.

ਸ੍ਰੀ ਗੁਰੂ ਅੰਗਦ ਦੇਵ ਜੀ

(ਇਲਾਹੀ ਨਦਰ ਦੇ ਪੈਂਡੇ, ਜਿਲਦ ਦੂਜੀ ਦੇ ਅਧਾਰ `ਤੇ)

ਲਿਖਾਰੀ: ਅਮਰੀਕ ਸਿੰਘ ਧੌਲ

(ਨੋਟ: ਇਸ ਲੇਖ ਵਿੱਚ ਗੁ. ਅੰਗਦ ਦੇਵ ਜੀ ਦਾ ਚਰਿੱਤਰ, ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੇ ਵਿਲੱਖਣ ਇਤਿਹਾਸਿਕ ਦ੍ਰਿਸ਼ਟੀਕੋਣ ਰਾਹੀਂ ਪ੍ਰਗਟ ਹੋਇਆ, ਕਵੀ ਤੇ ਕਵਿਤਾ ਦੇ ਅਹਿਮ ਵਿਸ਼ਿਆਂ ਦੁਆਰਾ ਨਜਿੱਠਿਆ ਗਿਆ ਹੈ।)

ਪਹਿਲਾਂ ਮੈਂ ਆਪਣੀ ਸੁਰਤ ‘ਇਲਾਹੀ ਨਦਰ ਦੇ ਪੈਂਡੇ`, ਜਿਲਦ ਦੂਜੀ, ਉਤੇ ਕੇਂਦਰਿਤ ਕਰਦਾ ਹਾਂ। ਇਹ ਕਵਿਤਾ ਦੀ ਕਿਤਾਬ, ਕਵੀ ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੁਆਰਾ ਰਚਿਤ ਗੁ. ਅੰਗਦ ਦਾ ਚਰਿੱਤਰ ਇੱਕ ਲਘੂ ਮਹਾਂ ਕਾਵਿ ਹੈ, ਜੋ ਇੱਕ ਵਡੇਰੇ ਮਹਾਂਕਾਵਿ ਦਾ ਅਨਿੱਖੜ ਹਿੱਸਾ ਹੈ, ਜਿਸ ਦੀਆਂ ਦੋ ਜਿਲਦਾਂ ਉਨ੍ਹਾਂ ਦੇ ਜੀਂਦੇ ਜੀਅ ਛਪ ਕੇ ਲੋਕਾਂ ਦੀ ਝੋਲੀ ਪੈ ਚੁਕੀਆਂ ਸਨ। ਇਸ ਵਿੱਚ ਸਿਰਫ ਗੁਰੂ ਅੰਗਦ ਸਾਹਿਬ ਜੀ ਦਾ ਹੀ ਜੀਵਨ ਕਵੀ ਜੀ ਕਵਿਤਾ ਵਿੱਚ ਗੁੰਦ ਸਕੇ ਸਨ ਕਿ ਧੁਰ ਦੇ ਸੱਦੇ ਆ ਗਏ। ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਕਰਕੇ ਮਿਥੇ ਇਰਾਦੇ ਮੁਤਾਬਿਕ ਬਾਕੀ ਤਿੰਨ ਗੁਰੂਆਂ (ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਤੇ ਗੁਰੂ ਅਰਜਨ ਦੇਵ ਜੀ) ਦੇ ਇਸ ਜਿਲਦ ਵਿੱਚ ਸ਼ਾਮਿਲ ਕੀਤੇ ਜਾਣੇ ਵਾਲੇ ਜੀਵਨ ਬਿਰਤਾਂਤ ਕਵਿਤਾ ਦਾ ਜਾਮਾ ਨਾ ਪਹਿਨ ਸਕੇ। ਪ੍ਰੋ. ਹਰਿੰਦਰ ਸਿੰਘ ਮਹਿਬੂਬ ਮੈਮੋਰੀਅਲ ਟਰੱਸਟ, ਗੜ੍ਹਦੀਵਾਲਾ (ਹੋਸ਼ਿਆਰ ਪੁਰ) ਦੀ ਸਰਪ੍ਰਸਤੀ ਹਾਸਿਲ ਪੁਸਤਕ ਪ੍ਰੋ. ਚੇਤਨ ਸਿੰਘ, ਜਾਇੰਟ ਡਾਇਰੈੱਕਟਰ, ਭਾਸ਼ਾ ਵਿਭਾਗ (ਪਟਿਆਲਾ) ਦੁਆਰਾ ਸੰਪਾਦਤ ਪਹਿਲੀ ਵਾਰ ਜੁਲਾਈ ੨੦੧੧ ਵਿੱਚ ਛਪੀ। ਸਿਰਦਾਰ ਚੇਤਨ ਸਿੰਘ ਜੀ, ਪ੍ਰੋ. ਮਹਿਬੂਬ ਦੀ ਨਜ਼ਮ ਤੇ ਨਸਰ ਰਚਨਾ ਕਾਲ ਦੌਰਾਨ ਆਪਣੇ ਵਿਦਿਆਰਥੀ ਉਮਰ ਦੇ ਚੜ੍ਹਦੇ ਸਾਲਾਂ ਤੋਂ ਕਵੀ ਜੀ ਦੇ ਸੰਸਾਰ ਛੱਡ ਜਾਣ ਤੱਕ ਦੇ ਕੀਮਤੀ ਤੇ ਲੰਮੇ ਅਰਸੇ ਦੇ ਰਾਜ਼ਦਾਨ ਹਨ। ਕਵੀ ਜੀ ਨੇ ਕਿਤਾਬ, ਬਿਆਸ ਦਰਿਆ ਦੇ ਅਨਿੰਨ ਪ੍ਰੇਮੀ, ਉਪਰੋਕਤ ਟਰੱਸਟ ਦੀ ਰੂਹਿ-ਰਵਾਂ ਤੇ ਡੱਫਰ ਪਿੰਡ ਦੇ ਸਿਰਦਾਰ ਫਕੀਰ ਸਿੰਘ ਸਹੋਤਾ ਨੂੰ ਸਮਰਪਤ ਕੀਤੀ ਹੈ। ਕਵੀ ਜੀ ਅਕਸਰ ਇਸ ਪਿੰਡ ਦੇ ਪੁਰ ਖ਼ਲੂਸ ਮਹੌਲ ਵਿੱਚ ਜਾ ਕੇ ਪੂਰੇ ਸਕੂਨ ਸਹਿਤ ਕਵਿਤਾ ਰਚਦੇ ਰਹੇ ਹਨ ਜਿਥੇ ਦੇ ਚੋਆਂ, ਖੱਡਾਂ, ਜਾੜਾਂ, ਬੂਝਿਆਂ, ਸਲਵਾੜਾਂ, ਕਾਹੀਆਂ ਅਤੇ ਫਸਲਾਂ ਵਿਚੋਂ ਆਪ ਜੀ ਨੂੰ ਬਚਪਨ ਵਿੱਚ ਦੇਖੇ, ਵਰਤੇ ਤੇ ਹੰਢਾਏ ਪੰਜਾਂ ਦਰਿਆਵਾਂ ਦੀ ਯਾਦ ਤਾਜ਼ਾ ਹੋਇਆ ਕਰਦੀ ਸੀ। ਕਵੀ ਜੀ ਦੇ ਆਪਣੇ ਲਫਜ਼ ਹਨ: “ਦਸੂਹੇ ਦੇ ਨੇੜੇ ਵਗਦੇ ਦਰਿਆ ਬਿਆਸ ਦੇ ਅਨਿੰਨ ਪ੍ਰੇਮੀ ਸ. ਫਕੀਰ ਸਿੰਘ ਸਹੋਤਾ ਜਿਹਨਾਂ ਦੇ ਪਿੰਡ ਡੱਫਰ ਵਿੱਚ ਮੈਂ ਬਿਆਸ ਤੋਂ ਅਗਲੇ ਦਰਿਆਵਾਂ ਨੂੰ ਵੀ ਆਪਣੀਆਂ ਕਵਿਤਾਵਾਂ ਵਿੱਚ ਯਾਦ ਕੀਤਾ”।

ਸ. ਚੇਤਨ ਸਿੰਘ, ਉਪਰੋਕਤ ਟਰੱਸਟ ਵਲੋਂ ਪ੍ਰੋ. ਮਹਿਬੂਬ ਜੀ ਨੂੰ ਉਨ੍ਹਾਂ ਦੇ ਆਪਣੇ ਸ਼ੇਅਰ, “ਤੁਰ ਗਿਆ ਪੈਂਡੇ ਮੌਤ ਦੇ, ਛੱਡ ਖੇਡ ਖਿਲਾਰੀ” ੧ ਰਾਹੀਂ ਕਿਤਾਬ ਦੇ ਸੰਪਾਦਕੀ ਲੇਖ: ‘ਧਨੁ ਲੇਖਾਰੀ ਨਾਨਕਾ` ਵਿਖੇ ਯਾਦ ਕਰਦੇ ਕਹਿੰਦੇ ਹਨ ਕਿ ਸਿਖ ਜਗਤ ਨੂੰ ਆਧੁਨਿਕ ਪ੍ਰਸਥਿਤੀਆਂ ਵਿਚੀਂ ਗੁਜ਼ਰਦਿਆਂ ਹੁਣ ਮਹਿਸੂਸ ਹੋਣ ਲੱਗ ਪਿਆ ਹੈ ਕਿ ਸਿੱਖ ਧਰਮ ਦੀ ਇਲਾਹੀ ਸ਼ਾਨ ਨੂੰ ਦੁਨੀਆਂ ਦੇ ਪ੍ਰਸੰਗ ਵਿੱਚ ਵੇਖਣ ਲਈ ਉਨ੍ਹਾਂ ਦੀਆਂ ਰਚਨਾਵਾਂ ਤੋਂ ਸੇਧ ਲੈਣੀ ਪਵੇਗੀ। ਪ੍ਰੋ. ਮਹਿਬੂਬ ਨੇ ਸਿਖ ਧਰਮ ਦੀ ਅਸਲ ਤਸਵੀਰ (ਪਹਿਲ-ਤਾਜ਼ਗੀ) ਤੇ ਹੋਰ ਭਰਮ ਭੁਲੇਖਿਆਂ ਦਾ ਸਮਾਧਾਨ, ਆਪ ਅਡੋਲ ਰਹਿ ਕੇ, ਸੱਚ ਦਾ ਵਾਪਾਰ ਕਰਦਿਆਂ, ਲਹੂ ਪਸੀਨਾ ਇੱਕ ਕਰਕੇ ਪੰਥ ਨੂੰ ਮੁਹੱਈਆ ਕਰੁਆਇਆ ਹੈ। ਆਪ ਵਿਕੇ ਨਹੀਂ, ਕਿਸੇ ਝੋਲੀਚੁੱਕ ਦੇ ਪੈਰ ਨਹੀਂ ਚੱਟੇ, ਚੰਗੀ ਨੌਕਰੀ ਜਾਂ ਕਿਸੇ ਹੋਰ ਲਾਲਚ ਵੱਸ ਪੈ ਕੇ ਈਮਾਨ ਦਾ ਦਾਮਨ ਨਹੀਂ ਛੱਡਿਆ ੨। ਨਿਰੋਲ ਸੱਚ ਆਧਾਰਿਤ ਹੋ ਕੇ, ਸੱਚ ਤੇ ਦ੍ਰਿੜ ਰਹਿੰਦਿਆਂ ‘ਸਹਿਜੇ ਰਚਿਓ ਖ਼ਾਲਸਾ` ਦੀਆਂ ਅੱਠ ਕਿਤਾਬਾਂ ਵਿੱਚ ਘੋਰ ਅਧਿਐਨ ਦੇ ਫਲਸਰੂਪ ਸਿੱਖ ਚਿੰਤਨ ਤੇ ਇਤਿਹਾਸ ਦਾ ਦੀਰਘ ਤੇ ਵਿਲੱਖਣ ਵਿਸ਼ਲੇਸ਼ਣ ਪੇਸ਼ ਕੀਤਾ।

ਮਹਾਂਕਾਵਿ ‘ਇਲਾਹੀ ਨਦਰ ਦੇ ਪੈਂਡੇ` ਦੀ ਜਿਲਦ ਦੂਜੀ ਦੇ ਅੰਤਰੀਵ ਰਹੱਸ ਦੀ ਆਤਮਕ ਉਚਤਾ ਵਾਰੇ ਆਮ ਪਾਠਕ ਲਈ ਵਾਕਫੀਅਤ “ਦੋ ਸ਼ਬਦ” ਸਿਰਲੇਖ ਹੇਠ ਦਿੱਤੀ ਹੈ। ਕਵੀ ਜੀ ਨੇ ਇਸ ਮਹਾਂਕਾਵਿ ਦੀਆਂ ਚਾਰੋਂ ਹੀ ਜਿਲਦਾਂ ਨੂੰ ਆਪਣੇ ਕਾਵਿ ਅਵੇਸ਼ ਦਾ ਜਾਮਾ ਪਹਿਨਾਉਣ ਲਈ ਪੂਰੀ ਤਿਆਰੀ ਕਰ ਰਖੀ ਸੀ, ਅਤੇ ਵਿਸ਼ਵ ਸਾਹਿਤ ਦੇ ਪ੍ਰਸੰਗ ਵਿੱਚ ਦੀਰਘ ਅਧਿਐਨ ਅਤੇ ਕਾਵਿ ਸਾਧਨਾ ਜਾਂ ਕਾਵਿਕ ਅਭਿਆਸ ਵੀ ਕੀਤਾ ਹੋਇਆ ਸੀ। ਕਵੀ ਜੀ ਦੇ ਪੱਲੇ ਅਤੁਟ ਤੇ ਵਿਸ਼ਾਲ ਅਨੁਭਵ ਜਾਂ ਕਾਵਿ ਅਨੁਭੂਤੀ ਦੀ ਨਿੱਜੀ ਪੂੰਜੀ ਮੌਜੂਦ ਸੀ। ਉਪਰੋਕਤ ਕਿਤਾਬਾਂ ਦੇ ਮੁੱਢ ਵਿੱਚ ਉਨ੍ਹਾਂ ਵਲੋਂ ਲਿਖੇ ਲੇਖ, ‘ਸਹਿਜੇ ਰਚਿਓ ਖ਼ਾਲਸਾ` ਦਾ ‘ਸਫਰ ਤੇ ਮਨੋਰਥ ੩ ‘ਕਵਿਤਾ ਦੇ ਦੂਰ ਦਿਸਹੱਦੇ ੪ ‘ਕਵੀ ਤੇ ਇਤਿਹਾਸ ੫ ‘ਗੁਰੂ ਗੋਬਿੰਦ ਸਿੰਘ ਅਤੇ ਇਤਿਹਾਸ ਦੇ ਅਛੁਹ ਦਿਸਹੱਦੇ ੬ ਆਪ ਜੀ ਦੇ ਗਹਿਰੇ ਅਧਿਐਨ ਤੇ ਸੱਜਰੇ ਅਨੁਭਵ ਦੇ ਜ਼ਿੰਦਾ ਸਬੂਤ ਹਨ। ਇਹ ਲੇਖ ਇੱਕ ਕਿਸਮ ਦੇ ਖੋਜ ਪੱਤਰ ਹੀ ਹਨ। ਇਹ ਭਵਿਖ ਵਿੱਚ ਕਵੀਆਂ ਤੇ ਇਤਿਹਾਸਕਾਰਾਂ ਲਈ ਸੇਧ ਦਾ ਕੰਮ ਦੇਣਗੇ।

