.

☬ ੴਸਤਿ ਗੁਰਪ੍ਰਸਾਦਿ ☬

ਵਾਰ ਮਾਝ ਕੀ, ਮਹਲਾ ੧-ਸਟੀਕ (ਪੰ: ੧੩੭- ੧੫੦)

(ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ) (ਕਿਸ਼ਤ ੧੭)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ, ਸਟੀਕ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

(ਪਉੜੀ ਨੰ: ੧੧ ਦਾ ਮੂਲ ਪਾਠ, ਸਲੋਕਾਂ ਸਮੇਤ)

ਸਲੋਕੁ ਮਃ ੧॥ ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ॥ ਸਣੁ ਕੀਸਾਰਾ ਚਿਥਿਆ ਕਣੁ ਲਇਆ ਤਨੁ ਝਾੜਿ॥ ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ॥ ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ॥ ੧ 

ਮਃ ੧॥ ਵੇਖੁ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ॥ ਖੁੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ॥ ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ॥ ਭੀ ਸੋ ਫੋਗੁ ਸਮਾਲੀਐ ਦਿਚੈ ਅਗਿ ਜਾਲਾਇ॥ ਨਾਨਕ ਮਿਠੈ ਪਤਰੀਐ ਵੇਖਹੁ ਲੋਕਾ ਆਇ॥ ੨ 

ਪਵੜੀ॥ ਇਕਨਾ ਮਰਣੁ ਨ ਚਿਤਿ ਆਸ ਘਣੇਰਿਆ॥ ਮਰਿ ਮਰਿ ਜੰਮਹਿ ਨਿਤ ਕਿਸੈ ਨ ਕੇਰਿਆ॥ ਆਪਨੜੈ ਮਨਿ ਚਿਤਿ ਕਹਨਿ ਚੰਗੇਰਿਆ॥ ਜਮਰਾਜੈ ਨਿਤ ਨਿਤ ਮਨਮੁਖ ਹੇਰਿਆ॥ ਮਨਮੁਖ ਲੂਣ ਹਾਰਾਮ ਕਿਆ ਨ ਜਾਣਿਆ॥ ਬਧੇ ਕਰਨਿ ਸਲਾਮ ਖਸਮ ਨ ਭਾਣਿਆ॥ ਸਚੁ ਮਿਲੈ ਮੁਖਿ ਨਾਮੁ ਸਾਹਿਬ ਭਾਵਸੀ॥ ਕਰਸਨਿ ਤਖਤਿ ਸਲਾਮੁ ਲਿਖਿਆ ਪਾਵਸੀ॥ ੧੧ 

(ਸਟੀਕ ਪਉ: ੧੧-ਲੋੜੀਂਦੀ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕੁ ਮ: ੧॥ ਜਾ ਪਕਾ ਤਾ ਕਟਿਆ, ਰਹੀ ਸੁ ਪਲਰਿ ਵਾੜਿ॥ ਸਣੁ ਕੀਸਾਰਾ ਚਿਥਿਆ, ਕਣੁ ਲਇਆ ਤਨੁ ਝਾੜਿ॥ ਦੁਇ ਪੁੜ ਚਕੀ ਜੋੜਿ ਕੈ, ਪੀਸਣ ਆਇ ਬਹਿਠੁ॥ ਜੋ ਦਰਿ ਰਹੇ ਸੁ ਉਬਰੇ, ਨਾਨਕ ਅਜਬੁ ਡਿਠੁ॥ ੧॥ {ਪੰਨਾ ੧੪੨}

ਪਦ ਅਰਥ: ਪਲਰਿ—ਨਾੜ, ਬੂਟੇ ਦੀ ਨਾਲੀ ਜਿਸ ਉੱਤੇ ਸਿੱਟਾ ਉਗਿਆ ਹੁੰਦਾ ਹੈ। ਸਣੁ—ਸਮੇਤ। ਕੀਸਾਰਾ—ਸਿੱਟੇ ਦੇ ਤਿੱਖੇ ਕੰਡੇ। ਕਣੁ—ਦਾਣੇ। ਤਨੁ ਝਾੜਿ—ਬੂਟਿਆਂ ਦਾ ਤਨ ਝਾੜ ਕੇ, ਬੋਹਲ ਉਡਾ ਕੇ, ਛਿਲਕਾ ਉਤਾਰ ਕੇ। ਆਇ …. ਆ ਕੇ। ਬਹਿਠੁ—ਬੈਠ ਜਾਂਦੇ ਹਨ। ਅਜਬੁ—ਅਚਰਜ ਤਮਾਸ਼ਾ।

ਅਰਥ: “ਜਾ ਪਕਾ ਤਾ ਕਟਿਆ” ਜਦੋਂ ਕਣਕ ਆਦਿ ਦੀ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਉਸ ਦੇ ਬੂਟਿਆਂ ਨੂੰ ਉਤੋਂ ਉਤੋਂ ਵੱਢ ਲਿਆ ਜਾਂਦਾ ਹੈ।

“ਰਹੀ ਸੁ ਪਲਰਿ ਵਾੜਿ” ਜਦਕਿ ਖੇਤ `ਚ ਉਸ ਕਣਕ ਆਦਿ ਦੇ ਬੂਟਿਆਂ ਦੀ ਨਾੜ ਤੇ ਪੈਲੀ ਦੀ ਵਾੜ ਪਿੱਛੇ ਰਹਿ ਜਾਂਦੀ ਹੈ।

“ਸਣੁ ਕੀਸਾਰਾ ਚਿਥਿਆ” ਉਪ੍ਰੰਤ ਉਸ ਨੂੰ ਸਿੱਟਿਆਂ ਸਮੇਤ ਗਾਹ ਲਿਆ ਜਾਂਦਾ ਹੈ।

“ਕਣੁ ਲਇਆ ਤਨੁ ਝਾੜਿ” ਇਸ ਤਰ੍ਹਾਂ ਉਸ ਤੋਂ ਬੋਹਲ ਹਟਾ ਕੇ ਤੇ ਉਸ `ਚੋਂ ਦਾਣੇ ਕੱਢ ਲਈਦੇ ਹਨ।

“ਦੁਇ ਪੁੜ ਚਕੀ ਜੋੜਿ ਕੈ” ਇਸ ਤੋਂ ਬਾਅਦ ਉਸ ਕਣਕ ਆਦਿ ਨੂੰ ਪੀਸ ਕੇ ਤੇ ਉਸ ਦਾ ਆਟਾ ਬਨਾਉਣ ਲਈ, ਚੱਕੀ ਦੇ ਦੋਨਾਂ ਪੁੜਾਂ ਨੂੰ ਜੋੜਿਆ ਜਾਂਦਾ ਹੈ।

“ਪੀਸਣ ਆਇ ਬਹਿਠੁ” ਉਪ੍ਰੰਤ ਕਣਕ ਆਦਿ ਦੇ ਦਾਣਿਆਂ ਨੂੰ ਪੀਹਣ ਲਈ ਉਥੇ ਪ੍ਰਾਣੀ ਭਾਵ ਚੱਕੀ ਦਾ ਮਾਲਿਕ ਆ ਕੇ ਬੈਠ ਜਾਂਦਾ ਹੈ। ਉਪ੍ਰੰਤ ਉਨ੍ਹਾਂ ਦਾਣਿਆਂ ਨੂੰ ਪੀਸ ਦਿੱਤਾ ਜਾਂਦਾ ਹੈ। “ਜੋ ਦਰਿ ਰਹੇ ਸੁ ਉਬਰੇ, ਨਾਨਕ ਅਜਬੁ ਡਿਠੁ” ਇਸ `ਤੇ ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਕਰਤੇ ਦੀ ਕਣਕ ਵਾਲੀ ਇਸ ਸਾਰੀ ਕਰਣੀ ਤੇ ਖੇਡ `ਚ ਮੈਂ ਇੱਕ ਅਚਰਜ ਤਮਾਸ਼ਾ ਵੀ ਦੇਖਿਆ ਹੈ। ਉਹ ਤਮਾਸ਼ਾ ਇਹ ਹੈ ਕਿ ਜੋ ਦਾਣੇ ਚੱਕੀ ਦੇ ਦਰ ਤੇ ਭਾਵ ਚੱਕੀ ਦੀ ਕਿੱਲੀ ਨੇੜੇ ਰਹਿੰਦੇ ਹਨ, ਉਹ ਚੱਕੀ ਚਲਣ ਤੋਂ ਬਾਅਦ ਵੀ ਪੀਸਣੋਂ ਬਚ ਜਾਂਦੇ ਹਨ।

ਸਿਟਾ ਇਹ ਕਿ ਜੋ ਮਨੁੱਖ, ਮਨੁੱਖਾ ਜਨਮ ਪਾ ਕੇ ਅਤੇ ਪ੍ਰਭੂ ਦਰ ਨਾਲ ਜੁੜੇ ਰਹਿੰਦੇ ਹਨ ਉਨ੍ਹਾਂ ਨੂੰੂ ਸੰਸਾਰ `ਚ ਵਿਚਰਦਿਆਂ ਵਿਕਾਰ ਵੀ ਨਹੀਂ ਪੋਹ ਸਕਦੇ। ਭਾਵ ਸੰਸਾਰ `ਚ ਵਿਚਰਦਿਆਂ ਨੂੰ ਸੰਸਾਰਕ ਮੋਹ ਮਾਇਆ ਦੀ ਚਮਕ ਦਮਕ, ਤ੍ਰਿਸ਼ਨਾ ਦੀ ਅੱਗ ਤੇ ਵਿਕਾਰਾਂ ਦੀ ਗਰਮੀ ਵੀ ਉਨ੍ਹਾਂ ਦੇ ਦੁਰਲਭ ਤੇ ਅਮੁੱਲੇ ਮਨੁੱਖਾ ਜਨਮ ਨੂੰ ਬਰਬਾਦ ਨਹੀਂ ਕਰ ਸਕਦੀ। ੧।

