.

ਡਰ

ਡਰ, ਮਨੁਖ ਤਾਂ ਕੀ, ਸਰਬੱਤ ਸ੍ਰਿਸ਼ਟੀ ਵਿੱਚ ਵਿਦਮਾਨ ਹੈ। ਇਸ ਤੋਂ ਕੋਈ ਵੀ ਜੀਵ ਬਚਿਆ ਹੋਇਆ ਹੋਵੇ, ਅਸੰਭਵ ਜਿਹੀ ਬਾਤ ਜਾਪਦੀ ਹੈ। ਮਨੁਖ ਤਾਂ ਫਿਰ ਸਭ ਤੋਂ ਵਧ ਚੇਤੰਨ ਪਰਾਣੀ ਮੰਨਿਆ ਜਾਂਦਾ ਹੋਣ ਕਰਕੇ, ਦੂਜੇ ਜੀਵਾਂ ਨਾਲੋਂ ਇਸ ਦਾ ਸ਼ਿਕਾਰ ਵਧ ਹੀ ਹੋਵੇਗਾ! ਸ਼ੇਖ਼ ਫਰੀਦ ਜੀ ਨੇ ਤਾਂ ਇਨਸਾਨ ਨੂੰ ਮੋਟੇ ਤੌਰ ਤੇ ਪੰਜਾਹ ਕਿਸਮ ਦੇ ਡਰਾਂ ਅਧੀਨ ਵਿਚਰਦਾ ਦੱਸਿਆ ਹੈ:
ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ॥੧੨੫॥ (ਪੰਨਾ ੧੩੮੪)
ਬਚਪਨ ਵਿੱਚ ਮੈ ਹਨੇਰੇ ਤੋਂ ਡਰਿਆ ਕਰਦਾ ਸਾਂ। ਫਿਰ ਕਮਾਦ ਵਿੱਚ ਇਕੱਲਾ ਜਾਣ ਤੋਂ ਤ੍ਰਹਿੰਦਾ ਸਾਂ। ਇਸ ਲਈ ਗੰਨੇ ਚੂਪਣ ਲਈ ਇਕੱਲਾ ਕਮਾਦ ਦੀ ਪੈਲ਼ੀ ਵਿੱਚ ਜਾਣ ਦਾ ਹੌਸਲਾ ਨਹੀਂ ਸਾਂ ਕਰਦਾ। ਸ਼ੁਰੂ ਤੋਂ ਹੀ ਮਿੱਠੇ ਦਾ ਲਾਲਚੀ ਹੋਣ ਕਰਕੇ, ਗੰਨੇ ਚੂਪਣ ਲਈ ਮੇਰਾ ਜੀ ਦੂਜੇ ਹਾਣ ਦੇ ਮੁੰਡਿਆਂ ਨਾਲ਼ੋਂ ਵਧ ਲਲਚਾਇਆ ਕਰਦਾ ਸੀ ਤੇ ਇਸ ਲਈ ਜਾਂ ਵੱਡੇ ਬਾਪੂ ਜੀ (ਪੜਦਾਦਾ ਜੀ) ਜਾਂ ਭਾਈਆ ਜੀ ਨੂੰ ਆਪਣੇ ਨਾਲ਼ ਕਮਾਦ ਵਿੱਚ ਜਾਣ ਲਈ ਮਜਬੂਰ ਕਰਿਆ ਕਰਦਾ ਸਾਂ। ਇੱਕ ਵਾਰੀਂ ਦੀ ਗੱਲ ਮੈਨੂੰ ਯਾਦ ਹੈ ਕਿ ਭਾਈਆ ਜੀ ਨੇ ਮੈਨੂੰ ਗੰਨਾ ਚੂਪਣ ਦੀ ਜਾਚ ਦੱਸਦਿਆਂ ਆਖਿਆ ਕਿ ਮੈ ਮੂੰਹ ਵਿਚਲੀ ਗੰਨੇ ਦੀ ਗੁੱਲੀ ਦੀ ਰਹੁ ਕੱਢਿਆਂ ਤੋਂ ਬਿਨਾ ਹੀ ਮੂੰਹ ਵਿਚੋਂ ਸੁੱਟੀ ਜਾਂਦਾ ਹਾਂ। ਮੈਨੂੰ ਹਰੇਕ ਗੁੱਲੀ ਚੰਗੀ ਤਰ੍ਹਾਂ ਚੂਪ ਕੇ ਹੀ ਬਾਹਰ ਸੁੱਟਣੀ ਚਾਹੀਦੀ ਹੈ। ਇਸ ਸਿੱਖਿਆ ਦਾ ਮੇਰੇ ਤੇ ਕਿੰਨਾ ਕੁ ਅਸਰ ਹੋਇਆ ਹੋਵੇਗਾ, ਹੁਣ ਯਾਦ ਨਹੀਂ।
