.

ਗੁਰਮਤਿ ਅਤੇ ਰਹਿਤ ਮਰਯਾਦਾ
ਹਾਕਮ ਸਿੰਘ


ਰਹਿਤ ਮਰਯਾਦਾ ਧਾਰਮਕ ਸੱਭਿਆਚਾਰ ਹੈ ਜੋ ਧਾਰਮਕ ਸਦਾਚਾਰ ਦੇ ਨੇਮਾਂ ਜਾਂ ਉਹਨਾਂ ਦੀ ਪਰੰਪਰਾ ਕਰ ਕੇ ਜਾਣਿਆ ਜਾਂਦਾ ਹੈ। ਸੱਭਿਆਚਾਰ ਸਮਾਜਕ ਵਿਹਾਰ ਹੁੰਦਾ ਹੈ। ਹਰ ਸਮਾਜਕ ਵਿਹਾਰ ਅਤੇ ਪਰੰਪਰਾ ਸਮੇਂ ਅਤੇ ਸਥਾਨ ਨਾਲ ਬਦਲਦੇ ਰਹਿੰਦੇ ਹਨ। ਸੱਭਿਆਚਾਰਕ ਪਰਿਵਰਤਨ ਹਰ ਸਮੇ ਸਹਿਜੇ-ਸਹਿਜੇ ਅਤੇ ਅਣ ਗੌਲੇ ਹੀ ਹੁੰਦਾ ਰਹਿੰਦਾ ਹੈ। ਰਹਿਤ ਮਰਯਾਦਾ ਵੀ ਸਹਿਜੇ-ਸਹਿਜੇ ਬਦਲਦੀ ਰਹਿੰਦੀ ਹੈ। ਪਰ ਜਿਸ ਰਹਿਤ ਮਰਯਾਦਾ ਨੂੰ ਲਿਖਤੀ ਰੂਪ ਦੇ ਦਿੱਤਾ ਗਿਆ ਹੋਵੇ ਉਸ ਨੂੰ ਬਦਲਣ ਵਿਚ ਕਈ ਔਕੜਾਂ ਪੇਸ਼ ਆਉਂਦੀਆਂ ਹਨ। ਇਸ ਲਈ ਜਿਨ੍ਹਾਂ ਧਾਰਮਕ ਸੰਸਥਾਵਾਂ ਨੇ ਲਿਖਤੀ ਰਹਿਤ ਮਰਯਾਦਾ ਬਣਾਈ ਜਾਂ ਅਪਣਾਈ ਹੁੰਦੀ ਹੈ ਉਹ ਸਮਾਂ ਪੈਣ ਤੇ ਆਪਣੇ ਸ਼ਰਧਾਲੂਆਂ ਦੀਆਂ ਇੱਛਾਵਾਂ ਨੂੰ ਮੁੱਖ ਰੱਖਦੀਆਂ ਹੋਈਆਂ ਲਿਖਤੀ ਰਹਿਤ ਮਰਯਾਦਾ ਵਿਚ ਸੋਧ ਕਰ ਲੈਂਦੀਆਂ ਹਨ। ਜਿਵੇਂ ਸ੍ਰੀ ਦਰਬਾਰ ਸਾਹਿਬ ਨੇ ਅਖੰਡ ਪਾਠਾਂ ਦੀ ਵੱਧਦੀ ਮੰਗ ਨੂੰ ਮੁੱਖ ਰੱਖਦੇ ਹੋਏ ਰਹਿਤ ਮਰਯਾਦਾ ਦੇ ਅਖੰਡ ਪਾਠ ਦੇ ਨਿਰਦੇਸ਼ਾਂ ਨੂੰ ਨਜ਼ਰ ਅੰਦਾਜ਼ ਕਰ ਕੇ ਵਖਰੀ ਮਰਯਾਦਾ ਬਣਾ ਲਈ ਹੈ। ਸਿੱਖ ਵੀ ਸਮੇਂ ਅਤੇ ਸਥਾਨ ਵਿਚ ਪਰਿਵਰਤਨ ਤੇ ਲਿਖਤੀ ਰਹਿਤ ਮਰਯਾਦਾ ਦੇ ਨਿਰਦੇਸ਼ਾਂ ਵਿਚ ਆਪਣੀ ਸ਼ਰਧਾ ਅਤੇ ਸਮਝ ਅਨੁਸਾਰੀ ਸੋਧ ਕਰ ਲੈਂਦੇ ਹਨ। ਟੈਲੀਵੀਜਨ, ਕੰਪਯੁਟਰ, ਟੈਲੀਫ਼ੋਨ, ਆਦਿ ਦੀ ਵਰਤੋਂ ਕਰਨ ਵਾਲੇ ਅਤੇ ਹਵਾਈ ਸਫਰ ਦੇ ਯਾਤਰੀ ਸ਼ਰਧਾਲੂ ਲੋੜ ਅਨੁਸਾਰ ਆਪਣੀ ਮਰਯਾਦਾ ਬਣਾ ਲੈਂਦੇ ਹਨ।
ਰਹਿਤ ਮਰਯਾਦਾ ਬਾਰੇ ਕਈ ਭੁਲੇਖੇ ਪਏ ਹੋਏ ਹਨ। ਕਈ ਸ਼ਰਧਾਲੂ ਰਹਿਤ ਮਰਯਾਦਾ ਦੀ ਤੁਲਨਾ ਗੁਰਮਤਿ ਨਾਲ ਕਰਦੇ ਹਨ ਜੋ ਠੀਕ ਨਹੀਂ ਹੈ ਕਿਉਂਕਿ ਰਹਿਤ ਮਰਯਾਦਾ ਗੁਰਬਾਣੀ ਨਹੀਂ ਹੈ। ਗੁਰਬਾਣੀ ਵਿਚ ਜੋ ਰਹਿਤ ਦਰਸਾਈ ਗਈ ਹੈ ਉਸ ਦੀ ਪਾਲਣਾ ਗੁਰੂ ਦੀ ਕਿਰਪਾ ਦੁਆਰਾ ਹੀ ਕੀਤੀ ਜਾ ਸਕਦੀ ਹੈ। ਉਸ ਰਹਿਤ ਵਿਚ ਜੀਵਤ ਮਰਨ ਜਾਂ ਮਨ ਨੂੰ ਮਾਰਨ ਦਾ ਨਿਰਦੇਸ਼ ਹੈ ਜਿਸ ਨੂੰ ਮਰਜੀਵੜੇ ਹੀ ਅਪਣਾ ਸਕਦੇ ਹਨ। ਸਾਧਾਰਣ ਸ਼ਰਧਾਲੂਆਂ ਦੀ ਪਰਵਰਿਸ਼, ਸਿੱਖਿਆ, ਵਾਤਾਵਰਣ, ਕਿੱਤਾ, ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਸਵਾਧੀਨ ਹੋਂਦ ਦੇ ਵਿਸ਼ਵਾਸ ਤੇ ਆਧਾਰਤ ਹੋਣ ਕਰ ਕੇ ਉਹਨਾਂ ਲਈ ਮਨ ਨੂੰ ਮਾਰ ਕੇ ਆਪਣੀ ਸਵਾਧੀਨ ਹੋਂਦ ਜਾਂ ਖੁੱਦੀ ਦੇ ਵਿਸ਼ਵਾਸ ਨੂੰ ਮਿਟਾਉਣਾ ਸੰਭਵ ਨਹੀਂ ਹੈ। ਪਰ ਉਹਨਾਂ ਨੂੰ ਰਹਿਤ ਮਰਯਾਦਾ ਦੀ ਪਾਲਣਾ ਕਰਨ ਵਿਚ ਕੋਈ ਵੱਡੀ ਸਮੱਸਿਆ ਪੇਸ਼ ਨਹੀਂ ਆਉਂਦੀ ਕਿਉਂਕਿ ਰਹਿਤ ਮਰਯਾਦਾ ਨੇਮਬੱਧ ਕਰਮ ਕਾਂਡ ਹੁੰਦਾ ਹੈ ਜਿਸ ਨੂੰ ਸ਼ਰਧਾਲੂ ਨਿਜੀ ਅਤੇ ਸਮਾਜਕ ਅਨੁਸ਼ਾਸਨ ਦਾ ਆਧਾਰ ਬਣਾ ਕੇ ਗੁਰਮਤਿ ਗਾਡੀ ਰਾਹ ਦੇ ਪਾਂਧੀ ਬਨਣ ਦਾ ਉਪਰਾਲਾ ਕਰ ਸਕਦੇ ਹਨ।
ਗੁਰਬਾਣੀ ਮਾਨਵਤਾ ਦੇ ਕਲਯਾਨ ਹਿੱਤ ਰਚਿਆ ਅਧਿਆਤਮਿਕ ਗਿਆਨ ਹੈ। ਇਹ ਗਿਆਨ ਗੁਰੂ ਦੀ ਬਖ਼ਸ਼ਿਸ਼ ਦੁਆਰਾ ਸ਼ਬਦ ਰਾਹੀਂ ਸਤਸੰਗਤ ਵਿਚ ਪ੍ਰਾਪਤ ਹੁੰਦਾ ਹੈ। ਇਸ ਗਿਆਨ ਦੇ ਸੰਚਾਰ ਲਈ ਯੋਗ ਵਿਵਸਥਾ ਅਤੇ ਅਨੁਕੂਲ ਵਾਤਾਵਰਣ ਦੀ ਲੋੜ ਪੈਂਦੀ ਹੈ। ਰਹਿਤ ਮਰਯਾਦਾ ਦਾ ਮਨੋਰਥ ਗੁਰਮਤਿ ਦੀ ਸੂਝ ਬਖ਼ਸ਼ਣ ਲਈ ਅਨੁਕੂਲ ਵਾਤਾਵਰਣ ਅਤੇ ਸੰਚਾਰ ਸੁਵਿਧਾਵਾਂ ਪਰਦਾਨ ਕਰਨਾ ਹੀ ਹੈ। ਇਸ ਦੀ ਤੁਲਨਾ ਸਿੱਖਿਆ ਸੰਸਥਾਵਾਂ ਦੇ ਅਨੁਸ਼ਾਸਨ ਨਾਲ ਕੀਤੀ ਜਾ ਸਕਦੀ ਹੈ। ਸਕੂਲ ਜਾਂ ਕਾਲਜ ਦਾ ਅਨੁਸ਼ਾਸਨ ਸਿੱਖਿਆ ਪਰਦਾਨ ਨਹੀਂ ਕਰਦਾ, ਉਸ ਵਿਚ ਸਹਾਇਕ ਹੁੰਦਾ ਹੈ। ਇਸੇ ਤਰ੍ਹਾਂ ਰਹਿਤ ਮਰਯਾਦਾ ਵੀ ਗੁਰਮਤਿ ਗਿਆਨ ਦਾ ਪਰਕਾਸ਼ ਨਹੀਂ ਕਰਦੀ ਬਲਕਿ ਉਸ ਗਿਆਨ ਦੇ ਸੰਚਾਰ ਵਿਚ ਸਹਾਇਕ ਹੁੰਦੀ ਹੈ। ਰਹਿਤ ਮਰਯਾਦਾ ਦੀ ਉਪਯੁਕਤਾ ਦੀ ਕਸੌਟੀ ਵੀ ਇਹੋ ਹੈ।
ਰਹਿਤ ਮਰਯਾਦਾ ਦੇ ਰਹਿਤ ਨਾਮੇਂ ਸਿੱਖ ਸ਼ਰਧਾਲੂਆਂ ਦੇ ਨਿਜੀ ਵਿਸ਼ਵਾਸ ਅਤੇ ਅਨੁਭਵ ਤੇ ਆਧਾਰਤ ਹਨ। ਇਸ ਲਈ ਇਹਨਾਂ ਵਿਚ ਭਿੰਨਤਾ ਹੋਣੀ ਸੁਭਾਵਕ ਹੈ। ਗੁਰਦੁਆਰਾ ਸੁਧਾਰ ਲਹਿਰ ਦਾ ਮਨੋਰਥ ਗੁਰਦੁਆਰਿਆਂ ਦੇ ਪਰਬੰਧ ਵਿਚ ਸੁਧਾਰ ਲਾਉਣਾ ਸੀ, ਜਿਸ ਲਈ ਇਕ ਮਿਆਰੀ ਰਹਿਤ ਮਰਯਾਦਾ ਦਾ ਹੋਣਾ ਜ਼ਰੂਰੀ ਸਮਝਿਆ ਗਿਆ ਸੀ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ੧੯੩੧ ਵਿਚ ਸਿੱਖ ਰਹਿਤ ਮਰਯਾਦਾ ਬਣਾਉਣ ਲਈ ਇਕ ੨੫-ਮੈਂਬਰੀ ਰਹੁ-ਰੀਤ ਸਬ-ਕਮੇਟੀ ਦਾ ਗਠਨ ਕੀਤਾ ਸੀ। ਸਬ-ਕਮੇਟੀ ਨੇ ਤਿੰਨ ਇਕਤਰਤਾਵਾਂ ਕੀਤੀਆਂ ਅਤੇ ਰਹਿਤ ਮਰਯਾਦਾ ਦਾ ਖਰੜਾ ਤਿਆਰ ਕਰ ਕੇ ਸ਼੍ਰੋਮਣੀ ਕਮੇਟੀ ਨੂੰ ਭੇਜ ਦਿੱਤਾ ਸੀ। ਪਰ ਸ਼੍ਰੋਮਣੀ ਕਮੇਟੀ ਨੇ ਰੁਹ-ਰੀਤ ਸਬ-ਕਮੇਟੀ ਨੂੰ ਉਸ ਖਰੜੇ ਤੇ ਹੋਰ ਵਿਚਾਰ ਕਰਨ ਦਾ ਸੁਝਾ ਦਿੱਤਾ। ਇਸ ਤੋਂ ਉਪਰੰਤ ਕਈ ਹੋਰ ਸੱਜਣਾਂ ਦੇ ਜ਼ੋਰ ਪਾਉਣ ਤੇ ਸਬ-ਕਮੇਟੀ ਨੇ ਉਸੇ ਖਰੜੇ ਤੇ ਮੁੜ ਇਕ ਵਾਰ ਫਿਰ ਵਿਚਾਰ ਕੀਤੀ। ਰੁਹ-ਰੀਤ ਸਬ-ਕਮੇਟੀ ਨੇ ਸਿੱਖ ਰਹਿਤ ਮਰਯਾਦਾ ਦਾ ਅੰਤਮ ਖਰੜਾ ਲਗਭਗ ਇਕ ਸਾਲ ਵਿਚ ਤਿਆਰ ਕਰ ਕੇ ਸ਼੍ਰੋਮਣੀ ਕਮੇਟੀ ਨੂੰ ਪਰਵਾਨਗੀ ਲਈ ਪੇਸ਼ ਕਰ ਦਿੱਤਾ। ਸ਼੍ਰੋਮਣੀ ਕਮੇਟੀ ਨੇ ਰਹਿਤ ਮਰਯਾਦਾ ਦੇ ਉਸ ਖਰੜੇ ਤੇ ਚਾਰ ਸਾਲ ਵਿਚਾਰ ਕਰਨ ਉਪਰੰਤ ੧੯੩੬ ਵਿਚ ਉਸ ਨੂੰ ਪਰਵਾਨਗੀ ਦੇ ਦਿੱਤੀ। ਇਸ ਦੇ ਨਾਲ ਹੀ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਨੇ ਵੀ ਉਸੇ ਰਹਿਤ ਮਰਯਾਦਾ ਨੂੰ ਪਰਵਾਨ ਕਰ ਲਿਆ। ਪਰ ਸ਼੍ਰੋਮਣੀ ਕਮੇਟੀ ਨੇ ਪਰਵਾਨਤ ਰਹਿਤ ਮਰਯਾਦਾ ਨੂੰ ਲਾਗੂ ਕਰਨ ਦੀ ਬਜਾਏ ਉਸ ਨੂੰ ਆਪਣੀ ਧਾਰਮਕ ਸਲਾਹਕਾਰ ਕਮੇਟੀ ਨੂੰ ਸਲਾਹ ਦੇਣ ਲਈ ਭੇਜ ਦਿੱਤਾ। ਉਸ ੮-ਮੈਬਰੀ ਸਲਾਹਕਾਰ ਕਮੇਟੀ ਨੇ ਰਹਿਤ ਮਰਯਾਦਾ ਤੇ ੯ ਸਾਲ ਵਿਚਾਰ ਕਰਨ ਉਪਰੰਤ ੧੯੪੫ ਵਿਚ ਉਸ ਵਿਚ ਘਾਟੇ ਵਾਧੇ ਕਰਨ ਦੀ ਸਿਫ਼ਾਰਿਸ਼ ਕੀਤੀ, ਜਿਸ ਦੇ ਫਲ ਸਰੂਪ ਸ਼੍ਰੋਮਣੀ ਕਮੇਟੀ ਨੇ ਪਹਿਲੀ ਰਹਿਤ ਮਰਯਾਦਾ ਵਿਚ ਤਰਮੀਮ ਕਰ ਕੇ ਨਵੀਂ ਰਹਿਤ ਮਰਯਾਦਾ ਬਣਾ ਦਿੱਤੀ। ਇਸ ਰਹਿਤ ਮਰਯਾਦਾ ਨੂੰ ਪੰਥ ਪ੍ਰਵਾਣਤ ਰਹਿਤ ਮਰਯਾਦਾ ਆਖਣਾ ਉਚਿਤ ਨਹੀਂ ਜਾਪਦਾ ਕਿਉਂਕਿ ਪੰਥ ਪ੍ਰਵਾਣਤ ਰਹਿਤ ਮਰਯਾਦਾ ਨੂੰ ਤੇ ਧਾਰਮਕ ਸਲਾਹਕਾਰ ਕਮੇਟੀ ਨੇ ਬਦਲ ਛਡਿਆ ਸੀ। ਇਹ ਨਵੀਂ ਰਹਿਤ ਮਰਯਾਦਾ ਤੇ ਵਾਸਤਵ ਵਿਚ ਧਾਰਮਕ ਸਲਾਹਕਾਰ ਕਮੇਟੀ ਦੀ ਬਣਾਈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਵਾਣਤ ਮਰਯਾਦਾ ਹੈ।
