.

ਜਸਬੀਰ ਸਿੰਘ ਵੈਨਕੂਵਰ

ਭਾਈ ਬਲਵੰਡ ਰਾਇ ਅਤੇ ਭਾਈ ਸੱਤੇ ਦੀ ਵਾਰ ਸਬੰਧੀ ਕੁੱਝ ਭਰਮ ਭੁਲੇਖੇ

(ਕਿਸ਼ਤ ਨੰ: 20)

ਪ੍ਰੋਫੈਸਰ ਸਾਹਿਬ ਸਿੰਘ ਜੀ ਭਾਈ ਬਲਵੰਡ ਰਾਇ ਅਤੇ ਭਾਈ ਸੱਤਾ ਜੀ ਦੇ ਸਮੇਂ ਬਾਰੇ ਚਰਚਾ ਕਰਦੇ ਹੋਏ ਫਿਰ ਲਿਖਦੇ ਹਨ:-
ਮਾਫ਼ੀ ਦਿਵਾਣ ਵਾਲੇ ਭਾਈ ਲੱਧਾ ਜੀ ਕਦੋਂ ਹੋਏ ਸਨ?
ਇਤਿਹਾਸ ਵਿੱਚ ਇਹ ਗੱਲ ਮੰਨੀ-ਪ੍ਰਮੰਨੀ ਹੈ ਕਿ ਸੱਤੇ ਤੇ ਬਲਵੰਡ ਨੂੰ ਭਾਈ ਲੱਧਾ ਜੀ ਪਰਉਪਕਾਰੀ ਦੀ ਰਾਹੀਂ ਮਾਫ਼ੀ ਮਿਲੀ ਸੀ। ਭਾਈ ਲੱਧਾ ਜੀ ਦੀ ਸਿਫ਼ਾਰਸ਼ ਤਦੋਂ ਹੀ ਕਾਰਗਰ ਹੋ ਸਕਦੀ ਸੀ ਜਦੋਂ ਉਹ ਆਪ ਆਪਣੇ ਜੀਵਨ ਦੀ ਰਾਹੀਂ ਉੱਘਾ ਹੋ ਕੇ ਗੁਰੂ-ਨਜ਼ਰਾਂ ਵਿੱਚ ਕਬੂਲ ਪੈ ਚੁਕਾ ਹੋਵੇ। ਜੇ ਭਾਈ ਲੱਧਾ ਜੀ ਦਾ ਉੱਚਾ ਜੀਵਨ ਗੁਰੂ ਅੰਗਦ ਸਾਹਿਬ ਦੇ ਸਮੇਂ ਉੱਘਾ ਹੋ ਚੁਕਾ ਹੁੰਦਾ ਤਾਂ ਭਾਈ ਗੁਰਦਾਸ ਜੀ ਇਹਨਾਂ ਦਾ ਨਾਮ ਗੁਰੂ ਅੰਗਦ ਸਾਹਿਬ ਜੀ ਦੇ ਸਿੱਖਾਂ ਦੀ ਫ਼ਰਿਸਤ ਵਿੱਚ ਲਿਖਦੇ। ਭਾਈ ਬੂੜਾ ਜੀ (ਬਾਬਾ ਬੁੱਢਾ ਜੀ) ਗੁਰੂ ਨਾਨਕ ਸਾਹਿਬ ਦੇ ਵੇਲੇ ਹੀ ਪ੍ਰਸਿੱਧ ਹੋ ਗਏ ਸਨ, ਉਹਨਾਂ ਦਾ ਨਾਮ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਵਿੱਚ ਲਿਖਿਆ ਹੈ। ਫਿਰ ਹੋਰ ਕਿਸੇ ਥਾਂ ਜ਼ਿਕਰ ਨਹੀਂ ਆਇਆ। ਪਰ ਬਾਬਾ ਜੀ ਨੇ ਤਾਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਬੀ ਤਿਲਕ ਦਿੱਤਾ ਸੀ। ਸੋ, ਭਾਈ ਲੱਧਾ ਜੀ ਗੁਰੂ ਅਰਜਨ ਸਾਹਿਬ ਦੇ ਵੇਲੇ ਹੀ ਪ੍ਰਸਿੱਧ ਸਿੱਖ ਹੋਏ {ਹੋਣ ਗੇ ਕਿਉਂਕਿ} ਗੁਰੂ ਅੰਗਦ ਸਾਹਿਬ ਦੇ ਵੇਲੇ ਦਾ ਇਤਿਹਾਸ ਇਹਨਾਂ ਤੋਂ ਵਾਕਫ਼ ਨਹੀਂ ਹੈ।
ਸੱਤਾ ਬਲਵੰਡ ਦੀ ਘਟਨਾ ਗੁਰੂ ਅਰਜਨ ਸਾਹਿਬ ਦੇ ਸਮੇਂ ਹੋਈ ਸੀ
