.

ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਝ (ਕਿਸ਼ਤ ਦਸਵੀਂ)

ਅਗਲੇ ਦਿਨ ਦੋਵੇਂ ਪਿਓ ਪੁੱਤਰ ਦੁਕਾਨ `ਤੇ ਬੈਠੇ ਸਨ, ਦੁਪਹਿਰ ਦਾ ਸਮਾਂ ਸੀ, ਅਚਾਨਕ ਚੌਧਰੀ ਹਰੀਸ਼ਰਨ ਨਾਲ ਦੋ ਸਾਥੀਆਂ ਨੂੰ ਲੈਕੇ ਆ ਪੁੱਜਾ। ਦੁਕਾਨ ਦੇ ਅੰਦਰ ਵੜਦਾ ਹੋਇਆ ਕਹਿਣ ਲੱਗਾ, ਸਸ੍ਰੀ ਕਾਲ, ਬਲਦੇਵ ਸਿੰਘ ਜੀ, ਕਿਆ ਹਾਲ ਹੈਂ ਆਪ ਕੇ, ਆਪ ਤੋ ਹਮੇਂ ਭੂਲ ਹੀ ਗਏ।” ਫੇਰ ਹਰਮੀਤ ਵੱਲ ਮੂੰਹ ਕਰਕੇ ਬੋਲਿਆ, “ਸੁਣਾਓ ਬੇਟਾ, ਤੁਮ੍ਹਾਰੇ ਕਿਆ ਹਾਲ ਹੈਂ?” ਹਰਮੀਤ ਮੂੰਹੋਂ ਤਾਂ ਕੁੱਝ ਨਾ ਬੋਲਿਆ ਪਰ ਉਠ ਕੇ ਉਸ ਅਗੇ ਹੋਕੇ ਮੋਢਾ ਨੀਵਾਂ ਕਰ ਦਿੱਤਾ। ਚੌਧਰੀ ਨੇ ਉਸ ਦੀ ਪਿੱਠ `ਤੇ ਥਾਪੜਾ ਮਾਰਿਆ ਤੇ ਬਲਦੇਵ ਸਿੰਘ ਵੱਲ ਵਧ ਗਿਆ।
ਅਕਸਰ ਜਦੋਂ ਚੌਧਰੀ ਹਰੀਸ਼ਰਨ ਆਉਂਦਾ ਤਾਂ ਬਲਦੇਵ ਸਿੰਘ ਵੱਡੀ ਖੁਸ਼ੀ ਜ਼ਾਹਰ ਕਰਦਾ ਹੋਇਆ ਬੜੇ ਜੋਸ਼ ਨਾਲ ਉਠ ਕੇ ਉਸਨੂੰ ਜੀ ਆਇਆਂ ਆਖਦਾ ਸੀ ਪਰ ਅੱਜ ਉਹ ਆਪਣੀ ਜਗ੍ਹਾ `ਤੇ ਬੈਠਾ ਰਿਹਾ ਤੇ ਸਾਹਮਣੇ ਪਈਆਂ ਕੁਰਸੀਆਂ ਵੱਲ ਬੈਠਣ ਦਾ ਇਸ਼ਾਰਾ ਕਰਕੇ ਬੋਲਿਆ, “ਅਸੀਂ ਭੁੱਲ ਗਏ ਹਾਂ ਕਿ ਤੁਸੀਂ ਭੁੱਲ ਗਏ ਹੋ ਚੌਧਰੀ ਸਾਬ੍ਹ? ਕਹਿੰਦੇ ਨੇ, ਮਿੱਤਰਾਂ ਦੇ ਔਖੇ ਅਤੇ ਦੁੱਖ-ਸੁੱਖ ਦੇ ਸਮੇਂ ਮਿੱਤਰ ਦੌੜੇ ਆਉਂਦੇ ਨੇ ਪਰ ਤੁਸੀਂ ਤਾਂ ਸਾਡੇ ਦੁੱਖ ਦੇ ਸਮੇਂ ਅਲੋਪ ਹੀ ਹੋ ਗਏ।” ਇਸ ਦੌਰਾਨ ਚੌਧਰੀ ਹਰੀਸ਼ਰਨ ਨੇ ਅੱਗੇ ਵਧ ਕੇ ਹੱਥ ਮਿਲਾਇਆ ਅਤੇ ਕੁਰਸੀ `ਤੇ ਬੈਠ ਗਿਆ, ਉਸ ਦੇ ਨਾਲ ਆਏ ਸਾਥੀ ਪਰ੍ਹੇ ਬੈਂਚ `ਤੇ ਬੈਠ ਗਏ। ਉਸ ਨੇ ਬਲਦੇਵ ਸਿੰਘ ਦੇ ਬਦਲੇ ਹੋਏ ਤੇਵਰ ਚੰਗੀ ਤਰ੍ਹਾਂ ਪਛਾਣ ਲਏ ਸਨ ਪਰ ਜਾਣ ਕੇ ਅਨਜਾਣ ਬਣਦਾ ਹੋਇਆ ਬੜੇ ਹੈਰਾਨਗੀ ਭਰੇ ਲਹਿਜ਼ੇ ਵਿੱਚ ਬੋਲਿਆ, “ਹੈਂ! ਆਪ ਕੋ ਦੁੱਖ! ਕਿਆ ਹੂਆ? ਹਮੇਂ ਤੋ ਕੁੱਛ ਪਤਾ ਹੀ ਨਹੀਂ ਚਲਾ।”
“ਵਾਹ! ਚੌਧਰੀ ਸਾਬ੍ਹ! ਸਾਡੀ ਕੌਮ `ਤੇ ਐਡੀ ਜ਼ੁਲਮ ਦੀ ਹਨੇਰੀ ਝੁੱਲੀ ਏ, ਸਾਰੀ ਦੁਨੀਆਂ ਵਿੱਚ ਹਾਹਾਕਾਰ ਮਚੀ ਹੋਈ ਏ ਤੇ ਤੁਹਾਨੂੰ ਪਤਾ ਹੀ ਨਹੀਂ ਚੱਲਿਆ?” ਬਲਦੇਵ ਸਿੰਘ ਦੇ ਬੋਲਾਂ ਵਿੱਚ ਕੁੱਝ ਤਿੱਖਾਪਨ ਅਤੇ ਕੁੱਝ ਮਿਹਣਾ ਸਾਫ ਝਲਕ ਰਿਹਾ ਸੀ।
“ਅਰੇ! ਆਪ ਉਸ ਕੀ ਬਾਤ ਕਰ ਰਹੇ ਹੈਂ? ਅਸਲ ਮੇਂ ਇਸ ਕਾ ਦੁੱਖ ਤੋ ਹਮ ਸਭ ਕੋ ਹੈ ਲੇਕਿਨ ਆਪ ਤੋ ਜਾਨਤੇ ਹੈਂ ਸਰਕਾਰ ਕੇ ਪਾਸ ਇਸ ਕੇ ਸਿਵਾ ਕੋਈ ਔਰ ਰਾਸਤਾ ਹੀ ਨਹੀਂ ਬਚਾ ਥਾ, ਆਤੰਕਵਾਦੀਓਂ ਨੇ ਸਾਰੇ ਦੇਸ਼ ਕੇ ਹਾਲਾਤ ਕਿਤਨੇ ਖਰਾਬ ਕਰ ਦੀਏ ਥੇ, ਔਰ ਅੱਬ ਤੋਂ ਭਿੰਡਰਾਂਵਾਲੇ ਨੇ ਅਕਾਲ-ਤਖ਼ਤ ਪੇ ਸ਼ਰਨ ਲੇ ਲੀ ਥੀ, ਸਾਰੇ ਦਰਬਾਰ ਸਾਹਿਬ ਕੇ ਅੰਦਰ ਔਰ ਅਕਾਲ ਤਖ਼ਤ ਪਰ ਮੋਰਚੇ ਬਨਾ ਲੀਏ ਥੇ, ਵੁਹ ਦਰਬਾਰ ਸਾਹਿਬ ਕੋ ਅਪਵਿਤ੍ਰ ਕਰ ਰਹੇ ਥੇ। ਆਪ ਨੇ ਤੋ ਟੀ. ਵੀ. ਪਰ ਦੇਖਾ ਹੀ ਹੋਗਾ … …. ।” ਅਜੇ ਚੌਧਰੀ ਹਰੀਸ਼ਰਨ ਨੇ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਬਲਦੇਵ ਸਿੰਘ ਉਸ ਦੀ ਗੱਲ ਕੱਟ ਕੇ ਵਿੱਚੋਂ ਹੀ ਬੋਲ ਪਿਆ,
“ਬਸ ਰਹਿਣ ਦਿਓ ਚੌਧਰੀ ਸਾਬ੍ਹ, ਸਰਕਾਰ ਵੀ ਤੁਹਾਡੀ ਤੇ ਟੀ. ਵੀ. ਵੀ ਤੁਹਾਡਾ, ਜੋ ਮਰਜ਼ੀ ਵਿਖਾਈ ਜਾਓ ਪਰ ਤੁਹਾਡੀ ਕੋਈ ਵੀ ਦਲੀਲ ਦਰਬਾਰ ਸਾਹਿਬ `ਤੇ ਫੌਜੀ ਹਮਲੇ ਨੂੰ ਜਾਇਜ਼ ਨਹੀਂ ਠਹਿਰਾ ਸਕਦੀ। ਉਂਝ ਵੀ ਭਲਾ ਦਰਬਾਰ ਸਾਹਿਬ ਵਿੱਚ ਤਾਂ ਭਿੰਡਰਾਂਵਾਲਾ ਸੀ ਬਾਕੀ 37 ਗੁਰਦੁਆਰੇ ਜਿਨ੍ਹਾਂ `ਤੇ ਫੌਜ ਨੇ ਹਮਲਾ ਕੀਤਾ ਹੈ ਉਨ੍ਹਾਂ ਵਿੱਚ ਕਿਹੜਾ ਭਿੰਡਰਾਂਵਾਲਾ ਵੜਿਆ ਬੈਠਾ ਸੀ?” ਬਲਦੇਵ ਸਿੰਘ ਦੇ ਬੋਲਾਂ ਵਿੱਚ ਜੋਸ਼, ਰੋਸ ਤੇ ਦੁੱਖ ਸਾਂਝੇ ਤੌਰ `ਤੇ ਝਲਕ ਰਹੇ ਸਨ।
“ਦੇਖੀਏ! ਆਤੰਕਵਾਦੀ ਤੋਂ ਕਈ ਗੁਰਦੁਆਰੋਂ ਮੇਂ ਛੁਪੇ ਹੂਏ ਥੇ ਤੋ ਸਰਕਾਰ … ….”