ਸਿੱਖ ਰਹਿਤ ਮਰਯਾਦਾ ਬਣਾਉਣ ਦਾ ੧੪-ਸਾਲਾ ਮੰਥਨ ਬਹੁਤ ਸਾਰੇ ਕਸ਼ਟ ਮਈ ਸਵਾਲ ਖੜ੍ਹੇ ਕਰ ਦਿੰਦਾ ਹੈ। ਉਦਾਹਰਣ ਵਜੋਂ: ਕੀ ਧਾਰਮਕ ਸਲਾਹਕਾਰ ਕਮੇਟੀ ਦੇ ੮ ਮੈਂਬਰ ਰੁਹ-ਰੀਤ ਸਬ-ਕਮੇਟੀ ਵਿਚ ਭਾਗ ਲੈ ਕੇ ਆਪਣੀ ਸਲਾਹ ਨਹੀਂ ਦੇ ਸਕਦੇ ਸਨ? ਐਸੇ ਕਿਹੜੇ ਨਿਰਦੇਸ਼ ਸਨ ਜਿਨ੍ਹਾਂ ਤੇ ਧਾਰਮਕ ਸਲਾਹਕਾਰ ਕਮੇਟੀ ਨੂੰ ੯ ਸਾਲ ਤਕ ਵਿਚਾਰ ਕਰਨੀ ਪਈ? ੨੫-ਮੈਂਬਰੀ ਰੁਹ-ਰੀਤ ਸਬ-ਕਮੇਟੀ ਸਾਹਮਣੇ ਧਾਰਮਕ ਸਲਾਹਕਾਰ ਕਮੇਟੀ ਦੀ ਕੀ ਅਹਿਮੀਅਤ ਸੀ? ਇਤਿ ਆਦਿ।
ਰਹਿਤ ਮਰਯਾਦਾ ਧਾਰਮਕ ਅਨੁਸ਼ਾਸਨ ਦੇ ਨੇਮ ਹੁੰਦੇ ਹਨ। ਧਰਮ ਲਈ ਇਹਨਾਂ ਨੇਮਾਂ ਦੀ ਬਹੁਤ ਮਹੱਤਤਾ ਹੈ। ਇਸੇ ਕਰ ਕੇ ਗੁਰਦੁਆਰਾ ਸੁਧਾਰ ਲਹਿਰ ਦੇ ਪਰਭਾਵ ਕਾਰਨ ਸ਼੍ਰੋਮਣੀ ਕਮੇਟੀ ਨੂੰ ਰੁਹ-ਰੀਤ ਸਬ-ਕਮੇਟੀ ਦਾ ਗਠਨ ਕਰਨਾ ਪਿਆ ਸੀ ਅਤੇ ਰੁਹ-ਰੀਤ ਸਬ-ਕਮੇਟੀ ਦੀਆਂ ਕਾਰਵਾਈਆਂ ਵਿਚ ਪੰਥ ਦੇ ਲਗਭਗ ੭੧ ਪਤਵੰਤੇ ਧਰਮ ਸ਼ਾਸਤਰੀਆਂ, ਵਿਦਵਾਨਾਂ, ਵਿਸ਼ੇਸ਼ਗਾਂ ਅਤੇ ਸ਼ਰਧਾਲੂਆਂ ਨੇ ਯੋਗਦਾਨ ਪਾਇਆ ਸੀ। ਪਰ ਗੁਰਦੁਆਰਾ ਸੁਧਾਰ ਲਹਿਰ ਦੇ ਵਿਰੋਧੀ, ਉਦਾਸੀ, ਨਿਰਮਲੇ, ਅਤੇ ਗੁਰੂ ਘਰ ਦੇ ਹੋਰ ਦੋਖੀ ਜੋ ਬਹੁਤ ਲੰਮੇ ਸਮੇਂ ਤੋਂ ਗੁਰਦੁਆਰਿਆਂ ਨੂੰ ਆਪਣੀ ਨਿਜੀ ਸੰਪਤੀ ਬਣਾ ਕੇ ਸ਼ਰਧਾਲੂਆਂ ਨੂੰ ਗੁਮਰਾਹ ਕਰਨ ਅਤੇ ਲੁੱਟਣ ਵਾਲੀਆਂ ਮਰਯਾਦਾਂ ਚਲਾ ਰਹੇ ਸਨ ਅਤੇ ਭੋਲੇ ਸ਼ਰਧਾਲੂਆਂ ਦਾ ਸ਼ੋਸ਼ਣ ਕਰ ਰਹੇ ਸਨ, ਉਹ ਗੁਰਦੁਆਰਾ ਸੁਧਾਰ ਲਹਿਰ ਦੇ ਮੰਤਵ ਅਨੁਕੂਲ ਰਹਿਤ ਮਰਯਾਦਾ ਬਨਣ ਤੋਂ ਬਹੁਤ ਚਿੰਤਤ ਸਨ। ਉਹਨਾਂ ਨੂੰ ਸਿੱਖ ਰਹਿਤ ਮਰਯਾਦਾ ਬਨਣ ਨਾਲ ਆਪਣਾ ਪ੍ਰਭਾਵ, ਆਮਦਨੀ ਅਤੇ ਅਧਿਕਾਰ ਖਤਮ ਹੁੰਦੇ ਨਜ਼ਰ ਆਉਂਦੇ ਸਨ। ਉਧਰ ਅਖੌਤੀ ਦਸਮ ਗ੍ਰੰਥ ਦੇ ਪ੍ਰੇਮੀ ਜਿਨ੍ਹਾਂ ਨੇ ਏਡਾ ਵੱਡਾ ਗ੍ਰੰਥ ਰਚ ਕੇ ਪੰਥ ਦੇ ਵਿਹੜੇ ਵਿਚ ਸੁੱਟਿਆ ਸੀ ਉਹ ਵੀ ਅਖੌਤੀ ਦਸਮ ਗ੍ਰੰਥ ਦੀ ਹੋਂਦ ਨੂੰ ਬਚਾਉਣ ਲਈ ਯਤਨਸ਼ੀਲ ਸਨ। ਉਹ ਭਲੀ ਭਾਂਤ ਜਾਣਦੇ ਸਨ ਕਿ ਜੇਕਰ ਅਖੌਤੀ ਦਸਮ ਗ੍ਰੰਥ ਦੀ ਕਿਸੇ ਰਚਨਾ ਨੂੰ ਵੀ ਰਹਿਤ ਮਰਯਾਦਾ ਵਿਚ ਸ਼ਾਮਲ ਨਾ ਕੀਤਾ ਗਿਆ ਤਾਂ ਅਖੌਤੀ ਦਸਮ ਗ੍ਰੰਥ ਦੀ ਧਾਰਮਕ ਹੋਂਦ ਮਿਟ ਜਾਵੇਗੀ ਅਤੇ ਉਹਨਾਂ ਦੀ ਏਡੀ ਵੱਡੀ ਘਾਲਣਾ ਅਤੇ ਯੋਜਨਾਵਾਂ ਤੇ ਪਾਣੀ ਫਿਰ ਜਾਵੇਗਾ। ਐਸੀ ਸਥਿਤੀ ਵਿਚ ਅਖੌਤੀ ਦਸਮ ਗ੍ਰੰਥ ਦੀ ਲਾਬੀ ਅਤੇ ਗੁਰਮਤਿ ਦੇ ਦੋਖੀਆਂ ਦਾ ਰਹਿਤ ਮਰਯਾਦਾ ਬਣਾਉਣ ਦੀ ਪਰਕਿਰਿਆ ਨੂੰ ਹਰ ਹੀਲੇ ਆਪਣੇ ਹਿੱਤ ਵਿਚ ਪ੍ਰਭਾਵਤ ਕਰਨਾ ਇਕ ਬਹੁਤ ਵੱਡੀ ਚੁਣੌਤੀ ਬਣ ਗਿਆ ਸੀ।
