.

ਤਖਤ ਅਲੋਪ ਹੀ ਰਿਹਾ

ਮਾਰਚ 2012 ਈਸਵੀ ਤੋਂ ਇੱਕ ਲੇਖਕ ਸੱਜਣ ਵੱਲੋਂ ਸਿਖਮਾਰਗ ਵੈਬਸਾਈਟ ਉੱਤੇ ਪੱਤਰਾਂ ਰਾਹੀਂ ਕੈਮਰਾ-ਫੋਟੋ ਪਰਦਰਸ਼ਨੀ ਲਗਾਈ ਗਈ ਹੈ ਜਿਸ ਵਿੱਚ ਕੁੱਝ ਐਸੀਆਂ ਤਸਵੀਰਾਂ ਵਿਖਾਈਆਂ ਗਈਆਂ ਹਨ ਜਿਹਨਾਂ ਬਾਰੇ ਇਹ ਦਾਵਾ ਕੀਤਾ ਗਿਆ ਹੈ ਕਿ ਇਹ ਸਤਾਰ੍ਹਵੀਂ ਸਦੀ ਈਸਵੀ ਦੇ ਅਰੰਭ ਵਿੱਚ ਸ੍ਰੀ ਗੁਰੂ ਹਰਗੋਬਿੰਦ ਜੀ ਵੱਲੋਂ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦੇ ਸਾਹਮਣੇ ਕਰਕੇ ਸਥਾਪਤ ਕੀਤੇ ਗਏ ਉਹਨਾਂ ਦੇ ਤਖਤ ਦੇ ਅਸਥਾਨ ਨਾਲ ਸਬੰਧਿਤ ਹਨ। ਇਹਨਾਂ ਤਸਵੀਰਾਂ ਦੇ ਪ੍ਰਦਰਸ਼ਕ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਇਹ ਤਸਵੀਰਾਂ 1984 ਈਸਵੀ ਵਿੱਚ ਦਰਬਾਰ ਸਾਹਿਬ ਇਲਾਕੇ ਵਿੱਚ ਵਾਪਰੇ ਨੀਲਾ-ਤਾਰਾ ਸਾਕੇ ਦੌਰਾਨ ਛੇਵੇਂ ਗੁਰੂ ਜੀ ਦੇ ਇਸ ਤਖਤ ਦੇ ਅਸਥਾਨ ਤੇ ਉਸੱਰੀ ਹੋਈ ਅਕਾਲ ਬੁੰਗਾ ਗੁਰਦੁਆਰੇ (ਅਖੌਤੀ ‘ਅਕਾਲ ਤਖਤ’) ਦੀ ਇਮਾਰਤ ਢਹਿ ਜਾਣ ਤੋਂ ਬਾਦ 1986 ਈਸਵੀ ਵਿੱਚ ਕਾਰ-ਸੇਵਾ ਰਾਹੀਂ ਹੋਈ ਇਸ ਇਮਾਰਤ ਦੀ ਮੁੜ-ਉਸਾਰੀ ਦੀ ਪ੍ਰੀਕਿਰਿਆ ਦੌਰਾਨ ਕਿਸੇ ਵੇਲੇ ਕੈਮਰੇ ਨਾਲ ਖਿੱਚੀਆਂ ਗਈਆਂ ਸਨ।

ਪ੍ਰਦਰਸ਼ਕ ਸੱਜਣ ਵੱਲੋਂ ਤਸਵੀਰਾਂ ਵਿਖਾਉਣ ਦੇ ਨਾਲੋ-ਨਾਲ ਇਹਨਾਂ ਤਸਵੀਰਾਂ ਦੀ ਵਿਆਖਿਆ ਦੇ ਤੌਰ ਤੇ ਕੁਮੈਂਟਰੀ ਵੀ ਦਿੱਤੀ ਗਈ ਹੈ ਜਿਸ ਵਿੱਚ ਉਸ ਵੱਲੋਂ ਕੁੱਝ ਹਲਕੀ ਕਿਸਮ ਦੀਆਂ ਵਿਅੰਗਾਤਮਕ ਟਿੱਪਣੀਆਂ ਵੀ ਕੀਤੀਆਂ ਗਈਆਂ ਹਨ ਜੋ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਇਹਨਾਂ ਟਿੱਪਣੀਆਂ ਬਾਰੇ ਇੱਥੇ ਜ਼ਿਕਰ ਕਰਨ ਦੀ ਲੋੜ ਇਸ ਕਰਕੇ ਪਈ ਹੈ ਕਿ ਇਹਨਾਂ ਸਤਰਾਂ ਦੇ ਲੇਖਕ ਦੀਆਂ ਸਿਖਮਾਰਗ ਵੈਬਸਾਈਟ ਤੇ ਆਈਆਂ ਲਿਖਤਾਂ ਵਿਚਲੇ ਵਿਚਾਰਾਂ ਨੂੰ ਇਹਨਾਂ ਟਿੱਪਣੀਆਂ ਵਿੱਚ ਸਿੱਧੇ ਢੰਗ ਨਾਲ ਨਿਸ਼ਾਨਾ ਬਣਾਇਆ ਗਿਆ ਹੈ ਭਾਵੇਂ ਕਿ ਟਿੱਪਣੀਆਂ ਦਿੰਦੇ ਸਮੇਂ ਇਹਨਾਂ ਸਤਰਾਂ ਦੇ ਲੇਖਕ ਦਾ ਨਾਮ ਲਿਖਣ ਦੀ ਬਜਾਇ ਉਸ ਦਾ ਹਵਾਲਾ ਕੇਵਲ ‘ਲਿਖਾਰੀ’ ਦੇ ਤੌਰ ਤੇ ਹੀ ਦਿੱਤਾ ਗਿਆ ਹੈ (ਉਂਜ ‘ਲਿਖਾਰੀ’ ਅਤੇ ‘ਲੇਖਕ’ ਦੇ ਅਰਥਾਂ ਵਿੱਚ ਵੀ ਕਾਫੀ ਅੰਤਰ ਹੁੰਦਾ ਹੈ ਜੋ ਸ਼ਾਇਦ ਪ੍ਰਦਰਸ਼ਕ ਸੱਜਣ ਦੇ ਧਿਆਨ ਵਿੱਚ ਨਹੀਂ)।

ਪ੍ਰਦਰਸ਼ਕ ਸੱਜਣ ਨੇ ਵਿਚਾਰ-ਅਧੀਨ ਇਹਨਾਂ ਤਸਵੀਰਾਂ ਸਬੰਧੀ ਕਾਫੀ ਲੰਮੇਂ-ਚੌੜੇ ਦਾਵੇ ਪੇਸ਼ ਕੀਤੇ ਹਨ। ਪਰੰਤੂ ਇਹਨਾਂ ਦਾਵਿਆਂ ਦੀ ਘੋਖ ਕਰਨ ਤੋਂ ਪਹਿਲਾਂ ਇਸ ਤੱਥ ਦਾ ਜ਼ਿਕਰ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿ ਅਜੋਕੇ ਸਮੇਂ ਵਿੱਚ ਤਿਆਰ ਕੀਤੀਆਂ ਗਈਆਂ ਕੈਮਰਾ-ਤਸਵੀਰਾਂ ਦੇ ਅਧਾਰ ਤੇ ਜਲਦਬਾਜ਼ੀ ਵਿੱਚ ਕੋਈ ਫੈਸਲਾਕੁਨ ਇਤਹਾਸਿਕ ਸਿੱਟੇ ਨਹੀਂ ਕੱਢੇ ਜਾ ਸਕਦੇ। ਕਾਨੂੰਨੀ ਨੁਕਤੇ ਤੋਂ ਕਿਸੇ ਤਸਵੀਰ (ਵਿਡੀਓ-ਰਿਕੌਰਡਿੰਗ ਸਮੇਤ) ਨੂੰ ਸਹਿਜੇ ਕਰਕੇ ਦਸਤਾਵੇਜ਼ੀ ਸਬੂਤ ਨਹੀਂ ਮੰਨਿਆਂ ਜਾਂਦਾ ਕਿਉਂਕਿ ਆਧੁਨਿਕ ਤਕਨੀਕਾਂ ਰਾਹੀਂ ਤਸਵੀਰਾਂ ਵਿੱਚ ਕਈ ਤਰ੍ਹਾਂ ਦੀ ਫੇਰ-ਬਦਲ (doctoring) ਕੀਤੀ ਜਾ ਸਕਦੀ ਹੈ। ਤਸਵੀਰ ਭਾਵੇਂ ਅਜੋਕੀ ਹੈ, ਭਾਵੇਂ 1986 ਈਸਵੀ ਦੀ ਤੇ ਭਾਵੇਂ ਕਿਸੇ ਪੁਰਾਤਨ ਸਮੇਂ ਦੀ ਉਸਦੇ ਨਵੀਂ ਤਕਨੀਕ ਰਾਹੀਂ ਬਣਾਏ ਗਏ ਪ੍ਰਿੰਟ ਵਿੱਚ ਭਾਰੀ ਹੇਰ-ਫੇਰ ਵਾਪਰੇ ਹੋਣ ਦੀ ਸੰਭਾਵਨਾਂ ਬਣੀ ਰਹਿੰਦੀ ਹੈ। ਇਸ ਕਰਕੇ ਵੈਬਸਾਈਟ ਰਾਹੀਂ ਪੇਸ਼ ਕੀਤੀਆਂ ਗਈਆਂ ਵਿਚਾਰ-ਅਧੀਨ ਤਸਵੀਰਾਂ ਸਬੰਧੀ ਕਿਸੇ ਦਾਵੇ ਨੂੰ ਇਕ-ਦਮ ਕੋਈ ਮਹੱਤਤਾ ਨਹੀਂ ਦਿੱਤੀ ਜਾ ਸਕਦੀ। ਕਾਨੂੰਨੀ ਨੁਕਤੇ ਦਾ ਅਰਥ ਇਹ ਨਹੀਂ ਕਢਿੱਆ ਜਾਣਾ ਚਾਹੀਦਾ ਕਿ ਇਹ ਵਿਚਾਰ ਕਿਸੇ ਮੁਕੱਦਮੇਂ ਦੇ ਸੰਦਰਭ ਵਿੱਚ ਪੇਸ਼ ਕੀਤਾ ਗਿਆ ਹੈ। ਅਜਿਹੀਆਂ ਡਿਜੀਟਲ ਤਸਵੀਰਾਂ ਵਿੱਚੋਂ ਦੂਰਗਾਮੀ ਅਤੇ ਵਿਆਪਕ ਪਰਭਾਵ ਵਾਲੇ ਸਿੱਟੇ ਕੱਢਦੇ ਸਮੇਂ ਇਹ ਨੁਕਤਾ ਵਿਸ਼ੇਸ਼ ਤੌਰ ਤੇ ਧਿਆਨ ਵਿੱਚ ਰਖਿੱਆ ਜਾਂਦਾ ਹੈ ਅਤੇ ਲੋੜ ਪੈਣ ਤੇ ਸਬੰਧਿਤ ਤਸਵੀਰਾਂ ਦੀ ਤਕਨੀਕੀ ਨਿਰਖ-ਪਰਖ ਕਰਵਾਉਣ ਦੀ ਵਿਵਸਥਾ ਵੀ ਕਰਨੀ ਪੈ ਜਾਇਆ ਕਰਦੀ ਹੈ।

