.

ਧੂੰਦਾ ਸੰਕਟ ਬਨਾਮ ‘ਅਕਾਲ-ਤਖਤ’ ਵਿਵਸਥਾ

ਪਿੱਛੇ ਜਿਹੇ ਧਰਮ-ਪ੍ਰਚਾਰਕ ਦੇ ਤੌਰ ਤੇ ਆਪਣੀ ਵਿਦੇਸ਼ ਫੇਰੀ ਦੌਰਾਨ ਖਬਰਾਂ ਵਿੱਚ ਆਏ ਭਾਈ ਸਰਬਜੀਤ ਸਿੰਘ ਧੂੰਦਾ ਜੀ ਸੰਕਟ ਵਿੱਚ ਹਨ। ਉਹਨਾਂ ਦੀ ਸਥਿਤੀ ਦੇ ਮੱਦਿਨਜ਼ਰ ਸਿਖ ਕੌਮ ਵੀ ਸੰਕਟ ਵਿੱਚ ਹੈ। ਭਾਈ ਧੂੰਦਾ ਦੀ ਸਥਿਤੀ ਸਬੰਧੀ ਉਹਨਾਂ ਦੇ ਆਪਣੇ ਤਾਜ਼ੇ ਬਿਆਨ ਕਰਕੇ ਉਹਨਾਂ ਦੇ ਸੰਕਟ ਦੀ ਦਸ਼ਾ ਅਤੇ ਦਿਸ਼ਾ ਤਾਂ ਬਦਲ ਗਈ ਹੈ ਪਰੰਤੂ ਕੌਮ ਦਾ ਸੰਕਟ ਹੋਰ ਗਹਿਰਾ ਗਿਆ ਹੈ। ਪਹਿਲਾਂ ਤਾਂ ਭਾਈ ਧੂੰਦਾ ਜੀ ਨੂੰ ਅੰਮ੍ਰਿਤਸਰ ਦੇ ‘ਜੱਥੇਦਾਰਾਂ’ ਵੱਲੋਂ ਮਿਲਿਆ ਆਦੇਸ਼ ਸਾਰੀ ਕੌਮ ਲਈ ਇੱਕ ਵੰਗਾਰ ਬਣ ਗਈ ਸੀ ਪਰੰਤੂ ਭਾਈ ਧੂੰਦਾ ਜੀ ਵੱਲੋਂ ਜੱਥੇਦਾਰਾਂ ਨੂੰ ਮਾਨਤਾ ਦੇ ਦੇਣ ਦਾ ਜਨਤਕ ਤੌਰ ਤੇ ਐਲਾਨ ਕਰਨ ਕਰਕੇ ਉਹਨਾਂ ਦੀ ਸਥਿਤੀ ਉਹਨਾਂ ਦੇ ਨਿੱਜੀ ਸੰਕਟ ਤਕ ਸਿਮਟ ਗਈ ਹੈ। ਉਹਨਾਂ ਦੇ ਜਾਗਰੂਕਤਾ ਦੀ ਭਾਵਨਾ ਵਾਲੇ ਧੂਆਂਧਾਰ ਸਿੱਖੀ ਪਰਚਾਰ ਵਿੱਚੋਂ ਸਿਖ ਕੌਮ ਨੂੰ ਉਹਨਾਂ ਤੋਂ ਕੁੱਝ ਆਸਾਂ ਬੱਝੀਆਂ ਸਨ। ਪਰੰਤੂ ਉਹਨਾਂ ਵੱਲੋਂ ‘ਜੱਥੇਦਾਰਾਂ’ ਅੱਗੇ ਗੋਡੇ ਟੇਕ ਦੇਣ ਦੀ ਮਨਸ਼ਾ ਵਾਲੇ ਫੈਸਲੇ ਰਾਹੀਂ ਉਹਨਾਂ ਦੇ ਪਰਚਾਰ-ਕਾਰਜ ਵਿਚਲੀ ਜਾਗਰੂਕਤਾ ਦੀ ਫੂਕ ਨਿਕਲ ਗਈ ਹੈ ਅਤੇ ਸਿਖ ਕੌਮ ਹੱਕੀ-ਬੱਕੀ ਰਹਿ ਗਈ ਹੈ।