ਕਵੀ ਨੇ ਮਹਾਂਕਾਵਿ ਸਿਰਜਣ ਨੂੰ ਨਾਵਲ ਰਚਣ ਨਾਲੋਂ ਪਹਿਲ ਦਿੱਤੀ ਭਾਵੇਂ ਆਪ ਵਿਸ਼ਵ ਸਾਹਿਤ ਦੇ ਨਾਵਲ ਜਗਤ ਵਿੱਚ ਗੁਰਬਾਣੀ ਦੇ ਅਧਿਆਤਮਕ ਰਹੱਸ ਅਤੇ ਬਾਬਾ ਫ਼ਰੀਦ ਜੀ ਤੇ ਸਾਈਂ ਮੀਆਂ ਮੀਰ ਜਾਂ ਪੀਰ ਬੁੱਧੂ ਸ਼ਾਹ ੭, ੮ ਵਾਲ਼ੇ ਸੂਫ਼ੀ ਤਸੱਵੁਫ਼ ੯, ੧੦ ਦੇ ਅਦੁਤੀ ਸੁਮੇਲ ਚ ਰੰਗ-ਰੱਤੜਾ ਅਜਿਹਾ ਨਾਇਕ ਸਿਰਜਣਾਂ ਚਾਹੁੰਦੇ ਸਨ ਜਿਸ ਦਾ ਤਸੱਵਰ ਹਾਲੇ ਤੱਕ ਕਿਸੇ ਵੀ ਨਾਵਲ ਵਿੱਚ ਪੂਰਾ ਨਹੀਂ ਨਿਭਾਇਆ ਗਿਆ ੧੧। ਕਵੀ ਦੇ ਕਾਵਿ ਅਵੇਸ਼ ਦੀ ਸੀਮਾ ਅਕੱਥ ਅਤੇ ਅਸੀਮ ਸੀ। ਕਵੀ ਨੇ ਇਸ ਜਿਲਦ ਵਿੱਚ “ਪੂਰੇ ਗੁਰੂ” ਦੇ ਦੂਜੇ ਥਾਂ (ਗੁਰੂ ਅੰਗਦ ਦੇਵ ਜੀ) ਗੁਰਗੱਦੀ ਦੇ ਇਲਾਹੀ ਰੋਲ ਨੂੰ ਦਰੁੱਸਤ ਸੰਦਰਭ ਵਿੱਚ ਤੀਜੇ ਗੁਰੂ ਦੀ ਆਮਦ ਤੱਕ “ਪੂਰੇ ਗੁਰੂ” ਦਾ ਵਿਅਕਤਿਤਵ ਬਖ਼ੂਬੀ ਪੇਸ਼ ਕੀਤਾ ਹੈ।

ਕਵੀ ਦਾ ਅਕੀਦਾ ਹੈ ਕਿ ਮਨੁਖੀ ਇਤਿਹਾਸ ਜਨ-ਸਮੂਹ ਚੇਤਨਾ ਦੇ ਸ਼ੁਧ ਅਤੇ ਸਾਬਤ ਸਰੂਪ ਵਿੱਚ ਵਸਦਾ, ਅਰੂਪ, ਸ਼ਾਂਤ ਅਤੇ ਅਡੋਲ ਰਹਿੰਦਾ ਆਪਣੀਆਂ ਅਨੇਕਾਂ ਥਰਥਰਾਉਂਦੀਆਂ ਦਿਸ਼ਾਵਾਂ ਦੇ ਕੇਂਦਰ ਵਿੱਚ ਕਿਸੇ ਮਹਾਂਪੁਰਸ਼ ੧੨ ਦੇ ਸ਼ਕਤੀਸ਼ਾਲੀ ਇਸ਼ਾਰੇ ਨੂੰ ਸਮੋਏ ਅਗਾਂਹ ਚਲਦਾ ਹੈ ੧੩। ਜਾਂ ਇਵੇਂ ਕਹੋ ਕਿ ਕਾਲ ਅਤੇ ਸਮੂਹਿਕ ਚੇਤਨਾ ਨੂੰ ਦੂਰ ਤੱਕ ਕੰਨਸੋਆਂ ਦੇਣ ਵਾਲ਼ਾ ਪਰਬਲ ਇਤਿਹਾਸ ਕਿਸੇ ਹੋਰ ਧਰਾਤਲ ਉਤੇ ਵਿਚਰਦਾ ਹੈ। ਮਿਸਾਲ ਲਈ ਮੁਗਲ ਕਾਲ ਵਿਚ, ਮੁਗਲਾਂ ਦੇ ਮੁਕਾਬਲੇ ਸਿੱਖ ਗੁਰੁ ਜੀ ‘ਮਹਾਂ ਮਾਨਵ` ਹਨ ਅਤੇ ਉਸ ਵਕਤ ਦੇ ਰਾਜੇ ਸਮਰਾਟ ਆਦਿ ‘ਲਘੂ ਮਾਨਵ` ਹਨ। ਸਿੱਖ ਇਤਿਹਾਸ ਦੇ ਇਤਿਹਾਸਕਾਰ ਨੂੰ ‘ਗੁਰੂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹੌਲ` ਨੂੰ ਸਮਝਣਾ ਅਤਿ ਜ਼ਰੂਰੀ ਹੈ। ਪ੍ਰੋ. ਮਹਿਬੂਬ ਕਹਿੰਦੇ ਹਨ ਕਿ ਹੋਮਰ, ਡਾਂਟੇ, ਫ਼ਿਰਦੌਸੀ ਤੇ ਭਾ. ਸੰਤੋਖ ਸਿੰਘ ਆਦਿ ਕਵੀ, ਕਸਬੀ ਇਤਿਹਾਸਕਾਰਾਂ ਨਾਲੋਂ ਇਤਿਹਾਸ ਦਾ ਸੰਘਣਾਂ ਤੇ ਗੂੜ੍ਹਾ ਅਨੁਭਵ ਰਖਦੇ ਹਨ। ਭਾਵ ਕਿ ਕਵੀ, ਮਹਾਂ ਕਾਲ ਵਿੱਚ ਵਿਸ਼ੇਸ਼ ਖਿੱਤੇ ਦੀ ਵਿਜੈਈ ਚੇਤਨਾ ਵਿੱਚ ਡੂੰਘਾ ਉਤਰ ਕੇ, ਉਸਦੇ ਬਾਹਰਮੁਖੀ ਇਤਿਹਾਸ ਉਤੇ ਨਿਗਾਹ ਰਖ ਕੇ ਹੀ ਉਚਤਮ ਇਤਿਹਾਸ ਸਿਰਜਦਾ ਹੈ। ਭਾ. ਸੰਤੋਖ ਸਿੰਘ ਨੇ ਸਿੱਖ ਇਤਿਹਾਸ ਦੀ ਅੰਤਰਦ੍ਰਿਸ਼ਟੀ ਅਤੇ ਪਹਿਲ-ਤਾਜ਼ਗੀ ਜਾਂ ਅਸਲੀ ਤਸਵੀਰ ਦੇਣ ਵਿੱਚ ਆਧੁਨਿਕ ਇਤਿਹਾਸਕਾਰਾਂ ਨਾਲੋਂ ਵਧੇਰੀ ਸਫ਼ਲਤਾ ਹਾਸਿਲ ਕੀਤੀ ਹੈ ੧੪। ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਮਹਾਨ ਇਤਿਹਾਸ-ਚਿੰਤਕ ਭੂਤ ਕਾਲ ਦੇ ਅਥਾਹ ਗਿਆਨ ਦੀ ਤਰਕਸ਼ੀਲ ਨਿਰੰਤਰਤਾ ਨੂੰ ਵਰਤਮਾਨ ਦੇ ਉਸ ਗਤੀਸ਼ੀਲ ਯਥਾਰਥ ਤੱਕ ਲਿਆਉਂਦੇ ਹਨ ਜਿਹੜਾ ਸਮੂਹਿਕ ਮਨ ਦੀ ਸਿਹਤਮੰਦ ਤੇ ਜ਼ੋਰਦਾਰ ਰਵਾਨੀ ਦੇ ਵਿਸਮਾਦਜਨਕ ਸੱਚ ਨੂੰ ਪ੍ਰਤਿਬਿੰਬਤ ਕਰੇ। ਇਸ ਅਦੁਤੀ ਇਤਿਹਾਸਕ ਅਨੁਭਵ ਵਿੱਚ ਤੇਗ਼ਾਂ ਦੀ ਛਣਕਾਰ, ਤੀਰਾਂ ਦੀ ਸ਼ੂਕ ਤੇ ਤੋਪਾਂ ਦੀ ਗਰਜ਼ ਵੀ ਮੌਜੂਦ ੧੫ ਹੋਵੇਗੀ। ਜੰਗਾਂ, ਇਤਿਹਾਸ ਦੇ ਮਹਾਂ ਤਾਲ ਦਾ ਖ਼ਮੀਰ ਹਨ ਤੇ ਮਾਨਵ ਚੇਤਨਾ ਦੇ ਡੂੰਘੇ ਥਾਵਾਂ ਵਿੱਚ ਉਤਰਦੇ ਇਤਿਹਾਸ ਦਾ ਅਨਿੱਖੜ ਅੰਗ ਹਨ ੧੬ ਕਿਉਂਕਿ ਖ਼ਾਲਸੇ ਦੀਆਂ ਇਹ ਜੰਗਾਂ ਅਕਾਲਫ਼ਤਹ ਦਾ ਸਿਦਕ ਜਲਾਲ ਤੇ ਗੁਰੁ ਲਿਵ ਦਾ ਕ੍ਰਿਸ਼ਮਾ ਹਨ ੧੭। ਜਦ ਇਤਿਹਾਸ ਕੌਮੀ ਯਾਦ ਵਿੱਚ ਬਦਲ ਜਾਂਦਾ ਹੈ ਤਾਂ ਉਹ ਅਨੇਕਾਂ ਸੁਜੀਵ ਪ੍ਰੰਪਰਾਵਾਂ ਦੀ ਸ਼ਕਲ ਵਿੱਚ ਬਾਹਰਮੁਖੀ ਗਵਾਹੀ ਤੇ ਇਤਿਹਾਸਿਕ ਤੱਥਾਂ ਰਾਹੀਂ ਆਪਣੇ ਪਿਛੋਕੜ ਵਿਚੋਂ ਅਸਲੀ ਵਰਤਾਰੇ ਸਾਕਾਰ ਕਰਦਾ ਹੈ ਜਿਵੇਂ ਹੱਡ ਵਰਤੀਆਂ ਘਟਨਾਵਾਂ, ਵੰਨ ਸਵੰਨੇ ਯਥਾਰਥ ਜਾਂ ਅਸਲੀਅਤਾਂ, ਅੰਤਰਜਾਤੀ ਮੇਲ ਮਿਲਾਪ ਤੇ ਵੈਰ ਵਿਰੋਧ, ਸਮੇਂ ਵਿੱਚ ਅਲੋਪ ਹੋ ਚੁਕੇ ਸਭਿਆਚਾਰ, ਕਈ ਟਕਸਾਲੀ ਬਿੰਬ, ਭੁਲ ਚੁਕੇ ਮਿਜਾਜ਼ ਆਦਿ। ਇਹ ਕੌਮਾਂ ਦੇ ਗੁਪਤ ਵਾਸ ਵਾਂਗ ਯਾਦ ਦਾ ਸਰਮਾਇਆ ਬਣੇ ਰਹਿੰਦੇ ਹਨ ੧੮। ਪਰ ‘ਅਸਲੀ` ਇਤਿਹਾਸ ਉਦੋਂ ‘ਨਕਲੀ` ਜਾਂ “ਫ਼ਰਜ਼ੀ” ਇਤਿਹਾਸ ਬਣ ਜਾਂਦਾ ਹੈ ਜਦ ਤੱਥ-ਉਪਾਸ਼ਕ ਇਤਿਹਾਸਕਾਰਾਂ ਵਿੱਚ ਤਿੰਨ ਔਗੁਣ ਪੈਦਾ ਹੋ ਜਾਂਦੇ ਹਨ: ਅੰਤਰ-ਦ੍ਰਿਸ਼ਟੀ ਦੇ ਨੁਕਸ, ਉਨ੍ਹਾਂ ਦੇ ਗਿਆਨ ਦੇ ਮੂਲ ਅਧਾਰਾਂ ਦਾ ਉਨ੍ਹਾਂ ਉਤੇ ਅਣਜੱਚਵਾਂ ਗਲਬਾ, ਸੱਚ ਦੇ ਚੰਦਰਮੇ ਦਾ ਦਿਸਣਾ ਬੰਦ ਹੋਣਾ। ਸਿੱਟੇ ਵਜੋਂ. ਉਹ ਇੱਕ “ਬੇ-ਮੁਖ ਅਲਹਿਦਗੀ” ਅਤੇ “ਸਵਾਰਥਵਾਦੀ ਹਉਮੈ” ਦਾ ਸ਼ਿਕਾਰ ਹੋ ਜਾਂਦੇ ਹਨ ੧੯। ਉਨ੍ਹਾਂ ਦੁਆਰਾ ਰਚਿਤ ਇਤਿਹਾਸ ਵਿਗਿਆਨਕ ਹੋਣ ਦਾ ਛਲਾਵਾ ੨੦ ਦਿੰਦੇ ਅਕਸਰ ‘ਨਕਲੀ` ਜਾਂ “ਫ਼ਰਜ਼ੀ” ਇਤਿਹਾਸ ਹੀ ਹੁੰਦੇ ਹਨ। ਅਜਿਹੇ ਇਤਿਹਾਸਕਾਰ ਇਤਿਹਾਸ ਦੀ ਅਲ਼ੌਕਿਕ ਰਮਜ਼ ਤੋਂ ਵਿਰਵੇ ਰਹਿ ਜਾਂਦੇ ਹਨ: “ਇਤਿਹਾਸਾਂ ਦੀ ਰਮਜ਼ ਅਲੌਕਿਕ, ਸਾਦ ਇਦ੍ਹਾ ਨਾ ਮਾਣੇ” (ਸ. ੫੭ ਜਿਲਦ ਦੂਜੀ) ਅਤੇ, “ਉੱਡ ਸੁਲਤਾਨਪੁਰੇ ਦੀ ਮਿੱਟੀ, ਬਣੀ ਇਲਾਹੀ ਵਰਕਾ, ਹੈ ਇਤਿਹਾਸ ਹਕੀਕੀ ਓਹੀ, ਗੁਰ ਅੰਗਦ ਦੇ ਦਰ ਦਾ।” (ਸ. ੮੭) ਜਿਲਦ ਦੂਜੀ)।

