.

ਸ਼ੈਖ਼ ਬਾਬਾ ਫ਼ਰੀਦ ਜੀ

ਜੀਵਨ, ਸ਼ਖ਼ਸੀਅਤ, ਫ਼ਲਸਫ਼ਾ ਅਤੇ ਬੋਲੀ-ਸ਼ੈਲੀ

(ਨੋਟ:-ਫ਼ਰੀਦ ਜੀ ਦੀ ਬਾਣੀ ਉੱਤੇ ਵਿਚਾਰ ਪਹਿਲਾਂ ਕਰ ਦਿੱਤੀ ਗਈ ਹੈ। ਇਸ ਲੇਖ ਵਿੱਚ ਉਨ੍ਹਾਂ ਦਾ ਸੰਖੇਪ ਜੀਵਨ, ਸ਼ਖ਼ਸੀਅਤ, ਫ਼ਲਸਫ਼ਾ ਤੇ ਬੋਲੀ-ਸ਼ੈਲੀ ਆਦਿ ਦਾ ਵਰਣਨ ਹੈ।)

ਭਗਤੀ-ਮਾਰਗ ਦੇ ਮਿਸ਼ਾਲਚੀ ਬਾਬਾ ਫ਼ਰੀਦ ਜੀ ਦਾ ਜੀਵਨ-ਬਿਰਤਾਂਤ ਵੀ, ਹੋਰ ਮਹਾਂਪੁਰਖਾਂ ਦੇ ਇਤਿਹਾਸ ਵਾਂਗ, ਪਾਖੰਡੀ ਪੁਜਾਰੀਆਂ, ਧਰਮ ਦੇ ਧਾੜਵੀਆਂ, ਮਾਇਆ ਦੇ ਮੁਰੀਦਾਂ ਅਤੇ ਇਨ੍ਹਾਂ ਦੇ ਮਗਰ ਲੱਗੇ ਅਗਿਆਨ ਤੇ ਅੰਧਵਿਸ਼ਵਾਸੀ ਸ਼੍ਰੱਧਾਲੂਆਂ ਦੁਆਰਾ ਅਜਿਹਾ ਵਿਗਾੜਿਆ ਜਾ ਚੁੱਕਿਆ ਹੈ ਕਿ ਉਨ੍ਹਾਂ ਦੀ ਜੀਵਨ-ਗਾਥਾ ਇਤਹਾਸ ਨਾ ਰਹਿ ਕੇ ਮਿਥਿਹਾਸ ਬਣਾ ਦਿੱਤੀ ਗਈ ਹੈ। ਦੋਖੀਆਂ ਨੇ ਫ਼ਰੀਦ ਜੀ ਦੇ ਜਲਾਲੀ ਚਿਹਰੇ ਉੱਤੇ ਪਾਖੰਡ ਤੇ ਝੂਠ ਦਾ ਅਜਿਹਾ ਕੁਸੰਭੜੀ ਰੰਗ ਚੜ੍ਹਾਇਆ ਹੈ ਕਿ ਉਨ੍ਹਾਂ ਦਾ ਅਸਲੀ ਮਜੀਠੀ ਚਿਹਰਾ ਨਜ਼ਰ ਨਹੀਂ ਆਉਂਦਾ। ਨਤੀਜੇ ਵਜੋਂ, ਉਨ੍ਹਾਂ ਦੇ ਜੀਵਨ ਦਾ ਹਰ ਬਿਰਤਾਂਤ ਸੰਦਿਗਧ ਹੈ! ਇਸ ਲੇਖ ਵਿੱਚ ਉਨ੍ਹਾਂ ਦਾ ਸੰਖੇਪ ਜੀਵਨ-ਚਰਿੱਤਰ ਪ੍ਰਾਪਤ ਜਾਣਕਾਰੀ ਅਨੁਸਾਰ ਹੀ ਉਲੀਕਿਆ ਹੈ, ਪਰੰਤੂ ਉਨ੍ਹਾਂ ਦੀ ਬਾਣੀ ਵਿੱਚ ਪ੍ਰਗਟਾਏ ਫ਼ਲਸਫ਼ੇ ਤੇ ਨੇਕ ਨੈਤਿਕ ਖ਼ਿਆਲਾਂ ਦੇ ਘੇਰੇ `ਚੋਂ ਬਾਹਰ ਨਹੀਂ ਜਾਣ ਦਿੱਤਾ।

ਫ਼ਰੀਦ ਜੀ ਦੇ ਵੰਸ਼ ਦੀ ਕਹਾਣੀ ਬੜੀ ਦਿਲਚਸਪ ਹੈ। ਉਨ੍ਹਾਂ ਦੇ ਵਡੇਰੇ ਇਸਲਾਮ ਦੇ ਦੂਜੇ ਖ਼ਲੀਫ਼ਾ ਹਜ਼ਰਤ ਉਮਰ ਦੀ ਵੰਸ਼ ਵਿੱਚੋਂ ਸਨ। ਫ਼ਰੀਦ ਜੀ ਦੇ ਦਾਦਾ ਸ਼ੇਖ ਸ਼ਈਬ, ਗ਼ਜ਼ਨੀ ਦੇ ਬਾਦਸ਼ਾਹ ਦੇ ਭਰਾ ਸਨ ਜੋ ਗ਼ਜ਼ਨੀ ਤੇ ਕਾਬੁਲ ਦੀ ਆਪਸੀ ਹਿੰਸਕ ਗੜਬੜੀ ਤੋਂ ਤੰਗ ਆ ਕੇ 12ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਆ ਵੱਸੇ ਸਨ। ਸ਼ੇਖ ਸ਼ਈਬ, ਪਰਿਵਾਰ ਸਮੇਤ, ਪੰਜਾਬ ਦੇ ਕਸੂਰ, ਦੀਪਾਲਪੁਰ ਆਦਿ ਥਾਵਾਂ `ਤੇ ਆਰਜ਼ੀ ਤੌਰ ਤੇ ਵਿਚਰਦੇ ਹੋਏ ਅੰਤ ਕੋਠੀਵਾਲ, ਜਿਸ ਨੂੰ ਹੁਣ ਚਾਵਲੀ ਮਸ਼ਾਇਖਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਵਿੱਚ ਪੱਕੇ ਤੌਰ `ਤੇ ਵੱਸ ਗਏ। ਪੇਸ਼ੇ ਵਜੋਂ ਉਹ ਮੌਲਵੀ ਸਨ। ਸ਼ੇਖ ਸ਼ਈਬ ਦੇ ਵੱਡੇ ਪੁਤ੍ਰ (ਫ਼ਰੀਦ ਜੀ ਦੇ ਵਾਲਿਦ/ਪਿਤਾ) ਦਾ ਨਾਮ ਜਮਾਲਉੱਦੀਨ ਸੁਲੇਮਾਨ ਸੀ।

ਨਾਨਕਿਆਂ ਵੱਲੋਂ ਫ਼ਰੀਦ ਜੀ ਦੀ ਅੰਗਲੀ ਸੰਗਲੀ ਹਜ਼ਰਤ ਮੁਹੰਮਦ ਦੀ ਵੰਸ਼ ਨਾਲ ਜਾ ਜੁੜਦੀ ਹੈ। ਆਪ ਦੀ ਮਾਤਾ ਬੀਬੀ ਮਰੀਅਮ ਹਜ਼ਰਤ ਅਲੀ ਦੇ ਖ਼ਾਨਦਾਨ ਨਾਲ ਸੰਬੰਧ ਰੱਖਦੇ ਸਯੱਦ ਮੁਹੰਮਦ ਅਬਦੁੱਲਾ ਸ਼ਾਹ ਦੀ ਲੜਕੀ ਸੀ। ਹਜ਼ਰਤ ਮੁਹੰਮਦ ਦੇ ਚਾਚਾ ਹਜ਼ਰਤ ਅੱਬਾਸ ਦੀ ਵੰਸ਼ ਵਿੱਚੋਂ ਕਾਬੁਲ ਵਸਨੀਕ ਇੱਕ ਮੌਲਵੀ, ਜਿਸ ਦਾ ਨਾਮ ਵਜੀਹਉੱਦੀਨ ਸੀ, ਨੇ ਬੀਬੀ ਮਰਿਯਮ ਨੂੰ ਗੋਦ ਲਿਆ ਹੋਇਆ ਸੀ। ਰਾਜਸੀ ਉਥਲ-ਪੁਥਲ ਦੇ ਭੈੜੇ ਪ੍ਰਭਾਵ ਤੋਂ ਬਚ ਕੇ ਹਿੰਦੁਸਤਾਨ ਆਉਣ ਸਮੇਂ, ਮੌਲਵੀ ਵਜੀਹਉੱਦੀਨ ਮੁਤਬੰਨੀ ਬੇਟੀ ਬੀਬੀ ਮਰਿਅਮ ਨੂੰ ਵੀ ਨਾਲ ਹੀ ਲੈ ਆਏ। ਮੌਲਵੀ ਸਾਹਿਬ ਨੇ ਬੀਬੀ ਮਰਿਅਮ ਦੀ ਸ਼ਾਦੀ ਸ਼ੇਖ ਸ਼ਈਬ ਦੇ ਵੱਡੇ ਪੁਤ੍ਰ ਜਮਾਲਉੱਦੀਨ ਸੁਲੇਮਾਨ ਨਾਲ ਕੀਤੀ। ਇਸ ਦੰਪਤੀ ਦੇ ਘਰ ਤਿੰਨ ਬੇਟੇ ਤੇ ਇੱਕ ਬੇਟੀ ਨੇ ਜਨਮ ਲਿਆ। ਮੰਝਲੇ ਬੇਟੇ ਦਾ ਨਾਮ ਫ਼ਰੀਦਉੱਦੀਨ ਮਸਊਦ (ਬਾਬਾ ਫ਼ਰੀਦ) ਸੀ ਜੋ 1173 ਵਿੱਚ ਪੈਦਾ ਹੋਇਆ। ਸੰਖੇਪ ਵਿੱਚ, ਫ਼ਰੀਦ ਜੀ ਦੀਆਂ ਜੜ੍ਹਾਂ ਜਿੱਥੇ ਮਜ਼੍ਹਬ ਦੇ ਵਿਹੜੇ ਵਿੱਚ ਡੂੰਘੀਆਂ ਲੱਗੀਆਂ ਹੋਈਆਂ ਸਨ ਉੱਥੇ ਸਮੇਂ ਦੇ ਮੁਸਲਮਾਨ ਬਾਦਸ਼ਾਹਾਂ ਨਾਲ ਉਨ੍ਹਾਂ ਦਾ ਕਰੀਬੀ ਰਿਸ਼ਤਾ ਵੀ ਸੀ।

ਕੁਮਾਰ ਅਵਸਥਾ ਵਿੱਚ ਆਪ ਨੇ ਆਪਣੇ ਮਾਪਿਆਂ ਦੀ ਸੁਹਬਤ ਵਿੱਚ ਮੱਕੇ ਦਾ ਹੱਜ ਕੀਤਾ। ਇਸ ਉਪਰੰਤ ਆਪ ਨੂੰ ਇਸਲਾਮੀ ਤਾਅਲੀਮ ਹਾਸਿਲ ਕਰਨ ਵਾਸਤੇ ਕਾਬੁਲ ਭੇਜਿਆ ਗਿਆ। ਕਾਬੁਲ ਤੋਂ ਵਾਪਸ ਆ ਕੇ ਉਨ੍ਹਾਂ ਨੇ ਮੁਲਤਾਨ ਵਿਖੇ ਸ਼ੈਖ਼ ਬਹਾਯੁੱਦੀਨ ਜ਼ਕਰੀਆ ਤੋਂ ਵੀ ਮਜ਼੍ਹਬੀ ਇਲਮ ਹਾਸਿਲ ਕੀਤਾ। ਇੱਥੇ ਆਪ ਨੇ ਦਿੱਲੀ ਵਾਲੇ ਖ਼੍ਵਾਜਾ ਕੁਤੁਬੁੱਦੀਨ ਬਖ਼ਤਿਆਰ ਕਾਕੀ ਨੂੰ ਪੀਰ ਧਾਰਨ ਕੀਤਾ। ਲਗ ਪਗ ਦੋ ਦਹਾਕੇ ਹਾਂਸੀ (ਹਿਸਾਰ) /ਸਿਰਸਾ ਵਿਖੇ ਰਹਿ ਕੇ ਇਸਲਾਮੀ ਵਿੱਦਿਆ ਵਿੱਚ ਪਰਪੱਕਤਾ ਪ੍ਰਾਪਤ ਕੀਤੀ। ਮੁਰਸ਼ਦ ਦੇ ਫ਼ੌਤ ਹੋਣ ਉਪਰੰਤ ਫ਼ਰੀਦ ਜੀ ਅਜੋਧਣ (ਪਾਕਪਟਨ) ਆ ਟਿਕੇ। 1266 ਵਿੱਚ ਇੱਥੇ ਹੀ ਆਪ ਦਾ ਦੇਹਾਂਤ ਹੋਇਆ।

