.

ਸਰੀਰ, ਮਨ ਅਤੇ ਆਤਮਾ

ਹਾਕਮ ਸਿੰਘ

(ਇਹ ਲੇਖ ਡਾ. ਇਕਬਾਲ ਸਿੰਘ ਢਿਲੋਂ ਜੀ ਦੇ ੨੮ ਅਪਰੈਲ ਦੇ ਪਤਰ ਦੀ ਪ੍ਰਤੀਕਿਰਿਆ ਵਜੋਂ ਲਿਖਿਆ ਹੈ।)


ਗੁਰਬਾਣੀ ਵਿਚ ਸਰੀਰ, ਮਨ ਅਤੇ ਆਤਮਾ ਬਾਰੇ ਜੋ ਕਥਨ ਹਨ ਉਹਨਾਂ ਦੇ ਰਹੱਸ
(mystery) ਨੂੰ ਬਿਆਨ ਕਰਨਾ ਬਹੁਤ ਔਖਾ ਹੈ। ਗੁਰਬਾਣੀ ਧੁਰ ਕੀ ਬਾਣੀ ਹੈ ਅਤੇ ਸਦੀਵੀ ਰਹੱਸਆਤਮਕ (mystical) ਸਚਾਈ ਦਾ ਪਰਗਟਾਵਾ ਕਰਦੀ ਹੈ। ਰਹੱਸਮਈ ਹਕੀਕਤ ਸਾਧਾਰਣ ਮੱਨੁਖੀ ਸਮਝ ਤੋਂ ਪਰੇ ਹੁੰਦੀ ਹੈ। ਗੁਰਮਤਿ ਦਾ ਅਧਿਆਤਮਕ ਗਿਆਨ ਵਿਵੇਕ ਤੇ ਆਧਾਰਤ ਹੈ ਪਰਮਾਣ, ਗਣਿਤ ਜਾਂ ਤਰਕ ਤੇ ਨਹੀਂ। ਇਸ ਦਾ ਸਬੰਧ ਮਨ ਨਾਲ ਹੈ ਬੁੱਧੀ ਨਾਲ ਨਹੀਂ, ਇਹ ਤੇ ਮਨ ਸਾਧਣ ਦੀ ਵਿਧੀ ਹੈ। ਇਹ ਉਸ ਅਦਿਖ ਵਾਸਤਵਿਕਤਾ ਦਾ ਗਿਆਨ ਹੈ ਜਿਸ ਦਾ ਮਨੁੱਖੀ ਬੁੱਧੀ ਨਾਲ ਕੋਈ ਸਰੋਕਾਰ ਨਹੀਂ। ਬੁੱਧੀ ਵਿਚ ਗੁਰਮਤਿ ਦੇ ਉਪਦੇਸ਼ ਨੂੰ ਸਮਝਣ ਦੀ ਅਤੇ ਭਾਸ਼ਾ ਵਿਚ, ਚਾਹੇ ਉਹ ਸਾਧ ਭਾਸ਼ਾ ਹੀ ਕਿਊਂ ਨਾ ਹੋਵੇ, ਉਸ ਦੇ ਰਹੱਸ (mystery) ਨੂੰ ਬਿਆਨ ਕਰਨ ਦੀ ਯੋਗਤਾ ਨਹੀਂ ਹੈ। ਮਨੁੱਖੀ ਦਿਮਾਗ਼ ਪਰਚਲਤ ਸੋਚ ਸ਼ਰੇਣੀਆਂ ਤੋਂ ਬਾਹਰ ਸੋਚਣ ਦੀ ਤੌਫੀਕ ਨਹੀਂ ਰਖਦਾ। ਗੁਰਬਾਣੀ ਕਥਨਾਂ ਦੇ ਅਰਥਾਂ ਜਾਂ ਭਾਵ ਅਰਥਾਂ ਨੂੰ ਸਮਝ ਕੇ ਵੀ ਗੁਰਮਤਿ ਬਾਰੇ ਅਗਿਆਨਤਾ ਅਤੇ ਭਰਮ ਪੂਰੀ ਤਰ੍ਹਾਂ ਦੂਰ ਨਹੀਂ ਹੁੰਦੇ ਕਿਊਂਕੇ ਗੁਰਮਤਿ ਦੇ ਅਧਿਆਤਮਕ ਗਿਆਨ ਨੂੰ ਸਮਝਣ ਲਈ ਗੁਰਮਤਿ ਜੀਵਨ ਧਾਰਨਾ ਪੈਂਦਾ ਹੈ। ਗੁਰਬਾਣੀ ਦਾ ਫੁਰਮਾਨ ਹੈ: "ਗਿਆਨੁ ਪ੍ਰਚੰਡੁ ਬਲਿਆ ਘਟਿ ਚਾਨਣੁ ਘਰ ਮੰਦਰ ਸੋਹਾਇਆ॥ ਤਨੁ ਮਨੁ ਅਰਪਿ ਸੀਗਾਰ ਬਣਾਏ ਹਰਿ ਪ੍ਰਭ ਸਾਚੇ ਭਾਇਆ॥" (ਪੰ: ੭੭੪)। "ਮਨੁ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ॥ ਗਿਆਨ ਮਹਾ ਰਸੁ ਭੋਗਵੈ ਬਾਹੁੜਿ ਭੂਖ ਨ ਹੋਇ॥" (ਪੰ: ੨੧)। "ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ॥ ਜਿਨ ਕਉ ਮਨ ਕੀ ਪਰਤੀਤ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ" (ਪੰ: ੬੪੭) ਗੁਰਮਤਿ ਗਿਆਨ ਦੇ ਪਰਕਾਸ਼ ਲਈ ਗੁਰਮਤਿ ਅਨੁਸਾਰੀ ਜੀਵਨ ਢੰਗ ਦਾ ਹੋਣਾ ਅੱਵਸ਼ਕ ਹੈ। ਗੁਰਮਤਿ ਦੀ ਬੌਧਕ ਵਿਆਖਿਆ ਮਾਇਆ ਦੇ ਪਰਭਾਵ ਅਧੀਨ ਹੀ ਕੀਤੀ ਜਾ ਸਕਦੀ ਹੈ, ਜਿਸ ਦੇ ਅਪੂਰਨ, ਅਸ਼ੁਧ ਅਤੇ ਭੁਲੇਖਾ ਪਾਊ ਰਹਿਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਪਰ ਐਸੀ ਵਿਆਖਿਆ ਦਾ ਇਕ ਸੰਭਾਵੀ ਲਾਭ ਜ਼ਰੂਰ ਹੈ। ਇਹ ਸ਼ਰਧਾਲੂਆਂ ਨੂੰ ਵਿਸ਼ੇ ਵਿਕਾਰਾਂ ਦੇ ਪਰਭਾਵ ਦਾ ਇਹਸਾਸ ਦੁਆਉਂਦੀ ਹੈ, ਅਤੇ ਵਿਕਾਰਾਂ ਪਰ ਕਾਬੂ ਪਾਉਣ ਲਈ ਗੁਰੂ ਅੱਗੇ ਬੇਨਤੀ ਕਰਨ ਲਈ ਉਤਸ਼ਾਹਤ ਕਰਦੀ ਹੈ ਤਾਂ ਜੋ ਉਹ ਸੱਚੇ ਦਿਲੋਂ ਪਰਭੂ ਅੱਗੇ ਅਰਦਾਸ ਕਰਨ ਦਾ ਜਤਨ ਕਰ ਸਕਣ।

 
ਮਨ ਅਤੇ ਆਤਮਾ ਦੇ ਸਬੰਧਾਂ ਬਾਰੇ ਲਿਖਤਾਂ ਅਤੇ ਵਿਆਖਿਆਵਾਂ ਦੀ ਬਹੁਤ ਘਾਟ ਹੈ। ਵਿਦਵਾਨਾਂ ਵਿਚ ਇਸ ਵਿਸ਼ੇ ਬਾਰੇ ਕਈ ਮੱਤ ਭੇਦ ਵੀ ਹਨ। ਕਈ ਇਸ ਨੂੰ ਆਤਮਾ ਦਾ ਪਰਮਾਤਮਾ ਨਾਲੋਂ ਵਿਛੋੜਾ ਦੱਸਦੇ ਹਨ, ਜੋ ਗੁਰਬਾਣੀ ਉਪਦੇਸ਼ ਦੇ ਅਨੁਕੂਲ ਨਹੀਂ ਹੈ। ਕਿਊਂਕੇ ਆਤਮਾ ਪਰਮਾਤਮਾ ਦਾ ਅੰਸ਼ ਹੈ ਅਤੇ ਪਰਮਾਤਮਾ ਸਰਬ ਵਿਆਪਕ ਹੈ। ਕਈ ਆਤਮਾ ਨੂੰ ਸੰਚੇਤਨਤਾ
(consciousness) ਕਹਿੰਦੇ ਹਨ। ਗੁਰਬਾਣੀ ਚੇਤਨਤਾ ਨੂੰ ਸੁਤੀ ਹੋਈ ਆਖਦੀ ਹੈ। ਗੁਰਵਾਕ ਹੈ: "ਚਹੁ ਵਰਨਾ ਵਿਚਿ ਜਾਗੈ ਕੋਇ॥ ਜਮੈ ਕਾਲੈ ਤੇ ਛੁਟੈ ਸੋਇ॥ ਕਹਤ ਨਾਨਕ ਜਨੁ ਜਾਗੈ ਸੋਇ॥ ਗਿਆਨ ਅੰਜਨੁ ਜਾ ਕੀ ਨੇਤ੍ਰੀ ਹੋਇ॥" (ਪੰ: ੧੧੨੮) ਚੇਤਨ ਮਨੁੱਖ ਵਿਚ ਪਰਭੂ ਨੂੰ ਦੇਖਣ ਦੀ ਯੋਗਤਾ ਨਹੀਂ ਹੁੰਦੀ। ਕਈ ਵਿਦਵਾਨ ਮਨੋਵਿਗਿਆਨ ਦੇ ਪਰਭਾਵ ਅਧੀਨ ਮਨ ਨੂੰ ਸੰਸਕਾਰਾਂ ਦਾ ਸਮੂਹ ਮੰਨਦੇ ਹਨ ਅਤੇ ਮਨ ਦੇ ਮੈਲਾ ਹੋਣ ਦਾ ਕਾਰਨ ਮਾੜੇ ਸੰਸਕਾਰ ਦੱਸਦੇ ਹਨ। ਗੁਰਬਾਣੀ ਸੰਸਕਾਰਾਂ ਬਾਰੇ ਕੋਈ ਉਪਦੇਸ਼ ਨਹੀਂ ਕਰਦੀ ਪਰ ਇਹ ਫੁਰਮਾਨ ਜ਼ਰੂਰ ਕਰਦੀ ਹੈ: "ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥" (ਪੰ: ੧੩੪)। ਗੁਰਬਾਣੀ ਮਨ ਅਤੇ ਆਤਮਾ ਦੇ ਸਬੰਧ ਨੂੰ ਪਰਭੂ ਦੀ ਖੇਡ ਆਖਦੀ ਹੈ, ਅਤੇ ਜੋ ਪਰਾਣੀ ਇਸ ਖੇਡ ਦੇ ਰਹੱਸ ਨੂੰ ਜਾਣ ਜਾਂਦਾ ਹੈ ਉਹ ਇਸ ਨੂੰ ਬਿਆਨ ਨਹੀਂ ਕਰ ਪਾਉਂਦਾ।

  
ਭਾਵੇਂ ਸਰੀਰ, ਮਨ ਅਤੇ ਆਤਮਾ, ਅਤੇ ਉਹਨਾਂ ਦੇ ਸਬੰਧਾਂ ਦੇ ਰਹੱਸ ਨੂੰ ਮਨੁਖੀ ਭਾਸ਼ਾ ਵਿਚ ਠੀਕ ਤਰ੍ਹਾਂ ਬਿਆਨ ਕਰਨਾ ਸੰਭਵ ਨਹੀਂ, ਪਰ ਮਨੁੱਖ ਇਹਨਾਂ ਦੀ ਅਸਲੀਅਤ ਜਾਨਣ ਲਈ ਉਤਸੁਕ ਜ਼ਰੂਰ ਰਹਿੰਦਾ ਹੈ। ਇਸ ਲਈ ਗੁਰਬਾਣੀ ਦੇ ਕੁੱਝ ਕਥਨਾਂ ਦੇ ਆਧਾਰ ਤੇ ਇਸ ਰਹੱਸ ਬਾਰੇ ਵਿਚਾਰ ਕਰਨ ਦਾ ਪਰਿਆਸ ਕਰਦੇ ਹਾਂ। ਗੁਰਬਾਣੀ ਅਨੁਸਾਰ ਮਨੁੱਖ ਸਰੀਰ, ਮਨ ਅਤੇ ਆਤਮਾ ਦੇ ਸੁਮੇਲ ਦੀ ਉਪਜ ਹੈ। ਸਰੀਰ ਨਜ਼ਰ ਆਉਣ ਵਾਲਾ ਪਦਾਰਥ ਅਤੇ ਜੀਵ ਹੈ ਜਦੋਂ ਕਿ ਆਤਮਾ ਅਤੇ ਮਨ ਨਾ ਨਜ਼ਰ ਆਉਣ ਵਾਲੇ ਅਸਤਿਤਵ ਹਨ, ਜਿਹਨਾਂ ਦੀ ਹੋਂਦ ਦੇ ਵਿਸ਼ਵਾਸ ਦਾ ਆਧਾਰ ਗੁਰਬਾਣੀ ਹੈ। 


ਸਰੀਰ ਬਾਰੇ ਗੁਰਬਾਣੀ ਦਾ ਕਥਨ ਹੈ:
"ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾਂ ਤੂੰ ਜਗ ਮਹਿ ਆਇਆ॥" (ਪੰ: ੯੨੧)। "ਕਵਨ ਮੂਲੁ ਪ੍ਰਾਨੀ ਕਾ ਕਹੀਐ ਕਵਨ ਰੂਪੁ ਦ੍ਰਿਸਟਾਨਿੳ॥ ਜੋਤਿ ਪ੍ਰਗਾਸ ਭਈ ਮਾਟੀ ਸੰਗਿ ਦੁਲਭ ਦੇਹ ਬਖਾਨਿੳ॥" (ਪੰ: ੧੨੧੬)। ਗੁਰਬਾਣੀ ਸਰੀਰ ਦੇ ਚਾਰ ਮੁੱਖ ਪਹਿਲੂਆਂ ਦਾ ਵਰਨਨ ਕਰਦੀ ਹੈ: (੧) ਸਰੀਰ ਦੁਰਲਭ ਹੈ; (੨) ਇਹ ਪਰਭੂ ਦੇ ਵਿਸਰਾਮ ਦਾ ਟਿਕਾਣਾ ਹੈ; (੩) ਇਹ ਕਰਮ ਧਰਤੀ ਹੈ; ਅਤੇ (੪) ਇਹ ਮਾਇਆ ਦੇ ਪਰਭਾਵ ਅਧੀਨ ਵਿਚਰਦਾ ਹੈ ਅਤੇ ਇਸ ਦਾ ਅੰਤ ਨਿਸਚਿਤ ਹੈ। 


ਮਨੁਖਾ ਸਰੀਰ ਦੁਰਲਭ, ਉਤਮ, ਪਵਿਤਰ, ਅਤੇ ਪੂਜਨੀਕ ਹੈ। ਸਰੀਰ ਮਨੁੱਖ ਨੂੰ ਪਰਭੂ ਨਾਲ ਮਿਲਾਪ ਕਰਨ ਲਈ ਮਿਲਿਆ ਹੈ ਅਤੇ ਇਸ ਵਿਚ ਸਾਰਾ ਬਰੈਹਮੰਡ ਸਮੋਇਆ ਹੋਇਆ ਹੈ। ਗੁਰਵਾਕ ਹਨ
: "ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥" (ਪੰ: ੧੨)। "ਭਜਹੁ ਗੋਬਿੰਦ ਭੂਲਿ ਮਤ ਜਾਹੁ॥ ਮਾਨਸ ਜਨਮ ਕਾ ਏਹੀ ਲਾਹੁ॥" (ਪੰ: ੧੧੫੯)। "ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ॥" (ਪੰ: ੧੩੬੬)। "ਅਵਰ ਜੋਨਿ ਤੇਰੀ ਪਨਿਹਾਰੀ॥ ਇਸ ਧਰਤੀ ਮਹਿ ਤੇਰੀ ਸਿਕਦਾਰੀ" (ਪੰ: ੩੭੪)। "ਇਹ ਸਰੀਰੁ ਸਭੁ ਧਰਮ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ॥ ਗੁਹਜ ਰਤਨ ਵਿਚਿ ਲੁਕਿ ਰਹੇ ਕੌਈ ਗੁਰਮੁਖਿ ਸੇਵਕ ਕਢੈ ਖੋਤਿ॥" (ਪੰ: ੩੦੯)। "ਕਾਇਆ ਅੰਦਰਿ ਸਭੁ ਕਿਛੁ ਵਸੈ ਖੰਡ ਮੰਡਲ ਪਾਤਾਲਾ॥ ਕਾਇਆ ਅੰਦਰਿ ਜਗ ਜੀਵਨ ਦਾਤਾ ਵਸੈ ਸਭਨਾ ਕਰੈ ਪ੍ਰਤਿਪਾਲਾ॥" ਪੰ: ੭੫੪)। ਗੁਰਬਾਣੀ ਸਰੀਰ ਨੂੰ ਪਰਭੂ ਦੇ ਵਿਸਰਾਮ ਦੀ ਥਾਂ ਆਖਦੀ ਹੈ।"ਨਉਨਿਧਿ ਅੰਮ੍ਰਿਤ ਪ੍ਰਭ ਕਾ ਨਾਮੁ॥ ਦੇਹੀ ਮਹਿ ਇਸ ਕਾ ਬਿਸ੍ਰਾਮ॥" (ਪੰ: ੨੯੩)। "ਕਾਇਆ ਨਗਰਿ ਬਸਤ ਹਰਿ ਸੁਆਮੀ ਹਰਿ ਨਿਰਭਉ ਨਿਰਵੈਰੁ ਨਿਰੰਕਾਰਾ॥ ਹਰਿ ਨਿਕਟਿ ਬਸਤ ਕਛੁ ਨਦਰਿ ਨ ਆਵੈ ਹਰਿ ਲ਼ਾਧਾ ਗੁਰ ਵੀਚਾਰਾ॥" (ਪੰ: ੭੨੦)। 