ਵਿਚਾਰ-ਅਧੀਨ ਇਹਨਾਂ ਤਸਵੀਰਾਂ ਦਾ ਕੇਂਦਰ-ਬਿੰਦੂ ਛੇਵੇਂ ਗੁਰੂ ਜੀ ਦੇ ਇਸ ਤਖਤ-ਅਸਥਾਨ ਦੀ ਖੁਦਾਈ ਉਪਰੰਤ ਸਾਹਮਣੇ ਆਇਆ ਕਥਿਤ ਤੌਰ ਤੇ ਇੱਕ ਥੜ੍ਹੇ ਦਾ ਢਾਂਚਾ ਹੈ। ਪ੍ਰਦਰਸ਼ਕ ਸੱਜਣ ਨੇ ਇਸ ਥੜ੍ਹੇ ਸਬੰਧੀ ਹੇਠਾਂ ਦਿੱਤੇ ਚਾਰ ਦਾਵੇ ਵਿਸ਼ੇਸ਼ ਤੌਰ ਤੇ ਉਭਾਰ ਕੇ ਪੇਸ਼ ਕੀਤੇ ਹਨ:

1. ਇਹ ਥੜ੍ਹਾ ਛੇਵੇਂ ਗੁਰੂ ਜੀ ਵੱਲੋਂ ਅੰਮ੍ਰਿਤਸਰ ਵਿਖੇ ਸਥਾਪਤ ਕੀਤੇ ਗਏ ਅਸਲੀ ਤਖਤ ਦਾ ਹਿੱਸਾ ਹੈ।

2. ਛੇਵੇਂ ਗੁਰੂ ਜੀ ਨੇ ਉਪਰੋਕਤ ਤਖਤ ਦਾ ਨਾਮ ‘ਅਕਾਲ ਤਖਤ’ ਰਖਿੱਆ ਸੀ। (ਇਹ ਦਾਵਾ ਉਪਰੋਕਤ ਥੜ੍ਹੇ ਨੂੰ ਵਾਰ-ਵਾਰ ‘ਅਕਾਲ ਤਖਤ’ ਕਹਿ ਕੇ ਪੇਸ਼ ਕਰਨ ਵਿੱਚੋਂ ਨਿਕਲਦਾ ਹੈ।)

3. ਉਪਰੋਕਤ ਥੜ੍ਹੇ ਦੀ ਜਗਹ ਤੇ ਬਣਿਆਂ ਹੋਇਆ ਅਤੇ ਮਨੁੱਖੀ ਅੱਖ ਨੂੰ ਨਜ਼ਰ ਆਉਂਦਾ ‘ਅਕਾਲ ਬੁੰਗਾ’ ਵੀ ਛੇਵੇਂ ਗੁਰੂ ਜੀ ਨੇ ਆਪ ਹੀ ਬਣਵਾਇਆ ਸੀ।

4. ਪੇਸ਼ ਕੀਤੀਆਂ ਗਈਆਂ ਤਸਵੀਰਾਂ ਵਿੱਚ ਵਿਖਾਏ ਗਏ ਥੜ੍ਹੇ ਦੇ ਅਧਾਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਛੇਵੇਂ ਗੁਰੂ ਜੀ ਦਾ ਤਖਤ ਅਲੋਪ ਨਹੀਂ ਹੋਇਆ।

ਹੁਣ ਅਸੀਂ ਪ੍ਰਦਰਸ਼ਕ ਸੱਜਣ ਵੱਲੋਂ ਪੇਸ਼ ਕੀਤੇ ਗਏ ਉਪਰੋਕਤ ਚਾਰ ਦਾਵਿਆਂ ਤੇ ਕ੍ਰਮਵਾਰ ਵਿਚਾਰ ਕਰਦੇ ਹਾਂ।

1. ਜੇਕਰ ਹਾਲ ਦੀ ਘੜੀ ਇਹ ਮੰਨ ਵੀ ਲਿਆ ਜਾਵੇ ਕਿ ਪ੍ਰਦਰਸ਼ਕ ਸੱਜਣ ਵੱਲੋਂ ਪੇਸ਼ ਕੀਤੀਆਂ ਗਈਆਂ ਤਸਵੀਰਾਂ ਭਰੋਸੇਯੋਗ ਹਨ ਤਾਂ ਇਹ ਜਾਨਣ ਲਈ ਕਿ ਥੜ੍ਹੇ ਦੀ ਉਸਾਰੀ ਸਤਾਰ੍ਹਵੀਂ ਸਦੀ ਈਸਵੀ ਦੇ ਪਹਿਲੇ ਦਹਾਕੇ ਦੀ ਹੈ ਜਾਂ ਕਿ ਬਾਦ ਦੇ ਕਿਸੇ ਸਮੇਂ ਦੀ, ਪੇਸ਼ ਕੀਤੀਆਂ ਗਈਆਂ ਤਸਵੀਰਾਂ ਤੇ ਬਿਲਕੁਲ ਵੀ ਨਿਰਭਰ ਨਹੀਂ ਕੀਤਾ ਜਾ ਸਕਦਾ। ਇਸ ਪੱਖੋਂ ਸਹੀ ਜਾਣਕਾਰੀ ਪਰਾਪਤ ਕਰਨ ਹਿਤ ਥੜ੍ਹੇ ਦੀ ਉਸਾਰੀ ਦੀ ਪੁਰਾਤੱਤਵੀ ਸਾਧਨਾਂ ਰਾਹੀਂ ਜਾਂਚ ਕਰਵਾਉਣੀ ਜ਼ਰੂਰੀ ਹੋ ਜਾਂਦੀ ਹੈ ਜੋ ਕਿ ਔਖਾ ਕੰਮ ਵੀ ਨਹੀਂ ਕਿਉਂਕਿ ਪੁਰਾਤੱਤਵੀ ਮਾਹਿਰ ਜਾਂਚ ਲਈ ‘ਅਸਲੀ’ ਥੜ੍ਹੇ ਵਿੱਚੋਂ ਸਮੱਗਰੀ ਦੇ ਲੋੜੀਂਦੇ ਨਮੂਨੇ ਲੈ ਸਕਦੇ ਹਨ (ਇਹਨਾਂ ਸਤਰਾਂ ਦੇ ਲੇਖਕ ਨੇ ਅਕਾਲ ਬੁੰਗਾ ਇਮਾਰਤ ਨੂੰ ‘ਢਾਹ’ ਦੇਣ ਦਾ ਸੁਝਾ ਕਿਤੇ ਵੀ ਨਹੀਂ ਦਿੱਤਾ ਜਿਹਾ ਕਿ ਪ੍ਰਦਰਸ਼ਕ ਸੱਜਣ ਝੂਠਾ ਇਲਜ਼ਾਮ ਲਗਾ ਰਿਹਾ ਹੈ)। ਉਪਰੋਕਤ ‘ਦਾਵਿਆਂ’ ਦੀ ਪੁਸ਼ਟੀ ਲਈ ਇਹਨਾਂ ਤਸਵੀਰਾਂ ਦੀ ਅਜਿਹੀ ਜਾਂਚ ਲਾਜ਼ਮੀ ਹੋ ਜਾਂਦੀ ਹੈ ਅਤੇ ਲੋੜੀਂਦੀ ਜਾਂਚ ਦੀ ਜ਼ਿਮੇਂਵਾਰੀ ਮੌਲਿਕ ਤਸਵੀਰਾਂ ਤਿਆਰ ਕਰਨ ਵਾਲੀਆਂ ਅਤੇ ਇਹਨਾਂ ਤਸਵੀਰਾਂ ਨੂੰ ‘ਦਾਵਿਆਂ’ ਸਮੇਤ ਪ੍ਰਦਰਸ਼ਿਤ ਕਰਨ ਵਾਲੀਆਂ ਦੋਵ੍ਹਾਂ ਧਿਰਾਂ ਦੇ ਸਿਰ ਬਣਦੀ ਹੈ। ਬਗੈਰ ਜਾਂਚ ਤੋਂ ਦਮਗਜਿਆਂ ਭਰਪੂਰ; ਦਾਵੇ ਕਰੀ ਜਾਣਾ ਅਨੈਤਿਕਤਾ ਵੀ ਹੈ ਅਤੇ ਅਪਰਾਧ ਵੀ। ਉਪਰੋਕਤ ਥੜ੍ਹੇ ਦੇ ਸੰਦਰਭ ਵਿੱਚ ਅਜਿਹੀ ਜਾਂਚ ਵਿੱਚੋਂ ਹੇਠਾਂ ਦਿੱਤੇ ਦੋ ਕਿਸਮ ਦੇ ਸਿੱਟੇ ਨਿਕਲ ਸਕਦੇ ਹਨ:

ੳ. ਥੜ੍ਹੇ ਦੀ ਉਸਾਰੀ ਸਤਾਰ੍ਹਵੀਂ ਸਦੀ ਈਸਵੀ ਦੇ ਪਹਿਲੇ ਦਹਾਕੇ ਦੀ ਸਾਬਤ ਹੋ ਜਾਣਾ; ਇਸ ਨਾਲ ਇਹ ਨਿਸਚਤ ਹੋ ਜਾਵੇਗਾ ਕਿ ਇਹ ਥੜ੍ਹਾ ਛੇਵੇਂ ਗੁਰੂ ਜੀ ਦਾ ਹੀ ਬਣਵਾਇਆ ਹੋਇਆ ਹੈ ਅਤੇ ਇਹ ਛੇਵੇਂ ਗੁਰੂ ਜੀ ਦੇ ਤਖਤ ਦਾ ਹਿੱਸਾ ਹੈ (ਦੂਸਰਾ ਜ਼ਿਆਦਾ ਮਹੱਤਵਪੂਰਨ ਹਿੱਸਾ ਗੁਰੂ ਜੀ ਦਾ ਸਿੰਘਾਸਣ ਸੀ ਜੋ ਮੰਜੀ, ਪੀੜ੍ਹਾ, ਚੌਂਕੀ, ਕੁਰਸੀ ਜਾਂ ਕਿਸੇ ਹੋਰ ਰੂਪ ਵਿੱਚ ਹੋ ਸਕਦਾ ਸੀ ਅਤੇ ਉਹ ਹੁਣ ਉਪਲਭਦ ਨਹੀਂ)।

ਅ. ਥੜ੍ਹੇ ਦੀ ਉਸਾਰੀ ਸਤਾਰ੍ਹਵੀਂ ਸਦੀ ਈਸਵੀ ਦੇ ਪਹਿਲੇ ਦਹਾਕੇ ਤੋਂ ਬਾਦ ਦੇ ਸਮੇਂ (ਕਾਫੀ ਵਕਫਾ ਦਿੰਦੇ ਹੋਏ) ਦੀ ਸਾਬਤ ਹੋਣਾ; ਇਸ ਦਾ ਭਾਵ ਇਹ ਹੈ ਕਿ ਇਸ ਥੜ੍ਹੇ ਦੀ ਮੁੜ-ਉਸਾਰੀ ਮੌਲਿਕ ਥੜ੍ਹੇ ਦੇ ਢਹਿ ਜਾਣ ਤੋਂ ਕਾਫੀ ਸਮੇਂ ਬਾਦ ਕਰਵਾਈ ਗਈ (ਇਹ ਥੜ੍ਹਾ ਅਠਾਰ੍ਹਵੀਂ ਸਦੀ ਈਸਵੀ ਵਿੱਚ ਮਿਸਲਾਂ ਦੇ ਰਾਜ ਸਮੇਂ ਦਰਬਾਰ ਸਾਹਿਬ ਇਲਾਕੇ ਦੇ ਭਵਨਾਂ ਦੇ ਨਵ-ਨਿਰਮਾਣ ਵੇਲੇ ਮੁੜ-ਉਸਾਰਿਆ ਵੀ ਹੋ ਸਕਦਾ ਹੈ ਜਾਂ ਫਿਰ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਜਦੋਂ ਦਰਬਾਰ ਸਾਹਿਬ ਭਵਨ ਉੱਤੇ ਸੋਨਾ ਲੇਪਿਆ ਗਿਆ ਅਤੇ ਅਕਾਲ ਬੁੰਗੇ ਦੀਆਂ ਪੰਜ ਮੰਜ਼ਿਲਾਂ ਕਰ ਦਿੱਤੀਆਂ ਗਈਆਂ)। ਅਜਿਹੀ ਸਥਿਤੀ ਬਣ ਜਾਣ ਤੇ ਵੀ ਇਸ ਥੜ੍ਹੇ ਦੀ ਇਤਹਾਸਿਕ ਭੂਮਿਕਾ ਮੌਲਿਕ ਥੜ੍ਹੇ ਵਾਲੀ ਬਣੀ ਰਹਿੰਦੀ ਹੈ ਜਿਵੇਂ ਕਿ ਦਰਬਾਰ ਸਾਹਿਬ ਭਵਨ ਦੀ ਹੈ ਜੋ ਅਠਾਰ੍ਹਵੀਂ ਸਦੀ ਈਸਵੀ ਵਿੱਚ ਮੌਲਿਕ ਭਵਨ ਦੇ ਪੂਰੀ ਤਰ੍ਹਾਂ ਢਹਿ ਜਾਣ ਤੋਂ ਪਿੱਛੋਂ ਮੁੜ-ਨਿਰਮਤ ਹੋ ਕੇ ਵਰਤਮਾਨ ਰੂਪ ਵਿੱਚ ਮੌਜੂਦ ਹੈ (ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਦਰਬਾਰ ਸਾਹਿਬ ਭਵਨ ਤਾਂ ਦ੍ਰਿਸ਼ਟਮਾਨ ਹੈ ਪਰੰਤੂ ਛੇਵੇਂ ਗੁਰੂ ਜੀ ਦੇ ਤਖਤ ਦਾ ਥੜ੍ਹਾ ਅਦਿੱਖ ਹੈ।)

ਸੋ ਇਤਹਾਸਿਕ ਪੱਖੋਂ ਸਥਿਤੀ ਸਪਸ਼ਟ ਕਰਨ ਲਈ ਜਾਂਚ ਰਾਹੀਂ ਇਹ ਅੰਦਾਜ਼ਾ ਲੱਗਾਉਣਾ ਜ਼ਰੂਰੀ ਹੋ ਜਾਂਦਾ ਹੈ ਕਿ ਜਿਸ ਥੜ੍ਹੇ ਦੇ ‘ਅਕਾਲ ਬੁੰਗੇ’ ਦੀ ਇਮਾਰਤ ਦੇ ਹੇਠਾਂ ਮੌਜੂਦ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਉਹ ਕਿਹੜੇ ਸਮੇਂ ਵਿੱਚ ਤਿਆਰ ਹੋਇਆ ਸੀ। ਉਸ ਤੋਂ ਬਾਦ ਹੀ ਇਹ ਨਿਸਚੇ ਨਾਲ ਕਿਹਾ ਜਾ ਸਕੇਗਾ ਕਿ ਉਪਰੋਕਤ ਥੜ੍ਹਾ ਛੇਵੇਂ ਗੁਰੂ ਜੀ ਦੇ ਅਸਲੀ ਤਖਤ ਦਾ ਹਿੱਸਾ ਹੈ ਜਾਂ ਨਹੀਂ।

2. ਪ੍ਰਦਰਸ਼ਕ ਸੱਜਣ ਇਸ ਥੜ੍ਹੇ ਨੂੰ ‘ਅਕਾਲ ਤਖਤ’ ਦਾ ਨਾਮ ਦੇ ਰਿਹਾ ਹੈ ਜਦੋਂ ਕਿ ਛੇਵੇਂ ਗੁਰੂ ਜੀ ਨੇ ਅੰਮ੍ਰਿਤਸਰ ਵਾਲੇ ਤਖਤ ਦੇ ਕਿਸੇ ਹਿੱਸੇ (ਥੜ੍ਹੇ ਜਾਂ ਆਸਣ) ਨੂੰ ਕੋਈ ਨਾਮ ਨਹੀਂ ਸੀ ਦਿੱਤਾ। ਪ੍ਰਦਰਸ਼ਕ ਸੱਜਣ ਨੂੰ ਸਿਖਮਾਰਗ ਵੈਬਸਾਈਟ ਤੇ ਅਨੇਕਾਂ ਵਾਰ ਇਸ ਨੁਕਤੇ ਤੇ ਨਿਰੁੱਤਰ ਕੀਤਾ ਜਾ ਚੁੱਕਾ ਹੈ ਪਰੰਤੂ ਫਿਰ ਵੀ ਉਸ ਨੇ ਇਸ ਸਬੰਧੀ ਆਪਣੇ ਇਸ ਦਾਵੇ ਨੂੰ ਦੁਹਰਾਉਣ ਦਾ ਸਿਲਸਿਲਾ ਜਾਰੀ ਰਖਿੱਆ ਹੋਇਆ ਹੈ। ਛੇਵੇਂ ਗੁਰੂ ਜੀ ਦੇ ਉਪਰੋਕਤ ਤਖਤ ਦੇ ਨਾਮ ਸਬੰਧੀ ਹੇਠਾਂ ਦਿੱਤੀਆਂ ਦੋ ਸਥਿਤੀਆਂ ਉਤਪੰਨ ਹੋ ਸਕਦੀਆਂ ਹਨ:

ਪਹਿਲੀ: ਛੇਵੇਂ ਗੁਰੂ ਜੀ ਨੇ ਆਪਣੇ ਕਿਸੇ ਤਖਤ ਦਾ ਨਾਮ ‘ਅਕਾਲ’ ਤੇ ਨਹੀਂ ਰਖਿੱਆ ਸੀ।

ਇਹਨਾਂ ਸਤਰਾਂ ਦੇ ਲੇਖਕ ਨੇ ਸਿਖ ਇਤਹਾਸ ਵਿੱਚ ਪਹਿਲੀ ਵਾਰ ਸਪਸ਼ਟ ਰੂਪ ਵਿੱਚ ਇਹ ਦਲੀਲ ਪੇਸ਼ ਕੀਤੀ ਹੈ (ਇਹ ਦਲੀਲ ਨਿਵੇਕਲੀ ਵੀ ਹੈ ਅਤੇ ਕਰਾਂਤੀਕਾਰੀ ਵੀ!)। ਪ੍ਰਦਰਸ਼ਕ ਸੱਜਣ ਇਸ ਦਲੀਲ ਦੀ ਪੁਰ-ਜ਼ੋਰ ਵਿਰੋਧਤਾ ਤਾਂ ਕਰਦਾ ਹੈ ਅਤੇ ਇਸ ਉੱਤੇ ਹਲਕੀ ਪੱਧਰ ਦੇ ਵਿਅੰਗ ਵੀ ਕੱਸਦਾ ਹੈ ਪਰੰਤੂ ਉਹ ਇਸ ਦਲੀਲ ਨੂੰ ਗਲਤ ਸਾਬਤ ਕਰਨ ਲਈ ਕਦੀ ਕੋਈ ਹਵਾਲਾ ਜਾਂ ਤਰਕ-ਸੰਗਤ ਦਲੀਲ ਪੇਸ਼ ਨਹੀਂ ਕਰਦਾ।

ਦੂਸਰੀ: ਛੇਵੇਂ ਗੁਰੂ ਜੀ ਨੇ ਆਪਣੇ ਕਿਸੇ ਤਖਤ ਦਾ ਨਾਮ ‘ਅਕਾਲ’ ਤੇ ਰਖਿੱਆ ਸੀ। ਪ੍ਰਦਰਸ਼ਕ ਸੱਜਣ ਇਹ ਦਾਵਾ ਵਾਰ-ਵਾਰ ਕਰਦਾ ਹੈ ਪਰੰਤੂ ਆਪਣੇ ਇਸ ਦਾਵੇ ਨੂੰ ਸਹੀ ਸਾਬਤ ਕਰਨ ਲਈ ਉਹ ਕੋਈ ਵੀ ਭਰੋਸੇਯੋਗ ਤੱਥ ਜਾਂ ਹਵਾਲਾ ਪੇਸ਼ ਨਹੀਂ ਕਰਦਾ। ਹੁਣ ਇਸ ਦਾਵੇ ਦੀ ਪੁਸ਼ਟੀ ਹਿਤ ਕੁੱਝ ਤਸਵੀਰਾਂ ਪੇਸ਼ ਕਰ ਦਿੱਤੀਆਂ ਗਈਆਂ ਹਨ। ਪਰੰਤੂ ਪੇਸ਼ ਕੀਤੀਆਂ ਗਈਆਂ ਤਸਵੀਰਾਂ ਰਾਹੀਂ ਕੋਈ ਵੀ ਐਸਾ ਤੱਥ ਪੇਸ਼ ਨਹੀਂ ਕੀਤਾ ਗਿਆ ਜਿਸ ਦੇ ਅਧਾਰ ਤੇ ਇਹ ਸਾਬਤ ਹੁੰਦਾ ਹੋਵੇ ਕਿ ਛੇਵੇਂ ਗੁਰੂ ਜੀ ਨੇ ਆਪਣੇ ਅੰਮ੍ਰਿਤਸਰ ਵਾਲੇ ਤਖਤ ਦਾ ਨਾਮ ‘ਅਕਾਲ ਤਖਤ’ ਰਖਿੱਆ ਸੀ। ਛੇਵੇਂ ਗੁਰੂ ਜੀ ਦੇ ਤਖਤ ਦਾ ਨਾਮ ‘ਅਕਾਲ’ ਤੇ ਰੱਖੇ ਜਾਣ ਬਾਰੇ ਪ੍ਰਦਰਸ਼ਕ ਸੱਜਣ ਨੇ ਨਾਂ ਤਾਂ ਪਹਿਲਾਂ ਕਦੀ ਕੋਈ ਸਬੂਤ ਪੇਸ਼ ਕੀਤਾ ਹੈ ਨਾਂ ਹੀ ਪ੍ਰਦਰਸ਼ਿਤ ਕੀਤੀਆਂ ਗਈਆ ਤਸਵੀਰਾਂ ਵਿੱਚੋਂ ਕੋਈ ਅਜਿਹਾ ਸਬੁਤ ਮਿਲਦਾ ਹੈ। ਫਿਰ ਪ੍ਰਦਰਸ਼ਕ ਸੱਜਣ ਕੱਛਾਂ ਕਿਸ ਗੱਲ ਤੇ ਵਜਾ ਰਿਹਾ ਹੈ, ਇਹ ਸਮਝ ਵਿੱਚ ਨਹੀਂ ਆਉਂਦਾ।

3. ਅਕਾਲ ਬੁੰਗਾ ਭਵਨ ਦੀ ਪੁਰਾਤੱਤਵੀ ਸਾਧਨਾਂ ਰਾਹੀਂ ਜਾਂਚ ਕਰਵਾਉਣ ਦਾ ਕੋਈ ਖਾਸ ਲਾਭ ਨਹੀਂ ਹੋਣ ਲੱਗਾ ਕਿਉਂਕਿ ਮੌਜੂਦਾ ਭਵਨ ਤਾਂ ਵੀਹਵੀਂ ਸਦੀ ਦੇ ਅੰਤ ਦੇ ਨੇੜੇ ਮੁੜ-ਨਿਰਮਤ ਹੋਇਆ ਹੈ। ਪਰੰਤੂ ਇਹ ਨੁਕਤਾ ਵਿਸ਼ੇਸ਼ ਧਿਆਨ ਮੰਗਦਾ ਹੈ ਕਿ ਅਕਾਲ ਬੁੰਗਾ ਭਵਨ ਛੇਵੇਂ ਗੁਰੂ ਜੀ ਨੇ ਤਿਆਰ ਕਰਵਾਇਆ ਸੀ ਜਾਂ ਨਹੀਂ।

ਸੰਭਾਵਨਾਂ ਇਹੀ ਹੈ ਕਿ ਅਕਾਲ ਬੁੰਗਾ ਭਵਨ ਛੇਵੇਂ ਗੁਰੂ ਜੀ ਨੇ ਤਿਆਰ ਨਹੀਂ ਕਰਵਾਇਆ ਸੀ। ਇਸ ਧਾਰਨਾਂ ਦੀ ਪਰੋੜਤਾ ਹਿਤ ਹੇਠਾਂ ਦਿੱਤੇ ਨੁਕਤੇ ਪੇਸ਼ ਕੀਤੇ ਜਾ ਸਕਦੇ ਹਨ:

i. ਛੇਵੇਂ ਗੁਰੂ ਜੀ ਨੇ ਕੋਈ ਉਸਾਰੀ ਕਰਵਾਉਂਦੇ ਸਮੇਂ ਖੂਹ ਨੂੰ ਕਿਸੇ ਭੋਰੇ ਵਿੱਚ ਨਹੀਂ ਸੀ ਛੁਪਾ ਲੈਣਾ। ਗੁਰੂ ਸਾਹਿਬਾਨ ਤਾਂ ਖੂਹ/ਬਾਉਲੀਆਂ ਰਾਹੀਂ ਆਮ ਜਨਤਾ ਲਈ ਸਹੂਲਤ ਪੈਦਾ ਕਰਿਆ ਕਰਦੇ ਸਨ, ਜਨਤਾ ਕੋਲੋਂ ਅਜਿਹੀਆਂ ਸਹੂਲਤਾਂ ਖੋਂਹਦੇ ਨਹੀਂ ਸਨ। ਦਰਸ਼ਨੀ ਡਿਉਢੀ ਦੇ ਸਾਹਮਣੇ ਖੁਲ੍ਹੇ ਵਿਹੜੇ ਵਿਚਲਾ ਖੂਹ ਆਮ ਜਨਤਾ ਨੂੰ ਪਾਣੀ ਮੁਹੱਈਆ ਕਰਵਾਉਣ ਲਈ ਬਣਿਆ ਹੋਇਆ ਸੀ। ਖੂਹ ਨੂੰ ਛੁਪਾਉਣ ਦਾ ਕੰਮ ਉਹ ਲੋਕ ਹੀ ਕਰ ਸਕਦੇ ਸਨ ਜਿਹਨਾਂ ਨੇ ਥੜ੍ਹੇ ਨੂੰ ਅਲੋਪ ਕਰਕੇ ਉਸ ਦੀ ਜਗਹ ਤੇ ਆਪਣੀ ਨਿਜੀ ਸਹੂਲਤ ਲਈ ਰਿਹਾਇਸ਼ਗਾਹ ਤਿਆਰ ਕਰਵਾ ਲਈ ਸੀ (ਇਹ ਕੋਈ ਹੋਰ ਨਹੀਂ ਸਨ, ਦਰਬਾਰ ਸਾਹਿਬ ਇਲਾਕੇ ਦੇ ਮੀਣੇ ਪ੍ਰਬੰਧਕ ਹੀ ਸਨ)।

. ਛੇਵੇਂ ਗੁਰੂ ਜੀ ਵੱਲੋਂ ਤਖਤ ਸਥਾਪਤ ਕਰਨਾ ਸਿਖ ਮੱਤ ਵਿੱਚ ਮੀਰੀ ਦੇ ਪੱਖ ਨੂੰ ਜੋੜਨ ਦੇ ਉਪਰਾਲੇ ਦਾ ਮਹੱਤਵਪੂਰਨ ਹਿੱਸਾ ਸੀ ਅਤੇ ਗੁਰੂ ਜੀ ਨੇ ਉਸ ਨੂੰ ਸਮੇਂ ਦੀ ਜ਼ਾਲਮ ਹਕੂਮਤ ਦੇ ਸਾਂਹਵੇਂ ਪਰਤੱਖ ਰੂਪ ਵਿੱਚ ਦ੍ਰਿਸ਼ਟਮਾਨ ਰੱਖਣਾ ਸੀ। ਗੁਰੂ ਜੀ ਪਹਿਲਾਂ ਥੜ੍ਹਾ ਬਣਾ ਕੇ ਫਿਰ ਉਸ ਨੂੰ ਕਿਸੇ ਇਮਾਰਤ ਦੀਆਂ ਕੰਧਾਂ, ਨੀਹਾਂ, ਫਰਸ਼ਾਂ ਅਤੇ ਛੱਤਾਂ ਵਿੱਚ ਅਤੇ ਭੋਰੇ ਵਿੱਚ ਲੁਪਤ ਨਹੀਂ ਸਨ ਕਰਨ ਲੱਗੇ। ਜੇਕਰ ਅਜਿਹਾ ਹੋਇਆ ਹੋਵੇ ਤਾਂ ਕੀ ਇਸ ਤੋਂ ਇਹ ਸਿੱਟਾ ਨਹੀਂ ਨਿਕਲਦਾ ਕਿ ਛੇਵੇਂ ਗੁਰੂ ਜੀ ਮੀਰੀ ਦੇ ਵੱਡੇ ਅੰਸ਼ ਨੂੰ ਲੁਪਤ ਕਰ ਗਏ ਅਤੇ ਆਪ ਕੀਰਤਪੁਰ ਜਾ ਕੇ ਛੁਪ ਗਏ। ਕੀ ਅਜਿਹੀ ਸਥਿਤੀ ਦਰਸਾ ਕੇ ਅਸੀਂ ਗੁਰੂ ਜੀ ਨੂੰ ਬੁਜ਼ਦਿਲ ਨਹੀਂ ਸਾਬਤ ਕਰ ਰਹੇ?

