.

ਸੇਖ ਫਰੀਦ ਜੀਉ ਕੀ ਬਾਣੀ

(12)

ਸਲੋਕ ਸੇਖ ਫਰੀਦ ਕੇ

ਸਬਰ ਅਥਵਾ ਨਿਰੰਤਰ ਪ੍ਰਯਤਨ ਦਰਵੇਸ਼ ਦੇ ਸੁਭਾ ਦਾ ਵੱਡਾ ਗੁਣ ਹੈ। ਪਰੰਤੂ ਇਸ ਗੁਣ ਨੂੰ ਧਾਰਨ ਕਰਨਾ ਅਤਿਅੰਤ ਕਠਿਨ ਹੈ। ਸਬਰ-ਹੀਣੇ ‘ਦਰਵੇਸ਼’ ਭੇਖੀ ਤੇ ਕਪਟੀ ਹੁੰਦੇ ਹਨ; ਉਨ੍ਹਾਂ ਦਾ ਜੀਵਨ-ਉਦੇਸ਼ ਪਰਮਾਰਥ ਨਹੀਂ ਸਗੋਂ ਸੁਧਾ ਸੁਆਰਥ ਹੀ ਹੁੰਦਾ ਹੈ। ਇਸੇ ਸੱਚ ਨੂੰ ਫ਼ਰੀਦ ਜੀ ਅਗਲੇ ਸ਼ਲੋਕ ਵਿੱਚ ਅਭਿਵਿਅਕਤ ਕਰਦੇ ਹਨ:

ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤਿ॥

ਇਕਨਿ ਕਿਨੈ ਚਾਲੀਐ ਦਰਵੇਸਾਵੀ ਰੀਤਿ॥ ੧੧੮॥

ਸ਼ਬਦ ਅਰਥ:- ਗਾਖੜੀ: ਕੰਡਿਆਲੀ, ਮੁਸ਼ਕਿਲ। ਚੋਪੜੀ: ਸੁਆਰਥ ਵਾਸਤੇ ਕੀਤੀ ਗਈ ਦਿਖਾਵੇ ਦੀ, ਕਪਟੀ।

ਇਕਨਿ ਕਿਨੈ: ਕਿਸੇ ਵਿਰਲੇ ਨੇ। ਚਾਲੀਐ: ਚੱਲੀ ਹੈ, ਅਪਣਾਈ ਹੈ।

ਦਰਵੇਸਾਵੀ: ਦਰਵੇਸ਼ਾਂ ਵਾਲੀ, ਸੱਚੇ ਭਗਤਾਂ ਵਾਲੀ। ਰੀਤਿ: ਜੀਵਨ-ਢੰਗ।

ਭਾਵ ਅਰਥ:- ਫ਼ਰੀਦ! ਦਰਵੇਸ਼ਾਂ ਦਾ (ਸਬਰ-ਸੰਤੋਖ ਵਾਲਾ) ਜੀਵਨ ਬਹੁਤ ਕੰਡਿਆਲਾ ਤੇ ਕਠਿਨ ਹੁੰਦਾ ਹੈ। (ਇਸ ਲਈ) ਬਹੁਤਿਆਂ ਦੀ ਫ਼ਕੀਰੀ ਦਿਖਾਵੇ ਦੀ ਹੀ ਹੁੰਦੀ ਹੈ। ਦਰਵੇਸ਼ਾਂ ਵਾਲੀ ਸੱਚੀ ਰਾਹ ‘ਤ ਕੋਈ ਵਿਰਲਾ ਹੀ ਚਲਦਾ ਹੈ।

ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿੑ॥

ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨਿ॥ ੧੧੯॥

ਸ਼ਬਦ ਅਰਥ:- ਤਨੂਰ: ਤੰਦੂਰ, ਭੱਠੀ। ਬਾਲਣੁ ਹਡ ਬਲੰਨਿ: (ਇਸ ਤੰਦੂਰ ਵਿਚ) ਹੱਡੀਆਂ ਬਾਲਣ ਦੀ ਤਰ੍ਹਾਂ ਜਲ ਰਹੀਆਂ ਹਨ।

