.

“ਮਨ ਤਨ ਭਏ ਅਰੋਗਾ”

(“ਇਸੁ ਤਨ ਮਹਿ ਮਨੁ, ਕੋ ਗੁਰਮੁਖਿ ਦੇਖੈ”) (ਪੰ: ੬੮੬)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

‘ਮਨ’ ਬਾਰੇ ਵਿਸ਼ੇਸ਼ - “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਅੰਦਰ ਤੋਂ “ਤਨੁ ਮਨੁ ਥੀਵੈ ਹਰਿਆ” ਭਾਵ ਸੰਪੂਰਣ ਗੁਰਬਾਣੀ `ਚ ‘ਮਨ’ ਵਾਲਾ ਵਿਸ਼ਾ ਵਿਸ਼ੇਸ਼ ਤੇ ਪ੍ਰਮੁੱਖ ਵਿਸ਼ਾ ਹੈ। ਬਲਕਿ ਗੁਰਬਾਣੀ ਅਨੁਸਾਰ ਮਨੁੱਖਾ ਜਨਮ ਦੀ ‘ਸਫ਼ਲਤਾ ਅਥਵਾ ਅਸਫ਼ਲਤਾ’ ਵਾਲੇ ਵਿਸ਼ੇ ਦਾ ਆਧਾਰ ਵੀ ਮਨੁੱਖਾ ਸਰੀਰ ਅੰਦਰ ਇਸ ਮਨ ਦੀ ਹੋਂਦ ਹੀ ਹੈ। ਇਸ ਲਈ ਇਸ ਵਿਸ਼ੇ ਵੱਲ ਧਿਆਨ ਦੇਣਾ ਤੇ ਇਸ ਨੂੰ ਗੁਰਬਾਣੀ ਆਧਾਰ `ਤੇ ਸਮਝਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਉਹ ਇਸ ਲਈ ਵੀ ਤਾ ਕਿ ਪਤਾ ਲਗ ਸਕੇ ਕਿ ਸਾਡੇ ਸਰੀਰ ਅੰਦਰ ਮਨ ਦਾ ਵਜੂਦ ਹੈ ਕੀ ਅਤੇ ਇਸ ਦਾ ਅੱਗਾ ਪਿਛਾ ਕੀ ਹੈ? ਉਪ੍ਰੰਤ ਸੰਪੂਰਣ ਗੁਰਬਾਣੀ `ਚ ਮਨ ਵਾਲੇ ਵਿਸ਼ੇ ਨੂੰ ਹੀ ਪ੍ਰਮੁੱਖ ਸਥਾਨ ਕਿਉਂ ਪ੍ਰਾਪਤ ਹੋਇਆ ਹੈ?

“ਗੁਰ ਸਤਿਗੁਰ ਕਾ ਜੋ ਸਿਖੁ ਅਖਾਏ” - ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾਂ ਨੰ: ੩੦੫ `ਤੇ “ਗਉੜੀ ਕੀ ਵਾਰ ਮ: ੪” ਦੀ ਯ੍ਹਾਰਵੀਂ ਪਉੜੀ ਨਾਲ ਇੱਕ ਸਲੋਕ ਹੈ ਜੋ ਇਸ ਪ੍ਰਕਾਰ ਹੈ “ਮਃ ੪॥ ਗੁਰ ਸਤਿਗੁਰ ਕਾ ਜੋ ਸਿਖੁ ਅਖਾਏ, ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਉਦਮੁ ਕਰੇ ਭਲਕੇ ਪਰਭਾਤੀ, ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ, ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ, ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ, ਸੋ ਗੁਰਸਿਖੁ ਗੁਰੂ ਮਨਿ ਭਾਵੈ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ, ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ, ਜੋ ਆਪਿ ਜਪੈ ਅਵਰਹ ਨਾਮੁ ਜਪਾਵੈ”। ਜੇਕਰ ਪੂਰੇ ਸਲੋਕ ਨੂੰ ਗਹੁ ਨਾਲ ਵੇਖਿਆ ਤੇ ਵਿਚਾਰਿਆ ਜਾਵੇ ਤਾਂ ਪੂਰੇ ਸਲੋਕ ਦਾ ਸਬੰਧ ਵੀ ‘ਮਨ’ ਕਰਕੇ ਜੀਵਨ ਦੀ ਤਿਆਰੀ ਤੇ ਮਨੁੱਖਾ ਜਨਮ ਦੀ ਸੰਭਾਲ ਨਾਲ ਹੀ ਹੈ। ਇਹ ਵੱਖਰੀ ਗੱਲ ਹੈ ਕਿ ਸਲੋਕ ਅੰਦਰ ‘ਸਰੀਰ’ ਵਾਲਾ ਵਿਸ਼ਾ ਵੀ ਹੈ ਪਰ ਉਹ ਇਥੇ ਕੇਵਲ ਸਾਧਨ ਵਜੋਂ ਤੇ ਗਉਣ ਵਿਸ਼ਾ ਹੈ, ਮੁੱਖ ਵਿਸ਼ਾ ਨਹੀਂ।

ਦੇਖਿਆ ਜਾਵੇ ਤਾਂ ਉਹ ਵੀ ਪੂਰੇ ਸਲੋਕ ਅੰਦਰ ਕੇਵਲ ਇੱਕ ਪੰਕਤੀ “ਗੁਰ ਸਤਿਗੁਰ ਕਾ ਜੋ ਸਿਖੁ ਅਖਾਏ, ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਉਦਮੁ ਕਰੇ ਭਲਕੇ ਪਰਭਾਤੀ, ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ” ਵਿਚੋਂ ਬੇਸ਼ੱਕ ਕੁੱਝ ਸੱਜਨ ‘ਇਸ਼ਨਾਨ’ ਨਾਲ ਜੋੜ ਕੇ, ਇਸ ਪੰਕਤੀ ਨੂੰ ਸਰੀਰਕ ਕ੍ਰਿਆ ਤੇ ਬ੍ਰਾਹਮਣੀ ਕਰਮਕਾਂਡ ਵਜੋਂ ਲੈ ਲੈਂਦੇ ਹਨ। ਗਹੁ ਨਾਲ ਵਿਚਾਰੋ ਤਾਂ ਉਥੇ ਵੀ ‘ਇਸ਼ਨਾਨ’ ਭਾਵ ਜਿਸ ਸਰੀਰਕ ਕ੍ਰਿਆ ਲਈ ਆਦੇਸ਼ ਹੈ, ਉਹ ਕ੍ਰਿਆ ਵੀ ਕਿਸੇ ਬ੍ਰਾਹਮਣੀ ਕਰਮਕਾਂਡ ਲਈ ਨਹੀਂ ਬਲਕਿ ਇਸ ਲਈ ਹੈ ਕਿ ਉਥੇ ਉਸ ਕ੍ਰਿਆ ਦਾ ਮਕਸਦ ਵੀ ਗੁਰਮੱਤ ਜੀਵਨ ਦੀ ਸੰਭਾਲ ਨਾਲ ਹੈ। ਉਥੇ ਸਰੀਰਕ ਇਸ਼ਨਾਨ ਦੀ ਸੀਮਾ ਵੀ ਬ੍ਰਾਹਮਣੀ ਕਰਮਕਾਂਡ ਨਹੀਂ ਬਲਕਿ ਉਸ ਇਸ਼ਨਾਨ ਦਾ ਸਬੰਧ ਨਿਰੋਲ ਗੁਰਮੱਤ ਜੀਵਨ ਨਾਲ ਹੈ।

