.

ਸਿੱਖ ਗੁਰਦੁਆਰਾਜ਼ ਐਕਟ ੧੯੨੫ ਅਤੇ ਗੁਰਮਤਿ

ਸਿੱਖ ਗੁਰਦੁਆਰਾਜ਼ ਐਕਟ, ੧੯੨੫ ਕੁਝ ਚੋਣਵੇਂ ਗੁਰਦੁਆਰਿਆਂ ਦੇ ਪਰਬੰਧ ਦੇ ਸੁਧਾਰ ਲਈ ਪੰਜਾਬ ਸਰਕਾਰ ਦਾ ਬਣਾਇਆ ਕਨੂੰਨ ਹੈ। ਇਸ ਐਕਟ ਦਾ ਗੁਰਮਤਿ ਦੀ ਅਧਿਆਤਮਿਕ ਵਿਚਾਰਧਾਰਾ ਨਾਲ ਸਿਧਾ ਕੋਈ ਸਬੰਧ ਨਹੀਂ ਹੈ ਕਿਉਂਕਿ ਗੁਰਮਤਿ ਅਧਿਆਤਮਿਕ ਗਿਆਨ ਹੈ ਕੋਈ ਸਮਾਜਕ ਜਾਣਕਾਰੀ ਜਾਂ ਨਿਆਂ ਸ਼ਾਸਤਰ ਨਹੀਂ। ਪਰ ਇਸ ਐਕਟ ਦੇ ਆਧਾਰ ਤੇ ਹੋਂਦ ਵਿਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਮਤਿ ਸੰਚਾਰ ਤੇ ਪਾਬੰਦੀਆਂ ਲਾ ਰਹੀ ਹੈ। ਸਵਾਲ ਉਠਦਾ ਹੈ ਕਿ ਕੀ ਸਿੱਖ ਗੁਰਦੁਆਰਾਜ਼ ਐਕਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਉਸ ਦੇ ਕਿਸੇ ਕਰਮਚਾਰੀ ਨੂੰ ਐਸਾ ਕਰਨ ਦਾ ਅਧਿਕਾਰ ਦਿੰਦਾ ਹੈ?
ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਸਿੱਖ ਗੁਰਦੁਆਰਾਜ਼ ਐਕਟ, ੧੯੨੫ ਦੇ ਅਧੀਨ ਹੋਈ ਹੈ। ਐਕਟ ਵਿਚ ਗੁਰਦੁਆਰਾ ਸੈਂਟਰਲ ਬੋਰਡ ਦੀ ਵਿਵਸਥਾ ਕੀਤੀ ਗਈ ਹੈ, ਅਤੇ ਬੋਰਡ ਨੂੰ ਆਪਣਾ ਨਾਂ ਨਿਰਧਾਰਤ ਕਰਨ ਦੀ ਵਿਵਸਥਾ ਵੀ ਕੀਤੀ ਗਈ ਹੈ। ਬੋਰਡ ਦੇ ਮੈਂਬਰਾਂ ਨੇ ਆਪਣੀ ਪਹਿਲੀ ਇਕੱਤਰਤਾ ਵਿਚ ਆਪਣਾ ਨਾਂ ਗੁਰਦੁਆਰਾ ਸੈਂਟਰਲ ਬੋਰਡ ਤੋਂ ਬਦਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖ ਲਿਆ। ਪਰ ਇਸ ਨਾਂ ਦੀ ਇਕ ੧੭੫ ਮੈਂਬਰੀ ਕਮੇਟੀ ੧੫-੧੬ ਨਵੰਬਰ, ੧੯੨੦ ਨੂੰ ਪਹਿਲੋਂ ਹੀ ਬਣ ਚੁੱਕੀ ਸੀ ਜੋ ਇਕ ਗੈਰ-ਸਰਕਾਰੀ ਸੰਸਥਾ ਵਜੋਂ ੩੦ ਅਪ੍ਰੈਲ, ੧੯੨੧ ਨੂੰ ਰਜਿਸਟਰ ਹੋ ਕੇ ਕੰਮ ਕਰ ਰਹੀ ਸੀ। ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸੁਧਾਰ ਲਹਿਰ ਦੀ ਅਗਵਾਈ ਕੀਤੀ ਸੀ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਉਦਾਸੀ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਲਈ ਪੰਜ ਸਾਲ ਭਾਰੀ ਸੰਘਰਸ਼ ਕੀਤਾ ਸੀ ਅਤੇ ਸਿੱਖ ਮਾਨਸਿਕਤਾ ਵਿਚ ਸਤਕਾਰ, ਸ਼ਰਧਾ ਅਤੇ ਗੌਰਵ ਦੀ ਪਾਤਰ ਬਣ ਗਈ ਸੀ। ਉਹ ਗੈਰ-ਸਰਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ੧੯੨੫ ਵਿਚ ਸਿੱਖ ਗੁਰਦੁਸਆਰਾਜ਼ ਐਕਟ ਲਾਗੂ ਹੋਣ ਸਮੇਂ ਕਾਇਮ ਸੀ ਅਤੇ ਭੰਗ ਨਹੀਂ ਸੀ ਹੋਈ। ਉਸ ਕਮੇਟੀ ਨੇ ਗੁਰਦੁਆਰਾਜ਼ ਐਕਟ ਦੇ ਸੈਂਟਰਲ ਬੋਰਡ ਨਾਮੀ ਨਵੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਵੰਬਰ-ਦਸੰਬਰ, ੧੯੨੬ ਵਿਚ ਆਪਣਾ ਚਾਰਜ ਸੌਂਪਿਆ ਸੀ। ਭਾਵੇਂ ਬੋਰਡ ਦੇ ਮੈਂਬਰਾਂ ਨੇ ਗੁਰਦੁਆਰਾ ਸੁਧਾਰ ਲਹਿਰ ਦੇ ਸੰਘਰਸ਼ ਵਿਚ ਬਹੁਤਾ ਯੋਗਦਾਨ ਨਹੀਂ ਸੀ ਪਾਇਆ ਪਰ ਬੋਰਡ ਦੇ ਸੁਧਾਰ ਲਹਿਰ ਦੀ ਅਗਵਾਈ ਕਰਨ ਵਾਲੀ ਸੰਸਥਾ ਦਾ ਨਾਂ ਅਪਨਾਉਣ ਨਾਲ ਉਹ ਸਿੱਖ ਜਗਤ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਤੀ ਸਤਕਾਰ ਅਤੇ ਗੌਰਵ ਦੇ ਹੱਕਦਾਰ ਹੋ ਗਏ ਸਨ।
