.

ਸੇਖ ਫਰੀਦ ਜੀਉ ਕੀ ਬਾਣੀ

(11)

ਸਲੋਕ ਸੇਖ ਫਰੀਦ ਕੇ

ਰੱਬ ਨੂੰ ਭੁੱਲੇ ਹੋਏ ਮਾਇਆਧਾਰੀਆਂ, ਜਿਹੜੇ ਧਨ ਸੰਪਤੀ ਇਕੱਠੀ ਕਰਦਿਆਂ ਆਪਣਾ ਅਨਮੋਲ ਮਨੁੱਖਾ ਜੀਵਨ ਵਿਅਰਥ ਗਵਾ ਦਿੰਦੇ ਹਨ, ਦੇ ਮਹਿਲ-ਮਾੜੀਆਂ ਵਾਲੇ ਆਰਾਮਦੇਹ ਜੀਵਨ ਨਾਲੋਂ ਦਰਵੇਸ਼ਾਂ ਦੀ ਪੰਛੀਆਂ ਦੇ ਜੀਵਨ ਵਰਗੀ ਸਾਦਾ ਜ਼ਿੰਦਗੀ ਬਿਹਤਰ ਹੈ। ‘ਪੱਲੇ ਖ਼ਰਚ ਨਾ ਬੰਨ੍ਹਦੇ ਪੰਛੀ ਤੇ ਦਰਵੇਸ਼’। ਇਸ ਅਧਿਆਤਮਵਾਦੀ ਵਿਚਾਰ ਦਾ ਪ੍ਰਗਟਾਵਾ ਫ਼ਰੀਦ ਜੀ ਪੰਛੀਆਂ ਦੇ ਤਿਆਗੀ ਜੀਵਨ ਦੀ ਮਿਸਾਲ ਦੇ ਕੇ ਕਰਦੇ ਹਨ:

ਫਰੀਦਾ ਹਉ ਬਲਿਹਾਰੀ ਤਿਨੑ ਪੰਖੀਆ ਜੰਗਲਿ ਜਿਨਾੑ ਵਾਸੁ॥

ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿੑ ਪਾਸੁ॥ ੧੦੧॥

ਸ਼ਬਦ ਅਰਥ:- ਬਲਿਹਾਰੀ: ਕੁਰਬਾਨ ਹਾਂ, ਸਦਕੇ ਜਾਂਦਾ ਹਾਂ। ਕਕਰੁ: ਕੰਕਰ, ਦਾਣਾ-ਦੁਨਕਾ, ਰੋੜ।

ਥਲਿ ਵਸਨਿ: ਧਰਤੀ `ਤੇ ਵੱਸਦੇ ਹਨ, ਅਰਥਾਤ ਪਦਾਰਥਵਾਦੀ ਮਨੁੱਖਾਂ ਦੀ ਤਰ੍ਹਾਂ ਹਉਮੈ ਦੀ ਹਵਾ ਵਿੱਚ ਨਹੀਂ ਉੱਡਦੇ।

ਪਾਸੁ: ਪਾਸਾ, ਲੜ। ਰਬ ਨ ਛੋਡਨਿ ਪਾਸੁ: ਰਬ ਦਾ ਲੜ ਨਹੀਂ ਛੱਡਦੇ, ਉਸ ਨੂੰ ਹਮੇਸ਼ਾ ਯਾਦ ਰੱਖਦੇ ਹਨ।

ਭਾਵ ਅਰਥ:- ਫ਼ਰੀਦ! ਮੈਂ ਉਨ੍ਹਾਂ ਪੰਛੀਆਂ ਤੋਂ ਕੁਰਬਾਨ ਹਾਂ ਜਿਹੜੇ ਦਾਣਾ-ਦੁਨਕਾ ਲੱਭ ਕੇ ਖਾਂਦੇ ਹਨ, (ਮਾਇਆਧਾਰੀਆਂ ਵਾਂਗ ਹਉਮੈ ਦੀ ਹਵਾ ਵਿੱਚ ਉੱਡਣ ਦੀ ਬਜਾਏ) ਜੰਗਲ ਵਿੱਚ ਧਰਤੀ `ਤੇ ਹਲੀਮੀ ਨਾਲ ਵਿਚਰਦੇ ਹਨ, ਅਤੇ ਰੱਬ ਦਾ ਲੜ ਕਦੇ ਨਹੀਂ ਛੱਡਦੇ!

ਮਾਇਆਧਾਰੀ ਮਨੁੱਖ ਧਰਤੀ ਦੇ ਜੀਵ ਹੋ ਕੇ ਵੀ ਹਉਮੈ ਦੀ ਹਵਾ ਵਿੱਚ ਉਡਾਰੀਆਂ ਮਾਰਦੇ ਹਨ। ਇਸ ਦੇ ਉਲਟ ਪੰਛੀ, ਹਵਾ ਦੇ ਜੀਵ ਹੁੰਦਿਆਂ ਹੋਇਆਂ ਵੀ, ਧਰਤੀ `ਤੇ ਵਿਚਰਦੇ ਹਨ, ਅਰਥਾਤ ਉੱਡਣ ਦੀ ਸਮਰਥਾ ਦੀ ਹਉਮੈ ਤਿਆਗ ਕੇ ਹਲੀਮੀ ਵਾਲਾ ਜੀਵਨ ਜੀਉਂਦੇ ਹਨ।

ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ॥

ਚਾਰੈ ਕੁੰਡਾਂ ਢੂੰਢੀਆਂ ਰਹਣੁ ਕਿਥਾਉ ਨਾਹਿ॥ ੧੦੨॥

ਸ਼ਬਦ ਅਰਥ:- ਰੁਤਿ ਫਿਰੀ: ਮੌਸਮ `ਚ ਤਬਦੀਲੀ ਆ ਗਈ ਹੈ, ਜਵਾਨੀ ਢਲ ਗਈ ਤੇ ਬੁਢੇਪਾ ਆ ਗਿਆ। ਵਣੁ: ਰੁੱਖ, ਸਰੀਰ ਰੂਪੀ ਰੁੱਖ। ਵਣੁ ਕੰਬਿਆ: ਸਰੀਰ ਰੂਪੀ ਰੁੱਖ ਬੁੱਢਾ ਹਣੋ ਕਾਰਨ ਕੰਬਣ ਲੱਗਿਆ ਹੈ।

ਪਤ ਝੜੇ ਝੜਿ ਪਾਹਿ: ਸਰੀਰ-ਰੁੱਖ ਦੇ ਪੱਤੇ ਝੜ ਗਏ; ਇੰਦ੍ਰੀਆਤਮਕ ਸ਼ਕਤੀਆਂ ਨਕਾਰੀਆਂ ਹੋ ਗਈਆਂ।

ਚਾਰੇ ਕੁੰਡਾਂ: ਚਾਰੇ ਦਿਸ਼ਾਵਾਂ, ਸਭ ਪਾਸੇ।

ਭਾਵ ਆਰਥ:- ਫ਼ਰੀਦ! ਜੀਵਨ-ਰੁੱਤ ਬਦਲ ਗਈ ਹੈ ਅਰਥਾਤ ਜਵਾਨੀ ਢਲ ਗਈ ਹੈ ਤੇ ਬੁਢੇਪਾ ਆ ਗਿਆ ਹੈ। ਬੁੱਢਾ ਸਰੀਰ ਕਮਜ਼ੋਰੀ ਕਾਰਨ ਕੰਬਣ ਲੱਗ ਗਿਆ ਹੈ। ਅਤੇ ਇੰਦ੍ਰੀਆਤਮਕ ਸ਼ਕਤੀਆਂ ਰੂਪੀ ਪੱਤੇ ਝੜ ਗਏ ਹਨ। ਮੈਂ ਸਭ ਪਾਸੇ ਦੇਖ ਭਾਲ ਲਿਆ ਹੈ ਅਤੇ ਇਹੋ ਨਜ਼ਰ ਆਉਂਦਾ ਹੈ ਕਿ ਇਸ ਨਾਸ਼ਮਾਨ ਸੰਸਾਰ ਵਿੱਚ ਕੁੱਝ ਵੀ ਸਥਾਈ ਨਹੀਂ!

ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ॥

ਜਿਨੀੑ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ॥ ੧੦੩॥

ਸ਼ਬਦ ਅਰਥ:- ਪਟੋਲਾ: ਇੱਕ ਉੱਤਮ ਕਿਸਮ ਦਾ ਭੜਕੀਲਾ ਰੇਸ਼ਮ। ਧਜ ਕਰੀ: ਚੀਥੜੇ ਕਰ ਦਿਆਂ, ਲੀਰਾਂ ਬਣਾ ਦਿਆਂ, ਤਿਆਗ ਦੇਵਾਂ। ਕੰਬਲੜੀ: ਉਂਨ ਦੀ ਬਣੀ ਦਰਵੇਸ਼ਾਂ ਵਾਲੀ ਕਾਲੀ ਕੰਬਲੀ।

(ਨੋਟ:- ਇਸ ਸਲੋਕ ਨੂੰ ਸਹੀ ਸਮਝਣ ਵਾਸਤੇ ਸਲੋਕ ਨੰ: ੧੯, ੬੧ ਤੇ ੧੨੬-੨੭ ਦੇ ਸਾਂਝੇ ਪ੍ਰਸੰਗ ਵਿੱਚ ਵਿਚਾਰਣਾ ਠੀਕ ਰਹੇਗਾ)।

ਭਾਵ ਅਰਥ:- ਫ਼ਰੀਦ! ਮੈਂ ਰੇਸ਼ਮ ਦੇ ਕੀਮਤੀ ਕੱਪੜੇ ਪਾੜ ਕੇ ਲੀਰਾਂ ਕਰ ਦੇਵਾਂ ਅਤੇ ਫ਼ਕੀਰਾਂ ਵਾਲੀ ਕਾਲੀ ਕੰਬਲੀ ਪਹਿਨ ਲਵਾਂ। ਮੈਂ ਉਹੀ ਵੇਸ ਕਰਾਂ ਜਿਸ ਦੇ ਕਰਨ ਨਾਲ ਮੈਨੂੰ ਮੇਰਾ ਪਿਆਰਾ ਸ਼ੌਹਰ (ਪਤੀ) ਮਿਲ ਜਾਵੇ। (ਮੈਂ ਐਸ਼ ਓ ਆਰਾਮ ਵਾਲਾ ਨਾਸਤਿਕ ਜੀਵਨ ਤਿਆਗ ਕੇ ਆਸਤਿਕਤਾ ਵਾਲਾ ਫ਼ਕੀਰੀ ਜੀਵਨ ਧਾਰਨ ਕਰ ਲਵਾਂ ਤਾਂ ਜੋ ਮੈਨੂੰ ਮੇਰਾ ਮਾਲਿਕ ਪਰਮਾਤਮਾ ਮਿਲ ਜਾਵੇ)!

