.

ਜਸਬੀਰ ਸਿੰਘ ਵੈਨਕੂਵਰ

ਕੜਾਹ ਪ੍ਰਸ਼ਾਦਿ

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, “ਉਹ ਕੜਾਹ ਜੋ ਮਰਯਾਦਾ ਅਨੁਸਾਰ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਰੱਖ ਕੇ ਅਰਦਾਸ ਉਪਰੰਤ ਕ੍ਰਿਪਾਨ ਭੇਟ ਕਰ ਕੇ ਵਰਤਾਈ ਦਾ ਹੈ, ਉਸ ਨੂੰ ਕੜਾਹ ਪ੍ਰਸ਼ਾਦ ਕਿਹਾ ਜਾਂਦਾ ਹੈ। ਪ੍ਰਸਾਦ ਦੇ ਅਰਥ ਹਨ, ੧. ਖ਼ੁਸ਼ੀ, ਪ੍ਰਸੰਨਤਾ। ੨. ਸੱਵਛਤਾ, ਨਿਰਮਲਤਾ। ੩. ਅਰੋਗਤਾ। ੪. ਦੇਵਤਾ ਨੂੰ ਅਰਪਿਆ ਹੋਇਆ ਖਾਣ ਯੋਗਯ ਪਦਾਰਥ। ੫. ਕਾਵਯ ਦਾ ਇੱਕ ਗੁਣ, ਪਦਾਂ ਦੀ ਜੁਗਤੀ ਸੁੰਦਰ ਅਤੇ ਅਰਥ ਦਾ ਸਪਸ਼ਟ ਹੋਣਾ। ੬. ਕ੍ਰਿਪਾ. ਅਨੁਗ੍ਰਹ। ਖ਼ਾ: ਭੋਜਨ, ਰਸੋਈ।” ਅਤੇ ਕੜਾਹ ਦਾ ਅਰਥ ਹੈ “ਕੜਾਹਾ, ਲੋਹੇ ਦਾ ਕੁੰਡੇਦਾਰ ਖੁੱਲ੍ਹੇ ਮੂੰਹ ਦਾ ਬਰਤਨ; ੨. ਕੜਾਹੇ ਵਿੱਚ ਤਿਆਰ ਕੀਤਾ ਅੰਨ; ਹਲੂਆ।” (ਮਹਾਨ ਕੋਸ਼)
ਕੜਾਹ ਪ੍ਰਸ਼ਾਦਿ ਨੂੰ ਕੁਣਕਾ (ਖਾਵੈ ਕੁਣਕਾ ਵੰਡਕੈ), ਮਹਾਪ੍ਰਸ਼ਾਦ (ਆਣਿ ਮਹਾ ਪਰਸਾਦੁ ਵੰਡਿ ਖੁਆਇਆ॥ (ਭਾਈ ਗੁਰਦਾਸ ਜੀ- ਵਾਰ ੨੦, ਪਉੜੀ ੧੦), ਸ਼ਹੀਦੀ ਪ੍ਰਸ਼ਾਦ। ਪੰਚਾਮ੍ਰਿਤ ਅਤੇ ਦੇਗ ਵੀ ਕਿਹਾ ਜਾਂਦਾ ਹੈ ਪਰ ਹੁਣ ਕੇਵਲ ਕੜਾਹ ਪ੍ਰਸ਼ਾਦ ਸ਼ਬਦ ਹੀ ਵਧੇਰੇ ਪ੍ਰਚਲਤ ਹੈ।
ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੇਵਲ ਕੜਾਹ ਪ੍ਰਸ਼ਾਦਿ ਹੀ ਵਰਤਾਉਣ ਦੀ ਪਰੰਪਰਾ ਹੈ, ਕਿਸੇ ਹੋਰ ਚੀਜ਼ ਨੂੰ ਪ੍ਰਸ਼ਾਦਿ ਦੇ ਰੂਪ ਵਿੱਚ ਵਰਤਾਉਣ ਦੀ ਰੀਤ ਨਹੀਂ ਹੈ।
ਕੜਾਹ ਪ੍ਰਸ਼ਾਦ ਛੂਤ-ਛਾਤ, ਜ਼ਾਤ ਅਭਿਮਾਨ, ਊਚ-ਨੀਚ, ਗ਼ਰੀਬ-ਅਮੀਰ ਦਾ ਭੇਦ-ਭਾਵ ਮਿਟਾ ਕੇ ਏਕਤਾ, ਸਾਂਝੀਵਾਲਤਾ, ਇਕਸਾਰਤਾ, ਬਰਾਬਰਤਾ ਦਾ ਪ੍ਰਤੀਕ ਹੈ। ਸਿੱਖ ਰਹਿਤ ਮਰਯਾਦਾ ਵਿੱਚ ਇਸ ਸਬੰਧੀ ਇਉਂ ਹਿਦਾਇਤ ਕੀਤੀ ਗਈ ਹੈ, “ਕਿਸੇ ਲਿਹਾਜ਼ ਜਾਂ ਘਿਰਣਾ ਕਰਕੇ ਵਿਤਕਰਾ ਨਾ ਕਰੇ। ਸਭ ਸਿੱਖ, ਗੈਰ ਸਿੱਖ, ਨੀਚ-ਊਚ ਜਾਤਿ ਵਾਲੇ ਨੂੰ ਇਕੋ ਜਿਹਾ ਵਰਤਾਵੇ। ਕੜਾਹ ਪ੍ਰਸ਼ਾਦਿ ਵਰਤਾਣ ਵੇਲੇ ਸੰਗਤਿ ਵਿੱਚ ਬੈਠੇ ਕਿਸੇ ਮਨੁੱਖ ਤੋਂ ਜ਼ਾਤ-ਪਾਤ, ਛੂਤ-ਛਾਤ ਦਾ ਖ਼ਿਆਲ ਕਰਕੇ ਗਿਲਾਨੀ ਨਹੀਂ ਕਰਨੀ ਚਾਹੀਦੀ।”
ਕਈ ਥਾਈਂ ਕੜਾਹ ਪ੍ਰਸ਼ਾਦਿ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਿਆਉਣ ਸਮੇਂ ਇਸ ਦੇ ਅੱਗੇ ਅੱਗੇ ਪਾਣੀ ਤ੍ਰੌਂਕਦੇ ਹਨ; ਭਾਈ ਕਾਨ੍ਹ ਸਿੰਘ ਨਾਭਾ ਇਸ ਸਬੰਧ ਵਿੱਚ ਲਿਖਦੇ ਹਨ ਕਿ ਇਹ ਅਵਿਦਯਾ ਕਰਮ ਹੈ। ਕਈ ਥਾਈਂ ਇਹ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਕੜਾਹ ਪ੍ਰਸ਼ਾਦ ਦੇ ਦੇਗ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਿਆਂਦੀ ਜਾਂਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੀਆਂ ਸੰਗਤਾਂ ਉੱਠ ਕੇ ਖੜੀਆਂ ਹੋ ਜਾਂਦੀਆਂ ਹਨ ਜਾਂ ਉਨ੍ਹਾਂ ਨੂੰ ਖੜੇ ਹੋਣ ਲਈ ਕਿਹਾ ਜਾਂਦਾ ਹੈ। ਪਰ ਇਹ ਸਭ ਕੁੱਝ ਅਗਿਆਨਤਾ ਵਸ ਦੇਖਾ ਦੇਖੀ ਪ੍ਰਾਰੰਭ ਹੋ ਗਿਆ ਹੋਇਆ ਹੈ; ਇਨ੍ਹਾਂ ਗੱਲਾਂ ਦਾ ਗੁਰਮਤਿ ਦੀ ਰਹਿਣੀ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਨਹੀਂ ਹੈ।
ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦਿ ਦੀ ਦੇਗ ਸਤਿਕਾਰ ਨਾਲ ਲਿਆਉਣ ਅਤੇ ਅਰਦਾਸ ਉਪਰੰਤ ਕ੍ਰਿਪਾਨ ਭੇਟ ਕਰਨ ਦਾ ਅਰਥ ਗੁਰੂ ਨੂੰ ਭੋਗ ਲਗਾਉਣਾ ਨਹੀਂ ਹੈ। ਭਾਵੇਂ ਕਈ ਸੱਜਣ ਅਣਜਾਣਪੁਣੇ ਕਾਰਨ ਅਜਿਹਾ ਹੀ ਸਮਝਦੇ ਹਨ। (ਨੋਟ: ਜ਼ਿਆਦਾਤਰ ਡੇਰੇਦਾਰ ਇਸ ਤਰ੍ਹਾਂ ਦੀ ਸੋਚ ਦੇ ਧਾਰਨੀ ਹੋਣ ਕਾਰਨ ਉਨ੍ਹਾਂ ਦੇ ਸ਼ਰਧਾਲੂ ਵੀ ਇਸ ਤਰ੍ਹਾਂ ਦੀ ਧਾਰਨਾ ਨੂੰ ਧਾਰਨ ਕਰੀ ਬੈਠੇ ਹਨ) ਇਸ ਲਈ ਕਈ ਅਰਦਾਸੀਏ ਅਰਦਾਸ ਵਿੱਚ ਭੋਗ ਸ਼ਬਦ ਦੀ ਵਰਤੋਂ ਕਰਦੇ ਹਨ। ਕਈ ਅਰਦਾਸ ਕਰਨ ਵਾਲੇ ਸੱਜਣ ਅਰਦਾਸ ਵਿੱਚ ‘ਆਪ ਜੀ ਨੂੰ ਭੋਗ ਲਗੇ, ‘ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ’ ਵਰਗੀ ਅਨਮਤੀ ਸ਼ਬਦਾਵਲੀ ਵਰਤਦੇ ਹਨ। ਪਰੰਤੂ ਇਸ ਤਰ੍ਹਾਂ ਦੀ ਸ਼ਬਦਾਵਲੀ ਗੁਰਮਤਿ ਦੇ ਅਨੁਕੂਲ ਨਹੀਂ ਹੈ। ਇਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਸੱਜਣ ਗੁਰਬਾਣੀ ਦੀ ਇਹ ਤੁੱਕ ਆਮ ਹੀ ਅਰਦਾਸ ਵਿੱਚ ਪੜ੍ਹਦੇ ਹਨ: ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ॥ (ਪੰਨਾ ੧੨੬੬)
ਪਰ ਇਸ ਪੰਗਤੀ ਵਿੱਚ ਕੜਾਹ ਪ੍ਰਸ਼ਾਦਿ ਦਾ ਤਾਂ ਕੋਈ ਜ਼ਿਕਰ ਨਹੀਂ ਹੈ; ਇਸ ਵਿੱਚ ਤਾਂ ਆਤਮਕ ਰਸੋਈ ਦੀ ਤਿਆਰੀ ਦੀ ਗੱਲ ਕੀਤੀ ਹੋਈ ਹੈ ਨਾ ਕਿ ਕੜਾਹ ਪ੍ਰਸਾਦਿ ਦੀ। ਜਿਸ ਸ਼ਬਦ ਦੀ ਇਹ ਪੰਗਤੀ ਹੈ ਉਹ ਇਸ ਪ੍ਰਕਾਰ ਹੈ:
ਕਿਆ ਤੂ ਸੋਚਹਿ ਕਿਆ ਤੂ ਚਿਤਵਹਿ ਕਿਆ ਤੂੰ ਕਰਹਿ ਉਪਾਏ॥ ਤਾ ਕਉ ਕਹਹੁ ਪਰਵਾਹ ਕਾਹੂ ਕੀ ਜਿਹ ਗੋਪਾਲ ਸਹਾਏ॥ ੧॥ ਬਰਸੈ ਮੇਘੁ ਸਖੀ ਘਰਿ ਪਾਹੁਨ ਆਏ॥ ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ॥ ੧॥ ਰਹਾਉ॥ ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ॥ ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ॥ ੨॥ ਦੁਸਟ ਬਿਦਾਰੇ ਸਾਜਨ ਰਹਸੇ ਇਹਿ ਮੰਦਿਰ ਘਰ ਅਪਨਾਏ॥ ਜਉ ਗ੍ਰਿਹਿ ਲਾਲੁ ਰੰਗੀਓ ਆਇਆ ਤਉ ਮੈ ਸਭਿ ਸੁਖ ਪਾਏ॥ ੩॥ ਸੰਤ ਸਭਾ ਓਟ ਗੁਰ ਪੂਰੇ ਧੁਰਿ ਮਸਤਕਿ ਲੇਖੁ ਲਿਖਾਏ॥ ਜਨ ਨਾਨਕ ਕੰਤੁ ਰੰਗੀਲਾ ਪਾਇਆ ਫਿਰਿ ਦੂਖੁ ਨ ਲਾਗੈ ਆਏ॥ ੪॥