ਫ਼ਰੀਦ ਜੀ ਦੀਆਂ ਚਾਰ ਸ਼ਾਦੀਆਂ ਕਹੀਆਂ ਜਾਂਦੀਆਂ ਹਨ। ਇੱਕ ਸ਼ਾਦੀ ਦਿੱਲੀ ਦੇ ਗ਼ੁਲਾਮ-ਵੰਸ਼ੀ ਬਾਦਸ਼ਾਹ ਨਾਸਿਰੁੱਦੀਨ (ਰਾਜ-ਕਾਲ 1246 -1266) ਦੀ ਸ਼ਹਿਜ਼ਾਦੀ ਬੀਬੀ ਹਜ਼ਬਰਾ ਨਾਲ ਹੋਈ। (ਨੋਟ:- ਕੁੱਝ ਲੇਖਕਾਂ ਅਨੁਸਾਰ ਬੀਬੀ ਹਜ਼ਬਰਾ ਗਯਾਸੁੱਦੀਨ ਬਲਬਨ ਦੀ ਬੇਟੀ ਸੀ, ਜੋ ਕਿ ਠੀਕ ਨਹੀਂ ਹੈ, ਕਿਉਂਕਿ ਗਯਾਸੁੱਦੀਨ ਦਾ ਰਾਜ-ਕਾਲ 1266 -1286 ਹੈ!) ਫ਼ਰੀਦ ਜੀ ਦੇ ਪੰਜ ਪੁੱਤਰ ਤੇ ਤਿੰਨ ਪੁੱਤਰੀਆਂ ਸਨ। (ਕੁਝ ਲੇਖਕਾਂ ਨੇ ਛੇ ਬੇਟੇ ਤੇ ਦੋ ਬੇਟੀਆਂ ਲਿਖਿਆ ਹੈ।) ਵੱਡੇ ਪੁੱਤਰ ਦਾ ਨਾਮ ਬਦਰੁੱਦੀਨ ਸੁਲੇਮਾਨ ਸੀ ਜੋ ਆਪ ਤੋਂ ਬਾਅਦ ਗੱਦੀ `ਤੇ ਬੈਠਾ। ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਫ਼ਰੀਦ ਜੀ ਦੀ ਗੱਦੀ ਉੱਤੇ ਬੈਠੇ ਗਿਆਰਵੇਂ ਗੱਦੀ-ਨਸ਼ੀਨ ਸ਼ੈਖ਼ ਬ੍ਰਹਮ ਨਾਲ ਹੋਈ ਅਤੇ ਇਸੇ ਤੋਂ ਹੀ ਗੁਰੂ ਜੀ ਨੇ ਫ਼ਰੀਦ ਜੀ ਦੀ ਬਾਣੀ ਹਾਸਿਲ ਕੀਤੀ ਸੀ।

ਫ਼ਰੀਦ ਜੀ ਆਪਣੇ ਜੀਵਨ-ਕਾਲ ਵਿੱਚ ਆਰਜ਼ੀ ਤੌਰ `ਤੇ ਕਈ ਥਾਈਂ ਵਿਚਰੇ। ਕੁੱਝ ਸਮਾਂ ਆਪ ਫ਼ਰੀਦਕੋਟ ਵਿੱਚ ਵੀ ਰਹੇ। ਫ਼ਰੀਦਕੋਟ ਦਾ ਅਸਲੀ ਨਾਮ ਮੋਕਲਪੁਰ ਜਾਂ ਮੋਕਲ ਨਗਰ ਸੀ। ਇਹ ਸ਼ਹਿਰ 12ਵੀਂ ਸਦੀ ਦੇ ਪਹਿਲੇ ਅੱਧ ਵਿੱਚ ਰਾਜਾ ਮੋਕਲ ਭੱਟੀ ਨੇ ਆਬਾਦ ਕੀਤਾ ਸੀ। ਇਹ ਰਾਜਾ ਫ਼ਰੀਦ ਜੀ ਦੀ ਰੂਹਾਨੀਯਤ ਤੋਂ ਅਜਿਹਾ ਪ੍ਰਭਾਵਿਤ ਹੋਇਆ ਕਿ ਉਹ ਉਨ੍ਹਾਂ ਦਾ ਮੁਰੀਦ ਹੋ ਗਿਆ ਅਤੇ ਉਨ੍ਹਾਂ ਪ੍ਰਤਿ ਅਥਾਹ ਸ਼੍ਰੱਧਾ-ਵਸ ਉਸ ਨੇ ਇਸ ਸ਼ਹਿਰ ਦਾਂ ਨਾਮ ਬਦਲ ਕੇ ਫ਼ਰੀਦਕੋਟ ਰੱਖ ਦਿੱਤਾ।