ਸਰੀਰ ਕਰਮ ਧਰਤੀ ਹੈ ਜੋ ਹਰ ਪਲ ਕਰਮ ਕਰਦਾ ਅਤੇ ਕੁਦਰਤ ਦੇ ਨਿਯਮ ਅਨੁਸਾਰ ਉਹਨਾਂ ਦਾ ਫਲ ਭੋਗਦਾ ਹੈ।
"ਕਰਮ ਧਰਤੀ ਸਰੀਰੁ ਜੁਗ ਅੰਤਿਰ ਜੋ ਬੋਵੈ ਸੋ ਖਾਤਿ॥" (ਪੰ: ੭੮)। "ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ॥" (ਪੰ: ੪੬੮)। ਸਰੀਰ ਬਿਨਸਣਹਾਰ ਹੈ ਅਤੇ ਇਹ ਮਾਇਆ ਦੇ ਪਰਭਾਵ ਅੰਦਰ ਵਿਚਰਦਾ ਹੈ। "ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ॥ ਦਿਵਸ ਚਾਰਿ ਕੋ ਪੇਖਨਾ ਅੰਤ ਖੇਹ ਕੀ ਖੇਹ।" (ਪੰ: ੧੩੭੪)। "ਕਾਇਆ ਕੋਟੁ ਹੈ ਆਕਾਰਾ॥ ਮਾਇਆ ਮੋਹੁ ਪਸਰਿਆ ਪਸਾਰਾ॥" (ਪੰ: ੧੦੫੯)। "ਕਾਇਆ ਅੰਦਿਰ ਹਉਮੈ ਮੇਰਾ॥ ਜੰਮਣ ਮਰਣੁ ਨ ਚੂਕੈ ਫੇਰਾ॥" (ਪੰ: ੧੨੬) "ਇਹੁ ਤਨੁ ਐਸਾ ਜੈਸੇ ਘਾਸ ਕੀ ਟਾਟੀ॥ ਜਲਿ ਗਇੳ ਘਾਸੁ ਰਲਿ ਗਇੳ ਮਾਟੀ॥" (ਪੰ: ੭੯੪)


ਸਰੀਰ ਆਪਣੀ ਜੀਵਨ ਯਾਤਰਾ ਪੂਰੀ ਕਰ ਕੇ ਪਰਭੂ ਦੇ ਹੁਕਮ ਅਨੁਸਾਰ ਆਪਣਾ ਆਕਾਰ ਛੱਡ ਮਿੱਟੀ ਵਿਚ ਮਿਲ ਜਾਂਦਾ ਹੈ। ਜੋ ਜਨਮਿਆ ਹੈ ਉਸ ਦਾ ਮਰਨਾ ਨਿਸ਼ਚਤ ਹੈ। ਸਰੀਰ ਵਿਚ ਆਤਮਾ ਦਾ ਨਿਵਾਸ ਹੈ। ਆਤਮਾ ਪਰਭੂ ਦਾ ਅੰਸ਼ ਹੈ। ਪਰਭੂ ਅਬਨਾਸੀ ਹੈ ਇਸ ਲਈ ਆਤਮਾ ਵੀ ਅਬਨਾਸੀ ਹੈ, ਅਤੇ ਸਰੀਰ ਦੀ ਮੌਤ ਹੋਣ ਨਾਲ ਆਤਮਾ ਦੀ ਮੌਤ ਨਹੀਂ ਹੁੰਦੀ। ਆਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰਬਾਣੀ ਦੇ ਕਥਨ ਹਨ:
"ਪੰਚ ਤਤੁ ਮਿਲਿ ਕਾਇਆ ਕੀਨੀ॥ ਤਿਸ ਮਹਿ ਰਾਮ ਰਤਨੁ ਲੈ ਚੀਨੀ॥ ਆਤਮ ਰਾਮੁ ਰਾਮ ਹੈ ਆਤਮ॥ ਹਰਿ ਪਾਈਐ ਸਬਦਿ ਵਿਚਾਰਾ ਹੇ॥" (ਪੰ: ੧੦੩੦)। "ਅਚਰਜ ਕਥਾ ਮਹਾ ਅਨੂਪੁ॥ ਪ੍ਰਾਤਮਾ ਪਾਰਬ੍ਰਹਮ ਕਾ ਰੂਪ॥ … ਨਾ ਇਹੁ ਬਿਨਸੈ ਨ ਇਹ ਜਾਇ॥ ਆਦਿ ਜੁਗਾਦੀ ਰਹਿਆ ਸਮਾਇ॥ … ਨਾ ਇਸੁ ਬਾਪੁ ਨਹੀ ਇਸੁ ਮਾਇਆ॥ ਇਹ ਅਪਰੰਪਰੁ ਹੋਤਾ ਆਇਆ॥ ਪਾਪ ਪੁੰਨ ਕਾ ਇਸੁ ਲੇਪੁ ਨ ਲਾਗੈ॥ ਘਟ ਘਟ ਅੰਤਰਿ ਸਦ ਹੀ ਜਾਗੈ॥" (ਪੰ: ੮੬੮) "ਇਆ ਮੰਦਰ ਮਹਿ ਕੌਨ ਬਸਾਈ॥ ਤਾ ਕਾ ਅੰਤੁ ਨ ਕੋਊ ਪਾਇ॥੧॥ ਰਹਾਉ॥ … ਕਹੁ ਕਬੀਰ ਇਹੁ ਰਾਮ ਕੀ ਅੰਸੁ॥ ਜਸ ਕਾਗਦ ਪਰ ਮਿਟੈ ਨ ਮੰਸੁ॥" (ਪੰ: ੮੭੧)। "ਆਤਮ ਮਹਿ ਰਾਮੁ ਰਾਮ ਮਹਿ ਆਤਮੁ ਚੀਨਸਿ ਗੁਰ ਬੀਚਾਰਾ॥" (ਪੰ: ੧੧੫੩)। "ਆਤਮਾ ਪਰਮਾਤਮਾ ਏਕੋ ਕਰੈ॥ ਅੰਤਰ ਕੀ ਦੁਬਿਧਾ ਅੰਤਰਿ ਮਰੈ॥ " (ਪੰ: ੬੬੧)। ਆਤਮਾ ਵਿਚ ਪਰਭੂ ਵਾਲੇ ਸਾਰੇ ਗੁਣ ਹੁੰਦੇ ਹਨ ਪਰ ਮਨੁਖੀ ਸਰੀਰ ਵਿਚ ਇਹ ਅਕਰਮਕ, ਸ਼ਾਂਤ ਅਤੇ ਅਨੰਦਮਈ ਰਹਿੰਦੀ ਹੈ।


ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਵਿਚ ਪਰਮਾਤਮਾ ਦੀ ਉਸਤਤ ਅਤੇ ਉਸ ਦੇ ਗੁਣਾਂ ਦਾ ਹੀ ਵਰਨਨ ਹੈ। ਗੁਰਬਾਣੀ ਇਹ ਤੱਥ ਦਰਿੜ ਕਰਵਾਉਂਦੀ ਹੈ ਕਿ ਪਰਮਾਤਮਾ ਇੱਕ ਹੈ, ਕੇਵਲ ਉਸੇ ਦੀ ਹੋਂਦ ਹੈ। ਹੋਰ ਕਿਸੇ ਦੀ ਹੋਂਦ ਨਹੀਂ ਹੈ। ਉਹ ਸਾਰੀ ਕਾਇਨਾਤ ਵਿਚ ਵਸਿਆ ਹੋਇਆ ਹੈ ਅਤੇ ਨਿਹਚਲ ਹੈ। ਇਹ ਦਿਖ ਰਿਹਾ ਬਰੈਹਮੰਡ, ਸੰਸਾਰ ਅਤੇ ਮਨੁੱਖ ਨਿਰੰਤਰ ਬਦਲ ਰਹੇ ਹਨ, ਚਾਲੇ ਪਏ ਹੋਏ ਹਨ। ਇਹਨਾਂ ਵਿਚ ਜਮਣ ਅਤੇ ਮਰਨ ਦਾ ਚਕਰ ਚੱਲ ਰਿਹਾ ਹੈ। ਇਸ ਲਈ ਇਹ ਸਭ ਮਾਇਆ ਦਾ ਭਰਮ, ਭੁਲੇਖਾ ਜਾਂ ਦੂਜਾ ਭਾਵ ਹਨ। ਇਹ ਪਰਮਾਤਮਾ ਦੀ ਐਸੀ ਖੇਡ ਹੈ ਜਿਸ ਦੇ ਰਹੱਸ ਨੂੰ ਉਹੋ ਜਾਣਦਾ ਹੈ।


