.

☬ ੴਸਤਿ ਗੁਰਪ੍ਰਸਾਦਿ ☬

ਵਾਰ ਮਾਝ ਕੀ, ਮਹਲਾ ੧-ਸਟੀਕ (ਪੰ: ੧੩੭- ੧੫੮)

(ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ) (ਕਿਸ਼ਤ ੧੦)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ, ਸਟੀਕ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

(ਪਉੜੀ ਨੰ: ੪ ਦਾ ਮੂਲ ਪਾਠ, ਸਲੋਕਾਂ ਸਮੇਤ)

ਸਲੋਕੁ ਮਃ ੧॥ ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ ਪਇਆਲਿ॥ ਕੈ ਵਿਚਿ ਧਰਤੀ ਕੈ ਆਕਾਸੀ ਉਰਧਿ ਰਹਾ ਸਿਰਿ ਭਾਰਿ॥ ਪੁਰੁ ਕਰਿ ਕਾਇਆ ਕਪੜੁ ਪਹਿਰਾ ਧੋਵਾ ਸਦਾ ਕਾਰਿ॥ ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ॥ ਹੋਇ ਕੁਚੀਲੁ ਰਹਾ ਮਲੁ ਧਾਰੀ ਦੁਰਮਤਿ ਮਤਿ ਵਿਕਾਰ॥ ਨਾ ਹਉ ਨਾ ਮੈ ਨਾ ਹਉ ਹੋਵਾ ਨਾਨਕ ਸਬਦੁ ਵੀਚਾਰਿ॥ ੧ 

ਮਃ ੧॥ ਵਸਤ੍ਰ ਪਖਾਲਿ ਪਖਾਲੇ ਕਾਇਆ ਆਪੇ ਸੰਜਮਿ ਹੋਵੈ॥ ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ॥ ਅੰਧਾ ਭੂਲਿ ਪਇਆ ਜਮ ਜਾਲੇ॥ ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ॥ ਨਾਨਕ ਗੁਰਮੁਖਿ ਹਉਮੈ ਤੁਟੈ ਤਾ ਹਰਿ ਹਰਿ ਨਾਮੁ ਧਿਆਵੈ॥ ਨਾਮੁ ਜਪੇ ਨਾਮੋ ਆਰਾਧੇ ਨਾਮੇ ਸੁਖਿ ਸਮਾਵੈ॥ ੨ 

ਪਵੜੀ॥ ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ॥ ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ॥ ਮੂਰਖੁ ਭੋਗੇ ਭੋਗੁ ਦੁਖ ਸਬਾਇਆ॥ ਸੁਖਹੁ ਉਠੇ ਰੋਗ ਪਾਪ ਕਮਾਇਆ॥ ਹਰਖਹੁ ਸੋਗੁ ਵਿਜੋਗੁ ਉਪਾਇ ਖਪਾਇਆ॥ ਮੂਰਖ ਗਣਤ ਗਣਾਇ ਝਗੜਾ ਪਾਇਆ॥ ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ॥ ਕਰਤਾ ਕਰੇ ਸੁ ਹੋਗੁ ਨ ਚਲੈ ਚਲਾਇਆ॥ ੪ 

(ਸਟੀਕ ਪਉ: ੪-ਲੋੜੀਂਦੀ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਮਨੁਖਾ ਜਨਮ ਵਿਸ਼ੇਸ਼- ਗੁਰਬਾਣੀ ਦੇ ਅਰਥ ਬੋਧ ਸਮਝਣ ਵੇਲੇ ਸਾਨੂੰ ਮਨੁੱਖਾ ਜੂਨ ਤੇ ਮਨੁੱਖਾ ਜਨਮ ਸਬੰਧੀ ਗੁਰਮੱਤ ਦੇ ਇਸ ਇਲਾਹੀ ਸਿਧਾਂਤ ਨੂੰ ਸਦਾ ਧਿਆਨ `ਚ ਰਖਣ ਦੀ ਲੋੜ ਹੈ। ਚੇਤਾ ਰਹੇ! ਜਿਉਂ ਜਿਉਂ ਗੁਰਬਣੀ ਗਿਆਨ ਦੀ ਗਹਿਰਾਈ `ਚ ਜਾਵਾਂਗੇ ਸਪਸ਼ਟ ਹੁੰਦਾ ਜਾਵੇਗਾ ਕਿ ਸਾਡਾ ਅਜੋਕਾ ਮਨੁੱਖਾ ਜਨਮ “ਫਿਰਤ ਫਿਰਤ ਮਾਨੁਖੁ ਭਇਆ, ਖਿਨ ਭੰਗਨ ਦੇਹਾਦਿ॥ ਇਹ ਅਉਸਰ ਤੇ ਚੂਕਿਆ, ਬਹੁ ਜੋਨਿ ਭ੍ਰਮਾਦਿ” (ਪੰ: ੮੧੦) ਅਨੁਸਾਰ ਆਪਣੇ ਆਪ `ਚ ਇਸ ਦਾ ਸਬੂਤ ਹੈ ਕਿ ਸਾਡਾ ਪਿਛਲਾ ਮਨੁੱਖਾ ਜਨਮ ਵੀ ਬਿਰਥਾ ਤੇ ਅਜ਼ਾਈ ਹੀ ਗਿਆ ਸੀ, ਸਫ਼ਲ ਨਹੀਂ ਸੀ ਹੋਇਆ। ਉਸੇ ਦਾ ਨਤੀਜਾ ਹੈ ਕਿ ਉਸ ਜਨਮ ਸਮੇਂ ਕੀਤੇ ਕਰਮਾਂ ਤੇ ਸੰਸਕਾਰਾਂ ਅਨੁਸਾਰ ਹੀ ਅਕਾਲ ਪੁਰਖ ਦੇ ਸੱਚ ਨਿਆਂ `ਚ ਪਤਾ ਨਹੀਂ ਸਾਡੇ ਇਸ ਮਨੁੱਖਾ ਜਨਮ ਤੋ ਪਹਿਲਾਂ ਸਾਨੂੰ ਕਿਤਨੀਆਂ ਤੇ ਕਿਹੜੀਆਂ ਕਿਹੜੀਆਂ ਭਿੰਨ ਭਿੰਨ ਜੂਨਾਂ, ਗਰਭਾਂ ਤੇ ਜਨਮਾਂ `ਚੋ ਨਿਕਲਣਾ ਪਿਆ।

ਤਾਂ ਜਾ ਕੇ ਕਰਤੇ ਦੀ ਬਖ਼ਸ਼ਿਸ਼ ਹੋਈ ਤਾਂ “ਫਿਰਤ ਫਿਰਤ ਮਾਨੁਖੁ ਭਇਆ” (ਉਹੀ) ਸਾਨੂੰ ਫ਼ਿਰ ਤੋਂ ਇਹ ਮਨੁੱਖਾ ਸਰੀਰ ਪ੍ਰਾਪਤ ਹੋਇਆ ਹੈ। ਜਦਕਿ ਇਹ ਵੀ ਸੱਚ ਹੈ ਕਿ “ਖਿਨ ਭੰਗਨ ਦੇਹਾਦਿ” (ਉਹੀ) ਭਾਵ ਸਦਾ ਰਹਿਣ ਵਾਲਾ ਇਹ ਸਰੀਰ ਵੀ ਨਹੀਂ। ਇਸ ਤਰ੍ਹਾਂ ਸਾਡੇ ਰਾਹੀਂ ਭੁਗਤਾਏ ਜਾ ਰਹੇ ਉਨ੍ਹਾਂ ਜੂਨਾਂ, ਜਨਮਾਂ ਤੇ ਗਰਭਾਂ ਵਾਲੇ ਗੇੜ ਦੌਰਾਨ ਹੀ ਸਾਨੂੰ “ਚਿਰੰਕਾਲ ਪਾਈ ਦ੍ਰੁਲਭ ਦੇਹ” (ਪੰ: ੮੯੦) ਅਕਾਲ ਪੁਰਖ ਵੱਲੋਂ ਸਾਨੂੰ ਫ਼ਿਰ ਤੋਂ ਇਸ ਮਨੁੱਖਾ ਜਨਮ ਵਾਲਾ ਅਵਸਰ ਤੇ ਸਮਾਂ ਪ੍ਰਾਪਤ ਹੋਇਆ ਹੈ।

ਉਪ੍ਰੰਤ ਇਸ ਦੇ ਨਾਲ ਇਹ ਵੀ ਗੁਰਬਾਣੀ ਦਾ ਨਿਰਣਾ ਹੈ ਕਿ ਜੇਕਰ ਸਾਡਾ ਅਜੋਕਾ ਮਨੁੱਖਾ ਜਨਮ ਵੀ “ਮੂਰਖ ਸਚੁ ਨ ਜਾਣਨੀੑ ਮਨਮੁਖੀ ਜਨਮੁ ਗਵਾਇਆ॥ ਵਿਚਿ ਦੁਨੀਆ ਕਾਹੇ ਆਇਆ” (ਪੰ: ੪੬੭) ਭਾਵ ਬਿਰਥਾ ਤੇ ਅਜ਼ਾਈ ਚਲਾ ਗਿਆ ਤਾਂ ਹੁਣ ਵੀ “ਇਹ ਅਉਸਰ ਤੇ ਚੂਕਿਆ, ਬਹੁ ਜੋਨਿ ਭ੍ਰਮਾਦਿ” (ਉਹੀ) ਤਾਂ ਕਰਤਾ ਹੀ ਜਾਣਦਾ ਹੈ ਕਿ ਉਸ ਦੇ ਨਿਆਂ `ਚ ਫ਼ਿਰ ਤੋਂ ਸਾਨੂੰ ਕਿਤਨੇ ਜੂਨਾਂ ਤੇ ਜਨਮਾਂ `ਚੋਂ ਨਿਕਲਣਾ ਪਵੇ ਤੇ ਤਾਂ ਜਾਕੇ ਸਾਨੂੰ ਫ਼ਿਰ ਤੋਂ ਮਨੁੱਖਾ ਜਨਮ ਵਾਲਾ ਅਵਸਰ ਪ੍ਰਾਪਤ ਹੋਵੇ।

ਤਾਂ ਤੇ ਸਾਨੂੰ ਭਲੀ ਪ੍ਰਕਾਰ ਦ੍ਰਿੜ ਕਰ ਲੈਣਾ ਚਾਹੀਦਾ ਹੈ ਕਿ “ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ ਅਨਿਕ ਜੋਨਿ ਭਰਮਈ ਹੈ॥ ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ ਇਹੁ ਅਉਸਰੁ ਕਤ ਪਈ ਹੈ” (ਪੰ: ੫੨੪) ਜੇਕਰ ਅਸਾਂ ਗੁਰੂ ਗਿਆਨ ਦੀ ਕਮਾਈ ਰਾਹੀਂ ਇਸ ਪ੍ਰਾਪਤ ਮਨੁੱਖਾ ਜਨਮ ਦੀ ਵੀ ਸੰਭਾਲ ਨਾ ਕੀਤੀ ਤਾਂ ਸਾਨੂੰ ਫ਼ਿਰ ਤੋਂ ਕਿਤਨੇ ਜਨਮਾਂ ਦੇ ਗੇੜਾਂ ਚੋਂ ਗੁਜ਼ਰਨਾ ਪਵੇ ਅਤੇ ਕਦੋ ਜਾ ਕੇ ਸਾਨੂੰ “ਇਹ ਅਉਸਰ ਤੇ ਚੂਕਿਆ, ਬਹੁ ਜੋਨਿ ਭ੍ਰਮਾਦਿ” (ਉਹੀ) ਅਥਵਾ “ਇਹੁ ਅਉਸਰੁ ਕਤ ਪਈ ਹੈ” ਅਤੇ “ਫਿਰਿ ਇਆ ਅਉਸਰ ਚਰੈ ਨ ਹਾਥਾ” (ਪੰ: ੨੫੮) ਭਾਵ ਸਾਨੂੰ ਫ਼ਿਰ ਤੋਂ ਇਹ ਮਨੁੱਖਾ ਸਰੀਰ ਕਦੋਂ ਜਾ ਕੇ ਪ੍ਰਾਪਤ ਹੋਵੇ।

ਇਸ ਤਰ੍ਹਾਂ ਇਸ ਸਬੰਧੀ ਹੋਰ ਗੁਰ ਫ਼ੁਰਮਾਨ “ਫਫਾ ਫਿਰਤ ਫਿਰਤ ਤੂ ਆਇਆ॥ ਦ੍ਰੁਲਭ ਦੇਹ ਕਲਿਜੁਗ ਮਹਿ ਪਾਇਆ॥ ਫਿਰਿ ਇਆ ਅਉਸਰ ਚਰੈ ਨ ਹਾਥਾ॥ ਨਾਮੁ ਜਪਹੁ ਤਉ ਕਟੀਅਹਿ ਫਾਸਾ॥ ਫਿਰਿ ਫਿਰਿ ਆਵਨ ਜਾਨੁ ਨ ਹੋਈ॥ ਏਕਹਿ ਏਕ ਜਪਹੁ ਜਪੁ ਸੋਈ॥ ਕਰਹੁ ਕ੍ਰਿਪਾ ਪ੍ਰਭ ਕਰਨੈਹਾਰੇ॥ ਮੇਲਿ ਲੇਹੁ ਨਾਨਕ ਬੇਚਾਰੇ” (ਪੰ: ੨੫੮) ਤਾਂ ਤੇ ਇਸ ਪ੍ਰਾਪਤ ਜਨਮ ਸਮੇ ਸਾਨੂੰ ਗੁਰਬਾਣੀ-ਗੁਰੂ ਦੀ ਆਗਿਆ `ਚ ਜੀਵਨ ਦੀ ਸੰਭਾਲ ਤੇ ਕਰਤੇ ਦੇ ਚਰਨਾਂ `ਚ ਅਰਦਾਸ ਕਰਣ ਦੀ ਲੋੜ ਹੈ ਤਾ ਕਿ ਸਾਨੂੰ ਫ਼ਿਰ ਤੋਂ ਜਨਮਾਂ ਜੂਨਾਂ ਦੇ ਗੇੜ `ਚ ਨਾ ਪੈਣਾ ਪਵੇ।