ਬਲਦੇਵ ਸਿੰਘ ਨੇ ਉਸ ਦੀ ਗੱਲ ਨੂੰ ਫੇਰ ਵਿੱਚੋਂ ਹੀ ਕੱਟ ਕੇ ਕਿਹਾ, “ਜਾਣ ਦਿਓ ਚੌਧਰੀ ਸਾਬ੍ਹ, ਤੁਹਾਡੀ ਸਰਕਾਰ ਆਤੰਕਵਾਦੀਆਂ ਦਾ ਇਹ ਰੌਲਾ ਇਤਨੇ ਚਿਰ ਤੋਂ ਕਿਉਂ ਪਾ ਰਹੀ ਹੈ, ਇਹ ਹੁਣ ਸਾਰੇ ਜੱਗ ਨੂੰ ਪਤਾ ਲੱਗ ਚੁੱਕੈ। …. ਚਲੋ! ਜੇ ਤੁਹਾਡੀ ਇਸ ਗੱਲ ਨੂੰ ਵੀ ਠੀਕ ਸਮਝ ਲਿਆ ਜਾਵੇ, ਤਾਂ ਮੰਨ ਲਓ, ਜੇ ਤੁਹਾਡੇ ਘਰ ਵਿੱਚ ਚੋਰ ਆ ਵੜੇ, ਤਾਂ ਚੋਰ ਨੂੰ ਪਕੜੋਗੇ ਕਿ ਆਪਣੇ ਘਰ ਨੂੰ ਅੱਗ ਲਾ ਦਿਓਗੇ? ਅਜੇ ਤਾਂ ਕਲ ਦੀ ਗੱਲ ਹੈ ਜਰਨਲ ਜਗਜੀਤ ਸਿੰਘ ਅਰੋੜਾ ਦੀ ਕਮਾਂਡ ਹੇਠ ਭਾਰਤੀ ਫੌਜ ਨੇ ਬੰਗਲਾ ਦੇਸ਼ ਵਿੱਚ ਜਨਰਲ ਨਿਆਜ਼ੀ ਦੀ ਕਮਾਂਡ ਹੇਠਲੀਆਂ 93000 ਪਾਕਿਸਤਾਨੀ ਫੌਜਾਂ ਨੂੰ ਹਥਿਆਰ ਸੁੱਟਣ ਲਈ ਮਜ਼ਬੂਰ ਕਰ ਦਿੱਤਾ ਸੀ, ਕੀ ਉਹ ਭਾਰਤੀ ਫੌਜ ਡੇਢ ਦੋ ਸੌ ਖਾੜਕੂਆਂ ਕੋਲੋਂ ਐਸਾ ਨਹੀਂ ਸੀ ਕਰਾ ਸਕਦੀ? ਉਸ ਦੇ ਵਾਸਤੇ ਦਰਬਾਰ ਸਾਹਿਬ `ਤੇ ਤੋਪਾਂ, ਟੈਂਕਾਂ ਰਾਹੀਂ ਅੱਗ ਦੇ ਗੋਲੇ ਵਰ੍ਹਾਉਣੇ ਜਰੂਰੀ ਸਨ। ਨਹੀਂ! ਇਹ ਆਤੰਕਵਾਦੀਆਂ ਬਾਰੇ ਰੌਲਾ ਸਿਰਫ ਬਹਾਨੇ-ਬਾਜੀ ਹੈ। ਤੁਸੀਂ ਤਾਂ ਇਹ ਵੀ ਖਿਆਲ ਨਹੀਂ ਕੀਤਾ ਕਿ ਇਹ ਸਿੱਖ ਕੌਮ ਦਾ ਸਭ ਤੋਂ ਵੱਡਾ ਅਤੇ ਪਵਿੱਤਰ ਧਾਰਮਿਕ ਕੇਂਦਰ ਹੈ ਜਿਥੋਂ ਰੋਜ਼ ਸਾਰੀ ਮਨੁੱਖਤਾ ਵਾਸਤੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ।”
ਚੌਧਰੀ ਹਰੀਸ਼ਰਨ ਨੇ ਆਉਣ ਲਗਿਆਂ ਸ਼ਾਇਦ ਸੋਚਿਆ ਵੀ ਨਹੀਂ ਹੋਵੇਗਾ ਕਿ ਅੱਗੋਂ ਉਸ ਨਾਲ ਇਹੋ ਜਿਹਾ ਸਲੂਕ ਹੋਣ ਵਾਲਾ ਹੈ। ਉਸ ਨੇ ਬਲਦੇਵ ਸਿੰਘ ਦੇ ਗੁੱਸੇ ਨੂੰ ਕੁੱਝ ਠੰਡਾ ਕਰਨ ਦੇ ਇਰਾਦੇ ਨਾਲ ਬੜੇ ਠਰ੍ਹਮੇਂ ਨਾਲ ਕਿਹਾ, “ਬਲਦੇਵ ਸਿੰਘ ਜੀ! ਬਲਦੇਵ ਸਿੰਘ ਜੀ! ਜ਼ਰਾ ਸ਼ਾਂਤ ਹੋ ਜਾਈਏ। ਦੇਖੀਏ ਦਰਬਾਰ ਸਾਹਿਬ ਕਾ ਤੋ ਹਮ ਭੀ ਬਹੁਤ ਸਤਿਕਾਰ ਕਰਤੇ ਹੈਂ। ਵਹਾਂ ਜੋ ਨੁਕਸਾਨ ਹੂਆ ਉਸ ਕਾ ਤੋ ਹਮੇ ਭੀ ਬਹੁਤ ਦੁੱਖ ਹੈ ਲੇਕਿਨ … … ….”
ਬਲਦੇਵ ਸਿੰਘ ਅੰਦਰੋਂ ਇਤਨਾ ਭਰਿਆ ਪਿਆ ਸੀ ਕਿ ਉਸ ਕੋਲ ਪੂਰੀ ਗੱਲ ਸੁਣਨ ਦਾ ਵੀ ਸਬਰ ਨਹੀਂ ਸੀ। ਉਹ ਫਿਰ ਚੌਧਰੀ ਦੀ ਗੱਲ ਵਿੱਚੋਂ ਹੀ ਕੱਟ ਕੇ ਤਾਨ੍ਹਾ ਮਾਰਦਾ ਹੋਇਆ ਬੋਲਿਆ, “ਇਸੀ ਦੁੱਖ ਮੇਂ ਆਪ ਮਿਠਾਈਆਂ ਬਾਂਟ ਰਹੇ ਥੇ ਔਰ ਜਸ਼ਨ ਮਨਾ ਰਹੇ ਥੇ?”