ਗੁਰਮੱਤ ਵਿਚਾਰ ਦਰਸ਼ਨ- (੧) ਸਲੋਕ `ਚ ਗੁਰਦੇਵ, ਕਣਕ ਦੀ ਜੀਵਨ ਗਾਥਾ ਨੂੰ ਆਧਾਰ ਬਣਾ ਕੇ ਅਤੇ ਉਸ ਦੀ ਮਿਸਾਲ ਵਰਤ ਕੇ, ਮਨੁੱਖਾ ਜਨਮ ਦੇ ਸੱਚ ਨੂੰ ਪ੍ਰਗਟ ਕਰ ਰਹੇ ਹਨ। ਦਰਸਾਉਂਦੇ ਹਨ ਕਿ ਜਨਮ ਲੈਣ ਬਾਅਦ, ਕਣਕ ਆਦਿ ਫ਼ਸਲ ਦਾ ਸੰਸਾਰ `ਚ ਆਖ਼ਿਰ ਹਾਲ ਕੀ ਹੁੰਦਾ ਹੈ? ਮਨੁੱਖ ਆਪਣੀ ਲੋੜ ਪੂਰੀ ਕਰਣ ਲਈ ਉਸ ਕਣਕ ਦੀ ਹੋਂਦ ਨੂੰ ਵੀ ਮੁਕਾਅ ਦਿੰਦਾ ਹੈ। ਪਹਿਲਾਂ ਤਾਂ ਉਸ ਦੀ ਫ਼ਸਲ ਦਾ ਜੋ ਹਾਲ ਹੁੰਦਾ ਹੈ ਉਹ ਅਲੱਗ, ਫ਼ਿਰ ਉਸ ਦੇ ਦਾਣਿਆਂ ਨੂੰ ਪੀਸ ਕੇ ਤੇ ਉਸ ਦਾ ਆਟਾ ਬਨਾਉਣ ਬਾਅਦ, ਉਸ ਦਾ ਨਾਮੋ ਨਿਸ਼ਾਨ ਵੀ ਬਾਕੀ ਨਹੀਂ ਰਹਿੰਦਾ। ਜਦਕਿ ਇਸ ਸਾਰੇ ਦੇ ਬਾਵਜੂਦ, ਪੀਸਣ ਸਮੇਂ ਕਣਕ ਦੇ ਜਿਹੜੇ ਦਾਣੇ ਚੱਕੀ ਦੀ ਕਿੱਲੀ ਨਾਲ ਜੁੜੇ ਰਹਿੰਦੇ ਹਨ, ਸਮੁਚੀ ਕਿਰਿਆ ਤੋਂ ਬਾਅਦ ਵੀ ਉਹ ਸਾਬਤ ਹੀ ਰਹਿੰਦੇ ਹਨ ਤੇ ਪਿਸਦੇ ਨਹੀਂ।

ਕਣਕ ਦੀ ਮਿਸਾਲ ਰਾਹੀਂ ਗੁਰਦੇਵ ਅਸਲ `ਚ ਮਨੁੱਖਾ ਜਨਮ ਵਾਲੀ ਖੇਡ ਨੂੰ ਦਰਸਾ ਰਹੇ ਹਨ। ਸਪਸ਼ਟ ਕਰ ਰਹੇ ਹਨ ਕਣਕ ਵਾਂਗ ਮਨੁੱਖਾ ਜੂਨ ਪ੍ਰਾਪਤ ਹੋਣ ਬਾਅਦ, ਜਿਹੜੇ ਸੁਰਤ ਤੇ ਲਿਵ ਕਰਕੇ ਕਰਤੇ ਅਕਾਲ ਪੁਰਖ ਨਾਲ ਜੁੜੇ ਰਹਿ ਕੇ ਸੰਸਾਰ `ਚ ਵਿਚਰਦੇ ਹਨ; ਕੇਵਲ ਉਨ੍ਹਾਂ ਦੇ ਜੀਵਨ ਹੀ ਸਫ਼ਲ ਹੁੰਦੇ ਹਨ। ਉਨ੍ਹਾਂ ਦਾ ਇਹ ਲੋਕ ਵੀ ਸੁਹੇਲਾ ਹੁੰਦਾ ਹੈ ਤੇ ਪ੍ਰਲੋਕ ਵੀ ਸੁਹੇਲਾ ਹੋ ਜਾਂਦਾ ਹੈ। ਜਦਕਿ ਬਹੁਤੇ ਇਸ ਅਮੁੱਲੇ ਜਨਮ ਨੂੰ ਵੀ ਬਿਰਥਾ ਕਰਕੇ ਫ਼ਿਰ ਤੋਂ ਜੂਨਾਂ-ਗਰਭਾਂ ਦੇ ਗੇੜ `ਚ ਹੀ ਪੈਂਦੇ ਹਨ। ਇਸ ਤਰ੍ਹਾਂ ਮਨੁੱਖਾ ਜੂਨ ਪਾ ਕੇ ਵੀ ਉਨ੍ਹਾਂ ਦੀ ਹਾਲਤ “ਆਇਆ ਗਇਆ ਮੁਇਆ ਨਾਉ॥ ਪਿਛੈ ਪਤਲਿ ਸਦਿਹੁ ਕਾਵ॥ ਨਾਨਕ ਮਨਮੁਖਿ ਅੰਧੁ ਪਿਆਰੁ॥ ਬਾਝੁ ਗੁਰੂ ਡੁਬਾ ਸੰਸਾਰੁ” ਵਾਲੀ ਹੀ ਬਣਦੀ ਹੈ, ਇਸ ਤੋਂ ਵਧ ਨਹੀਂ; ਗੁਰਮੁਖ ਅਵਸਥਾ ਨੂੰ ਹਾਸਲ ਨਹੀਂ ਕਰ ਪਾਂਦੇ।

(੨) “ਦੁਇ ਪੁੜ ਚਕੀ ਜੋੜਿ ਕੈ” -ਇਥੇ ਇਹ ਵੀ ਧਿਆਨ ਦੇਣਾ ਹੈ ਕਿ ਗੁਰਬਾਣੀ ਦਾ ਸੱਚ ਤੇ ਗੁਰਬਾਣੀ ਸਿਧਾਂਤ ਜੁਗੋ ਜੁਗ ਅਟੱਲ ਹੁੰਦੇ ਹਨ। ਜਦਕਿ ਗੁਰਬਾਣੀ ਦੇ ਹੀ ਦੋ ਪੱਖ ਹੋਰ ਵੀ ਹਨ। ਪਹਿਲਾ- ਗੁਰਬਾਣੀ `ਚ ਮਿਥਿਹਾਸਕ ਮਿਸਾਲਾਂ ਤੇ ਹਵਾਲੇ। ਦੂਜਾ- ਸਮੇਂ ਸਮੇਂ ਦੇ ਚਲਣ ਤੇ ਲੋਕਾਂ ਦੀ ਰਹਿਣੀ ਨਾਲ ਸਬੰਧਤ ਮਿਸਾਲਾਂ।

ਜਦਕਿ ਗੁਰਬਾਣੀ ਵਿਚਲੀਆਂ ਮਿਥਿਹਾਸਕ ਮਿਸਾਲਾਂ ਕਿਸੇ ਘਟਣਾ ਦੀ ਪ੍ਰੌੜਤਾ ਨਹੀਂ ਕਰਦੀਆਂ, ਕੇਵਲ ਲੋੜ ਅਨੁਸਾਰ ਮਿਸਾਲਾਂ ਹੀ ਹੁੰਦੀਆਂ ਹਨ। ਉਪ੍ਰੰਤ ਇਸ ਦਾ ਹੀ ਦੂਜਾ ਪੱਖ ਹੈ ਸਮੇਂ ਤੇ ਸਥਾਨ ਨਾਲ ਸਦਾ ਤੋਂ ਬਦਲਣ ਵਾਲਾ ਚਲਣ ਤੇ ਲੋਕਾਂ ਦੀ ਰਹਿਣੀ। ਜਦਕਿ ਗੁਰਬਾਣੀ ਦੇ ਆਦਿ ਜੁਗਾਦੀ ਸੱਚ ਨਾਲ, ਉਨ੍ਹਾਂ ਦੋਨਾਂ ਵਿਸ਼ਿਆਂ ਦਾ ਕੁੱਝ ਵੀ ਲੈਣਾ ਦੇਣਾ ਨਹੀਂ।

