.

☬ ੴਸਤਿ ਗੁਰਪ੍ਰਸਾਦਿ ☬

ਵਾਰ ਮਾਝ ਕੀ, ਮਹਲਾ ੧-ਸਟੀਕ

(ਲੋੜੀਂਦੀ ਗੁਰਮੱਤ ਵਿਚਾਰ ਸਹਿਤ) (ਕਿਸ਼ਤ ੫)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ, ਇਸ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਇਸ ਤੋਂ ਪਹਿਲੀਆਂ ਚਾਰ ਕਿਸ਼ਤਾਂ `ਚ ਸਲੋਕਾਂ ਤੋਂ ਬਿਨਾ ਇਸ ‘ਵਾਰ’ ਵਿਚਲੀਆਂ ਸਾਰੀਆਂ ਭਾਵ ੨੭ ਪਉੜੀਆਂ ਦੀ ਲੜੀਵਾਰ ਪਰ ਸੰਖੇਪ ਵਿਚਾਰ ਕਰਦੇ ਹੋਏ ਅਸਾਂ ਖਾਸ ਤੌਰ `ਤੇ ਗੁਰਬਾਣੀ ਵਿਚਲੀਆਂ ਵਾਰਾਂ ਦੇ ਇਸ ਮੂਲ ਨੂੰ ਪਹਿਚਾਨਣ ਦਾ ਯਤਣ ਕੀਤਾ ਹੈ। ਇਸ ਦੇ ਨਾਲ ਇਹ ਵੀ ਦੇਖਿਆ ਹੈ ਕਿ ਕਿਵੇਂ ਇਹ ਵਾਰਾਂ ਪਉੜੀਆਂ ਦੇ ਰੂਪ `ਚ ਹਨ ਅਤੇ ਹਰੇਕ ਅਗ਼ਲੀ ਆਉਣ ਵਾਲੀ ਪਉੜੀ, ਪਿਛਲੀ ਆ ਚੁੱਕੀ ਪਉੜੀ ਦੇ ਮਜ਼ਮੂਨ ਨੂੰ ਹੀ ਅੱਗੇ ਵਧਾਉਂਦੀ ਹੈ। ਫ਼ਿਰ ਇਹ ਪਉੜੀਆਂ ਵੀ ਉਹ ਹਨ, ਜੋ ਸੰਸਾਰਿਕ ਪਉੜੀਆਂ ਵਾਂਙ ਬਾਰ ਬਾਰ ਉੱਤੇ-ਹੇਠਾਂ ਨਹੀਂ ਬਲਕਿ ਮਨੁੱਖਾ ਜੀਵਨ ਦੀ ਕੇਵਲ ਸੰਭਾਲ ਹੀ ਕਰਦੀਆਂ ਹਨ, ਇਸ ਦੇ ਵਿਗਾੜ `ਚ ਸਹਾਈ ਨਹੀਂ ਹੁੰਦੀਆਂ। ਇਹ ਪਉੜੀਆਂ ਅਜਿਹੀਆਂ ਹਨ ਜੋ ਮਨੁੱਖਾ ਜੀਵਨ ਨੂੰ ਵਿਕਾਰਾਂ ਤੇ ਮੋਹ ਮਾਇਆ ਦੀ ਦਲਦਲ ਤੇ ਨਿਵਾਣ `ਚੋਂ ਕੱਢ ਕੇ ਆਤਮਿਕ ਉਚਾਈਆਂ ਦੀਆਂ ਬੁਲੰਦੀਆਂ `ਤੇ ਪਹੁੰਚਾਂਦੀਆਂ ਹਨ। ਇਸ ਲਈ ਇਹ ਪਉੜੀਆਂ ਅਜਿਹੀਆਂ ਹਨ, ਜਿਹੜੀਆਂ ਇੱਕ ਵਾਰੀ ਚੜ੍ਹ ਜਾਣ ਤੋਂ ਬਾਅਦ, ਮਨੁਖਾ ਜੀਵਨ ਫ਼ਿਰ ਗਿਰਾਵਟ ਵੱਲ ਆ ਹੀ ਨਹੀਂ ਸਕਦਾ; ਬਲਕਿ ਉਸ ਦੀ ਵਾਪਸੀ ਵਾਲੀ ਲੋੜ ਵੀ ਮੁੱਕ ਜਾਂਦੀ ਹੈ ਤੇ ਭੁੱਖ ਵੀ।

ਇਸ ਤੋਂ ਅੱਗੇ ਇਸ “ਮਾਝ ਕੀ ਵਾਰ ਮ: ੧ ਦੀ ਸਟੀਕ ਅਤੇ ਗੁਰਮੱਤ ਵਿਚਾਰ ਦਰਸ਼ਨ” ਦੇਣ `ਚ ਜੋ ਤਰਤੀਬ ਅਪਣਾਈ ਜਾ ਰਹੀ ਹੈ ਉਹ ਇਸ ਤਰ੍ਹਾਂ ਹੈ (੧) ਵਾਰ ਦਾ ਸਿਰਲੇਖ ਤੇ ਉਸ ਸਬੰਧੀ ਅਰਥ ਵਿਚਾਰ (੨) ਅਰਥ ਵਿਚਾਰ ਤੋਂ ਪਹਿਲਾਂ ਹਰੇਕ ਪਉੜੀ ਸਲੋਕਾਂ ਸਮੇਤ ਆਪਣੇ ਮੂਲ ਰੂਪ `ਚ ਦਿੱਤੀ ਜਾਵੇਗੀ (੩) ਇਸ ਤੋਂ ਬਾਅਦ ਵਾਰੀ ਵਾਰੀ ਸਲੋਕਾਂ ਦੇ ਤੇ ਉਸ ਪਉੜੀ ਦੇ ਅਰਥ ਦਿੱਤੇ ਜਾਣਗੇ (੪) ਲੋੜ ਅਨੁਸਾਰ ਹਰੇਕ ਸਲੋਕ ਤੇ ਪਉੜੀ ਲਈ ਨਾਲ ਨਾਲ ਗੁਰਮੱਤ ਵਿਚਾਰ ਦਰਸ਼ਨ ਵੀ ਹੋਵੇਗਾ (੫) ਹਰੇਕ ਪਉੜੀ ਦੀ ਅਰਥਾਂ ਸਮੇਤ ਸਮਾਪਤੀ ਤੋਂ ਬਾਅਦ ਪਉੜੀ ਤੇ ਸਲੋਕਾਂ ਦੀ ਆਪਸੀ ਸਾਂਝ ਪ੍ਰਗਟ ਕੀਤੀ ਜਾਵੁੇਗੀ (੬) ਸਮਾਪਤੀ `ਤੇ ਸਲੋਕਾਂ ਤੋਂ ਬਿਨਾ ਕੇਵਲ ਪਉੜੀਆਂ ਸਹਿਤ, ਪਉੜੀ ਵਾਰ ਅਰਥ ਦਿੱਤੇ ਜਾਣਗੇ। ਇਸ ਤਰ੍ਹਾਂ ਹੁਣ ਅਕਾਲ ਪੁਰਖ ਦਾ ਓਟ ਆਸਰਾ ਲੈ ਕੇ ਹੱਥਲੇ ਵਿਸ਼ੇ ਦਾ ਅਰੰਭ ਕਰਣਾ ਚਾਹਾਂਗੇ:

(ਤਾਂ ਤੇ ਦਿੱਤੇ ਜਾ ਚੁੱਕੇ ਵੇਰਵੇ ਅਨੁਸਾਰ ਇਸ ਵਾਰ ਦਾ ਸਿਰਲੇਖ ਇਸ ਤਰ੍ਹਾਂ ਹੈ)

ਵਾਰ ਮਾਝ ਕੀ ਤਥਾ ਸਲੋਕ ਮਹਲਾ ੧

ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ॥

ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ॥

ਅਰਥ- ਇਹ ਵਾਰ ਰਾਗ ਮਾਝ `ਚ ਲਿਖੀ ਹੋਈ ਹੈ ਅਤੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਰਚਨਾ ਹੈ। ਇਹ ਵੀ ਕਿ ਇਸ ਵਾਰ `ਚ ‘ਤਥਾ ਸਲੋਕ’ ਦੇ ਅਰਥ ਹਨ ਕਿ ‘ਸਲੋਕ’ ਮੂਲ ਵਾਰ ਰਚਨਾ ਦਾ ਹਿੱਸ ਨਹੀਂ ਸਨ ਅਤੇ ਸਲੋਕ ਬਾਅਦ `ਚ ਜੋੜੇ ਗਏ ਹਨ।

ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ॥

ਅਰਥ- ਪੰਜਵੇਂ ਗੁਰਦੇਵ ਹਿਦਾਇਤ ਕਰ ਰਹੇ ਹਨ ਕਿ ਢਾਡੀਆਂ ਨੇ ਇਸ ਵਾਰ ਨੂੰ ਉਸ ਧੁਨੀ `ਚ ਗਾਉਣਾ ਹੈ ਜਿਸ ਧੁਨੀ `ਚ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ’ ਵਾਲੀ ਵਾਰ ਗਾਈ ਜਾਂਦੀ ਹੈ।

ਵਿਸ਼ੇਸ਼ ਜਾਣਕਾਰੀ- ਕੇਵਲ ਇਸ ਵਾਰ ਸਬੰਧੀ ਹੀ ਨਹੀਂ ਬਲਕਿ ਗੁਰਦੇਵ ਨੇ ਕੁਲ ੨੨ ਵਾਰਾਂ ਵਿਚੋਂ ਨੌ ਵਾਰਾਂ ਦੇ ਅਰੰਭ `ਚ ਧੁਨੀਆਂ ਸਬੰਧੀ ਹਿਦਾਇਤਾਂ ਦਿੱਤੀਆਂ ਹਨ ਜੋ ਇਸ ਤਰ੍ਹਾਂ ਹਨ:

੧. ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ।

੨. ਰਾਇ ਕਮਾਲ ਦੀ ਮੌਜ ਦੀ ਵਾਰ।

੩. ਲਲਾ ਬਹਿਲੀਮਾ ਦੀ ਵਾਰ।

੪. ਟੁੰਡੇ ਅਸਰਾਜੇ ਦੀ ਵਾਰ।

੫. ਸਿਕੰਦਰ ਬਿਰਾਹਿਮ ਦੀ ਵਾਰ।

੬. ਹਸਨੇ ਮਹਮੇ ਦੀ ਵਾਰ।

੭. ਮੂਸੇ ਦੀ ਵਾਰ।

੮. ਜੋਧੇ ਵੀਰੇ ਦੀ ਵਾਰ।

੯. ਰਾਣਾ ਕੈਲਾਸ ਦੇਵ ਮਾਲਦੇ ਦੀ ਵਾਰ।

ਇਸ ਲਈ ਕੇਵਲ ਸੰਗਤਾ ਦੀ ਜਾਣਕਾਰੀ ਲਈ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਵਾਰ” ਦਾ ਸੰਖੇਪ ਪਿਛੋਕੜ ਇਸ ਤਰ੍ਹਾਂ ਹੈ “ਅਕਬਰ ਦੇ ਦਰਬਾਰ `ਚ ਮੁਰੀਦ ਖ਼ਾਂ ਤੇ ਚੰਦ੍ਰਹੜਾ ਦੋ ਰਾਜਪੂਤ ਸਰਦਾਰ ਹੋਏ ਹਨ; ਪਹਿਲੇ ਦੀ ਜਾਤਿ ਸੀ ‘ਮਲਕ’ ਦੂਜੇ ਦੀ ‘ਸੋਹੀ’। ਦੋਹਾਂ ਦੀ ਆਪੋ `ਚ ਲੱਗਦੀ ਸੀ। ਇੱਕ ਵਾਰ ਬਾਦਸ਼ਾਹ ਨੇ ਮੁਰੀਦ ਖ਼ਾਂ ਨੂੰ ਕਾਬਲ ਦੀ ਮੁਹਿੰਮ ਤੇ ਘੱਲਿਆ, ਉਸ ਨੇ ਵੈਰੀ ਨੂੰ ਜਿੱਤ ਤਾਂ ਲਿਆ, ਪਰ ਰਾਜ-ਪ੍ਰਬੰਧ `ਚ ਕੁੱਝ ਦੇਰ ਲੱਗ ਗਈ। ਚੰਦ੍ਰਹੜੇ ਨੇ ਅਕਬਰ ਪਾਸ ਚੁਗ਼ਲੀ ਖਾਧੀ ਕਿ ਮੁਰੀਦ ਖ਼ਾਂ ਆਕੀ ਹੋ ਬੈਠਾ ਹੈ। ਸੋ, ਮਲਕ ਦੇ ਵਿਰੁਧ ਫ਼ੌਜ ਦੇ ਕੇ ਇਸ ਨੂੰ ਘੱਲਿਆ ਗਿਆ। ਇਸ ਤਰ੍ਹਾਂ ਆਪੋ `ਚ ਲੜ ਕੇ ਦੋਵੇਂ ਆਪਸੀ ਜੰਗ `ਚ ਹੀ ਮਾਰੇ ਗਏ। ਢਾਡੀਆਂ ਨੇ ਇਸ ਜੰਗ ਦੀ ‘ਵਾਰ’ ਲਿਖੀ ਜੋ ਸਮੇਂ ਨਾਲ ਪ੍ਰਚਲਤ ਹੋ ਗਈ। ਉਪ੍ਰੰਤ ਗੁਰੂ ਅਰਜਨ ਪਾਤਸ਼ਾਹ ਨੇ, ਵਾਰ ਤੋਂ ਪਹਿਲਾਂ ਇਹ ਉਪਰ ਲਿਖਿਆ ਸਿਰ-ਲੇਖ ਦੇ ਕੇ ਆਗਿਆ ਕੀਤੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਇਹ ‘ਮਾਝ ਰਾਗ ਵਿਚਲੀ ਇਸ ਵਾਰ ਨੂੰ ਉਸ ਧੁਨੀ (ਸੁਰ) `ਚ ਗਾਉਣਾ ਹੈ ਜਿਸ ਧੁਨੀ `ਚ ਮੁਰੀਦ ਖਾਂ ਵਾਲੀ ਵਾਰ ਗਾਈ ਜਾਂਦੀ ਹੈ। ਇਸ ਲਈ ਮੁਰੀਦ ਖ਼ਾਂ ਵਾਲੀ ਵਾਰ ਦਾ ਨਮੂਨਾ ਇਸ ਤਰ੍ਹਾਂ ਹੈ: —

“ਕਾਬਲ ਵਿੱਚ ਮੁਰੀਦ ਖ਼ਾਂ ਫੜਿਆ ਵਡ ਜੋਰ। … ”

ਵਾਰਾਂ ਉਪਰ ਧੁਨੀਆਂ ਅਤੇ ‘ਫਿਲਮੀ ਤਰਜ਼ਾਂ’ ? - ਸਾਹਿਬਾਂ ਰਾਹੀਂ ਵਾਰਾਂ ਦੇ ਅਰੰਭ `ਚ ਵਰਤੀਆਂ ਉਪ੍ਰੋਕਤ ਧੁਨੀਆਂ ਤੋਂ ਸਾਡੇ ਕੁੱਝ ਸੱਜਨ, ਇੱਕ ਹੋਰ ਦਲੀਲ ਦੇਣੀ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੁੰਦਾ ਹੈ ‘ਜੇ ਗੁਰੂ ਪਾਤਸ਼ਾਹ ਨੇ ਲੋਕਾਂ ਦੀ ਰੁਚੀ, ਗੁਰਬਾਣੀ ਵਾਲੇ ਪਾਸੇ ਮੋੜਣ ਲਈ, ਉਸ ਸਮੇਂ ਦੀਆਂ ਲੋਕ ਪ੍ਰਿਅ ਧੁਨੀਆਂ ਦੀ ਵਰਤੋਂ ਕਰਣੀ ਯੋਗ ਸਮਝੀ ਤਾਂ ਅਜੋਕੇ ਸਮੇਂ ਫਿਲਮੀ ਧੁਨਾਂ ਨੂੰ ਗੁਰਬਾਣੀ ਕੀਰਤਨ ਸਮੇਂ ਵਰਤਣ `ਚ ਵੀ ਹਰਜ ਨਹੀਂ ਹੋਣਾ ਚਾਹੀਦਾ’। ਓਪਰੀ ਨਜ਼ਰੇ, ਦਲੀਲ ਵਜ਼ਣਦਾਰ ਹੈ, ਸਮਝਣ ਦੀ ਲੋੜ ਹੈ ਕਿ ਗੁਰੂ ਪਾਤਸ਼ਾਹ ਦੇ ਸਮੇਂ ਵੀ ਡਰਾਮੇ, ਰਾਸਾਂ, ਗੀਤ ਤੇ ਕਾਮ-ਰਸ ਨੂੰ ਉਭਾਰਣ ਲਈ ਸਸਤੇ ਮਨੋਰੰਜਨ, ਮਹਿਫਲਾਂ, ਮੁਸ਼ਾਇਰੇ ਆਦਿ ਵੀ ਹੁੰਦੇ ਸਨ। ਅੱਜ ਵਾਲੇ ਫਿਲਮੀ ਗੀਤ, ਉਸ ਸਮੇਂ ਦੇ ਉਨ੍ਹਾਂ ਦਾ ਹੀ ਬਦਲ ਹਨ ਜਿਵੇਂ “ਗਾਵਹਿ ਰਾਜੇ ਰਾਣੀਆ” ਵਾਲੇ ਸਲੋਕ ਰਾਹੀਂ ਸਾਹਿਬਾਂ ਨੇ ਪੂਰੀ ਤਰ੍ਹਾਂ ਸਪਸ਼ਟ ਕੀਤਾ ਹੈ। ਅਜਿਹੇ ਬੋਲਾਂ ਲਈ ਪਾਤਸ਼ਾਹ ਨੇ ਇਸੇ ਸਲੋਕ `ਚ ਲਫ਼ਜ਼ “ਬੋਲਹਿ ਆਲ ਪਤਾਲ” ਤੇ ਇਸ ਨੂੰ “ਬਾਜਾਰੀ ਬਾਜਾਰ ਮਹਿ ਆਇ ਕਢਹਿ ਬਾਜਾਰ” ਵਾਲੇ ਪ੍ਰਮਾਣ ਪਤ੍ਰ (Certificate) ਹੀ ਦਿੱਤੇ ਹਨ।

ਧਿਆਨ ਦੇਣਾ ਹੈ ਕਿ ਇਥੇ ਸਾਹਿਬਾਂ ਨੇ ਕੇਵਲ ਉਨ੍ਹਾਂ ਹੀ ਵਾਰਾਂ ਦੀਆਂ ਧੁਨੀਆਂ ਚੁੱਕੀਆਂ ਹਨ, ਜਿਨ੍ਹਾਂ ਦਾ ਸਬੰਧ ‘ਜੋਧਿਆਂ ਦੀਆਂ ਕਹਾਣੀਆਂ’ ਨਾਲ ਹੈ, ਹੋਛੇ ਰਸਾਂ ਨਾਲ ਨਹੀਂ। ਇਸੇ ਤਰ੍ਹਾਂ ਗੁਰਬਾਣੀ ਵਿਚਲੀਆਂ ਵਾਰਾਂ ਦਾ ਸਬੰਧ ਵੀ ਮਨੁੱਖਾ ਜ਼ਿੰਦਗੀ `ਚ ਹਰ ਸਮੇਂ ਹੋ ਰਹੇ ਆਤਮ-ਯੁੱਧ ਨਾਲ ਹੀ ਹੈ, ਜਿਸ ਤੋਂ ਅਨਜਾਣ ਲੋਕਾਈ ਸੱਚੇ, ਸਦੀਵੀ ਅਨੰਦਮਈ ਹੁਲਾਰੇ ਤੋਂ ਵਾਂਝੀ ਰਹਿ ਰਹੀ ਹੈ। ਦੇਖਣ ਦੀ ਗੱਲ ਹੈ, ਕਿ ਗੁਰਦੇਵ ਨੇ ਇਹ ਢੰਗ ਵੀ ਕੇਵਲ ਵਾਰਾਂ ਲਈ ਹੀ ਵਰਤਿਆ ਹੈ, ਭਾਵ ਜਿਸ ਰਚਨਾ ਦਾ ਆਧਾਰ ਹੀ ਯੁੱਧ-ਹੁਲਾਰਾ ਹੈ। ਸਾਰੀ ਗੁਰਬਾਣੀ `ਚ ਹੋਰ ਕਿਧਰੇ ਵੀ ਇਹ ਢੰਗ ਨਹੀਂ ਵਰਤਿਆ, ਇਹ ਵਿਸ਼ਾ ਵਿਸ਼ੇਸ਼ ਧਿਆਨ ਮੰਗਦਾ ਹੈ। ਇਸ ਦੇ ਉਲਟ ਅੱਜ ਸਾਡੇ ਬਹੁਤੇ ਰਾਗੀ ਤਾਂ ਸ਼ਬਦਾਂ ਤੇ ਰਾਗਾਂ ਨਾਲ ਵੀ ਫ਼ਿਲਮੀ ਤਰਜ਼ਾਂ ਜੋੜੀ ਫ਼ਿਰਦੇ ਹਨ ਜੋ ਮੂਲੋਂ ਹੀ ਗ਼ਲਤ ਤੇ ਗੁਰਬਾਣੀ ਦੀ ਬੇਅਦਬੀ ਹੈ। (ਫ਼ਿਰ ਵੀ ਇਸ ਵਿਸ਼ੇ ਨੂੰ ਹੋਰ ਵੇਰਵੇ ਨਾਲ ਸਮਝਣ ਲਈ ਇਸੇ ਕਲਮ ਤੋਂ ਗੁਰਮੱਤ ਪਾਠ ਨੰ: ੭੩ ‘ਕੀਰਤਨ ਗੁਰਬਾਣੀ ਦਾ’ ਵਧੇਰੇ ਸਹਾਈ ਹੋ ਸਕਦਾ ਹੈ।)।

ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ॥

ਵਾਰ ਨੂੰ ਅਰੰਭ ਕਰਣ ਤੋਂ ਪਹਿਲਾਂ, ਅਕਾਲਪੁਰਖ ਦੀ ਉਸਤਤ ਤੇ ਕਰਤੇ ਦੀ ਪਹਿਚਾਣ ਨੂੰ ਬਿਆਣ ਕਰਦਾ ਹੋਇਆ ਗੁਰਦੇਵ ਵੱਲੋਂ ਇਹ ਗੁਰਬਾਣੀ ਦਾ ਮੰਗਲਾਚਰਣ ਦਿੱਤਾ ਹੋਇਆ ਹੈ। ਦਰਅਸਲ ਇਹੀ ਨਿਯਮ ਗੁਰੂ ਸਾਹਿਬ ਨੇ ਸਾਰੀ ਗੁਰਬਾਣੀ ਰਚਨਾ `ਚ ਵਰਤਿਆ ਹੈ। ਇਹੀ ਕਾਰਨ ਹੈ ਕਿ ਸਮੂਚੀ ਗੁਰਬਾਣੀ `ਚ ਮੰਗਲਾਚਰਣ ਆਪਣੇ ਇੱਕ ਨਹੀਂ ਬਲਕਿ ਚਾਰ ਸਰੂਪਾਂ `ਚ ੫੬੭ ਵਾਰੀ ਦਰਜ ਹੋਇਆ ਹੈ। ਇਹ ਵੀ ਕਿ ਇਸ ਵਾਰ ਦੇ ਅਰੰਭ `ਚ ਜੋ ਮੰਗਲਾਚਰਣ ਆਇਆ ਹੈ ਇਹ ਵੀ ਆਪਣੇ ਪੂਰਨ ਸਰੂਪ `ਚ ਨਹੀਂ ਬਲਕਿ ਬਾਕੀ ਤਿੰਨ ਸੰਖੇਪ ਸਰੂਪਾਂ ਚੋਂ ਹੀ ਉਨ੍ਹਾਂ ਦਾ ਪ੍ਰਥਮ ਸੰਖੇਪ ਸਰੂਪ ਹੈ। ਜਿਵੇਂ ਕਿ ਬੇਨਤੀ ਕੀਤੀ ਜਾ ਚੁੱਕੀ ਹੈ ਕਿ ਮੂਲ ਰੂਪ `ਚ ਸੰਪੂਰਣ ਗੁਰਬਾਣੀ ਅਤੇ ਅਜੋਕੀਆਂ ਛਾਪੇ ਵਾਲੀਆਂ ਬੀੜਾਂ `ਚ ਤੋਂ “ਤਨੁ ਮਨੁ ਥੀਵੈ ਹਰਿਆ” ਤੱਕ ਮੰਗਲਾਚਰਣ ਆਪਣੇ ਚਾਰ ਸਰੂਪਾਂ `ਚ ਤੇ ੫੬੭ ਵਾਰੀ ਆਇਆ ਹੈ। ਜਦਕਿ ੩੩ ਵਾਰੀ ਆਪਣੇ ਪੂਰਨ ਸਰੂਪ `ਚ ਅਤੇ ਬਾਕੀ ਆਪਣੇ ਤਿੰਨ ਸੰਖੇਪ ਸਰੂਪਾਂ `ਚ। ਉਂਝ ਸੰਨ ੧੯੩੬ ਤੋਂ ਪਹਿਲਾਂ ਵਾਲੀਆਂ ਛਾਪੇ ਦੀਆਂ ਬੀੜਾਂ `ਚ ਇਸ ਮੰਗਲਾਚਰਣ ਦੇ ਪੰਜ ਸਰੂਪਾਂ ਦੇ ਵੀ ਦਰਸ਼ਨ ਹੁੰਦੇ ਹਨ ਤੇ ਇਸ ਦਾ ਪੰਜਵਾਂ ਸਰੂਪ ਕੇਵਲ ਤੇ ਕੇਵਲ ਹੀ ਸੀ। ਫ਼ਿਰ ਵੀ ਮੰਗਲਾਚਰਣ ਦੇ ਨੰਬਰਵਾਰ ਅਜੋਕੇ ਚਾਰ ਸਰੂਪ ਇਸ ਤਰ੍ਹਾਂ ਹਨ:

ੴ ਤੋਂ ‘ਗੁਰਪ੍ਰਸਾਦਿ’ ਤੱਕ ਸੰਪੂਰਣ ਸਰੂਪ `ਚ … … … ੩੩ ਵਾਰ

ੴਸਤਿਨਾਮੁ ਕਰਤਾਪੁਰਖੁ ਗੁਰਪ੍ਰਸਾਦਿ ੮ ਵਾਰ

ੴ ਸਤਿਨਾਮੁ ਗੁਰਪ੍ਰਸਾਦਿ … … … … …. . ੨ ਵਾਰ

ੴ ਸਤਿ ਗੁਰਪ੍ਰਸਾਦਿ … … … … … …. . ੫੨੪ ਵਾਰ = ਕੁਲ ੫੬੭ ਵਾਰ

ਪਦ ਅਰਥ- ੴ= ਇਸ ਦਾ ਉਚਾਰਣ ‘ਏਕ ਓਅੰਕਾਰ’ ਹੈ। ਇਸ ਦਾ ਉਚਾਰਣ ਸੰਸਕਿੁਤ ਦੇ ਓਮ ਜਾਂ ‘ਓਮਕਾਰ’ ਲਫ਼ਜ਼ ਤੋਂ ਬਿਲਕੁਲ ਭਿੰਨ ਤੇ ਇਸ ਦੇ ਅਰਥ ਵੀ ਬਿਲਕੁਲ ਵੱਖਰੇ ਹਨ। ਹੇਠ ਦਿੱਤੇ ਪ੍ਰਮਾਣਾਂ ਅਨੁਸਾਰ ਗੁਰਬਾਣੀ `ਚ ਬਹੁਤ ਵਾਰੀ ਇਸ ਦਾ ਉਚਾਰਣ ਵੀ ਸਪਸ਼ਟ ਕੀਤਾ ਹੋਇਆ ਹੈ ਜਿਵੇਂ:

“ਏਕਮ ਏਕੰਕਾਰੁ ਨਿਰਾਲਾ॥ ਅਮਰੁ ਅਜੋਨੀ ਜਾਤਿ ਨ ਜਾਲਾ॥”

ਬਿਲਾਵਲ ਮ: ੧ ਪੰ: ੮੩੮

“ਓਅੰਕਾਰਿ ਬ੍ਰਹਮਾ ਉਤਪਤਿ॥ ਓਅੰਕਾਰੁ ਕੀਆ ਜਿਨਿ ਚਿਤਿ॥

ਓਅੰਕਾਰਿ ਸੈਲ ਜੁਗ ਭਏ॥ ਓਅੰਕਾਰਿ ਬੇਦ ਨਿਰਮਏ॥

ਓਅੰਕਾਰਿ ਸਬਦਿ ਉਧਰੇ॥ ਓਅੰਕਾਰਿ ਗੁਰਮੁਖਿ ਤਰੇ॥”

ਰਾਮਕਲੀ ਮ: ੧ ਦਖਣੀ ਓਅੰਕਾਰ ਪੰ: ੯੨੯

ਚੇਤੇ ਰਹੇ! ਇਸ ਨੂੰ ਹਿੰਦੀ `ਚ ਲਿਖਣ ਸਮੇਂ ‘ਓਮਕਾਰ’ ਲਿਖਣਾ ਅਸ਼ੁੱਧ ਹੈ। ਹਿੰਦੀ `ਚ ਲਿਖਣ ਸਮੇਂ ਵੀ ਇਸ ਨੂੰ ‘੧ ਓਅੰਕਾਰ’ ਹੀ ਲਿਖਣਾ ਹੋਵੇਗਾ। ਗੁਰੂ ਸਾਹਿਬ ਨੇ ਇਸ ਨੂੰ ਬਿਲਕੁਲ ਹੀ ਨਵੇਂ ਰੂਪ ਅਤੇ ਨਵੇਂ ਅਤੇ ਨਿਵੇਕਲੇ ਅਰਥਾਂ `ਚ ਦਿੱਤਾ ਹੈ। ਇਸੇ ਤਰ੍ਹਾਂ ਇਸ ਦਾ ਉਚਾਰਣ ਵੀ ਪੁਰਾਤਨ ਨਹੀਂ ਬਲਕਿ ਵੱਖਰਾ, ਨਿਵੇਕਲਾ ਤੇ ਬਿਲਕੁਲ ਭਿੰਨ ਹੈ। ਇਹ ਵੀ ਦੇਖ ਚੁੱਕੇ ਹਾਂ ਕਿ ਗੁਰਬਾਣੀ `ਚ ਇਸ ਬਾਰੇ ਸਪਸ਼ਟ ਨਿਰਣਾ ਵੀ ਦਿੱਤਾ ਹੋਇਆ ਹੈ। ਤਾਂ ਤੇਦੇ ਪੂਰੇ ਅਰਥ:

ਭਿੰਨ-ਭਿੰਨ ‘੧+ ਓਅੰ +ਕਾਰ’ ਤਿੰਨ ਸ਼ਬਦਾਂ ਦੇ ਜੋੜ ਤੋਂ ਹੈ। ਇਨ੍ਹਾਂ ਤਿੰਨ ਲਫ਼ਜ਼ਾਂ ਦੇ ਨੰਬਰਵਾਰ ਅਰਥ ਇਸ ਤਰ੍ਹਾਂ ਹਨ:

੧- ਅਕਾਲ ਪੁਰਖ ਕੇਵਲ ਤੇ ਕੇਵਲ ਇੱਕ ਹੀ ਹੈ। ਇਹ ਵੀ ਕਿ ਇਥੇ ਗਿਣਤੀ ਵਾਲਾ ‘ਏਕਾ’ ਲਗਾ ਕੇ ਪਾਤਸ਼ਾਹ ਨੇ ਇਸ ਸਚਾਈ ਨੂੰ ਸਦਾ ਲਈ ਉਜਾਗਰ ਕਰ ਦਿੱਤਾ ਤੇ ਦ੍ਰਿੜ ਵੀ ਕਰਵਾ ਦਿੱਤਾ ਹੈ। ਸਪਸ਼ਟ ਹੈ ਕਿ ਉਹ ਇਸ ਲਈ ਤਾ ਕਿ ਇਸ `ਚ ਕਿਸੇ ਪ੍ਰਕਾਰ ਦੇ ਭੁਲੇਖੇ ਦੀ ਗੁੰਜਾਇਸ਼ ਹੀ ਨਾ ਰਹਿ ਜਾਵੇ। ਇਸ ਤਰ੍ਹਾਂ ਓਅੰਕਾਰ ਨਾਲ ਗਿਣਤੀ ਵਾਲਾ (digital) ‘ਏਕਾ’ ਲਗਾ ਕੇ ਸਪਸ਼ਟ ਕੀਤਾ ਹੋਇਆ ਹੈ ਕਿ ਸੰਪੂਰਨ ਰਚਨਾ ਦਾ ਕਰਤਾ ਕੇਵਲ ਤੇ ਕੇਵਲ ‘ਇਕ’ ਹੀ ਹੈ, ਭਿੰਨ ਭਿੰਨ ਨਹੀਂ ਹਨ।

ਓਅੰ - ਅਕਾਲ ਪੁਰਖ ਜ਼ਰੇ ਜ਼ਰੇ `ਚ ਇੱਕ ਰਸ ਵਿਆਪਕ ਹੈ। ਹਾਥੀ-ਗੈਂਡੇ ਆਦਿ ਵੱਡੇ ਤੋਂ ਵੱਡੇ ਵਜੂਦ ਤੇ ਆਕਾਰ ਵਾਲੇ ਜਾਂ ਛੋਟੇ ਤੋਂ ਛੋਟੇ ਨੰਗੀ ਅੱਖ ਨਾਲ ਨਾ ਦੇਖੇ ਜਾ ਸਕਣ ਵਾਲੇ ਜੀਵਾਂ `ਚ ਵੀ ਕਰਤੇ ਦਾ ਵਜੂਦ ਇਕੋ ਜਿਹਾ ਹੀ ਤੇ ਬਰਾਬਰ ਹੈ। ਉਸ ਦਾ ਵਜੂਦ, ਕਿਸੇ ਇੱਕ `ਚ ਘੱਟ ਜਾਂ ਦੂਜੇ `ਚ ਵੱਧ ਨਹੀਂ।

ਕਾਰ- ਜਿਵੇਂ “ਚਉਗਿਰਦ ਹਮਾਰੈ ਰਾਮ ਕਾਰ” (ਪੰ: ੮੧੯) ਕਾਰ ਦੇ ਅਰਥ ਹਨ ਲਕੀਰ। ਲਕੀਰ ਸਾਬਤ ਕਰਦੀ ਹੈ ਕਿ ਅਕਾਲ ਪੁਰਖ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕਿਉਂਕਿ ਸੰਸਾਰ ਤਾਂ ਕਰਤੇ ਦੀ ਆਪਣੀ ਘਾੜਤ ਹੈ ਇਸ ਲਈ ਇਸ ਰਚਨਾ ਅਥਵਾ ਸੰਸਾਰ ਦਾ ਅੰਤ ਤਾਂ ਆ ਸਕਦਾ ਹੈ ਪਰ ਕਾਰ ਭਾਵ ਲਕੀਰ ਦੀ ਨਿਆਈਂ ਕਰਤੇ ਦਾ ਅੰਤ ਤੇ ਪਾਰਾਵਾਰ ਨਹੀਂ ਪਾਇਆ ਜਾ ਸਕਦਾ।

ਦੇ ਸਮੂਹਕ ਅਰਥ ਹਨ- ਅਕਾਲ ਪੁਰਖ ਇੱਕ ਹੈ, ਸੰਪੂਰਣ ਰਚਨਾ `ਚ ਇੱਕ ਰਸ ਵਿਆਪਕ ਹੈ ਤੇ ਉਸ ਕਰਤੇ ਪ੍ਰਭੂ ਦਾ ਅੰਤ ਨਹੀਂ ਪਾਇਆ ਜਾ ਸਕਦਾ।

