.

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੪)

Gurmat and science in present scenario (Part-4)

ਸ੍ਰਿਸ਼ਟੀ ਕਿਸ ਤਰ੍ਹਾਂ ਪੈਦਾ ਹੋਈ?

How was the universe created?

ਇਹ ਇੱਕ ਬਹੁਤ ਮੁਸ਼ਕਲ ਸਵਾਲ ਹੈ, ਕਿ ਇਹ ਸਾਰੀ ਸ੍ਰਿਸ਼ਟੀ ਕਿਸ ਤਰ੍ਹਾਂ ਪੈਦਾ ਹੋਈ? ਕੀ ਅਸੀਂ ਇਸ ਦਾ ਕਾਰਨ ਜਾਣ ਸਕਦੇ ਹਾਂ? ਅਸੀਂ ਇਸ ਵਾਸਤੇ ਅੰਦਾਜ਼ੇ ਲਗਾ ਸਕਦੇ ਹਾਂ। ਸਾਇੰਸ ਕਈ ਤਰ੍ਹਾਂ ਦੇ ਅੰਦਾਜ਼ੇ ਆਦਿ ਦੀਆਂ ਗੱਲਾਂ ਕਰ ਰਹੀ ਹੈ। ਜਿਸ ਤਰ੍ਹਾਂ ਕਿ ਬਿਗ ਬੈਂਗ ਥਿਉਰੀ (Big Bang Theory), ਬਲੈਕ ਹੋਲ ਤੋਂ ਬਣਨਾਂ ਆਦਿ। ਪਰੰਤੂ ਇਸ ਦੇ ਪਿਛੇ ਜੇ ਕਰ ਕੋਈ ਕਾਰਨ ਪੁਛਿਆ ਜਾਵੇ ਤਾਂ ਸਾਇੰਸ ਵੀ ਇਸ ਦਾ ਠੋਸ ਉੱਤਰ ਨਹੀਂ ਦੇ ਸਕਦੀ। ਇਹ ਬਲੈਕ ਹੋਲ ਕਿਸ ਤਰ੍ਹਾਂ ਤੇ ਕਿਉਂ ਬਣਿਆ, ਉਸ ਤੋਂ ਸਾਰੀ ਸ੍ਰਿਸ਼ਟੀ ਕਿਸ ਤਰ੍ਹਾਂ ਬਣ ਗਈ?

ਨਿਸਚਤ ਤੌਰ ਤੇ ਅਕਾਲ ਪੁਰਖੁ ਦਾ ਕੋਈ ਨਿਯਮ ਸੀ, ਜਿਸ ਨੇ ਅਨੇਕਾਂ ਖੰਡ ਬ੍ਰਹਿਮੰਡ ਪੈਦਾ ਕਰ ਦਿਤੇ। ਗੁਰੂ ਨਾਨਕ ਸਾਹਿਬ ਨੇ ਜਪੁਜੀ ਸਾਹਿਬ ਵਿੱਚ ਇਸ ਸ੍ਰਿਸ਼ਟੀ ਦੇ ਪੈਦਾ ਹੋਣ ਬਾਰੇ ਇਹੀ ਕਿਹਾ ਹੈ ਕਿ ਅਕਾਲ ਪੁਰਖ ਨੇ ਆਪਣੇ ਇਕੋ ਹੁਕਮੁ ਨਾਲ ਸਾਰਾ ਸੰਸਾਰ ਬਣਾ ਦਿੱਤਾ, ਉਸ ਦੇ ਹੁਕਮੁ ਨਾਲ ਹੀ ਜ਼ਿੰਦਗੀ ਦੇ ਲੱਖਾਂ ਦਰਿਆ ਬਣ ਗਏ।

ਕੀਤਾ ਪਸਾਉ, ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ॥ (੩)

ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ॥” ਗੁਰਬਾਣੀ ਦੀ ਇਹ ਪੰਗਤੀ ਸਮਝਾਉਂਦੀ ਹੈ, ਕਿ ਏਕੋ ਕਵਾਉ, ਕੋਈ ਆਮ ਬਚਨ ਜਾਂ ਬੋਲ ਨਹੀਂ ਹੈ, ਬਲਕਿ ਕੋਈ ਸਿਸਟਮ, ਨਿਯਮ, ਜਾਂ ਕੋਈ ਅਸੂਲ ਹੈ। ਗੁਰਬਾਣੀ ਵਿੱਚ ਹੁਕਮੁ ਨੂੰ ਭੈ, ਡਰ, ਸ਼ਬਦ, ਆਦਿ ਨਾਲ ਵੀ ਵਰਤਿਆ ਗਿਆ ਹੈ। ਇਸ ਲਈ ਸ਼ਬਦ (ਹੁਕਮ) ਇੱਕ ਅੱਖਰ ਨਹੀਂ ਹੋ ਸਕਦਾ ਹੈ, ਉਸ ਵਿੱਚ ਵੀ ਅਨੇਕਤਾ ਹੈ, ਜਾਂ ਕੋਈ ਅਸੂਲ ਹੈ।