ਗੁਰ-ਵਿਅਕਤੀਆਂ ਵਿੱਚ ਸਭ ਤੋਂ ਪਹਿਲੇ ਗੁਰੂ ਰਾਮਦਾਸ ਜੀ ਹੀ ਸਨ, ਜਿਨ੍ਹਾਂ ਦੀ ਸੰਤਾਨ ਨੂੰ ਜਨਮ ਹੀ ਤੋਂ ਲੈ ਕੇ ਗੁਰ-ਮਤ ਦੇ ਸੰਸਕਾਰਾਂ ਦੇ ਅਸਰ ਹੇਠ ਪਲਣ ਦਾ ਮੌਕਾ ਮਿਲਿਆ {ਸੀ}। ਇਸ ਦਾ ਸਿੱਟਾ ਇਹ ਨਿਕਲਿਆ ਕਿ ਗੁਰੂ ਰਾਮਦਾਸ ਜੀ ਤੋਂ ਪਿਛੋਂ ਗੁਰਿਆਈ ਦੀ ਜ਼ਿਮੇਵਾਰੀ ਵਾਸਤੇ ਕਿਸੇ ਐਸੀ ਤਿਆਰੀ ਤੇ ਘਾਲ ਦੀ ਲੋੜ ਨਾਹ ਪਈ ਜੋ ਬਾਬਾ ਲਹਣਾ ਜੀ, ਗੁਰੂ ਅਮਰ ਦਾਸ ਜੀ ਅਤੇ ਭਾਈ ਜੇਠਾ ਜੀ ਵਾਸਤੇ ਕਰਨੀ ਪਈ ਸੀ। ਸਤਿਗੁਰੂ ਜੀ ਆਪ ਹੀ ਆਪਣੇ ਬੱਚਿਆਂ ਵਿਚੋਂ ਉਹਨਾਂ ਦੇ ਰੋਜ਼ਾਨਾ ਜੀਵਨ ਤੇ ਸੁਭਾਵ ਆਦਿਕ ਵੇਖ ਕੇ ਫੈਸਲਾ ਕਰ ਲੈਂਦੇ ਰਹੇ ਕਿ ਕੌਣ ਇਸ ਜ਼ਿਮੇਵਾਰੀ ਨੂੰ ਠੀਕ ਨਿਬਾਹੁਣ ਦੇ ਸਮਰੱਥ ਹੈ। ਪਰ, ਇਸ ਦਾ ਇੱਕ ਹੋਰ ਸਿੱਟਾ ਭੀ ਨਿਕਲਿਆ। ਗੁਰਿਆਈ ਲਈ ਸ਼ਰੀਕ ਖੜੇ ਹੋਣੇ ਸ਼ੁਰੂ ਹੋ ਗਏ। ਸਤਿਗੁਰੂ ਤਾਂ ਕਸਵੱਟੀ ਉਹੀ ਵਰਤਦੇ ਸੀ ਜੋ ਗੁਰੂ ਨਾਨਕ, ਗੁਰੂ ਅੰਗਦ ਤੇ ਗੁਰੂ ਅਮਰਦਾਸ ਜੀ ਨੇ ਵਰਤੀ ਸੀ, ਪਰ ਕੁੱਝ ਆਪਣਾ ਬਿੰਦੀ ਹੱਕ ਸਮਝ ਕੇ ਚੁਣੇ ਗਏ ਵੀਰ-ਗੁਰੂ ਨਾਲ ਈਰਖਾ ਕਰਨ ਲੱਗ ਪੈਂਦੇ ਸਨ। ਸਿੱਖ-ਗੁਰ-ਇਤਿਹਾਸ ਵਿੱਚ ਇਸ ਸ਼ਰੀਕੇ ਤੇ ਈਰਖਾ ਦੀ ਹੱਡ-ਬੀਤੀ ਸਭ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਦੇ ਹਿੱਸੇ ਆਈ। ਇਹਨਾਂ ਦੇ ਵ੍ਹਡੇ ਵੀਰ ਬਾਬਾ ਪ੍ਰਿਥੀ ਚੰਦ ਜੀ ਨੇ ਸਿਰੋਂ ਪਰੇ ਜ਼ੋਰ ਲਾ ਕੇ ਵਿਰੋਧਤਾ ਕੀਤੀ, ਇਹਨਾਂ ਦੀ ਕਾਮਯਾਬੀ ਦੇ ਰਾਹ ਵਿੱਚ ਕਈ ਅਟਕਾਂ ਪਾਈਆਂ। ਗੁਰ-ਗੱਦੀ ਦੇ ਵੇਲੇ ਪਿਤਾ ਗੁਰੂ ਰਾਮਦਾਸ ਜੀ ਨੂੰ ਕੁਬੋਲ ਬੋਲੇ, ਗੁਰੂ ਰਾਮਦਾਸ ਜੀ ਦੇ ਜੋਤੀ ਜੋਤਿ ਸਮਾਣ ਤੇ ਗੋਇੰਦਵਾਲ ਦਸਤਾਰ-ਬੰਦੀ ਦੀ ਰਸਮ ਵੇਲੇ ਰੌਲਾ ਪਾਇਆ, ਅੰਮ੍ਰਿਤਸਰ ਆ ਕੇ ਨਗਰ ਦੇ ਪੈਂਚਾਂ ਨੂੰ ਚੁੱਕਿਆ। ਜਦੋਂ ਦੁਰੋਂ ਸਿੱਖ-ਸੰਗਤਾਂ ਦਰਸ਼ਨ ਨੂੰ ਆਉਣ ਤਾਂ ਬਾਬਾ ਪ੍ਰਿਥੀ ਚੰਦ ਜੀ ਆਪਣੇ ਧੜੇ ਵਲ ਕੀਤੇ ਹੋਏ ਕੁੱਝ ਬੰਦਿਆਂ ਦੀ ਰਾਹੀਂ, ਆਏ ਸਿੱਖਾਂ ਨੂੰ ਟਪਲਾ ਲੁਆ ਕੇ ਉਹਨਾਂ ਪਾਸੋਂ ਭੇਟਾ ਲੈ ਲਿਆ ਕਰਦੇ ਸਨ, ਤੇ ਆਮ ਤੌਰ ਤੇ ਲੰਗਰ ਦੇ ਵੇਲੇ ਓਹਨਾਂ ਨੂੰ ਗੁਰੂ ਕੇ ਲੰਗਰ ਵਿੱਚ (ਜੋ ਗੁਰੂ ਅਰਜਨ ਸਾਹਿਬ ਦੀ ਨਿਗਰਾਨੀ ਵਿੱਚ ਸਭ ਵਾਸਤੇ ਸਾਂਝਾ ਚੱਲਦਾ ਸੀ) ਭੇਜ ਦੇਂਦੇ ਸਨ। ਆਮਦਨ ਬਾਬਾ ਪ੍ਰਿਥੀ ਚੰਦ ਵਲ ਜਾਂਦੀ ਸੀ ਤੇ ਖ਼ਰਚ ਗੁਰੂ ਅਰਜਨ ਸਾਹਿਬ ਨੂੰ ਕਰਨਾ ਪੈਂਦਾ ਸੀ। ਇਤਿਹਾਸਕਾਰ ਲਿਖਦੇ ਹਨ ਕਿ ਨਤੀਜਾ ਇਹ ਨਿਕਲਿਆ ਕਿ ਕਈ ਵਾਰੀ ਲੰਗਰ ਇੱਕੋ ਵੇਲੇ ਪੱਕਦਾ ਸੀ ਤੇ ਛੋਲਿਆਂ ਦੀ ਰੋਟੀ ਭੀ ਮਿਲਣ ਲੱਗ ਪਈ ਸੀ। ਜਦੋਂ ਭਾਈ ਗੁਰਦਾਸ ਜੀ ਆਗਰੇ ਵਲੋਂ ਆਏ, ਇਹ ਹਾਲਤ ਵੇਖੀਓ ਨੇ, ਤਾਂ ਬਾਬਾ ਬੁੱਢਾ ਜੀ ਵਰਗੇ ਸਿਆਣੇ ਸਿੱਖਾਂ ਨਾਲ ਸਲਾਹ ਕਰ ਕੇ ਇਹਨਾਂ ਰਲ ਕੇ ਸਿੱਖ-ਸੰਗਤਾਂ ਨੂੰ ਇਸ ਟਪਲੇ ਤੋਂ ਬਚਾਉਣਾ ਸ਼ੁਰੂ ਕੀਤਾ। ਗੁਰੂ ਰਾਮਦਾਸ ਜੀ ਅਗਸਤ ਸੰਨ ੧੫੮੧ ਵਿੱਚ ਜੋਤੀ ਜੋਤਿ ਸਮਾਏ ਸਨ, ਬਾਬਾ ਪ੍ਰਿਥੀ ਚੰਦ ਜੀ ਨੇ ਤਦੋਂ ਇਹ ਵਿਰੋਧਤਾ ਸ਼ੁਰੂ ਕੀਤੀ ਸੀ। ਸੱਤੇ ਬਲਵੰਡ ਦੀ ਲੜਕੀ ਦੀ ਸ਼ਾਦੀ ਵੈਸਾਖੀ ਤੋਂ ਦੋ ਮਹੀਨੇ ਪਹਿਲਾਂ ਜਾਂ ਵੈਸਾਖੀ ਦੇ ਨੇੜੇ-ਤੇੜੇ ਸੀ। ਸੋ, ਸੱਤੇ ਬਲਵੰਡ ਦੇ ਆਕੀ ਹੋਣ ਦੀ ਘਟਨਾ ਵੈਸਾਖੀ ਸੰਨ ੧੫੮੨ ਦੀ ਹੀ ਹੋ ਸਕਦੀ ਹੈ, ਕਿਉਂਕਿ ਇਹਨਾਂ ਹੀ ਮਹੀਨਿਆਂ ਵਿੱਚ ਇਤਿਹਾਸ-ਅਨੁਸਾਰ ਹੇਠ-ਲਿਖੀਆਂ ਘਟਨਾਂ ਵਾਪਰ ਰਹੀਆਂ ਸਨ:-
(ੳ) ਗੁਰਿਆਈ ਦੀ ਖ਼ਾਤਰ ਸ਼ਰੀਕਾ ਤੇ ਵਿਰੋਧਤਾ।
(ਅ) ਵਿਰੋਧੀ ਸ਼ਰੀਕ ਭਰਾ ਬਾਬਾ ਪ੍ਰਿਥੀ ਚੰਦ ਜੀ ਉਥੇ ਵੱਸਦਾ ਸੀ ਜਿਥੇ ਗੁਰੂ ਅਰਜਨ ਸਾਹਿਬ ਰਹਿੰਦੇ ਹਨ।
(ੲ) ਚੜ੍ਹਤ ਤੇ ਭੇਟਾ ਬਾਬਾ ਪ੍ਰਿਥੀ ਚੰਦ ਵਲ ਜਾਂਦੀ ਸੀ ਤੇ ਖ਼ਰਚ ਗੁਰੂ ਅਰਜਨ ਸਾਹਿਬ ਦੇ ਲੰਗਰ ਤੇ ਪੈਂਦਾ ਸੀ।
(ਸ) ਗੁਰੂ ਕੇ ਖ਼ਜ਼ਾਨੇ ਵਲ ਆਮਦਨ ਬਹੁਤ ਘੱਟ ਸੀ।

ਕਿਹੜੇ ਹਾਲਾਤ ਵਿੱਚ ਸੱਤਾ ਬਲਵੰਡ ਰੁੱਸੇ?