ਸਿਰਿ ਜੁਲਾਂ: ਸਿਰ ਦੇ ਭਾਰ ਚੱਲਾਂ, ਕੋਈ ਵੀ ਜ਼ਹਮਤ/ਕਸ਼ਟ ਉਠਾਉਣ ਲਈ ਤਿਆਰ ਹਾਂ।

ਮੂੰ: ਮੈਨੂੰ। ਪਿਰੀ: ਪ੍ਰੀਤਮ। ਮਿਲੰਨਿ: ਮਿਲ ਜਾਵੇ ਤਾਂ।

ਭਾਵ ਅਰਥ:- (ਫ਼ਰੀਦ!) ਮੇਰਾ ਸਰੀਰ (ਬਿਰਹੇ ਦੇ ਸੰਤਾਪ ਕਾਰਣ) ਤੰਦੂਰ ਦੀ ਤਰ੍ਹਾਂ ਮਚ ਰਿਹਾ ਹੈ; ਇਸ ਤੰਦੂਰ ਵਿੱਚ ਮੇਰੀਆਂ ਹੱਡੀਆਂ ਬਾਲਣ ਵਾਂਗ ਬਲ ਰਹੀਆਂ ਹਨ। ਭਾਵ ਮੇਰਾ ਰੋਮ ਰੋਮ ਦੁਖੀ ਹੈ। (ਇਸ ਦੁਖੀਮਈ ਹਾਲਤ ਵਿੱਚ ਵੀ) ਮੈਂ ਹਰ ਜ਼ਹਮਤ ਉਠਾਉਣ ਨੂੰ ਤਿਆਰ ਹਾਂ ਜੇ ਕਿਤੇ ਮੈਨੂੰ ਮੇਰਾ ਪਿਆਰਾ ਮਿਲ ਜਾਵੇ ਤਾਂ! ਭਾਵ ਮੈਂ ਆਪਣੇ ਪ੍ਰੀਤਮ ਦੇ ਮਿਲਾਪ ਦੀ ਖ਼ਾਤਿਰ ਹਰ ਕਠਿਨਾਈ ਤੇ ਕਸ਼ਟ ਬਰਦਾਸ਼ਤ ਕਰਨ ਵਾਸਤੇ ਤਿਆਰ ਹਾਂ।

ਸ਼ਲੋਕ ਨੰ: ੧੨੦ ਤੋਂ ੧੨੪ ਗੁਰੂ ਜੀਆਂ ਦੇ ਉਚਾਰੇ ਹੋਏ ਹਨ, ਜੋ ਕਿ ਫ਼ਰੀਦ ਜੀ ਦੇ ਸਲੋਕ ਨੰ: ੧੧੯ ਦਾ ਹੀ ਵਿਸਤਾਰ ਹੈ।

ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ॥

ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ॥ ੧੨੦॥ ਮ; ੧

ਸ਼ਬਦ ਅਰਥ:- ਫੇੜਿਆ: ਵਿਗਾੜਿਆ, ਗ਼ਲਤ ਕੀਤਾ। ਨਿਹਾਲਿ: ਦੇਖ।

ਭਾਵ ਅਰਥ:- (ਹੇ ਫ਼ਰੀਦ! ਪਿਰੀ ਦੀ ਭਾਲ `ਚ ਅਸਫ਼ਲ ਹੋ ਕੇ) ਆਪਣੇ ਤਨ ਨੂੰ ਨਾ ਕਲਪਾ। ਸਿਰ ਪੈਰ ਆਦਿ ਨੇ ਤੇਰਾ ਕੀ ਵਿਗਾੜਿਆ ਹੈ ਜੋ ਤੂੰ ਇਨ੍ਹਾਂ ਨੂੰ ਕਸ਼ਟ ਦੇਣ ਦੀ ਸੋਚਦਾ ਹੈਂ? (ਚੜ੍ਹਦੀ ਕਲਾ `ਚ ਰਹਿੰਦਿਆਂ) ਆਪਣੇ ਪ੍ਰੀਤਮ ਨੂੰ ਆਪਣੇ ਹਿਰਦੇ ਅੰਦਰ ਹੀ ਦੇਖ!