i. ਗੁਰੂ ਜੀ ਨੇ ਆਪਣੇ ਹੱਥੀਂ ਉਸਾਰੇ ਥੜ੍ਹੇ ਦਾ ਭਵਨਨਿਰਮਾਣਿਕ ਸਰੂਪ ਨਹੀਂ ਸੀ ਬਦਲਣਾ; ਨਾ ਉਸਨੂੰ ਭੋਰੇ ਦਾ ਹਿੱਸਾ ਬਣਾਉਣਾ ਸੀ ਅਤੇ ਨਾਂ ਹੀ ਉਸ ਦੇ ਤਲ ਨੂੰ ਭੋਰੇ ਦੀ ਛੱਤ ਲਈ ਵਧਾ ਕੇ ਦੂਸਰੀ ਮੰਜ਼ਿਲ ਦੇ ਫਰਸ਼ ਵਿੱਚ ਬਦਲਣਾ ਸੀ। ਤਖਤ ਦਾ ਥੜ੍ਹਾ ਤਾਂ ਅਜੋਕੀ ਸਟੇਜ ਵਾਂਗ ਅੱਗੇ ਤੋਂ ਦਰਸ਼ਕਾਂ ਲਈ ਖੁੱਲਾ ਰਖਿਆ ਜਾਂਣਾ ਜ਼ਰੂਰੀ ਸੀ। ਫਿਰ ਉਸ ਦੇ ਤਲ ਤੇ ਇੱਕ ਹਾਲ ਕਮਰਾ ਖੜ੍ਹਾ ਕਰਕੇ, ਥੜ੍ਹੇ ਨੂੰ ਸਾਹਮਣੇ ਤੋਂ ਕੰਧਾਂ, ਬੂਹੇ ਅਤੇ ਬਾਰੀਆਂ ਰਾਹੀਂ ਬੰਦ ਕਰਕੇ ਅਤੇ ਕਮਰੇ ਦੇ ਬਾਹਰਵਾਰ ਇੱਕ ਛੱਜਾ (ਬਾਲਕੋਨੀ) ਬਣਾ ਕੇ ਥੜ੍ਹੇ ਦੀ ਭਵਨਨਿਰਮਾਣਿਕ ਨੁਹਾਰ ਖਤਮ ਕਰ ਦਿੱਤੀ ਗਈ। ਅਜਿਹੇ ਨਾਵਾਜਿਬ ਕਾਰਜ ਨੂੰ ਛੇਵੇਂ ਗੁਰੂ ਜੀ ਦੇ ਸਿਰ ਮੜ੍ਹਨਾ ਇੱਕ ਗੈਰਜ਼ਿੰਮੇਵਾਰਾਨਾ ਕਾਰਵਾਈ ਹੈ।

iv. ਛੇਵੇਂ ਗੁਰੂ ਜੀ ਥੜ੍ਹੇ ਦੇ ਉੱਤੇ ਛੱਤ ਬਣਾ ਕੇ ਸੰਗਤਾਂ ਨੂੰ ਖੁਲ੍ਹੇ ਵਿੱਚ ਨਹੀਂ ਸਨ ਬਿਠਾਉਣ ਲੱਗੇ। ਉਹਨਾਂ ਦੇ ਆਪਣੇ ਸਿਰ ਉੱਤੇ (ਮੀਰੀ ਦੇ ਅੰਸ਼ ਵਜੋਂ) ਛੱਤਰ ਤਾਇਨਾਤ ਹੁੰਦਾ ਸੀ ਅਤੇ ਉਹਨਾਂ ਨੂੰ ਕਿਸੇ ਛੱਤ ਦੀ ਚਾਹਤ ਨਹੀਂ ਸੀ ਹੋ ਸਕਦੀ ਜਦੋਂ ਕਿ ਸੰਗਤਾਂ ਲਈ ਉਹਨਾਂ ਦਿਨਾਂ ਵਿੱਚ ਕੋਈ ਇਹੋ ਜਿਹਾ ਪ੍ਰਬੰਧ ਉਪਲਭਦ ਨਹੀਂ ਸੀ ਹੋ ਸਕਦਾ। ਹਾਲਾਤ ਮੁਤਾਬਿਕ ਉਹਨਾਂ ਦੇ ਤਖਤ ਦਾ ਥੜ੍ਹਾ ਇੱਕ ਸਾਦ-ਮੁਰਾਦੇ ਚਬੂਤਰੇ ਦੇ ਰੂਪ ਵਿੱਚ ਹੀ ਹੋਂਦ ਵਿੱਚ ਆ ਸਕਦਾ ਸੀ ਕਿਸੇ ਰਾਜੇ-ਮਹਾਂਰਾਜੇ ਦੇ ਤਖਤ ਦੇ ਰੂਪ ਵਿੱਚ ਨਹੀਂ ਜਿਸ ਦੇ ਉੱਤੇ ਵਿਸ਼ਾਲ ਛੱਤ ਹੋਵੇ, ਬਾਹੀਆ ਤੇ ਉੱਚੀਆਂ ਕੰਧਾਂ ਹੋਣ ਅਤੇ ਆਲੇ-ਦੁਆਲੇ ਕਿਲ੍ਹੇ ਦੀਆਂ ਮਮਟੀਆਂ ਉਸਰੀਆਂ ਹੋਣ। ਗੁਰੂ ਜੀ ਨੇ ਆਪਣਾ ਤਖਤ ਸਿਖ ਮੱਤ ਵਿੱਚ ਮੀਰੀ ਦੇ ਪੱਖ ਨੂੰ ਉਜਾਗਰ ਕਰਨ ਲਈ ਸਥਾਪਤ ਕੀਤਾ ਸੀ ਨਾ ਕਿ ਦਿੱਲੀ ਦੇ ਤਖਤ ਨਾਲ ਮੁਕਾਬਲਾ ਕਰਨ ਲਈ।

v. ਛੇਵੇਂ ਗੁਰੂ ਜੀ ਨੂੰ ਥੜ੍ਹੇ ਦੇ ਨਾਲ ਜੋੜਕੇ ਕੋਈ ਰਿਹਾਇਸ਼ਗਾਹ ਉਸਾਰਨ ਦੀ ਲੋੜ ਨਹੀਂ ਸੀ। ਉਹ ਆਪਣਾ ਨਿਵਾਸ ਤਾਂ ਆਪਣੇ ਮਹਿਲਾਂ ਵਿੱਚ ਕਰਦੇ ਸਨ। ਜੇਕਰ ਉਹਨਾਂ ਨੂੰ ਦਰਬਾਰ ਸਾਹਿਬ ਇਲਾਕੇ ਵਿੱਚ ਕਿਸੇ ਇਮਾਰਤ ਦੀ ਲੋੜ ਸੀ ਤਾਂ ਉਸ ਦੇ ਲਈ ਹੋਰ ਬਹੁਤ ਜਗਹ ਉਪਲਭਦ ਸੀ। ਉਹਨਾਂ ਦੇ ਸਾਹਮਣੇ ਕੋਈ ਐਸੀ ਸਥਿਤੀ ਉਤਪੰਨ ਨਹੀਂ ਸੀ ਹੋਈ ਕਿ ਕੋਈ ਰਿਹਾਇਸ਼ੀ ਇਮਾਰਤ ਬਣਾ ਕੇ ਤਖਤ ਦੇ ਥੜ੍ਹੇ ਨੂੰ ਹੀ ਢੱਕਣਾ ਪੈ ਜਾਂਦਾ।

vi. ਛੇਵੇਂ ਗੁਰੂ ਜੀ ਦੇ ਕੋਲ ਕੇਵਲ ਸ਼ਰਧਾਲੂ ਹੀ ਆਉਂਦੇ ਸਨ, ਰਾਜੇ-ਮਹਾਂਰਾਜਿਆਂ ਦੇ ਦੂਤ ਨਹੀਂ ਆਉਂਦੇ ਸਨ। ਉਹਨਾਂ ਦੀ ‘ਬਾਦਸ਼ਾਹਤ’ ਕੇਵਲ ਮਨੁੱਖੀ ਹੱਕਾਂ ਦੀ ਬਹਾਲੀ ਅਤੇ ਮਨੁੱਖੀ ਹੱਕਾਂ ਦੀ ਰਖਿੱਆ ਦਾ ਪ੍ਰਤੀਕਾਤਮਕ ਪ੍ਰਗਟਾਵਾ ਸੀ ਅਤੇ ਇਹ ਰਾਜਸੀ ਤੌਰ ਤੇ ਮਾਨਤਾ-ਪਰਾਪਤ ਵਿਵਸਥਾ ਨਹੀਂ ਸੀ। ਇਸ ਲਈ ‘ਦੂਤਾਂ’ ਲਈ ਕੋਈ ਵਿਸ਼ੇਸ਼ ਵਿਵਸਥਾ ਸਥਾਪਤ ਕਰਨ ਦੀ ਲੋੜ ਹੀ ਨਹੀਂ ਸੀ।

v. ਜੇਕਰ ਛੇਵੇਂ ਗੁਰੂ ਜੀ ਨੇ ਸ਼ਸਤਰ, ਭੇਟਾ ਅਤੇ ਹੋਰ ਸਮਾਨ ਰੱਖਣ ਲਈ ਜਾਂ ਮੌਕੇ ਦੀ ਕੋਈ ਹੋਰ ਲੋੜ ਨੂੰ ਪੂਰਾ ਕਰਨ ਲਈ ਕੋਈ ਭਵਨ ਉਸਾਰਨਾਂ ਸੀ ਤਾਂ ਇਸ ਮਕਸਦ ਨੂੰ ਪੂਰਾ ਕਰਨ ਲਈ ਦਰਬਾਰ ਸਾਹਿਬ ਇਲਾਕੇ ਵਿੱਚ ਹੋਰ ਬਹੁਤ ਜਗਹ ਉਪਲਭਦ ਸੀ।

vi. ਪ੍ਰਦਰਸ਼ਕ ਸੱਜਣ ਨੇ ਕੋਈ ਐਸਾ ਹਵਾਲਾ ਨਹੀਂ ਦਿੱਤਾ ਜਿਸ ਰਾਹੀਂ ਇਹ ਸਾਬਤ ਹੁੰਦਾ ਹੋਵੇ ਕਿ ‘ਅਕਾਲ ਬੁੰਗਾ’ ਇਮਾਰਤ ਛੇਵੇਂ ਗੁਰੂ ਜੀ ਨੇ ਆਪ ਹੀ ਬਣਵਾਈ ਸੀ। ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਵਿੱਚ ਨਾਂ ‘ਅਕਾਲ’ ਨਾਮੀਂ ਕਿਸੇ ਤਖਤ ਦਾ ਜ਼ਿਕਰ ਹੈ ਅਤੇ ਨਾਂ ਹੀ ਛੇਵੇਂ ਗੁਰੂ ਜੀ ਵੱਲੋ ਬਣਵਾਏ ਕਿਸੇ ਬੁੰਗੇ ਦਾ।

ਪ੍ਰਦਰਸ਼ਕ ਸੱਜਣ ਅਕਾਲ ਬੁੰਗਾ ਭਵਨ ਨਾਲ ਗੁਰੂ ਜੀ ਦਾ ਨਾਮ ਜੋੜਨ ਲਈ ਇਸ ਕਰ ਕੇ ਬਜ਼ਿਦ ਹੈ ਕਿ ਤਖਤ ਤਾਂ ਦਿਸਦਾ ਨਹੀਂ ਇਸ ਲਈ ਉਹ ਪਹਿਲਾਂ ਫਰਜ਼ੀ ਤੌਰ ਤੇ ਤਖਤ ਨਾਲ ‘ਅਕਾਲ’ ਸ਼ਬਦ ਜੋੜ ਕੇ ‘ਅਕਾਲ ਤਖਤ’ ਦੀ ਕਲਪਨਾ ਕਰਦਾ ਹੈ ਅਤੇ ਫਿਰ ਇਸ ਅਧਾਰ ਤੇ ਥੜ੍ਹੇ ਨੂੰ ਸੰਮਿਲਿਤ ਕਰ ਕੇ ਉਸਾਰੀ ਗਈ ਰਿਹਾਇਸ਼ੀ ਇਮਾਰਤ ਨੂੰ ‘ਅਕਾਲ ਬੁੰਗਾ’ ਦਾ ਨਾਮ ਦੇ ਕੇ ਇਸ ਨੂੰ ਛੇਵੇਂ ਗੁਰੂ ਜੀ ਦੇ ਨਾਮ ਨਾਲ ਜੋੜਦੇ ਹੋਏ ਸਿਖ ਮਾਨਸਿਕਤਾ ਵਿੱਚ ਇਹ ਗੱਲ ਪੱਕੀ ਕਰਨਾਂ ਚਾਹੁੰਦਾ ਹੈ ਕਿ ਇਹ ਇਮਾਰਤ ਹੀ ਤਖਤ ਹੈ। ਦਰਬਾਰ ਸਾਹਿਬ ਦੇ ਸਾਹਮਣੇ ਤਖਤ ਦੇ ਥੜ੍ਹੇ ਦੀ ਜਗਹ ਤੇ ਰਿਹਾਇਸ਼ੀ ਇਮਾਰਤ ਤਾਂ ਸਤਾਰ੍ਹਵੀਂ ਸਦੀ ਈਸਵੀ ਵਿੱਚ ਹੀ ਕਿਸੇ ਵੇਲੇ ਬਣ ਗਈ ਸੀ ਜੋ ਅਠਾਰ੍ਹਵੀਂ ਸਦੀ ਈਸਵੀ ਵਿੱਚ ਹਮਲਿਆਂ ਵੇਲੇ ਢਹਿੰਦੀ ਅਤੇ ਮੁੜ-ਉਸਰਦੀ ਰਹੀ। ਪਰੰਤੂ ਇਸ ਨੂੰ ਬੁੰਗੇ ਦਾ ਰੂਪ ਅਠਾਰ੍ਹਵੀਂ ਸਦੀ ਈਸਵੀ ਦੇ ਅੰਤ ਦੇ ਨੇੜੇ ਮਿਸਲਾਂ ਦੀ ਚੜ੍ਹਤ ਵੇਲੇ ਦਰਬਾਰ ਸਾਹਿਬ ਇਲਾਕੇ ਵਿੱਚ ਉਸੱਰੇ ਬੁੰਗਿਆਂ ਦੇ ਸਮੇਂ ਵਿੱਚ ਜਾ ਕੇ ਮਿਲਦਾ ਹੈ। ਇਸ ਬੁੰਗੇ ਦਾ ਨਾਮ ‘ਅਕਾਲ ਬੁੰਗਾ’ ਉਸ ਤੋਂ ਵੀ ਬਾਦ ਦੇ ਸਮੇਂ ਦਾ ਰਖਿੱਆ ਹੋਇਆ ਹੈ।

ਪ੍ਰਦਰਸ਼ਕ ਸੱਜਣ ਤਖਤ ਦੇ ਨਾਮਕਰਣ ਦੀ ਕਲਪਿਤ ਪ੍ਰੀਕਿਰਿਆ ਨੂੰ ਵੀ ਇੱਸੇ ਮਕਸਦ ਲਈ ਵਰਤਣਾਂ ਚਾਹੁੰਦਾ ਹੈ। ਉਹ ਇਹ ਕਹਿਣਾ ਚਾਹੁੰਦਾ ਹੈ ਕਿ ਬੁੰਗੇ ਦੇ ਅੰਦਰ ਛੇਵੇਂ ਗੁਰੂ ਜੀ ਦੇ ਤਖਤ ਦਾ ਥੜ੍ਹੇ ਵਾਲਾ ਹਿੱਸਾ ਛੁਪਿਆ ਹੋਇਆ ਹੈ, ਤਖਤ ਦਾ ਨਾਮ ‘ਅਕਾਲ ਤਖਤ’ ਹੈ ਇਸ ਕਰਕੇ ਬੁੰਗੇ ਦਾ ਨਾਮ ‘ਅਕਾਲ ਬੁੰਗਾ’ ਹੈ (ਅਤੇ ‘ਅਕਾਲ’ ਹੋਣ ਕਰਕੇ ਬੁੰਗਾ ਹੀ ਤਖਤ ਹੈ)। ਫਿਰ ਉਹ ਕਹਿ ਉਠਦਾ ਹੈ ਕਿ ਇਹ ਸਾਰਾ ਕੁੱਝ ਮਿਲਾ ਕੇ ਗੁਰੂ ਜੀ ਨੇ ‘ਤਖਤ ਅਕਾਲ ਬੁੰਗਾ’ ਬਣਵਾਇਆ ਸੀ। ਪ੍ਰਦਰਸ਼ਕ ਸੱਜਣ ਬਿਲਕੁਲ ‘ਗੁਰਬਿਲਾਸ ਪਾਤਸ਼ਾਹੀ 6’ ਦੇ ਲੇਖਕ ਵਾਲੀ ਕਾਰਵਾਈ ਕਰ ਰਿਹਾ ਹੈ ਫਰਕ ਕੇਵਲ ਇਤਨਾ ਹੈ ਕਿ ‘ਗੁਰਬਿਲਾਸ ਪਾਤਸ਼ਾਹੀ 6’ ਦਾ ਲੇਖਕ ਪਹਿਲਾਂ ‘ਅਕਾਲ ਤਖਤ’ ਪੈਦਾ ਕਰਦਾ ਹੈ, ਫਿਰ ‘ਤਖਤ ਅਕਾਲ ਬੁੰਗਾ’ ਅਤੇ ਫਿਰ ‘ਅਕਾਲ ਬੁੰਗਾ’। ਭਾਵ ਨਾਮ ਦੇ ਮਸਲੇ ਵਿੱਚ ਭੰਬਲਭੂਸਾ ਖੜ੍ਹਾ ਕਰਨ ਵਿੱਚ ਪ੍ਰਦਰਸ਼ਕ ਸੱਜਣ ‘ਗੁਰਬਿਲਾਸ ਪਾਤਸ਼ਾਹੀ 6’ ਦੇ ਲੇਖਕ ਤੋਂ ਵੀ ਦੋ ਕਦਮ ਅੱਗੇ ਨਿਕਲ ਜਾਂਦਾ ਹੈ।

4. ਤਸਵੀਰਾਂ ਵਿਖਾ ਕੇ ਪ੍ਰਦਰਸ਼ਕ ਸੱਜਣ ਵਾਰ-ਵਾਰ ਇਹ ਦਾਵਾ ਕਰ ਰਿਹਾ ਹੈ ਕਿ ਥੜ੍ਹਾ ਅਲੋਪ ਨਹੀਂ ਹੋਇਆ। (ਗੁਰੂ ਜੀ ਦੇ ਸਿੰਘਾਸਣ ਦਾ ਕੀ ਬਣਿਆ ਇਸ ਗੱਲ ਦਾ ਕਿਸੇ ਨੂੰ ਅਤਾ-ਪਤਾ ਨਹੀਂ)। ਪ੍ਰਦਰਸ਼ਕ ਸੱਜਣ ਨੂੰ ਇਹ ਪੁੱਛਣਾ ਬਣਦਾ ਹੈ ਕਿ ਥੜ੍ਹੇ ਦੀ ਜਗਹ ਤੇ ਤਾਂ ਇੱਕ ਪੰਜ ਮੰਜ਼ਿਲਾ ਇਮਾਰਤ ਖੜ੍ਹੀ ਹੈ, ਜੇਕਰ ਥੜ੍ਹਾ ਅਲੋਪ ਨਹੀਂ ਹੋਇਆ ਤਾਂ ਇਹ ਆਪਣੇ ਹੂਬਹੂ ਰੂਪ ਵਿੱਚ ਦਿੱਸਦਾ ਕਿਉਂ ਨਹੀਂ?

