.

ਮਰਨ ਮੁਕਤਿ ਕਿਨਿ ਪਾਈ॥

ਸਿਰੀ ਰਾਗ ਵਿੱਚ ਬੇਣੀ ਜੀ ਦਾ ਸ਼ਬਦ ਹੈ:

“ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ॥ ਮਿਰਤਰ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ ਅਗਿਆਨ ਸੁ ਨਾਗਾ॥ ਤੇ ਦਿਨ ਸੰਭਲੁ ਕਸਟ ਮਹਾ ਦੁਖ ਅਬ ਚਿਤੁ ਅਧਿਕ ਪਸਾਰਿਆ॥ ਗਰਭ ਛੋਡਿ ਮ੍ਰਿਤ ਮੰਡਲ ਆਇਆ ਤਉ ਨਰਹਰਿ ਮਨਹੁ ਬਿਚਰੈ ਅਨਰਾਧਾ॥ 1॥ ਰਹਾਉ॥ ਬਾਲ ਬਿਨੋਦ ਚਿੰਦ ਰਸ ਲਾਗਾ ਖਿਨੁ ਖਿਨੁ ਮੋਹਿ ਬਿਆਪੈ॥ ਰਸੁ ਮਿਸੁ ਮੇਧੁ ਅੰਮ੍ਰਿਤੁ ਬਿਖੁ ਚਾਖੀ ਤਉ ਪੰਚ ਪ੍ਰਗਟ ਸੰਤਾਪੈ॥ ਜਪੁ ਤਪੁ ਸੰਜਮੁ ਛੋਡਿ ਸੁਕ੍ਰਿਤ ਮਤਿ ਰਾਮੁ ਨ ਅਰਾਧਿਆ॥ ਉਛਲਿਆ ਕਾਮੁ ਕਾਲ ਮਤਿ ਲਾਗੀ ਤਉ ਆਨਿ ਸਕਤਿ ਗਲਿ ਬਾਂਧਿਆ॥ 2॥ ਤਰੁਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੁ ਅਪਸਰੁ ਨ ਪਛਾਣਿਆ॥ ਉਨਮਤ ਕਾਮਿ ਮਹਾ ਬਿਖੁ ਭੂਲੈ ਪਾਪੁ ਪੁੰਨੁ ਨ ਪਛਾਨਿਆ॥ ਸੁਤ ਸੰਪਤਿ ਦੇਖਿ ਇਹੁ ਮਨੁ ਗਰਬਿਆ ਰਾਮੁ ਰਿਦੈ ਤੇ ਖੋਇਆ॥ ਅਵਰ ਮਰਤ ਮਾਇਆ ਮਨੁ ਤੋਲੇ ਤਉ ਭਗ ਮੁਖਿ ਜਨਮੁ ਵਿਗੋਇਆ॥ 3॥ ਪੁੰਡਰ ਕੇਸ ਕੁਸਮ ਤੇ ਧਉਲੇ ਸਪਤ ਪਾਤਾਲ ਕੀ ਬਾਣੀ॥ ਲੋਚਨ ਸ੍ਰਮਹਿ ਬੁਧਿ ਬਲ ਨਾਠੀ ਤਾ ਕਾਮੁ ਵਸਹਿ ਮਾਧਾਣੀ॥ ਤਾ ਤੇ ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ॥ ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ ਪਛੁਤਾਣਾ॥ 4॥ ਨਿਕਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ॥ ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੁ ਨ ਸੂਝੈ॥ ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ॥ ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ॥ {ਪੰਨਾ-93}

ਅਰਥ (ਪ੍ਰੋ: ਸਾਹਿਬ ਸਿੰਘ ਜੀ):- ਹੇ ਮਨੁੱਖ! ਜਦੋਂ ਤੂੰ ਮਾਂ ਦੇ ਪੇਟ ਵਿੱਚ ਸੈਂ, ਤਦੋਂ ਤੇਰੀ ਸੁਰਤਿ ਉੱਚੇ (ਪ੍ਰਭੂ ਦੇ) ਧਿਆਨ ਵਿੱਚ ਜੁੜੀ ਰਹਿੰਦੀ ਸੀ; (ਤੈਨੂੰ ਤਦੋਂ) ਸਰੀਰ ਦੀ ਹੋਂਦ ਦਾ ਅਹੰਕਾਰ ਨਹੀਂ ਸੀ, ਦਿਨੇ ਰਾਤ ਇੱਕ ਪ੍ਰਭੂ ਨੂੰ (ਸਿਮਰਦਾ ਸੈਂ), (ਤੇਰੇ ਅੰਦਰ) ਅਗਿਆਨ ਦੀ ਅਣਹੋਂਦ ਸੀ। (ਹੇ ਮਨੁੱਖ!) ਉਹ ਦਿਨ ਹੁਣ ਚੇਤੇ ਕਰ (ਤਦੋਂ ਤੈਨੂੰ) ਬੜੇ ਕਲੇਸ਼ ਤੇ ਤਕਲੀਫ਼ਾਂ ਸਨ; ਪਰ ਹੁਣ ਤੂੰ ਆਪਣੇ ਮਨ ਨੂੰ (ਦੁਨੀਆ ਦੇ ਜੰਜਾਲਾਂ ਵਿਚ) ਬਹੁਤ ਫਸਾ ਰੱਖਿਆ ਹੈ। ਮਾਂ ਦਾ ਪੇਟ ਛੱਡ ਕੇ ਜਦੋਂ ਦਾ ਤੂੰ ਜਗਤ ਵਿੱਚ ਆਇਆ ਹੈਂ, ਤਦੋਂ ਤੋਂ ਤੂੰ ਆਪਣੇ ਨਿਰੰਕਾਰ ਨੂੰ ਭੁਲਾ ਦਿੱਤਾ ਹੈ। 1.

ਹੇ ਮੂਰਖ! ਤੂੰ ਕਿਹੜੀ ਮੱਤੇ, ਕਿਹੜੇ ਭੁਲੇਖੇ ਵਿੱਚ ਲੱਗਾ ਹੋਇਆ ਹੈਂ? (ਸਮਾ ਹੱਥੋਂ ਗਵਾ ਕੇ) ਫੇਰ ਹੱਥ ਮਲੇਂਗਾ, ਪ੍ਰਭੂ ਨੂੰ ਸਿਮਰ, ਨਹੀਂ ਤਾਂ ਜਮਪੁਰੀ ਵਿੱਚ ਧੱਕਿਆ ਜਾਏਂਗਾ। (ਤੂੰ ਫਿਰਦਾ ਹੈਂ) ਜਿਵੇਂ ਕੋਈ ਅਮੋੜ ਬੰਦਾ ਫਿਰਦਾ ਹੈ। 1. ਰਹਾਉ।

(ਪਹਿਲਾਂ) ਤੂੰ ਬਾਲਪੁਣੇ ਦੀਆਂ ਖੇਡਾਂ ਦੇ ਧਿਆਨ ਤੇ ਸੁਆਦ ਵਿੱਚ ਲੱਗਾ ਰਿਹਾ, ਤੇ ਸਦਾ (ਇਹਨਾਂ ਦੇ ਹੀ) ਮੋਹ ਵਿੱਚ ਫਸਿਆ ਰਿਹਾ; (ਹੁਣ ਜਦੋਂ) ਤੂੰ ਮਾਇਆ-ਰੂਪ ਵਿਹੁ ਨੂੰ ਰਸਦਾਇਕ ਤੇ ਪਵਿੱਤਰ ਅੰਮ੍ਰਿਤ ਸਮਝ ਕੇ ਚੱਖਿਆ, ਤਦੋਂ ਤੈਨੂੰ ਪੰਜੇ (ਕਾਮਾਦਿਕ) ਖੁਲ੍ਹੇ ਤੌਰ ਤੇ ਸਤਾ ਰਹੇ ਹਨ। ਜਪ ਤਪ ਸੰਜਮ ਤੇ ਪੁੰਨ ਕਰਮ ਕਰਨ ਵਾਲੀ ਬੁੱਧ ਤੂੰ ਛੱਡ ਬੈਠਾ ਹੈਂ, ਪ੍ਰਭੂ ਦੇ ਨਾਮ ਨੂੰ ਨਹੀਂ ਸਿਮਰਦਾ। (ਤੇਰੇ ਅੰਦਰ) ਕਾਮ ਜ਼ੋਰਾਂ ਵਿੱਚ ਹੈ, ਭੈੜੇ ਪਾਸੇ ਤੇਰੀ ਬੁੱਧੀ ਲੱਗੀ ਹੋਈ ਹੈ, (ਕਾਮਾਤੁਰ ਹੋ ਕੇ) ਤੂੰ ਇਸਤਰੀ ਨੂੰ ਲਿਆ ਗਲ ਲਾਇਆ ਹੈ। 2.