ਪ੍ਰੋ. ਮਹਿਬੂਬ ਦਾ ਦ੍ਰਿੜ੍ਹ ਮੱਤ ਹੈ ਕਿ ਕਵੀ, ਕਵਿਤਾ ਭਾਵੇਂ ਵੱਡੀ ਜਾਂ ਛੋਟੀ ਰਚੇ, ਉਸ ਨੂੰ ਇਤਿਹਾਸ ਇੱਕ ਯਾਦ ਵਾਂਗ ਰਹੇ, ਉਹ ਧਰਤੀ ਉਤੇ ਬਣੇ ਹਰ ਦਿਸਦੇ ਨਕਸ਼ ਨਾਲ ਵਫ਼ਾਦਾਰ ਰਹੇ, ਪਰ ਉਹ ਇਸ ਦੀਆਂ “ਗੁਪਤ ਜੜ੍ਹਾਂ ਦੀ ਤੰਦਰੁਸਤ ਹੋਂਦ” ਨੂੰ ਇੱਕ ਛਿਨ ਵੀ ਨਾ ਭੁਲੇ। ਕਵੀ ਵਿੱਚ ਇਤਿਹਾਸ ਦੀ ਸ਼ਿੱਦਤ ਘਟਣ ਨਾਲ ਕਵਿਤਾ ਦੇ ਗੁਪਤ ਪਾਸਾਰ ਸੁੱਕਣੇ ਸ਼ੁਰੂ ਹੋ ਜਾਣਗੇ, ਅਤੇ ਤਾਜ਼ਗੀ ਮੁਰਝਾਉਣ ਨਾਲ ਉਸ ਦੀ ਸ਼ਬਦਾਵਲੀ ਉੱਤੇ ਇੱਕ ਥਕਾਵਟ ਜੇਹੀ ਛਾ ਜਾਵੇਗੀ। ਇਸ ਲਈ ਕਵੀ ਦੀ ਅੰਤਰਦ੍ਰਿਸ਼ਟੀ ਵਿੱਚ ਇਤਿਹਾਸ ਦੇ ਬਹੁ-ਰੰਗੇ, ਮੌਲਿਕ ਤੇ ਹਰ ਕਦਮ ਤੇ ਨਵੀਨ ਅਨੁਭਵ ਦਾ ਰਹਿਣਾਂ ਨਹਾਇਤ ਜ਼ਰੂਰੀ ਹੈ ੨੧। ਕਵੀ ਦੁਆਰਾ ਰਚਿਤ ਉਪਰੋਕਤ ਲੇਖਾਂ ਵਿੱਚ ਆਪ ਨੇ ਦਸਿਆ ਕਿ ਮਹਾਂਕਾਵਿ ਲਿਖਦਿਆਂ ਉਨ੍ਹਾਂ ਦੇ ਦਿਲੋ-ਦਿਮਾਗ਼ ਉਤੇ ਇਤਿਹਾਸ ਦਾ ਇੱਕ ਸਪਸ਼ਟ ਮੌਲਿਕ ਦ੍ਰਿਸ਼ਟੀਕੋਣ ਹਰ ਵੇਲੇ ਉਨ੍ਹਾਂ ਦੇ ਅੰਗ ਸੰਗ ਪਰਵਾਜ਼ ੨੨ ਕਰ ਰਿਹਾ ਸੀ। ਦੇਖਦੇ ਹਾਂ ਕਾਵਿ-ਅਨੁਭੁਤੀ ਦੀ ਖ਼ਿਆਲ ਉਡਾਰੀ ਜਾਂ ਪਰਵਾਜ਼ ਵਿਚੋਂ ਪਾਠਕ ਲਈ ਕਵੀ ਜੀ ਵਲੋਂ ਇਸ ਲਘੂ ਮਹਾਂਕਾਵਿ ਵਿੱਚ ਗੁਰੂ ਅੰਗਦ ਦੇਵ ਜੀ ਦੇ ਚਰਿੱਤਰ ਵਾਰੇ ਕੀ ਉਪਲਬਦ ਹੈ?

ਸਮੁਚੇ ਮਹਾਂਕਾਵਿ ਦਾ ਮਹਾਂ ਨਾਇਕ ਅਗੰਮੀ ‘ਨਾਨਕ` ਜੋਤ ਹੈ ਜਿਹੜੀ, ਦੂਜੀ ਜਿਲਦ ਵਿਖੇ, ਗੁਰੂ ਅੰਗਦ ਦੇ ਰੂਪ ਵਿੱਚ ਆਪਣਾ ਰੱਬ ਕਾਰਜ ਕਰਦੀ ਹੈ।

ਪੁਸਤਕ ਦਾ ਪਹਿਲਾ ਕਾਂਡ ‘ਕਾਲ ਅਸੰਖਾਂ ਧੰਮੀ` ਅਗੰਮੀ ਨਾਨਕ-ਜੋਤ ਦੇ ਬ੍ਰਹਿਮੰਡਾਂ ਵਿੱਚ ਅਣਦਿਸ (ਗੁਪਤ) ਹੋ ਜਾਣ ਦੇ ਬ੍ਰਿਹੇ ਤੋਂ ਸ਼ੁਰੂ ਹੁੰਦਾ ਹੈ। ਇਸ ਵਿੱਚ ਗੁਰੂ ਅੰਗਦ ਜੀ ਦੀ, ਗੁਰੂ ਨਾਨਕ ਵਿਛੋੜੇ ਤੋਂ ਮਗਰੋਂ ਮਾਤ ਵਿਰਾਈ ਦੇ ਘਰ ਵਿੱਚ ਅੰਤਰ-ਧਿਆਨੀ ਅਵੱਸਥਾ ਵਿੱਚ ਗੁਰੂ ਨਾਨਕ ਪ੍ਰਤੀ ਦੈਵੀ ਤਲਾਸ਼ ਜਾਰੀ ਰਹਿੰਦੀ ਹੈ ਕਿਉਂਕਿ, ਸਿਖ ਚਿੰਤਨ ਦੇ ਪਖੋਂ, “ਗੁਰਮੁਖਿ (ਏਥੇ ਗੁ. ਅੰਗਦ ਸਾਹਿਬ) ਰਾਹੀਂ ਗੁਰੂ ਆਪਣੇ ਆਪ ਦੀ ਤਲਾਸ਼ ਕਰ ਰਿਹਾ ਹੈ” ੨੩। ਜਿਸ ਵਿਚੋਂ ਅੰਮ੍ਰਿਤ ਵੇਲੇ ਦੀ ਸਦੀਵੀ ਸਵੇਰ ਵਿੱਚ ਅਕੱਥ ਸਮੇਂ ਦਾ, ਅਸੰਖਾਂ ਸਾਲਾਂ ਦਾ ਕਾਲ ਸਥਾਪਿਤ ਹੋ ਜਾਂਦਾ ਹੈ। ਅਸੰਖਾਂ ਕਾਲ ਗੁ. ਨਾਨਕ ਸਾਹਿਬ ਦੀ ਇਲਾਹੀ ਸਿਰਜਣਾ ਦੇ ਅਮਲ ਨੂੰ ਧਾਰਨ ਕਰ ਚੁਕੇ ਹਨ। ਗੁ. ਨਾਨਕ ਵਿਛੋੜੇ ਵਿੱਚ ਗੁ. ਅੰਗਦ ਸਾਹਿਬ ਨੂੰ ਇਲਾਹੀ ਸ਼ਖ਼ਸੀਅਤ “ਨਾਨਕ” ਦੇ ਅਗਲੇ ਤੋਂ ਅਗਲੇ ਰੂਪਾਂ ਦੇ ਭੇਤ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਖੁਲ੍ਹ ਰਹੇ ਹਨ, ਭਾਵ ਗੁਰੂ ਚੇਤਨਾ ਦੇ ਦਰਿਆ ਬ੍ਰਿਹਾ ਦੀ ਸ਼ਿੱਦਤ ਵਿਚੋਂ ਲੰਘ ਕੇ ਅਪਾਰ ਬਖ਼ਸ਼ਿਸ਼ਾਂ ਦੇ ਭੰਡਾਰ ਖੋਲ੍ਹ ਰਹੇ ਹਨ। ਧਰਮ ਦੇ ਅਨੇਕਾਂ ਰਾਜ਼ ਧਰਤੀ, ਅਕਾਸ਼ ਤੇ ਅਕਾਸ਼ ਤੋਂ ਪਾਰ ਹੋਰ ਅਨੇਕਾਂ ਖੰਡਾਂ, ਵਰਭੰਡਾਂ ਤੱਕ ਦੇ ਅਛੋਹ ਪੈਂਡਿਆਂ ਤਕ ਕਾਰਜਸ਼ੀਲ ਨਜ਼ਰੀਂ ਪੈ ਰਹੇ ਹਨ।

ਦੂਜੇ ਕਾਂਡ ਵਿੱਚ ਜਿਥੇ ਗੁ. ਅੰਗਦ ਬਚਿਆਂ ਦੀ ਮਾਸੂਮੀਅਤ ਨੂੰ ਅਸੀਸ ਦਿੰਦੇ ਹਨ, ਪੰਜਾਬੀ ਪੈਂਤੀ ਪੜ੍ਹਾਂਉਂਦੇ ਹਨ ਉਥੇ ਮਨੁੱਖਤਾ ਉਤੇ ਸਭ ਤੋਂ ਵੱਡੀ ਬਖ਼ਸ਼ਿਸ਼ ਆਪਣੇ ਰੱਬੀ ਪੈਗ਼ਾਮ ਨੂੰ ਆਪੇ ਸਾਜੀ ਗੁਰਮੁਖੀ ਲਿੱਪੀ ਰਾਹੀਂ ਲੋਕਾਂ ਤੱਕ ਅਪੜਾੱ ਰਹੇ ਹਨ। ਇਹ ਉਹ ਬਖ਼ਸ਼ਿਸ਼ ਹੈ ਜਿਹੜੀ ਪਹਿਲਾਂ ਪਾਰਦਰਸ਼ੀ, ਫੇਰ ਦੈਵੀ ਉਡਾਣ ਵਿੱਚ ਹਕੀਕੀ ਇਤਿਹਾਸ ਦੇ ਸੱਚ ਦਾ ਰੂਪ ਧਾਰਨ ਕਰ ਜਾਂਦੀ ਹੈ। ਜੁਲਾਈ ੧੫੪੦ ਈ. ਵਿੱਚ ਸ਼ੇਰ ਸ਼ਾਹ ਸੂਰੀ ਤੋਂ ਹਾਰ ਕਾ ਕੇ ਭੱਜਾ ਹੋਇਆ ਸ਼ਹਿਨਸ਼ਾਹ ਬਾਬਰ ਦਾ ਬੇਟਾ, ਹਮਾਯੂੰ ਗੁਰੁ ਜੀ ਕੋਲੋਂ ਬਖ਼ਸ਼ਿਸ਼ ਪ੍ਰਾਪਤ ਕਰਨ ਆਉਣ ਦਾ ਬਿਰਤਾਂਤ ਤੀਜੇ ਕਾਂਡ ਵਿੱਚ ਕਾਵਿਕ ਆਵੇਸ਼ ਦਾ ਜਾਮਾ ਪਹਿਨਦਾ ਹੈ। ਹਮਾਯੂੰ ਗੁਰਦੁਅਰੇ ਪਹੁੰਚ ਕੇ ਖੜਾ ਹੈ, ਗੁਰੂ ਜੀ ਬਚਿਆਂ ਨੂੰ ਪੈਂਤੀ ਸਿਖਾਲਣ ਚ ਮਸਰੂਫ਼ ਸਨ ਉਨ੍ਹਾਂ ਨੇ ਉਸ ਪ੍ਰਤਿ ਧਿਆਨ ਨਾ ਕੀਤਾ। ਇੰਨੇ ਨੂੰ ਉਹਦੇ ਅੰਦਰ “ਹਾਰੇ ਤਖਤ ਦਾ ਅਭਿਮਾਨ ਜਾਗ ਪਿਆ” (ਸ. ੪੮) ਤੇ ਬਦਬਖ਼ਤ ਨੂੰ ਇਲਾਹੀ ਰਹਿਮਤ ਦੀ ਸ਼ਾਨ ਜਾਂ “ਲੈਣੀ ਕਿਵੇਂ ਅਸੀਸ, ਗੁਰ ਦੀ” (ਸ. ੪੯) ਫਕੀਰਾਂ ਦੁਆਰਿਓਂ, ਵਚਨ ਭੁੱਲ ਗਿਆ। ਜੰਗੀ ਤੇਗ਼ ਪੂਰੇ ਗੁਰੂ ਉਪਰ ਖਿੱਚੀ। ਪਰ ਪੂਰੇ ਗੁਰੁ ਨੇ ਨਿਗ੍ਹਾ ਨਾਲ਼ ਹੀ ਉਸ ਨੂੰ ਸੁੰਨ ਕਰ ਦਿੱਤਾ ਤਾਂ “ਖੁਲ੍ਹੇ ਸਗਲ ਕਪਾਟ, ਝੁਕੇ ਹਮਾਯੂੰ “ (ਸ. ੪੯)। ਉਹਨੂੰ ਵਿਚਾਰੇ ਨੂੰ ਕੀ ਪਤੈ ਕਿ ਲੱਖਾਂ ਲਸ਼ਕਰਾਂ ਦੀ ਮਾਰ ਨਾਲੋਂ ਮਜ਼ਬੂਤ ਇਸ ਉਚੀ ਆਤਮਕ ਅਵੱਸਥਾ ਦੇ ਮਾਲਿਕ ਗੁ. ਅੰਗਦ ਜੀ ਵਲੀ-ਹੳਮੈ ਤੇ ਰਾਜਸੀ-ਹਉਮੈ ਦੇ ਭਾਰੀ ਪਰਬਤਾਂ ਨੂੰ ਨਿਵਾਉਣ ਦੀ ਸਮੱਰਥਾ ਰਖਦੇ ਹਨ ੨੪। ਸਿੱਖ ਚਿੰਤਨ ਦੇ ਸੰਦਰਭ ਵਿੱਚ ਕਵੀ ਦੈਵੀ ਨਾਨਕ-ਜੋਤ ਦੇ ਦੈਵੀ ਕਾਰਜ ਵਾਰੇ ਥਹੁ ਦਿੰਦੇ ਹਨ: ਗੁਰੂ ਜੀ ਦੀ ਏਡੀ ਉਚੀ ਹਸਤੀ ਨੂੰ “ਰੁਅਬ ਅਤੇ ਦਬਦਬੇ ਦੀ ਕੋਈ ਮਾਰ ਪੋਹ ਨਹੀਂ ਸਕਦੀ”। ਭਾਵ ਗੁਰੂ ਨਾਨਕ-ਸੱਚ ਰੱਬ ਦੀ ਛੋਹ ਵਿੱਚ ਹੈ, ਦੁਨੀਆਂ ਦੀ ਛੋਹ ਵਿੱਚ ਆਉਦਿਆਂ ਹੀ ਇਹ ਅਸੀਮ ਹੋ ਜਾਂਦਾ ਹੈ ਤੇ ਆਪਣੀ ਸਦੀਵੀ ਰਵਾਨੀ ਦਾ ਨਿਸਚਾ ਕਰਾਉਂਦਾ ਹੈ। ਮਸਲਨ, ਗੁਰੁ ਨਾਨਕ ਦੇ ਚਲਾਏ ਚਸ਼ਮੇ ਨੂੰ ਰੁਹਤਾਸ ਵਿਖੇ ਸ਼ੇਰ ਸ਼ਾਹ ਸੂਰੀ ਕਿਲ੍ਹੇ ਦੀ ਕੈਦ ਜਾਂ ਵਲਗਣ ਵਿੱਚ ਬੰਦ ਨਹੀਂ ਸੀ ਕਰ ਸਕਿਆ ੨੫।

