ। ਇਸ ਤਰ੍ਹਾਂ ਉਹ ਕਰਤੇ ਦੀ ਬਖ਼ਸ਼ਿਸ਼ ਹਾਸਲ ਕਰਕੇ, ਕਰਤੇ ਦੀ ਸਿਫ਼ਤ ਸਲਾਹ ਨਾਲ ਜੁੜ ਜਾਂਦੇ ਹਨ।

“ਚਉਥੈ ਪਹਰਿ ਸਬਾਹ ਕੈ, ਸੁਰਤਿਆ ਉਪਜੈ ਚਾਉ” ਇਸ ਤਰ੍ਹਾਂ ਪਉੜੀ ਨੰ: ੧੭ “ਸਬਾਹੀ ਸਾਲਾਹ ਜਿਨੀ ਧਿਆਇਆ ਇੱਕ ਮਨਿ” ਦੇ ਵਿਸ਼ੇ ਨੂੰ ਅੱਗੇ ਵਧਾਉਂਦੇ ਹੋਏ ਗੁਰਦੇਵ ਇਸ ਸਲੋਕ `ਚ ਫ਼ੁਰਮਾਉਂਦੇ ਹਨ; “ਉੱਚੀ ਸੁਰਤਿ ਵਾਲੇ ਬੰਦਿਆਂ ਦੇ ਮਨ `ਚ ਸੁਬ੍ਹਾ ਦੇ ਚਉਥੇ ਪਹਰ (ਪਿਛਲ ਰਾਤ) ਹੀ (ਨਉਨਿਧਿ ਨਾਮ ਲਈ) ਚਾਉ ਪੈਦਾ ਹੋ ਜਾਂਦਾ ਹੈ। ਭਾਵ ਉਹ ਨੀਂਦ ਤੇ ਬਿਸਤਰ ਦੇ ਆਲਸ ਦਾ ਤਿਆਗ ਕੇ ਪ੍ਰਭੂ ਦੀ ਸਿਫ਼ਤ ਸਲਾਹ `ਚ ਜੁੜ ਜਾਂਦੇ ਹਨ।

“ਤਿਨਾ ਦਰੀਆਵਾ ਸਿਉ ਦੋਸਤੀ, ਮਨਿ ਮੁਖਿ ਸਚਾ ਨਾਉ” ਉਪੰਤ ਪਿਛਲ ਰਾਤ ਨੂੰ ਅਜਿਹੇ ਗੁਰਮੁਖਾਂ ਦੀ ਸਾਂਝ ਵੀ ਅਜਿਹੇ ਗੁਰਮੁਖਾਂ ਨਾਲ ਹੀ ਬਣਦੀ ਹੈ ਜਿਨ੍ਹਾਂ ਅੰਦਰ ਕਰਤੇ ਦੀਆਂ ਵਡਿਆਈਆਂ ਦਾ ਪ੍ਰਵਾਹ ਚੱਲ ਰਿਹਾ ਹੁੰਦਾ ਹੈ ਅਤੇ ਜਿਨ੍ਹਾਂ ਦੇ ਮਨ ਤੇ ਮੁਖ `ਚ ਵੀ ਕਰਤੇ ਦੀ ਸਿਫ਼ਤ ਸਲਾਹ ਹੀ ਵੱਸਦੀ ਹੈ।

“ਓਥੈ ਅੰਮ੍ਰਿਤੁ ਵੰਡੀਐ ਕਰਮੀ ਹੋਇ ਪਸਾਉ” ਓਥੇ ਅਜਿਹੇ ਸਤਸੰਗ `ਚ ਨਾਮ-ਅੰਮ੍ਰਿਤ ਹੀ ਵੰਡਿਆ ਜਾਂਦਾ ਹੈ ਭਾਵ ਕਰਤੇ ਦੀ ਸਿਫ਼ਤ ਸਲਾਹ ਦਾ ਪ੍ਰਵਾਹ ਹੀ ਚਲਦਾ ਹੈ ਅਤੇ ਪ੍ਰਭੂ ਮਿਹਰ ਕਰਕੇ ਉਨ੍ਹਾਂ ਨੂੰ ਨਾਮ ਅਥਵਾ ਸਿਫ਼ਤ ਸਲਾਹ ਵਾਲੀ ਦਾਤਿ ਬਖ਼ਸ਼ਦਾ ਹੈ।

“ਕੰਚਨ ਕਾਇਆ ਕਸੀਐ, ਵੰਨਿ ਚੜੈ ਚੜਾਉ” ਠੀਕ ਉਸੇ ਤਰ੍ਹਾਂ ਜਿਵੇਂ ਕੁਠਾਲੀ ਤੇ ਚੜ੍ਹਾ ਕੇ ਤੇ ਤਾਉ ਦੇ ਦੇ ਕੇ ਸ਼ੁਧ ਸੋਨੇ ਦਾ ਰੰਗ ਨਿਖਰ ਆਉਂਦਾ ਹੈ। ਇਸੇ ਤਰ੍ਹਾਂ ਜੇਕਰ ਕਰਤੇ ਦੀਆਂ ਵਡਿਆਈਆਂ ਤੇ ਪਿਛਲ ਰਾਤ ਲਈ ਇਸ ਸਰੀਰ ਨੂੰ ਕੱਸ ਕੇ ਰਖਿਆ ਜਾਵੇ ਤਾਂ ਇਸ ਮਨੁੱਖ ਦੇ ਜੀਵਨ ਨੂੰ ਵੀ ਪ੍ਰਭੂ ਪਿਆਰ ਤੇ ਭਗਤੀ ਵਾਲਾ ਸੋਹਣਾ ਰੰਗ ਚੜ੍ਹ ਜਾਂਦਾ ਹੈ।

“ਜੇ ਹੋਵੈ ਨਦਰਿ ਸਰਾਫ ਕੀ, ਬਹੁੜਿ ਨ ਪਾਈ ਤਾਉ” ਜਿਵੇਂ ਕਿ, ਜਿਹੜਾ ਸੋਨਾ ਇੱਕ ਵਾਰ ਸਰਾਫ਼ ਦੀ ਕੁਠਾਲੀ `ਤੇ ਚੜ੍ਹ ਕੇ ਖਰਾ ਹੋ ਜਾਂਦਾ ਹੈ ਤਾਂ ਸਰਾਫ਼ ਉਸ ਸੋਨੇ ਨੂੰ ਬਾਰ ਬਾਰ ਕੁਠਾਲੀ `ਤੇ ਨਹੀਂ ਚੜ੍ਹਾਦਾ। ਇਸੇ ਤਰ੍ਹਾਂ ਜਿਹੜਾ ਜੀਵਨ ਇੱਕ ਵਾਰ ਪ੍ਰਭੂ ਸਰਾਫ਼ ਦੇ ਦਰ `ਤੇ ਕਬੂਲ ਹੋ ਜਾਂਦਾ ਹੈ ਤੇ ਜਿਸ `ਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਹੋ ਜਾਂਦੀ ਹੈ, ਤਾਂ ਕਰਤਾ ਵੀ ਉਸ ਨੂੰ ਬਾਰ ਬਾਰ ਦੀਆਂਵਾਂ ਪ੍ਰੀਖਿਆ `ਚ ਨਹੀਂ ਪਾਂਦਾ।

“ਸਤੀ ਪਹਰੀ ਸਤੁ ਭਲਾ, ਬਹੀਐ ਪੜਿਆ ਪਾਸਿ” ਇਸ ਤਰ੍ਹਾਂ ਸੁਬ੍ਹਾ ਭਾਵ ਪਿਛਲ ਰਾਤ ਸਮੇਂ ਨੂੰ ਕਰਤੇ ਦੀ ਸਿਫ਼ਤ ਸਲਾਹ `ਚ ਗੁਜ਼ਾਰਣ ਬਾਅਦ, ਬਾਕੀ ਦੇ ਸੱਤ ਪਹਿਰ ਵੀ ਗੁਰਮੁਖਾਂ ਦਾ ਸੰਗ ਹੀ ਕਰਣਾ ਚਾਹੀਦਾ ਹੈ ਤਾ ਕਿ ਜੀਵਨ `ਚ ਚੰਗਾ ਆਚਰਣ ਹੀ ਤਿਆਰ ਹੋਵੇ।

“ਓਥੈ ਪਾਪੁ ਪੁਨੁੰ ਬੀਚਾਰੀਐ, ਕੂੜੈ ਘਟੈ ਰਾਸਿ” ਕਿਉਂਕਿ ਉਥੇ ਭਲੇ ਪੁਰਖਾਂ ਤੇ ਸਤਸੰਗੀਆਂ ਦੀ ਸੰਗਤ `ਚ ਬੈਠਿਆਂ ਚੰਗੇ ਮੰਦੇ ਦੀ ਵਿਚਾਰ ਹੁੰਦੀ ਹੈ। ਇਸੇ ਤੋਂ ਮਨੁੱਖ ਦੇ ਜੀਵਨ ਅੰਦਰੋਂ ਝੂਠ ਦੀ ਪੂੰਜੀ ਘਟਦੀ ਜਾਂਦੀ ਹੈ ਅਤੇ ਜੀਵਨ ਕਰਤੇ ਦੇ ਗੁਣਾਂ ਨਾਲ ਸੁਅਛ ਹੁੰਦਾ ਜਾਂਦਾ ਹੈ ਤੇ ਵਿਕਾਰ ਮੁਕਦੇ ਜਾਂਦੇ ਹਨ।

“ਓਥੈ ਖੋਟੇ ਸਟੀਅਹਿ, ਖਰੇ ਕੀਚਹਿ ਸਾਬਾਸਿ” ਕਿਉਂਕਿ ਉਥੇ ਅਜਿਹੇ ਸਤਿਸੰਗਾਂ ਦਾ ਨਤੀਜਾ ਹੁੰਦਾ ਹੈ ਕਿ ਜੀਵਨ ਚੋਂ ਖੋਟਾਂ ਬਾਹਰ ਸੁਟਦੇ ਜਾਈਦੀਆਂ ਹਨ ਤੇ ਮਨੁੱਖ ਦੇ ਕੇਵਲ ਖਰੇ ਕੰਮਾਂ ਦੀ ਹੀ ਸ਼ਲਾਘਾ ਕੀਤੀ ਜਾਂਦੀ ਹੈ ਭਾਵ ਉਸਦੇ ਜੀਵਨ ਅੰਦਰ ਪ੍ਰਭੂ ਗੁਣ ਹੀ ਵਧਦੇ ਹਨ।