ਫ਼ਰੀਦ ਜੀ ਦੇ ਨਾਮ `ਤੇ ਫ਼ਰੀਦਕੋਟ ਅਤੇ ਇਸ ਦੇ ਇਰਦ-ਗਿਰਦ ਕਈ ਗੁਰੂਦ੍ਵਾਰੇ ਉਸਾਰੇ ਹੋਏ ਹਨ; ਇਨ੍ਹਾਂ ਵਿੱਚੋਂ ਪ੍ਰਸਿੱਧ ਹਨ: ਟਿੱਲਾ/ਚਿੱਲਾ ਬਾਬਾ ਫ਼ਰੀਦ ਅਤੇ ਗੋਦੜੀ ‘ਸਾਹਿਬ’ ਜੋ ਕਿ 1980ਵਿਆਂ ਵਿੱਚ ਕੋਟਕਪੂਰਾ ਮਾਰਗ ਉੱਤੇ ਉਸਾਰਿਆ ਗਿਆ ਸੀ। ਇਸ ਨਾਲ ਇੱਕ ਸਰੋਵਰ ਵੀ ਬਣਇਆ ਗਿਆ ਹੈ ਜਿੱਥੇ ਸਿੱਧੜ ਸ਼੍ਰੱਧਾਲੂ ਡੱਡੂ-ਡੁਬਕੀਆਂ ਲਾਉਂਦੇ ਆਮ ਦੇਖੇ ਜਾਂਦੇ ਹਨ। ਇਨ੍ਹਾਂ ਗੁਰੂਦ੍ਵਾਰਿਆਂ ਵਿੱਚ ਮਿਥਿਹਾਸ ਤੇ ਕਰਮ-ਕਾਂਡਾਂ ਦਾ ਪ੍ਰਚਾਰ ਕਰਕੇ ਬਾਬਾ ਫ਼ਰੀਦ ਜੀ ਦੇ ਜੀਵਨ ਨਾਲ ਜੋੜੀਆਂ ਜਾਂਦੀਆਂ ਕੂੜ-ਕਹਾਣੀਆਂ ਦੇ ਆਧਾਰ `ਤੇ ਕੂੜ ਦਾ ਵਪਾਰ ਕੀਤਾ ਜਾਂਦਾ ਹੈ! ਫ਼ਰੀਦਕੋਟ ਵਿਖੇ ਹਰ ਸਾਲ ਸਤੰਬਰ ਦੇ ਮਹੀਨੇ ਫ਼ਰੀਦ ਜੀ ਦੀ ਯਾਦ ਵਿੱਚ ਨੌਂ ਰੋਜ਼ਾ ਮੇਲਾ ਲੱਗਦਾ ਹੈ ਜਿਸ ਨੂੰ ‘ਆਗਮਨ ਪੁਰਬ’ ਜਾਂ ‘ਫ਼ਰੀਦ ਮੇਲਾ’ ਕਹਿੰਦੇ ਹਨ। ਦੂਸਰੇ ਦੁਨਿਆਵੀ ਮਜ਼੍ਹਬਾਂ ਨਾਲ ਸੰਬੰਧ ਰੱਖਣ ਵਾਲੇ ਲੱਖਾਂ ਸ਼੍ਰੱਧਾਲੂ ਵੀ ਇਸ ਮੇਲੇ ਵਿੱਚ ਸ਼ਿਰਕਤ ਕਰਦੇ ਹਨ। ਇਲਾਕੇ ਦੇ ਮਾਇਆ-ਧਾਰੀ ਵਪਾਰੀਆਂ ਨੇ ਲੋਕਾਂ ਨੂੰ ਆਕ੍ਰਸ਼ਿਤ ਕਰਕੇ ਆਪਣੇ ਵਪਾਰਾਂ ਨੂੰ ਵੱਧ ਤੋਂ ਵੱਧ ਲਾਭਕਾਰੀ ਬਣਾਉਣ ਲਈ ਬਾਬਾ ਫ਼ਰੀਦ ਜੀ ਦਾ ਨਾਮ ਖ਼ੂਬ ਵਰਤਿਆ ਹੈ।

ਫ਼ਰੀਦ ਜੀ ਇੱਕ ਕਾਮਿਲ ਦਰਵੇਸ਼ ਸਨ। ਇਸ ਕਾਮਿਲ ਦਰਵੇਸ਼ ਦੇ ਨਾਮ ਨਾਲ ਕਈ ਵਿਸ਼ੇਸ਼ਣ/ਲਕਬ ਲਾਏ ਜਾਂਦੇ ਹਨ। ਇਹ ਵਿਸ਼ੇਸ਼ਣ ਉਨ੍ਹਾਂ ਦੀ ਸੱਚੀ ਸੁੱਚੀ ਲਾਸਾਨੀ ਸ਼ਖ਼ਸੀਅਤ ਨੂੰ ਭਲੀ ਭਾਂਤ ਪ੍ਰਤਿਬਿੰਬਤ ਕਰਦੇ ਹਨ। ਫ਼ਰੀਦ ਜੀ ਦੇ ਨਾਮ ਨਾਲ ਲਾਏ ਜਾਂਦੇ ਲਕਬ ਹਨ: ਕਾਜ਼ੀ ਬੱਚਾ ਦੀਵਾਨਾ, ਬਾਬਾ, ਫ਼ਕੀਰ, ਸ਼ੈਖ਼, ਸ਼ਕਰ-ਗੰਜ, ਆਰਫ਼, ਸੂਫ਼ੀ ਆਦਿ। ਬਾਬਾ ਫ਼ਰੀਦ ਜੀ ਦੀ ਦੈਵੀ ਸ਼ਖ਼ਸੀਅਤ ਦੇ ਦਰਸ਼ਨ ਕਰਨ ਲਈ ਇਨ੍ਹਾਂ ਲਕਬਾਂ ਵਿੱਚ ਰਮੇ ਰੂਹਾਨੀ ਰੰਗਾਂ ਨੂੰ ਉਘਾੜਣਾਂ ਠੀਕ ਰਹੇਗਾ:-

ਫ਼ਰੀਦ: ਅ: ਅਦੁੱਤੀ, ਲਾਸਾਨੀ, ਉਮਦਾ, ਸ੍ਰੇਸ਼ਠ ਇਨਸਾਨ। ਕਾਜ਼ੀ: ਅ: ਵਿਵੇਕ ਨਾਲ ਸੱਚ ਝੂਠ ਦਾ ਨਿਬੇੜਾ ਕਰਨ ਵਾਲਾ, ਬਿਬੇਕੀ। ਦੀਵਾਨਾ: ਅ: ਸਿਰੜੀ, ਯਕੀਨ ਵਿੱਚ ਪੱਕਾ। ਬਾਬਾ: ਫ਼ਾ: ਆਜ਼ਾਦ (ਸੁਤੰਤ੍ਰ) ਸੋਚ ਵਾਲਾ। ਫ਼ਕੀਰ: ਫ਼ਾ: ਪੀਰ ਕਾਮਿਲ, ਪਰਿਪੂਰਨ/ਨਿਪੁੰਨ ਗੁਰੂ, ਜਿਸ ਵਿੱਚ ਗੁਰੂ ਵਾਲੇ ਸਾਰੇ ਗੁਣ ਹੋਣ। ਸ਼ੈਖ਼: ਅ: ਪੀਰ, ਮੁਰਸ਼ਦ (ਗੁਰੂ), ਵੱਡਾ ਆਲਿਮ, ਬਿਬੇਕ ਬੁੱਧਿ ਵਾਲਾ, ਰੱਬੀ ਰਾਹ ਦੱਸਣ ਵਾਲਾ।