ਗੁਰੂ ਸਾਹਿਬ ਨੇ ਲੋਕਾਂ ਨੂੰ ਕਰਮ ਕਾਂਡਾਂ, ਭਰਮਾਂ ਤੇ ਵਹਿਮਾਂ ਵਿਚੋਂ ਕੱਢਣ ਲਈ, ਗੁਰਬਾਣੀ ਵਿੱਚ ਇਹ ਵੀ ਸਮਝਾ ਦਿੱਤਾ, ਕਿ ਇਸ ਜਗਤ ਦੀ ਰਚਨਾ ਕਿਸ ਤਰ੍ਹਾਂ ਹੋਈ? ਜਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਮਾਂ, ਜਿਸ ਦੀ ਗਿਣਤੀ ਦੇ ਵਾਸਤੇ ਅਰਬਦ ਨਰਬਦ ਲਫ਼ਜ਼ ਵੀ ਨਹੀਂ ਵਰਤੇ ਜਾ ਸਕਦੇ, ਐਸੀ ਘੁੱਪ ਹਨੇਰੇ ਦੀ ਹਾਲਤ ਸੀ, ਭਾਵ, ਅਜੇਹੀ ਹਾਲਤ ਸੀ, ਕਿ ਉਸ ਬਾਬਤ ਕੁੱਝ ਵੀ ਦੱਸਿਆ ਨਹੀਂ ਜਾ ਸਕਦਾ। ਇਹ ਸੱਭ ਕੁੱਝ ਜੋ ਅਸੀਂ ਅੱਜਕਲ ਆਸੇ ਪਾਸੇ ਵੇਖ ਰਹੇ ਹਾਂ, ਉਸ ਸਮੇਂ ਕੁੱਝ ਵੀ ਨਹੀਂ ਸੀ। ਨਾ ਧਰਤੀ ਸੀ, ਨਾ ਆਕਾਸ਼ ਸੀ ਤੇ ਨਾ ਹੀ ਕਿਤੇ ਬੇਅੰਤ ਅਕਾਲ ਪੁਰਖੁ ਦਾ ਹੁਕਮ ਚੱਲ ਰਿਹਾ ਸੀ। ਦਿਨ, ਰਾਤ, ਚੰਦ, ਸੂਰਜ ਆਦਿ ਕੁੱਝ ਵੀ ਨਹੀਂ ਸਨ। ਸਿਰਫ ਅਕਾਲ ਪੁਰਖੁ ਆਪਣੇ ਆਪ ਵਿੱਚ ਹੀ ਮਾਨੋ ਐਸੀ ਸਮਾਧੀ ਲਾਈ ਬੈਠਾ ਸੀ, ਜਿਸ ਵਿੱਚ ਕੋਈ ਕਿਸੇ ਕਿਸਮ ਦਾ ਫੁਰਨਾ ਨਹੀਂ ਸੀ। ਉਸ ਵੇਲੇ ਇਸ ਸੰਸਾਰ ਵਿੱਚ ਨਾ ਚਾਰ ਖਾਣੀਆਂ ਸਨ, ਨਾ ਜੀਵਾਂ ਦੀਆਂ ਬਾਣੀਆਂ ਸਨ, ਨਾ ਹਵਾ ਸੀ, ਨਾ ਪਾਣੀ, ਨਾ ਉਤਪੱਤੀ, ਨਾ ਪਰਲੌ, ਨਾ ਜੰਮਣ, ਤੇ ਨਾ ਹੀ ਮਰਨ ਸੀ। ਉਸ ਹਾਲਤ ਵਿੱਚ ਨਾ ਕੋਈ ਧਰਤੀ, ਨਾ ਧਰਤੀ ਦੇ ਨੌ ਖੰਡ, ਨਾ ਪਾਤਾਲ, ਨਾ ਸਤ ਸਮੁੰਦਰ, ਨਾ ਹੀ ਨਦੀਆਂ ਵਿੱਚ ਪਾਣੀ ਵਹਿ ਰਿਹਾ ਸੀ। ਉਸ ਸਮੇਂ ਨਾ ਸੁਰਗ-ਲੋਕ, ਨਾ ਮਾਤ-ਲੋਕ, ਨਾ ਪਤਾਲ, ਨਾ ਦੋਜ਼ਖ਼, ਨਾ ਬਹਿਸ਼ਤ, ਤੇ ਨਾ ਹੀ ਮੌਤ ਲਿਆਉਣ ਵਾਲਾ ਕੋਈ ਕਾਲ ਸੀ। ਉਸ ਵੇਲੇ ਨਾ ਸੁਰਗ, ਨਾ ਨਰਕ, ਨਾ ਕੋਈ ਜੰਮਦਾ ਸੀ ਤੇ ਨਾ ਹੀ ਕੋਈ ਮਰਦਾ ਸੀ। ਨਾ ਕੋਈ ਬ੍ਰਹਮਾ, ਨਾ ਵਿਸ਼ਨੂੰ, ਤੇ ਨਾ ਹੀ ਸ਼ਿਵ ਹੀ ਸੀ, ਸਿਰਫ ਇੱਕ ਅਕਾਲ ਪੁਰਖੁ ਹੀ ਸੀ, ਹੋਰ ਕੋਈ ਵਿਅਕਤੀ ਨਹੀਂ ਸੀ ਦਿਸਦਾ। ਨਾ ਕੋਈ ਇਸਤ੍ਰੀ, ਨਾ ਕੋਈ ਮਰਦ, ਨਾ ਕੋਈ ਜਾਤ, ਤੇ ਨਾ ਕਿਸੇ ਜਾਤ ਵਿੱਚ ਕੋਈ ਜਨਮ ਹੀ ਲੈਂਦਾ ਸੀ। ਨਾ ਕੋਈ ਦੁੱਖ ਭੋਗਣ ਵਾਲਾ ਜੀਵ, ਨਾ ਕੋਈ ਜਤੀ, ਨਾ ਕੋਈ ਸਤੀ ਤੇ ਨਾ ਕੋਈ ਤਿਆਗੀ ਸੀ। ਨਾ ਕੋਈ ਸਿੱਧ ਸਨ, ਨਾ ਸਾਧਿਕ ਸਨ ਤੇ ਨਾ ਹੀ ਕੋਈ ਗ੍ਰਿਹਸਤੀ ਸਨ। ਨਾ ਕੋਈ ਜੋਗੀਆਂ ਦਾ, ਤੇ ਨਾ ਕੋਈ ਜੰਗਮਾਂ ਦਾ ਭੇਖ ਸੀ, ਤੇ ਨਾ ਹੀ ਕੋਈ ਜੋਗੀਆਂ ਦਾ ਗੁਰੂ ਅਖਵਾਣ ਵਾਲਾ ਸੀ। ਨਾ ਕਿਤੇ ਜਪ ਹੋ ਰਹੇ ਸਨ, ਨਾ ਤਪ ਹੋ ਰਹੇ ਸਨ, ਨਾ ਕਿਤੇ ਸੰਜਮ ਸਾਧੇ ਜਾ ਰਹੇ ਸਨ, ਨਾ ਵਰਤ ਰੱਖੇ ਜਾ ਰਹੇ ਸਨ ਤੇ ਨਾ ਹੀ ਪੂਜਾ ਕੀਤੀ ਜਾ ਰਹੀ ਸੀ। ਕੋਈ ਐਸਾ ਜੀਵ ਨਹੀਂ ਸੀ, ਜੋ ਅਕਾਲ ਪੁਰਖੁ ਤੋਂ ਬਿਨਾ ਕਿਸੇ ਹੋਰ ਦਾ ਜ਼ਿਕਰ ਕਰ ਸਕਦਾ ਸਿਰਫ ਅਕਾਲ ਪੁਰਖੁ ਆਪ ਹੀ ਆਪਣੇ ਆਪ ਵਿੱਚ ਪਰਗਟ ਹੋ ਕੇ ਖ਼ੁਸ਼ ਹੋ ਰਿਹਾ ਸੀ ਤੇ ਆਪਣੇ ਵਡੱਪਣ ਦਾ ਮੁੱਲ ਆਪ ਹੀ ਪਾਉਂਦਾ ਸੀ।