ਬਲਵੰਡ ਤੇ ਸੱਤਾ ਰੋਜ਼ੀ ਦੀ ਖ਼ਾਤਰ ਹੀ ਕੀਰਤਨ ਕਰਦੇ ਸਨ, ਜਿਵੇਂ ਹੁਣ ਤਕ ਸ੍ਰੀ ਦਰਬਾਰ ਸਾਿਹਬ ਅੰਮ੍ਰਿਤਸਰ ਵਿੱਚ ਰਬਾਬੀ ਕਰਦੇ ਆਏ ਹਨ। ਕੋਈ ਸਿੱਖ ਭੀ ਹੋਵੇ ਤਾਂ ਭੀ ਜਿਸ ਦੀ ਰੋਜ਼ੀ ਦਾ ਵਸੀਲਾ ਕੀਰਤਨ ਹੀ ਬਣ ਜਾਏ ਉਹ ਤਦ ਤਕ ਹੀ ਇਹ ਕੰਮ ਕਰੇਗਾ ਜਦ ਤਕ ਉਸ ਦੀ ਰੋਜ਼ੀ ਕਾਇਮ ਹੈ। ਬਲਵੰਡ ਤੇ ਸੱਤੇ ਨੇ ਲੜਕੀ ਦੀ ਸ਼ਾਦੀ ਤੇ ਖ਼ਰਚ ਲਈ ਭੀ ਮਾਇਆ ਉਥੋਂ ਹੀ ਲੈਣੀ ਸੀ, ਜਿਥੇ ਉਹ ਕੰਮ ਕਰਦੇ ਸਨ। ਪਰ ਬਾਬਾ ਪ੍ਰਿਥੀ ਚੰਦ ਜੀ ਗੁਰੂ ਅਰਜਨ ਸਾਹਿਬ ਦੇ ਰਾਹ ਵਿੱਚ ਰੋਕਾਂ ਪਾਣ ਲਈ ਤੁਲੇ ਹੋਏ ਸਨ। ਅੰਮ੍ਰਿਤਸਰ ਵਿੱਚ ਵੱਸਦੇ ਕਈ ਬੰਦਿਆਂ ਨੂੰ ਲਾਲਚ ਦੇ ਕੇ ਚੁੱਕਦੇ ਹੋਣਗੇ; ਸੰਗਤਾਂ ਨੂੰ ਟਪਲਾ ਲਾਣ ਲਈ ਭੀ ਤਾਂ ਆਖ਼ਰ ਕੁੱਝ ਸਾਥੀ ਨਾਲ ਰਲਾਏ ਹੋਏ ਹੀ ਸਨ। ਇਹ ਹੋ ਸਕਦਾ ਹੈ ਕਿ ਸੱਤੇ ਬਲਵੰਡ ਨੂੰ ਭੀ ਪ੍ਰੇਰਨਾ ਕੀਤੀ ਗਈ ਹੋਵੇ; ਪਰ ਉਹ ਨਾਹ ਮੰਨੇ ਹੋਣ। ਇਹ ਭੀ ਹੋ ਸਕਦਾ ਹੈ ਕਿ ਲੜਕੀ ਦੀ ਸ਼ਾਦੀ ਸਮੇਂ ਗੁਰੂ ਅਰਜਨ ਸਾਹਿਬ ਪਾਸੋਂ ਵਿਤੋਂ ਵਧੀਕ ਮਾਇਆ ਮੰਗਣ ਦੀ ਪ੍ਰੇਰਨਾ ਬਾਬਾ ਪ੍ਰਿਥੀ ਚੰਦ ਜੀ ਦੇ ਆਦਮੀਆਂ ਵਲੋਂ ਕਰਾਈ ਗਈ ਹੋਵੇ। ਜੇ ਇਹ ਚੁੱਕ ਜਾਂ ਪ੍ਰੇਰਨਾ ਨਾਹ ਭੀ ਹੋਵੇ ਤਾਂ ਭੀ ਇਹ ਹੋ ਸਕਦਾ ਹੈ ਕਿ ਗੁਰੂ ਅਰਜਨ ਸਾਹਿਬ ਦੇ ਦਰ ਤੋਂ ਉਸ ਵੇਲੇ ਆਪਣੀ ਲੋੜ ਪੂਰੀ ਨਾਹ ਹੁੰਦੀ ਵੇਖ ਕੇ ਸੱਤਾ ਤੇ ਬਲਵੰਡ ਇਹ ਆਸ ਬਣਾ ਬੈਠੇ ਹੋਣ ਕਿ ਜੇ ਬਾਬਾ ਪ੍ਰਿਥੀ ਚੰਦ ਜੀ ਦਾ ਵਧੀਕ ਜ਼ੋਰ ਪੈ ਗਿਆ ਤੇ ਗੁਰੂ ਅਰਜਨ ਸਾਹਿਬ ਵਾਲਾ ਪਾਸਾ ਢਿੱਲਾ ਪੈ ਗਿਆ ਤਾਂ ਦੂਜੇ ਪਾਸੇ ਚੱਲ ਕੇ ਕੀਰਤਨ ਕਰਾਂਗੇ। ਸੋ, ਇਹ ਰੁੱਸ ਪਏ। ਗੁਰੂ ਅਰਜਨ ਸਾਹਿਬ ਇਹਨਾਂ ਨੂੰ ਮਨਾਣ ਗਏ। ਮਾਇਆ ਹੁੰਦੀ ਤਾਂ ਇਹ ਰੁੱਸਦੇ ਹੀ ਕਿਉਂ? ਗੁਰੂ ਅਰਜਨ ਸਾਹਿਬ ਦੀ ਉਮਰ ਭੀ ਅਜੇ ਅਠਾਰਾਂ ਉੱਨੀ ਸਾਲ ਦੀ ਹੀ ਸੀ, ਅਜੇ ਤਕ ਇਹਨਾਂ ਲੋਕਾਂ ਨੇ ਸਤਿਗੁਰੂ ਜੀ ਦੇ ਜੀਵਨ ਵਿਚੋਂ ਕੋਈ ਐਸੇ ਉੱਚੇ ਚਮਕਾਰੇ ਭੀ ਨਹੀਂ ਵੇਖੇ ਸਨ, ਜੋ ਬਾਬਾ ਲਹਣਾ ਜੀ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਗੁਰੂ ਬਣਨ ਤੋਂ ਪਹਿਲਾਂ ਵਿਖਾ ਚੁਕੇ ਸਨ। ਸੋ, ਗੁਰੂ ਅਰਜਨ ਸਾਹਿਬ ਜੀ ਦਾ ਆਪ ਚੱਲ ਕੇ ਜਾਣਾ ਭੀ ਸੱਤੇ ਬਲਵੰਡ ਨੂੰ ਪ੍ਰੇਰ ਨਾਹ ਸਕਿਆ। ਇਹ ਸਗੋਂ ਹੋਰ ਖੁੰਝ ਗਏ ਅਤੇ ਸਮਝ ਬੈਠੇ ਕਿ ਪ੍ਰਿਥੀ ਚੰਦ ਜੀ ਦੀ ਵਿਰੋਧਤਾ ਦੇ ਕਾਰਨ ਗੁਰੂ ਅਰਜਨ ਸਾਹਿਬ ਦੀ ਗੁਰੂ-ਪਦਵੀ ਭੀ ਸਾਡੇ ਹੀ ਆਸਰੇ ਹੈ। ਹਉਮੈ ਵਿੱਚ ਆ ਗਏ ਤੇ ਗੁਰੂ ਨਾਨਕ ਸਾਹਿਬ ਦੀ ਸ਼ਾਨ ਵਿੱਚ ਭੀ ਕੁਬੋਲ ਬੋਲਿਓ ਨੇ। ਬਸ! ਸੰਬੰਧ ਟੁੱਟ ਗਿਆ। ਸਤਿਗੁਰੂ ਜੀ ਨੇ ਆ ਕੇ ਸੰਗਤਾਂ ਨੂੰ ਸੱਤੇ ਬਲਵੰਡ ਤੋਂ ਕੀਰਤਨ ਸੁਣਨ ਤੋਂ ਮਨ੍ਹਾ ਕਰ ਦਿੱਤਾ। ਰਬਾਬੀਆਂ ਨੇ ਸੰਗਤਾਂ ਨੂੰ ਮੋਹਣ ਲਈ ਆਪਣੇ ਹੁਨਰ ਦਾ ਬਥੇਰਾ ਜ਼ੋਰ ਲਾਇਆ ਹੋਵੇਗਾ, ਪਰ ਸਿੱਖ-ਭੌਰੇ ਅਸਲ ਫੁੱਲ ਨੂੰ ਪਛਾਣ ਚੁਕੇ ਸਨ, ਕਿਸੇ ਨੇ ਟਪਲਾ ਨਾਹ ਖਾਧਾ। ਉਧਰੋਂ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਦੇ ਉੱਦਮ ਨਾਲ ਭੇਟਾ ਤੇ ਲੰਗਰ ਬਾਰੇ ਬਾਬਾ ਪ੍ਰਿਥੀ ਚੰਦ ਜੀ ਦੀ ਸਿਆਣਪ ਭੀ ਰਹਿ ਗਈ। ਸੋ, ਸੱਤਾ ਤੇ ਬਲਵੰਡ ਕਿਸੇ ਥਾਂ ਜੋਗੇ ਭੀ ਨਾਹ ਰਹੇ। ਜਦੋਂ ਭੁੱਖ ਨਾਲ ਬਹੁਤ ਦੁਖੀ ਹੋਏ ਤਾਂ ਲਾਹੌਰ ਤੋਂ ਸਤਿਗੁਰੂ ਅਰਜਨ ਸਾਹਿਬ ਦੇ ਉਘੇ ਸਿੱਖ ਭਾਈ ਲੱਧਾ ਜੀ ਨੂੰ ਨਾਲ ਲਿਆ ਕੇ ਮਾਫ਼ੀ ਲਈਓ ਨੇ।
ਇਸ ‘ਵਾਰ’ ਦਾ ਕਿਸੇ ਗੁਰ-ਵਿਅਕਤੀ ਦੀ ਗੱਦੀ-ਨਸ਼ੀਨੀ ਨਾਲ ਕੋਈ ਸੰਬੰਧ ਨਹੀਂ ਪੈਂਦਾ:-
ਰਾਵਲਪਿੰਡੀ ਦੀ ਕਿਸੇ ਧਰਮਸ਼ਾਲਾ ਵਾਲੀ ਇੱਕ ਪੁਰਾਣੀ ‘ਬੀੜ’ ਵਲ ਧਿਆਨ ਦਿਵਾਣ ਤੋਂ ਕੋਈ ਨਿੱਗਰ ਲਾਭ ਨਹੀਂ ਹੋ ਸਕਦਾ। ਲਿਖਤੀ ਬੀੜਾਂ ਵਿੱਚ ਲੋਕਾਂ ਨੇ ਕਈ ਥਾਈਂ ਹੋਰ ਹੋਰ ਵਾਧੂ ਅਖੌਤੀ ‘ਸ਼ਬਦ’ ਦਰਜ ਕੀਤੇ ਹੋਏ ਹਨ, ਸਿੱਖ ਗ਼ਲਤੀ ਕਰਕੇ ਇਹਨਾਂ ਦਾ ਕੀਰਤਨ ਭੀ ਕਰਿਆ ਕਰਦੇ ਹਨ। ਕੀ ਇਹਨਾਂ ਬਾਹਰਲੇ ‘ਸ਼ਬਦਾਂ’ ਦਾ ਰਿਵਾਜ ਪਾਣਾ ‘ਗੁਰੂ ਗ੍ਰੰਥ ਸਾਹਿਬ’ ਬਾਰੇ ਸਿੱਖਾਂ ਦੇ ਦਿਲ ਵਿੱਚ ਸ਼ੱਕ ਨਹੀਂ ਪੈਦਾ ਕਰੇਗਾ? ਇਸ ਤਰ੍ਹਾਂ ਤਾਂ ਕੌਮ ਨੂੰ ਕਈ ਟਪਲੇ ਲਾਏ ਜਾ ਸਕਦੇ ਹਨ।
