.

‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਦੇ ਸਿੰਘਾਸਨ ਵਿਰੁਧ ਕੋਸ਼ਿਸ਼ਾਂ’

ਹਰਦੇਵ ਸਿੰਘ, ਜੰਮੂ

ਸਿੱਖਾਂ ਲਈ ਸ਼ਬਦ ਗੁਰੂ ਗ੍ਰੰਥ ਸਰਵੋੱਚ ਪਾਤਿਸ਼ਾਹ ਹੈ! ਇਸ ਗਲ ਨੂੰ ਜਿਤਨੀ ਚੰਗੀ ਤਰ੍ਹਾਂ ਗੁਰੂ ਗ੍ਰੰਥ ਆਪ ਸੁਨਿਸ਼ਚਤ ਅਤੇ ਸਥਾਪਤ ਕਰਦਾ ਹੈ ਉਤਨਾ ਹੋਰ ਕੋਈ ਮਾਧਿਅਮ ਨਹੀਂ। ਗੁਰੂ ਗ੍ਰੰਥ ਦੇ ਹੁੰਦੇ ਕੋਈ ਹੋਰ ਸ਼ੈਅ ਸਿੱਖਾਂ ਦੇ ਗਰੂ ਦੇ ਸਿੰਘਾਸਨ ਤੇ ਨਹੀਂ ਬੈਠ ਸਕਦੀ।

ਦੱਸ ਗੁਰੂ ਸਾਹਿਬਾਨ ਦੀ ਆਤਮਕ ਜੋਤ ਸ਼੍ਰੀ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂਆਂ ਦੇ ਸ਼ਬਦ ਦਾ ਸੰਕਲਨ ਹੈ। 1708 ਦੇ ਵਿੱਚ ਅਕਾਲ ਚਲਾਣਾ ਕਰਨ ਤੋਂ ਪਹਿਲਾਂ ਹੀ ਦਸ਼ਮੇਸ਼ ਜੀ ਨੇ ਸਿੱਖਾਂ ਨੂੰ ਸ਼ਬਦ ਦੇ ਇਸ ਗ੍ਰੰਥ ਦੇ ਲੜ ਲਗਾਉਣ ਦੀ ਜੁਗਤ ਕਰਨੀ ਆਰੰਭ ਕਰ ਦਿੱਤੀ ਸੀ। ਸ਼ਬਦ ਤਾਂ ਗੁਰੂ ਨਾਨਕ ਜੀ ਤੋਂ ਹੀ ਸਿੱਖਾਂ ਲਈ ਗੁਰੂ ਨਾਨਕ ਦੀ ਰਬੀ ਜੋਤ ਸੀ। ਦਸ਼ਮੇਸ਼ ਜੀ ਤਕ ਗੁਰੂ ਸ਼ਖਸੀਅਤਾਂ ਹੀ ਗੁਰੂ ਦੀ ਪਛਾਂਣ ਸਨ। ਐਸਾ ਨਾ ਹੁੰਦਾ ਤਾਂ 1708 ਤੋਂ ਪਹਿਲਾਂ ਜਿਸ ਮਜ਼ਬੂਤ ਸਿੱਖੀ ਦੀ ਗਲ ਕੀਤੀ ਜਾਂਦੀ ਹੈ ਉਹ ਦੱਸਾਂ ਗੁਰੂਆਂ ਦੇ ਲੜ ਹੀ ਨਾ ਲੱਗਦੀ ਅਤੇ ਨਾ ਹੀ ਉਨ੍ਹਾਂ ਨੂੰ ਗੁਰੂ ਕਹਿੰਦੀ।