ਉਪਰੋਕਤ ਦੇ ਸੰਦਰਭ ਵਿੱਚ ਸੋਚਣ ਵਾਲੀ ਗੱਲ ਇਹ ਹੈ ਕਿ ਆਖਰ ਭਾਈ ਧੂੰਦਾ ਜੀ ਦੀ ਕੀ ਮਜਬੂਰੀ ਹੈ ਕਿ ਉਹ ਸਟੇਜਾਂ ਤੋਂ ਕੋਈ ਹੋਰ ਚਿਹਰਾ ਵਿਖਾਉਂਦੇ ਰਹੇ ਅਤੇ ‘ਜੱਥੇਦਾਰਾਂ’ ਵੱਲੋਂ ਇੱਕ ਛੋਟੀ ਜਿਹੀ ਘੁਰਕੀ ਵਿਖਾਉਣ ਨਾਲ ਹੀ ਉਹਨਾਂ ਦੇ ਆਦਰਸ਼ਾ ਦਾ ਮਹਿਲ ਢਹਿ-ਢੇਰੀ ਹੋ ਗਿਆ ਅਤੇ ਉਹਨਾਂ ਦਾ ਅਸਲੀ ਚਿਹਰਾ ਨੰਗਾ ਹੋ ਗਿਆ। ਉਹਨਾਂ ਦੀ ਮਜਬੂਰੀ ਉਹਨਾਂ ਵਿੱਚ ਸਵੈ-ਵਿਸ਼ਵਾਸ ਦੀ ਕਮੀ ਹੀ ਹੈ ਅਤੇ ਅੱਜ ਇਹ ਕਮੀ ਕਿਸੇ ਹੱਦ ਤਕ ਸਿਖ ਕੌਮ ਦੀਆਂ ਸਾਰੀਆਂ ਧਿਰਾਂ ਵਿੱਚ ਮੌਜੂਦ ਹੈ। ਅੱਜ ਸਿਖ ਕੌਮ ਦਾ ਸੰਕਟ ਸਾਧਨਾਂ ਦੀ ਕਮੀ ਨਾਲ ਸਬੰਧਿਤ ਨਹੀਂ, ਅਸਲ ਵਿੱਚ ਇਸਦਾ ਸਬੰਧ ਜਾਗਰੂਕਤਾ ਅਤੇ ਸਵੈ-ਵਿਸ਼ਵਾਸ ਦੀ ਕਮੀ ਨਾਲ ਹੈ।

ਅੱਜ ਸ੍ਰੀ ਗੁਰੂ ਹਰਗੋਬਿੰਦ ਜੀ ਵੱਲੋਂ ਅੰਮ੍ਰਿਤਸਰ ਵਿਖੇ ਉਸਾਰਿਆ ਗਿਆ ਥੜ੍ਹਾ-ਨੁਮਾ ਤਖਤ ਅਤੇ ਇਸ ਉਤੇ ਉਹਨਾਂ ਵੱਲੋਂ ਲਗਾਇਆ ਜਾਂਦਾ ਆਸਣ-ਢਾਂਚਾ ਤਾਂ ਅਲੋਪ ਹੈ। 1926 ਈਸਵੀ ਤੋਂ ਲੈ ਕੇ ਉਸ ਥੜ੍ਹੇ ਵਾਲੀ ਥਾਂ ਤੇ ਇੱਕ ‘ਅਕਾਲ-ਤਖਤ’ ਵਿਵਸਥਾ ਕਾਇਮ ਹੋ ਚੁੱਕੀ ਹੈ (ਅਕਾਲ ਬੁੰਗਾ ਇਮਾਰਤ ਵੀ ਇਸਦਾ ਹਿੱਸਾ ਹੀ ਹੈ)। ਇਸ ਵਿਵਸਥਾ ਦੇ ਹੇਠਾਂ ਦੱਸੇ ਚਾਰ ਪਰਮੁੱਖ ਪਹਿਲੂ ਹਨ:

1. ਛੇਵੇਂ ਗੁਰੁ ਜੀ ਵੱਲੋਂ ਉਸਾਰੇ ਗਏ ਤਖਤ ਦੀ ਗੈਰਮੌਜੂਦਗੀ।

2. ਅਲੋਪ ਹੋ ਚੁੱਕੇ ਤਖਤ ਦਾ ‘ਅਕਾਲ’ ਤੇ ਰਖਿਆ ਗਿਆ ਫਰਜ਼ੀ ਨਾਮ।

3. ਗੁਰਦੁਆਰਾ ਅਕਾਲ ਬੁੰਗਾ ਦੀ ਇਮਾਰਤ ਨੂੰ ਇੱਕ ਖਿਆਲੀ (ਕਲਪਿਤ) ‘ਅਕਾਲ ਤਖਤ’ ਦੇ ਤੌਰ ਤੇ ਮਾਨਤਾ।

4.’ਅਕਾਲ’ ਨਾਮੀ ਖਿਆਲੀ ਤਖਤ ਦਾ ‘ਜੱਥੇਦਾਰ’ ਜੋ ਸ਼੍ਰੋਮਣੀ ਕਮੇਟੀ ਦਾ ਅਣਅਧਿਕਾਰਿਤ ਮੁਲਾਜ਼ਮ ਹੈ। (ਇਸ ‘ਜੱਥੇਦਾਰ’ ਨੇ ਅੱਗੇ ਆਪਣੇ ਨਾਲ ਪੰਜਾਬ ਅਤੇ ਪੰਜਾਬੋਂ ਬਾਹਰ ਦੇ ਕੁੱਝ ਹੋਰ ਕਲਪਿਤ ਤਖਤਾਂ ਦੇ ‘ਜੱਥੇਦਾਰਾਂ’ ਨੂੰ ਮਿਲਾ ਕੇ ਇੱਕ ਜੁੰਡਲੀ ਬਣਾਈ ਹੋਈ ਹੈ।)

ਉਧਰ ਉਪਰੋਕਤ ‘ਅਕਾਲ-ਤਖਤ’ ਵਿਵਸਥਾ ਦੇ ਸਨਮੁੱਖ ਪ੍ਰਤੀਕਰਮ ਵਜੋਂ ਸਿਖ ਕੌਮ ਵਿਚਲੀਆਂ ਵੱਖ-ਵੱਖ ਧਿਰਾਂ ਕਈ ਪੜਾਵਾਂ ਤੇ ਵਿਚਰਦੀਆਂ ਹੋਈਆਂ ਵਿਖਾਈ ਦਿੰਦੀਆਂ ਹਨ। ਜੇ ਇਸ ਪ੍ਰਤੀਕਰਮ ਨੂੰ ਇੱਕ ਪੌੜੀ ਦੇ ਤੌਰ ਤੇ ਕਿਆਸ ਲਈਏ ਤਾਂ ਇਸ ਪੌੜੀ ਦੇ ਕਈ ਡੰਡੇ ਦ੍ਰਿਸ਼ਟਮਾਨ ਹੋ ਜਾਂਦੇ ਹਨ ਜੋ ਹੇਠਾਂ ਦਿੱਤੇ ਅਨੁਸਾਰ ਹਨ:

1. ਪਹਿਲੇ ਡੰਡੇ ਤੇ ਸਿਖ ਕੌਮ ਵਿਚਲੇ ਅਜਿਹੇ ਲੋਕ ਹਨ ਜੋ ‘ਅਕਾਲ-ਤਖਤ’ ਵਿਵਸਥਾ ਨੂੰ ਅੱਖਾਂ ਮੀਟ ਕੇ ਸਮਰਪਿਤ ਹੋਏ ਬੈਠੇ ਹਨ ਅਤੇ ਅੰਨੀਂ ਸ਼ਰਧਾ ਵਸ ਇਸ ਵਿਵਸਥਾ ਨੂੰ ‘ਸਰਵਉਚ’ ਮੰਨੀ ਬੈਠੇ ਹਨ। (ਬਹੁਗਿਣਤੀ ਅਜਿਹੇ ਲੋਕਾਂ ਦੀ ਹੀ ਹੈ।)