ਗੁਰਮੱਤ ਵਿਚਾਰ ਦਰਸ਼ਨ-

੧- ਅਗਿਆਨਤਾ ਵੱਸ ਮਨੁੱਖ ਨੇ ਆਪਣੇ ਅਨੇਕਾਂ ਰੱਬ, ਭਗਵਾਨ, ਦੇਵੀਆਂ ਦੇਵਤੇ ਤੇ ਇਸ਼ਟ ਮਿਥ ਰਖੇ ਸਨ। ਜਿਸ ਕੋਲ ਜੋ ਦੋ ਗੁਣ ਦੇਖੇ ਜਾਂ ਵਿਸ਼ਵਾਸ ਆਇਆ, ਉਸੇ ਨੂੰ ਭਗਵਾਨ ਜਾਂ ਰੱਬ ਮਿਥ ਲਿਆ। ਇਸ ਤਰ੍ਹਾਂ ਬ੍ਰਹਮਾ, ਵਿਸ਼ਨੂੰ, ਮਹੇਸ਼, ਦਸ਼ਰਥ ਸੁਤ ‘ਰਾਮ’, ਜਸੋਦਾ ਸੁਤ ‘ਕ੍ਰਿਸ਼ਨ’ ਬਲਕਿ ਕਈ ਹਵਾ, ਪਾਣੀ, ਅੱਗ, ਨਦੀਆਂ, ਪੌਧੇ ਆਦਿ ਵੀ ਇਸੇ ਲੜੀ `ਚ ਆਉਂਦੇ ਹਨ। ਇਸ ਤਰ੍ਹਾਂ ਮਨੁੱਖ ਨੇ ਆਪਣੇ ਅਨੇਕਾਂ ਭਗਵਾਨ ਮਿਥੇ ਹੋਏ ਸਨ। ਗੁਰਦੇਵ ਨੇ ਤੋਂ ਪਹਿਲਾਂ ਗਿਣਤੀ ਵਾਲਾ (digital) ‘ਏਕਾ’ ਲਗਾ ਕੇ ਸਦਾ ਲਈ ਫ਼ੈਸਲਾ ਦੇ ਦਿੱਤਾ ਕਿ ਇਨ੍ਹਾਂ ਸਾਰਿਆਂ ਤੇ ਅਨੇਕਾਂ `ਚੋਂ ਇੱਕ ਵੀ ਭਗਵਾਨ ਜਾਂ ਰੱਬ ਨਹੀਂ। ਅਕਾਲ ਪੁਰਖ ਇੱਕ ਹੈ, ਉਹ ਜਨਮ-ਮਰਨ `ਚ ਨਹੀਂ ਆਉਂਦਾ। ਇਸ ਲਈ ਐ ਦੁਨੀਆਂ ਦੇ ਲੋਕੋ! ਜਿਨ੍ਹਾਂ ਨੂੰ ਤੁਸੀਂ ਆਪਣੇ ਭਗਵਾਨ, ਰੱਬ ਤੇ ਇਸ਼ਟ ਮੰਨ ਰਹੇ ਹੋ ਇਹ ਸਾਰੇ ਕਰਤੇ ਦੀ ਰਚਨਾ ਦਾ ਜਾਂ ਫ਼ਿਰ ਕਾਲਪਨਿਕ ਭਾਵ ਤੁਹਾਡੇ ਆਪਣੇ ਰਾਹੀਂ ਮਿਥੇ ਹੋਏ ਹਨ ਜਦਕਿ ਇਨ੍ਹਾਂ `ਚੋਂ ਕਰਤਾ ਜਾਂ ਭਗਵਾਨ ਇੱਕ ਵੀ ਨਹੀਂ ਹੈ।

ਇਸੇ ਤਰ੍ਹਾਂ ਪੁਰਾਤਨ ਰਚਨਾਵਾਂ `ਚ ਓਮ ਜਾਂ ਓਅੰ ਸ਼ਬਦ ਵੀ ਕਈ ਅਰਥਾਂ `ਚ ਵਰਤਿਆ ਮਿਲਦਾ ਹੈ। ਗੁਰਦੇਵ ਨੇ ਵਾਲਾ ਨਵਾਂ ਰੂਪ ਪ੍ਰਗਟ ਕਰਕੇ, ਇਸ ਨੂੰ ਇਕੋ ਨਿਵੇਕਲੇ ਉਚਾਰਣ ਤੇ ਨਿਵੇਕਲੇ ਅਰਥਾਂ `ਚ ਪ੍ਰਗਟ ਕੀਤਾ ਹੋਇਆ ਹੈ।

੨. ਕਾਰ- ਕਰਤੇ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਬੇਅੰਤ ਹੈ। ਸਮੇਂ ਦੇ ਪ੍ਰਭਾਵ ਤੋਂ ਪਰੇ ਹੈ। ਉਸ ਨੂੰ ਬਚਪਨ, ਜੁਆਨੀ, ਬੁਢਾਪਾ, ਮੌਤ ਨਹੀਂ ਆਉਂਦੇ ਤੇ ਬਿਨਸਦਾ ਵੀ ਨਹੀਂ। ‘ਕਾਰ’ ਸੰਸਕਿੁਤ ਦਾ ਪਿਛੇਤ੍ਰ ਹੈ ਜਿਵੇਂ ‘ਜੈ-ਜੈ ਕਾਰ’ (ਜੈ ਹੀ ਜੈ)। ‘ਨੰਨਾਕਾਰ’ (ਨਾ ਹੀ ਨਾ)। ‘ਧੰਧੂਕਾਰ’ (ਹਨੇਰਾ ਹੀ ਹਨੇਰਾ)। ਇਸੇ ਤਰ੍ਹਾਂ `ਚ ਤੇ ‘ਓਅੰ ਨਾਲ ਕਾਰ ਨੂੰ ਜੋੜ ਕੇ’ ਗੁਰਦੇਵ ਨੇ ਪੱਕਾ ਕਰ ਦਿੱਤਾ ਹੈ ਕਿ ਕਰਤਾ ਇੱਕ ਹੈ, ਸਰਬ ਵਿਆਪਕ ਹੈ ਤੇ ਕਰਤੇ ਦਾ ਅੰਤ ਵੀ ਨਹੀਂ ਪਾਇਆ ਜਾ ਸਕਦਾ।

ਜਿਵੇਂ ਕਾਰ ਦਾ ਮਤਲਬ ਹੀ ਲਕੀਰ ਹੈ। ਪਾਤਸ਼ਾਹ ਨੇ ਇਥੇ ਇਸ ਪਿਛੇਤ੍ਰ ‘ਕਾਰ’ (ਲਕੀਰ) ਨੂੰ ਨਵਾਂ ਸਾਹਿਤਕ ਰੂਪ ਦਿੱਤਾ ਹੈ। ਇਸ ਤੋਂ ਪਹਿਲਾਂ ਸਾਹਿਤ `ਚ ‘ਕਾਰ’ ਲਈ ਇਹ ਰੂਪ ਕਿਧਰੇ ਵੀ ਨਹੀਂ ਮਿਲਦਾ। `ਚ ਕਾਰ ਦਾ ਇਹ ਨਵਾਂ ਰੂਪ ਪਾਤਸ਼ਾਹ ਦੀ ਨਿਵੇਕਲੀ ਦੇਣ ਹੈ। ਕਈ ਸੱਜਨ ਆਪਣੀ ਨਾਸਮਝੀ ਕਾਰਨ ਇਸ ਨੂੰ ਹਿੰਦੀ ਭਾਸ਼ਾ `ਚ ‘੧ ਓਅੰ’ ਲਿਖ ਦਿੰਦੇ ਹਨ। ਇਸ ਤਰ੍ਹਾਂ ਸਪਸ਼ਟ ਹੈ ਕਿ ਇਸ ਨੂੰ ਹਿੰਦੀ ਭਾਸ਼ਾ `ਚ ‘੧ ਓਅੰ ਕਾਰ’ ਲਿਖਣਾ ਵੀ ਉਤਨਾ ਹੀ ਅਸ਼ੁੱਧ ਹੈ ਜਿਤਨਾ ਕਿ ‘੧ ਓਅੰ’ ਲਿਖਣਾ। ਇਸ ਦਾ ਸਰੂਪ ਹੀ ਹੈ, ਭਾਵ ਅਰੰਭ `ਚ ਤੇ ਓਅੰ ਨਾਲ ਪਿਛੇਤ੍ਰ ‘ਕਾਰ’ ਵੀ ਅਵੱਸ਼ ਲਗਣਾ ਹੈ। ਵਿਚਲੀ ਕਾਰ (ਲਕੀਰ) ਦੀ ਬਨਾਵਟ ਵੀ ਇਸ ਤਰ੍ਹਾਂ ਹੋਣੀ ਹੈ ਜੋ ਇਸ ਦੀ ਅਸੀਮਤਾ ਨੂੰ ਪ੍ਰਗਟ ਕਰਦੀ ਹੋਵੇ ਭਾਵ ਅਜਿਹੀ ਕਾਰ (ਲਕੀਰ) ਜਿਸ ਨੂੰ ਜਿਨਾਂ ਚਾਹੋ ਲੰਮਾ ਖਿੱਚ ਲਿਆ ਜਾਵੇ, ਸੰਸਾਰ ਦਾ ਅੰਤ ਤਾਂ ਆ ਸਕਦਾ ਪਰ ਉਹ ਲਕੀਰ ਦਾ ਅੰਤ ਨਹੀਂ ਹੁੰਦਾ।

ਸਤਿਨਾਮੁ- ਇਹ ‘ਸਤਿ’ ਤੇ ‘ਨਾਮ’ ਦੋ ਸ਼ਬਦਾਂ ਦੇ ਸੁਮੇਲ ਤੋਂ ਹੈ। ‘ਨਿਰਗੁਨੁ ਆਪਿ ਸਰਗੁਨੁ ਭੀ ਓਹੀ’ (ਪੰ: ੨੮੭) ਅਨੁਸਾਰ ਕਰਤਾ ਸਤਿ (ਨਿਰਗੁਣ) ਵੀ ਹੈ ਤੇ ਨਾਮ (ਸਰਗੁਣ) ਵੀ ਹੈ। ‘ਸਰਗੁਣ’ ਤੇ ‘ਨਿਰਗੁਣ’ ਭਿੰਨ ਭਿੰਨ ਹਸਤੀਆਂ ਨਹੀਂ ਹਨ। ਤਾਂ ਤੇ ‘ਸਤਿਨਾਮੁ’ ਦੇ ਅਰਥ ਹਨ ਕਰਤਾ ਆਪ ਹੀ ਨਿਰਗੁਣ ਹੈ ਤੇ ਸਰਗੁਣ ਵੀ ਆਪ ਹੀ ਹੈ। ਉਪ੍ਰੰਤ ‘ਸਤਿਨਾਮੁ’ `ਚ ‘ਮ’ ਹੇਠ ‘ੁ’ (ਔਂਕੜ) ਕਰਤੇ ਪ੍ਰਭੂ ਲਈ ਇਕਵਚਨ ਦਾ ਲਖਾਇਕ ਤੇ ਕਾਦਿਰ ਦਾ ‘ਇਕੋ ਇਕ’ ਹੋਣਾ ਸਪਸ਼ਟ ਕਰਦਾ ਹੈ।