ਸ਼ਲੋਕ ਨੰ: ੧੦੪ ਗੁਰੂ ਅਮਰਦਾਸ ਜੀ ਦਾ ਅਤੇ ਸਲੋਕ ਨੰ: ੧੦੫ ਗੁਰੂ ਅਰਜਨ ਦੇਵ ਜੀ ਦਾ ਲਿਖਿਆ ਹੋਇਆ ਹੈ। ਇਨ੍ਹਾਂ ਸ਼ਲੋਕਾਂ ਵਿੱਚ ਫ਼ਰੀਦ ਜੀ ਦੇ ਸ਼ਲੋਕ ਨੰ: ੧੦੨ ਦਾ ਹੀ ਵਿਸਤਾਰ ਹੈ।

ਮ: ੩॥ ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ॥

ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ॥ ੧੦੪॥

ਸ਼ਬਦ ਅਰਥ:- ਘਰ ਹੀ ਬੈਠਿਆ: ਗ੍ਰਹਿਸਥ ਵਿੱਚ ਹੀ, ਹਿਰਦੇ ਵਿੱਚ ਹੀ।

ਨੀਅਤਿ: ਮਨ ਦੀ ਸੋਚ, ਮਨ ਦਾ ਮਨੋਰਥ। ਰਾਸਿ: ਫ਼ਾ: ਰਾਸਤ, ਠੀਕ, ਸਾਫ਼।

ਭਾਵ ਅਰਥ:- ਹੇ ਫ਼ਰੀਦ! (ਪਤੀ ਪਰਮਾਤਮਾ ਨੂੰ ਮਿਲਨ ਵਾਸਤੇ) ਗ੍ਰਿਹਸਥੀ ਜੀਵਨ ਦਾ ਲਿਬਾਸ ਤਿਆਗ ਕੇ ਫ਼ਕੀਰੀ ਲਿਬਾਸ ਧਾਰਨ ਕਰਨ ਦੀ ਲੋੜ ਨਹੀਂ। ਜੇ ਜਾਚਕ ਦੀ ਪਤੀ-ਪਰਮਾਤਮਾ ਨੂੰ ਮਿਲਨ ਵਾਸਤੇ ਨੀਯਤ ਨਿਰਛਲ ਹੈ ਤਾਂ ਉਹ ਗ੍ਰਿਹਸਥ ਵਿੱਚ ਹੀ ਮਿਲ ਜਾਂਦਾ ਹੈ। ਇਸ ਸਲੋਕ ਦਾ ਸਰਲ ਭਾਵ ਇਹ ਹੈ ਕਿ ਰੱਬ ਨੂੰ ਮਿਲਨ ਵਾਸਤੇ ਕਿਸੇ ਖ਼ਾਸ ਭੇਖ ਦੀ ਲੋੜ ਨਹੀਂ! ਸਿਰਫ਼ ਸੁਹਿਰਦ ਤੇ ਨਿਸ਼ਕਪਟ ਚਿੰਤਨ ਦੀ ਲੋੜ ਹੈ!

ਮ: ੫॥ ਫਰੀਦਾ ਗਰੁਬ ਜਿਨਾ ਵਡਿਆਈਆ ਧਨਿ ਜੋਬਨਿ ਆਗਾਹ॥

ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ॥ ੧੦੫॥

ਸ਼ਬਦ ਅਰਥ:- ਗਰੁਬ: ਅਭਿਮਾਨ, ਹਉਮੈ, ਹੰਕਾਰ। ਵਡਿਆਈਆ: ਦੁਨਿਆਵੀ ਵਡੱਪਣ, ਤਨ, ਧਨ, ਰੁਤਬੇ ਤੇ ਸੰਪਤੀ ਦੀ ਵਡਿਆਈ।

ਆਗਾਹ: ਬੇ-ਅੰਤ, ਬਹੁਤਾਤ। ਧਣੀ: ਸੱਚਾ ਸਾਹਿਬ, ਪਰਮਾਤਮਾ। ਸਿਉ: ਤੋਂ।

ਟਿਬੇ ਜਿਉ ਮੀਹਾਹੁ: ਜਿਵੇਂ ਉੱਚੀ ਥਾਂ ਮੀਂਹ ਦਾ ਪਾਣੀ ਨਹੀਂ ਟਿਕਦਾ।

ਭਾਵ ਅਰਥ:- ਹੇ ਫ਼ਰੀਦ! ਜਿਵੇਂ ਵਰਖਾ ਦੇ ਬਾਵਜੂਦ ਵੀ ਉਚੇਰੀ ਥਾਂ (ਟਿੱਬਾ) ਸੁੱਕੀ ਰਹਿ ਜਾਂਦੀ ਹੈ, ਤਿਵੇਂ ਜਿਨ੍ਹਾਂ ਲੋਕਾਂ ਨੂੰ ਇਸ ਸੰਸਾਰ ਵਿੱਚ ਵਿਚਰਦਿਆਂ ਤਨ, ਧਨ, ਸੰਪਤੀ ਅਤੇ ਰੁਤਬੇ ਆਦਿ ਦੁਨਿਆਵੀ ਵਡੱਪਣ ਦਾ ਹੰਕਾਰ ਹੁੰਦਾ ਹੈ, ਉਹ ਸੱਚੇ ਸਾਹਿਬ ਪਰਮਾਤਮਾ ਦੀ ਬਖ਼ਸ਼ਿਸ਼ ਤੋਂ ਵਾਂਜਿਆਂ ਹੀ ਇਸ ਸੰਸਾਰ ਤੋਂ ਕੂਚ ਕਰ ਜਾਂਦੇ ਹਨ।। ਰਬ ਦੇ ਵਸਾਲ ਵਾਸਤੇ ਹੰਕਾਰ ਦੇ ਵਿਕਾਰ ਦਾ ਤਿਆਗ ਕਰਕੇ ਨਮਰਤਾ ਦੇ ਸਦਗੁਣ ਨੂੰ ਅਪਣਾਉਣਾ ਜ਼ਰੂਰੀ ਹੈ।

ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨੁ ਨਾਉ॥

ਐਥੈ ਦੁਖ ਘਣੇਰਿਆ ਅਗੈ ਠਉਰ ਨ ਠਾਉ॥ ੧੦੬॥

ਸ਼ਬਦ ਅਰਥ:- ਐਥੈ: ਇਸ ਲੋਕ ਵਿੱਚ। ਘਣੇਰਿਆ: ਬਹੁਤ ਜ਼ਿਆਦਾ।

ਅਗੈ: ਪਰਲੋਕ ਵਿੱਚ। ਠਉਰ ਨ ਠਾਉ: ਠਾਹਰ-ਠਿਕਾਣਾ, ਕੋਈ ਜਗ੍ਹਾ ਨਹੀਂ, ਕੋਈ ਪੁੱਛ ਨਹੀਂ।

ਭਾਵ ਅਰਥ:- ਫ਼ਰੀਦ! ਜਿਹੜੇ ਮਨੁੱਖ ਇਸ ਜੀਵਨ ਵਿੱਚ ਨਾਮ-ਸਿਮਰਨ ਦੀ ਕਾਰ ਨਹੀਂ ਕਰਦੇ ਉਹ ਖ਼ੌਫਨਾਕ ਮਨਹੂਸ ਚਿਹਰਿਆਂ ਵਾਲੇ ਹੁੰਦੇ ਹਨ (ਕਿਉਂਕਿ ਉਨ੍ਹਾਂ ਦੇ ਚਿਹਰਿਆਂ `ਤੇ, ਨਾਮ-ਸਿਮਰਨ/ਇਬਾਦਤ ਸਦਕਾ ਆਉਣ ਵਾਲੀ, ਰੱਬੀ ਰੌਣਕ ਨਹੀਂ ਹੁੰਦੀ)। ਨਾਮ-ਵਿਹੂਣੇ ਅਜਿਹੇ ਵਿਅਕਤੀਆਂ ਨੂੰ ਇਸ ਜੀਵਨ ਵਿੱਚ ਬਹੁਤ ਕਸ਼ਟ ਝੱਲਣੇ ਪੈਂਦੇ ਹਨ ਅਤੇ ਪਰਲੋਕ ਵਿੱਚ ਵੀ ਉਨ੍ਹਾਂ ਦੀ ਕੋਈ ਪੁੱਛ ਨਹੀਂ ਹੁੰਦੀ। ਲੋਕ ਪਰਲੋਕ ਵਿੱਚ ਉਹ ਕਸ਼ਟ ਹੀ ਭੋਗਦੇ ਹਨ।

ਫ਼ਰੀਦ ਜੀ ਦਾ ਅਗਲਾ ਸ਼ਲੋਕ “ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵਿਚਾਰੁ”॥ ਦੇ ਸਿੱਧਾਂਤ ਨੂੰ ਦ੍ਰਿੜਾਉਂਦਾ ਹੈ। ਜੋ ਮਨੁੱਖ ਅਮ੍ਰਿਤ ਵੇਲੇ ਨਾਮ-ਅਭਿਆਸ ਨਹੀਂ ਕਰਦਾ ਉਸ ਨੂੰ ਆਤਮਿਕ ਪੱਖੋਂ ਮੋਇਆ ਸਮਝੋ!

ਫਰੀਦਾ ਪਿਛਲਿ ਰਾਤਿ ਨ ਜਾਗਿਓਹਿ ਜੀਵਦੜੇ ਮੁਇਓਹਿ॥

ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਾਰਿਓਹਿ॥ ੧੦੭॥

ਸ਼ਬਦ ਅਰਥ:- ਪਿਛਲਿ ਰਾਤਿ: ਰਾਤ ਦੇ ਪਿਛਲੇ ਪਹਿਰ, ਅੰਮ੍ਰਿਤ ਵੇਲੇ।

ਭਾਵ ਅਰਥ:- ਫ਼ਰੀਦ! ਜੇ ਤੂੰ ਅਮ੍ਰਿਤ ਵੇਲੇ ਉੱਠ ਕੇ ਨਾਮ-ਸਿਮਰਨ ਨਹੀਂ ਕਰਦਾ ਤਾਂ ਤੂੰ ਤੁਰਦੀ ਫਿਰਦੀ ਲਾਸ਼ ਸਮਾਨ ਹੈਂ। ਤੂੰ ਕ੍ਰਿਤਘਣ ਹੋ ਕੇ ਦਾਤਾਂ ਦੇ ਦਾਤਾਰ ਰਬ ਨੂੰ ਭੁਲਾ ਰੱਖਿਆ ਹੈ; ਪਰ ਰਬ ਬੇਮੁਖ ਬੰਦਿਆਂ ਨੂੰ ਵੀ ਨਹੀਂ ਵਿਸਾਰਦਾ ਅਰਥਾਤ ਉਨ੍ਹਾਂ ਦੀ ਵੀ ਸੰਭਾਲ ਕਰਦਾ ਹੈ।

