.

ਜਸਬੀਰ ਸਿੰਘ ਵੈਨਕੂਵਰ

ਗੁਰੂ ਦੇ ਚਰਨਾਂ ਦੀ ਧੂੜੀ ਵਿੱਚ ਇਸ਼ਨਾਨ

ਗੁਰੂ ਗ੍ਰੰਥ ਸਾਹਿਬ ਵਿੱਚ ਚਰਨ /ਚਰਣ ਧੂੜ/ਧੂਰ, ਚਰਨ ਰੇਨ ਆਦਿ ਸ਼ਬਦਾਂ ਦਾ ਵਰਣਨ ਕਈ ਥਾਈਂ ਆਇਆ ਹੈ। ਚਰਨ ਰੇਨ ਦਾ ਅਰਥ ਹੈ ਚਰਨਾਂ/ਪੈਰਾਂ ਦੀ ਖ਼ਾਕ। ਗੁਰਬਾਣੀ ਵਿੱਚ ਇਹ ਸ਼ਬਦ ਆਪੇ ਦਾ ਤਿਆਗ ਕਰਕੇ ਅਤਿ ਨਿਮਰ ਹੋ ਕੇ ਜਾਤ, ਵਰਣ ਆਦਿ ਦੇ ਅਭਿਆਨ ਤੋਂ ਉਪਰ ਉੱਠ ਜਾਣ ਦੇ ਭਾਵਾਰਥ ਵਿੱਚ ਵਰਤਿਆ ਗਿਆ ਹੈ। ਜਿਸ ਤਰ੍ਹਾਂ ਕਈ ਸੱਜਣਾਂ ਵਲੋਂ ਗੁਰੂ ਦੇ ਚਰਨਾਂ ਦਾ ਧਿਆਨ ਧਰਨਾ, ਚਰਨਾਂ ਨੂੰ ਪਰਸਨਾ ਆਦਿ ਸ਼ਬਦਾਂ ਤੋਂ ਭਾਵ ਹੱਡ ਮਾਸ ਦੇ ਪੈਰਾਂ ਤੋਂ ਲਿਆ ਜਾਂਦਾ ਹੈ, ਉਸੇ ਤਰ੍ਹਾਂ ਚਰਨ ਧੂੜੀ ਤੋਂ ਭਾਵ ਵੀ ਪੈਰਾਂ ਦੀ ਖ਼ਾਕ ਤੋਂ ਹੀ ਲਿਆ ਜਾਂਦਾ ਹੈ। ਕਈ ਵੀਰਾਂ/ਭੈਣਾਂ ਵਲੋਂ ਚਰਨ ਧੂੜ ਤੋਂ ਅਜਿਹਾ ਭਾਵ ਲੈਣ ਕਾਰਨ ਹੀ ਕਈ ਵਾਰ ਇਹ ਦੇਖਣ ਵਿੱਚ ਆਉਂਦਾ ਹੈ ਕਿ ਧਾਰਮਿਕ ਸਥਾਨਾਂ `ਤੇ ਕਈ ਸ਼ਰਧਾਲੂ (ਖ਼ਾਸ ਤੌਰ `ਤੇ ਬੀਬੀਆਂ) ਆਪਣੇ ਦੁਪੱਟੇ ਆਦਿ ਨਾਲ ਸੰਗਤਾਂ ਦੇ ਆਵਾਜਾਈ ਵਾਲੀ ਜਗ੍ਹਾ ਨੂੰ ਸਾਫ ਕਰਕੇ, ਇਕੱਠੀ ਹੋਈ ਖ਼ਾਕ ਨੂੰ ਸ਼ਰਧਾ ਨਾਲ ਕਿਸੇ ਵਸਤਰ ਆਦਿ ਵਿਖੇ ਸੰਭਾਲ ਕੇ ਘਰ ਲੈ ਜਾਂਦੇ ਹਨ। ਕਈ ਥਾਂਈ ਜਿੱਥੇ ਪੈਰ ਧੌਣ ਲਈ ਚੁਬੱਚਾ ਆਦਿ ਬਣਿਆ ਹੋਇਆ ਹੈ, ਉਸ ਪਾਣੀ ਨੂੰ ਕਈਆਂ ਵਲੋਂ ਚਰਣਾਮ੍ਰਿਤ ਸਮਝ ਕੇ ਪਾਨ ਕਰਦੇ ਹੋਏ ਆਮ ਹੀ ਦੇਖਿਆ ਜਾ ਸਕਦਾ ਹੈ। ਪਟਨਾ ਸਾਹਿਬ ਵਿਖੇ ਤਾਂ ਜੋੜੇਖ਼ਾਨੇ ਵਿਖੇ ਛੋਟੀਆਂ ਛੋਟੀਆਂ ਪੂੜੀਆਂ ਵਿੱਚ ਇਸ ਧੂੜ/ਮਿੱਟੀ ਘੱਟੇ ਨੂੰ ਪਾ ਕੇ ਪ੍ਰਸ਼ਾਦ ਰੂਪ ਵਿੱਚ ਸੰਗਤਾਂ ਨੂੰ ਦਿੱਤਾ ਜਾਂਦਾ ਹੈ। (ਨੋਟ: ਜਿਸ ਧਰਮ ਵਿੱਚ ਜ਼ਿੰਮੇਵਾਰ ਸੰਸਥਾਵਾਂ ਦੀ ਸੇਵਾ–ਸੰਭਾਲ ਕਰਨ ਵਾਲੇ ਸੱਜਣਾਂ ਨੇ ਹੀ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਗੁਮਰਾਹ ਕਰਨ ਲਈ ਕਮਰਕੱਸਾ ਕਰ ਲਿਆ ਹੋਵੇ, ਉਸ ਧਰਮ ਦਾ ਭਵਿੱਖ ਕਿੰਨਾ ਕੁ ਉਜਲਾ ਹੋ ਸਕਦਾ ਹੈ; ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਇਨ੍ਹਾਂ ਗੁਰਧਾਮਾਂ ਵਿਖੇ ਗੁਰਮਤਿ ਸਿਧਾਂਤਾਂ ਨਾਲ ਸ਼ਰੇਆਮ ਖਿਲਵਾੜ ਕੀਤਾ ਜਾ ਰਿਹਾ ਹੈ। ਇਹ ਹੀ ਕਾਰਨ ਹੈ ਕਿ ਸਾਡੇ ਗੁਰਧਾਮ (ਜ਼ਿਆਦਾਤਰ) ਗੁਰਮਤਿ ਦੀ ਥਾਂ ਮਨਮਤਿ ਦੇ ਪ੍ਰਚਾਰ ਦਾ ਕੇਂਦਰ ਬਣ ਚੁਕੇ ਹਨ।)
ਇਸ ਲੇਖ ਵਿੱਚ ਅਸੀਂ ਕੇਵਲ ਚਰਨ ਧੂੜੀ ਵਿੱਚ ਇਸ਼ਨਾਨ ਕਰਨ ਦੇ ਭਾਵ ਅਰਥ ਦੀ ਹੀ ਚਰਚਾ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਜਨ, ਸਾਧ/ਸੰਤ, ਗੁਰੂ ਆਦਿ ਦੇ ਚਰਨਾਂ ਦੀ ਧੂੜੀ ਵਿੱਚ ਇਸ਼ਨਾਨ ਕਰਨ ਦਾ ਵਰਣਨ ਕੀਤਾ ਗਿਆ ਹੈ। ਗੁਰਦੇਵ ਗੁਰੂ ਦੇ ਚਰਨਾਂ ਦੀ ਧੂੜੀ ਵਿੱਚ ਇਸ਼ਨਾਨ ਦੀ ਮਹਿਮਾਂ ਦਾ ਵਰਣਨ ਕਰਦਿਆਂ ਹੋਇਆਂ ਫ਼ਰਮਾਉਂਦੇ ਹਨ: ਗੁਰ ਕੀ ਧੂਰਿ ਕਰਉ ਨਿਤ ਮਜਨੁ ਕਿਲਵਿਖ ਮੈਲੁ ਉਤਾਰਿਆ॥ ਅਰਥ: ਮੈਂ ਸਦਾ ਗੁਰੂ ਦੇ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰਦਾ ਰਹਿੰਦਾ ਹਾਂ, (ਇਸ ਇਸ਼ਨਾਨ ਨੇ ਮੇਰੇ ਮਨ ਤੋਂ) ਪਾਪਾਂ ਦੀ ਮੈਲ ਲਾਹ ਦਿੱਤੀ ਹੈ।