ਉਥੇ ਇਸ ਇਸ਼ਨਾਨ ਦਾ ਗੁਰਮੱਤ ਪੱਖ ਹੈ, ਪ੍ਰਭੂ ਦੀ ਸਿਫ਼ਤ ਸਲਾਹ ਤੇ ਨਾਮ ਬਾਣੀ `ਚ ਜੁੜਣ ਲਈ ਸਰੀਰਕ ਨਿਖਾਰ ਅਤੇ ਦੇਹ ਅਰੋਗਤਾ। ਉਹ ਇਸ਼ਨਾਨ ਹੀ ਇਸ ਲਈ ਹੈ ਤਾ ਕਿ ਇਸ਼ਨਾਨ ਤੋਂ ਬਾਅਦ ਸਰੀਰ `ਚ ਨਿਖਾਰ ਆਉਣ `ਤੇ ਸਾਧ ਸੰਗਤ `ਚ ਜਾ ਕੇ ਅਤੇ ਚੁਸਤ ਹੋ ਕੇ ਗੁਰੂ ਚਰਨਾਂ `ਚ ਹਾਜ਼ਰੀ ਭਰੀ ਜਾ ਸਕੇ। ਜੇ ਉਤਨਾ ਨਹੀਂ, ਤਾਂ ਵੀ ਮਨ ਕਰਕੇ ਕਰਤੇ ਦੀ ਸਿਫ਼ਤ ਸਲਾਹ ਤੇ ਨਾਮ ਬਾਣੀ ਨਾਲ ਮਨ ਨੂੰ ਜੋੜਿਆ ਜਾ ਸਕੇ। ਇਸ ਤਰ੍ਹਾਂ ਆਪਣੇ ਮਨੁੱਖਾ ਜਨਮ ਦੀ ਸੰਭਾਲ ਕੀਤੀ ਜਾ ਸਕੇ। ਇਸ ਲਈ ਉਥੇ ਇਸ਼ਨਾਨ ਵਾਲਾ ਇਹ ਕਰਮ, ਕਿਸੇ ਬ੍ਰਾਹਮਣੀ ਕਰਮਕਾਂਡ, ਹਠ ਕਰਮ ਜਾਂ ਸੰਸਾਰਕ ਮਾਇਕ ਦੌੜ ਲਈ ਨਹੀਂ, ਕੇਵਲ ਤੇ ਕੇਵਲ ਗੁਰਮੱਤ ਪੱਖੋਂ ਹੀ ਹੈ।

ਇਸ ਲਈ ਉਥੇ ਵੀ ਜੇਕਰ ਮਨ ਰਾਹੀਂ ਕੀਤੀ ਜਾਣ ਵਾਲੀ ਕਰਤੇ ਦੀ ਸਿਫ਼ਤ ਸਲਾਹ ਵਾਲੇ ਵਿਸ਼ੇ ਨੂੰ ਉਸ ਤੋਂ ਵੱਖ ਕਰ ਦਿੱਤਾ ਜਾਵੇ ਜਾਂ ਕਿਸੇ ਕਾਰਣ ਉਸ ਪੱਖੌ ਲਾਪਰਵਾਹੀ ਕਰ ਦਿੱਤੀ ਜਾਵੇ। ਸਪਸ਼ਟ ਹੈ ਕਿ ਅਜਿਹੇ ਇਸ਼ਨਾਨ ਦਾ ਵੀ ਗੁਰਮੱਤ ਅਨੁਸਾਰ ਉਥੇ ਕੁੱਝ ਮਤਲਬ ਨਹੀਂ ਰਹਿ ਜਾਂਦਾ। ਦੂਜੇ ਲਫ਼ਜ਼ਾਂ `ਚ ਅਜਿਹੀ ਹਾਲਤ `ਚ ਅਜਿਹਾ ਇਸ਼ਨਾਨ ਵੀ ਹਠ ਕਰਮ ਤੇ ਕਰਮਕਾਂਡ ਜਾਂ ਨਿਜੀ ਸੰਸਾਰਕ ਲੋੜ ਹੀ ਬਣ ਕੇ ਰਹਿ ਜਾਂਦਾ ਹੈ। ਇਸ ਤਰ੍ਹਾਂ, ਅਜਿਹਾ ਹਠ ਕਰਮ ਅਥਵਾ ਕਰਮਕਾਂਡ, ਜਿਨ੍ਹਾਂ ਕਰਮਾਂ ਨੂੰ ਗੁਰਮੱਤ ਨੇ ਧਰਮ ਪੱਖੌਂ ਹਉਮੈ ਵਧਾਉਣ ਵਾਲੇ ਤੇ ਨਿਹਫਲ ਕਰਮ ਹੀ ਦੱਸਿਆ ਹੈ। ਇਸ ਤਰ੍ਹਾਂ ਸੱਚ ਧਰਮ ਦੇ ਮਾਰਗ `ਤੇ, ਅਜਿਹੇ ਕਰਮਾਂ ਨੂੰ ਉੱਕਾ ਪ੍ਰਵਾਣ ਨਹੀਂ ਕੀਤਾ ਗਿਆ।

ਤਾਂ ਤੇ ਜੇਕਰ ਉਸ ਇਸ਼ਨਾਨ ਤੋਂ ਬਾਅਦ ਸਾਧਸੰਗਤ `ਚ ਜਾ ਕੇ ਹਾਜ਼ਰੀ ਭਰਣ ਜਾਂ ਨਾਮ ਬਾਣੀ ਤੇ ਕਰਤੇ ਦੀ ਸਿਫ਼ਤ ਸਲਾਹ ਨਾਲ ਸਾਂਝ ਪਾਉਣਾ ਨਾ ਹੋਵੇ ਤਾਂ ਗੁਰਦੇਵ ਵੱਲੌਂ ਇਥੇ ਅਜਿਹੇ ਫੋਕਟ ਇਸ਼ਨਾਨ ਲਈ ਵੀ ਹਿਦਾਇਤ ਨਹੀਂ। ਅਜਿਹਾ ਇਸ਼ਨਾਨ, ਨਿਰਾ ਪੁਰਾ ਬ੍ਰਾਹਮਣੀ ਕਰਮ ਬਣ ਕੇ ਹੀ ਰਹਿ ਜਾਵੇਗਾ। ਕਿਉਂਕਿ ਇਥੇ ਤਾਂ “ਗੁਰ ਸਤਿਗੁਰ ਕਾ ਜੋ ਸਿਖੁ ਅਖਾਏ, ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਉਦਮੁ ਕਰੇ ਭਲਕੇ ਪਰਭਾਤੀ, ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ” ਵਾਲੀ ਹਿਦਾਇਤ `ਚ ਗੁਰਮੱਤ ਅਨੁਸਾਰ ਮੁੱਖ ਵਿਸ਼ਾ ਹੀ “ਹਰਿ ਨਾਮੁ ਧਿਆਵੈ” ਅਤੇ “ਅੰਮ੍ਰਿਤ ਸਰਿ ਨਾਵੈ” ਹੈ, ਨਾ ਕਿ ਕੇਵਲ “ਇਸਨਾਨੁ ਕਰੇ”। ਇਹੀ ਨਹੀਂ ਬਲਕਿ ਇਥੇ ਗੁਰਸਿੱਖ ਨੂੰ “ਸੁ ਭਲਕੇ ਉਠਿ” `ਚ ਭਲਕੇ ਵਾਲੇ ਵਿਸ਼ੇ ਦਾ ਵੀ ਗੁਰਮੱਤ ਅਨੁਸਾਰ ਤਾਂ ਹੀ ਸਬੰਧ ਹੈ, ਜੇ ਉਸ ਨਾਲ, ਨਾਮ ਬਾਣੀ ਤੇ ਕਰਤੇ ਦੀ ਸਿਫ਼ਤ ਸਲਾਹ ਵਾਲੀ ਹਿਦਾਇਤ `ਤੇ ਵੀ ਅਮਲ ਹੋਵੇ।