ਚੌਥੇ ਕਾਂਡ ਵਿੱਚ ਪੁਰਾਣੇ ਨਾਵਾਂ ਵਾਲੇ ਨਵੇਂ ਪਰ ਖੁਣਸੀ ਜੋਗੀਆਂ ਨੇ ਗੁਰੁ ਅੰਗਦ ਨੂੰ ਪਰਖਣਾ ਚਾਹਿਆ: “ਫਿਰ ਅੰਗਦ ਨੂੰ ਖੜ੍ਹ ਪੁੱਛਣ, ਹਉਂ ਵਿੱਚ ਪਰਖਣ ਜੋਗੀ” (ਸ. ੫੬)। ਚਰਪਟ ਨਾਂ ਦੇ ਜੋਗੀ ਨੇ ਦਸਿਆ ਕਿ ਉਸ ਨੇ ਮੌਤ ਉਤੇ ਵਸੀਕਾਰ ਪ੍ਰਾਪਤ ਕਰ ਲਿਆ ਹੈ। ਨਾਲ ਹੀ ਉਨ੍ਹਾਂ ਰਲ ਕੇ ਗੁਰਾਂ ਨੂੰ ਕੁੱਝ ਬਿਭੂਤੀਆਂ (ਰਿੱਧੀਆਂ ਸਿੱਧੀਆਂ ਦੁਆਰਾ ਪ੍ਰਾਪਤ ਚੀਜ਼ਾਂ) ਲੈ ਲੈਣ ਦੀ ਵੀ ਪੇਸ਼ਕਸ਼ ਕੀਤੀ। ਗੁਰੂ ਜੀ ਦੀ ਉੱਚੀ ਵਡਿਆਈ ਕਵੀ ਦੇ ਲਫ਼ਜ਼ਾਂ ਵਿਚ: “ਅਜਪਾ ਜਾਪ ਤੋਂ ਉੱਚਾ ਉਦ੍ਹਾ, ਸੀਸ ਕਦੇ ਨਾ ਝੁਕਿਆ” (ਸ. ੫੩)।

ਨਾਲ ਹੀ, ਗੁਰੂ ਜੀ ਨੇ ਕੌਮਾਂ ਦੇ ਸੂਖਮ ਕਿੱਸਿਆਂ ਅਤੇ ਇਤਿਹਾਸ ਦੇ ਵਰਤਾਰੇ ਦੀ ਅਲੌਕਿਕ ਰਮਜ਼ ਵਾਰੇ ਇਉਂ ਸਮਝਾਇਆ:

ਕੌਮਾਂ ਦੇ ਅਤਿ ਸੂਖ਼ਮ ਕਿੱਸੇ

ਚਰਪਟ–ਜੋਗ ਨ ਜਾਣੇ

ਇਤਿਹਾਸਾਂ ਦੀ ਰਮਜ਼ ਅਲੌਕਿਕ

ਸਾਦ ਇਦ੍ਹਾ ਨਾ ਮਾਣੇ।

ਨਾਰ ਵਾਸ਼ਨਾ ਦਾ ਭੈਅ ਇਸ ਨੂੰ

ਕਦਮ ਕਦਮ `ਤੇ ਮਾਰੇ

ਪਰੀ ਹੁਸਨ ਦਾ ਪਾਵਨ ਸੁਪਨਾ

ਸੁਰਤਿ ਨ ਇਦ੍ਹੀ ਸ਼ਿੰਗਾਰੇ। (ਸ. ੫੭)

ਪੰਜਵੇਂ ਕਾਂਡ ਵਿੱਚ ਮਾਤਾ ਖੀਵੀ ਦੀ ਮਹਾਂ ਸੰਗਤ ਜਾਂ ਲੰਗਰ ਦੇ ਪਾਵਨ ਰਹੱਸ (ਪਾਕ ਰਿਜ਼ਕ ਦੇ ਸੁਆਦ) ਨੂੰ ਖੋਲ੍ਹਿਆ ਗਿਆ, ਸਦਕਾ ਜਿਸਦਾ ਬਿਪਰ ਦੇ ਫਰਜ਼ੀ ਫਲਸਫੇ, ਜਗ-ਕਬਜ਼ੇ ਤੇ “ਮਾਇਆ-ਫੰਧ” ਦਾ ਕਿਲ੍ਹਾ ਢੱਠਾ:

ਖੀਵੀ ਸਾਹਵੇਂ ਵਿਗਸਦੇ,

ਲੰਗਰ ਦੇ ਲਖ ਰੂਪ

ਸੰਗਤ ਵਿਹਣ ਗੜੂੰਦ ਹੋ,

ਨੂਰ ਅਨੰਤੀ ਮੂਕ। (ਸ ੬੨)

ਭੁਖ ਦਾ ਪਾਵਨ ਵਲਵਲਾ

ਬਣਦਾ ਰਹਿਮ ਅਨਾਦਿ

ਤੇਗ਼ ਮਹਾਂ ਬਲ ਸੂਰ ਦੀ,

ਨੀਂਦੋਂ ਉਠਦੀ ਜਾਗ।

ਤਦ ਹੀ ਲੰਗਰ-ਹੁਸਨ ਦੇ

ਵਿਗਸਨ ਰੰਗ ਅਜ਼ਾਦ

ਬਾਲ ਪ੍ਰੇਮ ਦੀ ਨੈਅ ਦੇ,

ਮਾਂ-ਦਿਲ ਹੋਣ ਅਬਾਦ। (ਸ. ੬੩)

ਲੰਗਰ ਦੇ ਵਿੱਚ ਉਜੜੀ

ਵਰਣ ਵੰਡ ਦੀ ਸੱਥ

ਬਿਪਰ ਖੁਣਸਦਾ, ਦੌੜਦੇ,

ਬਲੀ ਹੱਕ ਦੇ ਰੱਥ। (ਸ. ੬੫)

ਛੇਵੇਂ ਕਾਂਡ ਵਿੱਚ ਬਟਾਲੇ ਤੋਂ ‘ਕੇਦਾਰੀ` ਨਾਂ ਦੇ ਸਿੱਖ ਦੇ ਸੰਸੇ ਭਰਮ: “ਚਾਰ ਚੁਫੇਰੇ ਜਗਤ ਜਲੰਦਾ, ਬਲਣ ਹਵਸ ਦੇ ਭਾਂਬੜ। ਇਹਨਾਂ ਬਲਦੇ ਵਣਾਂ ਚ ਦਿਸਦਾ, ਭਟਕ ਰਿਹਾ ਬਨਵਾਰੀ” (ਸ. ੬੭) ਦੇ ਜਵਾਬ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਭਾਵੇਂ ਹਰ ਪਾਸੇ ਧੋਖਾ, ਛਲ਼, ਫ਼ਰੇਬ, ਠੱਗੀ, ਹਿਰਸ ਆਦਿ ਦੀ ਹੀ ਫਾਹੀ ਪਸਰ ਰਹੀ ਹੈ ਪਰ ਸਭ ਦਾ ਸਿਰਦਾਰ ਦੇਖਣਹਾਰ ਰੱਬ, ਸਿਰ ਤੇ ਖੜਾ ਹਰ ਵੇਲੇ ਦੇਖ ਰਿਹਾ ਹੈ। ਬਚੇਗਾ ਤਾਂ ਸਿਰਫ ਗੁਰਮੁਖਿ ਸੁਰਤਿ ਜਾਂ “ਮਹਾਂ ਪਰਵਾਜ਼ ਪ੍ਰਾਪਤ “ਖ਼ੁਦਾਇ ਬੰਦਾ” ੨੬ ਕਿਉਂਕਿ ਅਨਿਕ ਭਾਂਤੀ ਨਕਲ ( “ਬੱਜਰ ਤ੍ਰਿਸਕਾਰ” ਭਾਵ “ਅਸਲ ਤੋਂ ਵਿਛੁੰਨਿਆਂ “) ਨੇ ਹਰ ਹਾਲਤ ਵਿੱਚ ਖੁਰਨਾ ੨੭ ਹੈ;

ਹਰ ਪਾਸੇ ਧੋਖੇ ਦੀ ਫਾਹੀ,

ਹਿਰਸ ਪਤਾਲੋਂ ਉੱਠੇ,

ਐਪਰ ਸ਼ਬਦ ਸਿੰਧ ਵਲ ਤੱਕੋ

ਕੌਣ ਕਰੇ ਸਰਦਾਰੀ। (ਸ. ੬੮)

ਕਿਉਂਕਿ

ਨਕਲੀ ਰੰਗ ਇੱਕ ਦਿਨ ਖੁਰਣਾ

ਹੇਚ ਫ਼ਰੇਬੀ ਬੂਹੇ

ਕਾਮਲ ਹੱਕ ਰਹੇਗਾ ਬਾਕੀ

ਸਬਦ ਸੰਗ ਲਾ ਯਾਰੀ। (ਸ. ੬੮)

ਸੱਤਵੇਂ ਕਾਂਡ ਵਿੱਚ ਹੇਮੂੰ (੧੫੪੭ ਈ.) ਜੋ ਮਗਰੋਂ ਆਦਿਲ ਸ਼ਾਹ ਸੂਰੀ ਦਾ ਵਜ਼ੀਰ ਬਣਿਆ ਸੀ, ਇਸਲਾਮ ਸ਼ਾਹ ਸੂਰੀ ਜਾਂ ਸਲੇਮ ਸ਼ਾਹ ਸੂਰੀ ਦਾ ਖ਼ਾਸ ਬੰਦਾ ਸੀ, ਹਉਂ ਚ ਗੁਰੂ ਜੀ ਕੋਲੋਂ ਮਹਾਂ ਸ਼ਕਤੀ ਲੈਣ ਆਇਆ:

ਸ਼ਾਹ ਸਲੇਮ ਦੇ ਯਾਰ,

ਹੇਮੂੰ ਮੀਸਣੇ

ਸਾਂਭੇ ਸਮੇਂ ਤੋਂ ਪਾਰ,

ਭੇਤ ਖਬੀਸ ਨੇ।

ਆਵੇ ਵਿੱਚ ਖਡੂਰ,

ਹੇਮੂੰ ਬਾਣੀਆਂ

ਗੁਰ ਅੰਗਦ ਦੇ ਨੂਰ,

ਹਿਰਸਾਂ ਜਾਣੀਆਂ। (ਸ. ੭੧)

ਗੁਰੁ ਜੀ ਨੇ ਸਮਝਾਇਆ ਕਿ ਰੱਬੀ ਚਾਨਣ ਹੋਰ ਹੈ, ਬੰਦਾ ਹੋਰ ਹੈ, ਭਾਵ ਜੀਵ ਧਰਤੀ ਦਾ ਸ਼ੋਰ ਤੇ ਜ਼ੋਰ ਰਖਦਾ ਹੈ। ਇਸ ਲਈ ਰੱਬ ਤੋਂ ਸੁੰਨੇ ਲੋਕ ਧਰਤੀ ਦੀਆਂ ਰੀਤਾਂ ਦੀ ਪੈਰਵੀ ਕਰਦੇ ਮਰ ਮਿਟ ਜਾਂ ਖਪ ਖੁਰ ਜਾਣਗੇ (ਸ. ੭੩):

ਰੱਬ ਦੇ ਚਾਨਣ ਹੋਰ,

ਬੰਦਾ ਹੋਰ ਹੈ,

ਜਗਤ `ਚ ਘੁੰਮਦਾ ਸ਼ੋਰ,

ਧਰੁ ਦਾ ਜ਼ੋਰ ਹੈ।

ਅਤੇ

ਸਤਿਗੁਰ ਕਹਿਣ “ਹੇ ਮੀਤ!

ਰੱਬ ਤੋਂ ਸੁੰਞੜੇ,

ਮਿਟਸਨ ਛੱਡ ਧਰੁ-ਰੀਤ

ਜਗ ਵਿੱਚ ਹੁੰਦੜੇ। “ (ਸ. ੭੩)

ਅੱਠਵੇਂ ਕਾਂਡ ਵਿੱਚ ਇਤਿਹਾਸ ਦਾ ਵਿਸ਼ੈਲਾ ਹਨੇਰਾ ਅਤੇ ਧਰਮਸਾਲ ਉਤੇ ਵਰ੍ਹਦੇ ਕੁਦਰਤੀ ਨ੍ਰੂਰ ਦੇ ਨਿਰੰਜਨੀ ਛਤ੍ਰ ਦਾ ਜ਼ਿਕਰ ਹੈ ਭਾਵ ਕਿ ਰੱਬ ਕਿਵੇਂ ਨਿਰਲੇਪ ਹੈ ਅਤੇ ਕਿਵੇਂ “ਸਦ ਸੁਣਦਾ ਸਦ ਵੇਖਦਾ, ਸਬਦ ਰਹਿਆ ੨੮ ਭਰਪੂਰਿ” ਨੂਰ (ਵਰ੍ਹੇ “ਕੁਦਰਤੀ ਨੂਰ” ਸਫ਼ਾ ੭੭) ਹੋਕੇ ਕਿਵੇਂ ਬ੍ਰਹਿਮੰਡ ਦੀ ਸਿਖਰ ਤੋਂ ਸਾਨੂੰ ਜੀਵਾਂ ਨੂੰ ਕਿ ਸਾਰੀ ਕਇਨਾਤ ਤੇ ਕੁਦਰਤ ਨੂੰ ਹਰ ਵੇਲੇ ਵੇਖ ਰਿਹਾ ਹੈ:

ਅੰਗ ਛੁਹ ਤੋਂ ਪਾਰ ਕੋ

ਹੈ ਵਿਗਾਸ ਨਿਰਲੇਪ,

ਬ੍ਰਹਿਮੰਡ ਦੀ ਸਿਖਰ ਤੋਂ

ਰਿਹਾ ਨਿਰੰਤਰ ਵੇਖ। (ਸ. ੭੬)