ਸਤਿਗੁਰੂ ਜੀ ਜਿਸ ਚਰਨਾਂ ਦੀ ਧੂੜੀ ਵਿੱਚ ਨਿਤ ਇਸ਼ਨਾਨ ਕਰਨ ਦੀ ਗੱਲ ਕਰਦਿਆਂ ਹੋਇਆਂ ਕਹਿੰਦੇ ਹਨ ਕਿ ਇਸ ਇਸ਼ਨਾਨ ਨਾਲ ਪਾਪਾਂ ਦੀ ਮੈਲ ਉਤਾਰ ਸਕੀਦਾ ਹੈ, ਉਹ ਇਸ਼ਨਾਨ ਗੁਰੂ ਉਪਦੇਸ਼/ ਗੁਰਬਾਣੀ ਨੂੰ ਵਿਚਾਰ ਨਾਲ ਪੜ੍ਹ/ਵਿਚਾਰ ਕੇ ਹਿਰਦੇ ਵਿੱਚ ਵਸਾਉਣ ਰੂਪੀ ਇਸ਼ਨਾਨ ਹੈ। ਇਸ ਤਰ੍ਹਾਂ ਦੇ ਇਸ਼ਨਾਨ ਨਾਲ ਹੀ ਅੰਦਰ ਦੀ ਮੈਲ ਨੂੰ ਲਾਹ ਸਕੀਦਾ ਹੈ। ਸਤਿਗੁਰੂ ਜੀ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾਉਣ ਰੂਪੀ ਇਸ਼ਨਾਨ ਨਾਲ ਹੀ ਮਨੁੱਖ ਨੂੰ ਬਿਬੇਕ ਬੁੱਧੀ ਪ੍ਰਾਪਤ ਹੁੰਦੀ ਹੈ। ਗੁਰੂ ਗਿਆਨ ਨਾਲ ਹਾਸਲ ਹੋਈ ਬਿਬੇਕ ਬੁੱਧੀ ਹੀ ਗੁਰੂ ਦੇ ਚਰਨਾਂ ਦੀ ਧੂੜ ਹੈ। ਇਹ ਚੰਗੇ ਮਾੜੇ ਦੀ ਸੋਝੀ ਹੀ ਅਸਲ ਵਿੱਚ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ, ਜਿਸ ਨਾਲ ਮਨੁੱਖ ਦਾ ਹਿਰਦਾ ਪਵਿੱਤਰ ਹੁੰਦਾ ਹੈ: ਦਰਸਨੁ ਦੇਖਿ ਭਈ ਮਤਿ ਪੂਰੀ॥ ਅਠਸਠਿ ਮਜਨੁ ਚਰਨਹ ਧੂਰੀ॥ ੧॥ ਰਹਾਉ॥ (੨੨੪) ਅਰਥ: (ਹਰੀ ਦੇ ਦਾਸ, ਗੁਰੂ ਦਾ) ਦਰਸਨ ਕਰ ਕੇ ਮਨੁੱਖ ਦੀ ਅਕਲ ਪੂਰੀ (ਸੂਝ ਵਾਲੀ) ਹੋ ਜਾਂਦੀ ਹੈ। (ਗੁਰੂ ਦੇ) ਚਰਨਾਂ ਦੀ ਧੂੜ (ਹੀ) ਅਠਾਹਠ ਤੀਰਥਾਂ ਦਾ ਇਸ਼ਨਾਨ ਹੈ। ੧। ਰਹਾਉ।
ਜੇਕਰ ਗੁਰਦੇਵ ਦਾ ਇਹ ਵਿਸ਼ਵਾਸ ਹੁੰਦਾ ਕਿ ਚਰਨ- ਧੂੜ (ਪੈਰਾਂ ਦੀ ਖ਼ਾਕ) ਵਿੱਚ ਇਸ਼ਨਾਨ ਕਰਨ ਨਾਲ, ਇਸ਼ਨਾਨ ਕਰਨ ਵਾਲੇ ਦੇ ਅਨੇਕਾਂ ਜਨਮਾਂ ਦੇ ਕੀਤੇ ਹੋਏ ਪਾਪ ਦੂਰ ਹੋ ਜਾਂਦੇ ਹਨ ਤਾਂ ਫਿਰ ਮਹਾਰਜ ਇਹ ਕਦੀ ਨਾ ਕਹਿੰਦੇ: ਦਸਮੀ ਨਾਮੁ ਦਾਨੁ ਇਸਨਾਨੁ॥ ਅਨਦਿਨੁ ਮਜਨੁ ਸਚਾ ਗੁਣ ਗਿਆਨੁ॥ (੮੪੦) ਪਰਮਾਤਮਾ ਦਾ ਨਾਮ ਜਪਣਾ ਹੀ ਦਸਵੀਂ ਥਿਤ ਤੇ ਦਾਨ ਕਰਨਾ ਤੇ ਇਸ਼ਨਾਨ ਕਰਨਾ ਹੈ। ਪ੍ਰਭੂ ਦੇ ਗੁਣਾਂ ਨਾਲ ਡੂੰਘੀ ਸਾਂਝ ਹੀ ਸਦਾ-ਥਿਰ ਰਹਿਣ ਵਾਲਾ ਨਿੱਤ ਦਾ ਤੀਰਥ-ਇਸ਼ਨਾਨ ਹੈ। ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਿਆਂ (ਮਨ ਨੂੰ ਵਿਕਾਰਾਂ ਦੀ) ਮੈਲ ਨਹੀਂ ਲੱਗਦੀ, ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ।
ਸਤਿਗੁਰੂ ਜੀ ਸਪਸ਼ਟ ਕਰ ਰਹੇ ਹਨ ਕਿ ਵਾਹਿਗੁਰੂ ਦੇ ਨਾਮ ਵਿੱਚ ਜੁੜਿਆਂ ਹੀ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ। ਵਿਕਾਰਾਂ ਨਾਲ ਲਿਬੜੇ ਹੋਏ ਮਨ ਨੂੰ ਇਸ ਨਾਮ/ਗੁਰਸ਼ਬਦ ਨਾਲ ਹੀ ਪਵਿੱਤਰ ਕੀਤਾ ਜਾ ਸਕਦਾ ਹੈ। ਜੇਕਰ ਪੈਰਾਂ ਦੀ ਖ਼ਾਕ ਨਾਲ ਹੀ ਇਹ ਸਭ ਕੁੱਝ ਸੰਭਵ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ/ਗੁਰਸ਼ਬਦ ਦੀ ਮਹਿਮਾਂ ਦਾ ਬਾਰ ਬਾਰ ਗੁਣ –ਗਾਣ ਨਾ ਕੀਤਾ ਜਾਂਦਾ। ਗੁਰਬਾਣੀ ਵਿੱਚ ਉੱਚ ਆਚਰਣ ਉੱਤੇ ਜ਼ੋਰ ਨਾ ਦਿੱਤਾ ਜਾਂਦਾ: ਗੁਰਮੁਖਿ ਮਜਨੁ ਚਜੁ ਅਚਾਰੁ॥ (੯੩੨) ਅਰਥ: ਉੱਚਾ ਆਚਰਣ (ਬਨਾਣਾ) ਗੁਰਮੁਖ ਦਾ (ਤੀਰਥ-) ਇਸ਼ਨਾਨ ਹੈ।
ਚੂੰਕਿ ਸਤਿਗੁਰੂ ਜੀ ਪ੍ਰਭੂ ਨਾਮ ਰਾਹੀਂ ਹੀ ਵਿਕਾਰਾਂ ਤੋਂ ਖ਼ਲਾਸੀ ਹੁੰਦੀ ਹੈ `ਚ ਵਿਸ਼ਵਾਸ ਕਰਦੇ ਹਨ। ਇਸ ਲਈ ਮੁਕਤ ਪ੍ਰਾਣੀ ਦੇ ਸਬੰਧ ਵਿੱਚ ਚਰਚਾ ਕਰਦਿਆਂ ਫ਼ਰਮਾਉਂਦੇ ਹਨ ਕਿ ਜੋ ਪ੍ਰਾਣੀ ਵੀ ਪ੍ਰਭੂ ਪਿਆਰ ਵਿੱਚ ਰੰਗੀਜ ਕੇ ਉਸ ਦੀ ਸਿਫ਼ਤ ਸਾਲਾਹ ਭਾਵ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ, ਉਹ ਇਨਸਾਨ ਵਿਕਾਰਾਂ ਤੋਂ ਛੁਟਕਾਰਾ ਹਾਸਲ ਕਰ ਲੈਂਦਾ ਹੈ। ਹਜ਼ੂਰ ਇਸ ਗੱਲ ਦਾ ਹੀ ਜ਼ਿਕਰ ਕਰਦਿਆਂ ਅਗਲੀ ਪੰਗਤੀ ਵਿੱਚ ਆਖਦੇ ਹਨ ਕਿ ਜੋ ਪ੍ਰਾਣੀ ਵੀ ਗੁਰੂ ਦੀ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰਦਾ ਰਹਿੰਦਾ ਹੈ ਭਾਵ ਸਤਿਗੁਰੂ ਬਾਣੀ ਵਿੱਚ ਜੋ ਵਾਹਿਗੁਰੂ ਜੀ ਦੇ ਗੁਣ ਦਰਸਾਏ ਹਨ, ਉਨ੍ਹਾਂ ਨੂੰ ਚੇਤੇ ਕਰਕੇ ਇਨ੍ਹਾਂ ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦਾ ਹੈ, ਉਹ ਮਨੁੱਖ ਵਿਕਾਰਾਂ ਤੋਂ ਰਹਿਤ ਹੋ ਕੇ ਜੀਵਨ – ਮੁਕਤ ਹੋ ਜਾਂਦਾ ਹੈ: ਹਰਿ ਰੰਗਿ ਰਾਤਾ ਮਨੁ ਰਾਮ ਗੁਨ ਗਾਵੈ॥ ਮੁਕਤ+ ਸਾਧੂ ਧੂਰੀ ਨਾਵੈ॥ ੧॥ ਰਹਾਉ॥ (ਪੰਨਾ ੧੩੪੦) ਅਰਥ: ਹੇ ਭਾਈ! (ਜਿਸ ਮਨੁੱਖ ਦਾ) ਮਨ ਪਰਮਾਤਮਾ ਦੇ (ਪਿਆਰ-) ਰੰਗ ਵਿੱਚ ਰੰਗਿਆ ਰਹਿੰਦਾ ਹੈ (ਜਿਹੜਾ ਮਨੁੱਖ) ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ, (ਜਿਹੜਾ ਮਨੁੱਖ) ਗੁਰੂ ਦੀ ਚਰਨ-ਧੂੜ ਵਿੱਚ ਇਸ਼ਨਾਨ ਕਰਦਾ ਰਹਿੰਦਾ ਹੈ, ਉਹ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ (ਉਹੀ ਹੈ ‘ਮੁਕਤ’ )।
ਸਿੱਖ ਇਤਿਹਾਸ ਵਿੱਚ ਭਾਵੇਂ ਉਕਤੀ, ਯੁਕਤੀ ਅਤੇ ਇਤਿਹਾਸ ਦੇ ਵਿਰੁੱਧ ਬਹੁਤ ਕੁਛ ਲਿਖਿਆ ਹੋਇਆ ਹੈ ਪਰ ਚਰਨ ਧੂੜ ਦੇ ਸਬੰਧ ਵਿੱਚ ਇਸ ਗੱਲ ਦਾ ਕਿਧਰੇ ਵੀ ਸੰਕੇਤ ਨਹੀਂ ਮਿਲਦਾ ਕਿ ਕਦੀ ਕਿਸੇ ਸਿੱਖ ਨੇ ਗੁਰੂ ਸਾਹਿਬ ਦੇ ਚਰਨਾਂ ਦੀ ਛੂਹਿ ਮਾਣਨ ਵਾਲੀ ਮਿੱਟੀ ਨਾਲ ਇਸ਼ਨਾਨ ਕੀਤਾ ਹੋਵੇ। ਇਸ ਗੱਲ ਦਾ ਵੀ ਕਿਧਰੇ ਵਰਣਨ ਨਹੀਂ ਕੀਤਾ ਗਿਆ ਕਿ ਕਿਸੇ ਗੁਰੂ ਸਾਹਿਬ ਨੇ ਸੰਗਤਾਂ ਨੂੰ ਵਿਕਾਰਾਂ ਤੋਂ ਖਹਿੜਾ ਛਡਾਉਣ ਲਈ ਇਸ ਚਰਨ ਧੂੜ ਵਿੱਚ ਇਸ਼ਨਾਨ ਕਰਨ ਦੀ ਪ੍ਰੇਰਨਾ ਕੀਤੀ ਹੋਵੇ। ਗੁਰੂ ਗ੍ਰੰਥ ਸਾਹਿਬ ਵਿੱਚ ਸਚਿਆਰ ਬਣਨ ਦਾ ਇਕੋ ਹੀ ਢੰਗ ਸ਼ੁਰੂ ਤੋਂ ਲੈ ਕੇ ਅੰਤ ਤੱਕ ਦਰਸਾਇਆ ਗਿਆ ਹੈ ਕਿ ਮਨੁੱਖ ਦੀ ਕਲਿਆਣ ਗੁਰੂ ਉਪਦੇਸ਼ ਨੂੰ ਹਿਰਦੇ `ਚ ਵਸਾਇਆਂ ਹੀ ਸੰਭਵ ਹੈ। ਅਰਥਾਤ ਗੁਰੂ ਜੀ ਦਰਸਾਈ ਹੋਈ ਜੀਵਨ–ਜਾਚ ਨੂੰ ਅਪਣਾਇਆਂ ਹੀ ਵਿਕਾਰਾਂ ਤੋਂ ਉਪਰ ਉੱਠ ਕੇ ਸਵੱਛਤਾ ਦਾ ਜੀਵਨ ਜੀਊ ਸਕੀਦਾ ਹੈ। ਜੇਕਰ ਕਿਸੇ ਵਿਸ਼ੇਸ਼ ਵਿਅਕਤੀ ਦੇ ਪੈਰਾਂ ਦੀ ਛੂਹਿ ਮਾਣਨ ਵਾਲੀ ਮਿੱਟੀ ਨੂੰ ਮੱਥੇ ਉੱਤੇ ਲਾਉਣ ਨਾਲ ਹੀ ਮਨੁੱਖ ਦੀ ਕਲਿਆਣ ਹੈ ਤਾਂ ਫਿਰ ਸਚਿਆਰ ਬਣਨ ਲਈ ਦੈਵੀ ਗੁਣਾਂ ਨੂੰ ਹਿਰਦੇ ਵਿੱਚ ਵਸਾਉਣ ਦੀ ਕੀ ਲੋੜ ਹੈ? ਫਿਰ ਤਾਂ ਗੁਰੂ ਸਾਹਿਬ ਨੂੰ ਮਨੁੱਖ ਨੂੰ ਸੁਚੇਤ ਕਰਦਿਆਂ ਹੋਇਆਂ ਇਹ ਕਹਿਣ ਦੀ ਜ਼ਰੂਰਤ ਹੀ ਨਹੀਂ ਸੀ ਕਿ: ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ॥ (ਪੰਨਾ ੪੭੪) ਅਰਥ: ਮਾੜਾ ਕੰਮ ਭੁੱਲ ਕੇ ਭੀ ਨਾ ਕਰੀਏ, ਡੂੰਘੀ (ਵਿਚਾਰ ਵਾਲੀ) ਨਜ਼ਰ ਮਾਰ ਕੇ ਤੱਕ ਲਈਏ (ਕਿ ਇਸ ਮਾੜੇ ਕੰਮ ਦਾ ਸਿੱਟਾ ਕੀਹ ਨਿਕਲੇਗਾ)।
ਗੁਰੂ ਗ੍ਰੰਥ ਸਾਹਿਬ ਵਿੱਚ ਜਨ, ਸਾਧ /ਸੰਤ ਅਤੇ ਗੁਰੂ ਦੀ ਚਰਨ ਧੂੜੀ ਵਿੱਚ ਇਸ਼ਨਾਨ ਦਾ ਹੀ ਜ਼ਿਕਰ ਨਹੀਂ ਪ੍ਰਭੂ ਚਰਨਾਂ ਦੀ ਧੂੜੀ ਵਿੱਚ ਇਸ਼ਨਾਨ ਦਾ ਵਰਣਨ ਵੀ ਆਇਆ ਹੈ: ਹੋਇ ਪਵਿਤ੍ਰ ਸਰੀਰੁ ਚਰਨਾ ਧੂਰੀਐ॥ (੭੦੯) ਅਰਥ: ਪ੍ਰਭੂ! ਤੇਰੇ ਪੈਰਾਂ ਦੀ ਖ਼ਾਕ ਨਾਲ ਮੇਰਾ ਸਰੀਰ ਪਵਿੱਤ੍ਰ ਹੋ ਜਾਏ।