ਇਤਹਾਸ ਗਵਾਹ ਹੈ ਕਿ ਗੁਰੂ ਅਰਜਨ ਜੀ ਤੋਂ ਬਾਦ ਮੁਗ਼ਲ ਬਾਦਸ਼ਾਹ ਨੇ ਬੀੜ ਦੇ ਨਾਮ ਤੇ ਹੀ ਕਿਸੇ ਹੋਰ ਨੂੰ ਗੁਰੂ ਕਰਾਰਨ ਦੀ ਕੌਜੀ ਚਾਲ ਚਲੀ ਸੀ। ਪਰ ਸਿੱਖ ਹਮੇਸ਼ਾ ਵਿਯਕਤੀ ਗੁਰੂਆਂ ਦੀ ਸ਼ਿਨਾਖਤ ਦੇ ਅਧਾਰ ਤੇ ‘ਇਕ ਪੰਥ’ ਦੇ ਸਿਧਾਂਤ ਤੇ ਕੇਂਦ੍ਰਿਤ ਹੁੰਦੇ ਰਹੇ। ਸਨ 1708, ਸਿੱਖੀ ਦੇ ਇਤਹਾਸ ਵਿੱਚ ਪਹਿਲੀ ਵਾਰ ਕੋਮ ਬਿਨ੍ਹਾਂ ਗੁਰੂ ਸ਼ਖਸੀਅਤ ਦੇ ਰਹਿਣ ਵਾਲੀ ਸੀ। ਇਸ ਬਾਬਤ ਦਸ਼ਮੇਸ਼ ਗੁਰੂ ਨੇ ਸੰਗਤਾਂ ਲਈ ਅਹਿਕਾਮ ਜਾਰੀ ਕਰਨੇ ਆਰੰਭ ਕਰ ਦਿੱਤੇ ਸੀ। ਭਾਈ ਨੰਦ ਲਾਲ ਜੀ ਨੇ 1695 ਦੇ ਆਸਪਾਸ ਨਿਰਗੁਣ ਪਰਮਾਤਮਾ, ਸਰਗੁਣ ਗੁਰੂ ਸ਼ਖਸੀਅਤ ਅਤੇ ਉਸ ਗੁਰੂ ਦੇ ਇਲਾਹੀ ਸ਼ਬਦ ਪ੍ਰਤੀ ਦਸ਼ਮੇਸ਼ ਜੀ ਦੇ ਹੁਕਮ ਨੂੰ ਇਵੇਂ ਦਰਜ ਕੀਤਾ:-

ਸ਼ਬਦ ਸੁਨੈ ਗੁਰ ਹਿਤ ਚਿਤ ਲਾਇ। ਗਿਆਨ ਸ਼ਬਦ ਗੁਰ ਸੁਨੈ ਸੁਨਾਇ।

ਜੋ ਮਮ ਸਾਥ ਚਹੇ ਕਰ ਬਾਤ। ਗ੍ਰੰਥ ਜੀ ਪੜ੍ਹੈ ਬਿਚਾਰਹਿ ਸਾਥ। 10.

ਜੋ ਮੁਝ ਬਚਨ ਸੁਨਨ ਕੀ ਚਾਹਿ। ਗ੍ਰੰਥ ਵਿਚਾਰ ਸੁਨਹੁ ਚਿਤ ਲਾਇ।

ਮੇਰਾ ਰੂਪ ਗ੍ਰੰਥ ਜੀ ਜਾਨ। ਇਸ ਮੇਂ ਭੇਦ ਨ ਰੰਚਕ ਮਾਨ। 11.

ਸੰਖੇਪ ਭਾਵਅਰਥ:- ਗੁਰ ਸਿੱਖ ਨੂੰ ਚਾਹੀਦਾ ਹੈ ਕਿ ਉਹ ਗੁਰੂ ਦੇ ਸਤਿਕਾਰ ਕਰਕੇ, ਗੁਰੂ ਦੇ ਸ਼ਬਦ ਨੂੰ ਮਨ ਕਰਕੇ ਸੁਣੇ। ਉਹ ਗੁਰੂ ਦੇ ਸ਼ਬਦ ਵਿਚਲੇ ਗਿਆਨ ਨੂੰ ਸੁਣੇ ਅਤੇ ਸੁਣਾਏ। ਜੋ ਵੀ ਮੇਰੇ ਨਾਲ ਗਲ ਕਰਨਾ ਚਾਹੁੰਦਾ ਹੈ ਉਹ ਗ੍ਰੰਥ ਜੀ ਨੂੰ ਪੜੇ ਦੇ ਨਾਲ ਉਸ ਨੂੰ ਵਿਚਾਰੇ (10) ਜਿਸ ਦੇ ਮਨ ਵਿੱਚ ਮੇਰੇ ਬਚਨ ਸੁਨਣ ਦਾ ਚਾੳ ਹੈ ਉਹ ਗ੍ਰੰਥ ਦੀ ਵਿਚਾਰ ਨੂੰ ਮਨ ਕਰਕੇ ਸੁਣੇ। ਸਿੱਖ ਗ੍ਰੰਥ ਜੀ ਨੂੰ ਮੇਰਾ ਰੂਪ ਕਰਕੇ ਮੰਨਣ, ਉਹ ਮੇਰੇ ਅਤੇ ਗ੍ਰੰਥ ਵਿੱਚ ਰੱਤੀ ਭਰ ਵੀ ਅੰਤਰ ਨਾ ਸਮਝਣ (11)

ਦਸ਼ਮੇਸ਼ ਜੀ ਦੇ ਹੁਕਮਾਂ ਦੀ ਤਾਮੀਲ ਹੋਈ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਗੁਰਤਾ ਦੇ ਸਿੰਘਾਸਨ ਤੇ ਵਿਰਾਜਮਾਨ ਹੋਏ। ਗ੍ਰੰਥ ਗੁਰੂ ਦੀ ਦੇਹ ਸੀ ਅਤੇ ਉਸ ਵਿੱਚ ਦਰਜ ਸ਼ਬਦ ਸਮੇਤ ਇਹ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਹੀ ਸੀ ਜਿਸ ਨੂੰ ਗੁਰੂ ਨੇ ਗੁਰੂ ਦਾ ਦਰਜਾ ਦਿੱਤਾ। ਇਸ ਦੇਹ ਵਿੱਚ ਗੁਰੂਆ ਦੀ ਆਤਮਕ ਜੋਤ ਸੀ। ਗੁਰੂਘਰ ਵਿੱਚ ਹੁਣ ਕੇਵਲ ਇਸੇ ਦਾ ਪ੍ਰਕਾਸ਼ ਹੋ ਸਕਦਾ ਸੀ। ਸਿੱਖ ਕਿਸੇ ਵੀ ਹਾਲ ਵਿੱਚ ਰਹੇ ਗੁਰੂ ਗ੍ਰੰਥ ਉਨ੍ਹਾਂ ਦੇ ਨਾਲ ਰਿਹਾ। ਹਰ ਮੌਸਮ ਵਿਚ। ਹਰ ਕਿਸਮ ਦੇ ਹਾਲਾਤਾਂ ਵਿਚ। ਕਦੇ ਗੁਰਦੁਆਰਿਆਂ ਵਿੱਚ ਤੇ ਕਦੇ ਘੋੜੇਆਂ ਦੀ ਕਾਠੀਆਂ ਤੇ ਬਿਆਬਾਨਾਂ ਵਿਚ।

