.

ਸਚੁ ਮੰਤ੍ਰੁ ਤੁਮਾਰਾ ਅੰਮ੍ਰਿਤ ਬਾਣੀ

ਹਿੰਦੂ ਧਰਮ ਵਿੱਚ ਮੰਤ੍ਰਾਂ (ਕਿਸੇ ਸ਼ਬਦ) ਦੇ ਉਚਾਰਣ ਦੀ ਬੜੀ ਮਹੱਤਾ ਹੈ ਜਿਸ ਦੁਆਰਾ ਕਿਸੇ ਮਹਾਨ ਸ਼ਕਤੀ ਨੂੰ ਪ੍ਰਾਪਤ ਕਰਨਾ ਮੰਨਿਆ ਜਾਂਦਾ ਹੈ। ਇਸ ਨੂੰ ਜਾਦੂ, ਟੂਣੇ, ਵਰ, ਸਰਾਪ, ਦੁੱਖਾਂ ਤੋਂ ਨਵਿਰਤੀ, ਇਸ਼ਟ ਦੀ ਪ੍ਰਸੰਨਤਾ, ਮਨ ਇਛਤ ਫਲ ਜਾਂ ਇਸ ਦੇ ਚਲੀਹੇ ਰਾਹੀਂ ਭੁਤ ਪ੍ਰੇਤਾਂ ਨੂੰ ਵੱਸ ਕਰਨ ਲਈ ਵੀ ਮੰਨਿਆ ਜਾਂਦਾ ਹੈ। ਹਿੰਦੂ ਮਿਥਿਹਾਸ ਇਹੋ ਜੇਹੀਆਂ ਕਰਾਮਾਤੀ ਕਥਾ ਕਹਾਣੀਆਂ ਦਾ ਹੀ ਸੰਗ੍ਰਹਿ ਹੈ। ਇਸੇ ਪੁਰਾਤਨ ਮਿਥਿਹਾਸ ਤੋਂ ਹੀ ਪ੍ਰਭਾਵਤ ਹੋ ਕੇ ਮਨੁੱਖੀ ਮਨ ਵਿੱਚ ਇਹ ਮਨੌਤ ਬੜੀ ਡੂੰਗੀ ਬੈਠੀ ਹੋਈ ਹੈ ਕਿ ਕਿਸੇ ਖਾਸ ਮੰਤ੍ਰ ਦੇ ਉਚਾਰਣ ਨਾਲ ਬਾਹਰਲੇ ਦੁਨਿਆਵੀ ਕਾਰਜ ਰਾਸ ਹੋ ਸਕਦੇ ਹਨ, ਦੁੱਖਾਂ ਤੋਂ ਮੁਕਤੀ ਤੇ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ, ਮਨ ਇੱਛਤ ਦੁਨਿਆਵੀ ਪਦਾਰਥ ਪ੍ਰਾਪਤ ਹੋ ਸਕਦੇ ਹਨ ਜਾਂ ਆਪਣੇ ਇਸ਼ਟ ਦੀ ਪ੍ਰਸੰਨਤਾ ਪ੍ਰਾਪਤ ਕੀਤੀ ਜਾ ਸਕਦੀ ਹੈ ਇਸ ਲਈ ਮਨੁੱਖ ਮੰਤ੍ਰ ਦੁਆਰਾ ਮਨ ਚਿੰਦੇ ਫਲ ਪਾਉਣ ਲਈ ਸਦਾ ਜਤਨ ਕਰਦਾ ਰਹਿੰਦਾ ਹੈ। ਇਹ ਸਭ ਇੱਕ ਆਲਸੀ ਤੇ ਵਿਹਲੜ ਮਨ ਦੀ ਕਲਪਨਾ ਹੀ ਹੈ ਜੋ ਮਿਹਨਤ ਕਰਨ ਤੋਂ ਘਬਰਾਉਂਦਾ ਹੈ ਤੇ ਵਿਹਲਾ ਬੈਠ ਕੇ ਪੱਕੀਆਂ ਪਕਾਈਆਂ ਦੀ ਉਡੀਕ ਕਰਦਾ ਰਹਿੰਦਾ ਹੈ। ਅੱਜ ਤੱਕ ਕਦੇ ਵੀ ਕਿਸੇ ਮੰਤ੍ਰ ਨੂੰ ਪੜ੍ਹ ਕੇ ਬਾਹਰਲੇ ਦੁਨਿਆਵੀ ਕਾਰਜ ਰਾਸ ਨਹੀ ਹੋਏ ਸਗੋਂ ਕਰੜੀਆਂ ਤੇ ਅਣਥੱਕ ਮਿਹਨਤਾਂ ਤੇ ਮੁਸ਼ੱਕਤਾਂ ਨਾਲ ਹੀ ਸੰਭਵ ਹੋਏ ਹਨ। ਸੰਸਾਰ ਵਿੱਚ ਹਰ ਪੱਖ ਤੋਂ ਮਨੁੱਖੀ ਜੀਵਨ ਦਾ ਵਿਕਾਸ ਗਿਆਨ, ਹਿੰਮਤ, ਪੱਕੇ ਇਰਾਦਿਆਂ ਤੇ ਮਿਹਨਤਾਂ ਨਾਲ ਹੋਇਆ ਹੈ ਨਾ ਕੇ ਕਿਸੇ ਮੰਤ੍ਰਾ ਦੇ ਰਟਣ ਨਾਲ। ਇਹ ਇੱਕ ਹਿੰਦੂ ਮਤ ਦੀ ਹੀ ਮਨੌਤ ਹੈ ਕਿ ਕਿਸੇ ਖਾਸ ਮੰਤ੍ਰ ਦਾ, ਖਾਸ ਵਿਧੀ ਨਾਲ ਕੀਤਾ ਉਚਾਰਨ ਅਨਹੋਣੀਆਂ ਗੱਲਾਂ ਨੂੰ ਵੀ ਸੰਭਵ ਕਰ ਸਕਦਾ ਹੈ। ਇਹ ਬਹੁਤ ਪੁਰਾਣਾ ਤੇ ਅੰਨ੍ਹਾ ਵਿਸ਼ਵਾਸ ਮਨੁੱਖੀ ਮਨਾਂ ਵਿੱਚ ਇਨਾ ਡੂੰਗਾ ਵਸਿਆ ਹੋਇਆ ਹੈ ਕਿ ਅੱਜ ਦੇ ਵਿਗਿਆਨੀ ਜੁਗ ਵਿੱਚ ਵੀ ਅਨੇਕਾਂ ਲੋਕ ਇਸ ਤੇ ਵਿਸ਼ਵਾਸ ਕਰਕੇ ਭਟਕਣਾ ਵਿੱਚ ਪੈ ਜਾਂਦੇ ਹਨ ਤੇ ਆਪਣੇ ਜੀਵਨ ਨੂੰ ਅਜਾਈਂ ਗਵਾ ਲੈਂਦੇ ਹਨ। ਅੱਜ ਦਾ ਚੰਗਾ ਪੜਿਆ ਲਿਖਿਆ ਮਨੁੱਖ ਵੀ ਬਿਨਾ ਸੋਚੇ ਤੇ ਪਰਖੇ ਇਹਨਾਂ ਮੰਤ੍ਰਾਂ ਦਾ ਉਚਾਰਨ ਕਰਕੇ ਕਾਰਜ ਸਿੱਧ ਕਰਨ ਵਿੱਚ ਵਿਸ਼ਵਾਸ ਰੱਖਦਾ ਵੇਖਿਆ ਜਾ ਸਕਦਾ ਹੈ। ਸਿੱਖ ਜਗਤ ਵਿੱਚ ਇਹਨਾ ਮੂਲ/ਗੁਰ ਮੰਤ੍ਰਾਂ ਦੇ ਜਾਪਾਂ ਦੀ ਜੜ੍ਹ ਗੁਰਬਾਣੀ (ਆਤਮਕ ਗਿਆਨ) ਤੋਂ ਅਗਿਆਨਤਾ ਹੀ ਹੈ। ਸਦੀਆਂ ਪਹਿਲਾਂ ਗੁਰੂ ਨੇ ਸੋਝੀ ਦੇ ਕੇ ਇਹਨਾ ਮੰਤਰਾਂ ਦੇ ਜਾਲ ਤੋਂ ਪਿੱਛਾ ਛੁਡਵਾਇਆ ਸੀ:

ਸਚੁ ਮੰਤ੍ਰੁ ਤੁਮਾਰਾ ਅੰਮ੍ਰਿਤ ਬਾਣੀ ॥ (੫੬੨)। ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਸਮੁੱਚੀ ਬਾਣੀ (ਆਤਮਕ ਗਿਆਨ) ਹੀ ਪ੍ਰਭੂ ਦਾ (ਨਾਮ) ਮੰਤ੍ਰ ਹੈ ਜੋ ਸਦੀਵੀ ਰਹਿਣ ਵਾਲਾ ਹੈ। ਸੁਮੰਤ੍ਰ ਸਾਧ ਬਚਨਾ ਕੋਟਿ ਦੋਖ ਬਿਨਾਸਨਹ ॥ ਹਰਿ ਚਰਣ ਕਮਲ ਧ੍ਯ੍ਯਾਨੰ ਨਾਨਕ ਕੁਲ ਸਮੂਹ ਉਧਾਰਣਹ ॥{ਪੰਨਾ 1360} ਗੁਰੂ ਦੇ ਸਮੁੱਚੇ ਬਚਨ (ਐਸੇ) ਸ੍ਰੇਸ਼ਟ ਮੰਤ੍ਰ ਹਨ ਜੋ ਕ੍ਰੋੜਾਂ ਪਾਪਾਂ ਦਾ ਨਾਸ ਕਰ ਦਿੰਦੇ ਹਨ। ਇਹ ਬਚਨ (ਆਤਮਕ ਗਿਆਨ) ਹੀ ਪ੍ਰਭੂ ਦੇ ਕੌਲ ਫੁੱਲਾਂ ਤੋਂ ਸੁਹਣੇ ਚਰਨ ਹਨ ਜਿਨ੍ਹਾ ਦਾ ਧਿਆਨ ਸਾਰੀਆਂ ਕੁਲਾਂ ਦਾ ਉਧਾਰ ਕਰ ਦਿੰਦਾ ਹੈ। ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥ ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥ {ਪੰਨਾ 1208} ਗੁਰੂ ਦੀ ਸਮੁੱਚੀ ਬਾਣੀ, ਗੁਰੂ ਦਾ ਉਪਦੇਸ਼ (ਆਤਮਕ ਗਿਆਨ) ਹੀ ਮਹਾ ਮੰਤ੍ਰ ਹੈ ਜੋ ਮਨ ਦਾ ਮਾਨ ਦੂਰ ਕਰਨ ਦੇ ਸਮਰੱਥ ਹੈ। ਆਤਮਕ ਸ਼ਾਂਤੀ ਵਾਸਤੇ ਪਰਮਾਤਮਾ ਦਾ ਨਾਮ (ਗੁਰਬਾਣੀ) ਹੀ ਸੁੱਖਾਂ ਦਾ ਥਾਂ ਹੈ, ਜੋ ਖੋਜ ਕੀਤਿਆਂ ਲੱਭਦਾ ਹੈ। ਅਉਖਧ ਮੰਤ੍ਰ ਮੂਲੁ ਮਨ ਏਕੈ ਜੇ ਕਰਿ ਦ੍ਰਿੜੁ ਚਿਤੁ ਕੀਜੈ ਰੇ ॥ ਜਨਮ ਜਨਮ ਕੇ ਪਾਪ ਕਰਮ ਕੇ ਕਾਟਨਹਾਰਾ ਲੀਜੈ ਰੇ ॥੧॥ (੧੫੬)। ਹੇ ਭਾਈ, ਜਨਮਾ ਜਨਮਾਤ੍ਰਾਂ ਦੇ ਕੀਤੇ ਮੰਦੇ ਕਰਮਾ ਦੇ ਸੰਸਕਾਰਾਂ ਨੂੰ ਕੱਟਣ ਵਾਲੇ ਪਰਮਾਤਮਾ ਦਾ ਨਾਮ ਲੈਦਾ ਰਹੁ। ਮਨ ਦੇ ਰੋਗ ਦੂਰ ਕਰਨ ਵਾਲੀ ਸਭ ਤੋਂ ਵਧੀਆ ਦਵਾਈ ਪ੍ਰਭੂ ਦਾ ਨਾਮ ਹੀ ਹੈ। ਮਨ ਨੂੰ ਵਸ ਵਿੱਚ ਕਰਨ ਵਾਲਾ ਸਭ ਤੋਂ ਵਧੀਆ (ਮੂਲ) ਮੰਤ੍ਰ ਪਰਮਾਤਮਾ ਦਾ ਨਾਮ ਹੀ ਹੈ। ਨਾਮ ਬਾਰੇ ਗੁਰੂ ਦਾ ਫੈਸਲਾ ਹੈ:

ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥ ਮਤਿ ਪੰਖੇਰੂ ਵਸਿ ਹੋਇ ਸਤਿਗੁਰੂ ਧਿਆਈ. ॥ (੧੨੩੯)। ਗੁਰਬਾਣੀ (ਨਾਮ, ਗਿਆਨ)) ਦੁਆਰਾ ਹੀ ਪੰਖੇਰੂ ਮਤ ਵਸ ਹੋ ਸਕਦੀ ਹੈ, ਸੋ ਸਪਸ਼ਟ ਹੈ ਕਿ ਗੁਰੂ ਦੀ ਸਮੁੱਚੀ ਬਾਣੀ, ਸ਼ਬਦ, ਉਪਦੇਸ਼, ਆਤਮਕ ਗਿਆਨ, ਨਾਮ ਹੀ ਮੂਲ ਮੰਤ੍ਰ ਹੈ ਜਿਸ ਤੇ ਅਮਲ ਕੀਤਿਆਂ ਮਨ ਵਸ ਹੋ ਸਕਦਾ ਹੈ ਤੇ ਸਦੀਵੀ ਸੁਖਾਂ ਦੀ ਪ੍ਰਾਪਤੀ ਹੋ ਸਕਦੀ ਹੈ ਪਰ ਬੜੇ ਅਫਸੋਸ ਦੀ ਗਲ ਹੈ ਕਿ ਗੁਰੂ ਦੇ ਖਜਾਨੇ ਨੂੰ ਕਦੇ ਖੋਲ ਕੇ ਵੇਖਿਆ ਹੀ ਨਹੀ। ਮੂਲ ਮੰਤ੍ਰੁ ਹਰਿ ਨਾਮੁ ਰਸਾਇਣੁ ਕਹੁ ਨਾਨਕ ਪੂਰਾ ਪਾਇਆ ॥ (੧੦੪੦)। ਹੇ ਨਾਨਕ, ਹਰੀ ਦਾ ਨਾਮ ਹੀ ਸਭ ਮੰਤ੍ਰਾਂ ਦਾ ਮੂਲ ਤੇ ਰਸਾਂ ਦਾ ਸੋਮਾ ਹੈ (ਜੋ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਭਾਵ ਗੁਰਬਾਣੀ ਤੇ ਚਲਦਾ ਹੈ) ਉਸ ਨੂੰ ਪੂਰਨ ਪ੍ਰਭੂ ਮਿਲ ਪੈਂਦਾ ਹੈ। ਸਮੁੱਚੀ ਗੁਰਬਾਣੀ ਹੀ ਮੂਲ ਮੰਤ੍ਰ ਹੈ ਤੇ ਇਸ ਵਿਚੋਂ ਕੋਈ ਖਾਸ ਪੰਗਤੀਆਂ ਨੂੰ ਮੂਲ/ਗੁਰ ਮੰਤ੍ਰ ਬਣਾ ਕੇ ਕਿਸੇ ਖਾਸ ਤਰੀਕੇ ਨਾਲ ਉਚਾਰਨ ਕਰਕੇ ਕੁੱਝ ਪ੍ਰਾਪਤ ਨਹੀ ਹੋਣਾ ਕਿਉਂਕਿ ਇਹ ਬਾਣੀ ਗੁਰਗਿਆਨ ਹੈ ਜਿਸ ਨੂੰ ਜਾਣ ਕੇ (ਵੀਚਾਰ ਕੇ) ਉਸ ਤੇ ਚਲਿਆ ਤਾਂ ਜਾ ਸਕਦਾ ਹੈ ਪਰ ਜਪਿਆ ਨਹੀ ਜਾ ਸਕਦਾ। ਗੁਰਗਿਆਨ ਨੂੰ ਸਦਾ ਜਾਣਿਆ ਜਾਂਦਾ ਹੈ, ਜਪਿਆ ਨਹੀ। ਇਸੇ ਲਈ ਗੁਰੂ ਦੀ ਹਿਦਾਇਤ ਹੈ ਕਿ ਗੁਰਬਾਣੀ ਨੂੰ ਪੜ੍ਹ, ਬੁਝ ਤੇ ਮਨ ਵਸਾ ਕੇ ਉਸ ਤੇ ਚੱਲਣ ਨਾਲ ਹੀ ਜੀਵਨ ਦੀ ਸਫਲਤਾ ਪ੍ਰਾਪਤ ਹੋਵੇਗੀ। ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ ॥ (127)

