.

ਨਸ਼ਿਆਂ ਦੀ ਆਦਤ
ਗਿ: ਸੰਤੋਖ ਸਿੰਘ ਆਸਟ੍ਰੇਲੀਆ


ਗੱਲ ਇਹ ੧੯੬੯ ਦੀਆਂ ਸਰਦੀਆਂ ਦੀ ਹੈ। ਮੈ ਹੁਸ਼ਿਆਰਪੁਰ ਦੇ ਮੁਖ ਬਾਜ਼ਾਰ ਵਿਚਲੀ ਦਵਾਈਆਂ ਦੀ ਦੁਕਾਨ ਉਪਰ ਬੈਠਾ ਅਖ਼ਬਾਰ ਪੜ੍ਹ ਰਿਹਾ ਸਾਂ ਕਿ ਇੱਕ ਪਤਲੇ ਜਿਹੇ ਸੋਹਣੇ ਸਰੀਰ ਵਾਲ਼ਾ ਜਵਾਨ ਮੁੰਡਾ ਆਇਆ। ਗੋਰਾ ਰੰਗ ਸੀ ਉਸ ਦਾ ਪਰ ਪੀਲ਼ਾ ਪਿਆ ਹੋਇਆ ਸੀ। ਉਸ ਦੇ ਮੂੰਹ ਤੇ ਨਿੱਕੀ ਨਿੱਕੀ ਇਕੋ ਜਿਹੀ ਸੋਹਣੀ ਦਾਹੜੀ ਸੀ। ਉਹ ਕੈਮਿਸਟ ਤੋਂ ਤਰਲਿਆਂ ਨਾਲ਼ ਕੋਈ ਦਵਾਈ ਜਾਂ ਟੀਕਾ ਮੰਗੀ ਜਾਵੇ। ਇਹ ਤਾਂ ਮੈਨੂੰ ਪਤਾ ਨਾ ਲੱਗਾ ਕਿ ਉਹ ਕੇਹੜੀ ਦਵਾਈ ਮੰਗਦਾ ਸੀ ਪਰ ਇਹ ਜਰੂਰ ਯਾਦ ਹੈ ਕਿ ਉਹ ਕੋਈ ਨਸ਼ੀਲੀ ਵਸਤੂ ਹੀ ਮੰਗ ਰਿਹਾ ਸੀ। ਉਹ ਤਰਲੋਮੱਛੀ ਹੋਇਆ ਮਿੰਨਤਾਂ ਹੀ ਕਰੀ ਜਾਵੇ ਪਰ ਕਾਲ਼ੀ ਦਾਹੜੀ ਵਾਲੇ ਸਾਬਤ ਸੂਰਤ ਸਿੱਖ ਨੇ ਟੱਸ ਤੋਂ ਮੱਸ ਹੋਣਾ ਨਾ ਮੰਨਿਆ ਤੇ ਇਕੋ ਨੰਨਾ ਹੀ ਫੜੀ ਰੱਖਿਆ। ਹਾਰ ਕੇ ਉਹ ਚਲਿਆ ਗਿਆ ਪਰ ਥੋਹੜੇ ਹੀ ਮਿੰਟਾਂ ਪਿੱਛੋਂ, ਹੱਥ ਵਿੱਚ ਇੱਕ ਪਰਚੀ ਜਿਹੀ ਫੜੀ ਆ ਗਿਆ। ਕਿਸੇ ਡਾਕਟਰ ਕੋਲ਼ੋਂ ਕੁੱਝ ਲਿਖਵਾ ਲਿਆਇਆ ਸੀ। ਪਰਚੀ ਅਤੇ ਪੈਸੇ ਫੜ ਕੇ ਕੈਮਿਸਟ ਨੇ ਉਸ ਨੂੰ ਇੱਕ ਟੀਕਾ ਦੇ ਦਿਤਾ। ਉਸ ਨੇ ਕੈਮਿਸਟ ਨੂੰ ਇਹ ਵੀ ਤਰਲਾ ਪਾਇਆ ਕਿ ਉਹ ਆਪਣੀ ਸਰਿੰਜ ਨਾਲ਼ ਉਸ ਦੀ ਬਾਂਹ ਵਿੱਚ ਟੀਕਾ ਲਾ ਦਵੇ ਪਰ ਕੈਮਿਸਟ ਨੇ ਇਕੋ ਨੰਨਾ ਹੀ ਫੜੀ ਰੱਖਿਆ। ਆਖਰ ਉਹ ਜਵਾਨ ਦੁਕਾਨ ਦੀ ਕੰਧ ਦੀ ਜਰਾ ਕੁ ਓਟ ਜਿਹੀ ਵਿੱਚ ਜਾ ਕੇ ਜ਼ਮੀਨ ਤੇ ਬੈਠ ਗਿਆ ਤੇ ਇੱਕ ਬਹੁਤ ਹੀ ਖੁੰਢੀ ਜਿਹੀ ਸੂਈ ਵਾਲ਼ੀ ਮੈਲ਼ੀ ਜਿਹੀ ਸਰਿੰਜ ਆਪਣੇ ਪਾਸੋਂ ਉਸ ਨੇ ਕੱਢ ਲਈ। ਝੱਗੇ ਦੀ ਬਾਂਹ ਉਤਾਂਹ ਚੜ੍ਹਾ ਕੇ ਉਸ ਨੇ ਨੰਗੀ ਕਰ ਲਈ ਅਤੇ ਆਪਣੀ ਮੈਲ਼ੀ ਜਿਹੀ ਸਰਿੰਜ ਦੀ ਖੁੰਢੀ ਜਿਹੀ ਸੂਈ ਨਾਲ਼, ਬੜੀ ਜਦੋ ਜਹਿਦ ਪਿੱਛੋਂ, ਉਹ ਆਪਣੀ ਬਾਂਹ ਵਿੱਚ ਦਵਾਈ ਦਾਖਲ ਕਰਨ ਵਿੱਚ ਸਫ਼ਲ ਹੋ ਗਿਆ। ਪਲ ਕੁ ਭਰ ਪੈਰਾਂ ਭਾਰ ਬੈਠਾ ਰਿਹਾ ਤੇ ਫਿਰ ਚੁਪ ਚਾਪ ਉਠ ਕੇ ਇੱਕ ਪਾਸੇ ਨੂੰ ਤੁਰ ਗਿਆ। ਇਹ ਦ੍ਰਿਸ਼ ਵੇਖ ਕੇ ਉਸ ਮੁੰਡੇ ਦੀ ਹਾਲਤ ਉਤੇ ਤਰਸ ਤਾਂ ਆਇਆ ਪਰ ਇਸ ਹਾਲਤ ਦੀ ਗੰਭੀਰਤਾ ਦਾ ਖ਼ੁਦ ਨੂੰ ਤਜੱਰਬਾ ਨਾ ਹੋਣ ਕਰਕੇ, ਅਸਲੀਅਤ ਦਾ ਪੂਰਾ ਅਨੁਭਵ ਨਹੀ ਸੀ ਹੋਇਆ।
ਸਾਰੇ ਹੀ ਸੂਝਵਾਨ ਸੱਜਣ ਨਸ਼ੇ ਦੀ ਲਤ ਤੋਂ ਬਚਣ ਲਈ ਉਪਦੇਸ਼ ਦਿੰਦੇ ਹਨ ਤੇ ਮੈ ਵੀ ਉਹਨਾਂ ਵਿਚੋਂ ਇੱਕ ਹਾਂ। ਸਗੋਂ ਕਈ ਵਾਰ ਅਮਲੀਆਂ ਨੂੰ ਉਪਦੇਸ਼ ਦੇਣਾ ਵੀ ਆਪਣੇ ਫ਼ਰਜ਼ਾਂ ਵਿੱਚ ਸਮਝਿਆ ਕਰਦਾ ਸਾਂ। ਬਚਪਨ ਵਿੱਚ ਘਰੋਂ ਵੀ ਇਸ ਬਾਰੇ ਕੁੱਝ ਜਾਣਕਾਰੀ ਸੀ। ਨਿੱਕੇ ਬਾਪੂ ਜੀ (ਮੇਰੇ ਪੜਦਾਦਾ ਜੀ ਦੇ ਛੋਟੇ ਭਰਾ) ਅਫ਼ੀਮ ਖਾਇਆ ਕਰਦੇ ਸਨ ਪਰ ਇਹ ਉਹਨਾਂ ਦੀ ਆਦਤ ਤੋਂ ਪਰਵਾਰ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਸੀ ਕਰਨਾ ਪੈਂਦਾ। ਉਹ ਜਦੋਂ ਅੰਮ੍ਰਿਤਸਰ ਆਪਣੀ ਪੈਨਸ਼ਨ ਲੈਣ ਜਾਂਦੇ ਸਨ ਓਦੋਂ ਓਥੋਂ ਹੀ ਅਫ਼ੀਮ ਵੀ ਖ਼ਰੀਦ ਕੇ ਲੈ ਆਇਆ ਕਰਦੇ ਸਨ ਜਿਸ ਨੂੰ ਚਾਂਦੀ ਰੰਗੀ ਨਿੱਕੀ ਜਿਹੀ ਡੱਬੀ ਵਿੱਚ ਰੱਖਦੇ ਸਨ। ਸ਼ਾਇਦ ਇਹ ਗੱਲ ਦਿਲਚਸਪ ਲੱਗੇ ਕਿ ਸਾਡੇ ਨਿੱਕੇ ਜਿਹੇ ਪਿੰਡ ਵਿਚ, ਮੇਰੇ ਬਚਪਨ ਦੇ ਸਮੇ ਦੌਰਾਨ, ਤਿੰਨ ਬੰਦੇ ਹੀ ਅਫ਼ੀਮ ਖਾਂਦੇ ਸਨ ਤੇ ਉਹ ਤਿੰਨੇ ਹੀ ਛੜੇ ਅਤੇ ਸਾਬਕ ਫੌਜੀ ਸਨ ਪਰ ਤਿੰਨਾਂ ਤੋਂ ਹੀ ਪਿੰਡ ਵਾਸੀਆਂ ਨੂੰ ਕੋਈ ਸ਼ਿਕਾਇਤ ਨਹੀਂ ਸੀ, ਸਿਵਾਇ ਮੇਰੇ ਨਿੱਕੇ ਬਾਪੂ ਜੀ ਤੋਂ, ਜੋ ਕਿ ਕਦੀ ਕਦੀ ਗਾਹਲ਼ਾਂ ਦੇ ਖੁਲ੍ਹੇ ਗੱਫੇ ਵਰਤਾਉਣ ਦੇ ਆਦੀ ਸਨ ਤੇ ਉਹ ਵੀ, “ਅੰਨ੍ਹਾ ਵੰਡੇ ਸ਼ੀਰਨੀ, ਮੁੜ ਮੁੜ ਘਰਦਿਆਂ ਨੂੰ।” ਦੀ ਮਿਸਾਲ ਵਾਂਗ, ਆਮ ਕਰਕੇ ਘਰਦਿਆਂ ਨੂੰ ਹੀ ਵਰਤਾਉਂਦੇ ਸਨ।
੧੯੫੪ ਵਿੱਚ ਜਦੋਂ ਅਸੀਂ ਸ੍ਰੀ ਮੁਕਤਸਰ ਸਾਹਿਬ ਵਿੱਚ ਸਾਂ ਤੇ ਓਥੇ ਇੱਕ ਨਿਹੰਗ ਸਿੰਘਾਂ ਦੀ ਛਾਉਣੀ ਹੁੰਦੀ ਸੀ। ਨਿਹੰਗ ਸਿੰਘ ਆਪਣੇ ਧਰਮਸਥਾਨ ਨੂੰ ਗੁਰਦੁਆਰੇ ਦੀ ਬਜਾਇ ਛਾਉਣੀ ਆਖਦੇ ਹਨ। ਦੋ ਕੁ ਵਾਰ ਮੈਂ ਵੀ ਓਥੋਂ ‘ਸ਼ਹੀਦੀ ਦੇਗ ਦਾ ਛਾਂਦਾ’ ਲਾ ਲਿਆ ਸੀ। ਇੱਕ ਵਾਰ ਦੀ ਘਟਨਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਡੇਰਾ ਮਸਤਾਨ ਸਿੰਘ ਜੀ ਵਿੱਚ ਸ਼ਾਮ ਦੇ ਸਮੇ, ਸੂਰਮੇ ਬਜ਼ੁਰਗ ਸੰਤ ਗਿਆਨੀ ਸਰੋਵਰ ਸਿੰਘ ਜੀ, ‘ਨਾਨਕ ਪ੍ਰਕਾਸ਼’ ਦੀ ਕਥਾ ਕਰਿਆ ਕਰਦੇ ਸਨ ਅਤੇ ਕਥਾ ਸਮੇ ਮੈ ਉਸ ਗ੍ਰੰਥ ਦਾ ਪਾਠ ਕਰਿਆ ਕਰਦਾ ਸਾਂ। ਇੱਕ ਵਾਰ ਇਉਂ ਹੋਇਆ ਮੈ ਤੁਕ ਦਾ ਪਾਠ ਕਰਕੇ ਜਦੋਂ ਗਿਆਨੀ ਜੀ ਦੇ ਕਥਾ ਕਰਨ ਸਮੇ ਅਗਲੀ ਤੁਕ ਦੀ ਇੰਤਜ਼ਾਰ ਵਿੱਚ ਰੁਕਾਂ ਤਾਂ ਮੇਰੀ ਬਿਰਤੀ ਜੁੜ ਜਾਇਆ ਕਰੇ ਅਤੇ ਸੰਤ ਜੀ ਵੱਲੋਂ ਉਸ ਤੁਕ ਦੀ ਕਥਾ ਉਪ੍ਰੰਤ ਅਗਲੀ ਤੁਕ ਪੜ੍ਹਨ ਸਮੇ ਮੇਰੀ ‘ਸਮਾਧੀ’ ਲੱਗੀ ਹੋਈ ਹੋਣ ਕਰਕੇ, ਮੈ ਚੁੱਪ ਬੈਠਾ ਰਹਾਂ। ਇੱਕ ਦੋ ਵਾਰ ਅਜਿਹਾ ਹੋਣ ਤੇ ਅਖੀਰ ਸੰਤ ਜੀ ਅੱਕ ਕੇ ਆਂਹਦੇ, “ਓਇ, ਤੂੰ ਕਿਤੇ ਭੰਗ ਤਾਂ ਨਹੀਂ ਪੀਤੀ ਹੋਈ?” ਸੰਗਤ ਇਹ ਸੁਣ ਕੇ ਹਾਸਾ ਪੈ ਗਿਆ। ਮੈਂ ਉਸ ਸਮੇ ਸਵੀਕਾਰਿਆ ਤਾਂ ਨਹੀ ਸੀ ਪਰ ਸੰਤ ਜੀ ਦਾ ਇਹ ਸ਼ੰਕਾ ਸਹੀ ਹੀ ਸੀ।
ਮੇਰੇ ਦੁਆਰਾ, ਬ੍ਰਿਜਭਾਸ਼ਾ ਜਿਹੀ ਔਖੀ ਬੋਲੀ ਵਿੱਚ ਲਿਖੇ ਗਏ, ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਦੁਆਰਾ, ਗ੍ਰੰਥ ਦਾ ਸੰਗਤ ਵਿੱਚ ਕੇਵਲ ਪਾਠ ਕਰਨ ਕਰਕੇ ਹੀ ਮੈਨੂੰ ਮਲਵਈਆਂ ਵਿੱਚ ‘ਬਿੱਦਬਾਨ’ ਸਮਝਿਆ ਜਾਣ ਲੱਗ ਪਿਆ। ਖਾਸ ਕਰਕੇ ਬਜ਼ੁਰਗ ਬੀਬੀਆਂ ਤਾਂ ਖ਼ੁਸ਼ੀ ਪਰਗਰਟ ਕਰਿਆ ਕਰਦੀਆਂ ਤੇ ਕਈ ਤਾਂ ਇੱਕ ਦੂਜੀ ਨੂੰ ਹੈਰਾਨੀ ਭਰੇ ਲਹਿਜ਼ੇ ਵਿੱਚ ਇਉਂ ਵੀ ਆਖਿਆ ਕਰਦੀਆਂ ਸਨ, “ਨੀ, ਇਹ ਤਾਂ ਨਿੱਕਾ ਜਿਹਾ ਕਥਾ ਕਰਦਾ ਵਾ! ਇਉਂ ਲੱਗਦਾ ਜਿਵੇਂ ਇਹ ਢਿਡ ਵਿਚੋਂ ਹੀ ਪੜ੍ਹ ਕੇ ਆਇਆ ਹੋਵੇ।”