ਕਿਉਂਕਿ ਉਸ ਦੇ ਲਈ ਇਕੋ ਇੱਕ ਜੀਵਨ ਰਾਹ ਹੈ ਤੇ ਉਹ ਹੈ “ਨਾਮੁ ਜਪਹੁ ਤਉ ਕਟੀਅਹਿ ਫਾਸਾ॥ ਫਿਰਿ ਫਿਰਿ ਆਵਨ ਜਾਨੁ ਨ ਹੋਈ॥ ਏਕਹਿ ਏਕ ਜਪਹੁ ਜਪੁ ਸੋਈ॥ ਕਰਹੁ ਕ੍ਰਿਪਾ ਪ੍ਰਭ ਕਰਨੈਹਾਰੇ॥ ਮੇਲਿ ਲੇਹੁ ਨਾਨਕ ਬੇਚਾਰੇ” (ਪੰ: ੨੫੮) ਜਿਸ ਤੋਂ ਬਿਨਾ ਫ਼ਿਰ ਤੋਂ “ਨਾਮ ਬਿਹੂਣੀ ਹੋਈ ਖੇਹ॥ ਪਸੂ ਪਰੇਤ ਮੁਗਧ ਤੇ ਬੁਰੀ” (ਪੰ: ੮੯੦) ਉਸ ਦਾ ਮੂਲ ਕਾਰਨ ਹੋਵੇਗਾ ਕਿ “ਤਿਸਹਿ ਨ ਬੂਝੈ ਜਿਨਿ ਏਹ ਸਿਰੀ” (ਪੰ: ੮੯੦)

ਜਦਕਿ ਗੁਰਬਾਣੀ ਅਨੁਸਾਰ ਹੀ ਇਸ ਜਨਮ ਮਰਨ ਦੇ ਗੇੜ `ਚੋਂ ਨਿਕਲਣ ਲਈ ਇਕੋ ਹੀ ਸਮਾਂ ਤੇ ਅਵਸਰ ਹੁੰਦਾ ਹੈ ਤੇ ਉਹ ਹੈ ਮਨੁੱਖਾ ਜੂਨ। ਬਾਕੀ ਹੋਰ ਕਿਸੇ ਵੀ ਜੂਨ ਸਮੇਂ ਵੀ “ਸਤਿਗੁਰ ਕੀ ਪਰਤੀਤਿ ਨ ਆਈਆ ਸਬਦਿ ਨ ਲਾਗੋ ਭਾਉ॥ ਓਸ ਨੋ ਸੁਖੁ ਨ ਉਪਜੈ ਭਾਵੈ ਸਉ ਗੇੜਾ ਆਵਉ ਜਾਉ॥ ਨਾਨਕ ਗੁਰਮੁਖਿ ਸਹਜਿ ਮਿਲੈ ਸਚੇ ਸਿਉ ਲਿਵ ਲਾਉ” (ਪੰ: ੫੯੧) ਅਥਵਾ ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ॥” (ਪੰ: ੯੨੦) ਅਨੁਸਾਰ ਅਜਿਹੀ ਸਫ਼ਲਤਾ ਸੰਭਵ ਹੀ ਨਹੀਂ।

ਤਾਂ ਤੇ ਪਉੜੀ ਨੰ ੪ ਦੇ ਸਲੋਕਾਂ ਤੇ ਪਉੜੀ ਦੇ ਨੰਬਰਵਾਰ ਅਰਥ ਇਸ ਪ੍ਰਕਾਰ ਹਨ:

ਸਲੋਕੁ ਮ: ੧॥ ਸੁਇਨੇ ਕੈ ਪਰਬਤਿ ਗੁਫਾ ਕਰੀ, ਕੈ ਪਾਣੀ ਪਇਆਲਿ॥ ਕੈ ਵਿਚਿ ਧਰਤੀ, ਕੈ ਆਕਾਸੀ, ਉਰਧਿ ਰਹਾ ਸਿਰਿ ਭਾਰਿ॥ ਪੁਰੁ ਕਰਿ ਕਾਇਆ ਕਪੜੁ ਪਹਿਰਾ, ਧੋਵਾ ਸਦਾਕਾਰਿ॥ ਬਗਾ ਰਤਾ ਪੀਅਲਾ ਕਾਲਾ, ਬੇਦਾ ਕਰੀ ਪੁਕਾਰ॥ ਹੋਇ ਕੁਚੀਲੁ ਰਹਾ ਮਲੁ ਧਾਰੀ, ਦੁਰਮਤਿ ਮਤਿ ਵਿਕਾਰ॥ ਨਾ ਹਉ, ਨਾ ਮੈ, ਨਾ ਹਉ ਹੋਵਾ, ਨਾਨਕ ਸਬਦੁ ਵੀਚਾਰਿ॥ ੧॥ {ਪੰਨਾ ੧੩੯}

ਪਦ ਅਰਥ: ਸੁਇਨੇ ਕੈ ਪਰਬਤਿ—ਪੁਰਾਤਨ ਵਿਸ਼ਵਾਸਾਂ ਅਨੁਸਾਰ ਸੁਮੇਰ ਪਰਬਤ ਨੂੰ ਸੋਨੇ ਦਾ ਪਰਬਤ ਕਲਪਿਆ ਗਿਆ ਹੈ ਜਦਕਿ ਇਥੇ ਇਹ ਕੇਵਲ ਸ਼ਬਦਾਵਲੀ ਵੱਜੋਂ ਹੀ ਹੈ। ਕਰੀ—ਮੈਂ ਬਣਾ ਲਵਾਂ। ਕੈ—ਜਾਂ, ਭਾਵੇਂ, ਚਾਹੇ। ਪਇਆਲਿ—ਪਾਤਾਲ `ਚ। ਪਾਣੀ ਪਇਆਲਿ—ਜ਼ਮੀਨ ਤੋਂ ਹੇਠਾਂ ਪਾਣੀ `ਚ। ਉਰਧਿ—ਉਲਟਾ, ਪੁੱਠਾ। ਸਿਰਿ ਭਾਰਿ—ਸਿਰ ਦੇ ਭਾਰ। ਪੁਰੁ—ਪੂਰੇ ਤੌਰ ਤੇ। ਸਦਾਕਾਰਿ—ਸਦਾ ਹੀ। ਕੁਚੀਲੁ—ਗੰਦਾ। ਮਲੁਧਾਰੀ—ਮੈਲਾ।

“ਸੁਇਨੇ ਕੈ ਪਰਬਤਿ ਗੁਫਾ ਕਰੀ” - ਇਸ ਤੋਂ ਪਹਿਲਾਂ ਪਉੜੀ ਨੰ: ਤਿੰਨ `ਚ ਵੀ ਗੁਰਦੇਵ ਨੇ ਸਾਡੇ ਸਰੀਰ ਵਿਚਲੇ ਗਿਆਨ ਤੇ ਕਰਮ ਇੰਦ੍ਰਿਆਂ ਵੱਲ ਸਾਡਾ ਧਿਆਨ ਦੁਆ ਕੇ ਇਹੀ ਸਪਸ਼ਟ ਕੀਤਾ ਸੀ ਕਿ ਮਨੁੱਖਾ ਜੂਨ ਸਮੇਂ ਸਾਡੇ ਇਨ੍ਹਾਂ ਕਰਮ ਤੇ ਗਿਆਨ ਇੰਦ੍ਰਿਆਂ ਦੀ ਲੋੜ, ਬਾਕੀ ਅਨੰਤ ਜੂਨਾਂ ਵਾਂਙ ਕੇਵਲ ਜ਼ਿੰਦਗੀ ਨੂੰ ਚਲਾਉਣ ਤੱਕ ਹੀ ਸੀਮਿਤ ਨਹੀਂ। ਬਲਕਿ ਮਨੁੱਖਾ ਜਨਮ ਸਮੇਂ ਇਨ੍ਹਾਂ ਦੀ ਵਿਸ਼ੇਸ਼ ਲੋੜ ਹੈ ਤਾਂ ਗੁਰੂ ਗਿਆਨ ਦੀ ਕਮਾਈ ਰਾਹੀਂ ਇਨ੍ਹਾਂ ਇੰਦ੍ਰਿਆਂ ਦੀ ਸੁਵਰਤੋਂ ਕਰਣ ਦੀ। ਕਿਉਂਕਿ ਮਨੁੱਖਾ ਜਨਮ ਸਮੇਂ ਇਹ ਗਿਆਨ ਤੇ ਕਰਮ ਇੰਦ੍ਰੇ ਕੇਵਲ ਸਾਡੇ ਜਨਮ ਨੂੰ ਚਲਾਉਣ ਲਈ ਹੀ ਨਹੀਂ ਹਨ ਬਲਕਿ ਇਹ ਸਾਡੇ ਲਈ ਪ੍ਰਭੂ ਮਿਲਾਪ ਤੇ ਮਨੁੱਖਾ ਜਨਮ ਨੂੰ ਸਫ਼ਲ ਕਰਣ ਦਾ ਸਾਧਨ ਤੇ ਵਸੀਲਾ ਵੀ ਹਨ।

ਇਸ ਦੇ ਉਲਟ ਮਨੁੱਖਾ ਜੂਨ ਸਮੇਂ ਵੀ ਜੇ ਕਰ ਅਸਾਂ ਇਨ੍ਹਾਂ ਗਿਆਨ ਤੇ ਕਰਮ ਇੰਦ੍ਰਿਆਂ ਪ੍ਰਤੀ ਕਰਤੇ ਦੀ ਬਖ਼ਸ਼ਿਸ਼ ਤੇ ਇਨ੍ਹਾਂ ਦੇ ਮੂਲ ਮਕਸਦ ਦੀ ਪਹਿਚਾਣ ਨਾ ਕੀਤੀ, ਗੁਰੂ ਗਿਆਨ ਦੀ ਕਮਾਈ ਤੋਂ ਵਿਹੂਣੇ ਰਹਿ ਕੇ ਜੀਵਨ ਬਤੀਤ ਕਰ ਦਿੱਤਾ ਤਾਂ “ਨਾਮ ਬਿਹੂਣੀ ਹੋਈ ਖੇਹ॥ ਪਸੂ ਪਰੇਤ ਮੁਗਧ ਤੇ ਬੁਰੀ” (ਪੰ: ੮੧੦) ਅਥਵਾ “ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ ਅਨਿਕ ਜੋਨਿ ਭਰਮਈ ਹੈ” (ਪੰ: ੫੨੪) ਅਨੁਸਾਰ ਸਾਨੂੰ ਫ਼ਿਰ ਤੋਂ ਜਨਮਾਂ ਤੇ ਜੂਨਾਂ ਦੇ ਗੇੜ ਹੀ ਕਟਣੇ ਪੈਣਗੇ। ਇਸ ਤਰ੍ਹਾਂ ਉਹ ਗੇੜ ਵੀ ਸਾਨੂੰ ਉਦੋਂ ਤੱਕ ਕਟਣੇ ਪੈਣਗੇ, ਜਦੋਂ ਤੱਕ “ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ॥” (ਪੰ: ੯੨੦) ਭਾਵ ਕਰਤੇ ਦੀ ਬਖ਼ਸ਼ਿਸ਼ ਨਾਲ ਫ਼ਿਰ ਤੋਂ ਪ੍ਰਾਪਤ ਕਿਸੇ ਮਨੁੱਖਾ ਜੂਨ ਸਮੇਂ ਗੁਰੂ ਗਿਆਨ ਦੀ ਕਮਾਈ ਨਾਲ ਅਮੁੱਕਾ ਜਨਮ ਵੀ ਸਫ਼ਲ ਨਾ ਹੋ ਜਾਵੇ।