ਆਰਫ਼: ਅ: ਉਰਫ਼=ਗਿਆਨ; ਗਿਆਨ ਦਾ ਮਾਲਿਕ, ਆਤਮ-ਗਿਆਨੀ।

ਸ਼ਕਰ-ਗੰਜ: ਫ਼ਾ: (ਮਨ ਦੀ) ਮਿਠਾਸ ਦਾ ਖ਼ਜ਼ਾਨਾ, ਮਿਠਬੋਲੜਾ।

ਸੂਫ਼ੀ: ਫ਼ਾ: ਪਾਕ ਰੂਹ (ਪਵਿਤ੍ਰ ਆਤਮਾ) ਵਾਲਾ ਇਨਸਾਨ।

ਉਕਤ ਸਿਫ਼ਾਤੀ ਨਾਂਵਾਂ ਦੇ ਮਿਸ਼ਰਣ ਵਿੱਚੋਂ ਜੋ ਤੱਥ ਦਿਖਾਈ ਦਿੰਦਾ ਹੈ ਉਸ ਅਨੁਸਾਰ: ਫ਼ਰੀਦ ਜੀ ਬਚਪਣ ਤੋਂ ਹੀ ਬਿਬੇਕ-ਬੁੱਧਿ ਦੇ ਮਾਲਿਕ ਸਨ, ਹੱਕ (ਸੱਚ/ਰੱਬ) ਤੇ ਇਸ਼ਕ ਹਕੀਕੀ ਦੇ ਉਹ ਦੀਵਾਨੇ ਸਨ, ਉਹ ਅਤਿਅੰਤ ਅਧੀਨਗੀ ਵਾਲੇ ਮੁਰੀਦ ਤੇ ਆਜ਼ਾਦ ਸੋਚ ਵਾਲੇ ਮੁਰਸ਼ਿਦ ਸਨ, ਪਾਕ-ਰੂਹ (ਪਵਿਤ੍ਰ ਆਤਮਾ) ਵਾਲੇ ਨੇਕ ਇਨਸਾਨ ਸਨ ਜੋ, ਨਰੋਈ ਆਤਮਾ ਦੀ ਖ਼ੁਰਾਕ, ਸਦਗੁਣਾਂ ਦਾ ਸ੍ਰਿੜਤਾ ਨਾਲ ਸਤਿਕਾਰ ਤੇ ਪਾਲਣ ਕਰਦੇ ਹੋਏ ਮਨ/ਆਤਮਾ ਨੂੰ ਮਲੀਨ ਕਰਨ ਵਾਲੇ ਵਿਕਾਰਾਂ ਤੇ ਔਗੁਣਾਂ ਦਾ ਪੂਰਨ ਪਰਹੇਜ਼ ਕਰਦੇ ਸਨ। ਹਿਰਦੇ ਦੀ ਹਲੀਮੀ ਤੇ ਮੂੰਹ ਦੀ ਮਿੱਠਾਸ ਉਨ੍ਹਾਂ ਦੀ ਸ਼ਖ਼ਸੀਯਤ ਦੀ ਵਿਸ਼ੇਸ਼ ਖ਼ਸਲਤ ਸੀ।

ਫ਼ਰੀਦ ਜੀ ਦੀ ਸ਼ਖ਼ਸੀਯਤ ਦੀ ਇੱਕ ਅਹਿਮ ਖ਼ੂਬੀ ਇਹ ਹੈ ਕਿ ਉਹ ਦੂਸਰਿਆਂ ਵੱਲ ਉਂਗਲ ਕਰਕੇ ਉਨ੍ਹਾਂ ਨੂੰ ਉਪਦੇਸ਼ ਦੇਣ ਦੀ ਬਜਾਏ ਸ੍ਵੈ-ਆਤਮ-ਚੀਨਣ (self-introspection) ਕਰਦੇ ਹੋਏ ਆਪਣੀਆਂ ਖ਼ਾਮੀਆਂ ਨੂੰ ਮਹਿਸੂਸ ਕਰਕੇ ਸ੍ਵੈ-ਸੁਧਾਰ ਦਾ ਯੋਗ ਉਪਾਉ ਲੱਭ ਕੇ ਜੀਵਨ-ਮੁਕਤ ਹੋਣ ਵਾਸਤੇ ਆਪ ਯਤਨ ਕਰਦੇ ਹੋਏ ਦੂਸਰਿਆਂ ਨੂੰ ਪ੍ਰੇਰਣਾ ਦਿੰਦੇ ਹਨ। ਇਹ ਗੁਣ ਸੱਚੇ ਮਹਾਂਪੁਰਖਾਂ ਦੀ ਖ਼ੂਬੀ ਹੈ ਜੋ ਸਾਰੇ ਬਾਣੀਕਾਰਾਂ ਦੀ ਉੱਚਤਮ ਰੂਹਾਨੀ ਸ਼ਖ਼ਸ਼ੀਯਤ ਦਾ ਸ਼ਿੰਗਾਰ ਹੈ।

