.

ਪੈਰ ਵਾਲ਼ੇ ਹਾਹੇ ਦੀ ਅਯੋਗ ਵਰਤੋਂ
ਗਿ: ਸੰਤੋਖ ਸਿੰਘ ਆਸਟ੍ਰੇਲੀਆ

ਮੈ ਆਪਣੀ ਛਪੀ ਹੋਈ ਕਿਤਾਬ ਨਹੀ ਪੜ੍ਹ ਸਕਦਾ। ਇਸ ਦਾ ਇੱਕ ਮੁਖ ਕਾਰਨ ਇਹ ਹੈ ਕਿ ਪ੍ਰਕਾਸ਼ਕ ਪਤਾ ਨਹੀ ਕੀ ਕਰਦੇ ਹਨ; ਜੇਹੜਾ ਵੀ ਪੰਨਾ ਮੇਰੀ ਨਿਗਾਹ ਤੋਂ ਬਚ ਜਾਂਦਾ ਹੈ ਉਸ ਤੇ ਹੀ ਕੋਈ ਨਾ ਕੋਈ ਗ਼ਲਤੀ ਛਾਪ ਦਿੰਦੇ ਹਨ। ਟਾਈਪ ਕਰਦੇ ਸਮੇ ਜੇਹੜੀ ਸ਼ਬਦ ਜੋੜ ਦੀ ਕੋਈ ਗ਼ਲਤੀ ਮੇਰੇ ਕੋਲ਼ੋਂ ਰਹਿ ਜਾਂਦੀ ਹੈ ਉਹ ਤਾਂ ਓਵੇਂ ਜਿਵੇਂ ਹੀ ਰੱਖਦੇ ਹਨ ਪਰ ਜੇਹੜੀ ਮੇਰੀ ਸਹੀ ਲਿਖੀ ਹੋਈ ਹੁੰਦੀ ਹੈ ਉਸ ਨੂੰ ਆਪਣੀ ਮਰਜੀ ਅਨੁਸਾਰ ਬਦਲ ਦਿੰਦੇ ਹਨ। ਇਹ ਕੁੱਝ ਇੱਕ ਵਾਰ ਨਹੀ ਬਾਵਜੂਦ ਹਰ ਤਰ੍ਹਾਂ ਦੀ ਸਾਵਧਾਨੀ ਵਰਤਣ ਦੇ, ਇਸ ਕਾਰਜ ਲਈ ਲੱਖਾਂ ਰੁਪਏ ਕਿਰਾਇਆ ਖ਼ਰਚ ਕੇ, ਕਿਤਾਬ ਛਪਣ ਸਮੇ ਆਪ ਅੰਮ੍ਰਿਤਸਰ ਜਾ ਕੇ ਵੀ ਮੈ ਇਸ ਵਿੱਚ ਸੁਧਾਰ ਨਹੀ ਕਰ ਸਕਿਆ। ਨਤੀਜਾ ਇਹ ਹੁੰਦਾ ਹੈ ਕਿ ਜਿੰਨਾ ਮੈ ਇਸ ਬਾਰੇ ਯਤਨ ਕਰਦਾ ਹਾਂ ਓਨਾ ਹੀ ਦੂਜੀਆਂ ਕਿਤਾਬਾਂ ਨਾਲ਼ੋਂ ਮੇਰੀਆਂ ਕਿਤਾਬਾਂ ਵਿੱਚ ਵਧ ਗ਼ਲਤੀਆਂ ਰਹਿ ਜਾਂਦੀਆਂ ਹਨ ਤੇ ਇਸ ਬਾਰੇ, ਧਿਆਨ ਨਾਲ਼ ਪੜ੍ਹਨ ਵਾਲ਼ੇ ਪਾਠਕ ਮੈਨੂੰ ਕੋਸਦੇ ਹਨ। ਬਹੁਤੇ ਪਾਠਕ ਇਹ ਨਹੀ ਜਾਣਦੇ ਕਿ ਸ਼ਬਦ ਜੋੜਾਂ ਬਾਰੇ ਲੇਖਕ ਦੀ ਨਹੀ ਪ੍ਰਕਾਸ਼ਕ ਦੀ ਮਰਜੀ ਚੱਲਦੀ ਹੈ।
