.

ਜਸਬੀਰ ਸਿੰਘ ਵੈਨਕੂਵਰ

ਭਾਈ ਬਲਵੰਡ ਰਾਇ ਅਤੇ ਭਾਈ ਸੱਤੇ ਦੀ ਵਾਰ ਸਬੰਧੀ ਕੁੱਝ ਭਰਮ ਭੁਲੇਖੇ

(ਕਿਸ਼ਤ ਨੰ: 06)

ਅਸੀਂ ‘ਗੁਰ ਬਿਲਾਸ ਪਾਤਸਾਹੀ ੬’ ਦੇ ਕਰਤਾ ਨੇ ਜੋ ਕੁੱਝ ਭਾਈ ਬਲਬੰਡ ਰਾਇ ਅਤੇ ਭਾਈ ਸੱਤੇ ਡੂਮ ਅਤੇ ਇਹਨਾਂ ਵਲੋਂ ਉਚਾਰਣ ਕੀਤੀ ਹੋਈ ਵਾਰ ਸਬੰਧੀ ਲਿਖਿਆ ਹੈ, ਉਸ ਦੀ ਚਰਚਾ ਪਹਿਲੇ ਲੇਖਾਂ ਵਿੱਚ ਕਰ ਰਹੇ ਹਾਂ। ਹੁਣ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਵਿੱਚ ਜੋ ਕੁੱਝ ਇਹਨਾਂ ਦੇ ਸਬੰਧ ਵਿੱਚ ਲਿਖਿਆ ਹੋਇਆ ਹੈ, ਉਸ ਦੀ ਚਰਚਾ ਕਰ ਰਹੇ ਹਾਂ।
‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਭਾਈ ਕੇਸਰ ਸਿੰਘ ਛਿੱਬਰ ਦੀ ਰਚਨਾ ਹੈ। ਇਸ ਪੁਸਤਕ ਦਾ ਲਿਖਣ ਕਾਲ ੧੭੬੯ ਈ. ਹੈ। ‘ਗੁਰਬਿਲਾਸ ਪਾਤਸ਼ਾਹੀ ੬’ ਤੋਂ ਪਿੱਛੋਂ ਸਾਨੂੰ ਭਾਈ ਬਲਵੰਡ ਅਤੇ ਭਾਈ ਸੱਤੇ ਬਾਰੇ ਇਸ ਪੁਸਤਕ ਵਿਚੋਂ ਹੀ ਜਾਣਕਾਰੀ ਮਿਲਦੀ ਹੈ। ਇਸ ਪੁਸਤਕ ਦਾ ਲੇਖਕ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਤੋਸ਼ੇਖਾਨੇ ਦੇ ਨਿਗਰਾਨ ਭਾਈ ਗੁਰਬਖਸ਼ ਸਿੰਘ ਦਾ ਪੁੱਤਰ ਦਸਦਾ ਹੈ। ਇਸ ਪੁਸਤਕ ਦੇ ਕਰਤੇ ਨੇ ਵੀ ਇਤਿਹਾਸਕ ਘਟਨਾਵਾਂ ਨੂੰ ਮਿਥਿਹਾਸ ਦੀ ਅਜਿਹੀ ਰੰਗਣ ਵਿੱਚ ਰੰਗ ਕੇ ਪੇਸ਼ ਕੀਤਾ ਹੈ ਕਿ ਕਈ ਇਤਿਹਾਸਕ ਘਟਨਾਵਾਂ ਦਾ ਇਤਿਹਾਸਕ ਪੱਖ ਅਲੋਪ ਹੀ ਹੋ ਗਿਆ ਹੈ। ਇਸ ਪੁਸਤਕ ਦੇ ਕਰਤੇ ਅਨੁਸਾਰ ਜਦੋਂ ਗੁਰੂ ਅੰਗਦ ਸਾਹਿਬ ਖਡੂਰ ਵਿਖੇ ਸ਼ਸੋਭਤ ਸਨ ਤਾਂ ਉਸ ਸਮੇਂ, “ਤਬ ਰਲ ਡੂਮਾਂ ਬਾਦ ਉਠਾਇਆ। ਅਸੀਂ ਲਗੇ ਗਾਵਨ ਤਦੋਂ ਲੋਕ ਆਇਆ। ਗੋਲਕ ਅੱਧੀ ਅਸਾਨੂੰ ਦੇਹੁ ਵੰਡ। ਰਲਿ ਡੂਮਾਂ ਪਾਈ ਡੰਡ। ਸਿਖ ਲਗੇ ਆਖਣ: ਜੀ ਵੰਡ ਦੇਹੋ ਅੱਧ। ਰਾਜ ਹੈ ਤੁਰਕਾਂ ਦਾ ਇਹ ਰਹਿੰਦੇ ਹੈਨਿ ਮਧਿ। ਤਬ ਸਾਹਿਬ ਲੈ ਜੁਬਾ (ਗੋਦੜਾ/ਵੱਡਾ ਚੋਲਾ) ਉਪਰਿ ਜਾਇ ਅੰਦਰ ਵੜੇ। ਹਾਥਿ ਜੋੜਿ ਇਹ ਬਿਨਤੀ ਕੀਤੀ ਹੋਇ ਖੜੇ। ਹੇ ਬਾਬਾ ਨਾਨਕ ਜੀ! ਅਜ ਲੈਂਦੇ ਨੀ ਡੂਮ ਅੱਧੀ ਗੋਲਕ ਵੰਡਾਇ। ਫੇਰ ਕਰਨਗੇ: ਅੱਧੀ ਸੰਗਤਿ ਭੀ ਤੇਰੀ। ਸ਼ੋਭਾ ਭੀ ਤੇਰੀ ਵਡਿਆਈ ਭੀ ਤੇਰੀ। ਡੂਮ ਭੀ ਤੇਰੇ ਅਸੀਂ ਭੀ ਹਾਂ ਤੇਰੇ। ਤੁਧੈ ਕਰਨੇ ਹੈਂ ਸਭ ਨਿਬੇਰੇ। ਜਿਉਂ ਆਗਿਆ ਅਸਾਨੂੰ ਹੋਵੈ, ਤਿਉਂ ਅਸੀਂ ਕਰੀਏ। ਸੋ ਲੈ ਆਗਿਆ ਅਸੀਂ ਸਿਰ ਪੁਰ ਧਰੀਏ।
ਭਾਵ: ਡੂਮਾਂ ਨੇ ਝਗੜਾ ਕਰਦਿਆਂ ਕਿਹਾ ਕਿ ਸਾਡੇ ਵਲੋਂ ਕੀਰਤਨ ਕਰਨ ਕਰਕੇ ਹੀ ਤੁਹਾਡੇ ਪਾਸ ਸੰਗਤਾਂ ਆਉਣ ਲਗੀਆਂ ਹਨ। ਡੂਮਾਂ ਨੇ ਇਕੱਠਿਆਂ ਹੋ ਕੇ ਇਸ ਗੱਲ ਦਾ ਰੌਲਾ ਪਾਇਆ ਕਿ ਗੋਲਕ ਦੀ ਅੱਧੀ ਮਾਇਆ ਸਾਨੂੰ ਦਿੱਤੀ ਜਾਵੇ। ਸਿੱਖਾਂ ਨੇ ਗੁਰੂ ਅੰਗਦ ਸਾਹਿਬ ਨੂੰ ਬੇਨਤੀ ਕੀਤੀ ਕਿ ਮਹਾਰਾਜ ਇਹਨਾਂ ਡੂਮਾਂ ਨੂੰ ਅੱਧੀ ਗੋਲਕ ਦੇ ਦੇਵੋ ਚੂੰਕਿ ਤੁਰਕਾਂ ਦਾ ਰਾਜ ਹੈ ਅਤੇ ਇਹ ਹਿੰਦੂ ਅਤੇ ਮੁਸਲਮਾਨ ਦੋਹਾਂ ਦੇ ਵਿਚਕਾਰ ਹਨ। ਸਤਿਗੁਰੂ ਜੀ ਸਿੱਖਾਂ ਦੀ ਇਸ ਗੱਲ ਦਾ ਉੱਤਰ ਦੇਣ ਦੀ ਬਜਾਏ ਗੋਦੜਾ ਲੈ ਕੇ ਉਪਰਲੇ ਕਮਰੇ ਵਿੱਚ ਚਲੇ ਗਏ। ਹਜ਼ੂਰ ਨੇ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਅੱਗੇ ਜੋਦੜੀ ਕਰਦਿਆਂ ਕਿਹਾ ਕਿ ਅੱਜ ਤਾਂ ਇਹ ਡੂਮ ਅੱਧੀ ਗੋਲਕ ਦੀ ਮੰਗ ਕਰ ਰਹੇ ਹਨ। ਕੱਲ ਨੂੰ ਇਹ ਸੰਗਤ `ਤੇ ਵੀ ਇਸ ਤਰ੍ਹਾਂ ਦਾਅਵਾ ਕਰਨਗੇ। ਐ ਸਤਿਗੁਰੂ ਜੀ! ਸ਼ੋਭਾ ਵੀ ਤੇਰੀ ਹੈ ਅਤੇ ਵਡਿਆਈ ਵੀ ਤੇਰੀ ਹੈ। ਡੂਮ ਵੀ ਤੇਰੇ ਹਨ ਤੇ ਅਸੀਂ ਵੀ ਤੇਰੇ ਹਾਂ। ਤੁਸੀਂ ਹੀ ਸਾਰੇ ਝਗੜੇ ਨਿਬੇੜਨੇ ਹਨ। ਜਿਸ ਤਰ੍ਹਾਂ ਤੁਹਾਡੀ ਆਗਿਆ ਹੋਵੇ ਮੈਂ ਉਸੇ ਤਰ੍ਹਾਂ ਕਰਾਂਗਾ। ਇਸ ਲਈ ਤੁਹਾਡੀ ਆਗਿਆ ਹੀ ਅਸੀਂ ਸਿਰਮੱਥੇ ਸਵੀਕਾਰ ਕਰਾਂਗੇ।
“ਤਬ ਆਕਾਸ ਬਾਣੀ ਆਗਿਆ ਸੀ ਹੋਈ। ਹੇ ਪੁਰਖਾ! ਡੂਮ ਮੇਰਾ ਸਾਕੁ ਨਾ ਕੋਈ। ਇੱਕ ਮਰਦਾਨਾ ਮੇਰਾ ਹੈਸੀ ਪੁਰਾਤਨ। ਸੋ ਖੁਰਮੇ ਵਿੱਚ ਛਡਿ ਗਿਆ ਹੈ ਤਨੁ। ਬੱਤੀ ਬਰਸ ਮੈਂ ਤੇ ਅਗੇ ਉਹ ਗਿਆ। ਫੇਰ ਡੂਮ ਨ ਕੋਈ ਮੈਂ ਸੰਗਿ ਲਿਆ। ਦੇਹਿ ਜਵਾਬ ਏਹਨਾਂ ਨੂੰ ਛੱਡ ਟੋਰਿ। ਕਹੈ: ‘ਜੀ ਮੈਂ ਕਹਿਣਾ ਹੈ ਤੇਰੇ ਜੋਰੁ।’ ਪੁਰਖਾ! ਜੋ ਤੂ ਚਾਹੇ, ਸੋ ਤੂ ਕਰੁ। ਤੈ ਨੂੰ ਕਿਸੇ ਦਾ ਨਾਹੀ ਡਰੁ। ਬਚਨ ਲੈ ਕੇ ਸਾਹਿਬ ਆਏ ਦਰਬਾਰਿ। ਦਿੱਤਾ ਜਬਾਬੁ ਡੂਮ ਛੱਡੇ ਨਿਕਾਰ। ਕੀਰਤਨੀਏ ਸਿਖ ਸਾਹਿਬ ਠਹਿਰਾਏ। ਕਰੋ ਕੀਰਤਨ ਲੈ ਸਾਜਿ ਵਜਾਏ। “
ਭਾਵ: ਤਦੋਂ ਗੁਰੂ ਅੰਗਦ ਸਾਹਿਬ ਨੂੰ ਆਕਾਸ਼ ਬਾਣੀ ਹੋਈ ਕਿ ਹੇ ਪੁਰਖਾ! ਡੂਮਾਂ ਨਾਲ ਮੇਰਾ ਕੋਈ ਸਬੰਧ ਨਹੀਂ ਹੈ। ਇੱਕ ਮਰਦਾਨਾ ਹੀ ਮੇਰਾ ਪੁਰਾਣਾ ਸਾਥੀ ਸੀ, ਜਿਹੜਾ ਖੁਰਮ ਦੇ ਇਲਾਕੇ ਵਿੱਚ ਸਰੀਰ ਤਿਆਗ ਗਿਆ ਸੀ। ਮੇਰੇ ਕੋਲੋਂ ਭਾਈ ਮਰਦਾਨਾ ਬੱਤੀ ਸਾਲ ਪਹਿਲਾਂ ਸਰੀਰ ਤਿਆਗ ਗਿਆ ਸੀ। ਭਾਈ ਮਰਦਾਨਾ ਦੇ ਅਕਾਲ ਚਲਾਣੇ ਮਗਰੋਂ ਮੈਂ ਕਿਸੇ ਵੀ ਡੂਮ ਨੂੰ ਆਪਣੇ ਨਾਲ ਨਹੀਂ ਰੱਖਿਆ। ਇਸ ਲਈ ਇਹਨਾਂ ਡੂਮਾਂ ਨੂੰ ਜਵਾਬ ਦੇ ਕੇ ਦਰਬਾਰ ਵਿਚੋਂ ਬਾਹਰ ਕੱਢ ਦੇਵੋ। ਗੁਰੂ ਅੰਗਦ ਸਾਹਿਬ ਨੇ ਇਹ ਸੁਣ ਕੇ ਕਿਹਾ ਕਿ ਮਹਾਰਾਜ ਮੈਂ ਤੁਹਾਡੇ ਜੋਰ ਨਾਲ ਕੁੱਝ ਕਹਿਣਾ ਹੈ। ਫਿਰ ਆਕਾਸ਼ ਬਾਣੀ ਹੋਈ ਕਿ ਐ ਪੁਰਖਾ! ਜੋ ਤੁਸੀਂ ਕਰਨਾ ਹੈ ਉਹ ਕਰੋ, ਤੁਹਾਨੂੰ ਕਿਸੇ ਪਾਸੋਂ ਡਰਨ ਦੀ ਲੋੜ ਨਹੀਂ ਹੈ। ਗੁਰੂ ਨਾਨਕ ਸਾਹਿਬ ਦੇ ਇਹ ਬਚਨ ਸੁਣ ਕੇ ਗੁਰੂ ਅੰਗਦ ਸਾਹਿਬ ਦਰਬਾਰ ਵਿੱਚ ਆ ਗਏ। ਆਪ ਜੀ ਨੇ ਡੂਮਾਂ ਨੂੰ ਆਪਣੇ ਦਰਬਾਰ ਵਿਚੋਂ ਬਾਹਰ ਕੱਢ ਦਿੱਤਾ। ਗੁਰੂ ਸਾਹਿਬ ਨੇ ਸਿੱਖਾਂ ਨੂੰ ਆਗਿਆ ਕੀਤੀ ਕਿ ਤੁਸੀਂ ਸਾਜ ਲੈ ਕੇ ਕੀਰਤਨ ਕਰੋ। ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਨੇ ਕੀਰਤਨ ਦੀ ਸੇਵਾ ਸਿੱਖਾਂ ਨੂੰ ਪ੍ਰਦਾਨ ਕਰ ਦਿੱਤੀ।
ਇਸ ਪੁਸਤਕ ਦੇ ਲੇਖਕ ਨੇ ਕੇਵਲ ‘ਡੂਮਾਂ’ ਸ਼ਬਦ ਵਰਤਿਆ ਹੈ। ਇਹ ਡੂਮ ਕਿਹੜੇ ਸਨ ਇਸ ਗੱਲ ਦਾ ਖ਼ੁਲਾਸਾ ਨਹੀਂ ਕੀਤਾ ਹੈ। ਹਾਂ, ਇਤਨੀ ਗੱਲ ਜ਼ਰੂਰ ਸਪਸ਼ਟ ਹੈ ਕਿ ਭਾਈ ਕੇਸਰ ਸਿੰਘ ਛਿੱਬਰ ਭਾਈ ਬਲਵੰਡ ਰਾਇ ਜਾਂ ਭਾਈ ਸੱਤੇ ਡੂਮ ਦਾ ਕਿਸੇ ਵੀ ਗੁਰੂ ਸਾਹਿਬ ਨਾਲ ਕਿਸੇ ਤਰ੍ਹਾਂ ਦੇ ਤਕਰਾਰ ਦਾ ਵਰਣਨ ਨਹੀਂ ਕਰਦਾ ਹੈ। ਲੇਖਕ ਪੰਜਵੇਂ ਗੁਰਦੇਵ ਦੇ ਸਮੇਂ ਦਾ ਵਰਣਨ ਕਰਦਾ ਹੋਇਆ ਭਾਈ ਬਲਵੰਡ ਅਤੇ ਭਾਈ ਸੱਤਾ ਜੀ ਦਾ ਵਰਣਨ ਕਰਦਾ ਹੈ। ਲੇਖਕ ਭਾਈ ਸੱਤਾ ਜੀ ਨੂੰ ਡੂਮ ਅਤੇ ਭਾਈ ਬਲਵੰਡ ਰਾਇ ਜੀ ਨੂੰ ਭੱਟ ਲਿਖਦਾ ਹੈ। ਕੇਸਰ ਸਿੰਘ ਛਿੱਬਰ ਨਾ ਤਾਂ ਭਾਈ ਬਲਵੰਡ ਰਾਇ ਅਤੇ ਭਾਈ ਸੱਤੇ ਦੀ ਰਿਸ਼ਤੇਦਾਰੀ ਦਾ ਵਰਣਨ ਕਰਦਾ, ਨਾ ਹੀ ਇਹਨਾਂ ਦੀ ਭੈਣ ਜਾਂ ਧੀ ਦੇ ਵਿਆਹ ਦਾ ਜ਼ਿਕਰ ਕਰਦਾ ਹੈ ਅਤੇ ਨਾ ਹੀ ਇਹਨਾਂ ਵਲੋਂ ਗੁਰੂ ਅੰਗਦ ਸਾਹਿਬ ਜਾਂ ਗੁਰੂ ਅਰਜਨ ਸਾਹਿਬ ਪਾਸੋਂ ਮਾਇਆ ਮੰਗਣ ਦਾ ਵਰਣਨ ਕਰਦਾ ਹੈ।
ਇਸ ਪੁਸਤਕ ਦੇ ਲੇਖਕ ਅਨੁਸਾਰ ਜਿਹਨਾਂ ਡੂਮਾਂ ਨੇ ਗੁਰੂ ਅੰਗਦ ਸਾਹਿਬ ਦੇ ਸਮੇਂ ਗੁਰੂ ਸਾਹਿਬ ਪਾਸੋਂ ਗੋਲਕ ਵਿਚੋਂ ਹਿੱਸਾ ਮੰਗਿਆ ਸੀ, ਉਹ ਭਾਈ ਬਲਵੰਡ ਰਾਇ ਅਤੇ ਭਾਈ ਸੱਤਾ ਡੂਮ ਨਹੀਂ ਸਨ। ਲੇਖਕ ਨੇ ਗੁਰੂ ਦਰਬਾਰ ਵਿੱਚ ਕੀਰਤਨ ਕਰਨ ਵਾਲਿਆਂ ਲਈ ਕੇਵਲ ‘ਡੂਮਾਂ’ ਸ਼ਬਦ ਹੀ ਵਰਤਿਆ ਹੈ। ਇਹਨਾਂ ਡੂਮਾਂ ਨੇ ਆਪਣੀ ਭੈਣ ਜਾਂ ਧੀ ਦੇ ਵਿਆਹ ਕਾਰਨ ਮਾਇਆ ਦੀ ਮੰਗ ਨਹੀਂ ਸੀ ਕੀਤੀ; ਇਹਨਾਂ ਨੇ ਇਹ ਮੰਗ ਸਿੱਖ ਸੰਗਤਾਂ ਦੇ ਹੁਮ-ਹੁਮਾ ਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਨ ਕਰਕੇ ਕੀਤੀ ਸੀ। ਪੁਸਤਕ ਕਰਤੇ ਅਨੁਸਾਰ ਇਹਨਾਂ ਕੀਰਤਨੀਆਂ ਨੇ ਗੁਰੂ ਨਾਨਕ ਸਾਹਿਬ ਦੀ ਸ਼ਾਨ ਦੇ ਵਿਰੁੱਧ ਕੁੱਝ ਨਹੀਂ ਸੀ ਕਿਹਾ; ਹਾਂ, ਗੁਰੂ ਅੰਗਦ ਸਾਹਿਬ ਸਬੰਧੀ ਇਹ ਜ਼ਰੂਰ ਕਿਹਾ ਸੀ ਕਿ ਉਹਨਾਂ ਦੇ ਕੀਰਤਨ ਕਾਰਨ ਹੀ ਸੰਗਤਾਂ ਗੁਰ ਦਰਬਾਰ ਦੀਆਂ ਹਾਜ਼ਰੀਆਂ ਭਰਦੀਆਂ ਹਨ। ਭਾਈ ਕੇਸਰ ਸਿੰਘ ਛਿੱਬਰ ਗੁਰੂ ਅੰਗਦ ਸਾਹਿਬ ਵਲੋਂ ਰਬਾਬੀਆਂ ਨੂੰ ਸਰਾਪ ਦੇਣ ਦਾ ਵਰਣਨ ਨਹੀਂ ਕਰਦਾ ਹੈ। ਲੇਖਕ ਕੇਵਲ ਗੁਰੂ ਅੰਗਦ ਸਾਹਿਬ ਵਲੋਂ ਇਹਨਾਂ ਨੂੰ ਗੁਰੂ ਦਰਬਾਰ ਵਿੱਚ ਕੀਰਤਨ ਕਰਨ ਦੀ ਮਨਾਹੀ ਦਾ ਹੀ ਵਰਣਨ ਕਰਦਾ ਹੈ।
ਇਸ ਲੇਖਕ ਅਨੁਸਾਰ ਰਬਾਬੀਆਂ ਨੇ ਕੀਰਤਨ ਕਰਨ ਤੋਂ ਇਨਕਾਰ ਨਹੀਂ ਸੀ ਕੀਤਾ, ਗੁਰੂ ਸਾਹਿਬ ਨੇ ਆਪ ਹੀ ਇਹਨਾਂ ਨੂੰ ਕੀਰਤਨ ਕਰਨ ਤੋਂ ਵਰਜ ਦਿੱਤਾ ਸੀ।