ਦਰਅਸਲ ਇਸ ਸਲੋਕ `ਚ ਵੀ ਗੁਰਦੇਵ ਠੀਕ ਉਨ੍ਹਾਂ ਹੀ ਲੀਹਾਂ `ਤੇ ਜਿਵੇਂ ਬਾਣੀ ਜਪੁ ਦੀ ਪਉੜੀ ਨੂੰ ਸੱਤ “ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਇ” `ਚ ਫ਼ੁਰਮਾਇਆ ਹੈ ਕਿ ਐ ਮਨੁੱਖ! ਸੰਸਾਰ ਤਲ ਤੇ ਜੇਕਰ ਤੈਨੂੰ ਅਨਹੋਣੀ ਸੀਮਾ ਤੱਕ ਨਿਆਮਤਾਂ, ਤਾਕਤਾਂ ਤੇ ਉਮਰ ਵੀ ਪ੍ਰਾਪਤ ਹੋ ਜਾਵੇ। ਉਪ੍ਰੰਤ ਬਦਲੇ `ਚ ਮਨੁੱਖਾ ਜਨਮ ਪ੍ਰਾਪਤ ਕਰਕੇ ਵੀ ਜੇ ਤੂੰ ਇਨ੍ਹਾਂ ਦਾਤਾਂ ਦੇ ਦੇਣ ਵਾਲੇ ਦਾਤੇ ਨਾਲ ਸਾਂਝ ਨਾ ਪਾਈ ਤਾਂ ਯਕੀਨਣ ਕਰਤੇ ਦੀ ਦਰਗਾਹ `ਚ ਤੇਰੇ ਇਸ ਮਨੁੱਖਾ ਜਨਮ ਦਾ ਮੁੱਲ ਵੀ “ਕੀਟਾ ਅੰਦਰਿ ਕੀਟੁ” ਹੀ ਹੋਵੇਗਾ। ਭਾਵ ਕਰਤੇ ਦੀ ਰਚਨਾ ਦੇ ਕੀੜਿਆਂ `ਚ ਇੱਕ ਮਾਮੂਲੀ ਜਿਹਾ ਕੀੜਾ ਹੀ। ਠੀਕ ਉਸੇ ਤਰ੍ਹਾਂ ਜਿਵੇਂ ਕੋਈ ਕੀੜਾ ਜੂਨਾਂ ਭੁਗਤਾਅ ਰਿਹਾ ਹੈ ਉਸੇ ਤਰ੍ਹਾਂ ਤੂੰ ਮਨੁੱਖਾ ਜਨਮ ਵਾਲਾ ਅਵਸਰ ਤੇ ਬਰੀਆ ਪਾ ਕੇ ਵੀ “ਨਾਮ ਬਿਹੂਣੀ ਹੋਈ ਖੇਹ॥ ਪਸੂ ਪਰੇਤ ਮੁਗਧ ਤੇ ਬੁਰੀ” ਅਤੇ “ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ ਅਨਿਕ ਜੋਨਿ ਭਰਮਈ ਹੈ” ਫ਼ਿਰ ਤੋਂ ਜਨਮਾਂ ਦੇ ਗੇੜ `ਚ ਹੀ ਪਵੇਂਗਾ। ਤਾਂ ਤੇ ਸਲੋਕ ਦੇ ਅਰਥ ਹਨ:-

ਅਰਥ: —ਕਰਤੇ ਨੇ ਇਹ ਜੋ ਮੈਨੂੰ ਮਨੁੱਖਾ ਜਨਮ ਵਾਲਾ ਅਵਸਰ ਬਖ਼ਸ਼ਿਆ ਹੈ। ਤਾਂ ਤੇ ਹੇ ਕਰਤੇ! ਇਸ ਜਨਮ ਸਮੇਂ ਜੇ ਤੂੰ ਮੈਨੂੰ ਇਤਨੀਆਂ ਵਧ ਤਾਕਤਾਂ ਦਾ ਮਾਲਿਕ ਵੀ ਬਣਾ ਦੇਵੇਂ ਕਿ, ਸੁਇਨੇ ਕੈ ਪਰਬਤਿ ਗੁਫਾ ਕਰੀ, ਕੈ ਪਾਣੀ ਪਇਆਲਿ” ਭਾਵ ਇਹ ਮੇਰੀ ਇਛਾ `ਤੇ ਹੋਵੇ ਕਿ ਮੈਂ ਚਾਹੇ ਸੋਨੇ ਦੇ ਪਰਬਤ `ਚ ਗੁਫਾ ਬਣਾ ਕੇ ਰਵਾਂ ਜਾਂ ਧਰਤੀ ਹੇਠਾਂ ਪਾਣੀ `ਚ ਜਾ ਕੇ ਰਹਾਂ।

ਫ਼ਿਰ ਇਹੀ ਨਹੀਂ ਬਲਕਿ ਇਹ ਵੀ ਮੇਰੀ ਇਛਾ `ਤੇ ਹੋਵੇ ਕਿ “ਕੈ ਵਿਚਿ ਧਰਤੀ, ਕੈ ਆਕਾਸੀ, ਉਰਧਿ ਰਹਾ ਸਿਰਿ ਭਾਰਿ” ਮੈਂ ਚਾਹੇ ਧਰਤੀ ਹੇਠ ਜਾ ਕੇ ਰਹਾਂ; ਜੇ ਚਾਹਾਂ ਤਾਂ ਆਕਾਸ਼ `ਚ ਤੇ ਉਹ ਵੀ ਪੁੱਠਾ ਭਾਵ ਸਿਰ ਭਾਰ ਹੀ ਲਟਕਿਆ ਰਹਾਂ।

ਫ਼ਿਰ ਇਤਨਾ ਹੀ ਨਹੀਂ ਬਲਕਿ “ਪੁਰੁ ਕਰਿ ਕਾਇਆ ਕਪੜੁ ਪਹਿਰਾ, ਧੋਵਾ ਸਦਾਕਾਰਿ” ਸਰੀਰ ਨੂੰ ਢੱਕਣ ਲਈ ਮੇਰੇ ਕੋਲ ਕਪੜਿਆਂ ਦੀ ਇਨੀਂ ਭਰਮਾਰ ਹੋਵੇ ਕਿ ਹਰ ਸਮੇਂ ਮੰਨ ਭਾਉਂਦੇ ਕਪੜਿਆਂ ਨਾਲ ਆਪਣੇ ਇਸ ਸਰੀਰ ਨੂੰ ਵੀ ਢੱਕੀ ਰਖਾਂ। ਇਹੀ ਨਹੀਂ ਜਦਕਿ ਇਹ ਵੀ ਸੱਚ ਹੈ ਕਿ ਆਮ ਹਾਲਤ `ਚ ਮਨੁੱਖਾ ਸਰੀਰ ਹਰ ਸਮੇਂ ਪਾਣੀ `ਚ ਵੀ ਨਹੀਂ ਰਹਿ ਸਕਦਾ। ਫ਼ਿਰ ਵੀ ਜੇ ਕਰ ਮੈਂ ਚਾਹਾਂ ਤਾਂ ਹਰ ਸਮੇਂ ਇਸ ਸਰੀਰ ਨੂੰ ਵੀ ਧੋਂਦਾ ਹੀ ਰਵਾਂ ਭਾਵ ਪਾਣੀ ਚੋਂ ਵੀ ਕਦੇ ਬਾਹਿਰ ਨਾ ਨਿਕਲਾਂ ਉਥੇ ਹੀ ਨਿਵਾਸ ਕਰਾਂ।

ਦੂਜੇ ਲਫ਼ਜ਼ਾਂ `ਚ ਮਨੁੱਖਾ ਸਰੀਰ ਕਦੇ ਵੀ ਅਜਿਹਾ ਨਹੀਂ ਜਿਹੜਾ ਕਿ ਹਰ ਸਮੇਂ ਪਾਣੀ `ਚ ਹੀ ਪਿਆ ਰਵੇ ਤੇ ਗਲ ਮੁੱਕ ਨਾ ਜਾਵੇ, ਪਰ ਹੇ ਕਰਤੇ! ਇਸ ਦੇ ਉਲਟ ਮੇਰੇ ਸਰੀਰ ਅੰਦਰ ਜੇ ਤੂੰ ਉਹ ਸਮਰਥਾ ਵੀ ਦੇ ਦੇਵੇਂ ਕਿ ਜੇ ਕਰ ਮੈ ਚਾਹਾਂ ਤਾਂ ਹਰ ਸਮੇਂ ਇਸ ਸਰੀਰ ਨੂੰ ਪਾਣੀ `ਚ ਹੀ ਡੁਬੋਈ ਰਖਾਂ।

ਇਤਨਾ ਹੀ ਨਹੀਂ, “ਬਗਾ ਰਤਾ ਪੀਅਲਾ ਕਾਲਾ, ਬੇਦਾ ਕਰੀ ਪੁਕਾਰ”॥ ਹੋਇ ਕੁਚੀਲੁ ਰਹਾ ਮਲੁ ਧਾਰੀ, ਦੁਰਮਤਿ ਮਤਿ ਵਿਕਾਰ” ਫ਼ਿਰ ਸੰਸਾਰ ਤਲ ਤੇ ਜੋ ਧਾਰਮਿਕ ਵਿਖਾਵਿਆਂ ਦੇ ਖੇਤ੍ਰ `ਚ ਵੀ ਬਹੁਤਾ ਕਰਕੇ ਇਹ ਦੌੜ ਲੱਗੀ ਰਹਿੰਦੀ ਹੈ ਕਿ ਲਗਭਗ ਹਰੇਕ ਮਨੁੱਖ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਡਾ ਧਰਮੀ ਸਾਬਤ ਕਰਣ ਦੀ ਕੋਸ਼ਿਸ਼ `ਚ ਹੀ ਲੱਗਾ ਰਹਿੰਦਾ ਹੈ। ਹੇ ਪ੍ਰਭੂ ਫ਼ਿਰ ਜੇ ਮੇਰੀ ਵੀ ਇਹੀ ਇਛਾ ਹੋਵੇ ਕਿ ਧਾਰਮਿਕ ਵਿਖਾਵਿਆਂ ਦੇ ਤਲ `ਤੇ ਵੀ ਸੰਸਾਰ ਭਰ `ਚ ਸਭ ਤੋਂ ਵਧ ਨਾਮਨਾ ਮੈਂ ਹੀ ਖਟਾਂ।

ਤਾਂ ਇਸ ਤਰ੍ਹਾਂ ਮੈਂ ਵੀ ਚਿੱਟੇ, ਲਾਲ ਪੀਲੇ ਤੇ ਕਾਲੇ ਕਪੜੇ ਪਾ ਕੇ ਚਾਰਾਂ ਵੇਦਾਂ ਦਾ ਉਚਾਰਨ ਵੀ ਕਰਾਂ ਅਤੇ ਜੇ ਚਾਹਾਂ ਤਾਂ ਇਸ ਤੋਂ ਪੂਰੀ ਤਰ੍ਹਾਂ ਉਲਟ ਸਰੇਵੜਿਆਂ ਵਾਂਙ ਹਰ ਸਮੇ ਗੰਦਾ, ਮੈਲਾ ਤੇ ਕੁਚੀਲ ਵੀ ਬਣਿਆ ਰਵਾਂ। ਇਸ ਤਰ੍ਹਾਂ ਸੰਸਾਰ ਤਲ `ਤੇ ਕੋਈ ਵੀ ਮੇਰੇ ਤੋਂ ਵਧ ਤੇ ਵੱਡਾ ਧਰਮੀ ਹੋਣ ਦਾ ਪ੍ਰਭਾਵ ਦੇਣ ਦੇ ਵੀ ਸਮਰਥ ਨਾ ਰਖਦਾ ਹੋਵੇ।

ਅੰਤ `ਚ, ਗੁਰਦੇਵ ਦਾ ਨਿਰਣਾ ਹੈ, ਜੇਕਰ ਮਨੁੱਖਾ ਜਨਮ ਪਾ ਕੇ ਵੀ ਮੈਂ ਆਪਣੇ ਸਰੀਰ ਰਾਹੀਂ ਆਪਣੀ ਅਜਿਹੀਆਂ ਸੰਸਾਰਕ ਤਾਕਤਾਂ ਤੇ ਸਮਰਥਾ ਦਾ ਮਾਲਿਕ ਜਾਂ ਵੱਡਾ ਧਰਮੀ ਹੋਣ ਦਾ ਪ੍ਰਭਾਵ ਦੇ ਕੇ ਸੰਸਾਰ ਤਲ `ਤੇ ਆਪਣੀ ਹੋਂਦ ਵੀ ਕਾਇਮ ਕਰ ਲਵਾਂ। ਤਾਂ ਵੀ ਹੇ ਮੇਰੇ ਕਰਤਾ ਪੁਰਖ ਜੀ! ਮੂਲ ਰੂਪ `ਚ ਇਹ ਸਾਰੇ ਤਾਂ “ਦੁਰਮਤਿ ਮਤਿ ਵਿਕਾਰ” ਮੇਰੀ ਭੈੜੀ ਮਤਿ ਦੇ ਮੰਦੇ ਪ੍ਰਗਟਾਵੇ ਹੀ ਹੋਣ ਗੇ।