ਇਸ ‘ਵਾਰ’ ਦੀ ਕਿਸੇ ਭੀ ਪਉੜੀ ਦੇ ਨਾਲ ਇਹ ਜ਼ਿਕਰ ਨਹੀਂ ਕਿ ਅਖ਼ੀਰਲੀਆਂ ੩ ਪਉੜੀਆਂ ਤੀਜੇ, ਚੌਥੇ ਤੇ ਪੰਜਵੇਂ ਗੁਰੂ ਦੀ ‘ਗੱਦੀ-ਨਸ਼ੀਨੀ’ ਵੇਲੇ ਸੱਤੇ ਤੇ ਬਲਵੰਡ ਉਚਾਰਦੇ ਰਹੇ। ਰੁਸੇਵੇਂ ਤੇ ਗੱਦੀ-ਨਸ਼ੀਨੀ ਦੇ ਦੋ ਵਖੋ ਵਖਰੇ ਮਾਮਲੇ ਇੱਕ ਲੜੀ ਵਿੱਚ ਪਰੋਤੇ ਨਹੀਂ ਜਾ ਸਕਦੇ। ਇਸ ‘ਵਾਰ’ ਦਾ ਅਖ਼ੀਰਲਾ ਅੰਕ ‘੧’ ਭੀ ਪਰਗਟ ਕਰਦਾ ਹੈ ਕਿ ਇਹ ਸਾਰੀ ਬਾਣੀ ਸਮੁੱਚੇ ਤੌਰ ਤੇ ਇੱਕ ਚੀਜ਼ ਹੈ, ਕਿਸੇ ਇੱਕ ਘਟਨਾ ਬਾਰੇ ਹੈ। ‘ਵਾਰ’ ਵਿੱਚ ਸਦਾ ਕਿਸੇ ਇੱਕੋ ਹੀ ਜੀਵਨ-ਝਾਕੀ ਦਾ ਜ਼ਿਕਰ ਹੋਇਆ ਕਰਦਾ ਹੈ।
ਇਸ ‘ਵਾਰ’ ਵਿੱਚ ਸੱਤੇ ਬਲਵੰਡ ਦਾ ਵੱਖਰਾ ਵੱਖਰਾ ਹਿੱਸਾ ਪਹਿਲੀਆਂ ੩ ਪਉੜੀਆਂ ਬਲਵੰਡ ਦੀਆਂ-
ਮੈਕਾਲਿਫ਼ ਨੇ ਨੋਟ ਵਿੱਚ ਲਿਖਿਆ ਹੈ ਕਿ ਜਦੋਂ ਇਸ ‘ਵਾਰ’ ਦੀ ਬਾਣੀ ਨੂੰ ਗਹੁ ਨਾਲ ਪੜ੍ਹੀਏ ਤਾਂ ਪਤਾ ਲੱਗਦਾ ਹੈ ਕਿ ਪਹਿਲੀਆਂ ਪੰਜ ਪਉੜੀਆਂ ਬਲਵੰਡ ਨੇ ਉਚਾਰੀਆਂ ਸਨ। ਝਗੜਾ ਭੀ ਇਸੇ ਦਾ ਹੀ ਸੀ; ਸੋ, ਮੈਕਾਲਿਫ਼ ਦੇ ਖ਼ਿਆਲ-ਅਨੁਸਾਰ ਲੜਕੀ ਭੀ ਇਸੇ ਦੀ ਹੀ ਹੋਵੇਗੀ ਕਿਉਂਕਿ ਸੱਤੇ ਨੇ ਤਾਂ ਗੁਰੂ ਅਰਜਨ ਸਾਹਿਬ ਦੇ ਵੇਲੇ ‘ਵਾਰ’ ਨੂੰ ਕੇਵਲ ‘ਮੁਕੰਮਲ’ ਕਰਨ ਦੀ ਖ਼ਾਤਰ ਬਾਕੀ ੩ ਪਉੜੀਆਂ ਉਚਾਰੀਆਂ।
ਹੁਣ ਅਸੀਂ ‘ਬਾਣੀ’ ਨੂੰ ਗਹੁ ਨਾਲ ਵਿਚਾਰ ਕੇ ਇਹ ਵੇਖਾਂਗੇ ਕਿ ਬਲਵੰਡ ਦੀ ‘ਆਖੀ’ ਹੋਈ ਕਿਤਨੀ ਹੈ, ਸੱਤੇ ਦੀ ਕਿਤਨੀ ਅਤੇ ਇਹਨਾਂ ਵਿਚੋਂ ਲੜਕੀ ਕਿਸ ਦੀ ਸੀ, ਭਾਵ, ਅਸਲ ਝਗੜਾ ਕਿਸ ਨੇ ਚੁੱਕਿਆ ਸੀ।
ਪਹਿਲੀ ਪਉੜੀ-
ਪਹਿਲੀ ਪਉੜੀ ਵਿੱਚ ਗੁਰੂ ਨਾਨਕ ਸਾਹਿਬ ਦੀ ਵਡਿਆਈ ਕੀਤੀ ਗਈ ਹੈ ਤੇ ਆਖਿਆ ਗਿਆ ਹੈ ਕਿ ਗੁਰੂ ਨਾਨਕ ਜੀ ਦਾ ‘ਨਾਮਣਾ’ ਕਾਦਰ ਕਰਤਾਰ ਨੇ ਆਪ ਵੑਡਾ ਕੀਤਾ ਤੇ ਇਹ ਧਰਮ ਦਾ ਰਾਜ ਗੁਰੂ ਨਾਨਕ ਨੇ ਚਲਾਇਆ। ਗੁਰੂ ਨਾਨਕ ਦੇਵ ਨੇ ਆਪਣੇ ਸੇਵਕ ਬਾਬਾ ਲਹਣਾ ਜੀ ਅੱਗੇ ਮੱਥਾ ਟੇਕਿਆ ਤੇ ਆਪਣੀ ਹਯਾਤੀ ਵਿੱਚ ਹੀ ਉਹਨਾਂ ਨੂੰ ਆਪਣੇ ਥਾਂ ਚੁਣ ਲਿਆ। ਇਸ ਪਉੜੀ ਵਿੱਚ ਪਉੜੀ ਦੇ ਉੱਚਾਰਨ ਵਾਲੇ ਦਾ ਨਾਮ ਨਹੀਂ ਹੈ।
ਦੂਜੀ ਪਉੜੀ-
ਦੂਜੀ ਪਉੜੀ ਵਿੱਚ ਬਾਬਾ ਲਹਣਾ ਜੀ ਦੀ ਵਡਿਆਈ ਹੈ। ਕਿਹਾ ਹੈ ਕਿ ਗੁਰੂ ਨਾਨਕ ਦੇਵ ਦੀ ਵਡਿਆਈ ਦੀ ਬਰਕਤਿ ਨਾਲ ਬਾਬਾ ਲਹਣਾ ਜੀ ਦੀ ਭੀ ਧੁੰਮ ਪੈ ਗਈ; ਇਹਨਾਂ ਨੇ ਹੁਕਮ ਮੰਨਣ ਦੀ ਅਲੂਣੀ ਸਿਲ ਚੱਟੀ ਸੀ, ਪਰ ਗੁਰੂ ਨਾਨਕ ਦੇਵ ਜੀ ਦੇ ਪੁਤ੍ਰ ਇਸ ਗੱਲੋਂ ਰਹਿ ਗਏ ਸਨ।
ਇਸ ਪਉੜੀ ਵਿੱਚ ਭੀ ਲੇਖਕ ਦਾ ਨਾਮ ਨਹੀਂ ਹੈ।
