.

ਸਿਧ ਗੋਸਟਿ (ਕਿਸ਼ਤ ਨੰ: 12)

ਨਾਨਕ ਪਾਤਸਾਹ ਜੀ ਦਾ ਜਵਾਬ: -
ਨਾਮੇ ਰਾਤੇ ਹਉਮੈ ਜਾਏ॥
ਨਾਮਿ ਰਤੇ ਸਚਿ ਰਹੇ ਸਮਾਇ॥
ਨਾਮਿ ਰਤੇ ਜੋਗ ਜੁਗਤਿ ਬੀਚਾਰੁ॥
ਨਾਮਿ ਰਤੇ ਪਾਵਹਿ ਮੋਖ ਦੁਆਰੁ॥
ਨਾਮਿ ਰਤੇ ਤ੍ਰਿਭਵਣ ਸੋਝੀ ਹੋਇ॥
ਨਾਨਕ ਨਾਮਿ ਰਤੇ ਸਦਾ ਸੁਖੁ ਹੋਇ॥ ੩੨॥

ਪਦ ਅਰਥ: - ਨਾਮੇ – ਨਾਮ (ਸੱਚ) ਦੀ ਬਖ਼ਸ਼ਿਸ਼ ਨਾਲ। ਹਉਮੈ ਜਾਏ – ਹਉਮੈ ਖ਼ਤਮ ਹੁੰਦੀ ਹੈ। ਨਾਮਿ – (ਸੱਚੇ) ਦੀ ਬਖ਼ਸ਼ਿਸ਼ ਨਾਲ। ਨਾਮਿ ਰਤੇ ਸਚਿ – ਜੋ ਸੱਚੇ ਦੇ ਸੱਚ ਵਿੱਚ ਰੱਤੇ ਹਨ। ਰਹੇ ਸਮਾਇ – ਉਹ ਸੱਚਾ ਜੋ ਰੰਮਿਆ ਹੋਇਆ ਹੈ। ਨਾਮਿ ਰਤੇ ਜੋਗ ਜੁਗਤਿ ਬੀਚਾਰੁ – ਜੋ ਸੱਚੇ ਦੇ ਸੱਚ ਵਿੱਚ ਰੱਤੇ ਹਨ ਅਸਲ ਜੋਗ (ਉਤਮ ਜੁਗਤਿ) ਦੀ ਵੀਚਾਰ ਨੂੰ ਉਹ ਹੀ ਜਾਣਦੇ ਹਨ। ਨਾਮਿ ਰਤੇ ਪਾਵਹਿ ਮੋਖ ਦੁਆਰੁ – ਜੋ ਅਸਲ ਜੋਗ ਦੀ ਉਤਮ ਵੀਚਾਰ ਦੀ ਜੁਗਤਿ ਨੂੰ ਜਾਣਦੇ ਹਨ, ਉਹ ਸੱਚ ਵਿੱਚ ਰੱਤੇ ਹੀ ਮੋਖ ਦੁਆਰਾ ਪ੍ਰਾਪਤ ਕਰਦੇ ਹਨ। ਨਾਮਿ ਰਤੇ ਤ੍ਰਿਭਵਣ ਸੋਝੀ ਹੋਇ – ਨਾਮ ਵਿੱਚ ਸੰਤ੍ਰਿਪਤ ਹੋ ਕੇ ਹੀ ਤਿਨ੍ਹਾਂ ਭਵਣਾ ਅੰਦਰ ਰਮੇ ਹੋਏ ਸੱਚੇ ਦੀ ਸਮਝ ਪੈਦੀ ਹੈ। ਨਾਨਕ ਨਾਮਿ ਰਤੇ ਸਦਾ ਸੁਖੁ ਹੋਇ – ਨਾਨਕ ਆਖਦਾ ਹੈ, ਜੋ ਉਸ ਸੱਚੇ ਦੇ ਸੱਚ ਵਿੱਚ ਰੱਤੇ ਜਾਂਦੇ ਹਨ, ਉਨ੍ਹਾਂ ਨੂੰ ਹੀ ਸਦੀਵੀ ਸੁਖੁ ਦੀ ਪ੍ਰਾਪਤੀ ਹੁੰਦੀ ਹੈ। ਨਾਮ – ਸੱਚ। ਨਾਮਿ – ਨਾਮ ਸੱਚ ਵਿੱਚ ਰੰਗੇ ਜਾਣਾ।

ਅਰਥ: - ਹੇ ਜੋਗੀ ਜੋ ਸੱਚਾ ਰੰਮਿਆ ਹੋਇਆ ਹੈ, ਅਤੇ ਜੋ ਉਸ ਰੰਮੇ ਹੋਏ ਸੱਚੇ ਦੇ ਸੱਚ ਵਿੱਚ ਰੱਤੇ ਹੋੇਏ ਹਨ, ਸੱਚੇ ਦੀ ਬਖਸ਼ਿਸ਼ ਨਾਲ ਉਨ੍ਹਾਂ ਦੀ ਹਉਮੈ ਖ਼ਤਮ ਹੋ ਜਾਂਦੀ ਹੈ। (ਜਿਨ੍ਹਾਂ ਦੀ ਹਉਮੈ ਖ਼ਤਮ ਹੋ ਜਾਂਦੀ ਹੈ ਉਹ ਆਪਣੇ ਆਪ ਨੂੰ ਕਰਤਾ ਨਹੀਂ ਅਖਵਾਉਦੇ) ਅਸਲ ਸੱਚ ਸਰੂਪ ਨਾਲ ਜੁੜਨ ਦੀ ਵੀਚਾਰ ਦੀ ਜੁਗਤਿ ਵੀ ਉਹੀ ਜਾਣਦੇ ਹਨ। ਉਨ੍ਹਾਂ ਨੂੰ ਹੀ ਤਿੰਨਾਂ ਭਵਣਾ ਵਿੱਚ ਰੰਮਿਆ ਹੋਇਆ, ਜੋ ਇਕੁ ਹੀ ਸੱਚਾ ਹੈ, ਦੇ ਸੱਚ ਦੀ ਸੋਝੀ ਪੈਂਦੀ ਹੈ। ਜਿਨ੍ਹਾਂ ਨੂੰ ਇਸ ਸੱਚ ਦੀ ਸਮਝ ਪੈਂਦੀ ਹੈ, ਉਨ੍ਹਾਂ ਨੂੰ (ਦੇਹਧਾਰੀ) ਮਨਮੁਖਿ ਜੋ ਆਪਣੇ ਆਪ ਨੂੰ ਕਰਤਾ ਅਖਵਾਉਂਦਾ ਹੈ ਤੋਂ ਛੁਟਕਾਰਾ ਮਿਲਦਾ ਹੈ, ਅਤੇ ਸੱਚੇ ਮੋਖ ਦੁਆਰ, ਮੁਕਤੀ ਦੇ ਦਰ ਦੀ ਪ੍ਰਾਪਤੀ ਹੁੰਦੀ ਹੈ। ਹੇ ਭਾਈ! ਇਸ ਲਈ ਨਾਨਕ ਆਖਦਾ ਹੈ ਜੋ ਉਸ ਅਸਲ ਸੱਚੇ ਦੇ ਸੱਚ ਵਿੱਚ ਰੱਤੇ ਜਾਂਦੇ ਹਨ ਉਹੀ ਸਦੀਵੀ ਸੁਖ ਪ੍ਰਾਪਤ ਕਰ ਲੈਂਦੇ ਹਨ, ਭਾਵ ਹਉਮੈ ਤੋਂ ਮੁਕਤਿ ਨਿਜਾਤ ਲੈ ਕੇ ਹਮੇਸਾ ਸ਼ਾਂਤ ਚਿੱਤ ਰਹਿੰਦੇ ਹਨ।