ਸ਼ਬਦ ‘ਸਤਿ’ ਸੰਸਕ੍ਰਿਤ ਦੀ ‘ਅਸ’ ਧਾਤੂ ਤੋਂ ਹੈ ਤੇ ਅਰਥ ਹੈ-ਹੋਂਦ ਵਾਲਾ। ਭਾਵ ਅਕਾਲ ਪੁਰਖ ਸਦੀਵੀ ਤੇ ਸਦਾ ਥਿੱਰ ਹਸਤੀ ਹੈ, ਉਸ ਦਾ ਨਾਸ ਨਹੀਂ ਹੁੰਦਾ, ਸਦਾ ਥਿੱਰ ਹੈ। ਰੂਪ, ਰੰਗ, ਰੇਖ ਤੋਂ ਨਿਆਰਾ, ਅਜੂਨੀ ਤੇ ਸੈਭੰ ਵੀ ਹੈ। ਇਸ ਤਰ੍ਹਾਂ ‘ਸਤਿ’ ਕਰਤੇ ਦੇ ‘ਨਿਰਗੁਣ’ ਸਰੂਪ ਦਾ ਪ੍ਰਗਟਾਵਾ ਹੈ ਇਸੇ ਤਰ੍ਹਾਂ ‘ਨਾਮ’ ਦੇ ਅਰਥ ਹਨ ਨਾਮਨਾ, ਵਡਿਆਈਆਂ, ਸਿਫ਼ਤਾਂ। ਸਮੂਹ ਰਚਨਾ ਹੀ ਕਰਤੇ ਦਾ ਪ੍ਰਗਟਾਵਾ ਤੇ ‘ਸਰਗੁਣ’ ਸਰੂਪ ਹੈ। ਇਸ ਲਈ ਕਰਤੇ ਦੀਆਂ ਸਿਫ਼ਤਾਂ, ਵਡਿਆਈਆਂ ਉਸ ਦੀ ਅਸੀਮ ਰਚਨਾ `ਚੋਂ ਹੀ ਪ੍ਰਗਟ ਹੁੰਦੀਆਂ ਹਨ ਤੇ ਉਹ ਆਪ ਵੀ ਇਸ ਦੇ ਜ਼ਰੇ ਜ਼ਰੇ `ਚ ਵਿਆਪਕ ਹੈ।

ਕਰਤਾਪੁਰਖੁ- ਪ੍ਰਭੂ ਆਪ ਸਾਰੀ ਰਚਨਾ ਦਾ ਕਰਤਾ (ਬਨਾਉਣ ਵਾਲਾ) ਹੈ ਅਤੇ ਉਸ ਤੋਂ ਛੁੱਟ ‘ਕਰਤਾ’ ਹੋਰ ਕੋਈ ਨਹੀਂ। ‘ਪੁਰਖੁ’ ਦੇ ਅਰਥ ਹਨ, ਜ਼ੱਰੇ ਜ਼ੱਰੇ `ਚ ਵਿਆਪਕ। ਇਸ ਤਰ੍ਹਾਂ ‘ਕਰਤਾਪੁਰਖੁ’ ਵੀ ਦੋ ਸ਼ਬਦਾਂ (ਕਰਤਾ+ਪੁਰਖੁ) ਦੇ ਸੁਮੇਲ ਤੋਂ ਹੈ ਅਤੇ ਇਸ ਦੇ ਅਰਥ ਹਨ ‘ਪ੍ਰਭੂ ਸਾਰੇ ਸੰਸਾਰ ਦਾ ਕਰਤਾ ਵੀ ਆਪ ਹੈ ਤੇ ਰਚਨਾ ਦੇ ਜ਼ਰੇ ਜ਼ਰੇ `ਚ ਵਿਆਪਕ ਵੀ ਹੈ। ਉਂਜ ‘ਪੁਰਖੁ’ ਸ਼ਬਦ ਗੁਰਬਾਣੀ `ਚ ਅਕਾਲ ਪੁਰਖ, ਆਤਮਾ ਅਤੇ ਮਨੁੱਖ ਦੇ ਅਰਥਾਂ `ਚ ਵੀ ਕਈ ਵਾਰ ਆਇਆ ਹੈ।

ਗੁਰਪ੍ਰਸਾਦਿ- ਜਿਸ ਦੇ ਅਜਿਹੇ ਗੁਣ ਤੇ ਸਿਫ਼ਤਾਂ ਹਨ, ਉਹ ਕਰਤਾ ਆਪ ਹੀ ਕ੍ਰਿਪਾ ਕਰਕੇ ਮਨੁੱਖ ਦੇ ਜੀਵਨ ਅੰਦਰੋਂ ਗੁਰੂ (ਸ਼ਬਦ) ਰੂਪ ਹੋ ਕੇ ਪ੍ਰਗਟ ਹੁੰਦਾ ਹੈ। ਇਸੇ ਤੋਂ ਮਨੁੱਖ ਨੂੰ ੴ (ਪ੍ਰਭੂ) ਦੀ ਪ੍ਰਾਪਤੀ ਹੁੰਦੀ ਹੈ, ਉਸ ਦਾ ਨਾਲ ਮਿਲਾਪ ਹੁੰਦਾ ਹੈ। .

ਨੋਟ-ਮੰਗਲਾਚਰਣ ਦੇ ਚਾਰ ਸਰੂਪਾਂ ਚੋਂ ‘ਮਾਝ ਕੀ ਵਾਰ ਮ: ੧’ ਦੇ ਸਿਰਲੇਖ `ਚ ਮੰਗਲਾਚਰਣ ਦਾ ਇਹ ਪਲਿਾ ਸੰਖੇਪ ਸਰੂਪ ਹੈ। ਸੰਪੂਰਣ ਮੰਗਲਾਚਰਣ `ਚੋਂ ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ ਤੇ ਸੈਭੰ ਇਸ ਸੰਖੇਪ ਸਰੂਪ ਮੰਗਲਾਚਰਣ ਦਾ ਭਾਗ ਨਹੀਂ ਹਨ, ਫ਼ਿਰ ਵੀ ਗੁਰੂ ਕੀਆਂ ਸੰਗਤਾਂ ਦੀ ਜਾਣਕਾਰੀ ਲਈ ਨਾਲ ਸਬੰਧਤ ਉਨ੍ਹਾਂ ਵਿਸ਼ੇਸ਼ਨਾ ਦੇ ਅਰਥ ਵੀ ਦੇ ਰਹੇ ਹਾਂ ਜੋ ਇਸ ਤਰ੍ਹਾਂ ਹਨ:

ਨਿਰਭਉ- ਲਫ਼ਜ਼ ਨਿਰਭਉ, ਨਿਰ+ਭਉ ਦੋ ਲਫ਼ਜ਼ਾਂ ਦੀ ਸੰਧੀ ਤੋਂ ਬਣਿਆ ਹੈ। ਅਰਥ ਹਨ ਕਿ ਅਕਾਲ ਪੁਰਖ ਅਜਿਹੀ ਹਸਤੀ ਜਿਸ ਨੂੰ ਮੌਤ ਸਮੇਤ ਕਿਸੇ ਤਰ੍ਹਾਂ ਦਾ ਵੀ ਕੋਈ ਡਰ ਨਹੀਂ। ਸੰਸਾਰ ਦਾ ਹਰੇਕ ਜੀਵ, ਜਿਸ ਨੇ ਜਨਮ ਲਿਆ ਹੈ, ਇੱਕ ਜਾਂ ਦੂਜੇ ਡਰ `ਚ ਹੀ ਜੀਊਂਦਾ ਹੈ। ਵੱਡੇ ਤੋਂ ਵੱਡਾ ਬਾਦਸ਼ਾਹ, ਮਹਾਂਬਲੀ ਯੋਧੇ ਨੂੰ ਵੀ ਡਰ ਹੈ, ਕਿਧਰੇ ਅਚਣਚੇਤ ਉਸ `ਤੇ ਕੋਈ ਦੂਜਾ ਭਾਰੂ ਨਾ ਹੋ ਜਾਵੇ। ਨਿਰਭਉ ਵਾਲੀ ਸਿਫ਼ਤ ਕੇਵਲ `ਚ ਹੀ ਹੈ, ਜਿਸ ਨੂੰ ਕਿਸੇ ਤਰ੍ਹਾਂ ਦਾ ਡਰ, ਸਹਿਮ ਜਾਂ ਖਤਰਾ ਨਹੀਂ। ਹੋਰ ਤਾਂ ਹੋਰ, ਮੌਤ ਦਾ ਡਰ ਤਾਂ ਹਰ ਸਮੇਂ ਹਰੇਕ `ਤੇ ਮੰਡਰਾਂਦਾ ਹੈ, ਜਦਕਿ ਅਵਿਨਾਸ਼ੀ ਕੇਵਲ ‘ਇਕੋ ਇਕ’ ਪ੍ਰਭੂ ਹੀ ਹੈ।

ਨਿਰਵੈਰੁ- ਲਫ਼ਜ਼ ਨਿਰਵੈਰੁ ਵੀ ਨਿਰ+ਵੈਰੁ ਭਾਵ ਦੋ ਲਫ਼ਜ਼ਾਂ ਦੀ ਸੰਧੀ ਤੋਂ ਬਣਿਆ ਹੈ। ਅਜਿਹੀ ਹਸਤੀ ਜਿਸ ਨੂੰ ਕਿਸੇ ਨਾਲ ਵੈਰ ਨਹੀਂ। ਦੁਨੀਆਂ ਦਾ ਵੱਡੇ ਤੋਂ ਵੱਡਾ ਇਨਸਾਫ਼-ਪਸੰਦ ਵੀ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਉਸ ਦੀ ਕਰਣੀ `ਚ, ਕਿਸੇ ਨਾਲ ਵੈਰ ਦਾ ਅੰਸ਼ ਨਹੀਂ। ਆਮ ਤੌਰ `ਤੇ ਤਾਂ ਇਮਾਨਦਾਰ ਤੋਂ ਇਮਾਨਦਾਰ ਜੱਜ ਵੀ ਕੁੱਝ ਘਟਨਾਵਾਂ `ਚ ਕਈ ਵਾਰੀ ਠੀਕ ਗਵਾਹੀਆਂ ਜਾਂ ਪੂਰੀ ਘੋਖ ਪੜਤਾਲ ਨਾ ਹੋਣ ਕਾਰਨ ਕਈਆਂ ਨਾਲ ਵੈਰ ਕਮਾਉਣ ਦਾ ਕਾਰਨ ਬਣ ਜਾਂਦਾ ਹੈ। ਕਈ ਵਾਰ ਫਾਂਸੀ ਦੀ ਸਜ਼ਾ ਦੇਣ ਤੋਂ ਬਾਅਦ ਹੀ ਪਤਾ ਲਗਦਾ ਹੈ ਕਿ ਅਸਲ ਕਾਤਿਲ ਕੋਈ ਦੂਜਾ ਸੀ। ਕੇਵਲ ਇਕੋ ਇੱਕ ਕਰਤਾ ਤੇ ਹੀ ਅਜਿਹੀ ਹਸਤੀ ਹੈ ਜਿਸ ਦੀ ਕਰਨੀ ਅੰਦਰ ਕਿਸੇ ਨਾਲ ਲੇਸ਼ ਮਾਤਰ ਵੀ ਵੈਰ, ਵਿਤਕਰਾ ਤੇ ਬੇਇਨਸਾਫ਼ੀ ਨਹੀਂ ਹੁੰਦੀ।

ਅਕਾਲਮੂਰਤਿ- ‘ਅਕਾਲਮੂਰਤਿ’ ਵੀ ਦੋ ਲਫ਼ਜ਼ਾਂ ‘ਅਕਾਲ+ਮੂਰਤਿ’ ਦੇ ਸੁਮੇਲ ਤੋਂ ਹੈ। ਅਕਾਲ’ ਭਾਵ ਅਜਿਹੀ ਹਸਤੀ ਜੋ ਸਮੇਂ ਦੀ ਸੀਮਾ `ਚ ਨਹੀਂ। ਦੁਨੀਆਂ ਦੀ ਹਰ ਸ਼ੈ, ਜੜ੍ਹ ਭਾਵੇਂ ਚੇਤੰਨ ਜਿਸ ਨੂੰ ਦੇਖ ਜਾਂ ਛੂਹ ਸਕਦੇ ਹਾਂ, ਸਮੇਂ ਦੀ ਸੀਮਾ `ਚ ਹੈ। ਹਰੇਕ `ਤੇ ਬਚਪਣ, ਜੁਆਨੀ, ਬੁਢਾਪਾ ਤੇ ਉਸ ਦਾ ਅੰਤ ਵੀ ਅਵੱਸ਼ ਹੈ। ਇਹ ਸਿਫ਼ਤ ਕੇਵਲ ਤੇ ਲੇਵਲ ਕਰਤੇ `ਚ ਹੀ ਹੈ ਕਿ ਨਾ ਉਸ ਦਾ ਅੰਤ ਹੈ, ਨਾ ਆਦਿ ਤੇ ਨਾ ਹੀ ਉਸ `ਤੇ ਕਿਸੇ ਤਰ੍ਹਾਂ ਦੇ ਸਮੇਂ ਦਾ ਪ੍ਰਭਾਵ ਹੀ ਪੈਂਦਾ ਹੈ।

