.

ਗੁਰਮਤਿ ਅਤੇ ਅਕਾਲ ਤਖਤ

ਸਿੱਖ ਮਾਰਗ ਤੇ ੧ ਫਰਵਰੀ ਨੂੰ ਛਪੇ ਹਰਦੇਵ ਸਿੰਘ ਜੰਮੂ ਜੀ ਦੇ ਲੇਖ ਵਿਚ ਉਹਨਾਂ ਇਹ ਵਿਚਾਰ ਪੇਸ਼ ਕੀਤਾ ਹੈ, “ਅਕਾਲ ਤਖਤ ਸਿਧਾਂਤਕ ਰੂਪ ਵਿਚ ਸ਼ਬਦ ਗੁਰੂ ਦੀ ਸਿਰਮੌਰਤਾ ਹੇਠ ਪੰਥਕ ਮਸਲਿਆ ਲਈ ਸਰਵਉਚ ਮੰਚ/ਸੰਸਥਾਨ ਹੈ। ਇਸੇ ਸਰਵਉਚ ਪੰਥਕ ਸੰਸਥਾਨ ਨੇ ਗੁਰਮਤਿ ਦੀ ਸਰਵਉਚਤਾ ਹੇਠ ਕੰਮ ਕਰਨਾ ਚਾਹੀਦਾ ਹੈ। ਇਹ ਗੁਰਮਤਿ ਦੇ ਕੁਲ ਫਲਸਫੇ ਦਾ ਮਹੱਤਵਪੂਰਨ ਅੰਗ ਹੈ”। ਇਹ ਸਿਧਾਂਤ ਗੁਰਮਤਿ ਦੇ ਮੂਲ਼ ਆਧਾਰ ਦੇ ਵਿਪਰੀਤ ਹੈ। ਗੁਰਮਤਿ ਅਧਿਆਤਮਕ ਗਿਆਨ ਅਤੇ ਜੀਵਨ ਜਾਚ ਹੈ। ਗੁਰਮਤਿ ਜੀਵਨ ਜਾਚ ਆਧੁਨਿਕ ਸਮਾਜ ਵਿਚ ਗੁਰਮਤਿ ਦੇ ਧਾਰਨੀਆਂ ਦੀ ਅਗਵਾਈ ਕਰਨ ਦੇ ਯੋਗ ਹੈ। ਪੰਥਕ ਮਸਲਿਆਂ ਦੇ ਹੱਲ ਲਈ ਗੁਰਮਤਿ ਦੀ ਥਾਂ ਕਿਸੇ ਸੰਸਾਰਕ ਭਵਨ, ਸੰਸਥਾ, ਮੰਚ ਜਾਂ ਨੀਤੀ ਤੋਂ ਅਗਵਾਈ ਲੈਣ ਦਾ ਸਿਧਾਂਤ ਗੁਰਬਾਣੀ ਦੇ ਅਧਿਆਤਮਕ ਉਪਦੇਸ਼ ਵਿਚ ਕਿਸੇ ਘਾਟ ਜਾਂ ਅਧੂਰੇਪਣ ਦਾ ਸੂਚਕ ਹੈ ਜਿਸ ਘਾਟ ਨੂੰ ਅਕਾਲ ਤਖਤ ਪੂਰਾ ਕਰਦਾ ਸਮਝਿਆ ਗਿਆ ਹੈ। ਗੁਰਮਤਿ ਪੂਰਨ ਅਤੇ ਸਦੀਵੀ ਸੱਚਾ ਗਿਆਨ ਹੈ ਜਦੋਂ ਕਿ ਅਕਾਲ ਤਖਤ ਤ੍ਰੈ-ਗੁਣੀ ਝੂਠੇ ਸੰਸਾਰ ਦਾ ਇਕ ਬਿਨਸਣਹਾਰ ਭਵਨ ਅਤੇ ਸੰਸਥਾ ਹੈ। ਅਕਾਲ ਤਖਤ ਨੂੰ ਗੁਰਮਤਿ ਦੇ ਪਰਸੰਗ ਵਿਚ ਸਰਵਉਚ ਆਖਣਾ ਅਨੁਚਿਤ ਹੈ।