ਇਸੇ ਤਰ੍ਹਾਂ ਇਥੇ ਜੋ ਕਣਕ ਦੀ ਖੇਤੀ ਤੋਂ ਲੈ ਕੇ ਉਸ ਤੋਂ ਆਟਾ ਪੀਸਣ ਦੇ ਢੰਗ ਤੱਕ ਦੀ ਮਿਸਾਲ ਆਈ ਹੈ। ਉਸ ਚੋਂ ਸਮੇਂ ਨਾਲ ਤੇ ਖਾਸ ਕਰ, ਹੱਥ ਦੀਆਂ ਚੱਕੀਆਂ ਵਾਲੀ ਗੱਲ, ਅੱਜ ਪੂਰੀ ਤਰ੍ਹਾਂ ਮੁੱਕ ਚੁੱਕੀ ਹੈ। ਅੱਜ ਦੇ ਮਸ਼ੀਨੀ ਯੁਗ `ਚ ਆਟਾ ਪੀਸਨ ਲਈ ਵੱਡੀਆਂ ਵੱਡੀਆਂ ਮਸ਼ੀਨਾਂ ਹਨ ਤੇ ਸਾਰਾ ਕੰਮ ਮਿਲਾਂ `ਚ ਹੋ ਰਿਹਾ ਹੈ ਜਦਕਿ ਦੇਖਿਆ ਜਾਵੇ ਤਾਂ ਮੂਲ ਵਿਸ਼ਾ ਫ਼ਿਰ ਵੀ ਉਥੇ ਦਾ ਉਥੇ ਹੀ ਹੈ। ਇਸ ਲਈ ਪਨੀਰੀ ਵਿਚਾਲੇ ਵਿਸ਼ੇ ਨੂੰ ਸਪਸ਼ਟ ਕਰਣ ਲਈ ਅਜੋਕੇ ਬਜ਼ੁਰਗਾਂ ਦਾ ਫ਼ਰਜ਼ ਬਣਦਾ ਹੈ ਕਿ ਪਨੀਰੀ ਨੂੰ ਹੱਥ ਦੀਆਂ ਚੱਕੀਆਂ ਵਾਲਾ ਵਿਸ਼ਾ ਵੀ ਸ਼ਪਸ਼ਟ ਕਰਣ। ਨਾ ਕਿ ਸੰਗਤਾਂ ਅਜਿਹੇ ਵਿਸ਼ਿਆਂ ਲੈ ਕੇ ਗੁਰਬਾਣੀ ਦੇ ਸਦੀਵੀ ਸਚੱ ਸਬੰਧੀ ਭਰਮਾ ਦਾ ਸ਼ਿਕਾਰ ਹੋਣ।

ਮ: ੧॥ ਵੇਖੁ ਜਿ ਮਿਠਾ ਕਟਿਆ, ਕਟਿ ਕੁਟਿ ਬਧਾ ਪਾਇ॥ ਖੁੰਢਾ ਅੰਦਰਿ ਰਖਿ ਕੈ, ਦੇਨਿ ਸੁ ਮਲ ਸਜਾਇ॥ ਰਸੁ ਕਸੁ ਟਟਰਿ ਪਾਈਐ, ਤਪੈ ਤੈ ਵਿਲਲਾਇ॥ ਭੀ ਸੋ ਫੋਗੁ ਸਮਾਲੀਐ, ਦਿਚੈ ਅਗਿ ਜਲਾਇ॥ ਨਾਨਕ ਮਿਠੈ ਪਤਰੀਐ ਵੇਖਹੁ ਲੋਕਾ ਆਇ॥ ੨॥ {ਪੰਨਾ ੧੪੩}

ਪਦ ਅਰਥ: ਮਿਠਾ—ਗੰਨਾ। ਕਟਿ ਕੁਟਿ—ਕੱਟ ਕੁੱਟ ਕੇ (ਭਾਵ,) ਵੱਢਣ ਪਿਛੋਂ ਬਾਕੀ ਦੀ ਤਿਆਰੀ ਕਰ ਕੇ, ਉਸ ਨੂੰ ਛਿੱਲ ਛਿੱਲ ਕੇ। ਪਾਇ—ਪਾ ਕੇ, ਰੱਸੀਆਂ ਪਾ ਕੇ। ਖੁੰਢਾ—ਵੇਲਣੇ ਦੀਆਂ ਲੱਠਾਂ। ਮਲ—ਮੱਲ, ਭਲਵਾਨ, ਇਥੇ ਜ਼ਿਮੀਂਦਾਰ। ਰਸੁ ਕਸੁ—ਕੱਢੀ ਹੋਈ ਰਹੁ। ਟਟਰਿ—ਕੜਾਹੇ `ਚ। ਸਮਾਲੀਐ—ਇਕੱਠਾ ਕਰ ਲਈਦਾ ਹੈ। ਮਿਠੈ—ਮਿੱਠੇ ਦੇ ਕਾਰਣ। ਪਤਰੀਐ—ਖ਼ੁਆਰ ਹੋਈਦਾ ਹੈ। ‘ਮਿਠੈ ਪਤਰੀਐ… ‘ਮਿੱਠੇ ਤੋਂ ਹੀ ਖੁਆਰ ਹੋਈਦਾ ਹੈ। ਜਿਵੇਂ ‘ਕਵਨੁ ਕਵਨੁ ਨਹੀ ਪਤਰਿਆ ਤੁਮੑਰੀ ਪਰਤੀਤਿ’ (ਪੰ: ੮੧੫) ਜਿਸਦੇ ਅਰਥ ਹਨ “ਹੇ ਮਨ! ਤੇਰਾ ਇਤਬਾਰ ਕਰ ਕੇ ਕਿਸ ਕਿਸ ਨੇ ਧੋਖਾ ਨਹੀਂ ਖਾਧਾ ਜਾਂ ਕੌਣ ਖੁਆਰ ਨਹੀਂ ਹੋਇਆ?”

ਅਰਥ: “ਵੇਖੁ ਜਿ ਮਿਠਾ ਕਟਿਆ, ਕਟਿ ਕੁਟਿ ਬਧਾ ਪਾਇ” ਇਹ ਜਾਣ ਕੇ ਭਾਵ ਇਹ ਸਮਝ ਆ ਜਾਣ `ਤੇ ਕਿ ਗੰਨੇ `ਚ ਮਿਠਾਸ ਹੈ, ਇਸ ਨੂੰ ਵੱਢ ਲਈਦਾ ਹੈ। ਉਪ੍ਰੰਤ ਇਸ ਨੂੰ ਛਿੱਲ ਛਿੱਲ ਕੇ ਅਤੇ ਰੱਸੀਆਂ ਪਾ ਕੇ ਬੰਨ੍ਹ ਲਈਦਾ ਤੇ ਇਸ ਦੀਆਂ ਭਰੀਆਂ ਬਣਾ ਲਈ ਦੀਆਂ ਹਨ।

“ਖੁੰਢਾ ਅੰਦਰਿ ਰਖਿ ਕੈ, ਦੇਨਿ ਸੁ ਮਲ ਸਜਾਇ” ਫਿਰ ਵੇਲਣੇ ਦੀਆਂ ਲੱਠਾਂ `ਚ ਰੱਖ ਕੇ ਭਲਵਾਨ ਭਾਵ, ਜ਼ਿਮੀਂਦਾਰ ਇਸ ਨੂੰ ਮਾਨੋ ਮਿਠਾ ਹੋਣ ਦੀ ਸਜ਼ਾ ਦਿੰਦੇ ਹਨ, ਇਸ ਨੂੰ ਵੇਲਣੇ `ਚ ਪੀੜਦੇ ਹਨ।

“ਰਸੁ ਕਸੁ ਟਟਰਿ ਪਾਈਐ, ਤਪੈ ਤੈ ਵਿਲਲਾਇ” ਉਨ੍ਹਾਂ ਗੰਨਿਆਂ ਤੋਂ ਤਿਆਰ ਹੋਈ ਸਾਰੀ ਰਹੁ ਕੜਾਹੇ `ਚ ਪਾ ਲਈਦੀ ਹੈ। ਫ਼ਿਰ ਕੜ੍ਹਾਹੇ `ਚ ਪਈ ਹੋਈ ਇਹ ਰਹੁ, ਜਿਸ ਹੇਠਾਂ ਅੱਗ ਬਾਲ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਅੱਗ ਦੇ ਸੇਕ ਨਾਲ ਇਹ ਰਹੁ ਕੜ੍ਹਦੀ ਹੈ ਤੇ ਮਾਨੋ ਇਹ ਵਿਲਕਦੀ ਹੈ।

“ਭੀ ਸੋ ਫੋਗੁ ਸਮਾਲੀਐ, ਦਿਚੈ ਅਗਿ ਜਲਾਇ” ਉਪ੍ਰੰਤ ਗੰਨੇ ਦਾ ਉਹ ਫੋਗ ਭਾਵ ਚੂਰਾ, ਵੀ ਸਾਂਭ ਲਈਦਾ ਹੈ ਤੇ ਸੁਕਾਅ ਕੇ ਉਸ ਦੇ ਕੜਾਹੇ ਹੇਠ ਹੀ ਅੱਗ `ਚ ਸਾੜ ਦੇਈਦਾ ਹੈ। ਭਾਵ ਗੰਨੇ ਦੀ ਉਸ ਰਹੁ ਤੋਂ ਗੁੜ ਬਨਾਉਣ ਲਈ, ਰਹੁ ਦੇ ਕੜ੍ਹਾਹੇ ਹੇਠ ਅੱਗ ਬਾਲਣ ਲਈ ਵੀ ਉਸ ਦੇ ਫੋਕ ਨੂੰ ਹੀ ਵਰਤਿਆ ਜਾਂਦਾ ਹੈ ਉਹ ਵੀ ਕੁੱਝ ਹੋਰ ਨਹੀਂ ਹੁੰਦਾ।

“ਨਾਨਕ ਮਿਠੈ ਪਤਰੀਐ ਵੇਖਹੁ ਲੋਕਾ ਆਇ” ਤਾਂ ਤੇ ਗੁਰੂ ਨਾਨਕ ਪਾਤਸ਼ਾਹ ਗੰਨੇ ਦੀ ਮਿਠਾਸ ਵਾਲੀ ਮਿਸਾਲ ਵਰਤ ਕੇ ਮਨੁੱਖ ਨੂੰ ਚੇਤਾਵਣੀ ਦਿੰਦੇ ਹਨ।