ਹਉ ਢੂਢੇਦੀ ਸਜਣਾ ਸਜਣ ਮੈਡੇ ਨਾਲਿ॥

ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਇ ਦਿਖਾਲਿ॥ ੧੨੧॥ ਮ: ੪

ਸ਼ਬਦ ਅਰਥ:- ਹਉ: ਮੈਂ। ਮੈਡੇ: ਮੇਰੇ।

ਅਲਖੁ: ਲਕਸ਼ਣ-ਰਹਿਤ, ਅਦ੍ਰਿਸ਼ਟ, ਜੋ ਗਿਆਨ ਇੰਦ੍ਰੀਆਂ ਨਾਲ ਦੇਖਿਆ ਨਹੀਂ ਜਾ ਸਕਦਾ। ਲਖੀਐ: ਦੇਖ ਸਕਣਾ।

ਗੁਰਮੁਖਿ: ਗੁਰੂ ਦੀ ਸਿੱਖਿਆ `ਤੇ ਚੱਲ ਕੇ।।

ਭਾਵ ਅਰਥ:- ਮੈਂ ਜਿਸ ਸਜਣ ਦੀ ਭਾਲ ਵਿੱਚ ਬਾਹਰ ਭਟਕ ਰਿਹਾ ਹਾਂ, ਉਹ ਸੱਜਣ ਤਾਂ ਮੇਰੇ ਅੰਤਰ ਆਤਮੇ ਹੀ ਵੱਸਦਾ ਹੈ। ਹੇ ਨਾਨਕ! ਜਿਹੜਾ ਅਦ੍ਰਿਸ਼ਟ ਪ੍ਰਭੂ ਸ਼ਰੀਰਿਕ ਅੱਖਾਂ ਨਾਲ ਨਹੀਂ ਦੇਖਿਆ ਜਾਂਦਾ, ਉਸ ਨੂੰ ਗੁਰੂ-ਗਿਆਨ ਦੀਆਂ ਅੱਖਾਂ ਨਾਲ ਦੇਖਿਆ ਜਾ ਸਕਦਾ ਹੈ।

ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ॥

ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ॥ ੧੨੨॥ ਮ: ੩

ਸ਼ਬਦ ਅਰਥ:- ਹੰਸਾ: ਬਿਬੇਕ ਬੁੱਧ ਵਾਲੇ ਮਹਾਂਪੁਰਖ, ਸੱਚ (ਇਕ ਅਕਾਲ ਪੁਰਖ) ਤੇ ਝੂਠ (ਨਾਸਮਾਨ ਪਦਾਰਥਕ ਜਗਤ) ਵਿਚਲੇ ਭੇਦ ਨੂੰ ਪਰਖਣ ਵਾਲੇ ਬ੍ਰਹਮ-ਗਿਆਨੀ। ਤਰੰਦਿਆ: ਭਵਸਾਗਰ ਤੋਂ ਪਾਰ ਹੁੰਦਿਆਂ।