ਮੈ ਆਪਣੇ ਅਫ਼ੀਮ ਦੇ ਸਵਾਦ ਬਾਰੇ ਵੀ ਪਾਠਕਾਂ ਨੂੰ ਦੱਸ ਹੀ ਦੇਵਾਂ: ੧੯੭੨ ਦੀ ਪੰਜਾਬ ਅਸੈਂਬਲੀ ਦੀ ਚੋਣ ਸਮੇ, ਪਾਰਟੀ ਵੱਲੋਂ ਮੇਰੀ ਡਿਊਟੀ ਜਗਰਾਉਂ ਹਲਕੇ ਵਿੱਚ ਲੱਗ ਗਈ। ਦਲ ਵੱਲੋਂ ਚੋਣ ਸ. ਤਾਰਾ ਸਿੰਘ ਗੋਰਸੀਆਂ ਲੜ ਰਹੇ ਸਨ। ਉਹ ਪੇਂਡੂ ਪਿਛੋਕੜ ਅਤੇ ਸਿਆਸਤ ਵਿੱਚ ਨਵੇਂ ਹੋਣ ਕਰਕੇ, ਸਟੇਜੀ ਬੁਲਾਰੇ ਨਹੀਂ ਸਨ, ਇਸ ਲਈ ਚੋਣ ਜਲਸਿਆਂ ਵਿੱਚ ਅਸੀਂ ਦੋ ਹੀ ਬੁਲਾਰੇ ਸਾਂ। ਇੱਕ ‘ਪੰਥਕ ਕਵੀ’ ਸ੍ਰੀ ਵੀਰਿੰਦਰ ਕੁਮਾਰ ਬਾਗੀ ਅਤੇ ਦੂਜਾ ਮੈਂ। ਬਾਗੀ ਆਪਣੀਆਂ ਹਸੌਣੀਆਂ ਕਵਿਤਾਵਾਂ ਨਾਲ਼ ਭੀੜ ਇਕੱਠੀ ਕਰਦਾ ਸੀ ਤੇ ਮੈ ਉਸ ਭੀੜ ਦੀ ਮੱਤ ਆਪਣੇ ਭਾਸ਼ਨਾਂ ਨਾਲ਼ ਭੁਆਉਂਦਾ ਸਾਂ। ਬਾਗੀ ਜੀ ਤਾਂ ਸਮੇ ਦੇ ਮੁਤਾਬਿਕ, ਮੌਕੇ ਤੇ ਹੀ ਹਸਾਉਣੀ ਤੁਕਬੰਦੀ ਜੋੜ ਲਿਆ ਕਰਦੇ ਸਨ ਤੇ ਸਮਕਾਲੀ ਕਾਂਗਰਸੀ ਲੀਡਰਾਂ ਦੇ ਕਾਰਨਾਮਿਆਂ ਤੇ ਚੰਗਾ ਤਵਾ ਲਾਇਆ ਕਰਦੇ ਸਨ। ਉਹਨਾਂ ਦੀਆਂ ਅਜਿਹੀਆਂ ਤੁਕਬੰਦੀਆਂ ਉਹਨੀਂ ਦਿਨੀਂ ਬੜੀਆਂ ਪ੍ਰਸਿਧ ਹੁੰਦੀਆਂ ਸਨ:
ਇਸ ਕਾਂਗਰਸ ਮੇਂ ਸਭ ਚੋਰ ਚੋਰ
ਕੋਈ ਨਿੱਕਾ ਚੋਰ ਕੋਈ ਵਡਾ ਚੋਰ
ਕੋਈ ਚਿੱਟਾ ਚੋਰ ਕੋਈ ਕਾਲ਼ਾ ਚੋਰ
ਫਿਰ ਕਿਸੇ ਮੌਕੇ ਦੇ ਪ੍ਰਸਿਧ ਕਾਂਗਰਸੀ ਦਾ ਨਾਂ ਲੈ ਕੇ ਆਖਣਾ:
…. . ਸਿੰਘ ਦਾ ਸਾਲ਼ਾ ਚੋਰ।
ਚੋਰਾਂ ਦੀ ਇੱਕ ਭਰਜਾਈ ਏ
ਨਾ ਉਸ ਦਾ ਹੈ …. ਕੌਰ।
ਇਕ ਹੋਰ ਕਵਿਤਾ ਵੀ ਹੁੰਦੀ ਸੀ:
ਖਾਣ ਤੇ ਟੈਕਸ ਪੀਣ ਤੇ ਟੈਕਸ
ਮਰਨ ਤੇ ਟੈਕਸ ਜਣਿ ਤੇ ਟੈਕਸ
ਕਣਕ ਤੇ ਟੈਕਸ ਕਪਾਹ ਤੇ ਟੈਕਸ
ਹੁਣ ਲਾਉਣਾ ਏਂ ਚੁਲ੍ਹਿਆਂ ਦੀ ਸਵਾਹ ਤੇ ਟੈਕਸ
ਇਕ ਹੋਰ ਕਵਿਤਾ ਵੀ ਹੁੰਦੀ ਸੀ:
ਲੁੱਟ ਤੇ ਲੁੱਟ ਮਚਾਈ ਚੱਲੋ
ਅੱਖੀਂ ਘੱਟਾ ਪਾਈ ਚੱਲੋ
ਇਕ ਇੱਕ ਦਿਨ ਵਿੱਚ ਕਈ ਕਈ ਜਲਸਿਆਂ ਨੂੰ ਸੰਬੋਧਨ ਕਰਨਾ ਹੁੰਦਾ ਸੀ। ਇੱਕ ਦਿਨ ਮੈ ਕੁੱਝ ਖ਼ੁਦ ਨੂੰ ਢਿੱਲਾ ਜਿਹਾ ਮਹਿਸੂਸ ਕੀਤਾ ਤੇ ਸੋਚਿਆ ਕਿ ਸ਼ਾਇਦ ਅਗਲੇ ਜਲਸੇ ਵਿੱਚ ਮੈ ਨਾ ਬੋਲ ਸਕਾਂ। ਅਜਿਹਾ ਹੁੰਦਾ ਤਾਂ ਭਾਸ਼ਨ ਸਮੇ ਸ੍ਰੋਤਿਆਂ ਦੀ ਆਸ ਉਪਰ ਪੂਰਾ ਨਹੀਂ ਸੀ ਉਤਰਿਆ ਜਾਣਾ। ਇਸ ਹਾਲਤ ਦਾ ਜ਼ਿਕਰ ਮੈਂ ਇੱਕ ਪਿੰਡ ਦੇ ਸਰਪੰਚ ਨਾਲ਼ ਕਰ ਦਿਤਾ। ਉਸ ਨੇ ਆਖਿਆ, “ਲੈ ਇਹ ਕੇਹੜੀ ਵੱਡੀ ਗੱਲ ਹੈ!” ਆਪਣੇ ਇੱਕ ਸਾਥੀ ਤੋਂ ਪਾਣੀ ਮੰਗਵਾਇਆ। ਕਾਲ਼ੀ ਨਾਗਣੀ ਦੀ ਨਿੱਕੀ ਜੇਹੀ ਗੋਲ਼ੀ ਮੇਰੇ ਹੱਥ ਤੇ ਰੱਖੀ ਤੇ ਪਾਣੀ ਦਾ ਕੌਲਾ ਮੇਰੇ ਹੱਥ ਫੜਾ ਕੇ ਆਖਿਆ, “ਲੈ ਓਇ ਅਕਾਲੀ ਅੰਬਰਸਰੀਆ, ਲੈ ਰੱਬ ਦਾ ਨਾਂ ਤੇ ਨਿਗਲ਼ ਜਾਹ ਵਾਹਿਗੁਰੂ ਕਹਿ ਕੇ। ਫਿਰ ਵੇਖੀ ਕਿਵੇਂ ਤੇਰੀ ਤਕਰੀਰ ਜੰਮਦੀ ਆ!” ਮੈ ਉਸ ਦੀ ਹਿਦਾਇਤ ਅਨੁਾਸਾਰ ਪਾਣੀ ਨਾਲ਼ ਗੋਲ਼ੀ ਨਿਗਲ਼ ਲਈ ਪਰ ਉਸ ਨੇ ਪਹਿਲਾਂ ਨਾਲ਼ੋਂ ਵੀ ਮੇਰਾ ਭੱਠਾ ਬਿਠਾ ਦਿਤਾ। ਮੇਰੀਆਂ ਰਗਾਂ ਫੜੀਆਂ ਗਈਆਂ ਤੇ ਮਸਾਂ ਹੀ ਆਪਣਾ ਭਾਸ਼ਨ ਪੂਰਾ ਕਰ ਸਕਿਆ। ਇਹ ਵੀ ਚੰਗਾ ਹੀ ਹੋਇਆ ਨਹੀਂ ਤਾਂ ਹੋ ਸਕਦਾ ਸੀ ਉਸ ਰਾਹੀਂ ਬਣੇ ਚੰਗੇ ਅਸਰ ਕਾਰਨ ਮੈਂ ਉਸ ਦਾ ਆਦੀ ਹੀ ਹੋ ਜਾਂਦਾ!
ਦੂਜਾ ਕੌੜਾ ਤਜੱਰਬਾ ਇਸ ਕਾਲ਼ੇ ਮੂੰਹ ਵਾਲੀ ਨਾਲ਼ ਆਪਣੀ ੨੦੦੪ ਵਾਲ਼ੀ ਯੂਰਪ ਦੀ ਯਾਤਰਾ ਦੌਰਾਨ ਹੋਇਆ। ਇੱਕ ਸੱਜਣ ਦੇ ਘਰ ਠਹਿਰਿਆ ਹੋਇਆ ਸਾਂ। ਉਹ ਇਸ ਕਲਮੂਹੀਂ ਦਾ ਆਦੀ ਸੀ। ਮੈਨੂੰ ਵੀ ਉਸ ਨੇ ਆਪਣੇ ਨਾਲ਼ ਸ਼ਾਮਲ ਕਰਨ ਲਈ, ਇਸ ਦੇ ਬਹੁਤ ਸਾਰੇ ਲਾਭਾਂ ਦਾ ਵਖਾਣ ਕਰਕੇ, ਇੱਕ ਗੋਲ਼ੀ ਦੇ ਦਿਤੀ। ਮੇਰੇ ਤਾਂ ਬੰਨ੍ਹ ਹੀ ਪੈ ਗਿਆ ਤੇ ਦੋ ਚਾਰ ਦਿਨ ਬਾਥਰੂਮ ਵਿੱਚ ਬੈਠ ਬੈਠ ਕੇ ਉਂਜ ਹੀ ਉਠ ਆਉਣਾ। ਤਾਂ ਹੀ ਤਾਂ ਗੁਰਬਾਣੀ ਸਾਨੂੰ ਵਾਰ ਵਾਰ ਸਾਵਧਾਨ ਕਰਦੀ ਹੈ ਕਿ ਚੰਗੇ ਪੁਰਸ਼ਾਂ ਦੀ ਸੰਗਤ ਹੀ ਕਰਨੀ ਚਾਹੀਦੀ ਹੈ ਤੇ ਮਾੜੇ ਪਾਸੇ ਤੋਰਨ ਵਾਲ਼ਿਆਂ ਦੀ ਨਹੀਂ। ਗੁਰਬਾਣੀ ਦਾ ਫੁਰਮਾਨ ਹੈ:
ਸਤੀ ਪਹਿਰੀ ਸਤੁ ਭਲਾ ਬਹੀਐ ਪੜਿਆ ਪਾਸਿ॥
ਕਿਉਂਕਿ:
ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ॥ (ਪੰਨਾ ੧੪੬)

ਕਬੀਰ ਜੀ ਤਾਂ ਏਥੋਂ ਤੱਕ ਵੀ ਆਖਦੇ ਨੇ:
ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ॥
ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ॥ ੧੩੧॥ (ਪੰਨਾ ੧੩੭੧)
ਸੱਚ ਹੈ ਕਿ ਜੇ ਅਸੀਂ ਅਮਲੀ ਕੋਲ਼ ਬੈਠਾਂਗੇ ਤਾਂ ਉਹ ਅਮਲ ਦੀਆਂ ਸਿਫ਼ਤਾਂ ਦੇ ਪੁਲ਼ ਬੰਨ੍ਹੇਗਾ। ਵਕੀਲ ਕੋਲ਼ ਬੈਠਾਂਗੇ ਤਾਂ ਉਹ ਸਾਨੂੰ ਕਾਨੂੰਨੀ ਨੁਕਤੇ ਸਮਝਾ ਸਮਝਾ ਕੇ ਕਚਹਿਰੀਆਂ ਦੇ ਚੱਕਰ ਵਿੱਚ ਪਾਏਗਾ। ਏਸੇ ਤਰ੍ਹਾਂ ਡਾਕੂ, ਚੋਰ, ਜਾਰ, ਠੱਗ, ਜੇਬ ਕਤਰਾ, ਫਿਰਕਾ ਪ੍ਰਸਤ, ਦੰਗੇਬਾਜ ਆਦਿ ਆਪੋ ਆਪਣੇ ਕਸਬਾਂ ਤੇ ਕਰਤਬਾਂ ਦੀ ਕਥਾ ਸੁਣਾ ਸੁਣਾ ਕੇ ਸਾਨੂੰ ਉਸ ਪਾਸੇ ਵੱਲ ਉਤਸ਼ਾਹਤ ਕਰਨਗੇ। ਸੰਗਤ ਦੀ ਰੰਗਤ ਮਨੁਖ ਨੂੰ ਲਗ ਹੀ ਜਾਂਦੀ ਹੈ। ਚੌਥੇ ਪਾਤਿਸ਼ਾਹ ਆਖਦੇ ਨੇ:
ਸੰਗਤਿ ਕਾ ਗੁਨੁ ਬਹੁਤੁ ਅਧਿਕਾਈ
ਪੜਿ ਸੂਆ ਗਨਿਕ ਉਧਾਰੇ॥ (ਪੰਨਾ ੯੮੧)
ਆਖਰ, “ਭਲਾ ਹੋਇਆ ਲੜ ਪਹਿਲੇ ਛੁੱਟਾ, ਮੇਰੀ ਉਮਰ ਨਾ ਬੀਤੀ ਸਾਰੀ”। ਅਨੁਸਾਰ, ਮੇਰੇ ਲਈ ਚੰਗਾ ਹੀ ਹੋਇਆ ਕਿ ਕਾਲ਼ੇ ਮੂੰਹ ਵਾਲ਼ੀ ਦਾ, ਅਮਲੀਆਂ ਦੇ ਦੱਸਣ ਅਨੁਸਾਰ ਚੰਗਾ ਅਸਰ ਨਾ ਹੋਇਆ।
ਗੱਲ ਤਾਂ ਚੱਲੀ ਸੀ ਨਸ਼ਿਆਂ ਦੀ। ਨਸ਼ਿਆਂ ਦੀ ਨਿਖੇਧੀ, ਕੁੱਝ ਕੁ ਨੂੰ ਛੱਡ ਕੇ ਸ਼ਾਇਦ ਸਾਰੇ ਧਰਮਾਂ ਦੀ ਸਿੱਖਿਆ ਵਿੱਚ ਹੋਵੇ ਪਰ ਸਿਖ ਵਾਸਤੇ ਤਾਂ ਰਹਿਤਨਾਮੇ ਅਨੁਸਾਰ, “ਸਿੱਖ ਅਮਲ ਪ੍ਰਸਾਦੇ ਦਾ ਰੱਖੇ॥” ਆਖ ਕੇ ਗੁਰੂ ਸਾਹਿਬਾਨ ਨੇ, ਆਪਣੇ ਸਿੱਖਾਂ ਨੂੰ ਹਰ ਪ੍ਰਕਾਰ ਦੇ ਨਸ਼ੇ ਤੋਂ ਵਰਜਤ ਕੀਤਾ ਹੈ। ਸ਼ਰਾਬ ਬਾਰੇ ਵੀ ਰਹਿਤਨਾਮੇ ਦੀ ਸਿੱਿਖਆ ਹੈ, “ਗੁਰੂ ਕਾ ਸਿਖ ਸ਼ਰਾਬ ਕਭੀ ਨ ਪੀਵੇ॥” ਆਖ ਕੇ ਵਰਜਿਆ ਗਿਆ ਹੈ। ਤਮਾਕੂ ਵਰਗੇ ਧੀਮੇ ਪਰ ਅਤੀ ਮਾਰੂ ਨਸ਼ੇ ਬਾਰੇ ਤਾਂ ਗੁਰੂ ਸਾਹਿਬਾਨ ਵੱਲੋਂ ਮਨਾਹੀ ਦਾ ਹੁਕਮ ਹੈ ਅਤੇ ਦਸਮ ਪਾਤਿਸ਼ਾਹ ਵੱਲੋਂ ਤਾਂ ਇਸ ਦੀ ਵਰਤੋਂ ਕਰਨ ਵਾਲ਼ੇ ਸਿੱਖ ਨੂੰ ਸਿੱਖੀ ਤੋਂ ਪਤਿਤ ਕਰਾਰ ਦਿਤਾ ਗਿਆ ਹੈ।