ਜ਼ਰਾ ਵਿਚਾਰ ਕਰੀਏ ਕਿ ਉਹ ਸਮਾਂ ਕੈਸਾ ਹੋਵੇਗਾ ਜਿਸ ਵੇਲੇ ਗੁਰੂਆਂ ਦੀ ਅਪਣੀ ਛੱਤਰ ਛਾਯਾ ਵਿੱਚ ਰਹਿਣ ਵਾਲੀ ਕੋਮ ਨੇ ਪਹਿਲੀ ਵਾਰ ਅਪਣੇ ਆਪ ਨੂੰ ਬਿਨਾਂ ਵਿਯਕਤੀ ਗੁਰੂ ਦੇ ਮਹਸੂਸ ਕੀਤਾ? ਭਾਵਨਾਵਾਂ ਦਾ ਸੈਲਾਬ ਉਮੜੀਆ ਹੋਵੇਗਾ! ਭਾਵਨਾਵਾਂ ਦੇ ਇਸ ਸੈਲਾਬ ਨੂੰ ਦਸ਼ਮੇਸ਼ ਜੀ ਨੇ ਆਪਣੇ ਹੁਕਮ ‘ਗੁਰੂ ਮਾਨਿਯੋਂ ਗ੍ਰੰਥ’ ਰਾਹੀਂ ਸ਼੍ਰੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਬੰਨਿਆਂ ਸੀ ਜਿਸ ਦੀ ਤਸਦੀਕ ਅਸੀਂ ਭਾਈ ਨੰਦ ਲਾਲ ਜੀ ਦੇ ਇਤਹਾਸਕ ਸ਼ਬਦਾਂ ਵਿੱਚ ਵਿਚਾਰ ਆਏ ਹਾਂ। ਉਸ ਕੈਫ਼ਿਅਤ ਦਾ ਅੰਦਾਜ਼ ਵੀ ਲਗਾਉਂਣਾ ਮੁਸ਼ਕਿਲ ਹੈ ਜਿਸ ਕੈਫ਼ਿਅਤ ਨਾਲ ਦਸ਼ਮੇਸ਼ ਜੀ ਦੇ ਅਕਾਲ ਚਲਾਣੇ ਤੋਂ ਉਪਰੰਤ ਸਿੱਖ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਰਦ ਆ ਜੁੜੇ ਸੀ। ਗੁਰੂਆਂ ਦੀ ਸੋਚ ਮੁਤਾਬਕ ‘ਸ਼ਬਦ ਗੁਰੂ ਗ੍ਰੰਥ’ ਦੀ ਮੌਜੂਦਗੀ ਨੇ ਇੱਕ ਵੱਡੇ ਖ਼ਲਾ ਨੂੰ ਭਰੀਆ ਸੀ। ਗੁਰੂ ਗ੍ਰੰਥ ਨੇ ਕਦੇ ਵੀ ਸਿੱਖ ਪੰਥ ਵਿੱਚ ਕਿਸੇ ਹੋਰ ਗੁਰੂ ਦੀ ਹੋਂਦ ਸਥਾਪਤ ਹੋਂਣ ਬਾਰੇ ਕਿਸੇ ਵੀ ਚਾਲ ਨੂੰ ਹਮੇਸ਼ਾ ਲਈ ਮਾਤ ਦੇ ਦਿੱਤੀ।

ਉਹ ਅੱਜ ਵਰਗਾ ਛਪਵਾਈ ਦਾ ਸਮਾਂ ਨਹੀਂ ਸੀ। ਕਾਗਜ਼ ਵੀ ਆਮ ਬੰਦਿਆਂ ਦੀ ਪਹੁੰਣ ਤੋਂ ਬਾਹਰ ਸੀ। ਕਾਤਬ ਵੀ ਵਿਰਲੇ ਸਨ। ਬੜੀ ਮਸ਼ਕਤ ਅਤੇ ਬੜੇ ਸਮੇਂ ਨਾਲ ਕੋਈ ਉਤਾਰਾ ਹੁੰਦਾ ਸੀ। ਚੰਦ ਗੁਰਦੁਆਰਿਆਂ ਵਿੱਚ ਬੀੜਾਂ ਦਾ ਪ੍ਰਕਾਸ਼ ਸੀ ਅਤੇ ਉਨ੍ਹਾਂ ਬੀੜਾਂ ਦੀ ਸੰਮ੍ਹਾਲ ਵੀ ਬੜੇ ਸਤਿਕਾਰ ਨਾਲ ਸਾਫ਼ ਸੁੱਥਰੇ ਕਪੜੀਆਂ ਵਿੱਚ ਉਚੇਚੀ ਅਤੇ ਚੰਗੀ ਤਰ੍ਹਾਂ ਕੀਤੀ ਜਾਂਦੀ ਸੀ ਤਾਂ ਕਿ ਸਤਿਕਾਰ ਦੇ ਨਾਲ-ਨਾਲ ਸਵਰੂਪ ਮੌਸਮ ਦੇ ਪ੍ਰਭਾਵ ਤੋਂ ਵੀ ਬੱਚੇ ਰਹਿਣ।

