.

ਸੇਖ ਫਰੀਦ ਜੀਉ ਕੀ ਬਾਣੀ

(8)

ਸਲੋਕ ਸੇਖ ਫਰੀਦ ਕੇ

ਦੁਰਭਾਵਨਾ ਤੇ ਕੁਟਿਲ ਰੁਚੀ ਵਾਲੇ ਵਿਕਾਰੀ ਮਨੁੱਖ ਦੇ ਕੋਝੇ ਕਿਰਦਾਰ ਵਾਸਤੇ ਸਿਆਣੇ ਇੱਕ ਸ਼ਬਦ ਵਰਤਦੇ ਹਨ: ਖੋਟਾ ਖ਼ੂਨ ਜਾਂ ਗੰਦਾ ਖ਼ੂਨ (bad blood)। ਵਿਕਾਰਾਂ ਨਾਲ ਗੰਦੇ ਖ਼ੂਨ ਦਾ ਸ਼ੁੱਧੀਕਰਨ ਰੱਬ ਦੇ ਭਉ ਵਿੱਚ ਰਹਿੰਦਿਆਂ ਨਾਮ-ਸਿਮਰਨ ਦੇ ਡਾਇਆਲਿਸਿਜ਼ (dialysis) ਨਾਲ ਕੀਤਾ ਜਾ ਸਕਦਾ ਹੈ। ਇਹੀ ਕਾਰਣ ਹੈ ਕਿ ਸੱਚੇ ਨਾਮ ਅਭਿਆਸੀਆਂ ਦਾ ਖ਼ੂਨ ਪਾਕ-ਪਵਿਤ੍ਰ ਹੁੰਦਾ ਹੈ ਅਤੇ ਉਨ੍ਹਾਂ ਦੇ ਆਪੇ ਵਿੱਚ ਵਿਕਾਰਾਂ ਦੀ ਜ਼ਰਾ ਜਿਤਨੀ ਵੀ ਮੈਲ ਨਹੀਂ ਰਹਿ ਜਾਂਦੀ। ਫ਼ਰੀਦ ਜੀ ਇਸੇ ਅਧਿਆਤਮਿਕ ਸੱਚ ਦਾ ਉੱਲੇਖ ਨਿਮਨ ਲਿਖਿਤ ਸਲੋਕ ਵਿੱਚ ਕਰਦੇ ਹਨ:-

ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ॥

ਜੋ ਤਨੁ ਰਤੇ ਰਬ ਸਿਉ ਤਿਨ ਤਨਿ ਰਤੁ ਨ ਹੋਇ॥ ੫੧॥

ਸ਼ਬਦ ਅਰਥ:- ਰਤੀ: ਬਹੁਤ ਥੋੜੀ, ਨਾਮ ਮਾਤ੍ਰ। ਰਤੁ: ਖ਼ੂਨ, ਲਹੂ। ਰਤੇ: ਰੰਗੇ ਹੋਏ। ਰਤੇ ਰਬ ਸਿਉ: ਪ੍ਰਭੂ-ਪ੍ਰੇਮ-ਰੰਗ ਵਿੱਚ ਰੰਗੇ ਹੋਏ।

ਤਨਿ: ਸਰੀਰ ਵਿਚ। ਤਿਨ: ਉਨ੍ਹਾਂ ਦੇ। ਰਤੁ: ਵਿਕਾਰਾਂ ਭਰਿਆ ਨਾਪਾਕ ਖ਼ੂਨ।

ਭਾਵ ਅਰਥ:- ਫ਼ਰੀਦ! ਜੇ ਕੋਈ ਸੱਚੇ ਨਾਮ-ਅਭਿਆਸੀਆਂ ਦੇ ਤਨ ਦੀ ਚੀਰ-ਫਾੜ ਕਰਕੇ ਵੇਖੇ ਤਾਂ ਉਨ੍ਹਾਂ ਦੇ ਸਰੀਰ ਵਿੱਚੋਂ ਭੋਰਾ ਵੀ (ਪਾਪਾਂ ਨਾਲ ਮੈਲਾ) ਖ਼ੂਨ ਨਹੀਂ ਨਿਕਲੇਗਾ! ਕਿਉਂਕਿ, ਜਿਹੜੇ ਬੰਦੇ ਪ੍ਰਭੂ-ਪ੍ਰੇਮ (ਇਸ਼ਕ ਹਕੀਕੀ) ਦੇ ਰੰਗ ਵਿੱਚ ਰੰਗੇ ਰਹਿੰਦੇ ਹਨ, ਉਨ੍ਹਾਂ ਦੇ ਸਰੀਰ ਵਿੱਚ (ਪਾਪਾਂ-ਭਰਿਆ ਦੂਸ਼ਿਤ) ਲਹੂ ਹੁੰਦਾ ਹੀ ਨਹੀਂ।

ਅਗਲਾ ਸ਼ਲੋਕ ਗੁਰੂ ਅਮਰ ਦਾਸ ਜੀ ਦਾ ਉਚਾਰਿਆ ਹੋਇਆ ਹੈ; ਇਸ ਵਿੱਚ ਫ਼ਰੀਦ ਜੀ ਦੇ ਉਪਰਲੇ ਸਲੋਕ ਨੰ: ੫੧ ਦੇ ਵਿਸ਼ੇ ਦਾ ਵਿਸਤਾਰ ਹੀ ਹੈ:-