ਨਾ ਕਿਤੇ ਸੁੱਚ ਰੱਖੀ ਜਾ ਰਹੀ ਸੀ, ਨਾ ਕਿਤੇ ਕੋਈ ਸੰਜਮ ਕੀਤਾ ਜਾ ਰਿਹਾ ਸੀ, ਨਾ ਹੀ ਕਿਤੇ ਤੁਲਸੀ ਦੀ ਮਾਲਾ ਸੀ, ਨਾ ਕਿਤੇ ਕੋਈ ਗੋਪੀ ਸੀ, ਨਾ ਕੋਈ ਕਾਨ੍ਹ ਸੀ, ਨਾ ਕੋਈ ਗਊ ਸੀ, ਨਾ ਗਊਆਂ ਦਾ ਰਾਖਾ ਸੀ। ਨਾ ਕੋਈ ਤੰਤ੍ਰ ਮੰਤ੍ਰ ਆਦਿਕ ਪਖੰਡ ਸਨ, ਨਾ ਕੋਈ ਬੰਸਰੀ ਵਜਾ ਰਿਹਾ ਸੀ , ਨਾ ਕਿਤੇ ਧਾਰਮਿਕ ਕਰਮ-ਕਾਂਡ ਸਨ, ਨਾ ਕਿਤੇ ਮਿੱਠੀ ਮਾਇਆ ਸੀ। ਨਾ ਕਿਤੇ ਕੋਈ ਉੱਚੀ ਨੀਵੀਂ ਜਾਤ ਸੀ, ਤੇ ਨਾ ਹੀ ਕਿਸੇ ਜਾਤ ਵਿੱਚ ਕੋਈ ਜਨਮ ਲੈਂਦਾ ਅੱਖੀਂ ਦਿੱਸਦਾ ਸੀ , ਨਾ ਕਿਤੇ ਮਾਇਆ ਦੀ ਮਮਤਾ ਦਾ ਜਾਲ ਸੀ, ਨਾ ਕਿਤੇ ਕਿਸੇ ਦੇ ਸਿਰ ਉਤੇ ਕਾਲ ਕੂਕਦਾ ਸੀ। ਨਾ ਕੋਈ ਜੀਵ ਕਿਸੇ ਦਾ ਸਿਮਰਨ-ਧਿਆਨ ਧਰਦਾ ਸੀ , ਨਾ ਕਿਤੇ ਨਿੰਦਿਆ ਸੀ, ਨਾ ਕਿਸੇ ਦੀ ਖ਼ੁਸ਼ਾਮਦ ਸੀ, ਨਾ ਕੋਈ ਜੀਵਾਤਮਾ ਸੀ, ਨਾ ਕੋਈ ਜਿੰਦ ਸੀ। ਨਾ ਗੋਰਖ ਸੀ, ਨਾ ਮਾਛਿੰਦ੍ਰ ਨਾਥ ਸੀ, ਨਾ ਕਿਤੇ ਧਾਰਮਿਕ ਪੁਸਤਕਾਂ ਦੀ ਗਿਆਨ-ਚਰਚਾ ਸੀ, ਨਾ ਕਿਤੇ ਸਮਾਧੀ-ਇਸਥਿਤ ਧਿਆਨ ਸੀ, ਨਾ ਕਿਤੇ ਕੁਲਾਂ ਦੀ ਉਤਪੱਤੀ ਸੀ, ਤੇ ਨਾ ਹੀ ਕੋਈ ਚੰਗੀ ਕੁਲ ਵਿੱਚ ਜੰਮਣ ਦਾ ਮਾਣ ਕਰਦਾ ਸੀ, ਨਾ ਕੋਈ ਬ੍ਰਾਹਮਣ ਖੱਤ੍ਰੀ ਆਦਿਕ ਵਰਨ ਸਨ, ਨਾ ਕਿਤੇ ਜੋਗੀ ਜੰਗਮ ਆਦਿਕ ਭੇਖ ਸਨ, ਨਾ ਕੋਈ ਦੇਵਤਾ ਸੀ, ਤੇ ਨਾ ਕਿਸੇ ਦੇਵਤੇ ਦਾ ਮੰਦਰ ਸੀ। ਨਾ ਕੋਈ ਗਊ ਸੀ, ਨਾ ਕਿਤੇ ਗਾਇਤ੍ਰੀ ਸੀ, ਨਾ ਕਿਤੇ ਹਵਨ ਸਨ, ਨਾ ਜੱਗ ਹੋ ਰਹੇ ਸਨ, ਨਾ ਕਿਤੇ ਤੀਰਥਾਂ ਦਾ ਇਸ਼ਨਾਨ ਸੀ, ਤੇ ਨਾ ਕੋਈ ਦੇਵ-ਪੂਜਾ ਕਰ ਰਿਹਾ ਸੀ। ਉਸ ਵਖਤ ਨਾ ਕੋਈ ਮੌਲਵੀ ਸੀ, ਨਾ ਕਾਜ਼ੀ ਸੀ, ਨਾ ਕੋਈ ਸ਼ੇਖ਼ ਸੀ, ਨਾ ਹਾਜੀ ਸੀ। ਨਾ ਕਿਤੇ ਪਰਜਾ ਸੀ, ਨਾ ਕੋਈ ਰਾਜਾ ਸੀ, ਨਾ ਕਿਤੇ ਦੁਨੀਆ ਵਾਲੀ ਹਉਮੈ ਹੀ ਸੀ, ਨਾ ਕੋਈ ਇਹੋ ਜਿਹੀ ਗੱਲ ਹੀ ਕਰਨ ਵਾਲਾ ਸੀ। ਨਾ ਕਿਤੇ ਪ੍ਰੇਮ ਸੀ, ਨਾ ਕਿਤੇ ਭਗਤੀ ਸੀ, ਨਾ ਕਿਤੇ ਜੜ੍ਹ ਸੀ, ਨਾ ਚੇਤਨ ਸੀ, ਨਾ ਕਿਤੇ ਕੋਈ ਸੱਜਣ ਸੀ, ਨਾ ਮਿੱਤਰ ਸੀ, ਨਾ ਕਿਤੇ ਪਿਤਾ ਦਾ ਵੀਰਜ ਸੀ, ਨਾ ਮਾਂ ਦੀ ਰੱਤ ਸੀ। ਸਿਰਫ ਅਕਾਲ ਪੁਰਖੁ ਆਪ ਹੀ ਸ਼ਾਹ ਸੀ, ਆਪ ਹੀ ਵਣਜ ਕਰਨ ਵਾਲਾ ਸੀ, ਉਸ ਸਦਾ-ਥਿਰ ਅਕਾਲ ਪੁਰਖੁ ਨੂੰ ਇਹੋ ਕੁੱਝ ਚੰਗਾ ਲੱਗਦਾ ਸੀ।

ਨਾ ਕਿਤੇ ਸ਼ਾਸਤ, ਸਿੰਮ੍ਰਿਤੀਆਂ ਤੇ ਵੇਦ ਸਨ, ਨਾ ਕਿਤੇ ਕੁਰਾਨ ਅੰਜੀਲ ਆਦਿਕ ਸ਼ਾਮੀ ਕਿਤਾਬਾਂ ਸਨ, ਨਾ ਕਿਤੇ ਪੁਰਾਣਾਂ ਦੇ ਪਾਠ ਹੀ ਸਨ। ਨਾ ਕਿਤੇ ਸੂਰਜ ਦਾ ਚੜ੍ਹਨਾ ਸੀ, ਨਾ ਡੁੱਬਣਾ ਸੀ। ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲਾ ਅਕਾਲ ਪੁਰਖੁ ਆਪ ਹੀ ਬੋਲਣ ਚਾਲਣ ਵਾਲਾ ਸੀ, ਆਪ ਹੀ ਅਦ੍ਰਿਸ਼ਟ ਸੀ ਤੇ ਆਪ ਹੀ ਆਪਣੇ ਆਪ ਨੂੰ ਪਰਗਟ ਕਰਨ ਵਾਲਾ ਸੀ। ਜਦੋਂ ਉਸ ਅਕਾਲ ਪੁਰਖੁ ਨੂੰ ਚੰਗਾ ਲੱਗਾ ਤਾਂ ਉਸ ਨੇ ਇਹ ਜਗਤ ਪੈਦਾ ਕਰ ਦਿੱਤਾ। ਇਸ ਸਾਰੇ ਜਗਤ ਦੇ ਖਿਲਾਰੇ ਨੂੰ ਉਸ ਨੇ ਕਿਸੇ ਦੂਸਰੇ ਦੇ ਸਹਾਰੇ ਤੋਂ ਬਿਨਾ ਹੀ ਆਪੋ ਆਪਣੇ ਥਾਂ ਤੇ ਟਿਕਾ ਦਿੱਤਾ। ਉਸ ਨੇ ਬ੍ਰਹਮਾ ਵਿਸ਼ਨੂ ਤੇ ਸ਼ਿਵ ਵੀ ਪੈਦਾ ਕਰ ਦਿੱਤੇ, ਜਗਤ ਵਿੱਚ ਮਾਇਆ ਦਾ ਮੋਹ ਵੀ ਵਧਾ ਦਿੱਤਾ। ਜਿਸ ਕਿਸੇ ਵਿਰਲੇ ਬੰਦੇ ਨੂੰ ਗੁਰੂ ਸਾਹਿਬ ਨੇ ਗੁਰਬਾਣੀ ਦੁਆਰਾ ਆਪਣਾ ਉਪਦੇਸ਼ ਸੁਣਾਇਆ, ਉਸ ਨੂੰ ਸਮਝ ਆ ਗਈ ਕਿ ਅਕਾਲ ਪੁਰਖੁ ਜਗਤ ਪੈਦਾ ਕਰ ਕੇ, ਆਪ ਹੀ ਸੰਭਾਲ ਕਰ ਰਿਹਾ ਹੈ, ਹਰ ਥਾਂ ਉਸ ਦਾ ਹੁਕਮ ਚੱਲ ਰਿਹਾ ਹੈ। ਉਸ ਅਕਾਲ ਪੁਰਖੁ ਨੇ ਆਪ ਹੀ ਖੰਡ ਬ੍ਰਹਮੰਡ ਪਾਤਾਲ ਆਦਿਕ ਬਣਾਏ ਹਨ ਤੇ ਉਹ ਆਪ ਹੀ ਗੁਪਤ ਹਾਲਤ ਤੋਂ ਪਰਗਟ ਹੋਇਆ ਹੈ। ਪੂਰੇ ਗੁਰੂ ਤੋਂ ਇਹ ਸਮਝ ਪੈਂਦੀ ਹੈ, ਕਿ ਕੋਈ ਵੀ ਮਨੁੱਖ ਜਾਂ ਜੀਵ ਅਕਾਲ ਪੁਰਖੁ ਦੀ ਤਾਕਤ ਦਾ ਅੰਤ ਨਹੀਂ ਜਾਣ ਸਕਦਾ। ਜਿਹੜੇ ਮਨੁੱਖ ਸਦਾ-ਥਿਰ ਰਹਿਣ ਵਾਲੇ ਅਕਾਲ ਪੁਰਖੁ ਦੇ ਨਾਮੁ ਵਿੱਚ ਰੰਗੇ ਜਾਂਦੇ ਹਨ, ਉਹ ਅਕਾਲ ਪੁਰਖੁ ਦੀ ਬੇਅੰਤ ਤਾਕਤ ਦੇ ਕੌਤਕ ਵੇਖ ਵੇਖ ਕੇ ਹੈਰਾਨ ਹੁੰਦੇ ਹਨ ਤੇ ਉਸ ਦੇ ਗੁਣ ਗਾਉਂਦੇ ਰਹਿੰਦੇ ਹਨ।