ਫ਼ੁਰਮਾਉਂਦੇ ਹਨ ਐ ਦੁਨਿਆਂ ਦੇ ਲੋਕੋ! ਤੁਸੀਂ ਵੀ ਆ ਕੇ ਇਸ ਗੰਨੇ ਦਾ ਹਾਲ ਦੇਖ ਲਵੋ! ਕੇਵਲ ਮਿੱਠੇ ਕਾਰਨ ਜੋ ਹਾਲ ਗੰਨੇ ਦਾ ਹੁੰਦਾ ਹੈ। ਠੀਕ ਇਸੇ ਤਰ੍ਹਾਂ ਜੇ ਤੁਸੀਂ ਵੀ ਕਰਤੇ ਨੂੰ ਵਿਸਾਰ ਕੇ ਤੇ ਸੰਸਾਰਕ ਰਸਾਂ ਦੀ ਮਿਠਾਸ `ਚ ਡੁੱਬੇ ਰਹਿ ਕੇ ਜੀਵਨ ਬਤੀਤ ਕੀਤਾ ਤਾਂ ਤੁਹਾਨੂੰ ਵੀ ਜੀਵਨ ਭਰ ਖੁਆਰ ਹੋਣਾ ਪਵੇਗਾ। ਇਤਨਾ ਹੀ ਨਹੀਂ ਬਲਕਿ ਮੌਤ ਤੋਂ ਬਾਅਦ ਵੀ ਜਿਸ ਤਰ੍ਹਾਂ ਕਿ ਇਹ ਗੰਨਾ। ਭਾਵ ਜੀਵਨ ਤਾਂ ਖੁਆਰੀਆਂ, ਚਿੰਤਾਂਵਾਂ, ਭਟਕਣਾ, ਵਿਕਾਰਾਂ ਦੀ ਮਾਰ ਹੇਠ ਔਖਾ ਕਢੋਗੇ ਹੀ ਜਦਕਿ ਮੌਤ ਤੋਂ ਬਾਅਦ ਵੀ, ਫ਼ਿਰ ਤੋਂ ਜਨਮਾਂ, ਜੂਨਾਂ, ਗਰਭਾਂ ਦੇ ਗੇੜ `ਚ ਹੀ ਪਵੋਗੇ।

ਕਿਉਂਕਿ ਜਿਸ ਜੀਵਨ ਅੰਦਰ ਮਾਇਕ ਪਦਾਰਥਾਂ ਦੀ ਮਿਠਾਸ, ਤ੍ਰਿਸ਼ਨਾ ਤੇ ਖਿੱਚ ਭਰੀ ਰਵੇ ਤੇ ਦੇਣ ਹਾਰ ਕਰਤਾ ਅਕਾਲ ਪੁਰਖ ਵਿਸਰਿਆ ਰਵੇ ਤਾਂ ਅਜਿਹਾ ਮਨੁੱਖ ਜੀਵਨ ਭਰ ਵਿਕਾਰਾਂ ਦੀ ਮਾਰ ਹੇਠ ਹੀ ਜ਼ਿੰਦਗੀ ਬਿਤਾਉਣ ਨੂੰ ਮਜਬੂਰ ਹੁੰਦਾ ਹੈ। ਉਪ੍ਰੰਤ ਜੀਵਨ ਨੂੰ ਬਿਰਥਾ ਕਰਕੇ ਜਾਂਦਾ ਹੈ ਤੇ ਮੌਤ ਤੋਂ ਬਾਅਦ ਵੀ ਭੋਗਾਂ ਨੂੰ ਭੋਗਣ ਲਈ ਮਜਬੂਰ ਹੁੰਦਾ ਹੈ। ਠੀਕ ਇਸੇ ਤਰ੍ਹਾਂ ਜਿਵੇਂ ਮਿਠਾਸ ਦੋਖ ਕਾਰਨ ਗੰਨੇਂ ਦਾ ਵੀ, ਬਲਕਿ ਉਸ ਦੇ ਫੋਕ ਸਮੇਤ ਉਸ ਦਾ ਮੂਲ ਨਾਸ ਹੁੰਦਾ ਹੈ। ੨।

ਗੁਰਮੱਤ ਵਿਚਾਰ ਦਰਸ਼ਨ- (੧) “ਨਾਨਕ ਮਿਠੈ ਪਤਰੀਐ ਵੇਖਹੁ ਲੋਕਾ ਆਇ” ਬੇਸ਼ੱਕ ਮਿਠਾਸ ਗੰਨੇ ਦਾ ਕੁਦਰਤੀ ਗੁਣ ਹੈ। ਪਰ ਅਸਾਂ ਇਸ ਨੂੰ ਵੀ ਧਿਆਨ `ਚ ਰਖਣਾ ਹੈ ਕਿ ਗੰਨੇ ਦਾ ਅੰਤ ਤੱਕ ਜੋ ਹਾਲ ਤੇ ਦੁਰੱਗਤ ਹੁੰਦੀ ਹੈ ਤੇ ਜਿਹੜੀ ਸਲੋਕ `ਚ ਬਿਆਣੀ ਹੈ, ਉਹ ਉਸ ਦੀ ਅੰਦਰਲੀ ਮਿਠਾਸ ਕਾਰਨ ਹੀ ਹੁੰਦੀ ਹੈ। ਜਦਕਿ ਦੂਜੇ ਪਾਸੇ ਬਾਂਸ ਦਾ ਰੂਪ ਵੀ ਗੰਨੇ ਞਾਲਾ ਹੁੰਦਾ ਹੈ ਪਰ ਮਨੁੱਖ ਉਸ ਨਾਲ ਕਿਤੇਈ ਉਹ ਵਤੀਰਾ ਨਹੀਂ ਕਰਦਾ ਜਿਹੜਾ ਗੰਨੇ ਨਾਲ ਕਰਦਾ ਹੈ। ਜਦਕਿ ਇਸ ਤੋਂ ਪਹਿਲੇ ਸਲੋਕ `ਚ ਕਣਕ ਦੇ ਨਾਲ ਵੀ ਇਹੀ ਗੱਲ ਹੈ।

ਦੂਜਾ ਇਹ, ਮਿਸਾਲ ਸਦਾ ਇੱਕ ਪੱਖੀ ਹੁੰਦੀ ਹੈ ਸਰਬ ਪੱਖੀ ਨਹੀਂ; ਜਦਕਿ ਸਰਬ ਪੱਖੀ ਕੇਵਲ ਉਹ ਵਸਤ ਹੁੰਦੀ ਹੈ ਜਿਸ ਦੀ ਉਪਮਾ ਦਿੱਤੀ ਜਾਵੇ। ਇਥੇ ਚੂੰਕਿ ਸਲੋਕ ਦਾ ਅੰਤ੍ਰੀਵ ਭਾਵ ਹੀ “ਮਿਠੈ ਪਤਰੀਐ” ਭਾਵ ਮਿਠਾਸ ਚੰਗੇ ਭਲੇ ਮਨੁੱਖਾ ਜੀਵਨ ਨੂੰ ਖੁਆਰ ਕਰਦੀ ਹੈ। ਤਾਂ ਮਨੁੱਖਾ ਜੀਵਨ ਨਾਲ ਸਬੰਧਤ ਉਹ ਕਿਹੜੀ ਮਿਠਾਸ ਹੈ ਜੋ ਮਨੁੱਖ ਨੂੰ ਖੁਆਰ ਤੇ ਜਨਮ ਨੂੰ ਅਜ਼ਾਈਂ ਕਰਦੀ ਹੈ। ਉਹ ਮਿਠਾਸ ਹੈ ਕਰਤੇ ਨੂੰ ਵਿਸਾਰ ਕੇ, ਜੀਵਨ ਭਰ ਤ੍ਰਿਸ਼ਨਾ ਤੇ ਵਿਕਾਰਾਂ ਦੀ ਅੱਗ `ਚ ਲੁਝਣਾ ਵੀ ਤੇ ਉਸ ਦੀ ਮਿਠਾਸ ਵੀ ਜਿਸ ਨੂੰ ਕਿ ਫ਼ਿਰ ਵੀ ਮਨੁੱਖ ਚਿੰਬੜਿਆ ਰਹਿੰਦਾ ਹੈ ਛਡਦਾ ਨਹੀਂ। ਜਦਕਿ ਵਿਕਾਰਾਂ ਤੇ ਤ੍ਰਿਸ਼ਨਾ ਦੀ ਇਹ ਉਹ ਅੱਗ ਹੈ ਜਿਸ ਦਾ ਜ਼ਾਹਿਰਾ ਰੂਪ ਤਾਂ “ਕੂੜੁ ਮਿਠਾ ਕੂੜੁ ਮਾਖਿਉ” ਹੈ ਪਰ ਨਤੀਜਾ “ਕੂੜੁ ਡੋਬੇ ਪੂਰੁ” (ਵਾਰ ਆਸਾ ਪੰ: ੪੬੮) ਅਥਵਾ ਉਹ ਅੱਗ ਹੈ ਜਿਸ ਨੂੰ ਇਸੇ ਵਾਰ ਦੀ ਪਉੜੀ ੯ `ਚ ਵੀ ਗੁਰਦੇਵ ਨੇ ਇਸ ਤਰ੍ਹਾਂ ਬਿਆਣਿਆ ਹੈ ਜਿਵੇਂ “ਕੁਫਰ ਗੋਅ ਕੁਫਰਾਣੈ ਪਇਆ ਦਝਸੀ”। ਬਲਕਿ ਹੱਥਲੇ ਸਲੋਕ ਤੋਂ ਬਾਅਦ ਅੱਗੇ ਸਬੰਧਤ ਪਉੜੀ `ਚ ਵੀ ਤੇ ਗੁਰਬਾਣੀ `ਚ ਹੋਰ ਵੀ ਬੇਅੰਤ ਥਾਂਵੇਂ ਇਸ ਵਿਸ਼ੇ ਨੂੰ ਸਪਸ਼ਟ ਕੀਤਾ ਹੋਇਆ ਹੈ।