ਮ: ੩॥ ਇਹੁ ਤਨੁ ਸਭੋ ਰਤ ਹੈ ਰਤੁ ਬਿਨੁ ਤੰਨੁ ਨ ਹੋਇ॥

ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤ ਨ ਹੋਇ॥

ਭੈ ਪਇਐ ਤਨੁ ਖੀਣੁ ਹੋਇ ਲੋਭੁ ਰਤੁ ਵਿਚਹੁ ਜਾਇ॥

ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ॥

ਨਾਨਕ ਤੇ ਜਨ ਸੋਹਣੇ ਜਿ ਰਤੇ ਹਰਿ ਰੰਗੁ ਲਾਇ॥ ੫੨॥

ਸ਼ਬਦ ਅਰਥ:- ਲੋਭੁ: ਲਾਲਚ, ਦੂਸਰਿਆਂ ਦੀ ਧਨ-ਸੰਪਤੀ ਹੜੱਪਣ ਦੀ ਲਾਲਸਾ ਕਰਨੀ। ਭੈ: ਖ਼ੌਫ਼, ਡਰ। ਭੈ ਪਇਆ: ਡਰ ਵਿੱਚ ਆਇਆਂ। ਖੀਣ: ਰਹਿਤ, ਖ਼ਾਲੀ। ਬੈਸੰਤਰਿ: ਅਗਨੀ ਵਿਚ। ਸੁਧੁ: ਸ਼ੁੱਧ, ਖੋਟ-ਰਹਿਤ, ਖ਼ਾਲਸ, ਪਾਕ। ਭਉ: ਭੈ, ਡਰ। ਦੁਰਮਤਿ: ਮੰਦ ਬੁੱਧੀ, ਪਾਪੀ ਸੋਚ।

ਭਾਵ ਅਰਥ:- ਖ਼ੂਨ ਦਾ ਨਿਰੰਤਰ ਦੌਰਾ ਮਨੁਖਾ ਸਰੀਰ ਨੂੰ ਜੀਵਿਤ ਰੱਖਦਾ ਹੈ, ਇਸ ਲਈ ਖ਼ੂਨ ਤੋਂ ਬਿਨਾਂ ਸਰੀਰ ਹੋ ਹੀ ਨਹੀਂ ਸਕਦਾ। ਪਰੰਤੂ ਇਹ ਵੀ ਸੱਚ ਹੈ ਕਿ ਜੋ ਮਨੁਖ ਰੱਬ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ, ਉਨ੍ਹਾਂ ਦੇ ਵਜੂਦ ਵਿੱਚ ਲੋਭ-ਲਾਲਚ ਆਦਿ ਵਿਕਾਰਾਂ ਨਾਲ ਮੈਲਾ ਲਹੂ ਨਹੀਂ ਹੁੰਦਾ। ਰੱਬ ਦੇ ਡਰ ਵਿੱਚ ਰਹਿਣ ਨਾਲ ਮੈਲਾ ਲਹੂ ਸਰੀਰ ਵਿੱਚ ਨਹੀਂ ਰਹਿੰਦਾ ਅਤੇ ਮਨ-ਤਨ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਜਿਵੇਂ ਅਗਨੀ ਵਿੱਚ ਸਾੜਿਆਂ ਖੋਟੀ ਧਾਤ ਖਰੀ ਹੋ ਜਾਂਦੀ ਹੈ, ਤਿਵੇਂ ਰੱਬ ਦੇ ਡਰ ਦੀ ਅਗਨੀ ਨਾਲ ਹਿਰਦੇ ਵਿੱਚੋਂ ਪਾਪੀ ਸੋਚ ਦਾ ਨਾਸ਼ ਹੋ ਜਾਂਦਾ ਹੈ। ਨਾਨਕ! ਰੱਬ ਦੇ ਉਹ ਬੰਦੇ ਪਵਿਤ੍ਰ ਤੇ ਸੁਰਖ਼ਰੂ ਹਨ ਜੋ ਇਸ਼ਕ ਹਕੀਕੀ ਦੇ ਗੂੜ੍ਹੇ ਰੰਗ ਵਿੱਚ ਰੰਗੇ ਰਹਿੰਦੇ ਹਨ।

ਫਰੀਦਾ ਸੋਈ ਸਰਵਰੁ ਢੂਢਿ ਲਹੁ ਜਿਥਹੁ ਲਭੀ ਵਥੁ॥

ਛਪੜਿ ਢੂਢੈ ਕਿਆ ਹੋਵੈ ਚਿਕੜਿ ਡੁਬੈ ਹਥੁ॥ ੫੩॥

ਸ਼ਬਦ ਅਰਥ:- ਸਰਵਰੁ: ਪਵਿਤ੍ਰ ਪਾਣੀ ਦਾ ਤਾਲ। ਵਥੁ: ਬਹੁਮੁੱਲਾ ਪਦਾਰਥ, ਪਰਮਾਰਥਕ ਪ੍ਰਾਪਤੀ, ਨਾਮ-ਸਿਮਰਨ ਰੂਪੀ ਮੋਤੀ।

ਛਪੜਿ: ਗੰਧਲੇ ਪਾਣੀ ਦਾ ਕੱਚਾ ਤਾਲਾਬ। ਚਿਕੜਿ: ਬੁਸੀ ਹੋਈ ਗਾਰ।

ਭਾਵ ਅਰਥ:- ਫ਼ਰੀਦ! ਓਹੀ ਸਤਿ-ਸੰਗਤ ਰੂਪੀ ਪਵਿਤ੍ਰ ਸਰੋਵਰ ਭਾਲ ਲੈ ਜਿਸ ਵਿਚੋਂ ਨਾਮ-ਅਮ੍ਰਿਤ ਦਾ ਕੀਮਤੀ ਪਦਾਰਥ ਪ੍ਰਾਪਤ ਕਰ ਸਕਦਾ ਹੈਂ। ਵਿਕਾਰੀਆਂ/ਪਾਪੀਆਂ ਦੀ ਕੁਸੰਗਤ ਰੂਪ ਛੱਪੜੀ ਵਿੱਚੋਂ ਤਾਂ ਵਿਕਾਰਾਂ ਦਾ ਚਿੱਕੜ ਹੀ ਹੱਥ ਲੱਗੇਗਾ।

ਫਰੀਦਾ ਨੰਢੀ ਕੰਤੁ ਨ ਰਾਵਿਓ ਵਡੀ ਥੀ ਮੁਈਆਸੁ॥

ਧਨ ਕੂਕੇਂਦੀ ਗੋਰ ਮੇਂ ਤੈ ਸਹ ਨਾ ਮਿਲੀਆਸੁ॥ ੫੪॥

ਸ਼ਬਦ ਅਰਥ:- ਨੰਢੀ: ਲਾੜੀ ਬਣਨ ਸਮੇਂ, ਚੜ੍ਹਦੀ ਜੁਆਨੀ ਸਮੇਂ, ਕੁਆਰੇਪਣ ਵਿਚ। ਕੰਤੁ: ਚਹੇਤਾ ਪਤੀ।

ਨ ਰਾਵਿਓ: (ਪਤੀ ਦਾ ਸੰਗ) ਨਹੀਂ ਮਾਣਿਆ। ਵਡੀ ਥੀ: ਬੁੱਢੀ ਹੋ ਕੇ। ਮੁਈਆਸੁ: ਮੁਈਆ=ਮਰ ਗਈ+ਸੁ=ਉਹ; ਉਹ ਮਰ ਗਈ।

ਧਨ: ਨੱਢੀ, ਮੁਟਿਆਰ, ਚੜ੍ਹਦੀ ਜਵਾਨੀ ਵਾਲੀ ਇਸਤ੍ਰੀ। ਕੂਕੇਂਦੀ: ਪਛੁਤਾਵੇ ਵਿੱਚ ਚੀਕ ਚੀਕ ਕੇ ਕਹਿੰਦੀ ਹੈ।

ਨਾ ਮਿਲੀਆਸੁ: ਮਿਲੀਆ=ਮਿਲੀ+ਸੁ=ਉਸ ਨੂੰ; ਉਸ ਨੂੰ ਨਹੀਂ ਮਿਲਿਆ।

ਭਾਵ ਅਰਥ:- ਫ਼ਰੀਦ! ਜਿਹੜੀ ਇਸਤ੍ਰੀ ਚੜ੍ਹਦੀ ਜਵਾਨੀ ਸਮੇਂ ਆਪਣੇ ਚਹੇਤੇ ਪਤੀ ਦਾ ਸੰਗ ਨਹੀਂ ਭੋਗਦੀ, ਉਹ ਬੁੱਢੀ ਹੋ ਕੇ ਨਿਖਸਮੀ ਹੀ ਮਰ ਜਾਂਦੀ ਹੈ। ਕਬਰ `ਚ ਪਈ ਨਿਖਸਮੀ ਇਸਤ੍ਰੀ ਦੀ ਆਤਮਾ ਪਛਤਾਵੇ ਵਿੱਚ ਵਿਰਲਾਪ ਕਰਦੀ ਹੋਈ ਕੂਕ ਕੂਕ ਕੇ ਕਹਿੰਦੀ ਹੈ ਕਿ ਉਸ ਨੇ ਵੇਲੇ ਸਿਰ ਪਤੀ ਦਾ ਸੰਗ ਕਿਉਂ ਨਾ ਮਾਣਿਆ! ਸਾਰੰਸ਼, ਜਿਹੜੀਆਂ ਜੀਵ-ਇਸਤ੍ਰੀਆਂ ਜੀਵਨ-ਕਾਲ ਵਿੱਚ ਹਰਿ-ਨਾਮ-ਸਿਮਰਨ ਨਹੀਂ ਕਰਦੀਆਂ, ਉਨ੍ਹਾਂ ਨੂੰ ਮਰਨ ਉਪਰੰਤ ਪਸ਼ਚਾਤਾਪ ਹੁੰਦਾ ਹੈ ਕਿ ਉਨ੍ਹਾਂ ਨੇ ਦੁਰਲੱਭ ਮਨੁੱਖਾ ਜੀਵਨ ਰੱਬ ਨੂੰ ਯਾਦ ਕੀਤੇ ਬਿਨਾਂ ਹੀ ਵਿਅਰਥ ਗਵਾ ਦਿੱਤਾ।

ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ॥

ਰੇ ਮਨ ਗਹਿਲੇ ਬਾਵਲੇ ਮਾਣਹਿ ਕਿਆ ਰਲੀਆਂ॥ ੫੫॥

ਸ਼ਬਦ ਅਰਥ:- ਪਲਿਆ: ਸਫ਼ੈਦ ਹੋ ਗਿਆ, ਬੁੱਢੇਪਾ ਆ ਗਿਆ।

ਗਹਿਲੇ: ਦੁਨਿਆਵੀ ਖ਼ੁਸ਼ੀਆਂ ਦੇ ਗਹਿਲ (ਨਸ਼ੇ) ਵਿੱਚ ਪਾਗਲ। ਬਾਵਲੇ: ਬੇਸਮਝ, ਦੀਵਾਨੇ, ਕਮਲੇ।

ਰਲੀਆਂ: (ਦੁਨਿਆਵੀ) ਖ਼ੁਸ਼ੀਆਂ।

ਭਾਵ ਅਰਥ:- ਫ਼ਰੀਦ! (ਸੰਸਾਰਕ ਭੋਗ ਭੋਗਦਿਆਂ) ਸਿਰ, ਦਾੜ੍ਹੀ ਤੇ ਮੁੱਛਾਂ ਦੇ ਵਾਲ ਸਫ਼ੇਦ ਹੋ ਗਏ ਹਨ ਅਰਥਾਤ ਜਵਾਨੀ ਢਲਣ ਉਪਰੰਤ ਬੁਢੇਪਾ ਆ ਗਿਆ ਹੈ; ਪਰ ਪਦਾਰਥਕ ਖ਼ੁਸ਼ੀਆਂ ਦੇ ਨਸ਼ੇ ਵਿੱਚ ਪਾਗਲ ਹੋਏ ਅਗਿਆਨ ਮਨੁੱਖ! ਤੂੰ ਅਜੇ ਵੀ ਸੰਸਾਰਕ ਰੰਗ-ਰਲੀਆਂ ਵਿੱਚ ਹੀ ਗ਼ਲਤਾਨ ਹੈਂ! !