ਅਥਵਾ: ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾ ਰਾਮ॥ ਤੇਰੇ ਚਰਣਾ ਤੇਰੇ ਚਰਣ ਧੂੜਿ ਵਡਭਾਗੀ ਪਾਵਾ ਰਾਮ॥ ਹਰਿ ਧੂੜੀ ਨਾੑਈਐ ਮੈਲੁ ਗਵਾਈਐ ਜਨਮ ਮਰਣ ਦੁਖ ਲਾਥੇ॥ ਅੰਤਰਿ ਬਾਹਰਿ ਸਦਾ ਹਦੂਰੇ ਪਰਮੇਸਰੁ ਪ੍ਰਭੁ ਸਾਥੇ॥ ਮਿਟੇ ਦੂਖ ਕਲਿਆਣ ਕੀਰਤਨ ਬਹੁੜਿ ਜੋਨਿ ਨ ਪਾਵਾ॥ ਬਿਨਵੰਤਿ ਨਾਨਕ ਗੁਰ ਸਰਣਿ ਤਰੀਐ ਆਪਣੇ ਪ੍ਰਭ ਭਾਵਾ॥ ੪॥ (ਪੰਨਾ ੪੫੩) ਅਰਥ: ਹੇ ਪ੍ਰਭੂ! ਤੇਰੇ ਬੇਅੰਤ ਗੁਣ ਹਨ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਮੈਂ ਤੇਰੇ ਕਿਤਨੇ ਕੁ ਗੁਣ ਗਾ ਸਕਦਾ ਹਾਂ? ਹੇ ਪ੍ਰਭੂ! ਜੇ ਮੇਰੇ ਵੱਡੇ ਭਾਗ ਹੋਣ ਤਾਂ ਹੀ ਤੇਰੇ ਚਰਨਾਂ ਦੀ ਤੇਰੇ (ਸੋਹਣੇ) ਚਰਨਾਂ ਦੀ ਧੂੜ ਮੈਨੂੰ ਮਿਲ ਸਕਦੀ ਹੈ। ਹੇ ਭਾਈ! ਪ੍ਰਭੂ ਦੇ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ (ਇਸ ਤਰ੍ਹਾਂ ਮਨ ਵਿਚੋਂ ਵਿਕਾਰਾਂ) ਦੀ ਮੈਲ ਦੂਰ ਹੋ ਜਾਂਦੀ ਹੈ, ਤੇ, ਜਨਮ ਮਰਨ ਦੇ (ਸਾਰੀ ਉਮਰ ਦੇ) ਦੁੱਖ ਲਹਿ ਜਾਂਦੇ ਹਨ (ਇਹ ਨਿਸ਼ਚਾ ਭੀ ਆ ਜਾਂਦਾ ਹੈ ਕਿ) ਪਰਮੇਸਰ ਪ੍ਰਭੂ ਸਾਡੇ ਅੰਦਰ ਅਤੇ ਬਾਹਰ ਸਾਰੇ ਸੰਸਾਰ ਵਿੱਚ ਸਦਾ ਸਾਡੇ ਅੰਗ-ਸੰਗ ਵੱਸਦਾ ਹੈ ਸਾਡੇ ਨਾਲ ਵੱਸਦਾ ਹੈ। (ਹੇ ਭਾਈ! ਜੇਹੜਾ ਮਨੁੱਖ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਦੇ ਅੰਦਰ ਸੁਖ-ਆਨੰਦ ਬਣ ਜਾਂਦੇ ਹਨ ਉਸ ਦੇ ਦੁੱਖ ਮਿਟ ਜਾਂਦੇ ਹਨ, ਉਹ ਮੁੜ ਜੂਨਾਂ ਵਿੱਚ ਨਹੀਂ ਪੈਂਦਾ।
