.

ਜਸਬੀਰ ਸਿੰਘ ਵੈਨਕੂਵਰ

ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ. .

ਗੁਰਬਾਣੀ ਦੀ ਜੀਵਨ-ਜੁਗਤ, ਸਰੀਰਕ ਇਸ਼ਨਾਨ ਦੀ ਜ਼ਰੂਰਤ ਅਤੇ ਇਸ ਦੀ ਅਹਿਮੀਅਤ ਤੋਂ ਇਨਕਾਰੀ ਨਹੀਂ ਹੈ। ਸਰੋਵਰਾਂ ਦੀ ਉਸਾਰੀ ਦੁਆਰਾ ਜਿੱਥੇ ਪਾਣੀ ਦੀ ਜ਼ਰੂਰਤ ਨੂੰ ਪੂਰਿਆਂ ਕੀਤਾ ਗਿਆ ਉੱਥੇ ਨਾਲ ਹੀ ਇਹਨਾਂ ਵਿੱਚ ਇਸ਼ਨਾਨ ਦੇ ਸੰਕਲਪ ਨੇ ਜਨ-ਸਾਧਾਰਨ ਨੂੰ ਛੂਤ-ਛਾਤ ਅਤੇ ਸੁੱਚ-ਭਿੱਟ ਦੀ ਧਾਰਨਾ ਤੋਂ ਵੀ ਉਪਰ ਉਠਾਇਆ ਹੈ। ਗੁਰਮਤਿ ਦੀ ਜੀਵਨ-ਜੁਗਤ ਵਿੱਚ ਸਰੀਰਕ ਇਸ਼ਨਾਨ ਨੂੰ ਆਤਮਕ ਸ਼ੁਧੀ ਦਾ ਸਾਧਨ ਨਹੀਂ ਮੰਨਿਆ ਗਿਆ ਹੈ। ਸਰੀਰਕ ਇਸ਼ਨਾਨ ਨੂੰ ਆਤਮਕ ਸ਼ੁਧੀ ਦਾ ਸਾਧਨ ਮੰਨਣ ਵਾਲਿਆਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਇਉਂ ਸੇਧ ਦਿੱਤੀ ਗਈ ਹੈ:
ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ॥ ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ॥ (ਪੰਨਾ ੪੮੪) ਅਰਥ: ਪਾਣੀ ਵਿੱਚ ਚੁੱਭੀ ਲਾਇਆਂ ਜੇ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਹਨ। ਜਿਵੇਂ ਡੱਡੂ ਹਨ ਤਿਵੇਂ ਉਹ ਮਨੁੱਖ ਸਮਝੋ; (ਪਰ ਨਾਮ ਤੋਂ ਬਿਨਾਂ ਉਹ) ਸਦਾ ਜੂਨਾਂ ਵਿੱਚ ਪਏ ਰਹਿੰਦੇ ਹਨ।
ਭਾਈ ਗੁਰਦਾਸ ਜੀ ਇਸ ਸਬੰਧ ਵਿੱਚ ਲਿਖਦੇ ਹਨ:
ਤੀਰਥ ਮਜਨ ਕਰਬੈ ਕੋ ਹੈ ਇਹੈ ਗੁਨਾਉ ਨਿਰਮਲ ਤਨ ਤ੍ਰਿਖਾ ਤਪਤਿ ਨਿਵਾਰੀਐ। ਅਰਥ: ਤੀਰਥਾਂ `ਤੇ ਇਸ਼ਨਾਨ ਕਰਨ ਦਾ ਇਹੋ ਮਹੱਤਵ ਹੈ ਕਿ ਸਰੀਰ ਸਵੱਛ ਹੁੰਦਾ ਹੈ ਅਤੇ ਸਰੀਰ ਦੀ ਤ੍ਰਿਖਾ ਤੇ ਤਪਸ਼ ਮਿਟਦੀ ਹੈ।
ਗੁਰਬਾਣੀ ਵਿੱਚ ਆਤਮ ਸ਼ੁਧੀ ਲਈ ਮਨੁੱਖ ਨੂੰ ਇਉਂ ਪ੍ਰੇਰਨਾ ਦਿੱਤੀ ਗਈ ਹੈ:
ਪੂਜਹੁ ਰਾਮੁ ਏਕੁ ਹੀ ਦੇਵਾ॥ ਸਾਚਾ ਨਾਵਣੁ ਗੁਰ ਕੀ ਸੇਵਾ॥ (ਪੰਨਾ ੪੮੪) ਅਰਥ: ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਅਸਲ (ਤੀਰਥ-) ਇਸ਼ਨਾਨ ਹੈ। ਸੋ, ਇੱਕ ਪਰਮਾਤਮਾ ਦੇਵ ਦਾ ਭਜਨ ਕਰੋ।
ਆਤਮ ਸ਼ੁਧੀ ਦਾ ਆਧਾਰ ਪ੍ਰਭੂ ਗੁਣਾਂ ਨੂੰ ਚੇਤੇ ਕਰਕੇ ਇਨ੍ਹਾਂ ਗੁਣਾਂ ਨੂੰ ਧਾਰਨ ਕਰਨਾ ਹੀ ਮੰਨਿਆ ਹੈ। ਇਹ ਹੀ ਕਾਰਨ ਹੈ ਕਿ ਕਿਸੇ ਵਿਸ਼ੇਸ਼ ਨਦੀ ਜਾਂ ਸਰੋਵਰ ਆਦਿ ਦੇ ਇਸ਼ਨਾਨ ਨੂੰ ਕਲਿਆਣ ਦਾ ਸਾਧਨ ਨਹੀਂ ਮੰਨਿਆ ਗਿਆ ਹੈ। ਕਈ ਵਿਦਵਾਨ ਸੱਜਣਾਂ ਦੀ ਗੁਰਬਾਣੀ ਦੀ ਨਿਮਨ ਲਿਖਤ ਪੰਗਤੀ ਬਾਰੇ ਧਾਰਨਾ ਹੈ ਕਿ ਇਸ ਵਿੱਚ ਗੁਰਦੇਵ ਨੇ ‘ਅੰਮ੍ਰਿਤਸਰ’ ਦੇ ਇਸ਼ਨਾਨ ਦੀ ਮਹਿਮਾ ਦਾ ਵਰਣਨ ਕੀਤਾ ਹੈ:
ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ॥
ਪਰੰਤੂ ਇਸ ਪੰਗਤੀ ਵਿੱਚ ‘ਅੰਮ੍ਰਿਤ ਸਰ’ ਸ਼ਬਦ ਦਾ ਭਾਵ ਨਾ ਤਾਂ ਸਰੋਵਰ ਤੋਂ ਹੈ ਅਤੇ ਨਾ ਹੀ ‘ਅੰਮ੍ਰਿਤਸਰ’ ਸ਼ਹਿਰ ਤੋਂ ਹੈ। ਜਿਸ ਸ਼ਬਦ ਦੀ ਇਹ ਪਾਵਨ ਪੰਗਤੀ ਹੈ, ਇਸ ਨੂੰ ਵਿਚਾਰਨ ਨਾਲ ਸਹਿਜੇ ਹੀ ਇਹ ਗੱਲ ਸਪਸ਼ਟ ਹੋ ਜਾਂਦੀ ਹੈ। ਪੂਰਾ ਸ਼ਬਦ ਇਸ ਤਰ੍ਹਾਂ ਹੈ:
ਗੋਵਿੰਦੁ ਗੋਵਿੰਦੁ ਪ੍ਰੀਤਮੁ ਮਨਿ ਪ੍ਰੀਤਮੁ ਮਿਲਿ ਸਤਸੰਗਤਿ ਸਬਦਿ ਮਨੁ ਮੋਹੈ॥ ਜਪਿ ਗੋਵਿੰਦੁ ਗੋਵਿੰਦੁ ਧਿਆਈਐ ਸਭ ਕਉ ਦਾਨੁ ਦੇਇ ਪ੍ਰਭੁ ਓਹੈ॥ ੧॥ ਮੇਰੇ ਭਾਈ ਜਨਾ ਮੋ ਕਉ ਗੋਵਿੰਦੁ ਗੋਵਿੰਦੁ ਗੋਵਿੰਦੁ ਮਨੁ ਮੋਹੈ॥ ਗੋਵਿੰਦ ਗੋਵਿੰਦ ਗੋਵਿੰਦ ਗੁਣ ਗਾਵਾ ਮਿਲਿ ਗੁਰ ਸਾਧਸੰਗਤਿ ਜਨੁ ਸੋਹੈ॥ ੧॥ ਰਹਾਉ॥ ਸੁਖ ਸਾਗਰ ਹਰਿ ਭਗਤਿ ਹੈ ਗੁਰਮਤਿ ਕਉਲਾ ਰਿਧਿ ਸਿਧਿ ਲਾਗੈ ਪਗਿ ਓਹੈ॥ ਜਨ ਕਉ ਰਾਮ ਨਾਮੁ ਆਧਾਰਾ ਹਰਿ ਨਾਮੁ ਜਪਤ ਹਰਿ ਨਾਮੇ ਸੋਹੈ॥ ੨॥ ਦੁਰਮਤਿ ਭਾਗਹੀਨ ਮਤਿ ਫੀਕੇ ਨਾਮੁ ਸੁਨਤ ਆਵੈ ਮਨਿ ਰੋਹੈ॥ ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ॥ ੩॥ ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ॥ ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨੑ ਗੁਰਮਤਿ ਨਾਮੁ ਰਿਦੈ ਮਲੁ ਧੋਹੈ॥ ੪॥ (ਪੰਨਾ ੪੯੩)
ਅਰਥ: ਹੇ ਮੇਰੇ ਭਰਾਵੋ! ਮੈਨੂੰ ਪ੍ਰਿਥਵੀ ਦਾ ਪਾਲਕ-ਪ੍ਰਭੂ ਮਿਲ ਪਿਆ ਹੈ, ਗੋਵਿੰਦ ਮੇਰੇ ਮਨ ਨੂੰ ਖਿੱਚ ਪਾ ਰਿਹਾ ਹੈ। ਮੈਂ ਹੁਣ ਹਰ ਵੇਲੇ ਗੋਵਿੰਦ ਦੇ ਗੁਣ ਗਾ ਰਿਹਾ ਹਾਂ। (ਹੇ ਭਾਈ!) ਗੁਰੂ ਨੂੰ ਮਿਲ ਕੇ ਸਾਧ ਸੰਗਤਿ ਵਿੱਚ ਮਿਲ ਕੇ (ਤੇ, ਗੋਵਿੰਦ ਦੇ ਗੁਣ ਗਾ ਕੇ) ਮਨੁੱਖ ਸੋਹਣੇ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ। ੧। ਰਹਾਉ।
ਹੇ ਮੇਰੇ ਭਰਾਵੋ! ਸਾਧ ਸੰਗਤਿ ਵਿੱਚ ਮਿਲ ਕੇ, ਗੁਰੂ ਦੇ ਸ਼ਬਦ ਵਿੱਚ ਜੁੜਨ ਕਰ ਕੇ ਪ੍ਰੀਤਮ ਗੋਵਿੰਦ (ਮੇਰੇ) ਮਨ ਵਿੱਚ (ਆ ਵੱਸਿਆ ਹੈ, ਤੇ, ਮੇਰੇ) ਮਨ ਨੂੰ ਖਿੱਚ ਪਾ ਰਿਹਾ ਹੈ। ਹੇ ਭਾਈ! ਗੋਵਿੰਦ ਦਾ ਭਜਨ ਕਰੋ, ਹੇ ਭਾਈ! ਗੋਵਿੰਦ ਦਾ ਧਿਆਨ ਧਰਨਾ ਚਾਹੀਦਾ ਹੈ। ਉਹੀ ਗੋਵਿੰਦ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ। ੧।
ਹੇ ਭਰਾਵੋ! ਜਿਸ ਮਨੁੱਖ ਨੂੰ ਗੁਰੂ ਦੀ ਮਤਿ ਦੀ ਬਰਕਤਿ ਨਾਲ ਸੁਖਾਂ ਦੇ ਸਮੁੰਦਰ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਲੱਛਮੀ ਉਸ ਦੇ ਚਰਨੀਂ ਆ ਲੱਗਦੀ ਹੈ, ਹਰੇਕ ਰਿਧੀ ਹਰੇਕ ਸਿਧੀ ਉਸ ਦੇ ਪੈਰੀਂ ਆ ਪੈਂਦੀ ਹੈ। ਹੇ ਭਾਈ! ਹਰੀ ਦੇ ਭਗਤ ਨੂੰ ਹਰੀ ਦੇ ਨਾਮ ਦਾ ਸਹਾਰਾ ਬਣਿਆ ਰਹਿੰਦਾ ਹੈ। ਪਰਮਾਤਮਾ ਦਾ ਨਾਮ ਜਪਦਿਆਂ, ਪਰਮਾਤਮਾ ਦੇ ਨਾਮ ਵਿੱਚ ਜੁੜ ਕੇ ਉਸ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ। ੨।