ਮਾਰੂ ਮਹਲਾ ੧॥ ਅਰਬਦ ਨਰਬਦ ਧੁੰਧੂਕਾਰਾ॥ ਧਰਣਿ ਨ ਗਗਨਾ ਹੁਕਮੁ ਅਪਾਰਾ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ॥ ੧॥ ਖਾਣੀ ਨ ਬਾਣੀ ਪਉਣ ਨ ਪਾਣੀ॥ ਓਪਤਿ ਖਪਤਿ ਨ ਆਵਣ ਜਾਣੀ॥ ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ॥ ੨॥ ਨਾ ਤਦਿ ਸੁਰਗੁ ਮਛੁ ਪਇਆਲਾ॥ ਦੋਜਕੁ ਭਿਸਤੁ ਨਹੀ ਖੈ ਕਾਲਾ॥ ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ॥ ੩॥ ਬ੍ਰਹਮਾ ਬਿਸਨੁ ਮਹੇਸੁ ਨ ਕੋਈ॥ ਅਵਰੁ ਨ ਦੀਸੈ ਏਕੋ ਸੋਈ॥ ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ॥ ੪॥ ਨਾ ਤਦਿ ਜਤੀ ਸਤੀ ਬਨਵਾਸੀ॥ ਨਾ ਤਦਿ ਸਿਧ ਸਾਧਿਕ ਸੁਖਵਾਸੀ॥ ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ॥ ੫॥ ਜਪ ਤਪ ਸੰਜਮ ਨਾ ਬ੍ਰਤ ਪੂਜਾ॥ ਨਾ ਕੋ ਆਖਿ ਵਖਾਣੈ ਦੂਜਾ॥ ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ॥ ੬॥ ਨਾ ਸੁਚਿ ਸੰਜਮੁ ਤੁਲਸੀ ਮਾਲਾ॥ ਗੋਪੀ ਕਾਨੁ ਨ ਗਊ ਗ+ਆਲਾ॥ ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ॥ ੭॥ ਕਰਮ ਧਰਮ ਨਹੀ ਮਾਇਆ ਮਾਖੀ॥ ਜਾਤਿ ਜਨਮੁ ਨਹੀ ਦੀਸੈ ਆਖੀ॥ ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ ਧਿਆਇਦਾ॥ ੮॥ ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ॥ ਨਾ ਤਦਿ ਗੋਰਖੁ ਨ ਮਾਛਿੰਦੋ॥ ਨਾ ਤਦਿ

ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ॥ ੯॥ ਵਰਨ ਭੇਖ ਨਹੀ ਬ੍ਰਹਮਣ ਖਤ੍ਰੀ॥ ਦੇਉ ਨ ਦੇਹੁਰਾ ਗਊ ਗਾਇਤ੍ਰੀ॥ ਹੋਮ ਜਗ ਨਹੀ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ॥ ੧੦॥ ਨਾ ਕੋ ਮੁਲਾ ਨਾ ਕੋ ਕਾਜੀ॥ ਨਾ ਕੋ ਸੇਖੁ ਮਸਾਇਕੁ ਹਾਜੀ॥ ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ॥ ੧੧॥ ਭਾਉ ਨ ਭਗਤੀ ਨਾ ਸਿਵ ਸਕਤੀ॥ ਸਾਜਨੁ ਮੀਤੁ ਬਿੰਦੁ ਨਹੀ ਰਕਤੀ॥ ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ॥ ੧੨॥ ਬੇਦ ਕਤੇਬ ਨ ਸਿੰਮ੍ਰਿਤਿ ਸਾਸਤ॥ ਪਾਠ ਪੁਰਾਣ ਉਦੈ ਨਹੀ ਆਸਤ॥ ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖੁ ਲਖਾਇਦਾ॥ ੧੩॥ ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥ ਬਾਝੁ ਕਲਾ ਆਡਾਣੁ ਰਹਾਇਆ॥ ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ॥ ੧੪॥ ਵਿਰਲੇ ਕਉ ਗੁਰ ਸਬਦੁ ਸੁਣਾਇਆ॥ ਕਰਿ ਕਰਿ ਦੇਖੈ ਹੁਕਮੁ ਸਬਾਇਆ॥ ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ॥ ੧੫॥ ਤਾ ਕਾ ਅੰਤੁ ਨ ਜਾਣੈ ਕੋਈ॥ ਪੂਰੇ ਗੁਰ ਤੇ ਸੋਝੀ ਹੋਈ॥ ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ॥ ੧੬॥ ੩॥ ੧੫॥ (੧੦੩੫)

ਜਪੁਜੀ ਸਾਹਿਬ ਵਿੱਚ ਜੋ ਅਕਾਲ ਪੁਰਖੁ ਦੀ ਪਰਿਭਾਸ਼ਾ (ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥) ਦਿੱਤੀ ਗਈ ਹੈ, ਉਸ ਨਾਲ ਇਹ ਸਬਦ ਬਿਲਕੁਲ ਮੇਲ ਖਾਂਦਾ ਹੈ ਤੇ ਇਸ ਸਬਦ ਵਿੱਚ ਗੁਰੂ ਸਾਹਿਬ ਨੇ ਇਸ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾ ਦੀ ਸਥਿਤੀ ਨੂੰ ਵਿਸਥਾਰ ਨਾਲ ਸਮਝਾਇਆ ਹੈ, ਤਾਂ ਜੋ ਅਸੀਂ ਕਰਮ ਕਾਂਡਾਂ, ਭਰਮਾਂ ਤੇ ਵਹਿਮਾਂ ਵਿਚੋਂ ਬਾਹਰ ਨਿਕਲ ਕੇ ਅਸਲੀਅਤ ਨੂੰ ਸਮਝ ਸਕੀਏ ਤੇ ਸੱਚ ਦਾ ਮਾਰਗ ਅਪਨਾਈਏ।

ਗੁਰਬਾਣੀ ਦੁਆਰਾ ਦਰਸਾਇਆ ਗਿਆ, ਇਹ ਕੁਦਰਤ ਦਾ ਖੇਲ, ਅੱਜ ਸਾਇੰਸ ਅਨੁਸਾਰ ਪੇਸ਼ ਕੀਤੀ ਜਾ ਰਹੀ ਬਿੱਗ ਬੈਂਗ ਥਿਊਰੀ ਨਾਲ ਮੇਲ ਖਾਂਦੀ ਹੈ। ਅਰਬਦ ਨਰਬਦ ਧੂੰਦੂਕਾਰਾ ਨੂੰ ਸਇੰਸ ਦੁਆਰਾ ਸੁਪਰਨੋਵਾ (Supernova) ਕਿਹਾ ਜਾਂਦਾ ਹੈ, ਜਿਸ ਤੋਂ ਹਵਾ ਤੇ ਪਾਣੀ ਦੀ ਉਤਪਤੀ ਹੋਈ। ਸਾਇੰਸ ਵੀ ਸ੍ਰਿਸ਼ਟੀ ਦੀ ਰਚਨਾ ਸਬੰਧੀ ਘੱਟਾ, ਧਮਾਕਾ, ਸੁਕੜਨਾ, ਫੈਲਣਾ (dust, explosion, contaction, expansion) ਆਦਿ ਬਾਰੇ ਸੋਚਦੀ ਤੇ ਵਿਚਾਰਦੀ ਹੈ। ਸਾਇੰਸ ਆਪਣੇ ਤਰੀਕੇ ਨਾਲ ਜਗਤ ਦੀ ਰਚਨਾ ਬਾਰੇ ਅੰਦਾਜ਼ੇ ਲਗਾ ਕੇ ਬਿਆਨ ਕਰਦੀ ਹੈ, ਪਰ ਕੁਦਰਤ ਦਾ ਅੰਤ ਪਾਉਂਣ ਤੋਂ ਅਸਮਰਥ ਹੈ।

