.

ਗੁਰਬਾਣੀ ਵਿੱਚ ਬਿੰਦੀ, ਟਿੱਪੀ ਤੇ ਅਧਕ ਚਿੰਨਾਂ ਦੀ ਵਰਤੋਂ ਅਤੇ ਲੋੜ

ਪੰਜਾਬੀ ਉਚਾਰਨ-ਪ੍ਰਧਾਨ ਭਾਸ਼ਾ ਹੈ ਅਤੇ ਇਹ ਆਮ ਤੌਰ `ਤੇ ਗੁਰਮੁਖੀ ਚਿੰਨਾਂ ਵਿੱਚ ਲਿਖੀ ਜਾਂਦੀ ਹੈ। ਇਹ ਚਿੰਨ ਤਿੰਨ ਕਿਸਮ ਦੇ ਮੰਨੇ ਗਏ ਹਨ। ਉਹ ਹਨ (1) ਅੱਖਰ, (2) ਲਗਾਂ ਤੇ (3) ਲਗਾਖਰ।

(1) ਅੱਖਰ:- ਗੁਰਮੁਖੀ ਅੱਖਰ ਮੁਢਲੇ ਰੂਪ ਵਿੱਚ 35 ਹਨ। ਇਸੇ ਲਈ ਗੁਰਮੁਖੀ ਦੀ ਵਰਣਮਾਲਾ ਨੂੰ ਪੈਂਤੀਸ ਅੱਖਰੀ ਵੀ ਆਖਿਆ ਜਾਂਦਾ ਹੈ। ਇਨ੍ਹਾਂ ਵਿੱਚੋਂ ਛੇਆਂ ਦੇ ਹੇਠਾਂ ਬਿੰਦੀ ਲਗਾ ਕੇ ਛੇ ਹੋਰ ਨਵੇਂ ਅੱਖਰ ਬਣਾਏ ਗਏ ਹਨ। ਉਹ ਹਨ: ਸ਼, ਖ਼. ਗ਼, ਜ਼, ਫ਼ ਤੇ ਲ਼। ਇਨ੍ਹਾਂ ਨਵੇਂ ਅੱਖਰਾਂ ਵਿੱਚੋਂ ਪਹਿਲੇ ਪੰਜ ਉਰਦੂ, ਅਰਬੀ ਤੇ ਫ਼ਾਰਸੀ ਆਦਿਕ ਬੋਲੀਆਂ ਵਿੱਚੋਂ ਆਈਆਂ ਨਵੀਆਂ ਆਵਾਜ਼ਾਂ (ਧੁਨੀਆਂ) ਨੂੰ ਪ੍ਰਗਟ ਕਰਦੇ ਹਨ ਅਤੇ ਛੇਵਾਂ ਮਾਝੇ ਵਿੱਚਲੀ ਠੇਠ ਪੰਜਾਬੀ ਦੀ ਇਲਾਕਾਈ ਬੋਲੀ ਨੂੰ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ‘ਪੰਜਾਬੀ ਸ਼ਬਦ-ਰੂਪ ਤੇ ਸ਼ਬਦ-ਜੋੜ ਕੋਸ਼’ ਤਿਆਰ ਕਰਨ ਵੇਲੇ ਲੱਲੇ ਅੱਖਰ ਦੇ ਪੈਰ ਬਿੰਦੀ ਲਗਾਈ। ਕਿਉਂਕਿ, ਬੱਚੇ ਦੇ ਮੂੰਹ ਵਿੱਚੋਂ ਵਗਣ ਵਾਲੇ ਪਾਣੀ ਦਾ ਨਾਂ ਅਤੇ ਗੁੜ ਬਣਨ ਤੋਂ ਪਹਿਲਾਂ ਰਹੁ ਦੀ ਦਿਸ਼ਾ ਲਿਖਣ ਲਈ ਵਿਦਵਾਨਾਂ ਨੂੰ ਅੱਖਰ ਨਹੀਂ ਸਨ ਮਿਲ ਰਹੇ। ਜਿਵੇਂ, ਲਾਲ਼, ਲਾਲ਼ਾ ਤੇ ਨਾਲ਼ਾ ਆਦਿਕ। ਯਾਦ ਰੱਖਣਾ ਚਾਹੀਦਾ ਹੈ ਕਿ ਸ਼ਬਦ ਕੋਸ਼ ਤਿਆਰ ਕਰਨ ਵੇਲੇ ਵਿਦਵਾਨਾਂ ਨੇ ਠੇਠ ਪੰਜਾਬੀ ਦੇ ਸਹੀ ਉਚਾਰਨ ਲਈ ਮਾਝੇ ਦੀ ਬੋਲੀ (ਜ਼ਿਲ੍ਹਾ ਅੰਮ੍ਰਿਤਸਰ ਅਤੇ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਦੇ ਪਿੰਡਾਂ) ਨੂੰ ਅਧਾਰ ਬਣਾਇਆ ਸੀ।

ਪੈਂਤੀਸ ਅੱਖਰੀ ਵਿੱਚਲੇ ਪੰਜਾਂ ਵਰਗਾਂ ਦੇ ਅਖੀਰਲੇ ਪੰਜ ਅੱਖਰ ਅਨੁਨਾਸਕੀ ਹਨ। ਕਿਉਂਕਿ, ਉਨ੍ਹਾਂ ਨੂੰ ਨਾਸਾਂ ਰਾਹੀਂ ਉਚਾਰਿਆ ਜਾਂਦਾ ਹੈ। ਉਹ ਹਨ: ਙ, ਞ, ਣ, ਨ ਤੇ ਮ।

(2) ਲਗਾਂ (Vowel symbols) :- ਨਿਰੇ ਅੱਖਰਾਂ ਦਾ ਉਚਾਰਨ ਨਹੀਂ ਹੋ ਸਕਦਾ। ਇਸ ਲਈ ਇਨ੍ਹਾਂ ਦੇ ਉਚਾਰਨ ਲਈ ਇਨ੍ਹਾਂ ਨਾਲ ਹੋਰ ਚਿੰਨ ਲਗਾਏ ਜਾਂਦੇ ਹਨ, ਜਿਨ੍ਹਾਂ ਨੂੰ ਲਗਾਂ ਕਿਹਾ ਜਾਂਦਾ ਹੈ। ਗੁੁਰਮੁਖੀ ਦੀਆਂ ਲਗਾਂ ਦਸ ਹਨ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ: ਮੁਕਤਾ, ਕੰਨਾ (ਾ), ਸਿਹਾਰੀ (ਿ), ਬਿਹਾਰੀ (ੀ), ਔਂਕੜ ( ੁ), ਦੁਲੈਂਕੜੇ ( ੂ), ਲਾਂ ( ੇ), ਦੁਲਾਵਾਂ ( ੈ), ਹੋੜਾ ( ੋ) ਤੇ ਕਨੌੜਾ ( ੌ)।

(3) ਲਗਾਖਰ (Consonat Symbols) :- ਉਹ ਚਿੰਨ ਹਨ, ਜਿਨ੍ਹਾਂ ਦਾ ਉਚਾਰਨ ਲਗਾਂ ਤੋਂ ਪਿਛੋਂ ਹੁੰਦਾ ਹੈ। ਇਹ ਤਿੰਨ ਹਨ: ਬਿੰਦੀ (ਂ), ਟਿੱਪੀ ( ੰ) ਤੇ ਅਧਕ (ੱ)। ‘ਬਿੰਦੀ’ ਤੇ ‘ਟਿੱਪੀ’ ਅਨੁਨਾਸਕੀ ਹਨ, ਕਿਉਂਕਿ, ਇਨ੍ਹਾਂ ਦਾ ਉਚਾਰਨ ਕਰਨ ਲਈ ਨਾਸਾਂ ਦੀ ਵਰਤੋਂ ਕਰਨੀ ਪੈਂਦੀ ਹੈ। ਜਿਵੇਂ, ‘ਤੋਂ’ ਅਤੇ ‘ਤੂੰ’ ਆਦਿਕ। ‘ਅਧਕ’ ਉਸ ਚਿੰਨ ਨੂੰ ਆਖਦੇ ਹਨ, ਜਿਸ ਦੇ ਲਾਇਆਂ ਅੱਗਲੇ ਅੱਖਰ ਦੀ ਅਵਾਜ਼ ਦੋਹਰੀ ਨਿਕਲੇ। ਜਿਵੇਂ ‘ਸੱਜਾ’ (ਸੱਜ-ਜਾ) ਅਤੇ ਮੁੱਕਾ (ਮੁਕ-ਕਾ) ਆਦਿਕ।

ਪੰਜਾਬੀ ਲਿਖਤ ਦੀ ਪ੍ਰਚਲਿਤ ਨਿਯਮਾਵਲੀ ਅਨੁਸਾਰ ਮੁਕਤੇ ਅਖਰਾਂ ਅਤੇ ਲਘੂ ਲਗਾਂ (ਸਿਹਾਰੀ, ਔਂਕੜ) ਨਾਲ ਟਿੱਪੀ ਲੱਗਦੀ ਹੈ ਅਤੇ ਦੀਰਘ ਲਗਾਂ (ਕੰਨਾ, ਬਿਹਾਰੀ, ਲਾਂ, ਦੁਲਾਵਾਂ, ਹੋੜਾ ਤੇ ਕਨੌੜਾ) ਵਾਲੇ ਅਖਰਾਂ ਨਾਲ ਬਿੰਦੀ। ਜਿਵੇਂ: ਪੰਜ, ਟਿੰਡ, ਘੁੰਡ, ਗਾਂ, ਜੀਂਦ, ਗੇਂਦ, ਬੈਂਤ, ਹੋਂਦ, ਸੌਂਫ। ਪਰ, ਇਸ ਨਿਯਮਾਵਲੀ ਵਿੱਚ ਦੋ ਉਲੰਘਣਾਵਾਂ ਵੀ ਹਨ। ਜਿਵੇਂ:

(1) ਦੁਲੈਂਕੜੇ ਦੀਰਘ ਲਗ ਹੈ, ਪਰ ਫਿਰ ਵੀ ਇਸ ਨਾਲ ਬਿੰਦੀ ਦੀ ਥਾਵੇਂ ਟਿੱਪੀ ਵਰਤੀ ਜਾਂਦੀ ਹੈ। ਜਿਵੇਂ, ਜੂੰ, ਤੂੰ, ਬੂੰਦ ਤੇ ਪੂੰਗਰਾ।

(2) ‘ੳ’ ਅੱਖਰ ਨਾਲ ਭਾਵੇਂ ਲਘੂ (ਛੋਟੀ ਧੁਨੀ ਵਾਲੀ) ਲਗ ਹੋਵੇ ਜਾਂ ਦੀਰਘ (ਵੱਡੀ ਧੁਨੀ ਵਾਲੀ), ਇਸ ਨਾਲ ਸਦਾ ਬਿੰਦੀ ਹੀ ਲੱਗਦੀ ਹੈ, ਟਿੱਪੀ ਨਹੀਂ। ਜਿਹਾ ਕਿ ‘ਉਂਗਲ’, ‘ਬਤਾਊਂ’ ਤੇ ਊਂਘ।

ਅਨੁਨਾਸਕੀ ਅਖਰਾਂ (ਙ, ਞ, ਣ, ਨ, ਮ) ਨਾਲ ਬਿੰਦੀ ਅਤੇ ਟਿੱਪੀ ਵਰਤਨ ਦੀ ਵਿਸ਼ੇਸ਼ ਲੋੜ ਨਹੀਂ ਪੈਂਦੀ। ਕਿਉਂਕਿ, ਇਨ੍ਹਾਂ ਦੀ ਅਵਾਜ਼ ਕੁਦਰਤੀ ਹੀ ਨੱਕ ਰਾਹੀਂ ਨਿਕਲਦੀ ਹੈ। ਇਸ ਕਰਕੇ ਇਹ ਆਪਣੇ ਅੱਗੇ ਤੇ ਪਿੱਛੇ ਦੇ ਅਖਰਾਂ ਨੂੰ ਲੱਗੀਆਂ ਲਗਾਂ ਨੂੰ ਸੁਭਾਵਿਕ ਹੀ ਅਨੁਨਾਸਕੀ ਬਣਾ ਦਿੰਦੇ ਹਨ। ਭਾਵ, ਉਨ੍ਹਾਂ ਦਾ ਉਚਾਰਨ ਸੁਤੇ ਹੀ ਬਿੰਦੇ ਸਹਿਤ ਹੋ ਜਾਂਦਾ ਹੈ। ਜਿਵੇਂ, ਵਾਙੂ ਦਾ ‘ਵਾਙੂੰ’ ਵਾਂਗ, ਦੁਨੀਆ ਦਾ ‘ਦੁਨੀਆਂ’ ਵਾਂਗ ਅਤੇ ਰਾਮ ਦਾ ‘ਰਾਂਮ’ ਵਾਂਗ।