ਸਰੀਰ ਵਿਚ ਆਤਮਾ ਦੇ ਨਾਲ ਮਨ ਦਾ ਵੀ ਨਿਵਾਸ ਹੈ। ਤਨ ਵਿਚ ਮਨ ਹੈ ਅਤੇ ਮਨ ਵਿਚ ਪਰਭੂ ਹੈ।
"ਤਨ ਮਹਿ ਮਨੂਆ ਮਨ ਮਹਿ ਸਾਚਾ॥ ਸੋ ਸਾਚਾ ਮਿਲਿ ਸਾਚੇ ਰਾਚਾ॥" (ਪੰ: ੬੮੬)। ਮਨ ਨੂੰ ਮਨੁਖੀ ਅੰਤਹਕਰਣ ਦੇ ਭਾਗ ਵਜੋਂ ਵੀ ਬਿਆਨ ਕੀਤਾ ਗਿਆ ਹੈ। ਭਾਈ ਕਾਨ੍ਹ ਸਿੰਘ ਰਚਿਤ ਗੁਰੁਸ਼ਬਦ ਰਤਨਾਕਰ ਮਹਾਨ ਕੋਸ਼ ਵਿਚ ਅੰਤਹਕਰਣ ਦੇ ਚਾਰ ਭਾਗ ਦੱਸੇ ਗਏ ਹਨ: ਮਨ (mind), ਬੁੱਧੀ (intellect), ਚਿੱਤ (memory) ਅਤੇ ਅਹੰਕਾਰ (ego)[ ਅੰਗ੍ਰੇਜ਼ੀ ਭਾਸ਼ਾ ਵਿਚ ਮਨ ਲਈ Mind ਸ਼ਬਦ ਵਰਤਿਆ ਜਾਂਦਾ ਹੈ। Mind ਸ਼ਬਦ ਵਿਚ ਮਨ ਦੇ ਸੰਕਲਪ ਨੂੰ ਪੂਰੀ ਤਰ੍ਹਾਂ ਅਭਿਵਿਅਕਤ ਕਰਨ ਦੀ ਸਮਰਥਾ ਨਹੀਂ ਹੈ। ਪਦਾਰਥਵਾਦੀ ਵਿਚਾਰਧਾਰਾ ਵਿਚ ਮਨ ਦਾ ਸੰਕਲਪ ਹੀ ਨਹੀਂ ਹੈ ਅਤੇ ਮਨ ਦੀ ਥਾਂ ਦਿਮਾਗ ਨੂੰ ਸਾਰੀਆਂ ਬੋਧਕ ਸ਼ਕਤੀਆਂ ਦਾ ਸਰੋਤ ਮੰਨਿਆ ਗਿਆ ਹੈ। ਪਰ ਮਨੋਵਿਗਿਆਨ ਵਿਚ Mind ਦਾ ਸੰਕਲਪ ਹੈ ਅਤੇ ਇਸ ਦੀ ਪਰਿਭਾਸ਼ਾ ਕੁੱਝ ਇਸ ਪਰਕਾਰ ਹੈ: ਉਹ ਤੱਤ ਜਾਂ ਤੱਤਾਂ ਦਾ ਸਮੂਹ ਜੋ ਵਿਅਕਤੀ ਵਿਚ ਅਨੁਭਵ, ਸਮਝ, ਸੋਚ, ਚਾਹਤ ਅਤੇ ਵਿਸ਼ੇਸ਼ ਕਰਕੇ ਦਲੀਲ ਦਾ ਸੋਮਾ ਹੈ।  ਜਾਂ ਫਿਰ, Mind ਬੁੱਧੀ ਅਤੇ ਚੇਤਨਤਾ ਦਾ ਉਹ ਪੱਖ ਹੈ ਜੋ ਸਾਰੀਆਂ ਅਚੇਤ ਬੋਧਕ ਪਰਕਿਰਆਵਾਂ ਸਮੇਤ ਸੋਚ, ਸਮਝ, ਚੇਤੇ, ਭਾਵ, ਚਾਹਤ ਅਤੇ ਕਲਪਨਾ ਦਾ ਅਨੁਭਵ ਕਰਦੀ ਹੈ। Mind ਦੀ ਮਨੋਵਿਗਿਆਨਕ ਪਰਿਭਾਸ਼ਾ ਗੁਰਬਾਣੀ ਵਿਚ ਮਨ ਦੇ ਸੰਕਲਪ ਨਾਲੋਂ ਵਖਰੀ ਹੈ।


ਗੁਰਬਾਣੀ ਮਨ ਦੀਆਂ ਭਿੰਨ ਭਿੰਨ ਅਵਸਥਾਵਾਂ ਦਾ ਵਰਨਨ ਕਰਦੀ ਹੈ। ਗੁਰਬਾਣੀ ਵਿਚ ਮਨ ਦੇ ਤਿੰਨ ਮੁੱਖ ਰੂਪ ਦਰਸਾਏ ਗਏ ਹਨ। ਪਹਿਲਾ, ਮਨ ਮਨੁਖਾ ਸਰੀਰ ਦੀ ਦੇਖ ਭਾਲ ਕਰਦਾ ਹੈ ਅਤੇ ਉਸ ਤੋਂ ਕੰਮ ਲੈਂਦਾ ਹੈ। ਦੂਜਾ, ਉਹ ਹਉਮੈ ਦੇ ਪਰਭਾਵ ਅਧੀਨ ਆਪਣੀ ਸਵਾਧੀਨ ਹਸਤੀ ਦਾ ਭਰਮ ਪਾਲੀ ਰਖਦਾ ਹੈ ਅਤੇ ਭਟਕਦਾ ਫਿਰਦਾ ਹੈ। ਤੀਜਾ, ਜੇਕਰ ਗੁਰੂ ਦੀ ਕਿਰਪਾ ਹੋ ਜਾਵੇ ਤਾਂ ਮਾਇਆ ਦਾ ਮਨ ਤੇ ਪਾਇਆ ਭਰਮ ਮਿਟ ਜਾਂਦਾ ਹੈ ਅਤੇ ਉਹ ਆਤਮਾ ਨਾਲ ਮਿਲ ਕੇ ਪਰਭੂ ਰੂਪ ਹੋ ਜਾਂਦਾ ਹੈ। ਗੁਰਬਾਣੀ ਦਾ ਫੁਰਮਾਨ ਹੈ:
"ਇਹੁ ਮਨੁ ਸਕਤੀ ਇਹੁ ਮਨੁ ਸੀਉ॥ ਇਹੁ ਮਨੁ ਪੰਚ ਤਤ ਕੋ ਜੀਉ॥ ਇਹੁ ਮਨੁ ਲੇ ਜਉ ਉਨਮਨਿ ਰਹੈ॥ ਤਉ ਤੀਨਿ ਲੋਕ ਕੀ ਬਾਤੈ ਕਹੈ॥" (ਪੰ: ੩੪੨) ਕਬੀਰ ਜੀ ਇਸ ਸ਼ਬਦ ਵਿਚ ਦੱਸਦੇ ਹਨ ਕਿ ਮਨ ਮਾਇਆ ਰੂਪੀ ਸ਼ਕਤੀ ਹੈ, ਅਨੰਦ-ਸਰੂਪ ਹਰੀ ਸੀਉ ਹੈ, ਸਰੀਰ-ਰੂਪੀ ਪੰਜ ਤੱਤ ਦਾ ਜੀਵ ਹੈ. ਅਤੇ ਜੇਕਰ ਮਨੁੱਖ ਮਨ ਨੂੰ ਵੱਸ ਕਰ ਲਏ ਤਾਂ ਮਨ ਨੂੰ ਪੂਰਨ ਗਿਆਨ ਹੋ ਜਾਂਦਾ ਹੈ।