ਗੁਰਬਾਣੀ ਅਨੁਸਾਰ ਜਗਤ-ਰਚਨਾ ਤੋਂ ਪਹਿਲਾਂ ਸਿਰਜਣਹਾਰ ਨੇ ਅਨੇਕਾਂ ਹੀ ਜੁਗ ਉਸ ਅਵਸਥਾ ਵਿੱਚ ਸਮਾਧੀ ਲਾਈ, ਜਿਸ ਦੀ ਬਾਬਤ ਕੁੱਝ ਪਤਾ ਨਹੀਂ ਲੱਗ ਸਕਦਾ। ਸਿਰਫ ਧੁੰਦ ਹੀ ਧੁੰਦ (Science talks about dust or fog) ਸੀ। ਇਹ ਅਜੇਹੀ ਧੁੰਦ ਨਹੀਂ ਸੀ, ਜੋ ਕਿ ਅਸੀਂ ਸਰਦੀਆਂ ਵਿੱਚ ਵੇਖਦੇ ਹਾਂ। ਉਸ ਅਵਸਥਾ ਵਾਲੀ ਧੁੰਦ ਬਿਆਨ ਨਹੀਂ ਕੀਤੀ ਜਾ ਸਕਦੀ, ਮਨੁੱਖ ਦੀ ਪਹੁੰਚ ਤੋਂ ਬਾਹਰ ਹੈ, ਸਾਇੰਸ ਸਿਰਫ ਅੰਦਾਜੇ ਲਗਾ ਸਕਦੀ ਹੈ, ਕਿ ਕਿਸ ਤਰ੍ਹਾਂ ਦੀ ਸਥਿਤੀ ਹੋਵੇਗੀ। ਕਿਉਂਕਿ ਉਸ ਸਿਰਜਣਹਾਰ ਦਾ ਨਾਮੁ ਸਦਾ-ਥਿਰ ਰਹਿਣ ਵਾਲਾ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ, ਉਹ ਵਡਿਆਈ ਦਾ ਮਾਲਕ ਅਕਾਲ ਪੁਰਖੁ ਸਦਾ ਟਿਕੇ ਰਹਿਣ ਵਾਲੇ ਤਖ਼ਤ ਉਤੇ ਸਦਾ ਬੈਠਾ ਹੋਇਆ ਹੈ। ਜਗਤ-ਰਚਨਾ ਕਰ ਕੇ ਉਹ ਸਦਾ-ਥਿਰ ਰਹਿਣ ਵਾਲਾ, ਡੂੰਘਾ ਤੇ ਵੱਡੇ ਜਿਗਰੇ ਵਾਲਾ ਅਕਾਲ ਪੁਰਖੁ, ਹਰ ਥਾਂ ਵਿਆਪਕ ਹੋ ਰਿਹਾ ਹੈ। ਜਿਨ੍ਹਾਂ ਪ੍ਰਾਣੀਆਂ ਦੇ ਅੰਦਰ ਉਸ ਸਿਰਜਣਹਾਰ ਦੀ ਮਿਹਰ ਦਾ ਸਦਕਾ ਸਤ ਅਤੇ ਸੰਤੋਖ ਵਾਲਾ ਜੀਵਨ ਹੁੰਦਾ ਹੈ, ਉਹ ਸਤਜੁਗ ਵਿੱਚ ਵਿਚਰ ਰਹੇ ਹੁੰਦੇ ਹਨ। ਸਦਾ-ਥਿਰ ਰਹਿਣ ਵਾਲਾ ਮਾਲਕ ਸ੍ਰਿਸ਼ਟੀ ਦੀ ਕਾਰ ਨੂੰ ਆਪਣੇ ਅਟੱਲ ਹੁਕਮ ਅਨੁਸਾਰ ਚਲਾਉਂਦਾ ਹੈ ਤੇ ਸਭ ਜੀਵਾਂ ਦੀ ਸਹੀ ਪਰਖ ਕਰਦਾ ਹੈ। ਅਕਾਲ ਪੁਰਖੁ ਨੇ ਆਪਣਾ ਆਪ ਗੁਰੂ ਵਿੱਚ ਲੁਕਾ ਰੱਖਿਆ ਹੈ, ਇਸ ਲਈ ਜਿਹੜਾ ਮਨੁੱਖ ਗੁਰੂ ਦਾ ਸ਼ਬਦ ਮੰਨਦਾ ਹੈ, ਤੇ ਆਪਣੇ ਹਿਰਦੇ ਵਿੱਚ ਟਿਕਾ ਕੇ ਰਖਦਾ ਹੈ, ਉਹ ਸੂਰਮਾ ਬਣ ਜਾਂਦਾ ਹੈ, ਪੰਜ ਵਿਕਾਰ ਉਸ ਨੂੰ ਜਿੱਤ ਨਹੀਂ ਸਕਦੇ। ਅਜੇਹਾ ਮਨੁੱਖ ਅਕਾਲ ਪੁਰਖੁ ਗੁਣਾਂ ਦੀ ਵਿਚਾਰ ਕਰਦਾ ਹੈ, ਉਸ ਦਾ ਹੁਕਮ ਸੁਣਦਾ ਅਤੇ ਮੰਨਦਾ ਹੈ ਤੇ ਉਸ ਦੀ ਹਜ਼ੂਰੀ ਵਿੱਚ ਸਦੀਵੀ ਨਿਵਾਸ ਪ੍ਰਾਪਤ ਕਰ ਲੈਂਦਾ ਹੈ।

ਕੇਤੜਿਆ ਜੁਗ ਧੁੰਧੂਕਾਰੈ॥ ਤਾੜੀ ਲਾਈ ਸਿਰਜਣਹਾਰੈ॥ ਸਚੁ ਨਾਮੁ ਸਚੀ ਵਡਿਆਈ ਸਾਚੈ ਤਖਤਿ ਵਡਾਈ ਹੇ॥ ੨॥ (੧੦੨੩-੧੦੨੪)