ਮ: ੫॥ ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜੁ॥

ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ॥ ੧੦੮॥

ਸ਼ਬਦ ਅਰਥ:- ਕੰਤੁ: ਚਹੇਤਾ ਪ੍ਰੀਤਮ, ਪਰਮਾਤਮਾ। ਰੰਗਾਵਲਾ: ਰੰਗ=ਖ਼ੁਸ਼ੀ, ਖ਼ੁਸ਼ੀਆਂ ਦੇਣ ਵਾਲਾ, ਆਤਮ ਆਨੰਦ ਦਾ ਸੋਮਾ। ਵੇਮੁਹਤਾਜ: ਪਰਿਪੂਰਨ, ਜਿਸ ਨੂੰ ਕੋਈ ਘਾਟ ਨਾ ਹੋਵੇ। ਅਲਹ ਸੇਤੀ ਰਤਿਆ: ਦੇ ਰੰਗ ਵਿੱਚ ਰੰਗੇ ਰਹਿਣਾ।

ਸਚਾਵਾਂ: ਸੱਚਾ, ਅੰਤ ਤੀਕ ਸਾਥ ਦੇਣ ਵਾਲਾ।

ਭਾਵ ਅਰਥ:- ਹੇ ਫ਼ਰੀਦ! ਪਤੀ ਪਰਮਾਤਮਾ ਆਤਮ ਅਨੰਦ ਪ੍ਰਦਾਨ ਕਰਨ ਵਾਲਾ ਸੋਮਾ ਹੈ। ਉਸ ਨੂੰ ਕਿਸੇ ਦੁਆਰਾ ਸਿਮਰੇ ਜਾਣ ਦੀ ਲੋੜ ਨਹੀਂ। (ਪਰੰਤੂ ਸੱਚ-ਖੰਡ ਦੇ ਅਭਿਲਾਸ਼ੀ ਨੂੰ ਨਾਮ-ਅਭਿਆਸ ਦੀ ਲੋੜ ਹੈ)। ਮਨੁੱਖ ਲਈ ਹਰਿ-ਨਾਮ-ਸਿਮਰਨ ਦੇ ਰੰਗ ਵਿੱਚ ਰੰਗੇ ਰਹਿਣਾ ਹੀ ਲੋਕ ਪਰਲੋਕ ਵਿੱਚ ਸਾਥ ਦੇਣ ਵਾਲੀ ਸੱਚੀ ਕਮਾਈ ਹੈ।

ਮ: ੫॥ ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ॥

ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ॥ ੧੦੯॥

ਭਾਵ ਅਰਥ:- ਹੇ ਫ਼ਰੀਦ! ਰਬ ਦੇ ਦਰ ਦੀ ਭਾਲ ਵਿੱਚ ਸਫ਼ਲ ਹੋਣ ਲਈ ਰਬ ਦੀ ਰਜ਼ਾ (ਭਾਣੇ) ਵਿੱਚ ਰਹਿਣਾ ਜ਼ਰੂਰੀ ਹੈ। ਰਬ ਦੇ ਭਾਣੇ ਵਿੱਚ ਵਿਚਰਦਿਆਂ ਮਨ ਨੂੰ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ) ਅਤੇ ਦੁਖ ਸੁਖ ਦੇ ਮਨ-ਮਾਰੂ ਜਜ਼ਬਿਆਂ ਤੋਂ ਅਭਿੱਜ ਰੱਖਣਾ ਵੀ ਜ਼ਰੂਰੀ ਹੈ।

ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ॥

ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ॥ ੧੧੦॥

ਸਬਦ ਅਰਥ:- ਦੁਨੀ: ਦੁਨੀਦਾਰ ਲੋਕ। ਵਜਾਈ ਵਜਦੀ: (ਮਾਇਆ ਦੀ) ਨਚਾਈ ਨੱਚ ਰਹੀ ਹੈ।

ਸਾਰ: ਸੰਭਾਲ।

ਭਾਵ ਅਰਥ:- ਹੇ ਫ਼ਰੀਦ! ਦੁਨੀਆ ਦੇ ਮਾਇਆਧਾਰੀ ਲੋਕ ਮਾਇਆ ਦੇ ਨਚਾਏ ਨੱਚਦੇ ਹਨ। ਕੀ ਤੂੰ ਵੀ ਇਹੋ ਜੀਵਨ ਜੀਉਣਾ ਲੋਚਦਾ ਹੈਂ? ਮਾਇਆ ਉਸ ਬੰਦੇ ਨੂੰ ਨਹੀਂ ਨਚਾ ਸਕਦੀ ਜਿਸ ਦੀ ਸੰਭਾਲ ਅੱਲਹ ਆਪ ਕਰਦਾ ਹੈ। (ਇਸ ਵਾਸਤੇ ਅੱਲਹ ਦਾ ਪੱਲਾ ਕਦੇ ਨਹੀਂ ਛੱਡਣਾ ਚਾਹੀਦਾ)।

ਮ: ੫॥ ਫਰੀਦਾ ਦਿਲੁ ਰਤਾ ਇਸੁ ਦੁਨੀ ਸਿਉ ਦੁਨੀ ਨ ਕਿਤੈ ਕੰਮਿ॥

ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੁਰ ਕਰੰਮਿ॥ ੧੧੧॥

ਸ਼ਬਦ ਅਰਥ:- ਕਿਤੈ ਕੰਮਿ: ਕਿਸੇ ਵੀ ਜਗ੍ਹਾ, ਨਾ ਇਸ ਲੋਕ ਵਿੱਚ ਅਤੇ ਨਾ ਹੀ ਪਰਲੋਕ ਵਿੱਚ।

ਮਿਸਲ: ਰੁਤਬਾ, ਨੈਤਿਕ ਤੇ ਆਤਮਿਕ ਪੱਧਰ, ਉੱਚਾ ਮਿਆਰ। ਮਿਸਲ ਫਕੀਰਾਂ: ਫ਼ਕੀਰਾਂ ਵਾਲੀ ਉੱਚਤਮ ਆਤਮਿਕ ਅਵਸਥਾ। ਗਾਖੜੀ: ਕੰਡਿਆਲੀ, ਕਠਿਨ, ਮੁਸ਼ਕਿਲ।