ਗੰਨੇ ਚੂਪਣ ਤੋਂ ਇੱਕ ਹੋਰ ਗੱਲ ਯਾਦ ਆ ਗਈ। ਸਾਡੇ ਪਿੰਡ ਵਿੱਚ ਸਭ ਤੋਂ ਪਹਿਲਾਂ ਮਿਸ਼ਰੀ ਕਮਾਦ, ਜੋ ਚੂਪਣ ਵਿੱਚ ਵਧ ਮਿੱਠਾ ਤੇ ਵਧ ਪੋਲਾ ਹੁੰਦਾ ਸੀ, ਅਸੀਂ ਹੀ ਬੀਜਿਆ ਸੀ। ਇਸ ਤੋਂ ਪਹਿਲਾਂ ਮੇਰੀ ਜਾਣਕਾਰੀ ਵਿੱਚ ਸਾਡੇ ਪਿੰਡ ਦੋ ਹੀ ਕਿਸਮ ਦਾ ਕਮਾਦ ਹੁੰਦਾ ਸੀ: ਇੱਕ ਦਾ ਨਾਂ ਪੰਜਾਸੀ ਹੁੰਦਾ ਸੀ ਤੇ ਦੂਜੇ ਦਾ ਨਾਂ ਕਾਠਾ। ਮੇਰੇ ਵੱਡੇ ਚਾਚੀ ਜੀ ਦੇ ਪੇਕਿਆਂ, ਵੈਰੋ ਨੰਗਲ ਤੋਂ ਉਸ ਦਾ ਬੀਜ ਲਿਆਂਦਾ ਸੀ। ਸਾਡੇ ਵਿਚਕਾਰਲਾ ਭਰਾ ਆਤਮਾ ਸਿੰਘ ਨਿੱਕਾ ਹੁੰਦਾ ਹੀ ਬਹੁਤ ਦਲੇਰ ਸੀ ਤੇ ਹੈ। ਨਿੱਕਾ ਹੁੰਦਾ ਹੀ ਉਹ ਘਰੋਂ ਬਾਹਰ ਜਿਧਰ ਮੂੰਹ ਆਇਆ ਤੁਰ ਜਾਇਆ ਕਰਦਾ ਸੀ ਤੇ ਕਈ ਵਾਰੀਂ ਸੜਕੇ ਸੜਕ ਜਾਂਦੇ ਨੂੰ ਰਾਹੀਆਂ ਨੇ, ਇਕੱਲਾ ਬੱਚਾ ਤੁਰਿਆ ਜਾਂਦਾ ਵੇਖ ਕੇ, ਫੜ ਕੇ ਤੇ ਪੁੱਛ ਪੁਛਾ ਕੇ, ਪਰਵਾਰ ਦੇ ਹਵਾਲੇ ਕਰਨਾ। ਉਹ ਆਪਣੇ ਨਿੱਕੇ ਨਿੱਕੇ ਹਾਣੀਆਂ ਦੀ ਢਾਣੀ ਨਾਲ ਵਿਚਰਿਆ ਕਰਦਾ ਸੀ ਤੇ ਸਾਰਿਆਂ ਨੂੰ ਨਾਲ਼ ਲੈ ਕੇ ਕਮਾਦ ਵਿੱਚ ਚੱਲਿਆ ਜਾਂਦਾ ਸੀ। ਇੱਕ ਦਿਨ ਵੱਡੇ ਚਾਚਾ ਜੀ ਨੇ ਉਸ ਨੂੰ ਡਰਾਉਣ ਲਈ ਆਖਿਆ, “ਕਮਾਦ ਵਿੱਚ ਐਡੇ (ਹੱਥਾਂ ਦੇ ਫੈਲਾ ਨਾਲ਼) ਵੱਡੇ ਸਾਰੇ ਮੂੰਹ ਵਾਲਾ ਬਾਘੜ ਬਿੱਲਾ ਰਹਿੰਦਾ; ਓਥੇ ਨਾ ਜਾਈਂ!” ਅਗਲੇ ਦਿਨ ਉਹ ਘਰ ਆ ਕੇ ਆਖਣ ਲੱਗਾ, “ਚਾਚਾ ਜੀ, ਮੈ ਤੇ ਸਾਰੇ ਮੂਏਂ ਫੋਲ ਫੋਲ ਕੇ ਵੇਖੇ ਆ। ਓਥੇ ਤੇ ਨਿੱਕੇ ਜਿਹੇ ਮੂੰਹ ਵਾਲ਼ੀ ਬਿੱਲੀ ਵੀ ਨਹੀ। “ਇਹ ਸੁਣ ਕੇ ਸਾਰੇ ਟੱਬਰ ਵਿੱਚ ਹਾਸਾ ਮਚ ਗਿਆ। ਦਾਦੀ ਮਾਂ ਜੀ ਆਂਹਦੇ, “ਲਓ, ਡਰਾ ਲਓ ਇਹਨੂੰ!”
ਬਹੁਤੀ ਵਾਰ ਮਨੁਖ ਨੂੰ ਕਿਸੇ ਡਰ ਦਾ ਪਤਾ ਨਾ ਹੋਣ ਕਰਕੇ ਉਹ ਡਰ ਤੋਂ ਬੇਖ਼ਬਰ ਵੀ ਰਹਿੰਦਾ ਹੈ। ਬਹੁਤੇ ਸਿਆਣੇ ਮਨੁਖ ਘੱਟ ਸਿਆਣਿਆਂ ਨਾਲ਼ੋਂ ਵਧ ਡਰ ਦੇ ਅਧੀਨ ਵਿਚਰਦੇ ਹਨ ਕਿਉਂਕਿ ਉਹ ਆਮ ਲੋਕਾਂ ਨਾਲ਼ੋਂ ਕਿਸੇ ਘਟਨਾ ਬਾਰੇ ਵਧ ਅੰਦਾਜ਼ਾ ਲਾ ਕੇ ਉਸ ਤੋਂ ਪੈਦਾ ਹੋਣ ਵਾਲ਼ੇ ਖ਼ਤਰੇ ਨੂੰ ਅਨੁਭਵ ਕਰਕੇ ਡਰ ਜਾਂਦੇ ਜਾਂ ਸੰਕੋਚ ਕਰ ਜਾਂਦੇ ਹਨ। ਜਿਸ ਵਿਚਾਰੇ ਸਾਧਾਰਨ ਵਿਅਕਤੀ ਨੂੰ ਪਤਾ ਹੀ ਨਾ ਹੋਵੇ ਕਿ ਇਹ ਡਰ ਦਾ ਕਰਨ ਹੈ, ਉਹ ਡਰੇਗਾ ਕਾਹਤੋਂ! ਗੁਰਬਾਣੀ ਬਹੁਤੇ ਸਿਆਣੇ ਬਾਰੇ ਵੀ ਫੁਰਮਾਉਂਦੀ ਹੈ:
ਬਹੁਤ ਸਿਆਪ ਜਮ ਕਾ ਭਉ ਬਿਆਪੈ॥
ਫਿਰ:
ਡਰ ਡਰ ਮਰਤੇ ਜਿਮ ਜਾਨਿਆ ਦੂਰ॥
ਡਰ ਤਾਂ ਹੀ ਹਟੇਗਾ ਜੇ ਅਸੀਂ:
ਡਰ ਚੂਕਾ ਦੇਖਿਆ ਭਰਪੂਰ॥
ਵਾਲ਼ੀ ਅਵਸਥਾ ਤੇ ਪੁੱਜ ਜਾਵਾਂਗੇ।
ਬਚਪਨ ਸਮੇ, ਪੰਜਾਹਵਿਆਂ ਵਾਲ਼ੇ ਦਹਾਕੇ ਦੌਰਾਨ, ਬਰਸਾਤਾਂ ਦੇ ਦਿਨੀਂ ਖੂਹਾਂ ਦਾ ਪਾਣੀ, ਮੀਹ ਪੈ ਕੇ ਹੋਈ ਸਲਾਬ੍ਹ ਕਾਰਨ ਉਪਰ ਤੱਕ ਆ ਜਾਇਆ ਕਰਦਾ ਸੀ। ਸਾਡੇ ਖੂਹ ਦੇ ਕਿਨਾਰੇ ਤੂਤ ਦਾ ਦਰੱਖ਼ਤ ਹੁੰਦਾ ਸੀ। ਅਸੀਂ ਉਸ ਦੇ ਉਪਰ ਚੜ੍ਹ ਕੇ ਖੂਹ ਵਿੱਚ ਛਾਲਾਂ ਮਾਰ ਮਾਰ ਨਹਾਇਆ ਕਰਨਾ। ਇਹ ਵੀ ਡਰ ਵਾਲੀ ਕੋਈ ਗੱਲ ਸੀ; ਇਸ ਦਾ ਓਦੋਂ ਪਤਾ ਹੀ ਨਹੀਂ ਸੀ ਹੁੰਦਾ। ਫਿਰ ਅੰਮ੍ਰਿਤਸਰ ਆਏ ਤਾਂ ਭਾਈਆ ਜੀ ਨੂੰ, ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੋਣ ਕਰਕੇ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਪਿਛਵਾੜੇ, ਰਿਹਾਇਸ਼ ਵਾਸਤੇ ਕੁਆਰਟਰ ਮਿਲਿਆ ਹੋਇਆ ਸੀ। ਓਥੇ ਹੀ ਵਿਸ਼ਾਲ ਖੂਹ ਹੁੰਦਾ ਸੀ, ਜੋ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਆਪਣੀ ਹੱਥੀਂ ਲਵਾਇਆ ਸੀ ਤੇ ਉਸ ਦਾ ਨਾਂ ਵੀ ‘ਸ੍ਰੀ ਅਕਾਲਸਰ’ ਰੱਖਿਆ ਸੀ। ਪੰਜਾਹਵਿਆਂ ਸਮੇ, ਗਰਮੀਆਂ ਦੇ ਦਿਨਾਂ ਦੇ ਲੌਢੇ ਕੁ ਵੇਲ਼ੇ ਉਸ ਨਾਲ਼ ਇੱਕ ਕੱਟਾ ਜੋ ਕੇ, ਉਸ ਦਾ ਪਾਣੀ ਕਢ ਕੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਦੀ ਪ੍ਰਕਰਮਾਂ ਧੋ ਕੇ ਸਾਫ ਤੇ ਠੰਡੀ ਕੀਤੀ ਜਾਇਆ ਕਰਦੀ ਸੀ। ਉਸ ਦਾ ਪਾਣੀ ਹੀ ਨਲ਼ਕੇ ਰਾਹੀਂ ਕਢ ਕੇ, ਭਾਂਡੇ ਭਰ ਕੇ ਸਟਾਫ਼ ਵਾਲ਼ੇ ਆਪੋ ਆਪਣੇ ਘਰਾਂ ਵਿੱਚ ਲਿਜਾ ਕੇ ਵਰਤਿਆ ਕਰਦੇ ਸਨ। ਉਸ ਖੂਹ ਦੇ ਢੋਲ, ਝਵੱਕਲ਼ੀ, ਬੈੜ, ਟਿੰਡਾਂ ਆਦਿ ਜ਼ਮੀਨ ਤੋਂ ਇੱਕ ਮਨਜ਼ਲ ਉਪਰ ਹੋਇਆ ਕਰਦੇ ਸਨ। ਮੈ ਸ਼ਰਾਰਤ ਵਜੋਂ ਕਦੀ ਕਦੀ ਜਦੋਂ ਕੋਈ ਹੋਰ ਵੇਖਦਾ ਨਾ ਹੋਵੇ, ਉਸ ਦੇ ਬੈੜ ਵਿੱਚ ਲੱਤਾਂ ਫਸਾ ਕੇ ਤੇ ਆਪਣੇ ਹੱਥ ਛੱਡ ਕੇ, ਉਸ ਖੂਹ ਵਿੱਚ ਲਮਕਿਆ ਕਰਦਾ ਸਾਂ ਤੇ ਕਦੀ ਸੋਚ ਵਿੱਚ ਹੀ ਨਹੀਂ ਸੀ ਆਇਆ ਕਿ ਇਸ ਵਿੱਚ ਵੀ ਕੋਈ ਡਰਨ ਵਾਲ਼ੀ ਗੱਲ ਹੈ। ਹੁਣ ਉਹ ਖੂਹ ਤਖ਼ਤ ਸਾਹਿਬ ਦੀ ਬਣੀ ਨਵੀ ਇਮਾਰਤ ਦੇ ਥੱਲੇ ਦੱਬ ਦਿਤਾ ਗਿਆ ਹੈ। ਇਸ ਤਰ੍ਹਾਂ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਹੱਥਾਂ ਦੀ ਇੱਕ ਮਹੱਤਵਪੂਰਨ ਨਿਸ਼ਾਨੀ ਸੰਗਤਾਂ ਦੀਆਂ ਅੱਖਾਂ ਤੋਂ ਓਹਲੇ ਕਰ ਦਿਤੀ ਗਈ ਹੈ।
ਨੱਬਿਆਂ ਵਾਲ਼ੇ ਦਹਾਕੇ ਦੌਰਾਨ ਜਦੋਂ ਸਿਡਨੀ ਵਿੱਚ ਮੈਂ ਕਿਸੇ ਕੰਪਨੀ, ਫੈਕਟਰੀ ਜਾਂ ਦਫ਼ਤਰ ਵਿੱਚ ਕੋਈ ਕੰਮ ਲਭਣ ਵਾਸਤੇ ਥਾਂ ਥਾਂ ਫਰਮਾਂ ਦੇ ਦਫ਼ਤਰਾਂ ਵਿੱਚ ਫਾਰਮ ਭਰਿਆ ਕਰਦਾ ਸਾਂ ਤਾਂ ਇੱਕ ਥਾਂ ਫਾਰਮ ਵਿੱਚ ਬਹੁਤ ਸਾਰੇ ਹੋਰ ਖਾਨਿਆਂ ਦੇ ਨਾਲ਼ ਇਹ ਵੀ ਇੱਕ ਖਾਨਾ ਸੀ, ਜਿਸ ਵਿੱਚ ਪੁੱਛਿਆ ਗਿਆ ਸੀ ਕਿ ਕੀ ਤੁਹਾਨੂੰ ਉਚਾਈ ਤੋਂ ਡਰ ਲੱਗਦਾ ਹੈ? ਇਹ ਪੜ੍ਹ ਕੇ ਮੈਂ ਅੰਦਰ ਹੀ ਅੰਦਰ ਹੈਰਾਨੀ ਨਾਲ਼ ਮੁਸਕ੍ਰਾਇਆ ਕਿ ਲੈ ਇਹ ਵੀ ਕੋਈ ਡਰਨ ਵਾਲ਼ੀ ਗੱਲ ਹੈ! ਬਚਪਨ ਵਿੱਚ ਬਾਬਾ ਅਟੱਲ ਸਾਹਿਬ ਜੀ ਦੀ ਨੌਵੀਂ ਮਨਜ਼ਲ ਤੇ ਚੜ੍ਹ ਕੇ ਸਾਰੇ ਸ਼ਹਿਰ ਉਪਰ ਨਿਗਾਹ ਮਾਰ ਲਈਦੀ ਸੀ। ਡਰਨ ਵਾਲ਼ੀ ਕੋਈ ਗੱਲ ਹੀ ਨਹੀਂ ਸੀ। ਫਿਰ ਆਪਣੀ ਜਵਾਨੀ ਦੇ ਦਿਨਾਂ ਸਮੇ, ਸੰਸਾਰ ਭਰ ਦੇ ਵੱਖ ਵੱਖ ਮੁਲਕਾਂ ਦੇ ਵੱਖ ਵੱਖ ਸ਼ਹਿਰਾਂ ਵਿਚਲੀਆਂ ਕਈ ਬਹੁ ਮੰਜ਼ਲੀ ਇਮਾਰਤਾਂ ਦੇ ਸਿਰਿਆਂ ਤੇ ਸਜੇ ਰੈਸਟੋਰੈਂਟਾਂ ਆਦਿ ਵਿੱਚ ਵੀ ਫੇਰਾ ਮਾਰ ਲਿਆ ਜਾਂਦਾ ਸੀ। ੧੯੭੮ ਵਾਲ਼ੀ ਨਿਊ ਯਾਰਕ ਦੀ ਪਹਿਲੀ ਫੇਰੀ ਸਮੇ, ਜੇਹੜਾ ਆਜ਼ਾਦੀ ਦੀ ਦੇਵੀ ਵਾਲ਼ਾ ਬੁੱਤ, ਜੋ ਫਰਾਂਸ ਵੱਲੋਂ ਅਮ੍ਰੀਕਾ ਨੂੰ, ਉਸ ਦੀ ਆਜ਼ਾਦੀ ਦੇ ਤੋਹਫੇ ਵਜੋਂ ਭੇਟਾ ਕੀਤਾ ਗਿਆ ਸੀ, ਉਸ ਦੇ ਅਖੀਰ ਤੱਕ ਵੀ, ਅੰਦਰ ਹੀ ਅੰਦਰ ਜਾ ਆਇਆ ਸਾਂ। ਅਜਿਹਾ ਕਦੀ ਖਿਆਲ ਹੀ ਨਹੀਂ ਸੀ ਕਦੀ ਆਇਆ ਕਿ ਇਹ ਵੀ ਡਰਨ ਵਾਲ਼ੀ ਗੱਲ ਹੈ। ਹੋ ਸਕਦਾ ਹੈ ਉਸ ਸਮੇ ਮੇਰੇ ਮੂੰਹ ਅਤੇ ਦਾਹੜੀ ਦਾ ਰੰਗ ਇਕੋ ਜਿਹਾ ਹੋਣ ਕਰਕੇ, ਮੈ ਹੁਣ ਨਾਲ਼ੋਂ ਜ਼ਿਆਦਾ ਦਲੇਰ ਹੋਵਾਂ ਹੁਣ ਜਦੋਂ ਕਿ ਮੇਰੀ ਦਾਹੜੀ ਦਾ ਰੰਗ ਕਾਲ਼ੇ ਤੋਂ ਚਿੱਟਾ ਹੋ ਚੁੱਕਾ ਹੈ, ਲੋੜੋਂ ਵਧ ਸਿਆਣਾ ਹੋ ਗਿਆ ਹੋਵਾਂ! ਅਜਿਹਾ ਕੁੱਝ ਹੋਣ ਦਾ ਮੈਨੂੰ ਵਹਿਮ ਜਿਹਾ ਵੀ ਹੈ; ਪਰ ਅਣਜਾਣੇ ਹੀ ਉਸ ਸਮੇ ਤੋਂ ਮੈ ਉਚਾਈ ਤੋਂ ਡਰਨ ਲੱਗ ਪਿਆ ਹਾਂ। ਕਿਸੇ ਉਚੀ ਛੱਤ ਉਪਰ ਖਲੋਤਾ ਖਲੋਤਾ ਇਉਂ ਮਹਿਸੂਸ ਕਰਨ ਲੱਗ ਪੈਂਦਾ ਹਾਂ ਕਿ ਜਿਵੇਂ ਮੇਰੇ ਪੈਰ ਖਿਸਕ ਜਾਣਗੇ ਤੇ ਮੈ ਸਿਰ ਪਰਨੇ ਛੱਤ ਤੋਂ ਥੱਲੇ ਡਿਗ ਪਵਾਂਗਾ। ਇੱਕ ਵਾਰੀਂ ਅਜਿਹਾ ਹੋ ਵੀ ਗਿਆ। ੧੯੯੨ ਵਿੱਚ ਅਸੀਂ ਏਥੇ ਸਿਡਨੀ ਵਿੱਚ ‘ਓਨਰ ਬਿਲਡਰ’ ਵਜੋਂ ਆਪਣਾ ਮਕਾਨ ਬਣਵਾ ਰਹੇ ਸਾਂ ਤੇ ਮੈਂ ਉਸ ਦੀ ਛੱਤ ਉਪਰ ਪਤਾ ਨਹੀ ਕੀ ਕਰ ਰਿਹਾ ਸਾਂ ਕਿ ਮੇਰੇ ਪੈਰ ਆਪਣੀ ਥਾਂ ਤੋਂ ਫਿਸਲ ਗਏ ਤੇ ਮੈਂ ਮਕਾਨ ਦੀ ਖਪੜੈਲਾਂ ਵਾਲ਼ੀ ਟੇਢੀ ਛੱਤ ਤੋਂ ਥੱਲੇ ਨੂੰ ਰੇਹੜੇ ਪੈ ਗਿਆ। ਦੋ ਕੁ ਪਲਸੇਟੀਆਂ ਵੱਜਣ ਪਿੱਛੋਂ ਪਤਾ ਨਹੀ ਕਿਵੇਂ ਗਟਰ ਤੇ ਆ ਕੇ ਅਟਕ ਗਿਆ ਤੇ ਥੱਲੇ ਜ਼ਮੀਨ ਤੱਕ ਨਾ ਪਹੁੰਚਿਆ। ਸਮਝੋ ਕਿ ਜਿਵੇਂ, “ਆਸਮਾਨ ਤੋਂ ਟਪਕਿਆ ਤੇ ਖਜੂਰ ਤੇ ਅਟਕਿਆ” ਵਾਲ਼ੀ ਹੀ ਮੇਰੇ ਨਾਲ਼ ਹੋਈ।
