.

ਗੁਰਬਾਣੀ ਹੀ ਜੀਵਣ ਹੈ

ਗੁਰਬਾਣੀ ਸਰਵਪੱਖੀ ਗਿਆਨ ਹੈ ਜੋ ਗੁਰਮੁੱਖਾਂ ਦੁਆਰਾ ਉਚਾਰਨ ਕੀਤਾ ਕਾਗਜ਼ ਤੇ ਲਿਖਿਆ, ਕਮਾਇਆ ਅਤੇ ਸੰਸਾਰ ਵਿੱਚ ਪ੍ਰਚਾਰਨ ਕੀਤਾ ਗਿਆ ਹੈ। ਗੁਰੁ ਨਾਨਕ ਸਾਹਿਬ ਜੀ ਨੇ ਆਪਣੀਆਂ ਪ੍ਰਚਾਰ ਫੇਰੀਆਂ ਵੇਲੇ ਭਗਤਾਂ ਦੀ ਬਾਣੀ ਇੱਕਤਰ ਕਰਕੇ ਇੱਕ ਪੋਥੀ ਵਿੱਚ ਅੰਕਿਤ ਕਰ ਲਈ, ਜੋ ਹਰ ਵੇਲੇ ਗੁਰੁ ਸਾਹਿਬ ਨਾਲ ਰੱਖਦੇ ਸਨ। ਜਿਸ ਬਾਰੇ ਗੁਰਮਤਿ ਦੇ ਸਰਵ ਉੱਚ ਵਿਦਵਾਨ ਭਾਈ ਗੁਰਦਾਸ ਜੀ ਨੇ ਵਾਰਾਂ ਵਿੱਚ ਜ਼ਿਕਰ ਕੀਤਾ ਹੈ (ਆਸਾ ਹਥਿ ਕਿਤਾਬ ਕਛਿ ਕੂਜ਼ਾਂ ਬਾਂਗ ਮੁਸੱਲਾਧਾਰੀ) ਫਿਰ ਇਹ ਪਵਿੱਤਰ ਬਾਣੀ ਦਾ ਖਜ਼ਾਨਾ ਗੁਰੁ ਅੰਗਦ ਸਾਹਿਬ ਤੋਂ ਗੁਰੁ ਅਰਜਨ ਸਾਹਿਬ ਜੀ ਤੱਕ ਪਹੁੰਚਿਆ। ਗੁਰੁ ਅਰਜਨ ਸਾਹਿਬ ਜੀ ਨੇ ਭਗਤਾਂ ਗੁਰਸਿੱਖਾ ਅਤੇ ਪਹਿਲਾ ਚਾਰ ਗੁਰੂਆਂ ਦੀ ਰੱਬੀ ਕਲਾਮ ਬਾਣੀ ਨੂੰ ਅਤੇ ਆਂਪਣੀ ਰਚੀ ਬਾਣੀ ਸਮੇਤ ਇੱਕ ਜਿਲਦ ਵਿੱਚ ਲੜੀਵਾਰ ਲਿਖਵਾਇਆ। ਜਿਸ ਵਿੱਚ ਪੰਜ ਗੁਰੁ, ਪੰਦਰਾਂ ਭਗਤਾਂ, ਗਿਆਰਾਂ ਭੱਟਾਂ, ਤੇ ਤਿੰਨ ਗੁਰਸਿਖਾਂ ਦੀ ਬਾਣੀ ਨੂੰ ਅੰਕਿਤ ਕੀਤਾ ਅਤੇ ਗੁਰੁ ਤੇਗ ਬਹਾਦਰ ਸਾਹਿਬ ਜੀ ਦੀ ਰਚਨਾ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਨਿਗਰਾਨੀ ਵਿੱਚ ਉਸੇ ਗ੍ਰੰਥ ਵਿੱਚ ਅੰਕਿਤ ਕਰਵਾ ਕੇ ਸੰਪੂਰਨ ਕੀਤਾ ਅਤੇ ਨਾਲੇ ਇਹ ਗੱਲ ਕਹੀ ਕਿ ਅੱਜ ਤੋਂ ਬਾਅਦ ਸਿੱਖ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਣਗੇ ਤੇ ਹੋਰ ਕੋਈ ਗ੍ਰੰਥ ਅੱਗੇ ਸਿਰ ਝੁਕਾਉਣਾ ਨੂੰ ਵਿਵਰਜਿਤ ਕੀਤਾ ਤੇ ਸਮੁੱਚੇ ਪੰਥ ਨੂੰ ਸੰਬੋਧਨ ਕਰਦੇ ਹੋਏ ਹੁਕਮ ਕੀਤਾ। “ਆਗਿਆਂ ਭਈ ਅਕਾਲ ਕੀ ਤਬੈ ਚਲਾਇੳ ਪੰਥ”॥ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿੳ ਗ੍ਰੰਥ॥
ਗੁਰਬਾਣੀ ਗਿਆਨ ਦਾ ਦੀਵਾ ਹੈ ਜਿਵੇ ਦੀਵਾ ਘਿਉ, ਤੇਲ, ਬੱਤੀ ਅੱਗ ਤੋਂ ਬਿਨ੍ਹਾਂ ਨਹੀ ਜਲਦਾ ਇਵੇਂ ਹੀ ਗੁਰਬਾਣੀ ਗਿਆਨੀ ਲਈ ਗੁਰਮੁੱਖੀ ਅੱਖਰ, ਲਗਾਂ, ਮਾਤ੍ਰਾਂ, ਵਿਆਕਰਣ, ਸ਼ੁੱਧ ਉਚਾਰਨ ਅਤੇ ਅਰਥ ਵਿਚਾਰ ਦੀ ਅਤਿਅੰਤ ਲੋੜ ਹੈ। ਆੳ ਥੋੜ੍ਹਾ ਜਿਹਾ ਆਪਣੀ ਸੋਚ ਨੂੰ ਉਚਾ ਕਰਕੇ ਵਿਚਾਰਣ ਦਾ ਯਤਨ ਕਰੀਏ ਗੁਰੂਆਂ ਨੇ ਪਹਿਲੇ ਧਰਮਾਂ ਵਿੱਚ ਚਲ ਰਹੇ ਕਰਮ ਕਾਂਡਾ ਨੂੰ ਮਾਨਤਾ ਦਿੱਤੀ ਸੀ? ਭਲਿੳ! ਨਹੀ ਸਗੋਂ ਗੁਰੂ ਜੀ ਨੇ ਫੁਰਮਾਇਆ ਸੀ- “ਪੜਿਐਂ ਨਾਹੀ ਭੇਦੁ ਬੁਝਿਐਂ ਪਾਵਣਾ” (148) ਪਹਿਲਾਂ ਤਾਂ ਗ੍ਰੰਥਾਂ ਨੂੰ ਔਖੀਆਂ ਬੋਲੀਆਂ ਵਿੱਚ ਜਿਵੇਂ ਅਰਬੀ ਅਤੇ ਸੰਸਕ੍ਰਿਤ ਆਦਿ ਵਿੱਚ ਚਲਾਕ ਮੌਲਾਣਿਆਂ ਅਤੇ ਬ੍ਰਾਹਮਣਾਂ ਨੇ ਇਸ ਕਰਕੇ ਲਿਖਿਆ ਸੀ ਕਿ ਆਮ ਲੋਕਾਈ ਇਸ ਨੂੰ ਪੜ੍ਹ ਨਾ ਸਕੇ ਸਗੋਂ ਉਹ ਸਾਡੇ ਤੇ ਹੀ ਨਿਰਭਰ ਰਹਿਣ ਤਾਂ ਜੋ ਸਾਡਾ ਹਲਵਾ ਮੰਡਾ ਵਧੀਆਂ ਚਲਦਾ ਰਹੇ। ਇਥੋਂ ਤੱਕ ਕਿ ਬ੍ਰਾਹਮਣਾ ਨੇ ਤਾਂ ਇਥੋਂ ਤੱਕ ਵੀ ਕਿਹਾ ਕਿ ਇਨ੍ਹਾਂ ਗ੍ਰੰਥਾਂ ਨੂੰ ਸ਼ੂਦ੍ਰ ਲੋਕ ਨਹੀ ਪੜ੍ਹ ਸਕਦੇ ਜੇ ਉਹ ਪੜ੍ਹਦੇ ਤਾਂ ਉਨ੍ਹਾਂ ਲਈ ਵੱਖ- ਵੱਖ ਸਜਾਵਾਂ ਲਾਗੂ ਕਰ ਦਿਤੀਆਂ ਗਈਆਂ ਜੋ ਅੱਜ ਵੀ ਪੰਜਾਬ ਤੋਂ ਬਾਹਰ ਜਿੱਥੇ ਇਨ੍ਹਾਂ ਦਾ ਜ਼ੋਰ ਹੈ, ਉਥੇ ਇਹ ਲੋਕ ਆਪਣੀਆਂ ਕੂਟ ਨੀਤੀਆਂ ਨੂੰ ਲਾਗੂ ਕਰਦੇ ਹਨ। ਪਰ ਸਾਡੇ ਗੁਰੂਆਂ ਨੇ ਤਾਂ ਇਸ ਤੋਂ ਬਿਲਕੁਲ ਨਿਆਂਰਾ (ਵਖਰਾ) ਤੇ ਸਰਲ ਜਵਿਨ ਜਿਉਣ ਦੀ ਗੱਲ੍ਹ ਸਾਨੂੰ ਸਿਖਾਈ ਹੈ। ਇਹ ਲੋਕ ਜੰਤਰ-ਮੰਤਰ, ਪੁੰਨ-ਪਾਪ, ਵਰ-ਸਰਾਪ ਨਰਕ-ਸਵਰਗ, ਚੰਗੇ-ਮੰਦੇ, ਦਿਨ ਤਿਉਹਾਰ ਆਦਿਕ ਵਹਿਮ ਭਰਮਾ ਵਿੱਚ ਪਾ ਕਿ ਲੁਟਦੇ ਹਨ, ਸਨ। ਇਸ ਕਰਕੇ ਆਮ ਪ੍ਰਜਾ ਗਿਆਨ ਤੋ ਵਾਝੀ ਹੀ ਰਹਿੰਦੀ ਸੀ। ਆਲਮ ਵਿਦਵਾਨ ਭਾਈ ਗੁਰਦਾਸ ਜੀ ਦਾ ਕਥਨ ਹੈ- “ਪਰਜਾ ਅੰਧੀ ਗਿਆਨ ਵਿਹੁਣੀ”॥ ਫਿਰ ਸਮਾ ਆਇਆ ਰੱਬੀ ਗਿਆਨ ਦੇ ਧਾਰਨੀ ਗੁਰੂਆਂ ਭਗਤਾਂ ਨੇ ਉਪਰੋਕਤ ਬੇਇਨਸਾਫੀ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ ਅਤੇ ਜਨਤਾ ਨੂੰ ਰੱਬੀ ਗਿਆਨ ਦੁਆਰਾ ਜਾਗ੍ਰਿਤ ਕੀਤਾ। ਜਿਸ ਕਰਕੇ ਵਖਤੀ, ਅਖੋਤੀ, ਧਰਮੀ ਅਤੇ ਰਾਜਸੀ ਆਗੂ ਭਗਤਾਂ ਅਤੇ ਗੁਰੂਆਂ ਦੇ ਵਿਰੁਧ ਹੋ ਗਏ। ਗੁਰੂਆਂ ਅਤੇ ਭਗਤਾਂ ਨੂੰ ਬੰਦੀ ਬਣਾ ਕੇ ਸਖਤ ਸਜ਼ਾਵਾਂ ਅਤੇ ਤਸੀਹੇ ਵੀ ਦਿੱਤੇ ਗਏ ਪਰ ਗੁਰੂਆਂ ਭਗਤਾਂ ਦੇ ਸੱਚੇ ਪ੍ਰਚਾਰ ਰਾਹੀ ਜਨਤਾ ਜਾਗ ਚੱਕੀ ਸੀ। ਇਸ ਕਰਕੇ ਜਨਤਾ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਭਗਤਾਂ ਅਤੇ ਗੁਰੂਆਂ ਦਾ ਸਾਥ ਦਿੱਤਾ। ਅਖੋਤੀ ਧਰਮ ਆਗੂਆਂ ਦੀ ਧਰਮ ਗੁਲਾਮੀ ਤੋਂ ਅਜ਼ਾਦ ਹੋਣ ਲਈ ਗੁਰੂ ਨੇ ਵਿਦਿਆ ਦੇ ਢੁੱਕਵੇਂ ਸਾਧਨ ਖੋਜ਼ ਕੇ ਵਿਦਿਆਲੇ ਸ਼ੁਰੂ ਕਰ ਦਿੱਤੇ। ਜਿਥੇ ਹਰੇਕ ਵਰਗ ਦੇ ਲੋਕ ਪੜ੍ਹ ਕੇ ਗਿਆਨ ਪ੍ਰਾਪਤ ਕਰ ਸਕਦੇ ਸਨ। ਲੋਕ ਆਪ ਧਰਮ ਗ੍ਰੰਥਾਂ ਨੂੰ ਪੜ੍ਹਨ, ਵਿਚਾਰਨ ਸਮਝਣ ਤੇ ਧਾਰਨ ਲੱਗ ਪਏ। ਜਿਸ ਸਦਕਾ ਪੂਰੇ ਹਿੰਦੂਸਤਾਨ ਅਤੇ ਲਾਗਲੇ ਇਲਾਕਿਆਂ ਵਿੱਚ ਗੁਰੂ ਭਗਤਾਂ ਦੀ ਜੈ-ਜੈ ਕਾਰ ਦਾ ਡੰਕਾ ਵੱਜਣ ਲੱਗਾ। ਫਿਰ ਗੁਰੂਆਂ ਭਗਤਾਂ ਸਰੀਰਕ ਤੋਰ ਤੇ ਸੰਸਾਰ ਤੋਂ ਕੂਚ ਕਰ ਜਾਣ ਬਾਅਦ ਅਖੋਤੀ ਧਰਮ ਆਗੂਆਂ ਤੇ ਰਾਜੇ ਮਿਲਕੇ ਸਿੱਖ ਧਰਮ ਨੂੰ ਖਤਮ ਕਰਨ ਦੇ ਭਾਰੇ ਯਤਨ ਕਰਨ ਲੱਗ ਪਏ। ਸਿੱਟੇ ਵੱਜੋ ਗੁਰੂ ਹਰਗੋਬਿੰਦ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ, ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਨਸਲਕੁਸ਼ੀ ਦੀਆਂ ਜੰਗਾ ਹੋਈਆਂ। ਇਸ ਕਰਕੇ ਭਾਵੇ ਸਿੰਘਾਂ ਨੂੰ ਜੰਗਲਾਂ ਬੇਲਿਆਂ ਵਿੱਚ ਰਹਿਣਾ ਪਿਆਂ ਪਰ ਉਨ੍ਹਾਂ ਨੇ ਸ਼ਬਦ ਗੁਰੂ ਗੁਰਬਾਣੀ ਦਾ ਲੜ ਨਾ ਛਡਿਆ ਆਪ ਪੜ੍ਹਿਆ ਵਿਚਾਰਿਆ ਧਾਰਿਆਂ ਅਤੇ ਸਿਖਿਆਂ ਅਨੁਸਾਰ ਅਮਲੀ ਜੀਵਨ ਜਵਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਉਸ ਤੋਂ ਬਾਂਅਦ ਉਹ ਪੁਰਾਣੇ ਪਾਂਡੇ ਮਹੰਤਾ ਅਤੇ ਗ੍ਰੰਥੀਆਂ ਦੇ ਰੂਪ ਵਿੱਚ ਗੁਰਦੁਆਰਿਆਂ ਵਿੱਚ ਕਾਬਜ਼ ਹੋ ਗਏ। ਉਨ੍ਹਾਂ ਨੂੰ ਡੇਰਿਆਂ ਵਿੱਚ ਤਬਦੀਲ ਕਰ ਦਿਤਾ ਫਿਰ ਚਿਰ ਬਾਅਦ ਭਾਵੇਂ ਸਿੰਘਾਂ ਨੇ ਸਿੰਘ ਸਭਾ ਲਹਿਰ ਦੇ ਰੂਪ ਵਿੱਚ ਇਨ੍ਹਾਂ ਮਕਾਰੀ ਵਿਕਾਰੀ ਅਤੇ ਹੰਕਾਰੀ ਮਹੰਤ ਤੋਂ ਗੁਰਦੁਆਰੇ ਅਜ਼ਾਦ ਕਰਵਾਏ। ਪਰ ਡੇਰਿਆਂ ਤੋਂ ਪੜ੍ਹੇ ਗ੍ਰੰਥੀ ਫਿਰ ਵੀ ਗਿਆਨ ਵਿਹੁਣੇ ਹੀ ਸਨ ਜੋ ਬਾਅਦ ਵਿੱਚ ਸਿੱਖ ਧਰਮ ਨੂੰ ਢਾਹ ਲਾਉਂਦੇ ਆ ਰਹੇ ਹਨ। ਜਦ ਸਿੰਘ ਸਭਾ ਲਹਿਰ ਮੱਠੀ ਪਈ ਜਾਂ ਇਸ ਦਾ ਪਤਨ ਹੋਇਆ ਉਹ ਹੀ ਸੰਪ੍ਰਦਾਈ ਅਤੇ ਡੇਰੇਦਾਰ ਗ੍ਰੰਥੀ ਸੰਤ ਅਤੇ ਬ੍ਰਹਮ ਗਿਆਨੀ ਸੰਤ ਬਣ ਕੇ ਭਾਵ ਮਹੰਤਾਂ ਤੋਂ ਸੰਤਾਂ ਦਾ ਰੂਪ ਧਾਰਨ ਕਰਕੇ ਸਿੱਖ ਕੌਮ ਦੇ ਸਿਰਮੋਰ ਆਗੂ ਬਣ ਗਏ। ਫਿਰ ਉਹ ਮਹੰਤ ਵਾਲੇ ਭਰਮ ਕਰਮਕਾਡ ਨੂੰ ਗੁਰੂ ਘਰਾਂ ਵਿੱਚ ਕਰਨ ਲੱਗ ਪਏ। ਕਈ ਵਿਧੀ ਵਿਧਾਨ ਅਤੇ ਜਾਪ, ਪਾਠ, ਸੰਪਟ ਪਾਠ, ਪਾਠਾਂ ਦੀਆਂ ਲੜੀਆਂ ਚਲਾ ਕੇ ਕੌਮ ਨੂੰ ਲੁੱਟਣ ਲੱਗ ਪਏ ਜਨਤਾ ਆਪ ਗੁਰਬਾਣੀ ਪੜ੍ਹਨ, ਵਿਚਾਰਨ ਅਤੇ ਧਾਰਨ ਨਾਲੋਂ ਪੈਸੇ ਦੇਕੇ ਭਾੜੇ ਤੇ ਪਾਠ ਕਰਵਾ ਕੇ ਸੁੱਖਣਾਂ ਪੁਰੀਆਂ ਕਰਨ ਲੱਗ ਪਈ। ਫਿਰ ਸਿੱਖ ਮਿਸ਼ਨਰੀ ਲਹਿਰ ਪੈਦਾ ਹੋਈ, ਜੋ ਕਿਰਤੀਆਂ ਦੀ ਲਹਿਰ ਸੀ। ਇਸ ਦੇ ਵੀਰਾਂ ਨੇ ਪਾਰਟ ਟਾਈਮ ਕਲਾਸਾਂ ਲਗਾ ਕੇ ਪਿੰਡ-ਪਿੰਡ ਅਤੇ ਸ਼ੁਹਰ ਤੱਕ ਲੋਕਾਂ ਨੂੰ ਗੁਰਬਾਣੀ ਗਿਆਨ ਦੁਆਰਾ ਜਾਗ੍ਰਿਤ ਕੀਤਾ।