ਜਮੂੰ ਜੀ ਨੇ ਸੰਵਿਧਾਨ ਦੇ ਅਧੀਨ ਪਾਰਲੀਮੈਂਟ ਅਤੇ ਸੁਪਰੀਮ ਕੋਰਟ ਦੀ ਉਦਾਹਰਨ ਦੇ ਕੇ ਅਤੇ ਇਹ ਵਿਚਾਰ ਪੇਸ਼ ਕਰ ਕੇ ਕਿ ਸਰਵਉਚਤਾ ਦਾ ਸਿਧਾਂਤ ਸ਼ਰੇਣੀ ਬੱਧ ਅਤੇ ਸਰਵਉਚਤਾ ਦੇ ਪਰਿਪੇਖ ਵਿਚ ਹੀ ਸਮਝਿਆ ਜਾ ਸਕਦਾ ਹੈ ਅਕਾਲ ਤਖਤ ਨੂੰ ਸਰਵਉਚ ਸਿੱਧ ਕਰਨ ਦਾ ਜਤਨ ਕੀਤਾ ਹੈ। ਸੰਵਿਧਾਨ ਰਾਸ਼ਟਰ ਦਾ ਮੂਲ਼ ਕਨੂੰਨ ਹੁੰਦਾ ਹੈ ਅਤੇ ਉਸ ਵਿਚ ਰਾਸ਼ਟਰ ਦੇ ਸਾਸ਼ਨ ਲਈ ਬਣੇ ਅਦਾਰਿਆਂ ਦੇ ਅਧਿਕਾਰ ਖੇਤਰ ਨਿਸਚਿਤ ਕੀਤੇ ਜਾਂਦੇ ਹਨ। ਪਰ ਗੁਰਬਾਣੀ ਵਿਚ ਕਿਸੇ ਅਕਾਲ ਤਖਤ ਜਾਂ ਐਸੀ ਕਿਸੇ ਹੋਰ ਸੰਸ਼ਥਾ ਅਤੇ ਉਸ ਦੇ ਪੰਥਕ ਮਸਲਿਆਂ ਨੂੰ ਹਲ ਕਰਨ ਦੇ ਅਧਿਕਾਰਾਂ ਦਾ ਕੋਈ ਵਰਨਨ ਨਹੀਂ ਮਿਲਦਾ ਕਿਊਂਕੇ ਗੁਰਮਤਿ ਇਕ ਪਰਭੂ ਦੀ ਏਕਤਾ ਅਤੇ ਸਰਬਵਿਆਪਕਤਾ ਵਿਚ ਵੰਡੀਆਂ ਪਾਉਣ ਦੇ ਸਿਧਾਂਤ ਨੂੰ ਹੀ ਅਸਵੀਕਾਰ ਕਰਦੀ ਹੈ। ਵਾਸਤਵ ਵਿਚ ਗੁਰਮਤਿ ਰਹੱਸਮਈ
(mystical) ਅਧਿਆਤਮਕ ਗਿਆਨ ਹੈ ਇਸ ਦੀ ਸੰਸਾਰਕ ਜਾਣਕਾਰੀ ਅਤੇ ਕਿਰਿਆ ਨਾਲ ਤੁਲਣਾ ਕਰਨਾ ਹੀ ਅਯੋਗ ਹੈ ਕਿਊਂਕੇ ਅਧਿਆਤਮਕ ਗਿਆਨ ਅਤੇ ਸੰਸਾਰਕ ਸੰਸਥਾਵਾਂ ਦੋ ਵਖਰੀਆਂ ਅਤੇ ਅਸਬੰਧਤ ਧਰਾਤਲਾਂ ਤੇ ਵਿਚਰਦੇ ਹਨ। ਅਧਿਆਤਮਕ ਗਿਆਨ ਵਿਸ਼ਵਾਸ ਤੇ ਆਧਾਰਤ ਹੁੰਦਾ ਹੈ ਅਤੇ ਇਸ ਦਾ ਮਨੋਰਥ ਮਨੁੱਖ ਨੂੰ ਆਪਣੇ ਅਸਲੇ, ਪਰਭੂ, ਬਾਰੇ ਜਾਣੂੰ ਕਰਾ ਕੇ ਉਸ ਨਾਲ ਮੇਲ ਕਰਨ ਦੀ ਵਿਧੀ ਸਿਖਾਉਣਾ ਹੈ ਜਦੋਂ ਕਿ ਗੁਰਮਤਿ ਅਨੁਸਾਰ ਮਾਇਆ ਵਿੱਢਾ ਤ੍ਰੈਗੁਣੀ ਸੰਸਾਰ, ਇਸ ਦੇ ਭਵਨ ਅਤੇ ਸੰਸਥਾਵਾਂ ਝੂਠੀਆਂ ਅਤੇ ਬਿਨਸਣਹਾਰ ਹੁੰਦੀਆਂ ਹਨ ਅਤੇ ਮਾਇਆ ਦੇ ਪਰਭਾਵ ਕਾਰਨ ਉਹਨਾਂ ਦੀ ਰੁੱਚੀ ਧਾਰਮਕ ਕਾਰਜਾਂ ਨੂੰ ਕੁਰਾਹੇ ਪਾਉਣ ਦੀ ਰਹਿੰਦੀ ਹੈ। ਗੁਰਮਤਿ ਬਾਰੇ ਬਹੁਤੇ ਭੁਲੇਖੇ ਗੁਰਮਤਿ ਦੀ ਅਧਿਆਤਮਕ ਵਿਚਾਰਧਾਰਾ ਨੂੰ ਸੰਸਾਰਕ ਵਿਹਾਰ ਨਾਲ ਰਲਗੱਡ ਕਰਨ ਨਾਲ ਹੀ ਪਏ ਹੋਏ ਹਨ। ਗੁਰਬਾਣੀ ਸੰਸਾਰਕ ਸਦਾਚਾਰ ਜਾਂ ਨੀਤੀ ਨਹੀਂ ਹੈ। ਇਹ ਸੰਸਾਰਕ ਸਫਲਤਾ ਜਾਂ ਰਾਜਸੀ ਸੱਤਾ ਪਰਾਪਤ ਕਰਨ ਦੀ ਵਿਧੀ ਵੀ ਨਹੀਂ ਹੈ। ਸੰਸਾਰਕ ਜੀਵਨ ਵਿਚ ਗੁਰਬਾਣੀ ਭਾਣਾ ਮੰਨਣ, ਹਲੀਮੀ, ਸਦ ਭਾਵਨਾ, ਪਰੇਮ, ਨਿਵੈਰਤਾ, ਨਿਸ਼ਕਾਮ ਕਰਮ, ਸਿਮਰਣ ਅਤੇ ਲੋਕ ਸੇਵਾ ਦਾ ਉਪਦੇਸ਼ ਕਰਦੀ ਹੈ।
ਸ਼ਬਦ ਗੁਰੂ ਦੀ ਸਿਰਮੌਰਤਾ ਹੇਠ ਪੰਥਕ ਮਸਲਿਆ ਲਈ ਸਰਵਉਚ ਸੰਸਥਾਨ ਦਰਬਾਰ ਸਾਹਿਬ ਹੈ ਅਕਾਲ ਤਖਤ ਨਹੀਂ ਕਿਊਂਕੇ ਸ਼ਬਦ ਗੁਰਬਾਣੀ ਦਾ ਨਿਰੰਤਰ ਪਰਵਾਹ ਇਥੋ ਹੀ ਚਲਦਾ ਹੈ। ਸਿੱਖ ਸ਼ਰਧਾਲੂ ਹਜ਼ਾਰਾਂ ਦੀ ਗਿਣਤੀ ਵਿਚ ਹਰ ਰੋਜ਼ ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਅਤੇ ਗੁਰਬਾਣੀ ਦਾ ਉਪਦੇਸ਼ ਸੁਨਣ ਅਤੇ ਉਸ ਤੋਂ ਅਗਵਾਈ ਲੈਣ ਆਉਂਦੇ ਹਨ। ਏਨਾ ਹੀ ਨਹੀਂ ਧਾਰਮਕ ਰੁੱਚੀ ਵਾਲੀ ਮਾਨਵਤਾ ਵੀ ਹੁੱਮ ਹੁਮਾ ਕੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਹਰ ਰੋਜ਼ ਪੁਜਦੀ ਹੈ। ਐਸੀ ਲੋਕਪਰੀਆ ਸੰਸਥਾਨ ਦੇ ਹੁੰਦੇ ਹੋਏ ਹੋਰ ਕਿਸੇ ਮੰਚ ਜਾ ਸੰਸਥਾਨ ਦੀ ਲੋੜ ਨਹੀਂ ਰਹਿ ਜਾਂਦੀ।
ਸਿੱਖ ਪੰਥ ਦੇ ਮਸਲਿਆ ਬਾਰੇ ਵੀ ਸਪਸ਼ਟਤਾ ਕਰ ਲੈਣੀ ਉਚੱਤ ਹੋਵੇਗੀ। ਸਿੱਖ ਪੰਥ ਦੀ ਅਧਿਆਤਮਕ ਵਿਚਾਰਧਾਰਾ ਦਾ ਸੋਮਾ ਗੁਰੂ ਗ੍ਰੰਥ ਸਾਹਿਬ ਜੀ ਹਨ। ਸਿਆਸੀ ਮਸਲਿਆ ਲਈ ਅਕਾਲੀ ਦਲ ਹਨ। ਸਮਾਜਕ ਮਸਲਿਆ ਦੇ ਹੱਲ ਲਈ ਪੰਥਕ ਪੰਚਾਇਤਾਂ ਅਤੇ ਹੋਰ ਸੰਸਥਾਵਾਂ ਹਨ। ਆਰਥਕ, ਸਿਖਿਆ, ਸੇਹਤ ਅਤੇ ਹੋਰ ਸਹੂਲਤਾਂ ਲਈ ਪੇਸ਼ਾਵਰ ਸੰਸਥਾਵਾਂ ਹਨ। ਫਿਰ ਐਸੇ ਕਿਹੜੇ ਪੰਥਕ ਮਸਲੇ ਰਹਿ ਜਾਂਦੇ ਹਨ ਜਿਨ੍ਹਾਂ ਦੇ ਨਿਪਟਾਰੇ ਲਈ ਵਿਸ਼ੇਸ਼ ਤੌਰ ਤੇ ਅਕਾਲ ਤਖਤ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ?
ਅਕਾਲ ਤਖਤ ਸਿੱਖ ਗੁਰਦੁਆਰਾਜ਼ ਐਕਟ, ੧੯੨੫ ਅਧੀਨ ਇਕ ਗੁਰਦੁਆਰਾ ਹੈ। ਐਕਟ ਅਧੀਨ ਇਸ ਤਖਤ ਦੇ ਅਧਿਕਾਰ ਨਿਰਧਾਰਤ ਹਨ। ਐਕਟ ਵਿਚ ਅਕਾਲ ਤਖਤ ਨੂੰ ਪੰਥਕ ਮਸਲਿਆਂ ਲਈ ਸਰਵਉਚ ਮੰਚ/ਸੰਸਥਾਨ ਦੀ ਪਦਵੀ ਅਤੇ ਅਧਿਕਾਰ ਨਹੀਂ ਦਿੱਤੇ ਗਏ ਹਨ। ਤਖਤ ਨੂੰ ਪੰਥਕ ਮਸਲਿਆ ਲਈ ਸਰਵਉਚ ਮੰਚ/ਸੰਸਥਾਨ ਬਨਾਉਣ ਲਈ ਗੁਰਦੁਆਰਾਜ਼ ਐਕਟ ਵਿਚ ਸੋਧ ਕਰਨੀ ਪਵੇਗੀ ਕਿਊਂਕੇ ਐਕਟ ਵਿਚ ਸੋਧ ਕੀਤੇ ਬਿਨਾ ਅਕਾਲ ਤਖਤ ਦੇ ਕਿਸੇ ਵੀ ਪੰਥਕ ਫੈਸਲੇ ਨੂੰ ਕੋਈ ਵੀ ਪਰਭਾਵਤ ਵਿਅਕਤੀ ਐਕਟ ਦੇ ਅਧੀਨ ਚਣੌਤੀ ਦੇ ਸਕਦਾ ਹੈ।