ਫਰੀਦਾ ਕੋਠੇ ਧੁਕਣੁ ਕੇਤੜਾ ਪਿਰ ਨੀਦੜੀ ਨਵਾਰਿ॥

ਜੋ ਦਿਹ ਲਧੇ ਗਾਣਵੇ ਗਏ ਵਿਲਾੜਿ ਵਿਲਾੜਿ॥ ੫੬॥

ਸ਼ਬਦ ਅਰਥ:- ਧੁਕਣੁ: ਨੱਠ-ਦੌੜ। ਕੇਤੜਾ: ਕਿਤਨਾ ਕੁ।

ਪਿਰ: ਪਿਆਰਾ ਪ੍ਰੀਤਮ, ਪਤੀ। ਨੀਦੜੀ: ਅਗਿਆਨਤਾ ਦੀ ਨੀਂਦ। ਨਿਵਾਰ: ਮੁਕਤੀ ਪਾ, ਛੁਟਕਾਰਾ ਪਾ ਲੈ, ਗ਼ਫ਼ਲਤ ਦੀ ਨੀਂਦ ਤਿਆਗ ਦੇ।

ਦਿਹ: ਜ਼ਿੰਦਗੀ ਦੇ ਦਿਨ। ਲਧੇ: ਲੱਭੇ, ਰੱਬ ਵੱਲੋਂ ਬਖ਼ਸ਼ੇ ਗਏ। ਗਾਣਵੇ: ਗਿਣਤੀ ਦੇ, ਗਿਣੇ ਮਿਥੇ।

ਵਿਲਾੜਿ ਵਿਲਾੜਿ: ਧੰਧ ਪਿਟਦਿਆਂ, ਪਦਾਰਥਕ ਪ੍ਰਾਪਤੀਆਂ ਵਾਸਤੇ ਭੱਜ ਦੌੜ ਕਰਦਿਆਂ, ਰੋਣੇ ਰੋਂਦਿਆਂ।

ਭਾਵ ਅਰਥ:- ਫ਼ਰੀਦ! (ਵਿਸੁ ਗੰਦਲਾਂ ਦੀ ਖ਼ਾਤਿਰ ਕੀਤੀ) ਭੱਜ ਦੌੜ ਵੀ ਜੀਵਨ ਦੀ ਤਰ੍ਹਾਂ ਸੀਮਿਤ ਹੈ। ਇਸ ਸੀਮਿਤ ਸਮੇਂ ਵਿੱਚ ਕਿਨੀ ਕੁ ਨੱਠ ਦੌੜ ਕਰ ਲਵੇਂਗਾ? ਤੇਰੀ ਭਲਾਈ ਇਸੇ ਵਿੱਚ ਹੈ ਕਿ ਤੂੰ ਨਾਮ-ਸਿਮਰਨ ਦੇ ਪਰਮਾਰਥੀ ਜੀਵਨ-ਮਨੋਰਥ ਪ੍ਰਤਿ ਅਵੇਸਲੇਪਣ ਦੀ ਦੂਸ਼ਿਤ ਰੁਚੀ ਤਿਆਗ ਦੇ, ਨਹੀਂ ਤਾਂ ਗਿਣਤੀ ਦੇ ਮਿਲੇ ਦਿਨਾਂ ਦਾ ਸੀਮਿਤ ਜੀਵਨ ਧੰਧ ਪਿਟਦਿਆਂ ਹੀ ਵਿਤੀਤ ਹੋ ਜਾਵੇਗਾ।

ਫਰੀਦਾ ਕੋਠੇ ਮੰਡਪ ਮਾੜੀਆ ਏਤੁ ਨ ਲਾਏ ਚਿਤੁ॥

ਮਿਟੀ ਪਈ ਅਤੋਲਵੀ ਕੋਇ ਨ ਹੋਸੀ ਮਿਤੁ॥ ੫੭॥

ਸ਼ਬਦ ਅਰਥ:- ਏਤੁ: ਇਨ੍ਹਾਂ ਨਾਲ। ਨ ਲਾਏ ਚਿਤੁ: ਮੋਹ ਨਾਂ ਲਾਈਂ।

ਭਾਵ ਅਰਥ:- ਫ਼ਰੀਦ! ਪਾਪਾਂ ਦੀ ਕਮਾਈ ਨਾਲ ਉਸਾਰੇ ਮਹਿਲ ਤੇ ਹਵੇਲੀਆਂ ਨਾਲ ਮੋਹ ਨਾਂ ਪਾਵੀਂ ਕਿਉਂਕਿ ਮਰਨ ਉਪਰੰਤ ਜਦ ਤੂੰ ਕਬਰ ਵਿੱਚ ਮਿੱਟੀ ਦੇ ਵੱਡੇ ਭਾਰ ਹੇਠ ਦੱਬਿਆ ਜਾਵੇਂਗਾ ਤਦੋਂ ਇਨ੍ਹਾਂ (ਕੋਠੇ, ਮੰਡਪ ਤੇ ਮਾੜੀਆਂ) ਵਿੱਚੋਂ ਕਿਸੇ ਨੇ ਵੀ ਤੇਰਾ ਸਾਥ ਨਹੀਂ ਦੇਣਾ।