ਤੀਜੀ ਪਉੜੀ- ਤੀਜੀ ਪਉੜੀ ਵਿੱਚ ਫਿਰ ਗੁਰੂ ਅੰਗਦ ਸਾਹਿਬ ਦਾ ਜ਼ਿਕਰ ਹੈ; ਖ਼ਿਆਲ ਭੀ ਪਿਛਲੀ ਪਉੜੀ ਵਾਲੇ ਦੁਹਰਾਏ ਹੋਏ ਸਨ।
(੧) ਪਉੜੀ ਨੰ: ੨ ਵਿੱਚ ਲਿਖਿਆ ਹੈ- “ਸਹਿ ਕਾਇਆ ਫੇਰਿ ਪਲਟੀਐ॥” ਇਥੇ ਨੰ: ੩ ਵਿੱਚ ਕਿਹਾ ਹੈ-ਨਾਨਕੁ ਕਾਇਆ ਪਲਟੁ ਕਰਿ”
(੨) ਪਉੜੀ ਨੰ: ੨ ਵਿੱਚ ਕਿਹਾ ਹੈ- “ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ”
ਨੰ: ੩ ਵਿੱਚ ਆਖਿਆ ਹੈ। “ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ”।
(੩) ਪਉੜੀ ਨੰ: ੨ ਵਿੱਚ ਬਾਬਾ ਲਹਣਾ ਜੀ ਦੇ “ਹੁਕਮ ਮੰਨਣ” ਦਾ ਜ਼ਿਕਰ ਹੈ, “ਕਰਹਿ ਜਿ ਗੁਰ ਫੁਰਮਾਇਆ”
ਨੰ: ੩ ਵਿੱਚ ਭੀ “ਜਿਨਿ ਕੀਤੀ ਸੋ ਮੰਨਣਾ”।
(੪) ਫਿਰ, ਪਉੜੀ ਨੰ: ੨ “ਲੰਗਰੁ ਚਲੈ ਗੁਰ ਸਬਦਿ…ਖਰਚੈ ਦਿਤਿ ਖਸੰਮ ਦੀ. .”
ਪਉੜੀ ਨੰ: ੩ “ਲੰਗਰਿ ਦਉਲਤਿ ਵੰਡੀਐ…”
(੫) ਪਉੜੀ ਨੰ: ੨ “ਮਲਿ ਤਖਤੁ ਬੈਠਾ ਗੁਰ ਹਟੀਐ”
ਪਉੜੀ ਨੰ: ੩ “ਮਲਿ ਤਖਤ ਬੈਠਾ ਸੈ ਡਾਲੀ”।

ਇਸ ਪਉੜੀ ਵਿੱਚ ਨੰ: ੩ ਵਿੱਚ ਉਚਾਰਨ ਵਾਲੇ ਦਾ ਨਾਮ ‘ਬਲਵੰਡ’ ਦਰਜ ਹੈ। ਸੋ, ਇਹ ਤਿੰਨੇ ਪਉੜੀਆਂ ਬਲਵੰਡ ਦੀਆਂ ਹਨ; ਪਹਿਲੀ ਗੁਰੂ ਨਾਨਕ ਦੇਵ ਦੀ ਉਸਤਤਿ ਵਿਚ, ਤੇ ਦੂਜੀ ਤੀਜੀ ਗੁਰੂ ਅੰਗਦ ਸਾਹਿਬ ਦੀ ਸਿਫ਼ਤਿ ਵਿਚ।
ਚਉਥੀ ਪਉੜੀ-
ਚਉਥੀ ਪਉੜੀ ਵਿੱਚ ਫਿਰ ਨਵੇਂ ਸਿਰੇ ਗੁਰੂ ਨਾਨਕ ਸਾਹਿਬ ਦੀ ਉਸਤਤਿ ਸ਼ੁਰੂ ਹੋ ਗਈ ਹੈ। ਸਿੱਖ ਨੂੰ, ਪੁਤ੍ਰਾਂ ਨੂੰ ਪਰਖਣਾ; ਤੇ, ਸੋਧ ਕਰ ਕੇ ਬਾਬਾ ਲਹਣਾ ਜੀ ਨੂੰ ਚੁਣਨਾ। ਜੇ ਇਹ ਪਉੜੀ ਬਲਵੰਡ ਨੇ ਹੀ ਉਚਾਰੀ ਹੁੰਦੀ ਤਾਂ ਬਾਬਾ ਲਹਣਾ ਜੀ ਦੀ ਉਸਤਤਿ ਤਕ ਅੱਪੜ ਕੇ ਮੁੜ ਪਿਛਾਂਹ ਜਾਣ ਦੀ ਲੋੜ ਨਹੀਂ ਸੀ; ਇਸ ਪਉੜੀ ਨੂੰ ਭੀ ਪਉੜੀ ਨੰ: ੧ ਦੇ ਨਾਲ ਰੱਖਿਆ ਹੁੰਦਾ। ਪਰ ਇਹ ਨਹੀਂ ਹੋਇਆ। ਬਲਵੰਡ ‘ਵਾਰ’ ਦਾ ਹਿੱਸਾ ਮੁਕਾ ਚੁਕਾ ਹੈ, ਦੂਜਾ ਸਾਥੀ ਸ਼ੁਰੂ ਕਰਦਾ ਹੈ, ਉਹ ਭੀ ਗੁਰੂ ਨਾਨਕ ਸਾਹਿਬ ਤੋਂ ਹੀ ਆਰੰਭ ਕਰਦਾ ਹੈ।
ਇਸ ਪਉੜੀ ਵਿੱਚ ਕਿਸੇ ਦਾ ਨਾਮ ਦਰਜ ਨਹੀਂ ਹੈ।
ਪੰਜਵੀਂ ਪਉੜੀ ਬਲਵੰਡ ਦੀ ਨਹੀਂ ਹੈ-