2. ਇਸ ਤੋਂ ਅਗਲੇ ਡੰਡੇ ਤੇ ਉਹ ਲੋਕ ਹਨ ਜੋ ਇਸ ਵਿਵਸਥਾ ਦੇ ‘ਜੱਥੇਦਾਰੀ’ ਅੰਸ਼ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਤਾਂ ਹਨ ਪਰੰਤੂ ਉਹ ਇਸ ਵਿੱਚ ਸੁਧਾਰ ਲਿਆਉਣ ਦੀ ਗੱਲ ਕਰਦੇ ਹੋਏ ‘ਜੱਥੇਦਾਰੀ’ ਅੰਸ਼ ਨੂੰ ਚਾਲੂ ਰੱਖਣ ਲਈ ਬਜ਼ਿਦ ਹਨ।

3. ਤੀਸਰੇ ਡੰਡੇ ਤੇ ਉਹ ਲੋਕ ਬਿਰਾਜਮਾਨ ਹਨ ਜੋ ਇਸ ਵਿਵਸਥਾ ਵਿੱਚੋਂ ‘ਜਥੇਦਾਰੀ’ ਅੰਸ਼ ਨੂੰ ਬਾਹਰ ਕੱਢ ਦੇਣਾ ਲੋਚਦੇ ਹਨ ਕਿਉਂਕਿ ਇਸਨੂੰ ਉਹ ‘ਪੁਜਾਰੀਵਾਦ’ ਦਾ ਨਾਮ ਦਿੰਦੇ ਹਨ ਪਰੰਤੂ ਉਹ ‘ਅਕਾਲ-ਤਖਤ’ ਦੇ ਸੰਕਲਪ ਨਾਲ ਜਿਉਂ ਦਾ ਤਿਉਂ ਚਿਪਕੇ ਹੋਏ ਰਹਿਣਾਂ ਚਾਹੁੰਦੇ ਹਨ।

4. ਚੌਥਾ ਡੰਡਾ ਉਹਨਾਂ ਧਿਰਾਂ ਦਾ ਹੈ ਜੋ ‘ਅਕਾਲ-ਤਖਤ’ ਨੂੰ ਸਰਵਉਚ ਨਹੀਂ ਮੰਨਦੇ ਅਤੇ ‘ਜਥੇਦਾਰੀ’ ਅੰਸ਼ ਨੂੰ ਰੱਦ ਕਰਦੇ ਹਨ ਪਰੰਤੂ ਸਿਖ ਕੌਮ ਵਿੱਚ ‘ਤਖਤ’ ਦੇ ਸੰਕਲਪ ਦੀ ਮਾਨਤਾ ਨੂੰ ਖੁਲ੍ਹੇ ਤੌਰ ਤੇ ਰੱਦ ਕਰਨ ਦੇ ਵਿਸ਼ੇ ਤੇ ਸ਼ਸ਼ੋਪੰਜ ਵਿੱਚ ਹੋਣ ਕਰਕੇ ਉਹ ਇਸ ਮੁੱਦੇ ਉਤੇ ਚੁੱਪ ਧਾਰੀ ਬੈਠੇ ਹਨ।

5. ਪੰਜਵੇਂ ਡੰਡੇ ਤੇ ਬੈਠੇ ਉਹ ਲੋਕ ਹਨ ਜੋ ਅੰਦਰਖਾਤੇ ‘ਅਕਾਲ-ਤਖਤ’ ਦੀ ਹੋਂਦ ਨੂੰ ਨਕਾਰਦੇ ਹਨ, ਉਹ ਇਸ ਨਾਲ ਸਬੰਧਿਤ ਵਿਵਸਥਾ ਤੋਂ ਸਿਖ ਕੌਮ ਦਾ ਪਿੱਛਾ ਛੁਡਵਾਉਣ ਦੇ ਹੱਕ ਵਿੱਚ ਵੀ ਨਜ਼ਰ ਆਉਂਦੇ ਹਨ ਪਰੰਤੂ ਕਿਸੇ ਕਾਰਨ ਉਹ ਇਸ ਬਾਰੇ ਸ਼ਰੇਆਮ ਐਲਾਨ ਕਰਕੇ ਕੋਈ ਮੁਹਿੰਮ ਚਲਾਉਣ ਲਈ ਅੱਗੇ ਨਹੀਂ ਆ ਰਹੇ।