ਮਨ ਸਰੀਰ ਦਾ ਚਾਲਕ ਹੈ। "ਤਨੁ ਹਟੜੀ ਇਹੁ ਮਨ ਵਣਜਾਰਾ॥ " (ਪੰ: ੯੪੨)। ਮਨ ਜੋਤ ਸਰੂਪ ਹੈ। ਆਤਮਾ ਇਸ ਦਾ ਮੂਲ਼ ਹੈ। "ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲ ਹੈ ਗੁਰਮਤੀ ਰੰਗ ਮਾਣਿ॥" (ਪੰ: ੪੪੧)। "ਮਨ ਮਹਿ ਜੋਤਿ ਜੋਤਿ ਮਹਿ ਮਨੂਆ ਪੰਚ ਮਿਲੇ ਗੁਰ ਭਾਈ॥ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸਬਦਿ ਲਿਵ ਲਾਈ॥" (ਪ: ੮੭੯)। ਮਨ ਅਤੇ ਆਤਮਾ ਇਕ ਹੁੰਦੇ ਹੋਏ ਵੀ ਜੁਦੇ ਰਹਿੰਦੇ ਹਨ। ਉਹਨਾਂ ਦੇ ਵਖਰੇਪਣ ਨੂੰ ਗੁਰਬਾਣੀ ਵਿਚ ਪਾਣੀ ਵਿਚ ਉੱਠੀ ਲਹਿਰ, ਸੂਰਜ ਤੋਂ ਨਿਕਲੀ ਕਿਰਨ, ਜਾਂ ਸਾਗਰ ਦੇ ਪਾਣੀ ਦੀ ਬੂੰਦ ਨਾਲ ਤੁਲਨਾ ਦਿੱਤੀ ਗਈ ਹੈ, ਜੋ ਇਕ ਹੁੰਦੇ ਹੋਏ ਵੀ ਦੋ ਜਾਪਦੇ ਹਨ। "ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ॥ ਕਨਕ ਕਟਿਕ ਜਲ ਤਰੰਗ ਜੈਸਾ॥" (ਪੰ: ੯੩)। "ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ॥ ਅਨਲ ਅਗਮ ਜੈਸੇ ਲਹਰਿ ਮਾਇ ੳਦਧਿ ਜਲ ਕੇਵਲ ਜਲ ਮਾਹੀ॥" (ਪੰ: ੬੫੭)। "ਸੂਰਜ ਕਿਰਣਿ ਮਿਲੇ ਜਲ ਕਾ ਜਲ ਹੂਆ ਰਾਮੁ॥ ਜੋਤੀ ਜੋਤਿ ਰਲੀ ਸੰਪੂਰਨ ਥੀਆ ਰਾਮੁ॥ " (ਪੰ:੮੪੬)। ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ॥ ਕਵਣੁ ਬੂਝੇ ਬਿਧ ਜਾਣੈ॥ ਉਤਭੁਜ ਚਲਤ ਆਪਿ ਕਰਿ ਚੀਨੈ ਆਪੇ ਤਤੁ ਪਛਾਣੈ॥" (ਪੰ: ੮੭੮)। "ਜਲ ਤੇ ਤਰੰਗ ਤਰੰਗ ਤੇ ਹੈ ਜਲੁ ਕਹਨ ਸੁਨਨ ਕਉੇ ਦੂਜਾ॥" (ਪੰ: ੧੨੪੨)। ਦਰ ਅਸਲ ਮਨ ਦਾ ਆਤਮਾ ਨਾਲੋਂ ਵਖਰੇਵਾਂ ਮਨ ਤੇ ਮਾਇਆ ਦੇ ਪਰਭਾਵ ਕਾਰਨ ਹੈ। 


ਮਨ ਨੂੰ ਹਉਮੈ ਨੇ ਵਸ ਕੀਤਾ ਹੋਇਆ ਹੈ ਅਤੇ ਉਹ ਮਨ ਨੂੰ ਸੁਤੰਤਰ ਹਸਤੀ ਅਤੇ ਵਖਰੇਪਣ ਦਾ ਇਹਸਾਸ ਦੁਆਉਂਦੀ ਹੈ। ਹਉਮੈ ਕਾਰਨ ਮਨ ਆਤਮਾ ਨਾਲੋਂ ਨਿਖੜਿਆ ਰਹਿੰਦਾ ਹੈ। ਗੁਰਬਾਣੀ ਦੇ ਫੁਰਮਾਨ ਹਨ:
"ਧਨ ਪਿਰ ਕਾ ਇਕ ਹੀ ਸੰਗਿ ਵਾਸਾ ਵਿਚਿ ਹਉਮੈ ਭੀਤਿ ਕਰਾਰੀ॥ ਗੁਰਿ ਪੂਰੈ ਹਉਮੈ ਭੀਤਿ ਤੋਰੀ ਜਨ ਨਾਨਕ ਮਿਲੇ ਬਨਵਾਰੀ॥" (ਪੰ: ੧੨੬੩)। "ਹਉਮੈ ਕਰੀ ਤਾਂ ਤੂ ਨਾਹੀ ਤੂ ਹੋਵਿਹ ਹਉ ਨਾਹਿ॥ ਬੂਝਹੁ ਗਿਆਨੀ ਬੂਝਣਾ ਇਹ ਅਕਥਿ ਕਥਾ ਮਨ ਮਾਹਿ॥" (ਪੰ: ੧੦੯੨)। ਮਨ ਅਤੇ ਆਤਮਾ ਵਿਚਕਾਰ ਹਉਮੈ ਦੀ ਦੀਵਾਰ ਹੈ ਜੋ ਮਨ ਨੂੰ ਆਤਮਾ ਨਾਲ ਮਿਲਣ ਨਹੀਂ ਦਿੰਦੀ। ਇਕ ਦੂਜੇ ਦਾ ਨਾਲ ਰਹਿੰਦੇ ਹੋਏ ਵੀ ਉਹ ਆਪਸ ਵਿਚ ਗੱਲ ਨਹੀਂ ਕਰ ਪਾਉਂਦੇ। "ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ॥ ਏਕ ਬਸਤੁ ਬਿਨੁ ਪੰਚ ਦੁਹੇਲੇ ਉਹ ਬਸਤ ਅਗੋਚਰ ਠਾਈ॥ ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ॥ ਅਨਿਕ ਉਪਾਵ ਕਰੇ ਨਹੀ ਪਾਵੈ ਬਿਨੁ ਸਤਿਗੁਰ ਸਰਣਾਈ॥ ਜਿਨ ਕੇ ਬੰਧਨ ਕਾਟੇ ਸਤਿਗੁਰ ਤਿਨ ਸਾਧ ਸੰਗਤਿ ਲਿਵ ਲਾਈ॥ ਪੰਚ ਜਨਾ ਮਿਲਿ ਮੰਗਲੁ ਗਾਇਆ ਹਰਿ ਨਾਨਕ ਭੇਦੁ ਨ ਭਾਈ॥"  (ਪੰ: ੨੦੫)। 


ਮਨ ਦੀ ਸ਼ਕਤੀ ਦਾ ਸੋਮਾ ਇਸ ਦਾ ਮੂਲ਼ ਆਤਮਾ ਹੈ, ਪਰ ਇਹ ਮਾਇਆ ਦਾ ਸੇਵਕ ਬਣਿਆ ਹੋਇਆ ਹੈ। ਮਨ ਜੋਤ ਸਰੂਪ ਹੋਣ ਕਾਰਨ ਜੰਮਣ ਮਰਨ ਦੇ ਗੇੜ ਤੋਂ ਰਹਿਤ ਹੈ ਪਰ ਹਉਮੈ ਇਸ ਨੂੰ ਟਿਕਣ ਨਹੀਂ ਦਿੰਦੀ। ਗੁਰਬਾਣੀ ਦੇ ਫੁਰਮਾਨ ਹਨ:
"ਇਸੁ ਮਨ ਕਉ ਨਹੀ ਆਵਨ ਜਾਨ" (ਪੰ: ੩੩੦)। "ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ॥ ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ॥" (ਪੰ: ੪੬੬)। "ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ॥ ਜਨਮ ਮਰਣੁ ਉਸ ਹੀ ਕਉ ਹੈ ਰੇ ੳਹਾ ਆਵੈ ਜਾਈ॥" (ਪੰ: ੯੯੯)। "ਤ੍ਰੈ ਗੁਣ ਸਭੈ ਧਾਤੁ ਹੈ ਨਾ ਹਰਿ ਭਗਤਿ ਨ ਭਾਇ॥ ਗਤਿ ਮੁਕਤਿ ਕਦੇ ਨ ਹੋਵਈ ਹਉਮੈ ਕਰਮ ਕਮਾਹਿ॥" (ਪੰ: ੧੨੫੮)। "ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ॥" (ਪੰ: ੯੪੬)। "ਹਉ ਵਿਚ ਮਾਇਆ ਹਉ ਵਿਚਿ ਛਾਇਆ॥ ਹਉਮੈ ਕਰਿ ਕਰਿ ਜੰਤ ਉਪਾਇਆ॥" (ਪੰ: ੪੬੬)। "ਹਉਮੈ ਵਿਚਿ ਜਗੁ ਬਿਨਸਦਾ ਮਰਿ ਜੰਮੈ ਆਵੈ ਜਾਇ॥ ਮਨਮੁਖ ਸਬਦਿ ਨਾ ਜਾਨਣੀ ਜਾਸਨਿ ਪਤਿ ਗਵਾਇ॥" (ਪੰ: ੩੩)। ਜਦੋਂ ਤੱਕ ਮਨ ਹਉਮੈ ਦੇ ਪਰਭਾਵ ਅਧੀਨ ਰਹਿੰਦਾ ਹੈ ਉਹ ਟਿਕ ਨਹੀਂ ਸਕਦਾ ਅਤੇ ਭਟਕਦਾ ਫਿਰਦਾ ਹੈ। "ਤ੍ਰੈ ਗੁਣ ਕੀਆ ਪਸਾਰਾ॥ ਨਰਕ ਸੁਰਗ ਅਵਤਾਰਾ॥ ਹਉਮੈ ਆਵੈ ਜਾਈ॥ ਮਨੁ ਟਿਕਣੁ ਨ ਪਾਵੈ ਰਾਈ॥" (ਪੰ: ੧੦੦੩)। "ਏਉ ਜੀਅ ਬਹੁਤ ਗ੍ਰਭਵਾਸੇ॥ ਮੋਹ ਮਗਨ ਮੀਠ ਜੋਨਿ ਫਾਸੇ॥" (ਪੰ: ੨੫੧)। "ਏਹੁ ਜੀਉ ਬਹੁਤੇ ਜਨਮ ਭਰੰਮਿਆ॥"  (ਪੰ: ੪੬੫)