ਗੁਰਮਤਿ ਵਿਰੋਧੀਆਂ ਅਤੇ ਅਖੌਤੀ ਦਸਮ ਗ੍ਰੰਥ ਦੀ ਲਾਬੀ ਨੂੰ ਪਤਾ ਸੀ ਕਿ ਸਿੱਖ ਗੁਰਦੁਆਰਾਜ਼ ਐਕਟ ਅਧੀਨ ਬਣੀ ਗੁਰਦੁਆਰਾ ਸੈਂਟਰਲ ਬੋਰਡ ਨੁਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸੁਧਾਰ ਲਹਿਰ ਦੀ ਭਾਗੀ ਨਾ ਹੋਣ ਕਾਰਨ ਲਹਿਰ ਦੇ ਮੰਤਵ ਦੇ ਅਨੁਕੂਲ ਰਹਿਤ ਮਰਯਾਦਾ ਬਣਾਉਣ ਲਈ ਗੰਭੀਰ ਨਹੀ ਹੈ। ਉਹ ਇਹ ਵੀ ਵੇਖ ਰਹੇ ਸਨ ਕਿ ਗੁਰਦੁਆਰਾ ਸੁਧਾਰ ਲਹਿਰ ਤੋਂ ਪ੍ਰਭਾਵਤ ਸ਼ਰਧਾਲੂਆਂ ਦਾ ਜੋਸ਼ ਦਿਨ-ਬ-ਦਿਨ ਮੱਠਾ ਪੈਂਦਾ ਜਾ ਰਿਹਾ ਸੀ। ਐਸੇ ਹਾਲਾਤ ਉਹਨਾਂ ਨੂੰ ਰਹਿਤ ਮਰਯਾਦਾ ਬਣਾਉਣ ਦੀ ਪ੍ਰਕਿਰਿਆ ਨੂੰ ਲੰਮੇ ਸਮੇਂ ਲਈ ਰੋਕਣ ਅਤੇ ਆਪਣੇ ਹਿੱਤ ਵਿਚ ਪ੍ਰਭਾਵਤ ਕਰਨ ਲਈ ਉਤਸ਼ਾਹਿਤ ਕਰ ਰਹੇ ਸਨ।

ਸਿੱਖ ਰਹਿਤ ਮਰਯਾਦਾ ਦਾ ਸਿੱਖ ਮਿਸ਼ਨਰੀ ਕਾਲਜਾਂ ਨਾਲ ਡੂੰਘਾ ਸਬੰਧ ਰਿਹਾ ਹੈ। ਸਿੰਘ ਸਭਾਵਾਂ ਤੋਂ ਮਗਰੋਂ ਸਿੱਖ ਮਿਸ਼ਨਰੀ ਕਾਲਜਾਂ ਦੀ ਗੁਰਮਤਿ ਸੰਚਾਰ ਵਿਚ ਬਹੁਤ ਵੱਡੀ ਦੇਣ ਹੈ। ਜਿਥੇ ਸਿੱਖ ਮਿਸ਼ਨਰੀ ਕਾਲਜਾਂ ਨੇ ਗੁਰਮਤਿ ਪਰਚਾਰ, ਗੁਰਮਤਿ ਅਤੇ ਗੁਰ ਇਤਹਾਸ ਬਾਰੇ ਪਾਏ ਭੁਲੇਖੇ ਦੂਰ ਕਰਨ, ਸਿੱਖ ਸੰਗਤਾਂ ਵਿਚ ਧਾਰਮਕ ਜਾਗਰਤੀ ਲਿਆਉਣ ਅਤੇ ਗੁਰਮਤਿ ਪਰਸਾਰ ਦੀ ਲਹਿਰ ਚਲਾਉਣ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ ਓਥੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀ ਲਿਖਤੀ ਸਿੱਖ ਰਹਿਤ ਮਰਯਾਦਾ ਨੂੰ ਸਿੱਖੀ ਦੇ ਆਧਾਰ ਮੰਨਣ ਦਾ ਪ੍ਰਭਾਵ ਵੀ ਪਾਇਆ ਹੈ। ਪਰ ਸਿੱਖੀ ਦਾ ਮੂਲ ਆਧਾਰ ਗੁਰਮਤਿ ਹੈ ਕੋਈ ਰਹਿਤ ਮਰਯਾਦਾ ਨਹੀਂ ਕਿਉਂਕਿ ਗੁਰਮਤਿ ਹੀ ਸਦੀਵੀ ਸੱਚ ਹੈ। ਰਹਿਤ ਮਰਯਾਦਾ ਤੇ ਤ੍ਰੈ-ਗੁਣੀ ਸੰਸਾਰ ਦੀ ਸੱਭਿਆਚਾਰਕ ਕਿਰਿਆ ਹੈ ਜੋ ਖੋਜ, ਨਵੀਂ ਜਾਣਕਾਰੀ ਅਤੇ ਸਮਾਜਕ ਪਰਿਵਰਤਨ ਨਾਲ ਬਦਲਦੀ ਰਹਿੰਦੀ ਹੈ।
ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿੱਖ ਰਹਿਤ ਮਰਯਾਦਾ ਬਾਰੇ ਸੰਖੇਪ ਵਿਚਾਰ ਕਰ ਲੈਣੀ ਉਚਿਤ ਹੋਵੇਗੀ।