ਹੇ ਭਰਾਵੋ! ਭੈੜੀ ਮਤਿ ਤੇ ਤੁਰਨ ਵਾਲੇ ਬਦ-ਕਿਸਮਤਿ ਹੁੰਦੇ ਹਨ, ਉਹਨਾਂ ਦੀ ਆਪਣੀ ਅਕਲ ਭੀ ਹੌਲੀ ਹੀ ਰਹਿੰਦੀ ਹੈ, ਪਰਮਾਤਮਾ ਦਾ ਨਾਮ ਸੁਣਦਿਆਂ ਉਹਨਾਂ ਦੇ ਮਨ ਵਿੱਚ (ਸਗੋਂ) ਕ੍ਰੋਧ ਆਉਂਦਾ ਹੈ। ਕਾਂ ਅੱਗੇ ਕੋਈ ਸੁਆਦਲਾ ਭੋਜਨ ਰੱਖੀਏ (ਤਾਂ ਉਸ ਨੂੰ ਖਾਣ ਦੇ ਥਾਂ) ਉਹ ਵਿਸ਼ਟਾ ਖਾ ਕੇ, ਵਿਸ਼ਟਾ ਮੂੰਹ ਵਿੱਚ ਪਾ ਕੇ ਖ਼ੁਸ਼ ਹੁੰਦਾ ਹੈ। ੩।
ਹੇ ਭਰਾਵੋ! ਸਦਾ-ਥਿਰ ਹਰੀ ਦਾ ਨਾਮ ਜਪਣ ਵਾਲਾ ਸਤਿਗੁਰੂ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਹੈ, ਉਸ ਗੁਰੂ-ਸਰੋਵਰ ਵਿੱਚ ਨ੍ਹਾਤਿਆਂ (ਆਤਮਕ ਚੁੱਭੀ ਲਾਇਆਂ) ਕਾਂ ਭੀ (ਸਦਾ ਵਿਕਾਰਾਂ ਦੇ ਗੰਦ ਵਿੱਚ ਖ਼ੁਸ਼-ਰਹਿਣਾ ਮਨੁੱਖ ਭੀ) ਹੰਸ ਬਣ ਜਾਂਦਾ ਹੈ (ਹਰਿ-ਨਾਮ-ਜੋਤੀ ਦਾ ਪ੍ਰੇਮੀ ਬਣ ਜਾਂਦਾ ਹੈ)। ਹੇ ਨਾਨਕ! ਉਹ ਮਨੁੱਖ ਧੰਨ ਹਨ ਵੱਡੇ ਭਾਗਾਂ ਵਾਲੇ ਹਨ, ਗੁਰਮਤਿ ਰਾਹੀਂ ਮਿਲਿਆ ਹਰਿ-ਨਾਮ ਜਿਨ੍ਹਾਂ ਦੇ ਹਿਰਦੇ ਦੀ ਮੈਲ ਧੋਂਦਾ ਹੈ। ੪।
ਇਸ ਲਈ ਇਸ ਪੰਗਤੀ ਵਿੱਚ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਇਹ ਸ਼ਬਦ ‘ਸਰੋਵਰ’ ਜਾਂ ‘ਸ਼ਹਿਰ’ ਦੇ ਅਰਥਾਂ ਵਿੱਚ ਨਹੀਂ ਆਇਆ ਹੈ। ਇਹ ਸ਼ਬਦ ਆਤਮਕ ਜ਼ਿੰਦਗੀ ਦੇਣ ਵਾਲੇ ਨਾਮ ਜਲ ਅਥਵਾ ਗੁਰੂ ਲਈ ਆਇਆ ਹੈ।
ਗੁਰਮਤਿ ਦੀ ਜੀਵਨ-ਜੁਗਤ ਦੀ ਵਿਲਖੱਣਤਾ ਦਾ ਇੱਕ ਰੂਪ ਇਹ ਵੀ ਹੈ ਕਿ ਇਸ ਦੇ ਧਾਰਨੀ ਬਣਨ ਲਈ ਕਿਸੇ ਵਿਸ਼ੇਸ਼ ਸਮੇਂ, ਵਿਸ਼ੇਸ਼ ਸਥਾਨ ਜਾਂ ਵਿਅਕਤੀ `ਤੇ ਨਿਰਭਰ ਹੋਣ ਦੀ ਲੋੜ ਨਹੀਂ ਹੈ। ਕਿਸੇ ਵੀ ਸਥਾਨ `ਤੇ ਰਹਿਣ ਵਾਲਾ ਵਿਅਕਤੀ ਇਸ ਜੀਵਨ-ਜੁਗਤ ਦਾ ਧਾਰਨੀ ਬਣ ਕੇ ਜੀਵਨ-ਮੁਕਤ ਹੋ ਸਕਦਾ ਹੈ। ਉਸ ਨੂੰ ਕਿਧਰੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ। ਭਾਵੇਂ ਕਈ ਲੇਖਕਾਂ ਨੇ ਕਈ ਇਤਿਹਾਸਕ ਸਥਾਨਾਂ ਸਬੰਧੀ ਕਈ ਤਰ੍ਹਾਂ ਦੀਆਂ ਮਨਘੜਤ ਸਾਖੀਆਂ ਪ੍ਰਚਲਤ ਕੀਤੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਗੁਰੂ ਸਾਹਿਬਾਨ ਨਾਲ ਸਬੰਧਤ ਕਈ ਸਥਾਨਾਂ ਬਾਰੇ ਗੁਰੂ ਸਾਹਿਬਾਨ ਦੇ ਮੁੱਖੋਂ ਇਹ ਅਖਵਾਇਆ ਹੈ ਕਿ ਗੁਰੂ ਸਾਹਿਬ ਨੇ ਇਸ ਸਥਾਨ ਦੀ ਯਾਤਰਾ ਦਾ ਵਿਸ਼ੇਸ਼ ਮਹਾਤਮ ਦਰਸਾਇਆ ਹੈ। ਜਿਵੇਂ ਹਜ਼ੂਰ ਸਾਹਿਬ ਬਾਰੇ ਇਹ ਕਿਹਾ ਜਾਂਦਾ ਹੈ ਕਿ ਗੁਰੂ ਗੋਬੰਦ ਸਿੰਘ ਜੀ ੬੦ ਸਾਲ ਤੀਕ ਸਿੱਖ ਨੂੰ ਉਡੀਕਦੇ ਹਨ। ਪਰੰਤੂ ਇਸ ਤਰ੍ਹਾਂ ਦੇ ਕਥਨ ਲੇਖਕਾਂ ਦੀ ਆਪਣੀ ਕਲਪਣਾ ਦਾ ਹੀ ਨਤੀਜਾ ਹੈ; ਗੁਰੂ ਸਾਹਿਬਾਨ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਦਾ ਕੋਈ ਸਬੰਧ ਨਹੀਂ ਹੈ।