ਦੀਨ (ਧਰਮ) ਫ਼ਰੀਦ ਜੀ ਦੇ ਹੱਡਾਂ ਵਿੱਚ ਜਨਮ ਤੋਂ ਹੀ ਰਚਿਆ ਹੋਇਆ ਸੀ। ਉਹ ਜਨਮ ਤੋਂ ਮੁਸਲਮਾਨ ਸਨ। ਉਨ੍ਹਾਂ ਦੀ ਪਰਵਰਿਸ਼ ਇਸਲਾਮੀ ਮਾਹੌਲ ਵਿੱਚ ਹੋਈ। ਉਨ੍ਹਾਂ ਨੂੰ ਬਚਪਣ ਵਿੱਚ ਹੀ ਕੁਰਾਨ ਸ਼ਰੀਫ਼ ਜ਼ਬਾਨੀ ਯਾਦ ਸੀ। ਉਨ੍ਹਾਂ ਦੀ ਬਾਣੀ ਵਿੱਚ ਪੰਜ ਨਿਮਾਜ਼ਾਂ, ਮਸੀਤ, ਪੁਰਸਲਾਤ (ਪੁਲਿਸਰਾਤ), ਸੈਤਾਨਿ ਆਦਿ ਦਾ ਜ਼ਿਕਰ ਵੀ ਹੈ। ਸੂਫ਼ੀ ਫ਼ਕੀਰਾਂ ਵਾਲੀ ਕੱਫ਼ਨੀ/ਕੰਬਲੀ ਦਾ ਉੱਲੇਖ ਵੀ ਹੈ। ਉਨ੍ਹਾਂ ਨੇ ਕਾਜ਼ੀਆਂ, ਮੌਲਵੀਆਂ, ਇਸਲਾਮ ਦੇ ਆਲਿਮਾਂ ਤੇ ਸੂਫ਼ੀ ਪੀਰਾਂ-ਫ਼ਕੀਰਾਂ ਦੀ ਮੁਰੀਦਗੀ ਤੇ ਸੁਹਬਤ ਵੀ ਕੀਤੀ। ਪਰੰਤੂ ਇਨ੍ਹਾਂ ਹਵਾਲਿਆਂ ਨਾਲ ਉਨ੍ਹਾਂ ਨੂੰ ਇਸਲਾਮ ਜਾਂ ਸੂਫ਼ੀ ਮਤਿ ਦੇ ਪੈਰੋਕਾਰ ਜਾਂ ਪ੍ਰਚਾਰਕ ਕਹਿਣਾ ਠੀਕ ਨਹੀਂ ਹੋਵੇਗਾ। ਫ਼ਰੀਦ ਜੀ ਦੁਨਿਆਵੀ ਮਜ਼੍ਹਬਾਂ ਦੀਆਂ ਬੰਦਸ਼ਾਂ ਤੋਂ ਆਜ਼ਾਦ ਸੁਤੰਤਰ ਸੋਚ ਦੇ ਮਾਲਿਕ ਸਨ। ਉਨ੍ਹਾਂ ਦੀ ਬਾਣੀ ਵਿੱਚ ਕਿਤੇ ਵੀ ਕੁਰਾਨ, ਹਜ਼ਰਤ ਮੁਹੰਮਦ ਜਾਂ ਇਸਲਾਮੀ ਸ਼ਰ੍ਹਾ ਦੇ ਅਸੂਲਾਂ (ਰਹਿਤ ਮਰਯਾਦਾ) ਦਾ ਹਵਾਲਾ ਨਹੀਂ ਹੈ। ਇਸਲਾਮ ਵਿੱਚ ਮੌਸੀਕੀ (ਸੰਗੀਤ) ਨੂੰ ਬੁਰਾ ਸਮਝਿਆ ਜਾਂਦਾ ਹੈ ਪਰੰਤੂ ਫ਼ਰੀਦ ਜੀ ਸੰਗੀਤ ਦੇ ਦੀਵਾਨੇ ਸਨ। ਇਹ ਸੱਚ ਹੈ ਕਿ ਸੂਫ਼ੀ ਮਤਿ ਦੇ ਕਈ ਨਿਯਮ ਗੁਰਮਤਿ ਨਾਲ ਮੇਲ ਖਾਂਦੇ ਹਨ, ਪਰੰਤੂ ਫ਼ਰੀਦ-ਬਾਣੀ ਵਿੱਚ ਸੂਫ਼ੀ ਸਿਧਾਂਤਾਂ (ਸ਼ਰੀਯਤ, ਤਰੀਕਤ, ਮਾਰਫ਼ਤ ਤੇ ਹਕੀਕਤ ਆਦਿ) ਦਾ ਕੋਈ ਸਿੱਧਾ ਜਾਂ ਸਪਸ਼ਟ ਜ਼ਿਕਰ ਦਿਖਾਈ ਨਹੀਂ ਦਿੰਦਾ! ਆਪ ਦੀ ਬਾਣੀ ਵਿੱਚ ਗੁਰਮਤਿ ਦੇ ਮੁੱਢਲੇ ਸਿੱਧਾਂਤਾਂ ਦਾ ਪ੍ਰਤੱਖ ਝਲਕਾਰਾ ਹੈ। ਆਓ! ਇਸ ਪੱਖ `ਤੇ ਵਿਚਾਰ ਕਰੀਏ:-

ਵਾਹਦਤ ਅਥਵਾ ਅਦ੍ਵੈਤਵਾਦ ਗੁਰਮਤਿ ਦਾ ਮੁੱਢਲਾ ਸਿਧਾਂਤ ਹੈ। ਫ਼ਰੀਦ ਜੀ ਦੀ ਬਾਣੀ ਵਿੱਚ ਇਸ ਸਿੱਧਾਂਤ ਦੀ ਪਾਲਣਾ ਬੜੀ ਸਿਰੜਤਾ ਨਾਲ ਕੀਤੀ ਗਈ ਹੈ। ਫ਼ਰੀਦ ਜੀ ਨੇ ਇੱਕ ਅੱਲਾਹ ਅੱਗੇ ਅਰਦਾਸ ਕਰਨ ਦੀ ਹੀ ਪ੍ਰੇਰਣਾ ਦਿੱਤੀ ਹੈ; ਤੇਰੀ ਪਨਹਿ ਖੁਦਾਇ ਤੂੰ ਬਖ਼ਸ਼ੰਦਗੀ॥ । ਉਨ੍ਹਾਂ ਨੇ ਆਪਣੀ ਸਾਰੀ ਬਾਣੀ ਵਿੱਚ ਕਿਤੇ ਵੀ ਰਬ ਤੋਂ ਬਿਨਾਂ ਕਿਸੇ ਹੋਰ ਹੋਂਦ/ਹਸਤੀ ਅੱਗੇ ਝੁਕਣ ਵਾਸਤੇ ਨਹੀਂ ਕਿਹਾ। ਫ਼ਰੀਦ ਜੀ ਦੀ ਬਾਣੀ ਵਿੱਚ ਵਾਹਦਤ ਅਥਵਾ ਇਕ-ਈਸ਼ਵਰਵਾਦ ਤੋਂ ਬਿਨਾਂ ਗੁਰਮਤਿ ਦੇ ਨਿਯਮਾਂ: ਗੁਰਪ੍ਰਸਾਦਿ, ਗੁਰੂ, ਸੰਗਤ ਤੇ ਨਾਮ-ਸਿਮਰਨ ਆਦਿ ਦਾ ਵਰਣਨ ਹੈ। ਇਸ ਤੋਂ ਬਿਨਾਂ ਫ਼ਰੀਦ ਜੀ ਨੇ ਜੀਵਨ-ਮੁਕਤ ਹੋਣ ਵਾਸਤੇ ਸਦਗੁਣਾਂ ਨੂੰ ਧਾਰਨ ਕਰਨ ਤੇ ਮਨ ਨੂੰ ਮਲੀਨ ਕਰਨ ਵਾਲੇ ਵਿਕਾਰਾਂ ਨੂੰ ਤਿਆਗਣ, ਟਾਕਿਮ ਕੂੰਜੜੀਆਂ, ਦੀ ਪ੍ਰੇਰਣਾ ਦਿੱਤੀ ਹੈ।