ਦਰਅਸਲ ਇਹ ਪੂਰੀ ਪੰਕਤੀ ਅਥਵਾ ਪੂਰਾ ਵਿਸ਼ਾ ਹੀ ਗੁਰਮੱਤ ਅਨੁਸਾਰ ਉਦੋਂ ਹੈ ਜਦੋਂ “ਗੁਰ ਸਤਿਗੁਰ ਕਾ ਜੋ ਸਿਖੁ ਅਖਾਏ, ਸੁ ਭਲਕੇ ਉਠਿ ਹਰਿ ਨਾਮੁ ਧਿਆਵੈ” `ਚ ਇਸ਼ਨਾਨ ਤੇ ਭਲਕੇ ਵਾਲੀ ਹਿਦਾਇਤ ਨੂੰ “ਹਰਿ ਨਾਮੁ ਧਿਆਵੈ” ਅਤੇ “ਅੰਮ੍ਰਿਤ ਸਰਿ ਨਾਵੈ” ਨਾਲ ਜੋੜ ਕੇ ਲਿਆ ਜਾਵੇ ਤਾਂ। ਇਸ ਤੋਂ ਬਾਅਦ ਜੇਕਰ ਇਸ ਸਲੋਕ `ਚੋਂ ਕੁੱਝ ਸੱਜਨ, ਸ਼ਬਦ “ਅੰਮ੍ਰਿਤ ਸਰਿ ਨਾਵੈ” ਤੋਂ ਅੰਮ੍ਰਿਤਸਰ ਨਗਰੀ ਲਈ ਲੈਂਦੇ ਹੋਣ ਤਾਂ ਉਨ੍ਹਾਂ ਦੀ ਜਾਣਕਾਰੀ ਲਈ ਵੀ ਇਥੇ “ਅੰਮ੍ਰਿਤ ਸਰਿ” ਨਗਰੀ ਦਾ ਨਾਮ ਨਹੀਂ ਜਿਹੜੀ ਕਿ ਇਸ ਸਲੋਕ ਦੀ ਰਚਨਾ ਤੱਕ, ਅਜੇ ਵੱਸੀ ਵੀ ਨਹੀਂ ਸੀ ਤੇ ਨਾ ਉਸ ਦਾ ਅਜੇ ਨਾਮਕਰਣ ਹੀ ਹੋਇਆ ਸੀ। ਇਥੇ “ਅੰਮ੍ਰਿਤ ਸਰਿ” ਦੇ ਅਰਥ ਵੀ ‘ਨਾਮ ਅੰਮ੍ਰਿਤ ਦਾ ਸਰੋਵਰ’ ਭਾਵ ਸਾਧਸੰਗਤ ਤੇ ‘ਨਾਵੈ’ ਦਾ ਅਰਥ ਵੀ ਸਾਧਸੰਗਤ `ਚ ਸ਼ਾਮਿਲ ਹੋਣਾ ਹੈ, ਸਰੀਰਕ ਇਸ਼ਨਾਨ ਨਹੀਂ।

“ਝਾਲਾਘੇ ਉਠਿ ਨਾਮੁ ਜਪਿ” -ਉਂਝ ਵੀ ਗੁਰਬਾਣੀ ਆਦੇਸ਼ਾਂ ਅਨੁਸਾਰ ਗੁਰਸਿੱਖ ਦੇ ਜੀਵਨ ਦਾ ਚਲਣ ਹੀ ਮਨ ਕਰਕੇ ਕਰਤੇ ਦੀ ਸਿਫ਼ਤ ਸਲਾਹ ਨਾਲ ਜੁੜਣਾ ਹੈ। ਬਲਕਿ ਗਹਿਰਾਈ `ਚ ਜਾਵੋ ਤਾਂ ਜਿਵੇਂ ਇਥੇ ਲਫ਼ਜ਼ ‘ਭਲਕੇ’ ਆਇਆ ਹੈ ਉਸੇ ਤਰ੍ਹਾਂ ਗੁਰਬਾਣੀ `ਚ ਇਸ ਦੇ ਲਈ “ਝਾਲਾਗੇ, ਪਿਛਲ ਰਾਤ, ਸਬਾਹੀ” ਆਦਿ ਲਫ਼ਜ਼ ਵੀ ਆਏ ਹਨ। ਜਦਕਿ ਹਰੇਕ ਥਾਵੇਂ ਉਸ ਸਾਰੇ ਦਾ ਮਕਸਦ ਕਰਤੇ ਦੀ ਸਿਫ਼ਤ ਸਲਾਹ ਨਾਲ ਜੁੜਣਾ ਹੀ ਹੈ। ਇਸੇ ਲਈ ਗੁਰਬਾਣੀ `ਚ ਸਿੱਖ ਨੂੰ ਹਿਦਾਇਤ ਹੀ ਪਹਿਰ ਰਾਤ ਰਹਿੰਦੀ ਜਾਗਣ ਦੀ ਹੈ, ਦਿਨ ਚੜ੍ਹੇ ਜਾਗਣਾ ਸਿੱਖੀ ਨੀਯਮ ਨਹੀਂ।

ਇਸ ਦੇ ਨਾਲ, ਉਸ ਸਾਰੇ ਦਾ ਤੇ ਹਰ ਥਾਵੇਂ ਆਧਾਰ ਵੀ ਕਰਤੇ ਦੀ ਸਿਫ਼ਤ ਸਲਾਹ ਨਾਲ ਜੁੜਣਾ ਹੀ ਸਪਸ਼ਟ ਕੀਤਾ ਹੋਇਆ ਹੈ। ਉਸ ਤੋਂ ਬਿਨਾ ਇਸ ਨੂੰ ਨਿਰਾ ਪੁਰਾ ਕਰਮਕਾਂਡ, ਹਠਕਰਮ, ਜਾਂ ਸੰਸਾਰਕ ਮਾਇਕ ਰੁਝੇਵੇਂ ਤੇ ਨਿਜੀ ਲੋੜ ਹੀ ਬਣ ਕੇ ਰਹਿ ਜਾਂਦਾ ਹੈ। ਇਸੇ ਤਰ੍ਹਾਂ, ਇਸ ਵਿਸ਼ੇ `ਤੇ ਇੱਕ ਹੋਰ ਗੁਰਬਾਣੀ ਫ਼ੁਰਮਾਨ “ਝਾਲਾਘੇ ਉਠਿ ਨਾਮੁ ਜਪਿ” ਨਿਸਿ ਬਾਸੁਰ ਆਰਾਧਿ॥ ਕਾਰ੍ਹਾ ਤੁਝੈ ਨ ਬਿਆਪਈ, ਨਾਨਕ ਮਿਟੈ ਉਪਾਧਿ” (ਪੰ: ੨੫੫) ਦੇਖਣਾ ਹੈ ਕਿ ਇਥੇ ਵੀ “ਝਾਲਾਘੇ ਉਠਿ” ਦਾ ਮੂਲ “ਗੁਰ ਸਤਿਗੁਰ ਕਾ ਜੋ ਸਿਖੁ ਅਖਾਏ, ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਉਦਮੁ ਕਰੇ ਭਲਕੇ ਪਰਭਾਤੀ, ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ” ਵਾਲਾ ਹੀ ਹੈ। ਭਾਵ ਇਥੇ ਵੀ ਸਿੱਖ ਨੂੰ ਜੋ ਹਿਦਾਇਤ ਹੈ ਉਹ ਇਹੀ ਹੈ ਕਿ ਉਸਨੇ “ਝਾਲਾਗੇ” ਤਾਂ ਉਠਣਾ ਹੈ ਪਰ ਇਸ ਲਈ ਉਠਣਾ ਹੈ ਕਿ “ਝਾਲਾਘੇ ਉਠਿ ਨਾਮੁ ਜਪਿ”। ਇਸੇ ਤਰ੍ਹਾਂ ਇਸੇ ਲਈ ਰਹਿਤ ਨਾਮਿਆਂ `ਚ ਲਫ਼ਜ਼ ਸਵਾ ਪਹਿਰ ਰਾਤ ਰਹਿੰਦੀ ਤੇ ਅੱਜ ਦੀ ਬੋਲੀ `ਚ ਇਸੇ ਨੂੰ ਗੁਰਸਿੱਖ ਨੂੰ ‘ਤੜਕੇ’ ਜਾਗਣ ਲਈ ਵੀ ਕਿਹਾ ਜਾਂਦਾ ਹੈ।