ਇਥੇ ਸ਼ਬਦ ‘ਅਕਾਲ’, ਮੂਰਤਿ ਦਾ ਵਿਸ਼ੇਸ਼ਣ ਹੈ। ਜੇਕਰ ‘ਅਕਾਲ’ ਵੀ ਨਿਰਭਉ, ਨਿਰਵੈਰੁ ਦੀ ਤਰ੍ਹਾਂ ਦਾ ਸਿੱਧਾ ਵਿਸ਼ੇਸ਼ਣ ਹੁੰਦਾ ਤਾਂ ਇਸ ਦਾ ਸਰੂਪ ਵੀ ਅਕਾਲ ਦੀ ਬਜਾਇ ਅਕਾਲੁ ਹੀ ਹੋਣਾ ਸੀ ਤੇ ‘ਲ’ ਹੇਠਾਂ ‘ੁ ‘(ਔਂਕੜ) ਵੀ ਹੋਣਾ ਸੀ। ਮੂਰਤਿ ਸ਼ਬਦ ਇਸਤ੍ਰੀ ਲਿੰਗ ਹੋਣ ਕਾਰਨ ਇਸ ਦਾ ਸਰੂਪ ਵੀ ਇਸਤ੍ਰੀ ਲਿੰਗ ਹੀ ਹੋ ਗਿਆ ਹੈ। ਸ਼ਬਦ ਮੂਰਤਿ ਦਾ ਅਰਥ ਹੈ ਸਰੂਪ ਅਥਵਾ ਹਸਤੀ ਵਾਲਾ। ਭਾਵ, ‘ਕਰਤਾ’, ਕਾਲਪਨਿਕ ਨਹੀਂ, ਨਿਸ਼ਚੇ ਹੀ ਉਸ ਦੀ ‘ਹਸਤੀ’ ਹੈ। ਇਸ ਤਰ੍ਹਾਂ ‘ਅਕਾਲ ਮੂਰਤਿ’ ਦੇ ਸਮੂਚੇ ਅਰਥ ਹਨ ਕਿ ਕਾਦਿਰ ਸਮੇਂ ਦੀ ਹੱਦ ਤੋਂ ਪਰੇ ਅਤੇ ਨਿਸ਼ਚਤ ਹਸਤੀ ਵਾਲਾ ਹੈ।

ਅਜੂਨੀ - ਸ਼ਬਦ ‘ਅਜੂਨੀ’ ਵੀ ‘ਅ+ਜੂਨੀ’ ਭਾਵ ਦੋ ਅੱਖਰਾਂ ਦੇ ਜੋੜ ਤੋਂ ਹੈ। ਸੰਸਾਰ ਦੀ ਹਰੇਕ ਵਸਤੂ ਇੱਕ ਜਾਂ ਦੂਜੀ ਖਾਨੀ (ਉਤਪਤੀ ਦੇ ਢੰਗ) ਨਾਲ ਸਬੰਧਤ ਹੈ ਭਾਵ ਜੂਨ `ਚ ਆਈ ਹੈ। ਕੇਵਲ ਕਰਤਾ ਭਾਵ ਹੀ ਅਜਿਹੀ ਹਸਤੀ ਹੈ ਜੋ ਕਿਸੇ ਵੀ ਜੂਨ ਜਾਂ ਗਰਭ `ਚ ਨਹੀਂ ਆਇਆ ਤੇ ਨਾ ਆਉਂਦਾ ਹੈ।

ਸੈਭੰ- ਸੈਭੰ ਦੀ ਬਨਾਵਟ ਵੀ ਸੈ+ਭੰ ਭਾਵ ਦੋ ਅਖਰਾਂ ਦੇ ਜੋੜ ਤੋਂ ਹੈ। ਇਹ ਸੰਸਕ੍ਰਿਤ ਦੇ ਸ਼ਬਦ ਸਯੰਭੂ ਦਾ ਪੰਜਾਬੀ ਰੂਪ ਹੈ। ਸੈਭੰ ਦਾ ਅਰਥ ਆਪਣੇ ਆਪ ਤੋਂ ਭਾਵ ਕਰਤੇ ਦੀ ਹੋਂਦ ਆਪਣੇ ਆਪ ਤੋਂ ਅਤੇ ਸੁਤੇ-ਸਿਧ ਹੈ। ਦਾ ਕਰਤਾ ਕੋਈ ਹੋਰ ਨਹੀਂ ਅਤੇ ਮਾਤਾ ਦੇ ਗਰਭ ਆਦਿ `ਚ ਵੀ ਉਸ ਦਾ ਅਸਥਾਪਣ ਨਹੀਂ ਹੋਇਆ।

ਗੁਰਮੱਤ ਵਿਚਾਰ ਦਰਸ਼ਨ-

੧. ਗੁਰਬਾਣੀ ਨੂੰ ਗਹੁ ਨਾਲ ਵਿਚਾਰੋ! ਸਮਝ ਆਉਂਦੇ ਦੇਰ ਨਹੀਂ ਲਗੇਗੀ ਕਿ ਗੁਰਬਾਣੀ ਅਨੁਸਾਰ ਲਫ਼ਜ਼ ‘ਗੁਰੂ’ ਕਿਸੇ ਮਨੁੱਖ ਜਾਂ ਸਰੀਰ ਦੇ ਅਰਥਾਂ `ਚ ਨਹੀਂ। ਗੁਰਬਾਣੀ ਨੇ ਮਨੁੱਖ ਨੂੰ ਜਿਸ ‘ਗੁਰੂ’ ਦੇ ਲੜ ਲਗਾਇਆ ਹੈ, ਉਹ ‘ਗੁਰੂ’ ਪਦ ਬਿਲਕੁਲ ਨਿਵੇਕਲੇ ਤੇ ਵਿਸ਼ੇਸ਼ ਅਰਥਾਂ `ਚ ਹੈ। ਉਹ ਗੁਰੂ ਸਦੀਵੀ ਹੈ ਅਤੇ ਜਨਮ ਮਰਨ ਤੋਂ ਬਾਹਰ ਹੈ ਜਿਵੇਂ “ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ” (ਪੰ: ੭੫੯)। ਇਸ ਲਈ ਪੁਰਾਤਨ ਸਮੇਂ ਤੋਂ ਦਿੱਤੇ ਜਾ ਰਹੇ ਲਫ਼ਜ਼ ‘ਗੁਰੂ’ ਪਦ ਦੇ ਕੋਈ ਵੀ ਅਰਥ ਜਾਂ ਆਧਾਰ, ਗੁਰਬਾਣੀ ਰਾਹੀਂ ਪ੍ਰਗਟ ‘ਗੁਰੂ’ `ਤੇ ਲੇਸ਼ ਮਾਤ੍ਰ ਵੀ ਲਾਗੂ ਨਹੀਂ ਹੁੰਦੇ। ਜਿਹੜੇ ਸਰੀਰ ਨੂੰ ਗੁਰੂ ਸਮਝਦੇ ਜਾਂ ਮੰਣਦੇ ਹਨ, ਉਹ ਜੀਵਨ ਭਰ ‘ਸੱਚੇ’, ‘ਸਦਾ ਥਿਰ’ ਗੁਰੂ-ਗੁਰਬਾਣੀ ਰਾਹੀਂ ਪ੍ਰਗਟ ‘ਗੁਰੂ-ਸਤਿਗੁਰੂ’ ਤੋਂ ਵਾਂਝੇ ਰਹਿ ਕੇ ਆਪਣੇ ਜੀਵਨ ਨੂੰ ਅਸਫ਼ਲ ਤੇ ਬਿਰਥਾ ਕਰ ਲੈਂਦੇ ਹਨ।

ਗੁਰਬਾਣੀ ਰਾਹੀਂ ਪ੍ਰਗਟ ‘ਗੁਰੂ’, ਮਨੁੱਖਾ ਜਨਮ ਦੀ ਸਫ਼ਲਤਾ ਲਈ, ਅਕਾਲ ਪੁਰਖ ਦੇ ‘ਨਿਜ ਗੁਣ’ ਦਾ ਹੀ ਪ੍ਰਗਟਾਵਾ ਤੇ ਲਖਾਇਕ ਹੈ। ਗੁਰਬਾਣੀ `ਚ ਅਨੇਕਾਂ ਥਾਵੇਂ ਪ੍ਰਗਟ, ਮਨੁੱਖ ਮਾਤ੍ਰ ਲਈ ਇਸ ਸਦੀਵੀ ਗੁਰੂ ਦੀ ਵਿਆਖਿਆ ਕਰਦੇ ਹੋਏ ਪਾਤਸ਼ਾਹ ਨੇ ਖ਼ੁਦ ਅਕਾਲ ਪੁਰਖ ਨੂੰ ਹੀ ਆਪਣਾ ਗੁਰੂ ਬਿਆਣਿਆ ਹੈ। ਜਿਵੇਂ “ਤਤੁ ਨਿਰੰਜਨੁ ਜੋਤਿ ਸਬਾਈ, ਸੋਹੰ ਭੇਦੁ ਨ ਕੋਈ ਜੀਉ॥ ਅਪਰੰਪਰ ਪਾਰਬ੍ਰਹਮੁ ਪਰਮੇਸਰੁ, ਨਾਨਕ ਗੁਰੁ ਮਿਲਿਆ ਸੋਈ ਜੀਉ” (ਪੰ: ੫੯੯) ਭਾਵ ਉਹ ਅਕਾਲ ਪੁਰਖ ਜੋ ਸੰਪੂਰਨ ਰਚਨਾ `ਚ ਵਿਆਪਕ, ਸਦਾ ਥਿਰ ਤੇ ਰਚਨਾ ਦਾ ਮੂਲ ਹੈ, ਮੇਰਾ ‘ਗੁਰੂ’ ਵੀ ਉਹੀ ਹੈ।

ਇਥੋਂ ਤੱਕ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਜਦੋਂ ਸਿੱਧਾਂ ਨੇ ਸੁਆਲ ਕੀਤਾ “ਕਵਣ ਮੂਲੁ ਕਵਣ ਮਤਿ ਵੇਲਾ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ” ਤਾਂ ਗੁਰਦੇਵ ਦਾ ਸਪਸ਼ਟ ਉੱਤਰ ਸੀ “ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ” (ਪੰ: ੯੪੨)। ਭਾਵ ਐ ਜੋਗੀਓ! ਤੁਸਾਂ ਮੇਰੇ ਤੋਂ ਸੁਆਲ ਕੇਵਲ ਚਲਦੀ ਪਰੀਪਾਟੀ ਅਨੁਸਾਰ ਹੀ ਕੀਤਾ ਹੈ। ਜਦਕਿ ‘ਮੇਰਾ ਗੁਰੂ ਤਦ ਤੋਂ ਮੌਜੂਦ ਹੈ ਜੱਦ ਤੋਂ ਸੁਆਸਾਂ ਦਾ ਅਰੰਭ ਹੋਇਆ ਹੈ ਤੇ ਮੇਰਾ ਗੁਰੂ ‘ਸ਼ਬਦ’ (ਇਲਾਹੀ ਆਤਮਕ ਗਿਆਨ) ਹੀ ਹੈ, ਸਰੀਰ ਨਹੀਂ। ਦੂਜਾ, ਜੋ ਤੁਸਾਂ ਪੁਛਿਆ ਕਿ ਮੈਂ ਚੇਲਾ ਕਿਸ ਦਾ ਹਾਂ? ਦਰਅਸਲ ਤੁਹਾਡਾ ਇਹ ਸੁਆਲ ਵੀ ਸਰੀਰ ਦੀ ਸੀਮਾ ਤੱਕ ਹੀ ਹੈ ਜੋ ਗ਼ਲਤ ਹੈ। ਸਮਝਣਾ ਇਹ ਹੈ ਕਿ ਜਦੋਂ ਤੱਕ ‘ਸੁਰਤ’ ਦਾ ਟਿਕਾਅ, ਸ਼ਬਦ `ਚ ਨਾ ਹੋਵੇ, ਤਦ ਤੱਕ ਸਰੀਰ ਵੀ ਸ਼ਬਦ-ਗੁਰੂ ਨਾਲ ਸਾਂਝ ਪੈਦਾ ਨਹੀਂ ਕਰ ਸਕਦਾ। ਇਸ ਲਈ ਐ ਜੋਗੀਓ! ਗੁਰੂ ਹੋਵੇ ਜਾਂ ਚੇਲਾ, ਇਹ ਵਿਸ਼ਾ ‘ਸਰੀਰ’ ਦਾ ਹੈ ਹੀ ਨਹੀਂ। ਇਥੇ ਵਿਸ਼ਾ ਹੀ ‘ਸ਼ਬਦ-ਸੁਰਤ’ ਦੇ ਮਿਲਾਪ ਦਾ ਹੈ। ਇਸ ਤਰ੍ਹਾਂ ਗੁਰਬਾਣੀ `ਚ ਖ਼ੁਦ ਗੁਰੂ ਹਸਤੀਆਂ ਨੇ ਵੀ ਮਨੁੱਖ ਮਾਤ੍ਰ ਲਈ ਜਿਸ ਗੁਰੂ ਦੀ ਗੱਲ ਕੀਤੀ ਹੈ, ਆਪਣੇ ਅਤਿ ਸਤਿਕਾਰਜੋਗ ਸਰੀਰਾਂ ਨੂੰ ਵੀ ਉਸ ਤੋਂ ਲਾਂਭੇ ਕਰਕੇ ਹੀ ਕੀਤੀ ਹੈ।