ਬਿੰਦੀ ਤੇ ਟਿੱਪੀ ਦੀ ਅਵਾਜ਼ ਨੂੰ ਸਾਹਿਤਕ ਭਾਸ਼ਾ ਵਿੱਚ ਨਾਸਕੀ ਧੁਨੀ ਆਖਿਆ ਜਾਂਦਾ ਹੈ ਅਤੇ ਅਧਕ ਦੀ ਅਵਾਜ਼ ਨੂੰ ‘ਬਲ’ ਧੁਨੀ ਅਤੇ ਅੱਖਰਾਂ ਦਾ ਦੁੱਤ ਉਚਾਰਣ ਕਿਹਾ ਜਾਂਦਾ ਹੈ। ਕਿਉਂਕਿ, ਅਖਰਾਂ ਨੂੰ ਦੂਹਰੇ ਕਰਕੇ ਬੋਲਿਆ ਜਾਂਦਾ ਹੈ। ਮੁਕਤੇ ਸਿਹਾਰੀ ਤੇ ਔਂਕੜ (ਲਘੂ ਲਗਾਂ) ਮਗਰ ਤਾਂ ਅਧਕ ਲਿਖਣੀ ਠੀਕ ਹੈ। ਪਰ, ਕੰਨਾ ਤੇ ਬਿਹਾਰੀ ਵਰਗੀਆਂ ਦੀਰਘ ਲਗਾਂ ਦੇ ਮਗਰ ਇਸ ਚਿੰਨ (ਅਧਕ) ਦੀ ਵਰਤੋਂ ਠੀਕ ਨਹੀਂ। ਜਿਹਾ ਕਿ ‘ਸੱਜਾ’, ‘ਨਿੱਕਾ’ ਤੇ ‘ਸੁੱਕਾ’ ਵਿੱਚ ਅਧਕ ਠੀਕ ਹੈ। ਪਰ, ਬਾਬਾ, ਬੀੱਬਾ ਆਦਿਕ ਵਿੱਚ ਠੀਕ ਨਹੀਂ।

ਪੰਜਾਬੀ ਵਿੱਚ ਕਈ ਸ਼ਬਦ ਅਜਿਹੇ ਹਨ, ਜਿਨ੍ਹਾਂ ਉੱਪਰ ਅਧਕ ਨਾ ਲਾਈਏ ਤਾਂ ਹੋਰ ਅਰਥ ਹੁੰਦੇ ਹਨ ਅਤੇ ਜੇ ਲਾਈਏ ਤਾਂ ਹੋਰ। ਜਿਵੇਂ:

ਸਜਾ – ਘਰ ਨੂੰ ਸਜਾ ਕੇ ਰੱਖੋ।

ਸੱਜਾ – ਮੇਰਾ ਸੱਜਾ ਹੱਥ ਇਹ ਹੈ।

ਰਸਾ - ਮਾਲਟੇ ਦਾ ਰਸਾ ਪੀਓ।

ਰੱਸਾ – ਗਊ ਦੇ ਗਲ ਵਿੱਚ ਰੱਸਾ ਪਾਓ।

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਮੁਢਲੇ ਸਰੂਪ ‘ਪੋਥੀ ਸਾਹਿਬ’ ਦੀ ਸੰਪਾਦਨਾ, ਅੱਜ ਤੋਂ 408 ਸਾਲ ਪਹਿਲਾਂ ਸੰਨ 1604 ਵਿੱਚ ਕੀਤੀ। ਉਸ ਵੇਲੇ ਦੀ ਗੁਰਮੁਖੀ ਲਿਪੀ ਦਾ ਆਰੰਭਕ ਕਾਲ ਹੋਣ ਕਰਕੇ ਲਿਖਤ ਵਿੱਚ ਲਗਾਂ ਤੇ ਲਗਾਖਰਾਂ ਦੀ ਵਰਤੋਂ ਬੜੀ ਸੰਕੋਚਵੀਂ ਸੀ। ਸ੍ਰੀ ਗੋਇੰਦਵਾਲ ਵਾਲੀਆਂ ਪੋਥੀਆਂ ਇਸ ਹਕੀਕਤ ਦੀਆਂ ਗਵਾਹ ਹਨ ਕਿ ਉਸ ਵੇਲੇ ਕੰਨੇ ਦੀ ਥਾਂ ਵੀ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਸੀ। (ਵੇਖੋ ਚਿੱਤਰ ਤੇ ਹੋਰ ਵੇਰਵਾ, ਗਿਆਨੀ ਗੁਰਦਿੱਤ ਸਿੰਘ ਜੀ ਰਚਿਤ ਪੁਸਤਕ- ‘ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਵਿੱਚ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਬਿੰਦੀ ਤੇ ਟਿੱਪੀ ਦੀ ਵਰਤੋਂ ਤਾਂ ਭਾਵੇਂ ਸੰਕੇਤ ਮਾਤਰ ਹੋਈ ਮਿਲਦੀ ਹੈ। ਪਰ, ਅਧਕ ਚਿੰਨ ਦੀ ਵਰਤੋਂ ਦਾ ਬਿਲਕੁਲ ਅਭਾਵ ਹੈ। ਕਿਉਂਕਿ, ਉਸ ਵੇਲੇ ਅਧਕ ਚਿੰਨ ਅਜੇ ਹੋਂਦ ਵਿੱਚ ਨਹੀਂ ਸੀ ਆਇਆ। ਪਰ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੁੱਝ ਸ਼ਬਦਾਂ ਦੇ ਉਚਾਰਨ ਵਿੱਚ, ਉਨ੍ਹਾਂ ਵਿੱਚਲੇ ਕਿਸੇ ਖ਼ਾਸ ਅੱਖਰ ਦੀ ਧੁਨੀ ਨੂੰ ਦੁੱਤ ਕਰਨ ਦੀ ਪ੍ਰਥਾ ਓਦੋਂ ਵੀ ਪ੍ਰਚਲਿਤ ਸੀ। ਭਾਵ, ਲਿਖਤ ਵਿੱਚ ਭਾਵੇਂ ਅਧਕ (ੱ) ਦੀ ਵਰਤੋਂ ਨਹੀਂ ਸੀ। ਪਰ, ਬੋਲਣ ਵਿੱਚ ਅਧਕ ਜ਼ਰੂਰ ਲਗਾਇਆ ਜਾਂਦਾ ਸੀ। ਕਿਉਂਕਿ, ਗੁਰਬਾਣੀ ਦੀਆਂ ਤੁਕਾਂ ਵਿੱਚਲੇ ਕੁੱਝ ਲਫ਼ਜ਼ ਅਜਿਹੇ ਹਨ, ਜਿਨ੍ਹਾਂ ਨੂੰ ਅਧਕ ਲਗਾਏ ਬਗੈਰ ਉਚਾਰਨਾ ਬੜਾ ਬੇਸੁਆਦਾ ਤੇ ਨਿਰਾਰਥਕ ਜਾਪਦਾ ਹੈ। ਮਹੱਤਵ ਪੂਰਨ ਨੁਕਤਾ ਤਾਂ ਇਹ ਹੈ ਕਿ ਕਈ ਲਫ਼ਜ਼ਾਂ ਦਾ ਵਿਆਕਰਣਿਕ ਰੂਪ ਅਤੇ ਅਰਥ ਹੀ ਬਦਲ ਜਾਂਦਾ ਹੈ। ਜਾਂ ਇਉਂ ਕਹੀਏ ਕਿ ਅਰਥਾਂ ਦੀ ਥਾਂ ਅਨਰਥ ਹੋ ਜਾਂਦਾ ਹੈ।