ਸਪਸ਼ਟ ਹੈ ਕਿ “ਝਾਲਾਘੇ ਉਠਿ ਨਾਮੁ ਜਪਿ” ਵੀ ਇਸ ਲਈ ਹੈ ਤਾਕਿ “ਨਿਸਿ ਬਾਸੁਰ ਆਰਾਧਿ” ਉਪ੍ਰੰਤ ਉਸੇ ਦਾ ਨਤੀਜਾ ਹੋਵੇਗਾ ਕਿ “ਕਾਰ੍ਹਾ ਤੁਝੈ ਨ ਬਿਆਪਈ, ਨਾਨਕ ਮਿਟੈ ਉਪਾਧਿ”। ਇਸ ਤਰ੍ਹਾਂ ਇਹ ਸਭ ਸਰੀਰਕ ਚੁਸਤੀ, ਨਿਖਾਰ ਤੇ ਅਰੋਗਤਾ ਦੀ ਲੋੜ ਇਸ ਲਈ ਤਾ ਕਿ ਦਿਨ ਦਾ ਬਾਕੀ ਸਮਾਂ ਵੀ ਕਰਤੇ ਦੀ ਸਿਫ਼ਤ ਸਲਾਹ `ਚ ਬਤੀਤ ਹੋਵੇ। ਜੇ ਅਜਿਹਾ ਨਹੀਂ ਤਾਂ ਉਸ ਪ੍ਰਾਪਤੀ ਤੋਂ ਬਿਨਾ, ਇਹ ਸਭ ਬੇਲੋੜਾ, ਬਿਰਥਾ, ਨਿਜੀ ਲੋੜ ਜਾਂ ਬ੍ਰਾਹਮਣੀ ਹਠ ਕਰਮ ਤੇ ਕਰਮਕਾਂਡ ਹੀ ਹੋਵੇਗਾ। ਇਹੀ ਨਹੀਂ ਇਸ “ਝਾਲਾਘੇ ਉਠਿ ਨਾਮੁ ਜਪਿ” ਵਾਲੇ ਗੁਰਪ੍ਰਮਾਣ `ਚ ਤਾਂ ਇਸ਼ਨਾਨ ਵਾਲੀ ਵਿਸ਼ਾ ਹੀ ਨਦਾਰਦ ਹੈ।

“ਅੰਮ੍ਰਿਤ ਸਰਿ ਨਾਵੈ” ? -ਕੁਝ ਸੱਜਨ, ਸਬੰਧਤ ਸਲੋਕ `ਚ ਸ਼ਬਦ “ਅੰਮ੍ਰਿਤ ਸਰਿ ਨਾਵੈ” ਤੋਂ ਮੌਜੂਦਾ ਅੰਮ੍ਰਿਤਸਰ ਨਗਰੀ ਦਾ ਪ੍ਰਭਾਵ ਲੈ ਲੈਂਦੇ ਹਨ, ਜੋ ਠੀਕ ਨਹੀਂ। ਉਨ੍ਹਾਂ ਦੀ ਜਾਣਕਾਰੀ ਲਈ ਇਥੇ “ਅੰਮ੍ਰਿਤ ਸਰਿ” ਨਗਰੀ ਦਾ ਨਾਮ ਨਹੀਂ। ਉਹ ਨਗਰੀ ਜਿਹੜੀ ਕਿ ਇਸ ਸਲੋਕ ਦੀ ਰਚਨਾ ਤੱਕ ਅਜੇ ਵੱਸੀ ਵੀ ਨਹੀਂ ਸੀ ਤੇ ਨਾ ਉਸ ਦਾ ਨਾਮਕਰਣ ਹੀ ਹੋਇਆ ਸੀ। ਇਸ ਲਈ ਇਥੇ “ਅੰਮ੍ਰਿਤ ਸਰਿ” ਦੇ ਅਰਥ ਵੀ ‘ਨਾਮ ਅੰਮ੍ਰਿਤ ਦਾ ਸਰੋਵਰ’ ਭਾਵ ਸਾਧਸੰਗਤ ਤੇ ‘ਨਾਵੈ’ ਦਾ ਅਰਥ ਵੀ ਸਾਧਸੰਗਤ `ਚ ਸ਼ਾਮਿਲ ਹੋਣਾ ਹੈ, ਸਰੀਰਕ ਇਸ਼ਨਾਨ ਨਹੀਂ।

“ਕੂੜ ਕੀ ਮਲੁ ਉਤਰੈ” - ਵਿਸ਼ੇ ਨੂੰ ਥੋੜਾ ਹੋਰ ਗਹਿਰਾਈ ਤੋਂ ਸਮਝਣ ਲਈ ਅਸੀਂ ਇਥੇ ਬਾਣੀ ‘ਆਸਾ ਕੀ ਵਾਰ’ ਦੀ ਪਉੜੀ ਦਸਵੀਂ ਦਾ ਵੀ ਇੱਕ ਸਲੋਕ ਲੈ ਰਹੇ ਹਾਂ ਜੋ ਇਸ ਤਰ੍ਹਾਂ ਹੈ “ਮਃ ੧॥ ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ॥ ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ॥ ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ॥ ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ॥ ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ॥ ਧਰਤਿ ਕਾਇਆ ਸਾਧ ਕੈ ਵਿਚਿ ਦੇਇ ਕਰਤਾ ਬੀਉ॥ ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ॥ ਦਇਆ ਜਾਣੇ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ॥ ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ॥ ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ॥ ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ॥ ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ॥ ੨ ॥” (ਪੰ: ੪੬੮)। ਇਸ ਤੋਂ ਬਾਅਦ ਇਸ ਸਲੋਕ ਦੇ ਅਰਥ ਭਾਵ ਇਹ ਹਨ:-

“ਜਦੋਂ ਮਨੁੱਖ ਦੀ ਜੀਵਨ ਰਹਿਣੀ `ਚੋਂ ਕਰਤੇ ਦੇ ਗੁਣ ਪ੍ਰਗਟ ਹੁੰਦੇ ਹੋਣ ਤਾਂ ਸਮਝ ਲਵੋ ਕਿ ਸੰਸਾਰ ਦਾ ਮੂਲ, ਅਕਾਲਪੁਰਖ ਉਸ ਦੇ ਹਿਰਦੇ ਅਥਵਾ ਮਨ `ਚ ਟਿਕ ਗਿਆ ਹੈ। (ਇਸ ਤਰ੍ਹਾਂ ਜਦੋਂ ਕਰਤਾ ਕਿਸੇ ਮਨੁੱਖ ਦੇ ਹਿਰਦੇ ਘਰ ਭਾਵ ‘ਮਨ’ `ਚ ਵੱਸ ਜਾਂਦਾ ਹੈ ਤਾਂ ਉਸ ਦੀ ਪਛਾਣ ਹੁੰਦੀ ਹੈ ਕਿ) ਮਨੁੱਖ ਦੇ ਮਨ ਤੋਂ ਮਾਇਆ ਦੇ ਮੋਹ ਵਾਲਾ ਪ੍ਰਭਾਵ (ਕੂੜ) ਦੂਰ ਹੋ ਜਾਂਦਾ ਹੈ, ਜੀਵਨ `ਚ ਸੰਸਾਰ ਦੇ ਨਾਸ਼ਮਾਨ ਰਸਾਂ ਦੀ ਪਕੜ ਨਹੀਂ ਰਹਿੰਦੀ। (ਪ੍ਰਭੂ ਰੰਗ `ਚ ਰੰਗੇ ਹੋਣ ਕਾਰਣ ਮਨੁੱਖ ਦੇ) ਸਰੀਰਕ ਚਲਣ `ਚ ਵੀ ਨਿਖਾਰ ਆ ਜਾਂਦਾ ਹੈ। ਚਲਣ `ਚੋਂ ਅਕਾਲਪੁਰਖੀ ਗੁਣ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਹਨ। (ਮਨੁੱਖ ਦੇ ਗਿਆਨ ਤੇ ਕਰਮ ਇੰਦਰੇ ਕੱਚੇ ਰਸਾਂ ਵੱਲ ਜਾਣੋਂ ਹਟ ਜਾਂਦੇ ਹਨ। (ਸਰੀਰ ਦਾ ਵਿਕਾਰਾਂ-ਅਉਗਣਾਂ ਵੱਲੋਂ ਇਸ਼ਨਾਨ ਹੋ ਜਾਂਦਾ ਹੈ। ਜਿਵੇਂ ਸਰੀਰਕ ਇਸ਼ਨਾਨ ਨਾਲ ਪਿੰਡੇ ਦੀ ਮੈਲ ਉਤਰ ਜਾਂਦੀ ਹੈ, ਪ੍ਰਭੂ ਦੀ ਸਿਫ਼ਤ ਸਲਾਹ ਵੀ ਮਨੁੱਖ ਅੰਦਰੋਂ ਵਿਕਾਰਾਂ-ਅਉਗੁਣਾਂ ਦੀ ਮੈਲ ਨੂੰ ਧੋ ਦਿੰਦੀ ਹੈ।