ਇਸ ਦਾ ਇਹ ਵੀ ਕਾਰਨ ਹੋ ਸਕਦਾ ਹੈ ਕਿ ਸ਼ਾਇਦ ਮੇਰੇ ਫ਼ੌਂਟ ਤੋਂ ਉਹ ਆਪਣੇ ਵਰਤੇ ਜਾਣ ਵਾਲ਼ੇ ਕਿਸੇ ਹੋਰ ਫ਼ੌਂਟ ਵਿੱਚ ਮੇਰੀ ਲਿਖਤ ਜਦੋਂ ਕਨਵਰਟ ਕਰਦੇ ਹੋਣ ਓਦੋਂ ਫਰਕ ਪੈ ਜਾਂਦਾ ਹੋਵੇ ਜੇਹੜਾ ਕਿ ਪਰੂਫ਼ ਰੀਡਰ ਵੱਲੋਂ ਮਾਰੀ ਜਾਣ ਵਾਲ਼ੀ ਓਪਰੀ ਨਿਗਾਹ ਦੀ ਮਾਰ ਹੇਠ ਆਉਣੋ ਰਹਿ ਜਾਂਦਾ ਹੋਵੇ! ਇਹ ਵੀ ਪੰਜਾਬੀ ਬੋਲੀ ਦੀ ਬਦਕਿਸਮਤੀ ਹੈ ਕਿ ਹਰੇਕ ਕੰਪਿਊਟਰ ਨੂੰ ‘ਕੁਤਕਤਾਰੀਆਂ’ ਕੱਢਣ ਵਾਲ਼ਾ ਕੰਪਿਊਟਰ ‘ਐਕਸਪਰਟ’ ਆਪਣੀ ਢਾਈ ਪਾ ਖਿਚੜੀ ਵੱਖਰੀ ਰਿੰਨ੍ਹਣ ਦੇ ਚਾ ਵਿਚ, ਪਹਿਲਾਂ ਬਣੇ ਫ਼ੌਂਟ ਵਿੱਚ ਦੋ ਚਾਰ ਅੱਖਰ ਵੱਖਰੇ ਸ਼ਾਮਲ ਕਰਕੇ, ਆਪਣਾ ਇੱਕ ਵੱਖਰਾ ਹੀ ਫ਼ੌਂਟ ਬਣਾ ਧਰਦਾ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਪੰਜਾਬੀ ਦੇ ਫ਼ੌਂਟ ਅਜਿਹੇ ਵਿਦਵਾਨਾਂ ਦੇ ‘ਉਪਜਾਊ’ ਦਿਮਾਗ਼ਾਂ ਦੀ ਕਿਰਪਾ ਨਾਲ਼ ਬਣ ਚੁੱਕੇ ਹਨ। ਅੰਗ੍ਰੇਜ਼ੀ ਟਾਈਪਣ ਸਮੇ ਜੇਹੜਾ ਵੀ ਅੱਖਰ ਕੰਪਿਊਟਰ ਤੇ ਦੱਬੀਏ ਉਸ ਤੋਂ ਬਿਨਾ ਹੋਰ ਕੋਈ ਅੱਖਰ ਨਹੀ ਪੈਂਦਾ; ਰੂਪ ਭਾਵੇਂ ਉਸ ਦੇ ਵੱਖਰੇ ਫ਼ੌਂਟਾਂ ਕਰਕੇ ਵੱਖਰੇ ਹੋਣ। ਅਜਿਹਾ ਨਹੀ ਕਿ ਅ ਦੱਬਣ ਨਾਲ਼ ਕਦੇ ੳ, ਕਦੇ ਐੜਾ, ਕਦੇ ਕੰਨਾ ਤੇ ਕਦੇ ਕੁੱਝ ਹੋਰ ਪੈ ਜਾਵੇ; ਅ ਦਾ ਅ ਹੀ ਪਵੇਗਾ।