ਨਾਨਕ ਬੇਨਤੀ ਕਰਦਾ ਹੈ—ਗੁਰੂ ਦੀ ਸਰਨ ਪਿਆਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ। (ਜੇ ਮੈਨੂੰ ਭੀ ਗੁਰੂ ਮਿਲ ਪਏ ਤਾਂ ਮੈਂ ਭੀ) ਆਪਣੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪਵਾਂ।
ਜੇਹੜੇ ਸੱਜਣ ਚਰਨ ਦੀ ਧੂੜ ਤੋਂ ਭਾਵ ਪੈਰਾਂ ਦੀ ਛੁਹਿ ਹੋਈ ਮਿੱਟੀ ਤੋਂ ਹੀ ਲੈਂਦੇ ਹਨ ਕੀ ਉਹ ਇਹ ਦੱਸਣ ਦੀ ਖੇਚਲ ਕਰਨ ਗੇ ਪ੍ਰਭੂ ਦੇ ਕੇਹੜੇ ਚਰਨਾਂ ਚਲ ਹਜ਼ੂਰ ਨੇ ਇਸ਼ਾਰਾ ਕੀਤਾ ਹੈ ਅਤੇ ਇਨ੍ਹਾਂ ਪ੍ਰਭੂ ਚਰਨਾਂ ਦੀ ਧੂੜਿ ਵਿੱਚ ਇਸ਼ਨਾਨ ਦਾ ਕੀ ਸਰੂਪ ਹੈ?
ਪ੍ਰਭੂ ਚਰਨਾਂ ਦੀ ਧੂੜਿ ਵਿੱਚ ਇਸ਼ਨਾਨ ਦਾ ਭਾਵ ਵਾਹਿਗੁਰੂ ਦੀ ਸਿਫ਼ਤ ਸਾਲਾਹ ਕਰਦਿਆਂ ਹੋਇਆਂ ਭਾਵ ਗੁਰਬਾਣੀ ਦੁਆਰਾ ਅਕਾਲ ਪੁਰਖ ਦੇ ਗੁਣਾਂ ਨੂੰ ਸਮਝ ਕੇ, ਇਨ੍ਹਾਂ ਗੁਣਾਂ ਨੂੰ ਧਾਰਨ ਕਰਕੇ, ਕਰਤੇ ਦੀ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ, ਇਨ੍ਹਾਂ ਦੀ ਪਾਲਣਾ ਕਰਨਾ ਹੈ; ਆਪਣੇ ਅੰਦਰ ਦੈਵੀ ਗੁਣਾਂ ਨੂੰ ਧਾਰਨ ਕਰਨਾ ਹੈ।
ਸੋ, ਜਿਸ ਤਰ੍ਹਾਂ ਪ੍ਰਭੂ ਚਰਨਾਂ ਦੀ ਧੂੜੀ ਵਿੱਚ ਇਸ਼ਨਾਨ ਕਰਨ ਤੋਂ ਭਾਵ ਰੱਬੀ ਗੁਣਾਂ ਨੂੰ ਚੇਤੇ ਕਰਕੇ ਇਨ੍ਹਾਂ ਗੁਣਾਂ ਨੂੰ ਹਿਰਦੇ `ਚ ਵਸਾਉਣ ਤੋਂ ਹੈ, ਇਸੇ ਤਰ੍ਹਾਂ ਗੁਰੂ ਦੇ ਚਰਨਾਂ ਦੀ ਧੂੜੀ ਵਿੱਚ ਇਸ਼ਨਾਨ ਕਰਨ ਦਾ ਭਾਵਾਰਥ ਵੀ ਸਤਿਗੁਰੂ ਜੀ ਦੀ ਵਿਚਾਰਧਾਰਾ ਨੂੰ ਅਪਣਾ ਕੇ ਵਿਕਾਰਾਂ ਦੀ ਕਾਲਖ ਤੋਂ ਛੁਟਕਾਰਾ ਪਾਉਣਾ ਹੈ।




.