ਪ੍ਰਦਰਸ਼ਕ ਸੱਜਣ ਬੇਤੁੱਕੀ ਦਲੀਲ ਇਹ ਦਿੰਦਾ ਹੈ ਕਿ ਇਹ ਥੜ੍ਹਾ ਇਸ ਤਰ੍ਹਾਂ ਛੁਪਿਆ ਹੋਇਆ ਹੈ ਜਿਸ ਤਰ੍ਹਾਂ ਸਰੀਰ ਵਿੱਚ ਦਿਲ/ਦਿਮਾਗ ਛੁਪਿਆ ਹੁੰਦਾ ਹੈ। ਇਸ ਤਰ੍ਹਾਂ ਉਹ ਇਹ ਤਾਂ ਸਵੀਕਾਰ ਕਰ ਹੀ ਰਿਹਾ ਹੈ ਕਿ ਤਖਤ ਅਦਿੱਖ ਹੈ, ਦ੍ਰਿਸ਼ਟਮਾਨ ਨਹੀਂ। ਫਿਰ ਉਹ ਸ਼ਰੀਰ ਕਿਹੜਾ ਹੈ ਜਿਸ ਦਾ ਇਹ ਦਿਲ/ਦਿਮਾਗ ਹੈ? ਜ਼ਾਹਿਰ ਹੈ ਕਿ ਉਹ ਅਕਾਲ ਬੁੰਗਾ ਇਮਾਰਤ ਨੂੰ ਸਰੀਰ ਕਿਆਸ ਰਿਹਾ ਹੈ। ਫਿਰ ਗੁਰੂ ਜੀ ਦਾ ਸਿੰਘਾਸਣ ਕੀ ਸੀ, ਜਿਗਰ ਜਾਂ ਰੀੜ੍ਹ ਦੀ ਹੱਡੀ? ਹੁਣ, ਦਿਲ/ਦਿਮਾਗ/ਜਿਗਰ ਅਤੇ ਬਾਕੀ ਸਾਰਾ ਸਰੀਰ ਇਕੱਠਾ ਹੀ ਹੋਂਦ ਅਖਤਿਆਰ ਕਰਦਾ ਹੈ, ਅੰਦਰੂਨੀ ਅਤੇ ਬਾਹਰੀ ਅੰਗ ਅੱਡ-ਅੱਡ ਹੋਂਦ ਵਿੱਚ ਨਹੀਂ ਆਉਂਦੇ ਪਰੰਤੂ ਪ੍ਰਦਰਸ਼ਕ ਸੱਜਣ ਖੁਦ ਹੀ ਕਹਿ ਰਿਹਾ ਹੈ ਕਿ ਤਖਤ ਪਹਿਲਾਂ ਬਣਿਆਂ ਅਤੇ ਬੁੰਗਾ ਬਾਦ ਵਿੱਚ ਜੋੜਿਆ ਗਿਆ। ਭਾਵ ਦਿਲ/ਦਿਮਾਗ ਪਹਿਲਾਂ ਵੱਖਰੇ ਤੌਰ ਤੇ ਬਣਿਆਂ ਅਤੇ ਫਿਰ ਸਰੀਰ ਨੂੰ ਪੈਦਾ ਕਰਕੇ ਉਪਰੇਸ਼ਨ ਨਾਲ ਦਿਲ/ਦਿਮਾਗ ਨੂੰ ਉਸਦੇ ਅੰਦਰ ਰੱਖ ਕੇ ਤੋਪੇ ਲਗਾ ਦਿੱਤੇ ਗਏ। ਦੂਸਰੇ ਪਾਸੇ ਸਿੰਘਾਸਣ ਤੋਂ ਬਗੈਰ ਸਰੀਰ ਦੀ ਹੋਂਦ ਕਿਵੇਂ ਸੰਪੂਰਨ ਹੈ? (ਇਹੋ ਨਿਯਮ ਰੁੱਖ/ਪੌਦੇ ਦੀ ਉਤਪਤੀ ਅਤੇ ਵਿਕਾਸ ਤੇ ਲਾਗੂ ਹੁੰਦਾ ਹੈ।) ਪ੍ਰਦਰਸ਼ਕ ਸੱਜਣ ਦੀ ਟੇਕ ਇਸ ਗੱਲ ਤੇ ਹੈ ਕਿ ਅਕਾਲ ਬੁੰਗਾ ਇਮਾਰਤ ਵੀ ਛੇਵੇਂ ਗੁਰੂ ਜੀ ਨੇ ਤਿਆਰ ਕਰਵਾਈ ਸੀ ਅਤੇ ਇਸ ਇਮਾਰਤ ਵਿੱਚ ਥੜ੍ਹਾ ਛੁਪਿਆ ਹੋਇਆ ਹੈ ਅਤੇ ਜਦੋਂ ਇਹ ਇਮਾਰਤ ਨਜ਼ਰ ਆ ਰਹੀ ਹੈ ਤਾਂ ਮਨ ਨੂੰ ਇਹ ਸਮਝਾ ਲਵੋ ਕਿ ਤਖਤ ਵੀ ਨਜ਼ਰ ਆ ਰਿਹਾ ਹੈ। ਫਿਰ ਉਹ ਕਹਿ ਉਠਦਾ ਹੈ ਕਿ ਬੁੰਗਾ ਹੀ ਤਖਤ ਹੈ। ਪਰੰਤੂ ਅਸੀਂ ਸਰੀਰ ਨੂੰ ਸਰੀਰ ਦਾ ਨਾਮ ਦਿੰਦੇ ਹਾਂ ਦਿਲ, ਦਿਮਾਗ, ਜਾਂ ਫੇਫੜੇ ਦਾ ਨਹੀਂ। ਸਰੀਰ ਦਾ ਤਾਂ ਦੁਨਿਆਵੀ ਨਾਮ ਵੀ ਹੁੰਦਾ ਹੈ ਪਰੰਤੂ ਦਿਲ, ਦਿਮਾਗ, ਜਾਂ ਫੇਫੜੇ ਦਾ ਕੋਈ ਨਿਵੇਕਲਾ ਦੁਨਿਆਵੀ ਨਾਮ ਨਹੀਂ ਰਖਿੱਆ ਜਾਂਦਾ। ਪ੍ਰਦਰਸ਼ਕ ਸੱਜਣ ਇੱਕ ਹੋਰ ਬੇਤੁੱਕੀ ਦਲੀਲ ਇਹ ਦਿੰਦਾ ਹੈ ਭਾਰਤੀ ਰਾਜਿਆਂ/ਬਾਦਸ਼ਾਹਾਂ ਦੇ ਤਖਤ ਵੀ ਇਮਰਤਾਂ ਵਿੱਚ ਸੰਮਿਲਿਤ ਸਨ ਅਤੇ ਉਹ ਇਮਾਰਤਾਂ ਦੇ ਨਾਮ ਨਾਲ ਜਾਣੇ ਜਾਂਦੇ ਸਨ। ਇਸ ਦਲੀਲ ਦੀ ਸੰਸਾਰ ਭਰ ਵਿੱਚ ਕੋਈ ਵੀ ਉਦਾਹਰਨ ਨਹੀਂ ਮਿਲ ਸਕਦੀ। ਪ੍ਰਦਰਸ਼ਕ ਸੱਜਣ ਨੇ ਜੋ ਉਦਾਹਰਨ ਲਾਲ ਕਿਲ੍ਹੇ ਦੀ ਦਿੱਤੀ ਹੈ ਉਹ ਬਿਲਕੁਲ ਹੀ ਢੁੱਕਵੀਂ ਨਹੀਂ ਕਿਉਂਕਿ ਦਿੱਲੀ ਦਾ ਤਖਤ ‘ਲਾਲ ਕਿਲ੍ਹਾ’ ਦੇ ਨਾਮ ਨਾਲ ਕਦੀ ਵੀ ਨਹੀਂ ਜਾਣਿਆ ਗਿਆ। ਇਸ ਕਿਲ੍ਹੇ ਵਿੱਚ ਜਾਂ ਅਜਿਹੇ ਕਿਸੇ ਹੋਰ ਕਿਲ੍ਹੇ ਦੇ ਅੰਦਰ ਜਾ ਕੇ ਅਸੀਂ ਵੇਖਾਂਗੇ ਕਿ ਜੇਕਰ ਉਥੇ ਕਿਸੇ ਤਖਤ ਦਾ ਥੜ੍ਹਾ ਮੌਜੂਦ ਹੈ ਤਾਂ ਉਹ ਵੱਖਰੇ ਤੌਰ ਤੇ ਦ੍ਰਿਸ਼ਟਮਾਨ ਹੈ ਭਾਵੇਂ ਉਹ ਕਿਸੇ ਇਮਾਰਤ ਦਾ ਹਿੱਸਾ ਹੈ ਜਾਂ ਨਹੀਂ। ਪ੍ਰਦਰਸ਼ਕ ਸੱਜਣ ਨੇ ਇੱਕ ਹੋਰ ਹਾਸੋਹੀਣੀ ਉਦਾਹਰਨ ਤਖਤਿਤਾਊਸ ਦੀ ਦਿੱਤੀ ਹੈ ਜੋ ਕਿ ਸਿੰਘਾਸਣ ਸੀ, ਥੜ੍ਹਾ ਨਹੀਂ। ਹਮਲਾਵਰ ਨਾਦਿਰ ਸ਼ਾਹ ਇਸ ਆਸਣ ਨੂੰ 1682 ਈਸਵੀ ਵਿੱਚ ਇਸ ਕਰਕੇ ਨਹੀਂ ਲੈ ਗਿਆ ਸੀ ਕਿ ਉਹ ਇੱਕ ਚੱਕਵਾਂ (mobile) ਆਸਣ ਸੀ ਸਗੋਂ ਇਸ ਕਰਕੇ ਕਿ ਇਹ ਬਹੁਤ ਕੀਮਤੀ ਆਸਣ ਸੀ (ਹੀਰਿਆਂ ਜੜੇ ਇਸ ਸਿੰਘਾਸਣ ਨੂੰ ਬਾਦਸ਼ਾਹ ਸ਼ਾਹਜਹਾਨ ਨੇ ਸੱਤ ਕਰੋੜ ਰੁਪਏ ਖਰਚ ਕਰ ਕੇ ਬਣਵਾਇਆ ਸੀ।) ਉਂਜ ਹਰੇਕ ਰਾਜਾ/ਮਹਾਂਰਾਜਾ ਆਪਣੇ ਤਖਤ ਦੇ ਥੜ੍ਹੇ ਦੇ ਉੱਤੇ ਚੱਕਵੇਂ (mobile) ਆਸਣ ਤੇ ਹੀ ਬੈਠਦਾ ਸੀ। ਹੁਣ ਛੇਵੇਂ ਗੁਰੂ ਜੀ ਦੇ ਤਖਤ ਦਾ ਥੜ੍ਹਾ ਤਾਂ ਅਦਿੱਖ ਹੈ ਅਤੇ ਸਿੰਘਾਸਣ ਉਪਲਭਦ ਨਹੀਂ, ਫਿਰ ਤਖਤ ਤਾਂ ਅਲੋਪ ਹੀ ਹੈ।