ਬਗਾ: ਭੇਖੀ-ਪਾਖੰਡੀ। ਚਾਉ: ਉਤਸਾਹ।

ਬਪੁੜੇ: ਵਿਚਾਰੇ, ਆਤਮਿਕ ਗੁਣਾਂ ਤੋਂ ਕੋਰੇ। ਸਿਰੁ ਤਲਿ ਉਪਰਿ ਪਾਉ: ਬੁਰੀ ਮੌਤ ਮਰੇ।

ਭਾਵ ਅਰਥ:- ਆਤਮ-ਗਿਆਨੀ ਬਿਬੇਕੀ ਬੰਦਿਆਂ (ਹੰਸਾਂ) ਨੂੰ ਆਪਣੇ ਦ੍ਰਿੜ ਯਤਨਾਂ ਸਦਕਾ ਇਸ ਭਵਸਾਗਰ ਤੋਂ ਪਾਰ ਹੁੰਦਿਆਂ ਵੇਖ ਕੇ ਬੇਚਾਰੇ ਕਪਟੀ ਪਾਜੀਆਂ ਨੇ ਵੀ ਉਤਸਾਹ ਵਿੱਚ ਇਹ ਭ੍ਰਮ ਪਾਲ ਲਿਆ ਕਿ ਉਨ੍ਹਾਂ ਦਾ ਵੀ ਪਾਰਉਤਾਰਾ ਹੋ ਜਾਵੇਗਾ! ਪਰੰਤੂ ਉਹ ਬੇਚਾਰੇ ਇਸ ਝੂਠੇ ਭ੍ਰਮ ਦੇ ਭੰਵਰ ਵਿੱਚ ਫ਼ਸ ਕੇ ਬੁਰੀ ਮੌਤੇ ਮਰ ਗਏ।

ਮੈ ਜਾਨਿਆ ਵਡਹੰਸ ਹੈ ਤਾਂ ਮੈ ਕੀਤਾ ਸੰਗੁ॥

ਜੇ ਜਾਣਾ ਬਗੁ ਬਪੜਾ ਜਨਮੁ ਨ ਭੇੜੀ ਅੰਗੁ॥ ੧੨੩॥ ਮ: ੩

ਸ਼ਬਦ ਅਰਥ:- ਵਡਹੰਸ: ਮਹਾਂਪੁਰਖ, ਸਚਿਆਰ ਜੀਵਨ ਵਾਲਾ। ਕੀਤਾ ਸੰਗੁ: ਸੰਗਤ ਕੀਤੀ, ਲੜ ਫੜਿਆ।

ਨ ਭੇੜੀ ਅੰਗ: ਨਾ ਛੂਹਂਦੀ, ਮਗਰ ਨਾ ਲਗਦੀ।

ਭਾਵ ਅਰਥ:- ਪਾਖੰਡੀ ਦੇ ਭੇਖ ਤੋਂ ਭੁਲੇਖਾ ਖਾ ਕੇ ਮੈਂ ਇਹ ਸਮਝ ਬੈਠਾ ਕਿ ਇਹ ਕੋਈ ਸਚਿਆਰ ਪੁਰਖ ਹੈ, ਇਸ ਲਈ ਮੈਂ ਇਸ ਦਾ ਪੱਲਾ ਫੜਿਆ ਸੀ; ਪਰੰਤੂ ਜੇ ਮੈਨੂੰ ਸੋਝੀ ਹੁੰਦੀ ਕਿ ਇਹ ਤਾਂ ਭੈੜਾ ਪਾਖੰਡੀ ਹੈ ਤਾਂ ਮੈਂ ਇਸ ਨੂੰ ਛੂਹੰਦੀ ਤਕ ਨਾ ਅਰਥਾਤ ਜੀਵਨ `ਚ ਕਦੇ ਵੀ ਇਸ ਦੇ ਮਗਰ ਨਾ ਲੱਗਦੀ!

ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ॥

ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ॥ ੧੨੪॥ ਮ: ੧

ਸ਼ਬਦ ਅਰਥ:- ਨਦਰਿ: ਕ੍ਰਿਪਾ-ਦ੍ਰਿਸ਼ਟੀ।

ਕਾਗਹੁ: ਕਾਂ ਤੋਂ।

ਭਾਵ ਅਰਥ:- ਜਿਸ ਉਪਰ ਕਰਤਾਰ ਦੀ ਨਿਗਾਹ ਸਵੱਲੀ ਹੋਵੇ ਤਾਂ ਕੀ ਹੰਸ (ਪਰਮਾਰਥੀ ਪੁਰਸ਼) ਤੇ ਕੀ ਬਗਲਾ (ਭੇਖੀ ਤੇ ਪਾਖੰਡੀ ਮਨੁੱਖ)! ਹੇ ਨਾਨਕ! ਜੇ ਪ੍ਰਭੂ ਨੂੰ ਚੰਗਾ ਲੱਗੇ ਤਾਂ ਉਹ (ਆਪਣੀ ਕ੍ਰਿਪਾ-ਦ੍ਰਿਸ਼ਟੀ ਨਾਲ) ਮਨ ਦੇ ਖੋਟੇ ਪਾਪੀਆਂ (ਕਾਲੇ ਕਾਂਵਾਂ) ਨੂੰ ਵੀ ਸ੍ਰੇਸ਼ਟ ਬੰਦੇ (ਮੋਤੀ ਚੁਗਣ ਵਾਲੇ ਹੰਸ) ਬਣਾ ਦਿੰਦਾ ਹੈ।

ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ॥

ਇਹੁ ਤਨੁ ਲਹਰੀ ਗਡੁ ਥਿਆ ਸਚੇ ਤੇਰੀ ਆਸ॥ ੧੨੫॥

ਸ਼ਬਦ ਅਰਥ:- ਹੇਕੜੋ: ਇੱਕ ਇਕੱਲਾ। ਫਾਹੀਵਾਲ: ਫੰਧੇ (ਜਾਲ) ਵਿੱਚ ਫਸਾਉਣ ਵਾਲੇ। ਪਚਾਸ: ਪੰਜਾਹ, ਕਈ।

ਲਹਰੀ: ਸੰਸਾਰ ਦੀਆਂ ਲਹਰਾਂ (ਵਿਕਾਰੀ ਜੰਜਾਲਾਂ) ਵਿੱਚ। ਲਹਰੀ ਗਡੁ ਥੀਆ: ਵਿਕਾਰਾਂ ਦੇ ਜੰਜਾਲ-ਜਾਲ ਵਿੱਚ ਉਲਝ ਗਿਆ ਹੈ।

ਭਾਵ ਅਰਥ:- (ਫ਼ਰੀਦ!) ਸੰਸਾਰ-ਸਾਗਰ ਵਿੱਚ ਮੈਂ ਇਕੱਲਾ ਹਾਂ, ਅਤੇ ਮੈਨੂੰ ਫਾਹੁਣ ਵਾਲੇ (ਦਰਵੇਸ਼ੀ ਜੀਵਨ ਵਿੱਚ ਖਲਲ ਪਾਉਣ ਵਾਲੇ) ਕਈ ਹਨ। ਮੇਰਾ ਆਪਾ ਸੰਸਾਰ ਦੇ ਵਿਕਾਰੀ ਜੰਜਾਲ-ਜਾਲ ਵਿੱਚ ਉਲਝ ਗਿਆ ਹੈ; (ਹੇ ਕਰਤਾਰ!) ਇਸ ਨਿਰਾਸ਼ਾ ਦੀ ਹਾਲਤ ਵਿੱਚ ਮੈਨੂੰ ਇੱਕ ਤੇਰੇ ਹੀ ਸਹਾਰੇ ਦੀ ਆਸ ਹੈ।

ਅਗਲੇ ਸ਼ਲੋਕਾਂ ਵਿੱਚ ਫ਼ਰੀਦ ਜੀ ਉਨ੍ਹਾਂ ਸਦਗੁਣਾਂ ਦਾ ਉੱਲੇਖ ਕਰਦੇ ਹਨ ਜਿਨ੍ਹਾਂ ਦੇ ਧਾਰਨ ਕਰਨ ਨਾਲ ਜਿਗਿਆਸੂ ਸੱਚਾ ਦਰਵੇਸ਼ ਬਣ ਕੇ ਪ੍ਰਭੂ ਨਾਲ ਸਦੀਵੀ ਸਾਂਝ ਪਾ ਸਕਦਾ ਹੈ। ਸ਼ਲੋਕ ਨੰ: ੧੨੬ ਜਿਗਿਆਸੂ ਦੇ ਮਨ ਵਿੱਚ ਉਪਜਿਆ ਪ੍ਰਸ਼ਨ ਹੈ ਅਤੇ ਅਗਲੇਰੇ ਚਾਰ ਸ਼ਲੋਕਾਂ ਵਿੱਚ ਸੰਖੇਪ ਪਰ ਭਾਵਪੂਰਨ ਉੱਤਰ ਹੈ।