ਪਉੜੀ ਨੰ: ੫ ਵਿੱਚ ਗੁਰੂ ਅੰਗਦ ਸਾਹਿਬ ਦੀ ਵਡਿਆਈ ਦਰਜ ਹੈ। ਇਸ ਵਿੱਚ ਦੋ ਤੁਕਾਂ ਐਸੀਆਂ ਹਨ ਜਿਨ੍ਹਾਂ ਤੋਂ ਜ਼ਾਹਰ ਹੁੰਦਾ ਹੈ ਕਿ ਇਸ ਪਉੜੀ ਦੀ ਉਚਾਰਨ ਵਾਲਾ ਆਪਣਾ ਕੀਤੀ ਭੁੱਲ ਤੇ ਪਸ਼ੇਮਾਨ ਹੋ ਰਿਹਾ ਹੈ-
“ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ” … … … …
“ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ”

ਬਲਵੰਡ ਗੁਰੂ ਅੰਗਦ ਸਾਹਿਬ ਦੀ ਵਡਿਆਈ ਪਉੜੀ ਨੰ: ੨ ਤੇ ੩ ਵਿੱਚ ਕਰ ਚੁਕਾ ਹੈ; ਨੰ: ੩ ਵਿੱਚ ਉਸ ਦਾ ਨਾਮ ਭੀ ਆ ਗਿਆ ਹੈ। ਇਹ ਗੱਲ ਮੰਨਣ-ਜੋਗ ਨਹੀਂ ਜਾਪਦੀ ਕਿ ਉਹ ਫਿਰ ਮੁੱਢੋਂ ਲੱਗ ਪਿਆ ਹੋਵੇ। ਇਥੇ ਇੱਕ ਹੋਰ ਸੁਆਦਲੀ ਗੱਲ ਭੀ ਹੈ। ਤੀਜੀ ਪਉੜੀ ਵਿੱਚ ਬਲਵੰਡ ਗੁਰੂ ਅੰਗਦ ਸਾਹਿਬ ਦੇ ਲੰਗਰ ਦੀ ਸਿਫ਼ਤਿ ਕਰਦਾ ਰਿਹਾ ਹੈ, ਕਿਹਾ ਸੁ, “ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ”
ਲੰਗਰ ਦਾ ਜ਼ਿਕਰ ਕਰ ਕੇ ਤੇ ਗੁਰੂ ਕੇ ਮਹਲ ਮਾਤਾ ਖੀਵੀ ਜੀ ਦਾ ਭੀ ਜ਼ਿਕਰ ਕਰਕੇ, ਫਿਰ ਨਵੇਂ ਸਿਰਿਓਂ ਗੁਰੂ ਨਾਨਕ ਸਾਹਿਬ ਦੀ ਉਸਤਤਿ ਕਰ ਕੇ ਬਲਵੰਡ ਦਾ ਪੰਜਵੀਂ ਪਉੜੀ ਵਿੱਚ ਇਹ ਆਖਣਾ ਕਿ ਟਿੱਕਾ ਲੈ ਕੇ ‘ਫੇਰੁਆਣਿ ਸਤਿਗੁਰ ਨੇ ਖਡੂਰ ਨੂੰ ਜਾ ਭਾਗ ਲਾਇਆ, ਬੜੀ ਅਸਚਰਜ ਤੇ ਅਫਬਵੀਂ ਬਣਤਰ ਜਾਪਦੀ ਹੈ। ਜੇ ਬਲਵੰਡ ਹੀ ਇਹ ਗੱਲ ਆਖਦਾ ਤਾਂ ਗੁਰਿਆਈ ਤੋਂ ਪਿਛੋਂ ਉਹਨਾਂ ਦੇ ਖਡੂਰ ਚਲੇ ਜਾਣ ਦਾ ਜ਼ਿਕਰ ਕਰ ਕੇ ਉਹਨਾਂ ਦੇ ਲੰਗਰ ਆਦਿਕ ਦੀ ਵਡਿਆਈ ਕਰਦਾ। ਸੋ, ਇਹ ਪਉੜੀ ਬਲਵੰਡ ਦੀ ਨਹੀਂ ਹੈ।
ਚੌਥੀ ਤੇ ਛੇਵੀਂ ਪਉੜੀ ਦਾ ਉਚਾਰਨ ਵਾਲਾ ਇੱਕੋ ਹੀ ਹੈ-
ਛੇਵੀਂ ਪਉੜੀ ਵਿੱਚ ਲਫ਼ਜ਼ ‘ਪੋਤਾ’ ਦੱਸਦਾ ਹੈ ਕਿ ਇਹ ਪਉੜੀ ਗੁਰੂ ਅਮਰਦਾਸ ਜੀ ਦੀ ਉਸਤਤਿ ਵਿੱਚ ਉਚਾਰੀ ਗਈ ਹੈ। ਕਿਹਾ ਹੈ ਕਿ ਗੁਰੂ ਅਮਰਦਾਸ ਜੀ ਨੇ ‘ਬਾਸਕੁ ਨੂੰ ਨੇਤ੍ਰੇ ਪਾ ਕੇ ‘ਮੇਰੁ ਨੂੰ ‘ਮਧਾਣੁ’ ਬਣਾ ਕੇ ‘ਸਮੁੰਦੁ’ ਰਿੜਕਿਆ ਤੇ `ਚਉਦਹ ਰਤਨ’ ਕੱਢੇ ਜਿੰਨ੍ਹਾਂ ਨਾਲ ਜਗਤ ਵਿੱਚ ਚਾਨਣ ਕਰ ਦਿੱਤਾ। ਚਉਥੀ ਪਉੜੀ ਵਿੱਚ ਭੀ ਜਿੱਥੇ ਕਿ ਗੁਰੂ ਨਾਨਕ ਸਾਹਿਬ ਦੀ ਉਸਤਤਿ ਹੈ ਇਹੀ ਖ਼ਿਆਲ ਦਿੱਤਾ ਗਿਆ ਹੈ, ਨਿਰਾ ਖ਼ਿਆਲ ਹੀ ਨਹੀਂ, ਲਫ਼ਜ਼ ਭੀ ਦੋਹਾਂ ਵਿੱਚ ਸਾਂਝੇ ਹਨ।
(ਚਲਦਾ)




.