(੨) “ਵੇਖੁ ਜਿ ਮਿਠਾ ਕਟਿਆ”, ਕਟਿ ਕੁਟਿ ਬਧਾ ਪਾਇ” ਸੁਆਲ ਪੈਦਾ ਹੁੰਦਾ ਹੈ ਕਿ ਸਲੋਕ `ਚ ਬਿਆਣੀ ਹੋਈ, ਸੰਸਾਰ ਤਲ `ਤੇ ਗੰਨੇ ਦੀ ਉਹ ਦੁਰਗੱਤ ਹੋਈ ਤਾਂ ਕਿਉਂ? ਇਹ ਸਭ ਇਸ ਲਈ ਹੋਈ, ਕਿ ਜਦੋਂ ਮਨੁੱਖ ਨੇ “ਵੇਖੁ ਜਿ ਮਿਠਾ ਕਟਿਆ” ਭਾਵ ਇੱਕ ਵਾਰ ਸਮਝ ਤੇ ਦੇਖ ਲਿਆ ਕਿ ਗੰਨੇ `ਚ ਬਹੁਤ ਮਿਠਾਸ ਹੈ। ਇਸੇ ਤੋਂ ਮਨੁੱਖ ਨੇ ਇਸ ਗੰਨੇ ਦਾ ਇਹ ਹਾਲ ਕੀਤਾ, ਨਹੀਂ ਤਾਂ ਅਜਿਹਾ ਕਦੇ ਵੀ ਨਾ ਕਰਦਾ। ਫ਼ਿਰ ਕੀ ਸੀ, ਫ਼ਿਰ ਤਾਂ ਮਨੁੱਖ ਨੇ ਇਸ ਨੂੰ ਕਟ ਵੱਢ ਤੇ ਛਿੱਲ ਛਿੱਲ (ਕੁਟ) ਕੇ ਪਹਿਲਾਂ ਇਸ ਦੀ ਭਰੀਆਂ ਬਣਾਈਆਂ। ਫ਼ਿਰ ਵੇਲਣੇ `ਚ ਪਾ ਕੇ ਇਸ `ਚੋਂ ਰਹੁ ਕੱਢੀ। ਉਪ੍ਰੰਤ ਉਸ ਰਹੁ ਤੋਂ ਗੁੜ ਬਨਾਉਣ ਲਈ, ਰਹੁ ਨੂੰ ਕੜਾਹੇ `ਚ ਪਾ ਕੇ ਅੱਗ ਤੇ ਉਬਾਲਿਆ। ਜਦਕਿ ਉਸ ਅੱਗ ਦੇ ਬਾਲਣ ਲਈ ਜੋ ਵਰਤਿਆ ਤਾਂ ਉਹ ਵੀ ਉਸ ਗੰਨੇ ਦਾ ਹੀ ਫੋਕ ਸੀ। ਇਸ ਤਰ੍ਹਾਂ ਇਸ ਗੰਨੇ ਦਾ ਬੀਜ ਨਾਸ ਹੋਇਆ ਤਾਂ ਕੇਵਲ ਇਸ ਵਿਚਲੀ ਮਿਠਾਸ ਕਾਰਨ, ਨਹੀਂ ਤਾਂ ਅਜਿਹਾ ਨਹੀਂ ਸੀ ਹੋਣਾ।

ਗੰਨੇ ਦੀ ਇਸ ਸਾਰੀ ਪ੍ਰਕ੍ਰਿਆ ਨੂੰ, ਗੁਰਦੇਵ ਸੰਸਾਰਕ ਮੋਹ ਮਾਇਆ ਦੀ ਮਿਠਾਸ `ਚ ਗ਼ਰਕ ਹੋਏ ਤੇ ਕਰਤੇ ਨੂੰ ਵਿਸਾਰੀ ਬੈਠੇ ਮਨੁੱਖ ਦੇ ਜੀਵਨ ਨਾਲ ਜੋੜ ਕੇ ਚੇਤਾਵਣੀ ਦਿੰਦੇ ਹਨ ਕਿ ਹੇ ਮਨੁੱਖ! ਜੇ ਤੂੰ ਵੀ ਆਪਣੇ ਮਨੁੱਖਾ ਜਨਮ ਦੇ ਮਕਸਦ ਦੀ ਪਹਿਚਾਣ ਤੇ ਇਸ ਦੀ ਸੰਭਾਲ ਨਾ ਕੀਤੀ ਤਾਂ ਤੇਰਾ ਵੀ ਇਸ ਗੰਨੇ ਵਾਲਾ ਹਾਲ ਹੀ ਹੋਵੇਗਾ। ਕਿਉਂਕਿ ਜਿਸ ਮਨ ਨੂੰ ਤੂੰ ਕਰਤੇ ਨਾਲ ਜੋੜਣ ਦੀ ਬਜਾਏ, ਸੰਸਾਰਕ ਮੋਹ ਮਾਇਆ `ਚ ਡੁੱਬੋ ਦਿੰਦਾ ਹੈ, ਤੇਰਾ ਉਹ ਮਨ ਤੇ ਉਸ ਦਾ ਕੁਰਾਹੇ ਪੈ ਜਾਣਾ ਹੀ ਤੇਰੇ ਅਮੁੱਲੇ ਤੇ ਦੁਰਲਭ ਮਨੁੱਖਾ ਜਨਮ ਦੀ ਬਰਬਾਦੀ ਦਾ ਕਾਰਨ ਵੀ ਬਣਦਾ ਹੈ।

ਇਸੇ ਤੋਂ ਤੂੰ ਜੀਊਂਦੇ ਜੀਅ ਵੀ ਵਿਕਾਰਾਂ ਦੀ ਮਾਰ ਸਹਿਣ ਨੂੰ ਮਜਬੂਰ ਹੋ ਜਾਂਦਾ ਹੈ। ਉਪ੍ਰੰਤ ਇਸੇ ਤੋਂ ਤੇਰਾ ਸਾਰਾ ਜਨਮ ਚਿੰਤਾ, ਝੋਰਿਆਂ, ਭਟਕਣਾ, ਉਖਾੜ ਤੇ ਤ੍ਰਿਸ਼ਨਾ ਦੀ ਅੱਗ `ਚ ਸੜ ਦਾ ਹੈ। ਜਦ ਕਿ ਇਸ ਸਬੰਧੀ ਅਗਲਾ ਫ਼ੈਸਲਾ ਵੀ ਗੁਰਬਾਣੀ ਦਾ ਹੀ ਹੈ ਕਿ ਅਜਿਹਾ ਬਿਰਥਾ ਤੇ ਅਸਫ਼ਲ ਜਨਮ, ਮੌਤ ਤੋਂ ਬਾਅਦ ਵੀ ਮੁੜ ਜਨਮਾਂ, ਜੂਨਾਂ ਤੇ ਗਰਭਾਂ ਦਾ ਖਾਜ ਹੀ ਬਣਦਾ ਹੈ; ਜੀਵ ਨੂਮਜ ਮੁੜ ਜਨਮ ਮਰਨ ਦੇ ਗੇੜ `ਚ ਹੀ ਪਾਉਂਦਾ ਹੈ।

ਪਵੜੀ॥ ਇਕਨਾ ਮਰਣੁ ਨ ਚਿਤਿ, ਆਸ ਘਣੇਰਿਆ॥ ਮਰਿ ਮਰਿ ਜੰਮਹਿ ਨਿਤ, ਕਿਸੈ ਨ ਕੇਰਿਆ॥ ਆਪਨੜੈ ਮਨਿ ਚਿਤਿ, ਕਹਨਿ ਚੰਗੇਰਿਆ॥ ਜਮ ਰਾਜੈ ਨਿਤ ਨਿਤ, ਮਨਮੁਖ ਹੇਰਿਆ॥ ਮਨਮੁਖ ਲੂਣ ਹਾਰਾਮ, ਕਿਆ ਨ ਜਾਣਿਆ॥ ਬਧੇ ਕਰਨਿ ਸਲਾਮ, ਖਸਮ ਨ ਭਾਣਿਆ॥ ਸਚੁ ਮਿਲੈ ਮੁਖਿ ਨਾਮੁ ਸਾਹਿਬ ਭਾਵਸੀ॥ ਕਰਸਨਿ ਤਖਤਿ ਸਲਾਮੁ, ਲਿਖਿਆ ਪਾਵਸੀ॥ ੧੧॥ {ਪੰਨਾ ੧੪੩}

ਪਦ ਅਰਥ: ਇਕਨਾ ਮਰਣੁ ਨ ਚਿਤਿ … ਇੱਕ ਉਹ ਹੁੰਦੇ ਹਨ ਜਿਨ੍ਹਾਂ ਨੂੰ ਜੀਵਨ ਭਰ ਇਹ ਹੀ ਭੁਲਿਆ ਰਹਿੰਦਾ ਹੈ ਕਿ ਮੌਤ ਨੇ ਕਿਸੇ ਸਮੇਂ ਵੀ ਦਬੋਚ ਲੈਣਾ ਹੈ। ਆਸ ਘਣੇਰਿਆਹਰ ਸਮੇਂ ਸੰਸਾਰਕ ਆਸ਼ਾਵਾਂ, ਤ੍ਰਿਸ਼ਨਾ ਤੇ ਮੰਗਾਂ ਦੇ ਹੀ ਗ਼ੁਲਾਮ ਰਹਿੰਦੇ ਹਨ। ਮਰਿ ਮਰਿ ਜੰਮਹਿ ਨਿਤ… ਨਿੱਤ ਜੰਮਦੇ ਮਰਦੇ ਹਨ, ਭਾਵ ਹਰ ਸਮੇਂ ਸਹਸਿਆਂ ਤੇ ਆਪਣੇ ਮਨ ਦੀ ਭਟਕਣਾ ਕਾਰਨ ਦੁਖੀ ਰਹਿੰਦੇ ਹਨ। ਇਸ ਤਰ੍ਹਾਂ ਜੇ ਕਦੇ ਘੜੀ ਭਰ ਆਪਣੇ ਆਪ ਨੂੰ ਬਹੁਤ ਸੁਖੀ ਮਹਿਸੂਸ ਕਰਦੇ ਵੀ ਹਨ ਤਾਂ ਦੂਜੇ ਪਲ ਫਿਰ ਦੁਖੀ ਦੇ ਦੁਖੀ ਹੀ ਹੁੰਦੇ ਹਨ। ਕਿਸੈ ਨ ਕੇਰਿਆ … ਅਜਿਹੇ ਲੋਕ ਵੱਡੇ ਸੁਆਰਥੀ ਹੁੰਦੇ ਹਨ ਤੇ ਮਨ ਕਰਕੇ ਕਦੇ ਕਿਸੇ ਦੇ ਮਿਤ੍ਰ ਤੇ ਹਮਦਰਦ ਨਹੀਂ ਹੁੰਦੇ।