ਅਰਥ: ਹੇ ਸਹੇਲੀ! (ਮੇਰੇ ਹਿਰਦੇ-) ਘਰ ਵਿੱਚ ਪ੍ਰਭੂ-ਪਤੀ ਜੀ ਟਿਕੇ ਹਨ (ਮੇਰੇ ਅੰਦਰੋਂ ਤਪਸ਼ ਮਿੱਟ ਗਈ ਹੈ, ਇਉਂ ਜਾਪਦਾ ਹੈ ਜਿਵੇਂ ਮੇਰੇ ਅੰਦਰ ਉਸ ਦੀ ਮਿਹਰ ਦਾ) ਬੱਦਲ ਵੱਸ ਰਿਹਾ ਹੈ। ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਹੇ ਮਾਲਕ-ਪ੍ਰਭੂ! ਮੈਨੂੰ ਕੰਗਾਲ ਨੂੰ ਆਪਣੇ ਨਾਮ ਵਿੱਚ ਲੀਨ ਕਰੀ ਰੱਖ (ਇਹ ਨਾਮ ਹੀ ਮੇਰੇ ਵਾਸਤੇ) ਨੌ ਖ਼ਜ਼ਾਨੇ ਹੈ। ੧। ਰਹਾਉ।
ਹੇ ਭਾਈ! (ਪਰਮਾਤਮਾ ਦੀ ਸਰਨ ਛੱਡ ਕੇ) ਤੂੰ ਹੋਰ ਕੀਹ ਸੋਚਾਂ ਸੋਚਦਾਂ ਹੈਂ? ਤੂੰ ਹੋਰ ਕੀਹ ਉਪਾਵ ਚਿਤਵਦਾ ਹੈਂ? ਤੂੰ ਹੋਰ ਕਿਹੜੇ ਹੀਲੇ ਕਰਦਾ ਹੈਂ? (ਵੇਖ,) ਜਿਸ (ਮਨੁੱਖ) ਦਾ ਸਹਾਈ ਪਰਮਾਤਮਾ ਆਪ ਬਣਦਾ ਹੈ ਉਸ ਨੂੰ, ਦੱਸ, ਕਿਸ ਦੀ ਪਰਵਾਹ ਰਹਿ ਜਾਂਦੀ ਹੈ? । ੧।
ਜਿਵੇਂ ਕੋਈ ਇਸਤ੍ਰੀ ਆਪਣੇ ਪਤੀ ਵਾਸਤੇ ਅਨੇਕਾਂ ਕਿਸਮਾਂ ਦੇ ਮਿੱਠੇ ਸੁਆਦਲੇ ਖਾਣੇ ਤਿਆਰ ਕਰਦੀ ਹੈ, ਬੜੀ ਸੁੱਚ ਨਾਲ ਰਸੋਈ ਸੁਥਰੀ ਬਣਾਂਦੀ ਹੈ, ਹੇ ਮੇਰੇ ਪ੍ਰਭੂ-ਪਾਤਿਸ਼ਾਹ! (ਤੇਰੇ ਪਿਆਰ ਵਿੱਚ ਮੈਂ ਆਪਣੇ ਹਿਰਦੇ ਦੀ ਰਸੋਈ ਨੂੰ ਤਿਆਰ ਕੀਤਾ ਹੈ, ਮਿਹਰ ਕਰ, ਤੇ ਇਸ ਨੂੰ) ਹੁਣ ਪਰਵਾਨ ਕਰ। ੨।
ਹੇ ਸਖੀ! ਇਹਨਾਂ (ਸਰੀਰ ਰੂਪੀ) ਘਰਾਂ-ਮੰਦਰਾਂ ਨੂੰ (ਜਦੋਂ ਪ੍ਰਭੂ-ਪਤੀ) ਅਪਣਾਂਦਾ ਹੈ (ਇਹਨਾਂ ਵਿੱਚ ਆਪਣਾ ਪਰਕਾਸ਼ ਕਰਦਾ ਹੈ, ਤਦੋਂ ਇਹਨਾਂ ਵਿਚੋਂ ਕਾਮਾਦਿਕ) ਦੁਸ਼ਟ ਨਾਸ ਹੋ ਜਾਂਦੇ ਹਨ (ਅਤੇ ਦੈਵੀ ਗੁਣ) ਸੱਜਣ ਪ੍ਰਫੁਲਤ ਹੋ ਜਾਂਦੇ ਹਨ। ਹੇ ਸਖੀ! ਜਦੋਂ ਤੋਂ ਮੇਰੇ ਹਿਰਦੇ-ਘਰ ਵਿੱਚ ਸੋਹਣਾ ਲਾਲ (ਪ੍ਰਭੂ) ਆ ਵੱਸਿਆ ਹੈ, ਤਦੋਂ ਤੋਂ ਮੈਂ ਸਾਰੇ ਸੁਖ ਹਾਸਲ ਕਰ ਲਏ ਹਨ। ੩।
ਹੇ ਦਾਸ ਨਾਨਕ! ਧੁਰ ਦਰਗਾਹ ਤੋਂ ਜਿਸ ਜੀਵ ਦੇ ਮੱਥੇ ਉੱਤੇ ਸਾਧ ਸੰਗਤਿ ਵਿੱਚ ਪੂਰੇ ਗੁਰੂ ਦੀ ਓਟ ਦਾ ਲੇਖ ਲਿਖਿਆ ਹੁੰਦਾ ਹੈ, ਉਸ ਨੂੰ ਸੋਹਣਾ ਪ੍ਰਭੂ-ਪਤੀ ਮਿਲ ਪੈਂਦਾ ਹੈ, ਉਸ ਨੂੰ ਫਿਰ ਕੋਈ ਦੁੱਖ ਪੋਹ ਨਹੀਂ ਸਕਦਾ। ੪।