ਚੌਧਰੀ ਹਰੀਸ਼ਰਨ ਵੀ ਪੂਰਾ ਘਾਗ ਸਿਆਸਤਾਦਾਨ ਸੀ, ਉਸ ਨੇ ਫੇਰ ਵੀ ਆਪਣਾ ਨਿਮਰਤਾ ਦਾ ਵਿਖਾਵਾ ਨਹੀਂ ਛੱਡਿਆ ਤੇ ਕੁਰਸੀ ਤੋਂ ਉਠਦਾ ਹੋਇਆ ਬੜੇ ਠਰ੍ਹਮੇਂ ਨਾਲ ਬੋਲਿਆ, “ਬਲਦੇਵ ਸਿੰਘ ਜੀ! ਆਜ ਆਪ ਬਹੁਤ ਭਾਵੁਕ ਹੋ ਰਹੇ ਹੈਂ। ਆਪ ਥੋੜ੍ਹਾ ਸ਼ਾਂਤ ਹੋ ਜਾਈਏ ਹਮ ਫਿਰ ਆਏਂਗੇ ਔਰ ਬਾਤ ਕਰੇਂਗੇ”, ਕਹਿੰਦੇ ਹੋਏ ਉਸ ਨੇ ਹੱਥ ਮਿਲਾਉਣ ਲਈ ਹੱਥ ਅਗੇ ਵਧਾ ਦਿੱਤਾ, ਬਲਦੇਵ ਸਿੰਘ ਨੇ ਵੀ ਖੜ੍ਹੇ ਹੁੰਦੇ ਹੋਏ ਹੱਥ ਮਿਲਾਇਆ। ਬਲਦੇਵ ਸਿੰਘ ਦਾ ਹੱਥ ਘੁੱਟ ਕੇ ਫੜ ਕੇ ਜ਼ੋਰ ਨਾਲ ਹਿਲਾਉਂਦੇ ਹੋਏ ਚੌਧਰੀ ਨੇ ਆਪਣੀ ਗੱਲ ਜਾਰੀ ਰਖੀ, “ਹਮ ਤੋ ਆਪ ਕੋ ਭਾਈ ਸਮਝਤੇ ਥੇ, ਆਜ ਭੀ ਸਮਝਤੇ ਹੈਂ ਔਰ ਆਗੇ ਭੀ ਸਮਝਤੇ ਰਹੇਂਗੇ, ਹਮਾਰਾ ਯੇਹ ਸਬੰਧ ਆਪ ਸੇ ਕਭੀ ਨਹੀਂ ਟੂਟ ਸਕਤਾ।” ਬਲਦੇਵ ਸਿੰਘ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਕਿਹਾ, “ਬੈਠੋ, ਚਾਹ ਪੀ ਕੇ ਜਾਣਾ।” ਸਿਰ ਹਿਲਾਉਂਦੇ ਹੋਏ ਉਸ ਦੇ ਚਿਹਰੇ ਦੇ ਭਾਵਾਂ ਤੋਂ ਇੰਝ ਲੱਗ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ, `ਚੰਗੀ ਤਰ੍ਹਾਂ ਪਤਾ ਲੱਗ ਗਿਐ ਤੁਹਾਡੇ ਭਾਈਚਾਰੇ ਦਾ’।
“ਆਜ ਨਹੀਂ ਅਗਲੀ ਬਾਰ ਪੀਏਂਗੇ, ਘਰ ਆ ਕਰ, ਆਪਣੀ ਭਾਬੀ ਕੇ ਹਾਥ ਕੀ … “, ਕਹਿੰਦਾ ਹੋਇਆ ਚੌਧਰੀ ਮੁਸਕਰਾ ਕੇ ਬਾਹਰ ਨਿਕਲ ਗਿਆ ਤੇ ਮਗਰ ਉਸ ਦੇ ਸਾਥੀ ਵੀ ਚਲੇ ਗਏ। ਬਲਦੇਵ ਸਿੰਘ ਪਹਿਲੇ ਵਾਂਗੂ ਉਸ ਨੂੰ ਬਾਹਰ ਕਾਰ ਤੱਕ ਛੱਡਣ ਨਹੀਂ ਗਿਆ।
ਕਾਰ ਵਿੱਚ ਬੈਠਦਾ ਹੋਇਆ ਚੌਧਰੀ ਬੋਲਿਆ, “ਦੇਖਾ! ਸਾਲਾ ਸਿੱਖੜਾ ਕੈਸੇ ਤੜਪ ਰਹਾ ਥਾ, ਸਭ ਏਕ ਜੈਸੇ ਹੈਂ ਯੇਹ ਹਰਾਮੀ।”
“ਹਾਂ ਸਰ! ਆਜ ਤੋ ਬੜਾ ਗੁਸਤਾਖ਼ ਭੀ ਹੋ ਰਹਾ ਥਾ, ਮੁਝੇ ਤੋ ਬਹੁਤ ਗੁੱਸਾ ਆ ਰਹਾ ਥਾ”, ਪਿੱਛੇ ਬੈਠਦੇ ਹੋਏ ਉਸ ਦੇ ਇੱਕ ਸਾਥੀ ਨੇ ਕਿਹਾ।
“ਅਬੇ ਨਹੀਂ, ਜ਼ਰਾ ਸਮਾਂ ਆਨੇ ਦੇ, ਇਸ ਕੀ ਤੋ ਮੈਂ ਬੇਟੀ ਕੋ … … … “, ਉਸ ਨੇ ਬੜੀ ਗੰਦੀ ਗ੍ਹਾਲ ਕੱਢ ਕੇ ਆਪਣੇ ਅੰਦਰਲੀ ਗੰਦਗੀ ਜ਼ਾਹਰ ਕੀਤੀ। ਉਸ ਦੇ ਚਿਹਰੇ ਦੀ ਸਾਰੀ ਨਿਮਰਤਾ ਗ਼ਾਇਬ ਹੋ ਕੇ ਉਸ ਦੀ ਜਗ੍ਹਾ ਤੇ ਨਫਰਤ ਭਰ ਗਈ ਸੀ ਅਤੇ ਚਿਹਰਾ ਗੁੱਸੇ ਨਾਲ ਦਹਿਕ ਰਿਹਾ ਸੀ।
ਉਧਰ ਹਰਮੀਤ ਅਤੇ ਦੁਕਾਨ ਦੇ ਕਰਿੰਦੇ ਹੈਰਾਨ ਹੋ ਕੇ ਬਲਦੇਵ ਸਿੰਘ ਵੱਲ ਵੇਖ ਰਹੇ ਸਨ, ਉਨ੍ਹਾਂ ਬਲਦੇਵ ਸਿੰਘ ਦਾ ਇਹ ਰੂਪ ਪਹਿਲਾਂ ਕਦੇ ਨਹੀਂ ਸੀ ਵੇਖਿਆ ਬਲਕਿ ਹਰਮੀਤ ਨੇ ਪਿਤਾ ਨੂੰ ਗੁੱਸੇ ਵਿੱਚ ਹੀ ਬਹੁਤ ਘੱਟ ਵੇਖਿਆ ਸੀ, ਕੈਸੇ ਵੀ ਹਾਲਾਤ ਹੋਣ ਬਲਦੇਵ ਸਿੰਘ ਉਨ੍ਹਾਂ ਨੂੰ ਸਹਿਜੇ ਹੀ ਸਹਾਰ ਲੈਂਦਾ ਅਤੇ ਸੰਭਾਲ ਵੀ ਲੈਂਦਾ। ਥੋੜ੍ਹੀ ਦੇਰ ਬਾਅਦ ਜਿਸ ਵੇਲੇ ਉਸ ਨੇ ਮਹਿਸੂਸ ਕੀਤਾ ਕਿ ਉਸ ਦਾ ਪਿਤਾ ਆਮ ਵਾਲੀ ਅਵਸਥਾ ਵਿੱਚ ਵਾਪਸ ਆ ਗਿਆ ਹੈ, ਉਹ ਕੋਲ ਜਾ ਬੈਠਾ ਅਤੇ ਬੜੇ ਠਰ੍ਹਮੇਂ ਨਾਲ ਕਿਹਾ, “ਭਾਪਾ ਜੀ! ਅੱਜ ਤੁਹਾਨੂੰ ਇਤਨਾ ਗੁੱਸਾ ਕਿਵੇਂ ਆ ਗਿਆ?”
“ਨਹੀਂ ਹਰਮੀਤ! ਇਹ ਮੇਰਾ ਗੁੱਸਾ ਨਹੀਂ ਰੋਸ ਸੀ, ਜੋ ਕੌਮ ਦੀ ਅਣਖ `ਤੇ ਚੋਟ ਪੈਣ `ਤੇ ਹਰ ਸਿੱਖ ਅੰਦਰ ਸੁਭਾਵਕ ਜਾਗਦੈ ਅਤੇ ਜਾਗਣਾ ਵੀ ਚਾਹੀਦੈ, ਵਿਸ਼ੇਸ਼ ਤੌਰ `ਤੇ ਜਦੋਂ ਚੋਟ ਮਾਰਨ ਵਾਲਾ ਸਾਹਮਣੇ ਆ ਜਾਵੇ। ਤੂੰ ਆਪਣਾ ਭੁਲ ਗਿਐਂ ਇਹ ਦੁਖਦਾਈ ਖ਼ਬਰਾਂ ਸੁਣ ਕੇ ਤੇਰੇ ਅੰਦਰ ਕਿਤਨਾ ਰੋਸ ਜਾਗਦਾ ਰਿਹੈ?” ਬਲਦੇਵ ਸਿੰਘ ਨੇ ਠਰ੍ਹਮੇਂ ਨਾਲ ਕਿਹਾ। ਇੰਝ ਜਾਪਦਾ ਸੀ ਜਿਵੇਂ ਕੁੱਝ ਦੇਰ ਪਹਿਲੇ ਹੋਈਆਂ ਗੱਲਾ ਦਾ ਅਸਰ ਉਸ ਉਤੋਂ ਤਕਰੀਬਨ ਖ਼ਤਮ ਹੋ ਚੁੱਕਾ ਸੀ।
“ਭਾਪਾ ਜੀ! ਇਹ ਤਾਂ ਠੀਕ ਹੈ ਪਰ ਮੇਰਾ ਮਤਲਬ ਹੈ, ਇੱਕ ਤਾਂ ਚੌਧਰੀ ਅੰਕਲ ਨਾਲ ਤੁਹਾਡੀ ਬਹੁਤ ਪੁਰਾਣੀ ਦੋਸਤੀ ਹੈ, ਨਾਲੇ ਇਸ ਵਿੱਚ ਉਨ੍ਹਾਂ ਦਾ ਕੀ ਕਸੂਰ ਹੈ? ਫਿਰ ਇਸ ਨਾਲ ਤੁਹਾਡੀ ਵਫਾਦਾਰੀ `ਤੇ ਸ਼ਕ ਕਰਨਗੇ”, ਹਰਮੀਤ ਨੇ ਆਪਣੇ ਮਨ ਦੀਆਂ ਭਾਵਨਾਵਾਂ ਪਰਗਟ ਕੀਤੀਆਂ।