ਜੀਵਨ-ਮੁਕਤ ਹੋਣ ਵਾਸਤੇ ਦਰਵੇਸ਼ ਨੂੰ ਦੈਵੀ ਗਿਆਨ ਦੀ ਲੋੜ ਹੈ; ਇਹ ਗਿਆਨ ਹਾਸਿਲ ਕਰਨ ਵਾਸਤੇ ਰੱਬ ਦੀ ਬਖ਼ਸ਼ਿਸ਼ ਦੀ ਜ਼ਰੂਰਤ ਹੈ। ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ॥ । ਇਹੋ ਗੁਰਪ੍ਰਸਾਦਿ ਦਾ ਸਿੱਧਾਂਤ ਹੈ। ਰੱਬ ਮਿਹਰ ਕਰਕੇ ਗੁਰੂ/ਪੀਰ ਦੀ ਸੰਗਤ ਨਾਲ ਜੋੜਦਾ ਹੈ, ਕਰਿ ਕਿਰਪਾ ਪ੍ਰਭਿ ਸਾਧਸੰਗਿ ਮੇਲੀ॥ , ਸੰਗਤ ਵਿੱਚ ਵਿਚਰਦਿਆਂ ਮੁਰੀਦ ਨੂੰ ਸੱਚ-ਸਿਮਰਨ ਅਥਵਾ ਬੰਦਗੀ (ਇਸ਼ਕ ਹਕੀਕੀ) ਦੀ ਚੇਟਕ ਲੱਗਦੀ ਹੈ, ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ॥ ਤੇ ਉਹ ਮੋਹ-ਮਾਇਆ, ਪਾਪਾਂ, ਵਿਕਾਰਾਂ ਤੇ ਔਗੁਣਾਂ ਆਦਿ ਤੋਂ ਤੋਬਾ ਕਰਕੇ ਰੱਬ ਦੀ ਬੰਦਗੀ ਕਰਦਾ ਹੋਇਆ ਸਦਗੁਣਾਂ (ਸਤੁ, ਸੰਤੋਖ, ਦਯਾ, ਧਰਮ ਤੇ ਧੀਰਜ ਆਦਿ) ਦੀ ਪਾਲਣਾ ਕਰਕੇ ਰੱਬ ਦੇ ਰਾਹ ਦਾ ਪਾਂਧੀ ਬਣ ਜਾਂਦਾ ਹੈ। ਸੱਚਾ ਮੁਰੀਦ/ਸਿੱਖ ਉਹ ਹੀ ਹੈ ਜੋ ਗੁਰੂ ਦੇ ਦੱਸੇ ਰਾਹ `ਤੇ ਹੀ ਚਲਦਾ ਹੈ, ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ॥ । ਫ਼ਰੀਦ ਜੀ ਜੀਵਨ ਦੇ ਝੂਠ, ਝੂਠੀ ਦੁਨੀਆ ਦੀ ਨਿਰਾਰਥਕਤਾ ਤੇ ਮੌਤ ਦੇ ਸੱਚ ਨੂੰ ਬਾਰ ਬਾਰ ਦ੍ਰਿੜਾ ਕੇ ਕੁਕਰਮਾਂ ਤੋਂ ਬਚਣ ਦੀ ਪ੍ਰੇਰਣਾ ਵੀ ਦਿੰਦੇ ਹਨ। (ਇੱਥੇ ਇਸ ਤੱਥ ਦਾ ਜ਼ਿਕਰ ਕਰਨਾ ਠੀਕ ਰਹੇਗਾ ਕਿ ਫ਼ਰੀਦ ਜੀ ਨੇ ਕ੍ਰੋਧ, ਲੋਭ, ਮੋਹ ਤੇ ਹੰਕਾਰ ਆਦਿ ਦਾ ਤਾਂ ਪੁਰਜ਼ੋਰ ਖੰਡਨ ਕੀਤਾ ਹੈ ਪਰੰਤੂ ਕਾਮ ਦੇ ਵਿਕਾਰ ਨੂੰ ਨਜ਼ਰ-ਅੰਦਾਜ਼ ਕਰ ਗਏ ਹਨ!)

ਫ਼ਰੀਦ ਜੀ ਆਤਮ ਵਿੱਚ ਪਰਮਾਤਮ ਦੇ ਪਰਮੁੱਖ ਸਿੱਧਾਂਤ ਦੇ ਸਮਰਥਕ ਵੀ ਸਨ: ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢਹਿ॥ ੧੯॥

ਫ਼ਰੀਦ ਜੀ ਧਾਰਮਿਕ ਭੇਖ ਦੇ ਪਾਜ ਓਹਲੇ ਭ੍ਰਸ਼ਟ ਸ਼ਖ਼ਸ਼ੀਯਤ ਨੂੰ ਲੁਕਾ ਕੇ ਲੋਕਾਂ ਨੂੰ ਲੁੱਟਣ ਦੇ ਸਖ਼ਤ ਵਿਰੋਧੀ ਸਨ:

ਫ਼ਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ॥

ਭਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ॥ ੫੦॥

ਫ਼ਰੀਦਾ ਕਾਲੇ ਮੈਂਡੇ ਕਪੜੇ ਕਾਲਾ ਮੈਡਾ ਵੇਸੁ॥

ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ॥ ੬੧॥

ਫ਼ਰੀਦ ਜੀ ਦੀ ਬਾਣੀ ਵਿੱਚ ਹਿੰਦੂ ਮਤਿ ਦੇ ਮਿਥਿਹਾਸ ਦਾ ਪੂਰਨ ਅਭਾਵ ਹੈ!