(ਤੇਰੇ ਅੰਦਰ) ਜੁਆਨੀ ਦਾ ਜੋਸ਼ ਹੈ, ਪਰਾਈਆ ਜ਼ਨਾਨੀਆਂ ਦੇ ਮੂੰਹ ਤੱਕਦਾ ਹੈਂ, ਵੇਲਾ ਕੁਵੇਲਾ ਭੀ ਤੂੰ ਨਹੀਂ ਸਮਝਦਾ। ਹੇ ਕਾਮ ਵਿੱਚ ਮਸਤ ਹੋਏ ਹੋਏ! ਹੇ ਪ੍ਰਬਲ ਮਾਇਆ ਵਿੱਚ ਭੁੱਲੇ ਹੋਏ! ਤੈਨੂੰ ਇਹ ਸਮਝ ਨਹੀਂ ਕਿ ਪਾਪ ਕੀਹ ਹੈ ਤੇ ਪੁੰਨ ਕੀਹ ਹੈ। ਪੁੱਤਰਾਂ ਨੂੰ ਧਨ ਪਦਾਰਥਾਂ ਨੂੰ ਵੇਖ ਕੇ ਤੇਰਾ ਮਨ ਅਹੰਕਾਰੀ ਹੋ ਰਿਹਾ ਹੈ; ਪ੍ਰਭੂ ਨੂੰ ਤੂੰ ਹਿਰਦੇ ਵਿਚੋਂ ਵਿਸਾਰ ਬੈਠਾ ਹੈਂ। ਹੋਰਨਾਂ (ਸੰਬੰਧੀਆਂ) ਦੇ ਮੋਇਆਂ ਤੇਰਾ ਮਨ ਜਾਚ ਕਰਦਾ ਹੈ (ਕਿ) ਕਿਤਨੀ ਕੁ ਮਾਇਆ (ਮਿਲੇਗੀ); ਇਸ ਤਰ੍ਹਾਂ ਤੂੰ ਆਪਣਾ ਉੱਤਮ ਤੇ ਸ੍ਰੇਸ਼ਟ (ਮਨੁੱਖਾ) ਜਨਮ ਅਜਾਈਂ ਗਵਾ ਲਿਆ। 3.

ਤੇਰੇ ਕੇਸ ਚਿੱਟੇ ਕੌਲ ਫੁੱਲ ਤੋਂ ਭੀ ਵਧੀਕ ਚਿੱਟੇ ਹੋ ਗਏ ਹਨ, ਤੇਰੀ ਆਵਾਜ਼ (ਡਾਢੀ ਮੱਧਮ ਹੋ ਗਈ ਹੈ, ਮਾਨੋ) ਸਤਵੇਂ ਪਾਤਾਲ ਤੋਂ ਆਉਂਦੀ ਹੈ। ਤੇਰੀਆਂ ਅੱਖਾਂ ਸਿੰਮ ਰਹੀਆਂ ਹਨ, ਤੇਰੀ ਚਤੁਰਾਈ ਵਾਲੀ ਬੁੱਧ ਕਮਜ਼ੋਰ ਹੋ ਚੁੱਕੀ ਹੈ ਤਾਂ ਭੀ ਕਾਮ (ਦੀ) ਮਧਾਣੀ (ਤੇਰੇ ਅੰਦਰ) ਪੈ ਰਹੀ ਹੈ (ਭਾਵ, ਅਜੇ ਭੀ ਕਾਮ ਦੀਆਂ ਵਾਸ਼ਨਾਂ ਜ਼ੋਰਾਂ ਵਿੱਚ ਹਨ)। ਇਹਨਾਂ ਹੀ ਵਾਸ਼ਨਾਂ ਦੇ ਕਾਰਨ ਤੇਰੀ ਬੁੱਧ ਵਿੱਚ ਵਿਸ਼ਿਆਂ ਦੀ ਝੜੀ ਲੱਗੀ ਹੋਈ ਹੈ, ਤੇਰਾ ਸਰੀਰ ਰੂਪ ਕੌਲ ਫੁੱਲ ਕੁਮਲਾ ਗਿਆ ਹੈ। ਜਗਤ ਵਿੱਚ ਆ ਕੇ ਤੂੰ ਪਰਮਾਤਮਾ ਦਾ ਭਜਨ ਛੱਡ ਬੈਠਾ ਹੈਂ; (ਸਮਾ ਵਿਹਾ ਜਾਣ ਤੇ) ਪਿੱਛੋਂ ਹੱਥ ਮਲੇਂਗਾ। 4.

ਨਿੱਕੇ ਨਿੱਕੇ ਬਾਲ (ਪੁੱਤਰ ਪੋਤਰੇ) ਵੇਖ ਕੇ (ਮਨੁੱਖ ਦੇ ਮਨ ਵਿੱਚ ਉਹਨਾਂ ਲਈ) ਮੋਹ ਪੈਦਾ ਹੁੰਦਾ ਹੈ, ਅਹੰਕਾਰ ਕਰਦਾ ਹੈ, ਪਰ ਇਸ ਨੂੰ (ਇਹ) ਸਮਝ ਨਹੀਂ ਆਉਂਦੀ (ਕਿ ਸਭ ਕੁੱਝ ਛੱਡ ਜਾਣਾ ਹੈ)। ਅੱਖਾਂ ਤੋਂ ਦਿੱਸਣੋਂ ਰਹਿ ਜਾਂਦਾ ਹੈ (ਫਿਰ ਭੀ ਮਨੁੱਖ) ਹੋਰ ਜੀਊਣ ਲਈ ਲਾਲਚ ਕਰਦਾ ਹੈ। (ਆਖ਼ਰ) ਸਰੀਰ ਦਾ ਬਲ ਮੁੱਕ ਜਾਂਦਾ ਹੈ, (ਤੇ ਜਦੋਂ) ਜੀਵ ਪੰਛੀ (ਸਰੀਰ ਵਿਚੋਂ) ਉੱਡ ਜਾਂਦਾ ਹੈ (ਤਦੋਂ ਮੁਰਦਾ ਦੇਹ) ਘਰ ਵਿਚ, ਵਿਹੜੇ ਵਿਚ, ਪਈ ਹੋਈ ਚੰਗੀ ਨਹੀਂ ਲੱਗਦੀ

ਬੇਣੀ ਆਖਦਾ ਹੈ—ਹੇ ਸੰਤ ਜਨੋ! (ਜੇ ਮਨੁੱਖ ਦਾ ਸਾਰੀ ਜ਼ਿੰਦਗੀ ਵਿੱਚ ਇਹੀ ਹਾਲ ਰਿਹਾ, ਭਾਵ ਜੀਊਂਦਿਆਂ ਕਿਸੇ ਵੇਲੇ ਭੀ ਵਿਕਾਰਾਂ ਤੇ ਮੋਹ ਤੋਂ ਮੁਕਤ ਨਾਹ ਹੋਇਆ, ਜੇ ਜੀਵਨ-ਮੁਕਤ ਨਾਹ ਹੋਇਆ, ਤਾਂ ਇਹ ਸੱਚ ਜਾਣੋ ਕਿ) ਮਰਨ ਤੋਂ ਪਿੱਛੋਂ ਮੁਕਤੀ ਕਿਸੇ ਨੂੰ ਨਹੀਂ ਮਿਲਦੀ। 5.