ਪੁਰ: ਪੂਰੀ, ਪੂਰਣ। ਕਰੰਮਿ: ਕਰਮ=ਕ੍ਰਿਪਾ, ਬਖ਼ਸ਼ਿਸ਼; ਕ੍ਰਿਪਾ ਸਦਕਾ, ਬਖ਼ਸ਼ਿਸ਼ ਨਾਲ।

ਪੁਰ ਕਰੰਮਿ: ਪੂਰੀ ਕ੍ਰਿਪਾ ਨਾਲ।

ਭਾਵ ਅਰਥ:- ਹੇ ਫ਼ਰੀਦ! ਜਿਨ੍ਹਾਂ ਦਾ ਮਨ ਦੁਨੀਆ ਦੇ ਰੰਗਾਂ ਵਿੱਚ ਰੰਗਿਆ ਹੋਇਆ ਹੈ, ਉਨ੍ਹਾਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਇਸ ਫ਼ਾਨੀ ਦੁਨੀਆ ਅਤੇ ਇਸ ਦੀ ਮਿੱਠੀ ਮਾਇਆ ਨੇ ਅੰਤ ਨੂੰ ਕਿਤੇ ਵੀ (ਨਾ ਇਸ ਲੋਕਵਿਚ ਤੇ ਨਾ ਹੀ ਪਰਲੋਕ ਵਿਚ) ਕੰਮ ਨਹੀਂ ਆਉਣਾ! ਫ਼ਕੀਰਾਂ ਵਾਲੀ ਉੱਚਤਮ ਆਤਮਿਕ ਅਵਸਥਾ ਪ੍ਰਾਪਤ ਕਰਨੀ ਬਹੁਤ ਕਠਿਨ ਹੈ; ਇਹ ਉੱਚਤਮ ਰੂਹਾਨੀ ਦਰਜਾ ਪਰਮਾਤਮਾ ਦੀ ਪੂਰੀ ਕ੍ਰਿਪਾ ਨਾਲ ਹੀ ਪ੍ਰਾਪਤ ਹੁੰਦਾ ਹੈ।

ਪਹਿਲੇ ਪਹਿਰੈ ਫੁਲੜਾ ਫਲੁ ਭੀ ਪਛਾ ਰਾਤਿ॥

ਜੋ ਜਾਗੰਨਿ ਲਹੰਨਿ ਸੇ ਸਾਈ ਕੰਨੋ ਦਾਤਿ॥ ੧੧੨॥

ਸ਼ਬਦ ਅਰਥ:- ਪਹਿਲੇ ਪਹਿਰੈ: ਚੜ੍ਹਦੀ ਉਮਰੇ। ਫੁਲੜਾ: ਸੁਹਣਾ ਫੁੱਲ, ਫਲ ਮਿਲਣ ਦੇ ਆਸਾਰ। ਫਲੁ: ਸੇਵਾ-ਫਲ, ਨਾਮ-ਸਿਮਰਨ ਦਾ ਲਾਭ।

ਪਾਛੈ ਰਾਤਿ: ਬੁਢੇਪੇ ਵਿੱਚ, ਅੰਤਲੇ ਸਮੇਂ। ਜਾਗੰਨਿ: ਗਿਆਨਵਾਨ, ਸੁਚੇਤ। ਲਹਿੰਨਿ: ਲੈਂਦੇ ਹਨ।

ਸੇ: ਉਹੀ। ਕੰਨੋ: ਕੋਲੋਂ। ਦਾਤਿ: ਬਖ਼ਸ਼ੀ ਹੋਈ ਵਸਤੂ, ਨਾਮ ਦੀ ਦਾਤ।

ਭਾਵ ਅਰਥ:- ਜੀਵਨ ਦੇ ਪਹਿਲੇ ਪਹਿਰ ਅਰਥਾਤ ਚੜ੍ਹਦੀ ਉਮਰੇ ਕੀਤਾ ਨਾਮ-ਸਿਮਰਨ ਮਾਨੋਂ ਇਸ ਨਾਮ-ਕਮਾਈ ਦਾ ਫੁੱਲ ਹੈ; ਅਤੇ ਜ਼ਿੰਦਗੀ ਦੇ ਅੰਤਲੇ ਸਮੇਂ ਕੀਤੀ ਬੰਦਗੀ ਇਸ ਫੁੱਲ ਤੋਂ ਬਣਿਆ ਫਲ ਹੈ। ਜੋ ਲੋਕ ਇਸ ਮਾਨਵ-ਜੀਵਨ ਵਿੱਚ (ਜੀਵਨ-ਮਨੋਰਥ ਪ੍ਰਤਿ) ਸੁਚੇਤ ਰਹਿੰਦੇ ਹਨ ਉਨ੍ਹਾਂ ਨੂੰ ਹੀ ਮਾਲਿਕ ਵੱਲੋਂ ਨਾਮ ਦੀ ਦਾਤ ਬਖ਼ਸ਼ੀ ਜਾਂਦੀ ਹੈ।

ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ॥

ਇਕਿ ਜਾਗੰਦੇ ਨਾ ਲਹਨਿ ਇਕਨਾ ਸੁਤਿਆ ਦੇਇ ਉਠਾਲਿ॥ ੧੧੩॥ ਮ: ੧॥

ਸ਼ਬਦ ਅਰਥ:- ਦਾਤੀ: ਦਾਤਾਂ, ਨਾਮ-ਸਿਮਰਨ ਦੀ ਦਾਤ। ਸਾਹਿਬ ਸੰਦੀਆ: ਮਾਲਿਕ ਦੀਆਂ ਦਿੱਤੀਆਂ ਹੋਈਆਂ।

ਕਿਆ ਚਲੈ: ਉਸ `ਤੇ ਕੋਈ ਜ਼ੋਰ ਨਹੀਂ।

ਜਾਗੰਦੇ: ਗਿਆਨਵਾਨ, ਸੁਚੇਤ। ਸੁਤਿਆ: ਅਗਿਆਨਤਾ ਦੀ ਨੀਂਦ `ਚ ਸੁੱਤੇ ਹੋਏ।

ਭਾਵ ਅਰਥ:- ਹੇ ਫ਼ਰੀਦ! (ਨਾਮ-ਸਿਮਰਨ ਦੀ) ਦਾਤ ਦਾਤਾਰ (ਮਾਲਿਕ) ਦੀ ਦੇਣ ਹੈ। ਕੋਈ ਵੀ ਇਸ ਦੈਵੀ ਦਾਤ ਉੱਤੇ ਹੱਕ ਨਹੀਂ ਜਮਾ ਸਕਦਾ। ਕਈ ਸੁਚੇਤ ਗਿਆਨੀ ਇਸ ਤੋਂ ਵਾਂਜਿਆਂ ਰਹਿ ਜਾਂਦੇ ਹਨ; ਅਤੇ ਬਖ਼ਸ਼ਿਸ਼ਾਂ ਦਾ ਸਾਂਈ ਪਰਮਾਤਮਾ ਕਈ ਅਗਿਆਨੀਆਂ ਨੂੰ ਸੁਚੇਤ ਕਰਕੇ ਇਸ ਦਾਤ ਦੀ ਬਖ਼ਸ਼ਿਸ਼ ਕਰ ਦਿੰਦਾ ਹੈ।

ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ॥

ਜਿਨਾੑ ਨਾਉ ਸੁਹਾਗਣੀ ਤਿਨਾ ਝਾਕ ਨ ਹੋਰ॥ ੧੧੪॥

ਸ਼ਬਦ ਅਰਥ:- ਸੁਹਾਗ: ਖ਼ੁਸ਼ੀਆਂ ਦੇਣ ਵਾਲਾ, ਪਤੀ। ਕੂ: ਨੂੰ। ਤਉ: ਤੇਰੇ।

ਕੋਰ: ਘਾਟ, ਖ਼ਾਮੀ, ਦੋਸ਼। ਝਾਕ: ਉਮੀਦ, ਆਸ।

ਭਾਵ ਅਰਥ:- (ਆਤਮ ਅਨੰਦ ਦੇਣ ਵਾਲੇ) ਪਤੀ ਪਰਮਾਤਮਾ ਦੀ ਭਾਲ ਵਿੱਚ ਭਟਕਣ ਵਾਲੀ ਹੇ ਜੀਵ-ਇਸਤ੍ਰੀ! ਤੇਰੇ ਆਪਣੇ ਵਿੱਚ ਹੀ ਕੋਈ ਖੋਟ ਹੈ! (ਜਿਸ ਕਾਰਨ ਤੈਨੂੰ ਅਜੇ ਤੀਕ ਤੇਰਾ ਸੁਹਾਗ ਨਹੀਂ ਮਿਲਿਆ।) ਉਹੀ ਜੀਵ-ਇਸਤ੍ਰੀਆਂ ਸੁਹਾਗਣਾਂ (ਪਤੀ ਵਾਲੀਆਂ) ਹਨ ਜਿਹੜੀਆਂ ਦੁਬਿਧਾ ਤੋਂ ਮੁਕਤ ਹਨ ਅਰਥਾਤ ਇੱਕ ਚਿਤ ਹੋ ਕੇ ਇੱਕ ਪਰਮਾਤਮਾ ਉੱਤੇ ਹੀ ਭਰੋਸਾ ਰੱਖਦੀਆਂ ਹਨ।

ਅਗਲੇਰੇ ਤਿੰਨ ਸਲੋਕਾਂ ਵਿੱਚ ਫ਼ਰੀਦ ਜੀ ਸਬਰ-ਸੰਤੋਖ ਦੇ ਸਦਗੁਣ, ਜੋ ਕਿ ਜੀਵਨ-ਮਨੋਰਥ ਦੀ ਪੂਰਤੀ ਵਾਸਤੇ ਜ਼ਰੂਰੀ ਹੈ, ਨੂੰ ਅਪਣਾਉਣ ਦੀ ਪ੍ਰੇਰਣਾ ਦਿੰਦੇ ਹਨ।

ਸਬਰ ਮੰਝ ਕਮਾਣ ਏ ਸਬਰੁ ਕਾ ਨਹੀਣੋ॥

ਸਬਰ ਸੰਦਾ ਬਾਣੁ ਖਾਲਕੁ ਖਤਾ ਨ ਕਰੀ॥ ੧੧੫॥

ਸ਼ਬਦ ਅਰਥ:- ਸਬਰ: ਸੰਤੋਖ, ਤ੍ਰਿਪਤੀ, ਸੰਤੁਸ਼ਟਤਾ, ਰੱਜ। ਮੰਝ: ਵਿੱਚ। ਕਮਾਣ: ਧਨੁਸ਼।

ਨਹੀਣੋ: ਚਿੱਲਾ। ਸੰਦਾ: ਵਾਲਾ, ਦਾ। ਬਾਣੁ: ਤੀਰ।

ਖਾਲਕੁ: ਸਿਰਜਨਹਾਰ, ਖ਼ੁਦਾ। ਖਤਾ: ਭੁੱਲ, ਚੁਕ, ਖੁੰਜਣਾ, ਗ਼ਲਤੀ।

ਭਾਵ ਅਰਥ:- (ਜੇ ਦਰਵੇਸ਼) ਸਬਰ ਦੀ ਕਮਾਣ ਵਿਚੋਂ ਸੰਤੋਖ ਦੇ ਚਿੱਲੇ ਉੱਤੇ ਤ੍ਰਿਪਤੀ ਦਾ ਤੀਰ ਰੱਖ ਕੇ ਚਲਾਵੇ ਤਾਂ ਸਿਰਜਨਹਾਰ ਪਰਮਾਤਮਾ ਦੀ ਕ੍ਰਿਪਾ ਸਦਕਾ ਇਹ ਤੀਰ ਨਿਸ਼ਾਨੇ ਤੋਂ ਨਹੀਂ ਖੁੰਜੇ ਗਾ! ਫ਼ਰੀਦ ਜੀ ਨੇ ਇਸ ਸਲੋਕ ਵਿੱਚ ‘ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ’॥ ਵਾਲਾ ਭਾਵ ਹੀ ਦ੍ਰਿੜਾਇਆ ਹੈ।

ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨਿ॥

ਹੋਨਿ ਨਜੀਕ ਖੁਦਾਇ ਦੈ ਭੇਤੁ ਨ ਕਿਸੈ ਦੇਨਿ॥ ੧੧੬॥

ਸ਼ਬਦ ਅਰਥ:- ਸਾਬਰੀ: ਸਬਰ ਵਾਲੇ, ਸੰਤੁਸ਼ਟ, ਸੰਤੋਖੀ ਬੰਦੇ। ਜਾਲੇਨਿ: ਸਾੜਦੇ ਹਨ।

ਨਜੀਕ: ਨਜ਼ਦੀਕ, ਨੇੜੇ। ਭੇਤੁ ਨ ਕਿਸੈ ਦੇਨਿ: ਇਸ ਨੇੜਤਾ ਦਾ ਢੰਡੋਰਾ ਨਹੀਂ ਪਿੱਟਦੇ।

ਭਾਵ ਅਰਥ:- ਸਬਰ ਵਾਲੇ ਸੰਤੋਖੀ ਬੰਦੇ ਸਬਰ `ਚ ਰਹਿੰਦਿਆਂ ਆਪਣੇ ਤਨ-ਮਨ ਦੀਆਂ ਸੰਸਾਰੀ ਖ਼ਾਹਸ਼ਾਂ ਨੂੰ ਸਾੜ ਦਿੰਦੇ ਹਨ। ਇਸ ਤਰ੍ਹਾਂ ਉਹ ਪ੍ਰਭੂ ਦੀ ਨੇੜਤਾ ਦਾ ਫਲ ਪ੍ਰਾਪਤ ਕਰ ਲੈਂਦੇ ਹਨ। (ਹਉਮੈ-ਰਹਿਤ ਹੋਣ ਕਾਰਨ) ਉਹ ਇਸ ਪ੍ਰਾਪਤੀ ਦਾ ਢੰਡੋਰਾ ਵੀ ਨਹੀਂ ਪਿੱਟਦੇ।

ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ॥

ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ॥ ੧੧੭॥

ਸ਼ਬਦ ਅਰਥ:- ਸੁਆਉ: ਫ਼ਾਇਦਾ, ਪਰਮਾਰਥੀ ਲਾਭ। ਦਿੜੁ: ਅਟਲ ਨਿਸ਼ਚਾ, ਪੱਕਾ ਇਰਾਦਾ। ਵਧਿ ਥੀਵਹਿ ਦਰੀਆਉ: ਵਧ ਕੇ ਸਾਗਰ (ਰਬ ਦਾ ਸੱਚਾ ਰੂਪ) ਹੋ ਜਾਵੇਂ ਗਾ, ਪਰਮਾਰਥੀ ਸੁਭਾਅ ਵਾਲਾ ਹੋ ਜਾਵੇਂਗਾ।

ਵਾਹੜਾ: ਆੜ ਜਿਸ ਰਾਹੀਂ ਕਿਆਰਿਆਂ ਨੂੰ ਪਾਣੀ ਲਾਈਦਾ ਹੈ, ਛੋਟਾ ਨਾਲਾ, ਸੁਆਰਥੀ ਸੰਕੀਰਣ ਸੋਚ।

ਭਾਵ ਅਰਥ:- ਹੇ ਬੰਦੇ! ਸਬਰ ਦੇ ਆਤਮ-ਗੁਣ ਨੂੰ ਜੇ ਤੂੰ ਦ੍ਰਿੜਤਾ ਨਾਲ ਧਾਰਨ ਕਰ ਲਵੇਂ ਤਾਂ ਇਸ ਦਾ ਇਹ ਲਾਭ ਹੈ ਕਿ ਤੂੰ ਸੁਆਰਥ ਦੀ ਸੰਕੀਰਣਤਾ (ਤੰਗ ਦਿਲੀ) ਨੂੰ ਤਿਆਗ ਕੇ ਉੱਚਤਮ ਪਰਮਾਰਥੀ ਸੁਭਾਵ ਵਾਲਾ ਹੋ ਜਾਵੇਂਗਾ।

ਚਲਦਾ-------

ਗੁਰਇੰਦਰ ਸਿੰਘ ਪਾਲ

ਮਈ 20, 2012।
.