ਏਥੇ ਦੋ ਤਰ੍ਹਾਂ ਦੀ ਨਿਗਾਹ ਦੱਸੀ ਹੈ, ਇੱਕ, ਜੀਂਦੇ ਜੀਅ ਜੀਵਨ-ਮੁਕਤ ਹੋਏ, “ਕਹਿਕਸ਼ਾਂ ਪਾਰ” ਗੰਮਤਾ ਰੱਖਣ ਵਾਲੇ ਗੁਰਮੁਖਾਂ ਦੀ ਅਪਰ ਅਪਾਰ ਨਿਗਾਹ ਹੈ। ਦੂਜੀ ਨਿਗਾਹ ਹੈ: “ਇਕ ਨਜ਼ਰ ਹੈ ਹੁਣੇ ਦੀ” ਭਾਵ ਉਹ ਮੁਕਾਮ ਜਿਹੜਾ ਸਥੂਲ ਅੱਖਾਂ ਨੂੰ ਦਿਸਦਾ ਹੈ: “ਇਕ ਮੁਕਾਮ ਹੈ ਦਿਸਦਾ”। (ਸ. ੭੭)। ਗੁਰੂ ਅੰਗਦ ਜੀ ਦੀ ਇਸ ਅਤਿ ਉਚੀ ਅਧਿਆਤਮਕ ਅਵੱਸਥਾ ਵੇਲੇ ਹੋਰ ਸੰਗਤ ਵੀ ਸ਼ਾਮਿਲ ਹੈ। ਸੰਗਤ ਤੇ (ਗੁਰੂ) ਅਮਰ ਦਾਸ ਤੇ ਭਾਈ ਬਾਲਾ ਜੀ, ਰਲ਼ ਕੇ ਸਾਰੇ “ਨਾਨਕ-ਬਾਗ਼ ਅਬਾਦ” ਕਰਦੇ ਹਨ। ਇਨ੍ਹਾਂ ਸ਼ਰਧਾਲੂ ਗੁਰਮੁਖਾਂ ਦੇ ਧੁਰ ਅੰਦਰ ਦੋ ਵਸਤੂਆਂ “ਸਾਬਤ ਨਾਨਕ-ਨਾਦ” ਤੇ “ਸੂਖਮ ਨਾਨਕ-ਯਾਦ” ਸਦਾ ਹਾਜ਼ਰ ਰਹਿੰਦੀਆਂ ਹਨ। (ਸ. ੭੯)। ਇਨ੍ਹਾਂ ਦੋਹਾਂ ਦਾਤਾਂ ਚੋਂ ਬਹੁਤ ਕੁੱਝ ਹਾਸਿਲ ਹੋਇਆ। ਕੌਮ ਬਣ ਖਲੋਤੀ। ਪੰਜਾਬ ਦੀ ਧਰਤੀ ਉਪਰ ਅਸਲ ਇਤਿਹਾਸ ਸਿਰਜਿਆ ਗਿਆ, ਜਿਵੇਂ ਕਵੀ ਜੀ ਸਮਝਾਉਂਦੇ ਹਨ:

ਅਮਰੂ ਨਹੀਂ ਨਥਾਵਾਂ,

ਹੈ ਕਾਮਲ ਅਸਵਾਰ

ਗੁਰ ਅੰਗਦ ਦੇ ਸੁਪਨ ਦਾ,

ਅੰਤਮ ਪਹਿਰੇਦਾਰ।

ਗੁਰ ਅੰਗਦ ਦਰ ਝੁਕਦੀ,

ਕੋਮਲ ਨਦਰ ਅਨਾਦਿ,

ਬਣੀ ਅਸਲ ਤਾਰੀਖ਼ ਜਦ,

ਨਾਨਕ ਦੀ ਹਰ ਯਾਦ। (ਸ. ੭੮)

ਪੰਜ ਦਰਿਆ ਹੀ ਸਿੱਖ ਦੇ

ਰੂਹਾਨੀ ਆਵੇਸ਼

ਅੰਦਰ ਵਗਦੇ ਪਾਣੀਆਂ,

ਲ਼ਹਿਰਣ ਲੰਮੇ ਕੇਸ। (ਸ. ੭੮)

ਨੌਵੇਂ ਕਾਂਡ ਵਿੱਚ ਗੁਰੂ ਜੀ ਗੁਰਮੁਖੀ ਅੱਖਰਾਂ ਦਾ ਪਹਿਲਾਂ ਆਪ ਪੂਰਣ ਰੂਪ ਚ ਕਾਮਿਲ ਦੀਦਾਰ ਕਰਦੇ ਹਨ ਫੇਰ ਅੱਖਰਾਂ ਨੂੰ ਪਰਗਟ ਕਰਦੇ ਹਨ। ਅੱਜ ਕਲ੍ਹ ਉਹ ਪੁਰਾਣੇ, ਗੁਰੁ ਅੰਗਦ ਦੇ ਸਮਿਆਂ ਵਾਲੇ ਕਾਇਦੇ, ‘ਬਾਲ ਉਪਦੇਸ਼` ਹੁਣ ਉਪਲਭਦ ਨਹੀਂ ਹਨ। ਇਨ੍ਹਾਂ ਅੱਖਰਾਂ ਦੇ ਦੈਵੀ ਫ਼ੁਰਮਾਨ ਵਿੱਚ ਚੌਦਾਂ ਤਬਕਾਂ ਦੀ ਸ਼ਾਨ ਮੌਜੂਦ ਹੈ, ਜਿਹੜੀ ਨਿਰੰਕੁਸ਼ ਸੱਚ ਦਾ ਪਰਤੱਖ ਇਜ਼ਹਾਰ ਹੈ। (ਸ. ੮੧)। ਇਸ ਪਾਵਨ ਅਵੱਸਥਾ ਚੋਂ ਗੁਰੂ ਜੀ ਅਰਦਾਸ ਕਰਦੇ ਹਨ (ਦਸਵਾਂ ਕਾਂਡ) ਕਿ “ਹੇ ਅਕਾਲ ਪੁਰਖ! ਮੈਂ ਅੰਧੇ ਲੋਕ ਜਿਹੜੇ ਬੇ-ਲਗਾਮ ਹਉਂ ਵਿਚੋਂ ਉਠੀਆਂ ਗ਼ਰਜ਼ਾਂ ਤੇ ਮੁਰਦ-ਭੁਖਾਂ ਦੇ ਸ਼ਿਕਾਰ ਹਨ ਉਨ੍ਹਾਂ ਨੂੰ ਆਤਮਿਕ ਉਚਿਆਣ ਵਲ ਲਿਜਾਣ ਦੀ ਔਖੀ ਸਾਬਤਿ ਰਾਸਿ ਚੁੱਕਾਂ ਤਾਂ ਜੋ ਇਹ ਲੋਕ ਅੰਧੇ ਨਾ ਰਹਿਣ, ਇਹ ਸੁਜਾਖੇ ਹੋ ਜਾਵਣ”। (ਸ. ੮੫)।

ਗਿਆਰਵੇਂ ਕਾਂਡ ਵਿੱਚ ਸਮਝਾਇਆ ਹੈ ਕਿ ਜਿਥੇ ਬਾਬੇ ਨੇ ਪੈਰ ਧਰੇ ਉਹ ਅਸਥਾਨ ਪੂਜਣ ਜੋਗ ਬਣ ਗਏ ਹਨ: “ਉੱਡ ਸੁਲਤਾਨ ਪੁਰੇ ਦੀ ਮਿੱਟੀ, ਬਣੀ ਇਲਾਹੀ ਵਰਕਾ। ਹੈ ਇਤਿਹਾਸ ਹਕੀਕੀ ਓਹੀ, ਗੁਰ ਅੰਗਦ ਦੇ ਦਰ ਦਾ” (ਸ. ੮੭)। ਅਤੇ ਰੂਹਾਨੀ ਸੰਸਾਰ ਵਿਖੇ ਇਸ ਸੂਖਮ ਪਰ ਨਿਰਾਕਾਰ ਤੇ ਹਕੀਕੀ ਇਤਿਹਾਸ ਨਾਲ ਇਸ ਦਾ ਅਂਿਨਖੜ ਰਿਸ਼ਤਾ ਹੈ: “ਨਿਰਾਕਾਰ ਇਤਿਹਾਸ ਹੈ ਸੂਖਮ, ਫਿਰ ਵੀ ਨਾਨਕ-ਘਰ ਦਾ” (ਸ. ੮੭)। ਹੁਣ ਗੁਰੁ ਅੰਗਦ ਦੇਵ ਜੀ ਆਪਣੀ ਜਨਮ ਭੂੰਮੀ ਮਾਲਵੇ ਵਿੱਚ ਮੱਤੇ ਦੀ ਸਰਾਂ (ਕਾਂਡ ੧੨ਵਾਂ) ਜਿਸ ਨੂੰ ਬਾਬਰ ਦੇ ਜ਼ੁਲਮੀ ਕਹਿਰ ਨੇ ਤਬਾਹ ਕਰਕੇ ਥੇਹ ਬਣਾ ਦਿੱਤਾ ਸੀ, ਨੂੰ ਭਾਗ ਲਾਉਣ ਗਏ। ਬਚਪਨ ਚ ਜਿਥੇ ਖੇਡੇ ਸਨ ਉਥੇ ਖੋਲ਼ਿਆਂ ਚ ਘੋੜੇ ਬੱਧੇ। ਅਕਾਲ ਪੁਰਖ ਰੂਪ ਗੁਰੁ ਜੀ ਨੇ ਆਪਣੇ ਅੰਦਰ ਦੇ ਦੁਖ ਏਥੇ ਫੋਲੇ: “ਗ਼ੈਬੀ ਰਾਜ਼ਾਂ ਦਾ ਵਡ ਆਦਿਲ, ਥੇਹ ਤੇ ਦਰਦ ਫਰੋਲੇ”। (ਸ. ੯੦)। ਪਹਿਲਾਂ ਅਗਾਧ ਸਮੁੰਦਰ ਗੁਰੂ ਜੀ ਚੁੱਪ ਰਹੇ। ਕਵੀ ਨੇ ਏਥੇ ਦੋ ਸਵਾਲ ਕੀਤੇ ਹਨ: ਕਾਲ ਦੇ ਵੱਡੇ ਖੇਲ ਵਿੱਚ ਰਹਿਮਤ ਦੇ ਬੁਲੰਦ ਅੰਬਰ ਕਿੰਨਾ ਕੁ ਚਿਰ ਪਿਸਦੇ ਰਹਿਣਗੇ? ਅਤੇ, ਧੁਰ ਦਾ ਜ਼ਾਮਨ ਕਦੋਂ ਮਿਲੇਗਾ? ਤੇ ਆਪ ਹੀ ਦੋਹਾਂ ਦਾ ਉਤਰ ਐਉਂ ਦਿਤਾ ਹੈ:

ਅੰਤ ਕਿਹਾ ਗੁਰ ਅੰਗਦ: “ਧੁਰ ਦਾ,

ਅਦਲ ਕਰੇਗਾ ਰਾਖੀ।

ਨਭ ਤੋਂ ਹੇਠ ਪਤਾਲ ਤੀਕ ਥੇਹ!

ਰਹਿਮਤ ਰਹੇਗੀ ਬਾਕੀ।

ਜਦ ਵੈਰਾਗ ਛਿੜੇ ਹਰ ਥੇਹ ਤੇ

ਮੈਂ ਬਾਲਾਂ ਸੰਗ ਖੇਲਾਂ,

ਸ਼ਾਹ ਦੀ ਰੱਤੀ ਤੇਗ਼ ਸਾਮ੍ਹਣੇ

ਕਰਸਾਂ ਨਿਰਭਉ ਕੇਲਾਂ। (ਸ. ੯੦)

ਤੇਰ੍ਹਵੇਂ ਕਾਂਡ ਵਿਚ, ਹਰੀ ਕੇ ਪੱਤਣ ਇਲਾਕੇ ਦਾ ‘ਬਖ਼ਤਾਵਰ` ਨਾਂ ਦਾ ਇੱਕ ਹੰਕਾਰੀ ਜਗੀਰਦਾਰ, ਧਰਤੀ ਤੇ ਨਦੀਆਂ ਵਾਲੇ ੭੨ ਪਿੰਡਾਂ ਦਾ ਮਾਲਿਕ ੨੯ ਜੋ ਗੁਰੁ ਜੀ ਦਾ ਬਚਪਨ ਦਾ ਸਾਥੀ ਤੇ ਹਾਣੀ ਸੀ ਦਾ ਕਿੱਸਾ ੩੦ ਬਿਆਨ ਹੋਇਆ ਹੈ। ਜਦ ਗੁਰੂ ਜੀ ਨੂੰ ਮਿਲਿਆ ਤਾਂ ਉਸ ਚਾਹਿਆ ਕਿ ਉਹ ਗੁਰੁ ਜੀ ਕੋਲੋਂ ਰਿੱਧੀਆਂ ਸਿੱਧੀਆਂ ਦੀ ਅਗੰਮੀ ਸ਼ਕਤੀ ਲੈ ਕੇ ਹੋਰ ਵੱਡੇ ਤੋਂ ਵਡੇਰਾ ਬਣ ਜਾਵੇ:

ਉਂਜ ਮੈਂ ਧਰਤ ਨਦੀ ਦਾ ਮਾਲਕ

ਜਗਤ ਕਹੇ ਬਖ਼ਤਾਵਰ,

ਯਾਰਾ! ਦਿਲ ਕਰਦਾ ਮੈਂ ਮੱਲਾਂ

ਹਰ ਪਰਬਤ, ਹਰ ਸਾਗਰ। (ਸ. ੯੧)

‘ਬਖ਼ਤਾਵਰ` ਆਪਣੇ ਆਪ ਨੂੰ ਪੈਸੇ ਵਾਲ਼ਾ ‘ਧਨਾਢ` ਤੇ ਗੁਰੂ ਜੀ ਨੂੰ ਗ਼ਰੀਬ ‘ਕੰਗਾਲ` ਸਮਝਦਾ ਸੀ, ਤੇ ਕੁੱਝ ਦਾਨ ਦੇ ਕੇ ਗੁਰੂ ਜੀ ਨੂੰ ਪਦਾਰਥ ਜਾਂ ਪੈਸੇ ਦੇ ਬਲ-ਬੋਤੇ ਖ਼ਰੀਦਣਾਂ ਚਾਹੁੰਦਾ ਅਤੇ ਆਪਣੀ ਵਧੀ ਹੋਈ ਤ੍ਰਿਸ਼ਨਾ ਜਾਂ ਭੁਖ ਜ਼ਾਹਰ ਕਰਦਾ ਹੈ; ਕਹਿੰਦਾ: ਗੁਰੂ ਜੀ ਆਪਣੀ ਇਲਾਹੀ ਬਰਕਤ ਵਿਚੋਂ ਮੇਰੇ ਦਿੱਤੇ ਦਾਨ ਦੇ ਵੱਟੇ ਮੈਨੂੰ ਕੁੱਝ ਬਿਭੂਤੀ ਜਾਂ ਰਿੱਧੀਆਂ ਸਿੱਧੀਆਂ ਦਵੋ: :

ਭਾਵੇਂ ਰੰਕ ਤੂੰ ਫਿਰ ਵੀ ਸਾਡੀ

ਰਹੇਗੀ ਸਾਂਝ ਪੁਰਾਣੀ,

ਮਿਤਰ! ਦਾਨ ਕਰਾਂ ਕੁੱਝ ਤੈਨੂੰ

ਦਿਲ ਵਿਸ਼ਾਲ ਇਹ ਠਾਣੀ। (ਸ. ੯੧)

ਯਾਰਾ! ਦੇ ਬਸ ਪੂੰਜੀ ਆਪਣੀ

ਬਦਲੇ ਵਿੱਚ ਵੀ ਮੈਨੂੰ

ਸੁਣਿਆਂ ਉੱਚ ਸਰਕਾਰ ਦਰੋਂ ਕੋ

ਮਿਲੇ ਜ਼ੋਰ ਵੱਡ ਤੈਨੂੰ। (ਸ. ੯੨)