ਸੋ, ਅਰਦਾਸ ਵਿੱਚ ਕੜਾਹ ਪ੍ਰਸ਼ਾਦਿ ਆਪ ਜੀ ਦੇ ਦਰ ਪਰਵਾਨ ਹੋਵੇ, ਕਹਿਣਾ ਹੀ ਯੋਗ ਹੈ। ਗੁਰਮਤਿ ਵਿੱਚ ਭੋਗ ਦਾ ਸੰਕਲਪ ਨਹੀਂ ਹੈ। ਇਸੇ ਤਰ੍ਹਾਂ ‘ਸੀਤ ਪ੍ਰਸ਼ਾਦਿ ਸੰਗਤਾਂ ਵਿੱਚ ਵਰਤੇ’ ਕਹਿਣਾ ਵੀ ਗ਼ਲਤ ਹੈ। ਗੁਰਮਤਿ ਵਿੱਚ ਸੀਤ ਪ੍ਰਸ਼ਾਦਿ ਦੀ ਕੋਈ ਧਾਰਨਾ ਨਹੀਂ ਹੈ।
ਕਈ ਸੱਜਣ ਤਾਂ ਇੱਥੋਂ ਤੀਕ ਗੱਪ ਮਾਰਨ ਤੋਂ ਵੀ ਸੰਕੋਚ ਨਹੀਂ ਕਰਦੇ ਕਿ ਗੁਰੂ ਸਾਹਿਬ ਪ੍ਰਸ਼ਾਦਿ ਛੱਕਦੇ ਹਨ। ਇਸ ਗੱਲ ਨੂੰ ਪ੍ਰਮਾਣਤ ਕਰਨ ਲਈ ਮਨਘੜਤ ਕਹਾਣੀ ਵੀ ਸੁਣਾਉਂਦੇ ਹਨ ਕਿ ਕਿਵੇਂ ਇੱਕ ਵਾਰੀ ਕਿਸੇ ਦੇ ਸ਼ੰਕਾ ਕਰਨ `ਤੇ ਰਸਦ ਨੂੰ ਨਾਪ ਤੋਲ ਕੇ ਦੇਗ ਤਿਆਰ ਕੀਤੀ ਗਈ, ਅਰਦਾਸ ਉਪਰੰਤ ਜਦੋਂ ਫਿਰ ਤੋਲਿਆ ਗਿਆ ਤਾਂ ਦੇਗ ਪਹਿਲਾਂ ਨਾਲੋਂ ਘੱਟ ਸੀ। ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲੇ ਹੀ ਸੱਜਣ ਗਰਮ ਕੜਾਹ ਪ੍ਰਸ਼ਾਦ ਦੀ ਅਰਦਾਸ ਕਰਨ ਦੀ ਨਿਖੇਧੀ ਕਰਦੇ ਹਨ। ਅਜਿਹੇ ਸੱਜਣਾਂ ਦਾ ਇਹ ਮੰਨਣਾ ਹੈ ਕਿ ਗਰਮ ਕੜਾਹ ਪ੍ਰਸ਼ਾਦ ਨੂੰ ਭੋਗ ਲਾਉਣ ਨਾਲ ਗੁਰੂ ਸਾਹਿਬ ਦੀ ਜੀਭ ਸੜ ਜਾਂਦੀ ਹੈ। ਕਈ ਸੱਜਣ ਇਹ ਗੱਪ ਮਾਰਨ ਤੋਂ ਵੀ ਸੰਕੋਚ ਨਹੀਂ ਕਰਦੇ ਕਿ ਗਰਮ ਕੜਾਹ ਪ੍ਰਸ਼ਾਦ ਨੂੰ ਭੋਗ ਲਾਉਣ ਤੇ ਗੁਰੂ ਸਾਹਿਬ ਨੇ ਪ੍ਰਗਟ ਹੋ ਕੇ ਉਹਨਾਂ ਨੂੰ ਆਪਣੀ ਸੜੀ ਹੋਈ ਜੀਭ ਵੀ ਦਿਖਾਈ।
(ਨੋਟ: ਇੱਕ ਸੱਜਣ ਨੇ ਦੋ ਕੁ ਹਫ਼ਤੇ ਪਹਿਲੇ ਹੀ ਬੀ ਸੀ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਆਪਣੇ ਵਿਆਖਿਆਣ ਦੌਰਾਨ ਇਹ ਗੱਲ ਆਖੀ ਕਿ ਇੱਕ ਵਾਰ ਉਸ ਨੇ ਕਾਹਲੀ ਵਿੱਚ ਗਰਮ ਗਰਮ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਵਾ ਦਿੱਤਾ। ਦੀਵਾਨ ਦੀ ਸਮਾਪਤੀ ਉਪਰੰਤ ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਿਆ ਤਾਂ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ। ਗੁਰੂ ਸਾਹਿਬ ਨੇ ਆਪਣੀ ਜੀਭ ਦਿਖਾਉਂਦਿਆਂ ਹੋਇਆਂ ਕਿਹਾ ਕਿ ਦੇਖ ਤੂੰ ਗਰਮ ਗਰਮ ਦੇਗ ਨੂੰ ਭੋਗ ਲਵਾਇਆ ਹੈ ਮੇਰੀ ਜੀਭ ਸੜ ਗਈ ਹੈ, ਇਸ ਲਈ ਪ੍ਰਸ਼ਾਦ ਠੰਡਾ ਕਰ ਕੇ ਭੋਗ ਲਗਾਇਆ ਕਰ।)
ਕੜਾਹ ਪ੍ਰਸ਼ਾਦ ਚੂੰਕਿ ਸੰਗਤਾਂ ਵਿੱਚ ਵਰਤਾਉਣਾ ਹੁੰਦਾ ਹੈ ਇਸ ਲਈ ਵਰਤਾਉਣ ਤੋਂ ਪਹਿਲਾਂ ਇਤਨਾ ਕੁ ਠੰਡਾ ਕਰ ਲੈਣਾ ਚਾਹੀਦਾ ਹੈ ਜਿਸ ਨਾਲ ਵਰਤਾਉਣ ਵਾਲੇ ਅਤੇ ਲੈਣ ਵਾਲਿਆਂ ਦੇ ਹੱਥ ਨਾ ਸੜਣ।
ਗੁਰੂ ਸਾਹਿਬ ਨੇ ਸਾਨੂੰ ਸ਼ਬਦ/ਗਿਆਨ ਗੁਰੂ ਦੇ ਲੜ ਲਾਇਆ ਹੈ, ਇਸ ਨੂੰ ਨਾ ਭੁੱਖ ਲਗਦੀ ਹੈ, ਨਾ ਹੀ ਪਿਆਸ ਲੱਗਦੀ ਹੈ, ਨਾ ਹੀ ਗਰਮੀ ਲਗਦੀ ਹੈ ਅਤੇ ਨਾ ਹੀ ਸਰਦੀ ਲਗਦੀ ਹੈ।
ਕੜਾਹ ਪ੍ਰਸ਼ਾਦਿ ਵਿੱਚ ਕ੍ਰਿਪਾਨ ਭੇਟ ਕਰਨ ਬਾਰੇ ਕਈ ਸੱਜਣਾਂ ਦਾ ਇਹ ਖ਼ਿਆਲ ਹੈ ਕਿ ਕ੍ਰਿਪਾਨ ਅਕਾਲ ਪੁਰਖ ਦੀ ਰਸਨਾ ਹੈ; ਇਸ ਲਈ ਕ੍ਰਿਪਾਨ ਭੇਟ ਕਰਨ ਦਾ ਭਾਵ ਪ੍ਰਸ਼ਾਦਿ ਪ੍ਰਭੂ ਨੂੰ ਅਰਪਨ ਕਰਨਾ ਹੈ। ਪਰ ਇਸ ਧਾਰਨਾ ਦਾ ਗੁਰਮਤਿ ਨਾਲ ਕੋਈ ਸਬੰਧ ਨਹੀਂ ਹੈ।
ਕ੍ਰਿਪਾਨ ਭੇਟ ਕੇਵਲ ਕੜਾਹ ਪ੍ਰਸ਼ਾਦਿ ਦੀ ਦੇਗ ਨੂੰ ਹੀ ਭੇਟ ਕਰਨ ਦੀ ਮਰਯਾਦਾ ਹੈ। ਕਿਸੇ ਹੋਰ ਕਿਸਮ ਦੇ ਪ੍ਰਸ਼ਾਦਿ ਨੂੰ ਨਹੀਂ। ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕੇਵਲ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਣ ਦੀ ਹੀ ਪਰੰਪਰਾ ਹੈ।
ਕੜਾਹ ਪ੍ਰਸ਼ਾਦਿ ਵਰਤਾਉਣ ਸਮੇਂ ਪੰਜਾਂ ਪਿਆਰਿਆਂ ਦਾ ਛਾਂਦਾ ਕੱਢਣ ਉਪਰੰਤ ਸੰਗਤਾਂ ਵਿੱਚ ਵਰਤਾਉਣ ਤੋਂ ਪਹਿਲਾਂ, ਗੁਰੂ ਗ੍ਰੰਥ ਦੇ ਪੰਘੂੜੇ ਅਥਵਾ ਮੰਜੀ ਦੇ ਹੇਠਾਂ ਕੌਲੀ ਆਦਿ ਵਿੱਚ ਪਾ ਕੇ ਰੱਖਿਆਂ ਜਾਂਦਾ ਹੈ, ਉਹ ਗੁਰੂ ਸਾਹਿਬ ਲਈ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸਿੰਘ ਜਾਂ ਸਿੰਘਣੀ ਲਈ ਹੁੰਦਾ ਹੈ ਤਾਂ ਕਿ ਚੌਰ ਦੀ ਸੇਵਾ ਤੋਂ ਮੁਕਤ ਹੋ ਕੇ ਉਹ ਇਸ ਨੂੰ ਛੱਕ ਸਕੇ।