ਸ਼ਬਦ ਵਿੱਚ ਭਗਤ ਬੇਣੀ ਜੀ ਨੇ ਮਨੁੱਖ ਦੇ ਸਾਰੇ ਜੀਵਨ ਦੀ ਹਾਲਤ ਦਾ ਬਿਆਨ ਕਰਦੇ ਹੋਏ ਸਮਝਾਇਆ ਹੈ ਕਿ ਬੰਦਾ ਸਾਰੀ ਉਮਰ ‘ਅਹੰਕਾਰ, ਕਾਮ ਵਾਸ਼ਨਾ, ਪੁੱਤਰਾਂ ਪੋਤਰਿਆਂ ਦੇ ਮੋਹ, ਮਾਇਅਕ ਪਦਾਰਥਾਂ ਦੇ ਲਾਲਚ ਅਤੇ ਵਿਸ਼ੇ ਵਿਕਾਰਾਂ ਵਿੱਚ ਗੁਜਾਰ ਦਿੰਦਾ ਹੈ। ਅੱਖਾਂ, ਜੁਬਾਨ ਆਦਿਕ ਸਰੀਰਕ ਅੰਗ ਸਾਥ ਛੱਡ ਜਾਂਦੇ ਹਨ। ਅਤੇ ਅੰਤ ਵੇਲੇ ਸਮਾਂ ਵਿਹਾ ਜਾਣ ਤੇ ਪਛਤਾਂਦਾ ਹੈ। ਸ਼ਬਦ ਵਿੱਚ ਭਗਤ ਬੇਣੀ ਜੀ ਕੀ ਸਮਝਾਉਣਾ ਚਾਹੁੰਦੇ ਹਨ ਅਤੇ “ਮਰਨ ਮੁਕਤਿ ਕਿਨਿ ਪਾਈ॥” ਤੁਕ ਦਾ ਅਰਥ ਸਮਝਣ ਲਈ ਪ੍ਰੋ: ਸਾਹਿਬ ਸਿੰਘ ਜੀ ਦੁਆਰਾ ਵਰਣਿਤ ਕੁਝਕੁ ਹਵਾਲੇ ਵਾਚਣ ਨਾਲ ਗੱਲ ਸੌਖੀ ਅਤੇ ਸਹੀ ਸਮਝ ਆ ਜਾਂਦੀ ਹੈ।

ਪ੍ਰੋ: ਸਾਹਿਬ ਸਿੰਘ ਜੀ:

“ਹਿੰਦੂ-ਮਤ ਅਨੁਸਾਰ ਅੰਤਮ ਸੰਸਕਾਰ:- ਜਦੋਂ ਕਿਸੇ ਹਿੰਦੂ-ਘਰ ਵਿੱਚ ਕੋਈ ਪ੍ਰਾਣੀ ਮਰਨ ਲੱਗਦਾ ਹੈ, ਤਾਂ ਉਸ ਦੇ ਪੁੱਤਰ ਇਸਤ੍ਰੀ ਆਦਿਕ ਵਾਰਸ ਸ਼ਾਸਤ੍ਰਾਂ ਦੀ ਦੱਸੀ ਮਰਯਾਦਾ ਅਨੁਸਾਰ ਉਸ ਨੂੰ ਮੰਜੇ ਤੋਂ ਹੇਠਾਂ ਲਾਹ ਲੈਂਦੇ ਹਨ। ਭੁੰਞੇ ਦੱਭ ਵਿਛਾ ਕੇ ਉਸ ਉਤੇ ਕੱਪੜਾ ਵਿਛਾ ਦੇਣ ਦੀ ਮਰਯਾਦਾ ਹੈ। ਉਸ ਦੇ ਹੱਥ ਦੀ ਤਲੀ ਉੱਤੇ ਆਟੇ ਦਾ ਦੀਵਾ ਰੱਖ ਕੇ ਜਗਾ ਦੇਂਦੇ ਹਨ, ਤੇ ਦੀਵੇ ਵਿੱਚ ਬ੍ਰਾਹਮਣ ਦੀ ਭੇਟਾ ਲਈ ਸਮਰਥਾ ਅਨੁਸਾਰ ਅਠਿਆਨੀ ਰੁਪਇਆ ਆਦਿਕ ਚਾਂਦੀ ਸੋਨੇ ਦਾ ਸਿੱਕਾ ਪਾ ਦੇਂਦੇ ਹਨ। ਇਸ ਮਰਯਾਦਾ ਦਾ ਭਾਵ ਉਹ ਇਹ ਸਮਝਦੇ ਹਨ ਕਿ ਮਰਨ ਵਾਲੇ ਪ੍ਰਾਣੀ ਦੀ ਆਤਮਾ ਨੇ ਅਗਾਂਹ ਬੜੇ ਹਨੇਰੇ ਪੈਂਡਿਆਂ ਵਿਚੋਂ ਦੀ ਲੰਘਣਾ ਹੈ, ਜਿਥੇ ਰਾਹ-ਖਹਿੜਾ ਵੇਖਣ ਲਈ ਉਸ ਨੂੰ ਚਾਨਣ ਦੀ ਲੋੜ ਪੈਂਦੀ ਹੈ। ਮਰਨ ਵੇਲੇ ਉਸ ਦੀ ਤਲੀ ਉੱਤੇ ਰੱਖਿਆ ਹੋਇਆ ਦੀਵਾ ਉਸ ਨੂੰ ਪਰਲੋਕ ਦੇ ਪੈਂਡਿਆਂ ਵਿੱਚ ਚਾਨਣ ਦੇਂਦਾ ਹੈ।

ਜਦੋਂ ਆਦਮੀ ਮਰ ਜਾਂਦਾ ਹੈ, ਤਾਂ ਉਸ ਦੇ ਸਰੀਰ ਦਾ ਸਸਕਾਰ ਕਰਨ ਤੋਂ ਪਹਿਲਾਂ ਜਵਾਂ ਦੇ ਆਟੇ ਦੇ ਪੇੜੇ ਪੱਤਲਾਂ ਉਤੇ ਰੱਖ ਕੇ ਮਣਸੇ ਜਾਂਦੇ ਹਨਬ੍ਰਾਹਮਣ ਪੁਰਾਣ ਆਦਿਕ ਦੇ ਮੰਤ੍ਰ ਪੜ੍ਹਦਾ ਹੈਸੂਰਜ ਵਲ ਮੂੰਹ ਕਰ ਕੇ ਪਾਣੀ ਦੀਆਂ ਚੁਲੀਆਂ ਭੀ ਭੇਟਾ ਕੀਤੀਆਂ ਜਾਂਦੀਆਂ ਹਨ। ਇਹ ਉਸ ਵਿਛੜੀ ਰੂਹ ਲਈ ਖ਼ੁਰਾਕ ਭੇਜੀ ਜਾਂਦੀ ਹੈ।

ਘਰੋਂ ਤੁਰ ਕੇ ਮਸਾਣਾਂ ਤੋਂ ਉਰੇ ਅੱਧਵਾਟੇ (ਅੱਧਮਾਰਗੇ) ਮਿਰਤਕ ਦਾ ਫੱਟਾ ਭੁੰਞੇ ਰੱਖ ਦਿੱਤਾ ਜਾਂਦਾ ਹੈ। ਘਰੋਂ ਤੁਰਨ ਲੱਗਿਆਂ ਮਿੱਟੀ ਦਾ ਇੱਕ ਕੋਰਾ ਭਾਂਡਾ ਨਾਲ ਲੈ ਲੈਂਦੇ ਹਨ। ਉਸ ਅੱਧ-ਮਾਰਗ ਤੇ ਉਹ ਭਾਂਡਾ ਭੰਨ ਦੇਂਦੇ ਹਨ, ਅਤੇ ਮਰੇ ਪ੍ਰਾਣੀ ਦਾ ਪੁੱਤਰ ਆਦਿਕ ਬਹੁਤ ਉੱਚੀ ਡਰਾਉਣੀ ਆਵਾਜ਼ ਵਿੱਚ ਢਾਹ ਮਾਰਦਾ ਹੈ। ਇਸ ਰਸਮ ਦੇ ਹੇਠ ਖ਼ਿਆਲ ਇਹ ਹੈ ਕਿ ਮਿਰਤਕ ਦੀ ਆਤਮਾ ਸਰੀਰਕ ਮੋਹ ਕਰਕੇ ਅਜੇ ਉਸ ਮੁਰਦੇ ਦੇ ਦੁਆਲੇ ਹੀ ਭੌਂਦੀ ਫਿਰਦੀ ਹੈ। ਇਸ ਭਿਆਨਕ ਢਾਹ ਨਾਲ ਉਸ ਨੂੰ ਡਰਾਂਦੇ ਹਨ ਕਿ ਚਲੀ ਜਾਏ।