ਗੁਰੁ ਜੀ ਨੇ ਉਸ ਨੂੰ ਸਮਝਾਇਆ ਕਿ ਰੱਬ ਦੇ ਨਾਮ ਦੇ ਦੈਵੀ ਜਲਾਂ ਚ, ਗੁਰੂ ਨਾਨਕ ਦੇ ਦਰ ਤੇ ਆਪਣੀ ਘਾਲ ਦੇ ਦੌਰਾਨ, ਦੁਨਿਆਵੀ ਲਾਲਚ ਤੇ ਹਿਰਸ ਵਰਗੀ ਜ਼ਹਿਰ ਨੂੰ ਉਨ੍ਹਾਂ ਘੋਲ ਕੇ ਨਹੀਂ ਪੀਤਾ। ਤੇ ਕਦੇ ਵੀ ਜ਼ੋਰ ਜ਼ਬਰ ਗੁਰੁ ਨਾਨਕ ਦੇ ਘਰ ਦੀ “ਅਗੋਚਰ ਲਿਵ” ਦੀ “ਰੱਬੀ ਮਾਸੂਮੀਅਤ ਦੇ ਹਾਣ ਦੇ ਨਹੀਂ ਹੁੰਦੇ”। ਜ਼ੋਰਾਵਰ ਦੇ ਸਾਰੇ ਸੁਪਨੇ ਪਤਾਲ਼ ਦੇ ਹਨ੍ਹੇਰਿਆਂ ਚ ਹੀ ਰੁਲਦੇ ਹਨ:

ਦਾਨਵ ਦਿਲ ਦਾ ਹੱਕ ਨ ਮੰਨਣ

ਵਗਦੀ ਨੈਂ ਦੇ ਪਾਣੀ

ਜ਼ੋਰ ਜ਼ਬਰ ਕਦੇ ਨਹੀਂ ਹੁੰਦੇ

ਮਾਸੂਮੀ ਦੇ ਹਾਣੀ। (ਸ. ੯੨)

ਜ਼ੋਰਾਵਰ ਦੇ ਸਭ ਸੁਪਨੇ ਹੀ

ਰੁਲਣ ਪਤਾਲ ਦੇ ਨ੍ਹੇਰੇ

ਜਾਗੀਰਾਂ ਦੀ ਹਉਂ ਤੋਂ ਅੱਗੇ

ਰਹਿਣ ਅਸੀਮ ਸਵੇਰੇ। (ਸ. ੯੨)

ਜਗੀਰਦਾਰ ਮਾਇਅਧਾਰੀ ਨੂੰ ਇਹ ਰਮਜ਼ ਸਮਝ ਨਾ ਆਈ ਕਿਉਂਕਿ ਉਹ ਤਾਂ “ਇਲਾਹੀ ਅਸਮਾਨਾਂ ਉੱਤੇ ਪੌੜੀਆਂ ਨਾਲ ਚੜ੍ਹਣ ਦੀ ਹਮਾਕਤ ੩੧ ਕਰਦਾ ਹੈ। ਪਰ ਜਦ ਗੁਰੂ ਜੀ ਨੇ ਉਸ ਨੂੰ ਅਗੰਮ ਗਗਨ ਵਲ ਸੂਰਜ ਨੂੰ ਵਿਨ੍ਹਣ ਜਾਂ ਉਸ ਉਪਰ ਡੰਗ ਚਲਾਉਣ ਤੋਂ ਇਹ ਕਹਿੰਦਿਆਂ ਵਰਜਿਆ ਕਿ ਭਖੇ ਤੀਰ ਦਾ ਕੀ ਭਰਵਾਸਾ ਹੈ? ਤਦ ਉਸ ਉਪਰ ਅਸਲੀਅਤ ਪਰਗਟ ਹੋਈ ਤੇ ਉਹਨੂੰ ਆਪਣਾ ਆਪਾ ‘ਕੰਗਾਲ` ਤੇ ‘ਬਦਨਸੀਬ` ਨਜ਼ਰ ਆਇਆ, ਅਤੇ ਆਪਣੇ ਨਿਗੂਣੇ ਆਪੇ ਦੇ ਮੁਕਾਬਲੇ ਉਤੇ ਗੁਰੁ ਜੀ ‘ਧਨਾਢ` ਤੇ ਅਸਲ ‘ਪਾਤਸ਼ਾਹ` ਹੋ ਦਿਸੇ ਤਾਂ ਕੂਕਿਆ:

ਗੁਰ-ਦਰ ਕੂਕ ਰਿਹਾ ਬਖ਼ਤਾਵਰ:

“ਰਿਸ਼ਮ ਰੰਕ ਤੇ ਵਾਰੋ

ਜੇ ਮੈਂ ਭੁੰਚਾਂ ਨਾ ਇਸ ਚਾਨਣ

ਬਦਨਸੀਬ ਮੈਂ ਯਾਰੋ। (ਸ. ੯੩)

ਚੌਧਵੇਂ ਕਾਂਡ ਵਿੱਚ ਗੁਰਗੱਦੀ ਦਾ ਰਹੱਸ ਕਵੀ ਨੇ ਖੌਲ੍ਹਿਆ ਹੈ:

ਦ੍ਰਿਸ਼ਟਮਾਨ ਅਦ੍ਰਿਸ਼ਟ ਦੀ ਮੰਜ਼ਿਲ

ਗੁਰਗੱਦੀ ਦਾ ਪੈਂਡਾ,

ਬੇਨਜ਼ੀਰ ਇਹ ਰੁਤਬਾ ਦੈਵੀ

ਗਿਣ ਗਿਣ ਹੱਕ ਨ ਲੈਂਦਾ।

ਰੱਬੀ ਹੁਕਮ ਨ ਤਰਕ ਵਿਤਰਕ ਚ

ਬਖ਼ਸ਼ੇਗਾ ਗੁਰਗੱਦੀ

ਉਸ ਚਾਨਣ ਨਾ ਪਾਰ ਕਹਿਕਸ਼ਾਂ

ਜਗ ਦੀ ਮਹਿਫ਼ਲ ਸੱਦੀ।

ਹੁਕਮ ਅਨੰਤ ਚ ਧੁਰ ਦੇ ਬੰਦੇ

ਤੋਲ ਤੋਲ ਨਾ ਤੁਰਦੇ

ਅੰਤਮ ਚਾਨਣ ਦਾ ਫੜ ਦਾਮਨ

ਗੁਰੂ ਭਗਤ ਸਭ ਜੁੜਦੇ। (ਸਫ਼ਾ ੯੫-੬)

ਸ੍ਰੀ ਗੁ. ਅੰਗਦ ਜੀ ਦੇ ਉਪਰੋਕਤ ਨਿਰੂਪਤ ਚਰਿੱਤਰ ਚਿਤਰਣ ਨੂੰ ਪੜ੍ਹ ਕੇ ਤੇ ਪਰਖ ਪੜਚੋਲ ਕਰਕੇ ਕਵੀ ਦੀ ਕਵਿਤਾ ਦੇ ਗੁਣਾਂ ਬਾਰੇ ਮੈਂ ਹੇਠ ਲਿਖੇ ਨਿਰਣਿਆਂ ਤੇ ਪਹੁੰਚਾ ਹਾਂ:-

੧) ਇਸ ਲਘੂ ਮਹਾਂਕਾਂਵਿ ਦੀ ਕਵਿਤਾ ਵਿੱਚ ਕਹਿਰਾਂ ਦੀ ਰਵਾਨੀ, ਸੋਜ਼, ਦਰਦ, ਸਰੋਦ ਤੇ ਲੈਅ ਹੈ। ਕਵਿਤਾ ਵਿੱਚ ਜ਼ੋਰ ਹੈ ਤੇ ਸ਼ਬਦ-ਜੜਤ ਦਰੁੱਸਤ ਹੈ। ਸਾਰੇ ਮਹਾਂਕਾਵਿ ਵਿੱਚ ਗੁਰੂ ਅੰਗਦ ਜੀ ਦੇ ਵਿਅਕਤੱਤਵ ਦੀ ਅਸਰਦਾਰ ਹਾਜ਼ਰੀ ਸਦਾ ਪਾਠਕ ਨੂੰ ਕੀਲ ਕੇ ਰਖਦੀ ਹੈ। ਗੁਰੂ ਜੀ ਦੇ ਕ੍ਰਿਸ਼ਮਿਆਂ ਨੂੰ ਕਵੀ ਨੇ ਕੁੱਝ ਨਿੱਕੀਆਂ ਨਿੱਕੀਆਂ (੧੨ਵਾਂ ਕਾਂਡ) ਕੁੱਝ ਵੱਡੀਆਂ (ਕਾਂਡ ਪੰਜਵਾਂ) ਕਵਿਤਾਵਾਂ ਵਿੱਚ ਨਿਭਾਇਆ ਹੈ। ਏਡੀ ਓਜਮਈ ਆਤਮਿਕ ਬੁਲੰਦੀ ਤੇ ਪਹੁੰਚ ਕੇ ਵੀ ਗੁਰੂ ਅੰਗਦ ਨੂੰ ਗੁਰੁ ਨਾਨਕ ਬ੍ਰਿਹਾ ਤੇ ਬਚਪਨ ਦੇ ਘਰ ਤੇ ਨਿੱਜੀ ਪਿੰਡ ਦਾ ਥੇਹ ਕੀਤੇ ਜਾਣਾ ਸਾਰੇ ਦੁਖੀ ਮਨੁਖਾਂ ਵਾਂਗ ਦੁਖਦਾਈ ਹੈ। ਕਵਿਤਾ ਵਿੱਚ ਕੋਈ ਵੀ ਲਫ਼ਜ਼ ਰੜਕਦਾ ਨਹੀਂ, ਸਾਰੇ ਲਫ਼ਜ਼ ਝੱਟ ਦਿਲ ਚ ਬਹਿੰਦੇ ਜਾਂਦੇ ਹਨ। ਭਾਵੇਂ ਠੇਠ ਪੰਜਾਬੀ ਦੇ ਨਾਲ਼ ਕਿਤੇ ਕਿਤੇ ਉਰਦੂ ਦੇ ਇਲਫ਼ਾਜ਼, ਖ਼ਬੀਸ ਆਦਿ ਵੀ ਪੂਰਨ ਰਵਾਨੀ ਸਹਿਤ ਵਰਤੀਂਦੇ ਗਏ ਹਨ। ਕਵੀ ਦੁਆਰਾ ਆਪਣੇ ਸ਼ਬਦ-ਭੰਡਾਰ ਵਿਚੋਂ ਉਪਲਭਦ ਹੋਏ ਜਾਂ ਨਵੇਂ ਸਿਰਜੇ ਕਾਵਿ-ਬੋਲਾਂ ਦੀਆਂ ਵੰਨਗੀਆਂ, ਇੰਞ ਲਗਦੈ ਪਈ, ਸਿੱਖ ਸਾਹਿਤ ਦੇ ਭੰਡਾਰ ਨੂੰ ਜ਼ਰੂਰ ਹੋਰ ਅਮੀਰ ਕਰਨਗੀਆਂ, ਜਿਵੇਂ “ਕਹਿਕਸ਼ਾਂ ਪਾਰ”, “ਦ੍ਰਿਸ਼ਟਮਾਨ ਅਦ੍ਰਿਸ਼ਟ” “ਜ਼ੋਰਾਵਰ ਦੇ ਸਭ ਸੁਪਨੇ”, “ਪਤਾਲ ਦੇ ਨ੍ਹੇਰੇ” “ਅਸੀਮ ਸਵੇਰੇ” “ਉਚ ਸਰਕਾਰ ਦਰੋਂ” “ਦਾਨਵ ਦਿਲ ਦਾ ਹੱਕ” “ਨੂਰ ਅਨੰਤੀ ਮੂਕ” “ਤੇਗ਼ ਮਹਾਂ ਬਲ ਸੂਰ ਦੀ” “ਲੰਗਰ-ਹੁਸਨ” “ਸ਼ਬਦ ਸਿੰਧ” “ਹੇਚ ਫ਼ਰੇਬੀ ਬੂਹੇ” “ਬ੍ਰਹਿਮੰਡ ਦੀ ਸਿਖਰ” “ਨੱਭ ਤੋਂ ਹੇਠ ਪਤਾਲ ਤੀਕ ਥੇਹ” “ਸ਼ਾਹ ਦੀ ਰੱਤੀ ਤੇਗ਼ ਸਾਮ੍ਹਣੇ” “ਹੁਕਮ ਅਨੰਤ ਚ ਧੁਰ ਦੇ ਬੰਦੇ” “ਅੰਤਮ ਚਾਨਣ ਦਾ ਫੜ ਦਾਮਨ” “ਅਜੱਪਾ ਜਾਪ ਤੋਂ ਉਚਾ ਉਦ੍ਹਾ ਸੀਸ” “ਗ਼ੈਬੀ ਰਾਜ਼ਾਂ ਦਾ ਵੱਡ ਆਦਿਲ” ਆਦਿ। “ਜਦ ਵੈਰਾਗ ਛਿੜੇ ਹਰ ਥੇਹ ਤੇ” ਵਰਗੀਆਂ ਕਾਵਿ ਸਤਰਾਂ ਪੜ੍ਹ ਕੇ ਬਦੋ ਬਦੀ ਵੈਰਾਗ ਆ ਝੰਜੂਣਦਾ ਹੈ।