ਇਹ ਆਮ ਹੀ ਦੇਖਣ ਵਿੱਚ ਆਉਂਦਾ ਹੈ ਕਿ ਦੀਵਾਨ ਦੀ ਸਮਾਪਤੀ `ਤੇ ਜਦੋਂ ਕੜਾਹ ਪ੍ਰਸ਼ਾਦਿ ਵਰਤਾਇਆ ਜਾਂਦਾ ਹੈ ਤਾਂ ਸੰਗਤਾਂ ਵਿੱਚ ਸ਼ੋਰ-ਸ਼ਰਾਬਾ ਪੈ ਜਾਂਦਾ ਹੈ। ਇਹੋ ਜਿਹੇ ਵਰਤਾਰੇ ਨੂੰ ਜਾਇਜ਼ ਠਹਿਰਾਉਣ ਲਈ ਕਈ ਸੱਜਣ ਇਹ ਕਹਿੰਦੇ ਹਨ ਕਿ ਹੁਣ ਦੀਵਾਨ ਵਿੱਚ ਕਲਜੁਗ ਆ ਗਿਆ ਹੈ। ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲੇ ਇੱਕ ਸਾਖੀ ਦਾ ਆਮ ਹੀ ਵਰਣਨ ਕਰਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਕਲਜੁਗ ਦੀ ਬੇਨਤੀ ਨੂੰ ਮੰਨ ਕੇ ਉਸ ਨੂੰ ਦੀਵਾਨ ਦੀ ਸਮਾਪਤੀ `ਤੇ ਅੰਦਰ ਆਉਣ ਦੀ ਆਗਿਆ ਦਿੱਤੀ ਹੋਈ ਹੈ। ਪਰ ਇਹ ਸਭ ਮਨਘੜਤ ਕਹਾਣੀਆਂ ਹਨ; ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਇਸ ਤਰ੍ਹਾਂ ਦੀ ਕਿਸੇ ਵੀ ਧਾਰਨਾ ਵਿੱਚ ਵਿਸ਼ਵਾਸ ਨਹੀਂ ਹੈ ਅਤੇ ਨਾ ਹੀ ਗੁਰਬਾਣੀ ਪੁਰਾਣ ਸਹਿਤ ਵਿੱਚ ਵਰਣਿਤ ਜੁਗਾਂ ਦੀ ਧਾਰਨਾ ਨੂੰ ਸਵੀਕਾਰ ਕਰਦੀ ਹੈ।
ਕਈ ਸੱਜਣ ਕੇਵਲ ਆਪਣੇ ਹੀ ਜੱਥੇ ਦੇ ਸਿੰਘ ਜਾਂ ਸਿੰਘਣੀ ਵਲੋਂ ਤਿਆਰ ਕੀਤਾ ਹੋਇਆ ਪ੍ਰਸ਼ਾਦਿ ਛੱਕਦੇ ਹਨ। ਇਹ ਸੋਚ ਗੁਰਮਤਿ ਅਨੁਸਾਰ ਨਹੀਂ ਹੈ ਅਤੇ ਇਸ ਬਾਰੇ ਇਤਨਾ ਹੀ ਕਿਹਾ ਜਾ ਸਕਦਾ ਹੈ ਕਿ ਉਹ ਗੁਰੂ ਦਾ ਪ੍ਰਸ਼ਾਦਿ ਨਹੀਂ ਬਲਕਿ ਆਪਣੇ ਜੱਥੇ ਦਾ ਪ੍ਰਸ਼ਾਦਿ ਹੀ ਛੱਕਦੇ ਹਨ।
ਕੜਾਹ ਪ੍ਰਸ਼ਾਦਿ ਦੀਵਾਨ ਦੀ ਸਮਾਪਤੀ ਉਪਰੰਤ ਹੀ ਵਰਤਾਉਣ ਦੀ ਪਰੰਪਰਾ ਸੀ; ਗੁਰੂ ਕਾਲ ਤੋਂ ਕਾਫੀ ਚਿਰ ਪਿੱਛੋਂ ਹਰੇਕ ਸਮੇਂ ਹੀ ਵਰਤਾਉਣ ਦੀ ਰੀਤ ਪ੍ਰਚਲਤ ਹੋ ਗਈ ਹੈ। ਇਸ ਰੀਤ ਦੇ ਪ੍ਰਚਲਤ ਹੋਣ ਨਾਲ ਗੁਰੂ ਦਰਬਾਰ ਦੀ ਹਾਜ਼ਰੀ ਭਰਨ ਵਾਲੀਆਂ ਸੰਗਤਾਂ ਦੀ ਗੁਰਬਾਣੀ ਪੜ੍ਹਣ ਸੁਣਨ ਦੀ ਰੁਚੀ ਘਟੀ ਹੈ। ਚੂੰਕਿ ਆਮ ਸਿੱਖ ਸੰਗਤਾਂ ਨੇ ਗੁਰਬਾਣੀ ਰੂਪ ਪ੍ਰਸ਼ਾਦਿ ਦੀ ਅਹਿਮੀਅਤ ਨੂੰ ਸਮਝ ਕੇ ਗ੍ਰਹਿਣ ਕਰਨ ਦੀ ਥਾਂ, ਕੇਵਲ ਕੜਾਹ ਪ੍ਰਸ਼ਾਦਿ ਨੂੰ ਹੀ ਗੁਰ ਪ੍ਰਸ਼ਾਦਿ ਦਾ ਪ੍ਰਤੀਕ ਮੰਨ ਲਿਆ ਹੈ। ਅਸੀਂ ਗੁਰਮਤਿ ਦੇ ਇਸ ਸੁਨਹਿਰੀ ਸਿਧਾਂਤ ਨੂੰ ਭੁਲਦੇ ਜਾ ਰਹੇ ਹਾਂ ਕਿ ਗੁਰੂ ਦਰਬਾਰ ਦੀ ਹਾਜ਼ਰੀ ਭਰਨ ਦਾ ਮੁੱਖ ਮਨੋਰਥ ਗੁਰੂ ਉਪਦੇਸ਼ ਨੂੰ ਸੁਣਨਾ ਹੈ। ਗੁਰੂ ਦਰਬਾਰ ਵਿੱਚ ਆਉਣ ਵਾਲੇ ਮਾਈ ਭਾਈ ਨੂੰ ਅਸ਼ੀਰਵਾਦ ਨਹੀਂ ਉਪਦੇਸ਼ ਮਿਲਦਾ ਹੈ। ਇਸ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਕੇ ਸਾਡਾ ਜੀਵਨ ਸੰਵਰਦਾ ਹੈ। ਕੜਾਹ ਪ੍ਰਸ਼ਾਦਿ ਨੂੰ ਅਸ਼ੀਰਵਾਦ ਦੇ ਰੂਪ ਵਿੱਚ ਸਵੀਕਾਰ ਕਰਨ ਕਾਰਨ ਅਸੀਂ ਗੁਰ ਉਪਦੇਸ਼ ਵਲੋਂ ਅਵੇਸਲੇ ਹੁੰਦੇ ਜਾ ਰਹੇ ਹਾਂ। ਕੜਾਹ ਪ੍ਰਸ਼ਾਦਿ ਦਾ ਸੰਕਲਪ ਗੁਰਮਤਿ ਦੇ ਸੁਨਹਿਰੀ ਸਿਧਾਂਤਾਂ (ਊਚ-ਨੀਚ, ਅਮੀਰ–ਗ਼ਰੀਬ, ਛੂਤ-ਛਾਤ ਅਤੇ ਲਿੰਗ-ਭੇਦ ਆਦਿ ਦੇ ਭੇਦ-ਭਾਵ ਤੋਂ ਉਪਰ ਉੱਠ ਕੇ ਇਕੋ ਜਿਹੋ ਵਰਤਾਵ ਕਰਨ ਆਦਿ) ਵਲ ਸੰਕੇਤ ਕਰਨ ਦੇ ਨਾਲ ਸਰੀਰਕ ਆਹਾਰ ਹੈ। ਇਸ ਜੀਵਨ-ਜੁਗਤ ਦੀ ਸਮਝ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਨ ਸੁਣਨ ਨਾਲ ਹੀ ਆਉਣੀ ਹੈ, ਨਾ ਕਿ ਕੇਵਲ ਕੜਾਹ ਪ੍ਰਸ਼ਾਦ ਛਕਣ ਨਾਲ।
ਸੋ, ਜਿਸ ਪ੍ਰਸ਼ਾਦਿ ਨਾਲ ਸਾਡੇ ਜੀਵਨ ਵਿੱਚ ਤਬਦੀਲੀ ਆਉਣੀ ਹੈ, ਉਹ ਬਾਣੀ ਦਾ ਪ੍ਰਸ਼ਾਦਿ ਹੈ। ਇਸ ਪ੍ਰਸ਼ਾਦ ਨੂੰ ਛੱਕਣ ਅਥਵਾ ਹਿਰਦੇ ਵਿੱਚ ਵਸਾਉਣ ਨਾਲ ਸਾਡੀ ਕਲਿਆਣ ਹੋਣੀ ਹੈ, ਸਾਡੇ ਅੰਦਰ ਬਲ ਰਹੀ ਤ੍ਰਿਸ਼ਨਾ ਦੀ ਅੱਗ ਬੁੱਝਣੀ ਹੈ, ਵਿਕਾਰਾਂ ਦੀ ਤਪਸ਼ ਤੋਂ ਸਾਡਾ ਛੁਟਕਾਰਾ ਹੋਣਾ ਹੈ। ਗੁਰੂ ਦਰਬਾਰ ਵਿੱਚ ਮੁੱਖ ਰੂਪ ਵਿੱਚ ਇਹ ਪ੍ਰਸ਼ਾਦਿ ਹੀ ਲੈਣ ਲਈ ਜਾਈਦਾ ਹੈ। ਸ਼ਬਦ ਰੂਪ ਪ੍ਰਸ਼ਾਦਿ ਹੀ ਸਾਡੇ ਜੀਵਨ ਵਿੱਚ ਤਬਦੀਲੀ ਲਿਆਉਂਦਾ ਹੈ। ਇਸ ਪ੍ਰਸ਼ਾਦਿ ਨਾਲ ਹੀ ਸਾਡੀ ਆਤਮਕ ਕਲਿਆਣ ਹੁੰਦੀ ਹੈ।




.