ਇਸ ਘਟਨਾ ਮਗਰੋਂ ਲੇਖਕ ਇਹਨਾਂ ਡੂਮਾਂ ਦਾ ਵਰਣਨ ਨਹੀਂ ਕਰਦਾ। ਭਾਵ ਲੇਖਕ ਇਸ ਗੱਲ ਦਾ ਵਰਣਨ ਨਹੀਂ ਕਰਦਾ ਕਿ ਡੂਮਾਂ ਨੇ ਗੁਰੂ ਅੰਗਦ ਸਾਹਿਬ ਪਾਸੋਂ ਆਪਣੀ ਭੁੱਲ ਦੀ ਮਾਫ਼ੀ ਮੰਗਣ ਲਈ ਕਿਸੇ ਤਰ੍ਹਾਂ ਦਾ ਜਤਨ ਕੀਤਾ ਹੋਵੇ ਜਾਂ ਕਿਸੇ ਸਿੱਖ ਪਾਸ ਜਾ ਕੇ ਬੇਨਤੀ ਕੀਤੀ ਹੋਵੇ। ਇਹਨਾਂ ਡੂਮਾਂ ਦਾ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਵੀ ਕਿਸੇ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਕਰਦਾ। ਗੁਰੂ ਅਰਜਨ ਸਾਹਿਬ ਦੇ ਸਮੇਂ ਲੇਖਕ ਫਿਰ ਇਹਨਾਂ ਡੂਮਾਂ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ:
“…ਸੰਮਤ ਸੋਲਾਂ ਸੈ ਸਤਵੰਜਾ ਗਏ। ਰਬਾਬੀ ਆਹੇ ਕਢੇ ਹੋਏ ਸੋ ਉਨ੍ਹਾਂ ਨੂੰ ਮਿਲਦੇ ਭਏ। . . ਡੂਮ ਲਗੇ ਸ਼ਬਦ ਮੀਣਿਆਂ ਦੇ ਗਾਵਣ। ਦੂਜਾ ਦਰਬਾਰ ਵਡਾ ਗੁਰਿਆਈ ਦਾ ਲਗੇਸ ਬਣਾਵਣ। ਮੀਣਿਆਂ ਭੀ ਪੁਸਤਕ ਇੱਕ ਗ੍ਰੰਥ ਬਣਾਇਆ। ਚਹੁੰ ਪਾਤਸ਼ਾਹੀਆਂ ਦਾ ਸਬਦ ਬਾਣੀ ਲਿਖਿ ਵਿੱਚ ਪਾਇਆ। . .”
ਭਾਵ: ਸੰਮਤ ਸੋਲਾਂ ਸੌ ਸਤਵੰਜਾ ਬਤੀਤ ਹੋ ਗਿਆ। ਰਬਾਬੀ ਜਿਹੜੇ ਗੁਰੂ ਦਰਬਾਰ `ਚੋਂ ਕੱਢੇ ਹੋਏ ਸਨ, ਉਹ ਪ੍ਰਿਥੀ ਚੰਦ ਨਾਲ ਮਿਲ ਗਏ। ਡੂਮ ਗੁਰੂਆਂ ਦੀ ਬਾਣੀ ਦੀ ਥਾਂ ਹੁਣ ਮਿਹਰਵਾਨ ਦੀ ਰਚਨਾ ਦਾ ਕੀਰਤਨ ਕਰਨ ਲੱਗ ਪਏ। ਇਸ ਤਰ੍ਹਾਂ ਗੁਰੂ ਦਰਬਾਰ ਦੇ ਮੁਕਾਬਲੇ `ਤੇ ਮੀਣਿਆ ਦਾ ਗੁਰਿਆਈ ਦਾ ਦਰਬਾਰ ਕਾਇਮ ਕਰਨ ਦਾ ਜਤਨ ਕਰਨ ਲੱਗੇ। ਮੀਣਿਆਂ ਭਾਵ ਪ੍ਰਿਥੀ ਚੰਦ ਅਤੇ ਮਿਹਰਵਾਨ ਨੇ ਵੀ ਇੱਕ ਗ੍ਰੰਥ ਤਿਆਰ ਕੀਤਾ ਜਿਸ ਵਿੱਚ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਤੇ ਆਪਣੀ ਰਚਨਾ ਸ਼ਾਮਲ ਕੀਤੀ।
ਇਤਨਾ ਕੁ ਲਿਖਣ ਮਗਰੋਂ ਫਿਰ ਇਸ ਪੁਸਤਕ ਦਾ ਕਰਤਾ ਲਿਖਦਾ ਹੈ:
“ਡੂਮ ਭਟ ਭੀ ਜੁਦਾ ਹੋਏ। ਰਾਇ ਬਲਵੰਡ ਅਤੇ ਸਤਾ, ਪ੍ਰਿਥੀਏ ਅਗੇ ਹਥ ਜੋੜਿ ਖਲੋਏ: ਕਹਿਆ: “ਜਜਮਾਨ ਘਰੁ ਹੈ ਇਕੋ, ਨਾ ਪਾਟਕ ਪਾਉ। ਅਪਣਾ ਆਪੁ ਨ ਜਗਤ ਹਸਾਉ”। ਪ੍ਰਿਥੀਏ ਦੋਹਾਂ ਨੂੰ ਝਿੜਕ ਕੀਤੀ। ਕਹਿਆ ਗੁਰਿਆਈ ਹੈ ਅਸਾਡੀ, ਉਨ ਕੇਹੀ ਹੈ ਲੀਤੀ। ਵਡੇ ਹਾਂ ਅਸੀਂ, ਕਿ ਵੱਡਾ ਹੈ ਉਹ? ਇਹਨਾਂ ਕਹਿਆ: “ਜਜਮਾਨ ਦੋਵੇਂ ਧਿਰਾਂ ਖਰਾਬ ਹੋਸੋਂ, ਕਿਉ ਕਰਨਾ ਹੈ ਰੋਹ”।
ਭਾਵ: ਕੁੱਝ ਸੰਗਤ ਪ੍ਰਿਥੀ ਚੰਦ ਵਲ ਹੋ ਗਈ ਅਤੇ ਕੁੱਝ ਸੰਗਤ ਗੁਰੂ ਅਰਜਨ ਸਾਹਿਬ ਵਲ। ਆਮ ਸਿੱਖ ਸੰਗਤ ਦੇ ਨਾਲ ਮਿਰਾਸੀਆਂ ਬਾਰੇ ਵੀ ਲੇਖਕ ਲਿਖਦਾ ਹੈ ਕਿ ਡੂਮ ਅਤੇ ਭੱਟ ਵੀ ਵੱਖ ਵੱਖ ਹੋ ਗਏ. ਭਾਵ ਡੂਮ ਅਤੇ ਭੱਟ ਵੀ ਕੁੱਝ ਗੁਰੂ ਅਰਜਨ ਸਾਹਿਬ ਦੀ ਚਰਨ ਸ਼ਰਨ ਵਿੱਚ ਆ ਗਏ ਅਤੇ ਕੁੱਝ ਪ੍ਰਿਥੀਚੰਦ ਹੁਰਾਂ ਨਾਲ ਮਿਲ ਗਏ। ਬਲਵੰਡ ਰਾਇ ਅਤੇ ਸੱਤਾ ਡੂਮ ਪ੍ਰਿਥੀ ਚੰਦ ਅੱਗੇ ਹੱਥ ਜੋੜ ਕੇ ਖੜੇ ਹੋ ਗਏ ਅਤੇ ਕਹਿਣ ਲੱਗੇ ਕਿ ਜਜਮਾਨ ਤੁਸੀਂ ਇਕੋ ਘਰ ਨਾਲ ਸਬੰਧਤ ਹੋ, ਇਸ ਤਰ੍ਹਾਂ ਫੁੱਟ ਨਾ ਪਾਓ। ਇਸ ਤਰ੍ਹਾਂ ਰੌਲਾ ਪਾ ਕੇ ਦੂਜਿਆਂ ਨੂੰ ਆਪਣੇ ਉੱਤੇ ਹੱਸਣ ਦਾ ਮੌਕਾ ਨਾ ਦਿਓ। ਇਹਨਾਂ ਪਾਸੋਂ ਇਹ ਸੁਣ ਕੇ ਪ੍ਰਿਥੀ ਚੰਦ ਨੇ ਇਹਨਾਂ ਨੂੰ ਝਿੜਕਦਿਆਂ ਕਿਹਾ ਕਿ ਗੁਰਿਆਈ ਸਾਡੀ ਹੈ। ਉਹ, ਭਾਵ ਗੁਰੂ ਅਰਜਨ ਸਾਹਿਬ, ਇਸ ਨੂੰ ਸੰਭਾਲ ਕੇ ਬੈਠਾ ਹੈ। ਮੈਂ ਵੱਡਾ ਹਾਂ ਕਿ ਉਹ (ਗੁਰੂ ਅਰਜਨ ਸਾਹਿਬ) ਵੱਡਾ ਹੈ? ਬਲਵੰਡ ਅਤੇ ਸੱਤੇ ਨੇ ਪ੍ਰਿਥੀ ਚੰਦ ਨੂੰ ਫਿਰ ਕਿਹਾ ਕਿ ਜਜਮਾਨ ਇਸ ਤਰ੍ਹਾਂ ਕਰਨ ਨਾਲ ਦੋਹਾਂ ਧਿਰਾਂ ਨੂੰ ਨੁਕਸਾਨ ਹੋਵੇਗਾ। ਇਸ ਲਈ ਤੁਸੀਂ ਗੁੱਸਾ ਕਿਉਂ ਕਰ ਰਹੇ ਹੋ।
ਪੁਸਤਕ ਕਰਤਾ ਭਾਈ ਬਲਵੰਡ ਰਾਇ ਅਤੇ ਭਾਈ ਸੱਤੇ ਵਲੋਂ ਪ੍ਰਿਥੀ ਚੰਦ ਨੂੰ ਸਮਝਾਉਂਦਿਆਂ ਦਿਖਾ ਕੇ ਫਿਰ ਲਿਖਦਾ ਹੈ:
“ਇਥੇ ਸਬਦ ਕੀਰਤਨੁ ਕਰਨਾ ਸਿਖ, ਡੂਮ ਰਬਾਬੀ ਆਹੇ ਕੱਢੇ ਹੋਏ ਉਨ੍ਹਾਂ ਲਏ ਰੱਖ।” ਭਾਵ: ਗੁਰੂ ਘਰ ਤੋਂ ਹੀ ਕੀਰਤਨ ਸਿੱਖੇ ਹੋਏ ਰਬਾਬੀਆਂ ਨੂੰ (ਜਿਹਨਾਂ ਨੂੰ ਗੁਰੂ ਅੰਗਦ ਸਾਹਿਬ ਨੇ ਕੱਢਿਆ ਸੀ) ਉਹਨਾਂ ਨੇ ਭਾਵ ਪ੍ਰਿਥੀ ਚੰਦ ਨੇ ਆਪਣੇ ਪਾਸ ਰੱਖ ਲਿਆ।