ਇਹ ਤਾਂ ਬਹੁਤ ਪੁਰਾਣੀਆਂ ਗੱਲਾਂ ਰਹਿ ਗਈਆਂ ਜਦੋਂ ਭੰਗ, ਅਫ਼ੀਮ, ਸ਼ਰਾਬ, ਧਤੂਰਾ, ਤਮਾਕੂ ਆਦਿ ਨਸ਼ੇ ਜਾਣੇ ਤੇ ਸਮਝੇ ਜਾਂਦੇ ਹੋਣ ਕਰਕੇ, ਇਹਨਾਂ ਦੀ ਵਰਤੋਂ ਕਰਨ ਵਾਲ਼ੇ ਨੂੰ ਭਾਈਚਾਰੇ ਵਿੱਚ ਚੰਗੀ ਨਜ਼ਰ ਨਾਲ਼ ਨਹੀਂ ਸੀ ਵੇਖਿਆ ਜਾਂਦਾ। ਹੁਣ ਤਾਂ ਪਤਾ ਨਹੀ ਕਿੰਨੇ ਪ੍ਰਕਾਰ ਦੇ ਨਸ਼ੇ ਆ ਗਏ ਹਨ! ਆਪਣੀ ੧੯੭੮ ਵਾਲ਼ੀ ਪੱਛਮੀ ਦੇਸਾਂ ਦੀ ਯਾਤਰਾ ਸਮੇ ਇੱਕ ਅਮ੍ਰੀਕਨ ਸਜੀ ਸਿੰਘਣੀ ਨਾਲ਼ ਵਿਚਾਰ ਕਰਦਿਆਂ ਮੈਂ ਆਪਣੀ ਅਣਜਾਣਤਾ ਵੱਸ ਉਸ ਨੂੰ ਪੁੱਛ ਬੈਠਾ ਕਿ ਜਦੋਂ ਸ਼ਰਾਬ, ਤਮਾਕੂ ਆਦਿ ਨਸ਼ੇ ਪੱਛਮੀ ਸਮਾਜ ਵਿੱਚ ਖੁਲ੍ਹੇ ਤੌਰ ਤੇ ਵਰਤੇ ਜਾਂਦੇ ਹਨ ਤਾਂ ਲੋਕ ਕਿਉਂ ਹੋਰ ਤਰ੍ਹਾਂ ਦੇ ਮਹਿੰਗੇ ਤੇ ਗੈਰ ਕਾਨੂੰਨੀ ਨਸ਼ੇ ਕਰਨ ਦਾ ਖ਼ਤਰਾ ਸਹੇੜਦੇ ਹਨ! ਉਸ ਬੀਬੀ ਨੇ ਦੱਸਿਆ ਕਿ ਇਹ ਨਸ਼ੇ ਤਾਂ ਉਹ ਆਪਣੀ ਮਾਂ ਦੇ ਪੇਟੋਂ ਹੀ ਕਰਦੇ ਆ ਰਹੇ ਹੁੰਦੇ ਹਨ। ਬਾਹਰ ਆ ਕੇ ਤਾਂ ਨਸ਼ੱਈ ਹੋਣ ਲਈ ਉਹਨਾਂ ਨੂੰ ਬਹੁਤ ਤਿੱਖੇ ਨਸ਼ਿਆਂ ਦੀ ਲੋੜ ਹੁੰਦੀ ਹੈ।
ਹੁਣ ਮੈਂ ਆਪਣੀ ਗੱਲ ਕਰ ਲਵਾਂ। ਏਥੇ ਸਿਡਨੀ ਵਿਚ, ੧੯੮੩ ਦੀ ਦੀਵਾਲੀ ਸਮੇ ਮੈਨੂੰ ਵੀ ਮਾਊਂਟ ਡਰੂਟ ਹਸਪਤਾਲ ਦਾਖਲ ਹੋਣਾ ਪਿਆ। ਇਹ ਦਾਖਲਾ ਮੈਨੂੰ ਮੇਰੇ ਹਮਦਰਦ ਮਿਤਰ ਡਾ. ਨਰਿੰਦਰ ਪਾਲ ਸਿੰਘ ਜੀ ਦੀ ਸਿਫ਼ਾਰਸ਼ ਨਾਲ਼ ਮਿਲ਼ਿਆ। ਓਥੇ ਦਾਖਲੇ ਸਮੇ ਆਸਟ੍ਰੇਲੀਅਨ ਗੋਰੇ ਡਾਕਟਰ ਨੇ ਮੈਨੂੰ ਕੋਈ ਚਿੱਟੇ ਰੰਗ ਦੀ ਦਵਾਈ ਲਾ ਦਿਤੀ ਤੇ ਵਾਹਵਾ ਸਾਰੀਆਂ ਗੋਲ਼ੀਆਂ ਦਿਨ ਵਿੱਚ ਤਿੰਨ ਵਾਰ ਖਾਣ ਲਈ ਹਿਦਾਇਤ ਕਰ ਦਿਤੀ। ਮੈਨੂੰ ਤਾਂ ਇਉਂ ਮਹਿਸੂਸ ਹੋਵੇ ਕਿ ਜਿਵੇਂ ਮੈ ਆਕਾਸ਼ ਵਿੱਚ ਉਡਦਾ ਹਾਂ। ਪਹਾੜ ਨੂੰ ਟੱਕਰ ਮਾਰਾਂ ਤੇ ਤੋੜ ਕੇ ਰੱਖ ਦਿਆਂ। ਮੇਰੇ ਸਾਹਮਣੇ ਦੁਨੀਆ ਦੀ ਕੋਈ ਸ਼ਕਤੀ ਨਹੀਂ ਅੜ ਸਕਦੀ। ਮੈ ਮਨ ਹੀ ਮਨ ਸੋਚਦਾ ਸਾਂ ਕਿ ਛੋਟੇ ਜਿਹੇ ਉਪ੍ਰੇਸ਼ਨ ਦੌਰਾਨ ਡਾਕਟਰਾਂ ਪਾਸੋਂ ਮੇਰੇ ਅੰਦਰ ਦੀ ਕੋਈ ਨਾੜ ਗ਼ਲਤੀ ਨਾਲ ਗ਼ਲਤ ਪਾਸੇ ਜੁੜ ਗਈ ਹੈ ਜਿਸ ਸਦਕਾ ਮੇਰੇ ਅੰਦਰ ਅਣਜਾਣੇ ਹੀ ਕੋਈ ਕਰਾਮਾਤ ਪੈਦਾ ਹੋ ਗਈ ਹੈ। ਕੁੱਝ ਦਿਨ ਅਜਿਹੀ ਅਵੱਸਥਾ ਰਹੀ। ਇੱਕ ਗੁਰਦੁਆਰਾ ਸਾਹਿਬ ਵਿਖੇ ਹਫ਼ਤਾਵਾਰੀ ਦੀਵਾਨ ਉਪ੍ਰੰਤ, ਮੈਨੂੰ ਹਸਪਤਾਲ ਭੇਜਣ ਵਾਲ਼ੇ ਡਾਕਟਰ ਸਾਹਿਬ ਜੀ ਦੀ ਪਤਨੀ, ਬੀਬੀ ਚਾਂਦ ਸਿੰਘ ਜੀ, ਜੋ ਕਿ ਖ਼ੁਦ ਵੀ ਸਫ਼ਲ ਡਾਕਟਰ ਹਨ ਅਤੇ ਉਹਨਾਂ ਨੂੰ ਮੇਰੇ ਹਸਪਤਾਲ ਜਾਣ ਦਾ ਪਤਾ ਸੀ, ਪੁੱਛਣ ਲੱਗੇ, “ਭਰਾ ਜੀ, ਹੁਣ ਕੀ ਹਾਲ ਹੈ ਤੁਹਾਡਾ?” ਮੈ ਬੜੇ ਖ਼ੁਸ਼ੀ ਭਰੇ ਸ਼ਬਦਾਂ ਵਿੱਚ ਆਪਣੀ `ਚੜ੍ਹਦੀਕਲਾ’ ਵਾਲ਼ੀ ਹਾਲਤ ਬਿਆਨ ਕਰ ਦਿਤੀ। ਉਹ ਮੇਰੇ ਪਾਸੋਂ ਚੁਪ ਚਾਪ ਚਲੇ ਗਏ ਤੇ ਡਾਕਟਰ ਸਾਹਿਬ ਨੂੰ ਬੁਲਾ ਲਿਆਏ। ਡਾਕਟਰ ਜੀ ਨੇ ਆ ਕੇ ਮੈਨੂੰ ਪੁੱਛਿਆ ਕਿ ਮੈ ਦਵਾਈ ਕੇਹੜੀ ਖਾਨਾ। ਮੈ ਜਦੋਂ ਡਾਕਟਰ ਜੀ ਨੂੰ ਦਵਾਈ ਵਿਖਾਈ ਤਾਂ ਉਹ ਕਹਿਣ ਲੱਗੇ, “ਇਹ ਦਵਾਈ ਤੁਹਾਨੂੰ ਉਡਾਉਂਦੀ ਹੈ। ਇਸ ਦਾ ਤੁਹਾਨੂੰ ਨਸ਼ਾ ਲੱਗ ਜਾਵੇਗਾ ਜਿਸ ਤੋਂ ਫਿਰ ਖਹਿੜਾ ਨਹੀਂ ਛੁਡਾਇਆ ਜਾ ਸਕੇਗਾ। ਉਸ ਡਾਕਟਰ ਨਾਲ਼ ਸਲਾਹ ਕਰਕੇ ਇਸ ਨੂੰ ਜਿੰਨੀ ਛੇਤੀ ਹੋਵੇ, ਛੱਡਣ ਦਾ ਉਪਰਾਲਾ ਕਰੋ।”
ਡਾਕਟਰ ਜੀ ਦੇ ਮੂੰਹੋਂ ਇਹ ਸੁਣ ਕੇ ਮੇਰੀ ਤਾਂ ਖਾਨਿਉਂ ਗਈ! ਮੈਨੂੰ ਫਿਕਰ ਲੱਗ ਗਿਆ ਕਿ ਕਿਤੇ ਮੈਂ ਡਰੱਗੀ ਹੀ ਨਾ ਹੋ ਜਾਵਾਂ! ਮੈ ਫੌਰਨ ਹੀ ਇਹ ਦਵਾਈ ਪ੍ਰਿਸਕਰਾਈਬ ਕਰਨ ਵਾਲੇ ਡਾਕਟਰ ਨੂੰ ਰਿੰਗ ਮਾਰਿਆ ਅਤੇ ਇਸ ਦਵਾਈ ਦੇ ਨਸ਼ੇ ਦਾ ਅਮਲੀ ਬਣ ਜਾਣ ਦਾ ਡਰ ਦੱਸ ਕੇ, ਇਸ ਤੋਂ ਖਹਿੜਾ ਛੁਡਾਉਣ ਲਈ ਆਖਿਆ। ਡਾਕਟਰ ਨੇ ਅੱਗੋਂ ਕਿਹਾ ਕਿ ਅਜੇ ਨਹੀ ਚਾਰ ਕੁ ਹਫ਼ਤਿਆਂ ਪਿੱਛੋਂ ਏਨੀ ਮਾਤਰਾ ਵਿੱਚ ਘਟਾਉਣੀ ਸ਼ੁਰੂ ਕਰਨੀ ਹੈ ਪਰ ਮੈ ਤਾਂ ਉਸ ਦਿਨ ਤੋਂ ਘਟਾਉਣੀ ਸ਼ੁਰੂ ਕਰ ਦਿਤੀ ਤੇ ਜਿੰਨੀ ਮਾਤਰਾ ਵਿੱਚ ਉਸ ਨੇ ਘਟਾਉਣ ਲਈ ਕਿਹਾ ਸੀ ਉਸ ਤੋਂ ਦੁੱਗਣੀ ਘਟਾਉਣੀ ਸ਼ੁਰੂ ਕਰ ਦਿਤੀ। ਮੈ ਹੀ ਜਾਣਦਾ ਹਾਂ ਉਸ ਫਰਕ ਨੂੰ। ਇਉਂ ਜਾਪੇ ਜਿਵੇਂ ਮੈ ਸਵੱਰਗ ਤੋਂ ਨਰਕ ਵਿੱਚ ਆ ਡਿੱਗਾ ਹਾਂ। ਮੈਂ ਮੂਹੋਂ ਮੂੰਹੀਂ ਸੱਜਣਾਂ ਤੇ ਪਰਵਾਰ ਦੇ ਸਾਹਮਣੇ ਅੱਖਾਂ ਵਿੱਚ ਪਾਣੀ ਭਰ ਕੇ ਆਖਿਆ ਕਰਾਂ ਕਿ ਅਜਿਹੇ ਦਸ ਸਾਲਾਂ ਦੀ ਜ਼ਿੰਦਗੀ ਨਾਲ਼ੋਂ ਤਾਂ ਉਹ ਦਸ ਦਿਨ ਦੀ ਚੰਗੀ। ਨਾ ਕੁੱਝ ਖਾਣ ਨੂ ਜੀ ਕਰੇ ਨਾ ਕੁੱਝ ਕਰਨ ਨੂੰ। ਕਦੀ ਡੌਲ਼ਿਆਂ ਵਿੱਚ ਪੀੜ ਕਈ ਬਾਹਵਾਂ ਵਿਚ, ਕਦੀ ਲੱਤਾਂ ਵਿੱਚ ਤੇ ਕਦੀ ਕਿਸੇ ਹੋਰ ਥਾਂ। ਅੱਖਾਂ ਵਿੱਚ ਪਾਣੀ ਭਰਿਆ ਰਹਿਣਾ। ਉਸ ਦੌਰਾਨ ਚੇਤਾ ਆਇਆ ਛੇਵੇਂ ਦਹਾਕੇ ਦੇ ਪਿਛਲੇ ਅਤੇ ਸੱਤਵੇਂ ਦਹਾਕੇ ਦੇ ਪਹਿਲੇ ਸਾਲਾਂ ਦਾ। ਸਾਡਾ ਇੱਕ ਮਿੱਤਰ ਹੁੰਦਾ ਸੀ ਸ. ਦਰਸ਼ਨ ਸਿੰਘ ਮਜਬੂਰ। ਉਹ ਬਹੁਤ ਹੀ ਚੜ੍ਹਦੀਕਲਾ ਵਾਲ਼ਾ ਸੱਜਣ ਸੀ ਪਰ ਫਿਰ ਬਹੁਤ ਚਿਰ ਪਿੱਛੋਂ ਸਮਝ ਆਈ ਕਿ ਉਸ ਦੀ ਦਲੇਰੀ ਪਿੱਛੇ ਰਾਜ਼ ਕੀ ਸੀ। ਕਦੀ ਕਦੀ ਉਸ ਨੇ ਸਾਰਿਆਂ ਨੂੰ ਖਿਝ ਖਿਝ ਪੈਣਾ। ਅੰਗਾਂ ਵਿੱਚ ਪੀੜ ਹੋਣ ਦੀ ਸ਼ਿਕਾਇਤ ਕਰਨੀ। ਫਿਰ ਸਾਡੇ ਨਾਲ਼ ਰੁੱਸ ਕੇ ਕਿਧਰੇ ਚਲੇ ਜਾਣਾ ਤੇ ਕੁੱਝ ਸਮੇ ਪਿੱਛੋਂ ਪ੍ਰਸੰਨ ਹੋਏ ਹੋਏ ਨੇ ਸਾਡੇ ਵਿੱਚ ਆ ਕੇ ਪਹਿਲਾਂ ਵਾਂਗ ਹੀ ਖ਼ੁਦ ਪ੍ਰਸੰਨ ਹੋਣ ਦੇ ਨਾਲ਼ ਸਾਨੂੰ ਵੀ ਸਾਰਿਆਂ ਨੂੰ ਪ੍ਰਸੰਨ ਕਰ ਦੇਣਾ। ਮੈਨੂੰ ਇਸ ਗੱਲ ਦੀ ਸਮਝ ਨਹੀ ਸੀ। ਸਾਂਝੇ ਮਿੱਤਰ ਸ. ਅਜੀਤ ਸਿੰਘ ਮੌਲਵੀ ਨੇ ਆਖਣਾ ਕਿ ਇਹ ਨਸ਼ੇ ਦਾ ਆਦੀ ਹੈ ਤੇ ਤੋਟ ਸਮੇ ਇਸ ਤਰ੍ਹਾਂ ਕਰਦਾ ਹੈ। ਮੈਂ ਸੁਣ ਲੈਣਾ ਪਰ ਇਸ ਗੱਲ ਨੂੰ ਗੰਭੀਰਤਾ ਨਾਲ਼ ਨਾ ਲੈਣਾ।
ਮੌਲਵੀ ਜੀ ਦਾ ਜ਼ਿਕਰ ਆਉਣ ਤੇ ਇੱਕ ਹੋਰ ਗੱਲ ਚੇਤੇ ਆ ਗਈ। ਸਾਡੇ ਤੋਂ ਪਹਿਲੀ ਪੀਹੜੀ ਦਾ, ਸ਼੍ਰੋਮਣੀ ਕਮੇਟੀ ਵਿੱਚ ਇੱਕ ਬੜਾ ਕਾਮਯਾਬ ਸਟੇਜੀ ਬੁਲਾਰਾ ਹੁੰਦਾ ਸੀ। ਉਹ ਅਫ਼ੀਮ ਦਾ ਅਮਲੀ ਸੀ। ਇਸ ਗੱਲ ਤੋਂ ਉਸ ਨੇ ਅਕਸਰ ਪ੍ਰੇਸ਼ਾਨ ਰਹਿਣਾ ਕਿ ਅਕਾਲੀ ਦਲ ਦੀਆਂ ਸਟੇਜਾਂ ਤੇ ਸਰਕਾਰ ਦੇ ਖ਼ਿਲਾਫ਼ ਭਾਸ਼ਨ ਕਰਨੇ ਹੁੰਦੇ ਨੇ ਤੇ ਇਸ ਕਰਕੇ ਜੇਹਲ ਜਾਣ ਤੇ ਓਥੇ ਨਸ਼ਾ ਨਾ ਮਿਲਣ ਕਾਰਨ ਮੁਸ਼ਕਲ ਹੋ ਸਕਦੀ ਹੈ। (ਸ਼ਾਇਦ ਉਸ ਸਮੇ ਅੱਜ ਵਾਂਗ ਜੇਹਲਾਂ ਵਿੱਚ ਹਰ ਵਸਤੂ ਮਿਲ਼ ਸਕਣ ਦੀ ਸਹੂਲਤ ਨਾ ਹੁੰਦੀ ਹੋਵੇ!) ਇਹ ਵੀ ਯਾਦ ਰਹੇ ਕਿ ਅੱਜ ਵਾਂਗ ਓਦੋਂ ਅਕਾਲੀ ਦਲ ਸਰਕਾਰੀ ਪਾਰਟੀ ਨਾ ਹੋ ਕੇ ਵਿਰੋਧੀ ਪਾਰਟੀ ਹੁੰਦਾ ਸੀ ਤੇ ਆਏ ਦਿਨ ਸਰਕਾਰ ਦੇ ਖ਼ਿਲਾਫ਼ ਕੋਈ ਨਾ ਕੋਈ ਮੋਰਚਾ ਵਿੱਢੀ ਹੀ ਰੱਖਦਾ ਸੀ; ਇਸ ਲਈ ਇਸ ਦੇ ਵਰਕਰਾਂ ਤੇ ਪ੍ਰਚਾਰਕਾਂ ਨੂੰ ਜੇਹਲੀਂ ਜਾਣ ਦਾ ਸਬੱਬ ਬਣਦਾ ਹੀ ਰਹਿੰਦਾ ਸੀ। ਫਿਰ ਅਜਿਹਾ ਸਮਾ ਵੀ ਆਇਆ ਜਦੋਂ ਕਦੀ ਅਕਾਲੀਆਂ ਦੀ ਵਿੰਗ ਤੜਿੰਗੀ ਜਿਹੀ ਸਰਕਾਰ ਬਣ ਜਾਣੀ ਤੇ ਕਦੀ ਕੇਂਦਰ ਦੀ ਕਾਂਗਰਸ ਸਰਕਾਰ ਨੇ ਕਿਸੇ ਨਾ ਕਿਸੇ ਬਹਾਨੇ ਇਹ ਤੋੜ ਦੇਣੀ। ਅਜਿਹੇ ਦੌਰ ਦੌਰਾਨ ਦੋ ਗਵਾਂਢਣਾਂ ਆਪਸ ਵਿੱਚ ਲੜ ਪਈਆਂ। ਬੰਦਿਆਂ ਵਾਂਗ ਉਹਨਾਂ ਨੇ ਮਾਵਾਂ ਭੈਣਾਂ ਦੀ ਯਹੀ ਤਹੀ ਤਾਂ ਫੇਰਨੀ ਨਹੀਂ ਸੀ। ਕੁੱਝ ਨਰਮ ਨਰਮ ਜਿਹੀਆਂ ਬੀਬੀਆਂ ਵਾਲ਼ੀਆਂ ਗਾਹਲ਼ਾਂ ਤੇ ਮੇਹਣੇ ਇੱਕ ਦੂਜੀ ਨੂੰ ਦੇਣ ਲੱਗੀਆਂ। ਇੱਕ ਖਿਝ ਕੇ ਆਂਹਦੀ, “ਨੀ, ਤੇਰਾ ਖਸਮ ਮਰ ਜਾਵੇ! ਰੱਬ ਕਰਕੇ ਤੂੰ ਰੰਡੀ ਹੋ ਜਾਵੇਂ!” ਦੂਜੀ ਜਵਾਬ ਵਿੱਚ ਆਂਹਦੀ, “ਨੀ ਰੱਬ ਕਰੇ, ਤੇਰਾ ਘਰ ਵਾਲ਼ਾ ‘ਕਾਲੀ ਹੋ ਜੇ!” ਕਿਸੇ ਸਿਆਣੇ ਬੰਦੇ ਨੇ ਲਾਗੋਂ ਆਖਿਆ, “ਬੀਬੀ, ਤੂੰ ਇਹ ਕੀ ਗੱਲ ਕੀਤੀ! ਲੜਾਈ ਵਿੱਚ ਤਾਂ ਨਹਿਲੇ ਤੇ ਦਹਿਲਾ ਮਾਰਿਆ ਜਾਂਦਾ ਏ ਪਰ ਤੂੰ ਤਾਂ ਨਹਿਲੇ ਤੇ ਦੁੱਕੀ ਵੀ ਨਹੀ ਮਾਰੀ! ਅਕਾਲੀਆਂ ਦੀ ਤਾਂ ਚਾਰੇ ਪਾਸੇ ਚੜ੍ਹਤ ਵਾ। ਮਾਰ ਸਿਪਾਹੀ ਤੇ ਠਾਣੇਦਾਰ ਵੀ ਇਹਨਾਂ ਦਾ ਲਿਹਾਜ਼ ਕਰਦੇ ਆ; ਅਕਾਲੀ ਹੋਣਾ ਮਾੜਾ ਕਿਵੇਂ ਹੋ ਗਿਆ!” ਉਹ ਬੀਬੀ ਅੱਗੋਂ ਆਂਹਦੀ, “ਆਹ, ਚੜ੍ਹਤ ਵਾ! ਸਵਾਹ ਤੇ ਖੇਹ! ਮੈ ਰੰਡੀ ਹੋ ਜਾਊਂ ਤਾਂ ਜਾਂ ਸਬਰ ਕਰ ਲਊਂ ਜਾਂ ਕਿਸੇ ਹੋਰ ਨੂੰ ਸਿਰ ਧਰ ਲਊਂ। ਇਹਦੇ ਘਰ ਵਾਲ਼ਾ ‘ਕਾਲੀ ਹੋਇਆ ਨਾ ਜੀਂਦਿਆਂ `ਚ ਨਾ ਮੋਇਆਂ `ਚ। ਸਰਕਾਰ ਬਣ ਗਈ ਤਾਂ ਰੇਲਾਂ ਵਿਚ, ਸਰਕਾਰ ਟੁੱਟ ਗਈ ਤਾਂ ਜੇਹਲਾਂ ਵਿਚ। ਨਾ ਉਹ ਘਰ ਵੜੇ, ਨਾ ਇਹ ਕਿਸੇ ਹੋਰ ਦੇ ਬਹਿਣ ਜੋਗੀ”। (ਪਰ ਹੁਣ ਇਹ ਹਾਲਤ ਨਹੀਂ) ਹਾਂ ਗੱਲ ਚੱਲੀ ਸੀ ਅਮਲੀ ਪ੍ਰਚਾਰਕ ਦੀ। ਉਸ ਨੂੰ ਸਾਡਾ ਸਾਂਝਾ ਮਿੱਤਰ, ਸ. ਅਜੀਤ ਸਿੰਘ ਮੌਲਵੀ, ਫ਼ਤਿਹਗੜ੍ਹ ਨੇੜੇ ਆਪਣੇ ਘਰ ਵਿੱਚ ਲੈ ਗਿਆ। ਮੌਲਵੀ ਚੰਗੇ ਖਾਦੇ ਪੀਂਦੇ ਜ਼ਿਮੀਦਾਰ ਪਰਵਾਰ ਵਿਚੋਂ ਸੀ। ਉਸ ਨੇ ਉਸ ਪ੍ਰਚਾਰਕ ਨੂੰ ਆਪਣੇ ਘਰ ਰੱਖ ਕੇ, ਉਸ ਦੀ ਚੰਗੀ ਸੇਵਾ ਕੀਤੀ। ਉਸ ਦੀ ਅਫ਼ੀਮ ਛੁਡਵਾਈ। ਉਸ ਦਾ ਗੰਦ ਮੰਦ ਵੀ ਸਾਂਭਿਆ ਤੇ ਘਰ ਦਾ ਦੁਧ ਘਿਓ ਹੋਣ ਕਰਕੇ, ਉਸ ਦੀ ਖੁਰਾਕੀ ਪੱਖ ਤੋਂ ਵੀ ਚੰਗੀ ਸੰਭਾਲ਼ ਕੀਤੀ। ਕੁੱਝ ਦਿਨ ਤਾਂ ਉਹ ਬਿਨਾ ਅਫ਼ੀਮ ਤੋਂ ਰਿਹਾ ਪਰ ਮੈਨੂੰ ਪਤਾ ਲੱਗਾ ਕਿ ਉਹ ਫਿਰ ਇਸ ਕਲ਼ਮੂੰਹੀ ਦਾ ਗੱਫਾ ਲਾਉਣ ਲੱਗ ਪਿਆ ਸੀ। ਮੈ ਇੱਕ ਦਿਨ ਉਸ ਨੂੰ ਇਸ ਬਾਰੇ ਪੁੱਛਿਆ ਤਾਂ ਉਹ ਖਿਸਿਆਨਾ ਜਿਹਾ ਹੋ ਕੇ, ਐਵੇਂ ਪਾਣੀ ਮਾਰਵੇਂ ਜਿਹੇ ਬਹਾਨੇ ਸੁਣਾਉਣ ਲੱਗ ਪਿਆ, “ਓਇ ਸੰਤੋਖ ਸਿਹਾਂ, ਯਾਰ ਕੀ ਦੱਸਾਂ, ਕੁੜੀ ਯਾਵ੍ਹਾ ਨਾ ਖਾਣ ਦਾ ਸਵਾਦ ਨਾ ਪੀਣ ਦਾ, ਨਾ ਲੈਕਚਰ ਕਰਨ ਦਾ ਨਾ ਗੱਲ ਕਰਨ ਦਾ, ਨਾ … … … “ਕੁਝ ਸਾਲਾਂ ਪਿੱਛੋਂ ਉਸ ਦੀ ਮੌਤ ਵੀ ਇੱਕ ਦਿਨ ਆਮ ਦਿਨਾਂ ਨਾਲ਼ੋਂ (ਓਵਰਡੋਜ਼) ਕੁੱਝ ਵੱਧ ਅਫ਼ੀਮ ਦਾ ਗੱਫਾ ਲਾ ਲੈਣ ਕਾਰਨ ਹੀ ਹੋਈ। ਸ਼ੁਕਰ ਹੈ ਉਸ ਸਰਬ ਸ਼ਕਤੀਮਾਨ ਨਿਰੰਕਾਰ ਦਾ ਕਿ ਉਸ ਨੇ ਸਮੇ ਸਿਰ ਡਾਕਟਰ ਨਰਿੰਦਰਪਾਲ ਸਿੰਘ ਜੀ ਦੁਆਰਾ ਸੂਚਤ ਕਰਵਾਇਆ ਅਤੇ ਫਿਰ ਯੋਗ ਦ੍ਰਿੜ੍ਹਤਾ ਵੀ ਬਖ਼ਸ਼ੀ ਜਿਸ ਕਰਕੇ ਮੇਰਾ ਇਸ ਜ਼ਹਿਮਤ ਤੋਂ ਸਮੇ ਸਿਰ ਹੀ ਛੁਟਕਾਰਾ ਹੋ ਗਿਆ।
ਉਸ ਸਮੇ ਤੋਂ ਲੈ ਕੇ ਹੁਣ ਤੱਕ ਜਦੋਂ ਮੈਨੂੰ ਪਤਾ ਲੱਗਦਾ ਹੈ ਕਿ ਫਲਾਣਾ ਵਿਅਕਤੀ ਨਸ਼ੱਈ ਹੈ ਤਾਂ ਉਸ ਨੂੰ ਉਪਦੇਸ਼ ਦੇਣ ਦੀ ਬਜਾਇ ਮੈਨੂੰ ਉਸ ਉਪਰ ਤਰਸ ਹੀ ਆਉਂਦਾ ਹੈ।




.