ਹਕੀਕਤ ਇਹ ਹੈ ਕਿ ਸਮੇਂ ਦੀ ਹਕੂਮਤ ਛੇਵੇਂ ਗੁਰੂ ਜੀ ਵੱਲੋਂ ਮੀਰੀ ਦੀ ਜੀਵਨ-ਜਾਚ ਅਪਣਾ ਲੈਣ ਤੇ ਕਾਫੀ ਭੈਭੀਤ ਸੀ। 1634 ਈਸਵੀ ਵਿੱਚ ਹੋਏ ਯੁੱਧਾਂ ਵਿੱਚ ਛੇਵੇਂ ਗੁਰੂ ਜੀ ਦੀਆਂ ਹੋਈਆਂ ਜਿੱਤਾਂ ਤੋਂ ਖਫਾ ਲਹੌਰ ਦਰਬਾਰ ਦੇ ਆਦੇਸ਼ ਹੇਠ ਹੀ ਮੀਣੇ ਦਰਬਾਰ ਸਾਹਿਬ ਇਲਾਕੇ ਤੇ ਕਾਬਜ਼ ਹੋਏ ਜਦੋਂ ਕਿ ਗੁਰੂ ਜੀ ਨੇ ਦੂਰਅੰਦੇਸ਼ੀ ਤੋਂ ਕੰਮ ਲੈਂਦਿਆਂ ਅੰਮ੍ਰਿਤਸਰ ਸ਼ਹਿਰ ਵਿੱਚ ਲੜਾਈ ਕਰਨ ਤੋਂ ਟਾਲਾ ਵੱਟਣ ਲਈ ਯੁੱਧ ਪੱਖੋਂ ਵਧੇਰੇ ਢੁੱਕਵੀਂ ਜਗਹ ਕੀਰਤਪੁਰ ਵਿਖੇ ਬਸੇਰਾ ਕਰ ਲਿਆ ਸੀ। ਸੰਭਵ ਹੈ ਕਿ ਲਹੌਰ ਦਰਬਾਰ ਦੇ ਆਦੇਸ਼ ਹੇਠ ਹੀ ਥੜ੍ਹੇ ਅਤੇ ਸਿੰਘਾਸਣ ਨੂੰ ਅਲੋਪ ਕਰ ਦਿੱਤਾ ਗਿਆ ਤਾਂ ਕਿ ਗੁਰੂ ਜੀ ਦੀ ਮੀਰੀ ਦਾ ਪਰਭਾਵਸ਼ਾਲੀ ਪ੍ਰਗਟਾਵਾ ਕਰ ਰਹੀ ਉਹਨਾਂ ਦੀ ਤਖਤ ਵਿਵਸਥਾ ਨੂੰ ਖਤਮ ਹੀ ਕਰ ਦਿੱਤਾ ਜਾਵੇ।

ਇਹਨਾਂ ਸਤਰਾਂ ਦੇ ਲੇਖਕ ਦਾ ਸਦਾ ਹੀ ਇਹ ਦਾਵਾ ਰਿਹਾ ਹੈ ਕਿ ਛੇਵੇਂ ਗੁਰੂ ਜੀ ਨੇ ਤਖਤ ਸਥਾਪਤ ਕਰਨ ਲਈ ਥੜ੍ਹਾ ਉਸਾਰਿਆ ਜ਼ਰੂਰ ਸੀ। ਜੇਕਰ ਤਸਵੀਰਾਂ ਵਿਚਲਾ ਥੜ੍ਹਾ ਅਸਲੀ ਹੈ ਤਾਂ ਇਸ ਨਾਲ ਇਹਨਾਂ ਸਤਰਾਂ ਦੇ ਲੇਖਕ ਦੇ ਦਾਵੇ ਦੀ ਪਰੋੜਤਾ ਹੋ ਜਾਂਦੀ ਹੈ। ਇਹ ਸਥਿਤੀ ਇਹਨਾਂ ਸਤਰਾਂ ਦੇ ਲੇਖਕ ਦੇ ਦਾਵੇ ਨੂੰ ਝੁਠਲਾਉਂਦੀ ਨਹੀਂ ਜਿਵੇਂ ਕਿ ਪ੍ਰਦਰਸ਼ਕ ਸੱਜਣ ਪਰਚਾਰ ਕਰਨ ਦਾ ਯਤਨ ਕਰ ਰਿਹਾ ਹੈ। ਇਹਨਾਂ ਸਤਰਾਂ ਦੇ ਲੇਖਕ ਦਾ ਦੂਸਰਾ ਦਾਵਾ ਇਹ ਹੈ ਕਿ ਛੇਵੇਂ ਗੁਰੂ ਜੀ ਨੇ ਇਸ ਤਖਤ ਦਾ ਨਾਮ ‘ਅਕਾਲ’ ਤੇ ਨਹੀਂ ਰਖਿੱਆ ਸੀ।

ਪਰੰਤੂ ਕਿਤਿਓਂ ਕੁੱਝ ਤਸਵੀਰਾਂ ਪੈਦਾ ਕਰਕੇ ਜਿੱਥੇ ਉਹਨਾਂ ਵਿੱਚ ਵਿਖਾਏ ਢਾਂਚੇ ਨੂੰ ਗੁਰੂ ਜੀ ਦੇ ਤਖਤ ਦਾ ਹਿੱਸਾ ਮੰਨ ਲੈਣਾ ਜਲਦਬਾਜ਼ੀ ਹੈ ਉੱਥੇ ਇਸ ਢਾਂਚੇ ਨੂੰ ਆਪਣੇ ਵੱਲੋਂ ਹੀ ‘ਅਕਾਲ’ ਦਾ ਨਾਮ ਦੇ ਦੇਣਾ ਨਾਦਾਨੀ ਵੀ ਹੈ ਅਤੇ ਮਨਮੱਤ ਵੀ।

ਸੋ, ਥੜ੍ਹਾ ਤਾਂ ਕਿਧਰੇ ਦਿਸਦਾ ਨਹੀਂ। ਇਸ ਲਈ ਪ੍ਰਦਰਸ਼ਕ ਸੱਜਣ ਨੂੰ ਚਾਹੀਦਾ ਹੈ ਕਿ ਪੇਸ਼ ਕੀਤੀਆਂ ਗਈਆਂ ਇਹਨਾਂ ਤਸਵੀਰਾਂ ਨੂੰ ਅਕਾਲ ਬੁੰਗਾ ਗੁਰਦੁਆਰੇ ਦੇ ਅਗਲੇ ਪਾਸੇ ਵੱਲ ਪ੍ਰਦਰਸ਼ਿਤ ਕਰਵਾਉਣ ਦਾ ਪੱਕਾ ਪ੍ਰਬੰਧ ਕਰਵਾ ਦੇਵੇ ਤਾਂ ਕਿ ਸ਼ਰਧਾਲੂ ਸੱਜਣ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀ ਇਹ ਜਾਣ ਸਕਣ ਕਿ ਸਿਖ ਕੌਮ ਇਤਨੀ ‘ਸਮਝਦਾਰ’ ਹੈ ਕਿ ਥੜ੍ਹੇ ਨੂੰ ਅਲੋਪ ਕਰਕੇ ਇੱਕ ਇਮਾਰਤ ਨੂੰ ਹੀ ‘ਤਖਤ’ ਕਹੀ ਜਾ ਰਹੀ ਹੈ ਅਤੇ ਨਾਲ ਹੀ ਇਸ ਇਮਾਰਤ ਨੂੰ ‘ਅਕਾਲ ਤਖਤ’ ਦਾ ਝੂਠਾ ਨਾਮ ਵੀ ਦੇਈ ਜਾ ਰਹੀ ਹੈ।

ਪ੍ਰਦਰਸ਼ਕ ਸੱਜਣ ਵੱਲੋਂ ਛੇਵੇਂ ਗੁਰੂ ਜੀ ਦੇ ਅੰਮ੍ਰਿਤਸਰ ਵਾਲੇ ਤਖਤ ਦੇ ਥੜ੍ਹੇ ਸਬੰਧੀ ਪੇਸ਼ ਕੀਤੀਆਂ ਗਈਆਂ ਤਸਵੀਰਾਂ ਨੇ ਇਸ ਥੜ੍ਹੇ ਦੇ ਅਲੋਪ ਹੋਣ ਉੱਤੇ ਮੋਹਰ ਲਗਾ ਦਿੱਤੀ ਹੈ। ਗੁਰੂ ਜੀ ਦਾ ਸਿੰਘਾਸਣ ਵੀ ਉਪਲਭਦ ਨਹੀਂ। ਪ੍ਰਦਰਸ਼ਕ ਸੱਜਣ ਭਾਵੇਂ ਜਿੰਨੇਂ ਮਰਜ਼ੀ ਅਤਕਥਨੀਆਂ ਭਰਪੂਰ ਦਾਵੇ ਕਰ ਲਵੇ, ਛੇਵੇਂ ਗੁਰੂ ਜੀ ਦਾ ਤਖਤ ਤਾਂ ਅਲੋਪ ਹੀ ਹੈ।

ਇਕਬਾਲ ਸਿੰਘ ਢਿੱਲੋਂ (ਡਾ.)

ਚੰਡੀਗੜ੍ਹ।




.