ਕਿਉਂਕਿ ਇਨ੍ਹਾਂ ਸਾਰੇ ਪ੍ਰਗਟਾਵਿਆਂ ਬਦਲੇ ਮੇਰੇ ਅੰਦਰ ਹਊਮੈ ਤਾਂ ਵਧ ਸਕਦੀ ਹੈ ਪਰ ਇਸ ਪਿਛੇ ਮਨੁੱਖਾ ਜਨਮ ਦੇ ਮਕਸਦ ਦੀ ਪ੍ਰਾਪਤੀ ਵਾਲੀ ਉੱਕਾ ਕੋਈ ਗੱਲ ਜਾਂ ਸੋਚ ਹੈ ਹੀ ਨਹੀਂ। ਇਨ੍ਹਾਂ ਸਾਰਿਆਂ ਦੀ ਸੀਮਾਂ ਮਨੁੱਖਾ ਜਨਮ ਵਾਲੇ ਮਕਸਦ ਦੀ ਪ੍ਰਾਪਤੀ ਨਹੀਂ, ਇਹ ਹੋਛੇ ਕੰਮ ਹੀ ਹਨ। ਇਹ ਸਾਰੇ ਤਾਂ ਸਰੀਰਕ ਸੀਮਾ `ਚ ਆਹਿਰ ਤੇ ਸ਼ੋਂਕ ਹਨ ਤੇ ਇਨ੍ਹਾਂ ਸਾਰਿਆਂ ਦੀ ਸੀਮਾਂ ਸਰੀਰ ਤੱਕ ਹੀ ਹੈ। ਇਹ ਸਾਰੇ ਆਤਮਕ ਤਲ ਦੇ ਯਤਣ ਨਹੀਂ ਇਹ ਤਾਂ “ਦੁਰਮਤਿ ਮਤਿ ਵਿਕਾਰ” ਹੀ ਹਨ, ਇਸ ਤੋਂ ਵਧ ਕੁੱਝ ਨਹੀਂ ਹਨ।

ਤਾਂ ਤੇ ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਹੇ ਮੇਰੇ ਕਰਤੇ! ਤੂੰ ਬਖ਼ਸ਼ਿਸ਼ ਕਰ ਅਤੇ ਜੇ ਕਰ ਤੂੰ ਮੈਨੂੰ ਜੋ ਇਹ ਮਨੁੱਖਾ ਜਨਮ ਵਾਲੀ ਦਾਤ ਬਖ਼ਸ਼ੀ ਹੈ ਤਾਂ ਇਹ ਵੀ ਮਿਹਰ ਕਰ ਦੇ ਕਿ ਇਸ ਮਨੁੱਖਾ ਜਨਮ ਵਾਲੇ ਵਿਸ਼ੇਸ਼ ਅਵਸਰ ਨੂੰ ਪਾ ਕੇ “ਨਾ ਹਉ, ਨਾ ਮੈ, ਨਾ ਹਉ ਹੋਵਾ, ਨਾਨਕ ਸਬਦੁ ਵੀਚਾਰਿ” ਮੈਂ ਸ਼ਬਦ ਗੁਰੂ ਦੀ ਕਮਾਈ ਕਰ ਕੇ ਇਸ ਜਨਮ ਦੀ ਸੰਭਾਲ ਕਰ ਸਕਾਂ। ਜਿਸ ਤੋਂ ਮੇਰਾ ਇਸ ਚੰਦਰੀ ਹਉਮੈ ਤੋਂ ਛੁਟਕਾਰਾ ਹੋ ਜਾਵੇ ਅਤੇ ਮੈਂ ਜੀਵਨ ਭਰ ਇਸ ਹਉਮੈ ਤੋਂ ਵੀ ਬਚਿਆ ਰਵਾਂ। ੧।

ਗੁਰਮੱਤ ਵਿਚਾਰ ਦਰਸ਼ਨ- ਕਰਤੇ ਵੱਲੋਂ ਜੀਵ ਨੂੰ ਮਨੁੱਖਾ ਸਰੀਰ ਮਿਲਦਾ ਹੈ ਤੇ ਇਸ ਜਨਮ ਦਾ ਖ਼ਾਸ ਮਕਸਦ ਹੁੰਦਾ ਹੈ। ਮਕਸਦ ਹੁੰਦਾ ਹੈ ਕਿ ਜੀਵ ਵਾਪਿਸ ਆਪਣੇ ਅਸਲੇ ਪ੍ਰਭੂ `ਚ ਅਭੇਦ ਹੋ ਜਾਵੇ। ਜਿਸ ਹਉਮੈ ਕਾਰਨ ਜੀਵ ਕਰਤੇ ਪ੍ਰਭੂ ਤੋਂ ਆਪਣੀ ਅੱਡਰੀ ਤੇ ਵੱਖਰੀ ਹੋਂਦ ਬਨਾਉਣ ਕਾਰਨ ਕਰਤੇ ਪ੍ਰਭੂ ਤੋਂ ਵਿਛੜਿਆ, ਜਨਮ ਮਰਨ ਦੇ ਗੇੜ `ਚ ਪਿਆ ਹੋਇਆ ਹੈ। ਇਹ ਇਸ ਮਨੁੱਖਾ ਜਨਮ ਵਾਲੇ ਅਵਸਰ ਦਾ ਲਾਭ ਲਵੇ ਅਤੇ ਸ਼ਬਦ ਗੁਰੂ ਦੀ ਕਮਾਈ ਕਰਕੇ ਜੀਊਂਦੇ ਜੀਅ, ਵਾਪਿਸ ਕਰਤੇ `ਚ ਅਭੇਦ ਹੋ ਜਾਵੇ। ਇਸ ਤੋਂ ਇਸ ਨੂੰ ਬਾਰ ਬਾਰ ਦੇ ਚੱਲ ਰਹੇ ਜਨਮ ਮਰਨ ਵਾਲੇ ਗੇੜ ‘ਤੋਂ ਵੀ ਛੁਟਕਾਰਾ ਮਿਲ ਜਾਵੇਗਾ।

ਜਦਕਿ ਗੁਰੂ ਗਿਆਨ ਦੀ ਘਾਟ ਤੇ ਆਪਣੇ ਆਤਮਿਕ ਜੀਵਨ ਤੋਂ ਅਨਜਾਣ ਇਹ ਜੀਵ, ਮਨੁੱਖਾ ਜਨਮ ਪਾ ਕੇ ਉਸ ਹਉੰਮੈ ਤੋਂ ਛੁਟਕਾਰਾ ਨਹੀਂ ਪਾ ਸਕਦਾ। ਉਸੇ ਦਾ ਨਤੀਜਾ ਹੁੰਦਾ ਹੈ ਕਿ ਮਨੁੱਖਾ ਜਨਮ ਵਾਲਾ ਅਵਸਰ ਪਾ ਕੇ ਵੀ ਇਸ ਦੀ ਸਾਰੀ ਦੌੜ ਸਰੀਰ ਦੀ ਸੀਮਾ `ਚ ਰਹਿੰਦੀ ਤੇ ਉਲਟਾ ਹਉਮੈ ਨੂੰ ਪ੍ਰਪਕ ਕਰਣ ਵਾਲੀਆਂ ਕਰਣੀਆਂ `ਚ ਹੀ ਹੁੰਦੀ ਹੈ। ਦਰਅਸਲ ਇਸ ਸਲੋਕ ਰਾਹੀਂ ਗੁਰਦੇਵ ਨੇ, ਕਰਤੇ ਤੋਂ ਵਿਛੋੜੇ ਦਾ ਮੂਲ ਕਾਰਨ ਹਊਮੈ ਤੇ ਉਸ ਤੋਂ ਛੁਟਕਾਰਾ ਪਾਉਣ ਲਈ ਜੀਵ ਵੱਲੋਂ ਕਰਤੇ ਦੇ ਚਰਨਾਂ `ਚ ਅਰਦਾਸੀਆ ਬਨਣ ਵਾਲੀ ਸੇਧ ਦਿੱਤੀ ਹੈ। ਜਦਕਿ ਇਸ ਦੇ ਮੁਕਾਬਲੇ ਸੰਸਾਰ ਤਲ ਦੀਆਂ ਵੱਡੀਆਂ ਵੱਡੀਆਂ ਪ੍ਰਾਪਤੀਆਂ ਨੂੰ ਵੀ ਮਨੁੱਖਾ ਜਨਮ ਦੇ ਮੂਲ ਤੇ ਇਕੋ ਇੱਕ ਮਕਸਦ ਦੇ ਸਾਹਮਣੇ, ਹੋਛੇ ਕਰਮ ਹੀ ਦੱਸਿਆ ਹੈ।

ਮ: ੧॥ ਵਸਤ੍ਰ ਪਖਾਲਿ ਪਖਾਲੇ ਕਾਇਆ, ਆਪੇ ਸੰਜਮਿ ਹੋਵੈ॥ ਅੰਤਰਿ ਮੈਲੁ ਲਗੀ ਨਹੀ ਜਾਣੈ, ਬਾਹਰਹੁ ਮਲਿ ਮਲਿ ਧੋਵੈ॥ ਅੰਧਾ ਭੂਲਿ ਪਇਆ ਜਮ ਜਾਲੇ॥ ਵਸਤੁ ਪਰਾਈ ਅਪੁਨੀ ਕਰਿ ਜਾਨੈ, ਹਉਮੈ ਵਿਚਿ ਦੁਖੁ ਘਾਲੇ॥ ਨਾਨਕ ਗੁਰਮੁਖਿ ਹਉਮੈ ਤੁਟੈ, ਤਾ ਹਰਿ ਹਰਿ ਨਾਮੁ ਧਿਆਵੈ॥ ਨਾਮੁ ਜਪੇ ਨਾਮੋ ਆਰਾਧੇ, ਨਾਮੇ ਸੁਖਿ ਸਮਾਵੈ॥ ੨॥ {ਪੰਨਾ ੧੩੯}

ਪਦ ਅਰਥ: ਵਸਤ੍ਰ—ਕਪੜੇ। ਪਖਾਲਿ—ਧੋ ਕੇ। ਆਪੇ—ਆਪ ਹੀ, ਆਪਣੇ ਵਲੋਂ। ਸੰਜਮਿ—ਸੰਜਮੀ, ਜਿਸ ਨੇ ਕਾਮ ਆਦਿਕ ਵਿਕਾਰਾਂ ਨੂੰ ਵੱਸ `ਚ ਕਰ ਰਖਿਆ ਹੈ। ਜਦਕਿ ਪ੍ਰਚਲਤ ਤੇ ਲੰਮੇਂ ਸਮੇਂ ਤੋਂ ਦਿੱਤੇ ਜਾ ਰਹੇ ਵਿਸ਼ਵਾਸਾਂ ਮੁਤਾਬਿਕ ਰਿਸ਼ੀ, ਮੁਨੀ, ਤਪਸ੍ਵੀ, ਬੈਰਾਗੀ, ਮੌਨਧਾਰੀ, ਨਾਂਗੇ, ਬਿਭੂਤਧਾਰੀ, ਬ੍ਰਹਮਚਾਰੀ ਆਦਿ ਅਨੇਕਾਂ ਭੇਖ ਵੀ ਇਸੇ ਗਿਣਤੀ `ਚ ਆਉਂਦੇ ਹਨ। ਅੰਤਰਿ—ਮਨ `ਚ। ਮੈਲਿ…. ਵਿਕਾਰਾਂ ਦੀ ਮੈਲ। ਬਾਹਰਹੁ ਮਲਿ ਮਲਿ ਧੋਵੈ …. . ਤੀਰਥ ਇਸ਼ਨਾਨਾਂ `ਚ ਰੁਝੇ ਰਹਿਣਾ। ਅੰਧਾ…. ਅਗਿਆਨਤਾ ਦਾ ਸ਼ਿਕਾਰ, ਅਗਿਆਨਤਾ `ਚ ਫ਼ਸਿਆ ਹੋਇਆ, ਅਗਿਆਨੀ ਮਨੁੱਖ। ਭੂਲਿ—ਖੁੰਝ ਕੇ, ਮਨੁੱਖਾ ਜੀਵਨ ਪੱਖੋਂ ਕੁਰਾਹੇ ਪਿਆ ਹੋਇਆ। ਜਮ ਜਾਲੇ— ਮੌਤ ਦੇ ਜਾਲ `ਚ, ਆਤਮਿਕ ਮੌਤੇ ਮਰਿਆ ਹੋਇਆ, ਜੀਉਂਦੇ ਜੀਅ ਵਿਕਾਰਾਂ ਦੇ ਜਾਲ `ਚ ਤੇ ਮੌਤ ਤੋਂ ਬਾਅਦ ਵੀ ਜਨਮ ਮਰਨ ਦੇ ਗੇੜ `ਚ ਪੈਣਾ। ਦੁਖੁ ਘਾਲੇ—ਦੁੱਖ ਸਹਾਰਦਾ ਹੈ। ਨਾਮੇ—ਨਾਮ ਦੀ ਰਾਹੀਂ ਹੀ, ਕਰਤੇ ਦੀ ਸਿਫ਼ਤ ਸਲਾਹ ਨਾਲ ਜੁੜੇ ਰਹਿ ਕੇ। ਸੁਖ ਸਮਾਵੈ — ਸਦੀਵੀ ਸੁਖ ਸੁਖ ਨੂੰ ਪ੍ਰਾਪਤ ਕਰ ਲੈਂਦਾ ਹੈ, ਜੀਵਨ ਸਦੀਵੀ ਟਿਕਾਅ `ਚ ਆ ਜਾਂਦਾ ਹੈ।

ਅਰਥ: ਜੋ ਮਨੁੱਖ, ਮਨੁੱਖਾ ਜਨਮ ਦੀ ਉੱਤਮਤਾ ਤੇ ਇਸ ਦੇ ਇਕੋ ਇੱਕ ਮਕਸਦ ਦੀ ਪਹਿਚਾਣ ਤਾਂ ਕਰਦਾ ਨਹੀਂ ਪਰ ਬਾਹਰੋ ਧਰਮੀ ਹੋਣ ਲਈ ਬਹੁਤੇਰੇ ਕਰਮ ਕਰਦਾ ਰਹਿੰਦਾ ਹੈ। ਅਜਿਹਾ ਮਨੁੱਖ “ਵਸਤ੍ਰ ਪਖਾਲਿ ਪਖਾਲੇ ਕਾਇਆ” ਆਪਣੇ ਸਰੀਰ ਨੂੰ ਸੁੱਚਾ ਰਖਣ ਭਾਵ ਬਨਾਵਟੀ ਸੁੱਚਾਂ ਭਿਟਾਂ ਦੇ ਭਰਮਾਂ `ਚ ਪਿਆ, ਹਰ ਸਮੇਂ ਆਪਣੇ ਕਪੜੇ ਧੋਣ ਦੇ ਬਦਲਣ ਦੇ ਚਕਰਾਂ `ਚ ਹੀ ਪਿਆ ਰਹਿੰਦਾ ਹੈ। ਉਪ੍ਰੰਤ ਇਹ ਵੀ ਕਿ “ਆਪੇ ਸੰਜਮਿ ਹੋਵੈ” ਭਾਵ ਆਪਣੇ ਵੱਲੋਂ ਰਿਸ਼ੀਆਂ, ਮੁਨੀਆਂ, ਤਪਸ੍ਵੀਆਂ, ਬੈਰਾਗੀਆਂ, ਮੌਨਧਾਰੀਆਂ, ਨਾਂਗੇ, ਬਿਭੂਤਧਾਰੀਆਂ, ਬ੍ਰਹਮਚਾਰੀਆਂ ਆਦਿ ਵਾਲੇ ਭਿੰਨ ਭਿੰਨ ਤੇ ਬਹੁਤੇਰੇ ਭੇਖ ਵੀ ਧਾਰਨ ਕਰਦਾ ਹੈ (ਜਦਕਿ ਅਜੋਕੇ ਸਮੇਂ ਬਣੇ ਹੋਏ ਜੇਕਰ ਸਾਰੇ ਨਹੀ ਪਰ ਬਹੁਤੇ ਬਾਬੇ, ਸੰਤ, ਸਾਧ, ਭਗਤ, ਮਹਾਰਾਜ ਜੀ ਆਦਿ ਵੀ ਇਸੇ ਗਿਣਤੀ `ਚ ਹੀ ਆਉਂਦੇ ਹਨ)।

ਖ਼ੂਬੀ ਇਹ ਹੈ ਕਿ ਇਹ ਮਨੁੱਖ “ਅੰਤਰਿ ਮੈਲੁ ਲਗੀ ਨਹੀ ਜਾਣੈ” ਆਪਣੇ ਜੀਵਨ ਦੇ ਅੰਦਰ ਹਰ ਸਮੇਂ ਲੱਗੀ ਹੋਈ ਹਉਮੈ ਵਿਕਾਰਾਂ ਆਦਿ ਦੀ ਮੈਲ ਜਿਹੜੀ ਕਿ ਇਸ ਦੇ ਜੀਵਨ ਨੂੰ ਹਰ ਪਲਂ ਗੰਦਾ ਕਰ ਰਹੀ ਤੇ ਇਸ ਦੇ ਜੀਵਨ ਨੂੰ ਅਉਗੁਣਾਂ ਤੇ ਗੁਣਾਹਾਂ ਵੱਲ ਧਕੇਲ ਰਹੀ ਹੈ ਉਸ ਨੂੰ ਤਾਂ ਇਹ ਜਾਣਦਾ ਤੇ ਪਹਿਚਾਣਦਾ ਤੱਕ ਵੀ ਨਹੀਂ। ਫ਼ਿਰ ਇਹ ਕੇਵਲ ਬਾਹਰਲੇ ਭੇਖ ਹੀ ਨਹੀਂ ਕਰ ਰਿਹਾ ਬਲਕਿ “ਬਾਹਰਹੁ ਮਲਿ ਮਲਿ ਧੋਵੈ” ਬਾਹਰੋਂ ਸਰੀਰ ਨੂੰ ਵੀ ਮਲ ਮਲ ਕੇ ਧੋਂਦਾ ਤੇ ਅਨੇਕਾਂ ਤੀਰਥ ਇਸ਼ਨਾਨਾਂ ਦੇ ਵਿਸ਼ਵਾਸਾਂ `ਚ ਵੀ ਭਟਕਿਆ ਰਹਿੰਦਾ ਹੈ।

ਇਸ ਤਰ੍ਹਾਂ “ਅੰਧਾ ਭੂਲਿ ਪਇਆ” ਮਨੁੱਖਾ ਜੀਵਨ ਦੀ ਜੁਗਤ ਨੂੰ ਨਾ ਜਾਨਣ ਵਾਲਾ ਅਜਿਹਾ ਅਗਿਆਨੀ ਮਨੁੱਖ ਜੀਵਨ ਦੇ ਉਲਟੇ ਰਾਹ ਹੀ ਪਿਆ ਤੇ ਹਰ ਕਦਮ ਤੇ ਹਉਮੈ ਦਾ ਸ਼ਿਕਾਰ ਹੀ ਰਹਿੰਦਾ ਹੈ। ਉਸੇ ਦਾ ਨਤੀਜਾ, ਅਜਿਹਾ ਮਨੁੱਖ “ਜਮ ਜਾਲੇ” ਭਾਵ ਜੀਊਂਦੇ ਜੀਅ ਵੀ ਵਿਕਾਰਾਂ ਦੇ ਵੱਸ ਪਿਆ, ਆਤਮਕ ਮੌਤੇ ਮਰਿਆ ਰਹਿੰਦਾ ਹੈ ਤੇ ਮੌਤ ਤੋਂ ਬਾਅਦ ਵੀ ਮੁੜ ਜਨਮ ਮਰਨ ਦੇ ਗੇੜ `ਚ ਹੀ ਪੈਂਦਾ ਹੈ।

ਇਸੇ ਸਾਰੇ ਦਾ ਕਾਰਨ ਹੁੰਦਾ ਹੈ ਕਿ “ਵਸਤੁ ਪਰਾਈ ਅਪੁਨੀ ਕਰਿ ਜਾਨੈ”, ਭਾਵ ਜਿਸ ਕਰਤੇ ਨੇ ਮਨੁੱਖ ਨੂੰ ਸਰੀਰ ਤੇ ਜੀਵਨ ਸਮੇਤ, ਇਸ ਜੀਵਨ ਦੀ ਲੋੜ ਲਈ ਬੇਅੰਤ ਦਾਤਾਂ ਬਖ਼ਸ਼ੀਆਂ ਹੁੰਦੀਆਂ ਹਨ। ਹਉਮੈ `ਚ ਗ੍ਰਸਤ ਹੋਣ ਤੇ ਬਾਹਰਲੇ ਫੋਕਟ ਕਰਮਾਂ `ਚ ਅਟਕਿਆ, ਅਜਿਹਾ ਅਗਿਆਨੀ ਮਨੁੱਖ, ਕਰਤੇ ਦੀਆਂ ਬਖ਼ਸ਼ੀਆਂ ਉਨ੍ਹਾਂ ਬੇਅੰਤ ਦਾਤਾਂ `ਤੇ ਆਪਣੀ ਹੀ ਪਕੜ ਬਣਾ ਲੈਂਦਾ ਹੈ। ਇਸੇ ਤੋਂ “ਹਉਮੈ ਵਿਚਿ ਦੁਖੁ ਘਾਲੇ” ਹਰ ਸਮੇਂ ਹਉਮੈ ਕਾਰਨ ਉਨ੍ਹਾਂ ਪ੍ਰਾਪਤੀਆਂ ਤੇ ਦਾਤਾਂ ਦੇ ਖੁਸ ਜਾਣ ਜਾਂ ਹੋਰ ਹੋਰ ਪ੍ਰਾਪਤੀ ਦੀ ਲਾਲਸਾ ਵਾਲੇ ਡਰਾਂ ਸਹਿਮਾਂ ਤੇ ਅਰਮਾਨਾਂ `ਚ ਫ਼ਸਿਆ ਹੋਣ ਕਰਕੇ ਹੀ ਜੀਵਨ ਭਰ ਵੀ ਦੁਖੀ ਹੀ ਰਹਿੰਦਾ ਹੈ।

ਇਸ ਤੇ ਗੁਰੂ ਨਾਨਕ ਪਾਤਸ਼ਾਹ ਫ਼ੈਸਲਾ ਦਿੰਦੇ ਹਨ ਕਿ ਹਉਮੈ ਗ੍ਰਸਤ ਅਜਿਹੇ ਮਨਮੁਖ ਦੇ ਉਲਟ “ਨਾਨਕ ਗੁਰਮੁਖਿ ਹਉਮੈ ਤੁਟੈ” ਗੁਰਮੁਖ ਜਨ ਭਾਵ ਗੁਰੂ ਗਿਆਨ ਦੀ ਕਮਾਈ ਕਰਣ ਵਾਲੇ, ਗੁਰੂ ਦੇ ਸਨਮੁਖ ਰਹਿਣ ਵਾਲੇ ਜੀਵਨ ਦੇ ਅੰਦਰੋਂ ਹਊਮੈ ਦਾ ਹੀ ਨਾਸ ਹੋ ਜਾਂਦਾ ਹੈ। “ਤਾ ਹਰਿ ਹਰਿ ਨਾਮੁ ਧਿਆਵੈ” ਤਾਂ ਅਜਿਹੇ ਜੀਵਨ ਅੰਦਰ ਕਰਤੇ ਦੀ ਸਿਫ਼ਤ ਸਲਾਹ ਦਾ ਵਾਸਾ ਹੋ ਜਾਂਦਾ ਹੈ।

ਅਜਿਹੇ ਗੁਰਮੁਖ ਜੀਊੜੇ ਦਾ ਜੀਵਨ ਹੀ “ਨਾਮੁ ਜਪੇ ਨਾਮੋ ਆਰਾਧੇ” ਕਰਤੇ ਪ੍ਰਭੂ ਦੇ ਰੰਗ `ਚ ਰੰਗਿਆ ਜਾਂਦਾ ਹੈ। ਇਸ ਤਰ੍ਹਾਂ ਅਜਿਹਾ ਸਫ਼ਲ ਜੀਵਨ ਮਨੁੱਖ “ਨਾਮੇ ਸੁਖਿ ਸਮਾਵੈ” ਉਸ ਸਿਫ਼ਤ ਸਲਾਹ ਵਾਲੇ ਜੀਵਨ ਦੀ ਬਰਕਤ ਨਾਲ, ਜੀਊਂਦੇ ਜੀਅ ਹੀ ਕਰਤੇ `ਚ ਅਭੇਦ ਹੋ ਕੇ ਸਦੀਵੀ ਅਨੰਦ ਤੇ ਟਿਕਾਅ ਵਾਲਾ ਜੀਵਨ ਜੀਊਂਦਾ ਤੇ ਬਤੀਤ ਕਰਦਾ ਹੈ। ਜਿਸ ਦਾ ਨਤੀਜਾ ਅਜਿਹਾ ਵਡਭਾਗੀ, ਸਰੀਰ ਤਿਆਗਣ ਬਾਅਦ ਵੀ ਮੁੜ ਜਨਮ ਮਰਨ ਦੇ ਗੇੜ `ਚ ਨਹੀਂ ਆਉਂਦਾ। ੨।

ਗੁਰਮੱਤ ਵਿਚਾਰ ਦਰਸ਼ਨ- (੧) “ਜਮ ਜਾਲੇ” -ਇਸ ਸਲੋਕ `ਚ ਲਫ਼ਜ਼ “ਜਮ ਜਾਲੇ” ਖਾਸ ਧਿਆਨ ਮੰਗਦਾ ਹੈ। ਗੁਰਬਾਣੀ `ਚ ਲਫ਼ਜ਼ ‘ਜਮ’ ਬਹੁਤਾ ਕਰਕੇ ਦੋ ਗੁਰਮੱਤ ਅਰਥਾਂ `ਚ ਆਇਆ ਹੈ। ਇਸ ਦਾ ਇੱਕ ਗੁਰਮੱਤ ਅਰਥ ਹੈ ‘ਵਿਕਾਰ ਭਰਪੂਰ, ਆਤਮਿਕ ਜੀਵਨ ਪੱਖੋਂ ਮਰਿਆ ਹੋਇਆ ਮਨੁੱਖ’। ਇਸ ਦਾ ਦੂਜਾ ਗੁਰਮੱਤ ਅਰਥ ਹੈ ‘ਜਨਮ ਮਰਨ ਦਾ ਗੇੜ। ਇਸ ਤਰ੍ਹਾਂ ਗੁਰਬਾਣੀ `ਚ ਇਹ ਲਫ਼ਜ਼ ਆਪਣੇ ਆਪ `ਚ ‘ਜਨਮ ਮਰਨ’ ਦਾ ਹੀ ਸੰਖੇਪ ਹੈ।