ਗੁਰਬਾਣੀ ਨੂੰ ਪੜ੍ਹਨ ਤੇ ਵਿਚਾਰਨ ਦਾ ਕੰਮ ਕਿਉਂਕਿ ਔਖਾ ਲਗਦਾ ਹੈ ਇਸ ਲਈ ਕੁੱਝ ਚੋਣਵੀਆਂ ਪੰਗਤੀਆਂ ਜਾਂ ਇੱਕ ਸ਼ਬਦ ਨੂੰ ਮੂਲ/ਗੁਰ ਮੰਤ੍ਰ ਬਣਾ ਕੇ ਉਸ ਦੇ ਜਾਪ ਦਾ ਸੌਖਾ ਰਾਹ ਬਣਾ ਲਿਆ ਗਿਆ ਜਦੋਂ ਕੇ ਸਮੁੱਚੀ ਬਾਣੀ ਹੀ ਗੁਰ ਮੰਤ੍ਰ ਹੈ। ਇਸ ਭੁੱਲ ਨੂੰ ਪ੍ਰਚਲਤ ਕਰਨ ਵਿੱਚ ਅਖੌਤੀ ਸਾਧਾਂ, ਸੰਤਾਂ ਤੇ ਬਾਬਿਆਂ ਦਾ ਵੱਡ੍ਹਾ ਹੱਥ ਹੈ। ਜਦ ਕੋਈ ਪ੍ਰਾਨੀ ਪ੍ਰਸ਼ਨ ਕਰਦਾ ਸੀ ਕਿ ਉਸ ਨੂੰ ਗੁਰਬਾਣੀ ਪੜ੍ਹਨੀ ਨਹੀ ਆਉਂਦੀ ਤਾਂ ਗੁਰੂ ਨਾਲ ਕਿਵੇਂ ਜੁੜਿਆ ਜਾਵੇ ਤਾਂ ਉਸਨੂੰ ਅਗੋਂ ਇਹੀ ਆਖਿਆ ਜਾਂਦਾ ਸੀ ਕਿ ਖਾਸ ਮਣਕਿਆਂ ਦੀ ਮਾਲਾ ਨਾਲ, ਖਾਸ ਵਿਧੀ ਦੁਆਰਾ ਮੂਲ/ਗੁਰ ਮੰਤ੍ਰ ਦੇ ਨਿੱਤ ਗਿਣਤੀ ਮਿਣਤੀ ਦੇ ਕੀਤੇ ਜਾਪਾਂ ਦਾ ਫਲ ਵੀ ਗੁਰੂ ਗ੍ਰੰਥ ਜੀ ਦੇ ਸੰਪੂਰਨ ਪਾਠ ਦੇ ਤੁਲ ਹੈ ਤੇ ਇਹੀ ਗੁਰੂ ਨਾਲ ਜੁੜਨਾ ਹੈ। ਇਸ ਤਰਾਂ ਕਰਨ ਨਾਲ ਸਭ ਕਾਰਜ ਰਾਸ ਹੋ ਜਾਣਗੇ ਤੇ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ। ਪੜ੍ਹਨ ਪੜ੍ਹਾਉਣ ਤੇ ਗੁਰਮਤਿ ਪਰਚਾਰ ਦੀਆਂ ਉਸ ਸਮੇ ਬਹੁਤ ਸਹੂਲਤਾਂ ਨਾ ਹੋਣ ਕਾਰਨ ਮਨੁੱਖ ਦੀ ਇਹਨਾ ਸੰਤਾਂ ਦੇ ਦੱਸੇ ਸੌਖੇ ਰਾਹ ਤੇ ਭਰੋਸਾ ਕਰਨ ਦੀ ਮਜਬੂਰੀ ਸੀ ਜਿਸਦਾ ਲਾਭ ਉਠਾ ਕੇ ਇਹਨਾ ਨੇ ਆਪਣੀ ਧੌਂਸ ਜਮਾ ਲਈ। ਇਹ ਸੌਖੀ, ਮੂਲ/ਗੁਰ ਮੰਤ੍ਰ ਜਪਣ ਜਪਾਉਣ ਦੀ, ਰੀਤ ਇਤਨੀ ਪ੍ਰਚਲਤ ਹੋ ਗਈ ਕਿ ਅੱਜ ਗੁਰਦੁਆਰਿਆਂ ਵਿੱਚ ਗੁਰਬਾਣੀ ਵੀਚਾਰ ਨੂੰ ਛੱਡ ਕੇ ਇਸ ਦੇ ਹੀ ਜਾਪ ਉਚੇਚੇ ਤੌਰ ਤੇ ਕਰਾਏ ਜਾ ਰਹੇ ਹਨ। ਇਹ ਸੌਖਾ ਤਰੀਕਾ ਗੁਰੂ ਨਾਲ ਜੋੜਨ ਦਾ ਨਹੀ ਬਲਿਕੇ ਗੁਰੂ ਨਾਲੋਂ ਤੋੜਨ ਦਾ ਹੈ। ਗੁਰੂ ਸੂਚਤ ਕਰਦਾ ਹੈ:

ਅਉਖਧ ਮੰਤ੍ਰ ਤੰਤ ਸਭਿ ਛਾਰੁ ॥ ਕਰਣੈਹਾਰੁ ਰਿਦੇ ਮਹਿ ਧਾਰੁ ॥ (195) ਸਿਰਜਣਹਾਰ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਟਕਾਈ ਰੱਖ ਕਿਉਂਕਿ ਹੋਰ ਸਾਰੇ ਦਾਰੂ, (ਮੂਲ/ਗੁਰ) ਮੰਤ੍ਰ ਤੇ ਟੂਣੇ ਸੁਆਹ ਮਾਤ੍ਰ ਹੀ ਹਨ। ਸਿਰਜਣਹਾਰ ਪ੍ਰਭੂ ਨੂੰ ਮਨ ਵਸਾਉਣ ਲਈ ਹੀ ਤਾਂ ਗੁਰੂ ਦੇ ਬਚਨਾ ਤੇ ਚਲਨਾ ਹੈ ਤੇ ਸੱਚਾ ਮੰਤ੍ਰ ਤਾਂ ਗੁਰੂ ਦੇ ਬਚਨ (ਗੁਰਬਾਣੀ, ਗੁਰਗਿਆਨ)) ਹੀ ਹਨ ਜਿਨ੍ਹਾ ਨੂੰ ਜਪਣਾ ਨਹੀ ਬਲਿਕੇ ਮਨ ਵਸਾਉਣਾ ਹੈ ਤਾਂ ਕੇ ਜੀਵਨ ਵਿੱਚ ਸੁੱਖਾਂ ਦੇ ਸਹਾਈ ਹੋ ਸਕਣ ਤੇ ਸਿਰਜਣਹਾਰ ਪ੍ਰਭੂ ਮਨ ਵਸ ਸਕੇ। ਦੁਖੁ ਕਲੇਸੁ ਨ ਭਉ ਬਿਆਪੈ ਗੁਰ ਮੰਤ੍ਰੁ ਹਿਰਦੈ ਹੋਇ ॥ ਕੋਟਿ ਜਤਨਾ ਕਰਿ ਰਹੇ ਗੁਰ ਬਿਨੁ ਤਰਿਓ ਨ ਕੋਇ ॥ (51) ਇਥੇ ਗੁਰ ਮੰਤ੍ਰ ਤੋਂ ਭਾਵ “ਵਾਹਿਗੁਰੂ” ਸ਼ਬਦ ਨਹੀ ਬਲਿਕੇ ਅਗਲੀ ਪੰਗਤੀ ਹੀ ਸਪਸ਼ਟ ਕਰਦੀ ਹੈ ਕਿ ਗੁਰ ਮੰਤ੍ਰ ਗੁਰਬਾਣੀ (ਗੁਰਗਿਆਨ) ਹੈ ਜਿਸ ਤੋਂ ਬਿਨਾ ਤਰਿਆ ਨਹੀ ਜਾ ਸਕਦਾ। ਸ਼ਬਦਾ ਅਰਥ: ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ (ਗੁਰਮੰਤ੍ਰ) ਵਸਦਾ ਹੈ ਉਸਨੂੰ ਕੋਈ ਦੁੱਖ, ਕਲੇਸ਼ ਜਾਂ ਡਰ ਨਹੀ ਪੋਹ ਸਕਦਾ। ਲੋਕ ਕ੍ਰੋੜਾਂ (ਹੋਰ ਹੋਰ) ਜਤਨ ਕਰਕੇ ਥੱਕ ਗਏ ਪਰ ਗੁਰੂ (ਦੀ ਸ਼ਰਨ) ਤੋਂ ਬਿਨਾ (ਦੁੱਖ, ਕਲੇਸ਼ ਤੇ ਡਰ ਤੋਂ) ਕੋਈ ਮਨੁੱਖ ਪਾਰ ਨਹੀ ਲੰਘ ਸਕਦਾ। ਕੀ ਇਥੇ ਸਪਸ਼ਟ ਨਹੀ ਕਿ ਗੁਰਬਾਣੀ ਤੇ ਚੱਲਣ ਤੋਂ ਬਿਨਾ ਕਿਸੇ ਹੋਰ ਆਪੂ ਚੁਣੇ ਮੂਲ/ਗੁਰ ਮੰਤ੍ਰ ਦੇ ਜਾਪਾਂ ਨਾਲ ਤਰਿਆ ਨਹੀ ਜਾ ਸਕਦਾ, ਭਾਵ ਦੁੱਖਾਂ ਤੋਂ ਨਵਿਰਤੀ ਨਹੀ ਹੋ ਸਕਦੀ। ਅਉਖਧ ਮੰਤ੍ਰ ਮੂਲ ਮਨ ਏਕੈ ਮਨਿ ਬਿਸ੍ਵਾਸੁ ਪ੍ਰਭ ਧਾਰਿਆ ॥ ਚਰਨ ਰੇਨ ਬਾਂਛੈ ਨਿਤ ਨਾਨਕੁ ਪੁਨਹ ਪੁਨਹ ਬਲਿਹਾਰਿਆ ॥( 674)। ਹੇ ਮਨ, ਪਰਮਾਤਮਾ ਦਾ ਇੱਕ ਨਾਮ ਹੀ ਸਾਰੀਆਂ ਦਵਾਈਆਂ ਦਾ ਮੂਲ ਹੈ, ਸਾਰੇ ਮੰਤ੍ਰਾਂ ਦਾ ਮੂਲ (ਮੂਲ ਮੰਤ੍ਰ) ਹੈ। ਜਿਸ ਮਨੁੱਖ ਨੇ ਆਪਣੇ ਮਨ ਵਿੱਚ ਪਰਮਾਤਮਾ ਵਾਸਤੇ ਸ਼ਰਧਾ ਧਾਰ ਲਈ ਹੈ, ਨਾਨਕ ਉਸ ਮਨੁੱਖ ਦੇ ਚਰਨਾਂ ਦੀ ਧੂੜ ਸਦਾ ਮੰਗਦਾ ਹੈ, ਨਾਨਕ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹੈ। ਕਈਆਂ ਨੂੰ ਇਹ ਵੀ ਭੁਲੇਖਾ ਹੈ ਕਿ ਆਪੂ ਚੁਣੇ ਮੂਲ/ਗੁਰ ਮੰਤ੍ਰ ਦੇ ਰਟਣ ਨਾਲ ਮਨ ਸ਼ਾਂਤ ਹੋ ਜਾਂਦਾ ਹੈ, ਟਿਕ ਜਾਂਦਾ ਹੈ ਤੇ ਬਾਹਰ ਨਹੀ ਭੱਜਦਾ ਪਰ ਗੁਰੂ ਇਹ ਭੁਲੇਖਾ ਵੀ ਦੂਰ ਕਰਦਾ ਹੈ:

ਇਹੁ ਮਨੂਆ ਖਿਨੁ ਨ ਟਿਕੈ ਬਹੁ ਰੰਗੀ ਦਹ ਦਹ ਦਿਸਿ ਚਲਿ ਚਲਿ ਹਾਢੇ ॥ ਗੁਰੁ ਪੂਰਾ ਪਾਇਆ ਵਡਭਾਗੀ ਹਰਿ ਮੰਤ੍ਰੁ ਦੀਆ ਮਨੁ ਠਾਢੇ ॥ (੧੭੧)। ਇਹ ਅੰਞਾਣ ਮਨ ਬਹੁਤ ਰੰਗ-ਤਮਾਸ਼ਿਆਂ ਵਿੱਚ (ਫਸ ਕੇ) ਰਤਾ ਭਰ ਵੀ ਨਹੀ ਟਿਕਦਾ ਤੇ ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਹੈ। (ਪਰ ਹੁਣ) ਵਡ੍ਹੇ ਭਾਗਾਂ ਨਾਲ (ਮੈਨੂੰ) ਪੂਰਾ ਗੁਰੂ (ਉਪਦੇਸ਼, ਗੁਰਗਿਆਨ) ਮਿਲ ਪਿਆ ਹੈ ਜਿਸਦੇ ਪ੍ਰਭੂ ਉਪਦੇਸ਼ (ਮੰਤ੍ਰ) ਨਾਲ ਮਨ ਸ਼ਾਂਤ ਹੋ ਗਿਆ ਹੈ। ਸਪਸ਼ਟ ਹੈ ਕਿ ਮਨ ਨੇ ਸ਼ਾਂਤ ਗੁਰੂ ਦੇ ਉਪਦੇਸ਼ (ਗਿਆਨ, ਮੰਤ੍ਰ)) ਨਾਲ ਹੋਣਾ ਹੈ, ਕਿਸੇ ਆਪੂ ਚੁਣੇ ਮੂਲ/ਗੁਰ ਮੰਤ੍ਰ ਦੇ ਰੱਟਣ ਨਾਲ ਨਹੀ। ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥ {ਪੰਨਾ 469} ਗਿਆਨ ਬਿਨਾ ਮਨ ਨਹੀ ਟਿਕਣਾ ਤੇ ਗੁਰੂ (ਗੁਰਬਾਣੀ) ਬਿਨਾ ਗਿਆਨ ਨਹੀ ਹੋਣਾ, ਪਰ ਅੱਜ ਤਾਂ ਆਵਾ ਹੀ ਪਲਟ ਗਿਆ, ਮਨੁੱਖ ਗੁਰੂ ਨਾਲੋਂ ਅਖੌਤੀ ਸਾਧਾਂ, ਸੰਤਾਂ ਤੇ ਬਾਬਿਆਂ ਦੀ ਗਲ ਬਹੁਤੀ ਸੁਣਦਾ ਹੈ। ਉਹਨਾ ਦਾ ਦਿੱਤਾ ਮੂਲ/ਗੁਰ ਮੰਤ੍ਰ ਤਾਂ ਪੱਲੇ ਬੰਨ੍ਹ ਲੈਂਦਾ ਹੈ ਪਰ ਜੋ ਪਿਆਰ ਨਾਲ ਮੰਤ੍ਰ ਗੁਰੂ ਦੇ ਰਿਹਾ ਹੈ ਉਸਨੂੰ ਇਹ ਜਾਨਣਾ ਹੀ ਨਹੀ ਚਹੁੰਦਾ:

ਸੁਣਿ ਸਜਣ ਜੀ ਮੈਡੜੇ ਮੀਤਾ ਰਾਮ ॥ ਗੁਰਿ ਮੰਤ੍ਰੁ ਸਬਦੁ ਸਚੁ ਦੀਤਾ ਰਾਮ ॥ (੫੭੬)। ਹੇ ਮੇਰੇ ਸੱਜਣ, ਹੇ ਮੇਰੇ ਮਿੱਤ੍ਰ, ਸੁਣ, ਗੁਰੂ ਨੇ ਸਦਾ ਥਿਰ ਪ੍ਰਭੂ ਦੀ ਸਿਫਤ ਸਾਲਾਹ ਵਾਲਾ ਸ਼ਬਦ (ਗੁਰਬਾਣੀ, ਗੁਰਗਿਆਨ) ਮੰਤ੍ਰ ਦਿੱਤਾ ਹੈ, ਪਰ ਗੁਰੂ ਦੀ ਗਲ ਵਲ ਤਾਂ ਇਸਦਾ ਧਿਆਨ ਹੀ ਨਹੀ ਤਾਂ ਅਨੰਦ ਦੀ ਪ੍ਰਾਪਤੀ ਕਿਵੇਂ ਹੋ ਜਾਵੇ? ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥ ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ। (੧੩੭੨)। ਗੁਰੂ ਦੇ ਕਹੇ ਬਚਨਾਂ ਨੂੰ ਬੇ-ਧਿਆਨੇ ਕਰਨਾ ਹੀ ਤਾਂ ਫੇਲ ਰਹੀ ਅਗਿਆਨਤਾ ਦਾ ਵਡ੍ਹਾ ਕਾਰਨ ਹੈ। ਬਾਬਾ ਫਰੀਦ ਜੀ ਦੇ ਬਚਨ ਹਨ: ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥ ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ॥੨੩॥ {ਪੰਨਾ 1379} ਮਨੁੱਖ ਅਖੌਤੀ ਸੰਤਾਂ ਮਗਰ ਲੱਗ ਕੇ (ਮੰਤ੍ਰ ਜਪਣ ਜਪਾਣ ਦਾ ਕਰਮ ਕਾਂਡ ਕਰਕੇ) ਬੀਜੀ ਤਾਂ ਕਿੱਕਰ ਜਾਂਦਾ ਹੈ ਤੇ ਆਸ ਦਾਖ ਬਿਜਉਰੀਆਂ (ਮਨ ਚਿੰਦੇ ਫਲਾਂ) ਦੀ ਲਾਈ ਬੈਠਾ ਹੈ, ਕਤਾਂਦਾ ਉੱਨ ਫਿਰਦਾ ਹੈ ਤੇ ਪਹਿਨਣਾ ਰੇਸ਼ਮ ਲੋਚਦਾ ਹੈ, ਰਿੜਕੀ ਪਾਣੀ ਜਾਂਦਾ ਹੈ ਤੇ ਆਸ ਮੱਖਣ ਦੀ ਲਾਈ ਬੈਠਾ ਹੈ। ਕਰਦਾ ਫੋਕੇ ਕਰਮ ਕਾਂਡ ਹੈ ਤੇ ਲੱਭਦਾ ਅਨੰਦ ਨੂੰ ਹੈ। ਇਹ ਸਮਝਦਾ ਨਹੀ ਕਿ ਇਹ ਫੋਕੇ ਕਰਮ ਕਾਂਡ ਹੀ ਇਸ ਦੇ ਦੁੱਖਾਂ ਦਾ ਕਾਰਨ ਹਨ। ਗੁਰੂ ਨੇ ਤਾਂ ਐਸੀ ਮਹਾਨ ਕ੍ਰਿਪਾ ਕੀਤੀ ਕਿ ਦੁੱਧ ਨੂੰ ਛੱਡ ਕੇ ਮੱਖਣ ਹੀ ਦੇ ਦਿੱਤਾ ਜੋ ਰਿੜਕਣਾ ਵੀ ਨਾ ਪਵੇ:

ਮਨ ਮਹਿ ਸਤਿਗੁਰ ਧਿਆਨੁ ਧਰਾ ॥ ਦ੍ਰਿੜ੍ਹ੍ਹਿਓ ਗਿਆਨੁ ਮੰਤ੍ਰੁ ਹਰਿ ਨਾਮਾ ਪ੍ਰਭ ਜੀਉ ਮਇਆ ਕਰਾ ॥ (੭੦੧)। ਹੇ ਭਾਈ (ਜਦੋਂ ਮੈ) ਗੁਰੂ (ਗੁਰਬਾਣੀ) ਦਾ ਧਿਆਨ ਆਪਣੇ ਮਨ ਵਿੱਚ ਧਰਿਆ, ਭਾਵ ਗੁਰਬਾਣੀ ਨੂੰ ਮਨ ਵਿੱਚ ਟਿਕਾਇਆ, ਤਾਂ ਪਰਮਾਤਮਾ ਨੇ ਮੇਰੇ ਉਤੇ ਮਿਹਰ ਕੀਤੀ, ਮੈ ਉਸਦਾ ਨਾਮ ਮੰਤ੍ਰ (ਗਿਆਨ) ਹਿਰਦੇ ਵਿੱਚ ਪੱਕਾ ਕਰ ਲਿਆ। ਭਾਵ ਗੁਰਬਾਣੀ ਦਾ ਹਿਰਦੇ ਵਿੱਚ ਵਸ ਜਾਣਾ ਹੀ ਨਾਮ, ਮੂਲ/ਗੁਰ ਮੰਤ੍ਰ ਤੇ ਗਿਆਨ ਦਾ ਹਿਰਦੇ ਵਿੱਚ ਟਿਕ ਜਾਣਾ ਹੈ। ਇਸ ਨੂੰ ਹੀ ਗੁਰੂ ਦੀ ਮੂਰਤ ਵੀ ਆਖਿਆ ਹੈ ਪਰ ਮਨੁੱਖ ਨੇ ਅਖੌਤੀ ਸੰਤਾਂ ਮਗਰ ਲੱਗ ਕੇ ਗੁਰੂ ਦੀਆਂ ਕਲਪਨਾਤਮਕ ਤਸਵੀਰਾਂ ਨੂੰ ਹੀ ਅੱਗੇ ਰੱਖਕੇ ਮਾਲਾ ਦੇ ਮਣਕਿਆ ਨਾਲ ਮੰਤ੍ਰਾਂ ਦਾ ਰਟਣ ਕਰਕੇ ਪੂਜਣਾ ਤੇ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ। ਇਹ ਜਾਨਣ ਦੀ ਲੋੜ ਹੀ ਨਾ ਸਮਝੀ ਕਿ ਗੁਰੂ ਨੇ “ਗੁਰਮੂਰਤ” ਕਿਸ ਨੂੰ ਕਿਹਾ ਹੈ। ਗੁਰਵਾਕ ਹੈ:

ਗੁਰ ਕੀ ਮੂਰਤਿ ਮਨ ਮਹਿ ਧਿਆਨੁ ॥ ਗੁਰ ਕੈ ਸਬਦਿ ਮੰਤ੍ਰੁ ਮਨੁ ਮਾਨ ॥ (੮੬੪)। (ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤ ਹੈ) ਗੁਰਬਾਣੀ ਦਾ ਮਨ ਵਿੱਚ ਧਿਆਨ ਟਿਕਿਆ ਰਹਿੰਦਾ ਹੈ ਤੇ ਇਸ ਨੂੰ ਹੀ ਮੇਰਾ ਮਨ ਮੰਤ੍ਰ ਮਨ ਰਿਹਾ ਹੈ। ਗੁਰੂ ਨੇ “ਗੁਰਮੂਰਤ, ਗੁਰਮੰਤ੍ਰ” ਗੁਰਬਾਣੀ ਨੂੰ ਹੀ ਕਿਹਾ ਹੈ। ਹੁਣ ਗੁਰੂ ਬਾਰ ਬਾਰ ਇਹ ਕਹਿ ਰਿਹਾ ਹੈ ਕਿ ਸਮੁੱਚੀ ਗੁਰਬਾਣੀ (ਗੁਰਗਿਆਨ, ਨਾਮ) ਹੀ ਮੂਲ/ਗੁਰ ਮੰਤ੍ਰ ਹੈ ਪਰ ਫੇਰ ਪਤਾ ਨਹੀ ਕਿਉਂ ਮਨੁੱਖ ਆਪੂ ਚੁਣੇ ਮੂਲ/ਗੁਰ ਮੰਤ੍ਰਾਂ ਦੀ ਹੀ ਰੱਟ ਲਾਈ ਜਾਂਦਾ ਹੈ ਤੇ ਕਲਪਨਿਕ ਤਸਵੀਰਾਂ ਅੱਗੇ ਨਕ ਰਗੜੀ ਜਾਂਦਾ ਹੈ। ਇਸ ਦਾ ਇਹ ਸਦੀਆਂ ਪੁਰਾਣਾ ਭਰਮ ਗੁਰਮਤਿ ਬਿਨਾ ਦੂਰ ਨਹੀ ਹੋ ਸਕਦਾ ਪਰ ਦੁਖਾਂਤ ਇਹ ਹੈ ਕਿ ਗੁਰਮਤਿ ਨੂੰ ਇਹ ਜਾਨਣਾ ਹੀ ਨਹੀ ਚਹੁੰਦਾ। ਚਿਰਾਂ ਤੋਂ ਪਏ ਬੰਧਨਾਂ ਨੂੰ ਇਨਾ ਸਵੀਕਾਰ ਕਰ ਲਿਆ, ਅਪਨਾ ਲਿਆ ਕਿ ਉਹ ਬੰਧਨ ਹੀ ਸ਼ਿੰਗਾਰ ਬਣ ਗਏ ਤੇ ਹੁਣ ਛੁਟਦੇ ਨਹੀ। ਇਹੀ ਕਾਰਨ ਹੈ ਕਿ ਗੁਰੂ ਦੀ ਗਲ ਨੂੰ ਸੁਣਨੀ ਨਹੀ ਚਹੁੰਦਾ ਕਿਉਂਕਿ ਉਹ ਬੰਧਨ ਕੱਟਦੀ ਹੈ ਤੇ ਮਨੁੱਖ ਬੰਧਨ ਛੱਡਣੇ ਨਹੀ ਚਹੁੰਦਾ। ਘਟਿ ਘਟਿ ਪੂਰਿ ਰਹੇ ਸੁਖ ਸਾਗਰ ਭੈ ਭੰਜਨ ਮੇਰੇ ਪ੍ਰਾਨ ॥ ਮਨਹਿ ਪ੍ਰਗਾਸੁ ਭਇਓ ਭ੍ਰਮੁ ਨਾਸਿਓ ਮੰਤ੍ਰੁ ਦੀਓ ਗੁਰ ਕਾਨ ॥ (੧੩੦੨)। ਬਾਬਿਆਂ ਦਾ ਕੰਨ ਵਿੱਚ ਦਿੱਤਾ ਮੰਤ੍ਰ ਤਾਂ ਇਸਦੀ ਪੁਰਾਣੀ ਮਨੌਤ ਅਨੁਸਾਰ ਹੋਣ ਕਰਕੇ ਚੰਗਾ ਲਗਦਾ ਹੈ ਤੇ ਉਸਨੂੰ ਵਿਸਾਰਦਾ ਨਹੀ ਪਰ ਗੁਰੂ ਦੇ ਮੰਤ੍ਰ, ਜੋ ਬੰਧਨਾ ਤੋਂ ਮੁਕਤ ਕਰਨ ਯੋਗ ਹੈ, ਬਾਰੇ ਸੂਝ ਹੀ ਨਹੀ। ਹੇ ਭਾਈ, ਮੇਰੇ ਪ੍ਰਾਣਾ ਤੋਂ ਪਿਆਰੇ, ਡਰ ਦੂਰ ਕਰਨ ਵਾਲੇ, ਸੁੱਖਾਂ ਦੇ ਸਾਗਰ ਪ੍ਰਭੂ ਜੀ ਹਰੇਕ ਸਰੀਰ ਵਿੱਚ ਮੌਜੂਦ ਹਨ। ਜਿਨ੍ਹਾ ਦੇ ਮਨ ਅੰਦਰ ਪਰਮਾਤਮਾ ਗੁਰਸ਼ਬਦ (ਗੁਰਗਿਆਨ, ਗੁਰਮੰਤ੍ਰ) ਪੱਕਾ ਕਰ ਦਿੰਦਾ ਹੈ, ਉਹਨਾ ਦੇ ਮਨ ਵਿੱਚ ਗਿਆਨ ਦਾ ਚਾਨਣ ਪੈਦਾ ਹੋ ਜਾਂਦਾ ਹੈ ਤੇ ਮਨ ਦੇ ਭਰਮ ਭੁਲੇਖੇ ਤੇ ਭਟਕਣਾ ਦੂਰ ਹੋ ਜਾਂਦੀ ਹੈ। ਹੁਣ ਇਹ ਸਮਝਣ ਵਿੱਚ ਕੀ ਔਕੜ ਹੈ ਕਿ ਮਨ ਦੀ ਭਟਕਣਾ ਤਾਂ ਸਮੁੱਚੇ ਗੁਰਗਿਆਨ ਦੇ ਚਾਨਣ ਨਾਲ ਹੀ ਦੂਰ ਹੋ ਸਕਦੀ ਹੈ ਨਾ ਕੇ ਆਪੂ ਚੁਣੇ ਮੰਤ੍ਰ ਦੇ ਰੱਟਣ ਨਾਲ? ਅਗਰ ਇਹਨਾ ਦੇ ਰੱਟਣ ਨਾਲ ਕੰਮ ਸਰਦਾ ਹੁੰਦਾ ਤਾਂ ਇਹ, ਤੇ ਇਹਨਾ ਦੇ ਜਪਣ ਜਪਾਣ ਦੀ ਵਿਧੀ, ਤਾਂ ਇਕੋ ਪੰਨੇ ਤੇ ਲਿਖੀ ਜਾ ਸਕਦੀ ਸੀ, ਸਮੁੱਚੀ ਬਾਣੀ ਦੇ ਸੰਗ੍ਰਹਿ ਦੀ ਕੀ ਲੋੜ ਸੀ? ਉਪਰੋਕਤ ਗੁਰਪ੍ਰਮਾਣਾਂ ਅਨੁਸਾਰ ਮੂਲ ਮੰਤ੍ਰ ਜਾਂ ਗੁਰ ਮੰਤ੍ਰ ਸਮੁੱਚੀ ਗੁਰਬਾਣੀ ਹੀ ਹੈ ਤੇ ਇਸ ਵਿਚੋਂ ਚੋਣ ਕਰਕੇ ਕਿਸੇ ਪੰਗਤੀ ਜਾਂ ਸ਼ਬਦ ਨੂੰ ਮੂਲ/ਗੁਰ ਮੰਤ੍ਰ ਬਣਾ ਕੇ ਰਸਮੀ ਤੌਰ ਤੇ ਉਸਦਾ ਰਟਣ ਕਰਨਾ ਗੁਰਮਤਿ ਵਿਰੁੱਧ ਹੈ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.