6. ਆਖਰੀ ਡੰਡੇ ਤੇ ਉਹ ਧਿਰ ਹੈ ਜੋ ਸ਼ਰੇਆਮ ‘ਅਕਾਲ-ਤਖਤ’ ਦੇ ਸੰਕਲਪ ਨੂੰ ਮੁੱਢੋਂ ਹੀ ਨਕਾਰਦੀ ਹੈ, ਸਿਖ ਕੌਮ ਨੂੰ ‘ਅਕਾਲ-ਤਖਤ’ ਦੀ ਅਪ੍ਰਸੰਗਤਾ ਤੋਂ ਜਾਣੂ ਕਰਵਾਉਂਦੀ ਹੈ ਅਤੇ ਇਸ ਤੋਂ ਪਿੱਛਾ ਛੁਡਵਾਉਣ ਦਾ ਖੁਲ੍ਹੇ ਤੌਰ ਤੇ ਹੋਕਾ ਵੀ ਦਿੰਦੀ ਹੈ।

ਹੁਣ ਕਿਹੜੀ ਧਿਰ ਉਪਰੋਕਤ ਡੰਡਿਆਂ ਵਿੱਚੋਂ ਕਿਹੜੇ ਤੇ ਬਿਰਾਜਮਾਨ ਹੈ ਇਸ ਸਬੰਧੀ ਉਸ ਨੇ ਖੁਦ ਹੀ ਸੋਚਣਾ ਹੈ। ਕਿਸੇ ਧਿਰ ਦੀ ਜਾਗਰੂਕਤਾ ਦੇ ਪੱਧਰ ਨੂੰ ਪਰਖਣ ਦਾ ਪੈਮਾਨਾ ਵੀ ਇਹੀ ਡੰਡੇ ਹਨ। ਇਹ ਤਾਂ ਸਪਸ਼ਟ ਹੀ ਹੈ ਕਿ ਭਾਈ ਧੂੰਦਾ ਜੀ ਤਾਂ, ਦਰਸ਼ਨ ਸਿੰਘ ਸਾਬਕਾ ‘ਜੱਥੇਦਾਰ’ ਵਾਂਗ, ਹਾਲੇ ਪਹਿਲੇ ਡੰਡੇ ਤੇ ਹੀ ਬੈਠੇ ਹੋਏ ਹਨ। ਜੇਕਰ ਭਾਈ ਧੂੰਦਾ ਜੀ ਅੱਜ ਛੇਵੇਂ ਡੰਡੇ ਤੇ ਪਹੁੰਚੇ ਹੋਏ ਹੁੰਦੇ ਤਾਂ ਸਿਖ ਕੌਮ ਲਈ ਉਹਨਾਂ ਦੀ ਭੂਮਿਕਾ ਬੰਦਾ ਬਹਾਦਰ ਵਾਲੀ ਹੋ ਜਾਂਣੀ ਸੀ। ਅੱਜ ਸਿਖ ਕੌਮ ਨੂੰ ਕਿਸੇ ਬੰਦਾ ਬਹਾਦਰ ਦੀ ਸਖਤ ਲੋੜ ਵੀ ਹੈ। ਭਾਈ ਧੂੰਦਾ ਜੀ ਦੇ ਵਿਵਹਾਰ ਵਿੱਚੋਂ ਉਪਜੀ ਨਿਰਾਸ਼ਾ ਕਰਕੇ ਅੱਜ ਸਿਖ ਕੌਮ ਦਾ ਸੰਕਟ ਹੋਰ ਵੀ ਗਹਿਰਾ ਹੋ ਗਿਆ ਹੈ। ਕਾਸ਼, ਭਾਈ ਧੂੰਦਾ ਜੀ ਆਪਣੇ ਗਿਆਨ ਅਤੇ ਇਸਦੇ ਪ੍ਰਗਟਾਵੇ ਦੇ ਗੁਣ ਦੇ ਨਾਲ-ਨਾਲ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਵਾਲਾ ਸਵੈ-ਵਿਸ਼ਵਾਸ ਵੀ ਬਣਾ ਚੁੱਕੇ ਹੁੰਦੇ!