1708 ਤੋਂ ਬਾਦ ਅੱਜ ਤਕ ਸਿੱਖ ਗੁਰੂ ਦੇ ਗ੍ਰੰਥ ਦੇ ਆਲੇ-ਦੁਆਲੇ ਹੀ ਕੇਂਦ੍ਰਿਤ ਰਹੇ ਹਨ। ਇਹ ਗੁਰੂ ਗ੍ਰੰਥ ਹੀ ਹੈ ਜਿਸ ਨੇ ਗੁਰਤਾ ਦੀ ਗੱਦੀ ਦੇ ਵਿਰਾਜਮਾਨ ਹੋ ਗੁਰੂ ਸ਼ਖਸੀਅਤਾਂ ਦਾ ਸਥਾਨ ਲਿਆ। ਮੀਣਿਆਂ ਦੀ ਹਰਕਤਾਂ ਕਾਰਨ ਇਸ ਦੁਰਅੰਦੇਸ਼ ਜੁਗਤ ਵੱਲ ਪੰਜਵੇਂ ਪਾਤਿਸ਼ਾਹ ਜੀ ਨੇ ਕਦਮਪੇਸ਼ੀ ਅਰੰਭੀ ਸੀ। ਉਨ੍ਹਾਂ ਬੜੇ ਆਦਰ ਸਤਿਕਾਰ ਨਾਲ ਦਰਬਾਰ ਸਾਹਿਬ ਵਿਖੇ ਸਨ 1604 ਵਿੱਚ ਬਾਣੀ ਦੇ ਗ੍ਰੰਥ ਨੂੰ ਸਥਾਪਤ ਕਰਕੇ ਸ਼ਬਦ ਅਤੇ ਗ੍ਰੰਥ ਦਾ ਅਤੁੱਟ ਸਬੰਧ ਦ੍ਰਿਸ਼ਟਮਾਨ ਕੀਤਾ। ਦਸ਼ਮੇਸ਼ ਜੀ ਨੇ ਇਸੇ ਜੁਗਤ ਦਾ ਅਨੁਮੋਦਨ ਕਰਦੇ ਗੁਰੂ ਗ੍ਰੰਥ ਨੂੰ ਗੁਰਤਾ ਦੀ ਗੱਦੀ ਤੇ ਸਦੀਵੀਂ ਸਥਾਪਤ ਕਰਨ ਵੱਲ ਕਦਮ ਚੁੱਕੇ ਸੀ। ਦੂਰ ਦੇ ਇਲਾਕਿਆਂ ਵਿੱਚ ਗੁਰੂ ਦਾ ਗ੍ਰੰਥ ਹੀ ਗੁਰੂ ਦੀ ਮੌਜੂਦਗੀ ਦੀ ਨੁਮਾਇੰਦਗੀ ਕਰਦਾ ਸੀ। ਸਿੱਖਾਂ ਲਈ ਉਸ ਵਿੱਚ ਲਿਖਿਆ ਹਰ ਸ਼ਬਦ ਗੁਰੂਆਂ ਵਲੋਂ ਉਚਾਰੀ ਇਲਾਹੀ ਬਾਣੀ ਸੀ। ਇਸ ਵਿੱਚ ਉਹੀ ਦਰਜ ਸੀ ਜਿਸ ਦਾ ਉੱਚਾਰਣ/ਤਸਦੀਕ/ਪ੍ਰਵਾਣਗੀ ਵਿਯਕਤੀ ਗੁਰੂ ਕਰਦਾ ਸੀ। ਦਸ਼ਮੇਸ਼ ਜੀ ਦੇ ਦ੍ਰਿੜਾਏ ਹੁਕਮਾਂ ਸਦਕਾ ਗੁਰੂ ਦਾ ਗ੍ਰੰਥ, ਗੁਰੂ ਗ੍ਰੰਥ ਹੋ ਦ੍ਰਿਸ਼ਟਮਾਨ ਹੋਇਆ। ਉਨ੍ਹਾਂ ਦਾ ਹੁਕਮ ਸਪਸ਼ਟ ਸੀ ਕਿ ਬਾਣੀ ਦੇ ਗ੍ਰੰਥ ਨੂੰ ਹੀ ਗੁਰੂ ਦੀ ਮੌਜੂਦਗੀ ਸਮਝਿਆ ਜਾਏ ਅਤੇ ਉਸਦੀ ਵਿਚਾਰ ਨੂੰ ਮੇਰੇ ਨਾਲ ਸੰਵਾਦ ਸਮਝਿਆ ਜਾਏ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ 1708 ਤੋਂ ਬਾਦ ਅੱਜ ਤਕ ਸਿੱਖਾਂ ਦੀ ਹੋਂਦ ਕਾਯਮ ਰਹਿਣ ਵਿੱਚ ਗੁਰੂ ਗ੍ਰੰਥ ਦੀ ਦ੍ਰਿਸ਼ਟਮਾਨ ਮੌਜੂਦਗੀ ਹੀ ਹੈ।