ਜਮ ਰਾਜੈ ਨਿਤ ਨਿਤ …. ਹਰ ਸਮੇਂ ਜਮਾਂ ਦੇ ਵੱਸ ਪਏ ਰਹਿੰਦੇ ਹਨ। ਭਾਵ ਜੀਊਂਦੇ ਜੀਅ ਵੀ ਉਨ੍ਹਾਂ ਦੇ ਜੀਵਨ `ਤੇ ਵਿਕਾਰ ਭਾਰੂ ਰਹਿੰਦੇ ਹਨ। ਫ਼ਿਰ ਅਜਿਹੇ ਮਨਮੁਖ ਮੌਤ ਤੋਂ ਬਾਅਦ ਵੀ, ਆਪਣੇ ਲਈ ਮੁੜ ਮਨਮ ਮਰਨ ਦੇ ਗੇੜ ਵਾਲਾ ਰਾਹ ਹੀ ਪਧਰਾ ਕਰ ਰਹੇ ਹੁੰਦੇ ਹਨ। ਜਮ ਰਾਜੈ ਨਿਤ ਨਿਤ… ਹਰ ਸਮੇਂ ਜਮ ਰਾਜਾ ਭਾਵ ਹਰ ਸਮੇਂ ਵਿਕਾਰੀ ਜੀਵਨ ਹੀ ਭੋਗਦੇ ਹਨ। ਮਨਮੁਖ ਹੇਰਿਆ … ਜਮ ਰਾਜ ਅਜਿਹੇ ਮਨਮੁਖਾਂ ਦੀਆਂ ਕਰਤੂਤਾਂ ਨੂੰ ਹਰ ਸਮੇਂ ਦੇਖ ਤੇ ਪਰਖ ਰਿਹਾ ਹੁੰਦਾ ਹੈ ਭਾਵ ਅਜਿਹੇ ਮਨਮੁਖਾਂ ਦੇ ਜੀਵਨ `ਚ ਹਰ ਸਮੇਂ ਵਿਕਾਰ ਹੀ ਭਾਰੂ ਰਹਿੰਦੇ ਹਨ। ਸਚੁ ਮਿਲੈ ਮੁਖਿ ਨਾਮੁ … ਪਰ ਜਿਹੜੇ ਮਨੁੱਖ ਸੰਸਾਰ `ਚ ਵਿਚਰਦਿਆਂ ਸੁਆਸ ਸੁਆਸ ਕਰਤੇ ਦੀ ਸਿਫ਼ਤ ਸਲਾਹ ਨਾਲ ਜੁੜੇ ਰਹਿੰਦੇ ਹਨ। ਸਾਹਿਬ ਭਾਵਸੀ …. ਅਜਿਹੇ ਗੁਰਮੁਖ, ਅਕਾਲ ਪੁਰਖ ਨੂੰ ਚੰਗੇ ਤੇ ਪਿਆਰੇ ਲਗਦੇ ਹਨ। ਕਰਸਨਿ ਤਖਤਿ ਸਲਾਮੁ…. ਅਜਿਹੇ ਗੁਰਮੁਖ ਪਿਆਰਿਆਂ ਦੇ ਜੀਵਨ ਅੰਦਰੋਂ ਇਲਾਹੀ ਗੁਣਾਂ ਦਾ ਪ੍ਰਗਟਾਵਾ ਹੋਣ ਕਰਕੇ ਲੋਕਾਈ ਵੀ ਉਨ੍ਹਾਂ ਦਾ ਸਤਿਕਾਰ ਕਰਦੀ ਹੈ। ਲਿਖਿਆ ਪਾਵਸੀ… ਅਜਿਹੇ ਗੁਰਮੁਖਾਂ ਦੇ ਜੀਵਨ ਤਾਂ ਧੁਰ ਦਰਗਾਹ `ਚ ਹੀ ਕਬੂਲ ਹੋਏ ਹੁੰਦੇ ਹਨ, ਅਜਿਹੇ ਗੁਰਮੁਖ ਜਨ ਧੁਰੋਂ ਹੀ ਕਰਤੇ ਦੀ ਬਖ਼ਸ਼ਿਸ਼ ਦੇ ਪਾਤ੍ਰ ਬਣੇ ਹੁੰਦੇ ਹਨ

ਨੋਟ-ਗੁਰਬਾਣੀ `ਚ ਜਮ ਅਥਵਾ ਜਮ ਰਾਜ ਦਾ ਅਰਥ, ਬ੍ਰਾਹਮਣੀ ਜਮ ਅਥਵਾ ਬ੍ਰਾਹਮਣੀ ਤੇ ਗਰੁੜ ਪੁਰਾਨ ਰਾਹੀਂ ਪ੍ਰਚਲਤ ‘ਮੌਤ ਦਾ ਦੇਵਤਾ ਨਹੀਂ ਹਨ’।

ਗੁਰਬਾਣੀ `ਚ ਲਫ਼ਜ਼ ‘ਜਮ’, ‘ਜਨਮ ਮਰਨ ਦੇ ਗੇੜ’ ਦਾ ਸੰਖੇਪ ਹੈ। ਭਾਵ ਅਜਿਹਾ ਮਨਮੁਖ ਇਨਸਾਨ ਜੀਊਂਦੇ ਜੀਅ ਵੀ ਹਰ ਸਮੇਂ ਤੇ ਜੀਵਨ ਭਰ ਵਿਕਾਰਾਂ ਦੀ ਮਾਰ ਸਹਿੰਦਾ ਹੈ। ਵਿਕਾਰ ਉਸ ਦੇ ਜੀਵਨ `ਤੇ ਭਾਰੂ ਰਹਿੰਦੇ ਹਨ ਜਿਸ ਤੋਂ ਉਹ ਹਰ ਸਮੇਂ ਤ੍ਰਿਸ਼ਨਾ, ਭਟਕਣਾ, ਮਾਨਸਿਕ ਉਖਾੜ, ਝੋਰਿਆਂ ਆਦਿ ਦੀ ਅੱਗ `ਚ ਹੀ ਸੜਦਾ ਰਹਿੰਦਾ ਹੈ। ਗੁਰਬਾਣੀ ਅਨੁਸਾਰ ਅਜਿਹੇ ਮਨੁੱਖ ਦਾ ਜਨਮ ਅਜ਼ਾਈਂ ਤੇ ਬਿਰਥਾ ਜਾਂਦਾ ਹੈ, ਜਿਸ ਦਾ ਨਤੀਜਾ ਕਿ ਉਹ ਮੌਤ ਤੋਂ ਬਾਅਦ ਵੀ ਮੁੜ ਜਨਮਾਂ-ਗਰਭਾਂ-ਜੂਨਾਂ ਦੇ ਗੇੜ `ਚ ਹੀ ਪੈਂਦਾ ਹੈ। ਸਫ਼ਲ ਜੀਵਨ ਨੂੰ ਪ੍ਰਾਪਤ ਨਹੀਂ ਕਰ ਸਕਦਾ।

ਅਰਥ: “ਇਕਨਾ ਮਰਣੁ ਨ ਚਿਤਿ, ਆਸ ਘਣੇਰਿਆ” ਕਈ ਲੋਕ ਅਜਿਹੇ ਹੁੰਦੇ ਹਨ ਕਿ ਉਨ੍ਹਾਂ ਨੂੰ ਜੀਵਨ ਭਰ ਇਹ ਵੀ ਭੁਲਿਆ ਰਹਿੰਦਾ ਹੈ ਕਿ ਮੌਤ ਨੇ ਕਿਸੇ ਸਮੇਂ ਵੀ ਆ ਕੇ ਦਬੋਚ ਲੈਣਾ ਹੈ। ਬਲਕਿ ਉਹ ਹਰ ਸਮੇਂ ਸੰਸਾਰਕ ਆਸ਼ਾਵਾਂ, ਤ੍ਰਿਸ਼ਨਾ ਤੇ ਮੰਗਾਂ ਦੇ ਹੀ ਗ਼ੁਲਾਮ ਰਹਿੰਦੇ ਹਨ।

“ਮਰਿ ਮਰਿ ਜੰਮਹਿ ਨਿਤ, ਕਿਸੈ ਨ ਕੇਰਿਆ” ਉਹ ਨਿੱਤ ਜੰਮਦੇ ਮਰਦੇ ਹਨ, ਭਾਵ ਹਰ ਸਮੇਂ ਸਹਸਿਆਂ ਤੇ ਆਪਣੇ ਮਨ ਦੀ ਭਟਕਣਾ ਕਾਰਨ ਦੁਖੀ ਰਹਿੰਦੇ ਹਨ। ਇਸ ਤਰ੍ਹਾਂ ਜੇ ਕਦੇ ਘੜੀ ਭਰ ਆਪਣੇ ਆਪ ਨੂੰ ਬਹੁਤ ਸੁਖੀ ਮਹਿਸੂਸ ਕਰਦੇ ਹਨ ਤਾਂ ਦੂਜੇ ਪਲ ਫਿਰ ਦੁਖੀ ਦੇ ਦੁਖੀ ਹੀ ਹੁੰਦੇ ਹਨ। ਅਸਲ `ਚ ਅਜਿਹੇ ਲੋਕ ਵੱਡੇ ਸੁਆਰਥੀ ਹੁੰਦੇ ਹਨ ਤੇ ਮਨ ਕਰਕੇ ਕਦੇ ਕਿਸੇ ਦੇ ਮਿਤ੍ਰ ਤੇ ਹਮਦਰਦ ਨਹੀਂ ਹੁੰਦੇ।

“ਆਪਨੜੈ ਮਨਿ ਚਿਤਿ, ਕਹਨਿ ਚੰਗੇਰਿਆ” ਅਜਿਹੇ ਲੋਕ ਆਪਣੇ ਮਨ-ਚਿੱਤ `ਚ ਤਾਂ ਆਪਣੇ ਆਪ ਨੂੰ ਬਹੁਤ ਚੰਗੇ ਤੇ ਸਿਆਣੇ ਮੰਣਦੇ ਹਨ।

“ਜਮ ਰਾਜੈ ਨਿਤ ਨਿਤ, ਮਨਮੁਖ ਹੇਰਿਆ” ਪਰ ਅਜਿਹੇ ਮਨਮੁਖਾਂ ਨੂੰ ਸਦਾ ਹੀ ਜਮਰਾਜ ਵੇਖਦਾ ਰਹਿੰਦਾ ਹੈ। ਭਾਵ, ਅਜਿਹੇ ਲੋਕ ਸਮਝਦੇ ਤਾਂ ਆਪਣੇ ਆਪ `ਚ ਬਹੁਤ ਨੇਕ, ਵਧੀਆ ਤੇ ਸਿਆਣੇ ਇਨਸਾਨ ਹਨ, ਪਰ ਉਨ੍ਹਾਂ ਦੀਆਂ ਕਰਤੂਤਾਂ ਉਹ ਹੁੰਦੀਆਂ ਹਨ, ਜਿਨ੍ਹਾਂ ਕਰਕੇ ਉਹ ਹਰ ਪਲ, ਜਮਾਂ ਦੇ ਵੱਸ `ਚ ਹੀ ਪਏ ਰਹਿੰਦੇ ਹਨ। ਭਾਵ ਜੀਊਂਦੇ ਜੀਅ ਵੀ ਉਨ੍ਹਾਂ ਦੇ ਜੀਵਨ `ਤੇ ਵਿਕਾਰ ਹੀ ਭਾਰੂ ਰਹਿੰਦੇ ਤੇ ਮੌਤ ਤੋਂ ਬਾਅਦ ਵੀ ਉਹ ਆਪਣੇ ਲਈ ਮੁੜ ਮਨਮ ਮਰਨ ਦੇ ਗੇੜ ਵਾਲਾ ਰਾਹ ਹੀ ਪਧਰਾ ਕਰ ਰਹੇ ਹੁੰਦੇ ਹਨ।

ਮਨਮੁਖ ਲੂਣ ਹਾਰਾਮ, ਕਿਆ ਨ ਜਾਣਿਆ ਆਪਣੇ ਮਨ ਦੇ ਪਿੱਛੇ ਟੁਰਣ ਵਾਲੇ ਅਜਿਹੇ ਲੂਣ-ਹਰਾਮੀ ਬੰਦੇ ਪ੍ਰਭੂ ਦੇ ਕੀਤੇ ਉਪਕਾਰਾਂ ਦੀ ਸਾਰ ਨਹੀਂ ਜਾਣਦੇ। ਇਹ ਵੀ ਨਹੀਂ ਸਮਝਦੇ ਕਿ ਦੁਰਲਭ ਮਨੁਖਾ ਸਰੀਰ ਸਮੇਤ ਅਨੰਤ ਦਾਤਾਂ ਤਾਂ ਕਰਤੇ ਪ੍ਰਭੂ ਦੀਆਂ ਹੀ ਵਰਤ ਰਹੇ ਹਨ ਪਰ ਉਸੇ ਦਾਤੇ ਪ੍ਰਭੂ ਨੂੰ ਹਰ ਸਮੇਂ ਵਿਸਾਰੀ ਰਖਦੇ ਅਤੇ ਉਸ ਦੀਆਂ ਦਾਤਾਂ `ਚ ਹੀ ਉਲਝੇ ਰਹਿੰਦੇ ਹਨ।

ਬਧੇ ਕਰਨਿ ਸਲਾਮ, ਖਸਮ ਨ ਭਾਣਿਆ ਅਜਿਹੇ ਮਨਮੁਖ ਅਸਲੋਂ ਬੱਧੇ-ਰੁੱਧੇ ਹੀ ਪ੍ਰਭੂ ਉਸ ਨੂੰ ਸਲਾਮਾਂ ਕਰਦੇ ਹਨ ਭਾਵ ਧਰਮੀ ਹੋਣ ਦਾ ਨਾਟਕ ਕਰਦੇ ਤੇ ਮੱਥੇ ਰਗੜਦੇ ਹਨ। ਜਦਕਿ ਆਪਣੀ ਅਜਿਹੀ ਓਪਰੀ ਕਰਣੀ ਕਾਰਨ ਪ੍ਰਭੂ ਨੂੰ ਨਹੀਂ ਭਾਉਂਦੇ ਤੇ ਚੰਗੇ ਨਹੀਂ ਲਗਦੇ।

ਸਚੁ ਮਿਲੈ ਮੁਖਿ ਨਾਮੁ ਸਾਹਿਬ ਭਾਵਸੀ” ਪਰ ਜਿਸ ਮਨੁੱਖ ਨੂੰ ਰੱਬ ਮਿਲ ਪਿਆ ਹੈ, ਜਿਸ ਦੇ ਮੂੰਹ `ਚ ਰੱਬ ਦਾ ਨਾਮ ਹੈ, ਜੋ ਮਨ ਕਰਕੇ ਕਰਤੇ ਦੀ ਸਿਫ਼ਤ ਸਲਾਹ ਨਾਲ ਜੁੜ ਗਿਆ ਹੈ, ਅਜਿਹਾ ਮਨੁੱਖ ਖਸਮ ਪ੍ਰਭੂ ਨੂੰ ਪਿਆਰਾ ਲੱਗਦਾ ਹੈ, ਭਾਅ ਜਾਂਦਾ ਹੈ।

“ਕਰਸਨਿ ਤਖਤਿ ਸਲਾਮੁ, ਲਿਖਿਆ ਪਾਵਸੀ” ਉਸ ਨੂੰ ਤਖਤ `ਤੇ ਬੈਠੇ ਨੂੰ ਹੀ ਸਾਰੇ ਲੋਕ ਸਲਾਮਾਂ ਕਰਦੇ ਹਨ। ਕਿਉਂਕਿ ਉਸ ਦਾ ਜੀਵਨ ਕਰਤੇ ਦੀ ਦਰਗਾਹ `ਚ ਕਬੂਲ ਹੋ ਚੁੱਕਾ ਹੁੰਦਾ ਹੈ, ਉਹ ਕਰਤੇ ਦੀ ਬਖ਼ਸ਼ਿਸ਼ ਦਾ ਪਾਤ੍ਰ ਬਣ ਚੁੱਕਾ ਹੁੰਦਾ ਹੈ। ੧੧।

ਗੁਰਮੱਤ ਵਿਚਾਰ ਦਰਸ਼ਨ- ਸੰਸਾਰ `ਚ ਵਿਚਰਦਿਆਂ ਮਨੁੱਖਾ ਜੀਵਨ ਦੋ ਵਿਰੋਧੀ ਦਿਸ਼ਾਵਾਂ ਨੂੰ ਹੀ ਚਲਦਾ ਹੈ। ਇੱਕ ਉਹ ਹੁੰਦੇ ਹਨ ਜਿਨ੍ਹਾਂ ਨੂੰ ਜਨਮ ਲੈਣ ਤੋਂ ਬਾਅਦ ਇਹ ਵੀ ਚੇਤਾ ਨਹੀਂ ਰਹਿੰਦਾ ਕਿ ਇਹ ਸਰੀਰ ਸਦੀਵੀ ਨਹੀਂ ਤੇ ਇਸ ਨੂੰ ਕਿਸੇ ਸਮੇਂ ਵੀ ਮੌਤ ਨੇ ਆ ਦਬੋਚਣਾ ਹੈ। ਅਜਿਹੇ ਲੋਕ ਹਰ ਸਮੇਂ ਆਸ਼ਾ, ਮਨਸ਼ਾ ਤ੍ਰਿਸ਼ਨਾ ਦੇ ਗ਼ੁਲਾਮ ਰਹਿ ਕੇ ਜੀਵਨ ਭਰ ਚਿੰਤਾ, ਝੋਰਿਆਂ ਤੇ ਭਟਕਣਾ `ਚ ਪਏ ਰਹਿੰਦੇ ਹਨ। ਦਰਅਸਲ ਅਜਿਹੇ ਜੀਵਨ ਵਾਲੇ ਲੋਕ ਇੱਕ ਪਾਸੇ ਤਾਂ ਜੀਊਂਦੇ ਜੀਅ ਵੀ ਹਰ ਸਮੇਂ ਵਿਕਾਰਾਂ ਦੀ ਮਾਰ ਸਹਿੰਦੇ ਤੇ ਖੁਆਰ ਹੁੰਦੇ ਹਨ। ਫ਼ਿਰ ਇਸ ਦੇ ਨਾਲ ਹੀ, ਗੁਰਮੱਤ ਅਨੁਸਾਰ ਫ਼ਿਰ ਤੋਂ ਜਨਮ ਮਰਨ ਦੇ ਗੇੜ ਲਈ ਹੀ ਰਸਤਾ ਪਧਰਾ ਕਰ ਰਹੇ ਹੁੰਦੇ ਹਨ। ਭਾਵ ਅਜਿਹੇ ਮਨਮੁਖ ਮੌਤ ਤੋਂ ਬਾਅਦ ਵੀ ਮੁੜ ਜਨਮ ਮਰਨ ਦੇ ਗੇੜ `ਚ ਹੀ ਪੈਂਦੇ ਹਨ।