ਸਪਸ਼ਟ ਹੈ ਮਨੁੱਖਾ ਜਨਮ ਪਾ ਕੇ ਵੀ ਜੇ ਕਰ ਮਨੁੱਖ ਨੇ ਸ਼ਬਦ ਗੁਰੂ ਦੀ ਕਮਾਈ ਨਹੀਂ ਕੀਤੀ ਤੇ ਜੀਵਨ ਨੂੰ ਸਫ਼ਲ ਨਹੀਂ ਕੀਤਾ। ਅਜਿਹਾ ਮਨੁੱਖ ਜੀਊਂਦੇ ਜੀਅ ਵੀ ਵਿਕਾਰਾਂ ਦੇ ਦੱਬ `ਚ ਹੀ ਫ਼ਸਿਆ ਰਹਿੰਦਾ ਹੈ ਤੇ ਉਸੇ ਦਾ ਨਤੀਜਾ ਹੁੰਦਾ ਹੈ ਕਿ ਮੌਤ ਤੋਂ ਬਾਅਦ ਵੀ ਜਨਮ ਮਰਨ ਦੇ ਗੇੜ `ਚ ਹੀ ਪੈਂਦਾ ਹੈ।

ਉਂਜ ਗੁਰਬਾਣੀ `ਚ ਕਿਧਰੇ-ਕਿਧਰੇ ਲਫ਼ਜ਼ ‘ਜਮ’ ਬ੍ਰਹਾਮਣੀ ਤੇ ਗਰੁੜ ਪੁਰਾਨ ਦੇ ਅਰਥਾਂ `ਚ ਵੀ ਆਇਆ ਹੈ ਪਰ ਉਥੇ ਉਸ ਦਾ ਖੰਡਣ ਕੀਤਾ ਹੋਇਆ ਹੈ। ਕਿਉਂਕਿ ਗਰੁੜ ਪੁਰਾਨ ਤੇ ਇਸ ਪੱਖੋਂ ਸੰਪੂਰਣ ਬ੍ਰਾਹਮਣੀ ਵਿਚਾਰਧਾਰਾ ਨੂੰ ਹੀ ਗੁਰਮੱਤ ਨੇ ਪ੍ਰਵਾਨ ਨਹੀਂ ਕੀਤਾ ਤੇ ਬਲਕਿ ਨਕਾਰਿਆ ਹੈ। ਇਸ ਲਈ ਗੁਰੂ ਕੀਆਂ ਸੰਗਤਾਂ ਲਈ ‘ਜਮ’ ਦੇ ਬ੍ਰਾਹਮਣੀ ਅਰਥਾਂ ਦਾ ਕੁੱਝ ਵੀ ਮਹੱਤਵ ਨਹੀਂ।

(੨) “…ਹਉਮੈ ਵਿਚਿ ਦੁਖੁ ਘਾਲੇ॥ ਨਾਨਕ ਗੁਰਮੁਖਿ ਹਉਮੈ ਤੁਟੈ ….”- ਸਲੋਕ ਨੂੰ ਧਿਆਨ ਨਾਲ ਵਾਚਿਆ ਜਾਵੇ ਤਾਂ ਇਥੇ ਵੀ ਮਨੁੱਖਾ ਜੀਵਨ ਦੇ ਦੋ ਪੱਖਾ ਦਾ ਸਪਸ਼ਟ ਜ਼ਿਕਰ ਹੈ। ਪਹਿਲਾ- ਮਨੁੱਖ ਜਦੋਂ ਆਤਮਿਕ ਪੱਖੋਂ ਪੂਰਨ ਅਗਿਆਨੀ ਹੁੰਦਾ ਤੇ ਮੂਲ ਰੂਪ `ਚ ਹਉਮੈ ਦੀ ਪਕੜ `ਚ ਹੀ ਹੁੰਦਾ ਹੈ। ਇਸੇ ਤੋਂ ਬਾਹਰੋਂ ਲੋਕਾਚਾਰੀ ਜਿਤਨੇ ਵੀ ਧਰਮ ਕਰਮ ਕਰਦਾ ਹੈ ਉਸ ਦੇ ਜੀਵਨ ਅੰਦਰੋਂ ਹਉਮੈ ਦਾ ਨਿਵਾਰਣ ਹੋਣ ਦੀ ਬਜਾਏ, ਹਉਮੈ ਹੋਰ ਤੇ ਹੋਰ ਪ੍ਰਪੱਕ ਹੁੰਦੀ ਜਾਂਦੀ ਹੈ। ਅਜਿਹਾ ਮਨੁੱਖ ਦਰਅਸਲ ਆਤਮਕ ਪੱਖੋਂ ਮੁਰਦਾ ਹੁੰਦਾ ਹੈ ਤੇ ਇਸ `ਤੇ ਵਿਕਾਰ ਆਪਣੀ ਪਕੜ ਬਨਾਉਂਦੇ ਜਾਂਦੇ ਹਨ। ਇਸੇ ਤੋਂ ਇਸ ਦੇ ਜੀਵਨ `ਚ ਉਖਾੜ ਤ੍ਰਿਸ਼ਨਾ ਭਟਕਣਾ ਚਿੰਤਾਵਾ, ਮਨਮੱਤਾ, ਹੂੜਮੱਤਾ, ਦੁਰਮੱਤਾਂ ਆਦਿ `ਚ ਹੀ ਵਾਧਾ ਆਉਂਦਾ ਹੈ। ਜੀਵਨ `ਚ ਟਿਕਾਅ ਨਹੀਂ ਆਉਦਾ। ਮੌਤ ਤੋਂ ਬਾਅਦ ਵੀ ਅਜਿਹਾ ਮਨੁੱਖ ਮੁੜ ਜਨਮ ਮਰਨ ਦੇ ਗੇੜ `ਚ ਹੀ ਪੈਂਦਾ ਹੈ।

ਦੂਜੇ ਪਾਸੇ ਸ਼ਬਦ ਗੁਰੂ ਦੀ ਕਮਾਈ ਕਰਣ ਵਾਲੇ ਦੇ ਜੀਵਨ ਅੰਦਰੋਂ ਹਉਮੈ ਦਾ ਨਿਵਾਰਣ ਹੋ ਜਾਂਦਾ ਹੈ। ਜੀਵਨ `ਤੇ ਵਿਕਾਰ ਭਾਰੂ ਨਹੀਂ ਹੋ ਸਕਦੇ। ਜੀਵਨ `ਚ ਕਰਤੇ ਦੀ ਸਿਫ਼ਤ ਸਲਾਹ ਵਾਲਾ ਰੰਗ ਚੜ੍ਹਦਾ ਜਾਂਦਾ ਹੈ। ਜੀਵਨ ਅੰਦਰ ਸੰਤੋਖ, ਟਿਕਾਅ ਤੇ ਸਦੀਵੀ ਅਨੰਦ ਪੈਦਾ ਹੁੰਦਾ ਜਾਂਦਾ ਹੈ। ਅਜਿਹਾ ਜੀਊੜਾ ਜੀਉੰਦੇ ਜੀਆ ਹੀ ਕਰਤੇ `ਚ ਅਭੇਦ ਹੋ ਜਾਂਦਾ ਹੈ ਤੇ ਮੁੜ ਹਨਮ ਮਰਨ ਦੇ ਗੇੜ `ਚ ਵੀ ਨਹੀਂ ਆਉਂਦਾ।

ਪਵੜੀ॥ ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ॥ ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ॥ ਮੂਰਖੁ ਭੋਗੇ ਭੋਗੁ ਦੁਖੁ ਸਬਾਇਆ॥ ਸੁਖਹੁ ਉਠੇ ਰੋਗ ਪਾਪ ਕਮਾਇਆ॥ ਹਰਖਹੁ ਸੋਗੁ ਵਿਜੋਗੁ ਉਪਾਇ ਖਪਾਇਆ॥ ਮੂਰਖ ਗਣਤ ਗਣਾਇ, ਝਗੜਾ ਪਾਇਆ॥ ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ॥ ਕਰਤਾ ਕਰੇ ਸੁ ਹੋਗੁ, ਨ ਚਲੈ ਚਲਾਇਆ॥ ੪॥ {ਪੰਨਾ ੧੩੯}

ਪਦ ਅਰਥ: ਹੰਸ—ਜੀਵ, ਜੀਵਾਤਮਾ। ਸੰਜੋਗੁ ਮੇਲਿ—ਸੰਜੋਗ ਮੇਲ ਕੇ, ਜੋੜ ਮਿਥ ਕੇ। ਤਿਨ ਹੀ—ਤਿਨਿ ਹੀ। ਜਿਨਿ—ਜਿਸ (ਪ੍ਰਭੂ) ਨੇ। ਤਿਨ ਹੀ—ਉਸ (ਪ੍ਰਭੂ) ਨੇ ਆਪ ਹੀ। ਸਬਾਇਆ—ਸਾਰੇ। ਹਰਖਹੁ—ਖ਼ੁਸ਼ੀ ਤੋਂ। ਗਣਤ ਗਣਾਇ—ਲੇਖਾ ਲਿਖਾ ਕੇ। ਮੂਰਖ ਗਣਤ ਗਣਾਇ—ਮੂਰਖਾਂ ਵਾਲੇ ਕੰਮ ਕਰ ਕੇ, ਹਉਮੈ ਅਧੀਨ ਕੰਮ ਕਰਕੇ। ਸਤਿਗੁਰ- ਸਦਾ ਥਿਰ ਗੁਰੂ, ਸਰੀਰ ਗੁਰੂ ਨਹੀਂ, ਆਤਮਕ ਗਿਆਨ, ਵਿਵੇਕ ਬੁਧ। ਝਗੜਾ—ਜਨਮ ਮਰਨ ਦਾ ਲੰਬਾ ਝੰਬੇਲਾ, ਜੀਵ ਅੰਦਰੋਂ ਹਊਮੈ ਦਾ ਨਾਸ ਕਰਣਾ। ਸੁ ਹੋਗੁ—ਉਹੀ ਹੋਵੇਗਾ। (ਨੋਟ-ਲਫ਼ਜ਼ ‘ਜਿਨਿ’ ਦੇ ਟਾਕਰੇ ਤੇ ਲਫ਼ਜ਼ ‘ਤਿਨਿ’ ਹੈ। ਏਥੇ ‘ਤਿਨਿ’ ਦੇ ਅੱਖਰ ‘ਨ’ ਦੀ ‘ਿ’ ਉੱਡ ਗਈ ਹੈ, ਵੇਖੋ ‘ਗੁਰਬਾਣੀ ਵਿਆਕਰਣ’ ਪ੍ਰੌ: ਸਾਹਿਬ ਸਿੰਘ ਜੀ ‘ਵਾਕ-ਰਚਨਾ’ ਵਿੱਚ ਅੰਕ ‘ਹੀ’ )।

ਅਰਥ: ਸਰੀਰ ਤੇ ਜੀਵ ਆਤਮਾ ਦੇ ਸੰਜੋਗ ਨੂੰ ਮਿਥ ਕੇ ਅਕਾਲ ਪੁਰਖ ਨੇ ਆਪ ਹੀ ਇਨ੍ਹਾਂ ਨੂੰ ਮਨੁੱਖ ਦੇ ਜਨਮ ਵਾਲਾ ਰੂਪ ਬਖ਼ਸ਼ਿਆ ਹੁੰਦਾ ਹੈ। ਉਪ੍ਰੰਤ ਜਿਸ ਪ੍ਰਭੂ ਨੇ ਸਰੀਰ ਤੇ ਜੀਵ ਦੇ ਮਿਲਾਪ ਨਾਲ ਮਨੁੱਖ ਨੂੰ ਜਨਮ ਦਿੱਤਾ ਹੁੰਦਾ ਹੈ ਇਨ੍ਹਾਂ ਦਾ ਵਿਛੋੜਾ ਵੀ ਉਸ ਨੇ ਆਪ ਹੀ ਮਿੱਥ ਕੇ ਵੀ ਰਖਿਆ ਹੁੰਦਾ ਹੈ।

ਜਦਕਿ ਸਰੀਰ ਤੇ ਆਤਮਾ ਵਾਲਾ ਇਹ ਮਿਲਾਪ ਹੋ ਜਾਣ ਤੋਂ ਬਾਅਦ ਜੀਵ ਮਾਨੋ ਇਹ ਭੁੱਲ ਹੀ ਜਾਂਦਾ ਹੈ ਕਿ ਇੱਕ ਦਿਨ ਉਸ ਨੇ ਇਸ ਸਰੀਰ ਤੋਂ ਅੱਡ ਵੀ ਹੋਣਾ ਤੇ ਆਪਣੇ ਅਸਲ ਘਰ `ਚ ਵਾਪਿਸ ਵੀ ਜਾਣਾ ਹੈ। ਇਸੇ ਦਾ ਨਤੀਜਾ ਹੁੰਦਾ ਹੈ ਕਿ:-