ਫਰੀਦਾ ਮੰਡਪ ਮਾਲੁ ਨ ਲਾਇ ਮਰਗ ਸਤਾਣੀ ਚਿਤਿ ਧਰਿ॥

ਸਾਈ ਜਾਇ ਸਮ੍ਹਾਲਿ ਜਿਥੈ ਹੀ ਤਉ ਵੰਞਣਾ॥ ੫੮॥

ਸ਼ਬਦ ਅਰਥ:- ਮਾਲੁ: ਧਨ-ਸੰਪਤੀ। ਨ ਲਾਇ: ਨਾਲ ਮੋਹ ਨਾ ਲਾ।

ਮਰਗ ਸਤਾਣੀ: ਮਰਗ=ਮੌਤ, ਮੁਰਦਾ; ਸਤਾਣੀ=ਸਤਾਨ=ਅਸਥਾਨ ਅਥਵਾ ਕਬਰ, ਕਬਰਸਤਾਨ।

ਚਿਤਿ ਧਰਿ: ਅੰਤਹਕਰਣ ਵਿੱਚ ਯਾਦ ਰੱਖ। ਸਮ੍ਹਾਲ: ਚਿਤਿ ਧਰ, ਹਰ ਦਮ ਯਾਦ ਰੱਖ।

ਜਿਥੈ ਤਉ ਵੰਞਣਾ: (ਅੰਤ ਨੂੰ) ਤੂੰ ਜਿੱਥੇ ਜਾਣਾ ਹੈ, ਕਬਰ।

ਭਾਵ ਅਰਥ:- ਫ਼ਰੀਦ! ਮਹਿਲ ਮਾੜੀਆਂ ਤੇ ਧਨ-ਸੰਪਤੀ ਨਾਲ ਮੋਹ ਲਾਣ ਦੀ ਬਜਾਏ ਜੀਵਨ ਦੇ ਅੰਤਲੇ ਪੜਾਅ ਕਬਰ/ਕਬਰਸਤਾਨ ਅਥਵਾ ਮੌਤ ਨੂੰ ਚੇਤੇ ਰਖ। ਜੀਵਨ ਵਿੱਚ ਵਿਚਰਦਿਆਂ ਉਸੇ ਆਖ਼ਿਰੀ ਮੰਜ਼ਿਲ ਨੂੰ ਧਿਆਨ ਵਿੱਚ ਰੱਖ ਜਿੱਥੇ ਤੂੰ ਅੰਤ ਨੂੰ ਜਾਣਾ ਹੈ। ਜੋ ਮਨੁਖ, ਰੱਬ ਦੇ ਡਰ ਵਿੱਚ ਰਹਿੰਦਿਆਂ, ਮੌਤ ਨੂੰ ਸਦਾ ਯਾਦ ਰੱਖਦਾ ਹੈ, ਉਹ ਬੁਰੇ ਕਰਮਾਂ ਤੋਂ ਬਚਿਆ ਰਹਿੰਦਾ ਹੈ।

ਫਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ॥

ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ॥ ੫੯॥

ਸ਼ਬਦ ਅਰਥ:- ਕੰਮੜੇ: ਬੁਰੇ ਕਰਮ। ਵਿਸਾਰ: ਮਨੋਂ ਲਾਹ ਦੇ, ਭੁਲਾ ਦੇ, ਛੱਡ ਦੇ।

ਭਾਵ ਅਰਥ:- ਫ਼ਰੀਦ! ਜਿਹੜੇ ਕਰਮਾਂ ਦਾ ਕੋਈ ਪਰਮਾਰਥੀ ਲਾਭ ਨਹੀਂ ਹੈ, ਉਹ ਬੁਰੇ ਕੰਮ ਕਰਨੇ ਛੱਡ ਦੇ। ਜੇ ਤੂੰ ਇਸ ਤਰ੍ਹਾਂ ਨਹੀਂ ਕਰੇਂਗਾ ਤਾਂ ਕਿਤੇ ਇਹ ਨਾ ਹੋਵੇ ਕਿ ਮਰਨ ਉਪਰੰਤ ਤੈਨੂੰ ਸਾਂਈ ਦੇ ਦਰਬਾਰ ਵਿੱਚ ਜਾ ਕੇ ਸ਼ਰਮਿੰਦਗੀ ਉਠਾਉਣੀ ਪਵੇ!

ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ॥

ਦਰਵੇਸਾ ਨੋ ਲੋੜੀਐ ਰੁਖਾਂ ਦੀ ਜੀਰਾਂਦਿ॥ ੬੦॥

ਸ਼ਬਦ ਅਰਥ:- ਸਾਹਿਬ: ਮਾਲਿਕ, ਸ੍ਰਿਸ਼ਟੀ ਦਾ ਇੱਕੋ ਇੱਕ ਮਾਲਿਕ ਪਰਮਾਤਮਾ। ਚਾਕਰੀ: ਸੇਵਾ-ਭਗਤੀ।

ਭਰਾਂਦਿ: ਝੂਠੀ ਸੋਚ, ਭ੍ਰਮ-ਭੁਲੇਖਾ।

ਜੀਰਾਂਦਿ: ਤਹੱਮਲ, ਸਬਰ, ਸਹਿਣਸ਼ੀਲਤਾ।

ਭਾਵ ਅਰਥ:- ਫ਼ਰੀਦ! ਸ੍ਰਿਸ਼ਟੀ ਦੇ ਮਾਲਿਕ ਪਰਮਾਤਮਾ ਦੀ ਸੇਵਾ-ਭਗਤੀ ਕਰਕੇ ਮਨ ‘ਤੋਂ, ਮਹਿਲ-ਮਾੜੀਆਂ ਅਤੇ ਧਨ-ਸੰਪਤੀ ਦੇ ਲਗਾਉ ਕਾਰਣ ਮਨ ਵਿੱਚ ਉਪਜਿਆ, ਭ੍ਰਮ ਦੂਰ ਕਰ ਲੈ। (ਇਸ ਪਰਮਾਰਥੀ ਕਰਮ ਦੇ ਫ਼ਲ ਵਾਸਤੇ) ਪ੍ਰਭੂ ਦੇ ਭਗਤਾਂ ਨੂੰ ਦਰਖ਼ਤਾਂ ਵਾਲੇ ਧੀਰਜ/ਤਹੱਮਲ ਦੀ ਜ਼ਰੂਰਤ ਹੈ।

ਫ਼ਰੀਦ ਜੀ ਭੇਖ-ਪ੍ਰਥਾ ਦੇ ਵੀ ਵਿਰੁੱਧ ਸਨ। ਸਦਾ ਤੋਂ ਹੀ ਪਾਖੰਡੀ ਪੁਰਖ ਭੇਖ ਦੇ ਪਾਜ ਓਹਲੇ ਪਾਪ ਕਮਾਉਂਦੇ ਤੇ ਲੁਕਾਉਂਦੇ ਰਹੇ ਹਨ। ਬਾਣੀਕਾਰਾਂ ਨੇ ਬਾਣਾ-ਧਾਰੀਆਂ ਦੇ ਕਪਟੀ ਕਿਰਦਾਰ ਉੱਤੇ ਸਖ਼ਤ ਚੋਟਾਂ ਲਾਉਂਦਿਆਂ ਸਿੱਧੜ ਜਨਤਾ ਨੂੰ ਇਨ੍ਹਾਂ ਠੱਗਾਂ ਤੋਂ ਸੁਚੇਤ ਕਰਨ ਦਾ ਯਤਨ ਕੀਤਾ ਹੈ। ਫ਼ਰੀਦ ਜੀ ਦੇ ਕੁੱਝ ਸ਼ਲੋਕਾਂ ਵਿੱਚ ਇਹੋ ਤੱਥ ਮਿਲਦਾ ਹੈ:-

ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ॥

ਗੁਨਹੀ ਭਰਿਆ ਮੈ ਫਿਰਾਂ ਲੋਕੁ ਕਹੈ ਦਰਵੇਸੁ॥ ੬੧॥

ਸ਼ਬਦ ਅਰਥ:- ਕਾਲੇ ਕਪੜੇ: ਫ਼ਕੀਰਾਂ ਦਾ ਕਾਲਾ ਲਿਬਾਸ। ਕਾਲਾ ਵੇਸੁ: ਚੋਰਾਂ ਵਾਲਾ ਕਾਲਾ ਲਿਬਾਸ।

ਮੈਡਾ: ਮੇਰਾ। ਮੈਡੇ: ਮੇਰੇ। ਗੁਨਹੀ: ਗੁਨਹ=ਪਾਪ; ਪਾਪਾਂ ਨਾਲ।

ਦਰਵੇਸੁ: ਰੱਬ ਦਾ ਭਗਤ।

ਭਾਵ ਅਰਥ:- ਫ਼ਰੀਦ! ਮੈਂ ਫ਼ਕੀਰਾਂ ਵਾਲੇ ਕਾਲੇ ਪਹਿਰਨ ਪਹਿਨਦਾ ਹਾਂ; ਮੇਰਾ ਲਿਬਾਸ ਕਾਲਾ (ਚੋਰਾਂ ਵਾਲਾ) ਹੈ। ਮੇਰਾ ਜੀਵਨ ਪਾਪਾਂ-ਭਰਿਆ ਹੈ, ਪਰੰਤੂ ਅਣਜਾਣ ਲੋਕ, ਮੇਰੇ ਫ਼ਕੀਰੀ ਲਿਬਾਸ ਕਰਕੇ, ਮੈਂਨੂੰ ਰੱਬ ਦਾ ਭਗਤ ਸਮਝਣ ਦਾ ਟਪਲਾ ਖਾ ਜਾਂਦੇ ਹਨ।

ਤਤੀ ਤੋਇ ਨ ਪਲਵੈ ਜੇ ਜਲਿ ਟੁਬੀ ਦੇਇ॥

ਫਰੀਦਾ ਜੋ ਡੋਹਾਗਣਿ ਰਬ ਦੀ ਝੂਰੇਦੀ ਝੂਰੇਇ॥ ੬੨॥

ਸ਼ਬਦ ਅਰਥ:- ਤਤੀ: ਤੱਤੀ, ਸੜੀ ਹੋਈ, ਗਲੀ ਹੋਈ। ਤੋਇ: ਤੋਅ=ਪਾਣੀ; ਪਾਣੀ ਨਾਲ।

ਪਲਵੈ: ਪਲਵਿਤ ਹੋਣਾ, ਪਲ੍ਹਰਨਾ, ਪੁੰਗਰਨਾ, ਹਰੀ ਭਰੀ ਹੋਣਾ।

ਡੋਹਾਗਣਿ: ਛੁੱਟੜ, ਛੱਡੀ ਹੋਈ। ਝੂਰੇਦੀ ਝੂਰੇਇ: ਪਛਤਾਵੇ ਵਿੱਚ ਝੂਰਦੀ ਰਹਿੰਦੀ ਹੈ।

ਭਾਵ ਅਰਥ:- ਫ਼ਰੀਦ! ਜਿਵੇਂ ਪਾਣੀ ਦੀ ਬਹੁਤਾਤ ਕਾਰਣ ਸੜ-ਗਲ ਚੁੱਕੀ ਫ਼ਸਲ ਦੁਬਾਰਾ ਹਰੀ ਭਰੀ ਨਹੀਂ ਹੋ ਸਕਦੀ ਭਾਵੇਂ ਉਸ ਨੂੰ ਹੋਰ ਪਾਣੀ ਨਾਲ ਕਿਤਨਾ ਵੀ ਸਿੰਜ ਲਵੋ, ਤਿਵੇਂ ਪਤੀ (ਪਰਮਾਤਮਾ) ਦੀ ਛੁੱਟੜ ਜੀਵ-ਇਸਤ੍ਰੀ ਕਦੇ ਵੀ ਪਤੀ ਵਾਲੀ ਨਹੀਂ ਬਣ ਸਕਦੀ ਭਾਵੇਂ ਉਹ ਜਿਤਨੇ ਮਰਜ਼ੀ ਸੁਹਾਗਣਾਂ ਵਾਲੇ ਲਿਬਾਸ (ਕਾਲੀ ਕੰਬਲੀ ਤੇ ਕਾਲਾ ਵੇਸੁ) ਪਾਈ ਫਿਰੇ! ਅਜਿਹੀ ਛੁੱਟੜ ਦੇ ਭਾਗਾਂ ਵਿੱਚ ਤਾਂ ਪਛੁਤਾਵਾ ਹੀ ਪਛੁਤਾਵਾ ਹੁੰਦਾ ਹੈ।