੨) ਪ੍ਰੋ. ਮਹਿਬੂਬ ਇੱਕ ਪ੍ਰੋਢ ਕਵੀ ਹੈ। ਪ੍ਰੋ. ਮਹਿਬੂਬ ਨੇ ਬਤੌਰ ਕਵੀ ਆਪਣੀ ਕਾਵਿ-ਸਾਧਨਾ ਦੀਆਂ ਪਹਿਲਾਂ ਮੰਜ਼ਲਾਂ ਸਰ ਕੀਤੀਆਂ ਫੇਰ ਕਿਤੇ ਜਾ ਕੇ ਉਹ ਮਹਾਂਕਾਵਿ ਰਚੈਤਾ ਤੇ ਸਫਲ ਕਵੀ ਹੋ ਨਿਬੜੇ ਹਨ। ਮਸਲਨ, ‘ਝਨਾਂ ਦੀ ਰਾਤ` ਦੀਆਂ ਸੱਤ ਕਿਤਾਬਾਂ ਦੇ ਸੰਗ੍ਰਹਿ ਨੂੰ ਵਿਦਵਾਨਾਂ ਨੇ ਉਨ੍ਹਾਂ ਦੀ ਕਾਵਿ-ਸਾਧਨਾ ਦੀ ਤਰੱਕੀ ਦਾ ਇੱਕ ਪੜਾ ਮੰਨਿਆਂ ਹੈ ੩੨। ਕਵੀ ਜੋ ਮਹਾਨ ਕਵਿਤਾ ਦੇ ਗੁਣ ਬਿਆਨਦਾ ਹੈ ਉਹ ਓਡੀ ਗੁਣਾਂ ਭਰਪੂਰ ਕਵਿਤਾ ਰਚ ਕੇ ਉਸ ਦੀ ਮਹਾਨਤਾ ਦੀ ਧਾਂਕ ਬਿਠਾੱ ਦਿਖਾਉਂਦਾ ਹੈ। ਦੂਜਾ, ਇਸ ਲਘੂ ਮਹਾਂਕਾਵਿ ਵਿੱਚ ਉਹਦਾ ਵਿਲੱਖਣ ਇਤਿਹਾਸਿਕ ਦ੍ਰਿਸ਼ਟੀਕੋਣ ਸਾਰੇ ਮਹਾਂਕਾਵਿ ਵਿੱਚ ਇਕੋ ਜੇਹਾ ਹਰ ਥਾਂ ਇਕਸਾਰ ਚਲਦਾ ਹੈ। ਇਸ ਨੂੰ ਕਵਿਤਾ ਵਿੱਚ ਜ਼ੋਰਦਾਰ ਢੰਗ ਨਾਲ ਪ੍ਰਗਟਾਉਂਦਾ ਉਹ ਕਿਤੇ ਝਿਜਕਦਾ ਥਿੜਕਦਾ ਨਹੀਂ। ਉਹ ਅੰਦਰੋਂ ਬਾਹਰੋਂ ਦ੍ਰਿੜ੍ਹ ਤੇ ਸਥਿਰ ਰਹਿੰਦਾ ਹੈ। ਚੌਦਾਂ ਹੀ ਕਾਂਡਾਂ ਵਿਖੇ ਕਾਵਿ-ਰਸ ਦੇ ਨਾਲ ਨਾਲ ਗੁ. ਅੰਗਦ ਦੀ ਕਹਾਣੀ ਵਿਚਲਾ ਕਥਾ ਰਸ ਮੁਤਬਾਤਰ ਕਾਇਮ ਰਹਿੰਦਾ ਹੈ। ਉਸ ਦੇ ਅਨੁਭਵ ਦੀਆਂ ਅਚਿਹਨ ਤੈਹਾਂ ਵਿਚਲੇ ਅਪਹੁੰਚ ਵਿਸ਼ਵ ਦੇ ਕਿਸੇ ਬੇਮੁਹਾਰਾ ਤੇ ਨਾ ਥੰਮ੍ਹੇ ਜਾਣ ਵਾਲਾ ਜੋਸ਼ ਉਸ ਦੀ ਕਵਿਤਾ ਦੇ ਅੰਦਰ ਬਾਹਰ ਆਪਣੀ ਬਜ਼ੁਰਗੀ ਜਾਂ ਕਾਮਿਲ ਪ੍ਰਤਿਭਾ ਦਾ ਅਟੱਲ ਪਹਿਰਾ ਦਿੰਦਾ ਹੈ। ਉਸ ਦੀ ਕਵਿਤਾ ਵਿੱਚ ਕੋਈ ਬਾਹਰਲਾ ਦਾਰਸ਼ਨਿਕ ਖ਼ਿਆਲ ਦਖਲਅੰਦਾਜ਼ੀ ਨਹੀਂ ਕਰਦਾ। ਜਿਵੇਂ “ਬਾਂਗਿ ਦਰਾ” ਵਿਚਲੀ ‘ਜਾਵੇਦਨਾਮਾ` ਕਵਿਤਾ ਚ ਰਾਜਸੀ ਫਲਸਫਾ ਖ਼ਾਹ ਮਖ਼ਾਹ ਆ ਵੜਿਆ ਹੈ, ਜਦ ਕਿ ਉਸੇ ਕਵੀ (ਡਾ. ਮੁਹੰਮਦ ਇਕਬਾਲ) ਦੀਆਂ ਦੋ ਹੋਰ ਸਫਲ ਕਵਿਤਾਵਾਂ “ਅਸਰਾਰਿ-ਖ਼ੁਦੀ” ਤੇ “ਤਲੂਇ-ਇਸਲਾਮ” ਇਸ ਨੁਕਸ ਤੋਂ ਪਾਕ ਹਨ। ਇਵੇਂ ਹੀ ਦੂਜੀ ਮਿਸਾਲ ਕਵੀ ਵਰਡਜ਼ਵਰਥ ਦੀ ਕਵਿਤਾ ‘ਅਮਰਤਾ ਦੀਆਂ ਸੱਦਾਂ` ਵਿੱਚ ਪਲੈਟੋ ਦੇ ਫ਼ਲਸਫ਼ੇ ਦਾ ਬੇਲੋੜਾ ਦਖਲ ੩੩ ਹੈ।

੩) ਯੁਗ ਚੇਤਨਾ ਦੇ ਚਾਰ ਥੰਮ੍ਹਾਂ (ਆਪਣੇ ਯੁਗ ਦੇ ਅਰੂਪ ਵਹਿਣ, ਰਾਜਨੀਤੀ ਦੇ ਸੰਚਾਲਕ ਸੋਮੇ, ਸਮਾਜਾਂ ਦੀ ਬਣਤਰ ਦੇ ਬਰੀਕ ਤਰਕ ਤੇ ਕੁਦਰਤ ਦੇ ਨਿਸਚਿਤ ਮੰਜ਼ਲ ਵਲ ਵਧਦੇ ਸੁਹਜ) ਤੋਂ “ਮਹਾਂਕਾਵਿ” ਆਪਣੀ ਸਿਰਜਣਾ ਦੇ “ਗੁਪਤ ਵੇਗ ਦੀ ਸਮਗਰੀ ਲੈ ਕੇ ਆਪਣਾ ਰੂਪ ਨਿਖਾਰਦਾ ਤੇ ਮਹਿਕ ਖਿਲਾਰਦਾ ਅੱਗੇ ਵਧਦਾ ਹੈ”। ਇਸ ਲਈ “ਮਹਾਂਕਾਵਿ ਦੇ ੳਦੈ ਛਿਣਾਂ ਦੁਆਲੇ ਯੁਗ ਇਕਾਗਰਤਾ ਦਾ ਹੋਣਾ ਲਾਜ਼ਮੀ ਹੈ” ੩੪। ਦੂਜੇ ਲਫ਼ਜ਼ਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਮਹਾਂਕਾਵਿ ਆਪਣੇ ਸਮੇਂ ਦੀ ਰਾਜਨੀਤਕ, ਧਾਰਮਿਕ, ਤੇ ਸਮਾਜਿਕ ਅਸਲੀਅਤ ਸਾਹਮਣੇ ਲਿਆਉਂਦਾ ਹੈ। ਇੱਕ ਹੋਰ ਪੱਖ ਤੋਂ ਵੀਚਾਰਿਆਂ ਇਹ ਗੱਲ ਜ਼ਰਾ ਵਧੇਰੇ ਸਪਸ਼ਟ ਹੋ ਸਕਦੀ ਹੈ। ਉਹ ਇਹ ਕਿ ਜਿਸ ਬੇਮਿਸਾਲ ਗੁਰਮੁਖ ਦੀ ਘਾੜਤ ਗੁ. ਨਾਨਕ ਨੇ, ਸ੍ਰੀ ਗੁਰੂ ਗ੍ਰੰਥ ਵਿੱਚ ਨਿਰੂਪਤ, ਆਪਣੇ ਨਿਰਾਲੇ ਫ਼ਲਸਫ਼ੇ ਦੇ ਅਧਾਰ ਤੇ ਘੜੀ ੩੫, ਉਸ ਦਾ ਪੂਰਣ ਮੁਜੱਸਮਾ ਗੁ. ਅੰਗਦ ਜੀ ਆਪ ਸਨ। ਉਨ੍ਹਾਂ ਦੇ ਕਿਰਦਾਰ ਦੀ ਓਜਮਈ ਦ੍ਰਿੜਤਾ ਰਾਹੀਂ ਵੱਧ ਫੁਲ ਤੇ ਮੌਲ ਰਹੇ “ਤੀਸਰ ਪੰਥ” ਦੀ ਅਟੱਲਤਾ ਦੇ ਸ਼ੀਸ਼ੇ ਵਿਚੀਂ ਮਨਮੁਖ ਦੀ ਝੂਠੀ ਕਰਣੀ ਅੱਜ ਵੀ ਪਰਤੱਖ ਜ਼ਾਹਰ ਹੁੰਦੀ ਹੈ। ਭਾਵ ਕਿ ਇਹ ਲਘੂ ਮਹਾਂਕਾਵਿ ਗੁ. ਅੰਗਦ ਦੇ ਸਮੇਂ ਦੇ ਅਰੂਪ ਵਹਿਣ ਦੀ ਰਾਜਨੀਤਕ, ਧਾਰਮਿਕ, ਸਮਾਜਿਕ ਯੁਗ ਚੇਤਨਾ ਦਾ ਭਰਵਾਂ ਸਬੂਤ ਪੇਸ਼ ਕਰਦਾ ਹੈ। ਨਾਲੋ ਨਾਲ, ਉਪਰੋਕਤ ਅਸਲੀਅਤ ਸਿੱਖ ਧਰਮ ਦੇ ਅੰਦਰਲੇ ਚਿੰਤਨ ਦੇ ਅਛੋਹ ਪ੍ਰਬੰਧ ਨਾਲ ਵੀ ਇਕਸੁਰ ਹੈ। ਗੁ. ਅੰਗਦ ਆਪਣੇ ਸਮੇ ਦੇ ਮਹਾਂ ਮਾਨਵ ਹੋਣ ਦੀ ਹੈਸੀਅਤ ਵਿੱਚ ਉਸੇ ਬਾਬਰ, ਜਿਸ ਨੂੰ ਗੁ. ਨਾਨਕ ਨੇ ਝਿੜਕਿਆ ਸੀ (ਤੈਂ ਕੀ ਦਰਦੁ ਨ ਆਇਆ”? ੩੬ ਨੂੰ ਗੁ. ਨਾਨਕ ਦੀ ਅੱਖੀਂ ਬਹਿ ੳੇਸੇ ਅਸਲੀਅਤ ਦੇ ਹੋਰ ਪੱਖਾਂ ਨੂੰੰ ਉਨ੍ਹੀ ਨਜ਼ਰੀਂ ਦੇਖਦੇ ਤੇ ਉਜਾਗਰ ਕਰਦੇ ਹਨ। ਮਸਲਨ, ਉਸ ਦੁਆਰਾ ਥੇਹ ਕੀਤੇ ਆਪਣੇ ਜੱਦੀ ਪਿੰਡ ਜਾਂਦੇ ਹਨ। ਘੋੜੇ ਉਥੇ ਬੱਧੇ ਜਿਥੇ ਉਨ੍ਹਾਂ ਦੇ ਘਰ ਦਾ ਖੋਲਾ ਸੀ, ਜਿਵੇਂ ਕਿ ਉਪਰ ਕਿਹਾ ਹੈ। ਇਉਂ ਇਹ ਮਹਾਂਕਾਵਿ ਆਪਣੇ ਸਮੇ ਦੀ ਰਾਜਨੀਤਕ, ਧਾਰਮਿਕ, ਸਮਾਜਿਕ ਅਸਲੀਅਤ ਸਾਹਮਣੇ ਲਿਆਉਂਦਾ “ਬਾਹਰਮੁਖਤਾ ਦਾ ਵਿਸ਼ਾਲ ਤੀਬਰ ਨਜ਼ਾਰਾ” ਪੇਸ਼ ਕਰਦਾ ੩੭ ਇੰਨ ਬਿੰਨ ਸਮਕਾਲੀ ਭਾਰਤੀ ਤੇ ਪੰਜਾਬੀ ਨਿੱਘਰੀ ਰਾਜਨੀਤਕ, ਧਾਰਮਿਕ ਤੇ ਸਮਾਜਿਕ ਅਧੋਗਤੀ ਵਿੱਚ ਅਸਲ ਸਿੱਖ ਕਿਰਦਾਰ ਕੀ ਹੋਵੇ? ਦਾ ਸਮਾਧਾਨ ਪੇਸ਼ ਕਰਦਾ ਹੈ। ਜ਼ਾਹਰਾ ਮਿਸਾਲ ਹੈ: ਗੁਰੁ ਜੀ ਬਚਪਨ ਦੇ ਸਾਥੀ ‘ਬਖ਼ਤਾਵਰ` ਤੇ ਹੇਮੂੰ ਬਾਣੀਏ ਆਦਿ ਕੋਲ ਵਿਕੇ ਨਹੀਂ, ਹਮਾਯੂੰ ਦੀ ਧੌਂਸ ਨਹੀਂ ਮੰਨੀ (ਜਿਹੜੀ ਅਗੰਮੀ ਨਾਨਕ-ਜੋਤ ਦੇ ਨੌਵੇਂ ਜਾਮੇ ਚ “ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ” ੩੮ ਅਸੂਲ ਦ੍ਰਿੜ੍ਹ ਕਰਾਉਂਦੀ ਹੈ)। ਸਿੱਟੇ ਵਜੋਂ, ਇਹ ਲਘੂ ਮਹਾਂਕਾਵਿ ਸਦੀਵੀ ਸਮੇਂ ਨਾਲ ਅਨਿੱਖੜ ਸਾਂਝ ਸਥਾਪਤ ਕਰਦਾ ਆਪ ਹੀ ਅਜੋਕੀ ਅਸਲੀਅਤ ਦਾ ਪ੍ਰਤੀਕ ਬਣ ਗਿਆ ਹੈ, ਕਿਉਂਕਿ ਇਹ ਮਹਾਂਕਾਵਿ ਜਿਥੇ ਉਸ ਵੇਲੇ ਦੇ ਸਿੱਖਾਂ ਦੇ ਵਿਅਕਤੀਗਤ ਤੇ ਸਮੂਹਿਕ ਸੁਭਾਅ, ਅਕਲ ਤੇ ਰੂਹ ਦੀਆਂ ਗਹਿਰਾਈਆਂ ਪੇਸ਼ ਕਰਦਾ ਹੈ, ਉਥੇ ਅਜੋਕੇ ਦੰਭੀ, ਭੇਖੀ ਤੇ ਸ਼ੁਹਰਤ ਲਈ ਵਿਕਦੇ ਮੁਰਦਾ ਸ਼ਹੀਦਾਂ ੩੯ ਨੂੰ ਚੇਤਾਵਨੀ ਦਿੰਦਾ ਇੱਕ ਜੀਉਂਦਾ ਪ੍ਰਤੀਕ ਵੀ ਹੈ।