ਕਵਣੁ ਸੁ ਅਖਰੁ ਕਵਣ ਗੁਣੁ ਕਵਣੁ ਸੁ ਮਣੀਆ ਮੰਤੁ॥

ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੇ ਕੰਤੁ॥ ੧੨੬॥

ਸ਼ਬਦ ਅਰਥ:- ਕਵਣੁ: ਕਿਹੜਾ। ਸੁ: ਉਹ। ਅਖਰੁ: ਸਿੱਖਿਆ, ਉਪਦੇਸ਼।

ਗੁਣੁ: ਦੈਵੀ ਗੁਣ। ਮਣੀਆ: ਸ਼ਿਰੋਮਣੀ। ਮੰਤੁ: ਮੰਤ੍ਰ, ਚਿੰਤਨ (ਮਨਨ) ਯੋਗ ਸ਼ਬਦ।

ਵੇਸੋ: ਲਿਬਾਸ, ਮਨ, ਅੰਤਹਕਰਣ। ਜਿਤੁ: ਜਿਸ ਨਾਲ। ਵਸਿ ਆਵੇ: ਮੈਨੂੰ ਕਬੂਲ ਕਰ ਲਵੇ।

ਭਾਵ ਅਰਥ:- (ਫ਼ਰੀਦ!) ਉਹ ਕਿਹੜਾ ਉਪਦੇਸ਼ ਹੈ, ਉਹ ਕਿਹੜਾ ਸਦਗੁਣ ਹੈ, ਉਹ ਕਿਹੜਾ ਚਿੰਤਨ-ਯੋਗ ਸ਼ਬਦ ਹੈ ਅਤੇ (ਮਨ/ਆਤਮਾ ਦਾ) ਉਹ ਕਿਹੜਾ ਪਰਮ ਪਵਿਤ੍ਰ ਲਿਬਾਸ ਹੈ ਜਿਸ ਦੇ ਧਾਰਨ ਕਰਨ ਨਾਲ ਮੇਰਾ ਪਤੀ ਪਰਮਾਤਮਾ ਮੈਨੂੰ ਪ੍ਰਵਾਨ ਕਰ ਲਵੇ।

ਨਿਵਣੁ ਸੁ ਅਖਰੁ ਖਵਣੁ ਗੁਣ ਜਿਹਬਾ ਮਣੀਆ ਮੰਤੁ॥

ਏ ਤ੍ਰੈ ਭੈਣੇ ਵੇਸ ਕਰਿ ਤਾ ਵਸਿ ਆਵੀ ਕੰਤੁ॥ ੧੨੭॥

ਸ਼ਬਦ ਅਰਥ:- ਨਿਵਣੁ: ਨਿਮਰਤਾ, ਹਲੀਮੀ। ਖਵਣੁ: ਖਿਮਾ ਤੇ ਸਹਿਨਸ਼ੀਲਤਾ, ਬਰਦਾਸ਼ਤ ਕਰਨਾ।

ਜਿਹਬਾ: ਜੀਭ ਦੀ ਮਿਠਾਸ, ਮਿੱਠਾ ਬੋਲਣ। ਭੈਣੇ: ਸਾਥੀ ਜਿਗਿਆਸੂ। ਵੇਸ: ਮਨ/ਆਤਮਾ ਦੇ ਸਦਗੁਣ, ਲਿਬਾਸ।

ਭਾਵ ਅਰਥ:- (ਪ੍ਰਭੂ ਨਾਲ ਸਦੀਵੀ ਸਾਂਝ ਪਾਉਣ ਵਾਸਤੇ) ਹੇ ਭੈਣੇ! ਨਮਰਤਾ/ਹਲੀਮੀ ਦੀ ਸਿੱਖਿਆ `ਤੇ ਅਮਲ, ਖਿਮਾ ਤੇ ਸਹਿਣਸ਼ੀਲਤਾ ਦਾ ਸਦਗੁਣ, ਅਤੇ ਜ਼ੁਬਾਨ ਦੀ ਮਿਠਾਸ ਹੀ ਮਨ/ਆਤਮਾ ਦੇ ਉਹ ਤਿੰਨ ਗਹਿਣੇ ਹਨ ਜਿਨ੍ਹਾਂ ਨੂੰ ਧਾਰਨ ਕੀਤਿਆਂ ਚਹੇਤਾ ਪਤੀ ਵਸ ਵਿੱਚ ਆ ਸਕਦਾ ਹੈ।

ਮਤਿ ਹੋਦੀ ਹੋਇ ਇਆਣਾ॥ ਤਾਣ ਹੋਦੇ ਹੋਇ ਨਿਤਾਣਾ॥

ਅਣਹੋਦੇ ਆਪੁ ਵੰਡਾਏ॥ ਕੋਈ ਐਸਾ ਭਗਤੁ ਸਦਾਏ॥ ੧੨੮॥

ਸ਼ਬਦ ਅਰਥ:- ਮਤਿ: ਆਤਮ-ਗਿਆਨ। ਇਆਣਾ: ਅਗਿਆਨ, ਗਿਆਨ ਦਾ ਹੰਕਾਰ ਨਾ ਕਰਨ ਵਾਲਾ।

ਤਾਣ: ਸੰਸਾਰਕ ਵਡੱਪਣ, ਬਲ। ਨਿਤਾਣਾ: ਤਾਣ/ਸ਼ਕਤੀ/ਵਡੱਪਣ ਦਾ ਹੰਕਾਰ ਨਾ ਕਰੇ।

ਅਣਹੋਦੇ: ਨਿਰਧਨ, ਗ਼ਰੀਬੀ ਦੀ ਹਾਲਤ। ਆਪੁ ਵੰਡਾਏ: ਲੋੜਵੰਦਾਂ ਨਾਲ ਵੰਡੇ।

ਭਾਵ ਅਰਥ:- ਜਿਹੜਾ ਬੰਦਾ ਗਿਆਨਵਾਨ ਹੈ ਪਰ ਇਸ ਦੈਵੀ ਗੁਣ ਦਾ ਹੰਕਾਰ ਨਹੀਂ ਕਰਦਾ, ਸੰਸਾਰਕ ਵਡੱਪਣਾਂ ਦਾ ਮਾਲਿਕ ਹੋਣ ਦੇ ਬਾਵਜੂਦ ਵੀ ਨਮਰਤਾ ਦੇ ਗੁਣ ਦਾ ਧਾਰਨੀ ਹੈ ਅਤੇ ਨਿਰਧਨਤਾ ਦੀ ਹਾਲਤ ਵਿੱਚ ਵੀ ਲੋੜਵੰਦਾਂ ਨਾਲ ਵੰਡ ਕੇ ਖਾਂਦਾ ਹੈ, ਅਜਿਹਾ ਹੀ ਕੋਈ ਵਿਰਲਾ ਬੰਦਾ ਭਗਤ ਅਖਵਾਉਣ ਦੇ ਯੋਗ ਹੈ।

ਇਕੁ ਫਿਕਾ ਨਾ ਗਾਲਾਇ ਸਭਨਾ ਮੈ ਸਚਾ ਧਣੀ॥

ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ॥ ੧੨੯॥

ਸ਼ਬਦ ਅਰਥ:- ਫਿਕਾ: ਇਨਸਾਨੀਅਤ ਦੀ ਮਿਠਾਸ ਤੋਂ ਖ਼ਾਲੀ ਖਰ੍ਹਵੇ ਬੋਲ। ਨ ਗਾਲਾਇ: ਨਾ ਬੋਲੇ, ਨਾ ਕਹੇ।