ਜਾਂ ਕੁਆਰੀ ਤਾ ਚਾਉ ਵੀਵਾਹੀ ਤਾ ਮਾਮਲੇ॥

ਫਰੀਦਾ ਏਹੋ ਪਛੋਤਾਉ ਵਤਿ ਕੁਆਰੀ ਨ ਥੀਐ॥ ੬੩॥

ਸ਼ਬਦ ਅਰਥ:- ਮਾਮਲੇ: ਜੰਜਾਲ, ਧੰਦੇ, ਕਾਰੋਬਾਰ, ਝਮੇਲੇ, ਸਮੱਸਿਆਵਾਂ। ਵਤਿ: ਫੇਰ, ਦੁਬਾਰਾ।

ਭਾਵ ਅਰਥ:- ਫ਼ਰੀਦ! ਜਦੋਂ ਨੱਢੀ ਕੁਆਰੀ ਹੁੰਦੀ ਹੈ ਤਾਂ ਰੰਗ-ਰਲੀਆਂ ਵਾਲਾ ਵਿਆਹੁਤਾ ਜੀਵਨ ਸੁਖ-ਦਾਇਕ ਲੱਗਦਾ ਹੋਣ ਕਾਰਣ ਵਿਆਹ ਕਰਾਉਣ ਦਾ ਚਾਉ ਹੁੰਦਾ ਹੈ। ਪਰ ਜਦ ਵਿਆਹੇ ਜਾਣ ਉਪਰੰਤ ਵਿਆਹੁਤਾ ਜੀਵਨ ਦੇ ਜੰਜਾਲ, ਝਮੇਲੇ ਤੇ ਧੰਦੇ ਗਲ ਪੈਂਦੇ ਹਨ ਤਦੋਂ ਇਹੋ ਪਛਤਾਵਾ ਰਹਿੰਦਾ ਹੈ ਕਿ ਉਹੀ ਕੁਆਰਾ, ਜੰਜਾਲਾਂ ਤੋਂ ਮੁਕਤ ਬੇਫ਼ਿਕਰੀ ਦਾ, ਜੀਵਨ ਦੁਬਾਰਾ ਨਸੀਬ ਨਹੀਂ ਹੋ ਸਕਦਾ। ਇਸ ਸਲੋਕ ਦਾ ਅੰਤਰੀਵ ਭਾਵ ਇਹ ਹੈ ਕਿ ਜਦ ਮਨੁੱਖ ਸੰਸਾਰਕ ਸੁੱਖਾਂ (ਵਿਸੁ ਗੰਦਲਾਂ) ਦੇ ਬੁਰੇ ਪ੍ਰਭਾਵ ਤੋਂ ਅਭਿੱਜ ਕੋਰਾ ਹੁੰਦਾ ਹੈ ਤਦੋਂ ਉਹ ਇਨ੍ਹਾਂ ਨੂੰ ਭੋਗਣ ਲਈ ਉਤਾਵਲਾ ਹੁੰਦਾ ਹੈ; ਪਰੰਤੂ ਦੁਨਿਆਵੀ ਮੌਜਾਂ ਦੀ, ਮਨ-ਆਤਮਾ ਵਾਸਤੇ ਵਿਸ਼ੈਲੀ, ਘੁੱਮਣਘੇਰੀ ਵਿੱਚ ਫ਼ਸ ਜਾਣ ਤੋਂ ਬਾਅਦ ਇਸ ਵਿੱਚੋਂ ਨਿਕਲਣਾ ਅਸੰਭਵ ਹੋ ਜਾਂਦਾ ਹੈ। ਇਸ ਬੇਚਾਰਗੀ ਦੀ ਹਾਲਤ ਵਿੱਚ ਮਨ ਨੂੰ ਬਹੁਤ ਪਛਤਾਵਾ ਹੁੰਦਾ ਹੈ।

ਇਕ ਵਿਸ਼ਵਾਸ ਅਨੁਸਾਰ ਹੰਸ ਦੀ ਚੁੰਜ ਵਿੱਚ ਕੁਦਰਤਨ ਇੱਕ ਰਸਾਇਣਿਕ ਰਸ ਹੁੰਦਾ ਹੈ ਜਿਸ ਸਦਕਾ ਉਹ ਆਪਣੀ ਚੁੰਜ ਦੀ ਛੋਹ ਨਾਲ ਦੁੱਧ ਵਿੱਚੋਂ ਪਾਣੀ ਨਿਖੇੜਣ ਦੀ ਸਮਰਥਾ ਰੱਖਦਾ ਹੈ ਤੇ ਦੁੱਧ ਦਾ ਸਿਰਫ਼ ਉਹੀ ਹਿੱਸਾ ਪੀਂਦਾ ਹੈ ਜਿਸ ਕਰਕੇ ਦੁੱਧ ਨੂੰ ਅੰਮ੍ਰਿਤ ਸਮਝਿਆ ਜਾਂਦਾ ਹੈ। ਇਸ ਦੇ ਉਲਟ, ਬਗਲਾ ਇਸ ਪੱਖੋਂ ਮੂੜ੍ਹ ਹੁੰਦਾ ਹੈ ਅਤੇ ਚੰਗੇ ਮੰਦੇ ਦੀ ਪਹਿਚਾਨ ਨਾ ਹੋਣ ਕਾਰਣ ਉਹ ਅਲੁ ਪਲੁ ਸੱਭ ਨਿਗਲ ਜਾਂਦਾ ਹੈ। ਇਸੇ ਵਿਸ਼ਵਾਸ ਦੇ ਆਧਾਰ `ਤੇ ਗੁਰਬਾਣੀ ਵਿੱਚ ਬਿਬੇਕੀ ਦਰਵੇਸ਼ਾਂ ਵਾਸਤੇ ਹੰਸ ਦਾ ਰੂਪਕ ਵਰਤਿਆ ਹੈ ਅਤੇ ਬਿਬੇਕ-ਰਹਿਤ ਮੂਰਖ ਮਾਇਆਧਾਰੀ ਦੁਨੀਦਾਰਾਂ ਵਾਸਤੇ ਬਗਲੇ ਦਾ। ਹੰਸਾਂ/ਮਹਾਂਪੁਰਖਾਂ ਦੀ ਸੰਗਤ ਨੂੰ ਨਿਰਮਲ ਜਲ ਦਾ ਸਰੋਵਰ ਕਿਹਾ ਗਿਆ ਹੈ ਅਤੇ ਵਿਕਾਰਾਂ ਨਾਲ ਭਰੇ ਸੰਸਾਰ ਦੀ ਤੁਲਣਾ ਗੰਦੇ ਪਾਣੀ ਦੀ ਛੱਪੜੀ ਨਾਲ ਕੀਤੀ ਹੈ। ਬਾਣੀ ਵਿੱਚ ਹੰਸ, ਸਰੋਵਰ, ਬਗਲਾ ਤੇ ਛੱਪੜੀ ਦੇ ਰੂਪਕਾਂ ਦੀ ਵਰਤੋਂ ਕਰਨ ਦੀ ਪਹਿਲ ਕਰਨ ਵਾਲੇ ਵੀ ਬਾਬਾ ਫ਼ਰੀਦ ਜੀ ਹੀ ਹਨ। ਆਗਾਮੀ ਸਲੋਕਾਂ ਵਿੱਚ ਇਨ੍ਹਾਂ ਬਿੰਬਾਂ ਦੀ ਬਾ-ਖ਼ੂਬੀ ਵਰਤੋਂ ਕੀਤੀ ਗਈ ਹੈ:

ਕਲਰ ਕੇਰੀ ਛਪੜੀ ਆਇ ਉਲਥੇ ਹੰਝ॥

ਚਿੰਜੂ ਬੋੜਨਿ ਨ ਪੀਵਹਿ ਉਡਣ ਸੰਦੀ ਡੰਝ॥ ੬੪॥

ਸ਼ਬਦ ਅਰਥ:- ਕਲਰ: ਸ਼ੋਰਾ, ਵਿਕਾਰ। ਛਪੜੀ: ਗੰਦੇ ਪਾਣੀ ਦਾ ਛੋਟਾ ਟੋਭਾ, ਵਿਕਾਰਾਂ ਨਾਲ ਭਰਿਆ ਸੰਸਾਰ।

ਉਲਥੇ: ਉਤਾਰਾ ਕੀਤਾ। ਹੰਝ: ਹੰਸ, ਬਿਬੇਕ ਬੁੱਧਿ ਵਾਲੇ ਦਰਵੇਸ਼।

ਸੰਦੀ: ਨਾਲ, ਦੀ ਸੰਗਤ ਵਿਚ। ਡੰਝ: ਡਾਰ, ਸੰਗਤ, ਸਾਥ।

ਭਾਵ ਅਰਥ:- ਵਿਕਾਰਾਂ ਨਾਲ ਭਰੇ ਇਸ ਸੰਸਾਰ ਵਿੱਚ ਬਿਬੇਕ ਬੁੱਧ ਵਾਲੇ ਭੱਦਰ ਪੁਰਸ਼ ਉਤਰਦੇ ਹਨ ਅਥਵਾ ਜਨਮ ਲੈ ਕੇ ਵਿਚਰਦੇ ਹਨ। ਵਿਕਾਰਰੀ ਜਗਤ ਤੋਂ ਨਿਰਲੇਪ ਰਹਿੰਦਿਆਂ ਉਹ ਦਰਵੇਸ਼ਾਂ ਦੀ ਸੰਗਤ ਵਿੱਚ ਹਰਿ-ਨਾਮ-ਸਿਮਰਨ ਕਰਦੇ ਹੀ ਜੀਵਨ ਵਿਤੀਤ ਕਰਦੇ ਹਨ।

ਹੰਸੁ ਉਡਰਿ ਕੋਧ੍ਰੈ ਪਇਆ ਲੋਕੁ ਵਿਡਾਰਣਿ ਜਾਇ॥

ਗਹਲਾ ਲੋਕੁ ਨ ਜਾਣਦਾ ਹੰਸੁ ਨ ਕੋਧ੍ਰਾ ਖਾਇ॥ ੬੫॥

ਸ਼ਬਦ ਅਰਥ:- ਹੰਸ: ਦਰਵੇਸ਼, ਚੰਗੇ ਮੰਦੇ ਸਹੀ-ਗ਼ਲਤ ਵਿੱਚ ਨਿਖੇੜਾ ਕਰਨ ਦੀ ਸੋਝੀ ਰੱਖਣ ਵਾਲਾ।

ਉਡਰਿ: ਉੱਡ ਕੇ। ਕੋਧ੍ਰੈ: ਇੱਕ ਘਟੀਆ ਕਿਸਮ ਦਾ ਆਨਾਜ ਜੋ ਗ਼ਰੀਬਾਂ ਦਾ ਖਾਜਾ ਕਿਹਾ ਜਾਂਦਾ ਹੈ, ਰੰਗ-ਰਲੀਆਂ ਵਾਸਤੇ ਬਣਾਏ ਪਦਾਰਥਕ ਸਾਧਨ।

ਵਿਡਾਰਣਿ: ਡਰਾ ਕੇ ਉਡਾਉਣ। ਗਹਲਾ: ਅਗਿਆਨ।

ਭਾਵ ਅਰਥ:- ਜਦੋਂ ਕੋਈ ਰੱਬ ਦਾ ਭਗਤ (ਦਰਵੇਸ਼) ਸੰਸਾਰ ਵਿੱਚ ਵਿਚਰਦਾ ਹੈ ਤਾਂ ਪਦਾਰਥਵਾਦੀ ਅਗਿਆਨ ਲੋਭੀ ਲੋਕ ਉਸ ਨੂੰ ਕਈ ਤਰੀਕਿਆਂ ਨਾਲ ਡਰਾ ਕੇ ਪਰ੍ਹੇ ਪਰ੍ਹੇ ਰੱਖਦੇ ਹਨ। ਮਾਇਆ ਦੇ ਮਾਰੂ ਨਸ਼ੇ ਵਿੱਚ ਮਸਤ ਲੋਕ ਇਹ ਨਹੀਂ ਜਾਣਦੇ ਕਿ ਦਰਵੇਸ਼ਾਂ ਦਾ ਪਦਾਰਥਕ ਜਗਤ ਨਾਲ ਕੋਈ ਸਰੋਕਾਰ ਨਹੀਂ ਹੁੰਦਾ!

ਚਲਦਾ-------

ਗੁਰਇੰਦਰ ਸਿੰਘ ਪਾਲ

ਅਪ੍ਰੈਲ 29, 2012.
.