ਪਿਛਲੇ ਸਾਲ ਸਿਖਮਾਰਗ ਵੈਬਸਾਈਟ ਉਤੇ ਇਹਨਾਂ ਸਤਰਾਂ ਦੇ ਲੇਖਕ ਦੇ ‘ਅਕਾਲ-ਤਖਤ’ ਵਿਵਸਥਾ ਦੇ ਵਿਸ਼ੇ ਤੇ ਲਿਖੇ ਹੋਏ ਅੱਠ ਲੇਖ ਪਾਏ ਗਏ ਸਨ। ਇਹਨਾਂ ਲੇਖਾਂ ਵਿੱਚ ਉਪਰੋਕਤ ਛੇਵੇਂ ਡੰਡੇ ਤੇ ਬੈਠ ਕੇ ਗੱਲ ਕੀਤੀ ਗਈ ਸੀ। ਹੁਣ ਇਹਨਾਂ ਲੇਖਾਂ ਦੀ ਸੁਧਾਈ ਕਰਦੇ ਹੋਏ ਇੱਕ ਪੁਸਤਕ ਤਿਆਰ ਕਰ ਲਈ ਗਈ ਹੈ ਜੋ ਛਪਾਈ ਅਧੀਨ ਹੈ। ਇਸ ਪੁਸਤਕ ਰਾਹੀਂ ‘ਅਕਾਲ ਤਖਤ’ ਵਿਵਸਥਾ ਨੂੰ ਪੂਰੀ ਤਰ੍ਹਾਂ ਨਕਾਰਿਆ ਗਿਆ ਹੈ। ਲੇਖਕ ਵੱਲੋਂ ਦਿੱਤੇ ਗਏ ਤੱਥਾਂ ਵਿਚੋਂ ਕੁੱਝ ਸ੍ਰੀ ਗੁਰੁ ਹਰਗੋਬਿੰਦ ਜੀ ਵੱਲੋਂ ਅੰਮ੍ਰਿਤਸਰ ਵਿਖੇ ਉਸਾਰੇ ਗਏ ਤਖਤ ਦੇ ਨਾਮਕਰਨ ਬਾਰੇ ਹਨ ਜਿਸ ਅਧੀਨ ਇਸ ਤਖਤ ਦਾ ‘ਅਕਾਲ ਤਖਤ’ ਦੇ ਤੌਰ ਤੇ ਹਵਾਲਾ ਦਿੱਤਾ ਜਾਂਦਾ ਹੈ। ਇਹਨਾਂ ਤੱਥਾਂ ਅਨੁਸਾਰ ਇਸ ਨਾਮਕਰਨ ਦੀ ਕਹਾਣੀ ਬੜੀ ਦਿਲਚਸਪ ਬਣ ਕੇ ਪੇਸ਼ ਹੁੰਦੀ ਹੈ।