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਇਤਿਹਾਸਕ ਸਥਾਨਾਂ ਅਥਵਾ ਗੁਰਦੁਆਰਿਆਂ ਦੀ ਇਤਿਹਾਸਕ ਮਹੱਤਾ ਦਾ ਆਪਣਾ ਥਾਂ ਅਤੇ ਮਹੱਤਵ ਹੈ। ਇਹ ਗੱਲ ਵੀ ਵਧੇਰੇ ਵਿਆਖਿਆ ਦੀ ਮੁਥਾਜ਼ ਨਹੀਂ ਹੈ ਕਿ ਗੁਰੂ ਸਾਹਿਬਾਨ ਨਾਲ ਸਬੰਧਤ ਸਥਾਨਾਂ ਦੀ ਸੇਵਾ ਸੰਭਾਲ ਅਤੇ ਯਾਤਰਾ ਗੁਰੂ ਕੇ ਸਿੱਖਾਂ ਨੇ ਹੀ ਕਰਨੀ ਹੈ। ਪਰੰਤੂ ਫਿਰ ਵੀ ਗੁਰਮਤਿ ਦੀ ਜੀਵਨ-ਜੁਗਤ ਵਿੱਚ ਆਤਮਕ ਉੱਨਤੀ ਕਿਸੇ ਸਥਾਨ ਦੀ ਯਾਤਰਾ `ਤੇ ਨਹੀਂ, ਇਹ ਗੁਰਬਾਣੀ ਦੀ ਜੀਵਨ-ਜੁਗਤ ਉੱਤੇ ਹੀ ਨਿਰਭਰ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿੱਚ ਇਸ ਹਕੀਕਤ ਨੂੰ ਇਉਂ ਬਿਆਨ ਕੀਤਾ ਗਿਆ ਹੈ:
(ੳ) ਨਾ ਕਾਸੀ ਮਤਿ ਊਪਜੈ ਨਾ ਕਾਸੀ ਮਤਿ ਜਾਇ॥ ਸਤਿਗੁਰ ਮਿਲਿਐ ਮਤਿ ਊਪਜੈ ਤਾ ਇਹ ਸੋਝੀ ਪਾਇ॥ (ਪੰਨਾ ੪੯੧) ਅਰਥ: ਹੇ ਭਾਈ! ਨਾ ਹੀ ਕਾਂਸ਼ੀ (ਆਦਿਕ ਤੀਰਥਾਂ ਤੇ ਗਿਆਂ) ਸੁੱਚਜੀ ਅਕਲ ਪੈਦਾ ਹੁੰਦੀ ਹੈ, ਨਾ ਹੀ ਕਾਂਸ਼ੀ (ਆਦਿਕ ਤੀਰਥਾਂ `ਤੇ ਨਾ ਗਿਆਂ) ਚੰਗੀ ਅਕਲ ਦੂਰ ਹੋ ਜਾਂਦੀ ਹੈ। ਗੁਰੂ ਨੂੰ ਮਿਲਿਆਂ (ਮਨੁੱਖ ਦੇ ਅੰਦਰ) ਚੰਗੀ ਅਕਲ ਪੈਦਾ ਹੁੰਦੀ ਹੈ, ਤਦੋਂ ਮਨੁੱਖ ਨੂੰ ਇਹ ਸਮਝ ਆਉਂਦੀ ਹੈ।
(ਅ) ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ॥ ਕਿਆ ਕਾਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ॥ (ਪੰਨਾ ੬੯੨) ਅਰਥ: ਕਬੀਰ ਆਖਦਾ ਹੈ-ਹੇ ਲੋਕੋ! ਸੁਣੋ, ਕੋਈ ਮਨੁੱਖ ਕਿਸੇ ਭੁਲੇਖੇ ਚਿ ਨਾ ਪੈ ਜਾਏ ਕਿ ਕਾਸ਼ੀ ਵਿੱਚ ਮੁਕਤੀ ਮਿਲਦੀ ਹੈ, ਤੇ ਮਗਹਰ ਵਿੱਚ ਨਹੀਂ ਮਿਲਦੀ, ਜੇ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਹੋਵੇ, ਤਾਂ ਕਾਂਸ਼ੀ ਕੀ ਤੇ ਕਲਰਾਠਾ ਮਗਹਰ ਕੀ (ਦੋਹੀਂ ਥਾਈਂ ਪ੍ਰਭੂ ਵਿੱਚ ਲੀਨ ਹੋ ਸਕੀਦਾ ਹੈ।
ਆਤਮਕ ਉਨਤੀ ਚੂੰਕਿ ਗੁਰੂ ਗਿਆਨ ਦੁਆਰਾ ਹੀ ਸੰਭਵ ਹੈ ਇਸ ਲਈ ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਇਹ ਹੀ ਦ੍ਰਿੜ ਕਰਵਾਇਆ ਹੈ:
ਇਹੁ ਮਨੁ ਕਾਸੀ ਸਭਿ ਤੀਰਥ ਸਿਮ੍ਰਿਤਿ ਸਤਿਗੁਰ ਦੀਆ ਬੁਝਾਇ॥ ਅਠਸਠਿ ਤੀਰਥ ਤਿਸੁ ਸੰਗਿ ਰਹਹਿ ਜਿਨ ਹਰਿ ਹਿਰਦੈ ਰਹਿਆ ਸਮਾਇ॥ (ਪੰਨਾ ੪੯੧) ਅਰਥ: ਹੇ ਭਾਈ! ਜਿਸ ਮਨੁੱਖ ਨੂੰ ਸਤਿਗੁਰੂ ਨੇ (ਆਤਮਕ ਜੀਵਨ ਦੀ) ਸੂਝ ਬਖ਼ਸ਼ ਦਿੱਤੀ (ਉਸ ਦੇ ਵਾਸਤੇ) ਇਹ ਮਨ ਹੀ ਕਾਂਸ਼ੀ ਹੈ, ਇਹ ਮਨ ਹੀ ਸਾਰੇ ਤੀਰਥ ਹੈ, ਇਹ ਮਨ ਹੀ ਸਾਰੀਆਂ ਸਿਮ੍ਰਿਤੀਆਂ ਹੈ, ਉਸ ਮਨੁੱਖ ਦੇ ਨਾਲ ਅਠਾਹਠ ਹੀ ਤੀਰਥ ਵੱਸਦੇ ਹਨ।
ਗੁਰਬਾਣੀ ਦੀਆਂ ਜਿਨ੍ਹਾਂ ਪੰਗਤੀਆਂ ਵਿੱਚ ‘ਅੰਮ੍ਰਿਤਸਰ’ ਸ਼ਬਦ ਆਇਆ ਹੈ, ਉਨ੍ਹਾਂ ਵਿਚੋਂ ਕੁੱਝ ਕੁ ਇਸ ਤਰ੍ਹਾਂ ਹਨ:
(ੳ) ਸਤਿਗੁਰੁ ਪੁਰਖੁ ਅੰਮ੍ਰਿਤ ਸਰੁ ਵਡਭਾਗੀ ਨਾਵਹਿ ਆਇ॥ ਉਨ ਜਨਮ ਜਨਮ ਕੀ ਮੈਲੁ ਉਤਰੈ ਨਿਰਮਲ ਨਾਮੁ ਦ੍ਰਿੜਾਇ॥ ਜਨ ਨਾਨਕ ਉਤਮ ਪਦੁ ਪਾਇਆ ਸਤਿਗੁਰ ਕੀ ਲਿਵ ਲਾਇ (ਪੰਨਾ ੪੦) ਅਰਥ: (ਇਹ ਵਿਕਾਰਾਂ ਦਾ ਗੰਦ, ਇਹ ਚੰਡਾਲ ਕ੍ਰੋਧ ਆਦਿਕ ਦਾ ਪ੍ਰਭਾਵ ਤੀਰਥਾਂ ਤੇ ਨਾੑਤਿਆਂ ਦੂਰ ਨਹੀਂ ਹੋ ਸਕਦਾ) ਅਕਾਲ-ਪੁਰਖ ਦਾ ਰੂਪ ਸਤਿਗੁਰੂ ਹੀ ਅੰਮ੍ਰਿਤ ਦਾ ਸਰੋਵਰ ਹੈ। ਜੇਹੜੇ ਬੰਦੇ ਇਸ ਤੀਰਥ ਉੱਤੇ ਆ ਕੇ ਇਸ਼ਨਾਨ ਕਰਦੇ ਹਨ ਉਹ ਵੱਡੇ ਭਾਗਾਂ ਵਾਲੇ ਹਨ, (ਗੁਰੂ ਦੀ ਸਰਨ ਪੈ ਕੇ) ਪਵਿਤ੍ਰ ਪ੍ਰਭੂ-ਨਾਮ ਹਿਰਦੇ ਵਿੱਚ ਪੱਕਾ ਕਰਨ ਦੇ ਕਾਰਨ ਉਹਨਾਂ (ਵਡ-ਭਾਗੀਆਂ) ਦੀ ਜਨਮਾਂ ਜਨਮਾਂਤਰਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ। ਹੇ ਦਾਸ ਨਾਨਕ! (ਆਖ—) ਸਤਿਗੁਰੁ ਦੀ ਸਿੱਖਿਆ ਵਿੱਚ ਸੁਰਤਿ ਜੋੜ ਕੇ ਉਹ ਮਨੁੱਖ ਸਭ ਤੋਂ ਸ੍ਰੇਸ਼ਟ ਆਤਮਕ ਜੀਵਨ ਦਾ ਦਰਜਾ ਹਾਸਲ ਕਰ ਲੈਂਦੇ ਹਨ।
(ਅ) ਹਉ ਵਾਰੀ ਜੀਉ ਵਾਰੀ ਗੁਰ ਚਰਣੀ ਚਿਤੁ ਲਾਵਣਿਆ॥ ਸਤਿਗੁਰੁ ਹੈ ਅੰਮ੍ਰਿਤ ਸਰੁ ਸਾਚਾ ਮਨੁ ਨਾਵੈ ਮੈਲੁ ਚੁਕਾਵਣਿਆ॥ ੧॥ ਰਹਾਉ॥ (ਪੰਨਾ ੧੧੩) ਅਰਥ: ਮੈਂ ਸਦਾ ਉਸ ਮਨੁੱਖ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਗੁਰੂ ਦੇ ਚਰਨਾਂ ਵਿੱਚ ਆਪਣਾ ਚਿੱਤ ਜੋੜੀ ਰੱਖਦਾ ਹੈ। ਸਤਿਗੁਰੂ ਆਤਮਕ ਜੀਵਨ ਦੇਣ ਵਾਲੇ ਜਲ ਦਾ ਕੁੰਡ ਹੈ, ਉਹ ਕੁੰਡ ਸਦਾ ਕਾਇਮ ਰਹਿਣ ਵਾਲਾ (ਭੀ) ਹੈ। (ਜਿਸ ਮਨੁੱਖ ਦਾ) ਮਨ (ਉਸ ਕੁੰਡ ਵਿਚ) ਇਸ਼ਨਾਨ ਕਰਦਾ ਹੈ, (ਉਹ ਆਪਣੇ ਮਨ ਦੀ ਵਿਕਾਰਾਂ ਦੀ) ਮੈਲ ਦੂਰ ਕਰ ਲੈਂਦਾ ਹੈ। ੧। ਰਹਾਉ।
(ੲ) ਮਨ ਕਰਹਲਾ ਮੇਰੇ ਪ੍ਰਾਨ ਤੂੰ ਮੈਲੁ ਪਾਖੰਡੁ ਭਰਮੁ ਗਵਾਇ॥ ਹਰਿ ਅੰਮ੍ਰਿਤ ਸਰੁ ਗੁਰਿ ਪੂਰਿਆ ਮਿਲਿ ਸੰਗਤੀ ਮਲੁ ਲਹਿ ਜਾਇ॥ (ਪੰਨਾ ੨੩੪) ਅਰਥ: ਹੇ ਮੇਰੇ ਪਿਆਰੇ ਮਨ! ਹੇ ਬੇ-ਮੁਹਾਰ ਮਨ! ਤੂੰ (ਆਪਣੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਕਰ, ਪਖੰਡ ਛੱਡ ਦੇ ਤੇ (ਮਾਇਆ ਦੇ ਪਿੱਛੇ) ਭਟਕਣਾ ਛੱਡ ਦੇ। (ਵੇਖ! ਸਾਧ ਸੰਗਤਿ ਵਿਚ) ਪੂਰੇ ਗੁਰੂ ਨੇ ਹਰਿ-ਨਾਮ ਅੰਮ੍ਰਿਤ ਦਾ ਸਰੋਵਰ ਨਕਾ-ਨਕ ਭਰਿਆ ਹੋਇਆ ਹੈ, ਸਾਧ ਸੰਗਤਿ ਵਿੱਚ ਮਿਲ ਕੇ (ਉਸ ਸਰੋਵਰ ਵਿੱਚ ਇਸ਼ਨਾਨ ਕਰ, ਤੇਰੀ ਵਿਕਾਰਾਂ ਦੀ) ਮੈਲ ਲਹਿ ਜਾਏਗੀ।
(ਸ) ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ॥ ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨੑ ਗੁਰਮਤਿ ਨਾਮੁ ਰਿਦੈ ਮਲੁ ਧੋਹੈ॥ (ਪੰਨਾ ੪੯੩) ਅਰਥ: ਹੇ ਭਰਾਵੋ! ਸਦਾ-ਥਿਰ ਹਰੀ ਦਾ ਨਾਮ ਜਪਣ ਵਾਲਾ ਸਤਿਗੁਰੂ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਹੈ, ਉਸ ਗੁਰੂ-ਸਰੋਵਰ ਵਿੱਚ ਨ੍ਹਾਤਿਆਂ (ਆਤਮਕ ਚੁੱਭੀ ਲਾਇਆਂ) ਕਾਂ ਭੀ (ਸਦਾ ਵਿਕਾਰਾਂ ਦੇ ਗੰਦ ਵਿੱਚ ਖ਼ੁਸ਼-ਰਹਿਣਾ ਮਨੁੱਖ ਭੀ) ਹੰਸ ਬਣ ਜਾਂਦਾ ਹੈ (ਹਰਿ-ਨਾਮ-ਜੋਤੀ ਦਾ ਪ੍ਰੇਮੀ ਬਣ ਜਾਂਦਾ ਹੈ)। ਹੇ ਨਾਨਕ! ਉਹ ਮਨੁੱਖ ਧੰਨ ਹਨ ਵੱਡੇ ਭਾਗਾਂ ਵਾਲੇ ਹਨ, ਗੁਰਮਤਿ ਰਾਹੀਂ ਮਿਲਿਆ ਹਰਿ-ਨਾਮ ਜਿਨ੍ਹਾਂ ਦੇ ਹਿਰਦੇ ਦੀ ਮੈਲ ਧੋਂਦਾ ਹੈ।