ਇਸ ਤੋਂ ਬਚਪਨ ਵਿੱਚ ਵਾਪਰੀ ਇੱਕ ਘਟਨਾ ਵੀ ਯਾਦ ਆਈ। ਸਿਆਲ਼ ਦੇ ਦਿਨ ਸਨ ਤੇ ਝੜੀਆਂ ਲੱਗੀਆਂ ਹੋਈਆਂ ਸਨ। ਰਾਤ ਸਮੇ ਸਾਰੇ ਪਿੰਡ ਦੇ ਲੋਕ ਆਪੋ ਆਪਣੇ ਜਵਾਕ ਜਲ੍ਹਿਆਂ ਸਮੇਤ ਆਪੋ ਆਪਣੇ ਅੰਦਰੀਂ ਜੁੱਲਿਆਂ ਵਿੱਚ ਦੜੇ ਹੋਏ ਸਨ। ਮੈਂ ਤੇ ਦਾਦੀ ਮਾਂ ਜੀ ਹਵੇਲੀ ਵਾਲ਼ੇ ਘਰ ਵਿਚ, ਇਕੋ ਮੰਜੇ ਉਪਰ ਪਏ ਹੋਏ ਸਾਂ। ਮੈਂ ਅਜੇ ਜਾਗਦਾ ਹੀ ਸਾਂ ਕਿ ਇੱਕ ਪਟਾਕਾ ਜਿਹਾ ਚੱਲਣ ਦਾ ਖੜਾਕ ਸੁਣਿਆਂ। ਗੱਲ ਆਈ ਗਈ ਹੋ ਗਈ। ਕੁੱਝ ਸਮਾ ਬੀਤਿਆ ਕਿ ਸਾਡੇ ਬੂਹੇ ਤੇ ਠਕੋਰ ਹੋ ਕੇ ਨਾਲ਼ ਹੀ ਵੱਡੇ ਚਾਚਾ ਜੀ ਦੀ ਆਵਾਜ਼ ਆਈ, “ਮੈਂ ਵਾਂ; ਬੂਹਾ ਖੋਹਲੋ!” ਜਦੋਂ ਮਾਂ ਜੀ ਨੇ ਬੂਹਾ ਖੋਹਲਿਆ ਤਾਂ ਚਾਚਾ ਜੀ, ਸਿਰ ਤੇ ਮੜਾਸਾ ਕਰੀ ਤੇ ਸਿਰ ਦੇ ਉਪਰ ਬੋਰੀ ਲਈ ਹੋਈ ਮੀਹ ਤੋਂ ਬਚਣ ਲਈ, ਖਲੋਤੇ ਸਨ। ਉਹਨਾਂ ਦੇ ਖੱਬੇ ਹੱਥ ਵਿੱਚ ਲਾਲਟੈਣ ਤੇ ਸੱਜੇ ਹੱਥ ਵਿੱਚ ਬਰਛਾ ਫੜਿਆ ਹੋਇਆ, ਅੰਦਰ ਦਾਖਲ ਹੋਏ। ਮੀਹ ਨਾਲ਼ ਭਿੱਜੀ ਬੋਰੀ ਨੂੰ ਉਹਨਾਂ ਨੇ ਬਾਹਰ ਝਾੜਿਆ ਤੇ ਅੰਦਰ ਆ ਕੇ, ਸਾਡੀ ਰਜਾਈ ਵਿੱਚ ਵੜ ਕੇ, ਜਰਾ ਠਰ੍ਹੰਮੇ ਜਿਹੇ ਨਾਲ਼ ਬੋਲੇ, “ਮੋਹਣੇ ਮਲੱਟਰੀ ਨੇ ਗੋਲ਼ੀ ਚਲਾਈ ਸੀ ਤੇ ਮੈ ਸੋਚਿਆ ਕਿ ਤੁਸੀਂ ਡਰ ਰਹੇ ਹੋਵੋਗੇ; ਇਸ ਲਈ ਪਤਾ ਕਰਨ ਆਇਆ ਵਾਂ। “ਕਦੋਂ?” ਮਾਂ ਜੀ ਨੇ ਪੁੱਛਿਆ, “ਮੈਨੂੰ ਤੇ ਪਤਾ ਨਹੀ ਲੱਗਿਆ। ਸੱਖੋ (ਮੇਰਾ ਨਿੱਕਾ ਨਾਂ) ਆਂਹਦਾ ਸੀ ਕਿ ਪਟਾਕਾ ਚੱਲਣ ਵਰਗਾ ਖੜਾਕ ਹੋਇਆ। ਅਸੀਂ ਤੇ ਕੋਈ ਗੱਲ ਗੌਲ਼ੀ ਨਹੀ। “ਤਾਂ ਚਾਚਾ ਜੀ ਨੇ ਦੱਸਿਆ, “ਸਾਰਾ ਪਿੰਡ ਸਹਿਮਿਆਂ ਹੋਇਆ ਆਪੋ ਆਪਣੇ ਅੰਦਰੀਂ ਦੁਬਕਿਆ ਹੋਇਆ ਏ; ਕੋਈ ਕੁਸਕਦਾ ਨਹੀ। ਮੈਂ ਏਨਾ ਖ਼ਤਰਾ ਲੈ ਕੇ ਵਰ੍ਹਦੇ ਮੀਂਹ ਵਿੱਚ ਤੁਹਾਡਾ ਪਤਾ ਲੈਣ ਆਇਆ ਵਾਂ ਤੇ ਤੁਸੀਂ ਏਨੇ ਬੇਫਿਕਰ ਹੋ!”
ਇਸ ਤੋਂ ਸਾਬਤ ਹੋਇਆ ਕਿ ਡਰ ਵੀ ਜਾਣਕਾਰੀ ਕਾਰਨ ਹੀ ਹੁੰਦਾ ਹੈ। ਬਾਕੀ ਪਿੰਡ ਵਾਲ਼ਿਆਂ ਨੂੰ ਪਤਾ ਸੀ ਕਿ ਕੀ ਗੱਲ ਹੈ ਤੇ ਉਹ ਡਰ ਕੇ ਅੰਦਰੀਂ ਵੜ ਕੇ ਦੜੇ ਹੋਏ ਸਨ ਤੇ ਅਸੀਂ ਦਾਦੀ ਪੋਤਾ ਭਾਵੇਂ ਕਿ ਸਾਂ ਤਾਂ ਅੰਦਰ ਹੀ ਪਰ ਸਾਨੂੰ ਡਰ ਕੋਈ ਨਹੀ ਸੀ ਲੱਗ ਰਿਹਾ ਕਿਉਂਕਿ ਅਸੀਂ ਅਸਲੀਅਤ ਤੋਂ ਬੇਖ਼ਬਰ ਸਾਂ। “ਤੇਰਾ ਲੁੱਟਿਆ ਸ਼ਹਿਰ ਬਿਭੌਰ, ਸੱਸੀਏ ਬੇਖ਼ਬਰੇ!”
ਮੋਹਣੇ ਮਲੱਟਰੀ ਬਾਰੇ ਵੀ ਗੱਲ ਕਰ ਹੀ ਲਈਏ। ਇਹ ਸਾਡੇ ਪਿੰਡ ਦਾ ਦਲਿਤ (ਮਜ਼ਹਬੀ) ਪਰਵਾਰ ਵਿਚੋਂ ਦਲੇਰ ਕਿਸਮ ਦਾ ਸੱਜਣ ਸੀ। ਸ਼ਾਇਦ ਕਿਤੇ ਮਿਲਟਰੀ ਵਿੱਚ ਵੀ ਰਿਹਾ ਸੀ ਤੇ ਏਸੇ ਕਰਕੇ ਪਿੰਡ ਵਾਲੇ ਇਸ ਨੂੰ ‘ਮੋਹਣਾ ਮਲੱਟਰੀ’ ਆਖਿਆ ਕਰਦੇ ਸਨ। ਇਸ ਕੋਲ਼ ਨਾਜਾਇਜ਼ ਅਸਲਾ ਵੀ ਹੁੰਦਾ ਸੀ। ਇਹ ਗੱਲ ਉਹਨੀਂ ਦਿਨੀਂ ਬੜੀ ਵੱਡੀ ਤੇ ਦਲੇਰੀ ਵਾਲ਼ੀ ਸਮਝੀ ਜਾਂਦੀ ਸੀ। ਬਾਕੀ ਲੋਕਾਂ ਦੇ ਮਨਾਂ ਤੇ ਇਸ ਗੱਲ ਦਾ ਬੜਾ ਭੈ ਹੁੰਦਾ ਸੀ ਕਿ ਫਲਾਣੇ ਕੋਲ਼ ਬੰਦੂਕ ਜਾਂ ਪਸਤੌਲ ਹੈ। ਇਹ ਸੱਜਣ ਬਹੁਤਾ ਕਰਕੇ ਪੁਲਿਸ ਤੋਂ ਭਗੌੜਾ ਹੀ ਰਹਿੰਦਾ ਸੀ। ਇੱਕ ਵਾਰੀਂ ਅਸੀਂ ਨਾਥ ਦੀ ਖੂਹੀ ਵੱਲ, ਸੜਕ ਦੇ ਨੇੜੇ, ਮੈਰੇ ਵਿੱਚ ਡੰਗਰ ਚਾਰਦੇ ਸਾਂ ਤੇ ਇਸ ਦਾ ਮੁੰਡਾ ਵੀ ਸਾਡੇ ਨਾਲ਼ ਡੰਗਰ ਚਾਰਦਾ ਸੀ। ਇਹ ਸਾਡੇ ਕੋਲ਼ ਆਪਣੇ ਮੁੰਡੇ ਨੂੰ ਵੇਖਣ ਆਇਆ ਸੀ। ਉਹਨੀਂ ਦਿਨੀਂ ਇਹ ਜਰੂਰ ਹੀ ਭਗੌੜਾ ਹੋਵੇਗਾ। ਆਪਣੇ ਪੁੱਤਰ ਨੂੰ ਮਿਲ਼ਿਆ। ਉਸ ਵੱਲ ਵੇਖ ਕੇ ਮੁਸਕਰਾ ਰਹੇ ਦੀ ਤਸਵੀਰ ਅਜੇ ਵੀ ਮੇਰੀ ਯਾਦਦਾਸ਼ਤ ਵਿੱਚ ਸਾਂਭੀ ਪਈ ਹੈ। ਇਹ ਆਪਣੇ ਪੁੱਤਰ ਨੂੰ ਆਖ ਰਿਹਾ ਸੀ ਕਿ ਉਹ ਇਸ ਵਾਸਤੇ ਘਰੋਂ ਜਾ ਕੇ ਰੋਟੀ ਲਿਆਵੇ ਪਰ ਉਹ ਨਹੀਂ ਮੰਨਿਆਂ। ਇਸ ਦੇ ਇੱਕ ਤੋਂ ਵਧ ਕਾਰਨ ਵੀ ਹੋ ਸਕਦੇ ਸਨ। ਇੱਕ ਇਹ ਵੀ ਹੋ ਸਕਦਾ ਸੀ ਕਿ ਛੋਟਾ ਹੋਣ ਕਰਕੇ ਉਸ ਨੂੰ ਇਸ ਗੱਲ ਦੇ ਮਹੱਤਵ ਦਾ ਨਾ ਪਤਾ ਹੋਵੇ ਕਿ ਉਸ ਦਾ ਪਿਓ ਭੁੱਖਾ ਹੈ ਤੇ ਦੂਜਾ ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਪਤਾ ਹੋਵੇ ਕਿ ਘਰ ਵਿੱਚ ਆਟਾ ਨਹੀ ਹੈ। ਉਸ ਦੀ ਮਾਂ ਰੋਟੀ ਕਿਥੋਂ ਪਕਾ ਕੇ ਦੇਵੇਗੀ!
ਇਸ ਦੇ ਭਗੌੜੇ ਹੋਣ ਦੇ ਦਿਨੀਂ ਹੀ ਇੱਕ ਵਾਰੀਂ ਮੇਰੇ ਸਾਹਮਣੇ ਪਿੰਡ ਵਿੱਚ ਪੁਲਸ ਆਈ ਤੇ ਨੰਬਰਦਾਰਾਂ ਦੇ ਪਸੂ ਬੰਨ੍ਹਣ ਵਾਲ਼ੇ ਥਾਂ ਮੰਜਿਆਂ ਉਪਰ ਬੈਠੀ ਹੋਈ ਸੀ। ਇਸ ਦੇ ਪੁੱਤਰ ਅਤੇ ਮਾਂ ਨੂੰ ਫੜ ਕੇ ਘਰੋਂ ਓਥੇ ਲੈ ਆਈ ਸੀ। ਮਾਂ ਇੱਕ ਪਾਸੇ ਭੁੰਜੇ ਬੈਠਾਈ ਹੋਈ ਸੀ ਤੇ ਇਸ ਦੇ ਪੁੱਤਰ ਨੂੰ ਪੁਲਿਸ ਵਾਲ਼ੇ ਕੁੱਟ ਕੇ ਪੁੱਛ ਰਹੇ ਸਨ ਕਿ ਦੱਸ ਤੇਰਾ ਪਿਓ ਕਿੱਥੇ ਹੈ! ਉਸ ਵਿਚਾਰੇ ਨੂੰ ਕੀ ਪਤਾ ਸੀ ਕਿ ਉਸ ਦਾ ਪਿਓ ਕਿੱਥੇ ਸੀ। ਮਾਂ ਇਸ ਦੌਰਾਨ ਬੇਵੱਸ ਆਪਣੇ ਪੁੱਤਰ ਨੂੰ ਪੁਲਿਸ ਹੱਥੋਂ ਕੁੱਟੀਂਦਾ ਵੇਖ ਰਹੀ ਸੀ ਪਰ ਕਰ ਕੁੱਝ ਨਹੀਂ ਸੀ ਸਕਦੀ। ਮੇਰੇ ਮਨ ਉਪਰ ਓਦੋਂ ਦਾ ਪੁਲਿਸ ਦਾ ਮਾੜਾ ਤੇ ਡਰਾਉਣਾ ਪ੍ਰਭਾਵ ਪਿਆ ਹੋਇਆ ਹੈ। ਹੁਣ ਭਾਵੇਂ ਆਪਣੇ ਰਿਸ਼ਤੇਦਾਰਾਂ ਵਿਚੋਂ ਹੀ ਕਈ ਪੁਲਿਸ ਅਫ਼ਸਰ ਹਨ ਪਰ ਫਿਰ ਵੀ ਬਚਪਨ ਦਾ ਮਨ ਤੇ ਪਿਆ ਹੋਇਆ ਪ੍ਰਭਾਵ ਪੂਰੀ ਤਰ੍ਹਾਂ ਨਹੀ ਜਾਂਦਾ।
ਸੰਤੋਖ ਸਿੰਘ
.