.

ਸਿੱਖ ਕੌਮ 'ਤੇ ਸਨਾਤਨੀ ਸੋਚ

ਪਿਛਲੇ ਕੋਈ 90 ਕੁ ਵਰ੍ਹਿਆਂ ਤੋਂ ਸਿੱਖ ਪ੍ਰਚਾਰ ਤਕਰੀਬਨ ਲੀਹੋ ਲਹਿ ਗਿਆ ਹੋਇਆ ਹੈ। ਇਸ ਦਾ ਨਤੀਜਾ ਹੁਣ ਦਿਸਣਾ ਸ਼ੁਰੂ ਹੋਇਆ ਜਦੋਂ ਸਿੱਖੀ ਦੇ ਜਨਮ ਸਥਾਨ ਪੰਜਾਬ ਵਿਚ ਸਿੱਖ ਧਰਮ ਦਾ ਮੰਦਾ ਹਾਲ ਹੋ ਗਿਆ। ਇਥੇ ਪਤਿਤਪੁਣੇ ਦੀ ਲਹਿਰ ਨੇ ਸਿੱਖ ਪੀੜ੍ਹੀ ਵਿਚ ਇੰਨੀ ਵੱਡੀ ਪੱਧਰ 'ਤੇ ਹਮਲਾ ਕਰ ਦਿੱਤਾ ਕਿ ਕੋਈ ਭਾਗਾਂ ਵਾਲਾ ਗੁਰਸਿੱਖ ਪਰਿਵਾਰ ਹੀ ਇਸ ਮੰਦੀ ਹਨੇਰੀ ਦੀ ਲਪੇਟ 'ਚ ਆਉਣ ਤੋਂ ਬਚਿਆ ਹੋਵੇਗਾ। ਸਿੱਖ ਧਰਮ ਵਿਚ ਵਰਜਿਤ ਨਸ਼ਿਆਂ ਦਾ ਪੰਜਾਬ ਵਿਚ ਹੜ੍ਹ ਜਿਹਾ ਆ ਗਿਆ ਜਿਹੜਾ ਸਿੱਖ ਨੌਜੁਆਨ ਪੀੜ੍ਹੀ ਨੂੰ ਹੜੱਪ ਕਰਨ ਲਈ ਆਪਣਾ ਮੂੰਹ ਅੱਡੀ ਬੈਠਾ ਹੈ। ਸਿੱਖ ਧਰਮ ਦਾ ਪ੍ਰਚਾਰ ਪਿਛਲੇ ਕਾਫ਼ੀ ਸਮੇਂ ਤੋਂ ਕਥਿਤ ਸੰਤਵਾਦ ਅਤੇ ਡੇਰੇਦਾਰਾਂ ਸਾਧਾਂ ਕੋਲ ਹੋਣ ਕਰਕੇ ਸਿੱਖੀ ਨੂੰ ਸਨਾਤਨਵਾਦ ਦੀ ਪੁੱਠ ਚਾੜ੍ਹ ਦਿੱਤੀ ਗਈ। ਇਕ ਅਕਾਲ ਦੇ ਪੁਜਾਰੀ ਸਿੱਖ ਮੁੜ ਮੜ੍ਹੀਆਂ-ਮਸਾਣਾਂ ਦੇ ਪੁਜਾਰੀ ਬਣਾ ਦਿੱਤੇ ਗਏ ਅਤੇ ਸਿੱਖਿਆਦਾਇਕ ਪਵਿੱਤਰ ਗੁਰਬਾਣੀ ਨੂੰ ਮੰਤਰਾਂ ਵਾਂਗ ਖੜ੍ਹਨ ਦੀ ਆਦਤ ਪਾ ਕੇ ਸਿੱਖੀ ਦਾ ਬਹੁਤਾ ਹਿੱਸਾ ਉਹਨਾਂ ਬ੍ਰਾਹਮਣਵਾਦੀ ਰੀਤਾਂ ਵੱਲ ਧੱਕ ਦਿੱਤਾ ਗਿਆ ਜਿਨ੍ਹਾਂ ਤੋਂ ਸਿੱਖ ਗੁਰੂ ਸਾਹਿਬਾਨਾਂ ਨੇ ਸਿੱਖਾਂ ਨੂੰ ਵਾਰ-ਵਾਰ ਵਰਜਿਆ ਸੀ। ਇਸ ਸਮੇਂ ਦੌਰਾਨ ਕਥਿਤ ਸੰਤਵਾਦ ਅਤੇ ਡੇਰੇਦਾਰਾਂ ਨੇ ਸਿੱਖੀ ਪ੍ਰਚਾਰ ਦੀ ਜਿਹੜੀ ਜੁਗਤ ਨੂੰ ਅਪਣਾਇਆ ਉਸ ਵਿਚ ਧਾਰਮਿਕ ਕੀਰਤਨ ਸਮਾਗਮਾਂ ਦੇ ਨਾਮ 'ਤੇ ਚਿਮਟੇ ਢੋਲਕੀਆਂ ਦੇ ਰਾਗਵਿਹੂਣੇ ਸੰਗੀਤ ਵਿਚ ਪੌਰਾਣਕ ਕਹਾਣੀਆਂ ਨੂੰ ਕਿਸੇ ਅਦਿੱਖ ਸ਼ਕਤੀ ਦੀ ਸਹਾਇਤਾ ਨਾਲ ਸਿੱਖਾਂ ਦੀ ਮੱਦਦ ਕਰਨ ਅਤੇ ਔਖੇ ਸਮੇਂ ਉਹਨਾਂ ਦੇ ਸੰਕਟ ਕੱਟਣ ਵਰਗੀਆਂ ਮਨਘੜਤ ਜਾਂ ਹਿੰਦੂਤਵੀ ਗ੍ਰੰਥਾਂ ਵਿਚਲੀਆਂ ਕਰਾਮਾਤੀ ਕਹਾਣੀਆਂ ਨੂੰ ਅਧਾਰ ਬਣਾ ਕੇ ਕੋਈ ਤਿੰਨ ਘੰਟੇ ਦੇ ਉਦਾਸੀ, ਨਿਰਮਲੇ ਅਤੇ ਸਨਾਤਨੀ ਪ੍ਰਭਾਵ ਹੇਠਲੀਆਂ ਉਦਾਹਰਣਾਂ ਤੱਕ ਸੀਮਤ ਕਰ ਦਿੱਤਾ ਗਿਆ। ਸਤਿਗੁਰਾਂ ਦੀ ਪਵਿੱਤਰ ਬਾਣੀ ਵਿਚ ਇਕ ਅਕਾਲ ਪੁਰਖ ਦੀ ਅਰਾਧਨਾ ਵੱਲ ਪ੍ਰੇਰਿਤ ਗੁਰਬਾਣੀ ਸ਼ਬਦ ਦੇ ਆਸੇ ਵਿਚ ਵਰਤੀ ਗਈ ਕਿਸੇ ਮਸਾਲ ਵਜੋਂ ਵਰਤੇ ਗਏ ਸ਼ਬਦ ਨੂੰ ਲੈ ਕੇ ਪੂਰੇ ਸ਼ਬਦ ਦਾ ਅਸਲੀ ਮਨੋਰਥ ਸਮਝਾਉਣ ਦੀ ਥਾਂ ਸਿਰਫ਼ ਉਦਾਹਰਣ ਵਾਲੀ ਟੂਕ ਨੂੰ ਲੈ ਕੇ ਹੀ ਤਿੰਨ ਘੰਟੇ ਦੀ ਕਥਾ ਕਰਕੇ ਧਾਰਮਿਕ ਦੀਵਾਨਾਂ ਨੇ ਸਿੱਖ ਕੌਮ ਵਿਚ ਸ਼ਬਦ ਗੁਰੂ ਦਾ ਭਰੋਸਾ ਬਣਨ ਦੀ ਥਾਂ ਵਿਅਕਤੀਗਤ ਮਨੁੱਖੀ ਭਰੋਸੇ 'ਤੇ ਟੇਕ ਰੱਖਣ ਵੱਲ ਜ਼ੋਰ ਦਿੱਤਾ ਗਿਆ। ਇਹਨਾਂ ਸੰਤਵਾਦ ਅਤੇ ਡੇਰੇਧਾਰੀਆਂ ਨੇ ਗੁਰੂਘਰਾਂ ਵਿਚ ਨਿਰੋਲ ਗੁਰਬਾਣੀ ਸ਼ਬਦ ਦੀ ਵਿਆਖਿਆ ਦੀ ਥਾਂ ਸਿੱਖੀ ਵਿਚ ਅਜਿਹੇ ਗ੍ਰੰਥਾਂ ਨੂੰ ਵੱਧ ਮਾਨਤਾ ਦਿੱਤੀ ਜਿਸ ਵਿਚਲੇ ਵਿਚਾਰ ਕਿਸੇ ਵੀ ਤਰ੍ਹਾਂ ਗੁਰਬਾਣੀ ਸਿਧਾਂਤ ਨਾਲ ਮੇਲ ਨਹੀਂ ਖਾਂਦੇ। ਗੁਰੂਘਰਾਂ ਵਿਚ ਸਵੇਰ ਸਮੇਂ 'ਆਸਾ ਦੀ ਵਾਰ' ਨੂੰ ਬੰਦ ਕਰਕੇ 'ਸੁਖਮਨੀ ਸਾਹਿਬ' ਦੇ ਪਾਠ ਇਸ ਲਈ ਸ਼ੁਰੂ ਕੀਤੇ ਗਏ ਤਾਂ ਕਿ ਆਮ ਜਨ ਸਧਾਰਨ ਵਿਚ ਗੁਰਬਾਣੀ ਦੇ ਭਾਵਅਰਥੀ ਸੋਝੀ ਦੀ ਘਾਟ ਤੋਂ ਲਾਭ ਲੈ ਕੇ ਆਮ ਸਿੱਖਾਂ ਨੂੰ 'ਸੰਤ' ਬ੍ਰਹਮਗਿਆਨੀ, ਸ਼ਬਦ ਵੱਲ ਖਿੱਚਿਆ ਜਾਵੇ। ਪਿੰਡਾਂ, ਨਹਿਰਾਂ ਵਿਚ 'ਜਾਪ' ਅਤੇ 'ਸੁਖਮਨੀ ਸੇਵਾ ਸੁਸਾਇਟੀ' ਦੇ ਨਾਮ 'ਤੇ ਬਣਾਈਆਂ ਗਈਆਂ ਵਧੇਰੇ ਕਮੇਟੀਆਂ ਮੂਲ ਰੂਪ ਵਿਚ ਸ਼ਬਦ ਗੁਰੂ ਦੇ ਸਿਧਾਂਤ ਤੋਂ ਵਾਝੀਆਂ ਹੀ ਰਹਿ ਗਈਆਂ। ਜ਼ਿਆਦਾਤਰ ਸ਼ਰਧਾਵਾਨ ਸਿੱਖਾਂ ਨੂੰ ਵੀ ਗੁਰਬਾਣੀ ਸਿਧਾਂਤ ਅਤੇ ਕਿਰਤ ਮਾਰਗ ਨਾਲੋਂ ਤੋੜ ਕੇ ਸੰਤਵਾਦੀ ਸੋਚ ਦੇ ਧਾਰਨੀ ਬਣਾ ਦਿੱਤਾ ਗਿਆ। ਸੰਤਵਾਦ ਅਤੇ ਡੇਰਾਵਾਦ ਦੇ ਹੱਥ ਆਏ ਸਿੱਖੀ ਪ੍ਰਚਾਰ ਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ। ਇਸ ਨਾਲ ਜਿਥੇ ਆਦਰਸ਼ ਸਿੱਖਾਂ ਦੀ ਘਾਟ ਪੈਦਾ ਹੋ ਗਈ ਉਥੇ ਸਿੱਖੀ ਤੋਂ ਕੁਰਬਾਨ ਹੋਣ ਨੂੰ ਮਾਣ ਸਮਝਣ ਵਾਲੀ ਸੋਚ ਦਾ ਵੀ ਖਾਤਮਾ ਹੋਣ ਵਾਲੀ ਸਥਿਤੀ ਪੈਦਾ ਹੋ ਗਈ। ਪੰਜਾਬ ਵਿਚ ਡੇਰਾਵਾਦ ਦਾ ਪਸਾਰਾ ਅਤੇ ਰਾਜਨੀਤੀ ਵਿਚੋਂ ਸਿੱਖ ਸਮੱਸਿਆਵਾਂ ਵੱਲ ਧਿਆਨ ਖਤਮ ਹੋ ਗਿਆ। ਇਥੇ ਸਿੱਖੀ ਦੇ ਅਸਲੀ ਪ੍ਰਚਾਰਕਾਂ ਦੇ ਮੂੰਹ ਬੰਦ ਕਰਨ ਲਈ ਰਾਜਨੀਤਕ ਅਤੇ ਝੂਠੇ ਧਾਰਮਿਕ ਆਗੂਆਂ ਦੀ ਸਹਾਇਤਾ ਨਾਲ ਅਸਲ ਸਿੱਖੀ ਪ੍ਰਚਾਰ ਦਾ ਤਕਰੀਬਨ ਖਾਤਮਾ ਹੋ ਗਿਆ ਅਤੇ ਪੰਜਾਬ ਵਿਚ ਸਿੱਖਾਂ ਦਾ ਮਨੋਬਲ ਖਤਰੇ ਦੀ ਹੱਦ ਤੱਕ ਘੱਟ ਹੋ ਗਿਆ।
ਇਸ ਸਮੇਂ ਸਿੱਖ ਧਰਮ ਦੇ ਵਿਚ ਜਿਹੜੇ ਚੰਗੇ ਪੱਖ ਅੱਗੇ ਆਏ ਉਹਨਾਂ ਵਿਚ ਪਿਛਲੇ ਸਮੇਂ ਸਹਿਜ ਢੰਗ ਨਾਲ ਚੱਲ ਰਹੇ ਸਿੱਖ ਮਿਸ਼ਨਰੀ ਕਾਲਜਾਂ ਅਤੇ ਸਿੱਖ ਗੁਰਮਤਿ ਕਾਲਜਾਂ ਵਿਚ ਖੜ੍ਹੇ ਲਿਖੇ ਸਿੱਖ ਪ੍ਰਚਾਰਕਾਂ ਨੇ ਅਸਲ ਸਿੱਖੀ ਪ੍ਰਚਾਰ ਦਾ ਬੀੜਾ ਉਠਾ ਲਿਆ। ਇਨ੍ਹਾਂ ਕਾਲਜਾਂ ਵਿਚ ਨਵੀਂ ਸਿੱਖਿਆ ਪ੍ਰਣਾਲੀ ਨਾਲ ਲੈਸ ਇਹਨਾਂ ਸਿੱਖ ਮਿਸ਼ਨਰੀਆਂ ਨੇ ਪੰਜਾਬ ਵਿਚੋਂ ਸਿੱਖ ਕੌਮ ਦੇ ਖਤਮ ਹੋ ਜਾਣ ਦੇ ਸ਼ੰਕਿਆਂ ਨੂੰ ਰੋਕ ਲਾਉਣੀ ਸ਼ੁਰੂ ਕਰ ਦਿੱਤੀ। ਸਿੱਖੀ ਵਿਚ ਪੈਦਾ ਹੋਈ ਨਿਰਾਸ਼ਾਵਾਦੀ ਸੋਚ ਨੂੰ ਹੌਲੀ-ਹੌਲੀ ਖਤਮ ਕਰਨਾ ਸ਼ੁਰੂ ਕਰ ਦਿੱਤਾ। ਇਸ ਵੇਲੇ ਸਿੱਖੀ ਪ੍ਰਚਾਰ ਵਿਚ ਨਵੀਆਂ ਸਮੱਸਿਆਵਾਂ ਇਹ ਪੈਦਾ ਹੋ ਗਈਆਂ ਕਿ ਪਿਛਲੇ 9 ਦਹਾਕਿਆਂ ਤੋਂ ਕਥਿਤ ਸੰਤਵਾਦ ਅਤੇ ਡੇਰੇਦਾਰਾਂ ਦੇ ਪ੍ਰਚਾਰ ਦਾ ਅਸਰ ਘਟਣ ਕਰਕੇ ਵੱਡੇ ਆਮਦਨੀ ਵਾਲੇ ਡੇਰੇਦਾਰਾਂ ਨੇ ਰਲ ਕੇ ਨਵੇਂ ਸਿੱਖ ਮਿਸ਼ਨਰੀਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਹ ਡੇਰੇਦਾਰ ਸੰਤ ਆਪਣੇ ਦੀਵਾਨਾਂ ਵਿਚ ਜਿੰਨੀ ਕੁ ਸਿੱਖੀ ਦੀ ਗੱਲ ਤਿੰਨ ਦਿਨਾਂ ਦੇ ਧਾਰਮਿਕ ਦੀਵਾਨਾਂ ਵਿਚ ਲੋਕਾਈ ਨੂੰ ਦੱਸਦੇ ਸਨ ਸਿੱਖ ਮਿਸ਼ਨਰੀ ਇਹ ਗੱਲ ਸਿਰਫ਼ ਦਸ ਮਿੰਟਾਂ ਵਿਚ ਸੰਗਤ ਨੂੰ ਸਮਝਾਉਣ ਵਿਚ ਕਾਮਯਾਬ ਹੋਣ ਲੱਗ ਪਏ। ਆਪਣੇ ਕਿਲਾਨੁਮਾ ਡੇਰਿਆਂ ਵਿਚ ਐਸ਼ਪ੍ਰਸਤੀ ਦੇ ਸਾਧਨਾਂ ਵਿਚ ਲਟਬੌਰੇ ਹੋਏ ਕਥਿਤ ਸਾਧਾਂ-ਸੰਤਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਹਨਾਂ ਨੇ ਆਪਣੀ ਵੋਟ ਬੈਂਕ ਦੇ ਦਬਾਅ ਹੇਠ ਰਾਜਨੀਤਕਾਂ ਨੂੰ ਅਤੇ ਪੈਸੇ ਦੇ ਜ਼ੋਰ ਨਾਲ ਸਿੱਖ ਧਾਰਮਿਕ ਆਗੂਆਂ ਨੂੰ ਖਰੀਦ ਕੇ ਉਹਨਾਂ ਤੋਂ ਮਨਮਰਜ਼ੀ ਦੇ ਹੁਕਮਨਾਮੇ ਜਾਰੀ ਕਰਵਾਉਣੇ ਸ਼ੁਰੂ ਕਰ ਦਿੱਤੇ। ਸਿੱਖ ਪ੍ਰਚਾਰ ਦੀ ਇਸ ਕਸਮਕਸ ਵਿਚੋਂ ਜਿਹੜੀ ਧਰਵਾਸੇ ਵਾਲੀ ਗੱਲ ਨਿਕਲੀ ਹੈ ਉਹ ਇਹ ਹੈ ਕਿ ਖਾਸਕਰ ਵਿਦੇਸ਼ੀ ਸਿੱਖਾਂ ਨੇ ਡੇਰਾਵਾਦ ਅਤੇ ਸਿੱਖ ਮਿਸ਼ਨਰੀ ਪ੍ਰਚਾਰਕਾਂ ਦੀ ਨੀਤ ਨੂੰ ਸਮਝਦਿਆਂ ਸਿੱਖ ਮਿਸ਼ਨਰੀ ਪ੍ਰਚਾਰਕਾਂ ਦਾ ਡਟ ਕੇ ਸਾਥ ਦੇਣ ਦਾ ਫੈਸਲਾ ਕੀਤਾ ਹੈ। ਧਾਰਮਿਕ ਅਹੁਦਿਆਂ 'ਤੇ ਬਿਰਾਜਮਾਨ ਜਥੇਦਾਰਾਂ ਦੇ ਡਰਾਵਿਆਂ ਤੋਂ ਬੇਪ੍ਰਵਾਹ ਹੋ ਕੇ ਉਹਨਾਂ ਸਿੱਖ ਵਿਦਵਾਨਾਂ ਦਾ ਡਟ ਕੇ ਸਾਥ ਦੇਣਾ ਸ਼ੁਰੂ ਕਰ ਦਿੱਤਾ ਹੈ। ਸਿੱਖ ਧਰਮ ਨੂੰ ਸਨਾਤਨੀ ਪੁੱਠ ਦੇਣ ਵਾਲੇ ਡੇਰਾਵਾਦੀਆਂ ਅਤੇ ਸਿੱਖ ਮਿਸ਼ਨਰੀ ਪ੍ਰਚਾਰਕਾਂ ਦੀ ਸਿੱਖ ਕੌਮ ਨੂੰ ਸਮਰਪਿਤ ਸੋਚ ਵਿਚਲਾ ਅੰਤਰ ਜਾਣ ਕੇ ਹੁਣ ਜਦੋਂ ਸਿੱਖ ਕੌਮ ਸੱਚ-ਝੂਠ ਦਾ ਨਿਤਾਰਾ ਕਰਨ ਦੇ ਯੋਗ ਹੋਣ ਲੱਗੀ ਹੈ ਤਾਂ ਸਿੱਖ ਕੌਮ ਦੇ ਵਿਹੜੇ ਵਿਚ ਆਈਆਂ ਸੁਨਹਿਰੀ ਕਿਰਨਾਂ ਦੀ ਝਾਤ ਅਕਲਮੰਦ ਸਿੱਖਾਂ ਨੂੰ ਆਸ ਬਨ੍ਹਾ ਰਹੀ ਹੈ ਕਿ ਸਿੱਖ ਕੌਮ ਦਾ ਭਵਿੱਖ ਜ਼ਰੂਰ ਉਜਲਾ ਹੋਵੇਗਾ। ਸਿੱਖਾਂ ਨੂੰ ਇਸ ਗੱਲੋਂ ਖੁਸ਼ੀ ਹੋ ਰਹੀ ਹੈ ਕਿ ਸਿੱਖ ਮਿਸ਼ਨਰੀ ਵੀਰਾਂ ਵੱਲੋਂ ਕੌਮ ਵਿਚ ਠੋਸੀ ਸਨਾਤਨੀ ਸੋਚ ਦੀ ਪੂਰੀ ਜਾ ਰਹੀ ਛਪੜੀ 'ਤੇ ਇਕ ਦਿਨ ਸੱਚ ਦਾ ਦਰਿਆ ਠਾਠਾਂ ਮਾਰਨ ਲੱਗ ਪਵੇਗਾ। ਪਰ ਇਸ ਸਮੇਂ ਸਾਨੂੰ ਉਹਨਾਂ ਸਿੱਖ ਪ੍ਰਚਾਰਕਾਂ ਦਾ ਅਹਿਸਾਨਮੰਦ ਹੋਣਾ ਚਾਹੀਦਾ ਹੈ ਜੋ ਸਾਡੇ ਧਾਰਮਿਕ ਆਗੂਆਂ ਹੱਥੋਂ ਮਾਨਸਿਕ ਰੂਪ ਵਿਚ ਕਤਲ ਹੋ ਕੇ ਕੌਮ ਦੇ ਵਿਹੜੇ ਵਿਚ ਚਾਨਣ ਕਰਨ ਲਈ ਤੱਤਪਰ ਹਨ।

ਬੇਅੰਤ ਸਿੰਘ ਖਾਨੇਵਾਲ




.