“ਹਰਮੀਤ ਪਹਿਲੀ ਗੱਲ ਤਾਂ, ਮੇਰੀ ਦੋਸਤੀ, ਮੇਰੀ ਵਫਾਦਾਰੀ ਪਹਿਲਾਂ ਆਪਣੇ ਗੁਰੂ ਨਾਲ ਹੈ, ਆਪਣੀ ਕੌਮ ਨਾਲ ਹੈ, ਉਸ ਤੋਂ ਬਾਅਦ ਕਿਸੇ ਹੋਰ ਨਾਲ, ਬਾਕੀ ਜਿਥੋਂ ਤੱਕ ਉਨ੍ਹਾਂ ਵੱਲੋਂ ਮੇਰੀ ਵਫਾਦਾਰੀ `ਤੇ ਸ਼ੱਕ ਕਰਨ ਦੀ ਗੱਲ ਹੈ, ਕਰੀ ਜਾਣ ਸ਼ੱਕ, ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਨਾਲੇ ਉਨ੍ਹਾਂ ਸਾਡੇ `ਤੇ ਵਿਸ਼ਵਾਸ ਕੀਤਾ ਹੀ ਕਦੋਂ ਹੈ? ਜੇ ਕਰਦੇ ਤਾਂ ਇਹ ਸਭ ਵਾਪਰਦਾ ਹੀ ਕਿਉਂ? ਬਾਕੀ ਰਿਹਾ ਸੁਆਲ ਕਿ ਉਸ ਦਾ ਕਸੂਰ ਕੀ ਹੈ, ਉਹ ਇਸ ਪਾਪ ਵਿੱਚ ਬਰਾਬਰ ਦਾ ਭਾਗੀਦਾਰ ਹੈ, ਉਹ ਵੀ ਤਾਂ ਮਿਠਾਈਆਂ ਵੰਡਦਾ ਅਤੇ ਜਸ਼ਨ ਮਨਾਉਂਦਾ ਰਿਹੈ, ਜਿਸ ਦਿਨ ਦਾ ਮੈਨੂੰ ਪਤਾ ਲਗੈ ਮੇਰੇ ਸੀਨੇ ਵਿੱਚ ਤਾਂ ਭਾਂਬੜ ਬਲ ਰਿਹਾ ਸੀ। ਹਰ ਉਹ ਵਿਅਕਤੀ ਜੋ ਇਸ ਗ਼ੈਰ-ਮਨੁੱਖੀ ਕਾਰੇ ਖਿਲਾਫ ਅਵਾਜ਼ ਉਠਾਉਣ ਦੀ ਬਜਾਏ, ਇਸ ਨੂੰ ਮਾਨਤਾ ਦੇ ਰਿਹੈ, ਇਸ ਵਾਸਤੇ ਖੁਸ਼ੀਆਂ ਮਨਾ ਰਿਹੈ, ਇਸ ਪਾਪ ਵਿੱਚ ਬਰਾਬਰ ਦਾ ਭਾਗੀਦਾਰ ਹੈ। ਮੈਂ ਜਾਣਦਾਂ ਉਹ ਮੇਰਾ ਦੋਸਤ ਹੈ ਉਸ ਨੂੰ ਬੁਰਾ ਲੱਗਾ ਹੋਵੇਗਾ, ਮੈਂ ਇਹ ਸਮਝਦੇ ਹੋਏ ਵੀ ਆਪਣਾ ਰੋਸ ਪ੍ਰਗਟ ਕਰਨਾ ਜ਼ਰੂਰੀ ਅਤੇ ਆਪਣਾ ਕੌਮੀ ਫਰਜ਼ ਸਮਝਦਾ ਹਾਂ”, ਹਰਮੀਤ ਦੀ ਗੱਲ ਦਾ ਜੁਆਬ ਦੇਂਦਿਆਂ ਬਲਦੇਵ ਸਿੰਘ ਫੇਰ ਕੁੱਝ ਭਾਵੁਕ ਹੋ ਗਿਆ ਅਤੇ ਉਸ ਦੇ ਬੋਲਾਂ ਵਿੱਚ ਕੁੱਝ ਜੋਸ਼ ਆ ਗਿਆ।
ਹਰਮੀਤ ਨੂੰ ਜਾਪਿਆ ਉਸ ਨੇ ਆਪਣੇ ਪਿਤਾ ਦੇ ਹਿਰਦੇ ਦੇ ਅਸਲ ਦਰਸ਼ਨ ਅੱਜ ਕੀਤੇ ਹਨ। ਉਸ ਦਾ ਮਨ ਇੱਕ ਵਾਰ ਫੇਰ ਆਪਣੇ ਪਿਤਾ ਪ੍ਰਤੀ ਸਤਿਕਾਰ ਨਾਲ ਗੱਦ-ਗੱਦ ਹੋ ਗਿਆ ਅਤੇ ਸਿਰ ਮਾਣ ਨਾਲ ਉਚਾ ਹੋ ਗਿਆ। ਉਸ ਨੂੰ ਮਹਿਸੂਸ ਹੋਇਆ ਉਸ ਦੇ ਹਰ ਸ਼ੰਕੇ ਦਾ ਤਸੱਲੀ-ਪੂਰਨ ਜੁਆਬ ਮਿਲ ਚੁੱਕਾ ਸੀ।

ਅੱਜ ਬਲਦੇਵ ਸਿੰਘ ਗੁਰਦੁਆਰਿਓਂ ਕੁੱਝ ਜਲਦੀ ਆ ਗਿਆ, ਆਉਂਦੇ ਹੀ ਹਰਮੀਤ ਨੇ ਖ਼ਬਰ ਸੁਣਾਈ, “ਭਾਪਾ ਜੀ! ਫੌਜ ਦੇ ਕਿਸੇ ਮੇਜਰ ਜਨਰਲ ਓਬਰਾਏ ਨੇ ਕਿਹੈ ਕਿ ਬਗ਼ਾਵਤ ਕਰਨ ਵਾਲੇ ਸਿੱਖ ਫੌਜੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਏ।”
“ਹਾਂ ਹਰਮੀਤ! ਇਹ ਐਸੇ ਬਿਆਨ ਦੇ ਕੇ ਬਾਕੀ ਰਹਿੰਦੇ ਸਿੱਖ ਫੌਜੀਆਂ ਅੰਦਰ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂਕਿ ਇਹ ਬਗ਼ਾਵਤ ਦੀ ਭਾਵਨਾ ਉਨ੍ਹਾਂ ਵਿੱਚ ਨਾ ਪੈਦਾ ਹੋਵੇ”, ਬਲਦੇਵ ਸਿੰਘ ਨੇ ਉਥੇ ਖੜ੍ਹੇ-ਖੜ੍ਹੇ ਕਿਹਾ, “ਪਰ ਸਰਕਾਰ ਇਹ ਨਹੀਂ ਸਮਝ ਰਹੀ ਕਿ ਇਸ ਨਾਲ ਪਹਿਲਾਂ ਹੀ ਜ਼ਖਮੀ ਹੋਈ ਸਿੱਖ ਮਾਨਸਿਕਤਾ `ਤੇ ਕੀ ਅਸਰ ਹੋਵੇਗਾ? ਇਸ ਨਾਲ ਤਾਂ ਰੋਸ ਸਗੋਂ ਹੋਰ ਜਾਗੇਗਾ। ਇਸ ਵੇਲੇ ਤਾਂ ਇਨ੍ਹਾਂ ਨੇ ਅਚਨਚੇਤ ਹਮਲਾ ਕਰ ਕੇ ਫੌਜ ਦੀ ਤਾਕਤ ਨਾਲ ਕੌਮ ਨੂੰ ਦਬਾਇਆ ਹੋਇਐ, ਪਰ ਜਦੋਂ ਇਹ ਬਿਫਰ ਪਏ ਫੇਰ ਇਨ੍ਹਾਂ ਲਈ ਸਾਂਭਣਾ ਔਖਾ ਹੋ ਜਾਣੈ …. . ।” ਕਹਿੰਦਾ ਹੋਇਆ ਉਹ ਆਪਣੇ ਕਮਰੇ ਵੱਲ ਲੰਘ ਗਿਆ। ਹਥਲਾ ਸਮਾਨ ਰੱਖ ਕੇ ਰੇਡਿਓ ਚਾਲੂ ਕਰ ਦਿੱਤਾ ਤੇ ਲੱਕ ਸਿਧਾ ਕਰਨ ਲਈ ਪਲੰਘ `ਤੇ ਲੇਟ ਗਿਆ। ਥੋੜ੍ਹੀ ਦੇਰ ਬਾਅਦ ਅਕਾਸ਼ਵਾਣੀ ਤੋਂ ਖ਼ਬਰਾਂ ਸ਼ੁਰੂ ਹੋ ਗਈਆਂ, ਦੱਸਿਆ ਗਿਆ ਕਿ ‘ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਆਖਿਐ ਕਿ ਬੈਰਕਾਂ ਛੱਡਣ ਵਾਲੇ ਸਿੱਖ ਫੌਜੀਆਂ ਨਾਲ ਹਮਦਰਦੀ ਵਾਲਾ ਸਲੂਕ ਕੀਤਾ ਜਾਵੇਗਾ’ ਸੁਣ ਕੇ ਬਲਦੇਵ ਸਿੰਘ ਉਠ ਕੇ ਬੈਠਕ ਵਿੱਚ ਆ ਗਿਆ ਤੇ ਹਰਮੀਤ ਨੂੰ ਇਹ ਖ਼ਬਰ ਸੁਣਾ ਕੇ ਕਹਿਣ ਲੱਗਾ, “ਜਾਪਦੈ, ਅਕਲ ਕੁੱਝ ਟਿਕਾਣੇ ਆ ਗਈ ਏ।” ਹਰਮੀਤ ਨੇ ਪਤਾ ਨਹੀਂ ਉਸ ਦੀ ਗੱਲ ਨੂੰ ਕਿਤਨਾ ਕੁ ਧਿਆਨ ਦਿੱਤਾ ਕਿਉਂਕਿ ਉਹ ਕੋਈ ਜੁਆਬ ਦੇਣ ਦੀ ਬਜਾਏ ਟੀ. ਵੀ. ਵੱਲ ਇਸ਼ਾਰਾ ਕਰਕੇ ਬੋਲਿਆ, “ਭਾਪਾ ਜੀ! ਇਹ ਸੁਣੋ।”