ਗੁਰਦੁਆਰਾ ਸੈਂਟਰਲ ਬੋਰਡ ਦੇ ਨਾਮਕਰਨ ਨੇ ਸਿੱਖ ਜਗਤ ਵਿਚ ਇਹ ਭੁਲੇਖਾ ਪਾਇਆ ਹੋਇਆ ਹੈ ਕਿ ਵਰਤਮਾਨ ਬੋਰਡ ਨੁਮਾ ਕਮੇਟੀ ੧੯੨੦ ਵਿਚ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਹੈ ਜਿਸ ਨੇ ਸਿੱਖਾਂ ਦੇ ਧਾਰਮਕ ਹਿੱਤਾਂ ਦੀ ਰਖਿਆ ਲਈ ਪੰਜ ਸਾਲ ਵੱਡਾ ਸੰਘਰਸ਼ ਕੀਤਾ ਸੀ। ਪਹਿਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਰਤਮਾਨ ਕਮੇਟੀ ਵਿਚ ਤਿੰਨ ਮੂਲ ਅੰਤਰ ਹਨ:
੧. ਪਹਿਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗ਼ੈਰ ਸਰਕਾਰੀ ਸੰਸਥਾ ਸੀ ਅਤੇ ਸਿੱਖ ਪੰਥ ਦੇ ਹਿੱਤਾਂ ਦੀ ਰਖਿਆ ਲਈ ਬਣਾਈ ਗਈ ਸੀ ਜਦੋਂ ਕਿ ਵਰਤਮਾਨ ਕਮੇਟੀ ਸਰਕਾਰੀ ਕਨੂੰਨ ਦੀ ਉਪਜ ਹੈ ਅਤੇ ਇਸ ਦਾ ਮੁੱਖ ਮਨੋਰਥ ਕੁਝ ਚੋਣਵੇਂ ਗੁਰਦੁਆਰਿਆਂ ਦਾ ਪਰਬੰਧ ਕਰਨਾ ਹੈ;
੨. ਪਹਿਲੀ ਕਮੇਟੀ ਦੇ ੧੭੫ ਮੈਂਬਰਾਂ ਵਿਚ ਪੰਜਾਬ ਅਤੇ ਭਾਰਤ ਦੇ ਸਾਰੇ ਗੁਰਦੁਆਰਿਆਂ ਦੇ ਅਤੇ ਬਰਮਾ, ਮਲਾਇਆ, ਚੀਨ ਅਤੇ ਅਮਰੀਕਾ ਦੀਆਂ ਸਿੱਖ ਸੰਸਥਾਵਾਂ ਦੇ ਪ੍ਰਤੀਨਿਧੀ ਸ਼ਾਮਲ ਸਨ ਜਦੋਂ ਕਿ ੧੯੨੫ ਦੇ ਐਕਟ ਅਧੀਨ ਬਣੀ ਕਮੇਟੀ ਵਿਚ ਕੇਵਲ ਪੰਜਾਬ ਦੇ ਪ੍ਰਤੀਨਿਧੀ ਹੀ ਲਿਤੇ ਜਾਣ ਦੀ ਵਿਵਸਥਾ ਹੈ;
੩. ਵਰਤਮਾਨ ਬੋਰਡ ਨੁਮਾ ਕਮੇਟੀ ਦੇ ਅਧਿਕਾਰ, ਕਾਰਜ ਖੇਤਰ ਅਤੇ ਕਰਤਵ ਐਕਟ ਨੇ ਸੀਮਤ ਕੀਤੇ ਹੋਏ ਹਨ ਅਤੇ ਇਸ ਕਮੇਟੀ ਨੂੰ ਉਹਨਾਂ ਗੁਰਦੁਆਰਿਆਂ ਵਿਚ ਜੋ ਐਕਟ ਦੀ ਅੰਤਕਾ ਵਿਚ ਦਰਜ ਨਹੀਂ ਹਨ ਦਖ਼ਲ ਅੰਦਾਜ਼ੀ ਕਰਨ ਦਾ ਅਧਿਕਾਰ ਨਹੀਂ ਹੈ ।

ਸਿੱਖ ਗੁਰਦੁਆਰਾਜ਼ ਐਕਟ ਦਾ ਮੰਤਵ ਐਕਟ ਦੇ ਸ਼ੁਰੂ ਵਿਚ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ: “ਕੁਝ ਸਿੱਖ ਗੁਰਦੁਆਰਿਆਂ ਦੇ ਬੇਹਤਰ ਪਰਬੰਧ ਅਤੇ ਇਸ ਨਾਲ ਸਬੰਧਿਤ ਮਸਲਿਆ ਦੀ ਜਾਂਚ ਦੀ ਵਿਵਸਥਾ ਕਰਨ ਲਈ ਅਧਿਨਿਯਮ”। ਇਹ ਐਕਟ ਉਹਨਾਂ ਇਤਿਹਾਸਕ ਸਿੱਖ ਗੁਰਦੁਆਰਿਆਂ, ਜੋ ਐਕਟ ਦੀ ਅੰਤਕਾ ਵਿਚ ਦਰਜ ਕੀਤੇ ਗਏ ਹਨ ਅਤੇ ਕੁਝ ਹੋਰ ਗੁਰਦੁਆਰੇ ਜਿਨ੍ਹਾਂ ਨੂੰ ਐਕਟ ਵਿਚ ਦਿੱਤੀ ਪਰਕਿਰਿਆ ਅਨੁਸਾਰ ਸਿੱਖ ਗੁਰਦੁਆਰਿਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ, ਦੇ ਪਰਬੰਧ ਵਿਚ ਸੁਧਾਰ ਲਈ ਬਣਾਇਆ ਗਿਆ ਹੈ। ਇਹ ਐਕਟ ਪੰਜਾਬ ਦੇ ਸਾਰੇ ਸਿੱਖ ਗੁਰਦੁਆਰਿਆਂ ਤੇ ਲਾਗੂ ਨਹੀਂ ਹੁੰਦਾ। ਪੰਜਾਬ ਵਿਚ ਹੋਰ ਵੀ ਹਜ਼ਾਰਾਂ ਗੁਰਦੁਆਰੇ ਹਨ ਜੋ ਇਸ ਐਕਟ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦੇ। ਇਸ ਤੋਂ ਇਲਾਵਾ ਭਾਰਤ ਵਿਚ ਵੀ ਕਈ ਹਜ਼ਾਰ ਗੁਰਦੁਆਰੇ ਹਨ ਜਿਨ੍ਹਾਂ ਤੇ ਇਹ ਐਕਟ ਲਾਗੂ ਨਹੀਂ ਹੁੰਦਾ। ਵਿਦੇਸ਼ਾਂ ਦੇ ਸਾਰੇ ਹੀ ਗੁਰਦੁਆਰੇ ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ ਇਸ ਐਕਟ ਦੇ ਕਾਰਜ ਖੇਤਰ ਤੋਂ ਬਾਹਰ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਸਿੱਖ ਗੁਰਦੁਆਰਿਆਂ ਦੀ ਗਿਣਤੀ ਦੂਜੇ ਗੁਰਦੁਆਰਿਆਂ ਦੇ ਮੁਕਾਬਲੇ ਬਹੁਤ ਮਾਮੂਲੀ ਹੈ। ਦਿੱਲੀ ਦੇ ਸਿੱਖ ਗੁਰਦੁਆਰਿਆਂ ਦਾ ਪਰਬੰਧ ਇਕ ਹੋਰ ਵਖਰੀ ਕਮੇਟੀ ਕਰਦੀ ਹੈ, ਜੋ ਇਸ ਐਕਟ ਦੇ ਅਧੀਨ ਨਹੀਂ ਹੈ। ਹੋਰ ਨਵੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਣਾਉਣ ਲਈ ਵੀ ਜਤਨ ਕੀਤੇ ਜਾ ਰਹੇ ਹਨ। ਅਮਰੀਕਾ ਵਿਚ ਵੀ ਇਕ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੋਈ ਹੈ। ਸ੍ਰੀ ਦਰਬਾਰ ਸਾਹਿਬ ਦਾ ਪਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ਹੋਣ ਕਰ ਕੇ ਇਸ ਕਮੇਟੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਖਣਾ ਵਾਜਬ ਹੈ। ਪਰ ਇਸ ਕਮੇਟੀ ਦੀ ਹੈਸੀਅਤ ਬਹੁਤੀ ਰਸ਼ਕ ਯੋਗ ਨਹੀਂ ਹੈ। ਕਈ ਵਿਦਵਾਨ ਅਤੇ ਸ਼ਰਧਾਲੂ ਇਸ ਕਮੇਟੀ ਨੂੰ ਪੰਥਕ ਪਾਰਲੀਮੈਂਟ ਜਾਂ ਪੰਥ ਦੀ ਨੁਮਾਇੰਦਾ ਸੰਸਥਾ ਦੀ ਪਦਵੀ ਦਿੰਦੇ ਹਨ, ਜੋ ਉਚਿਤ ਨਹੀਂ ਹੈ। ਮੇਰੀ ਜਾਚੇ ਇਸ ਦੇ ਦੋ ਕਾਰਨ ਹਨ। ਇਕ, ਉਹ ਇਹ ਸਮਝਦੇ ਹਨ ਕਿ ਇਸ ਕਮੇਟੀ ਨੇ ਗੁਰਦੁਆਰਿਆਂ ਦੇ ਸੁਧਾਰ ਲਈ ਸੰਘਰਸ਼ ਕਰ ਕੇ ਸਿੱਖ ਪੰਥ ਦੀ ਮਹਾਨ ਸੇਵਾ ਕੀਤੀ ਸੀ, ਜੋ ਸੱਚ ਨਹੀਂ ਹੈ। ਦੂਜਾ, ਉਹ ਚਾਹੁੰਦੇ ਹਨ ਕਿ ਸਿੱਖ ਪੰਥ ਦੀ ਕੋਈ ਕੇਂਦਰੀ ਧਾਰਮਕ ਸੰਸਥਾ ਹੋਣੀ ਚਾਹੀਦੀ ਹੈ ਜੋ ਪੰਥ ਦੀਆਂ ਧਾਰਮਕ ਲੋੜਾਂ ਦਾ ਖਿਆਲ ਰੱਖ ਸਕੇ ਅਤੇ ਉਹਨਾਂ ਦੀਆਂ ਧਾਰਮਕ ਭਾਵਨਾਵਾਂ ਦੀ ਤਰਜਮਾਨੀ ਕਰ ਸਕੇ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਐਸਾ ਕਰਨਾ ਸੰਭਵ ਨਹੀਂ ਹੈ ਕਿਉਂਕਿ ਸਿੱਖ ਗੁਰਦੁਆਰਾ ਐਕਟ ਵਿਚ ਇਸ ਦੇ ਅਧਿਕਾਰ, ਕਾਰਜ ਖੇਤਰ ਅਤੇ ਕਰਤਵ ਸੀਮਤ ਕੀਤੇ ਹੋਏ ਹਨ ਅਤੇ ਇਹ ਆਪਣੇ ਕਾਰਜ ਕਾਲ ਵਿਚ ਕੋਈ ਸ਼ਲਾਘਾ ਯੋਗ ਪਰਾਪਤੀ ਨਹੀਂ ਕਰ ਪਾਈ ਹੈ। ਥੋੜ੍ਹੇ ਜਿਹੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਸਿੱਖ ਪੰਥ ਦਾ ਆਗੂ ਆਖਣਾ ਅਯੋਗ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਚੋਣ ਕੁਝ ਗੁਰਦੁਆਰਿਆਂ ਦੇ ਪ੍ਰਬੰਧਕਾਂ ਵਜੋਂ ਕੀਤੀ ਜਾਂਦੀ ਹੈ ਨਾ ਕਿ ਪੰਥਕ ਆਗੂਆਂ ਵਜੋਂ। ਇਸ ਕਮੇਟੀ ਨੂੰ ਸਮਾਜ ਸੁਧਾਰਕ ਜਾਂ ਸਿੱਖਾਂ ਦੇ ਹੱਕਾਂ ਦੀ ਰਖਿਅਕ ਸੰਸਥਾ ਆਖਣਾ ਵੀ ਠੀਕ ਨਹੀਂ ਹੈ ਕਿਉਂਕਿ ਐਕਟ ਵਿਚ ਕਮੇਟੀ ਨੂੰ ਕੋਈ ਐਸੇ ਅਧਿਕਾਰ ਨਹੀਂ ਦਿੱਤੇ ਗਏ ਹਨ। ਐਕਟ ਵਿਚ ਕਮੇਟੀ ਦੇ ਅਧਿਕਾਰਾਂ ਤੇ ਇਕ ਮਹੱਤਵਪੂਰਨ ਰੋਕ ਵੀ ਲੱਗੀ ਹੋਈ ਹੈ, ਜਿਸਦਾ ਉਤਾਰਾ ਹੇਠ ਦਿੱਤਾ ਗਿਆ ਹੈ:
“126. Restriction of powers of the Board.— The Board shall not in any manner interfere with or have any control over or connection with any place of public worship in the Punjab otherwise than as provided in this Act.”
“੧੨੬. ਬੋਰਡ ਦੀਆਂ ਸ਼ਕਤੀਆਂ ਤੇ ਪ੍ਰਤੀਬੰਧ - ਬੋਰਡ ਪੰਜਾਬ ਵਿਚ ਕਿਸੇ ਵੀ ਧਰਮ ਅਸਥਾਨ ਵਿਚ ਕਿਸੇ ਪਰਕਾਰ ਦੀ ਦਖ਼ਲ ਅੰਦਾਜ਼ੀ, ਜਾਂ ਕੋਈ ਪਾਬੰਦੀ, ਜਾਂ ਸਬੰਧ ਨਹੀਂ ਰੱਖੇਗਾ ਸਵਾਏ ਉਸ ਦੇ ਜੋ ਇਸ ਐਕਟ ਵਿਚ ਦਿੱਤਾ ਗਿਆ ਹੈ”।
ਇਥੇ ਸਿੱਖ ਗੁਰਦੁਆਰਾਜ਼ ਐਕਟ ਦੀ ਇਕ ਹੋਰ ਪੱਖ ਤੋਂ ਪੜਤਾਲ ਕਰਨੀ ਵੀ ਅਨੁਚਿਤ ਨਹੀਂ ਹੋਵੇਗੀ। ਐਕਟ ਨੇ ਸੁਤੰਤਰ ਇਤਿਹਾਸਕ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਖੋਹ ਕੇ ਪੰਜਾਬ ਸਰਕਾਰ ਦੇ ਅਧੀਨ ਕਰ ਦਿੱਤਾ ਹੈ ਅਤੇ ਇਹਨਾਂ ਦੇ ਪਰਬੰਧ ਲਈ ਸਰਕਾਰੀ ਗੁਰਦੁਆਰਾ ਸੈਂਟਰਲ ਬੋਰਡ ਦੀ ਵਿਵਸਥਾ ਕਰ ਦਿੱਤੀ ਹੈ। ਬੋਰਡ ਨੇ ਆਪਣਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖ ਲਿਆ ਹੈ। ਕੀ ਸੁਤੰਤਰ ਇਤਿਹਾਸਕ ਗੁਰਦੁਆਰਿਆਂ ਨੂੰ ਕਾਨੂੰਨਨ ਸਰਕਾਰ ਦੇ ਅਧੀਨ ਕਰ ਦੇਣਾ ਸ਼ਲਾਘਾ ਯੋਗ ਕਾਰਵਾਈ ਸੀ? ਕੀ ਐਸਾ ਕਰਨ ਨਾਲ ਇਤਿਹਾਸਕ ਗੁਰਦੁਆਰਿਆਂ ਦੀ ਸੁਤੰਤਰਤਾ ਭੰਗ ਨਹੀਂ ਹੋ ਗਈ ਹੈ ਅਤੇ ਸਰਕਾਰ ਨੂੰ ਆਪਣੀ ਇੱਛਾ ਅਨੁਸਾਰ ਐਕਟ ਵਿਚ ਸੋਧ ਕਰ ਕੇ ਜਾਂ ਵੈਸੇ ਹੀ ਇਹਨਾਂ ਗੁਰਦੁਆਰਿਆਂ ਤੇ ਪਾਬੰਦੀ ਲਾਉਣ ਦੀ ਖੁਲ੍ਹ ਨਹੀਂ ਮਿਲ ਗਈ ਹੈ? ਸਰਕਾਰਾਂ ਦੀ ਕੀ ਭਰੋਸਾ ਹੁੰਦਾ ਹੈ। ਸਰਕਾਰ ਨੇ ਹੀ ਇਹਨਾਂ ਗੁਰਦੁਆਰਿਆਂ ਨਾਲ ਅਠਾਈ ਸਾਲ ਪਹਿਲਾਂ ਜੋ ਵਿਹਾਰ ਕੀਤਾ ਸੀ ਉਹ ਕਿਸੇ ਤੋਂ ਭੁੱਲਿਆ ਨਹੀਂ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ ਪ੍ਰਬੰਧਕ ਕਮੇਟੀ ਹੈ। ਪਰਬੰਧ ਅਧਿਆਤਮਿਕ ਕਿਰਿਆ ਨਹੀਂ ਹੁੰਦਾ। ਇਹ ਸਮਾਜਕ ਪਰਕਿਰਿਆ ਅਤੇ ਕਿੱਤਾ ਹੁੰਦਾ ਹੈ। ਸਮਾਜਕ ਪਰਕਿਰਿਆ ਮਨੁੱਖ ਦੇ ਬਾਹਰੀ ਰੁਝੇਵਿਆਂ ਨਾਲ ਸਬੰਧ ਰੱਖਦੀ ਹੈ। ਇਸ ਦਾ ਮਨੁੱਖੀ ਅੰਤਹਿਕਰਣ ਜਾਂ ਅੰਤਰਮੁਖੀ ਮਨ ਨਾਲ ਕੋਈ ਸਬੰਧ ਨਹੀਂ ਹੁੰਦਾ। ਇਸ ਲਈ ਗੁਰਦੁਆਰਾ ਪਰਬੰਧ ਦੀ ਗੁਰਮਤਿ ਨਾਲ ਕੋਈ ਸਾਂਝ ਨਹੀਂ ਹੈ। ਗੁਰਦੁਆਰਾ ਐਕਟ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਬੰਧਕ ਪਰਣਾਲੀ ਦੇ ਨਿਯਮਾਂ ਦੀ ਪਾਲਣਾ ਕਰਨੀ ਅੱਵਸ਼ਕ ਹੈ। ਪਰਬੰਧ ਦੇ ਕਿੱਤੇ ਵਿਚ ਵਿੱਤੀ ਪਰਬੰਧ ਅਤੇ ਕਰਮਚਾਰੀਆਂ ਦੀ ਨਿਯੁਕਤੀ ਅਤੇ ਪਰਬੰਧ ਤੋਂ ਇਲਾਵਾ ਸੰਸਥਾ ਦੇ ਮਨੋਰਥ ਦੀ ਵਾਕਫ਼ੀਅਤ ਹੋਣੀ ਜ਼ਰੂਰੀ ਹੁੰਦੀ ਹੈ। ਗੁਰਦੁਆਰਾ ਐਕਟ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਨਿਮਨ-ਲਿਖਤ ਕਾਰਜ ਨਿਰਧਾਰਤ ਕੀਤੇ ਗਏ ਹਨ:
ਇਤਿਹਾਸਕ ਗੁਰਦੁਆਰਿਆਂ ਦੀ ਦੇਖ ਭਾਲ; ਧਾਰਮਕ ਅਤੇ ਉਪਕਾਰੀ ਕਾਰਜ; ਸਮਾਜਕ ਅਤੇ ਸਾਧਾਰਣ ਭਲਾਈ ਦੇ ਕੰਮ; ਸਿੱਖ ਧਰਮ ਅਤੇ ਸਬੰਧਿਤ ਮਸਲਿਆਂ ਦਾ ਪਰਚਾਰ; ਸਿੱਖ ਇਤਹਾਸ ਦੀ ਖੋਜ; ਅਤੇ ਪੁਸਤਕ ਪਰਕਾਸ਼ਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਵਿਚ ਦਿੱਤੇ ਕਾਰਜਾਂ ਤੋਂ ਬਾਹਰ ਕੋਈ ਹੋਰ ਕੰਮ ਕਰਨ ਦਾ ਅਧਿਕਾਰ ਨਹੀਂ ਰੱਖਦੀ ਅਤੇ ਨਾ ਹੀ ਦੂਜੇ ਗੁਰਦੁਆਰਿਆਂ ਦੇ ਕੰਮਾਂ ਵਿਚ ਦਖ਼ਲ ਅੰਦਾਜ਼ੀ ਕਰ ਸਕਦੀ ਹੈ।
ਗੁਰਮਤਿ ਅਧਿਆਤਮਿਕ ਵਿਚਾਰਧਾਰਾ ਹੈ। ਇਸ ਦਾ ਸਬੰਧ ਮਨੁੱਖੀ ਅੰਤਹਿਕਰਣ ਨਾਲ ਹੈ। ਇਸ ਦਾ ਸੋਮਾ ਗੁਰੂ ਗ੍ਰੰਥ ਸਾਹਿਬ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗੁਰਮਤਿ ਸਬੰਧੀ ਪਰਾਪਤੀਆਂ ਵਿਚ ਸਭ ਤੋਂ ਵੱਧ ਚਰਚਤ ਪਰਾਪਤੀ ਸਿੱਖ ਰਹਿਤ ਮਰਿਯਾਦਾ ਦਾ ਬਣਾਉਣਾ ਹੈ। ਸਿੱਖ ਰਹਿਤ ਮਰਯਾਦਾ ਦਾ ਖਰੜਾ ੧੯੩੨ ਵਿਚ ਤਿਆਰ ਹੋ ਗਿਆ ਸੀ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ੧੯੪੫ ਵਿਚ ਪਰਵਾਨਗੀ ਦਿੱਤੀ ਸੀ। ਇਸ ਰਹਿਤ ਮਰਯਾਦਾ ਨੂੰ ਬਣਾਉਣ ਵਿਚ ਸਿੱਖ ਧਰਮ ਸ਼ਾਸਤਰੀਆਂ, ਵਿਦਵਾਨਾਂ, ਵਿਸ਼ੇਸ਼ਗਾਂ ਅਤੇ ਸ਼ਰਧਾਲੂਆਂ ਨੇ ਮਹੱਤਵਪੂਰਨ ਯੋਗਦਾਨ ਪਾਇਆ ਸੀ। ਇਹ ਮਰਯਾਦਾ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰਿਆਂ ਵਿਚ ਵਰਤੋਂ ਲਈ ਬਣਾਈ ਗਈ ਸੀ। ਜੋ ਗੁਰਦੁਆਰੇ ਕਮੇਟੀ ਦੇ ਅਧੀਨ ਨਹੀਂ ਸਨ ਉਹਨਾਂ ਨੂੰ ਆਪਣੀ ਮਰਜ਼ੀ ਅਨੁਸਾਰ ਇਸ ਰਹਿਤ ਮਰਯਾਦਾ ਜਾਂ ਕਿਸੇ ਹੋਰ ਰਹਿਤ ਮਰਯਾਦਾ ਨੂੰ ਆਪਣੇ ਗੁਰਦੁਆਰੇ ਵਿਚ ਲਾਗੂ ਕਰਨ ਦੀ ਖੁਲ੍ਹ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਰਹਿਤ ਮਰਯਾਦਾ ਨੂੰ ਆਪਣੇ ਅਧੀਨ ਗੁਰਦੁਆਰਿਆਂ ਵਿਚ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਹੈ।
ਗੁਰਮਤਿ ਦੀ ਰਹਿਤ ਮਰਯਾਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਦਿੱਤੀ ਗਈ ਹੈ। ਗੁਰਬਾਣੀ ਉਪਦੇਸ਼ ਤੋਂ ਬਾਹਰਲੀ ਮਰਯਾਦਾ ਸਦਾਚਾਰ ਜਾਂ ਧਾਰਮਕ ਅਨੁਸ਼ਾਸਨ ਹੁੰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਵਾਨਤ ਸਿੱਖ ਰਹਿਤ ਮਰਯਾਦਾ ਸਿੱਖ ਵਿਦਵਾਨਾਂ ਅਤੇ ਸ਼ਰਧਾਲੂਆਂ ਦੀ ਕਿਰਤ ਹੈ, ਗੁਰਬਾਣੀ ਨਹੀਂ ਹੈ। ਗੁਰਬਾਣੀ ਦਾ ਭਾਗ ਨਾ ਹੋਣ ਕਾਰਨ ਇਹ ਅਧਿਆਤਮਿਕ ਗਿਆਨ ਨਹੀਂ ਹੈ। ਜਿਸ ਧਾਰਮਕ ਕਿਰਿਆ ਦਾ ਸਬੰਧ ਆਤਮਾ ਦੀ ਥਾਂ ਸਰੀਰ ਜਾਂ ਸਮਾਜ ਨਾਲ ਹੋਵੇ ਉਸ ਨੂੰ ਕਰਮ ਕਾਂਡ ਹੀ ਆਖਿਆ ਜਾ ਸਕਦਾ ਹੈ। ਅਧਿਆਤਮਿਕ ਗਿਆਨ ਦੇ ਸਿਖਿਆਰਥੀਆਂ, ਸ਼ਰਧਾਲੂਆਂ ਅਤੇ ਚਾਹਵਾਨਾਂ ਲਈ ਅਨੁਸ਼ਾਸਨ ਵਜੋਂ ਕਈ ਕਰਮ ਕਾਂਡ ਅੱਵਸ਼ਕ ਹੁੰਦੇ ਹਨ, ਪਰ ਉਹਨਾਂ ਕਰਮ ਕਾਡਾਂ ਨੂੰ ਗੁਰਮਤਿ ਨਹੀਂ ਆਖਿਆ ਜਾਂਦਾ।
ਗੁਰਦੁਆਰਾ ਐਕਟ ਵਿਚ ਗੁਰਦੁਆਰਾ ਸੈਂਟਰਲ ਬੋਰਡ ਦੇ ਅਧੀਨ ਸਿੱਖ ਗੁਰਦੁਆਰਿਆਂ ਦੀ ਸੂਚੀ ਵਿਚ ਅਕਾਲ ਤੱਖਤ ਗੁਰਦੁਆਰੇ ਦਾ ਨਾਂ ਆਉਂਦਾ ਹੈ। ਇਹ ਨਾਂ ਪਹਿਲੀ ਵਾਰ ਸਿੱਖ ਗੁਰਦੁਆਰਾਜ਼ ਐਕਟ ਜੈਸੇ ਅਧਿਕਾਰਕ ਲਿਖਤ ਵਿਚ ਆਇਆ ਹੈ। ਇਸ ਤੋਂ ਪਹਿਲੋਂ ਇਹ ਗੁਰਦੁਆਰਾ ਚਰਚਾ ਵਿਚ ਨਹੀਂ ਰਿਹਾ। ਜਦੋਂ ਅਹਮਦ ਸ਼ਾਹ ਅਬਦਾਲੀ ਨੇ ਸ੍ਰੀ ਦਰਬਾਰ ਸਾਹਿਬ ਨੂੰ ਢਾਹੁਣ ਦੀ ਗੁਸਤਾਖ਼ੀ ਕੀਤੀ ਸੀ ਅਤੇ ਸਰੋਵਰ ਨੂੰ ਪੂਰਿਆ ਸੀ, ਉਦੋਂ ਕਿਸੇ ਅਕਾਲ ਤਖਤ ਗੁਰਦੁਆਰੇ ਦਾ ਜ਼ਿਕਰ ਨਹੀਂ ਮਿਲਦਾ। ਗੁਰਦੁਆਰਾ ਸੁਧਾਰ ਲਹਿਰ ਦੇ ਸਮੇਂ ਤੋਂ ਹੀ ਇਸ ਗੁਰਦੁਆਰੇ ਦੀ ਚਰਚਾ ਹੋਣੀ ਸ਼ੁਰੂ ਹੋਈ ਹੈ। ਇਹੋ ਕਾਰਨ ਹੈ ਕਿ ਭਾਈ ਕਾਹਨ ਸਿੰਘ ਨਾਭਾ ਦੀ ਰਚੀ ੧੯੩੦ ਵਿਚ ਪ੍ਰਕਾਸ਼ਿਤ ਪਰਮਾਣਿਕ ਹਵਾਲਾ ਪੁਸਤਕ, ਗੁਰਸ਼ਬਦ ਰਤਨਾਕਰ ਮਹਾਨ ਕੋਸ਼, ਵਿਚ ਅਕਾਲ ਤਖਤ ਦੇ ਅਧੀਨ ਕੋਈ ਅੰਦਰਾਜ ਨਹੀਂ ਹੈ। ਭਾਈ ਸਾਹਿਬ ਸਿੱਖ ਜਗਤ ਦੇ ਮਾਨਤਾ ਪ੍ਰਾਪਤ ਉੱਚ ਕੋਟੀ ਦੇ ਸਤਿਕਾਰਤ ਵਿਦਵਾਨ ਸਨ। ਭਾਵੇਂ ਭਾਈ ਸਾਹਿਬ ਇਤਿਹਾਸਕਾਰ ਨਹੀਂ ਸਨ ਪਰ ਉਹਨਾਂ ਨੂੰ ਸਿੱਖ ਜਗਤ ਵਿਚ ਪਰਚਲਤ ਅਤੇ ਪਰਵਾਨਤ ਇਤਿਹਾਸਕ ਤੱਥਾਂ ਦਾ ਭਰੋਸੇ ਯੋਗ ਗਿਆਨ ਸੀ। ਇਥੇ ਅਸੀਂ ਮਹਾਨ ਕੋਸ਼ ਵਿਚੋਂ ਅਕਾਲ ਤਖਤ ਬਾਰੇ ਅੰਦਰਾਜ ਦਾ ਉਤਾਰਾ ਦੇ ਹਰੇ ਹਾਂ:
“ਅਕਾਲ ਤਖਤ. ਦੇਖੋ, ਅਕਾਲ ਬੁੰਗਾ.
ਅਕਾਲਬੁੰਗਾ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸੰਮਤ ੧੬੬੫ ਵਿੱਚ ਸ੍ਰੀ ਅਮ੍ਰਿਤਸਰ ਹਰਿਮੰਦਰ ਦੇ ਸਾਮ੍ਹਣੇ ਇੱਕ ਉੱਚਾ ਰਾਜਸਿੰਘਾਸਨ (ਸ਼ਾਹੀ ਤਖਤ) ਤਿਆਰ ਕਰਵਾ ਕੇ ਉਸ ਦਾ ਨਾਉਂ “ਅਕਾਲਬੁੰਗਾ” ਰਖਿਆ, ਜਿਸ ਥਾਂ ਸਵੇਰੇ ਅਤੇ ਸੰਝ ਨੂੰ ਦੀਵਾਨ ਲਗਾਕੇ ਸੰਗਤਾਂ ਨੂੰ ਨਿਹਾਲ ਕਰਦੇ ਸਨ, ਅਕਾਲਬੁੰਗਾ ਪੰਥਕ ਜਥੇਬੰਦੀ ਦਾ ਕੇਂਦ੍ਰ ਹੈ, ਪੰਥ ਇਸ ਥਾਂ ਮੁੱਢ ਤੋਂ ਗੁਰੁਮਤੇ ਸੋਧਦਾ ਆਇਆ ਹੈ, ਇਹ ਗੁਰਦੁਆਰਾ ਸਿੱਖਾਂ ਦਾ ਪਹਿਲਾ ਤਖਤ ਹੈ. ਇੱਥੇ ਗੁਰੂ ਸਾਹਿਬਾਨ ਅਤੇ ਧਰਮਵੀਰ ਸ਼ਹੀਦਾਂ ਦੇ ਇਹ ਸ਼ਸਤ੍ਰ ਹਨ …….”