“ਬੋਲਣੁ ਫਾਦਲੁ ਨਾਨਕਾ, ਦੁਖੁ ਸੁਖੁ ਖਸਮੈ ਪਾਸਿ” ਗੁਰੂ ਅੰਗਦ ਪਾਤਸ਼ਾਹ ਅਜਿਹੇ ਸਤਿਸੰਗਾ ਬਾਰੇ ਇਥੇ ਹੋਰ ਸਪਸ਼ਟ ਕਰਦੇ ਹਨ ਕਿ ਅਜਿਹੇ ਸਤਿਸੰਗਾਂ `ਚ ਬੈਠ ਕੇ ਇਧਰ ਉਧਰ ਦੀਆਂ ਤੇ ਬੇ ਸਿਰ ਪੈਰ ਦੀਆਂ ਗੱਲਾਂ ਕਰਣੀਆਂ ਵੀ ਕਿਸੇ ਕੰਮ ਨਹੀਂ ਆਉਂਦੀਆਂ। ਕਿਉਂਕਿ ਮਨੁੱਖ ਦਾ ਜੋ ਵੀ ਦੁਖ ਸੁਖ ਹੋਵੇ ਉਸ `ਚ ਜੇ ਕਰ ਉਸ `ਚ ਕੁੱਝ ਵਾਧਾ ਘਾਟਾ ਹੋਣਾ ਹੈ ਤਾਂ ਉਹਵੀ ਕਰਤੇ ਨੇ ਹੀ ਕਰਣਾ ਹੈ ਕਿਸੇ ਹੋਰ ਨੇ ਨਹੀਂ।

ਗੁਰਮੱਤ ਵਿਚਾਰ ਦਰਸ਼ਨ- ਸਲੋਕ `ਚ ਗੁਰਦੇਵ ਨੇ ਸਪਸ਼ਟ ਕੀਤਾ ਹੈ ਕਿ ਜਿਵੇਂ ਅਕਾਲਪੁਰਖ ਨੇ ਦਿਨ ਤੇ ਰਾਤ ਦੇ ਸਮੇਂ ਨੂੰ ਅੱਠ ਪਹਿਰਾਂ `ਚ ਵੰਡਿਆ ਹੋਇਆ ਹੈ। ਇਸੇ ਤਰ੍ਹਾਂ ਇਸ ਦਾ ਯੋਗ ਲਾਭ ਲੈਣ ਵੀ ਉਸ ਨੇ ਇਸ ਬੇਅੰਤ ਰਚਨਾ ਤੇ ਅਰਬਾਂ ਖਰਬਾਂ ਜੂਨਾਂ `ਚ ਮਨੁੱਖਾ ਜਨਮ ਦੀ ਵਿਸ਼ੇਸ਼ਤਾ ਵੀ ਕਾਇਮ ਕੀਤੀ ਹੋਈ ਹੈ। ਕਿਉਂਕਿ ਸੰਪੂਰਨ ਰਚਨਾ `ਚ ਇਕੋ ਇੱਕ ਮਨੁਖਾ ਸਰੀਰ ਹੀ ਹੈ ਜਿਸ ਦਾ ਲਾਭ ਲੈ ਕੇ ਤੇ ਇਸ `ਚੋਂ ਕਰਤੇ ਦੀ ਪਹਿਚਾਣ ਵੀ ਕੀਤੀ ਜਾ ਸਕਦੀ ਹੈ ਤੇ ਉਸ ਨਾਲ ਸਾਂਝ ਵੀ ਪਾਈ ਜਾ ਸਕਦੀ ਹੈ।

ਇਸ ਦੇ ਨਾਲ ਗੁਰਦੇਵ ਦਾ ਇਸ ਸਬੰਧੀ ਇਹ ਨਿਰਣਾ ਵੀ ਹੈ ਕਿ ਮਨੁੱਖਾ ਜਨਮ ਸਮੇਂ ਬੇਸ਼ੱਕ ਮਨੁੱਖਾ ਸਰੀਰ ਵੀ ਸਾਰੇ ਮਨੁੱਖਾ ਨੂੰ ਪ੍ਰਾਪਤ ਹੁੰਦਾ ਹੈ ਫ਼ਿਰ ਵੀ ਇਸ ਦਾ ਲਾਭ ਵੀ ਵਿਰਲੇ ਹੀ ਲੈਂਦੇ ਹਨ। ਇਸ ਦਾ ਲਾਭ ਉਹੀ ਲੈਂਦੇ ਹਨ ਜੋ ਇਸ ਦੇ ਅੱਠਾਂ ਪਹਿਰਾਂ ਚੋਂ ਪਿਛਲ ਰਾਤ ਵਾਲੇ ਪਹਿਲੇ ਪਹਿਰ ਦਾ ਲਾਭ ਕਰਤੇ ਦੀ ਸਿਫ਼ਤ ਸਲਾਹ ਨਾਲ ਲੈਂਦੇ ਹਨ। ਅਜਿਹੇ ਗੁਰਮੁਖ ਜਨ, ਸੁਵਖ਼ਤੇ ਉਠ ਕੇ ਸ਼ਬਦ ਗੁਰੂ ਦੀ ਕਮਾਈ ਕਰਦੇ ਹਨ ਤੇ ਕਰਤੇ ਦੀਆਂ ਵਡਿਆਈਆਂ ਨਾਲ ਜੁੜ ਕੇ, ਕਰਤੇ ਦੀਆਂ ਬਖ਼ਸ਼ਿਸ਼ਾਂ ਹਾਸਲ ਕਰ ਲੈਂਦੇ ਹਨ।

ਫ਼ਿਰ ਇਹ ਵੀ ਦ੍ਰਿੜ ਕਰਵਾਇਆ ਹੈ ਕਿ ਅਜਿਹੇ ਗੁਰਮੁਖ ਜਨ, ਝਾਲਾਗੇ ਦੇ ਸਤਿਸੰਗ ਦਾ ਲਾਭ ਬਾਕੀ ਸੱਤਾਂ ਪਹਿਰਾਂ `ਚ ਵੀ ਲੈਂਦੇ ਹਨ। ਬਾਕੀ ਸੱਤਾਂ ਪਹਿਰਾਂ `ਚ ਵੀ ਉਹ ਕਰਤੇ ਨੇ ਵਿਸਾਰ ਕੇ ਨਹੀਂ ਵਿਚਰਦੇ। ਬਲਕਿ ਸਮੂਚੇ ਕਾਰ ਵਿਹਾਰ ਦੌਰਾਨ ਵੀ ਪ੍ਰਭੂ ਪਿਆਰਿਆਂ ਦਾ ਹੀ ਸੰਗ ਤੇ ਉਨ੍ਹਾਂ ਨਾਲ ਕਰਤੇ ਦੀਆਂ ਬਾਤਾਂ ਹੀ ਕਰਦੇ ਹਨ। ਅਜਿਹੇ ਸਮੇਂ ਨੂੰ ਵੀ ਉਹ ਇਧਰ ਉਧਰ ਤੇ ਬੇਸਿਰਪੈਰ ਦੀਆਂ ਬਾਤਾਂ `ਚ ਬਿਰਥਾ ਨਹੀਂ ਕਰਦੇ। ਇਥੇ ਵੀ ਉਹ ਕੇਵਲ ਸੱਚ ਦੀਆਂ ਵਿਚਾਰਾਂ ਹੀ ਕਰਦੇ ਤੇ ਇਸ ਨਾਲ ਆਪਣੇ ਅੰਦਰ ਦੀਆਂ ਖੋਟਾਂ ਨੂੰ ਹੀ ਕਢਦੇ ਰਹਿੰਦੇ ਹਨ।

ਇਸ ਤਰ੍ਹਾਂ ਅਜਿਹੀ ਨਿੱਤ ਦੀ ਘਾਲਣਾ ਨਾਲ ਉਹ ਆਪਣੇ ਜੀਵਨ ਨੂੰ ਜਿਵੇਂ ਕਿ ਕੁੰਦਨ ਬਣਾ ਲੈਂਦੇ ਹਨ। ਅਜਿਹਾ ਕੁੰਦਨ, ਜਿਸ `ਤੇ ਪ੍ਰਭੂ ਪਿਆਰ ਵਾਲਾ ਚੜ੍ਹਿਆ ਹੋਇਆ ਸੋਹਣਾ ਰੰਗ ਫ਼ਿਰ ਜੀਵਨ ਭਰ ਨਹੀਂ ਉਤਰਦਾ। ਉਨ੍ਹਾਂ ਨੇ, ਬਲਕਿ ਆਪਣੇ ਜੀਵਨ ਦੇ ਦੁਖ ਸੁਖ ਦੀ ਵੀ ਕੋਈ ਗੱਲ ਕਹਿਣੀ ਹੋਵੇ ਤਾਂ ਉਸ ਲਈ ਕੇਵਲ ਕਰਤੇ ਦੇ ਦਰ ਦੇ ਸੁਆਲੀ ਬਣਦੇ ਹਨ ਅਤੇ ਸੱਜੇ ਖਬੇ ਨਹੀਂ ਭਟਕਦੇ।

ਮ: ੨॥ ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥ ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ॥ ੨॥ {ਪੰਨਾ ੧੪੬}

ਵਿਸ਼ੇਸ਼ ਨੋਟ ੧: —ਇਹ ਸਲੋਕ ਮੂਲ ਰੂਪ `ਚ ਪਹਿਲੇ ਪਾਤਸ਼ਾਹ ਦੀ ਰਚਨਾ ਵੱਜੋਂ ਬਾਣੀ ‘ਜਪੁ’ `ਚ ਦੂਜੇ ਸਲੋਕ ਦੇ ਤੌਰ `ਤੇ ਅਤੇ ਬਾਣੀ ਜਪੁ ਦੇ ਅਖ਼ੀਰ `ਚ ਆਇਆ ਹੋਇਆ ਹੈ। ਦੂਜੇ ਪਾਤਸ਼ਾਹ ਨੇ ਇਹ ਦੱਸਣ ਲਈ ਕਿ ਇਹ ਸਲੋਕ ਆਪਣੀ ਅਸਲ ਜਗ੍ਹਾ `ਤੇ ਨਹੀਂ ਬਲਕਿ ਦੂਜੀ ਤੇ ਬਦਲਵੀਂ ਜਗ੍ਹਾ `ਤੇ ਹੈ, ਇਸ ਦੀ ਅੰਤਮ ਪੰਕਤੀ `ਚ ਫ਼ਰਕ ਪਾ ਦਿੱਤਾ ਹੈ। ਬਾਣੀ ‘ਜਪੁ’ `ਚ ਉਥੇ ਸ਼ਬਦਾਵਲੀ ਹੈ “ਨਾਨਕ ਤੇ ਮੁਖ ਉਜਲੇ, ਕੇਤੀ ਛੁਟੀ ਨਾਲਿ” ਤੇ ਇਥੇ ਉਸ `ਚ ਦੂਜੇ ਪਾਤਸ਼ਾਹ ਨੇ ਲਫ਼ਜ਼ ‘ਹੋਰ’ ਵਰਤ ਕੇ ਇਸ ਦਾ ਰੂਪ ਬਣਾ ਦਿੱਤਾ ਹੈ “ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ” ਜਦਕਿ ਅਰਥਾਂ `ਚ ਅੰਤਰ ਨਹੀਂ ਪੈਣ ਦਿੱਤਾ।