ਇਸ ਤਰ੍ਹਾਂ ਗੁਰਬਾਣੀ `ਚ ਬਹੁਤ ਵਾਰੀ ਗੁਰੂ ਨਾਨਕ ਪਾਤਸ਼ਾਹ ਨੇ ਕਰਤੇ ਨੂੰ ਹੀ ਆਪਣਾ ਤੇ ਸੰਸਾਰ ਦਾ ਵੀ ‘ਗੁਰੂ’ ਦਸਿਆ ਹੈ, ਕਿਸੇ ਸਰੀਰ ਨੂੰ ਨਹੀਂ। ਗੁਰਬਾਣੀ ਅਨੁਸਾਰ ‘ਗੁਰੂ’ ਕੇਵਲ ਸ਼੍ਰੋਮਣੀ-ਰੱਬੀ ਤੇ ਕਰਤੇ ਦਾ ਆਤਮਕ ਗਿਆਨ ਅਥਵਾ ‘ਵਿਵਕ ਬੁਧ’ ਹੀ ਹੈ ਜੋ ਮਨੁੱਖ ਨੂੰ ਅਗਿਆਨਤਾ, ਹਉਮੈ ਆਦਿ ਵਿਕਾਰਾਂ ਤੋਂ ਮੁਕਤ ਕਰਦਾ ਤੇ ਬਾਲ ਬਖ਼ਸ਼ਿਸ਼ਾਂ ਵੀ ਕਰਦਾ ਹੈ। ਮਨੁੱਖਾ ਜੀਵਨ `ਚ ਉਸ ਰੱਬੀ ਗਿਆਨ ਦਾ ਪ੍ਰਗਟਾਵਾ ਕਰਦਾ ਹੈ, ਜਿਸ ਦੀ ਪ੍ਰਾਪਤੀ ਬਿਨਾ ਮਨੁੱਖਾ ਜਨਮ ਸਫ਼ਲ ਹੀ ਨਹੀਂ ਹੋ ਸਕਦਾ। ਗੁਰਬਾਣੀ `ਚ ਜੀਵਨ ਦੀ ਇਸੇ ਸਫ਼ਲਤਾ ਨੂੰ ਜੀਵਨ ਮੁਕਤ, ਸਚਿਆਰਾ, ਵਡਭਾਗੀ, ਗੁਰਮੁਖ ਆਦਿ ਵੀ ਕਿਹਾ ਹੈ ਭਾਵ ਜੀਊਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਣਾ ਤੇ ਜੀਵ ਦਾ ਮੁੜ ਜੂਨਾਂ ਦੇ ਗੇੜ `ਚ ਨਾ ਆਉਣਾ।

ਇਸ ਤਰ੍ਹਾਂ ਗੁਰਬਾਣੀ ਨੂੰ ਗਹੁ ਨਾਲ ਵਿਚਾਰਾਂਗੇ ਤਾਂ ਸਮਝ ਆਉਂਦੇ ਦੇਰ ਨਹੀਂ ਲਗੇਗੀ ਕਿ ਗੁਰੂ ਨਾਨਕ ਪਾਤਸ਼ਾਹ, ਮਨੁੱਖ ਮਾਤ੍ਰ ਨੂੰ ਸੱਚ ਧਰਮ ਨਾਲ ਜੋੜਣ ਲਈ ਉਸੇ ਇਲਾਹੀ ਸ਼ਬਦ ਗੁਰੂ ਦਾ ਹੀ ਸਰੀਰਕ ਪ੍ਰਗਟਾਵਾ ਹਨ ਅਤੇ ਉਸੇ ਤਰ੍ਹਾਂ ਉਨ੍ਹਾਂ ਰਾਹੀਂ ਧਾਰਨ ਕੀਤੇ ਬਾਕੀ ਨੌ ਜਾਮੇ ਵੀ। ਦੂਜੇ ਲਫ਼ਜ਼ਾਂ `ਚ ‘ਇਕ ਗੁਰੂ ਦਸ ਸਰੂਪ’ ਉਸੇ ਹੀ ਸਦੀਵੀ ਤੇ ਸ਼ਬਦ ਗੁਰੂ ਦਾ ਪ੍ਰਗਟਾਵਾ ਹਨ। ਉਪ੍ਰੰਤ ਉਨ੍ਹਾਂ ਰਾਹੀਂ ਸਦੀਵ ਕਾਲ ਲਈ ਸਥਾਪਤ ਗੁਰੂ ਹਨ, ਸ਼ਬਦ ਤੇ ਅੱਖਰ ਸਰੂਪ ਗੁਰੂ “ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ”।

੨.ਤੋਂ ‘ਗੁਰਪ੍ਰਸਾਦਿ’ ਸੰਪੂਰਣ ਮੰਗਲਾਚਰਣ ਵਿਚਕਾਰ ਗੁਰਦੇਵ ਨੇ ਅਨੰਤ ਗੁਣਾਂ ਦੇ ਮਾਲਿਕ ਅਕਾਲ ਪੁਰਖ ਲਈ ਸੱਤ ਅਜਿਹੇ ਵਿਸ਼ੇਸ਼ਣ ਵਰਤੇ ਹਨ, ਜਿਨ੍ਹਾਂ ਚੋਂ ਇੱਕ ਵਿਸ਼ੇਸ਼ਣ ਵੀ ਉਸ `ਤੇ ਲਾਗੂ ਨਹੀਂ ਹੁੰਦਾ ਜਿਸ ਨੇ ਇੱਕ ਵਾਰ ਵੀ ਜਨਮ ਲੈ ਲਿਆ ਹੈ। ਇਹ ਗੱਲ ਵੱਖਰੀ ਹੈ ਕਿ ਸੰਪੂਰਣ ਮੰਗਲਾਚਰਣ ਵਿਚਲੇ “ਅਜੂਨੀ ਤੇ ਸੈਭੰ” ਅਜਿਹੇ ਵਿਸ਼ੇਸ਼ਨ ਹਨ ਜੋ ਸਿਧੇ ਕਰਤੇ `ਤੇ ਹੀ ਲਾਗੂ ਹੁੰਦੇ ਹਨ ਕਿਸੇ ਜਨਮ ਲੈਣ ਵਾਲੇ `ਤੇ ਨਹੀਂ।

੩. ਸਦੀਵੀ ਅਥਵਾ ਸਤਿਗੁਰੂ ਹਨ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” - ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਪਹਿਲਾਂ ਅਜਿਹੇ ਸੱਚੇ ਤੇ ਸਦੀਵੀ ਗਿਆਨ ਦਾ ਕੋਈ ਸਰੂਪ ਮੌਜੂਦ ਨਹੀਂ ਸੀ। ਪਾਤਸ਼ਾਹ ਨੇ ਅਪਾਰ ਕ੍ਰਿਪਾਲਤਾ ਕਰ ਕੇ ਗੁਰਬਾਣੀ ਰਾਹੀਂ ਜਿਸ ਰੱਬੀ ਤੇ ਸਦੀਵੀ ਗਿਆਨ ਨੂੰ ਉਜਾਗਰ ਕੀਤਾ, ਉਸ ਨੂੰ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਦੇ ਰੂਪ `ਚ ਸਥਾਪਤ ਵੀ ਕਰ ਦਿੱਤਾ। ਇਸ ਦੇ ਨਾਲ, ਗੁਰਬਾਣੀ ਦੇ ਗੁਰੂ ਹੋਣ ਵਾਲਾ ਸਿਧਾਂਤ ਵੀ ਪਹਿਲੇ ਜਾਮੇ ਤੋਂ ਹੀ ਦੇ ਦਿੱਤਾ ਸੀ।

ਉਪ੍ਰੰਤ ਗੁਰਬਾਣੀ `ਚ ਅਨੇਕਾਂ ਵਾਰੀ ਇਸ ਇਲਾਹੀ ਸੱਚ ਨੂੰ ਪ੍ਰਗਟ ਵੀ ਕੀਤਾ ਹੋਇਆ ਹੈ। ਫ਼ਿਰ ਵੀ ਈ: ਸੰਨ ੧੭੦੮ ਨੂੰ ਦਸਮੇਸ਼ ਜੀ ਨੇ ਪੰਜ ਪਿਆਰਿਆਂ ਨੂੰ ਤਾਬਿਆ ਖੜਾ ਕਰਕੇ ਉਸੇ ਗੁਰਬਾਣੀ ਦੇ ਖਜ਼ਾਨੇ `ਤੇ ਦਸਵੇਂ ਨਾਨਕ ਦੇ ਰੂਪ `ਚ ਆਪ, ਸੰਪੂਰਣਤਾ ਦੀ ਮੋਹਰ ਵੀ ਆਪ ਹੀ ਲਗਾ ਦਿੱਤੀ। ਇਸ ਦਾ ਅਰਥ ਵੀ ਸਪਸ਼ਟ ਸੀ ਕਿ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਗੁਰਬਾਣੀ ਦਾ ਸੰਪੂਰਨ ਸਰੂਪ ਹਨ ਤੇ ਇਸ ਤੋਂ ਬਾਅਦ ਇਸ `ਚ ਰਲਾ ਜਾਂ ਵਾਧਾ ਘਾਟਾ ਨਹੀਂ ਕੀਤਾ ਜਾ ਸਕਦਾ। ਇਥੋਂ ਪ੍ਰਗਟ ਹੋਣ ਵਾਲੀ “ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ” (ਪੰ: ੯੬੬) ਅਨੁਸਾਰ ‘ਜੀਵਨ ਜੁਗਤ’ ਨੂੰ ਹੀ ਪਾਹੁਲਧਾਰੀ ਪੰਜ ਪਿਆਰਿਆਂ ਨੇ ਸਮੂਹਕ ਤੌਰ `ਤੇ ਪੰਥ `ਚ ਵਰਤਾਉਣਾ ਹੈ। “ਗੁਰੂ ਗ੍ਰੰਥ ਸਾਹਿਬ ਜੀ” ਨੂੰ ਜੀਵਨ ਭਰ ਲਈ ਗੁਰੂ ਧਾਰਨ ਕਰਣ ਵਾਲਾ ਢੰਗ ਵੀ ‘ਖੰਡੇ ਦੀ ਪਾਹੁਲ’ ਦੇ ਰੂਪ `ਚ ਪਾਹੁਲ ਧਾਰੀ ‘ਪੰਜ ਪਿਆਰਿਆਂ’ ਨੂੰ ਸੌਂਪ ਦਿੱਤਾ। ਇਸ ਤਰ੍ਹਾਂ ‘ਸਿੱਖ’ ਕੇਵਲ ੳੇੁਹੀ ਹੈ ਜਿਸ ਨੇ ਆਪਣਾ ਤਨ-ਮਨ-ਧਨ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਸਿੱਖਿਆ ਨੂੰ ਅਰਪਣ ਕੀਤਾ ਹੋਵੇ।