ਪਰ ਪਾਠਕ ਧਿਆਨ ਦੇਂਣ ਕਿ ਮੀਣਾ ਮਾਨਸਿਕਤਾ ਨਵੇਂ ਰੂਪ ਵਿੱਚ ਪ੍ਰਗਟ ਹੋਈ ਹੈ। ਕੁੱਝ ਨੂੰ ਪਤਾ ਵੀ ਨਹੀਂ ਕਿ ਉਹ ਮੀਣਾਗੀਰੀ ਵਿੱਚ ਮੁਲੱਵਸ ਕਰ ਦਿੱਤੇ ਗਏ ਹਨ। ਇਹ ਮਾਨਸਿਕਤਾ ਸਿੱਖ ਨੂੰ ‘ਸ਼ਬਦ ਗੁਰੂ’ ਦਾ ਭੁੱਲੇਖਾ ਪਾ ਕੇ ‘ਗੁਰੂ ਗ੍ਰੰਥ’ ਦੀ ਜੁਗਤ ਨਾਲੋਂ ਤੋੜਨਾ ਚਾਹੁੰਦੀ ਹੈ। ਇਸ ਦੇ ਪਿੱਛੇ ਚਲੇ ਦਿਮਾਗ਼ ਦਾ ਟੀਚਾ ਕੁੱਝ ਹੋਰ ਹੈ। ਉਹ ਟੀਚਾ ਹੈ ਕਿ ਸ਼ਬਦ ਗੁਰੂ ਦੀ ਗਲ ਕਰਕੇ ਸਿੱਖ ਨੂੰ ਸ਼ਬਦ ਗੁਰੂ ਗ੍ਰੰਥ ਨਾਲੋਂ ਤੋੜੀਆ ਜਾਏ! ਗੁਰੂ ਗ੍ਰੰਥ ਨਾਲੋਂ ਸਿੱਖਾਂ ਨੂੰ ਤੁੜਵਾ ਕੇ ਹੀ ਸਿੱਖਾਂ ਨੂੰ ਤੋੜਨਾ ਸੰਭਵ ਹੋ ਪਾਏਗਾ। ਕੇਵਲ ਇਹੀ ਤਰੀਕਾ ਹੈ ਕਿ ਗੁਰੂ ਗ੍ਰੰਥ ਤੋਂ ਟੁੱਟੇ ਸਿੱਖ ਪਹਿਲਾ ਇਸ ਵਿਚਾਰ ਨਾਲ ਜੁੜ ਜਾਣ ਕਿ ਸਿੱਖਾਂ ਦਾ ‘ਗੁਰੂ ਗ੍ਰੰਥ’ ਨਾਲ ਕੋਈ ਵਾਸਤਾ ਨਹੀਂ ਬਲਕਿ ਉਸ ‘ਸ਼ਬਦ’ ਨਾਲ ਹੈ ਜਿਸ ਦੀ ਗੁਰਤਾ ਪਹਿਲਾ ਅਦ੍ਰਿਸ਼ ਕਰ ਦਿੱਤੀ ਜਾਏ ਤਾਂ ਕਿ ਸਮਾਂ ਬੀਤਨ ਤੇ ਗੁਰੂ ਦੀ ਦ੍ਰਿਸ਼ਟਮਾਨ ਗੁਰਤਾ ਅਤੇ ਸ਼ਿਨਾਖਤ ਸਿੱਖ ਮਾਨਸਿਕਤਾ ਵਿਚੋਂ ਦੀ ਗਾਯਬ ਹੁੰਦੀ ਜਾਏ। ਇਹ ਇੱਕ ਆਤਮਘਾਤੀ ਵਿਚਾਰ ਦੀ ਘੁੱਸਪੈਠ ਕਰਵਾਉਂਣ ਦੀ ਕੋਸ਼ਿਸ ਹੈ।