ਜਦੋਂ ਕਿਸੇ ਮਨੁੱਖ ਦੀ ਜੀਵਨ ਰਹਿਣੀ `ਚ ਕਰਤਾ ਟਿੱਕ ਜਾਵੇ ਤਾਂ ਅਜਿਹੀ ਅਵਸਥਾ `ਚ ਮਨੁੱਖ -ਸੋਚਣੀ, ਰਹਿਣੀ, ਤੇ ਕਰਣੀ ਕਰਕੇ ਹਰ ਸਮੇਂ ਪ੍ਰਭੂ ਨਾਲ ਹੀ ਜੁੜਿਆ ਰਹਿੰਦਾ ਹੈ। (ਮਨ ਦੀ ਇਸ ਅਵਸਥਾ ਦੀ ਪਛਾਣ ਹੁੰਦੀ ਹੈ) ਕਰਤੇ ਦੀਆਂ ਬਾਤਾਂ ਸੁਣ ਕੇ ਮਨੁੱਖ ਦੇ ਮਨ `ਚ ਖੇੜਾ ਪੈਦਾ ਹੁੰਦਾ ਹੈ। ਅਜਿਹਾ ਮਨੁੱਖ ਜੀਵਨਮੁਕਤ ਹੋ ਜਾਂਦਾ ਹੈ (ਜੀਊਂਦੇ ਜੀਅ ਕਰਤੇ ਨਾਲ ਇੱਕ ਮਿਕ ਹੋ ਜਾਂਦਾ ਹੈ।

ਜਦੋਂ ਮਨੁੱਖ ਦੇ ਫੁਰਣੇ ਮਾਇਕ ਛਲਾਂ ਵੱਲੋਂ ਹਟ ਜਾਂਦੇ ਹਨ ਤੇ ਉਸ `ਚ ਜੀਵਨ ਜੀਊਣ ਲਈ ਸੱਚੀ ਜੁਗਤ ਪ੍ਰਗਟ ਹੋ ਜਾਂਦੀ ਹੈ। ਸਮਝਣਾ ਹੈ ਕਿ ਪ੍ਰਭੂ ਆਪ ਉਸ ਦੇ ਹਿਰਦੇ `ਚ ਵੱਸ ਚੁੱਕਾ ਹੈ। (ਅਜਿਹੀ ਅਵਸਥਾ ਦੀ ਪਛਾਣ ਹੈ ਕਿ ਮਨੁੱਖ) ਸਰੀਰ ਰੂਪੀ ਧਰਤੀ ਨੂੰ ਤਿਆਰ ਕਰਕੇ ਇਸ `ਚ ਪ੍ਰਭੂ ਦੀ ਸਿਫ਼ਤ ਸਲਾਹ ਵਾਲਾ ਹੀ ਬੀਜ ਬੀਜਦਾ ਤੇ ਪਾਂਦਾ ਹੈ। (ਉਸ ਨੂੰ ਸੰਸਾਰ ਦੇ ਕੱਚੇ ਰਸ ਤੇ ਸੰਸਾਰਕ ਉਤਾਰ-ਚੜ੍ਹਾਵ ਨਹੀਂ ਪੋਹੰਦੇ)।

ਜਦੋਂ ਮਨੁੱਖ ਦਾ ਸੁਭਾਅ ਸੱਚੇ ਗੁਰੂ ਦੀ ਸਿੱਖਿਆ `ਚ ਪਰਚ ਜਾਂਦਾ ਹੈ ਤਾਂ ਪ੍ਰਭੂ ਆਪ ਉਸ ਹਿਰਦੇ ਘਰ `ਚੋਂ ਪ੍ਰਗਟ ਹੋ ਰਿਹਾ ਹੁੰਦਾ ਹੈ। ਜੀਵਨ ਦੀ ਅਜਿਹੀ ਉਭਰੀ ਹੋਈ ਅਵਸਥਾ `ਚ ਮਨੁੱਖ ਦੇ ਕਰਮ ਪਰਉਪਕਾਰੀ ਬਿਰਤੀ ਤੇ ਦੂਜਿਆਂ `ਤੇ ਦਇਆ ਕਰਣ ਵਾਲੇ ਹੋ ਜਾਂਦੇ ਹਨ। (ਅਜਿਹੇ ਜੀਵਨ ਅੰਦਰ ਇਹ ਗੁਣ ਦਿਖਾਵੇ ਮਾਤ੍ਰ ਜਾਂ ਹਉਮੈ ਆਧਾਰਿਤ ਨਹੀਂ ਰਹਿੰਦੇ ਬਲਕਿ ‘ਸਿਖ ਸਚੀ ਲੇਇ’ ਅਤੇ ‘ਕਿਛੁ ਪੁੰਨੁ ਦਾਨੁ ਕਰੇਇ’ ਕਾਰਣ ਸੁਭਾਅ ਕਰਕੇ, ਸੱਚੇ ਗੁਰੂ ਦੀ ਸਿੱਖਿਆ ਅਨੁਸਾਰ ਹੁੰਦੇ ਹਨ।

ਮਨੁੱਖ (ਬ੍ਰਾਹਮਣੀ ਤੀਰਥਾਂ `ਤੇ ਭਟਕਣ ਦੀ ਬਜਾਇ) ਆਪਣੇ ਧੁਰ ਅੰਦਰਲੇ (ਆਤਮ) ਤੀਰਥ `ਤੇ ਟਿਕ ਜਾਂਦਾ ਹੈ। (ਅੰਦਰ ਵੱਸ ਰਹੇ ਪ੍ਰਭੂ ਨਾਲ ਇੱਕ ਮਿਕ ਹੋ ਜਾਂਦਾ) ਤਾਂ ਜੀਵਨ `ਚ ਅਜਿਹੀ ਪ੍ਰਗਟ ਹੋ ਚੁੱਕੀ ਅਵਸਥਾ ਤੋਂ ਸਮਝ ਲੈਣਾ ਹੈ ਕਿ ਪ੍ਰਭੂ ਆਪ ਉਸ ਦੇ ਹਿਰਦੇ ਘਰ `ਚ ਟਿਕਿਆ ਹੋਇਆ ਹੈ। ਉਸ ਦੀ (ਪਹਿਚਾਣ ਹੁੰਦੀ ਹੈ ਕਿ ਮਨੁੱਖ) ‘ਸਤਿਗੁਰੂ ਨੋ ਪੁਛਿ ਕੈ’ ਸਤਿਗੁਰੂ ਦੀ ਸਿੱਖਿਆ ਮੁਤਾਬਕ ਹੀ ਵਿਚਰਦਾ ਹੈ (ਮਨਮੁਖੀ ਹੋ ਕੇ ਨਹੀਂ ਵਿਚਰਦਾ)।

ਗੁਰਦੇਵ ਦਾ ਫ਼ੈਸਲਾ ਹੈ ਕਿ ਪ੍ਰਭੂ ਨਾਲ ਆਤਮਕ ਪੱਖੋਂ ਇੱਕ-ਮਿਕ ਹੋ ਕੇ ਹੀ ਮਨੁੱਖ ਦੇ ਜੀਵਨ `ਚ ਇਲਾਹੀ ਤੇ ਆਤਮਕ ਗੁਣ ਆ ਸਕਦੇ ਹਨ ਅਤੇ ਇਹੀ ਹੈ ਉਜਲੇ, ਸੁਅੱਛ, ਅਉਗੁਣ ਰਹਿਤ ਜੀਵਨ ਲਈ ਅਚੂਕ ਔਸ਼ਧੀ। ‘ਪਾਪ ਕਢੈ ਧੋਇ’ ਅਜਿਹੇ ਮਨੁੱਖਾ ਜੀਵਨ `ਚੋਂ ਸਾਰੀਆਂ ਕਮਜ਼ੋਰੀਆਂ-ਅਉਗੁਣਾਂ-ਵਿਕਾਰਾਂ ਦਾ ਨਾਸ ਹੋ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ, ਮਾਨੋ ਸਡੇ ਵੱਲੋਂ ਹੋ ਕੇ ਬੇਨਤੀ ਕਰਦੇ ਹਨ (ਹੇ ਅਕਾਲਪੁਰਖ! ਮੈਨੂੰ ਅਜਿਹੇ ਲੋਕਾਂ ਦਾ ਸੰਗ ਬਖਸ਼ ਜਿਨ੍ਹਾਂ ਦੇ ਹਿਰਦੇ `ਚ ਤੂੰ ਆਪ ਟਿਕਿਆ ਹੋਵੇਂ। ੨।

“ਗਾਵਹੁ ਸੁਣਹੁ ਪੜਹੁ ਨਿਤ ਭਾਈ” - ਦਿੱਤੇ ਜਾ ਚੁੱਕੇ ਸਲੋਕ “ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ” `ਚ ਵੀ ਦੇਖ ਲਿਆ ਜਾਏ ਤਾਂ ਇਥੇ ਵੀ ਸਾਰਾ ਵਿਸ਼ਾ ਹੀ ਆਤਮਕ ਜੀਵਨ ਦੀ ਸੰਭਾਲ ਭਾਵ ‘ਮਨ’ ਦੀ ਤਿਆਰੀ ਦਾ ਹੈ। ਇਹ ਵਿਸ਼ਾ ਸਰੀਰਕ ਹਠ ਕਰਮਾ, ਸਰੀਰਕ ਸਾਧਨਾਵਾਂ ਦਾ ਹੈ ਹੀ ਨਹੀਂ। ਕਿਉਂਕਿ ਸੰਪੂਰਣ ਗੁਰਬਾਣੀ ਦਾ ਮੂਲ ਹੀ ਮਨ ਦੀ ਸੰਭਾਲ ਹੈ, ਨਾ ਕਿ ਸਰੀਰਕ ਹਠਕਰਮਾਂ ਤੇ ਕਰਮਕਾਂਡਾਂ ਰਸਤੇ ਪ੍ਰਭੂ ਪ੍ਰਾਪਤੀ ਦਾ। ਸਚਾਈ ਵੀ ਇਹ ਹੈ ਕਿ ਜੇਕਰ ਮਨ ਦੀ ਸੰਭਾਲ ਹੋਵੇਗੀ ਤਾਂ ਲੋੜ ਅਨੁਸਾਰ ਉਸ ਤੋਂ ਸਰੀਰ ਵਾਲਾ ਪੱਖ ਆਪਣੇ ਆਪ ਵਿੱਚੇ ਆ ਜਾਵੇਗਾ।

ਇਹੀ ਨਹੀਂ ਬਲਕਿ ਸਰੀਰ ਨੂੰ ਬਚਾਉਣਾ ਕਿਥੋਂ-ਕਿਥੋਂ ਹੈ? ਜਦਕਿ ਗੁਰਬਾਣੀ ਅਨੁਸਾਰ ਉਹ ਵਿਸ਼ਾ ਵੀ ਮਨ ਦਾ ਹੀ ਹੈ, ਸਰੀਰ ਉਥੇ ਵੀ ਗਉਣ ਤੇ ਦੂਜੇ ਨੰਬਰ `ਤੇ ਹੀ ਹੈ। ਇਸ ਲਈ ਜੇਕਰ ਸਰੀਰ ਨੂੰ ਵਿਕਾਰਾਂ, ਅਉਗੁਣਾ, ਮੰਦਕਰਮਾ ਤੋਂ ਬਚਾਉਣਾ ਹੈ ਤਾਂ ਉਹ ਵਿਸ਼ਾ ਵੀ ਗੁਰਬਾਣੀ ਗਿਆਨ ਰਾਹੀਂ ਮਨ ਦੀ ਸੰਭਾਲ ਤੇ ਮਨ ਦੀ ਖ਼ੁਰਾਕ ਦਾ ਹੀ ਹੈ। ਕਿਉਂਕਿ ਜਿਸ ਤਰ੍ਹਾਂ ਦੀ ਕਿਸੇ ਦੇ ਮਨ ਦੀ ਤਿਆਰੀ ਹੋਵੇਗੀ, ਸਰੀਰ ਤਾਂ ਆਪਣੇ ਆਪ ਹੀ ਉਸ ਪਿਛੇ ਲਗ ਟੁਰੇਗਾ। ਇਸ ਦੇ ਉਲਟ, ਗੁਰਬਾਣੀ ਅਨੁਸਾਰ ਸਾਰੇ ਹੀ ਸਰੀਰਕ ਹਠ ਕਰਮ, ਭੇਖ, ਤਪ ਸਾਧਨਾਵਾਂ, ਕਰਮਕਾਂਡ ਆਦਿ ਤਾਂ ਮਨ `ਚ ਹਉਮੈ ਨੂੰ ਹੀ ਜਨਮ ਦਿੰਦੇ ਤੇ ਵਧਾਉਂਦੇ ਹਨ। ਹਉਮੈ ਨੂੰ ਪੱਕਾ ਕਰਦੇ ਹਨ ਤੇ ਵਿਕਾਰਾਂ ਅਉਗੁਣਾਂ ਇਥੋਂ ਤੱਕ ਕਿ ਬਹੁਤ ਵਾਰੀ ਵੱਡੇ ਵੱਡੇ ਜੁਰਮਾ ਤੱਕ ਨੂੰ ਵੀ ਰਸਤਾ ਦਿੰਦੇ ਹਨ।

ਬਲਕਿ ਉਪ੍ਰੋਕਤ ਸਲੋਕ `ਚ ਵੀ ਜੇ ਕਰ “ਕਿਛੁ ਪੁੰਨੁ ਦਾਨੁ ਕਰੇਇ” ਜਾਂ “ਦਾਨ-ਪੁੰਨ, ਦਇਆ, ਤੀਰਥ-ਇਸ਼ਨਾਨ ਤੇ ਪਾਪ” ਆਦਿ ਜੋ ਸ਼ਬਦਾਵਲੀ ਆਈ ਹੈ ਤਾਂ ਉਹ ਵੀ ਬ੍ਰਾਹਮਣੀ ਅਰਥਾਂ `ਚ ਨਹੀਂ ਆਈ। ਇਸ ਤਰ੍ਹਾਂ ਇੱਥੇ ਸਲੋਕ `ਚ ਵੀ ਉਹ ਸਾਰੇ ਲਫ਼ਜ਼ ਨਿਰੋਲ ਗੁਰਮੱਤ ਦੇ ਬਦਲਵੇਂ ਅਰਥਾਂ `ਚ ਆਏ ਹਨ। ਜਿਵੇਂ ਇਸ਼ਨਾਨ ਤਾਂ ਕਰਣਾ ਹੈ ਪਰ ਬ੍ਰਾਹਮਣੀ ਤੀਰਥਾਂ `ਤੇ ਜਾ ਕੇ ਨਹੀਂ, ‘ਆਤਮ ਤੀਰਥ’ `ਤੇ। ਦਾਨ-ਪੁੰਨ ਕਰਣੇ ਹਨ ਪਰ ਬ੍ਰਾਹਮਣੀ ਆਦੇਸ਼ਾਂ ਅਨੁਸਾਰ ਨਹੀਂ ਬਲਕਿ ‘ਸਤਿਗੁਰੂ ਨੋ ਪੁਛਿ ਕੈ’ ਕਰਣੇ ਹਨ ਭਾਵ ਸਤਿਗੁਰੂ ਅਥਵਾ ਗੁਰੂ-ਗੁਰਬਾਣੀ ਦੀ ਸਿਖਿਆ ਅਨਸੁਾਰ। ਇਸ ਤਰ੍ਹਾਂ ਇਸ ਸਲੋਕ `ਚ ਵੀ ਸਪਸ਼ਟ ਕੀਤਾ ਗਿਆ ਹੈ ਕਿ ਮਨ ਕਰਕੇ ਸਚਿਆਰੇ ਜੀਵਨ ਦੀ ਪ੍ਰਾਪਤੀ ਲਈ ਕੇਵਲ ਗੁਰੂ-ਗੁਰਬਾਣੀ ਦੀ ਸਿੱਖਿਆ `ਤੇ ਹੀ ਅਮਲ ਕਰਣਾ ਹੈ।