“ਮੂਰਖੁ ਭੋਗੇ ਭੋਗੁ ਦੁਖੁ ਸਬਾਇਆ” ਇਸ ਤਰ੍ਹਾਂ ਸਰੀਰ ਨਾਲ ਮਿਲਾਪ ਹੋ ਜਾਣ ਤੋਂ ਬਾਅਦ, ਜਿਵੇਂ ਕਿ ਇਹ ਮੂਰਖ ਤੇ ਅਨਜਾਣ ਜੀਵਾਤਮਾ ਭਾਵ ਹਉਮੈ ਵੱਸ ਹੋ ਕੇ ਇਸ ਸਰੀਰ ਨੂੰ ਹੀ ਆਪਣਾ ਸਦੀਵੀ ਸਾਥੀ ਤੇ ਸਭਕੁਝ ਮੰਨ ਬੈਠਦੀ ਹੈ। ਉਸੇ ਦਾ ਨਤੀਜਾ ਹੁੰਦਾ ਹੈ ਕਿ ਮੂਰਖਤਾ (ਹਉਮੈ) ਦਾ ਸ਼ਿਕਾਰ ਹੋ ਚੁੱਕੀ ਜੀਵਾਤਮਾ, ਨਿਰਾ ਪੁਰਾ ਇਸ ਸਰੀਰ ਦੇ ਆਹਰਾਂ `ਚ ਹੀ ਲੱਗ ਜਾਂਦੀ ਹੈ ਤੇ ਬਦਲੇ `ਚ ਆਪਣੇ ਅਸਲ ਮਾਲਿਕ, ਜਿਸ ਦਾ ਕਿ ਇਹ ਅੰਸ਼ ਹੈ ਤੇ ਅੰਤ ਜਿਸ `ਚ ਇਸ ਨੇ ਸਮਾਉਣਾ ਹੈ, ਅਭੇਦ ਹੋਣਾ ਹੈ, ਉਸ ਅਕਾਲ ਪੁਰਖ ਨੂੰ ਵੀ ਵਿਸਾਰ ਦਿੰਦੀ ਹੈ। ਬੱਸ ਇਸੇ ਪ੍ਰਭੂ ਵਾਲੇ ਇਸੇ ਵਿਛੋੜੇ ਤੋਂ ਹੀ ਸ਼ੁਰੂ ਹੁੰਦੀ ਹੈ “ਦੁਖੁ ਸਬਾਇਆ” ਭਾਵ ਇਸ ਦੇ ਸਾਰੇ ਦੁਖਾਂ ਦੀ ਕਹਾਣੀ ਤੇ ਜਨਮ ਮਰਨ ਵਾਲਾ ਗੇੜ।

“ਸੁਖਹੁ ਉਠੇ ਰੋਗ ਪਾਪ ਕਮਾਇਆ” ਭਾਵ ਇਸ ਸਾਰੇ ਦੀ ਜੜ੍ਹ ਹੁੰਦੀ ਹੈ ਜੀਵਾਤਮਾ ਰਾਹੀਂ ਆਪਣੀ ਮੂਰਖਤਾ (ਹਊਮੈ) ਕਾਰਨ ਪ੍ਰਭੂ ਨਾਲ ਪੈਦਾ ਕੀਤਾ ਜਾ ਚੁੱਕਾ ਆਪਣਾ ਵਿਛੋੜਾ, ਅੱਡਰਾਪਣ। ਇਹ ਜੀਵ, ਆਪਣੇ ਇਸ ਸਰੀਰ ਲਈ ਫ਼ਰਜ਼ੀ ਸੁਖਾਂ ਦੀ ਦੌੜ `ਚ ਹੀ ਪਾਪਾਂ ਵਾਲੀ ਕਮਾਈ ਹੀ ਕਰ ਰਹੀ ਹੁੰਦੀ ਹੈ।

ਧਿਆਨ ਰਹੇ! ਗੁਰਬਾਣੀ ਅਨੁਸਾਰ, ਜੀਵਾਤਮਾ ਰਾਹੀਂ ਪਾਪ ਕਮਉਣ ਦਾ ਇਕੋ ਹੀ ਅਰਥ ਹੈ। ਉਹ ਇਹ ਹੈ ਕਿ ਸਰੀਰ ਸਮੇਤ ਕਰਤੇ ਦੀਆਂ ਬਿਅੰਤ ਦਾਤਾਂ ਨੂੰ ਤਾਂ ਵਰਤਦੇ ਜਾਣਾ ਪਰ ਆਪਹੁੱਦਰੇ ਤੇ ਮਨਮਤੀਏ ਹੋ ਕੇ। ਜਦਕਿ ਦਾਤਾਂ ਦੇਣ ਵਾਲੇ ਦਾਤੇ ਨੂੰ ਹੀ ਵਿਸਾਰ ਦੇਣਾ, ਉਸ ਦੀਆਂ ਦਾਤਾਂ ਨੂੰ ਨਾ ਸ਼ੁਕਰੇ ਹੋ ਕੇ ਵਰਤਣਾ। ਠੀਕ ਉਸੇ ਤਰ੍ਹਾਂ ਜਿਵੇਂ ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ॥ ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ॥ ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ” (ਪੰ੪੭੩)। ਇਥੇ ਪਾਪੀ ਦੇ ਅਰਥ ਹਨ ਦਾਤਾਂ ਦੇਣ ਵਾਲੇ ਕਰਤੇ ਭੁਲਿਆ ਤੇ ਦਾਤਾਂ ਦੀ ਕੁਵਰਤੋਂ `ਚ ਉਲਝਿਆ ਇਨਸਾਨ।

“ਹਰਖਹੁ ਸੋਗੁ ਵਿਜੋਗੁ ਉਪਾਇ ਖਪਾਇਆ॥ ਮੂਰਖ ਗਣਤ ਗਣਾਇ, ਝਗੜਾ ਪਾਇਆ” ਇਸ ਤਰ੍ਹਾਂ ਪਦਾਰਥਵਾਦ `ਚ ਗ਼ਲਤਾਨ, ਹਊਮੈ ਗ੍ਰਸਤ ਜੀਵਾਤਮਾ, “ਮੂਰਖੁ ਭੋਗੇ ਭੋਗੁ” ਇਨ੍ਹਾਂ ਸਰੀਰਕ ਭੋਗਾਂ ਦੀ ਖ਼ੁਸ਼ੀ ਤੋਂ ਆਪਣੇ ਲਈ ਹੀ ਚਿੰਤਾ, ਤ੍ਰਿਸ਼ਨਾ ਆਦਿ ਵਿਕਾਰਾਂ ਨੂੰ ਰਸਤਾ ਦਿੰਦੀ ਜਾਂਦੀ ਹੈ; ਅੰਤ ਕਰਤੇ ਨਾਲੋਂ ਬਣ ਚੁੱਕੀ ਆਪਣੀ ਵਿਥ ਤੇ ਵਿਛੋੜੇ ਤੋਂ ਹੀ ਮੂਰਖ ਗਣਤ ਗਣਾਇ, ਝਗੜਾ ਪਾਇਆ” ਆਪਣੇ ਲਈ ਜਨਮ ਮਰਨ ਦੇ ਗੇੜ ਵਾਲਾ ਲੰਮਾ ਝੰਬੇਲਾ ਸਹੇੜ ਲੈਂਦੀ ਹੈ।

“ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ” ਉਪ੍ਰੰਤ ਆਪਣੀ ਮੂਰਖਤਾ (ਹਊਮੈ) ਕਾਰਨ, ਪ੍ਰਭੂ ਤੋਂ ਵਿਛੜੀ ਹੋਈ, ਅੱਡਰੀ ਹੋ ਕੇ ਵਿਚਰ ਰਹੀ ਜੀਵਾਤਮਾ ਦੇ, ਕਰਤੇ ਪ੍ਰਭੂ ਤੋਂ ਬਣੇ ਹੋਏ ਇਸ ਵਿਛੋੜੇ ਭਾਵ ਜਨਮ ਮਰਨ ਦੇ ਗੇੜ ਨੂੰ ਮੁਕਾਉਣ ਦੀ ਤਾਕਤ ਕੇਵਲ ਸਤਿਗੁਰੂ ਦੇ ਹੱਥ ਹੀ ਹੁੰਦੀ ਹੈ। ਇਸ ਤਰ੍ਹਾਂ ਇਹ ਜੀਵਾਤਮਾ ਜਦੋਂ ਫ਼ਿਰ ਸਤਿਗੁਰੂ ਦੀ ਸ਼ਰਨ `ਚ ਆ ਜਾਂਦੀ ਹੈ। ਇਸ ਤੇ ਸਤਿਗੁਰੂ, ਜੀਵ ਅੰਦਰੋਂ ਹਊਮੈ ਦਾ ਨਾਸ ਕਰਕੇ ਜੀਵਾਤਮਾ ਲਈ ਬਣੇ ਹੋਏ ਪ੍ਰਭੂ ਤੋਂ ਵਿਛੋੜੇ ਨੂੰ ਨਿਬੇੜ ਦਿੰਦਾ ਹੈ, ਖਤਮ ਕਰ ਦਿੰਦਾ ਹੈ, ਮੁਕਾਅ ਦਿੰਦਾ ਹੈ। ਇਸ ਤਰ੍ਹਾਂ ਜੀਵਾਤਮਾ ਲਈ ਜਨਮ ਮਰਨ ਵਾਲਾ ਬਣਿਆ ਹੋਇਆ ਝੰਬੇਲਾ ਵੀ ਮੁੱਕ ਜਾਂਦਾ ਹੈ।

“ਕਰਤਾ ਕਰੇ ਸੁ ਹੋਗੁ, ਨ ਚਲੈ ਚਲਾਇਆ” ਜਦਕਿ ਇਸ ਸਫ਼ਲਤਾ ਤੇ ਜੀਵਾਤਮਾ ਦੇ ਜਨਮ ਮਰਨ ਵਾਲੇ ਝਮੇਲੇ ਨੂੰ ਮੁਕਾਉਣ ਲਈ ਜੀਵਾਂ ਦੀ ਆਪਣੀ ਕੋਈ ਵੀ ਸਿਆਣਪ ਕੰਮ ਨਹੀਂ ਆਉਂਦੀ। ਆਖ਼ਿਰ ਹੁੰਦਾ ਉਹੀ ਹੈ ਜੋ ਕਰਤਾਰ ਕਰਦਾ ਹੈ ਅਥਵਾ ਜੋ ਕਰਤੇ ਨੂੰ ਭਾਉਂਦਾ ਹੈ ਜਦਕਿ ਇਸਦਾ ਜ਼ਰੀਆਂ ਸਤਿਗੁਰੂ ਹੀ ਹੁੰਦਾ ਹੈ ਕੋਈ ਦੂਜਾ ਨਹੀਂ। ੪।

ਗੁਰਮੱਤ ਵਿਚਾਰ ਦਰਸ਼ਨ- ਪਉੜੀ `ਚ ਮੂਲ ਵਿਸ਼ਾ ਹੀ ਇਹ ਹੈ ਕਿ ਇਸ ਸੰਸਾਰ ਚਕਰ `ਚ ਅਕਾਲ ਪੁਰਖ, ਜੀਵਾਤਮਾ ਤੇ ਸਰੀਰਾਂ ਦੇ ਮਿਲਾਪ ਤੋਂ ਮਨੁੱਖ ਦੇ ਜੀਵਨ ਨੂੰ ਘੜਦਾ ਤੇ ਇਸਦਾ ਅਰੰਭ ਕਰਦਾ ਹੈ। ਉਪ੍ਰੰਤ ਉਸ ਸਰੀਰ ਤੇ ਆਤਮਾ ਨੂੰ ਆਪਸ `ਚ ਵਿਛੋੜਣ ਦੀ ਤਾਕਤ ਵੀ ਕਰਤੇ ਪਾਸ ਹੀ ਹੁੰਦੀ ਹੈ। ਜਦਕਿ ਆਪਣੀ ਅਗਿਆਨਤਾ (ਮੂਰਖਤਾ, ਹਉਮੈ ਵੱਸ) ਕਾਰਨ ਜੀਵਾਤਮਾ, ਸਰੀਰ ਦੇ ਇਸ ਮਿਲਾਪ ਦੇ ਤੋਂ ਹੀ, ਆਪਣੇ ਅਸਲੇ ਪ੍ਰਭੂ ਨੂੰ ਵਿਸਾਰ ਦਿੰਦੀ ਹੇ ਤੇ ਇਸ ਸਰੀਰ (ਜਿਹੜਾ ਕਿ ਸਦੀਵੀ ਨਹੀਂ) ਇਸੇ ਦੇ ਭੋਗਾਂ `ਚ ਵਿਅਸਤ ਹੋ ਜਾਂਦੀ ਹੀ। ਇਸ ਤਰ੍ਹਾਂ ਮੂਰਖਤਾ (ਹਉਮੈ ਵੱਸ) ਦਾ ਸ਼ਿਕਾਰ ਹੋ ਚੁੱਕੀ ਜੀਵਾਤਮਾ ਜਿਉਂ ਜਿਉਂ ਇਸ ਸਰੀਰ ਦੇ ਰਸਾਂ, ਸੁਆਦਾਂ ਤੇ ਸੁਖਾਂ `ਚ ਉਲਝਦੀ ਜਾਂਦੀ ਹੈ, ਤਿਉਂ ਤਿਉਂ ਕਈ ਵਿਕਾਰ, ਹਉਮੈ, ਚਿੰਤਾ ਤ੍ਰਿਸ਼ਨਾ ਆਦਿ ਇਸ `ਤੇ ਭਾਰੂ ਹੁੰਦੇ ਜਾਂਦੇ ਹਨ। ਇਸ ਤਰ੍ਹਾਂ ਪ੍ਰਭੂ ਤੋਂ ਇਸ ਦਾ ਵਿਛੋੜਾ ਵੀ ਹੋਰ ਤੇ ਹੋਰ ਲੰਮਾਂ ਹੁੰਦਾ ਜਾਂਦਾ ਹੈ। ਇਹ ਜਨਮ ਮਰਨ ਦੇ ਲੰਮੇ ਝਮੇਲੇ `ਚ ਫ਼ਸਦੀ ਜਾਂਦੀ ਹੈ।