ਅਨੇਕਾਂ ਹੀ ਜੁਗ ਘੁੱਪ ਹਨੇਰੇ ਵਿੱਚ ਲੰਘ ਗਏ, ਭਾਵ, ਸ੍ਰਿਸ਼ਟੀ-ਰਚਨਾ ਤੋਂ ਪਹਿਲਾਂ ਬੇਅੰਤ ਸਮਾਂ ਅਜੇਹੀ ਹਾਲਤ ਸੀ, ਜਿਸ ਬਾਰੇ ਅਸੀਂ ਕੁੱਝ ਵੀ ਨਹੀਂ ਸਮਝ ਸਕਦੇ, ਤਦੋਂ ਅਪਰ ਅਪਾਰ ਅਕਾਲ ਪੁਰਖੁ ਨੇ ਆਪਣੇ ਆਪ ਵਿੱਚ ਸਮਾਧੀ ਲਾਈ ਹੋਈ ਸੀ। ਉਸ ਘੁੱਪ ਹਨੇਰੇ ਵਿੱਚ ਅਕਾਲ ਪੁਰਖੁ ਆਪ ਨਿਰਲੇਪ ਬੈਠਾ ਹੋਇਆ ਸੀ, ਤਦੋਂ ਨਾ ਜਗਤ ਦਾ ਖਿਲਾਰਾ ਸੀ ਤੇ ਨਾ ਮਾਇਆ ਵਾਲੀ ਦੌੜ-ਭੱਜ ਸੀ। ਘੁੱਪ ਹਨੇਰੇ ਦੇ ਛੱਤੀ ਜੁਗ (ਅਣਗਿਣਤ ਸਮਾਂ) ਉਸ ਅਕਾਲ ਪੁਰਖੁ ਨੇ ਹੀ ਵਰਤਾਈ ਰੱਖੇ, ਜਿਵੇਂ ਉਸ ਨੂੰ ਚੰਗਾ ਲੱਗਾ ਉਸੇ ਤਰ੍ਹਾਂ ਉਹ ਘੁੱਪ ਹਨੇਰੇ ਵਾਲੀ ਕਾਰ ਚਲਾਉਂਦਾ ਰਿਹਾ। ਉਹ ਅਕਾਲ ਪੁਰਖੁ ਆਪ ਹੀ ਆਪ ਹੈ, ਉਸ ਤੋਂ ਪਰੇ ਹੋਰ ਕੋਈ ਹਸਤੀ ਨਹੀਂ, ਕੋਈ ਵੀ ਉਸ ਦਾ ਉਰਲਾ ਜਾਂ ਪਰਲਾ ਬੰਨਾ ਨਹੀਂ ਲੱਭ ਸਕਦਾ, ਕੋਈ ਵੀ ਉਸ ਦੇ ਬਰਾਬਰ ਦਾ ਨਹੀਂ ਦਿੱਸਦਾ। ਹੁਣ ਜਦੋਂ ਉਸ ਨੇ ਜਗਤ-ਰਚਨਾ ਰਚ ਲਈ ਹੈ, ਤਾਂ ਵੀ, ਉਸੇ ਨੂੰ ਚੌਹਾਂ ਜੁਗਾਂ ਵਿੱਚ ਜਗਤ ਦੇ ਅੰਦਰ ਗੁਪਤ ਰੂਪ ਵਿੱਚ ਵਿਆਪਕ ਜਾਣੋ। ਉਹ ਹਰੇਕ ਸਰੀਰ ਦੇ ਅੰਦਰ, ਹਰੇਕ ਦੇ ਹਿਰਦੇ ਵਿੱਚ ਮੌਜੂਦ ਹੈ। ਉਹ ਇਕੱਲਾ ਆਪ ਹੀ ਹਰੇਕ ਜੁਗ ਵਿੱਚ ਸਾਰੀ ਸ੍ਰਿਸ਼ਟੀ ਦੇ ਅੰਦਰ ਰਮ ਰਿਹਾ ਹੈ। ਇਸ ਭੇਤ ਨੂੰ ਕੋਈ ਵਿਰਲਾ ਬੰਦਾ ਹੀ ਸਮਝਦਾ ਹੈ, ਜੋ ਕਿ ਗੁਰੂ ਦੀ ਬਾਣੀ ਦੀ ਵਿਚਾਰ ਕਰਦਾ ਹੈ। ਉਸ ਅਕਾਲ ਪੁਰਖੁ ਦੇ ਹੁਕਮੁ ਵਿੱਚ ਹੀ ਪਿਤਾ ਦੇ ਵੀਰਜ ਦੀ ਬੂੰਦ ਤੇ ਮਾਂ ਦੇ ਪੇਟ ਦੇ ਲਹੂ ਨੇ ਮਿਲ ਕੇ ਮਨੁੱਖਾ ਸਰੀਰ ਬਣਾ ਦਿੱਤਾ। ਹਵਾ ਪਾਣੀ ਅੱਗ ਆਦਿਕ ਤੱਤਾਂ ਨੇ ਮਿਲ ਕੇ ਜੀਵ ਰਚ ਦਿੱਤੇ। ਹਰੇਕ ਸਰੀਰ ਵਿੱਚ ਬੈਠਾ ਅਕਾਲ ਪੁਰਖੁ ਆਪ ਹੀ ਸਭ ਚੋਜ ਤਮਾਸ਼ੇ ਕਰ ਰਿਹਾ ਹੈ, ਉਸ ਨੇ ਆਪ ਹੀ ਮਾਇਆ ਦੇ ਮੋਹ ਦਾ ਖਿਲਾਰਾ ਖਿਲਾਰਿਆ ਹੈ।

ਮਾਰੂ ਮਹਲਾ ੧॥ ਕੇਤੇ ਜੁਗ ਵਰਤੇ ਗੁਬਾਰੈ॥ ਤਾੜੀ ਲਾਈ ਅਪਰ ਅਪਾਰੈ॥ ਧੁੰਧੂਕਾਰਿ ਨਿਰਾਲਮੁ ਬੈਠਾ ਨਾ ਤਦਿ ਧੰਧੁ ਪਸਾਰਾ ਹੇ॥ ੧॥ ਜੁਗ ਛਤੀਹ ਤਿਨੈ ਵਰਤਾਏ॥ ਜਿਉ ਤਿਸੁ ਭਾਣਾ ਤਿਵੈ ਚਲਾਏ॥ ਤਿਸਹਿ ਸਰੀਕੁ ਨ ਦੀਸੈ ਕੋਈ ਆਪੇ ਅਪਰ ਅਪਾਰਾ ਹੇ॥ ੨॥ ਗੁਪਤੇ ਬੂਝਹੁ ਜੁਗ ਚਤੁਆਰੇ॥ ਘਟਿ ਘਟਿ ਵਰਤੈ ਉਦਰ ਮਝਾਰੇ॥ ਜੁਗੁ ਜੁਗੁ ਏਕਾ ਏਕੀ ਵਰਤੈ ਕੋਈ ਬੂਝੈ ਗੁਰ ਵੀਚਾਰਾ ਹੇ॥ ੩॥ ਬਿੰਦੁ ਰਕਤੁ ਮਿਲਿ ਪਿੰਡੁ ਸਰੀਆ॥ ਪਉਣੁ ਪਾਣੀ ਅਗਨੀ ਮਿਲਿ ਜੀਆ॥ ਆਪੇ ਚੋਜ ਕਰੇ ਰੰਗ ਮਹਲੀ ਹੋਰ ਮਾਇਆ ਮੋਹ ਪਸਾਰਾ ਹੇ॥ ੪॥ (੧੦੨੬, ੧੦੨੭)

ਉਸ ਅਕਾਲ ਪੁਰਖੁ ਦੇ ਹੁਕਮ ਅਨੁਸਾਰ ਹੀ ਜੀਵ ਮਾਂ ਦੇ ਪੇਟ ਵਿੱਚ ਪੁੱਠਾ ਲਟਕ ਕੇ ਪ੍ਰਭੂ-ਚਰਨਾਂ ਵਿੱਚ ਸੁਰਤਿ ਜੋੜੀ ਰੱਖਦਾ ਹੈ, ਉਸ ਦੇ ਹੁਕਮੁ ਤੇ ਰਜਾ ਅਨੁਸਾਰ ਚਲਦਾ ਸੀ। ਜੀਵ ਜਗਤ ਵਿੱਚ ਆ ਕੇ ਮਾਇਆ ਦੇ ਮੋਹ ਵਿੱਚ ਫਸ ਜਾਂਦਾ ਹੈ। ਜਦੋਂ ਕਿਸੇ ਘਰ ਵਿੱਚ ਕੋਈ ਬਾਲਕ ਮਰਦਾ ਹੈ, ਤਾਂ ਮਾਂ ਪਿਉ ਭੈਣ ਭਰਾ ਆਦਿਕ ਸੰਬੰਧੀ ਉਸ ਬਾਲਕ ਦੀਆਂ ਪਿਆਰ-ਭਰੀਆਂ ਖੇਡਾਂ ਚੇਤੇ ਕਰਦੇ ਹਨ, ਤੇ ਇਹ ਆਖ ਆਖ ਕੇ ਰੋਂਦੇ ਹਨ ਕਿ ਬਾਲਕ ਬੜਾ ਹਸਮੁੱਖ ਸੀ। ਜਦੋਂ ਕੋਈ ਭਰ-ਜਵਾਨੀ ਵੇਲੇ ਮਰ ਜਾਂਦੇ ਹਨ, ਤਦੋਂ ਵੀ ਕੀ ਕੀਤਾ ਜਾ ਸਕਦਾ ਹੈ? ਇਹ ਆਖ ਆਖ ਕੇ ਰੋਵੀਦਾ ਹੀ ਹੈ ਕਿ ਉਹ ਮੇਰਾ ਪਿਆਰਾ ਸੀ। ਜਿਹੜੇ ਰੋਂਦੇ ਵੀ ਹਨ, ਉਹ ਵੀ ਆਪਣੀਆਂ ਥੁੜਾਂ ਚੇਤੇ ਕਰ ਕਰ ਕੇ ਮਾਇਆ ਦੀ ਖ਼ਾਤਰ ਰੋ ਰੋ ਕੇ ਦੁਖੀ ਹੁੰਦੇ ਹਨ। ਮਾਇਆ ਦੀ ਖ਼ਾਤਰ ਬਰਬਾਦ ਕੀਤਾ ਗਿਆ, ਇਹ ਮਨੁੱਖਾ ਜੀਵਨ ਫਿਟਕਾਰ-ਜੋਗ ਹੋ ਜਾਂਦਾ ਹੈ। ਜਿਹੜਾ ਕੋਈ ਮਨੁੱਖ ਆਪਣੇ ਆਪ ਨੂੰ ਵਿਚਾਰਦਾ ਹੈ, ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਹ ਫਿਰ ਪਛੁਤਾਂਦਾ ਨਹੀਂ ਹੈ। ਪਰ ਇਹ ਸੋਝੀ ਕਿਸੇ ਨੂੰ ਤਦੋਂ ਹੀ ਹੁੰਦੀ ਹੈ ਜਦੋਂ ਉਸ ਨੂੰ ਗੁਰੂ ਮਿਲ ਪਏ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜਦਾ ਹੈ ਉਹ ਇਸ ਕੈਦ ਵਿਚੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ।