(ਕ) ਗੁਰੁ ਸਾਗਰੁ ਅੰਮ੍ਰਿਤ ਸਰੁ ਜੋ ਇਛੇ ਸੋ ਫਲੁ ਪਾਏ॥ ਨਾਮੁ ਪਦਾਰਥੁ ਅਮਰੁ ਹੈ ਹਿਰਦੈ ਮੰਨਿ ਵਸਾਏ॥ ਗੁਰ ਸੇਵਾ ਸਦਾ ਸੁਖੁ ਹੈ ਜਿਸ ਨੋ ਹੁਕਮੁ ਮਨਾਏ॥ (੧੦੧੧) ਅਰਥ: ਗੁਰੂ ਸਮੁੰਦਰ ਹੈ, ਗੁਰੂ ਅੰਮ੍ਰਿਤ ਨਾਲ ਭਰਿਆ ਹੋਇਆ ਸਰੋਵਰ ਹੈ ( ‘ਅੰਮ੍ਰਿਤਸਰੁ’ ਹੈ। ਸੇਵਕ ਇਸ ਅੰਮ੍ਰਿਤ ਦੇ ਸਰੋਵਰ ਗੁਰੂ ਦੀ ਸਰਨ ਪੈਂਦਾ ਹੈ, ਫਿਰ ਇਥੋਂ) ਜੋ ਕੁੱਝ ਮੰਗਦਾ ਹੈ ਉਹ ਫਲ ਲੈ ਲੈਂਦਾ ਹੈ। (ਗੁਰੂ ਦੀ ਮੇਹਰ ਨਾਲ ਸੇਵਕ ਆਪਣੇ) ਹਿਰਦੇ ਵਿੱਚ ਮਨ ਵਿੱਚ ਪਰਮਾਤਮਾ ਦਾ ਨਾਮ ਵਸਾਂਦਾ ਹੈ ਜੋ (ਅਸਲ) ਸਰਮਾਇਆ ਹੈ ਤੇ ਜੋ ਕਦੇ ਮੁੱਕਣ ਵਾਲਾ ਨਹੀਂ। ਗੁਰੂ ਜਿਸ ਸੇਵਕ ਤੋਂ ਪਰਮਾਤਮਾ ਦਾ ਹੁਕਮ ਮਨਾਂਦਾ ਹੈ ਉਸ ਸੇਵਕ ਨੂੰ ਗੁਰੂ ਦੀ (ਇਸ ਦੱਸੀ) ਸੇਵਾ ਨਾਲ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ।
(ਖ) ਸਬਦਿ ਮਰੈ ਸੋਈ ਜਨੁ ਪੂਰਾ॥ ਸਤਿਗੁਰੁ ਆਖਿ ਸੁਣਾਏ ਸੂਰਾ॥ ਕਾਇਆ ਅੰਦਰਿ ਅੰਮ੍ਰਿਤ ਸਰੁ ਸਾਚਾ ਮਨੁ ਪੀਵੈ ਭਾਇ ਸੁਭਾਈ ਹੇ॥ (ਪੰਨਾ ੧੦੪੬) ਅਰਥ: ਹੇ ਭਾਈ! (ਵਿਕਾਰਾਂ ਦਾ ਟਾਕਰਾ ਸਫਲਤਾ ਨਾਲ ਕਰਨ ਵਾਲੇ) ਸੂਰਮੇ ਗੁਰੂ ਨੇ ਆਖ ਕੇ (ਹਰੇਕ ਪ੍ਰਾਣੀ ਨੂੰ) ਸੁਣਾ ਦਿੱਤਾ ਹੈ ਕਿ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਵਿਕਾਰਾਂ ਦੀ ਮਾਰ ਤੋਂ ਬਚਿਆ ਰਹਿੰਦਾ ਹੈ, (ਵਿਕਾਰਾਂ ਦਾ ਪ੍ਰਭਾਵ ਆਪਣੇ ਉੱਤੇ ਨਹੀਂ ਪੈਣ ਦੇਂਦਾ, ਵਿਕਾਰਾਂ ਦੇ ਭਾ ਦਾ ਮਰਿਆ ਹੋਇਆ ਹੈ), ਉਹੀ ਮਨੁੱਖ ਪੂਰਨ ਹੈ। ਹੇ ਭਾਈ! ਉਸ ਮਨੁੱਖ ਦੇ ਸਰੀਰ ਦੇ ਵਿੱਚ ਹੀ ਸਦਾ-ਥਿਰ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਚਸ਼ਮਾ ਹੈ (ਜਿਸ ਵਿਚੋਂ) ਉਸ ਦਾ ਮਨ ਬੜੇ ਪ੍ਰੇਮ-ਪਿਆਰ ਨਾਲ (ਨਾਮ-ਜਲ) ਪੀਂਦਾ ਰਹਿੰਦਾ ਹੈ।
(ਗ) ਗੁਰ ਪੂਰੇ ਤੇ ਪੂਰਾ ਪਾਏ॥ ਹਿਰਦੈ ਸਬਦੁ ਸਚੁ ਨਾਮੁ ਵਸਾਏ॥ ਅੰਤਰੁ ਨਿਰਮਲੁ ਅੰਮ੍ਰਿਤ ਸਰਿ ਨਾਏ॥ ਸਦਾ ਸੂਚੇ ਸਾਚਿ ਸਮਾਏ॥ (ਪੰਨਾ ੩੬੩) ਅਰਥ: ਪੂਰੇ ਗੁਰੂ ਪਾਸੋਂ ਹੀ ਸਾਰੇ ਗੁਣਾਂ ਦਾ ਮਾਲਕ ਪਰਮਾਤਮਾ ਲੱਭਦਾ ਹੈ, (ਪੂਰੇ ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਆਪਣੇ) ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸਾਂਦਾ ਹੈ, ਪ੍ਰਭੂ ਦਾ ਸਦਾ-ਥਿਰ ਨਾਮ ਵਸਾਂਦਾ ਹੈ, (ਜਿਉਂ ਜਿਉਂ) ਉਹ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ ਉਸ ਦਾ ਹਿਰਦਾ ਪਵਿਤ੍ਰ ਹੁੰਦਾ ਜਾਂਦਾ ਹੈ। (ਹੇ ਭਾਈ!) ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿੱਚ ਲੀਨ ਹੋ ਕੇ ਮਨੁੱਖ ਸਦਾ ਲਈ ਪਵਿਤ੍ਰ ਹੋ ਜਾਂਦੇ ਹਨ।