ਕੁਝ ਦਿਨ ਹੋਏ ਮੈਨੂੰ ਇੱਕ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਐਤਵਾਰੀ ਦੀਵਾਨ ਵਿੱਚ ਧਾਰਮਿਕ ਵਿਖਿਆਨ ਦੇਣ ਹਿਤ ਸੱਦ ਲਿਆ। ਰੇਲ ਗੱਡੀ ਵਿੱਚ ਓਥੇ ਜਾਂਦਿਆਂ ਤਕਰੀਬਨ ਦੋ ਕੁ ਘੰਟਿਆਂ ਦਾ ਸਮਾ ਲੱਗ ਜਾਣਾ ਸੀ। ਮੈ ਆਪਣੇ ਨਾਲ਼ ਆਪਣੀ ਕਿਤਾਬ ‘ਸਚੇ ਦਾ ਸਚਾ ਢੋਆ’ ਦੀ ਚੌਥੀ ਐਡੀਸ਼ਨ ਦੀਆਂ ਕੁੱਝ ਕਾਪੀਆਂ ਚੁੱਕ ਲਈਆਂ ਤਾਂ ਕਿ ਓਥੇ ਆਉਣ ਵਾਲ਼ੇ ਪੜ੍ਹਨ ਦਾ ਸ਼ੌਕ ਰੱਖਣ ਵਾਲ਼ਿਆਂ ਦੇ ਹੱਥਾਂ ਵਿੱਚ ਅਪੜਾਈਆਂ ਜਾ ਸਕਣ। ਰਸਤੇ ਵਿੱਚ ਪੜ੍ਹਨ ਵਾਸਤੇ ਮੈ ਹੋਰ ਕੋਈ ਕਿਤਾਬ ਨਾ ਚੁੱਕੀ। ਚੱਲਦੀ ਗੱਡੀ ਵਿੱਚ ਬੈਠਿਆਂ ਕੁੱਝ ਸਮੇ ਬਾਅਦ ਮੈ ਅਣਮੰਨੇ ਜਿਹੇ ਮਨ ਨਾਲ਼ ਆਪਣੀ ਕਿਤਾਬ ਖੋਹਲੀ ਤਾਂ ਕਿਤਾਬ ਦਾ ਪੰਨਾ ੭੧ ਮੇਰੇ ਸਾਹਮਣੇ ਖੁਲ੍ਹ ਗਿਆ। ਕੁੱਝ ਹੀ ਲਾਈਨਾਂ ਪੜ੍ਹਨ ਪਿੱਛੋਂ ਇੱਕ ਸ਼ਬਦ ਉਪਰ ਨਿਗਾਹ ਪਈ ਤਾਂ ਓਥੇ ਸ਼ਬਦ ‘ਬੁਲ੍ਹਾ’ ਅਤੇ ‘ਬੁਲ੍ਹੇ’ ਲਿਖੇ ਪੜ੍ਹੇ। ਖਿਝ ਕੇ ਮੈ ਓਸੇ ਵੇਲ਼ੇ ਕਿਤਾਬ ਬੰਦ ਕਰਕੇ ਖ਼ੁਦ ਨੂੰ ਕੋਸਿਆ ਤੇ ਅੱਗੋਂ ਤੋਂ ਸ਼ਬਦ ਜੋੜਾਂ ਨੂੰ ਸੋਧਣ ਲਈ ਟੱਕਰਾਂ ਮਾਰਨ ਤੋਂ ਤੋਬਾ ਕਰ ਲਈ, ਇਹ ਸੋਚ ਕੇ ਕਿ ਇਸ ਕਾਰਜ ਨੂੰ ਮੁਕੰਮਲ ਤੌਰ ਤੇ ਪ੍ਰਕਾਸ਼ਕਾਂ ਦੇ ਹੀ ਰਹਿਮੋ ਕਰਮ ਉਪਰ ਛੱਡ ਦੇਣਾ ਚਾਹੀਦਾ ਹੈ। ਵਿਚਾਰਿਆ ਕਿ ਜਦੋਂ ਏਨੀ ਖੇਚਲ਼, ਖ਼ਰਚ ਅਤੇ ਟੈਨਸ਼ਨ ਲੈਣ ਪਿੱਛੋਂ ਵੀ ਇਹ ਹਾਲ ਹੋਣਾ ਹੈ ਤਾਂ ਕੀ ਲਾਭ ਇਹ ਕੁੱਝ ਕਰਨ ਦਾ! ਇਹ ਵੀ ਵਿਚਾਰ ਆਈ ਕਿ ਸ਼ਾਇਦ ਮੇਰੇ ਵੱਲੋਂ ਟਾਈਪੇ ਖਰੜੇ ਵਿੱਚ ਹੀ ਇਹ ਗ਼ਲਤੀ ਰਹਿ ਗਈ ਹੋਵੇ! ਸ਼ਾਮ ਨੂੰ ਵਾਪਸ ਆ ਕੇ ਕੰਪਿਊਟਰ ਵਿਚੋਂ ਖਰੜਾ ਵੇਖਿਆ ਤਾਂ ਓਥੇ ਬਿਲਕੁਲ ਠੀਕ ਸ਼ਬਦ ‘ਬੁੱਲਾ `ਤੇ ‘ਬੁੱਲੇ’ ਹੀ ਸਹੀ ਰੂਪ ਵਿੱਚ ਮੌਜੂਦ ਸਨ। ਫਿਰ ਜਾਣ ਬੁਝ ਕੇ ਇਹਨਾਂ ਨੂੰ ਗ਼ਲਤ ਕਰ ਦੇਣ ਦਾ ਕਿਸ ਨੂੰ ਕੀ ਲਾਭ? ਇਹ ਗੱਲ ਪੱਲੇ ਨਹੀ ਪੈ ਰਹੀ। ਹਾਂ, ਇੱਕ ਵਿਚਾਰ ਇਉਂ ਆਉਂਦਾ ਹੈ ਕਿ ਸ਼ਾਇਦ ਪਰੂਫ਼ ਰੀਡਰ ਇਹ ਸਮਝਦਾ ਹੋਵੇ ਕਿ ਮੈ ‘ਬੁਲ੍ਹਾ’ ਤੇ ‘ਬੁਲ੍ਹੇ’ ਦੇ ਥਾਂ ਗ਼ਲਤੀ ਨਾਲ਼ ਇਹਨਾਂ ਨੂੰ ਬਿਨਾ ਹਾਹਾ ਲਾਏ ਲਿਖ ਦਿਤਾ ਹੋਵੇ ਪਰ ਉਸ ਸੱਜਣ ਨੂੰ ਇਹ ਸਮਝ ਨਹੀ ਕਿ ਇਹ ਹਾਹਾ ਲੱਗਣ ਤੇ ਨਾ ਲੱਗਣ ਨਾਲ਼ ਅਰਥਾਂ ਵਿੱਚ ਫਰਕ ਪੈ ਜਾਂਦਾ ਹੈ। ‘ਬੁੱਲਾ’ ਦਾ ਮਤਲਬ ਹੈ ਹਵਾ ਦਾ ਬੁੱਲਾ, ਅਰਥਾਤ ਇੱਕ ਦਮ ਆਇਆ ਤੇ ਚੱਲਿਆ ਗਿਆ ਹਵਾ ਦਾ ਤੇਜ ਝੋਂਕਾ, ਜਦੋਂ ਕਿ ‘ਬੁਲ੍ਹਾ’ ਨਾਂ ਹੈ ਇੱਕ ਅਠਾਰਵੀਂ ਸਦੀ ਵਿਚ, ਕਸੂਰ ਸ਼ਹਿਰ ਦੇ ਵਸਨੀਕ ਸੂਫ਼ੀ ਫ਼ਕੀਰ ਦਾ।