ਦੱਸਿਆ ਜਾ ਰਿਹਾ ਸੀ ਕਿ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਸਾਹਿਬ ਸਿੰਘ ਜੀ ਸਿੱਖ ਕੌਮ ਦੇ ਨਾਂ ਸੰਦੇਸ਼ ਪੜ੍ਹਨਗੇ। ਸਾਰਿਆਂ ਨੇ ਚੁੱਪ ਕਰ ਕੇ ਧਿਆਨ ਉਧਰ ਕਰ ਲਿਆ। ਸੰਦੇਸ਼ ਸ਼ੁਰੂ ਹੋ ਗਿਆ,
‘ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਇਹ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸਾਰੀ ਮਨੁੱਖਤਾ ਦਾ ਅਤੇ ਸਿੱਖ ਧਰਮ ਦਾ ਮਹਾਨ ਕੇਂਦਰ ਹੈ, ਜਿਥੇ ਸਾਰੀ ਸ੍ਰਿਸ਼ਟੀ ਦੇ ਮਨੁੱਖਾਂ ਨੂੰ ਸੱਚ, ਹੱਕ, ਪ੍ਰੇਮ ਪਿਆਰ ਦਾ ਸੁੰਦਰ ਉਪਦੇਸ਼ ਮਿਲਦਾ ਹੈ। ਇਸ ਨਾਲ ਸਿੱਖ ਕੌਮ ਦਾ ਮਹਾਨ ਇਤਿਹਾਸ ਜੁੜਿਆ ਹੋਇਆ ਹੈ। ਸਭ ਸਿੱਖ ਸ਼ਰਧਾ ਨਾਲ ਇਸ ਅਸਥਾਨ ਦੇ ਦਰਸ਼ਨ-ਇਸ਼ਨਾਨ ਲਈ ਅਰਦਾਸ ਕਰਦੇ ਹਨ। ਸ੍ਰੀ ਅੰਮ੍ਰਿਤਸਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਹੁਕਮ ਹੈ ਕਿ ਸੱਚਖੰਡ ਦੇ ਚਾਰੇ ਦਰਵਾਜੇ ਸਾਰੀ ਮਨੁੱਖ ਜਾਤੀ ਲਈ ਖੁੱਲ੍ਹੇ ਹਨ। ਏਥੇ ਸਾਂਝੀਵਾਲਤਾ ਦਾ ਉਪਦੇਸ਼ ਮਿਲਦਾ ਹੈ। ਸਤਿਗੁਰੂ ਜੀ ਦੀ ਬਾਣੀ ਦਾ ਹੁਕਮ ਹੈ- ‘ਖਤ੍ਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚਹੁੰ ਵਰਨਾ ਕੋ ਸਾਂਝਾ’
ਪਿਛਲੇ ਕੁੱਝ ਦਿਨਾਂ ਵਿੱਚ ਹਿਰਦੇ-ਵੇਦਕ ਘਟਨਾਵਾਂ ਇਥੇ ਵਾਪਰੀਆਂ ਹਨ। ਉਹ ਸਾਡੇ ਲਈ ਅਤਿ ਦੁਖਦਾਈ ਹਨ, ਜਿਸ ਤੋਂ ਅਸੀਂ ਸਾਰੇ ਗੁਰੂ ਦੇ ਪਿਆਰੇ ਦੁਖੀ ਹਾਂ। ਇਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਅਕਾਸ਼ਵਾਣੀ ਰਾਹੀਂ ਕੀਰਤਨ ਰਿਲੇਅ ਹੋ ਰਿਹਾ ਹੈ। ਸਤਿਗੁਰ ਸੱਚੇ ਪਾਤਿਸ਼ਾਹ ਅੱਗੇ ਅਰਦਾਸ ਹੈ ਕਿ ਉਹ ਆਪਣੀਆਂ ਸੰਗਤਾਂ ਨੂੰ ਆਪਣੇ ਪਾਵਨ ਅਸਥਾਨ ਦੇ ਛੇਤੀ ਦਰਸ਼ਨ ਦੀਦਾਰ ਬਖਸ਼ਿਸ਼ ਕਰਨ।’
ਜਿਉਂ ਹੀ ਸੰਦੇਸ਼ ਖ਼ਤਮ ਹੋਇਆ ਹਰਮੀਤ ਨੇ ਟੀ. ਵੀ. ਬੰਦ ਕਰ ਦਿੱਤਾ ਤੇ ਕੁੱਝ ਕਾਹਲਾ ਪੈਂਦਾ ਹੋਇਆ ਬੋਲਿਆ, “ਲਓ ਸੁਣ ਲਓ, ਫੌਜ ਨੇ ਸਾਰੇ ਦਰਬਾਰ ਸਾਹਿਬ ਨੂੰ ਸੀਲ ਕੀਤਾ ਹੋਇਐ ਤੇ ਸਾਡੇ ਹੈਡ ਗ੍ਰੰਥੀ ਜੀ ਕਹਿ ਰਹੇ ਨੇ ਕਿ ਚਾਰੇ ਦਰਵਾਜੇ ਸਾਰੀ ਮਨੁੱਖ ਜਾਤੀ ਲਈ ਖੁੱਲ੍ਹੇ ਨੇ।”
ਬਲਦੇਵ ਸਿੰਘ ਹਰਮੀਤ ਦੀ ਪ੍ਰੇਸ਼ਾਨੀ ਸਮਝ ਰਿਹਾ ਸੀ, ਉਹ ਹਰਮੀਤ ਨੂੰ ਕੁੱਝ ਸ਼ਾਂਤ ਕਰਨ ਦੇ ਇਰਾਦੇ ਨਾਲ ਬੋਲਿਆ, “ਬੇਟਾ! ਉਹ ਤਾਂ ਸਿੱਖ ਸਿਧਾਂਤ ਦਸ ਰਹੇ ਨੇ …. ।”
“ਠੀਕ ਹੈ ਭਾਪਾ ਜੀ! ਪਰ ਇਹ ਕਿਹੜਾ ਸਮਾਂ ਹੈ ਇਹ ਸਿਧਾਂਤ ਟੀ. ਵੀ. `ਤੇ ਦੱਸਣ ਦਾ? ਜੇ ਕੁੱਝ ਦੱਸਣਾ ਹੈ ਤਾਂ ਉਥੇ ਦੇ ਅਸਲ ਹਾਲਾਤ ਦੱਸਣ ਜਿਨ੍ਹਾਂ ਨੂੰ ਜਾਣਨ ਲਈ ਅੱਜ ਹਰ ਸਿੱਖ ਹਿਰਦਾ ਤੜਫ ਰਿਹੈ”, ਹਰਮੀਤ ਪਿਤਾ ਦੀ ਗੱਲ ਵਿੱਚੋਂ ਹੀ ਕੱਟ ਕੇ ਕੁੱਝ ਤੇਜੀ ਨਾਲ ਬੋਲਿਆ।
“ਅਸਲ ਵਿੱਚ ਉਹ ਤਾਂ ਲੋਕਾਂ ਤੱਕ ਇਹ ਗੱਲ ਪਹੁੰਚਾਣਾ ਚਾਹੁੰਦੇ ਨੇ ਕਿ ਦਰਬਾਰ ਸਾਹਿਬ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਗਿਐ, ਮਰਿਯਾਦਾ ਬਹਾਲ ਹੋ ਗਈ ਏ”, ਬਲਦੇਵ ਸਿੰਘ ਨੇ ਉਸੇ ਤਰ੍ਹਾਂ ਬੜੇ ਸ਼ਾਂਤ ਲਹਿਜੇ ਵਿੱਚ ਕਿਹਾ।
“ਪਰ ਭਾਪਾ ਜੀ! ਦਰਬਾਰ ਸਾਹਿਬ ਤਾਂ ਸੰਗਤੀ ਸਥਾਨ ਹੈ, ਕੋਈ ਪੂਜਾ ਦਾ ਸਥਾਨ ਥੋੜ੍ਹਾ ਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ, ਇਕਲੇ ਬਹਿ ਕੇ ਰਾਗੀਆਂ ਨੇ ਕੀਰਤਨ ਕਰ ਲਿਆ ਤੇ ਮਰਯਾਦਾ ਚਾਲੂ ਹੋ ਗਈ, ਜਦ ਉਥੇ ਸੰਗਤ ਹੀ ਨਹੀਂ ਤਾਂ ਮਰਯਾਦਾ ਕਾਹਦੀ?” ਇਸ ਵਾਰੀ ਸੁਆਲ ਕੋਲ ਬੈਠੀ ਬੱਬਲ ਵੱਲੋਂ ਆਇਆ।