ਮਨ ਨੂੰ ਪੰਜ ਵਿਸ਼ੇ ਵਿਕਾਰਾਂ ਨੇ ਕਾਬੂ ਕੀਤਾ ਹੋਇਆ ਹੈ ਅਤੇ ਚੰਚਲ ਬਣਾ ਦਿੱਤਾ ਹੈ। ਤਰਿਸ਼ਨਾ ਮਨ ਨੂੰ ਸਥਿਰ ਨਹੀਂ ਰਹਿਣ ਦਿੰਦੀ।
"ਭੀਤਰਿ ਪੰਚ ਗੁਪਤ ਮਨਿ ਵਾਸੇ॥ ਥਿਰੁ ਨ ਰਹਹਿ ਜੈਸੇ ਭਵਹਿ ਉਦਾਸੇ॥ ਮਨੁ ਮੇਰਾ ਦਇਆਲ ਸੇਤੀ ਥਿਰੁ ਨ ਰਹੈ॥ ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ॥" (ਪੰ: ੩੫੯)। "ਮਾਇਆ ਡੋਲੈ ਬਹੁ ਬਿਧੀ ਮਨੁ ਲਪਟਿੳ ਤਿਹ ਸੰਗ॥ ਮਾਗਨ ਤੇ ਜਿਹ ਤੁਮ ਰਖਹੁ ਸੁ ਨਾਨਕ ਨਾਮਹਿ ਰੰਗ॥" (ਪ: ੨੫੮)। "ਮਨੂਆ ਦਹਿਦਿਸਿ ਧਾਵਦਾ ੳਹੁ ਕੈਸੇ ਹਰਿ ਗੁਣ ਗਾਵੈ॥ ਇੰਦ੍ਰੀ ਵਿਆਪਿ ਰਹੀ ਅਧਿਕਾਈ ਕਾਮੁ ਕ੍ਰੋਧੁ ਨਿਤ ਸੰਤਾਵੈ॥" (ਪੰ:੫੬੫)। "ਇਹ ਮਨੂਆ ਖਿਨੁ ਨ ਟਿਕੈ ਬਹੁਰੰਗੀ ਦਹਦਿਸਿ ਚਲਿ ਚਲਿ ਹਾਢੇ॥ ਗੁਰੁ ਪੂਰਾ ਪਾਇਆ ਵਡਭਾਗੀ ਹਰਿ ਮੰਤ੍ਰ ਦੀਆ ਮਨ ਠਾਢੇ॥" (ਪੰ: ੧੭੧)। ਸਾਧੋ ਇਹ ਮਨੁ ਗਹਿੳ ਨ ਜਾਈ॥ ਚੰਚਲ ਤ੍ਰਿਸਨਾ ਸੰਗਿ ਬਸਤ ਹੈ ਯਾਤੇ ਥਿਰ ਨ ਰਹਾਈ॥" (ਪੰ: ੨੧੯)। "ਇਹੁ ਮਨੁ ਚੰਚਲ ਵਸਿ ਨ ਆਵੈ॥ ਦੁਬਿਧਾ ਲਾਗੈ ਦਹਦਿਸਿ ਧਾਵੈ॥" (ਪੰ: ੧੨੭)। "ਕਹੈ ਕਬੀਰ ਸੁਨਹੁ ਰੇ ਸੰਤਹੁ ਇਹੁ ਮਨ ਉਡਨ ਪੰਖੇਰੂ ਬਨ ਕਾ॥" (ਪੰ: ੧੨੫੩)।
ਮਨ ਨੂੰ ਸਰੀਰ ਦੇ ਹਉੇਮੈ ਅਧੀਨ ਕੀਤੇ ਕਰਮਾਂ ਦੀ ਮੈਲ ਲੱਗ ਜਾਂਦੀ ਹੈ। "ਇਹੁ ਮਨੁ ਮੈਲਾ ਇਕੁਨ ਧਿਆਇ॥ ਅੰਤਰਿ ਮੈਲੁ ਲਾਗੀ ਬਹੁ ਦੂਜੈ ਭਾਇ॥" (ਪੰ: ੧੧੬)। ਸਰੀਰਾਂ ਦੇ ਹਉਮੈ ਵੱਸ ਕੀਤੇ ਕਰਮਾਂ ਕਾਰਨ ਮਨ ਜਨਮ ਜਨਮਾਤਰਾਂ ਦੀ ਮੈਲ਼ ਨਾਲ ਕਾਲਾ ਸਿਆਹ ਹੋਇਆ ਪਿਆ ਹੈ। "ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ" (ਪੰ: ੬੫੧)।
ਜਦੋਂ ਤੱਕ ਮਨ ਤੋਂ ਕਰਮਾਂ ਦੀ ਮੈਲ ਨਹੀਂ ਉਤਰਦੀ ਮਨ ਅਤੇ ਆਤਮਾ ਦਾ ਮੇਲ ਸੰਭਵ ਨਹੀਂ। ਮਨ ਦੀ ਮੈਲ ਆਪ ਮਨ ਹੀ ਉਤਾਰ ਸਕਦਾ ਹੈ ਹੋਰ ਕੋਈ ਨਹੀਂ ਉਤਾਰ ਸਕਦਾ। ਮਨ ਦੀ ਮੈਲ ਉਤਰਣ ਨਾਲ ਮਨ ਆਤਮਾ ਰੂਪ ਹੋ ਜਾਂਦਾ ਹੈ ਅਤੇ ਇਸ ਦੀ ਸੁਤੰਤਰ ਹੋਂਦ ਦਾ ਭਰਮ ਮਿਟ ਜਾਂਦਾ ਹੈ। "ਅਕੁਲ ਨਿਰੰਜਨ ਸਿਉ ਮਨੁ ਮਾਨਿਆ ਮਨ ਹੀ ਤੇ ਮਨੁ ਮੂਆ॥" (ਪੰ: ੧੧੨੫)। "ਏਹੁ ਮਨ ਮਾਰਆ ਨ ਮਰੈ ਜੇ ਲੋਚੇ ਸਭ ਕੋਇ॥ ਨਾਨਕ ਮਨ ਹੀ ਕਉ ਮਨੁ ਮਾਰਸੀ ਜੇ ਸਤਿਗੁਰੂ ਭੇਟੈ ਸੋਇ॥" (ਪੰ: ੧੦੮੯)। "ਮਨੁ ਰਾਜਾ ਮਨੁ ਮਨ ਤੇ ਮਾਨਿਆ ਮਨਸਾ ਮਨਹਿ ਸਮਾਈ॥ ਮਨੁ ਜੋਗੀ ਮਨੁ ਬਿਨਸਿ ਬਿੳਗੀ ਮਨੁ ਸਮਝੈ ਗੁਣੁ ਗਾਈ॥" (ਪੰ: ੧੧੨੫)। 


ਮਨ ਨੂੰ ਸਾਧਣ, ਵੱਸ ਕਰਨ ਜਾਂ ਮਾਰਨ ਅਤੇ ਇਸ ਵਿਚੋਂ ਸਵਾਧੀਨ ਹਸਤੀ ਦਾ ਵਿਸ਼ਵਾਸ ਮਿਟਾਉਣ ਲਈ ਮਨ ਨੂੰ ਸ਼ਬਦ-ਗੁਰੂ ਦੀ ਓਟ ਲੈਣੀ ਪੈਂਦੀ ਹੈ।
"ਖੁਦੀ ਮਿਟੀ ਚੂਕਾ ਭੋਲਾਵਾ ਗੁਰਿ ਮਨ ਹੀ ਮਹਿ ਪ੍ਰਗਟਾਇਆ ਜੀਉ॥ (ਪੰ: ੧੦੪)।  "ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ॥ ਨਾਨਕ ਦ੍ਰਿਸਟੀ ਆਇਆ ਉਸਤਤਿ ਕਰਨੈ ਜੋਗ॥" (ਪੰ:੨੬੦)। "ਮਨ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ॥" (ਪੰ: ੨੮੯)।  "ਮਨ ਅਸਾਧੁ ਸਾਧੈ ਜਨ ਕੋਈ॥ ਅਚਰੁ ਚਰੈ ਤਾ ਨਿਰਮਲੁ ਹੋਈ॥ ਗੁਰਮੁਖਿ ਇਹੁ ਮਨ ਲਇਆ ਸਵਾਰਿ॥ ਹਉਮੈ ਵਿਚਹੁ ਤਜੈ ਵਿਕਾਰ॥" (ਪੰ: ੬੬੫)। "ਮਨੁ ਮਰੈ ਧਾਤੁ ਮਰਿ ਜਾਇ॥ ਬਿਨੁ ਮਨ ਮੂਏ ਕੈਸੇ ਹਰਿ ਪਾਇ॥ ਇਹੁ ਮਨੁ ਮਰੈ ਦਾਰੂ ਜਾਣੈ ਕੋਇ॥ ਮਨੁ ਸਬਦਿ ਮਰੈ ਬੂਝੈ ਜਨੁ ਸੋਇ॥" (ਪੰ: ੬੬੫)।  "ਕਹਿ ਕਹਿ ਕਹਣੁ ਕਹੈ ਸਭ ਕੋਇ॥ ਬਿਨੁ ਮਨ ਮੂਏ ਭਗਤਿ ਨ ਹੋਇ॥" ( ਪੰ: ੧੨੭੭)।  "ਗੁਰਮਖਿ ਮਨੁ ਜੀਤਾ ਹਉਮੈ ਮਾਰਿ॥ ਗੁਰਮਖਿ ਸਾਚੁ ਰਖਿਆ ਉਰਧਾਰਿ॥" (ਪੰ: ੯੪੬)। "ਘਰਿ ਰਹੁ ਰੇ ਮਨ ਮੁਗਧ ਇਆਨੇ॥ ਰਾਮ ਜਪਹੁ ਅੰਤਰਗਤਿ ਧਿਆਨੇ॥ ਲਾਲਚ ਛੋਡਿ ਰਚਹੁ ਅਪਰੰਪਰਿ ਇਉ ਪਾਵਹੁ ਮੁਕਤਿ ਦੁਆਰਾ ਹੇ॥" (ਪੰ: ੧੦੩੦)।  "ਇਹੁ ਮਨੁ ਖੇਲੈ ਹੁਕਮ ਕਾ ਬਾਧਾ ਇਕ ਖਿਨ ਮਹਿ ਦਹਿਦਿਸਿ ਫਿਰ ਆਵੈ॥ ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ ਮਨ ਗੁਰਮੁਖਿ ਤਤਕਾਲ ਵਸਿ ਆਵੈ॥" (ਪੰ: ੧੨੬੦)। 