ਆਪੁ ਵੀਚਾਰਿ ਨ ਰੋਵੈ ਕੋਈ॥ ਸਤਿਗੁਰੁ ਮਿਲੈ ਤ ਸੋਝੀ ਹੋਈ॥ ਬਿਨੁ ਗੁਰ ਬਜਰ ਕਪਾਟ ਨ ਖੂਲਹਿ ਸਬਦਿ ਮਿਲੈ ਨਿਸਤਾਰਾ ਹੇ॥ ੧੦॥ (੧੦੨੬, ੧੦੨੭)

ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਇਹੀ ਸਮਝਾਇਆ ਹੈ ਕਿ ਉਹ ਅਕਾਲ ਪੁਰਖੁ ਸਾਡੇ ਤੋਂ ਬਹੁਤ ਵੱਡਾ ਹੈ, ਸਾਡੀ ਪਹੁੰਚ ਤੋਂ ਬਾਹਰ ਹੈ, ਅਸੀਂ ਉਸ ਦਾ ਅੰਤ ਨਹੀਂ ਪਾ ਸਕਦੇ ਹਾਂ, ਸਿਰਫ ਗੁਰੂ ਦੁਆਰਾ ਉਸ ਦਾ ਹੁਕਮੁ ਸਮਝ ਕੇ ਆਪਣਾ ਜੀਵਨ ਸਫਲ ਕਰ ਸਕਦੇ ਹਾਂ। ਹਵਾ ਨੂੰ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਵੱਧ ਦਬਾਅ ਤੋਂ ਘੱਟ ਦਬਾਅ ਵੱਲ ਚਲਣ ਲਈ ਕੋਈ ਇਤਰਾਜ ਨਹੀਂ, ਪਾਣੀ ਨੂੰ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਉੱਚੇ ਥਾਂ ਤੋਂ ਨੀਵੇਂ ਥਾਂ ਵੱਲ ਚਲਣ ਲਈ ਕੋਈ ਇਤਰਾਜ ਨਹੀਂ, ਅੱਗ ਨੂੰ ਗਰਮੀ ਪੈਦਾ ਕਰਨ ਲਈ ਕੋਈ ਇਤਰਾਜ ਨਹੀਂ, ਧਰਤੀ ਨੂੰ ਸਾਡਾ ਸੱਭ ਦਾ ਭਾਰ ਸਹਾਰਨ ਦਾ ਕੋਈ ਇਤਰਾਜ ਨਹੀਂ, ਧਰਤੀ ਨੂੰ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਸੂਰਜ ਦੇ ਦੁਆਲੇ ਘੁੰਮਣ ਲਈ ਕੋਈ ਇਤਰਾਜ ਨਹੀਂ, ਚੰਦਰਮੇ ਨੂੰ ਧਰਤੀ ਦੇ ਦੁਆਲੇ ਘੁੰਮਣ ਲਈ ਕੋਈ ਇਤਰਾਜ ਨਹੀਂ, ਸੂਰਜ ਨੂੰ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਦੇ ਆਪਣੀ ਗੈਲਕਸੀ ਦੁਆਲੇ ਘੁੰਮਣ ਦਾ ਕੋਈ ਇਤਰਾਜ ਨਹੀਂ, ਸਾਰੇ ਜੀਵ ਜੰਤੂ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਚਲਣ ਲਈ ਤਿਆਰ ਹਨ, ਸਿਰਫ ਇੱਕ ਮਨੁੱਖ ਹੀ ਹੈ, ਜਿਹੜਾ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਚਲਣ ਲਈ ਤਿਆਰ ਨਹੀਂ। ਆਪਣਾ ਜੀਵਨ ਭਾਵੇਂ ਬਰਬਾਦ ਕਰ ਲਵੇ, ਪਰ ਗੁਰੂ ਦੀ ਮਤ ਅਨੁਸਾਰ ਚਲਣ ਲਈ ਤਿਆਰ ਨਹੀਂ, ਆਪਣੀ ਮਤ ਤੇ ਹਉਮੈ ਵਿੱਚ ਆਪਣਾ ਮਨੁੱਖਾ ਜੀਵਨ ਵਿਅਰਥ ਗਵਾ ਲੈਂਦਾ ਹੈ। ਜਦੋਂ ਕਿ ਹੁਕਮੁ ਅਨੁਸਾਰ ਚਲਣ ਦੀ ਸਿਖਿਆ ਤਾਂ ਗੁਰੂ ਸਾਹਿਬ ਨੇ ਜਪੁਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਸਮਝਾ ਦਿੱਤੀ ਹੈ।

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ੧॥

ਇਹ ਧਿਆਨ ਵਿੱਚ ਰੱਖ ਲੈਂਣਾਂ ਚਾਹੀਦਾ ਹੈ ਕਿ ਹਰੇਕ ਕਿਰਿਆ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਹੁੰਦੀ ਹੈ। ਜੇ ਚੰਗੇ ਕੰਮ ਕਰਾਂਗੇ ਤਾਂ ਨਤੀਜੇ ਚੰਗੇ ਹੋਣਗੇ, ਜੇ ਘਟੀਆ ਕੰਮ ਕਰਾਂਗੇ ਤਾਂ ਨਤੀਜੇ ਉਸ ਅਨੁਸਾਰ ਭੁਗਤਣੇ ਪੈਂਣਗੇ। ਇਹ ਸਾਡੇ ਤੇ ਨਿਰਭਰ ਕਰਦਾ ਹੈ, ਕਿ ਅਸੀਂ ਕਿਸ ਪਾਸੇ ਤੁਰਨਾ ਚਾਹੁੰਦੇ ਹਾਂ। ਭਾਵੇਂ ਅਸੀਂ ਮੰਨੀਏ ਜਾਂ ਨਾ ਮੰਨੀਏ ਇਹ ਸਾਰੀ ਸ੍ਰਿਸ਼ਟੀ ਪੈਦਾ ਕਰਨ ਵਾਲਾ ਅਕਾਲ ਪੁਰਖੁ ਹੀ ਹੈ, ਤੇ ਉਸ ਨੂੰ ਚਲਾਉਣ ਵਾਲਾ ਉਸ ਦਾ ਹੁਕਮੁ ਹੀ ਹੈ।

ਸਦਾ ਸਖਾਈ ਹਰਿ ਹਰਿ ਨਾਮੁ॥ ਜਿਸੁ ਚੀਤਿ ਆਵੈ ਤਿਸੁ ਸਦਾ ਸੁਖੁ ਹੋਵੈ ਨਿਕਟਿ ਨ ਆਵੈ ਤਾ ਕੈ ਜਾਮੁ॥ ੧॥ ਰਹਾਉ॥ (੧੧੪੬, ੧੧੪੭)