ਗੁਰਬਾਣੀ ਵਿੱਚਲੇ ਕੁੱਝ ਉਹ ਲਫ਼ਜ਼, ਜਿਨ੍ਹਾਂ ਨੂੰ ਨਿਸ਼ਚਤ ਅਖਰਾਂ `ਤੇ ਅਧਕ ਲਗਾ ਕੇ ਉਚਾਰਨ ਦੀ ਲੋੜ ਹੈ:- 'ਮੁਸਲਾ' , ਬਿਰਕਤ, ਬਹਤਰਿ, ਉਚਕਾ, ਬਿਚਖਣ, ਦੁਲਭ, ਕੁਸਤ, ਸੁਚਜੀ, ਦਬਟੀਐ, ਉਵਟੀਐ, ਮਸਕਤਿ, ਮੁਕਦਮ, ਸਰਬਤ, ਵਿੜਤੇ, ਸਰਬਸੁ, ਕੁਚਜੀ, ਸਵਲੀ, ਮੁਰਟੀਐ, ਸੁਮਤਿ, ਕੁਮਤਿ।

ਕੁਝ ਉਹ ਵਿਸ਼ੇਸ਼ ਸ਼ਬਦ, ਜਿਨ੍ਹਾਂ ਦੇ ਨਿਸ਼ਚਤ ਅਖਰਾਂ ਨੂੰ ਅਧਕ ਲਗਾਉਣ ਅਤੇ ਨਾ ਲਗਾਉਣ ਨਾਲ ਵਿਆਕਰਣਿਕ ਰੂਪ ਤੇ ਅਰਥ ਬਦਲਦੇ ਹਨ:- ਮੁਸਲਾ, ਫਰਕੁ, ਫਰਕਿ, ਲਖ, ਲਖਿ, ਸਰਬਤ, ਨਿਰਸ, ਮਤਾ, ਮਾਤਾ, ਕਹਥੀ, ਗੁਨਹਾ, ਉਧਰਿ।

ਇਹੀ ਕਾਰਣ ਹੈ ਕਿ ਸਤਿਕਾਰ ਯੋਗ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲਿਆਂ, ਪ੍ਰੋ. ਸਾਹਿਬ ਸਿੰਘ ਜੀ, ਪ੍ਰਿੰਸੀਪਲ (ਭਾਈ ਸਾਹਿਬ) ਹਰਿਭਜਨ ਸਿੰਘ ਜੀ ਚੰਡੀਗੜ, ਭਾਈ ਰਣਧੀਰ ਸਿੰਘ ਜੀ, ਗਿਆਨੀ ਹਰਿਬੰਸ ਸਿੰਘ ਜੀ ਪਟਿਆਲਾ, ਭਾਈ ਜੋਗਿੰਦਰ ਸਿੰਘ ਜੀ ਤਲਵਾੜਾ, ਗਿਆਨੀ ਜੁਗਿੰਦਰ ਸਿੰਘ ਜੀ ਵੇਦਾਂਤੀ, ਡਾ. ਓਅੰਕਾਰ ਸਿੰਘ ਜੀ, ਪ੍ਰਿੰਸੀਪਲ ਸੁਰਜੀਤ ਸਿੰਘ ਜੀ ਦਿੱਲੀ ਅਤੇ ਸਿੱਖ ਮਿਸ਼ਨਰੀ ਸੰਸਥਾਵਾਂ ਦੇ ਹੋਰ ਵਿਦਵਾਨਾਂ ਨੇ ਆਪਣੀਆਂ ਲਿਖਤਾਂ ਰਾਹੀਂ ਉਪਰੋਕਤ ਕਿਸਮ ਦੇ ਲਫ਼ਜ਼ਾਂ ਨੂੰ ਅਧਕ ਸਹਿਤ ਉਚਾਰਨ ਦੀ ਹਦਾਇਤ ਕੀਤੀ ਹੈ। ਜਿਵੇਂ ‘ਗੁਰਬਾਣੀ ਪਾਠ ਦਰਸ਼ਨ’ (ਕਰਤਾ: ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ) ਦੀ ਅਠਵੀਂ ਐਡੀਸ਼ਨ ਵਿੱਚ ਹੇਠ ਲਿਖੀਆਂ ਤੁਕਾਂ ਦੇ ਵਿਸਰਾਮਾਂ ਤੇ ਉਚਾਰਨ ਪ੍ਰਤੀ ਹਦਾਇਤਾਂ ਸਮੇਤ ਇਉਂ ਦਰਸ਼ਨ ਕਰਵਾਏ ਹਨ:

(1) ਸੋਚੈ, ਸੋਚਿ ਨ ਹੋਵਈ; ਜੇ ਸੋਚੀ ਲਖ ਵਾਰ॥ (ਲੱਖ ਪੜ੍ਹੋ) {ਜਪੁ-ਜੀ, ਅੰਗ 1}

(2) ਮਿਹਰ ਮਸੀਤਿ ਸਿਦਕੁ ਮੁਸਲਾ; ਹਕੁ ਹਲਾਲੁ ਕੁਰਾਣੁ॥ (ਮਸੱਲਾ ਬੋਲੋ) {ਅੰਗ 140}

(3) ਕੁਹਥੀ ਜਾਈ ਸਟਿਆ, ਕਿਸੁ ਏਹੁ ਲਗਾ ਦੋਖੁ॥ (ਕੁਹੱਥੀ ਨਹੀਂ ਬੋਲਣਾ) {ਅੰਗ 473}

(4) ਅੰਤਰਿ ਬਾਹਰਿ ਸਰਬਤਿ ਰਵਿਆ; ਮਨਿ ਉਪਜਿਆ ਬਿਸੁਆਸੋ॥ (ਸਰਬੱਤਿ ਬੋਲੋ) {ਅੰਗ 80}

ਕਿਉਂਕਿ, ਤੁਕ ਨੰ. (1) ਦਾ ਅਰਥ ਹੈ: ਜੇ ਮੈਂ ਲੱਖਾਂ ਵਾਰੀ (ਭੀ ਇਸ਼ਨਾਨ ਆਦਿਕ ਨਾਲ ਸਰੀਰ ਦੀ) ਸੁੱਚ ਰੱਖਾਂ, (ਤਾਂ ਭੀ ਇਸ ਤਰ੍ਹਾਂ) ਸੁੱਚ ਰੱਖਣ ਨਾਲ (ਮਨ ਦੀ ਸੁੱਚ) ਨਹੀਂ ਰਹਿ ਸਕਦੀ। ‘ਲਖ’ ਲਫ਼ਜ਼ ਸੰਖਿਅਕ ਵਿਸ਼ੇਸ਼ਣ (Cardina Numerals) ਹੈ ਅਤੇ ਪਦ-ਅਰਥ ਹੈ: ਲੱਖਾਂ ਵਾਰੀ। ਪਰ, ਜੇ ‘ਲਖ’ ਲਫ਼ਜ਼ `ਤੇ ਅਧਕ ਨਾ ਲਗਾਇਆ ਜਾਏ ਤਾਂ ਇਸ ਦਾ ਵਿਆਕਰਣਿਕ ਰੂਪ ਹੋਇਗਾ: ਹੁਕਮੀ ਭਵਿਖਤ ਕਾਲੀ ਕਿਰਿਆ (Imperative Verb)। ਅਰਥ ਹੋਇਗਾ: ਜਾਣ, ਸਮਝ। ਜਿਵੇਂ ਗੁਰਵਾਕ ਹੈ:

ਮੰਨ ਮਝਾਹੂ ਲਖਿ, ਤੁਧਹੁ ਦੂਰਿ ਨ ਸੁ ਪਿਰੀ॥ 3॥ {ਅੰਗ 1100}

ਅਰਥ: ਖਸਮ ਪ੍ਰਭੂ ਨੂੰ ਮਨ ਵਿੱਚ ਜਾਣ, ਉਹ ਤੈਥੋਂ ਦੂਰ ਨਹੀਂ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਲਖ’ ਲਫ਼ਜ਼ ਦੇ ਤਿੰਨ ਰੂਪ ਮਿਲਦੇ ਹਨ: ਲਖ (140 ਵਾਰ), ਲਖੁ (6 ਵਾਰ, ਜਿਵੇਂ: ਇਕੁ ਲਖੁ ਪੂਤ, ਸਵਾ ਲਖੁ ਨਾਤੀ॥ -ਅੰਗ 481) ਅਤੇ ਲਖਿ (2 ਵਾਰ)। ‘ਲਖ’ ਅਤੇ ‘ਲਖੁ’ ਸਭ ਥਾਈਂ ਅਧਕ ਸਹਿਤ ਉਚਾਰਣ ਹੋਣਗੇ ਅਤੇ ‘ਲਖਿ’ ਅਧਕ ਰਹਿਤ।

ਤੁਕ ਨੰ. (2) ਦਾ ਅਰਥ ਹੈ: (ਹੇ ਭਾਈ) ਲੋਕਾਂ ਉੱਤੇ ਤਰਸ ਨੂੰ ਮਸੀਤ ਬਣਾਓ, ਸ਼ਰਧਾ ਨੂੰ ਮੁਸੱਲਾ ਅਤੇ ਹੱਕ ਦੀ ਕਮਾਈ ਨੂੰ ਕੁਰਾਨ ਬਣਾਓ।

ਮੁਸੱਲਾ ਲਫ਼ਜ਼ ਵਿਆਕਰਣਿਕ ਦ੍ਰਿਸ਼ਟੀ ਤੋਂ ‘ਵਸਤ ਵਾਚਕ ਨਾਉਂ’ (Material Noun) ਹੈ ਅਤੇ ਅਰਥ ਹੈ: ਉਹ ਸਫ਼ ਅਥਵਾ ਫੂੜੀ (Prayer-mat), ਜਿਸ `ਤੇ ਬੈਠ ਕੇ ਨਿਮਾਜ਼ ਪੜ੍ਹੀ ਜਾਂਦੀ ਹੈ। ਪਰ, ਜੇ ਤੁਕ ਅੰਦਰਲੇ ‘ਮੁਸਲਾ’ ਲਫ਼ਜ਼ ਦੇ ‘ਸ’ ਅੱਖਰ ਉੱਤੇ ਅਧਕ ਨਾ ਲਗਾਇਆ ਜਾਏ ਤਾਂ ਇਸ ਦਾ ਵਿਆਕਰਣਿਕ ਰੂਪ ਹੋਇਗਾ: ਜਾਤੀ ਨਾਉਂ ( Class Noun)। ਅਰਥ ਹੋਇਗਾ: ਭੈੜਾ ਮੁਸਲਮਾਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ‘ਮੁਸਲਾ’ ਲਫ਼ਜ਼ 5 ਵਾਰ ‘ਮੁਸੱਲਾ’ ਦੇ ਅਰਥਾਂ ਵਿੱਚ ਵਰਤਿਆ ਗਿਆ ਹੈ। ਇਸ ਲਈ ਸਭ ਥਾਈਂ ਸ਼ੁਧ ਉਚਾਰਨ ਅਧਕ ਸਹਿਤ ਹੋਇਗਾ।

(3) ਅਧਕ ਸਹਿਤ ‘ਕੁਹੱਥੀ’ ਲਫ਼ਜ਼ ਦਾ ਅਰਥ ਹੈ: ਭੈੜੇ ਹੱਥੀਂ ਅਤੇ ਅਧਕ ਰਹਿਤ ‘ਕੁਹਥੀ’ ਦਾ ਅਰਥ ਹੈ: ਗੰਦੀ-ਮੰਦੀ ਥਾਂ। ਇਸ ਲਈ ‘ਕੁਹਥੀ’ ਲਫ਼ਜ਼ ਨੂੰ ਅਧਕ ਨਾ ਲਗਾਉਣ ਦੀ ਹਦਾਇਤ ਕੀਤੀ ਗਈ ਹੈ।