(ਘ) ਅੰਦਰਹੁ ਤ੍ਰਿਸਨਾ ਅਗਨਿ ਬੁਝੀ ਹਰਿ ਅੰਮ੍ਰਿਤ ਸਰਿ ਨਾਤਾ॥ (ਪੰਨਾ ੫੧੦) ਅਰਥ: ਜੋ ਮਨੁੱਖ ਪ੍ਰਭੂ ਦੇ ਨਾਮ-ਅੰਮ੍ਰਿਤ ਦੇ ਸਰੋਵਰ ਵਿਚ ਨ੍ਹਾਉਂਦਾ ਹੈ ਉਸ ਦੇ ਅੰਦਰੋਂ ਤ੍ਰਿਸਨਾ ਦੀ ਅੱਗ ਬੁਝ ਜਾਂਦੀ ਹੈ।
(ਙ) ਸਤਿਗੁਰਿ ਸੇਵਿਐ ਸਦਾ ਸੁਖੁ ਜਨਮ ਮਰਣ ਦੁਖੁ ਜਾਇ॥ ਚਿੰਤਾ ਮੂਲਿ ਨ ਹੋਵਈ ਅਚਿੰਤੁ ਵਸੈ ਮਨਿ ਆਇ॥ ਅੰਤਰਿ ਤੀਰਥੁ ਗਿਆਨੁ ਹੈ ਸਤਿਗੁਰਿ ਦੀਆ ਬੁਝਾਇ॥ ਮੈਲੁ ਗਈ ਮਨੁ ਨਿਰਮਲੁ ਹੋਆ ਅੰਮ੍ਰਿਤ ਸਰਿ ਤੀਰਥਿ ਨਾਇ॥ (ਪੰਨਾ ੫੮੭) ਅਰਥ: ਗੁਰੂ ਦੇ ਦੱਸੇ ਰਾਹ ਉੱਤੇ ਤੁਰਿਆਂ ਸਦਾ ਸੁਖ ਮਿਲਦਾ ਹੈ, ਸਾਰੀ ਉਮਰ ਦਾ ਦੁੱਖ ਦੂਰ ਹੋ ਜਾਂਦਾ ਹੈ; ਉੱਕਾ ਹੀ ਚਿੰਤਾ ਨਹੀਂ ਰਹਿੰਦੀ (ਕਿਉਂਕਿ) ਚਿੰਤਾ ਤੋਂ ਰਹਿਤ ਪ੍ਰਭੂ ਮਨ ਵਿਚ ਆ ਵੱਸਦਾ ਹੈ। ਮਨੁੱਖ ਦੇ ਅੰਦਰ ਹੀ ਗਿਆਨ (-ਰੂਪ) ਤੀਰਥ ਹੈ, (ਜਿਸ ਮਨੁੱਖ ਨੂੰ) ਸਤਿਗੁਰੂ ਨੇ (ਇਸ ਤੀਰਥ ਦੀ) ਸਮਝ ਬਖ਼ਸ਼ੀ ਹੈ ਉਹ ਮਨੁੱਖ ਨਾਮ-ਅੰਮ੍ਰਿਤ ਦੇ ਸਰੋਵਰ ਵਿਚ, ਅੰਮ੍ਰਿਤ ਦੇ ਤੀਰਥ ਤੇ ਨ੍ਹਾਉਂਦਾ ਹੈ, ਤੇ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ (ਮਨ ਦੀ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ।
(ਚ) ਦਸ ਬੈਰਾਗਨਿ ਮੋਹਿ ਬਸਿ ਕੀਨੀੑ ਪੰਚਹੁ ਕਾ ਮਿਟ ਨਾਵਉ॥ ਸਤਰਿ ਦੋਇ ਭਰੇ ਅੰਮ੍ਰਿਤ ਸਰਿ ਬਿਖੁ ਕਉ ਮਾਰਿ ਕਢਾਵਉ॥ (ਪੰਨਾ ੬੯੩) ਅਰਥ: (ਪ੍ਰਭੂ ਦੇ ਨਾਮ ਦਾ ਵੈਰਾਗੀ ਬਣ ਕੇ) ਮੈਂ ਆਪਣੀਆਂ ਦਸੇ ਵੈਰਾਗਣ ਇੰਦ੍ਰੀਆਂ ਨੂੰ ਆਪਣੇ ਵੱਸ ਵਿਚ ਕਰ ਲਿਆ ਹੈ, (ਮੇਰੇ ਅੰਦਰੋਂ ਹੁਣ) ਪੰਜ ਕਾਮਾਦਿਕਾਂ ਦਾ ਖੁਰਾ-ਖੋਜ ਹੀ ਮਿਟ ਗਿਆ ਹੈ (ਭਾਵ, ਮੇਰੇ ਉੱਤੇ ਇਹ ਆਪਣਾ ਜ਼ੋਰ ਨਹੀਂ ਪਾ ਸਕਦੇ); ਮੈਂ ਆਪਣੀ ਰਗ-ਰਗ ਨੂੰ ਨਾਮ ਅੰਮ੍ਰਿਤ ਦੇ ਸਰੋਵਰ ਨਾਲ ਭਰ ਲਿਆ ਹੈ ਤੇ (ਮਾਇਆ ਦੇ) ਜ਼ਹਿਰ ਦਾ ਪੂਰਨ ਤੌਰ ਤੇ ਨਾਸ ਕਰ ਦਿੱਤਾ ਹੈ।੧। ਅੰਮ੍ਰਿਤ ਸਰਿ—ਆਤਮਕ ਜੀਵਨ ਦੇਣ ਵਾਲੇ ਨਾਮ—ਜਲ ਦੇ ਸਰੋਵਰ ਨਾਲ।
(ਛ) ਹਮ ਮੈਲੁ ਭਰੇ ਦੁਹਚਾਰੀਆ ਹਰਿ ਰਾਖਹੁ ਅੰਗੀ ਅੰਙੁ॥ ਗੁਰਿ ਅੰਮ੍ਰਿਤ ਸਰਿ ਨਵਲਾਇਆ ਸਭਿ ਲਾਥੇ ਕਿਲਵਿਖ ਪੰਙੁ॥ (ਪੰਨਾ ੭੩੨) ਅਰਥ: ਹੇ ਹਰੀ! ਅਸੀ ਜੀਵ (ਵਿਕਾਰਾਂ ਦੀ) ਮੈਲ ਨਾਲ ਭਰੇ ਰਹਿੰਦੇ ਹਾਂ, ਅਸੀ ਮੰਦ-ਕਰਮੀ ਹਾਂ। ਹੇ ਅੰਗ ਪਾਲਣ ਵਾਲੇ ਪ੍ਰਭੂ! ਸਾਡੀ ਰੱਖਿਆ ਕਰ, ਸਾਡੀ ਸਹਾਇਤਾ ਕਰ। ਹੇ ਭਾਈ! ਗੁਰੂ ਨੇ (ਜਿਸ ਮਨੁੱਖ ਨੂੰ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ ਇਸ਼ਨਾਨ ਕਰਾ ਦਿੱਤਾ, (ਉਸ ਦੇ ਅੰਦਰੋਂ) ਸਾਰੇ ਪਾਪ ਲਹਿ ਜਾਂਦੇ ਹਨ, ਪਾਪਾਂ ਦਾ ਚਿੱਕੜ ਧੁਪ ਜਾਂਦਾ ਹੈ।