ਅੱਜਕਲ ਅਸੀਂ ਜਿਆਦਾ ਤਰ ਲੋਕਮਤ ਨਾਲ ਹੀ ਪ੍ਰਭਾਵਤ ਹਾਂ, ਤੇ ਗੁਰਮਤਿ ਨਾਲ ਬਹੁਤ ਘੱਟ, ਜਿਸ ਕਰਕੇ ਅਸੀਂ ਆਪਸੀ ਵੋਟਾਂ ਪਾ ਕੇ ਹੁਕਮੁ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਹੈ। ਅਸੀਂ ਹੁਕਮੁ ਦੀ ਅਸਲੀਅਤ ਨੂੰ ਸਮਝਣ ਦੀ ਬਜਾਏ ਉਸ ਨੂੰ ਕਰਾਮਾਤੀ ਰੂਪ ਦੇਣ ਵਿੱਚ ਜਿਆਦਾ ਖੁਸ਼ ਹੁੰਦੇ ਹਾਂ, ਤੇ ਕਲਪਤ ਕਹਾਣੀਆਂ ਸੁਣ ਕੇ ਹਵਾ ਵਿੱਚ ਉਡਣਾਂ ਸਾਨੂੰ ਬਹੁਤ ਚੰਗਾ ਲਗਦਾ ਹੈ। ਇਹੀ ਕਾਰਨ ਹੈ ਕਿ ਟੀ. ਵੀ. ਵਿੱਚ ਵਿਖਾਈਆਂ ਗਈਆਂ ਐਡਵਰਡਟਾਈਜ਼ਮੈਂਟਾ ਨਾਲ ਘਟੀਆ ਸਾਮਾਨ ਬਹੁਤ ਆਸਾਨੀ ਨਾਲ ਵਿਕ ਜਾਂਦਾ ਹੈ। ਟੀ. ਵੀ. ਤੇ ਵਿਖਾਇਆ ਗਿਆ ਸੀਰੀਅਲ ਤਾਂ ਹਰੇਕ ਨੂੰ ਪਸੰਦ ਆਉਂਦਾ ਹੈ, ਪਰ ਸਬਦ ਵੀਚਾਰ ਸੁਣਨ ਲਈ ਕਿਸੇ ਵਿਰਲੇ ਦਾ ਹੀ ਮਨ ਕਰਦਾ ਹੈ।

ਸਰਬ-ਵਿਆਪਕ ਅਕਾਲ ਪੁਰਖੁ ਨੇ ਜਗਤ ਦੀ ਉਤਪੱਤੀ ਕੀਤੀ ਹੈ, ਦਿਨ ਤੇ ਰਾਤ ਵੀ ਉਸੇ ਨੇ ਹੀ ਬਣਾਏ ਹਨ। ਜੰਗਲ, ਜੰਗਲ ਦਾ ਘਾਹ, ਤਿੰਨੇ ਭਵਨ, ਪਾਣੀ ਤੇ ਹੋਰ ਸਾਰੇ ਤੱਤ, ਚਾਰ ਵੇਦ, ਚਾਰ ਖਾਣੀਆਂ, ਸ੍ਰਿਸ਼ਟੀ ਦੇ ਵਖ ਵਖ ਹਿੱਸੇ, ਟਾਪੂ, ਸਾਰੇ ਲੋਕ, ਆਦਿ ਸੱਭ ਅਕਾਲ ਪੁਰਖੁ ਦੇ ਹੁਕਮ ਨਾਲ ਹੀ ਬਣੇ ਹਨ। ਇਸ ਲਈ ਸਿਰਜਣਹਾਰ ਅਕਾਲ ਪੁਰਖੁ ਨਾਲ ਡੂੰਘੀ ਸਾਂਝ ਪਾ। ਪਰ, ਇਹ ਸੂਝ ਉਦੋਂ ਹੀ ਮਿਲਦੀ ਹੈ, ਜਦੋਂ ਗੁਰੂ ਮਿਲ ਪਏ। ਗੁਰੂ ਨੂੰ ਮਿਲ ਕੇ ਆਤਮਕ ਜੀਵਨ ਦੇ ਹਨੇਰੇ ਵਿਚੋਂ ਬਾਹਰ ਨਿਕਲ ਸਕਦੇ ਹਾਂ। ਅਕਾਲ ਪੁਰਖੁ ਆਪਣੇ ਹੁਕਮੁ ਅਨੁਸਾਰ ਜੋ ਕੁੱਝ ਜੀਵ ਪਾਸੋਂ ਕਰਵਾਉਂਦਾ ਹੈ, ਉਸ ਦੇ ਅਨੁਸਾਰ ਉਸ ਦਾ ਨਾਮ ਮੂਰਖ ਜਾਂ ਗਿਆਨੀ ਪੈ ਜਾਂਦਾ ਹੈ। ਇਹ ਮਨੁੱਖਾ ਜਨਮ ਜੀਵਨ ਸਫਲ ਕਰਨ ਲਈ ਮਿਲਿਆ ਹੈ, ਤੇ ਇਹ ਸਾਡੇ ਤੇ ਨਿਰਭਰ ਕਰਦਾ ਹੈ, ਕਿ ਅਸੀਂ ਕੀ ਚੁਣਦੇ ਹਾਂ।

ਓਅੰਕਾਰਿ ਉਤਪਾਤੀ॥ ਕੀਆ ਦਿਨਸੁ ਸਭ ਰਾਤੀ॥ ਵਣੁ ਤ੍ਰਿਣੁ ਤ੍ਰਿਭਵਣ ਪਾਣੀ॥ ਚਾਰਿ ਬੇਦ ਚਾਰੇ ਖਾਣੀ॥ ਖੰਡ ਦੀਪ ਸਭਿ ਲੋਆ॥ ਏਕ ਕਵਾਵੈ ਤੇ ਸਭਿ ਹੋਆ॥ ੧॥ ਕਰਣੈਹਾਰਾ ਬੂਝਹੁ ਰੇ॥ ਸਤਿਗੁਰੁ ਮਿਲੈ ਤ ਸੂਝੈ ਰੇ॥ ੧॥ ਰਹਾਉ॥ (੧੦੦੩, ੧੦੦੪)

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਨਿਸਚੇ ਨਾਲ ਸਮਝ ਸਕਦੇ ਹਾਂ, ਕਿ ਗੁਰੁ ਸਾਹਿਬਾਂ ਨੇ ਕਈ ਸਾਲ ਪਹਿਲਾਂ ਹੀ ਸਮਝਾ ਦਿਤਾ ਸੀ, ਕਿ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਆਪ ਹੀ ਹੈ ਤੇ ਇਹ ਉਸ ਦੇ ਹੁਕਮੁ ਅਨੁਸਾਰ ਪੈਦਾ ਹੋਈ। ਅਕਾਲ ਪੁਰਖ ਦਾ ਹੁਕਮੁ ਸਮਝਣ ਲਈ ਆਪਣੇ ਅੰਦਰ ਅਕਾਲ ਪੁਰਖ ਦੇ ਗੁਣ ਪੈਦਾ ਕਰਨੇ ਜਰੂਰੀ ਹਨ। ਇਸ ਲਈ ਆਓ ਸਾਰੇ ਜਾਣੇ ਸਬਦ ਗੁਰੂ ਦੁਆਰਾ ਆਪਣੇ ਅੰਦਰ ਗਿਆਨ ਦਾ ਚਾਨਣ ਪੈਦਾ ਕਰੀਏ ਅਤੇ ਪੂਰੀ ਦੁਨੀਆਂ ਵਿਚੋਂ ਅਗਿਆਨਤਾ ਦਾ ਅੰਧੇਰਾ ਦੂਰ ਕਰਨ ਲਈ ਉਪਰਾਲਾ ਕਰੀਏ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”

(ਡਾ: ਸਰਬਜੀਤ ਸਿੰਘ)

(Dr. Sarbjit Singh)

ਆਰ ਐਚ ੧/ਈ - ੮, ਸੈਕਟਰ - ੮,

RH1 / E-8, Sector-8,

ਵਾਸ਼ੀ, ਨਵੀਂ ਮੁੰਬਈ - ੪੦੦੭੦੩.

Vashi, Navi Mumbai - 400703.




.