ਉਂਜ ਵੀ ਗੁਰਬਾਣੀ `ਚ ਜਿੱਥੇ ਜਿੱਥੇ ਵੀ ਇਹ ਢੰਗ ਵਰਤਿਆ ਗਿਆ ਹੈ ਜਿਵੇਂ ਬਾਣੀ ਜਪੁ ਦੇ ਪਹਿਲੇ ਸਲੋਕ ਨੂੰ ਬਾਣੀ ‘ਸੁਖਮਨੀ ਸਾਹਿਬ’ ਦੀ ਸਤਾਰ੍ਹਵੀਂ ਅਸ਼ਟਪਦੀ ਦੇ ਅਰੰਭ `ਚ ਤੇ ਇਸੇ ਤਰ੍ਹਾਂ ਸੰਪੂਰਣ ਗੁਰਬਾਣੀ `ਚ ਲਗਭਗ ਹੋਰ ਵੀ ੧੬-੧੭ ਸਥਾਨਾਂ `ਤੇ, ਸਥਾਨ-ਅੰਤਰ ਦੱਸਣ ਲਈ ਵਧ ਭਾਵੇਂ ਘੱਟ ਸ਼ਬਦਾਵਲੀ ਤੇ ਬਣਤਰ `ਚ ਕੁੱਝ ਨਾ ਕੁੱਝ ਫ਼ਰਕ ਤਾਂ ਜ਼ਰੂਰ ਪਾਏ ਹਨ ਪਰ ਇਸ ਤੋਂ ਵੱਡੀ ਗੱਲ ਤੇ ਸਾਹਿਤਕ ਪੱਖੋਂ ਖ਼ੂਬੀ ਵਾਲੀ ਗੱਲ ਇਹ ਹੈ ਅਰਥਾਂ `ਚ ਕਿਧਰੇ ਵੀ ਫ਼ਰਕ ਨਹੀਂ ਪੈਣ ਦਿੱਤਾ।

ਨੋਟ ੨: — ਇਸ ਸਲੋਕ ਰਾਹੀਂ ਇੱਕ ਪ੍ਰਵਾਰ ਦਾ ਨਕਸ਼ਾ ਬੰਨ੍ਹ ਕੇ ਗੁਰਦੇਵ ਸਮਝਾਂਦੇ ਹਨ ਜਿਵੇਂ ਕਿ ਇੱਕ ਪ੍ਰਵਾਰ `ਚ ਮਾਤਾ ਬਚਿਆਂ ਨੂੰ ਜਨਮ ਦਿੰਦੀ, ਪਰਵਾਰਕ ਵਾਧਾ ਕਰਦੀ ਤੇ ਪਾਲਦੀ ਹੈ। ਪਿਤਾ ਪ੍ਰਵਾਰ ਦੀ ਹਰਿਆਵਲ ਨੂੰ ਕਾਇਮ ਰਖਚ ਲਈ ਕੰਮ ਕਰਦਾ ਹੈ, ਗੁਰੂ ਸੁਆਸਾਂ ਦੀ ਸੰਭਾਲ ਕਰਦਾ ਤੇ ਪ੍ਰਵਾਰ ਦੇ ਜੀਵਨ ਨੂੰ ਸਿਧੇ ਰਾਹ ਚਲਾਂਦਾ ਹੈ। ਇਸੇ ਤਰ੍ਹਾਂ ਕਿਸੇ ਪ੍ਰਵਾਰ `ਚ ਦਾਈ ਬਚਿਆਂ ਦੀ ਪਾਲਨਾ ਸਮੇਂ ਮਾਤਾ ਦਾ ਸਾਥ ਦਿੰਦੀ ਤੇ ਦਾਇਆ ਭਾਵ ਖਿਡਾਵਾ ਬਚਿਆਂ ਨੂੰ ਬਾਹਰ ਘੁਮਾ-ਫ਼ਿਰਾ ਲਿਆਂਉਦਾ, ਆਹਰੇ ਲਾਂਦਾ ਤੇ ਸਮੇਂ ਨਾਲ ਸੁਆਂਦਾ ਹੈ। ਠੀਕ ਉਸੇ ਤਰਜ਼ `ਤੇ ਇਹ ਸੰਸਾਰ ਵੀ ਮਾਨੋ ਇੱਕ ਪ੍ਰਵਾਰ ਹੈ ਜਿਸ `ਚ ਧਰਤੀ ਮਾਤਾ ਦੀ ਜ਼ਿੰਮੇਂਵਾਰੀ ਨਿਭਾਅ ਰਹੀ ਹੈ, ਪਾਣੀ ਹਰਿਆਵਲ ਭਾਵ ਪਿਤਾ ਵਾਲੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ। ਸੰਸਾਰ `ਚ ਮਨੁੱਖ ਦੇ ਚੱਲ ਰਹੇ ਸੁਆਸ ਮਾਨੋ ‘ਪਵਣ’, ‘ਗੁਰੂ’ ਵਾਲਾ ਫ਼ਰਜ਼ ਨਿਭਾਅ ਰਹੀ ਹੈ। ਇਸੇ ਤਰ੍ਹਾਂ ‘ਦਿਨ ਤੇ ਰਾਤ’ ਜਿਵੇਂ ‘ਦਾਈ ਤੇ ਦਾਇਆ’ ਵਾਲੇ ਕੰਮ ਕਰ ਰਹੇ ਹਨ। ਇਸ ਤਰ੍ਹਾਂ ਸੰਸਾਰ ਰੂਪੀ ਇਸ ਸਮੂਚੇ ਪ੍ਰਵਾਰ `ਚ ਜੀਵ ਜੋ ਵੀ ਕਰਮ ਕਰਦੇ ਹਨ, ਉਨ੍ਹਾਂ ਦੇ ਕਰਮਾਂ ਦੇ ਹਿਸਾਬ ਨਾਲ; ਕਈਆਂ ਦੀ ਘਾਲ ਥਾਇ ਪੈਂਦੀ ਹੈ ਤੇ ਕਰਤੇ (ਧਰਮੁ) ਦੀ ਦਰਗਾਹ `ਚ ਕਬੂਲ ਹੋ ਜਾਂਦੇ ਹਨ ਜਦਕਿ ਕਈ ਆਪਣੇ ਹੀ ਖੋਟੇ ਤੇ ਮੰਦ ਕਰਮਾਂ ਕਾਰਨ ਵਾਪਿਸ ਫ਼ਿਰ ਤੋਂ ਜਨਮ-ਮਰਨ ਦੇ ਗੇੜ `ਚ ਧੱਕ ਦਿੱਤੇ ਜਾਂਦੇ ਹਨ।

ਨੋਟ ੩: —ਇਸ ਸਲੋਕ ਸਬੰਧੀ ਦੇਖਣ ਤੇ ਵਿਚਾਰਣ ਦੀ ਗੱਲ ਇਹ ਵੀ ਹੈ ਕਿ ਸਾਡੇ ਕੁੱਝ ਵਿਦਵਾਨ ਇਸ ਤਰ੍ਹਾਂ ਪ੍ਰਚਾਰਦੇ ਹਨ ਕਿ ਇੱਥੇ ਗੁਰੂ ਸਾਹਿਬ ਨੇ ‘ਪਾਣੀ’ ਨੂੰ ਗੁਰੂ ਤੇ ‘ਧਰਤੀ’ ਨੂੰ ਮਾਤਾ ਕਿਹਾ ਹੈ ਜੋ ਮੂਲੋਂ ਹੀ ਗ਼ਲਤ ਅਤੇ ਸੰਗਤਾਂ ਨੂੰ ਗੁਰਮੱਤ ਤੋਂ ਤੋੜ ਕੇ ਕੁਰਾਹੇ ਪਾਉਣ ਵਾਲੀ ਖੇਡ ਹੈ। ਇਥੇ ਤਾਂ ਗੁਰਦੇਵ ਨੇ ਗੱਲ ਸਮਝਾਉਣ ਲਈ ਇਨ੍ਹਾਂ ਨੂੰ ਕੇਵਲ ਮਿਸਾਲਾਂ ਵਜੋਂ ਵਰਤਿਆ ਹੈ ਨਾ ਕਿ ਅਣਮਤੀਆਂ ਵਾਂਙ ਪਵਣ ਨੂੰ ‘ਗੁਰੂ’ ਧਰਤੀ ਨੂੰ ‘ਮਾਤਾ’ ਤੇ ‘ਪਾਣੀ’ ਨੂੰ ਪਿਤਾ ਕਿਹਾ ਹੈ। ਇਥੇ, ਇਹ ਠੀਕ ਉਸੇ ਤਰ੍ਹਾਂ ਜਿਵੇਂ ਸਕੂਲ `ਚ ਬਚਿਆਂ ਨੂੰ ਸੁਆਲ ਕਰਵਾਉਣ ਲਈ ਕਿਹਾ ਜਾਂਦਾ ਹੈ ‘ਮੰਨ ਲੌ- ੧੦੦ ਮੀਟਰ ਬਰਾਬਰ ਹੈ ਇੱਕ ਇੰਚ ਜਾਂ ਕੁੱਝ ਹੋਰ; ਪਰ ਇਸਦਾ ਇਹ ਮਤਲਬ ਕਦੇ ਨਹੀਂ ਹੁੰਦਾ ਕਿ ਸਚਮੁਚ ਹੀ ੧੦੦ ਮੀਟਰ ਇੱਕ ਇੰਚ ਦੇ ਬਰਾਬਰ ਹੁੰਦੇ ਹਨ ਜਾਂ ਬਾਕੀ…। ਸਾਨੂੰ ਕਹਿਣ ਅਤੇ ਕਿਸੇ ਵਿਸ਼ੇ ਦੀ ਕਲਪਣਾ ਕਰਕੇ ਗੱਲ ਸਮਝਾਉਣ ਵਾਲੇ ਫ਼ਰਕ ਨੂੰ ਸਮਝਣ ਦੀ ਲੋੜ ਹੈ, ਵਿਸ਼ਾ ਆਪਣੇ ਆਪ ਸਾਫ਼ ਹੋ ਜਾਵੇਗਾ।

ਨੋਟ ੪: —ਸਲੋਕ `ਚ ਲਫ਼ਜ਼ ‘ਧਰਮੁ’ ਵਿਸ਼ੇਸ਼ ਧਿਆਨ ਮੰਗਦਾ ਹੈ। ਇਥੇ ਇਹ ਲਫ਼ਜ਼ ਕਿਸੇ ਬ੍ਰਾਹਮਣੀ ਧਰਮ ਰਾਜ, ਜਮ ਰਾਜ, ਚਿਤ੍ਰ ਗੁਪਤ ਆਦਿ ਲਈ ਨਹੀਂ ਬਲਕਿ ਕੇਵਲ ਤੇ ਕੇਵਲ ਇਕੋ ਇੱਕ ਨਿਆਂਕਾਰੀ ‘ਅਕਾਲਪੁਰਖ’ ਲਈ ਹੀ ਹੈ ਹੋਰ ਕਿਸੇ ਵੀ ਲਈ ਨਹੀਂ ਹੈ।

ਪਦ ਅਰਥ: ਵਾਚੇ…ਨਿਆਂ ਕਰਦਾ ਹੈ। ਧਰਮੁ …. ਇਕੋ ਇੱਕ ਨਿਆਂਕਾਰੀ ਅਕਾਲਪੁਖ (ਨਾ ਕਿ ਬ੍ਰਾਹਮਣੀ ਧਰਮ ਰਾਜ ਜਮ ਰਾਜ ਆਦਿ)। ਹਦੂਰਿ—ਆਪਣੇ ਸਾਹਮਣੇ, ਬੜੇ ਗਹੁ ਨਾਲ, ਨਿਰੋਲ ਉਸ ਦੇ ਸੱਚ ਨਿਆਂ `ਚ। ਮਸਕਤਿ ਘਾਲਿ…. ਘਾਲ ਕਮਾਈ, ਮਿਹਨਤ। “ਇਹ ਫ਼ਾਰਸੀ ਦਾ ਲਫ਼ਜ਼ ਹੈ ‘ਮੁਸ਼ੱਕਤ’ ਹੈ ਤੇ ਉਸੇ ਦਾ ਇੱਥੇ ਪੰਜਾਬੀ ਉਚਾਰਣ ਹੈ ‘ਮਸ਼ੱਕਤ’ ਹੈ; ਨਾ ਕਿ ‘ਮਸਕਤ’ ਜੋ ਇਸ ਲਫ਼ਜ਼ ਦਾ ਬਿਲਕੁਲ ਅਸ਼ੁਧ ਉਚਾਰਣ ਹੈ। ਘਾਲਿ…. ਸਫ਼ਲ। ਤੇ… ਉਹ, ਅਜਿਹੇ ਵਡਭਾਗੀ ਜੀਊੜੇ। ਮੁਖ ਉਜਲੇ …. ਆਪਣਾ ਜਨਮ ਤਾਂ ਸਫ਼ਲ ਕਰਦੇ ਹੀ ਹਨ। ਹੋਰ ਕੇਤੀ …. ਹੋਰ ਕਿਤਣਿਆਂ ਨੂੰ, ਅਨੇਕਾਂ ਨੂੰ। ਹੋਰ ਕੇਤੀ ਛੁਟੀ ਨਾਲਿ” ਇਤਨਾ ਹੀ ਨਹੀਂ ਹੋਰ ਵੀ ਕਿਤਣਿਆਂ ਨੂੰ ਇਸ ਭਵਸਾਗਰ ਤੇ ਵਿਕਾਰਾਂ ਦੇ ਸਮੁੰਦਰ ਅਥਵਾ ਜਨਮ ਮਰਨ ਦੇ ਗੇੜ ‘ਤੋਂ ਛੁਟਕਾਰਾ ਦੁਆਉਣ ਦਾ ਕਾਰਨ ਬਣਦੇ ਹਨ।

ਅਰਥ: “ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਜਿਵੇਂ ਸਕੂਲ ਦੀ ਪੜ੍ਹਾਈ ਦੌਰਾਨ ਜਦੋਂ ਕਿਸੇ ਸੁਆਲ ਨੂੰ ਹੱਲ ਕਰਣ ਲਈ, ਕਈ ਵਾਰੀ ਇੱਕ ਹਜ਼ਾਰ ਮੀਟਰ ਨੂੰ ਵੀ ਇੱਕ ਇੰਚ ਦੇ ਬਰਾਬਰ ਮੰਨ ਲਿਆ ਜਾਂਦਾ ਹੈ, ਠੀਕ ਉਸੇ ਤਰ੍ਹਾਂ ਇਸ ਸਲੋਕ ਦੇ ਗੁਰਮੱਤ ਅਰਥਾਂ ਨੂੰ ਸਮਝਣ ਲਈ ਵੀ-ਪੂਰੇ ਸੰਸਾਰ ਨੂੰ ਜੇ ਕਰ ਇੱਕ ਪ੍ਰਵਾਰ ਦੇ ਰੂਪ `ਚ ਮੰਨ ਲਿਆ ਜਾਵੇ ਤਾਂ ਇਸ `ਚ ਹਵਾ, ਜੀਵਾਂ ਲਈ ਮਾਨੋ ਗੁਰੂ ਦਾ ਪਾਰਟ ਅਦਾ ਕਰ ਰਹੀ ਹੈ। ਹਵਾ ਸਰੀਰਾਂ ਲਈ ਇਉਂ ਹੈ, ਜਿਵੇਂ ਗੁਰੂ ਜੀਵਾਂ ਦੀ ਆਤਮਕ ਪੱਖੋਂ ਸੰਭਾਲ ਕਰਦਾ ਹੈ। ਉਪ੍ਰੰਤ ‘ਪਾਣੀ’ ਸੰਸਾਰ ਦੇ ਹਰਿਆਵਲ ਭਾਵ ਸਮੂਹ ਜੀਵਾਂ ਦਾ ਮਾਨੋ ‘ਪਿਉ’ ਹੈ, ਧਰਤੀ ਜੋ ਸੰਸਾਰ ਤਲ `ਤੇ ਉਤਪਤੀ ਕਰਦੀ ਤੇ ਜੀਵਨ ਚਲਣ ਨੂੰ ਅੱਗੇ ਵਧਾਉਂਦੀ ਹੈ ਮਾਨੋ ਸਾਰੇ ਜੀਵਾਂ ਦੀ ਮਾਂ ਹੈ।

“ਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ” ਇਸੇ ਤਰ੍ਹਾਂ ਇਸ ਸੰਸਾਰ ਰੂਪੀ ਪ੍ਰਵਾਰ `ਚ ਦਿਨ ਤੇ ਰਾਤ ਖਿਡਾਵੀ ਤੇ ਖਿਡਾਵਾ ਹਨ, ਇਨ੍ਹਾਂ ਕਾਰਨ ਹੀ ਰਾਤ ਨੂੰ ਜੀਵ ਸੌਂ ਜਾਂਦੇ ਹਨ ਤੇ ਦਿਨ ਨੂੰ ਫ਼ਿਰ ਆਪਣੇ ਆਪਣੇ ਆਹਰ ਲੱਗ ਜਾਂਦੇ ਹਨ ਤੇ ਇਸ ਤਰ੍ਹਾਂ ਸੰਸਾਰਕ ਪ੍ਰਵਾਰ ਵਾਲੀ ਖੇਡ ਚੱਲਦੀ ਹੈ।

“ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ” ਉਪ੍ਰੰਤ ਧਰਮੁ ਭਾਵ ਅਕਾਲਪੁਰਖ ਦੇ ਦਰ `ਤੇ ਅਤੇ ਨਿਰੋਲ ਉਸ ਦੇ ਸੱਚ ਨਿਆਂ `ਚ, ਸਾਰੇ ਜੀਵਾਂ ਦੇ ਚੰਗੇ ਤੇ ਮੰਦੇ ਕਰਮਾਂ ਦਾ ਲੇਖਾ ਜੋਖਾ ਹੁੰਦਾ ਹੈ।

“ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ” ਕਰਤੇ ਦੇ ਦਰ `ਤੇ ਜੀਵਾਂ ਦੇ ਆਪੋ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਕਈ ਜੀਵ ਤਾਂ ਅਕਾਲਪੁਰਖ ਦੇ ਨੇੜੇ ਭਾਵ ਉਸ ਦੇ ਦਰ `ਤੇ ਕਬੂਲ ਹੋ ਜਾਂਦੇ ਹਨ ਭਾਵ ਉਸੇ `ਚ ਸਮਾਅ ਜਾਂਦੇ ਹਨ ਤੇ ਮੁੜ ਜਨਮ ਮਰਨ ਦੇ ਗੇੜ `ਚ ਨਹੀਂ ਆਉਂਦੇ। ਜਦਕਿ ਕਈ ਉਹ ਹੁੰਦੇ ਹਨ ਜੋ ਉਸ ਦੇ ਦਰ ਤੋਂ ਧੱਕ ਦਿੱਤੇ ਜਾਂਦੇ ਹਨ ਭਾਵ ਮੁੜ ਜਨਮ ਮਰਨ ਦੇ ਗੇੜ `ਚ ਹੀ ਪਾ ਦਿੱਤੇ ਜਾਂਦੇ ਹਨ।

“ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ” ਕਿਉਂਕਿ ਜਿਹੜੇ ਮਨੁੱਖਾ ਜਨਮ ਪਾ ਕੇ (ਗੁਰੂ ਗੁਰਬਾਣੀ ਦੀ ਆਗਿਆ `ਚ ਜੀਵਨ ਦੀ ਕਮਾਈ ਕਰਦੇ ਤੇ ਕਰਤੇ ਦੀ ਸਿਫ਼ਤ ਸਲਾਹ ਨਾਲ ਜੁੜਦੇ ਹਨ) ਉਨ੍ਹਾਂ ਦੀ ਘਾਲ ਥਾਂਇ ਪੈਂਦੀ ਹੈ ਭਾਵ ਕਰਤੇ ਦੇ ਦਰ `ਤੇ ਕਬੂਲ ਹੋ ਜਾਂਦੇ ਹਨ, ਕਰਤੇ ਪ੍ਰਭੂ `ਚ ਹੀ ਸਮਾ ਜਾਂਦੇ ਹਨ ਤੇ ਮੁੜ ਜਨਮ ਮਰਨ ਦੇ ਗੇੜ `ਚ ਨਹੀਂ ਆਉਂਦੇ।

“ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ” ਫ਼ਿਰ ਇਤਨਾ ਹੀ ਨਹੀਂ, ਗੁਰੂ ਪਾਤਸ਼ਾਹ ਸਪਸ਼ਟ ਕਰਦੇ ਹਨ ਕਿ ਅਜਿਹੇ ਵਡਭਾਗੀ ਜੀਊੜੇ ਆਪਣਾ ਜਨਮ ਤਾਂ ਸਫ਼ਲ ਕਰਦੇ ਹੀ ਹਨ। ਇਸ ਤਰ੍ਹਾਂ ਹੋਰ ਵੀ ਬਥੇਰੀ ਲੁਕਾਈ ਉਨ੍ਹਾਂ ਦੀ ਸੰਗਤਿ `ਚ ਆ ਕੇ ਵਿਕਾਰਾਂ ਤੋਂ ਮੁਕਤ ਹੋ ਜਾਂਦੀ ਹੈ। ਬਲਕਿ ਉਹ ਤਾਂ ਆਪਣੇ ਨਾਲ ਹੋਰ ਵੀ ਕਿਤਣਿਆਂ ਨੂੰ ਇਸ ਭਵਸਾਗਰ ਭਾਵ ਵਿਕਾਰਾਂ ਦੇ ਸਮੁੰਦਰ ਅਥਵਾ ਜਨਮ ਮਰਨ ਦੇ ਗੇੜ `ਚੋਂ ਛੁਟਕਾਰਾ ਦੁਆਉਣ ਦਾ ਕਾਰਨ ਬਣਦੇ ਹਨ। ੨।

ਗੁਰਮੱਤ ਵਿਚਾਰ ਦਰਸ਼ਨ- ਉਂਜ ਤਾਂ ਇਸ ਵਿਸ਼ੇ ਨੂੰ ਵਿਸ਼ੇਸ਼ ਨੋਟ ਦੇ ਚਾਰ ਭਾਗਾਂ `ਚ ਲਿਆ ਜਾ ਚੁੱਕਾ ਹੈ ਫ਼ਿਰ ਵੀ ਇਥੇ ਸਲੋਕ ਸਬੰਧੀ ਖ਼ਾਸ ਤੇ ਦੋਬਾਰਾ ਧਿਆਨ ਦੁਆਉਣ ਦੀ ਲੋੜ ਉਨ੍ਹਾਂ ਪ੍ਰਚਾਰਕਾਂ, ਲੇਖਕਾਂ ਤੇ ਕਥਾਵਾਚਕਾਂ ਆਦਿ ਲਈ ਹੈ ਜਿਹੜੇ ਇੱਕ ਪਾਸੇ ਤਾਂ ਇਕੋ ਇੱਕ ਗੁਰਬਾਣੀ ਗੁਰੂ ਦੀ ਗੱਲ ਕਰਦੇ ਹਨ; ਕੇਵਲ ਗੁਰੂ ਕੀਆ ਸੰਗਤਾਂ ਲਈ ਹੀ ਨਹੀਂ ਬਲਕਿ ਸਮੂਚੇ ਮਨੁੱਖ ਮਾਤ੍ਰ ਲਈ ਗੁਰਬਾਣੀ ਸੱਚ ਦੇ ਪ੍ਰਗਟਾਵੇ ਇਕੋ ਇੱਕ ਅਕਾਲਪੁਰਖੀ ਮਾਤਾ ਪਿਤਾ ਦੀਆਂ ਗੱਲਾਂ ਵੀ ਕਰਦੇ ਤੇ ਇਸ ਦੀ ਪ੍ਰੌੜਤਾ `ਚ ਗੁਰਬਾਣੀ ਸ਼ਬਦਾਂ ਦੇ ਉਚਾਰਣ ਕਰਦੇ ਹਨ।

ਉਪ੍ਰੰਤ ਨਾਲ ਹੀ ਸਲੋਕ ਦੇ ਮੂਲ ਅਰਥਾਂ ਤੇ ਭਾਵਨਾ ਨੂੰ ਸਮਝੇ ਬਿਨਾ ‘ਪਵਣ’ ਭਾਵ ‘ਹਵਾ’ ਨੂੰ ਗੁਰੂ ‘ਧਰਤੀ’ ਨੂੰ ਮਾਤਾ ਤੇ ਤੇ ਪਾਣੀ ਨੂੰ ਪਿਤਾ ਪ੍ਰਚਾਰਣਾ ਵੀ ਸ਼ੁਰੂ ਕਰ ਦਿੰਦੇ ਹਨ। ਇਸ ਤਰ੍ਹਾਂ ਅਜਿਹੇ ਸੱਜਨ ਅਗਿਆਨਤਾ ਵੱਸ ਇੱਕ ਪਾਸੇ, ਇਸ ਪੱਖੋਂ ਗੁਰਬਾਣੀ ਦੀ ਘੋਰ ਬੇਅਦਬੀ ਦਾ ਕਾਰਨ ਬਣੇ ਹੁੰਦੇ ਹਨ, ਦੂਜੇ ਬਹੁਤੀਆਂ ਤੇ ਅਜਿਹੀਆਂ ਅਣਜਾਨ ਸੰਗਤਾਂ ਦਾ ਵੀ ਵੱਡਾ ਨੁਕਸਾਨ ਕਰ ਰਹੇ ਹੁੰਦੇ ਹਨ। ਇਸ ਲਈ ਅਜਿਹੇ ਸੱਜਨਾਂ ਦੀ ਸੇਵਾ `ਚ ਸਨਿਮ੍ਰ ਬੇਨਤੀ ਹੈ ਕਿ ਇਸ ਸਲੋਕ ਦੇ ਅਰੰਭ `ਚ ਦਿੱਤੇ ਜਾ ਚੁੱਕੇ ਵਿਸ਼ੇਸ਼ ਨੋਟ ਨੂੰ ਧਿਆਨ ਦੇ ਕੇ ਪੜ੍ਹਣ ਤਾ ਕਿ ਗੁਰਬਾਣੀ ਪ੍ਰਤੀ ਅਜਿਹੀ ਕੋਤਾਹੀ ਤੋਂ ਬਚਿਆ ਜਾ ਸਕੇ।

ਉਂਜ ਵੀ ਦੌਰਾਅ ਦੇਣਾ ਚਾਹੁੰਦੇ ਹਾਂ ਕਿ ਸਲੋਕ ਵਿਚਲੀ ‘ਗੁਰੂ, ਮਾਤਾ ਤੇ ਪਿਤਾ’ ਵਾਲ਼ੀ ਸ਼ਬਦਾਵਲੀ ਕੇਵਲ ਵਿਸ਼ੇ ਨੂੰ ਸਪਸ਼ਟ ਕਰਣ ਲਈ ਮਿਸਾਲ ਵੱਜੋਂ ਹੈ ਸਿਧਾਂਤਕ ਨਹੀਂ। ਦੂਜਾ, ਫ਼ਿਰ ਵੀ ਜੇ ਕਰ ਕੁੱਝ ਅਨਮੱਤੀ ਪ੍ਰਭਾਵਾਂ ਦੇ ਦਬਾਅ `ਚ ਆਏ ਹੋਏ ਹੋਣ ਕਾਰਨ ਸਲੋਕ ਵਿਚਲੀ ‘ਗੁਰੂ, ਮਾਤਾ ਤੇ ਪਿਤਾ’ ਵਾਲੀ ਸ਼ਬਦਾਵਲੀ ਪ੍ਰਤੀ ਉਹੀ ਹੱਠ ਕਰਦੇ ਜਾਣ ਤਾਂ ਉਨ੍ਹਾਂ ਨੰ ਵਿਚਾਰਣ ਦੀ ਲੋੜ ਹੈ ਤਾਂ ਫ਼ਿਰ ਉਹ ਗੁਰੂ, ਮਾਤਾ ਤੇ ਪਿਤਾ ਤੋਂ ਬਾਅਦ ਇਥੋਂ “ਦਾਈ ਤੇ ਦਾਇਆ” ਨੂੰ ਕਿਨ੍ਹਾਂ ਅਰਥਾਂ `ਚ ਲੈਣ ਗੇ? ਜਦਕਿ ਸਮਝਣਾ ਹੈ ਕਿ ਆਦਿ ਤੋਂ ਸਮਾਪਤੀ ਤੱਕ ਭਾਵ ਸੰਪੂਰਨ ਗੁਰਬਾਣੀ `ਚ ਜਗਿਆਸੂ ਨੂੰ ਜਿਸ ‘ਸ਼ਬਦ ਗੁਰੂ’ ਤੇ ਅਕਾਲਪੁਰਖ ਮਾਤਾ ਪਿਤਾ’ ਨਾਲ ਜੋੜਿਆ ਹੋਇਆ ਹੈ ਉਥੇ ਇਨ੍ਹਾਂ ਲਈ ਆਪਣੇ ਅਰਥਾਂ ਦਾ ਮਿਲਾਣ ਕਿਵੇਂ ਕਰਣਗੇ?