ਬਹੁਤ ਸਮਾ ਪਹਿਲਾਂ ਗੁਰਮੁਖੀ ਵਿੱਚ ਵੀ ਦੇਵ ਨਾਗਰੀ ਵਾਂਗ ਕੁੱਝ ਅੱਖਰ ਜਿਹਾ ਕਿ ਰ, ਹ, ਵ, ਯ, ਨ ਪੈਰਾਂ ਵਿੱਚ ਪਾਉਣ ਦਾ ਰਿਵਾਜ ਹੁੰਦਾ ਸੀ ਤੇ ਹੈ। ਕੁੱਝ ਸਮੇ ਤੋਂ ਪੰਜਾਬੀ ਲਿਖਤ ਵਿੱਚ ਇਹਨਾਂ ਦਾ ਰਿਵਾਜ ਘਟਾਇਆ ਜਾ ਰਿਹਾ ਹੈ ਤਾਂ ਕਿ ਪੰਜਾਬੀ ਦੀ ਲਿਖਤ ਵਿੱਚ ਸਰਲਤਾ ਲਿਆਂਦੀ ਜਾ ਸਕੇ। ਹੁਣ ਆਮ ਤੌਰ ਤੇ ਦੋ ਹੀ ਅੱਖਰ ਪੈਰਾਂ ਵਿੱਚ ਵਰਤੇ ਜਾਂਦੇ ਹਨ: ਇੱਕ ਰਾਰਾ ਤੇ ਦੂਜਾ ਹਾਹਾ।
ਘ, ਝ, ਢ, ਧ ਤੇ ਭ ਵਾਂਗ, ਹ ਵੀ ਜਦੋਂ ਸ਼ਬਦ ਦੇ ਆਰੰਭ ਵਿੱਚ ਆਵੇ ਤਾਂ ਇਸ ਦਾ ਪੰਜਾਬੀ ਉਚਾਰਨ ਅਨੁਸਾਰ ਪੂਰਾ ਉਚਾਰਨ ਹੁੰਦਾ ਹੈ; ਪਰ ਜਦੋਂ ਇਹ ਸ਼ਬਦ ਦੇ ਵਿਚਕਾਰ ਜਾਂ ਅੰਤ ਵਿੱਚ ਆਵੇ ਤਾਂ ਇਹਨਾਂ ਦਾ ਉਚਾਰਨ ਹਿੰਦੀ ਉਰਦੂ ਵਾਂਗ ਅੱਧਾ ਹੋ ਜਾਂਦਾ ਹੈ। ਇਸ ਲਈ ਹਰੇਕ ਥਾਂ ਇਸ ੍ਹ ਹਾਹੇ ਨੂ ਵਰਤਣ ਦੀ ਲੋੜ ਨਹੀ; ਪੂਰਾ ਲਿਖਣ ਨਾਲ਼ ਹੀ ਇਸ ਦੇ ਸਥਾਨ ਅਨੁਸਾਰ ਇਸ ਦਾ ਉਚਾਰਨ ਸਹੀ ਹੋ ਜਾਂਦਾ ਹੈ; ਜਿਵੇਂ ‘ਹਰੀ’ ਤੇ ‘ਰਹਿ’, ਘਰ ਤੇ ਰਘ, ਝੁਕ ਤੇ ਕੁਝ, ਢੱਕ ਤੇ ਕਢ, ਧੁੱਤ ਤੇ ਤੁਧ, ਭੱਸ ਤੇ ਸਭ ਵਿਚਲੇ ਰ, ਘ, ਝ, ਧ, ਢ ਦੇ ਦੋਹਾਂ ਵਿਚਲੇ ਇਹਨਾਂ ਅੱਖਰਾਂ ਦੇ ਉਚਾਰਨ ਵਿੱਚ ਫਰਕ ਹੈ ਪਰ ਲਿਖਤ ਵਿੱਚ ਇਹਨਾਂ ਦਾ ਅਸੀਂ ਅੱਧਾ ਰੂਪ ਨਹੀ ਲਿਖਦੇ। ਇਹ ਸਾਨੂੰ ਪਤਾ ਹੀ ਹੈ ਕਿ ਇਹਨਾਂ ਦਾ ਉਚਾਰਨ ਕੀ ਹੈ। ਏਸੇ ਤਰ੍ਹਾਂ ਹਰੇਕ ਥਾਂ ਸਾਨੂੰ ੍ਹ ਅੱਧਾ ਬੇਲੋੜਾ ਵਰਤ ਕੇ ਸ਼ਬਦ ਜੋੜਾਂ ਦੀ ਔਖਿਆਈ ਵਿੱਚ ਵਾਧਾ ਕਰਨ ਦੀ ਕੋਈ ਮਜਬੂਰੀ ਨਹੀ। ਜਿਥੇ ਸਾਨੂੰ ਮਹਿਸੂਸ ਹੋਵੇ ਕਿ ਏਥੇ ਪੂਰਾ ਹ ਨਹੀ ਬੋਲਦਾ ਤਾਂ ਵੀ ਬੋਲਣ ਦੇ ਬਾਵਜੂਦ ਵੀ ਸ਼ਬਦ ਦੇ ਵਿਚਾਲ਼ੇ ਜਾਂ ਅੰਤ ਵਿੱਚ ਪੂਰਾ ਹ ਹੀ ਲਿਖਿਆ ਜਾਣਾ ਚਾਹੀਦਾ ਹੈ। ਅਜਿਹਾ ਕਰਨ ਨਾਲ਼ ਪੰਜਾਬੀ ਸ਼ਬਦ ਜੋੜਾਂ ਦੀ ਸਰਲਤਾ ਵਿੱਚ ਵਾਧਾ ਹੁੰਦਾ ਹੈ।
ਕੁਝ ਸੱਜਣ ਲ ਦਾ ਤਾਲ਼ਵੀ ਉਚਾਰਣ ਲਿਖਤ ਵਿੱਚ ਲਿਆਉਣ ਸਮੇ ਲੱਲੇ ਦੇ ਪੈਰ ਵਿੱਚ ਅੱਧੇ ਹਾਹੇ ਦੀ ਵਰਤੋਂ ਕਰਦੇ ਹਨ ਜੋ ਕਿ ਕਤਈ ਗ਼ਲਤ ਹੈ। ਇਸ ਵਾਸਤੇ ਬਹੁਤ ਸਮਾ ਪਹਿਲਾਂ ਡਾ. ਗੁਰਚਰਨ ਸਿੰਘ ਜੀ ਨੇ ਲੱਲੇ ਦੇ ਪੈਰ ਵਿੱਚ ਬਿੰਦੀ ਲਾ ਕੇ, ਲ਼ ਨੂੰ ਵਰਤੋਂ ਵਿੱਚ ਲਿਆ ਕੇ ਇਹ ਮਸਲਾ ਹੱਲ ਕਰ ਦਿਤਾ ਹੋਇਆ ਹੈ। ਇਸ ਬਾਰੇ ਹੋਰ ਭੰਬਲ਼ਭੂਸਾ ਪੈਦਾ ਕਰਨ ਦਾ ਕੋਈ ਲਾਭ ਨਹੀ।
ਬਹੁ ਗਿਣਤੀ ਵਿੱਚ ਲੇਖਕ ‘ਇਨ੍ਹਾਂ’ ਤੇ ‘ਉਨ੍ਹਾਂ’ ਨੂੰ ਇਸ ਰੂਪ ਵਿੱਚ ਲਿਖਦੇ ਹਨ ਤੇ ਮੈ ਵੀ ਦਹਾਕਿਆਂ ਤੱਕ ਇਸ ਤਰ੍ਹਾਂ ਹੀ ਲਿਖਦਾ ਆ ਰਿਹਾ ਸਾਂ ਪਰ ਕੁੱਝ ਸਾਲਾਂ ਤੋਂ ਸਮਝ ਆਈ ਹੈ ਕਿ ਇਹਨਾਂ ਦਾ ਸਰਲ ਰੂਪ ‘ਇਹਨਾਂ’ ਤੇ ‘ਉਹਨਾਂ’ ਹੀ ਠੀਕ ਹੈ।
ਇਸ ਤਰ੍ਹਾਂ ਲਿਖੇ ਜਾਂਦੇ ਕੁੱਝ ਸ਼ਬਦ ਉਦਾਰਹਨ ਵਜੋਂ ਇਸ ਪ੍ਰਕਾਰ ਹਨ:

ਹਾਹਾ ਸਮੇਤ ਅਤੇ ਤੋਂ ਹਾਹੇ ਬਿਨਾ ਪਰ ਵੱਖਰੇ ਅਰਥਾਂ ਵਿੱਚ ਲਿਖੇ ਜਾਣ ਵਾਲ਼ੇ ਕੁੱਝ ਸ਼ਬਦ

ਸਿਰਫ ਹਾਹਾ ਨਾਲ਼ ਲਿਖੇ ਜਾਣ ਵਾਲ਼ੇ ਕੁੱਝ ਸ਼ਬਦ ਹਾਹੇ ਤੋਂ ਬਿਨਾ ਲਿਖੇ ਜਾਣ ਵਾਲ਼ੇ ਕੁੱਝ ਸ਼ਬਦ  

ਜੜ੍ਹ

ਜੜ

ਮੜ੍ਹੀ

ਲੜ

ਗੜ੍ਹੀ

ਗੜੀ

ਖੁਲ੍ਹ

ਲੜੀ

ਗਲ੍ਹ

ਗੱਲ

ਖੁਲ੍ਹਾ

ਕੁੜੀ
ਨਲ੍ਹ ਨਲ਼ ਪੜ੍ਹ ਲੜਨਾ

ਫੜ੍ਹ

ਫੜ ਖੁਲ੍ਹ ਜੜਨਾ

ਫੜ੍ਹੀ

ਫੜੀ ਕੜ੍ਹ ਜੁੜਨਾ

ਕੜ੍ਹੀ

ਕੜੀ

ਚੜ੍ਹ ਮੁੜਨਾ
ਪੜ੍ਹੀ ਪੜੀ ਚੜ੍ਹੀ ਮਾੜਾ

ਜੜ੍ਹੀ

ਜੜੀ

ਹੜ੍ਹ ਸਾੜਾ
ਖੜ੍ਹਨਾ ਖੜਨਾ ਗੜ੍ਹ ਮੋੜ
ਤਰ੍ਹਾਂ ਤਰਾਂ ਦ੍ਰਿੜ੍ਹ ਜੋੜ
ਚਲ਼੍ਹਾ ਚਲਾ ਦ੍ਰਿੜ੍ਹਤਾ ਲੋੜ
ਬੁਲ੍ਹਾ

ਬੁੱਲਾ

ਚੜ੍ਹਤ ਪਿੜ
ਬੁਲ੍ਹ ਬੁੱਲ ਕੁੜ੍ਹ ਗਿੜ

ਜੜ੍ਹੀ

ਜੜੀ

ਮੜ੍ਹ ਗੇੜ

ਸੌ ਹੱਥ ਰੱਸਾ ਸਿਰੇ ਤੇ ਗੰਢ: ਜਿਥੇ ਪੂਰਾ ਯਕੀਨ ਨਾ ਹੋਵੇ ਕਿ ਪੈਰ ਵਿੱਚ ਹਾਹਾ ਲਿਖਣਾ ਹੈ ਜਾਂ ਨਹੀ ਓਥੇ ਕਿਸੇ ਵੀ ਚੱਕਰ ਵਿੱਚ ਪੈਣ ਤੋਂ ਬਿਨਾ ਹੀ ਇਸ ਨੂੰ ਵਰਤਣ ਤੋਂ ਗੁਰੇਜ਼ ਕੀਤਾ ਜਾ ਸਕਦਾ ਹੈ ਜਿਵੇਂ ਜ ਦੇ ਪੈਰ ਵਿੱਚ ਬਿੰਦੀ ਲਾ ਕੇ ਜ਼ ਬਣਾਉਣ ਤੋਂ ਅਤੇ ਅਧਕ ਵਰਤਿਆ ਤੋਂ ਬਿਨਾ ਸਰ ਜਾਂਦਾ ਹੈ।
.