ਅਉਧੂ ਦਾ ਸਵਾਲ: -
ਨਾਮਿ ਰਤੇ ਸਿਧ ਗੋਸਟਿ ਹੋਇ॥
ਨਾਮਿ ਰਤੇ ਸਦਾ ਤਪੁ ਹੋਇ॥
ਨਾਮਿ ਰਤੇ ਸਚੁ ਕਰਣੀ ਸਾਰੁ॥
ਨਾਮਿ ਰਤੇ ਗੁਣ ਗਿਆਨ ਬੀਚਾਰੁ॥
ਬਿਨੁ ਨਾਵੈ ਬੋਲੈ ਸਭੁ ਵੇਕਾਰੁ॥
ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ॥ ੩੩॥

ਪਦ ਅਰਥ: - ਸਿੱਧ – ਉਤਮ ਸ੍ਰੇਸਟ। ਗੋਸਟਿ – ਵੀਚਾਰ, ਵੀਚਾਰਧਾਰਾ। ਨਾਮਿ ਰਤੇ ਸਿੱਧ ਗੋਸਟਿ ਹੋਇ – ਅਸਲ ਵਿੱਚ ਜੋ ਸਿੱਧ ਵੀਚਾਰ ਧਾਰਾ ਦੇ ਨਾਮ (ਸੱਚ) ਵਿੱਚ ਰੱਤੇ ਹੋਏ ਹਨ। ਨਾਮਿ ਰਤੇ ਸਦਾ ਤਪੁ ਹੋਇ – ਜੋ ਇਸ ਸਿੱਧ ਵੀਚਾਰਧਾਰਾ ਵਿੱਚ ਰੱਤੇ ਹੋਏ ਹਨ ਅਤੇ ਸਦਾ ਤਪ ਕਰਦੇ ਹਨ। ਨਾਮਿ ਰਤੇ ਸਚੁ ਕਰਣੀ ਸਾਰੁ - ਉਹ ਸਿੱਧ ਵੀਚਾਰਧਾਰਾ ਦੇ ਨਾਮਿ (ਸੱਚ) ਵਿੱਚ ਰੱਤੇ ਹੋਏ ਹੀ ਇਸ ਸੱਚ ਦੀ ਅਸਲੀਅਤ (ਸਾਰੁ - ਤੱਤ) ਨੂੰ ਜਾਣਦੇ ਹਨ। ਨਾਮਿ ਰਤੇ ਗੁਣ ਗਿਆਨ ਬੀਚਾਰੁ – ਸਿੱਧ ਵੀਚਾਰਧਾਰਾ ਦੇ ਸੱਚ ਵਿੱਚ ਰਤੇ ਹੋਏ ਹੀ ਇਸ ਉੱਤਮ ਗਿਆਨ ਵਿੱਚ ਰੱਤੇ ਹੋਏ ਹਨ। ਬਿਨੁ ਨਾਵੈ ਬੋਲੈ ਸਭੁ ਵੇਕਾਰੁ – ਇਸ ਸਿੱਧ ਵੀਚਾਰ ਦੀ ਬਖਸ਼ਿਸ਼ ਦੇ ਸੱਚ ਤੋਂ ਬਗ਼ੈਰ ਜੇ ਕੋਈ ਕੁੱਝ ਹੋਰ ਬੋਲੇ, ਸਾਡੇ ਲਈ ਉਹ ਸਭ ਵਿਅਰਥ ਹੈ। ਨਾਨਕ ਨਾਮਿ ਰਤੇ ਤਿਨ ਕਉ ਜੈਕਾਰ – ਹੇ ਭਾਈ! ਇਸ ਤਰ੍ਹਾਂ ਅਉਧੂ ਨੇ ਨਾਨਕ ਨੂੰ ਸਿੱਧ ਵੀਚਰਧਾਰਾ ਵਿੱਚ ਰਤੇ ਸਿੱਧ-ਗੁਰੂ ਨੂੰ ਨਮਸਕਾਰ ਕਰਨ ਲਈ ਪ੍ਰੇਰਿਆ।

ਅਰਥ: - ਹੇ ਨਾਨਕ ਜੋ ਸਾਡੀ ਸਿੱਧ ਵੀਚਾਰਧਾਰਾ ਦੇ ਨਾਮ (ਸੱਚ) ਵਿੱਚ ਰੱਤੇ ਹੋਏ ਹਨ, ਅਤੇ ਹਮੇਸ਼ਾ ਇਸ ਜੋਗ ਮੱਤ ਦੀ ਉੱਤਮ ਵੀਚਾਰਧਾਰਾ ਦਾ ਤਪ (ਅਭਿਆਸ) ਆਪਣੇ ਜੀਵਣ ਵਿੱਚ ਕਰਦੇ ਹਨ, ਉਹੀ ਇਸ ਅਸਲ ਜੋਗ ਮੱਤ ਦੀ ਸਿਧ (ਸ੍ਰੇਸਟ) ਵੀਚਾਰਧਾਰਾ ਦੇ ਤੱਤ ਨੂੰ ਸਮਝਦੇ ਹਨ। ਇਸ ਵੀਚਾਰਧਾਰਾ ਦੇ ਸੱਚ ਵਿੱਚ ਰੱਤੇ ਹੋਏ ਹੀ ਜੋਗ ਮੱਤ ਦੇ ਗਿਆਨ ਦੇ ਗੁਣਾਂ ਨੂੰ ਆਪਣੇ ਜੀਵਣ ਵਿੱਚ ਢਾਲਦੇ ਹਨ। ਜੋ ਇਸ ਵੀਚਾਰਧਾਰਾ ਨੂੰ ਆਪਣਾ ਜੀਵਣ-ਅੰਗ ਬਣਾਉਂਦੇ ਹਨ, ਉਹ ਸਾਡੇ ਜੋਗ ਮੱਤ ਦੀ ਵੀਚਾਰਧਾਰਾ ਤੋਂ ਬਗ਼ੈਰ ਜੇ ਕੋਈ ਕਿਸੇ ਹੋਰ ਵੀਚਾਰਧਾਰਾ ਨੂੰ ਸੱਚੀ ਆਖੇ ਸਾਡੇ ਲਈ ਸਭ ਵਿਅਰਥ ਹੈ। ਹੇ ਭਾਈ! ਨਾਨਕ ਜੀ ਨੂੰ ਇਸ ਤਰ੍ਹਾਂ ਜੋਗੀ ਵਲੋਂ ਸਿੱਧ ਵੀਚਾਰਧਾਰਾ ਵਿੱਚ ਰੱਤੇ ਹੋਇਆਂ ਨੂੰ ਹੀ ਨਮਸਕਾਰ ਕਰਨ ਵਾਸਤੇ ਭਾਵ ਅੱਗੇ ਝੁਕਣ ਵਾਸਤੇ ਪ੍ਰੇਰਿਆ।

ਨਾਨਕ ਪਾਤਸਾਹ ਜੀ ਦਾ ਜਵਾਬ: -
ਪੂਰੇ ਗੁਰ ਤੇ ਨਾਮੁ ਪਾਇਆ ਜਾਏ॥
ਜੋਗ ਜੁਗਤਿ ਸਚਿ ਰਹੇ ਸਮਾਇ॥
ਬਾਰਹ ਮਹਿ ਜੋਗੀ ਭਰਮਾਏ ਸੰਨਿਆਸੀ ਛਿਅ ਚਾਰਿ॥
ਗੁਰ ਕੈ ਸਬਦਿ ਜੋ ਮਰਿ ਜੀਵੈ ਸੋ ਪਾਏ ਮੋਖ ਦੁਆਰੁ॥
ਬਿਨੁ ਸਬਦੈ ਸਭਿ ਦੂਜੈ ਲਾਗੇ ਦੇਖਹੁ ਰਿਦੈ ਬੀਚਾਰਿ॥
ਨਾਨਕ ਵਡੇ ਸੇ ਵਡਭਾਗੀ ਜਿਨੀ ਸਚੁ ਰਖਿਆ ਉਰ ਧਾਰਿ॥ ੩੪॥


ਪਦ ਅਰਥ: - ਪੂਰੇ ਗੁਰ – ਸਮਰੱਥ ਗੁਰੂ। “ਗੁਰੁ ਦਾਤਾ ਸਮਰਥੁ ਗੁਰੁ ਗੁਰੁ ਸਭ ਮਹਿ ਰਹਿਆ ਸਮਾਇ” ਅਕਾਲ ਰੂਪ ਹਰਿ ਆਪ। ਪੂਰੇ ਗੁਰ ਤੇ ਨਾਮੁ ਪਾਇਆ ਜਾਏ – ਪੂਰੇ ਸਮਰੱਥ ਗੁਰੂ ਦੁਆਰਾ ਹੀ ਨਾਮ ਰੂਪ ਸੱਚ ਪ੍ਰਾਪਤ ਹੋ ਸਕਦਾ ਹੈ। ਜੋਗ – ਉਚਿਤ, ਉੱਤਮ ਮ: ਕੋਸ। ਜੁਗਤਿ – ਜੁੜਿਆ ਹੋਇਆ, ਜੁੜੈ ਹੋਏ। ਜੋਗ ਜੁਗਤਿ – ਸਮਰੱਥ ਦੀ ਉਤਮ ਵੀਚਾਰਧਾਰਾ ਨਾਲ ਜੁੜੇ। ਸਚਿ ਰਹੇ ਸਮਾਇ – ਸੱਚ ਹੀ ਵਰਤ ਰਿਹਾ ਹੈ। ਜੋਗ ਜੁਗਤਿ ਸਚਿ ਰਹੇ ਸਮਾਇ – ਉਸਦੀ ਹੀ ਉੱਤਮ ਬਖ਼ਸ਼ਿਸ਼ ਸੰਸਾਰ ਵਰਤ ਰਹੀ ਹੈ। ਬਾਰਹ ਮਹਿ ਜੋਗੀ ਭਰਮਾਏ ਸੰਨਿਆਸੀ ਛਿਅ ਚਾਰਿ – ਆਪਣੇ ਆਪ ਨੂੰ ਜੋਗੀ ਅਖਵਾਉਣ ਵਾਲੇ ਆਪ ਬਾਰਹ (੧੨) ਫਿਰਕਿਆਂ ਵਿੱਚੋ ਅਤੇ ਸੰਨਿਆਸੀ ਦਸ ਫਿਰਕਿਆਂ ਵਿੱਚੋਂ ਆਪ ਸ੍ਰੇਸਟ ਹੋਣ ਦੇ ਭਰਮ ਵਿੱਚ ਫਸੇ ਹੋਏ ਹਨ। ਛਿਅ ਚਾਰਿ – ਦਸ ਫਿਰਕੇ ਤੀਰਥ, ਆਸ਼੍ਰਮ, ਬਨ, ਆਰੰਨਯ, ਗਿਰਿ, ਪਰਬਤ, ਸਾਗਰ, ਸਰਸਵਤ, ਭਾਰਤੀ, ਪੁਰੀ। ਗੁਰ ਕੈ ਸਬਦਿ ਜੋ ਮਰਿ ਜੀਵੈ ਸੋ ਪਾਏ ਮੋਖ ਦੁਆਰੁ – ਦਰਅਸਲ ਸਮਰਥ ਅਕਾਲ ਰੂਪ ਜੋ ਹਰੀ ਹੈ, ਦੀ ਬਖ਼ਸ਼ਿਸ਼ ਰੂਪ ਗੁਰ ਰਾਹੀਂ ਆਪਣੀ ਹਉਮੈ ਨੂੰ ਖ਼ਤਮ ਕਰਕੇ ਆਤਮਿਕ ਤੌਰ ਤੇ ਉੱਪਰ ਉੱਠ ਕੇ ਜੀਵਨ ਬਤੀਤ ਕਰੇ, ਉਹੀ ਮੋਖ ਦੁਆਰੇ ਦੀ ਪ੍ਰਾਪਤੀ ਕਰ ਸਕਦਾ ਹੈ। ਨਾਨਕ ਵਡੇ ਸੇ ਵਡਭਾਗੀ ਜਿਨੀ ਸਚੁ ਰਖਿਆ ਉਰਧਾਰਿ – ਹੇ ਭਾਈ! ਨਾਨਕ ਆਖਦਾ ਹੈ, ਵੱਡੇ ਭਾਗਾਂ ਵਾਲੇ ਦਰਅਸਲ ਉਹੀ ਹਨ ਜਿਨ੍ਹਾਂ ਨੇ ਸੱਚ ਨੂੰ ਆਪਣੇ ਜੀਵਣ ਦਾ ਆਧਾਰ ਬਣਾਇਆ ਹੋਇਆ ਹੈ।