ਸਿੱਖ ਰਹਿਤ ਮਰਯਾਦਾ ਦੇ ਪਹਿਲੇ, ਸ਼ਖ਼ਸੀ ਰਹਿਣੀ, ਭਾਗ ਵਿਚ ਨਾਮ ਬਾਣੀ ਦੇ ਅਭਿਆਸ ਦਾ ਨਿਰਦੇਸ਼ ਹੈ। ਇਸ ਵਿਚ ਦੋ ਆਦੇਸ਼ ਹਨ: (੧) 'ਵਾਹਿਗੁਰੂ' ਨਾਮ ਜਪੇ, ਅਤੇ (੨) ਨਿਤਨੇਮ ਦਾ ਪਾਠ ਕਰੇ। ਨਿਤਨੇਮ ਦੇ ਪਾਠ ਵਿਚ ਅਖੌਤੀ ਦਸਮ ਗ੍ਰੰਥ ਵਿਚੋਂ ਜਾਪ, ੧੦ ਸਵੱਯੇ, ਬੇਨਤੀ ਚੌਪਈ ਸ਼ਾਮਲ ਕੀਤੇ ਗਏ ਹਨ। ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਗੁਰਬਾਣੀ ਨਹੀਂ ਹਨ ਅਤੇ ਵਿਦਵਾਨਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਇਹ ਰਚਨਾਵਾਂ ਗੁਰੂ ਕਿਰਤ ਜਾਂ ਗੁਰੂ ਸਾਹਿਬ ਵੱਲੋਂ ਪ੍ਰਵਾਣਤ ਕਿਰਤਾਂ ਨਹੀਂ ਹਨ। ਅਖੌਤੀ ਦਸਮ ਗ੍ਰੰਥ ਦੀਆਂ ਇਹਨਾਂ ਰਚਨਾਵਾਂ ਨੂੰ ਨਿਤਨੇਮ ਦੇ ਪਾਠ ਵਿਚ ਸੰਮਿਲਤ ਕਰਵਾਉਣ ਲਈ ਉਸ ਸਮੇਂ ਦੇ ਅਖੌਤੀ ਦਸਮ ਗ੍ਰੰਥ ਦੇ ਪ੍ਰਭਾਵਸ਼ਾਲੀ ਹਿਤੈਸ਼ੀਆਂ ਨੇ ਜੋ ਜਤਨ ਕੀਤੇ ਹੋਣਗੇ ਉਹਨਾਂ ਦਾ ਅਨੁਮਾਨ ਲਾਉਣਾ ਔਖਾ ਨਹੀਂ। ਸਿੱਖ ਰਹਿਤ ਮਰਯਾਦਾ ਦੀ ਬਣਤਰ ਦਾ ੧੪-ਸਾਲਾ ਮੰਥਨ ਉਹਨਾਂ ਜਤਨਾਂ ਵਲ ਹੀ ਸੰਕੇਤ ਕਰਦਾ ਹੈ। ਹੈਰਾਨੀ ਤੇ ਇਸ ਗੱਲ ਦੀ ਹੈ ਕਿ ਅੱਜ ਵੀ ਕਈ ਐਸੇ ਵਿਦਵਾਨ ਹਨ ਜੋ ਅਖੌਤੀ ਦਸਮ ਗ੍ਰੰਥ ਨੂੰ ਗੁਰਬਾਣੀ ਮੰਨਣ ਤੋਂ ਇਨਕਾਰੀ ਹੁੰਦੇ ਹੋਏ ਵੀ ਰਹਿਤ ਮਰਯਾਦਾ ਦੇ ਨਿਤਨੇਮ ਵਿਚ ਸ਼ਾਮਲ ਅਖੌਤੀ ਦਸਮ ਗ੍ਰੰਥ ਦੀਆਂ ਕੱਚੀਆਂ ਰਚਨਾਵਾਂ ਨੂੰ ਗੁਰੂ ਕਿਰਤ ਜਾਂ ਗੁਰੂ ਵੱਲੋਂ ਪ੍ਰਵਾਣਤ ਕਿਰਤਾਂ ਮੰਨਦੇ ਹਨ। ਉਹਨਾਂ ਦਾ ਇਹ ਵਿਸ਼ਵਾਸ ਇਕ ਅਨੋਖੀ ਤਰਕ ਤੇ ਆਧਾਰਤ ਹੈ। ਉਹਨਾਂ ਦੀ ਦਲੀਲ ਹੈ ਕਿ ਇਹਨਾਂ ਰਚਨਾਵਾਂ ਦੀ ਰਹਿਤ ਮਰਯਾਦਾ ਦੇ ਨਿਤਨੇਮ ਵਿਚ ਸੰਮਿਲਤਾ ਹੀ ਇਹਨਾਂ ਰਚਨਾਵਾਂ ਦੇ ਗੁਰੂ ਕਿਰਤ ਜਾਂ ਗੁਰੂ ਪਰਵਾਨ ਕਿਰਤਾਂ ਹੋਣ ਦਾ ਸੰਕੇਤ ਹੈ। ਇਸ ਦਲੀਲ ਦਾ ਸਾਧਾਰਣ ਜਿਹਾ ਅਰਥ ਇਹ ਨਿਕਲਦਾ ਹੈ ਕਿ ਉਸ ਸਮੇਂ ਦੇ ਅਖੌਤੀ ਦਸਮ ਗ੍ਰੰਥ ਦੇ ਪਰੇਮੀਆਂ ਦਾ ਇਹਨਾਂ ਕੱਚੀਆਂ ਰਚਨਾਵਾਂ ਨੂੰ ਨਿਤਨੇਮ ਦੀਆਂ ਬਾਣੀਆਂ ਵਿਚ ਸ਼ਾਮਲ ਕਰਨ ਨਾਲ ਹੀ ਇਹਨਾਂ ਤੇ ਗੁਰੂ ਸਾਹਿਬ ਦੀ ਪਰਵਾਨਗੀ ਦੀ ਮੋਹਰ ਲੱਗ ਗਈ ਹੈ। ਇਹਨਾਂ ਵਿਦਵਾਨਾਂ ਅਨੁਸਾਰ ਉਸ ਸਮੇਂ ਦੇ ਅਖੌਤੀ ਦਸਮ ਗ੍ਰੰਥ ਦੇ ਹਿਤੈਸ਼ੀ ਧੁਰ ਕੀ ਬਾਣੀ ਦਾ ਨਿਰਨਾ ਕਰਨ ਲਈ ਗੁਰੂ ਸਾਹਿਬਾਨ ਦੇ ਬਰਾਬਰ ਦੇ ਅਧਿਕਾਰੀ ਸਨ। ਅਜਿਹੇ ਵਿਦਵਾਨਾਂ ਦੇ ਵਿਚਾਰਾਂ ਦੀ ਦਿਆਨਤਦਾਰੀ ਤੇ ਭਰੋਸਾ ਕਰਨਾ ਸੰਭਵ ਨਹੀਂ।