ਪੁਸਤਕ ਕਰਤਾ ਇਤਨਾ ਕੁ ਇਹਨਾਂ ਬਾਰੇ ਲਿਖ ਕੇ ਫਿਰ ਇਹਨਾਂ ਦੀ ਕੋਈ ਚਰਚਾ ਨਹੀਂ ਕਰਦਾ। ਕਾਫ਼ੀ ਅੱਗੇ ਜਾ ਕੇ ਲੇਖਕ ਫਿਰ ਇਹਨਾਂ ਬਾਰੇ ਲਿਖਦਾ ਹੈ ਕਿ, “ਸਾਹਿਬ ਆਏ ਡੇਰੇ ਤਾਂ ਡੂਮਾਂ ਆਇ ਕੀਤੀ ਅਰਦਾਸ। ‘ਗਰੀਬ ਨਿਵਾਜ਼ ਹੁਕਮੁ ਹੋਵੈ ਤਾਂ ਅਸੀਂ ਸਬਦ ਗਾਈਐ ਰਹੁਰਾਸ’ ਬਚਨ ਕੀਤਾ,” “ਸਿਖ ਹੈਨਿ ਕੀਰਤਨ ਕਰਦੇ।” ਡੂਮਾਂ ਕਹਿਆ, “ਜੀ ਜੇ ਹੁਕਮ ਹੋਵੈ ਤਾਂ ਅਸੀਂ ਭੀ ਨਾਲਿ ਸ਼ਬਦ ਰਹੀਏ ਪੜ੍ਹਦੇ।” ਬਚਨ ਹੋਇਆ, “ਭਾਈ ਗੁਰਦਾਸ ਦੀ ਬਾਣੀ ਪੜ੍ਹੀਏ। ਪੁਤੁ ਨ ਮੰਨੈ ਮਾਪਿਆਂ ਕਮਜਾਤੀਂ ਵੜੀਐ।” ਬਚਨ ਕੀਤਾ: ਵਡਿਆਂ ਦੀ ਕੀਤੀ, ਅਸੀਂ ਨਹੀਂ ਮੇਟ ਸਕਦੇ। ਜੇ ਦੂਜੀ ਤੀਜੀ ਚਉਥੀ ਅਗੇ ਪੜ੍ਹਦੇ ਤਾਂ ਅਸੀਂ ਨਹੀਂ ਸੇ ਧਕਦੇ। ਪਰ ਤੁਸਾਡੀ ਅਜੋੜ ਹੋਈ ਦੂਜੀ ਪਾਤਸ਼ਾਹੀ ਨਾਲਿ ਫੇਰ ਤੀਜੀ ਚਉਥੀ ਭੀ ਨ ਵਾੜੇ। ਅਸੀਂ ਉਨ੍ਹਾਂ ਦੀ ਕੀਤੀ ਕੀਕੂੰ ਛਡੀਏ ਲਿਤਾੜੇ। ਤੁਸੀਂ ਆਪਣੇ ਮਜ਼ਬ ਵਿਚਿ ਪਰਚੇ ਰਹੋ। ਅਸਾਡੇ ਗੁਰਾਂ ਦਾ ਬਚਨ ਤੁਸੀਂ ਮੁਖੋ ਨ ਕਹੋ”। ੫੪੬।
ਭਾਵ: ਜਦ ਸਤਿਗੁਰੂ ਅਰਜਨ ਸਾਹਿਬ ਆਪਣੇ ਡੇਰੇ ਆਏ ਤਾਂ ਡੂਮਾਂ ਨੇ ਗੁਰੂ ਦਰਬਾਰ ਵਿੱਚ ਆ ਕੇ ਬੇਨਤੀ ਕੀਤੀ ਕਿ ਗ਼ਰੀਬ ਨਿਵਾਜ਼ ਆਪ ਜੀ ਦਾ ਹੁਕਮ ਹੋਵੇ ਤਾਂ ਅਸੀਂ ਵੀ ਸ਼ਬਦ ਦਾ ਗਾਇਣ ਕਰੀਏ। ਗੁਰੂ ਸਾਹਿਬ ਨੇ ਉੱਤਰ ਵਿੱਚ ਕਿਹਾ ਕਿ ਸਿੱਖ ਕਰਦੇ ਹਨ। ਡੂਮ ਆਖਣ ਲੱਗੇ ਕਿ ਮਹਾਰਾਜ ਜੇ ਆਗਿਆ ਹੋਵੇ ਤਾਂ ਅਸੀਂ ਵੀ ਆਪ ਜੀ ਦੇ ਸਿੱਖਾਂ ਨਾਲ ਮਿਲ ਕੇ ਸ਼ਬਦ ਪੜ੍ਹਦੇ ਰਹਾਂਗੇ। ਹਜ਼ੂਰ ਇਹਨਾਂ ਦੀ ਇਹ ਗੱਲ ਸੁਣ ਕੇ ਕਹਿਣ ਲੱਗੇ ਕਿ ਭਾਈ ਗੁਰਦਾਸ ਨੇ ਆਪਣੇ ਬਾਣੀ ਵਿੱਚ ਕਿਹਾ ਹੈ ਕਿ ਜੇ ਪੁੱਤ ਮਾਪਿਆਂ ਨੂੰ ਨਾ ਮੰਨੇ ਤਾਂ ਉਹ ਕਮਜਾਤਾਂ ਵਿੱਚ ਗਿਣਿਆ ਜਾਂਦਾ ਹੈ। ਸਤਿਗੁਰੂ ਜੀ ਨੇ ਫਿਰ ਕਿਹਾ ਕਿ ਅਸੀਂ ਵਡਿਆਂ ਦੀ ਕੀਤੀ ਨੂੰ ਨਹੀਂ ਮਿਟਾ ਸਕਦੇ। ਜੇ ਕਰ ਤੁਸੀਂ ਦੂਜੀ ਤੀਜੀ ਅਤੇ ਚੌਥੇ ਪਾਤਸ਼ਾਹ ਦੇ ਦਰਬਾਰ ਵਿੱਚ ਕੀਰਤਨ ਕਰਦੇ ਹੁੰਦੇ ਤਾਂ ਅਸੀਂ ਕਦੇ ਵੀ ਤੁਹਾਨੂੰ ਮਨ੍ਹਾਂ ਨਾ ਕਰਦੇ। ਪਰ ਤੁਹਾਡੀ ਦੂਜੀ ਪਾਤਸ਼ਾਹੀ ਨਾਲ ਅਨਬਣ ਹੋਣ ਕਾਰਨ ਤੀਜੀ ਅਤੇ ਚੌਥੀ ਪਾਤਸ਼ਾਹੀ ਨੇ ਵੀ ਤੁਹਾਨੂੰ ਦਰਬਾਰ ਵਿੱਚ ਕੀਰਤਨ ਕਰਨ ਦੀ ਇਜਾਜ਼ਤ ਨਹੀਂ ਸੀ ਦਿੱਤੀ। ਅਸੀਂ ਉਹਨਾਂ ਦੀ ਕੀਤੀ ਨੂੰ ਕਿਵੇਂ ਮੋੜ ਸਕਦੇ ਹਾਂ। ਤੁਸੀਂ ਆਪਣੇ ਧਰਮ ਵਿੱਚ ਪਰਪੱਕ ਰਹੋ। ਸਾਡੇ ਗੁਰੂ ਸਾਹਿਬਾਨ ਦੇ ਬਚਨ ਤੁਸੀਂ ਆਪਣੇ ਮੁੱਖੋਂ ਨਾ ਕਹੋ।
“ਜਬਾਬੁ ਦਿਤਾ ਡੂਮ ਰਬਾਬੀ ਨਾ ਵਾੜੇ। ਬਚਨ ਕੀਤਾ, “ਉਹ ਹਿੰਦੂ ਕੇਹਾ ਜੋ ਹੱਕੇ ਗਊਆਂ ਦੇ ਧੜੇ। ਮਲੇਛ ਹੋਇ ਕੇ ਸ਼ਬਦ ਪੜ੍ਹੇ। ਜੈਸੇ ਗੰਗਾ ਜਲ ਪਾਇਆ ਸ਼ਰਾਬ ਦੇ ਘੜੇ”। ੫੪੭। ਗੁਰੂ ਅੰਗਦ ਸਾਹਿਬ ਜੋ ਕੀਰਤਨੀਏ ਠਹਿਰਾਏ। ਬਚਨ ਕੀਤਾ: “ਜੋ ਗੋਕਾ ਦੁਧ ਭਾਂਡੇ ਚੰਮ ਦੇ ਪਾਏ। ਗੰਗਾ ਜਲੁ ਮਧੁ ਵਿਚਿ ਗੋਕਾ ਦੁਧ ਚੰਮ ਵਿਚਿ ਅਪਵਿਤ੍ਰ ਹੋਇ ਜਾਏ। ਤੈਸੇ ਸਬਦੁ ਮਲੇਛ ਮੁਖ ਪਿਆ ਫਲੁ ਗਵਾਏ”। ੫੪੮।
ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਨੇ ਡੂਮ ਰਬਾਬੀਆਂ ਨੂੰ ਗੁਰੂ ਦਰਬਾਰ ਵਿੱਚ ਇਜਾਜ਼ਤ ਨਹੀਂ ਸੀ ਦਿੱਤੀ। ਗੁਰੂ ਸਾਹਿਬ ਨੇ ਫ਼ਰਮਾਇਆ ਕਿ ਉਹ ਹਿੰਦੂ ਨਹੀਂ ਜੋ ਗਊਆਂ ਦੇ ਵੱਗ ਨੂੰ ਕਸਾਈ ਵਲ ਹੱਕੇ। ਜੇਕਰ ਕੋਈ ਮਲੇਛ ਹੋ ਕੇ ਸ਼ਬਦ ਪੜ੍ਹੇ ਤਾਂ ਉਹ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਕੋਈ ਗੰਗਾ ਜਲ ਨੂੰ ਸ਼ਰਾਬ ਦੇ ਘੜੇ ਵਿੱਚ ਪਾ ਦੇਵੇ। ਗੁਰੂ ਅੰਗਦ ਸਾਹਿਬ ਜੀ ਨੇ ਜਿਹੜੇ ਕੀਰਤਨੀਆਂ ਨੂੰ ਕੀਰਤਨ ਕਰਨ ਤੋਂ ਹਟਾਇਆ ਸੀ, ਉਹਨਾਂ ਸਬੰਧੀ ਗੁਰੂ ਅਰਜਨ ਸਾਹਿਬ ਨੇ ਬਚਨ ਕੀਤਾ ਕਿ ਜਿਸ ਤਰ੍ਹਾਂ ਗੋਕਾ ਦੁੱਧ ਚੰਮ ਦੇ ਭਾਂਡੇ ਵਿਚ, ਗੰਗਾ ਜਲ ਸ਼ਰਾਬ ਵਿੱਚ ਅਤੇ ਗੋਕਾ ਦੁੱਧ ਚੰਮ ਵਿੱਚ ਪਾਉਣ ਨਾਲ ਅਪਵਿੱਤ੍ਰ ਹੋ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਦਾ ਸ਼ਬਦ ਮਲੇਛ ਦੇ ਮੁੱਖ ਵਿੱਚ ਪਿਆਂ ਆਪਣਾ ਫਲ ਗਵਾ ਦੇਂਦਾ ਹੈ।




.