(ਜ) ਰਾਮ ਹਰਿ ਅੰਮ੍ਰਿਤ ਸਰਿ ਨਾਵਾਰੇ॥ ਸਤਿਗੁਰਿ ਗਿਆਨੁ ਮਜਨੁ ਹੈ ਨੀਕੋ ਮਿਲਿ ਕਲਮਲ ਪਾਪ ਉਤਾਰੇ॥ ੧॥ ਰਹਾਉ॥ (ਪੰਨਾ ੯੮੧) ਅਰਥ: ਹੇ ਰਾਮ! ਹੇ ਹਰੀ! (ਜਿਹੜਾ ਮਨੁੱਖ ਤੇਰੀ ਮਿਹਰ ਨਾਲ) ਆਤਮਕ ਜੀਵਨ ਦੇਣ ਵਾਲੇ ਤੇਰੇ ਨਾਮ-ਜਲ ਦੇ ਸਰ ਵਿੱਚ (ਆਪਣੇ ਮਨ ਨੂੰ) ਇਸ਼ਨਾਨ ਕਰਾਂਦਾ ਹੈ, (ਉਹ ਮਨੁੱਖ ਗੁਰੂ ਨੂੰ) ਮਿਲ ਕੇ (ਆਪਣੇ ਸਾਰੇ) ਪਾਪ ਵਿਕਾਰ ਲਾਹ ਲੈਂਦਾ ਹੈ। (ਗੁਰੂ ਦੀ ਰਾਹੀਂ) ਆਤਮਕ ਜੀਵਨ ਦੀ ਸੂਝ ਹੀ ਗੁਰੂ (-ਸਰੋਵਰ) ਵਿੱਚ ਸੋਹਣਾ ਇਸ਼ਨਾਨ ਹੈ। ੧। ਰਹਾਉ।
(ਝ) ਸੇਵਹੁ ਸਤਿਗੁਰ ਸਮੁੰਦੁ ਅਥਾਹਾ॥ ਪਾਵਹੁ ਨਾਮੁ ਰਤਨੁ ਧਨੁ ਲਾਹਾ॥ ਬਿਖਿਆ ਮਲੁ ਜਾਇ ਅੰਮ੍ਰਿਤ ਸਰਿ ਨਾਵਹੁ ਗੁਰ ਸਰ ਸੰਤੋਖੁ ਪਾਇਆ॥ ੮॥ (ਪੰਨਾ ੧੦੪੩) (ਹੇ ਭਾਈ!) ਸਤਿਗੁਰੂ ਅਥਾਹ ਸਮੁੰਦਰ ਹੈ (ਉਸ ਵਿੱਚ ਪ੍ਰਭੂ ਦੇ ਗੁਣਾਂ ਦੇ ਰਤਨ ਭਰੇ ਪਏ ਹਨ), ਗੁਰੂ ਦੀ ਸੇਵਾ ਕਰੋ। ਗੁਰੂ ਪਾਸੋਂ ਨਾਮ-ਰਤਨ ਨਾਮ-ਧਨ ਹਾਸਲ ਕਰ ਲਵੋਗੇ (ਇਹੀ ਮਨੁੱਖਾ ਜੀਵਨ ਦਾ) ਲਾਭ (ਹੈ)। (ਹੇ ਭਾਈ! ਗੁਰੂ ਦੀ ਸਰਨ ਪੈ ਕੇ) ਨਾਮ-ਅੰਮ੍ਰਿਤ ਦੇ ਸਰੋਵਰ ਵਿੱਚ (ਆਤਮਕ) ਇਸ਼ਨਾਨ ਕਰੋ, (ਇਸ ਤਰ੍ਹਾਂ) ਮਾਇਆ (ਦੇ ਮੋਹ) ਦੀ ਮੈਲ (ਮਨ ਤੋਂ) ਧੁਪ ਜਾਇਗੀ (ਤ੍ਰਿਸ਼ਨਾ ਮੁੱਕ ਜਾਇਗੀ ਤੇ) ਗੁਰੂ-ਸਰੋਵਰ ਦਾ ਸੰਤੋਖ (-ਜਲ) ਪ੍ਰਾਪਤ ਹੋ ਜਾਇਗਾ।
ਗੁਰੂ ਕਾਲ ਵਿੱਚ ‘ਅੰਮ੍ਰਿਤਸਰ’ ਨੂੰ ਗੁਰੂ ਕਾ ਚੱਕ ਅਤੇ ਫਿਰ ‘ਰਾਮਦਾਸਪੁਰ’ ਕਿਹਾ ਜਾਂਦਾ ਸੀ ਅਤੇ ਕਾਲਾਂਤਰ ‘ਰਾਮਦਾਸਪੁਰ’ ਦੀ ਥਾਂ ‘ਅੰਮ੍ਰਿਤਸਰ’ ਪ੍ਰਸਿੱਧ ਹੋ ਗਿਆ। ਗੁਰਬਾਣੀ ਦੇ ਉਪਰੋਕਤ ਫ਼ਰਮਾਨਾਂ ਵਿੱਚ ‘ਅੰਮ੍ਰਿਤਸਰ’ ਸ਼ਬਦ ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਭਗਤ ਨਾਮਦੇਵ ਜੀ ਦੀ ਬਾਣੀ ਵਿੱਚ ਆਇਆ ਹੈ।
ਗੁਰਬਾਣੀ ਦੇ ਉਪਰੋਕਤ ਫ਼ਰਮਾਨਾਂ ਵਿੱਚ ‘ਅੰਮ੍ਰਿਤ ਸਰ’ ਸ਼ਬਦ ‘ਅੰਮ੍ਰਿਤਸਰ’ ਸ਼ਹਿਰ ਜਾਂ ਸਰੋਵਰ ਦੇ ਅਰਥਾਂ ਜਾਂ ਇਹਨਾਂ ਦੀ ਮਹਿਮਾ ਦੇ ਭਾਵਾਰਥ ਵਿੱਚ ਨਹੀਂ ਆਇਆ ਹੈ। ਗੁਰਬਾਣੀ ਵਿੱਚ ਇਸ ਦਾ ਭਾਵ ਨਾਮ ਅੰਮ੍ਰਿਤ ਦਾ ਸਰੋਵਰ; ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਤਾਲਾਬ (ਚਸ਼ਮਾ) ਅਥਵਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਦੇ ਸਰੋਵਰ ਤੋਂ ਹੈ। ਇਹ ਮਨੁੱਖ ਦੇ ਅੰਦਰ ਹੀ ਹੈ ਅਤੇ ਇਸ ਦੀ ਸਮਝ ਗੁਰੂ ਪਾਸੋਂ ਹੀ ਮਿਲਦੀ ਹੈ।




.