ਪਉੜੀ॥ ਸਚਾ ਭੋਜਨੁ ਭਾਉ, ਸਤਿਗੁਰਿ ਦਸਿਆ॥ ਸਚੇ ਹੀ ਪਤੀਆਇ, ਸਚਿ ਵਿਗਸਿਆ॥ ਸਚੈ ਕੋਟਿ ਗਿਰਾਂਇ, ਨਿਜ ਘਰਿ ਵਸਿਆ॥ ਸਤਿਗੁਰਿ ਤੁਠੈ ਨਾਉ, ਪ੍ਰੇਮਿ ਰਹਸਿਆ॥ ਸਚੈ ਦੈ ਦੀਬਾਣਿ, ਕੂੜਿ ਨ ਜਾਈਐ॥ ਝੂਠੋ ਝੂਠੁ ਵਖਾਣਿ, ਸੁ ਮਹਲੁ ਖੁਆਈਐ॥ ਸਚੈ ਸਬਦਿ ਨੀਸਾਣਿ, ਠਾਕ ਨ ਪਾਈਐ॥ ਸਚੁ ਸੁਣਿ ਬੁਝਿ ਵਖਾਣਿ, ਮਹਲਿ ਬੁਲਾਈਐ॥ ੧੮॥ {ਪੰਨਾ ੧੪੬}

ਪਦ ਅਰਥ: ਭਾਉ—ਪ੍ਰੇਮ, ਕਰਤੇ ਨਾਲ ਤਨੋ ਮਨੋ ਪਿਆਰ ਤੇ ਸਤਿਕਾਰ। ਸਤਿਗੁਰਿ—ਸਤਿਗੁਰੂ ਨੇ, ਸਦਾ ਥਿਰ ਗੁਰੂ ਨੇ, ਸ਼ਬਦ ਗੁਰੂ ਨੇ। ਪਾਤਿਆਇ—ਪਤੀਜ ਜਾਇ, ਪਰਚ ਜਾਇ, ਦ੍ਰਿੜ ਵਿਸ਼ਵਾਸ ਆ ਜਾਇ। ਵਿਗਸਿਆ—ਖਿੜਿਆ, ਪ੍ਰਸੰਨ ਹੋਇਆ। ਕੋਟਿ—ਕੋਟ `ਚ, ਕਿਲ੍ਹੇ `ਚ। ਗਿਰਾਂਇ—ਗਿਰਾਂ `ਚ, ਪਿੰਡ `ਚ’। ਸਚੈ ਕੋਟਿ ਗਿਰਾਂਇ… ਸੰਪੂਰਣ ਰਚਨਾ `ਚੋਂ ਕਰਤੇ ਦੇ ਵਜੂਦ ਦੇ ਹੀ ਦਰਸ਼ਨ ਹੁੰਦੇ ਹਨ। ਰਹਸਿਆ—ਖਿੜ ਪਿਆ, ਖ਼ੁਸ਼ ਹੋਇਆ। ਨਿਜ ਘਰਿ ਵਸਿਆ … ਮਨੁੱਖਾ ਜਨਮ ਦੀ ਅਸਲੀਅਤ ਨੂੰ ਪਹਿਚਾਣ ਲਿਆ, ਸਵੈ ਸਰੂਪ `ਚ ਆ ਗਿਆ। ਦੀਬਾਣਿ—ਦਰਬਾਰ `ਚ, ਕਰਤੇ ਦੇ ਸੱਚ ਨਿਆਂ `ਚ। ਕੂੜਿ—ਕੂੜ ਰਾਹੀਂ, ਹਉਮੈ ਆਦਿ ਵਿਕਾਰਾਂ ਤੇ ਅਉਗੁਣਾ ਨਾਲ ਭਰੇ ਹੋਏ ਜੀਵਨ ਰਾਹੀਂ, ਮਨਮਤੀ ਸੁਭਾਅ ਕਾਰਨ। ਨ ਜਾਈਐ… ਪ੍ਰਵਾਣ ਨਹੀਂ ਹੁੰਦੇ। ਵਖਾਣਿ … ਦਿਖਾਵੇ ਦੇ, ਬਾਹਰੋਂ ਬਾਹਰੋਂ ਧਰਮੀ ਤੇ ਜੀਵਨ ਕਰਕੇ ਕੁੱਝ ਹੋਰ। ਝੂਠੋ ਝੂਠੁ ਵਖਾਣਿ … ਦਿਖਾਵੇ ਤੋਂ ਵੱਡੇ ਧਰਮੀ ਪਰ ਅੰਦਰੋਂ ਜੀਵਨ ਰਹਿਣੀ ਕਰਕੇ ਕੁਕਰਮੀ, ਵਿਕਾਰੀ ਤੇ ਮਨਮਤੀ ਆਦਿ ਜੀਵਨ ਵਾਲੇ। ਖੁਆਇਐ—ਖੁੰਝਾ ਲਈਦਾ ਹੈ, ਗਵਾ ਲਈਦਾ ਹੈ। ਠਾਕ—ਰੋਕ।

ਅਰਥ: — “ਸਚਾ ਭੋਜਨੁ ਭਾਉ, ਸਤਿਗੁਰਿ ਦਸਿਆ” ਸਤਿਗੁਰੂ ਅਥਵਾ ਸਦਾ ਥਿਰ ਸ਼ਬਦ ਗੁਰੂ, ਜਗਿਆਸੂ ਨੂੰ ਸਦਾ ਪ੍ਰਭੂ ਪ੍ਰੇਮ ਤੇ ਆਤਮਕ ਗਿਆਨ ਰੂਪ ਸੱਚਾ ਭੋਜਨ ਹੀ ਦੱਸਦਾ ਤੇ ਉਪਦੇਸ਼ਦਾ ਹੈ।

“ਸਚੇ ਹੀ ਪਤੀਆਇ, ਸਚਿ ਵਿਗਸਿਆ” ਇਸ ਤਰ੍ਹਾਂ ਜਗਿਆਸੂ ਜਦੋਂ ਸੱਚੇ ਗੁਰੂ ਦੇ ਉਪਦੇਸ਼ਾਂ ਦੀ ਕਮਾਈ ਕਾਰਨ ਜੀਵਨ ਅੰਦਰ ਕਰਤੇ ਦੀ ਹੋਂਦ ਪ੍ਰਤੀ ਦ੍ਰਿੜਤਾ ਲੈ ਆਉਂਦਾ ਹੈ; ਪ੍ਰਭੂ ਦੀ ਹੋਂਦ `ਚ ਉਸ ਦਾ ਵਿਸ਼ਵਾਸ ਪੱਕਾ ਹੋ ਜਾਂਦਾ ਹੈ ਤਾਂ ਇਸ ਤੋਂ ਉਸ ਦੇ ਜੀਵਨ `ਚ ਵੀ ਖੇੜਾ ਤੇ ਟਿਕਾਅ ਆ ਜਾਂਦਾ ਹੈ।

“ਸਚੈ ਕੋਟਿ ਗਿਰਾਂਇ, ਨਿਜ ਘਰਿ ਵਸਿਆ” ਅਜਿਹੇ ਜਗਿਆਸੂ ਨੂੰ ਸੰਪੂਰਣ ਰਚਨਾ `ਚੋਂ ਕਰਤੇ ਦੇ ਹੀ ਦਰਸ਼ਨ ਹੋਣ ਲੱਗ ਜਾਂਦੇ ਹਨ। ਅਜਿਹੀ ਉਭਰ ਚੁੱਕੀ ਮਾਨਸਿਕ ਅਵਸਥਾ ਕਾਰਨ ਉਹ ਮਨੁੱਖਾ ਜਨਮ ਦੀ ਅਸਲੀਅਤ ਨੂੰ ਪਹਿਚਾਣ ਲੈਂਦਾ ਹੈ ਤੇ ਉਸਦਾ ਵਾਸਾ ਆਪਣੇ ਸ੍ਵੈ-ਸਰੂਪ `ਚ ਹੋ ਜਾਂਦਾ ਹੈ।

“ਸਤਿਗੁਰਿ ਤੁਠੈ ਨਾਉ, ਪ੍ਰੇਮਿ ਰਹਸਿਆ” ਗੁਰੂ ਦੇ ਤਰੁੱਠਿਆਂ ਹੀ ਪ੍ਰਭੂ ਦਾ ਕਰਤੇ ਦੀ ਸਿਫ਼ਤ ਸਲਾਹ ਵਾਲੀ ਦਾਤ ਮਿਲਦੀ ਹੈ ਤੇ ਪ੍ਰਭੂ ਪ੍ਰੇਮ `ਚ ਗ੍ਰਸੇ ਹੋਣ ਕਾਰਨ ਹੀ ਜੀਵਨ `ਚ ਖੇੜਾ ਆਉਂਦਾ ਹੈ।

“ਸਚੈ ਦੈ ਦੀਬਾਣਿ, ਕੂੜਿ ਨ ਜਾਈਐ” ਸਦਾ-ਥਿਰ ਪ੍ਰਭੂ ਦੇ ਦਰਬਾਰ `ਚ ਕੂੜ ਦੇ ਸਉਦੇ ਨਾਲ ਭਾਵ ਮੋਹ ਮਾਇਆ ਤੇ ਹਉਮੈ ਆਦਿ ਵਿਕਾਰਾਂ `ਚ ਗ੍ਰਸਤ ਰਹਿਕੇ ਨਹੀਂ ਅੱਪੜ ਸਕੀਦਾ।

“ਝੂਠੋ ਝੂਠੁ ਵਖਾਣਿ, ਸੁ ਮਹਲੁ ਖੁਆਈਐ” ਅੰਦਰੋਂ ਭਾਵ ਜੀਵਨ ਕਰਕੇ ਕੁਕਰਮੀ ਤੇ ਵਿਕਾਰੀ ਪਰ ਬਾਹਰੋਂ ਦਿਖਾਵੇ ਦੇ ਵੱਡੇ ਧਰਮੀ, ਇਸ ਤਰ੍ਹਾਂ ਆਪਣੇ ਲਈ ਪ੍ਰਭੂ ਦੇ ਦਰ ਨੂੰ ਵੀ ਖੁਆ ਬੈਠੀ ਦਾ ਹੈ।

“ਸਚੈ ਸਬਦਿ ਨੀਸਾਣਿ, ਠਾਕ ਨ ਪਾਈਐ” ਜਦਕਿ ਸੱਚੇ ਸ਼ਬਦ ਦੀ ਰਾਹਦਾਰੀ ਭਾਵ ਜੇਕਰ ਸ਼ਬਦ ਗੁਰੂ ਦੀ ਕਮਾਈ ਕੀਤੀ ਹੋਵੇ ਤਾਂ ਜੀਵ ਨੂੰ ਪ੍ਰਭੂ ਮਿਲਾਪ ਤੋਂ ਕੋਈ ਨਹੀਂ ਰੋਕ ਸਕਦਾ।

“ਸਚੁ ਸੁਣਿ ਬੁਝਿ ਵਖਾਣਿ, ਮਹਲਿ ਬੁਲਾਈਐ” ਕਰਤੇ ਪ੍ਰਭੂ ਦੀਆਂ ਸਿਫ਼ਤਾਂ ਸੁਨਣ ਨਾਲ, ਸਮਝਣ ਤੇ ਜੀਵਨ `ਚ ਵਸਾਉਣ ਅਤੇ ਸੁਆਸ ਸੁਆਸ ਹਿਰਦੇ `ਚ ਧਿਆਉਣ ਨਾਲ, ਪ੍ਰਭੂ ਜੀਵ ਨੂੰ ਆਪ ਹੀ ਆਪਣੇ ਦਰ `ਤੇ ਕਬੂਲ ਕਰ ਲੈਂਦਾ ਹੈ।

ਗੁਰਮੱਤ ਵਿਚਾਰ ਦਰਸ਼ਨ-ਜੇਕਰ ਗਹੁ ਨਾਲ ਦੇਖਿਆ ਜਾਵੇ ਤਾਂ ਇਸ ਪਉੜੀ `ਚ ਗੁਰਦੇਵ ਨੇ ਮਨੁੱਖਾ ਜੀਵਨ ਦੀ ਸਫ਼ਲਤਾ ਦੇ ਰਾਹ ਨੂੰ ਪਉੜੀ ਵਾਰ ਅਥਵਾ ਕਦਮ-ਬ-ਕਦਮ ਸਪਸ਼ਟ ਕੀਤਾ ਤੇ ਜਗਿਆਸੂ ਨੂੰ ਸਮਝਾਇਆ ਤੇ ਫ਼ੁਰਮਾਇਆ ਹੈ। ਜਦਕਿ ਨਾਲ ਹੀ ਇਹ ਵੀ ਸਪਸ਼ਟ ਕੀਤਾ ਹੈ ਕਿ ਕਿਹੜੀ ਕੋਤਾਹੀ ਹੈ ਜਦੋਂ ਜਗਿਆਸੂ ਜੀਵਨ ਦੇ ਉਲਟੇ ਰਾਹ ਟੁਰ ਕੇ ਇਸ ਅਮੁੱਲੇ ਜਨਮ ਨੂੰ ਵੀ ਬਿਰਥਾ ਕਰ ਲੈਂਦਾ ਤੇ ਫ਼ਿਰ ਤੋ ਜੂਨਾਂ ਦੇ ਗੇੜ `ਚ ਪਾ ਦਿੱਤਾ ਜਾਂਦਾ ਹੈ। ਗੁਰਦੇਵ ਫ਼ੁਰਮਾਉਂਦੇ ਹਨ:-

(1) ਮਨੁੱਖਾ ਜੀਵਨ ਦੀ ਸਫ਼ਲਤਾ ਲਈ ਪਹਿਲਾ ਕਦਮ ਹੈ ਸ਼ਬਦ ਗੁਰੂ ਦੀ ਆਗਿਆ ਅਨੁਸਾਰ ਆਪਣੇ ਹਿਰਦੇ `ਚ ਅਕਾਲਪੁਰਖ ਲਈ ਸੱਚਾ ਪਿਆਰ ਪੈਦਾ ਕਰਣਾ।

(2) ਅਕਾਲਪਰਖ ਦੀ ਹੋਂਦ ਬਾਰੇ ਮਨ `ਚ ਦ੍ਰਿੜਤਾ ਤੇ ਵਿਸ਼ਵਾਸ ਪੈਦਾ ਹੋਵੇ ਜਿਸ ਦਾ ਨਤੀਜਾ ਹੋਵੇਗਾ ਕਿ ਜੀਵਨ `ਚੋਂ ਚਿੰਤਾ ਝੋਰੇ ਮੁੱਕ ਜਾਣਗੇ ਤੇ ਜੀਵਨ `ਚ ਸਦੀਵੀ ਅਨੰਦ ਤੇ ਖੇੜਾ ਉਗਮ ਆਵੇਗਾ।

ਇਸ ਦਾ ਅਗ਼ਲਾ ਕਦਮ ਹੋਵੇਗਾ, ਮਨ `ਚ ਕਿਸੇ ਲਈ ਵਿਤਕਰਾ, ਵਿਰੋਧ, ਦਵੇਸ਼ ਭਾਵ ਨਹੀਂ ਰਵੇਗਾ ਤੇ ਜ਼ਰੇ ਜ਼ਰੇ `ਚੋ ਪ੍ਰਮਾਤਮਾ ਦੇ ਹੀ ਦਰਸ਼ਨ ਦੀਦਾਰੇ ਹੋਣਗੇ।

ਇਸ ਤਰ੍ਹਾਂ ਜਦੋਂ ਸਦਾ ਥਿਰ ਸ਼ਬਦ ਗੁਰੂ ਦੀ ਖੁਸ਼ੀ ਹਾਸਲ ਹੋ ਜਾਵੇਗੀ ਤਾਂ ਜੀਵਨ `ਚ ਟਿਕਾਅ ਆ ਜਾਵੇਗਾ, ਮਾਨਸਿਕ ਉਖਾੜ ਰਵੇਗਾ ਹੀ ਨਹੀਂ।

ਇਸ ਪੱਖੋਂ ਵੀ ਮਨ `ਚ ਦ੍ਰਿੜਤਾ ਆ ਜਾਵੇਗੀ ਕਿ ਅਕਾਲਪੁਰਖ ਦੇ ਦਰ `ਤੇ ਸਦਾ ਸੱਚ ਨਿਆਂ ਹੀ ਹੁੰਦਾ ਹੈ ਤੇ ਉਥੇ ਮਨਮਤੀ ਜੀਵਨ ਪ੍ਰਵਾਨ ਨਹੀਂ ਹੁੰਦਾ।

ਇਹ ਵੀ ਸਮਝ ਆ ਜਾਵੇਗੀ ਕਿ ਕਰਤੇ ਦੇ ਦਰ `ਤੇ ਦਿਖਾਵੇ ਦਾ ਜੀਵਨ ਮਨਜ਼ੁਰ ਨਹੀਂ ਹੁੰਦਾ। ਇਹ ਨਹੀਂ ਹੋ ਸਕਦਾ ਕਿ ਸੰਸਾਰ `ਚ ਵਿਚਰਦਿਆਂ ਬਾਹਰੋਂ ਦਿਖਾਵੇ ਲਈ ਤਾਂ ਬੰਦਾ ਬਹੁਤੇਰੇ ਧਰਮ ਕਰਮ ਕਰਦਾ ਫ਼ਿਰੇ ਪਰ ਮਨ ਕਰਕੇ ਕਪਟੀ ਵਿਕਾਰੀ ਤੇ ਮੋਹ ਮਾਇਆ `ਚ ਗ੍ਰਸਤ ਰਵੇ। ਅਜਿਹਾ ਦਿਖਾਵੇ ਦਾ ਦੋਹਰਾ ਜੀਵਨ ਕਰਤੇ ਦੇ ਦਰ `ਤੇ ਕਬੂਲ ਨਹੀਂ ਹੁੰਦਾ ਤੇ ਬਿਰਥਾ ਹੋ ਜਾਂਦਾ ਹੈ। ਅਜਿਹਾ ਮਨੁੱਖ ਆਪਣੇ ਲਈ ਪ੍ਰਭੂ ਦਾ ਦਰ ਖੁਆ ਲੈਂਦਾ ਹੈ।

ਇਸ ਤਰ੍ਹਾਂ ਜਿਸ ਜੀਵਨ `ਚ ਸ਼ਬਦ ਗੁਰੂ ਦੀ ਕਮਾਈ ਕਾਰਨ ਕਰਤੇ ਦੀ ਸਿਫ਼ਤ ਸਲਾਹ ਅਥਵਾ ਨਾਮ ਸਿਮਰਨ ਨਾਲ ਤਿਆਰੀ ਹੋਈ ਹੁੰਦੀ ਹੈ ਉਸ ਨੂੰ ਕਰਤੇ ਦੇ ਦਰ `ਤੇ ਕਬੂਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ।

ਅਜਿਹੇ ਉੱਤਮ ਤਿਆਰ ਹੋ ਚੁੱਕੇ ਜੀਵਨ ਅੰਦਰ ਬੋਲਚਾਲ, ਸੁਭਾਅ, ਵਿਹਾਰ ਭਾਵ ਹਰੇਕ ਪੱਖ ਤੋਂ ਇਲਾਹੀ ਤੋਂ ਇਲਾਹੀ ਗੁਣ ਹੀ ਪ੍ਰਗਟ ਹੁੰਦੇ ਹਨ। ਇਸ ਤਰ੍ਹਾਂ ਅਜਿਹਾ ਜੀਵਨ ਜੀਊਂਦੇ ਜੀਅ ਹੀ ਕਰਤੇ `ਚ ਅਭੇਦ ਹੋ ਚੁੱਕਾ ਹੁੰਦਾ ਹੈ ਤੇ ਸਰੀਰਕ ਮੌਤ ਬਾਅਦ ਵੀ ਮੁੜ ਜਨਮ ਮਰਨ `ਚ ਨਹੀਂ ਆਉਂਦਾ, ਕਰਤੇ `ਚ ਹੀ ਸਮਾਅ ਜਾਂਦਾ ਹੈ।

ਪਉੜੀ ਅਤੇ ਸਲੋਕਾਂ ਦੀ ਆਪਸੀ ਸਾਂਝ- ਪਉੜੀ ਨਾਲ ਦੋਵੇਂ ਸਲੋਕ ਦੂਜੇ ਪਾਤਸ਼ਾਹ ਦੇ ਹਨ। ਪਹਿਲੇ ਸਲੋਕ `ਚ ਧਿਆਨ ਦੁਆਇਆ ਹੈ ਕਿ ਕਰਤੇ ਦੀ ਸਮੇਂ ਵਾਲੀ ਖੇਡ `ਚ ਦਿਨ ਤੇ ਰਾਤ ਕੁਲ ਅੱਠ ਪਹਿਰ ਹੁੰਦੇ ਹਨ। ਇਹ ਵੀ ਕਿ ਮਨੁੱਖਾ ਜਨਮ ਦੀ ਸਫ਼ਲਤਾ ਇਸੇ `ਚ ਹੈ ਜੇਕਰ ਮਨੁੱਖ ਗੁਰੂ ਗਿਆਨ ਦੀ ਕਮਾਈ ਕਰਕੇ ਤੇ ਕਰਤੇ ਦੀ ਸਿਫ਼ਤ ਸਲਾਹ ਦੀ ਬਰਕਤ ਨਾਲ ਇਨ੍ਹਾਂ ਅੱਠਾਂ ਪਹਿਰਾਂ ਦੇ ਸਮੇਂ `ਚ ਇਸ ਤਰ੍ਹਾਂ ਸਮਾਅ ਜਾਵੇ ਜਿਵੇਂ ਕਿ ਮਨੁੱਖ ਵੀ ਇਨ੍ਹਾਂ ਅੱਠਾਂ ਪਹਿਰਾਂ ਦਾ ਹੀ ਨੌਵਾਂ ਤੇ ਅਣਿਖੜਵਾਂ ਅੰਗ ਹੋਵੇ। ਜਦਕਿ ਇਸ ਸਮੇਂ ਦੀ ਸੰਭਾਲ, ਇਸ ਨੇ ਪਿਛਲ ਰਾਤ ਤੇ ਰਾਤ ਦੇ ਚੌਥੇ ਪਹਿਰ ਤੋਂ ਹੀ ਅਰੰਭ ਕਰ ਦੇਣੀ ਹੈ।