ਸਚਾ ਧਣੀ: ਸਦ-ਸਥਿਰ ਸਾਹਬਿ, ਕਰਤਾਰ।

ਹਿਆਉ: ਮਨ, ਆਤਮਾ, ਹਿਰਦਾ। ਕੈਹੀ: ਕਿਸੇ ਦਾ। ਠਾਹਿ: ਢਾਹ ਲਾਉਣਾ, ਦੁਖਾਉਣਾ।

ਮਾਣਕ: ਮੋਤੀ। ਅਮੋਲਵੈ: ਅਨਮੋਲ।

ਭਾਵ ਅਰਥ:- (ਫ਼ਰੀਦ!) ਸੱਭ ਜੀਵਾਂ ਦੇ ਮਨ ਅੰਦਰ ਉਸ ਸੱਚੇ ਸਾਹਿਬ ਦਾ ਨਿਵਾਸ ਹੈ, ਇਸ ਲਈ ਕਿਸੇ ਨੂੰ ਵੀ ਖਰ੍ਹਵੇ/ਕੌੜੇ ਬੋਲ ਨਾ ਬੋਲ। (ਆਤਮ ਵਿੱਚ ਪਰਮਾਤਮ ਹੋਣ ਕਾਰਣ) ਸਾਰੇ ਜੀਵਾਂ ਦੇ ਮਨ ਅਨਮੋਲ ਮੋਤੀ ਹਨ; ਇਸ ਵਾਸਤੇ ਕਿਸੇ ਦੇ ਹਿਰਦੇ ਨੂੰ ਕੁਬੋਲਾਂ ਦੀ ਠੇਸ ਨਾ ਲਾ! (ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣੀ ਮਨ-ਮੰਦਰ ਵਿੱਚ ਵੱਸਦੇ ਸਰਬ-ਵਿਆਪਕ ਸਾਹਿਬ ਦਾ ਅਪਮਾਨ ਹੈ।)

ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ॥

ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀਦਾ॥ ੧੩੦॥

ਸ਼ਬਦ ਅਰਥ:- ਠਾਹਣੁ: ਠੇਸ, ਦੁੱਖ। ਮੂਲਿ: ਜ਼ਰਾ ਵੀ।

ਮਚਾਂਗਵਾ: ਮ=ਨਹੀਂ+ਚਾਂਗਵਾ=ਚੰਗਾ; ਚੰਗਾ ਨਹੀਂ। ਪਿਰੀਆ: ਪ੍ਰੀਤਮ ਪਰਮਾਤਮਾ। ਸਿਕ: ਤੀਬ੍ਰ ਇੱਛਾ।

ਕਹੀਦਾ: ਕਿਸੇਦਾ।

ਭਾਵ ਅਰਥ:- (ਫ਼ਰੀਦ!) ਸੱਭ ਜੀਵਾਂ ਦੇ ਮਨ ਮੋਤੀਆਂ ਦੀ ਮਾਨਿੰਦ (ਕੀਮਤੀ ਤੇ ਨਾਜ਼ੁਕ) ਹਨ ਜੋ ਸਹਿਜੇ ਹੀ ਤਿੜਕ ਜਾਣ ਵਾਲੇ ਹਨ, (ਇਸ ਲਈ) ਕਿਸੇ ਦੇ ਵੀ ਮਨ ਨੂੰ ਠੇਸ ਪਹੁੰਚਾਉਣਾ ਚੰਗਾ ਨਹੀਂ! ਜੇ ਤੈਨੂੰ ਆਪਣੇ ਪਿਆਰੇ (ਪ੍ਰਭੂ) ਨੂੰ ਮਿਲਨ ਦੀ ਸੱਚੀ ਤੀਬ੍ਰ ਇੱਛਾ ਹੈ ਤਾਂ ਕਿਸੇ ਦੇ ਵੀ ਮਨ ਨੂੰ ਕੁਬੋਲਾਂ ਨਾਲ ਦੁੱਖ ਨਾ ਦੇ।

********** ਇਤੀ **********

ਗੁਰਇੰਦਰ ਸਿੰਘ ਪਾਲ

ਮਈ 27, 2012. 
.