ਮਨ ਆਪਣੀ ਸੁਤੰਤਰ ਹੋਂਦ ਦੇ ਭਰਮ ਨੂੰ ਮਾਰ ਕੇ ਹੀ ਆਪਣੇ ਅਸਲੇ ਆਤਮਾ ਨਾਲ ਮਿਲ ਸਕਦਾ ਹੈ। ਫਿਰ, ਜਿਵੇਂ ਕੋਲਾ ਅੱਗ ਨਾਲ ਮਿਲ ਕੇ ਅੱਗ ਬਣ ਜਾਂਦਾ ਹੈ ਅਤੇ ਉਸ ਦਾ ਕਾਲਾਪਣ ਅਤੇ ਵਖਰੀ ਹੋਂਦ ਖਤਮ ਹੋ ਜਾਂਦੇ ਹਨ ਉਸੇ ਤਰ੍ਹਾਂ ਮਨ ਵੀ ਭਰਮ ਦੇ ਹਨੇਰੇ ਤੋਂ ਨਿਕਲ ਕੇ ਆਤਮਾ ਨਾਲ ਮਿਲ ਪਰਕਾਸ਼ ਰੂਪ ਹੋ ਜਾਂਦਾ ਹੈ। ਪਰ ਇਹ ਤਦ ਹੀ ਸੰਭਵ ਹੈ ਜਦੋਂ ਗੁਰੂ ਦੀ ਕਿਰਪਾ ਹੋ ਜਾਵੇ ਅਤੇ ਸਬਦ ਦੁਆਰਾ ਮਨ ਨੂੰ ਆਪਾ ਚੀਨਣ ਦੀ ਜਾਚ ਆ ਜਾਵੇ।
"ਮਨ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ॥" (ਪੰ: ੨੮੯)। "ਮਨੁ ਮਰੈ ਧਾਤੁ ਮਰਿ ਜਾਇ॥ਬਿਨੁ ਮਨ ਮੂਏ ਕੈਸੇ ਹਰਿ ਪਾਇ॥ ਇਹੁ ਮਨੁ ਮਰੈ ਦਾਰੂ ਜਾਣੈ ਕੋਇ॥ ਮਨੁ ਸਬਦਿ ਮਰੈ ਬੂਝੈ ਜਨੁ ਸੋਇ॥" (ਪੰ: ੬੬੫)। "ਸਬਦੁ ਚੀਨਿ ਮਨੁ ਨਿਰਮਲੁ ਹੋਵੈ ਤਾ ਹਰਿ ਕੇ ਗੁਣ ਗਾਵੈ॥ ਗੁਰਮਤੀ ਆਪੇ ਆਪੁ ਪਛਾਣੈ ਤਾ ਨਿਜ ਘਰਿ ਵਾਸਾ ਪਾਵੈ॥" (ਪੰ: ੫੬੫)। "ਮਨ ਮੈਲੇ ਸੂਚਾ ਕਿਉ ਹੋਇ॥ ਸਾਚਿ ਮਿਲੈ ਪਾਵੈ ਪਤਿ ਸੋਇ॥" (ਪੰ: ੬੮੬)। "ਕਹਿ ਕਹਿ ਕਹਣੁ ਕਹੈ ਸਭ ਕੋਇ॥ ਬਿਨੁ ਮਨ ਮੂਏ ਭਗਤਿ ਨ ਹੋਇ॥" (ਪੰ: ੧੨੭੭)। "ਗੁਰਮੁਖਿ ਮਨੁ ਜੀਤਾ ਹਉਮੈ ਮਾਰਿ॥ ਗੁਰਮੁਖਿ ਸਾਚੁ ਰਖਿਆ ਉਰਧਾਰਿ॥" (ਪੰ: ੯੪੬)। "ਮਾਰੂ ਮਾਰਣ ਜੋ ਗਏ ਮਾਰਿ ਨ ਸਕਹਿ ਗਵਾਰ॥ ਨਾਨਕ ਜੇ ਇਹੁ ਮਾਰੀਐ ਗੁਰ ਸਬਦੀ ਵੀਚਾਰਿ॥ ਏਹੁ ਮਨ ਮਾਰਿਆ ਨ ਮਰੈ ਜੇ ਲੋਚੇ ਸਭ ਕੋਇ॥ ਨਾਨਕ ਮਨ ਹੀ ਕਉ ਮਨੁ ਮਾਰਸੀ ਜੇ ਸਤਿਗੁਰੂ ਭੇਟੈ ਸੋਇ॥" (ਪੰ: ੧੦੮੯)। ਮਨ ਦੇ ਆਤਮਾ ਨਾਲ ਮਿਲਾਪ ਦਾ ਜਸ ਗੁਰਬਾਣੀ ਵਿਚ ਇਸ ਪਰਕਾਰ ਦਰਸਾਇਆ ਗਿਆ ਹੈ। "ਕਬਹੂ ਸਾਧ ਸੰਗਤਿ ਇਹੁ ਪਾਵੈ॥ ਉਸੁ ਅਸਥਾਨ ਤੇ ਬਹੁਰਿ ਨ ਆਵੈ॥ ਅੰਤਰਿ ਹੋਇ ਗਿਆਨ ਪਰਗਾਸੁ॥ ਉਸੁ ਅਸਥਾਨ ਕਾ ਨਹੀ ਬਿਨਾਸੁ॥ ਮਨ ਤਨ ਨਾਮਿ ਰਤੇ ਇਕ ਰੰਗਿ॥ ਸਦਾ ਬਸਹਿ ਪਾਰਬ੍ਰਹਮ ਕੈ ਸੰਗਿ॥ ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ॥ ਮਿਟਿ ਗਏ ਗਵਨ ਪਾਏ ਬਿਸ੍ਰਾਮ॥ ਨਾਨਕ ਪ੍ਰਭ ਕੈ ਸਦ ਕੁਰਬਾਨ॥" (ਪੰ: ੨੭੮)