ਬਲਦੇਵ ਸਿੰਘ ਨੇ ਆਪਣਾ ਸੰਜਮ ਨਹੀਂ ਛੱਡਿਆ ਤੇ ਉਸੇ ਸ਼ਾਂਤ ਲਹਿਜੇ ਵਿੱਚ ਬੋਲਿਆ, “ਬੇਟਾ, ਤੇਰੀ ਗੱਲ ਬਿਲਕੁਲ ਠੀਕ ਹੈ ਪਰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ, ਇਹ ਲੋਕ ਤਾਂ ਉਹੀ ਬੋਲ ਰਹੇ ਨੇ ਜੋ ਸਰਕਾਰ ਇਨ੍ਹਾਂ ਤੋਂ ਬੁਲਵਾ ਰਹੀ ਏ। ਸਰਕਾਰ ਇਨ੍ਹਾਂ ਰਾਹੀ ਸਿੱਖ ਕੌਮ ਦਾ ਰੋਸ ਸ਼ਾਂਤ ਕਰਨਾ ਚਾਹੁੰਦੀ ਏ।”
“ਪਰ ਇਹ ਲੋਕ ਕਿਉਂ ਸਰਕਾਰ ਦੇ ਇਸ਼ਾਰੇ `ਤੇ ਇਹੋ ਜਿਹੇ ਗੁੰਮਰਾਹ-ਕੁੰਨ ਸੰਦੇਸ਼ ਪੜ੍ਹ ਰਹੇ ਨੇ? ਹੈ ਕੀ! ਵੱਧ ਤੋਂ ਵੱਧ ਸ਼ਹੀਦ ਹੋਣਾ ਪਵੇਗਾ …. , ਸਰਕਾਰ ਜਾਂ ਫੌਜ ਹੋਰ ਕੀ ਕਰ ਲਵੇਗੀ? ਜੇ ਆਮ ਸਿੱਖ ਆਪਣੀ ਜਾਨ ਤਲੀ ਤੇ ਧਰੀ ਫਿਰਦੈ ਤਾਂ ਇਹ ਤਾਂ ਸਾਡੇ ਧਾਰਮਿਕ ਆਗੂ ਸਮਝੇ ਜਾਂਦੇ ਨੇ।” ਹਰਮੀਤ ਤਾਂ ਅੱਜ ਜਿਵੇਂ ਹੈਡ ਗ੍ਰੰਥੀ ਦੇ ਸੰਦੇਸ਼ ਤੋਂ ਖਿੱਝਿਆ ਪਿਆ ਸੀ। ਉਹ ਪਹਿਲਾਂ ਗਿਆਨੀ ਕਿਰਪਾਲ ਸਿੰਘ ਦੇ ਸੰਦੇਸ਼ ਤੋਂ ਵੀ ਇੰਝ ਹੀ ਖਿੱਝਿਆ ਸੀ ਉਤੋਂ ਅੱਜ ਗਿਆਨੀ ਸਾਹਿਬ ਸਿੰਘ ਦਾ ਵੀ ਉਸੇ ਤਰ੍ਹਾਂ ਦਾ ਹੀ ਭੁਲੇਖਾ ਪਾਊ ਬਿਆਨ ਆ ਗਿਆ, ਜਿਸ ਨਾਲ ਉਸ ਦੀ ਖਿਝ ਹੋਰ ਵੱਧ ਗਈ।
“ਹਰਮੀਤ! ਇਹ ਤੂੰ ਕੀ ਆਸਾਂ ਰੱਖ ਰਿਹੈਂ ਇਨ੍ਹਾਂ ਪੇਸ਼ੇਵਰ, ਤਨਖਾਹਦਾਰ ਮੁਲਾਜ਼ਮਾਂ ਤੋਂ?” ਬਲਦੇਵ ਸਿੰਘ ਨਿਰਾਸ਼ਾ ਦੇ ਲਹਿਜੇ ਵਿੱਚ ਬੋਲਿਆ।
“ਠੀਕ ਹੈ ਭਾਪਾ ਜੀ! ਇਹ ਤਨਖਾਹਦਾਰ ਪੇਸ਼ੇਵਰ ਮੁਲਾਜ਼ਮ ਨੇ ਪਰ ਕੀ ਇਸ ਨਾਲ ਇਹ ਸਿੱਖ ਨਹੀਂ ਰਹੇ, ਇਨ੍ਹਾਂ ਅੰਦਰੋਂ ਸਿੱਖੀ ਭਾਵਨਾ, ਸਿੱਖੀ ਜਜ਼ਬਾ … ਸਭ ਮਰ ਗਿਐ? ਪੇਸ਼ੇ ਦੀ ਇਮਾਨਦਾਰੀ ਵੱਜੋਂ ਹੀ ਸਹੀ, ਇਨ੍ਹਾਂ ਵਿੱਚ ਤਾਂ ਜਜ਼ਬਾ ਅਤੇ ਜ਼ਿਮੇਂਵਾਰੀ ਵਧੇਰੇ ਹੋਣੀ ਚਾਹੀਦੀ ਹੈ”, ਹਰਮੀਤ ਦੇ ਹਰ ਲਫਜ਼ ਵਿੱਚੋਂ ਰੋਸ ਪ੍ਰਗਟ ਹੋ ਰਿਹਾ ਸੀ।
ਬਲਦੇਵ ਸਿੰਘ ਨੇ ਅਗੋਂ ਕੋਈ ਜੁਆਬ ਨਹੀਂ ਦਿੱਤਾ, ਸ਼ਾਇਦ ਉਹ ਲਾਜੁਆਬ ਹੋ ਚੁੱਕਾ ਸੀ ਜਾਂ ਹੋਰ ਕੋਈ ਵਿਖਾਵੇ ਦੀ ਸਫਾਈ ਪੇਸ਼ ਨਹੀਂ ਸੀ ਕਰਨਾ ਚਾਹੁੰਦਾ। ਉਸ ਨੇ ਬੜੀ ਹੀ ਪਿਆਰ ਭਰੀ ਨਜ਼ਰ ਨਾਲ ਬੱਚਿਆਂ ਵੱਲ ਵੇਖਿਆ, ਜਿਵੇਂ ਅਸੀਸਾਂ ਦੀ ਬਾਰਸ਼ ਕਰ ਰਿਹਾ ਹੋਵੇ। ਇਤਨੇ ਨੂੰ ਗੁਰਮੀਤ ਕੌਰ ਦੀ ਅਵਾਜ਼ ਸੁਣਾਈ ਦਿੱਤੀ, “ਬੱਬਲ ਆਜਾ, ਰੋਟੀ ਲਗਾਈਏ।”
“ਜੀ ਮਾਮਾ।” ਕਹਿੰਦੀ ਹੋਈ ਬੱਬਲ ਉਠ ਕੇ ਰਸੋਈ ਵੱਲ ਚਲੀ ਗਈ ਤੇ ਹਰਮੀਤ ਉਠ ਕੇ ਬਾਥਰੂਮ ਵੱਲ ਲੰਘ ਗਿਆ।

ਰੋਜ਼ ਦੀਆਂ ਖ਼ਬਰਾਂ ਤੋਂ ਸਾਫ ਪਤਾ ਚੱਲ ਰਿਹਾ ਸੀ ਕਿ ਸਿੱਖ ਕੌਮ ਦਾ ਰੋਸ ਰੁਕਣ ਦਾ ਨਾਂ ਨਹੀਂ ਲੈ ਰਿਹਾ। ਰੁਕਣਾ ਵੀ ਕਿਥੋਂ ਸੀ ਚੋਟ ਹੀ ਇਤਨੀ ਗਹਿਰੀ ਲੱਗੀ ਸੀ। ਦੋ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਮਸ਼ਹੂਰ ਸਿੱਖ ਇਤਿਹਾਸਕਾਰ ਡਾ. ਗੰਡਾ ਸਿੰਘ ਨੇ ਸਿੱਖ ਗੁਰਧਾਮਾਂ `ਤੇ ਫੌਜੀ ਹਮਲੇ ਵਿਰੁਧ ਰੋਸ ਪ੍ਰਗਟ ਕਰਨ ਲਈ ਆਪਣਾ ਪਦਮ ਸ੍ਰੀ ਦਾ ਖਿਤਾਬ ਵਾਪਸ ਕਰ ਦਿੱਤਾ ਸੀ ਤੇ ਅੱਜ ਇਹੀ ਖ਼ਬਰ ਰੋਜ਼ਾਨਾ ਅਜੀਤ ਅਖ਼ਬਾਰ ਦੇ ਮੈਨੇਜਿੰਗ ਐਡੀਟਰ ਡਾ. ਸਾਧੂ ਸਿੰਘ ਹਮਦਰਦ ਬਾਰੇ ਆਈ। ਬਲਦੇਵ ਸਿੰਘ ਸ਼ਾਮ ਨੂੰ ਜਿਸ ਵੇਲੇ ਦੁਕਾਨ ਤੋਂ ਗੁਰਦੁਆਰੇ ਵਾਸਤੇ ਨਿਕਲਣ ਲੱਗਾ ਤਾਂ ਦਰਵਾਜ਼ੇ ਦੇ ਬਾਹਰੋਂ ਮੁੜ ਕੇ ਵਾਪਸ ਆ ਗਿਆ ਅਤੇ ਹਰਮੀਤ ਨੂੰ ਕਹਿਣ ਲੱਗਾ, “ਹਰਮੀਤ! ਦੋ ਕਾਲੀਆਂ ਚੁੰਨੀਆਂ ਦਾ ਕਪੜਾ ਫਾੜ ਲੈ, ਘਰ ਲਈ ਜਾਵੀਂ।”
“ਉਹ ਕਿਸ ਵਾਸਤੇ ਭਾਪਾ ਜੀ?” ਹਰਮੀਤ ਨੇ ਹੈਰਾਨ ਹੁੰਦੇ ਹੋਏ ਪੁੱਛਿਆ।
“ਭੁਲ ਗਿਐਂ? ਕੱਲ 17 ਤਾਰੀਖ ਹੈ ਅਤੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਸੱਦਾ ਦਿੱਤਾ ਸੀ ਕਿ 17 ਜੂਨ ਨੂੰ ਸਾਰੀ ਸਿੱਖ ਕੌਮ ਰੋਸ ਪ੍ਰਗਟ ਕਰੇ, ਇਸ ਵਾਸਤੇ ਮਰਦ ਕਾਲੀਆਂ ਪੱਗਾਂ ਬੰਨਣ, ਬੀਬੀਆਂ ਕਾਲੀਆਂ ਚੁੰਨੀਆਂ ਲੈਣ, ਕਿਸੇ ਘਰ ਚੁੱਲ੍ਹਾ ਨਾ ਬਲੇ ਅਤੇ ਸਾਰੇ ਭੁੰਜੇ ਸੌਣ,” ਕਹਿਕੇ ਉਹ ਮੁਨੀਮ ਵੱਲ ਪਰਤਿਆ ਤੇ ਬੋਲਿਆ, “ਮੁਨੀਮ ਕੱਲ ਦੁਕਾਨ ਬੰਦ ਰਹੇਗੀ।”