ਸਸਕਾਰ ਕਰਨ ਵੇਲੇ ਬ੍ਰਾਹਮਣ ਫਿਰ ਕੁੱਝ ਮੰਤ੍ਰ ਪੜ੍ਹਦਾ ਹੈਸਸਕਾਰ ਤੋਂ ਪਿੱਛੋਂ ਬਚ ਰਹੀਆਂ ਹੱਡੀਆਂ (ਅਸਥੀਆਂ) ਹਰਿਦੁਆਰ ਗੰਗਾ ਨਦੀ ਵਿੱਚ ਪਾਈਆਂ ਜਾਂਦੀਆਂ ਹਨ। ਹਿੰਦੂ-ਖ਼ਿਆਲ ਅਨੁਸਾਰ ਜਿਸ ਦੀਆਂ ਅਸਥੀਆਂ ਗੰਗਾ ਵਿੱਚ ਨਾਹ ਪੈਣ ਉਸ ਦੀ ਗਤੀ ਨਹੀਂ ਹੁੰਦੀ

ਮਰਨ ਪਿਛੋਂ 13 ਦਿਨਾਂ ਤਕ ਹਰੇਕ ਪ੍ਰਾਣੀ ਦੀ ਆਤਮਾ ਪ੍ਰੇਤ ਬਣੀ ਰਹਿੰਦੀ ਹੈ, ਅਤੇ ਆਪਣੇ ਛੱਡੇ ਘਰਾਂ ਦੇ ਦੁਆਲੇ ਹੀ ਭੌਂਦੀ ਫਿਰਦੀ ਹੈ। ਸਵੇਰੇ ਪਹਿਰ ਰਾਤ ਰਹਿੰਦੀ ਹੀ ਮਰੇ ਪ੍ਰਾਣੀ ਦਾ ਪੁੱਤਰ ਆਦਿਕ ਉੱਠ ਕੇ ਢਾਹ ਮਾਰਦਾ ਹੈ। 13 ਦਿਨ ਹਰ ਸਵੇਰੇ ਇਹੀ ਕੁੱਝ ਹੁੰਦਾ ਹੈ। ਇਹ ਭੀ ਮਿਰਤਕ ਦੀ ਆਤਮਾ ਨੂੰ ਡਰਾਣ ਵਾਸਤੇ ਕੀਤਾ ਜਾਂਦਾ ਹੈ। {ਨੋਟ:- ਜਿਉਂ ਜਿਉਂ ਲੋਕ ਵਿੱਦਿਆ ਦੇ ਚਾਨਣ ਵਿੱਚ ਸਿਆਣੇ ਹੁੰਦੇ ਜਾ ਰਹੇ ਹਨ, ਇਹ ਢਾਹਾਂ ਮਾਰਨ ਵਾਲੀ ਰਸਮ ਹਟਦੀ ਜਾ ਰਹੀ ਹੈ}।

ਤੇਰ੍ਹਵੇਂ ਦਿਨ ਮਿਰਤਕ ਦੀ ਕਿਰਿਆ ਕੀਤੀ ਜਾਂਦੀ ਹੈਅਚਾਰਜ ਆ ਕੇ ਇਹ ਰਸਮ ਕਰਾਂਦਾ ਹੈ। ਇਹ ਮਰਯਾਦਾ ਵਿਛੁੜੀ ਆਤਮਾ ਨੂੰ ਪ੍ਰੇਤ ਜੂਨ ਵਿਚੋਂ ਕੱਢ ਕੇ ਪਿਤਰ ਲੋਕ ਤਕ ਅਪੜਾਣ ਵਾਸਤੇ ਕੀਤੀ ਜਾਂਦੀ ਹੈ। ਸ਼ਾਸਤ੍ਰ ਅਨੁਸਾਰ ਖ਼ਿਆਲ ਇਹ ਬਣਿਆ ਹੋਇਆ ਹੈ ਕਿ ਪਿਤਰ ਲੋਕ ਅੱਪੜਨ ਲਈ 360 ਦਿਨ ਲੱਗਦੇ ਹਨ। ਪੈਂਡਾ ਹੈ ਅਣਡਿੱਠਾ ਤੇ ਹਨੇਰਾ। ਇਸ ਵਾਸਤੇ ਕਿਰਿਆ ਕਰਨ ਵੇਲੇ 360 ਦੀਵੇ ਵੱਟੀਆਂ ਤੇ ਲੋੜੀਂਦਾ ਤੇਲ ਲਿਆ ਕੇ ਰੱਖ ਦੇਂਦੇ ਹਨ। ਜਦੋਂ ਵੇਦ-ਮੰਤ੍ਰ ਆਦਿਕ ਪੜ੍ਹਨ ਦੀ ਸਾਰੀ ਰਸਮ ਹੋ ਚੁਕਦੀ ਹੈ, ਤਾਂ ਉਹ ਵੱਟੀਆਂ ਇਕੱਠੀਆਂ ਹੀ ਤੇਲ ਵਿੱਚ ਭਿਉਂ ਕੇ ਬਾਲ ਦਿੱਤੀਆਂ ਜਾਂਦੀਆਂ ਹਨ, ਅਤੇ ਇਸ ਤਰ੍ਹਾਂ ਮਰੇ ਪ੍ਰਾਣੀ ਨੂੰ ਪਿਤਰ ਲੋਕ ਦੇ ਲੰਮੇ ਪੈਂਡੇ ਵਿੱਚ 360 ਦਿਨ ਚਾਨਣ ਮਿਲਦਾ ਰਹਿੰਦਾ ਹੈ। ਇਹਨਾਂ ਇਕੱਠੇ ਬਾਲੇ ਦੀਵਿਆਂ ਤੋਂ ਇਲਾਵਾ ਭੀ ਛਨਿੱਛਰ ਦੇਵਤੇ ਦੇ ਮੰਦਰ ਵਿੱਚ ਸਾਲ ਭਰ ਹਰ ਰੋਜ਼ ਦੀਵਾ ਜਗਾਣ ਲਈ ਤੇਲ ਭੇਜਿਆ ਜਾਂਦਾ ਹੈ। ਕਿਰਿਆ ਵਾਲੇ ਦਿਨ ਭੀ ਵਿਛੁੜੀ ਰੂਹ ਦੀ ਖ਼ੁਰਾਕ ਵਾਸਤੇ ਪਿੰਡ ਭਰਾਏ ਜਾਂਦੇ ਹਨ। ਕਿਰਿਆ ਵਾਲੇ ਦਿਨ ਤੋਂ ਲੈ ਕੇ ਇੱਕ ਸਾਲ ਹਰ ਰੋਜ਼ ਬ੍ਰਾਹਮਣ ਨੂੰ ਭੋਜਨ ਖੁਆਇਆ ਜਾਂਦਾ ਹੈ।

ਨੋਟ:- ਸਸਕਾਰ ਕਰਨ ਤੋਂ ਪਿਛੋਂ ਕਿਰਿਆ ਵਾਲੇ ਦਿਨ ਤਕ ਗਰੁੜ ਪੁਰਾਣ ਦੀ ਕਥਾ ਭੀ ਕਰਾਈ ਜਾਂਦੀ ਹੈ

ਵਰ੍ਹੇ ਪਿੱਛੋਂ ਮਰਨ ਦੀ ਥਿੱਤ ਉਤੇ ਹੀ ਵਰ੍ਹੀਣਾ ਕੀਤਾ ਜਾਂਦਾ ਹੈ। ਖ਼ੁਰਾਕ ਦੇ ਇਲਾਵਾ ਵਿਛੁੜੇ ਪ੍ਰਾਣੀ ਵਾਸਤੇ ਭਾਂਡੇ ਬਸਤ੍ਰ ਆਦਿਕ ਭੇਜੇ ਜਾਂਦੇ ਹਨ। ਸਾਰਾ ਸਾਮਾਨ ਅਚਾਰਜ ਨੂੰ ਦਾਨ ਕੀਤਾ ਜਾਂਦਾ ਹੈ। ਇਸ ਤੋਂ ਪਿਛੋਂ ਹਰ ਸਾਲ ਸਰਾਧਾਂ ਦੇ ਦਿਨਾਂ ਵਿੱਚ ਉਸ ਥਿੱਤ ਤੇ ਬ੍ਰਾਹਮਣਾਂ ਨੂੰ ਭੋਜਨ ਖੁਆਇਆ ਜਾਂਦਾ ਹੈ। ਇਹ ਭੀ ਵਿਛੁੜੇ ਸੰਬੰਧੀ ਨੂੰ ਅਪੜਾਣ ਲਈ ਹੀ ਹੁੰਦਾ ਹੈ।