ਸਪਸ਼ਟ ਹੈ ਕਿ ਗੁਰੂ-ਕਾਲ ਵੇਲੇ (ਜਦੋਂ ਗੁਰਬਾਣੀ ਲਿਖੀ ਗਈ) ਵੀ ਉਪਰੋਕਤ ਲਫ਼ਜ਼ਾਂ ਨੂੰ ਅਧਕ ਸਹਿਤ ਹੀ ਬੋਲਿਆ ਜਾਂਦਾ ਹੋਵੇਗਾ। ਭਾਵੇਂ ਕਿ ਗੁਰਬਾਣੀ ਦੀ ਲਿਖਤ ਵਿੱਚ ਅਧਕ ਚਿੰਨ ਦੀ ਵਰਤੋਂ ਨਹੀਂ ਸੀ ਹੋਈ। ਕਿਉਂਕਿ ਓਵੇਂ, ਪੜ੍ਹਣ ਸੁਣਨ ਵਾਲਿਆਂ ਨੂੰ ਸਹੀ ਅਰਥ ਸਮਝ ਨਹੀਂ ਆ ਸਕਦੇ। ਉਹ ਆਪਣੀ ਸਮਝ ਨਾਲ ਉਲਟੇ ਅਰਥ ਵੀ ਕੱਢ ਸਕਦੇ ਹਨ। ‘ਮੁਸੱਲਾ’ ਦੀ ਥਾਂ ਨਫ਼ਰਤ-ਮਈ ਲਫ਼ਜ਼ ‘ਮੁਸਲਾ’ ਬੋਲ ਕੇ ਝਗੜਾ ਵੀ ਸਹੇੜਿਆ ਜਾ ਸਕਦਾ ਹੈ।

ਬਾਣੀ ਵਿੱਚ ਛੇ ਥਾਈਂ ‘ਸਰਬਤ’ ਅਤੇ ਦੋ ਵਾਰੀ ‘ਸਰਬਤਿ’ ਲਫ਼ਜ਼ ਵਰਤਿਆ ਗਿਆ ਹੈ, ਇਸ ਦਾ ਸ਼ੁਧ ਉਚਾਰਨ ਹੈ: ਸਰਬੱਤ। ਅਰਥ ਹੈ: ਸਾਰੇ, ਸਭ ਥਾਈਂ। ਪਰ, ਜੇਕਰ ਇਸ ਨੂੰ ਅਧਕ ਨਾ ਲਾਇਆ ਜਾਏ ਤਾਂ ਸੁਣਨ ਵਾਲੇ ‘ਸਰਬਤ’ ਦੇ ਅਰਥ ‘ਮਿੱਠਾ ਪਾਣੀ’ ਵੀ ਸਮਝ ਸਕਦੇ ਹਨ। ਇਹੀ ਕਾਰਣ ਹੈ ਕਿ ਉਪਰੋਕਤ ਚੌਥੀ ਤੁਕ ਦੇ ਨਾਲ ‘ਸਰਬੱਤਿ’ ਬੋਲਣ ਦੀ ਵਿਸ਼ੇਸ ਹਦਾਇਤ ਕੀਤੀ ਗਈ ਹੈ।

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ‘ਗੁਰਬਾਣੀ ਦਾ ਸ਼ੁਧ ਉਚਾਰਨ’ ਕਿਤਾਬਚਾ ਲੱਖਾਂ ਦੀ ਗਿਣਤੀ ਵਿੱਚ ਪ੍ਰਕਾਸ਼ਤ ਹੋ ਚੁੱਕਾ ਹੈ। ਇਸ ਵਿੱਚ ਪੰਨਾ 17 `ਤੇ ਬਿੰਦੀ ਦੀ ਵਰਤੋਂ ਲਈ ਇਉਂ ਲਿਖਿਆ ਹੈ:

ਗੁਰਬਾਣੀ ਦੀ ਲਿਖਾਈ ਵਿੱਚ ਇਹ ਨੀਯਮ ਵਰਤਿਆ ਗਿਆ ਹੈ ਕਿ ਸ਼ਬਦਾਂ (ਲਫ਼ਜ਼ਾਂ) ਨੂੰ ਇੱਕ ਥਾਂ `ਤੇ ਬਿੰਦੀ ਸਹਿਤ ਤੇ ਦੂਜੀ ਥਾਂ `ਤੇ ਉਨ੍ਹਾਂ ਹੀ ਸ਼ਬਦਾਂ ਨੂੰ ਬਿਨਾਂ ਬਿੰਦੀ ਲਿਖਿਆ ਹੋਇਆ ਹੈ। ਫਿਰ ਵੀ ਸ਼ਬਦਾਂ ਦੇ ਦੋਹਾਂ ਸਰੂਪਾਂ ਦੇ ਅਰਥਾਂ ਵਿੱਚ ਕਿਸੀ ਪ੍ਰਕਾਰ ਦਾ ਫ਼ਰਕ ਨਹੀਂ। ਅਜਿਹੇ ਸ਼ਬਦਾਂ ਦੇ ਅਰਥ ਕਰਨ ਵਾਸਤੇ, ਉਹਨਾਂ ਪਰ ਬਿੰਦੀ, ਅਧਕ ਤੇ ਪੈਰ ਵਿੱਚ ‘ਹ’ ਲਗਿਆ ਹੋਇਆ ਸਮਝ ਕੇ ਪਿਛੋਂ ਜਦ ਭਾਵ ਸਮਝਾਇਆ ਜਾਣਾ ਹੈ ਤੇ ਉਹਨਾਂ ਮਾਤ੍ਰਾਂ ਦੀ ਵਰਤੋਂ ਕੀਤੇ ਬਿਨਾਂ ਕੰਮ ਚੱਲ ਨਹੀਂ ਸਕਦਾ। ਤਾਂ ਪਹਿਲਾਂ ਤੋਂ ਹੀ ਉਹਨਾਂ ਨੂੰ ਲੱਗੀਆਂ ਹੋਈਆਂ ਸਮਝ ਕੇ ਸ਼ਬਦਾਂ ਦਾ ਸ਼ੁਧ ਉਚਾਰਨ ਕਿਉਂ ਨਾ ਕੀਤਾ ਜਾਵੇ? ਜਿਨ੍ਹਾਂ ਸ਼ਬਦਾਂ ਵਿੱਚ ਲੋੜੀਂਦੇ ਥਾਵਾਂ ਉਪਰ ਬਿੰਦੀਆਂ ਨਹੀਂ ਲਾਈਆਂ ਗਈਆਂ, ਉਨ੍ਹਾਂ ਥਾਵਾਂ ਤੇ ਬਿੰਦੀਆਂ ਦਾ ਉਚਾਰਨ ਹੀ ਅਰਥ ਨੂੰ ਸ਼ੁਧ ਕਰਦਾ ਹੈ। ਬਿੰਦੀ ਦੇ ਨਾ ਉਚਾਰਨ ਦੀ ਸੂਰਤ ਵਿੱਚ ਅਰਥ ਹੋਰ ਰੂਪ ਧਾਰਨ ਕਰ ਜਾਂਦਾ ਹੈ। ਜਿਵੇਂ ਕਿ:

(1) ਨਾਨਕ ਹਰਿ ਗੁਣ ਨਿਰਭਉ ਗਾਈ॥ {ਅੰਗ 202}

(2) ਦੇਖਤ ਸਿੰਘੁ ਚਰਾਵਤ ਗਾਈ॥ {ਅੰਗ 481}

ਤੁਕ ਨੰਬਰ (1) ਵਿੱਚ ‘ਗਾਈ’ ਲਫ਼ਜ਼ ਕਿਰਿਆ ਹੈ ਤੇ ਅਰਥ ਹੈ: ਗਾਉਂਦਾ ਹੈ। ਇਸ ਦਾ ਉਚਾਰਨ ਹੈ: ਗਾਈ। ਪਰ, ਤੁਕ ਨੰਬਰ (2) ਵਿੱਚ ‘ਗਾਈ’ ਬਹੁਵਚਨ ਹੈ ਤੇ ਅਰਥ ਹੈ: ਗਊਆਂ। ਇਸ ਲਈ ਉਚਾਰਨ ਹੋਏਗਾ ‘ਗਾਈਂ’।

(3) ਜੋ ਤੁਧੁ ਭਾਵੈ ਸਾਈ ਭਲੀ ਕਾਰ॥ {ਜਪੁ-ਜੀ, ਅੰਗ 3}

(4) ਸਾਈ ਨਾਮੁ ਅਮੋਲੁ ਕੀਮ ਨ ਕੋਈ ਜਾਣਦੋ॥ {ਅੰਗ 81}

ਤੁਕ ਨੰਬਰ (3) ਵਿੱਚ ‘ਸਾਈ’ ਸ਼ਬਦ ਦਾ ਅਰਥ ਹੈ: ਉਹ, ਓਹੀ ਤੇ ਉਚਾਰਨ ਹੈ: ਸਾਈ। ਪਰ ਤੁਕ ਨੰਬਰ (4) ਵਿੱਚ ‘ਸਾਈ’ ਸ਼ਬਦ ਦਾ ਅਰਥ ਹੈ: ਮਾਲਕ ਵਾਹਿਗੁਰੂ। ਉਚਾਰਨ ਹੈ: ਸਾਈਂ।

ਨੋਟ ਕਰਨ ਵਾਲਾ ਨੁਕਤਾ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੁਆਰਾ ਪ੍ਰਾਕਸ਼ਤ ਹੋ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ੁਧ ਉਚਾਰਨ ਦੀ ਸੰਕੇਤ-ਮਈ ਸੇਧ ਵਜੋਂ ਸੱਸੇ ਦੇ ਕੰਨੇ ਨੂੰ ਅਤੇ ਈੜੀ ਦੀ ਬਿਹਾਰੀ ਨੂੰ ਬਿੰਦੀਆਂ ਲੱਗੀਆਂ ਮਿਲਦੀਆਂ ਹਨ। ਸਪਸ਼ਟ ਲਿਖਿਆ ਹੈ ‘ਸਾਂਈਂ’। ਕਿਉਂਕਿ, ਸਾਹਿਤਕ ਲਫ਼ਜ਼ ਤਾਂ ਭਾਵੇਂ ਸਾਈਂ ਹੈ। ਪਰ, ਆਮ ਬੋਲ-ਚਾਲ ਵਿੱਚ ਸੱਸੇ ਦਾ ਕੰਨਾ ਵੀ ਨਾਸਕੀ ਅਵਾਜ਼ ਵਿੱਚ ਹੀ ਬੋਲਿਆ ਜਾਂਦਾ ਹੈ। ਜਿਵੇਂ ਗੁਰਵਾਕ ਹੈ:

ਸਾਂਈਂ ਮੇਰੈ ਚੰਗਾ ਕੀਤਾ, ਨਾਹੀ ਤ ਹੰ ਭੀ ਦਝਾਂ ਆਹਿ॥ {ਅੰਗ 1378}

ਅਖੰਡ ਕੀਰਤਨੀ ਜਥੇ ਦੇ ਗੁਰਮੁਖ ਗੁਰਸਿੱਖ ਵਿਦਵਾਨ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ (ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗਿਆਨੀ ਜੁਗਿੰਦਰ ਸਿੰਘ ਜੀ ਵੇਦਾਂਤੀ ਤੇ ਗਿਆਨੀ ਭਰਪੂਰ ਸਿੰਘ ਜੀ ਦੇ ਸਹਿਯੋਗ ਨਾਲ ਸਾਲਾਂ ਬੱਧੀ ਪੁਰਾਤਨ ਹੱਥ ਲਿਖਤੀ ਬੀੜਾਂ ਨੂੰ ਵਾਚਿਆ ਹੈ ਅਤੇ ਗੁਰਬਾਣੀ ਵਿਆਕਰਣ ਦੇ ਨੇਮਾਂ ਨੂੰ ਢੂੰਡਿਆ ਹੈ) ਉਨ੍ਹਾਂ ਨੇ ਆਪਣੇ ਅੰਤਲੇ ਕਾਲ ‘ਸ੍ਰੀ ਗੁਰੂ ਗ੍ਰੰਥ ਸਾਹਿਬ ਬੋਧ’ ਦੇ ਦੂਜੇ ਭਾਗ ਵਿੱਚ ਪੰਨਾ 87 ਤੇ ਬਿੰਦੀਆਂ ਟਿੱਪੀਆਂ ਬਾਰੇ ਲਿਖਦਿਆਂ, ਆਪਣੇ ਪੰਥ-ਦਰਦੀ ਹਿਰਦੇ ਦੀ ਵੇਦਨਾ ਨੂੰ ਚਿਤਾਵਨੀ ਵਜੋਂ ਕੁੱਝ ਇਉਂ ਪ੍ਰਗਟ ਕੀਤਾ ਹੈ –