“ਕੱਲ ਤਾਂ ਐਤਵਾਰ ਹੈ, ਵੈਸੇ ਹੀ ਛੁੱਟੀ ਹੈ”, ਮੁਨੀਮ ਤੋਂ ਵੀ ਪਹਿਲਾਂ, ਹਰਮੀਤ ਚੁੰਨੀਆਂ ਲਫਾਫੇ ਵਿੱਚ ਪਾਉਂਦਾ ਹੋਇਆ ਬੋਲਿਆ।
“ਹਾਂ ਹਾਂ! ਠੀਕ ਹੈ।” ਬਲਦੇਵ ਸਿੰਘ ਨੇ ਯਾਦ ਕਰਦੇ ਹੋਏ ਕਿਹਾ ਤੇ ਦੁਕਾਨੋਂ ਬਾਹਰ ਲੰਘ ਗਿਆ। ਉਸ ਦਿਨ ਉਸ ਨੇ ਗੁਰਦੁਆਰੇ ਵੀ ਬਹੁਤ ਭਾਵੁਕ ਤਕਰੀਰ ਕੀਤੀ ਅਤੇ ਕਿਹਾ, “ਖ਼ਾਲਸਾ ਜੀ! ਅੱਜ ਭਾਰਤ ਸਰਕਾਰ ਦੇ ਹੁਕਮ `ਤੇ ਭਾਰਤੀ ਫੌਜਾਂ ਵੱਲੋਂ ਸਾਡੇ ਗੁਰਧਾਮਾਂ ਦੀ ਕੀਤੀ ਬੇਅਦਬੀ ਦੇ ਖਿਲਾਫ ਸਾਰੀ ਦੁਨੀਆਂ ਵਿੱਚ ਹਾਹਾਕਾਰ ਪਈ ਹੋਈ ਏ। ਆਪ ਰੋਜ਼ ਵੇਖ ਅਤੇ ਸੁਣ ਹੀ ਰਹੇ ਹੋ, ਇਸ ਜ਼ੁਲਮ ਦੇ ਖਿਲਾਫ ਸਾਡੇ ਸਿੱਖ ਫੌਜੀ ਵੀਰਾਂ ਨੇ ਲਾਸਾਨੀ ਕੁਰਬਾਨੀਆਂ ਕੀਤੀਆਂ ਨੇ, ਉਨ੍ਹਾਂ ਨੇ ਆਪਣੇ ਪਾਵਨ ਗੁਰਧਾਮਾਂ ਦੀ ਬੇਅਦਬੀ ਨਾ ਸਹਾਰਦੇ ਹੋਏ, ਆਪਣੀਆਂ ਜਾਨਾਂ ਤਲੀ `ਤੇ ਧਰ ਕੇ, ਆਪਣੇ ਬਾਲ ਬੱਚਿਆਂ, ਪਰਿਵਾਰਾਂ ਦਾ ਭਵਿਖ ਦਾਅ `ਤੇ ਲਾਕੇ, ਫੌਜ ਵਿੱਚੋਂ ਬਗ਼ਾਵਤ ਕੀਤੀ ਏ, ਕਈ ਸ਼ਹੀਦ ਹੋ ਗਏ ਨੇ ਬਹੁਤ ਬੰਦੀ ਬਣਾ ਲਏ ਗਏ ਨੇ, ਕਈ ਸਨਮਾਨਤ ਸਿੱਖ ਸ਼ਖ਼ਸੀਅਤਾਂ ਨੇ ਆਪਣੇ ਸਰਕਾਰੀ ਸਨਮਾਨ ਤਿਆਗ ਦਿੱਤੇ ਨੇ, ਬਹੁਤ ਸਰਕਾਰੀ ਅਫਸਰਾਂ ਨੇ ਆਪਣੇ ਅਹੁਦੇ ਤਿਆਗ ਦਿੱਤੇ ਨੇ। ਐਸੇ ਸਮੇਂ ਅਸੀਂ ਆਪਣਾ ਕੀ ਯੋਗਦਾਨ ਪਾ ਸਕਦੇ ਹਾਂ? ਸਾਡਾ ਫਰਜ਼ ਬਣਦੈ ਕਿ ਜਿਵੇਂ ਸਾਨੂੰ ਅੰਮ੍ਰਿਤਸਰ ਤੋਂ ਆਦੇਸ਼ ਮਿਲਿਐ, ਸਾਰੀ ਕੌਮ ਕੱਲ ਦੇ ਰੋਸ ਵਿੱਚ ਸ਼ਾਮਲ ਹੋਵੇ, ਸਾਰੇ ਵੀਰ ਕਾਲੀਆਂ ਦਸਤਾਰਾਂ ਸਜਾਉਣ, ਭੈਣਾਂ ਕਾਲੇ ਦੁਪੱਟੇ ਲੈਣ, ਕਿਸੇ ਘਰ ਚੁਲ੍ਹਾ ਨਾ ਬਲੇ ਅਤੇ ਸਿੱਖ ਪਰਵਾਰ ਭੁੰਜੇ ਸੌਣ। ਕੱਲ ਸ਼ਾਮ ਨੂੰ ਗੁਰਦੁਆਰੇ ਵੀ ਵਿਸ਼ੇਸ਼ ਸਮਾਗਮ ਹੋਵੇਗਾ ਅਤੇ ਅਸੀਂ ਇਸ ਜ਼ੁਲਮ ਦੀ ਭੇਂਟ ਚੜ੍ਹੇ ਆਪਣੇ ਮਹਾਨ ਸ਼ਹੀਦਾਂ ਨੂੰ ਆਪਣੇ ਸ਼ਰਧਾ ਦੇ ਫੁਲ ਭੇਟ ਕਰਾਂਗੇ।”
ਸੰਗਤ ਤਾਂ ਜਿਵੇਂ ਤਿਆਰ ਹੀ ਬੈਠੀ ਸੀ, ਸਾਰਿਆਂ ਨੇ ਜੈਕਾਰੇ ਛੱਡ ਕੇ ਪ੍ਰਵਾਨਗੀ ਦਿੱਤੀ। ਘਰ ਜਿਸ ਵੇਲੇ ਰਾਤ ਦੇ ਖਾਣੇ ਵਾਸਤੇ ਮੇਜ਼ ਦੁਆਲੇ ਬੈਠੇ ਤਾਂ ਬਲਦੇਵ ਸਿੰਘ ਨੇ ਗੁਰਮੀਤ ਕੌਰ ਨੂੰ ਕਿਹਾ, “ਮੀਤਾ! ਕਲ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਤੇ ਹੋਏ ਹਮਲੇ ਦੇ ਰੋਸ ਵਿੱਚ ਰੋਸ ਦਿਵਸ ਮਨਾਉਣੈ, ਇੱਕ ਤਾਂ ਕੱਲ ਤੁਸੀਂ ਵੀ ਕਾਲੇ ਦੁਪੱਟੇ ਲੈਣੇ ਨੇ ਤੇ ਨਾਲੇ ਕੱਲ ਚੁਲ੍ਹਾ ਨਹੀਂ ਬਾਲਣਾ।”
ਗੁਰਮੀਤ ਕੌਰ ਨੇ ਤਾਂ ਹਾਂ ਵਿੱਚ ਸਿਰ ਹਿਲਾਇਆ ਪਰ ਕੋਲੋਂ ਹਰਮੀਤ ਬੋਲ ਪਿਆ, “ਭਾਪਾ ਜੀ! ਇਹ ਤਾਂ ਠੀਕ ਹੈ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਪਈ, ਕਿ ਚਲੋ ਕਾਲੀਆਂ ਪੱਗਾਂ ਤੇ ਚੁੰਨੀਆਂ ਤਾਂ ਕੋਈ ਮਾੜਾ ਮੋਟਾ ਸੜਕਾਂ ਤੇ ਨਜ਼ਰ ਆਉਣਗੀਆਂ ਪਰ ਅਸੀਂ ਘਰ ਚੁਲ੍ਹਾ ਨਹੀਂ ਬਾਲਿਆ, ਭੁੱਖੇ ਰਹੇ ਤੇ ਭੁੰਜੇ ਸੁਤੇ ਇਹ ਕਿਸ ਵੇਖਣੈ ਤੇ ਨਾਲੇ ਇਸ ਸਾਰੇ ਨਾਲ ਸਰਕਾਰ ਨੂੰ ਕੀ ਪਤਾ ਲਗਣੈ ਤੇ ਕੀ ਅਸਰ ਹੋਣੈ?”
“ਬਿਲਕੁਲ ਠੀਕ ਕਹਿ ਰਿਹੈਂ ਬੇਟਾ! ਅਸਲ ਵਿੱਚ ਇਨ੍ਹਾਂ ਅਕਾਲੀਆਂ ਦੇ ਰੋਸ ਇਹੋ ਜਿਹੇ ਹੀ ਹੁੰਦੇ ਨੇ, ‘ਖੁਦਾ ਭੀ ਖੁਸ਼ ਰਹੇ ਸ਼ੈਤਾਨ ਭੀ ਨਾਰਾਜ਼ ਨਾ ਹੋ’ ਕੌਮ ਨੂੰ ਵੀ ਹੋ ਜਾਵੇ ਕਿ ਰੋਸ ਪ੍ਰਗਟ ਕੀਤੈ, ਸਾਨੂੰ ਅਗਵਾਈ ਦਿੱਤੀ ਏ ਅਤੇ ਸਰਕਾਰ ਵੀ ਬਹੁਤੀ ਨਾਰਾਜ਼ ਨਾ ਹੋਵੇ … …।” ਬਲਦੇਵ ਸਿੰਘ ਨੇ ਅਜੇ ਗੱਲ ਪੂਰੀ ਤਰ੍ਹਾਂ ਖਤਮ ਵੀ ਨਹੀਂ ਸੀ ਕੀਤੀ ਕਿ ਕੋਲੋਂ ਬੱਬਲ ਬੋਲ ਪਈ, “ਇਹ ਸਭ ਜਾਣਦੇ ਹੋਏ ਵੀ ਫੇਰ ਅਸੀਂ ਇਸ ਪਖੰਡ ਵਿੱਚ ਕਿਉਂ ਸ਼ਾਮਲ ਹੋ ਰਹੇ ਹਾਂ?”