ਗਰੁੜ-ਪੁਰਾਣ:- ਗਰੁੜ ਪੁਰਾਣ ਵਿੱਚ ਵਿਸ਼ਨੂੰ ਆਪਣੇ ਅਵਾਹਨ ਗਰੁੜ ਨੂੰ ਜਮ-ਮਾਰਗ ਦਾ ਹਾਲ ਸੁਣਾਂਦਾ ਹੈ, ਤੇ ਆਖਦਾ ਹੈ:

ਮਰਨ ਪਿਛੋਂ ਜੀਵ ਪ੍ਰੇਤ ਜੂਨ ਪ੍ਰਾਪਤ ਕਰਦਾ ਹੈ, ਅਤੇ ਇਸ ਦਾ ਸਰੀਰ ਅੰਗੂਠੇ ਜਿਤਨਾ ਹੋ ਜਾਂਦਾ ਹੈ। ਮਰੇ ਪ੍ਰਾਣੀ ਵਾਸਤੇ ਪਿੰਡ ਭਰਾਣੇ ਜ਼ਰੂਰੀ ਹਨ। ਇਹਨਾਂ ਦੀ ਸਹੈਤਾ ਨਾਲ ਪ੍ਰੇਤ ਦਾ ਸਰੀਰ ਦਸ ਦਿਨਾਂ ਵਿੱਚ ਹੱਥ ਭਰ ਬਣ ਜਾਂਦਾ ਹੈ। ਜਦੋਂ ਪ੍ਰਾਣੀ ਮਰਨ ਲੱਗੇ ਤਾਂ ਉਸ ਨੂੰ ਇਸ਼ਨਾਨ ਅਤੇ ਸਾਲਗਰਾਮ ਦੀ ਪੂਜਾ ਕਰਨੀ ਚਾਹੀਦੀ ਹੈ। ਸਾਲਗਰਾਮ ਸਾਰੇ ਪਾਪਾਂ ਦਾ ਨਾਸ ਕਰਦਾ ਹੈ। ਜੇ ਮਰਨ ਵੇਲੇ ਪ੍ਰਾਣੀ ਦੇ ਮੂੰਹ ਵਿੱਚ ਸਾਲਗਰਾਮ ਦਾ ਚਰਨਾਮ੍ਰਿਤ ਪਏ, ਤਾਂ ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ।

ਜਿਵੇਂ ਰੂੰ ਦੇ ਢੇਰ ਅੱਗ ਦੀ ਇੱਕ ਚਿਣਗ ਨਾਲ ਸੜ ਕੇ ਸੁਆਹ ਹੋ ਜਾਂਦੇ ਹਨ, ਤਿਵੇਂ ਮਰਨ ਵੇਲੇ ਪ੍ਰਾਣੀ ਲਫ਼ਜ਼ ਗੰਗਾ ਆਖਣ ਨਾਲ ਹੀ ਮੁਕਤ ਹੋ ਜਾਂਦਾ ਹੈ।

ਪ੍ਰੇਤ-ਕਰਮ ਕਰਵਾਣ ਲਈ ਮਰੇ ਪ੍ਰਾਣੀ ਦੇ ਸਸਕਾਰ ਤੋਂ ਪਹਿਲਾਂ ਉਸ ਦਾ ਪੁੱਤਰ ਤੇ ਹੋਰ ਨਜ਼ਦੀਕੀ ਸੰਬੰਧੀ ਮੁੰਡਨ ਕਰਨ ਪ੍ਰੇਤ ਦੀ ਖ਼ਾਤਰ ਮੰਤ੍ਰ ਕੇ ਤਿਲ ਅਤੇ ਘਿਉ ਦੀ ਅਹੂਤੀ ਦੇਣੀ ਚਾਹੀਦੀ ਹੈ, ਅਤੇ ਬਹੁਤ ਰੋਣਾ ਚਾਹੀਦਾ ਹੈ। ਅਜੇਹਾ ਕਰਨ ਨਾਲ ਮਰੇ ਪ੍ਰਾਣੀ ਨੂੰ ਸੁਖ ਹੁੰਦਾ ਹੈ।

ਗਿਆਰਾਂ ਦਿਨ ਰਾਤ-ਦਿਨ ਹਰ ਵੇਲੇ ਦੀਵਾ ਜਗਦਾ ਰਹਿਣਾ ਚਾਹੀਦਾ ਹੈ। ਇਸ ਦੀਵੇ ਨਾਲ ਜਮ-ਮਾਰਗ ਵਿੱਚ ਚਾਨਣ ਹੁੰਦਾ ਹੈ।

ਪ੍ਰੇਤ-ਕਰਮ ਕਰਨ ਨਾਲ ਪ੍ਰਾਣੀ ਦਸ ਦਿਨਾਂ ਵਿੱਚ ਹੀ ਸਾਰੇ ਪਾਪਾਂ ਤੋਂ ਛੁਟਕਾਰਾ ਪਾ ਲੈਂਦਾ ਹੈ। ਗਰੁੜ ਪੁਰਾਣ ਦੇ ਵਾਚਣ ਵਾਲੇ ਪੰਡਿਤ ਨੂੰ ਕੱਪੜੇ ਗਹਿਣੇ, ਗਊ, ਅੰਨ, ਸੋਨਾ, ਜ਼ਮੀਨ ਆਦਿਕ ਸਭ ਕੁੱਝ ਦਾਨ ਕਰਨਾ ਚਾਹੀਦਾ ਹੈ, ਨਹੀਂ ਤਾਂ ਫਲ ਦੀ ਪ੍ਰਾਪਤੀ ਨਹੀਂ ਹੁੰਦੀ। ਕਥਾ ਸੁਣਾਨ ਵਾਲਾ ਜੇ ਪ੍ਰਸੰਨ ਹੋ ਜਾਵੇ, ਤਾਂ ਹੇ ਗਰੁੜ! ਦਾਨ ਕਰਨ ਵਾਲੇ ਉਤੇ ਮੈਂ ਭੀ ਪ੍ਰਸੰਨ ਹੋ ਜਾਂਦਾ ਹਾਂ”। --------

ਹਿੰਦੂ ਮੱਤ ਦੀਆਂ ਉੱਪਰ ਵਰਣਿਤ ਕਿਰਿਆਵਾਂ:

ਮਰਨ ਵਾਲੇ ਪ੍ਰਾਣੀ ਦੇ ਹੱਥ ਦੀ ਤਲੀ ਉੱਤੇ ਆਟੇ ਦਾ ਦੀਵਾ ਰੱਖਣਾ,

ਬ੍ਰਾਹਮਣ ਦੀ ਭੇਟਾ ਲਈ ਸਮਰਥਾ ਅਨੁਸਾਰ ਅਠਿਆਨੀ ਰੁਪਇਆ ਆਦਿਕ ਚਾਂਦੀ ਸੋਨੇ ਦਾ ਸਿੱਕਾ ਦੇਣਾ,

ਬ੍ਰਾਹਮਣ ਦੁਆਰਾ ਪੁਰਾਣ ਆਦਿਕ ਦੇ ਮੰਤ੍ਰ ਦਾ ਜਾਪ ਕਰਵਾਣਾ,

ਸੂਰਜ ਵਲ ਮੂੰਹ ਕਰ ਕੇ ਪਾਣੀ ਦੀਆਂ ਚੁਲੀਆਂ ਭੇਟਾ ਕਰਨੀਆਂ,

ਮਰੇ ਪ੍ਰਾਣੀ ਦੇ ਪੁੱਤਰ ਆਦਿਕ ਦੁਆਰਾ ਬਹੁਤ ਉੱਚੀ ਡਰਾਉਣੀ ਆਵਾਜ਼ ਵਿੱਚ ਢਾਹਾਂ ਮਾਰਨੀਆਂ,

ਸਸਕਾਰ ਤੋਂ ਪਿੱਛੋਂ ਬਚ ਰਹੀਆਂ ਹੱਡੀਆਂ (ਅਸਥੀਆਂ) ਹਰਿਦੁਆਰ ਗੰਗਾ ਨਦੀ ਵਿੱਚ ਪਾਈਆਂ ਜਾਣੀਆਂ,

ਤੇਰ੍ਹਵੇਂ ਦਿਨ ਅਚਾਰਜ ਦੁਆਰਾ ਮਿਰਤਕ ਦੀ ਕਿਰਿਆ ਕੀਤੀ ਜਾਣੀ।

ਦੀਵੇ ਬਾਲਣੇ, ਅਤੇ ਸਾਲ ਭਰ ਲਈ ਛਨਿਛਰ ਦੇਵਤੇ ਲਈ ਤੇਲ ਭੇਜਣਾ,

ਕਿਰਿਆ ਵਾਲੇ ਦਿਨ ਵਿਛੁੜੀ ਰੂਹ ਦੀ ਖ਼ੁਰਾਕ ਵਾਸਤੇ ਪਿੰਡ ਭਰਾਏ ਜਾਣੇ,

ਸਾਲ ਭਰ ਲਈ ਹਰ ਰੋਜ਼ ਬ੍ਰਾਹਮਣ ਨੂੰ ਭੋਜਨ ਖੁਆਇਆ ਜਾਣਾ,

ਗਰੁੜ ਪੁਰਾਣ ਦੀ ਕਥਾ ਕਰਵਾਣੀ,

ਵਰ੍ਹੇ ਪਿੱਛੋਂ ਮਰਨ ਦੀ ਥਿੱਤ ਉਤੇ ਹੀ ਵਰ੍ਹੀਣਾ ਕੀਤਾ ਜਾਣਾ,

ਖ਼ੁਰਾਕ ਦੇ ਇਲਾਵਾ ਵਿਛੁੜੇ ਪ੍ਰਾਣੀ ਵਾਸਤੇ ਭਾਂਡੇ ਬਸਤ੍ਰ ਆਦਿਕ ਦਾਨ ਕੀਤੇ ਜਾਣੇ,

ਹਰ ਸਾਲ ਸਰਾਧਾਂ ਦੇ ਦਿਨਾਂ ਵਿੱਚ ਉਸ ਥਿੱਤ ਤੇ ਬ੍ਰਾਹਮਣਾਂ ਨੂੰ ਭੋਜਨ ਖੁਆਇਆ ਜਾਣਾ,

ਮਰਨ ਵੇਲੇ ਪ੍ਰਾਣੀ ਦੇ ਮੂੰਹ ਵਿੱਚ ਸਾਲਗਰਾਮ ਦਾ ਚਰਨਾਮ੍ਰਿਤ ਪਾਇਆ ਜਾਣਾ,

ਮਰੇ ਪ੍ਰਾਣੀ ਦੇ ਪੁੱਤਰ ਤੇ ਹੋਰ ਨਜ਼ਦੀਕੀ ਸੰਬੰਧੀਆਂ ਦੁਆਰਾ ਮੁੰਡਨ ਕਰਵਾਇਆ ਜਾਣਾ,

ਮੰਤ੍ਰ ਕੇ ਤਿਲ ਅਤੇ ਘਿਉ ਦੀ ਅਹੂਤੀ ਦੇਣੀ, ਅਤੇ ਬਹੁਤ ਰੋਣਾ,

ਗਿਆਰਾਂ ਦਿਨ ਰਾਤ-ਦਿਨ ਹਰ ਵੇਲੇ ਦੀਵਾ ਜਗਦਾ ਰਹਿਣਾ,

ਪੁਰਾਣ ਦੇ ਵਾਚਣ ਵਾਲੇ ਪੰਡਿਤ ਨੂੰ ਕੱਪੜੇ ਗਹਿਣੇ, ਗਊ, ਅੰਨ, ਸੋਨਾ, ਜ਼ਮੀਨ ਆਦਿਕ ਸਭ ਕੁੱਝ ਦਾਨ ਕਰਨਾ,

ਜਵਾਂ ਦੇ ਆਟੇ ਦੇ ਪੇੜੇ ਪੱਤਲਾਂ ਉਤੇ ਰੱਖ ਕੇ ਮਣਸੇ ਜਾਣੇ …. .

ਇਹ ਸਭ ਕਿਰਿਆਵਾਂ ਪ੍ਰਾਣੀ ਦੇ ਮਰਨ ਪਿੱਛੋਂ ਦੀਆਂ ਹਨ। ਦੂਸਰੇ ਲਫਜ਼ਾਂ ਵਿੱਚ ਮਰਨ ਤੋਂ ਪਿੱਛੋਂ ਮੁਕਤੀ ਦਵਾਉਣ ਦੇ ਸਾਧਨ ਅਤੇ ਲਾਰੇ ਹਨ। ਇਸੇ ਮਰਨ ਪਿੱਛੋਂ ਵਾਲੀ ਮੁਕਤੀ ਦਾ ਹੀ ਖੰਡਣ ਇਸ ਸ਼ਬਦ ਵਿੱਚ ਕੀਤਾ ਗਿਆ ਹੈ। ਲੇਕਿਨ ਗੁਰਮਤਿ ਅਨੁਸਾਰ:

“ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ॥” (ਪ-472)

“ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ॥ ਮਤੁ ਕੋ ਜਾਣੈ ਜਾਇ ਅਗੈ ਪਾਇਸੀ॥ ਜੇਹੇ ਕਰਮ ਕਮਾਇ ਤੇਹਾ ਹੋਇਸੀ॥” (ਪ-730)

ਇਸ ਦੇ ਉਲਟ ਸ਼ਬਦ ਵਿੱਚ ਬੇਣੀ ਜੀ ਨੇ ਗੁਰਮਤਿ ਦਾ ਮੁਕਤੀ ਦਾ ਜੋ ਸਾਧਨ ਦੱਸਿਆ ਹੈ ਉਸ ਅਨੁਸਾਰ ਬੰਦੇ ਨੇ ਜੀਂਦੇ ਜੀਅ:

ਅਹੰਕਾਰ ਦਾ ਤਿਆਗ ਕਰਨਾ,

ਮਨ ਨੂੰ ਦੁਨੀਆ ਦੇ ਜੰਜਾਲਾਂ ਵਿੱਚ ਨਾ ਫਸਣ ਦੇਣਾ,

ਕਾਮ, ਕ੍ਰੋਧ ਲੋਭ ਮੋਹ, ਅਹੰਕਾਰ ਆਦਿ ਵਿਕਾਰਾਂ ਤੋਂ ਬਚਣਾ,

ਪੁੱਤਰਾਂ ਪੋਤਰਿਆਂ ਆਦਿ ਦੇ ਮੋਹ ਵਿੱਚ ਨਾ ਰੁੱਝ ਕੇ ਪ੍ਰਭੂ ਨੂੰ ਚੇਤੇ ਰੱਖਣਾ,

ਮਾਇਕ ਧਨ ਪਦਾਰਥਾਂ ਦੇ ਲਾਲਚ ਵਿੱਚ ਨਾ ਫਸਣਾ ……

ਇਹ ਸਭ ਇਸੇ ਜਨਮ ਵਿੱਚ ਜੀਂਦੇ-ਜੀਅ ਖੁਦ ਮਨੁੱਖ ਦੇ ਕਰਨ ਵਾਲੇ ਕਰਮ ਹਨ। ਅਰਥਾਤ ਜੀਂਦੇ ਜੀਅ ਮੁਕਤੀ ਹਾਸਲ ਕਰਨ ਦੇ ਸਾਧਨ ਹਨ। ਮਨੁੱਖ ਦੇ ਇਹ ਗੁਰਮੁਖਾਂ ਵਾਲੇ ਕਰਮ ਇਸ ਜੀਵਨ ਲਈ ਵੀ ਸਹਾਈ ਹਨ ਅਤੇ ਮਰਨ ਪਿੱਛੋਂ ਵੀ ਸਹਾਈ ਹੁੰਦੇ ਹਨ। ਜੇ ਬੰਦਾ ਇਸ ਜਨਮ ਵਿੱਚ ਵਿਕਾਰਾਂ ਤੋਂ ਮੁਕਤ ਹੈ ਤਾਂ ਹੀ ਅੱਗੇ ਜਨਮ ਮਰਨ ਤੋਂ ਵੀ ਮੁਕਤ ਹੈ।

“ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ॥” (ਪ-278)