ਇਸੇ ਤਰ੍ਹਾਂ “ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ, ਮਨ ਤਨ ਭਏ ਅਰੋਗਾ॥ ਕੋਟਿ ਬਿਘਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ॥ ੧ ॥ ਪ੍ਰਭ ਬਾਣੀ ਸਬਦੁ ਸੁਭਾਖਿਆ॥ ਗਾਵਹੁ ਸੁਣਹੁ ਪੜਹੁ ਨਿਤ ਭਾਈ, ਗੁਰ ਪੂਰੈ ਤੂ ਰਾਖਿਆ॥ ਰਹਾਉ॥ …” (ਪ: ੬੧੧) ਸਬੰਧਤ ਸ਼ਬਦ `ਚ ਵੀ ਗੁਰਦੇਵ ਫ਼ੁਰਮਾਉਂਦੇ ਹਨ, ਐ ਭਾਈ! ਤੂੰ ਇਸ਼ਨਾਨ ਕਰ ਪਰ ਇਸ ਲਈ ਕਰ, ਤਾ ਕਿ ਉਸ ਤੋਂ ਤੇਰੇ ਮਨ `ਚ ਨਿਖਾਰ ਆਵੇ। ਉਪ੍ਰੰਤ ਉਸੇ ਮਨ ਦੇ ਨਿਖਾਰ ਤੋਂ ਹੀ ਤੇਰੇ ਸਰੀਰ `ਚ ਵੀ ਅਰੋਗਤਾ ਤੇ ਨਿਖਾਰ ਆਵੇ। ਇਸ ਲਈ ਉਹ ਇਸ਼ਨਾਨ ਤੂੰ ਕਿਸੇ ਫ਼ਰਜ਼ੀ ਮਹਾਤਮ ਆਦਿ ਦੇ ਵਿਸ਼ਵਾਸ `ਚ ਜਾਂ ਕਰਮਕਾਂਡੀ ਹੋ ਕੇ ਨਹੀਂ ਕਰਣਾ। ਉਹ ਇਸ਼ਨਾਨ ਤੁੰ ਇਸ ਲਈ ਕਰਣਾ ਹੈ ਤਾਕਿ ਤੇਰੇ ਮਨ ਤੇ ਸਰੀਰ `ਚ ਨਿਖਾਰ ਤੇ ਅਰੋਗਤਾ ਅਵੇ। ਉਪ੍ਰੰਤ ਉਸ ਚੁਸਤੀ ਦਾ ਲਾਭ ਲੈ ਕੇ ਤੂੰ “ਸਿਮਰਿ ਪ੍ਰਭੁ ਅਪਨਾ” ਭਾਵ ਕਰਤੇ ਦੀ ਸਿਫ਼ਤ ਸਲਾਹ `ਚ ਜੁੜ ਸਕੇਂ। ਉਸੇ ਦਾ ਨਤੀਜਾ ਹੋਵੇਗਾ ਕਿ ਜੀਵਨ ਭਰ ਤੇਰੇ `ਚ, ਪ੍ਰਭੂ ਦਰ `ਤੇ ਪ੍ਰਵਾਣ ਹੋਣ ਲਈ ਜਿੱਤਣੀਆਂ ਵੀ ਸੰਭਾਵਤ ਰੁਕਾਵਟਾਂ ਆ ਸਕਦੀਆਂ ਹਨ, ਉਹ ਸਾਰੀਆਂ ਆਪਣੇ ਆਪ ਮੁੱਕ ਜਾਣਗੀਆਂ ਤੇ ਕਰਤੇ ਨਾਲ ਤੇਰੀ ਸਾਂਝ ਬਣ ਆਵੇਗੀ।

“ਹਠੁ ਕਰਿ ਮਰੈ ਨ ਲੇਖੈ ਪਾਵੈ” - ਸਮਝਣਾ ਹੈ ਕਿ ਪੁਰਾਤਨ ਸਮੇਂ ਤੋਂ ਬ੍ਰਾਹਮਣ ਰਾਹੀਂ ਸੁੱਚਾਂ-ਭਿਟਾਂ, ਚੌਂਕੇ ਕਾਰਾਂ, ਟੂਣਿਆਂ-ਪ੍ਰਛਾਵਿਆਂ, ਜਨਮ ਪਤ੍ਰੀਆਂ, ਰਾਸ਼ੀ ਫਲ, ਟੇਵੇ, ਕੂੰਡਲਣੀਆਂ, ਵਰਣਵੰਡ ਆਦਿ `ਤੇ ਆਧਾਰਤ ਅਨੇਕਾਂ ਕਰਮਕਾਂਡ ਤੇ ਪ੍ਰਚਲਤ ਜਿਤਨੇ ਵੀ ਵਹਿਮ-ਭਰਮ ਹਨ, ਗੁਰਮੱਤ ਉਨ੍ਹਾਂ ਚੋਂ ਇੱਕ ਨੂੰ ਵੀ ਪ੍ਰਵਾਣ ਨਹੀਂ ਕਰਦੀ। ਇਹੀ ਨਹੀਂ ਬਲਕਿ ਬ੍ਰਾਹਮਣ ਅਨੁਸਾਰ ਜਿਤਨੇ ਵੀ ਤਪ ਹੱਠ ਕਰਮ ਤੇ ਸਰੀਰਕ ਸਾਧਨਾਵਾਂ ਹਨ, ਗੁਰਮੱਤ ਨੇ ਉਨ੍ਹਾਂ ਨੂੰ ਵੀ ਜੀਵਨ ਦੀ ਸਫ਼ਲਤਾ ਤੇ ਸੱਚ ਧਰਮ ਦੇ ਮਾਰਗ ਲਈ, ਫੋਕਟ ਕਰਮ, ਬਲਕਿ ਹਉਮੈ ਨੂੰ ਵਧਾਉਣ ਵਾਲੇ ਤੇ ਕਰਤੇ ਤੋਂ ਦੁਰੇਡੇ ਜਾਣ ਵਾਲੇ ਹੀ ਕਿਹਾ ਹੈ। ਕਿਉਂਕਿ ਉਨ੍ਹਾਂ ਸਾਰਿਆਂ ਦਾ ਸਬੰਧ ਕੇਵਲ ਸਰੀਰ ਨਾਲ ਹੈ। ਜਦਕਿ ਗੁਰਮੱਤ ਅਨੁਸਾਰ ਸੱਚ ਧਰਮ ਦੀ ਪ੍ਰਾਪਤੀ ਦਾ ਮਾਰਗ ਹੀ ‘ਮਨ’ ਦੀ ਸੰਭਾਲ ਤੇ ਇਸਨੂੰ ਕਰਤੇ ਦੀ ਸਿਫ਼ਤ ਸਲਾਹ `ਚ ਰੰਗਨਾ ਹੈ।