ਪਰ ਇਸ ਵੱਲ ਕਿਸੇ ਦਾ ਧਿਆਨ ਨਹੀਂ। ਜ਼ਿਆਦਾਤਰ ਸੱਜਣ ਕੇਵਲ ਗੁਰੂ ਦੀ ਅਗੁਆਈ ਦੇ ਚਿੰਤਨ ਵਿੱਚ ਇਤਨੇ ਬੇਖ਼ਬਰ ਹਨ ਕਿ ਉਨ੍ਹਾਂ ਨੂੰ ਇਤਨਾ ਵੀ ਪਤਾ ਨਹੀਂ ਕਿ ਪੰਥ ਦੇ ਪੈਰਾਂ ਦੇ ਹੇਠੋਂ ਦਰੀ ਖਿੱਚਣ ਦਾ ਜਤਨ ਹੈ ਤਾਂ ਕਿ ਉਹ ਕਾਲਾਂਤਰ ਅਪਣਾ ਸੰਤਲਨ ਗੁਆ ਕੇ ਮੁੰਹ ਭਾਰ ਹੇਠਾਂ ਡਿੱਗ ਪਵੇ।

ਇਹ ਠੀਕ ਉਂਝ ਹੀ ਹੈ ਜਿਵੇਂ ਕਿ ਕਿਸੇ ਬਾਦਸ਼ਾਹ ਨੂੰ ਗੱਦੀ ਤੋਂ ਉਤਾਰ ਕੇ ਇਹ ਡਿੰਡੋਰਾ ਪਿੱਟੀਆ ਜਾਏ ਕਿ ਸਲਤਨਤ ਦੀ ਗੱਦੀ ਦੇ ਬਾਦਸ਼ਾਹ ਨਹੀਂ ਬਲਕਿ ਉਸਦੇ ਖਿਆਲ ਬੈਠਣ ਗੇ। ਉਹ ਖ਼ਿਆਲ ਜਿਸ ਦੀ ਨਿਸ਼ਾਨਦੇਹੀ ਆਮ ਬੰਦੇ ਨੂੰ ਕਦੇ ਵੀ ਨਹੀਂ ਹੁੰਦੀ। ਇਹ ਵਿਚਾਰਧਾਰਾ ਇੱਕ ਐਸੀ ਵਿਵਸਥਾ ਨੂੰ ਕਾਯਮ ਕਰਨ ਦੀ ਜੁਗਤ ਪ੍ਰਤੀਤ ਹੁੰਦੀ ਹੈ ਜਿਸ ਵਿੱਚ ਪਾਤਿਸ਼ਾਹ ਨੂੰ ਪਰੇ ਕਰਕੇ ਕੋਈ ਆਪ ਅਪਣੇ ਮਨਸੁਬਿਆਂ ਨੂੰ ਅੱਗੇ ਤੋਰਨਾ ਚਾਹੁੰਦਾ ਹੋਵੇ। ਜੇ ਕਰ ਸਿੱਖ ਅਪਣੇ ਗੁਰੂ ਗ੍ਰੰਥ ਨਾਲ ਜੁੜੇ ਰਹੇ ਤਾਂ ਭਵਿੱਖ ਵਿੱਚ ਉਹ ਗੁਰਮਤਿ ਦੇ ਧਾਰਨੀ ਵੀ ਹੋ ਸਕਣ ਗੇ। ਪਰ ਜੇ ਕਰ ਉਨ੍ਹਾਂ ਵਿਚੋਂ ਗ੍ਰੰਥ ਸਵਰੂਪ ਨੂੰ ਹਟਾਉਂਣ ਦੀ ਚਾਲ ਕਾਮਯਾਬ ਹੋਈ ਤਾਂ ਸਿੱਖ ਪੰਥ ਦਾ ਨਾਮੋ-ਨਿਸ਼ਾਨ ਮਿਟ ਜਾਣਾ ਨਿਸ਼ਚਤ ਹੈ। ਸਿੱਖਾਂ ਲਈ ਸ਼ਬਦ ਗੁਰੂ ਸਰਵੋੱਚ ਪਾਤਿਸ਼ਾਹ ਹੈ ਇਸ ਗਲ ਨੂੰ ਜਿਤਨੀ ਚੰਗੀ ਤਰ੍ਹਾਂ ਗੁਰੂ ਗ੍ਰੰਥ ਆਪ ਸੁਨਿਸ਼ਚਤ ਅਤੇ ਸਥਾਪਤ ਕਰਦਾ ਹੈ ਉਤਨਾ ਹੋਰ ਕੋਈ ਮਾਧਿਅਮ ਨਹੀਂ। ਜਿਹੜੇ ਸੱਜਣ ਗੁਰੂ ਗ੍ਰੰਥ ਨੂੰ ਉਸਦੇ ਤਖ਼ਤ ਤੋਂ ਹਟਾਉਂਣਾ ਚਾਹੁੰਦੇ ਹਨ ਉਨ੍ਹਾਂ ਦੇ ਵਿਚਾਰ ਸਭ ਕਿਸਮ ਦੇ ਸਾਜਸ਼ਾਂ ਨਾਲੋਂ ਵੱਧ ਨੁਕਸਾਨ ਦੇਹ ਹਨ।

ਸਮਸਤ ਸੁਚੇਤ ਵਰਗ ਨੂੰ ਬੇਨਤੀ ਹੈ ਕਿ ਉਹ ਇਸ ਕੋਸ਼ਿਸ਼ ਤੋਂ ਖ਼ਬਰਦਾਰ ਹੋ ਜਾਂਣ! ਇਸ ਚਾਲ ਦਾ ਪਹਿਲਾ ਟੀਚਾ ਹੈ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ‘ਗੁਰੂ’ ਸ਼ਬਦ ਨੂੰ ਹਟਾਉਂਣਾ। ਫ਼ਿਰ ਉਸਦੇ ਸਵਰੂਪ ਨੂੰ ਗ਼ੈਰ ਜ਼ਰੂਰੀ ਕਰਾਰ ਦਿੰਦੇ ਹੋਏ ਗੁਰੂ ਗ੍ਰੰਥ ਨੂੰ ਗੁਰਤਾ ਦੇ ਸਿੰਘਾਸਨ ਤੋਂ ਹਟਾਉਂਣ ਦਾ ਵਿਚਾਰ ਪੇਸ਼ ਕਰਨਾ।

ਹਰਦੇਵ ਸਿੰਘ, ਜੰਮੂ

15. 04. 2012




.