ਰਹਿਤ ਮਰਯਾਦਾ ਵਿਚ ਦਿੱਤੀ ਅਰਦਾਸ ਦਾ ਨਮੂਨਾ ਅਖੌਤੀ ਦਸਮ ਗ੍ਰੰਥ ਵਿਚੋਂ "ਪ੍ਰਿਥਮ ਭਗੌਤੀ ਸਿਮਰਿ ਕੈ" ਲੈ ਕੇ ਕੁਝ ਇਤਿਹਾਸਕ ਵੰਨਗੀਆਂ ਅਤੇ ਮੰਗਾਂ ਨਾਲ ਸੰਪੂਰਨ ਕੀਤਾ ਗਿਆ ਹੈ। ਪਰ ਗੁਰਬਾਣੀ ਜਿਸ ਅਰਦਾਸ ਦਾ ਉਪਦੇਸ਼ ਕਰਦੀ ਹੈ ਉਸ ਅਰਦਾਸ ਵਿਚ ਤੇ ਮਨ ਨੂੰ ਸਾਧਣ ਜਾਂ ਮਾਰਨ ਲਈ ਪ੍ਰਭੂ ਅੱਗੇ ਗੁਰੂ ਕ੍ਰਿਪਾ ਲਈ ਬੇਨਤੀ ਕਰਨ ਦਾ ਆਦੇਸ਼ ਹੈ ਤਾਂ ਜੋ ਮਨ ਗੁਰੂ ਚਰਨਾਂ ਵਿਚ ਲੀਨ ਹੋਣ ਦੇ ਸਮਰਥ ਹੋ ਸਕੇ। ਇਸ ਪੱਖੋਂ ਭਗੌਤੀ ਸਿਮਰਨ ਅਤੇ ਇਤਿਹਾਸਕ ਘਟਨਾਵਾਂ ਦਾ ਅਧਿਆਤਮਿਕ ਅਰਦਾਸ ਨਾਲ ਕੋਈ ਸਬੰਧ ਨਹੀਂ ਬਣਦਾ। ਪ੍ਰਭੂ ਕੋਲੋਂ ਬਾਹਰਲੇ ਗੁਰਦੁਆਰਿਆਂ ਦੀ ਸੇਵਾ ਸੰਭਾਲ (ਆਮਦਨੀ ਪਰ ਅਖਤਿਆਰ) ਦੀ ਮੰਗ ਵੀ ਅਸੰਗਤ ਹੈ।
ਸਿੱਖ ਰਹਿਤ ਮਰਯਾਦਾ ਵਿਚ ਸਾਧ ਸੰਗਤ ਵਿਚ ਜੁੜ ਕੇ ਗੁਰਬਾਣੀ ਦੇ ਅਭਿਆਸ ਦੇ ਭਾਗ ਵਿਚ ਗੁਰਦੁਆਰੇ, ਕੀਰਤਨ, ਹੁਕਮ ਲੈਣਾ, ਸਾਧਾਰਨ ਪਾਠ, ਅਖੰਡ ਪਾਠ, ਅਖੰਡ ਪਾਠ ਦਾ ਅਰੰਭ, ਭੋਗ, ਕੜਾਹ ਪਰਸ਼ਾਦ ਬਾਰੇ ਨੇਮ ਦਿੱਤੇ ਗਏ ਹਨ। ਅੰਤ ਵਿਚ ਗੁਰਬਾਣੀ ਦੀ ਕਥਾ ਬਾਰੇ ਨੇਮ ਹਨ। ਇਹ ਸਾਰੀਆਂ ਬਾਹਰੀ ਜਾਂ ਸਮਾਜਕ ਕਿਰਿਆਵਾਂ ਹਨ ਇਹਨਾਂ ਦਾ ਅਧਿਆਤਮਿਕ ਗਿਆਨ ਨਾਲ ਸਿੱਧਾ ਸਬੰਧ ਨਹੀਂ ਹੈ।
ਅਚੰਭਾ ਇਸ ਗੱਲ ਦਾ ਹੈ ਕਿ ਸ਼੍ਰੋਮਣੀ ਕਮੇਟੀ ੧੪ ਸਾਲ ਅਤੇ ਧਾਰਮਕ ਸਲਾਹਕਾਰ ਕਮੇਟੀ ੯ ਸਾਲ ਵਿਚ ਵੀ ਰਾਗ ਮਾਲਾ ਦੀ ਅਸਲੀਅਤ ਬਾਰੇ ਕੋਈ ਨਿਰਣਾਇਕ ਵਿਚਾਰ ਨਹੀਂ ਦੇ ਸਕੇ। ਵੇਖਣ ਵਿਚ ਇਹ ਵੀ ਆਇਆ ਹੈ ਕਿ ਅਕਾਲ ਤਖਤ ਦੀ ਸਰਬ ਉੱਚਤਾ ਦਾ ਦਮ ਭਰਨ ਵਾਲੇ ਕਈ ਗੁਰਦੁਆਰੇ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਅਤੇ ਹਿੰਸਕ ਵਾਰਦਾਤਾਂ ਕਰਨ ਵਿਚ ਸਭ ਤੋਂ ਮੂਹਰੇ ਹੁੰਦੇ ਹਨ। ਵੈਸੇ ਕਈ ਗੁਰਦੁਆਰੇ ਅੱਜ ਕੱਲ੍ਹ ਵਪਾਰ, ਪਰਵਾਰਿਕ ਭਲਾਈ ਅਤੇ ਧੜੇਬਾਜ਼ੀ ਦੇ ਕੇਂਦਰ ਬਣ ਗਏ ਹਨ।
ਸਿੱਖ ਰਹਿਤ ਮਰਯਾਦਾ ਦੇ ਦੂਜੇ ਭਾਗ ਵਿਚ ਗੁਰਮਤਿ ਦੀ ਰਹਿਣੀ ਦੇ ਨੇਮ ਹਨ। ਇਸ ਭਾਗ ਵਿਚ ਜਨਮ ਅਤੇ ਨਾਮ-ਸੰਸਕਾਰ, ਅਨੰਦ ਸੰਸਕਾਰ, ਮਿਰਤਕ ਸੰਸਕਾਰ, ਹੋਰ ਰੀਤੀਆਂ, ਸੇਵਾ, ਪੰਥਕ ਰਹਿਣੀ, ਗੁਰੂ ਪੰਥ, ਅੰਮ੍ਰਿਤ ਸੰਸਕਾਰ, ਤਨਖਾਹ ਲਾਉਣ ਦੀ ਵਿਧੀ, ਗੁਰਮਤਾ ਕਰਨ ਦੀ ਵਿਧੀ, ਅਤੇ ਸਥਾਨਕ ਫੈਸਲਿਆਂ ਦੀ ਅਪੀਲ ਦੇ ਨੇਮ ਅੰਕਿਤ ਹਨ। ਖੰਡੇ ਦੀ ਪਾਹੁਲ ਲਈ ਅੰਮ੍ਰਿਤ ਸੰਸਕਾਰ ਨਾਂ ਦੀ ਵਰਤੋਂ ਕੀਤੀ ਗਈ ਹੈ। ਅੰਮ੍ਰਿਤ ਸੰਸਕਾਰ ਵਿਚ ਅਖੌਤੀ ਦਸਮ ਗ੍ਰੰਥ ਦੀਆਂ ਤਿੰਨ ਰਚਨਾਵਾਂ ਪੜ੍ਹਨ ਦਾ ਆਦੇਸ਼ ਹੈ। ਸਾਰੀ ਰਹਿਤ ਮਰਯਾਦਾ ਵਿਚ ਸਦਾਚਾਰਕ ਕਿਰਿਆਵਾਂ ਦੇ ਨੇਮ ਹਨ ਜਿਨ੍ਹਾਂ ਦਾ ਸਬੰਧ ਸਮਾਜ ਨਾਲ ਹੈ, ਆਤਮਾ ਨਾਲ ਨਹੀਂ।
ਸਿੱਖ ਰਹਿਤ ਮਰਯਾਦਾ ਦੀ ਸਿੱਖ ਜੀਵਨ ਵਿਚ ਕੀ ਅਹਿਮੀਅਤ ਹੈ ਇਹ ਜਾਨਣ ਲਈ ਅਧਿਆਤਮਿਕ ਕਿਰਿਆ ਅਤੇ ਸਰੀਰਕ ਤੇ ਸਮਾਜਕ ਕਿਰਿਆਵਾਂ ਦੇ ਅੰਤਰ ਨੂੰ ਸਮਝਣਾ ਅਤੇ ਧਿਆਨ ਵਿਚ ਰੱਖਣਾ ਬਹੁਤ ਜ਼ਰੂਰੀ ਹੈ। ਗੁਰਮਤਿ ਅਧਿਆਤਮਿਕ ਗਿਆਨ ਹੈ। ਅਧਿਆਤਮਿਕ ਗਿਆਨ ਦਾ ਸਬੰਧ ਮਨੁੱਖੀ ਮਨ ਨਾਲ ਹੁੰਦਾ ਹੈ। ਗੁਰਬਾਣੀ ਮਨ ਨੂੰ ਅੰਤਰਮੁਖੀ ਹੋ ਕੇ ਆਪਣੇ ਆਪ ਨੂੰ ਸਾਧਣ, ਮਾਰਨ ਜਾਂ ਵੱਸ ਕਰਨ ਦਾ ਉਪਰਾਲਾ ਕਰਨ ਦਾ ਉਪਦੇਸ਼ ਕਰਦੀ ਹੈ ਤਾਂ ਜੇ ਮਨ ਆਪਣੇ ਅਤੇ ਜੀਵ ਆਤਮਾ ਵਿਚਕਾਰ ਬਣੀ ਹਉਮੈ ਦੀ ਦੀਵਾਰ ਨੂੰ ਪਾਰ ਕਰਕੇ ਆਪਣੇ ਅਸਲੇ ਆਤਮਾ ਵਿਚ ਲੀਨ ਹੋ ਸਕੇ, ਜਿਸ ਨੂੰ ਗੁਰਬਾਣੀ ਮਨੁੱਖਾ ਜੀਵਨ ਦਾ ਮਨੋਰਥ ਆਖਦੀ ਹੈ। ਗੁਰਮਤਿ ਮਨੁੱਖੀ ਮਨ ਦੀ ਜੀਵ ਆਤਮਾ ਨਾਲ ਮਿਲਣ ਦੀ ਪਰਕਿਰਿਆ ਦਾ ਵਰਨਣ ਹੈ।
ਰਹਿਤ ਮਰਯਾਦਾ ਮਨ ਨੂੰ ਬਾਹਰ-ਮੁੱਖੀ ਹੋ ਕੇ ਆਪਣੇ ਸਰੀਰ ਨੂੰ ਸਾਧਣ ਅਤੇ ਧਾਰਮਕ ਸਮਾਜ ਵਿਚ ਵਿਚਰਨ ਦੀ ਸਦਾਚਾਰਕ ਨੇਮਾਵਲੀ ਹੈ। ਬਾਹਰ-ਮੁੱਖੀ ਮਨ ਦੀ ਆਤਮਾ ਵਲ ਪਿੱਠ ਹੁੰਦੀ ਹੈ। ਬਾਹਰ-ਮੁੱਖੀ ਮਨ ਮਾਇਆ ਦੇ ਪਰਭਾਵ ਅਧੀਨ ਤ੍ਰੈ-ਗੁਣੀ ਸੰਸਾਰ ਵਿਚ ਵਿਚਰਦਾ ਹੈ। ਰਹਿਤ ਮਰਯਾਦਾ ਦਾ ਕਰਤਵ ਮਨ ਨੂੰ ਅਨੁਸ਼ਾਸਨ ਰਾਹੀਂ ਮਾਇਆ ਦੇ ਪਰਭਾਵ ਤੋਂ ਮੁਕਤ ਹੋਣ, ਸ਼ਬਦ-ਗੁਰੂ ਨਾਲ ਜੁੜਨ ਅਤੇ ਗੁਰਮਤਿ ਗਾਡੀ ਰਾਹ ਦੇ ਪਾਂਧੀ ਬਨਣ ਲਈ ਉੱਦਮ ਕਰਨ ਲਈ ਉਤਸ਼ਾਹਿਤ ਕਰਨਾ ਹੈ।




.