ਜਦਕਿ ਦੂਜੇ ਉਹ ਹੁੰਦੇ ਹਨ ਜੋ ਸੁਆਸ ਸੁਆਸ ਕਰਤੇ ਦੀ ਸਿਫ਼ਤ ਸਲਾਹ ਨਾਲ ਜੁੜੇ ਰਹਿ ਕੇ ਜੀਵਨ ਬਤੀਤ ਕਰਦੇ ਹਨ। ਇਸੇ ਤੋਂ ਉਨ੍ਹਾਂ ਦੇ ਜੀਵਨ ਅੰਦਰ ਇਲਾਹੀ ਗੁਣ ਉਪਜਦੇ ਹਨ। ਉਹ ਸੰਸਾਰ ਤਲ `ਤੇ ਵੀ ਮਾਨ ਸਤਿਕਾਰ ਪ੍ਰਾਪਤ ਕਰਦੇ ਹਨ ਤੇ ਕਰਤੇ ਦੇ ਦਰ `ਤੇ ਵੀ ਪ੍ਰਵਾਨ ਹੁੰਦੇ ਹਨ। ਇਸ ਤਰ੍ਹਾਂ ਗੁਰਬਾਣੀ ਅਨੁਸਾਰ ਅਜਿਹੇ ਸਫ਼ਲ ਜੀਵਨ ਗੁਰਮੁਖ ਪਿਆਰੇ, ਜੀਊਂਦੇ ਜੀਅ ਹੀ ਕਰਤੇ `ਚ ਅਭੇਦ ਹੋ ਜਾਂਦੇ। ਉਨ੍ਹਾਂ ਜੀਊੜਿਆਂ ਦਾ ਲੋਕ ਵੀ ਸੁਹੇਲਾ ਹੁੰਦਾ ਹੈ ਤੇ ਪ੍ਰਲੋਕ ਵੀ। ਭਾਵ ਉਨ੍ਹਾਂ ਦਾ ਜੀਵਨ ਵੀ ਅਨੰਦਮਈ, ਟਿਕਾਅ ਵਾਲਾ ਤੇ ਸੰਤੋਖੀ ਗੁਜ਼ਰਦਾ ਹੈ ਤੇ ਮੌਤ ਤੋਂ ਬਾਅਦ ਵੀ ਕਰਤੇ `ਚ ਹੀ ਸਮਾ ਜਾਂਦੇ ਹਨ, ਮੁੜ ਜਨਮ ਮਰਨ ਦੇ ਗੇੜ `ਚ ਨਹੀਂ ਆਉਂਦੇ।

ਪਉੜੀ ਤੇ ਸਲੋਕਾਂ ਦੀ ਆਪਸੀ ਸਾਂਝ- ਜਦਕਿ ਅਸੀਂ ਇਹ ਵੀ ਭਲੀ ਪ੍ਰਕਾਰ ਜਾਣਦੇ ਹੈ ਕਿ ਵਾਰਾਂ ਵਿਚਲੇ ਸਲੋਕ ਦਰਅਸਲ ਹਰੇਕ ਸਬੰਧਤ ਪਉੜੀ `ਚ ਆ ਰਹੇ ਗੁਰਮੱਤ ਸਿਧਾਂਤ ਤੇ ਗੁਰਮਤ ਸੇਧ ਦੀ ਹੀ ਵਿਆਖਿਆ ਨਾਲ ਸਬੰਧਤ ਹੁੰਦੇ ਹਨ।

ਇਸੇ ਤਰ੍ਹਾਂ ਇਥੇ ਵੀ ਗੁਰਦੇਵ ਨੇ ਪਉੜੀ `ਚ ਇਹੀ ਸਪਸ਼ਟ ਕੀਤਾ ਹੈ ਕਿ ਮਨੁਖਾ ਜੂਨ ਪਾ ਕੇ ਵੀ ਜਿਹੜੇ ਇਸ ਜਨਮ ਦੇ ਪ੍ਰਭੂ ਮਿਲਾਪ ਵਾਲੇ ਮਕਸਦ ਦੀ ਪਹਿਚਾਣ ਨਹੀਂ ਕਰਦੇ। ਕੇਵਲ ਤੇ ਕੇਵਲ ਕਰਤੇ ਦੀ ਦਾਤਾਂ `ਚ ਹੀ ਡੁੱਬੇ ਰਹਿੰਦੇ ਹਨ। ਇਸ ਤਰ੍ਹਾਂ ਸੰਸਾਰਕ ਰਸਾਂ ਕਸਾਂ ਲਈ ਹੀ ਜੀਵਨ ਨੂੰ ਬਿਰਥਾ ਕਰ ਦਿੰਦੇ ਹਨ। ਅਜਿਹੇ ਪ੍ਰਾਣੀ ਜੀਂਦੇ ਜੀਅ ਵੀ ਜੀਵਨ ਭਰ ਜਮ ਰਾਜੈ ਨਿਤ ਨਿਤ, ਮਨਮੁਖ ਹੇਰਿਆ” ਭਾਵ ਵਿਕਾਰਾਂ ਦੀ ਮਾਰ ਸਹਿੰਦੇ ਤੇ ਖੁਆਰ ਹੁੰਦੇ ਹਨ। ਉਪ੍ਰੰਤ ਮੌਤ ਤੋਂ ਬਾਅਦ ਵੀ ਮੁੜ ਜਨਮ ਮਰਨ ਦੇ ਗੇੜ `ਚ ਹੀ ਪੈਂਦੇ ਹਨ। ਜਦਕਿ ਦੂਜੇ ਜੋ ਕਰਤੇ ਦੀ ਸਿਫ਼ਤ ਸਲਾਹ ਨਾਲ ਜੁੜ ਕੇ ਆਪਣੇ ਮਨੁਖਾ ਜਨਮ ਵਾਲੇ ਅਵਸਰ ਨੂੰ ਸਫ਼ਲ ਕਰ ਲੈਂਦੇ ਹਨ ਉਹ ਸੰਸਾਰ ਤਲ `ਤੇ ਆਦਰ ਮਾਨ ਪਾਂਦੇ ਹਨ। ਉਨ੍ਹਾਂ ਦਾ ਇਹ ਜੀਵਨ ਵੀ ਅਂਨੰਦ ਮਈ ਗੁਰਜ਼ਰਦਾ ਹੈ ਤੇ ਮੌਤ ਤੋਂ ਬਾਅਦ ਵੀ ਕਰਤੇ `ਚ ਹੀ ਸਮਾ ਜਾਂਦੇ ਹਨ, ਮੁੜ ਜਨਮ ਮਰਨ ਦੇ ਗੇੜ `ਚ ਨਹੀਂ ਪੈਂਦੇ।

ਦੂਜੇ ਪਾਸੇ ਸਲੋਕਾਂ `ਚੋਂ ਵੀ ਇੱਕ ਸਲੋਕ `ਚ ਕਣਕ ਆਦਿ ਦੀ ਜੀਵਨ ਗਾਥਾ ਤੇ ਦੂਜੇ ਸਲੋਕ `ਚ ਗੰਨੇ ਦੀ ਜੀਵਨ ਗਾਥਾ ਤੇ ਦੋਨਾਂ ਦੇ ਅੰਤ ਵਾਲੀ ਮਿਸਾਲ ਨੂੰ ਵਰਤ ਕੇ ਗੁਰਦੇਵ ਨੇ ਇਹੀ ਸਪਸ਼ਟ ਕੀਤਾ ਹੈ ਕਿ ਮਨੁੱਖਾ ਜੂਨ ਪ੍ਰਾਪਤ ਹੋਣ ਬਾਅਦ ਜਿਨ੍ਹਾਂ ਦੇ ਮਨ ਸੰਸਾਰਕ ਰਸਾਂ ਕਸਾਂ ਦੀ ਮਿਠਾਸ ਹੀ ਉਲਝੇ ਰਹਿੰਦੇ ਹਨ ਉਹ ਇਹ ਇਹ ਜਨਮ ਵੀ ਖੁਆਰੀਆਂ ਭਰਿਆ ਬਿਤਾਉਂਦੇ ਹਨ ਤੇ ਮੌਤ ਤੋਂ ਬਾਅਦ ਵੀ ਜਨਮਾਂ ਦੇ ਗੇੜ `ਚ ਹੀ ਪੈਂਦੇ ਹਨ। ਫ਼ਿਰ ਜਿਹੜੇ ਕਰਤੇ ਦੇ ਦਰ ਨਾਲ ਜੁੜ ਕੇ ਜੀਵਨ ਬਤੀਤ ਕਰਦੇ ਹਨ ਉਹ ਸਫ਼ਲ ਜੀਵਨ ਨੂੰ ਪ੍ਰਾਪਤ ਹੁੰਦੇ ਹਨ। ਇਸ ਲਈ ਦੋਨਾਂ ਸਲੋਕਾਂ ਸਮੇਂ ਗੁਰਦੇਵ ਦਾ ਨਿਰਣਾ ਸੀ “ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ” ਅਤੇ “ਨਾਨਕ ਮਿਠੈ ਪਤਰੀਐ ਵੇਖਹੁ ਲੋਕਾ ਆਇ” (ਚਲਦਾ) #17 MkV.GVDs17.11.04.12#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Majh Ki Vaar M:1 GVD & Steek” being loaded in instalments. Otherwise All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.