ਪੰਜਾਬ ਪ੍ਰਾਂਤ ਦੀ ਧਰਮ-ਨਿਰਪੇਖ ਲੋਕ-ਬੋਲੀ ਪੰਜਾਬੀ, ਜਿਸ ਨੂੰ ਅੱਜ ਦੇ ‘ਸਿੱਖਾਂ’ ਨੇ ਜੱਫਾ ਮਾਰ ਰੱਖਿਆ ਹੈ, ਦੇ ਸਰਵ ਪ੍ਰਥਮ ਲੇਖਕ ਫ਼ਰੀਦ ਜੀ ਹੀ ਹਨ। ਪੰਜਾਬੀ ਕਾਵਿ-ਸਾਹਿਤ ਦੇ ਪਿਤਾਮਾ/ਮੋਢੀ ਹੋਣ ਦਾ ਸਿਹਰਾ ਵੀ ਬਾਬਾ ਫ਼ਰੀਦ ਜੀ ਦੇ ਸਿਰ ਹੀ ਹੈ। ਫ਼ਰੀਦ ਜੀ ਦਾ 12ਵੀਂ ਸਦੀ ਵਿੱਚ ਪੰਜਾਬੀ ਕਾਵਿ-ਸਾਹਿਤ ਰਚਨ ਸਦਕਾ ਪੰਜਾਬੀ ਨੂੰ ਹਿੰਦੀ ਤੇ ਉਰਦੂ ਦੀ ਜਠੇਰੀ ਕਿਹਾ ਜਾ ਸਕਦਾ ਹੈ! ਸੰਸਾਰ ਦੇ ਧਰਮ-ਖੇਤ੍ਰ ਵਿੱਚ ਫ਼ਰੀਦ ਜੀ ਪਹਿਲੇ ਮੁਰਸ਼ਦ ਹੋਏ ਹਨ ਜਿਨ੍ਹਾਂ ਨੇ ਆਪਣੇ ਧਾਰਮਿਕ ਰਹੱਸਵਾਦੀ ਵਿਚਾਰਾਂ ਨੂੰ ਪ੍ਰਗਟਾਉਣ ਵਾਸਤੇ ਅਤੇ ਅਗਿਆਨ ਜਨਤਾ ਨੂੰ ਗਿਆਨ ਪ੍ਰਦਾਨ ਕਰਨ ਲਈ ਲੋਕ-ਬੋਲੀ ਨੂੰ ਮਾਧਿਅਮ ਬਣਾਇਆ। ਫ਼ਰੀਦ ਜੀ ਦੇ ਜੀਵਨ ਦਾ ਬਹੁਤਾ ਸਮਾਂ ਲਹਿੰਦੇ ਪੰਜਾਬ ਵਿੱਚ ਹੀ ਗੁਜ਼ਰਿਆ; ਇਹੀ ਕਾਰਣ ਹੈ ਕਿ ਆਪ ਦੀ ਬਾਣੀ ਦੀ ਬੋਲੀ ਵਧੇਰੇ ਲਹਿੰਦੀ (ਮੁਲਤਾਨ ਦੇ ਇਲਾਕੇ ਦੀ) ਪੰਜਾਬੀ ਹੀ ਹੈ। ਲਹਿੰਦੇ ਪੰਜਬ ਦੀ ਸਿੰਧ ਨਾਲ ਸੀਮਾਂ ਦੀ ਸਾਂਝ ਹੋਣ ਕਰਕੇ ਫ਼ਰੀਦ ਜੀ ਦੀ ਬਾਣੀ ਵਿੱਚ ਸਿੰਧੀ ਅਤੇ ਡਿੰਗਲ (ਰਾਜਪੂਤਾਨੇ ਦੀ ਪੁਰਾਤਨ ਭਾਸ਼ਾ) ਦੇ ਸ਼ਬਦ ਆ ਜਾਣੇ ਸੁਭਾਵਿਕ ਸੀ। ਫ਼ਰੀਦ ਜੀ ਦਾ ਅਰਬੀ ਭਾਸ਼ਾ ਵਿੱਚ ਲਿਖੇ ਕੁਰਾਨ ਸ਼ਰੀਫ਼, ਇਸਲਾਮ ਅਤੇ ਸੂਫ਼ੀ ਫ਼ਲਸਫ਼ੇ ਨਾਲ ਗਹਿਰਾ ਸੰਬੰਧ ਰਿਹਾ ਅਤੇ ਉਹ ਅਰਬੀ ਤੇ ਫ਼ਾਰਿਸੀ ਦੇ ਵੱਡੇ ਵਿਦਵਾਨ ਸਨ, ਇਸ ਲਈ ਉਨ੍ਹਾਂ ਦੀ ਬਾਣੀ ਵਿੱਚ ਅਰਬੀ ਫ਼ਾਰਿਸੀ ਦੇ ਲਫ਼ਜ਼ਾਂ ਦੀ ਭਰਮਾਰ ਹੈ। ਹਿੰਦੁਸਤਾਨੀ ਧਰਤੀ `ਤੇ ਪੰਜਾਬੀ ਮਾਹੌਲ ਵਿੱਚ ਵਿਚਰਨ ਕਰਕੇ ਉਨ੍ਹਾਂ ਦੀ ਬਾਣੀ ਵਿੱਚ ਹਿੰਦਵੀ/ਭਾਰਤੀ ਮੂਲ ਦੀ ਸ਼ਬਦਾਵਲੀ ਦੀ ਵੀ ਕੋਈ ਕਮੀ ਨਹੀਂ। ਫ਼ਰੀਦ ਜੀ ਦੀ ਬਾਣੀ ਦੀ ਬਹੁਰੰਗੀ ਮਾਖਿਉਂ-ਮਿੱਠੀ ਬੋਲੀ ਸਦਕਾ ਹੀ ਹਰ ਮਜ਼੍ਹਬ ਤੇ ਵਰਗ ਦੇ ਪਾਠਕ ਇਸ ਦਾ ਰਸ ਮਾਣਦੇ ਹਨ।

ਫ਼ਰੀਦ ਜੀ ਦੀ ਬਿੰਬਾਤਮਿਕ ਗੁੰਦਵੀਂ ਸ਼ੈਲੀ ਪਾਠਕਾਂ ਦੇ ਮਨਾਂ ਨੂੰ ਟੁੰਬਣ ਦੀ ਸਮਰੱਥਾ ਰੱਖਦੀ ਹੈ। ਸ਼ਕਤੀਸ਼ਾਲੀ ਸ਼ਬਦ-ਚਿਤ੍ਰ-ਕਲਾ ਹੀ ਉਨ੍ਹਾਂ ਦੀ ਕਾਵਿ-ਸ਼ਕਤੀ ਦਾ ਭੇਦ ਹੈ। ਫ਼ਰੀਦ ਜੀ ਨੇ ਆਪਣਾ ਪੈਗ਼ਾਮ ਲੋਕਾਂ ਦੇ ਹਿਰਦਿਆਂ ਵਿੱਚ ਉਤਾਰਣ ਵਾਸਤੇ ਜਿਨ੍ਹਾਂ ਪ੍ਰਤੀਕਾਂ ਦਾ ਪ੍ਰਯੋਗ ਕੀਤਾ ਹੈ ਉਹ ਵਿਸ਼ਾਲ ਕੁਦਰਤ ਤੇ ਜਨ ਸਾਧਾਰਨ ਦੇ ਪਰਿਵਾਰਕ ਜੀਵਨ ਨਾਲ ਸੰਬੰਧ ਰੱਖਦੇ ਹਨ। (ਨੋਟ:- ਫ਼ਰੀਦ ਜੀ ਦੀ ਬਾਣੀ ਦੀ ਸ਼ਬਦਾਵਲੀ ਤੇ ਸ਼ੈਲੀ ਦੇ ਪ੍ਰਮਾਣ ‘ਸੇਖ ਫਰੀਦ ਜੀਉ ਕੀ ਬਾਣੀ’ ਸਿਰਲੇਖ ਹੇਠ ਲਿਖੇ ਲੇਖਾਂ ਵਿੱਚ ਦੇਖੇ ਜਾ ਸਕਦੇ ਹਨ।)

ਗੁਰਇੰਦਰ ਸਿੰਘ ਪਾਲ

ਜੁਲਾਈ 15, 2012.
.