ਅਰਥ: - ਹੇ ਜੋਗੀ ਸਰਬ-ਵਿਆਪਕ ਸਮਰੱਥ ਅਕਾਲ ਪੁਰਖ ਦੀ ਗੁਰ-ਬਖ਼ਸ਼ਿਸ਼ ਗਿਆਨ ਰਾਹੀਂ ਹੀ ਇਸ ਸੱਚ ਨੂੰ ਪ੍ਰਾਪਤ ਕੀਤਾ, ਜਾਣਿਆ ਜਾ ਸਕਦਾ ਹੈ ਕਿ ਉਸ ਸੱਚੇ ਹਰੀ ਦੀ ਗੁਰ-ਬਖ਼ਸ਼ਿਸ਼ ਹੀ ਸ੍ਰੇਸ਼ਟ ਹੈ। ਉਸ ਸੱਚੇ ਸ੍ਰੇਸ਼ਟ ਦੀ ਗੁਰ-ਬਖ਼ਸ਼ਿਸ਼ ਗਿਆਨ ਨਾਲ ਜੁੜਕੇ ਹੀ ਉਸ ਸਰਬ-ਵਿਆਪਕ ਸ੍ਰੇਸ਼ਟ ਸਮਰੱਥ ਦੇ ਗੁਰ-ਬਖਸ਼ਿਸ਼ ਗਿਆਨ ਨੂੰ ਗੁਰੂ ਕਰਕੇ ਜਾਣਿਆ ਜਾ ਸਕਦਾ ਹੈ, ਪ੍ਰਾਪਤ ਕੀਤਾ ਜਾ ਸਕਦਾ ਹੈ। ਉਸਦੀ ਹੀ ਬਖ਼ਸ਼ਿਸ਼ ਉੱਤਮ ਹੈ, ਜੋ ਸੰਸਾਰ ਵਿੱਚ ਵਰਤ ਰਹੀ ਹੈ। ਜੋਗੀ ਆਪਣੇ ਆਪ ਨੂੰ ਬਾਰਾਂ ਫਿਰਕਿਆਂ ਵਿੱਚੋਂ, ਅਤੇ ਸੰਨਿਆਸੀਆ ਦਸਾਂ ਫਿਰਕਿਆਂ ਵਿੱਚੋ ਆਪਣੇ ਆਪ ਨੂੰ ਸ੍ਰੇਸ਼ਟ ਅਖਵਾਉਣ ਦੇ ਭਰਮ ਵਿੱਚ ਫਸੇ ਫਿਰਦੇ ਹਨ। ਜੇ ਉਹ ਵੀ ਉਸ ਸਮਰੱਥ ਅਕਾਲ ਰੂਪ ਹਰੀ ਦੇ ਗੁਰ-ਬਖ਼ਸ਼ਿਸ਼ ਗਿਆਨ ਰਾਹੀਂ ਆਪਣਾ ਆਪਾ ਮਾਰ ਕੇ ਆਤਮਿਕ ਤੌਰ ਤੇ ਸੱਚੇ ਦੀ ਸੱਚੀ ਬਖ਼ਸ਼ਿਸ਼ ਨੂੰ ਆਪਣੇ ਜੀਵਣ ਦਾ ਅਧਾਰ ਬਣਾਕੇ, ਜੀਵਣ ਜੀਉਣ ਤਾਂ ਮੁਕਤੀ ਦਾ ਅਸਲ ਦਰ ਪ੍ਰਾਪਤ ਕਰ ਸਕਦੇ ਹਨ। ਨਾਨਕ ਆਖਦਾ ਹੈ, ਵੱਡੇ ਭਾਗਾਂ ਵਾਲੇ ਦਰਅਸਲ ਉਹੀ ਹਨ, ਜਿਨ੍ਹਾਂ ਨੇ ਸੱਚ ਨੂੰ ਆਪਣੇ ਜੀਵਣ ਵਿੱਚ ਅਪਣਾ ਕੇ ਸੱਚ ਨੂੰ ਆਪਣੇ ਜੀਵਣ ਦਾ ਅਧਾਰ ਬਣਾਇਆ ਹੋਇਆ ਹੈ। ਉਸ ਸੱਚੇ ਦੀ ਸੱਚੀ ਬਖ਼ਸ਼ਿਸ਼ ਤੋ ਬਿਨਾਂ ਜੋ ਉਸ ਤੋਂ ਬਗ਼ੈਰ ਕਿਸੇ ਹੋਰ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਵੀ ਆਪਣੇ ਹਿਰਦੇ ਅੰਦਰ ਸੱਚੇ ਅਕਾਲ ਪੁਰਖ ਦੇ ਸੱਚ ਦੀ ਵੀਚਾਰ ਕਰਨੀ ਚਾਹੀਦੀ ਹੈ। ਤਾਂ ਜੋ ਕਿ ਉਹ ਵੀ ਅਕਾਲ ਪੁਰਖ ਦੀ ਗੁਰ-ਬਖ਼ਸ਼ਿਸ਼ ਗਿਆਨ ਨੂੰ ਸੱਚ ਜਾਣ ਸਕਣ (ਸੱਚ ਨੂੰ ਆਪਣੇ ਜੀਵਣ ਵਿੱਚ ਅਪਾਣਾਉਣ ਵਾਲੇ ਹੀ ਦੇਹਧਾਰੀ ਪਰੰਪਰਾ ਤੋਂ ਮੁਕਤ ਹੋ ਸਕਦੇ ਹਨ)।

ਅਉਧੂ ਦਾ ਸਵਾਲ: -
ਗੁਰਮੁਖਿ ਰਤਨੁ ਲਹੈ ਲਿਵ ਲਾਇ॥
ਗੁਰਮੁਖਿ ਪਰਖੈ ਰਤਨੁ ਸੁਭਾਇ॥
ਗੁਰਮੁਖਿ ਸਾਚੀ ਕਾਰ ਕਮਾਇ॥
ਗੁਰਮੁਖਿ ਸਾਚੇ ਮਨੁ ਪਤੀਆਇ॥
ਗੁਰਮੁਖਿ ਅਲਖੁ ਲਖਾਏ ਤਿਸੁ ਭਾਵੈ॥
ਨਾਨਕ ਗੁਰਮੁਖਿ ਚੋਟ ਨ ਖਾਵੈ॥ ੩੫॥


ਪਦ ਅਰਥ: - ਗੁਰਮੁਖਿ – ਜੋਗੀ ਵਲੋਂ ਆਪਣੇ ਮੁਖੀ ਲਈ ਵਰਤਿਆ ਸ਼ਬਦ, ਕਰਤਾ। ਰਤਨੁ – ਵੱਡਮੁਲੇ। ਹੇ ਨਾਨਕ ਸਾਡੇ ਮੁਖੀ ਗੁਰਮੁਖਿ ਰੂਪ ਤੋ ਵੱਡਮੁਲੀ ਦਾਤ ਬਖ਼ਸ਼ਿਸ਼ ਰੂਪ ਵਿੱਚ ਉਹ ਹੀ ਲੈ ਸਕਦਾ ਹੈ ਜੋ ਉਸ ਵਿੱਚ ਲਿਵ ਜੋੜੇ। ਗੁਰਮੁਖਿ ਪਰਖੈ ਰਤਨੁ ਸੁਭਾਇ – ਉਸ ਵਿੱਚ ਲਿਵ ਜੋੜਨ ਵਾਲੇ ਨੂੰ ਵੱਡਮੁਲੀ ਦਾਤ ਬਖਸ਼ਣ ਤੋ ਪਹਿਲਾਂ ਆਪਣੇ ਸੁਭਾ, ਭਾਵ ਆਪਣੇ ਮੱਤ ਅਨੁਸਾਰ ਪਰਖਦਾ ਹੈ। ਗੁਰਮੁਖਿ ਸਾਚੀ ਕਾਰ ਕਮਾਇ – ਜਿਹੜਾ ਉਸਦੇ ਦੱਸੇ ਨੂੰ ਸੱਚ ਜਾਣਕੇ ਆਪਣੇ ਜੀਵਣ ਵਿੱਚ ਕਮਾਉਂਦਾ ਹੈ। ਗੁਰਮੁਖਿ ਸਾਚੇ ਮਨੁ ਪਤੀਆਇ –ਉਹ ਗੁਰਮੁਖਿ ਉਸ ਨੂੰ ਸੱਚ ਜਾਣ ਕੇ ਕਮਾਉਣ ਵਾਲੇ ਉੱਪਰ ਪਤੀਜਦਾ ਹੈ। ਗੁਰਮੁਖਿ ਅਲਖੁ ਲਖਾਏ ਤਿਸੁ ਭਾਵੈ – ਜਿਸ ਉੱਪਰ ਉਹ ਪਤੀਜਦਾ ਹੈ, ਉਹ ਉਸ ਅਲਖੁ, ਨਾ ਜਾਣੇ ਜਾਣ ਵਾਲੇ ਨੂੰ ਜਾਣ ਲੈਦਾ ਹੈ। ਅਲਖੁ - ਨਾ ਜਾਣਿਆ ਜਾਣ ਵਾਲੇ ਨੂੰ। ਲਖਾਏ – ਜਾਣ ਲੈਂਦਾ ਹੈ। ਨਾਨਕ ਗੁਰਮੁਖਿ ਚੋਟ ਨ ਖਾਵੈ – ਹੇ ਭਾਈ! ਇਸ ਤਰ੍ਹਾਂ ਨਾਨਕ ਨੂੰ ਜੋਗੀ ਵਲੋਂ ਇਹ ਸ਼ਬਦ ਕਹੇ ਗਏ ਕਿ ਜਿਸ ਉੱਪਰ ਉਹ ਪਤੀਜਦਾ ਹੈ ਉਹ ਆਪਣੇ ਜੀਵਣ ਵਿੱਚ ਚੋਟਾਂ ਨਹੀਂ ਖਾਂਦਾ।
ਨੋਟ: - ਜੋਗੀ ਆਮ ਹੀ ਆਪਣੇ ਮੁਖੀ ਲਈ ਅਲਖੁ ਨਿਰੰਜਨ, ਨਾ ਜਾਣਿਆ ਜਾ ਸਕਣ ਵਾਲਾ ਸ਼ਬਦ ਵਰਤਦੇ ਕਹਿਦੇ ਸੁਣੇ ਜਾਂਦੇ ਹਨ।

ਅਰਥ: - ਹੇ ਨਾਨਕ ਸਾਡੇ ਮੁਖੀ ਗੁਰਮੁਖਿ-ਰੂਪ ਤੋਂ ਵੱਡਮੁਲੀ ਦਾਤ ਬਖ਼ਸ਼ਿਸ਼ ਰੂਪ ਵਿੱਚ ਉਹ ਹੀ ਲੈ ਸਕਦਾ ਹੈ ਜੋ ਉਸ ਨਾਲ ਲਿਵ ਜੋੜੇ। ਉਸ ਨਾਲ ਲਿਵ ਜੋੜਨ ਵਾਲੇ ਨੂੰ ਹੀ ਉਹ ਵੱਡਮੁਲੀ ਦਾਤ ਬਖ਼ਸ਼ਦਾ ਹੈ ਅਤੇ ਬਖ਼ਸ਼ਿਸ਼ ਕਰਨ ਤੋਂ ਪਹਿਲਾਂ ਉਹ ਆਪਣੇ ਸੁਭਾ ਮੁਤਾਬਕ ਭਾਵ ਆਪਣੇ ਮੱਤ ਅਨੁਸਾਰ ਪਰਖਦਾ ਹੈ। ਜਿਹੜਾ ਉਸਦੇ ਦੱਸੇ ਰਾਹ ਜੋਗ ਮਤ ਨੂੰ ਸੱਚ ਜਾਣਕੇ ਆਪਣੇ ਜੀਵਣ ਵਿੱਚ ਕਮਾਉਂਦਾ ਹੈ, ਉਹ ਉਸ ਉੱਪਰ ਹੀ ਪਤੀਜਦਾ ਹੈ। ਜਿਸ ਉੱਪਰ ਉਹ ਪਤੀਜਦਾ ਹੈ, ਉਹ ਉਸ ਅਲਖੁ ਨਾ ਜਾਣੇ ਜਾਣ ਵਾਲੇ (ਸਾਡੇ ਮੁਖੀ) ਨੂੰ ਗੁਰਮੁਖਿ ਕਰਤਾ ਨੂੰ ਜਾਣ ਲੈਂਦਾ ਹੈ। ਹੇ ਭਾਈ ਇਸ ਤਰ੍ਹਾਂ ਨਾਨਕ ਨੂੰ ਜੋਗੀ ਵਲੋਂ ਇਹ ਸ਼ਬਦ ਕਹੇ ਗਏ - ਜਿਹੜਾ ਸਾਡੇ ਮੁਖੀ ਗੁਰਮੁਖਿ ਨੂੰ ਜਾਣ ਲੈਂਦਾ ਹੈ, ਉਹ ਆਪਣੇ ਜੀਵਣ ਵਿੱਚ ਚੋਟਾਂ ਨਹੀਂ ਖਾਂਦਾ।

ਨਾਨਕ ਪਾਤਸਾਹ ਜੀ ਦਾ ਜਵਾਬ: -
ਗੁਰਮੁਖਿ ਨਾਮੁ ਦਾਨੁ ਇਸਨਾਨੁ॥
ਗੁਰਮੁਖਿ ਲਾਗੈ ਸਹਜਿ ਧਿਆਨੁ॥
ਗੁਰਮੁਖਿ ਪਾਵੈ ਦਰਗਹ ਮਾਨੁ॥
ਗੁਰਮੁਖਿ ਭਉ ਭੰਜਨੁ ਪਰਧਾਨੁ॥
ਗੁਰਮੁਖਿ ਕਰਣੀ ਕਾਰ ਕਰਾਏ॥
ਨਾਨਕ ਗੁਰਮੁਖਿ ਮੇਲਿ ਮਿਲਾਏ॥ ੩੬॥


ਪਦ ਅਰਥ: - ਗੁਰਮੁਖਿ ਨਾਮੁ ਦਾਨੁ ਇਸਨਾਨੁ – ਹੇ ਭਾਈ! ਜਿਹੜਾ ਸਰਬਵਿਆਪਕ ਗੁਰਮੁਖਿ ਕਰਤੇ ਦੇ ਨਾਲ ਆਪਣੀ ਸੁਰਤ ਅਡੋਲ ਜੋੜਦਾ ਹੈ, ਉਸ ਨੂੰ ਉਹ ਨਾਮ (ਸੱਚ) ਦਾ ਦਾਨ ਇਸ਼ਨਾਨ ਵਜੋਂ ਬਖ਼ਸ਼ਿਸ਼ ਕਰਦਾ ਹੈ, ਜਿਸ ਨਾਲ ਉਸਦੀ ਸੋਚ ਪਵਿੱਤਰ ਹੋ ਜਾਂਦੀ ਹੈ। ਗੁਰਮੁਖਿ ਲਾਗੈ ਸਹਿਜ ਧਿਆਨੁ – ਉਸਦੀ ਪਵਿੱਤਰ ਸੋਚ ਉਸ ਸੱਚ ਰੂਪ ਹਰੀ ਨਾਲ ਅਡੋਲ ਜੁੜ ਜਾਂਦੀ ਹੈ। ਗੁਰਮੁਖਿ ਪਾਵੈ ਦਰਗਹ ਮਾਨੁ – ਜਿਸਦੀ ਸੁਰਤ ਉਸ ਨਾਲ ਜੁੜਦੀ ਹੈ, ਉਹ ਦਰਗਾਹੇ ਮਾਣ ਪ੍ਰਾਪਤ ਕਰਦਾ ਹੈ। ਗੁਰਮੁਖਿ ਭਉ ਭੰਜਨੁ ਪਰਧਾਨੁ – ਉਸਦੇ ਹੋਰ ਸਾਰੇ ਭੈ ਖ਼ਤਮ ਹੋ ਜਾਂਦੇ ਹਨ ਅਤੇ ਉਹ ਉਸ ਕਰਤੇ ਨੂੰ ਹੀ ਆਪਣਾ (ਪਰਧਾਨ) ਮੁਖੀ ਮੰਨਦਾ ਹੈ। ਗੁਰਮੁਖਿ ਕਰਣੀ ਕਾਰ ਕਰਾਏ – ਉਹ ਉਸ ਕਰਤੇ ਨੂੰ ਹੀ ਕਰਣੀ (ਬਖ਼ਸ਼ਿਸ਼) ਕਰਨ ਵਾਲਾ ਕਰਕੇ ਜਾਣਦਾ ਹੈ। ਹੇ ਭਾਈ! ਨਾਨਕ ਆਖਦਾ ਹੈ - ਉਸ ਅਕਾਲ ਰੂਪ ਕਰਤੇ ਦੀ ਬਖ਼ਸ਼ਿਸ਼ ਨੂੰ ਸੱਚ ਕਰਕੇ ਜਾਨਣ ਵਾਲੇ ਨੂੰ ਸੱਚਾ ਅਕਾਲ ਰੂਪ ਕਰਤਾ ਹਰੀ ਆਪਣੇ ਨਾਲ ਜੋੜ ਲੈਂਦਾ ਹੈ, ਅਤੇ ਉਸ ਵਿਅਕਤੀ ਨੂੰ ਆਪਣੇ ਜੀਵਣ ਵਿੱਚ ਚੋਟਾਂ ਨਹੀਂ ਸਹਿਣੀਆਂ ਪੈਂਦੀਆਂ।

ਅਰਥ: - ਹੇ ਜੋਗੀ! ਜੋ ਸੱਚੇ ਅਕਾਲ ਪੁਰਖ ਕਰਤੇ ਨਾਲ ਆਪਣੀ ਸੁਰਤ ਨੂੰ ਜੋੜਦਾ ਹੈ, ਉਹ ਕਰਤਾ ਉਸ ਨੂੰ ਨਾਮ (ਸੱਚ) ਦਾ ਦਾਨ ਇਸ਼ਨਾਨ ਬਖ਼ਸ਼ਦਾ ਹੈ, ਜਿਸ ਨਾਲ ਹਉਮੈ ਰੂਪ ਮੈਲ ਉੱਤਰ ਜਾਂਦੀ ਹੈ, ਅਤੇ ਸੋਚ ਪਵਿੱਤਰ ਹੋ ਜਾਂਦੀ ਹੈ। (ਸੋਚ ਪਵਿੱਤਰ ਹੋ ਜਾਂਦੀ ਭਾਵ ਉਸਦੇ ਮਨ ਵਿੱਚੋ ਦੇਹਧਾਰੀ ਗੁਰੁ ਡੰਮ ਉਠ ਜਾਂਦਾ ਹੈ) ਉਸਦੀ ਪਵਿੱਤਰ ਸੋਚ ਅਕਾਲ ਪੁਰਖ ਹਰੀ ਨਾਲ ਅਡੋਲ ਜੁੜ ਜਾਂਦੀ ਹੈ। ਜਿਸਦੀ ਸੁਰਤ ਉਸ ਹਰੀ ਨਾਲ ਅਡੋਲ ਜੁੜ ਜਾਂਦੀ ਹੈ, ਉਹੀ ਉਸਦੀ ਸੱਚ-ਸਰੂਪ ਦੀ ਦਰਗਾਹ ਵਿੱਚ ਮਾਣ ਪ੍ਰਾਪਤ ਕਰਦਾ ਹੈ। ਜੋ ਉਸਦੀ ਦਰਗਾਹ ਵਿੱਚ ਮਾਣ ਪ੍ਰਾਪਤ ਕਰਦਾ ਹੈ, ਉਸਦੇ ਹੋਰ ਸਭ (ਦੇਹਧਾਰੀਆ) ਦਾ ਭੈ ਖ਼ਤਮ ਹੋ ਜਾਂਦਾ ਹੈ ਅਤੇ ਉਹ ਅਕਾਲ ਪੁਰਖ ਕਰਤੇ ਨੂੰ ਹੀ ਆਪਣਾ ਮੁਖੀ, ਪਰਧਾਨ ਮੰਨਦਾ ਹੈ, ਅਤੇ ਉਸ ਨੂੰ ਹੀ ਬਖ਼ਸ਼ਿਸ਼ ਕਰਨ ਵਾਲਾ ਜਾਣਦਾ ਹੈ। ਹੇ ਭਾਈ! ਨਾਨਕ ਆਖਦਾ ਹੈ ਉਸ ਅਕਾਲ ਪੁਰਖ ਕਰਤੇ ਦੀ ਬਖ਼ਸ਼ਿਸ਼ ਨੂੰ ਸੱਚ ਰੂਪ ਕਰਕੇ ਜਾਨਣ ਵਾਲੇ ਨੂੰ ਸੱਚਾ ਹਰੀ ਆਪਣੇ ਨਾਲ ਜੋੜ ਲੈਂਦਾ ਹੈ। ਫਿਰ ਉਸ ਮਨੁੱਖ ਨੂੰ ਆਪਣੇ ਜੀਵਣ ਵਿੱਚ ਚੋਟਾਂ ਨਹੀ ਸਹਿਣੀਆਂ ਪੈਂਦੀਆ।