ਇਸ ਤਰ੍ਹਾਂ ਮਨੁੱਖ ਨੇ ਉਸ ਪਹਿਲੇ ਪਹਿਰ `ਚ ਪ੍ਰਭੂ ਦੀ ਸਿਫ਼ਤ ਸਲਾਹ ਵਾਲੀ ਆਪਣੀ ਮਾਨਸਿਕ ਤਿਆਰੀ ਦੀ ਵਰਤੋਂ ਦਿਨ ਤੇ ਰਾਤ ਦੇ ਬਾਕੀ ਸੱਤਾਂ ਪਹਿਰਾਂ `ਚ ਕਰਣੀ ਹੈ। ਗੁਰਦੇਵ ਦਾ ਫ਼ੈਸਲਾ ਹੈ ਕਿ ਇਸ ਤਰੀਕੇ ਤਿਆਰ ਹੋਇਆ ਜੀਵਨ ਨਾਮ ਬਾਣੀ ਤੇ ਕਰਤੇ ਦੀ ਯਾਦ ਨਾਲ ਇਤਨਾ ਸ਼ੂਧ ਤੇ ਬਿਨਾ ਖੋਟ ਹੋ ਜਾਂਦਾ ਹੈ ਜਿਵੇਂ ਕੁਠਾਲੀ `ਤੇ ਚੜ੍ਹ ਚੁੱਕਾ ਸੋਨਾ। ਅਜਿਹਾ ਹੋਣਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਕਰਤੇ ਦੇ ਦਰ `ਤੇ ਉਹੀ ਜੀਵ ਪ੍ਰਵਾਣ ਹੁੰਦੇ ਹਨ ਜਿਨ੍ਹਾਂ ਨੇ ਕਰਤੇ ਦੀ ਸਿਫ਼ਤ ਸਲਾਹ ਰਾਹੀਂ ਜੀਵਨ ਭਰ ਕਮਾਈ ਕੀਤੀ ਹੁੰਦੀ ਹੈ। ਜਦਕਿ ਉਥੋਂ ਮਨਮਤੀਏ ਧੱਕ ਦਿੱਤੇ ਜਾਂਦੇ ਹਨ ਤੇ ਮੁੜ ਜੂਨਾਂ ਦੇ ਗੇੜ `ਚ ਹੀ ਪਾ ਦਿੱਤੇ ਜਾਂਦੇ ਹਨ। ਬਲਕਿ ਸਲੋਕ `ਚ ਗੁਰਦੇਵ ਦਾ ਇਹ ਵੀ ਨਿਰਣਾ ਹੈ ਕਿ ਸੰਸਾਰਕ ਜੀਵਨ ਸਮੇਂ ਇਧਰ ਉਧਰ ਦੀਆਂ ਗੱਲਾਂ ਬਾਤਾਂ `ਚ ਬਿਤਾਦਿਆ ਸਮਾਂ ਵੀ ਕਰਤੇ ਦੇ ਦਰ `ਤੇ ਪ੍ਰਵਾਣ ਹੋਣ ਲਈ ਰੁਕਾਵਟ ਹੁੰਦਾ ਹੈ। ਇਹ ਵੀ ਕਿ ਜੀਵਨ ਦੌਰਾਨ ਮਨੁੱਖ ਨੇ ਜੇ ਕੋਈ ਆਪਣੇ ਦੁਖ-ਸੁਖ ਦੀ ਗੱਲ ਵੀ ਕਹਿਣੀ ਹੈ ਤਾਂ ਵੀ ਕਰਤੇ ਦੇ ਦਰ ਦਾ ਹੀ ਸੁਆਲੀ ਬਣੇ ਰਹਿਣਾ ਹੈ ਇਧਰ ਉਧਰ ਨਹੀਂ ਭਟਕਣਾ।

ਦੂਜਾ ਸਲੋਕ ਵੀ ਉਹ ਹੈ ਜੋ ਬਾਣੀ ਜਪੁ ਦਾ ਵੀ ਦੂਜਾ ਸਲੋਕ ਤੇ ਉਥੇ ਪਹਿਲੇ ਪਾਤਸ਼ਾਹ ਦੀ ਰਚਨਾ ਹੈ। ਉਸ ਸਲੋਕ `ਚ ਵੀ ਇਹੀ ਦ੍ਰਿੜ ਕਰਵਾਇਆ ਹੈ ਜੋ ਕਰਤੇ ਦੇ ਦਰ `ਤੇ ਜੀਵਨ ਦੌਰਾਨ ਕੀਤੀ ਕਰਮਾਂ ਦੀ ਕਮਾਈ ਹੀ ਜੀਵ ਦੇ ਕੰਮ ਆਉਂਦੀ ਹੈ। ਉਸੇ ਦਾ ਨਤੀਜਾ ਹੁੰਦਾ ਹੈ ਕਿ ਅਨੇਕਾਂ ਕਰਤੇ ਪ੍ਰਭ੍ਹੂ ਦੇ ਦਰ `ਤੇ ਕਬੂਲ ਹੋ ਜਾਂਦੇ ਹਨ ਤੇ ਅਨੇਕਾਂ ਉਸ ਦੇ ਦਰ ਤੋਂ ਵੀ ਧੱਕ ਦਿੱਤੇ ਜਾਂਦੇ ਹਨ ਭਾਵ ਮੁੜ ਜਨਮਾਂ ਦੇ ਗੇੜ `ਚ ਪਾ ਦਿੱਤੇ ਜਾਂਦੇ ਹਨ। ਜਦਕਿ ਇਹ ਵੀ ਦ੍ਰਿੜ ਕਰਵਾਇਆ ਹੈ ਕਿ ਜਿਨ੍ਹਾਂ ਦੇ ਜੀਵਨ ਦੀ ਘਾਲ ਕਮਾਈ ਸਫ਼ਲ ਹੁੰਦੀ ਹੈ ਉਨ੍ਹਾਂ ਦੇ ਜੀਵਨ ਕੇਵਲ ਆਪਣੇ ਆਪ ਲਈ ਹੀ ਸਫ਼ਲ ਨਹੀਂ ਹੁੰਦੇ ਬਲਕਿ ਹੋਰ ਵੀ ਅਨੇਕਾਂ ਦੇ ਜੀਵਨ ਸਫ਼ਲ ਕਰਣ ਦਾ ਕਾਰਨ ਬਣਦੇ ਹਨ। ਉਂਜ ਦੋਨਾਂ ਸਲੋਕਾਂ `ਚ ਮੁੱਖ ਵਿਸ਼ਾ ਹੀ ਸਫ਼ਲ ਜੀਵਨ ਹੈ ਜਦਕਿ ਅਸਫ਼ਲ ਜੀਵਨ ਦੇ ਕਾਰਨਾਂ ਤੇ ਨਤੀਜਿਆਂ ਨੂੰ ਵੀ ਦੋਨਾਂ ਸਲੋਕਾਂ `ਚ ਸਪਸ਼ਟ ਕੀਤਾ ਹੋਇਆ ਹੈ।

ਉਪ੍ਰੰਤ ਪਉੜੀ `ਚ ਵੀ ਮੁੱਖ ਤੌਰ `ਤੇ ਵਿਸ਼ਾ ਸਫ਼ਲ ਜੀਵਨ ਦਾ ਹੀ ਹੈ ਪਰ ਅਸਫ਼ਲ ਜੀਵਨ ਤੇ ਉਸਦੇ ਨਤੀਜਿਆਂ ਦੇ ਵੀ ਦੁਵੱਲੀ (ਜੀਊਂਦੇ ਜੀਅ ਤੇ ਮੌਤ ਤੋਂ ਬਾਅਦ ਦੇ ਕਾਰਨਾਂ ਨੂੰ ਵੀ) ਪੂਰੀ ਤਰ੍ਹਾਂ ਖੋਲਿਆ ਹੋਇਆ ਹੈ। ਬਲਕਿ ਪਉੜੀ `ਚ ਤਾਂ ਜੀਵਨ ਨੂੰ ਸਫ਼ਲ ਕਿਵੇਂ ਤੇ ਕਿਉਂ ਕਰਣਾ ਹੈ ਵਿਸ਼ੇ ਨੂੰ ਸ਼ਬਦ ਗੁਰੂ ਦੀ ਸ਼ਰਣ `ਚ ਆਉਣਾ, ਮਨੁੱਖਾ ਜਨਮ `ਚ ਇਸ ਦੀ ਲੋੜ ਦੇ ਵਿਸ਼ੇ ਤੋਂ ਲੈ ਕੇ ਸਰੀਰਕ ਮੌਤ ਬਾਅਦ ਕਰਤੇ `ਚ ਸਮਾਉਣ ਤੱਕ ਸਾਰੇ ਵਿਸ਼ੇ ਨੂੰ ਲੜੀ ਵਾਰ ਲਿਆ ਦਿੱਤਾ ਹੋਇਆ ਹੈ। ਬਲਕਿ ਮਨਮਤੀ ਹੋਣ ਕਾਰਨ ਜਿਹੜੇ ਜੀਵਨ ਦੀ ਸਚਾਈ ਤੋਂ ਵਾਂਝੇ ਰਹਿੰਦੇ ਹਨ ਉਨ੍ਹਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੂੰਦਾ ਤੇ ਕਿਵੇਂ ਬਤੀਤ ਹੁੰਦਾ ਹੈ ਅਤੇ ਮੌਤ ਤੋਂ ਬਾਅਦ ਉਨ੍ਹਾਂ ਦੀ ਕੀ ਹਵਾਲ ਹੁੰਦਾ ਹੈ ਇਸ ਨੂੰ ਵੀ ਪਉੜੀ `ਚ ਪੂਰੀ ਤਰ੍ਹਾਂ ਸਪਸ਼ਟ ਕੀਤਾ ਹੋਇਆ ਹੈ। (ਚਲਦਾ) #24 MkV.GVDs24.18.04.12#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Majh Ki Vaar M:1 GVD & Steek” being loaded in instalments. Otherwise All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat 6Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.