ਮਹਾਨ ਕੋਸ਼ ਵਿਚ ਅਕਾਲ ਤਖਤ ਬਾਰੇ ਕੀਤੇ ਅੰਦਰਾਜ ਤੋਂ ਨਿਮਨ ਲਿਖਤ ਤੱਥ ਸਾਹਮਣੇ ਆਉਂਦੇ ਹਨ:
੧. ਜਿਸ ਗੁਰਦੁਆਰੇ ਦਾ ਨਾਂ ਐਕਟ ਵਿਚ ਅਕਾਲ ਤਖਤ ਦਿੱਤਾ ਗਿਆ ਹੈ ਭਾਈ ਸਾਹਿਬ ਮੁਤਾਬਿਕ ਉਸ ਦਾ ਨਾਂ ਉਸ ਵੇਲੇ ਅਕਾਲਬੁੰਗਾ ਮੰਨਿਆ ਜਾਂਦਾ ਸੀ;
੨. ੧੯੨੫ ਤੱਕ ਅਕਾਲ ਤਖਤ ਨਾਂ ਬਹੁਤ ਘੱਟ ਪਰਚਲਤ ਹੋਇਆ ਸੀ;
੩. ਉਸ ਸਮੇਂ ਅਕਾਲ ਤਖਤ ਦਾ ਸੰਕਲਪ ਸਿੱਖ ਮਾਨਸਿਕਤਾ ਵਿਚ ਨਹੀਂ ਸੀ;
੪. ਅਕਾਲਬੁੰਗਾ ਸਿੱਖਾਂ ਦਾ ਪਹਿਲਾ ਤਖਤ ਹੈ ਪਰ ਇਸ ਦਾ ਨਾਂ ਉਸ ਸਮੇਂ ਅਕਾਲ ਤਖਤ ਨਹੀਂ ਸੀ;
੫. ਜੋ ਪਦਵੀ ਅਤੇ ਮਹੱਤਤਾ ਅੱਜ ਕੱਲ੍ਹ ਅਕਾਲ ਤਖਤ ਦੀ ਦੱਸੀ ਜਾਂਦੀ ਹੈ ਐਸੀ ਕਿਸੇ ਸੰਸਥਾ ਦਾ ਜ਼ਿਕਰ ਮਹਾਨ ਕੋਸ਼ ਵਿਚ ਨਹੀਂ ਮਿਲਦਾ।
ਸਿੱਖ ਗੁਰਦੁਆਰਾਜ਼ ਐਕਟ ਅਧੀਨ ਅਕਾਲ ਤਖਤ ਇੱਕ ਗੁਰਦੁਆਰਾ ਹੈ। ਇਸ ਗੁਰਦੁਆਰੇ ਦੇ ਪਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੇਵਾਦਾਰ ਜਾਂ ਗ੍ਰੰਥੀ (ਜੱਥੇਦਾਰ) ਦੀ ਨਿਯੁਕਤੀ ਕੀਤੀ ਹੋਈ ਹੈ। ਉਹ ਸੇਵਾਦਾਰ ਸਿੱਖ ਗੁਰਦੁਆਰਾਜ਼ ਐਕਟ ਦੇ ਅਧੀਨ ਨਿਯੁਕਤ ਹੋਇਆ ਕਮੇਟੀ ਦਾ ਤਨਖ਼ਾਦਾਰ ਕਰਮਚਾਰੀ ਹੈ। ਬਹੁਤ ਹੀ ਘੱਟ ਸਿੱਖਾਂ ਨੂੰ ਪਤਾ ਹੈ ਕਿ ਸਿੱਖ ਗੁਰਦੁਆਰਾਜ਼ ਐਕਟ ਵਿਚ ਕੀ ਲਿਖਿਆ ਹੋਇਆ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸ਼ਰਧਾਲੂਆਂ ਨੂੰ ਇਸ ਐਕਟ ਬਾਰੇ ਜਾਣਕਾਰੀ ਦੇਣ ਤੋਂ ਕੰਨੀ ਕਤਰਾਉਂਦੀ ਰਹੀ ਹੈ। ਸਿੱਖ ਸ਼ਰਧਾਲੂਆਂ ਦੀ ਇਹ ਸੋਚ ਵੀ ਬਣੀ ਹੋਈ ਹੈ ਕਿ ਧਾਰਮਕ ਭਾਵਨਾਵਾਂ ਦਾ ਕਨੂੰਨ ਨਾਲ ਕੋਈ ਸਰੋਕਾਰ ਨਹੀਂ ਹੁੰਦਾ, ਜੋ ਬਿਲਕੁਲ ਸਹੀ ਹੈ। ਕਿਉਂਕਿ ਗੁਰਮਤਿ ਨਿਜੀ ਅੰਦਰੂਨੀ ਕਿਰਿਆ ਹੈ ਅਤੇ ਇਸ ਦਾ ਸਬੰਧ ਮਨੁੱਖੀ ਮਨ ਨਾਲ ਹੈ ਨਾ ਕਿ ਕਨੂੰਨ ਜੈਸੀ ਸਮਾਜਕ ਅਤੇ ਬਾਹਰੀ ਕਿਰਿਆ ਨਾਲ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਜਨਮ ਦਾਤਾ ਹੀ ਕਨੂੰਨ ਹੈ ਅਤੇ ਇਸ ਦੇ ਕਰਮਚਾਰੀ, ਜਿਨ੍ਹਾਂ ਵਿਚ ਅਕਾਲ ਤਖਤ ਦਾ ਸੇਵਾਦਾਰ ਵੀ ਆਉਂਦਾ ਹੈ, ਉਸ ਕਨੂੰਨ ਦੀ ਪਾਲਣਾ ਕਰਨ ਲਈ ਹੀ ਰੱਖੇ ਗਏ ਹਨ।
ਸਿੱਖ ਗੁਰਦੁਆਰਾਜ਼ ਐਕਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਗੁਰਦੁਆਰਿਆਂ ਵਿਚ ਜੋ ਕਮੇਟੀ ਦੇ ਅਧੀਨ ਨਹੀਂ ਹਨ ਦਖ਼ਲ ਅੰਦਾਜ਼ੀ ਕਰਨ ਦਾ ਅਧਿਕਾਰ ਨਹੀਂ ਦਿੰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਕਰਮਚਾਰੀਆਂ ਵਿਰੁਧ ਅਨੁਸ਼ਾਸਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦੀ ਹੈ ਪਰ ਕਿਸੇ ਹੋਰ ਗੁਰਦੁਆਰੇ ਨਾਲ ਸਬੰਧਿਤ ਵਿਅਕਤੀ ਨੂੰ ਦੰਡ ਦੇਣ ਜਾਂ ਛੇਕਣ ਦਾ ਅਧਿਕਾਰ ਨਹੀਂ ਰੱਖਦੀ। ਐਕਟ ਦੀ ਧਾਰਾ ੧੨੬ ਵਿਚ, ਜਿਸ ਦਾ ਉਤਾਰਾ ਉਪਰ ਦਿੱਤਾ ਗਿਆ ਹੈ, ਸਪਸ਼ਟ ਕੀਤਾ ਗਿਆ ਹੈ ਕਿ ਗੁਰਦੁਆਰਾ ਸੈਂਟਰਲ ਬੋਰਡ ਆਪਣੇ ਅਧੀਨ ਸਿੱਖ ਗੁਰਦੁਆਰਿਆਂ ਤੋਂ ਇਲਾਵਾ ਪੰਜਾਬ ਦੇ ਹੋਰ ਕਿਸੇ ਵੀ ਪੂਜਾ ਅਸਥਾਨ ਵਿਚ ਦਖ਼ਲ ਅੰਦਾਜ਼ੀ ਨਹੀਂ ਕਰ ਸਕਦਾ। ਇਸ ਪੱਖੋਂ ਅਕਾਲ ਤਖਤ ਦੇ ਨਾਂ ਤੇ ਦੂਜੇ ਗੁਰਦੁਆਰਿਆਂ ਦੇ ਪ੍ਰੋਗਰਾਮਾਂ ਵਿਚ ਦਖ਼ਲ ਅੰਦਾਜ਼ੀ ਕਰਨੀ ਗੁਰਦੁਆਰਾ ਐਕਟ ਦੀ ਉਲੰਘਣਾ ਹੈ। ਜਿਥੋਂ ਤੱਕ ਸਿੱਖ ਪੰਥ ਵਿਚੋਂ ਕਿਸੇ ਨੂੰ ਛੇਕਣ ਦੀ ਗੱਲ ਹੈ ਇਸ ਬਾਰੇ ਵੀ ਗੁਰਦੁਆਰਾਜ਼ ਐਕਟ ਸਪਸ਼ਟ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰਿਆਂ ਨੂੰ ਛੱਡ ਕੇ ਕਮੇਟੀ ਜਾਂ ਉਸ ਦੇ ਕਰਮਚਾਰੀਆਂ ਨੂੰ ਹੋਰ ਕਿਸੇ ਗੁਰਦੁਆਰੇ ਜਾਂ ਵਿਅਕਤੀ ਪਰ ਪਾਬੰਦੀ ਲਾਉਣ ਦਾ ਕੋਈ ਅਧਿਕਾਰ ਨਹੀਂ ਹੈ। ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਕਰਮਚਾਰੀ ਜਾਂ ਕਿਸੇ ਵਿਅਕਤੀ ਨੂੰ ਆਪਣੇ ਅਧੀਨ ਗੁਰਦੁਆਰਿਆਂ ਵਿਚ ਆਉਣ ਤੋਂ ਰੋਕ ਲਾ ਸਕਦੀ ਹੈ ਪਰ ਐਸਾ ਕਰਨ ਲਈ ਉਸ ਨੂੰ ਅਦਾਲਤ ਤੋਂ ਕਿਸੇ ਅਪਰਾਧ ਦੀ ਬਿਨਾ ਪਰ ਵਿਅਕਤੀ ਦੇ ਵਿਰੁਧ ਪ੍ਰਤੀਬੰਧ ਲਾਉਣ ਦੀ ਪਰਵਾਨਗੀ ਲੈਣੀ ਪਵੇਗੀ ਕਿਉਂਕਿ ਗੁਰਦੁਆਰਾ ਇਕ ਪਬਲਿਕ ਧਾਰਮਕ ਸੰਸਥਾ ਹੋਣ ਕਾਰਨ ਉਸ ਵਿਚ ਆਉਣ ਤੇ ਰੋਕ ਅਦਾਲਤ ਦੀ ਮਨਜ਼ੂਰੀ ਤੋਂ ਬਿਨਾ ਨਹੀਂ ਲਾਈ ਜਾ ਸਕਦੀ।
ਗੁਰਮਤਿ ਗ੍ਰੰਥੀਆਂ, ਪੁਜਾਰੀਆਂ ਜਾਂ ਧਾਰਮਕ ਕਰਮਚਾਰੀਆਂ ਨੂੰ ਕਿਸੇ ਵਿਅਕਤੀ ਨੂੰ ਸਿੱਖ ਭਾਈਚਾਰੇ ਵਿਚੋਂ ਛੇਕਣ ਦਾ ਉਪਦੇਸ਼ ਨਹੀਂ ਕਰਦੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਭੇਖ ਕਰਨ ਤੋਂ ਵਰਜਦੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀ ਕੱਚੀ ਬਾਣੀ ਦੀ ਵਰਤੋਂ ਨਾ ਕਰਨ ਦਾ ਉਪਦੇਸ਼ ਕਰਦੀ ਹੈ ਪਰ ਕਿਸੇ ਸ਼ਰਧਾਲੂ ਜਾਂ ਸੇਵਾਦਾਰ ਨੂੰ ਧਰਮ ਅਸਥਾਨ ਵਿਚੋਂ ਛੇਕਣ ਦੀ ਸਲਾਹ ਨਹੀਂ ਦਿੰਦੀ। ਗੁਰੂ ਕਾਲ ਵਿਚ ਗੁਰੂ ਸਾਹਿਬਾਨ ਨੇ ਹਰ ਇਕ ਵਿਅਕਤੀ ਨਾਲ ਪ੍ਰੇਮ ਭਾਵਨਾ ਵਾਲਾ ਵਿਹਾਰ ਕੀਤਾ ਹੈ ਕਿਸੇ ਨਾਲ ਵੈਰ ਵਿਰੋਧ ਜਾਂ ਘਿਰਣਾ ਨਹੀਂ ਕੀਤੀ। ਸ੍ਰੀ ਦਰਬਾਰ ਸਾਹਿਬ ਦੇ ਚਾਰੇ ਦਿਸ਼ਾਵਾਂ ਦੇ ਦਰਵਾਜ਼ੇ ਸਭ ਲਈ ਖੁੱਲ੍ਹੇ ਹਨ, ਉਥੋਂ ਆਉਣ ਤੋਂ ਕਿਸੇ ਨੂੰ ਰੋਕਿਆ ਨਹੀਂ ਜਾਂਦਾ। ਗੁਰਮਤਿ ਕਿਸੇ ਵਿਅਕਤੀ ਨੂੰ ਧਾਰਮਕ ਭਾਈਚਾਰੇ ਵਿਚੋਂ ਛੇਕਣ ਦੀ ਪਰਵਾਨਗੀ ਨਹੀਂ ਦਿੰਦੀ।
ਅਕਾਲ ਤਖਤ ਦਾ ਸੇਵਾਦਾਰ ਸਿੱਖ ਗੁਰਦੁਆਰਾਜ਼ ਐਕਟ ਦੇ ਅਧੀਨ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਰਮਚਾਰੀ ਹੋਣ ਦੇ ਨਾਤੇ ਪਰਬੰਧਕੀ ਕਾਰਜਾਂ ਤੋਂ ਇਲਾਵਾ ਗੁਰਮਤਿ ਦਾ ਪਰਚਾਰ ਕਰਨ ਦਾ ਹੱਕ ਰਖਦਾ ਹੈ। ਇਸ ਤੋਂ ਵੱਧ ਗੁਰਮਤਿ ਦੇ ਖੇਤਰ ਵਿਚ ਉਸ ਦਾ ਕੋਈ ਅਧਿਕਾਰ ਨਹੀਂ ਹੈ ਕਿਊਂਕੇ ਜੋ ਅਧਿਕਾਰ ਐਕਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਦਿੱਤੇ ਉਹਨਾਂ ਦੀ ਵਰਤੋਂ ਕਮੇਟੀ ਦਾ ਕੋਈ ਕਰਮਚਾਰੀ ਨਹੀਂ ਕਰ ਸਕਦਾ।
ਹਾਕਮ ਸਿੰਘ
[email protected]




.