“ਈਹਾ ਸੁਖੁ ਆਨੰਦੁ ਘਨਾ ਆਗੈ ਜੀਅ ਕੈ ਸੰਗਿ ਕਾਮ॥” (ਪ-211) ਅਰਥ (ਪ੍ਰੋ: ਸਾਹਿਬ ਸਿੰਘ ਜੀ):- (ਜੇ ਹਰਿ ਨਾਮ ਜਪਦੇ ਰਹੀਏ ਤਾਂ) ਇਸ ਲੋਕ ਵਿੱਚ (ਇਸ ਜੀਵਨ ਵਿੱਚ) ਬਹੁਤ ਸੁਖੁ-ਆਨੰਦ ਮਿਲਦਾ ਹੈ ਤੇ ਪਰਲੋਕ ਵਿੱਚ (ਇਹ ਹਰਿ-ਨਾਮ) ਜਿੰਦ ਦੇ ਕੰਮ ਆਉਂਦਾ ਹੈ।

“ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ॥” (ਪ-1383)

ਇਸ ਦੇ ਉਲਟ ਜੇ ਜੀਂਦੇ ਜੀਅ ਮੁਕਤੀ ਨਾ ਪਾਈ ਤਾਂ-

“ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ॥ …. ਬਿਨੁ ਸਤਿਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ॥” (ਪ-26) ਸਤਿਗੁਰ ਦੀ ਸਿਖਿਆ ਤੇ ਨਾ ਚੱਲ ਕੇ ਜਨਮ ਮਰਨ ਦੇ ਗੇੜ ਵਿੱਚ ਪਾਇਆ ਜਾਂਦਾ ਹੈ। ਇੱਥੇ ਇਸ ਜਨਮ ਵਿੱਚ ਵਿਕਾਰਾਂ ਤੋਂ ਮੁਕਤੀ, ਤਾਂ ਮਰਨ ਪਿੱਛੋਂ ਜਨਮ ਮਰਨ ਦੇ ਗੇੜ ਤੋਂ ਮੁਕਤੀ।

ਇੱਥੇ ਦੋ ਗੱਲਾਂ ਧਿਆਨ ਨਾਲ ਵਿਚਾਰਨ ਦੀ ਜਰੂਰਤ ਹੈ। 1-ਜੋ ਇੱਥੇ ਖੱਟਿਆ ਕਮਾਇਆ ਹੈ, ਜਿਹੋ ਜਿਹੇ ਕੋਈ ਕੰਮ ਬੰਦਾ ਕਰਦਾ ਹੈ ਉਹੀ ਅਗੈ ਕੰਮ ਆਉਂਦਾ ਹੈ। “ਅਗੇ (ਇਸ ਜਨਮ ਤੋਂ ਬਾਅਦ ਮਨਮੁਖਾਂ ਨੂੰ) ਜਨਮ ਮਰਣ, ਦੁਖ ਸੁਖ ਹੁੰਦਾ ਹੈ, ਇਸ ਗੱਲ ਦਾ ਗੁਰੂ ਸਾਹਿਬ ਨੇ ਖੰਡਣ ਨਹੀਂ ਕੀਤਾ 2-ਕੋਈ ਕਿੰਨਾਕੁ ਹੱਛਾ ਜਾਂ ਮਾੜਾ ਹੈ, ਇਸ ਹੱਛੇ ਮਾੜੇ ਤੇ ਪ੍ਰਭੂ ਨੇ ਵਿਚਾਰ ਕਰਨੀ ਹੈ “ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ”। ਜਦਕਿ ਅਜੋਕੇ ਗੁਰਬਾਣੀ ਵਿਆਖਿਆਕਾਰਾਂ ਨੇ ਇਹ ਅਧਿਕਾਰ ਖੁਦ ਬੰਦੇ ਦੇ ਆਪਣੇ ਹੀ ਹੱਥ ਵਿੱਚ ਦਿੱਤਾ ਹੋਇਆ ਹੈ। ਇਨ੍ਹਾਂ ਵਿਆਖਿਆਕਰਾਂ ਅਨੁਸਾਰ ਕੋਈ ਗੁਰਮੁਖ ਹੈ ਜਾਂ ਮਨਮੁਖ ਸਾਰੇ ਜੀਵਨ ਮੁਕਤ ਹਨ। ਗੁਰੂ ਸਾਹਿਬ ਨੇ ਗੁਰਮੁਖ ਬਣਨ ਦਾ ਸੁਨੇਹਾ ਦਿੱਤਾ ਹੈ ਬੱਸ ਗੁਰੂ ਸਾਹਿਬ ਦੇ ਸੁਨੇਹਾ ਦੇਣ ਨਾਲ ਹੀ ਸਾਰੀ ਦੁਨੀਆਂ ਗੁਰਮੁਖ ਬਣ ਗਈ, ਜੀਵਨ ਮੁਕਤ ਹੋ ਗਈ। ਇਸ ਗੱਲ ਦਾ ਜਵਾਬ ਇਹ ਵਿਦਵਾਨ ਨਹੀਂ ਦਿੰਦੇ ਕਿ ਜਿਹੜੇ ਲੋਕ ਗੁਰਮੁਖ ਨਹੀਂ ਬਣਦੇ ਸਾਰੀ ਉਮਰ ਵਿਕਾਰਾਂ ਵਿੱਚ ਗੁਜ਼ਾਰ ਦਿੰਦੇ ਹਨ। ਵਿਅਰਥ ਜਨਮ ਗਵਾ ਕੇ ਸੰਸਾਰ ਤੋਂ ਤੁਰ ਜਾਂਦੇ ਹਨ ਉਨ੍ਹਾਂ ਬਾਰੇ ਗੁਰਬਾਣੀ ਦਾ ਕੀ ਫੁਰਮਾਨ ਹੈ? ਉਲਟਾ ਦਲੀਲ ਪੇਛ ਕਰ ਦਿੰਦੇ ਹਨ ਕਿ ਬੰਦਾ ਇਹ ਮੌਜੂਦਾ ਜੀਵਨ ਤਾਂ ਸਵਾਰਨਾ ਨਹੀਂ ਚਾਹੁੰਦਾ, ਪਹਿਲਾਂ ਅਗਲੇ ਜਨਮ ਦਾ ਫਿਕਰ ਪੈ ਗਿਆ ਹੈ। ਜੇ ਇਹ ਗੱਲ ਵੀ ਮੰਨ ਲਈ ਜਾਵੇ ਕਿ ਬੰਦਾ ਗੁਰਮੁਖ ਬਣਨਾ ਹੀ ਨਹੀਂ ਚਾਹੁੰਦਾ … ਤਾਂ ਸਵਾਲ ਤਾਂ ਫੇਰ ਵੀ ਓਥੇ ਹੀ ਖੜਾ ਹੈ ਕਿ ਜੇ ਬੰਦਾ ਇਹ ਮੌਜੂਦਾ ਜੀਵਨ ਸਵਾਰਨਾ ਹੀ ਨਹੀਂ ਚਾਹੁੰਦਾ ਤਾਂ ਇਸ ਬਾਰੇ ਗੁਰਬਾਣੀ ਦਾ ਕੀ ਫੁਰਮਾਨ ਹੈ?

ਅਜੋਕੇ ਕੁੱਝ ਵਿਦਵਾਨਾਂ ਵੱਲੋਂ “ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ॥” ਤੁਕ ਪੇਸ਼ ਕਰਕੇ ਦਲੀਲ ਪੇਸ਼ ਕੀਤੀ ਜਾਂਦੀ ਹੈ ਕਿ ਦੇਖੋ ਗੁਰਬਾਣੀ ਇਹੀ ਕਹਿੰਦੀ ਹੈ ਕਿ ਇਸੇ ਜਨਮ ਵਿੱਚ ਜੀਂਦੇ ਜੀਅ ਮੁਕਤੀ ਮਿਲਦੀ ਹੈ।

ਇਹ ਗੱਲ ਬਿਲਕੁਲ ਠੀਕ ਹੈ ਕਿ ਮਨੁੱਖ ਨੇ ਇਸੇ ਜਨਮ ਵਿੱਚ ਜੀਂਦੇ ਜੀਅ ਮੁਕਤ ਹੋਣਾ ਹੈ ਪਰ, ਅਜੋਕੇ ਕੁੱਝ ਵਿਦਵਾਨ ਇਸ ਤੋਂ ਅਗੋਂ ਦੀ ਸਥਿਤੀ ਬਾਰੇ ਗੁਰਬਾਣੀ ਦਾ ਫੁਰਮਾਨ ਜਾਂ ਤਾਂ ਪੜ੍ਹਦੇ ਹੀ ਨਹੀਂ ਜਾਂ ਉਸ ਨੂੰ ਆਪਣੇ ਹੀ ਮੁਤਾਬਕ ਅਰਥ ਕਰ ਦਿੰਦੇ ਹਨ। ਇਸੇ ਸ਼ਬਦ ਵਿੱਚ ਲਫਜ਼ ਆਏ ਹਨ: “ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ ਪਛੁਤਾਣਾ॥” “ਸਮਾ ਵਿਹਾ ਜਾਣ ਤੇ ਪਿੱਛੋਂ ਹੱਥ ਮਲੇਂਗਾ”। ਇੱਥੇ ਦੋ ਸਥਿਤੀਆਂ ਤੇ ਵਿਚਾਰ ਕਰਨ ਦੀ ਜਰੂਰਤ ਹੈ।