ਇਸੇ ਲਈ ਜੀਵਨ ਦੇ ਸਫ਼ਲ ਜਾਂ ਅਸਫ਼ਲ ਹੋਣ ਦਾ ਮੂਲ ਵੀ ਮਨ ਹੈ ਨਾ ਕਿ ਸਰੀਰ ਜਾਂ ਸਰੀਰਕ ਹੱਠ ਕਰਮ ਤੇ ਬਾਹਰੀ ਕਰਮ ਕਾਂਡ। ਉਂਜ ਵੀ ਗੁਰਮੱਤ ਸਹਿਜ ਦਾ ਮਾਰਗ ਹੈ, ਹਠ ਕਰਮ ਦਾ ਨਹੀਂ ਜਿਵੇਂ “ਹਠੁ ਕਰਿ ਮਰੈ ਨ ਲੇਖੈ ਪਾਵੈ॥ ਵੇਸ ਕਰੈ ਬਹੁ ਭਸਮ ਲਗਾਵੈ॥ ਨਾਮੁ ਬਿਸਾਰਿ ਬਹੁਰਿ ਪਛੁਤਾਵੈ” (ਪੰ: ੨੨੬)। ਫ਼ਿਰ ਇਹੀ ਨਹੀਂ ਬਲਕਿ ਇਸ ਵਿਸ਼ੇ ਨਾਲ ਸਬੰਧਤ ਬੇਅੰਤ ਗੁਰਬਾਣੀ `ਚ ਫ਼ੁਰਮਾਨ ਹਨ ਅਤੇ ਇਸ ਨੂੰ ਇਥੇ ਹੋਰ ਲਮੇਰਾ ਕਰਣ ਦੀ ਲੋੜ ਨਹੀਂ।

“ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ” -ਕਈ ਸੱਜਨ ਮਿਲਦੇ ਹਣ ਜਿਹੜੇ ਮਨੁੱਖਾ ਸਰੀਰ ਅੰਦਰ ਦਿਲ ਜਾਂ ਦਿਮਾਗ਼ ਨੂੰ ਹੀ ‘ਮਨ’ ਸਮਝ ਲੈਂਦੇ ਤੇ ਮੰਣਦੇ ਹਨ, ਜਦਕਿ ਗੁਰਬਾਣੀ ਅਨੁਸਾਰ ਇਹ ਸੱਚ ਨਹੀਂ। ਸਾਡੇ ਸਰੀਰ ਅੰਦਰ ਦਿਲ ਤੇ ਦਿਮਾਗ਼, ਦੋਵੇਂ ਸਰੀਰ ਦੇ ਸਥੂਲ ਅੰਗ ਹਨ ਜਿਨ੍ਹਾਂ ਦੀ ਚੀਰ-ਫਾੜ ਤੇ ਜਿਨ੍ਹਾਂ ਦਾ ਇਲਾਜ ਵੀ ਹੋ ਸਕਦਾ ਤੇ ਹੁੰਦਾ ਵੀ ਹੈ। ਜਦਕਿ ਸੰਪੂਰਣ ਗੁਰਬਾਣੀ `ਚ ਮਨ ਵਾਲੇ ਜਿਸ ਵਿਸ਼ੇ ਨੂੰ ਨਿਭਾਇਆ ਗਿਆ ਹੈ, ਉਹ ਸਾਡੇ ਸਰੀਰ ਦਾ ਸਥੂਲ ਅੰਗ ਨਹੀਂ ਬਲਕਿ ਵਿਚਾਰਾਂ ਤੇ ਕਰਮਾਂ-ਸੰਸਕਾਰਾ ਦਾ ਸਮੂਹ ਹੈ। ਅਜਿਹੇ ਮਨ ਦੇ ਇਲਾਜ ਤੇ ਇਸ ਨੂੰ ਜੀਵਨ ਦੇ ਸਿਧੇ ਰਾਹ ਪਾਉਣ ਲਈ ਕੇਵਲ ਗੁਰਬਾਣੀ ‘ਜੀਵਨ ਜਾਚ’ ਦੀ ਹੀ ਲੋੜ ਹੈ। ਗੁਰਬਾਣੀ ਤੋਂ ਉਹ ਜੀਵਨ ਜਾਚ, ਜਿਸ ਤੋਂ ਬਿਨਾ ਕੁਰਾਹੇ ਪਿਆ ਸਾਡਾ ਮਨ, ਸਾਡੇ ਅਮੁਲੇ ਤੇ ਦੁਰਲਭ ਮਨੁੱਖਾ ਜਨਮ ਨੂੰ ਹੀ ਬਿਰਥਾ ਕਰ ਦਿੰਦਾ ਹੈ। ਗੁਰਬਾਣੀ ਅਨੁਸਾਰ ਮਨੁੱਖਾ ਸਰੀਰ ਅੰਦਰ ਸਾਡੇ ਵਿਚਾਰਾਂ-ਕਰਮਾਂ-ਸੰਸਕਾਰਾ ਦਾ ਸਮੂਹ ਇਹ ਮਨ ਹੀ ਹੈ ਜੋ ਜੀਵ ਲਈ ਪ੍ਰਭੂ ਮਿਲਾਪ ਤੇ ਜੀਵਨ ਦੀ ਸਫ਼ਲਤਾ ਦਾ ਇਕੋ-ਇੱਕ ਸਾਧਨ ਹੈ।

ਗੁਰਬਾਣੀ ਗਿਆਨ ਦੀ ਕਮਾਈ ਨਾ ਕਰਣ ਕਰਕੇ, ਇਸ ਮਨ `ਚ ਪੈਦਾ ਹੋ ਜਾਣ ਵਾਲੀ ਮੈਂ ਮੇਰਾ, ਅਹੰ ਤੇ ਹਊਮੈ ਵਾਲੀ ਪਰਵ੍ਰਿਤੀ ਹੀ ਮਨ ਦੀ ਪ੍ਰਭੂ ਤੋਂ ਅੱਡਰੀ ਹੋਂਦ ਕਾਇਮ ਕਰਣ ਦਾ ਕਾਰਣ ਬਣਦੀ ਹੈ। ਜਦਕਿ ਮਨੁੱਖਾ ਜੂਨ ਸਮੇਂ ਜੀਵ ਨੂੰ ਇਹ ਮਨ ਵਾਲੀ ਦਾਤ ਮਿਲਦੀ ਵੀ ਕੇਵਲ ਪ੍ਰਭੂ ਮਿਲਾਪ ਦੇ ਸਾਧਨ ਵਜੋਂ ਹੀ ਹੈ। ਉਪ੍ਰੰਤ ਇਸੇ ਹਉਮੈ ਤੋਂ ਜੀਵ ਦੇ ਚੰਗੇ-ਮਾੜੇ, ਕਰਮਾਂ-ਸੰਸਕਾਰਾਂ ਦਾ ਸਮੂਹ ਵੀ ਇਹ ਮਨ ਹੀ ਹੁੰਦਾ ਹੈ। ਹਉਮੈ ਅਧੀਨ ਕਰਮਾਂ-ਸੰਸਕਾਰਾਂ ਦੇ ਬਣ ਚੁੱਕੇ ਸਮੂਹ, ਇਸ ਮਨ ਕਾਰਣ ਮਨੁੱਖ ਨੂੰ ਮੁੜ-ਮੁੜ ਜੂਨਾਂ-ਜਨਮਾਂ ਦੇ ਚਕਰਾਂ `ਚ ਪੈਣਾ ਪੈਂਦਾ ਹੈ। ਉਸੇ ਦਾ ਨਤੀਜਾ “ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ, ਕਾਲਾ ਹੋਆ ਸਿਆਹੁ॥ ਖੰਨਲੀ ਧੋਤੀ ਉਜਲੀ ਨ ਹੋਵਈ, ਜੇ ਸਉ ਧੋਵਣਿ ਪਾਹੁ” (ਪੰ: ੬੫੧)। ਇਸ ਦੇ ਉਲਟ, ਜੇਕਰ ਮਨੁੱਖ “ਗੁਰ ਪਰਸਾਦੀ ਜੀਵਤੁ ਮਰੈ, ਉਲਟੀ ਹੋਵੈ ਮਤਿ ਬਦਲਾਹੁ॥ ਨਾਨਕ ਮੈਲੁ ਨ ਲਗਈ, ਨਾ ਫਿਰਿ ਜੋਨੀ ਪਾਹੁ” (ਪੰ: ੬੫੧) #G00107-Is012.02.012# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।




.