“ਨਹੀਂ ਬੇਟਾ! ਇਹ ਪਖੰਡ ਹੋਵੇਗਾ, ਉਨ੍ਹਾਂ ਵਾਸਤੇ, ਅਸੀਂ ਅਤੇ ਪੂਰੀ ਕੌਮ ਤਾਂ ਪੂਰੀ ਇਮਾਨਦਾਰੀ ਨਾਲ ਇਸ ਵਿੱਚ ਸ਼ਾਮਲ ਹੋ ਰਹੇ ਹਾਂ। ਨਾਲੇ ਇਸ ਵੇਲੇ ਇਹ ਗੱਲਾਂ ਕਰਨ ਦਾ ਸਮਾਂ ਬਿਲਕੁਲ ਨਹੀਂ, ਸਰਕਾਰ ਨੂੰ ਅਤੇ ਦੁਨੀਆਂ ਨੂੰ ਸਾਡਾ ਕੋਈ ਆਪਸੀ ਵਖਰੇਵਾਂ ਬਿਲਕੁਲ ਨਹੀਂ ਨਜ਼ਰ ਆਉਣਾ ਚਾਹੀਦਾ।” ਬਲਦੇਵ ਸਿੰਘ ਛੇਤੀ ਨਾਲ ਬੋਲਿਆ, “ਉਂਝ ਵੀ ਜੇ ਅਸੀਂ ਕਹੀਏ ਕਿ ਇਨ੍ਹਾਂ ਗੱਲਾਂ ਦਾ ਬਿਲਕੁਲ ਕੋਈ ਅਸਰ ਨਹੀਂ ਹੁੰਦਾ ਤਾਂ ਇਹ ਗੱਲ ਵੀ ਗਲਤ ਹੈ, ਪਹਿਲਾਂ ਤਾਂ ਸਰਕਾਰ ਦੀਆਂ ਏਜੰਸੀਆਂ ਇਤਨੀਆਂ ਸਜੱਗ ਨੇ, ਉਨ੍ਹਾਂ ਕੋਲ ਸਾਰੀ ਖ਼ਬਰ ਜਾਂਦੀ ਏ, ਅਤੇ ਇਸ ਦਾ ਅਸਰ ਵੀ ਕੁੱਝ ਨਾ ਕੁੱਝ ਜ਼ਰੂਰ ਹੁੰਦੈ, ਬਹੁਤਾ ਨਾ ਸਹੀ ਥੋੜ੍ਹਾ ਸਹੀ। ਅਸੀਂ ਤਾਂ ਇਸੇ ਲਈ ਗੁਰਦੁਆਰੇ ਵੀ ਪ੍ਰੋਗਰਾਮ ਰੱਖ ਲਿਐ, ਜਿਸ ਵੇਲੇ ਮਨ ਦੇ ਵਲਵਲੇ ਖੁੱਲ ਕੇ ਸੰਗਤ ਵਿੱਚ ਪ੍ਰਗੱਟ ਕਰਾਂਗੇ, ਉਸ ਦੀਆਂ ਰਿਪੋਰਟਾਂ ਵੀ ਤਾਂ ਸਰਕਾਰ ਕੋਲ ਪੁਜਣਗੀਆਂ। ਇੱਕ ਗੱਲ ਹੋਰ ਵੀ ਹੈ, ਅਜੇ ਤੱਕ ਜੋ ਵੀ ਰੋਸ ਪ੍ਰਗਟ ਹੋ ਰਿਹਾ ਸੀ, ਭਾਵੇਂ ਪੰਥ ਦਰਦੀ ਸਿੱਖਾਂ ਵੱਲੋਂ ਅਪਣੇ ਅਹੁਦੇ ਜਾਂ ਸਨਮਾਨ ਤਿਆਗਣ ਦਾ ਹੋਵੇ ਤੇ ਭਾਵੇਂ ਸਿੱਖ ਫੌਜੀਆਂ ਵੱਲੋਂ ਬਗ਼ਾਵਤ ਕਰਨ ਦਾ, ਸਿੱਖ ਆਪਣੇ ਤੌਰ `ਤੇ, ਆਪਣੀ ਪੰਥਕ ਭਾਵਨਾ ਅਧੀਨ ਨਿਜੀ ਤੌਰ `ਤੇ ਹੀ ਕਰ ਰਹੇ ਸਨ, ਕੌਮੀ ਤੌਰ `ਤੇ ਤਾਂ ਇਹ ਪਹਿਲਾ ਹੀ ਪ੍ਰੋਗਰਾਮ ਹੈ।” ਬਲਦੇਵ ਸਿੰਘ ਨੇ ਇਹ ਗੱਲਾਂ ਬੜੇ ਠਰ੍ਹਮੇਂ ਨਾਲ ਸਮਝਾਉਣ ਦੇ ਲਹਿਜ਼ੇ ਵਿੱਚ ਕਹੀਆਂ। ਭਾਵੇਂ ਜੁਆਬ ਵਿੱਚ ਬੋਲਿਆ ਤਾਂ ਕੋਈ ਕੁੱਝ ਨਾ ਪਰ ਉਨ੍ਹਾਂ ਦੇ ਚਿਹਰੇ ਤੋਂ ਪਤਾ ਲੱਗ ਰਿਹਾ ਸੀ ਕਿ ਉਨ੍ਹਾਂ ਦੀ ਤਸੱਲੀ ਹੋ ਗਈ ਏ।
ਸਵੇਰੇ ਬਲਦੇਵ ਸਿੰਘ ਗੁਰਦੁਆਰਿਓਂ ਆਕੇ ਕੁੱਝ ਦੇਰ ਅਰਾਮ ਕਰਨ ਲਈ ਲੇਟ ਗਿਆ। ਅੱਜ ਕੋਈ ਲੰਗਰ ਪਾਣੀ ਤਾਂ ਨਾ ਬਣਨਾ ਸੀ ਤੇ ਨਾ ਕਿਸੇ ਖਾਣਾ ਸੀ। ਦੁਪਹਿਰ ਕੁ ਵੇਲੇ ਕੋਈ ਟੈਲੀਫੋਨ ਆਇਆ, ਉਹ ਸੁਣਨ ਲਈ ਉਠਿਆ ਤੇ ਫੇਰ ਉਸੇ ਵੇਲੇ ਦਸਤਾਰ ਸਜਾ ਕੇ ਇਹ ਕਹਿ ਕੇ ਘਰੋਂ ਚਲਾ ਗਿਆ ਕਿ ‘ਜ਼ਰਾ ਕੰਮ ਜਾ ਰਿਹਾਂ’। ਹਰਮੀਤ ਨੇ ਇੱਕ ਦੋ ਵਾਰੀ ਪੁੱਛਿਆ ਵੀ ਕਿ ਭਾਪਾ ਜੀ ਕਿਥੇ ਗਏ ਨੇ, ਗੁਰਮੀਤ ਕੌਰ ਕੋਲੋਂ ਇਹੀ ਜੁਆਬ ਮਿਲਿਆ, ‘ਕਹਿ ਕੇ ਤਾਂ ਇਹੀ ਗਏ ਸਨ ਕਿਸੇ ਕੰਮ ਜਾ ਰਿਹਾਂ, ਪਤਾ ਨਹੀਂ ਸਾਰੀ ਦਿਹਾੜੀ ਲਾ ਦਿੱਤੀ ਨੇ’।

ਚਲਦਾ … … ….

(ਪਾਠਕਾਂ ਪ੍ਰਤੀ ਸਨਿਮਰ ਬੇਨਤੀ ਹੈ ਕਿ ਇਹ ਨਾਵਲ, ਸਿੱਖ ਕੌਮ ਉੱਤੇ ਵਾਪਰੇ, ਜੂਨ, 1984 ਅਤੇ ਨਵੰਬਰ, 1984 ਦੇ ਘੱਲੂਘਾਰਿਆਂ ਨਾਲ ਸਬੰਧਤ ਹੈ। ਇਸ ਵਿੱਚ ਦਿੱਤੇ ਜਾ ਰਹੇ ਇਤਿਹਾਸਕ ਪੱਖ ਬਿਲਕੁਲ ਸੱਚੇ ਹਨ ਅਤੇ ਇਹ ਨਾਵਲ ਉਸ ਸਮੇਂ ਦੀ ਸਿੱਖ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ। ਛਾਪਣ ਤੋਂ ਪਹਿਲਾਂ ਇਹ ਸੂਝਵਾਨ ਪਾਠਕਾਂ ਦੇ ਸਾਹਮਣੇ ਲੜੀਵਾਰ ਪੇਸ਼ ਕੀਤਾ ਜਾ ਰਿਹਾ ਹੈ। ਜੇ ਕਿਸੇ ਪਾਠਕ ਨੂੰ ਇਤਿਹਾਸਕ ਪੱਖੋਂ ਕੁੱਝ ਗਲਤ ਜਾਪੇ ਜਾਂ ਇਸ ਦੇ ਬਾਰੇ ਕੋਈ ਹੋਰ ਉਸਾਰੂ ਸੁਝਾ ਹੋਵੇ ਤਾਂ ਦਾਸ ਉਸ ਨੂੰ ਧੰਨਵਾਦ ਸਹਿਤ ਪ੍ਰਵਾਨ ਕਰੇਗਾ)

ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726




.