1- ਮਰਨ ਮੁਕਤਿ ਕਿਨਿ ਪਾਈ ਦਾ ਜੇ ਇਹ ਅਰਥ ਹੈ ਕਿ (ਕੋਈ ਬੰਦਾ ਵਿਸ਼ੇ ਵਿਕਾਰ ਛੱਡੇ ਜਾਂ ਨਾ) ਹਰ ਬੰਦਾ ਮੁਕਤ ਹੈ ਤਾਂ ਮ੍ਰਿਤ ਮੰਡਲ ਤੱਕ ਪਹੁੰਚਣ ਦੀ ਸਥਿਤੀ ਵਿੱਚ ਵੀ ਬੰਦੇ ਨੂੰ ਪਛਤਾਉਣ ਦਾ ਕੋਈ ਕਾਰਣ ਨਹੀਂ ਬਣਦਾ। ਕਿਉਂਕਿ ਜਿਸ ਤਰ੍ਹਾਂ ਇਸ ਨੂੰ ਚੰਗਾ ਲੱਗਾ ਇਸ ਨੇ ਆਪਣੀ ਜਿੰਦਗੀ ਬਸਰ ਕਰ ਲਈ। ਫਿਰ ਕਦੋਂ ਪਾਛੈ ਪਛਤਾਣਾ ਅਤੇ ਕਿਸ ਲਈ ਪਛਤਾਣਾ?

2- ਜੇ ਬੰਦਾ ਸਾਰੀ ਉਮਰ ਵਿਸ਼ੇ ਵਿਕਾਰਾਂ ਵਿੱਚ ਹੀ ਗੁਜਾਰ ਦਿੰਦਾ ਹੈ ਅਤੇ ਇਸੇ ਸਥਿਤੀ ਵਿੱਚ ਹੀ ਮ੍ਰਿਤ ਮੰਡਲ ਤੱਕ ਪਹੁੰਚ ਜਾਂਦਾ ਹੈ, ਸਰੀਰਕ ਅੰਗ ਆਪਣਾ ਕੰਮ ਕਰਨਾ ਛੱਡ ਜਾਂਦੇ ਹਨ, ਸੋਚਣ ਸਮਝਣ ਦੀ ਸ਼ਕਤੀ ਜਵਾਬ ਦੇ ਜਾਂਦੀ ਹੈ, ਤਾਂ ਉਸ ਨੇ ਕਦੋਂ ਅਤੇ ਕਿਸ ਤਰ੍ਹਾਂ ਇਸੇ ਜਨਮ ਵਿੱਚ ਹੀ ਮੁਕਤ ਹੋਣਾ ਹੈ? {ਦੇਖੋ ਸ਼ਬਦ ਦਾ ਚੌਥਾ ਬੰਦ- (ਅਰਥ) ਤੇਰੇ ਕੇਸ ਚਿੱਟੇ ਕੌਲ ਫੁੱਲ ਤੋਂ ਭੀ ਵਧੀਕ ਚਿੱਟੇ ਹੋ ਗਏ ਹਨ, ਤੇਰੀ ਆਵਾਜ਼ (ਡਾਢੀ ਮੱਧਮ ਹੋ ਗਈ ਹੈ, ਮਾਨੋ) ਸਤਵੇਂ ਪਾਤਾਲ ਤੋਂ ਆਉਂਦੀ ਹੈ। ਤੇਰੀਆਂ ਅੱਖਾਂ ਸਿੰਮ ਰਹੀਆਂ ਹਨ, ਤੇਰੀ ਚਤੁਰਾਈ ਵਾਲੀ ਬੁੱਧ ਕਮਜ਼ੋਰ ਹੋ ਚੁੱਕੀ ਹੈ ਤਾਂ ਭੀ ਕਾਮ (ਦੀ) ਮਧਾਣੀ (ਤੇਰੇ ਅੰਦਰ) ਪੈ ਰਹੀ ਹੈ (ਭਾਵ, ਅਜੇ ਭੀ ਕਾਮ ਦੀਆਂ ਵਾਸ਼ਨਾਂ ਜ਼ੋਰਾਂ ਵਿੱਚ ਹਨ)। ਇਹਨਾਂ ਹੀ ਵਾਸ਼ਨਾਂ ਦੇ ਕਾਰਨ ਤੇਰੀ ਬੁੱਧ ਵਿੱਚ ਵਿਸ਼ਿਆਂ ਦੀ ਝੜੀ ਲੱਗੀ ਹੋਈ ਹੈ, ਤੇਰਾ ਸਰੀਰ ਰੂਪ ਕੌਲ ਫੁੱਲ ਕੁਮਲਾ ਗਿਆ ਹੈ। ਜਗਤ ਵਿੱਚ ਆ ਕੇ ਤੂੰ ਪਰਮਾਤਮਾ ਦਾ ਭਜਨ ਛੱਡ ਬੈਠਾ ਹੈਂ; (ਸਮਾ ਵਿਹਾ ਜਾਣ ਤੇ) ਪਿੱਛੋਂ ਹੱਥ ਮਲੇਂਗਾ॥ 4॥” }

ਬੇਣੀ ਜੀ ਦੇ ਸ਼ਬਦ ਦੇ ਅਖੀਰਲੇ ਬੰਦ ਨੂੰ ਜ਼ਰਾ ਗਹੁ ਨਾਲ ਵਾਚਣ ਦੀ ਜਰੂਰਤ ਹੈ।

(ਅਰਥ ਪ੍ਰੋ: ਸਾਹਿਬ ਸਿੰਘ ਜੀ) ਬੇਣੀ ਆਖਦਾ ਹੈ—ਹੇ ਸੰਤ ਜਨੋ! (ਜੇ ਮਨੁੱਖ ਦਾ ਸਾਰੀ ਜ਼ਿੰਦਗੀ ਵਿੱਚ ਇਹੀ ਹਾਲ ਰਿਹਾ, ਭਾਵ ਜੀਊਂਦਿਆਂ ਕਿਸੇ ਵੇਲੇ ਭੀ ਵਿਕਾਰਾਂ ਤੇ ਮੋਹ ਤੋਂ ਮੁਕਤ ਨਾਹ ਹੋਇਆ, ਜੇ ਜੀਵਨ-ਮੁਕਤ ਨਾਹ ਹੋਇਆ, ਤਾਂ ਇਹ ਸੱਚ ਜਾਣੋ ਕਿ) ਮਰਨ ਤੋਂ ਪਿੱਛੋਂ ਮੁਕਤੀ ਕਿਸੇ ਨੂੰ ਨਹੀਂ ਮਿਲਦੀ। 5.

ਨਿਚੋੜ- ਬੰਦੇ ਨੇ ਮੁਕਤੀ ਖੁਦ ਜੀਂਦੇ ਜੀਅ ਵਿਕਾਰਾਂ ਤੋਂ ਮੁਕਤ ਹੋ ਕੇ ਪਾਉਣੀ ਹੈ, ਮਰਨ ਪਿੱਛੋਂ (ਬ੍ਰਹਮਣ ਦੁਆਰਾ ਕੀਤੇ ਜੰਤ੍ਰ ਮੰਤਰਾਂ, ਪੂਜਾ-ਪਾਠ ਦੁਆਰਾ ਜਾਂ ਬ੍ਰਹਮਣ ਨੂੰ ਕੀਤੇ ਦਾਨ ਪੁੰਨ, ਸ਼ਰਾਧਾਂ ਆਦਿ ਨਾਲ) ਨਹੀਂ ਹੋਣੀ।

ਜਸਬੀਰ ਸਿੰਘ (ਕੈਲਗਰੀ)




.