੪) ਮੁਕਦੀ ਗੱਲ, ਇਸ ਲਘੂ ਮਹਾਂਕਾਵਿ ਦਾ ਹਰ ਕਾਂਡ ਬੜੀ ਜ਼ੋਰਦਾਰ ਪਰ ਰਵਾਨੀ ਤੇ ਲੈਅ ਭਰੀ ਕਵਿਤਾ ਰਾਹੀਂ ਗੁ. ਅੰਗਦ ਦੀ “ਸੁਜੀਵ ਰੂਹ ਦੇ” ਚਰਿੱਤਰ ਦਾ ਅਮਿੱਟ “ਪ੍ਰਭਾਵ” ਅਵੱਸ਼ ਪਾਠਕ ਦੇ ਦਿਲੋ-ਦਿਮਾਗ਼ ਉਪਰ ਛੱਡਦਾ ਹੈ। ਇਹ ਸੁਜੀਵ ਰੂਹ, “ਨਾਨਕ ਕੈ ਘਰਿ ਕੇਵਲ ੪੦ ਨਾਮ” (ਦੋਵੇਂ ਚਿੰਤਨ ਤੇ ਸਾਧਨ) ਰੂਪ ਗੁਰੂ ਨਾਨਕ-ਘਰ ਦਾ ਵੱਡਾ ਰੁਖ-ਤਨਾ ਹੈ, ਜਿਹੜਾ ਗਿਆਨ ਦੀਆਂ ਵਿਭਿੰਨ ਸ਼ਾਖਾਵਾਂ ਨੂੰ ਜੀਵਨ-ਰਸ ਵਾਲਾ ਵਜੂਦ ਪ੍ਰਦਾਨ ਕਰਦਾ ਹੈ। ਇਸ ਲਈ ਪ੍ਰੋ. ਮਹਿਬੂਬ ਦੀ ਕਵਿਤਾ ਰਸਭਰੀ ਇਕਾਗਰਤਾ ਪਰੁੱਚੀ ਪੁਖ਼ਤਗੀ ਰਖਦੀ ਹੈ। ਇਸ ਮਹਾਨ ਕਵਿਤਾ ਅੰਦਰ “ਜੀਵਨ ਦੀ ਸਿਹਤਮੰਦ ਸੰਪੂਰਣਤਾ” ੪੧ ਪਰਤੱਖ ਓਤਪੋਤ ਹੋਈ ਦਿਸਦੀ ਹੈ। ਇਸ ਸਾਰੇ ਲਘੂ ਮਹਾਂਕਾਵਿ ਵਿੱਚ ਪ੍ਰੋ. ਮਹਿਬੂਬ ਦੀ ਇਕਸਾਰ ਇੱਕ ਨਿਸਚਿਤ ਕੇਂਦਰ ਦੀ ਜ਼ਬਰਦਸਤ ਪਹਿਚਾਣ ਜ਼ਾਹਰਾ ਪ੍ਰਗਟ ਪਈ ਹੁੰਦੀ ਹੈ, ਜਿਹੜੀ ਹਜ਼ਾਰਾਂ ਸਾਲਾਂ ਦੇ ਕਵਿਤਾ ਦੇ ਕਮਾਏ ਕੋਮਲ ਗੁਣਾਂ (ਕਵੀ ਦੀਆਂ ਰਚਿਤ ਕਿਤਾਬਾਂ ਦੇ ਮੁੱਢ ਚ ਲਿਖੇ ਅਧਾਰ-ਸ਼ਿਲਾ ਲੇਖਾਂ ਚ ਅੰਕਿਤ ੩, ੪, ੫, ੬) ਦੀ ਬਹੁਰੰਗਤਾ ਨਾਲ ਭਰਪੂਰ ਹੈ। ਪ੍ਰੋ. ਮਹਿਬੂਬ ਇੱਕ ਕਿਰਤੀ, ਮਿਹਨਤੀ ਮੁਸ਼ੱਕਤੀ ਤੇ ਘਾਲੀ ਗ੍ਰਿਹਸਤੀ ਤੇ ਕੌਮੀ ਜੀਵਨ ਨਾਲ਼ ਜੂਝਣ ਵਾਲਾ ਮਰਜੀਵੜਾ ਕਵੀ ਹੈ, ਜਿਸ ਕੋਲ ਇਕਾਗਰ ਜ਼ਿੰਦਗ਼ੀ ਦਾ ਸ਼ਿੱਦਤ ਭਰਿਆ ਸੰਪੂਰਣ, ਗਹਿਰਾ ਤੇ ਗਤੀਸ਼ੀਲ ਜ਼ਿੰਦਾ ਅਨੁਭਵ ਮੌਜੂਦ ਹੈ; ਸਦਕਾ ਜਿਸਦਾ ਉਸ ਨੇ ਉਤਕ੍ਰਿਸ਼ਟ ਕਵਿਤਾ ਰਚੀ ਹੈ। ਇਸ ਬੁਲੰਦ ਮਿਆਰੀ ਕਵਿਤਾ ਦਾ ਮੁਕਾਬਲਾ ਅਜੋਕੀ ਪਰਾ-ਅਧੁਨਿਕਵਾਦ ਦੇ ਸਿਥਲ ਤੇ ਓਪਰੇ ਵਿਸ਼ਲੇਸ਼ਣ ਦੀ ਸ਼ਿਕਾਰ ਕਲਾਹੀਣ ਤੇ ਤਾਲੋਂ ਖੁੰਝੀ ਕਵਿਤਾ ਹਰਗਿਜ਼ ਨਹੀਂ ਕਰ ਸਕਦੀ ੪੨।

ਹਵਾਲੇ:-

1) ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੯੦) ਸਫ਼ਾ ੧੧੦, ਝਨਾਂ ਦੀ ਰਾਤ

2) ਪ੍ਰੋ. ਹਰਿੰਦਰ ਸਿੰਘ ਮਹਿਬੂਬ (੨੦੦੬), ਸਫ਼ਾ ੩੮, ਝਨਾਂ ਦੀ ਰਾਤ,

3) ਪ੍ਰੋ. ਹਰਿੰਦਰ ਸਿੰਘ ਮਹਿਬੂਬ (੨੦੦੪), ਸਫ਼ਾ ੧੫-੩੨, ਸਹਿਜੇ ਰਚਿਓ ਖ਼ਾਲ਼ਸਾ

4) ਪ੍ਰੋ. ਹਰਿੰਦਰ ਸਿੰਘ ਮਹਿਬੂਬ (੨੦੦੬), ਸਫ਼ਾ ੧੧-੪੦, ਝਨਾਂ ਦੀ ਰਾਤ

5) ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੯੯), ਸਫ਼ਾ ੧੧-੪੦, ਇਲਾਹੀ ਨਦਰ ਦੇ ਪੈਂਡੇ, ਜਿਲਦ ਪਹਿਲੀ

6) ਪ੍ਰੋ. ਹਰਿੰਦਰ ਸਿੰਘ ਮਹਿਬੂਬ (੨੦੦੭), ਸਫ਼ਾ ੯-੪੮, ਇਲਾਹੀ ਨਦਰ ਦੇ ਪੈਂਡੇ, ਜਿਲਦ ਚੌਥੀ

7) ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੮੮) ਸਫ਼ਾ ੧੪੭, ਸਹਿਜੇ ਰਚਿਓ ਖ਼ਾਲ਼ਸਾ

8) ਪ੍ਰੋ. ਹਰਿੰਦਰ ਸਿੰਘ ਮਹਿਬੂਬ (੨੦੦੭), ਸਫ਼ਾ ੧੨੬-੮, ਇਲਾਹੀ ਨਦਰ ਦੇ ਪੈਂਡੇ, ਜਿਲਦ ਚੌਥੀ

9) ਪ੍ਰੋ. ਹਰਿੰਦਰ ਸਿੰਘ ਮਹਿਬੂਬ ੧੯੮੮, ਸਫ਼ਾ ੧੧੯; ੯੨੮-੯, ਸਹਿਜੇ ਰਚਿਓ ਖ਼ਾਲ਼ਸਾ

੧੦) ਡਾ. ਸਤਵੰਤ ਕੌਰ ੧੯੯੮ ਸਫਾ ੯੫; ੯੭-੧੦੯, ਪੰਜਾਬੀ ਸੂਫ਼ੀ ਕਾਵਿ ਵਿੱਚ ਮੌਤ ਦੀ ਚੇਤਨਾ, ਭਾਸ਼ਾ ਵਿਭਾਗ

੧੧) ਡਾ. ਗੁਰਤਰਨ ਸਿੰਘ (੨੦੧੧), ਸਫ਼ਾ ੧੧-੧੨, ਇਲਾਹੀ ਨਦਰ ਦੇ ਪੈਂਡੇ, ਜਿਲਦ ਦੂਜੀ, ਸਿੰਘ ਬ੍ਰਦਰਜ਼

੧੨) ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੮੮) (ਸਫਾ ੮੪੯; ੯੫੨) ਸਹਿਜੇ ਰਚਿਓ ਖ਼ਾਲਸਾ

੧੩) ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੯੯), ਸਫ਼ਾ ੩੫, ਇਲਾਹੀ ਨਦਰ ਦੇ ਪੈਂਡੇ, ਜਿਲਦ ਪਹਿਲੀ

੧੪) ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੯੯), ਸਫ਼ਾ ੩੬, ਇਲਾਹੀ ਨਦਰ ਦੇ ਪੈਂਡੇ, ਜਿਲਦ ਪਹਿਲੀ

੧੫) ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੮੮) (ਸਫਾ ੩੩੫) ਸਹਿਜੇ ਰਚਿਓ ਖ਼ਾਲਸਾ

੧੬) ਪ੍ਰੋ. ਹਰਿੰਦਰ ਸਿੰਘ ਮਹਿਬੂਬ (੨੦੦੭), ਸਫ਼ਾ ੧੩, ਇਲਾਹੀ ਨਦਰ ਦੇ ਪੈਂਡੇ, ਜਿਲਦ ਚੌਥੀ

੧੭) ਪ੍ਰੋ. ਹਰਿੰਦਰ ਸਿੰਘ ਮਹਿਬੂਬ ੧੯੮੮ ਸਫ਼ਾ ੧੬੮-੧੭੧; ੧੦੨੧; ੧੦੩੦; ੧੦੫੪, ਸਹਿਜੇ ਰਚਿਓ ਖ਼ਾਲ਼ਸਾ

੧੮) ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੯੯), ਸਫ਼ਾ ੩੬-੭, ਇਲਾਹੀ ਨਦਰ ਦੇ ਪੈਂਡੇ, ਜਿਲਦ ਪਹਿਲੀ

19) ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੯੯), ਸਫ਼ਾ ੧੫, ਇਲਾਹੀ ਨਦਰ ਦੇ ਪੈਂਡੇ, ਜਿਲਦ ਪਹਿਲੀ

20) ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੯੯), ਸਫ਼ਾ ੧੪-੫, ਇਲਾਹੀ ਨਦਰ ਦੇ ਪੈਂਡੇ, ਜਿਲਦ ਪਹਿਲੀ

21) ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੯੯), ਸਫ਼ਾ ੩੯, ਇਲਾਹੀ ਨਦਰ ਦੇ ਪੈਂਡੇ, ਜਿਲਦ ਪਹਿਲੀ

22) ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੯੯), ਸਫ਼ਾ ੩੮, ਇਲਾਹੀ ਨਦਰ ਦੇ ਪੈਂਡੇ, ਜਿਲਦ ਪਹਿਲੀ

23) ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੮੮) ਸਫ਼ਾ ੨੯੩, ਸਹਿਜੇ ਰਚਿਓ ਖ਼ਾਲ਼ਸਾ

24) ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੮੮) ਸਫ਼ਾ ੧੩੪, ਸਹਿਜੇ ਰਚਿਓ ਖ਼ਾਲ਼ਸਾ

25) ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੮੮) ਸਫ਼ਾ ੧੩੪, ਸਹਿਜੇ ਰਚਿਓ ਖ਼ਾਲ਼ਸਾ

26) ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੮੮) ਸਫ਼ਾ ੨੮੪-੬; ੨੯੩) ਸਹਿਜੇ ਰਚਿਓ ਖ਼ਾਲ਼ਸਾ

27) ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੮੮) ਸਫ਼ਾ (੩੦੭-੯) ਸਹਿਜੇ ਰਚਿਓ ਖ਼ਾਲ਼ਸਾ

28) ਸ੍ਰੀ ਗੁ. ਗ੍ਰੰਥ ਸਾਹਿਬ, ਪੰਨਾ ੪੨੯, (ਆਸਾ ਮਹਲਾ ੩)

29) ਭਾ. ਸੰਤੋਖ ਸਿੰਘ ਮਹਾਂ ਕਵੀ (੧੯੯੦) ਸਫ਼ਾ ੧੨੬੨-੩, ਗੁ. ਪ੍ਰ. ਸੂ. ਗ੍ਰੰ. ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

30) ਭਾ. ਵੀਰ ਸਿੰਘ (ਦਸੰਬਰ, ੨੦੦੪) ਸਫ਼ਾ (੯੫-੭; ੨੬੪-੫) ਸ਼੍ਰੀ ਅਸ਼ਟਗੁਰ ਚਮਤਕਾਰ, ਜਿਲਦ ੧, ੨, ਭਾ. ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ

31) ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੮੮) ਸਫ਼ਾ ੮੫੭, ਸਹਿਜੇ ਰਚਿਓ ਖ਼ਾਲ਼ਸਾ

32) ਡਾ. ਗੁਰਤਰਨ ਸਿੰਘ (੨੦੦੬) ਟਾਈਟਲ ਦਾ ਸਫ਼ਾ ੨, ਝਨਾਂ ਦੀ ਰਾਤ

33) ਪ੍ਰੋ. ਹਰਿੰਦਰ ਸਿੰਘ ਮਹਿਬੂਬ (੨੦੦੬) (ਸਫ਼ਾ ੨੧, ੧੩), ਝਨਾਂ ਦੀ ਰਾਤ

34) ਪ੍ਰੋ. ਹਰਿੰਦਰ ਸਿੰਘ ਮਹਿਬੂਬ (੨੦੦੬) ਸਫ਼ਾ ੨੨-੩, ਝਨਾਂ ਦੀ ਰਾਤ

35) ਡਾ. ਗੁਰਤਰਨ ਸਿੰਘ (੨੦੦੬) ਟਾਈਟਲ ਦਾ ਸਫ਼ਾ ੨, ਝਨਾਂ ਦੀ ਰਾਤ

36) ਸ੍ਰੀ ਗੁ. ਗ੍ਰੰਥ ਸਾਹਿਬ, ਪੰਨਾ ੩੬੦, (ਆਸਾ ਮਹਲਾ ੧)

37) ਪ੍ਰੋ. ਹਰਿੰਦਰ ਸਿੰਘ ਮਹਿਬੂਬ (੨੦੦੬), ਸਫ਼ਾ ੨੩, ਝਨਾਂ ਦੀ ਰਾਤ

38) ਸ੍ਰੀ ਗੁ. ਗ੍ਰੰਥ ਸਾਹਿਬ, ਪੰਨਾ ੧੪੨੭, (ਸਲੋਕ ਮਹਲਾ ੯)

39) ਪ੍ਰੋ. ਗੁਰਤੇਜ ਸਿੰਘ (੨੦੧੧; ਪੰਨਾ ੬੯-੭੦) ਵਿਸ਼ੇਸ਼ ਲੇਖ, ਵਿਸ਼ੇਸ਼ ਦੀਵਾਲੀ ਅੰਕ, ਪੰਜਾਬ ਟਾਈਮਜ਼, ੨੭ ਅਕਤੂਬਰ ੨੦੧੧

40) ਸ੍ਰੀ ਗੁ. ਗ੍ਰੰਥ ਸਾਹਿਬ, (ਭੈਰਉ ਮਹੱਲਾ ੫, ਪੰਨਾ ੧੧੩੬)

41) ਪ੍ਰੋ. ਹਰਿੰਦਰ ਸਿੰਘ ਮਹਿਬੂਬ (੨੦੦੬), ਸਫ਼ਾ ੪੦, ਝਨਾਂ ਦੀ ਰਾਤ

੪੨) ਪ੍ਰੋ. ਹਰਿੰਦਰ ਸਿੰਘ ਮਹਿਬੂਬ (੨੦੦੬), ਸਫ਼ਾ ੪੦, ਝਨਾਂ ਦੀ ਰਾਤ

ਅਮਰੀਕ ਸਿੰਘ “ਧੌਲ” 




.