੪. ਮੰਗਲਾਚਰਣ ਦੇ ਪ੍ਰਾਪਤ ਕੁਲ ਚਾਰਾਂ ਸਰੂਪਾਂ `ਚੋਂ, ਪਾਤਸ਼ਾਹ ਨੇ ਮੰਗਲਾਚਰਣ (ਮੂਲਮੰਤਰ) ਨੂੰ ਭਾਵੇਂ ਕਿਨਾਂ ਵੀ ਸੰਕੋਚ ਦਿੱਤਾ ਪਰ ਅਤੇ ‘ਗੁਰਪ੍ਰਸਾਦਿ’ ਦੀ ਸਾਂਝ ਨੂੰ ਤੋੜ ਨਿਭਾਇਆ ਹੈ। ਸਪਸ਼ਟ ਹੈ ਕਿਦੀ ਪ੍ਰਾਪਤੀ ‘ਗੁਰੂ (ਗੁਰਬਾਣੀ) ਦੀ ਕ੍ਰਿਪਾ ਤੋਂ ਬਿਨਾ ਸੰਭਵ ਨਹੀਂ। ਭਾਵ ਤੇ ‘ਗੁਰੂ’ ਦੋਵੇਂ ਸਬੰਧਕ ਹਨ। ‘ਗੁਰੂ’ ਪਦ, ਅਕਾਲ ਪੁਰਖ ਦੇ ਹੀ ਸਦੀਵੀ ਗੁਣ ਦਾ ਪ੍ਰਗਟਾਵਾ ਹੈ ਜਿਸ ਅੰਦਰ ਜੀਵਨ-ਜੁਗਤ ਵੀ ਹੈ ਅਤੇ ਨਿਭਾਉਣ ਲਈ ਕਰਤੇ ਦੀ ਬਖਸ਼ਿਸ਼ ਦੀ ਹੋਂਦ ਵੀ। ਚੇਤਾ ਰਹੇ, ਸੰਸਾਰਕ ਗਿਆਨਾਂ ਦੀ ਤਰ੍ਹਾਂ, ਇਹ ਰੱਬੀ ਗਿਆਨ ਨਿਰਾ ਪੁਰਾ ਕੋਰਾ ਗਿਆਨ ਹੀ ਨਹੀਂ, ਬਲਕਿ ਇਹ ਗਿਆਨ, ਕਰਤੇ-ਕਰਤਾਰ ਦਾ ਹੀ ਨਿਜ ਤੇ ਪ੍ਰਗਟ ਰੂਪ ਹੈ, ਅਤੇ ਨਾਲ ਹੀ ਨਾਲ ਉਸ ਦੀ ਬਖਸ਼ਿਸ਼ ਨਾਲ ਵੀ ਓਤ ਪ੍ਰੋਤ “ਆਤਮਿਕ ਗਿਆਨ” ਅਥਵਾ ‘ਵਿਵੇਕ ਬੁਧ’ ਵੀ ਹੈ। ਇਸੇ ਕਾਰਨ ਕਿਸੇ ‘ਸਿੱਖ’ `ਤੇ ਸੰਸਾਰਕ ਜਾਂ ਸਰੀਰ ਗੁਰੂ ਹੋਣ ਵਾਲਾ ਨਿਯਮ ਹੀ ਲਾਗੂ ਨਹੀਂ ਹੁੰਦਾ।

ਤਾਂ ਤੇ “ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ” ਦੇ ਅਰਥ: ਅਕਾਲੁ ਪੁਰਖ ਇੱਕ ਹੈ, ਸਰਬ ਵਿਆਪਕ ਤੇ ਜ਼ੱਰੇ ਜ਼ੱਰੇ `ਚ ਇਕ-ਰਸ ਮੌਜੂਦ ਹੈ। ਅਕਾਲ ਪੁਰਖ ਭਾਵ ਦਾ ਅੰਤ ਨਹੀਂ ਪਾਇਆ ਜਾ ਸਕਦਾ।

ਸਤਿਨਾਮੁ-ਕਰਤਾ ਸਦਾ ਥਿਰ (ਸਤਿ) ਤੇ ਸਾਰੀ ਰਚਨਾ ਉਸੇ ਨਿਰਗੁਣ ਪ੍ਰਭੂ ਦਾ ਹੀ ਸਰਗੁਣ (ਨਾਮੁ) ‘ਪ੍ਰਗਟਾਵਾ’ ਹੈ। ਇਸ ਤਰ੍ਹਾਂ ਨਿਰਗੁਣ ਤੇ ਸਰਗੁਣ, ਇਕੋ ਪ੍ਰਭੂ ਭਾਵ ਦੇ ਹੀ ਭਿੰਨ ਭਿੰਨ ਦੋ ਪ੍ਰਗਟਾਵੇ ਹਨ।

ਕਰਤਾਪੁਰਖੁ- ਅਕਾਲ ਪੁਰਖ ਸਾਰੀ ਰਚਨਾ ਦਾ ਕਰਤਾ ਵੀ ਹੈ ਅਤੇ ਰਚਨਾ ਦੇ ਜ਼ੱਰੇ ਜ਼ੱਰੇ `ਚ ਪ੍ਰਭੂ ਆਪ ਹੀ ਇਕ-ਰਸ ਹੋ ਕੇ ਵੱਸ ਰਿਹਾ ਹੈ ਤੇ ਰਚਨਾ `ਚ ਵਿਆਪਕ ਵੀ ਹੈ।

ਗੁਰਪ੍ਰਸਾਦਿ- ਅਜਿਹੇ ਵਿਸ਼ੇਸ਼ ਗੁਣਾਂ ਵਾਲਾ ਅਕਾਲ ਪੁਰਖ ਆਪ ਬਖਸ਼ਿਸ਼ (ਕ੍ਰਿਪਾ) ਕਰਕੇ ਅਤੇ ਗੁਰੂ ਰੂਪ ਹੋ ਕੇ “ਸਭ ਮਹਿ ਰਹਿਆ ਸਮਾਇ” ਮਨੁੱਖ ਦੇ ਜੀਵਨ `ਚੋਂ ਪ੍ਰਗਟ ਹੁੰਦਾ ਹੈ।

(ਨੋਟ-ਨਿਰਭਉ, ਨਿਰਵੈਰੁ ਅਕਾਲਮੂਰਤਿ, ਅਜੂਨੀ, ਸੈਭੰ ਇਸ ਸੰਖੇਪ ਰੂਪ ਇਸ ਮੰਗਲਾਚਰਣ ਦਾ ਹਿੱਸਾ ਨਹੀਂ ਹਨ)

ਗੁਰਮੱਤ ਵਿਚਾਰ ਦਰਸ਼ਨ:

ਸਪਸ਼ਟ ਹੈ, ਨਾਸਤਕ, ਸਿੱਖ ਨਹੀਂ ਹੋ ਸਕਦਾ। ਸਿੱਖੀ ਜੀਵਨ ਦਾ ਆਰੰਭ ਹੀ ਤੋਂ ਹੁੰਦਾ ਹੈ। ਕੋਈ ਮਨੁੱਖ ਭਾਵੇਂ ਕਿਨਾਂ ਗੁਣਵਾਨ, ਮਹਾਬਲੀ, ਵਿਦਵਾਨ ਜਾਂ ਕੁੱਝ ਵੀ ਹੋਵੇ, ਰੱਬ ਜਾਂ ਭਗਵਾਨ ਨਹੀਂ ਹੋ ਸਕਦਾ। ਮੰਗਲਾਚਰਣ `ਚ ਬਿਆਣੇ ਸੱਤੇ ਦੇ ਸੱਤੇ (੭) ਗੁਣਾਂ ਦੇ ਪ੍ਰਗਟਾਵੇ ਵਾਲੀ ਵਿਸ਼ੇਸ਼ ਹਸਤੀ ਨੂੰ ਹੀ ਗੁਰਬਾਣੀ ਅਨੁਸਾਰ ਪ੍ਰਭੂ, ਅਕਾਲਪੁਰਖ ਜਾਂ ਬਿਆਣਿਆ ਹੈ। ਖੂਬੀ ਇਹ ਕਿ ਇਨ੍ਹਾਂ ਸੱਤਾਂ `ਚੋਂ ਇੱਕ ਵੀ ਗੁਣ ਅਜਿਹਾ ਨਹੀਂ ਜਿਹੜਾ ਕਿਸੇ ਜਨਮ ਲੈਣ ਵਾਲੇ `ਤੇ ਲਾਗੂ ਹੋ ਸਕਦਾ ਹੋਵੇ। ਇਸ ਤਰ੍ਹਾਂ ਗੁਰਬਾਣੀ ਅਨੁਸਾਰ ਭਗਵਾਨ, ਰੱਬ, ਅਕਾਲ ਪੁਰਖ ਕੇਵਲ ਉਹੀ ਹੈ ਜਿਸ `ਤੇ ਹੋਰ ਬੇਅੰਤ ਤੇ ਅਨੰਤ ਗੁਣਾਂ ਤੋਂ ਇਲਾਵਾ ਘਟੋ ਘੱਟ ਮੰਗਲਾਚਰਣ ਵਿਚਲੇ ਗੁਣ ਜ਼ਰੂਰ ਲਾਗੂ ਹੁੰਦੇ ਹੋਣ। ਉਪ੍ਰੰਤ ਗੁਰਪ੍ਰਸਾਦਿ ਭਾਵ ਕਰਤਾ ਅਕਾਲ ਪੁਰਖ ਆਪ ਹੀ ‘ਗੁਰੂ’, ‘ਸ਼ਬਦ’, ਆਤਮਕ ਗਿਆਨ ਅਥਵਾ ਵਿਵੇਕ ਬੁਧ ਦੇ ਰੂਪ `ਚ ਮਨੁੱਖਾ ਜੀਵਨ ਅੰਦਰੋਂ ਪ੍ਰਗਟ ਹੋ ਕੇ ਇਸ ਦੁਰਲਭ ਮਨੁੱਖਾ ਜਨਮ ਦੀ ਸੰਭਾਲ ਵੀ ਆਪ ਹੀ ਕਰਦਾ ਹੈ।

ਇਹ ਵੀ ਕਿ ਉਸ ਦੇ ਪ੍ਰਗਟਾਵੇ ਤੋਂ ਬਿਨਾ, ਮਨੁੱਖਾ ਜਨਮ ਵੀ ਬਿਰਥਾ ਚਲਾ ਜਾਂਦਾ ਹੈ। ਇਹੀ ਕਾਰਨ ਹੈ ਕਿ ਮੰਗਲਾਚਰਣ ਨੂੰ ਬੇਸ਼ਕ ਚਾਰ ਰੂਪਾਂ `ਚ ਵੰਡ ਦਿੱਤਾ ਗਿਆ ਪਰ ਇਸ ਦਾ ਮੂਲ ਤੋਂ ਅਰੰਭ ਕਰਕੇ ‘ਗੁਰਪ੍ਰਸਾਦਿ’ ਹੀ ਰਿਹਾ। ਇਹ ਵੀ ਕਿ “ਗੁਰੁ ਪਰਮੇਸਰੁ ਏਕੋ ਜਾਣੁ. .” (ਪੰ: ੮੬੪) ਜਾਂ “ਗੁਰ ਗੋਵਿੰਦੁ, ਗ+ਵਿੰਦੁ ਗੁਰੂ ਹੈ, ਨਾਨਕ ਭੇਦੁ ਨ ਭਾਈ” (ਪੰ: ੪੪੨) ਅਨੁਸਾਰ ਗੁਰਬਾਣੀ ਰਾਹੀਂ ਪ੍ਰਗਟ ‘ਗੁਰੂ’ ਤੇ ‘ਅਕਾਲਪੁਰਖ’ ਦੋ ਨਹੀਂ ਹਨ ਤੇ ‘ਗੁਰੂ’ ਵੀ ਸਰੀਰ ਨਹੀਂ ਬਲਕਿ ਇਲਾਹੀ ਗਿਆਨ ਹੀ ਹੈ। (ਚਲਦਾ) #012 MkV.GVDs05.04.12#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Majh Ki Vaar M:1 GVD & Steek” BEING LOADED IN ISTTS. Otherwise All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.