ਪਰ ਹੁਣ ਅਵੱਲ ਸਮੱਸਿਆ ਖੜੀ ਹੋ ਗਈ ਕਿ ਗੁਰਦੁਆਰਿਆਂ ਉਪਰ ਮਾਇਆਧਾਰੀ ਅਤੇ ਰਾਜਨੀਤਿਕ ਲੋਕਾਂ ਦਾ ਪ੍ਰਬੰਧ ਹੋ ਗਿਆ, ਜਿਨ੍ਹਾਂ ਨੇ ਆਪ ਗੁਰਬਾਣੀ ਡੂੰਘਾ ਅਧਿਆਨ ਨਹੀ ਕੀਤਾ ਹੋਇਆ ਅਤੇ ਗੁਰੂ ਘਰਾਂ ਨੂੰ ਰਾਜਨੀਤੀ ਦੇ ਅਖਾੜੇ ਬਣਾ ਦਿੱਤਾ ਹੈ। ਸੋ ਹੁਣ ਸਾਨੂੰ ਸੰਗਤਾਂ ਨੂੰ ਇਸ ਗੁਰ ਸਿਧਾਂਤ (ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨ ਸਦਾ ਵਸੋਆ) ਤੇ ਪਹਿਰਾ ਦੇ ਕੇ ਆਪਣੇ ਘਰਾਂ ਨੂੰ ਧਰਮਸ਼ਾਲ ਬਣਾ ਲੈਣਾ ਚਾਹੀਦਾ ਹੈ ਆਪ ਗੁਰਬਾਣੀ ਪੜ੍ਹਨੀ ਵਿਚਾਰਨੀ ਅਤੇ ਧਾਰਨੀ ਚਾਹੀਦੀ ਹੈ ਤਾਂ ਕਿ ਅਜੋਕੇ ਡੇਰੇਦਾਰ ਸੰਤ ਰੂਪੀ ਮਹੰਤਾਂ ਅਤੇ ਚਾਲਬਾਜ਼ ਪੁਲੀਟੀਕਲ ਲੀਡਰਾਂ ਤੋਂ ਮੁਕਤ ਹੋ ਕੇ ਗੁਰਸਿੱਖੀ ਨੂੰ ਪ੍ਰਫੁਲਿਤ ਕੀਤਾ ਜਾ ਸਕੇ। ਇਸ ਸਬੰਧ ਵਿੱਚ ਜਿਹੜੇ ਪੰਥ ਦਰਦੀ ਵੀਰ ਗੁਰਬਾਣੀ ਨੂੰ ਸਿਖ-ਸਿਖਾਉਣ ਦੇ ਉਪਰਾਲੇ ਕਰ ਰਹੇ ਹਨ। ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਕੇ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ। ਸੋ ਗੁਰਬਾਣੀ ਪੜ੍ਹਨ ਵਿਚਾਰਨ, ਧਾਰਨ ਅਤੇ ਅਮਲ ਕਰਕੇ ਜੀਵਨ ਸਫਲ ਬਣਾਉਣ ਲਈ ਹੈ ਨਾ ਕਿ ਕੇਵਲ ਮੱਥੇ ਟੇਕਣੇ, ਭਾੜੇ ਤੇ ਪਾਠ ਕਰਾਉਣੇ, ਧੂਪ ਬੱਤੀ ਕਰਨੀ, ਕੀਰਤਨ ਕਰਵਾ ਕੇ ਦਿਲ ਪ੍ਰਚਾਵਾ ਕਰਨ ਲਈ ਨਹੀ ਹੈ। ਸਗੋਂ ਬਾਣੀ ਤਾਂ ਜੀਵਨ ਜਾਂਚ ਦਾ ਖਜ਼ਾਨਾ ਹੈ ਆਉ ਗੁਰਬਾਣੀ ਆਪ ਪੜ੍ਹੀਏ ਤੇ ਹੋਰਨਾਂ ਨੂੰ ਪੜ੍ਹਨ ਲਈ ਪ੍ਰੇਰਿਤ ਕਰੀਏ।

ਬੇਅੰਤ ਸਿੰਘ ਖਾਨੇਵਾਲ




.