ਜੀਵਅਤਮਾ ਦੇ ਆਪਣੇ ਯਤਣ ਤੇ ਸਿਆਣਪਾਂ ਭਾਵ ਇਸ ਰਾਹੀਂ ਹਊਮੈ ਅਧੀਨ ਕੀਤੇ ਕੰਮ, ਪ੍ਰਭੂ ਨਾਲੋ ਇਸ ਦੇ ਵਿਛੋੜੇ ਅਤੇ ਉਸ ਤੋਂ ਬਣਿਆ ਹੋਇਆ ਇਸ ਦੇ ਲਈ ਜਨਮ ਮਰਨ ਵਾਲਾ ਝਮੇਲਾ ਨਹੀਂ ਮੁਕਾਅ ਸਕਦੀਆਂ। ਕਿਉਂਕਿ ਇਸ ਜਨਮ ਮਰਨ ਵਾਲੇ ਝੰਜਟ ਨੂੰ ਖ਼ਤਮ ਕਰਣ ਦੀ ਸਮਰਥਾ ਕੇਵਲ ਸਤਿਗੁਰੂ ਪਾਸ ਹੀ ਹੁੰਦੀ ਹੈ।

ਇਸ ਲਈ ਜੀਵਾਤਮਾ ਜਦੋਂ ਸਤਿਗੁਰੂ ਦੀ ਸ਼ਰਨ `ਚ ਆ ਜਾਂਦੀ ਹੈ ਤਾਂ ਸਤਿਗੁਰੂ ਉਸ ਦੇ ਅੰਦਰੋਂ ਹਊਮੈ ਨੂੰ ਖਤਮ ਕਰਕੇ, ਇਸ ਦੇ ਵਿਛੋੜੇ ਵਾਲੇ ਝਗੜੇ ਨੂੰ ਨਿਬੇੜ ਦਿੰਦਾ ਹੇ, ਮੁਕਾਅ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਇਸ ਨੂੰ ਮੁੜ ਇਸ ਦੇ ਆਪਣੇ ਘਰ, ਨਿਜ ਘਰ ਭਾਵ ਕਰਤੇ `ਚ ਹੀ ਅਭੇਦ ਕਰ ਦਿੰਦਾ ਹੈ।

ਇਸ ਦਾ ਜਨਮ ਮਰਨ ਵਾਲਾ ਗੇੜ ਮੁਕਾਅ ਕੇ ਇਸ ਨੂੰ ਵਾਪਿਸ ਕਰਤੇ ਪ੍ਰਭੂ `ਚ ਅਭੇਦ ਕਰਵਾ ਦਿੰਦਾ ਹੈ। ਜਦਕਿ ਮੂਲ ਰੂਪ ਇਹ ਸਾਰੀ ਕਲਾ ਵੀ ਕਰਤਾ ਪੁਰਖ ਜੀ ਦੀ ਆਪਣੀ ਹੀ ਵਰਤ ਰਹੀ ਹੁੰਦੀ ਹੈ।

ਪਉੜੀ ਅਤੇ ਸਲੋਕਾਂ ਦੀ ਆਪਸੀ ਸਾਂਝ- ਜਿਵੇਂ ਕਿ ਪਉੜੀ `ਚ ਦੇਖ ਚੁੱਕੇ ਹਾਂ ਕਿ ਕਿਵੇਂ ਸਾਡੇ ਮਨੁੱਖਾ ਜੀਵਨ ਦਾ ਜਦੋਂ ਪਹਿਲੀ ਵਾਰ ਅਰੰਭ ਹੁੰਦਾ ਹੈ? ਉਸ ਸਮੇਂ ਕਰਤੇ ਵੱਲੋਂ ਕੇਵਲ ਸਰੀਰ ਤੇ ਜੀਵਾਤਮਾ (ਕਰਤੇ ਦੀ ਆਤਮਾ, ਪ੍ਰਭੂ ਅੰਸ਼) ਦੇ ਮਿਲਾਪ ਤੋਂ ਗੱਲ ਸ਼ੁਰੂ ਹੁੰਦੀ ਹੈ। ਫ਼ਿਰ ਇਹੀ ਜਾਵਤਮਾ ਜਦੋਂ ਹਊਮੈ ਵੱਸ ਹੋ ਕੇ ਜਿਸ ਦੇ ਲਈ ਪਉੜੀ `ਚ ਸ਼ਬਦਾਵਲੀ ਆਈ ਹੈ “ਮੂਰਖੁ ਭੋਗੇ ਭੋਗੁ ਦੁਖ ਸਬਾਇਆ॥ ਸੁਖਹੁ ਉਠੇ ਰੋਗ ਪਾਪ ਕਮਾਇਆ॥ ਹਰਖਹੁ ਸੋਗੁ ਵਿਜੋਗੁ ਉਪਾਇ ਖਪਾਇਆ॥ ਮੂਰਖ ਗਣਤ ਗਣਾਇ ਝਗੜਾ ਪਾਇਆ” ਇਸ ਤਰ੍ਹਾਂ ਇਹ ਆਪਣੇ ਅਸਲੇ ਪ੍ਰਭੂ ਤੋਂ ਅੱਡ ਹੋ ਜਾਂਦੀ ਹੈ ਤੇ ਜਨਮ ਮਰਨ ਦੇ ਗੇੜ `ਚ ਹੀ ਫ਼ਸੀ ਰਹਿੰਦੀ ਹੈ। ਇਥੇ ਹਉਮੈ ਵੱਸ ਹੋ ਚੁੱਕੀ ਆਤਮਾ (ਹੰਸ) ਲਈ ਹੀ ਲਫ਼ਜ਼ ਮੂਰਖ ਆਇਆ ਹੈ।

ਇਸ ਦੇ ਨਾਲ ਇਹ ਵੀ ਪਉੜੀ `ਚ ਹੀ ਸਪਸ਼ਟ ਕੀਤਾ ਹੈ ਕਿ ਵਿਛੋੜੇ ਭਾਵ ਜਨਮ ਮਰਨ ਦੇ ਗੇੜ ਨੂੰ ਖਤਮ ਕਰਣ ਲਈ ਜੀਵ ਦੀਆਂ ਆਪਣੀਆਂ ਸਿਆਣਪਾਂ (ਹਊਮੈ) ਕੰਮ ਨਹੀਂ ਆਉਂਦੀਆਂ। ਅਕਾਲ ਪੁਰਖ ਜਦੋਂ ਆਪ ਬਖ਼ਸ਼ਿਸ਼ ਕਰਕੇ “ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ॥ ਕਰਤਾ ਕਰੇ ਸੁ ਹੋਗੁ ਨ ਚਲੈ ਚਲਾਇਆ” ਜੀਵ ਦਾ ਮਿਲਾਪ ਸਤਿਗੁਰੂ ਨਾਲ ਕਰਵਾ ਦਿੰਦਾ ਹੈ ਤਾਂ ਇਸ ਤਰ੍ਹਾਂ ਜੀਵਾਤਮਾ ਸਤਿਗੁਰੂ ਦੀ ਸ਼ਰਨ `ਚ ਆ ਜਾਂਦੀ ਹੈ ਤਾਂ ਸਤਿਗੁਰੂ ਇਸ ਅੰਦਰੋ ਹਊਮੈ ਦਾ ਨਾਸ ਕਰਕੇ ਇਸ ਦੇ ਇਸ ਜਨਮ ਮਰਨ ਵਾਲੇ ਵਿਛੋੜੇ ਨੂੰ “ਝਗੜੁ ਚੁਕਾਇਆ ਖਤਮ ਕਰ ਦਿੰਦਾ ਹੈ, ਮੁਕਾਅ ਦਿੰਦਾ ਹੈ। ਜਦਕਿ ਇਸ ਸਾਰੇ ਪਿਛੇ ਵੀ ਕਲਾ ਅਕਾਲ ਪੁਰਖ ਦੀ ਆਪਣੀ ਹੀ ਵਰਤ ਰਹੀ ਹੁੰਦੀ ਹੈ।

ਚੂੰਕਿ ਕਿਸੇ ਵੀ ਵਾਰ ਵਿਚਲੇ ਸਲੋਕ, ਪਉੜੀ `ਚ ਆਈ ਵਿਚਾਰ ਨੂੰ ਹੋ ਖੋਲਣ ਤੇ ਸਪਸ਼ਟ ਕਰਣ ਲਈ ਹੁੰਦੇ ਹਨ। ਉਸੇ ਤਰ੍ਹਾਂ ਇਥੇ ਵੀ ਪਹਿਲੇ ਸਲੋਕ `ਚ ਗੁਰਦੇਵ ਸਪਸ਼ਟ ਕਰਦੇ ਹਨ:-

ਆਪਣੀ ਹਉਮੈ ਕਾਰਨ, ਪ੍ਰਭੂ ਤੋਂ ਵਿਛੜੀ ਹੋਈ ਤੇ ਜਨਮ ਮਰਨ ਦੇ ਗੇੜ `ਚ ਪਈ ਹੋਈ ਇਸ ਆਤਮਾ ਨੂੰ ਬੇਸ਼ਕ ਕਿਸੇ ਮਨੁੱਖਾ ਜਨਮ ਸਮੇਂ ਕਰਤੇ ਵੱਲੋਂ ਕਿਤਨੀ ਵੀ ਸਮ੍ਰਥਾ ਤੇ ਤਾਕਤਾਂ ਮਿਲ ਜਾਣ ਜਾਂ ਸੰਸਾਰ ਤਲ ‘ਤੁੇ ਆਪਣੇ ਆਪ ਨੂੰ ਵੱਡਾ ਧਰਮੀ ਸਾਬਤ ਕਰ ਲਵੇ ਪਰ ਜਦੋਂ ਤੱਕ ਇਸ ਅੰਦਰੋਂ ਹਉਮੈ ਦਾ ਨਾਸ ਨਹੀਂ ਹੁੰਦਾ ਇਸ ਦਾ ਪ੍ਰਭੂ ਨਾਲ ਮਿਲਾਪ ਹੀ ਸੰਭਵ ਨਹੀਂ ਹੁੰਦਾ। ਇਸ ਲਈ ਸੋਝੀ ਆ ਜਾਣ `ਤੇ ਇਸ ਨੂੰ ਕਰਤੇ ਕੋਲੌਂ ਇਕੋ ਹੀ ਮੰਗ ਕਰਣ ਦੀ ਲੋੜ ਹੁੰਦੀ ਹੈ। ਅਤੇ ਉਹ ਮੰਗ ਇਹ ਕਿ “ਨਾ ਹਉ ਨਾ ਮੈ ਨਾ ਹਉ ਹੋਵਾ ਨਾਨਕ ਸਬਦੁ” ਭਾਵ ਹੇ ਕਰਤੇ ਤੂੰ ਮੇਰੇ ਅੰਦਰੋਂ ਹਉਮੈ ਦਾ ਨਿਵਾਰਨ ਕਰ ਤਾ ਕਿ ਮੈਂ ਤੇਰੇ ਦਰ `ਤੇ ਕਬੂਲ ਹੋ ਸਕਾਂ ਤੇ ਮੇਰਾ ਅਜੋਕਾ ਜਨਮ ਮਰਨ ਵਾਲਾ ਗੇੜ ਵੀ ਮੁੱਕ ਜਾਵੇ।

ਇਸੇ ਤਰ੍ਹਾਂ ਦੂਜੇ ਸਲੋਕ `ਚ ਵੀ ਗੁਰਦੇਵ ਨੇ ਇਹੀ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਮਨੁੱਖ ਦੀ ਆਪਣੀ ਮਾਨਸਿਕ ਹਾਲਤ “ਵਸਤੁ ਪਰਾਈ ਅਪੁਨੀ ਕਰਿ ਜਾਨੈ, ਹਉਮੈ ਵਿਚਿ ਦੁਖੁ ਘਾਲੇ” ਵਾਲੀ ਹੀ ਬਣੀ ਹੁੰਦੀ ਹੈ। ਇਹ ਜਿਤਨੇ ਚਾਹੇ ਧਾਰਮਿਕ ਭੇਖ ਕਰਦਾ ਫ਼ਿਰੇ ਜਾਂ ਕੁੱਝ ਵੀ ਇਸ ਦਾ ਕਰਤੇ ਨਾਲ ਮਿਲਾਪ ਨਹੀਂ ਹੋ ਸਕਦਾ। ਇਹ ਜੀਵ ਨਿਜ ਘਰ `ਚ ਨਹੀਂ ਜਾ ਸਕਦਾ ਜੱਦੋਂ ਤੱਕ ਕਿ “ਨਾਨਕ ਗੁਰਮੁਖਿ ਹਉਮੈ ਤੁਟੈ ਤਾ ਹਰਿ ਹਰਿ ਨਾਮੁ ਧਿਆਵੈ॥ ਨਾਮੁ ਜਪੇ ਨਾਮੋ ਆਰਾਧੇ ਨਾਮੇ ਸੁਖਿ ਸਮਾਵੈ” ਵਾਲੀ ਅਵਸਥਾ `ਚ ਨਹੀਂ ਆ ਜਾਂਦਾ। (ਚਲਦਾ) #10 MkV.GVDs10.04.12#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Majh Ki Vaar M:1 GVD & Steek” BEING LOADED IN ISTTS. Otherwise All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.