“ਗੁਰਬਾਣੀ ਵਿੱਚ ਮੂਲਕ-ਅੰਗੀ ਨਾਸਕੀ ਚਿੰਨਾਂ (ਬਿੰਦੀ, ਟਿੱਪੀ) ਦੀ ਵਰਤੋਂ ਵੀ ਮਿਲਦੀ ਹੈ ਅਤੇ ਵਿਆਕਰਣਿਕ ਬਿੰਦੀਆਂ ਦੀ ਵੀ। ਅਸੀਂ ਦੇਖਦੇ ਹਾਂ ਕਿ ਛਾਪੇ ਦੀਆਂ ਬੀੜਾਂ ਵਿੱਚ ਓਹੀ ਸ਼ਬਦ ਕਿਧਰੇ ਟਿੱਪੀ/ਬਿੰਦੀ ਸਹਿਤ ਮਿਲਦੇ ਹਨ ਅਤੇ ਕਿਧਰੇ ਇਸ ਤੋਂ ਬਗੈਰ। ਮੂਲਕ-ਅੰਗੀ ਟਿੱਪੀਆਂ/ਬਿੰਦੀਆਂ ਤਕਰੀਬਨ 90% ਲਗੀਆਂ ਮਿਲਦੀਆਂ ਹਨ। ਬਾਕੀ 10% ਸੰਭਵ ਹੈ ਛਾਪੇ ਦੀ ਅਣਗਹਿਲੀ ਕਾਰਨ ਰਹੀਆਂ ਹੋਣ। ਇਹਨਾਂ ਵਿੱਚੋਂ ਬਹੁਤ ਸਾਰੀਆਂ ਪੁਰਾਤਨ ਲਿਖਤੀ ਬੀੜਾਂ ਵਿੱਚ ਲੱਗੀਆਂ ਮਿਲਦੀਆਂ ਹਨ। ਏਸ ਪੱਖ ਵੱਲ ਕਿਸੇ ਜ਼ਿੰਮੇਵਾਰ ਸੰਸਥਾ ਨੇ ਅੱਜ ਤਕ ਧਿਆਨ ਹੀ ਨਹੀਂ ਦਿੱਤਾ। ਏਧਰ ਤੁਰਤ ਧਿਆਨ ਦਿੱਤੇ ਜਾਣ ਦੀ ਲੋੜ ਹੈ।

ਬ-ਹਰ ਹਾਲ ਗੋਬਿਦ (ਗੋਬਿੰਦ), ਮਦਰ (ਮੰਦਰ), ਖਭ (ਖੰਭ), ਕਾਇਆ (ਕਾਂਇਆ), ਬੂਦ (ਬੂੰਦ), ਬਿਦ (ਬਿੰਦ) ਆਦਿਕ ਸ਼ਬਦਾਂ ਦਾ ਮੂਲਿਕ-ਅੰਗੀ ਨਾਸਕੀ ਚਿੰਨਾਂ ਸਹਿਤ ਉਚਾਰਣ ਹੀ ਸ਼ੁਧ ਬਣਦਾ ਹੈ। (ਜਿਵੇਂ, ਬ੍ਰੈਕਟਾਂ ਵਿੱਚ ਲਿਖਿਆ ਗਿਆ ਹੈ) ਪ੍ਰਮਾਣੀਕ ਮੂਲਿਕ ਬੀੜਾਂ ਤੋਂ ਅਗਵਾਈ ਲੈ ਕੇ ਛਾਪੇ ਦੀ ਉਕਾਈ ਦਰੁਸਤ ਕਰ ਲੈਣੀ ਉਚਿਤ ਹੈ”।

ਉਪਰੋਕਤ ਸਾਰੀ ਵਿਚਾਰ ਦਾ ਸਾਰੰਸ਼ ਇਹ ਹੈ ਕਿ ਗੁਰਬਾਣੀ ਦੇ ਸ਼ੁਧ ਉਚਾਰਨ ਲਈ ਪਾਠਕਾਂ ਤੇ ਸ਼੍ਰੋਤਿਆਂ ਨੂੰ ਗੁਰਬਾਣੀ ਦੀ ਵਿਆਕਰਣ ਅਤੇ ਅਰਥਾਂ ਦਾ ਬੋਧ ਹੋਣਾ ਅਤਿਅੰਤ ਜ਼ਰੂਰੀ ਹੈ। ਭਾਈ ਤਲਵਾੜਾ ਜੀ ਦੀ ਵੇਦਨਾ ਨੂੰ ਪੜ੍ਹ ਕੇ ਅਜੇ ਤੱਕ ਹੋਰ ਕਿਸੇ ਸੰਸਥਾ ਦੇ ਕੰਨ `ਤੇ ਤਾਂ ਜੂੰ ਨਹੀਂ ਸਰਕੀ। ਪਰ, ਸ਼ੁਕਰ ਹੈ ਕਿ ਅਸਟ੍ਰੇਲੀਆ ਵਿੱਚ ਗੁਰਦੁਆਰਾ ਸਾਹਿਬ ਟਾਰਨੈਟ ਦੇ ਪ੍ਰਬੰਧਕੀ ਸੇਵਾਦਾਰਾਂ ਨੇ ‘ਗੁਰੂ ਗ੍ਰੰਥ ਸਾਹਿਬ ਇੰਨਟੀਚਿਊਟ ਮੈਲਬਰਨ’ ਨਾਮੀ ਸੰਸਥਾ ਬਣਾ ਕੇ ਇਸ ਪਾਸੇ ਆਪਣਾ ਪੂਰਾ ਜ਼ੋਰ ਲਗਾ ਦਿੱਤਾ ਹੈ। ਲੋੜ ਤਾਂ ਹੁਣ ਇਹ ਹੈ ਕਿ ਸੰਸਾਰ ਭਰ ਦੀਆਂ ਸੂਝਵਾਨ ਤੇ ਸ਼ਰਧਾਲੂ ਸਿੱਖ ਸੰਗਤਾਂ ਉਨ੍ਹਾਂ ਨੂੰ ਮਾਇਕ ਤੇ ਪ੍ਰਬੰਧਕੀ ਯੋਗਦਾਨ ਦੇਣ। ਤਾਂ ਜੁ ਗੁਰਬਾਣੀ ਦੇ ਸ਼ੁਧ ਉਚਾਰਨ ਦਾ ਸੰਥਿਆ ਪਾਠ, ਸ਼ਬਦਾਰਥ, ਭਾਵਾਰਥ ਅਤੇ ਸੰਖੇਪ ਸਿਧਾਂਤਕ ਵਿਆਖਿਆ ਨੂੰ ਆਡੀਓ, ਵੀਡੀਓ ਤੇ ਕਿਤਾਬੀ ਰੂਪ ਵਿੱਚ ਘਰ ਘਰ ਪਹੁੰਚਾਇਆ ਜਾ ਸਕੇ। ਭੁੱਲ-ਚੁਕ ਮੁਆਫ਼।

ਗੁਣਵੰਤਿਆਂ ਪਾਛਾਰ: ਜਗਤਾਰ ਸਿੰਘ ਜਾਚਕ,

ਮਿਤੀ 16-09-2012, ਲੁਧਿਆਣਾ (ਇੰਡੀਆ)

ਸਪੰਰਕ: Mobil- 91-9855205089




.