ਅਉਧੂ ਦਾ ਸਵਾਲ -
ਗੁਰਮੁਖਿ ਸਾਸਤ੍ਰ ਸਿਮ੍ਰਿਤਿ ਬੇਦ॥
ਗੁਰਮੁਖਿ ਪਾਵੈ ਘਟਿ ਘਟਿ ਭੇਦ॥
ਗੁਰਮੁਖਿ ਵੈਰ ਵਿਰੋਧ ਗਵਾਵੈ॥
ਗੁਰਮੁਖਿ ਸਗਲੀ ਗਣਤ ਮਿਟਾਵੈ॥
ਗੁਰਮੁਖਿ ਰਾਮ ਨਾਮ ਰੰਗਿ ਰਾਤਾ॥
ਨਾਨਕ ਗੁਰਮੁਖਿ ਖਸਮੁ ਪਛਾਤਾ॥ ੩੭॥


ਪਦ ਅਰਥ: - ਗੁਰਮੁਖਿ – ਜੋਗੀ ਵਲੋਂ ਆਪਣੇ ਮੁਖੀ ਲਈ ਵਰਤਿਆ ਸ਼ਬਦ। ਸਿਮ੍ਰਿਤਿ – ਦ੍ਰਿੜ ਕਰਨਾ, ਦ੍ਰਿੜ ਕੀਤਾ। ਗੁਰਮੁਖਿ ਸਾਸਤ੍ਰ ਸਿਮ੍ਰਿਤਿ ਬੇਦ – ਸਿੱਧ ਵਲੋਂ ਕਹਿਆ ਗਿਆ ਕਿ ਸਾਡੇ ਗੁਰਮੁਖਿ (ਮੁਖੀ) ਨੇ ਬੇਦ ਅਤੇ ਸਾਸਤ੍ਰ ਦ੍ਰਿੜ ਕੀਤੇ ਹੋਏ ਹਨ। ਗੁਰਮੁਖਿ ਪਾਵੈ ਘਟਿ ਘਟਿ ਭੇਦ – ਇਸ ਕਰਕੇ ਸਾਡਾ ਗੁਰਮੁਖਿ ਘਟਿ ਘਟਿ ਦੇ ਸਾਰੇ ਭੇਦ ਜਾਣਦਾ ਹੈ। ਭਾਵ ਉਸਨੂੰ ਕਿਸੇ ਤੋ ਸਿੱਖਿਆ ਲੈਣ ਦੀ ਲੋੜ ਨਹੀਂ ਪੈਂਦੀ। ਗੁਰਮੁਖਿ ਵੈਰ ਵਿਰੋਧ ਗਵਾਵੈ – ਇਸ ਕਰਕੇ ਸਾਡਾ ਗੁਰਮੁਖਿ ਵੈਰ ਵਿਰੋਧ ਖ਼ਤਮ ਕਰ ਦਿੰਦਾ ਹੈ। ਗੁਰਮੁਖਿ ਸਗਲੀ ਗਣਤ ਮਿਟਾਵੈ – ਸ਼ਰਨ ਆਉਣ ਵਾਲੇ ਦੇ ਗੁਰਮੁਖਿ ਸਾਰੇ ਹੀ ਲੇਖੇ ਜੋਖੇ ਖ਼ਤਮ ਕਰ ਦਿੰਦਾ ਹੈ। ਗੁਰਮੁਖਿ ਰਾਮ ਨਾਮ ਰੰਗਿ ਰਾਤਾ – ਜਿਹੜਾ ਉਸਨੂੰ ਰਾਮ (ਰਾਮ ਚੰਦਰ ਵਲ ਜੋਗੀ ਦਾ ਇਸ਼ਾਰਾ ਹੈ) ਸਮਝਕੇ ਉਸਦੇ ਸੱਚ ਵਿੱਚ ਰੰਗਿਆ ਜਾਂਦਾ ਹੈ। ਨਾਨਕ ਗੁਰਮੁਖਿ ਖਸਮੁ ਪਛਾਤਾ – ਹੇ ਭਾਈ! ਨਾਨਕ ਨੂੰ ਇਸ ਤਰ੍ਹਾਂ ਜੋਗੀ ਵਲੋਂ ਆਪਣੇ ਮੁਖੀ ਨੂੰ ਰਾਮ ਸਮਝਕੇ ਪਛਾਨਣ ਲਈ ਕਹਿਆ ਗਿਆ ਕਿ ਜਿਹੜਾ ਉਸ ਨੂੰ ਰਾਮ (ਰਾਮ ਚੰਦਰ) ਜਾਣਕੇ ਉਸਦੇ ਨਾਮ ਵਿੱਚ ਰੰਗਿਆ ਜਾਂਦਾ ਹੈ, ਉਹ ਸਾਡੇ ਮੁਖੀ ਨੂੰ ਹੀ ਖ਼ਸਮ ਰੂਪ ਜਾਣਕੇ ਪਛਾਣ ਲੈਂਦਾ ਹੈ।

ਨੋਟ: - ਇਥੋਂ ਤੱਕ ਅਉਧੂ ਨੇ ਨਾਨਕ ਜੀ ਦੀ ਗੱਲ ਨਹੀਂ ਸਮਝੀ ਕਿ ਨਾਨਕ ਰੰਮਿਆ ਹੋਇਆ ਕਿਸ ਨੂੰ ਮੰਨਦੇ ਹਨ। ਅਉਧੂ ਨੇ ਸੋਚਿਆ ਕਿ ਨਾਨਕ ਵੀ ਸ਼ਾਇਦ ਰਾਮ ਚੰਦਰ ਨੂੰ ਰੰਮਿਆ ਹੋਇਆ ਮੰਨਦੇ ਹਨ।

ਅਰਥ: - ਹੇ ਨਾਨਕ! ਜੋ ਸਾਡਾ ਮੁਖੀ ਹੈ ਉਹ ਹੀ ਗੁਰਮੁਖਿ ਕਰਤਾ ਹੈ। ਉਸਨੇ ਸਾਰੇ ਬੇਦ ਅਤੇ ਸ਼ਾਸਤ੍ਰ ਦ੍ਰਿੜ ਕੀਤੇ ਹੋਏ ਹਨ। ਉਹ ਜ਼ੱਰੇ-ਜ਼ੱਰੇ ਦੇ ਸਾਰੇ ਭੇਦ ਜਾਣਦਾ ਹੈ। ਉਹ ਕਿਸੇ ਨਾਲ ਵੈਰ ਵਿਰੋਧ ਵੀ ਨਹੀਂ ਰੱਖਦਾ ਵੈਰ, ਸਗੋਂ ਵਿਰੋਧ ਖ਼ਤਮ ਕਰ ਦਿੰਦਾ ਹੈ। ਇਥੋਂ ਤੱਕ ਕਿ ਉਹ ਆਪਣੀ ਸ਼ਰਨ ਆਉਣ ਵਾਲੇ ਦੇ ਸਾਰੇ ਲੇਖੇ ਜੋਖੇ ਵੀ ਨਬੇੜ ਦਿੰਦਾ ਹੈ। ਹੇ ਭਾਈ! ਇਸ ਤਰ੍ਹਾਂ ਨਾਨਕ ਨੂੰ ਜੋਗੀ ਵਲੋਂ ਇਹ ਕਹਿਆ ਗਿਆ ਕਿ ਜਿਹੜਾ ਉਸਨੂੰ ਦਸਰਥ ਪੁੱਤਰ ਰਾਮ ਜਾਣਕੇ ਉਸਦੇ ਨਾਮ (ਸੱਚ) ਰੰਗ ਵਿੱਚ ਰੰਗਿਆ ਜਾਂਦਾ ਹੈ, ਉਹ ਉਸ ਨੂੰ ਰਾਮ ਦੀ ਤਰ੍ਹਾਂ ਗੁਰਮੁਖਿ ਕਰਤਾ ਸਮਝਕੇ ਪਛਾਣ ਭਾਵ ਜਾਣ ਲੈਂਦਾ ਹੈ। (ਨਾਨਕ ਤੂੰ ਵੀ ਇਸ ਨੂੰ ਰਾਮ ਰੂਪ ਸਮਝ ਕੇ ਖਸਮ ਕਰਕੇ ਜਾਣ ਲੈ)