ਅਕਾਲ ਤਖਤ ਦੀ ਸਿਰਜਨਾ ਦਾ ਇਤਹਾਸ ਸਪਸ਼ਟ ਨਹੀਂ ਹੈ। ਬਲਵਾਨ ਭਾਵਨਾਵਾਂ ਦੇ ਆਧਾਰ ਤੇ ਮਿਥਿਹਾਸਕਾਰਾਂ ਦਾ ਬਹੁ ਪਰਭਾਵੀ ਮਿਥਿਹਾਸ ਰਚਿਆ ਤੇ ਮਿਲਦਾ ਹੈ ਪਰ ਭਰੋਸੇਯੋਗ ਇਤਹਾਸਕ ਤੱਥ ਨਹੀਂ ਮਿਲਦੇ। ਖਾਸ ਕਰਕੇ ਨਿਮਨ-ਲਿਖਤ ਪ੍ਰਸ਼ਨਾਂ ਬਾਰੇ ਹਾਲੇ ਭਰੋਸੇਯੋਗ ਜਾਣਕਾਰੀ ਉਪਲਬਧ ਨਹੀਂ ਹੈ:
੧. ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਉਸਾਰੇ ਤਖਤ ਦਾ ਕੀ ਬਣਿਆ ਸੀ;
੨. ਤਖਤ ਵਾਲੀ ਥਾਂ ਤੇ ਅਕਾਲ ਬੁੰਗਾ ਨਾਮੀ ਇਮਾਰਤ ਕਿਸ ਨੇ, ਕਦੋਂ ਅਤੇ ਕਿਊਂ ਬਣਾਈ ਸੀ;
੩. ਅਕਾਲ ਬੁੰਗਾ ਨਾਮੀ ਇਮਾਰਤ ਦਾ ਨਾਂ ਬਦਲ ਕੇ ਅਕਾਲ ਤਖਤ ਕਿਸ ਨੇ, ਕਦੋਂ ਅਤੇ ਕਿਊਂ ਰਖਿਆ ਸੀ?

ਅਕਾਲ ਤਖਤ ਨੂੰ ਕਈ ਇਤਹਾਸਕਾਰ ਅਤੇ ਵਿਦਵਾਨ ਸਿੱਖ ਪਰਭੁਤਾ ਦਾ ਸੰਕਲਪ ਪਰਚਾਰਦੇ ਹਨ। ਉਹ ਇਸ ਤਖਤ ਨੂੰ ਸਿੱਖ ਪੰਥ ਦੀ ਰਾਜਸੀ ਸ਼ਕਤੀ ਦਾ ਪਰਤੀਕ ਮੰਨਦੇ ਹਨ। ਇਹ ਵਿਚਾਰ ਸਿੱਖ ਪੰਥ ਦੇ ਵੀਹਵੀਂ ਸਦੀ ਦੇ ਇਤਹਾਸ ਦੇ ਸੰਦਰਭ ਵਿਚ ਕੁੱਝ ਅਨੋਖਾ ਜਾਪਦਾ ਹੈ। ਗੁਰਦੁਆਰਾ ਸੁਧਾਰ ਲਹਿਰ ਵਿਚੋਂ ਸਿੱਖ ਰਾਜਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਨਿਰਮਾਣ ਹੋਇਆ ਸੀ ਜੋ ਸਿੱਖ ਪਰਭੁਤਾ ਨੂੰ ਸਮਰਪਤ ਸੀ। ਪਰ ੧੯੪੭ ਵਿਚ ਅਕਾਲੀ ਦਲ ਨੇ ਅੰਗ੍ਰੇਜ਼ਾਂ ਤੋਂ ਸਿੱਖ ਰਾਜ ਦੀ ਮੰਗ ਨਾ ਕੀਤੀ ਬਲਕਿ ਕਾਂਗਰਸ ਨਾਲ ਰਲ ਗਿਆ। ਐਸਾ ਕਰ ਕੇ ਸ਼੍ਰੋਮਣੀ ਅਕਾਲੀ ਦਲ ਆਪਣਾ ਸਿੱਖ ਪਰਭੁਤਾ ਦਾ ਆਧਾਰ ਗੁਆ ਬੈਠਾ। ਹੁਣ ਅਕਾਲੀ ਦਲ ਸਿੱਖ ਧਾਰਮਕ ਸਿਆਸੀ ਪਾਰਟੀ ਦੀ ਥਾਂ ਪੰਜਾਬੀ ਸਿਆਸੀ ਪਾਰਟੀ ਬਣ ਗਿਆ ਹੈ। ਅਕਾਲੀ ਦਲ ਦੇ ਪੰਜਾਬੀ ਪਾਰਟੀ ਬਨਣ ਨਾਲ ਸਿੱਖ ਪਰਭੁਤਾ ਦੀ ਨੀਂਹ ਹੀ ਜਾਂਦੀ ਰਹੀ ਹੈ। ਅਕਾਲ ਤਖਤ ਦੇ ਸੇਵਾਦਾਰ ਮੌਕੇ ਅਨੁਸਾਰ ਸੰਸਾਰਕ ਸਫਲਤਾ ਅਤੇ ਪਰਸੰਸਾ ਲਈ ਗੁਰਬਾਣੀ ਉਪਦੇਸ਼ ਤੋਂ ਬਾਹਰੀ ਵਿਹਾਰ ਅਤੇ ਨੀਤੀ ਅਪਣਾਉਂਦੇ ਆ ਰਹੇ ਹਨ। ਉਹਨਾਂ ਦੀ ਕਥਨੀ ਗੁਰਮਤਿ ਅਨੁਸਾਰੀ ਜਾਪਦੀ ਹੈ ਅਤੇ ਕਰਨੀ ਅਕਾਲ ਤਖਤ ਦੀ ਨੀਤੀ ਅਨੁਸਾਰੀ। ਕਈ ਗੁਰਮਤਿ ਦੇ ਧਾਰਨੀ ਅਤੇ ਤੱਤ ਗੁਰਮਤਿ ਵਿਚਾਰਾਂ ਦੇ ਅਨੁਆਈ ਇਸ ਦੁਬਾਜਰੇਪਣ ਤੋਂ ਦੁੱਖੀ ਹਨ ਪਰ ਇਸ ਦੁਬਾਜਰੇਪਣ ਦਾ ਮੂਲ਼ ਕਾਰਨ ਅਕਾਲ ਤਖਤ ਹੈ ਜਿਸ ਬਾਰੇ ਉਹ ਚੁੱਪ ਧਾਰੀ ਰਖਦੇ ਹਨ। ਗੁਰਮਤਿ ਕਰਨੀ ਅਤੇ ਕਥਨੀ ਦੇ ਅੰਤਰ ਨੂੰ ਪਰਵਾਨ ਨਹੀਂ ਕਰਦੀ ਅਤੇ ਐਸੇ ਭੇਖ ਨੂੰ ਨਕਾਰਦੀ ਹੈ।
ਅਕਾਲ ਤਖਤ ਨੂੰ ਪੰਥਕ ਸ਼ਕਤੀ ਦੇ ਪਰਤੀਕ ਵਜੋਂ ਪਰਦਰਸ਼ਤ ਕਰਨ ਦੀ ਪਰੱਥਾ ਹੈ। ਗੁਰਮਤਿ ਸਰੀਰਕ ਅਤੇ ਸਮੂਹਕ ਸ਼ਕਤੀ ਦੀ ਥਾਂ ਆਤਮਕ ਸ਼ਕਤੀ ਅਤੇ ਸਾਂਝੀਵਾਲਤਾ ਦੀ ਪਰਸਤਾਵਕ ਹੈ।
ਹਾਕਮ ਸਿੰਘ




.