ਸ਼ਬਦ-ਗੁਰੂ ਦੀ ਕਿਰਪਾ, ਅਗਵਾਈ ਅਤੇ ਸਹਾਇਤਾ ਨਾਲ ਹੀ ਮਨ ਮਾਇਆ ਦੇ ਪੰਜ ਵਿਸ਼ੇ ਵਿਕਾਰਾਂ ਦੇ ਪਰਭਾਵ ਤੋਂ ਮੁਕਤ ਹੋ ਸਕਦਾ ਹੈ, ਅਤੇ ਆਤਮਾ ਨਾਲ ਮਿਲਨ ਤੇ ਮਨ ਦਾ ਆਪਣੀ ਸੁਤੰਤਰ ਹੋਂਦ ਦਾ ਭਰਮ ਮਿਟ ਜਾਂਦਾ  ਹੈ।
"ਮਨੁ ਸਬਦਿ ਮਰੈ ਤਾ ਮੁਕਤੋ ਹੋਵੈ ਹਰਿ ਚਰਨੀ ਚਿਤੁ ਲਾਈ॥" (ਪੰ: ੧੨੩੩)। ਪੰਜ ਵਿਕਾਰਾਂ ਨਾਲ ਜੂਝਦੇ ਹੀ ਮਨ ਦੀ ਦਰਿੜਤਾ ਦੀ ਪਰਖ ਹੁੰਦੀ ਹੈ। "ਜਿਨਿ ਮਿਲਿ ਮਾਰੇ ਪੰਚ ਸੂਰਬੀਰ ਐਸੋ ਕਉਨੁ ਬਲੀ ਰੇ॥ ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ ਸੋ ਪੂਰਾ ਇਹ ਕਲੀ ਰੇ॥" ( ਪੰ: ੪੦੪)। "ਗਗਨ ਦਮਾਮਾ ਬਾਜਿੳ ਪਰਿੳ ਨੀਸਾਨੈ ਘਾਉ॥ ਖੇਤੁ ਜੁ ਮਾਂਡਿੳ ਸੂਰਮਾ ਅਬ ਜੂਝਨ ਕੋ ਦਾਉ॥ ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥" (ਪੰ: ੧੧੦੫)। "ਨਾਨਕ ਸੋ ਸੂਰਾ ਵਰੀਆਮੁ ਜਿਨੀ ਵਿਚਹੁ ਦੁਸਟੁ ਅਹੰਕਰਣੁ ਮਾਰਿਆ॥" (ਪੰ: ੮੬)। ਮਨ ਦੀ ਮੌਤ ਅਤੇ ਆਤਮਾ ਨਾਲ ਮਿਲਾਪ ਨੂੰ ਹੀ ਗੁਰਬਾਣੀ ਜੀਵਤ ਮਰਨਾ, ਵਿਚਹੁ ਆਪ ਗਵਾਉਣਾ, ਕੁਰਬਾਨੀ ਅਤੇ ਮਨ ਭੀਤਰ ਪਰਗਾਸ ਆਖਦੀ ਹੈ। ਇਹੋ ਮਨੁੱਖਾ ਜੀਵਨ ਦਾ ਮਨੋਰਥ ਹੈ। ਮਨ ਦੀ ਮੌਤ ਕਰਮਾਂ ਦੇ ਲੇਖ ਅਤੇ ਗੁਰੂ ਦੀ ਕਿਰਪਾ ਦੁਆਰਾ ਹੀ ਸੰਭਵ ਹੈ। ਗੁਰੂ ਦੀ ਕਿਰਪਾ ਉਹਨਾਂ ਤੇ ਹੁੰਦੀ ਹੈ ਜਿਹਨਾਂ ਨੂੰ ਗੁਰੂ ਦੀ ਸੰਗਤ ਲਈ ਅਰਦਾਸ ਕਰਨ ਦੇ ਜਾਚ ਆਉਂਦੀ ਹੋਵੇ ਅਤੇ ਜੋ ਗੁਰਮਤਿ ਗਾਡੀ ਰਾਹ ਦੇ ਪਾਂਧੀ ਬਨਣ ਦੇ ਯੋਗ ਹੋਣ।


ਗੁਰਬਾਣੀ ਦੇ ਉਪਰ ਦਿੱਤੇ ਕਥਨਾਂ ਦੀ ਵਿਚਾਰ ਦੁਆਰਾ ਮਨ ਅਤੇ ਆਤਮਾ ਦੇ ਸਬੰਧਾਂ ਦੇ ਰਹੱਸ ਨੂੰ ਸਮਝਣ ਲਈ ਦਿਸ਼ਾ ਨਿਰਦੇਸ਼ਨ ਕਰਨ ਦਾ ਉਪਰਾਲਾ ਕੀਤਾ ਗਇਆ ਹੈ। ਗੁਰਬਾਣੀ ਮਨੁੱਖ ਨੂੰ ਸਮਾਜ ਵਿਚ ਰਹਿੰਦੇ ਹੋਏ ਅਤੇ ਆਪਣੀਆਂ ਸਮਾਜਕ ਜ਼ਿਮੇਵਾਰੀਆਂ ਸਹਿਜ, ਨਿਮਰਤਾ, ਹਲੀਮੀ ਅਤੇ ਸੇਵਾ ਭਾਵਨਾ ਨਾਲ ਪੂਰੀ ਤਰ੍ਹਾਂ ਨਿਭਾਉੰਦੇ ਹੋਏ ਸਿਮਰਣ ਰਾਹੀਂ ਮਨ ਨੂੰ ਸਾਧਣ ਦਾ ਉਪਦੇਸ਼ ਕਰਦੀ ਹੈ।


ਇਸ ਵਿਸ਼ੇ ਨਾਲ ਸਬੰਧਤ ਗੁਰਮਤਿ ਦੀ ਇਕ ਸਮਸਿਆ ਹੈ ਜਿਸ ਦਾ ਸੰਖੇਪ ਵਰਨਨ ਕਰਨਾ ਇਥੇ ਉਚੱਤ ਹੋਵੇਗਾ। ਸਿੱਖ ਧਰਮ ਦਾ ਆਧਾਰ ਗੁਰਮਤਿ ਹੈ ਅਤੇ ਸਿੱਖ ਧਰਮ ਦੀ ਕੇਂਦਰੀ ਸੰਸਥਾ ਗੁਰਦੁਆਰਾ ਹੈ। ਗੁਰਦੁਆਰਾ ਅਤੇ ਸਿੱਖ ਧਰਮ, ਦੋਵੇਂ ਹੀ, ਸਮਾਜਕ ਇਕਾਈਆਂ ਹਨ। ਗੁਰਬਾਣੀ ਦੱਸਦੀ ਹੈ ਕਿ ਸਮਾਜ ਦਾ ਆਧਾਰ ਹਉਮੈ ਹੈ।
"ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ॥ ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ॥ (ਪੰ: ੯੪੬)। ਸਮਾਜਕ ਸ਼ਕਤੀਆਂ ਮਾਇਆ ਦੇ ਪਰਭਾਵ ਅਧੀਨ ਵਿਚਰਦੀਆਂ ਹਨ ਅਤੇ ਗੁਰਮਤਿ ਦੇ ਅਧਿਆਤਮਕ ਗਿਆਨ ਦਾ ਵਿਰੋਧ ਕਰਦੀਆਂ ਹਨ। "ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ॥" (ਪ: ੫੬੦)  ਗੁਰਦੁਆਰੇ ਅਤੇ ਹੋਰ ਪੂਜਾ ਸਥਾਨ ਭਾਵੇਂ ਅਨੁਮਾਨਤ ਧਾਰਮਕ ਵਿਚਾਰਾਂ ਦੇ ਪਰਸਾਰ ਲਈ ਹੋਂਦ ਵਿਚ ਆਉਂਦੇ ਹਨ ਪਰ ਸਮਾਜਕ ਇਕਾਈਆਂ ਹੋਣ ਕਾਰਨ ਉਹ ਮਰਯਾਦਾ, ਪਹਿਰਾਵਾ, ਤਸਵੀਰਾਂ, ਮੂਰਤੀਆਂ, ਮਾਲਾ, ਸ਼ਸਤਰ, ਤਖਤ, ਭਵਨ, ਸਰੋਵਰ, ਬਿਰਛ, ਪਾਠ, ਪੂਜਾ, ਮੰਤਰ, ਅਰਦਾਸ, ਸ਼ੁਭ ਦਿਨ, ਪੁੰਨ ਦਾਨ, ਵਰ ਸਰਾਪ, ਇਤਹਾਸ, ਮਿਥਹਾਸ, ਜਲਸੇ ਜਲੂਸ, ਜਾਗਰਤੇ, ਰੈਣ ਸਬਾਈ, ਪਰਭਾਤ ਫੇਰੀ, ਮੇਲੇ, ਸਭਾਵਾਂ ਅਤੇ ਅਨੇਕ ਪਰਕਾਰ ਦੇ ਕਰਮ ਕਾਂਡਾਂ ਦਾ ਜਾਲ ਵਿਛਾ ਕੇ ਗੁਰਮਤਿ ਦੇ ਪਰਭੂ ਦੇ ਸੰਕਲਪ ਨੂੰ ਉਲਝਾ ਛਡਦੇ ਹਨ, ਅਤੇ ਇਸ ਦੀ ਅਧਿਆਤਮਕ ਵਿਚਾਰਧਾਰਾ ਨੂੰ ਸਮਾਜਕ ਪਰਿਸਥਿਤੀ ਤੋਂ ਉਤਪੰਨ ਕਾਲਪਨਕ ਪਰਿਣਾਮਾਂ ਵਿਚ ਰਲਗੱਡ ਕਰ ਕੇ ਕਰਮ ਕਾਂਡਾਂ ਦੇ ਪਖੰਡ ਦਾ ਅਨੁਲੱਗ ਅਤੇ ਸੇਵਕ ਬਣਾ ਦਿੰਦੇ ਹਨ। ਇਤਹਾਸ ਗਵਾਹ ਹੈ ਕਿ ਸੰਸਥਾਗਤ ਧਰਮ ਦੇ ਪਖੰਡ ਨੇ ਗੁਰਮਤਿ ਗਿਆਨ ਦੇ ਪਰਕਾਸ਼ ਨੂੰ ਮਿਟਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਗੁਰਮਤਿ ਦੀ ਅਮਿੱਟ ਸਚਾਈ ਅਤੇ ਸ਼ਰਧਲੂਆਂ ਦੇ ਵਿਵੇਕ ਨੇ ਇਸ ਨੂੰ ਮਿਟਣ ਨਹੀਂ ਦਿੱਤਾ।




.