ਨੋਟ: - ਇਸ ਪਉੜੀ ਅੰਦਰ ਸਿੱਧ ਆਪ ਆਪਣੀ ਗੱਲ ਤੋ ਉੱਖੜ ਗਿਆ ਹੈ। ਪਹਿਲਾਂ ਤਾਂ ਇਹ ਕਹਿੰਦਾ ਆਇਆ ਕਿ ਸਾਡਾ ਮੁਖੀ ਹੀ ਰੰਮਿਆ ਹੋਇਆ ਹੈ। ਇਥੇ ਆਕੇ ਕਹਿੰਦਾ ਜਿਹੜਾ ਉਸ ਨੂੰ (ਦਸਰਥ ਪੁੱਤਰ) ਰਾਮ ਜਾਣਕੇ ਉਸਦੇ ਸੱਚ ਵਿੱਚ ਰੰਗਿਆ ਜਾਂਦਾ ਹੈ ਉਹ ਉਸ ਨੂੰ ਹੀ ਖ਼ਸਮ ਰੂਪ ਕਰਤਾ ਕਰਕੇ ਪਛਾਣ ਲੈਂਦਾ ਹੈ। ਇਥੇ ਜੋਗੀ ਕਿਸੇ ਹੋਰ ਨੂੰ ਰੰਮਿਆ ਹੋਇਆ ਜਾਣਕੇ ਆਪਣੇ ਮੁਖੀ ਜੋਗੀ ਨਾਲ ਤੁਲਣਾ ਦੇ ਦਿੰਦਾ ਹੈ। ਦੂਸਰੀ ਗੱਲ, ਰਾਮ ਨਾਲ ਤੁਲਣਾ ਦੇ ਕੇ ਇਹ ਗੱਲ ਵੀ ਇਸ ਪਉੜੀ ਅੰਦਰ ਕਹੀ ਹੈ ਕਿ ਉਹ ਵੈਰ ਵਿਰੋਧ ਨਹੀਂ ਕਰਦਾ। ਤੀਜੀ ਗੱਲ, ਇਸ ਪਉੜੀ ਅੰਦਰ ਇਹ ਕਹੀ ਹੈ ਕਿ ਉਸਨੇ ਬੇਦ, ਦ੍ਰਿੜ ਕੀਤੇ ਹੋਣ ਕਾਰਨ ਉਸ ਨੂੰ ਜ਼ੱਰੇ-ਜ਼ੱਰੇ ਦੀ ਸੂਝ ਹੈ। ਨਾਨਕ ਪਉੜੀ ਨੰਬਰ ੪੦ ਅੰਦਰ ਇਹ ਕਹਿ ਕੇ ਰੱਦ ਕਰ ਦਿੰਦੇ ਹਨ ਕਿ ਜਿਸ ਰਾਮ ਨਾਲ ਤੁਲਣਾ ਦੇ ਕੇ ਇਹ ਗੱਲ ਕਹੀ ਕਿ ਉਹ ਵੈਰ ਵਿਰੋਧ ਨਹੀਂ ਕਰਦਾ, ਉਸ ਰਾਮ ਨੇ ਤਾਂ ਵੈਰ ਵਿਰੋਧ ਛੱਡਿਆ ਨਹੀਂ, ਉਸਨੇ ਤਾਂ ਲੰਕਾ ਲੁੱਟ ਲਈ ਸੀ। ਵਿਰੋਧੀਆ ਨੂੰ ਦੈਂਤ ਕਹਿ ਕੇ ਖ਼ਤਮ ਕਰ ਦਿੱਤਾ ਸੀ। ਚੌਥੀ ਗੱਲ ਇਹ ਕਹੀ ਗਈ ਕਿ ਉਸਨੇ ਬੇਦ ਸ਼ਾਸਤ੍ਰ ਪੜ੍ਹੇ ਹੋਣ ਕਰਕੇ ਉਸ ਨੂੰ ਜ਼ੱਰੇ-ਜ਼ੱਰੇ ਦੀ ਸੂਝ ਭਾਵ ਜਾਣਕਾਰੀ ਹੈ। ਇਹ ਗੱਲ ਵੀ ਪਉੜੀ ਨੰਬਰ ੪੦ ਅੰਦਰ ਨਾਨਕ ਜੀ ਨੇ ਇਹ ਕਹਿ ਕੇ ਰੱਦ ਕਰ ਦਿੱਤੀ ਹੈ, ਕਿ ਜਿਸ ਰਾਮ ਨਾਲ ਤੂੰ ਆਪਣੇ ਮੁਖੀ ਦੀ ਤੁਲਣਾ ਕੀਤੀ ਹੈ, ਉਸ ਰਾਮ ਨੂੰ ਜ਼ੱਰੇ-ਜ਼ੱਰੇ ਦਾ ਤਾਂ ਕਿਧਰੇ, ਲੰਕਾ ਦਾ ਹੀ ਭੇਤ ਨਹੀਂ ਸੀ, ਰਾਵਣ ਨੂੰ ਮਾਰਨ ਲਈ ਤਾਂ ਉਸਨੂੰ ਬਭੀਖਣ ਤੋਂ ਭੇਤ ਲੈਣਾ ਪਿਆ। ਇਸ ਕਾਰਜਲਈ ਉਸ ਰਾਮ ਨੇ ਭਭੀਖਣ ਨੂੰ ਪਰਚਾਇਆ ਭਾਵ ਲਾਲਚਾਇਆ ਸੀ ਕਿ ਰਾਵਣ ਦੇ ਮਰਨ ਤੋਂ ਬਾਅਦ ਲੰਕਾ ਦਾ ਰਾਜ ਉਸ ਨੂੰ ਸੌਂਪ ਦਿੱਤਾ ਜਾਵੇਗਾ।

ਬਲਦੇਵ ਸਿੰਘ ਟੋਰਾਂਟੋ




.