ਛੇਵੇਂ ਗੁਰੁ ਜੀ ਵੱਲੋਂ ਅੰਮ੍ਰਿਤਸਰ ਵਿਖੇ ਉਸਾਰੇ ਤਖਤ ਦੇ ਨਾਮਕਰਨ ਦੀ ਪੂਰੀ ਦੀ ਪੂਰੀ ਕਹਾਣੀ ‘ਗੁਰਬਿਲਾਸ ਪਾਤਸ਼ਾਹੀ 6’ ਨਾਮੀ ਅਤੀ ਬਦਨਾਮ ਪੁਸਤਕ ਉਤੇ ਅਧਾਰਿਤ ਹੈ। ਇਸ ਪੁਸਤਕ ਦੇ ਰਚਨਾ ਕਾਲ 1718 ਈਸਵੀ ਸਬੰਧੀ ਦਾਵਾ ਪੁਸਤਕ ਦੇ ਵਿੱਚ ਹੀ ਕੀਤਾ ਹੋਇਆ ਮਿਲਦਾ ਹੈ ਪਰੰਤੂ ਬਹੁਤੇ ਵਿਦਵਾਨ ਇਸ ਪੁਸਤਕ ਦੇ ਉਪਲਭਦ ਉਤਾਰਿਆਂ ਦੇ ਅਧਾਰ ਤੇ ਇਸ ਨੂੰ ਉਨ੍ਹੀਵੀਂ ਸਦੀ ਦੀ ਰਚਨਾ ਮੰਨਦੇ ਹਨ। ‘ਗੁਰਬਿਲਾਸ ਪਾਤਸ਼ਾਹੀ 6’ ਦਾ ਮੂਲ-ਰੂਪ ਕਿਤੇ ਸ਼ੁਰੂ ਵਿੱਚ ਹੀ ਲੋਪ ਹੋ ਗਿਆ ਸੀ। ਇਸ ਪੁਸਤਕ ਦੇ ਸਮੇਂ-ਸਮੇਂ ਅੱਗੇ ਕਈ ਉਤਾਰੇ ਹੋਏ ਦੱਸੇ ਜਾਂਦੇ ਹਨ ਅਤੇ ਇਸ ਇਸ ਪੁਸਤਕ ਦੇ ਉਤਾਰਿਆਂ ਵਿੱਚ ਉਨ੍ਹੀਵੀਂ ਸਦੀ ਤਕ ਦੇ ਹਵਾਲੇ ਵੀ ਮਿਲਦੇ ਹਨ। ਭਾਈ ਕਾਹਨ ਸਿੰਘ ਨਾਭਾ ਨੇ ਆਪਣੀ ਪੁਸਤਕ ‘ਗੁਰਮਤ ਸੁਧਾਕਰ’ ਵਿੱਚ ‘ਗੁਰਬਿਲਾਸ ਪਾਤਸ਼ਾਹੀ 6’ ਦਾ ਲਿਖਣ ਸਮਾਂ 1890 ਈਸਵੀ ਤੋਂ ਲੈ ਕੇ 1900 ਈਸਵੀ ਤਕ ਦਾ ਅੰਕਿਤ ਕੀਤਾ ਹੈ ਅਤੇ ਉਹ ਭਾਈ ਗੁਰਮੁਖ ਸਿੰਘ ਅਕਾਲ ਬੁੰਗੀਏ ਅਤੇ ਭਾਈ ਦਰਬਾਰਾ ਸਿੰਘ ਚੌਂਕੀ ਵਾਲੇ ਨਾਮੀ ਅੰਮ੍ਰਿਤਸਰ ਨਿਵਾਸੀ ਦੋ ਵਿਅਕਤੀਆਂ ਨੂੰ ਇਸਦੇ ਲੇਖਕ ਮੰਨਦਾ ਹੈ। ਉਧਰ ਪਿਆਰ ਸਿੰਘ ਦੇ ਆਪਣੀ ਪੁਸਤਕ ‘ਗਾਥਾ ਸ੍ਰੀ ਆਦਿ ਗ੍ਰੰਥ’ ਵਿੱਚ ਕੀਤੇ ਦਾਵੇ ਅਨੁਸਾਰ ਇਸ ਪੁਸਤਕ ਦੇ ਉਪਲਭਦ ਉਤਾਰੇ 1834 ਈਸਵੀ ਅਤੇ 1844 ਈਸਵੀ ਵਿਚਕਾਰ ਦੇ ਸਮੇਂ ਦੇ ਹਨ। ਇਹਨਾਂ ਉਤਾਰਿਆਂ ਦਾ ਤਿਆਰੀ ਸਮਾਂ ਕੋਈ ਵੀ ਹੋਵੇ ਇਹਨਾਂ ਵਿਚਲੇ ਬਿਰਤਾਂਤ ਦਾ ਮਨਸ਼ਾ ਸ੍ਰੀ ਗੁਰੁ ਹਰਗੋਬਿੰਦ ਜੀ ਦੀ ਪ੍ਰਤਿਸ਼ਠਾ ਸਮੇਤ ਸਾਰੇ ਸਿੱਖੀ ਢਾਂਚੇ ਨੂੰ ਹਾਨੀ ਪਹੁੰਚਾਉਣਾ ਹੈ। ਇਸ ਬਿਰਤਾਂਤ ਵਿੱਚ ਹੀ ਸ਼ਬਦ-ਜੁੱਟ ‘ਅਕਾਲ-ਤਖਤ’ ਅਤੇ ਸ਼ਬਦ-ਜੁੱਟ ‘ਅਕਾਲ-ਬੁੰਗਾ’ ਦੀ ਵਰਤੋਂ ਕੀਤੀ ਹੋਈ ਮਿਲਦੀ ਹੈ। ਇਹ ਨਿਸਚੇ ਨਾਲ ਕਿਹਾ ਜਾ ਸਕਦਾ ਹੈ ਕਿ ਸਮੇ-ਸਮੇਂ ਪੁਸਤਕ ਦੇ ਅੱਡ-ਅੱਡ ਉਤਾਰਿਆਂ ਰਾਹੀਂ ਕਦੀ ਸ੍ਰੀ ਗੁਰੂ ਹਰਗੋਬਿੰਦ ਜੀ ਵੱਲੋਂ ਉਸਾਰੇ ਗਏ ਤਖਤ ਨੂੰ ‘ਅਕਾਲ’ ਦਾ ਅਨੁਚਿਤ ਲਕਬ ਦੇ ਕੇ ਅਤੇ ਕਿਸੇ ਸਮੇਂ ਤਖਤ ਦੀ ਜਗਹ ਤੇ ਉਸਾਰੇ ਗਏ ‘ਬੁੰਗੇ’ ਨਾਲ ਛੇਵੇਂ ਗੁਰੁ ਜੀ ਦਾ ਨਾਮ ਜੋੜ ਕੇ ਛੇਵੇਂ ਗੁਰੁ ਜੀ ਦੀ ਪ੍ਰੁਿਤਸ਼ਠਾ ਨੂੰ ਢਾ ਲਾਉਣ ਦਾ ਯਤਨ ਕੀਤਾ ਗਿਆ ਹੈ। ਇਸ ਤਰ੍ਹਾਂ ਇਸ ਪੁਸਤਕ ਦੇ ਕਿਸੇ ਵੀ ਉਤਾਰੇ ਵਿਚਲੀ ਸਮੱਗਰੀ ਨੂੰ ਭਰੋਸੇਯੋਗ ਨਹੀਂ ਕਿਹਾ ਜਾ ਸਕਦਾ। ਪੁਸਤਕ ‘ਗੁਰਬਿਲਾਸ ਪਾਤਸ਼ਾਹੀ 6’ ਦੇ ਵਿਵਾਦਤ ਹੋਣ ਦੇ ਬਾਵਜੂਦ ਇਸ ਦੇ ਹੇਠ ਲਿਖੇ ਉਤਾਰੇ ਬੜੇ ਉਚੇਚ ਨਾਲ ਤਿਆਰ ਕੀਤੇ ਗਏ ਹੋਏ ਹਨ ਅਤੇ ਇਹ ਬੜੀ ਅਸਾਨੀ ਨਾਲ ਉਪਲਭਦ ਹਨ:

1. ਗਿਆਨੀ ਇੰਦਰ ਸਿੰਘ ਗਿੱਲ ਵੱਲੋਂ ਸੰਪਾਦਿਤ (1967 ਈਸਵੀ)

2. ਡਾ. ਗੁਰਮੁਖ ਸਿੰਘ ਵੱਲੋਂ ਸੰਪਾਦਿਤ (1997 ਈਸਵੀ)

3. ਸ੍ਰੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਸੰਪਾਦਿਤ (1998 ਈਸਵੀ)

ਪੁਸਤਕ ‘ਗੁਰਬਿਲਾਸ ਪਾਤਸ਼ਾਹੀ 6’ (ਡਾ. ਗੁਰਮੁਖ ਸਿੰਘ ਦੁਆਰਾ ਸੰਪਾਦਿਤ) ਵਿੱਚ ਛੇਵੇਂ ਗੁਰੁ ਜੀ ਦੇ ਅੰਮ੍ਰਿਤਸਰ ਵਾਲੇ ਤਖਤ ਦੀ ਉਸਾਰੀ ਸਬੰਧੀ ਅਧਿਆਇ ਸਤਵਾਂ ਦੇ ਅੰਤ ਤੇ ਦਿੱਤੇ ਗਏ ਵੇਰਵੇ ਅਨੁਸਾਰ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਸਾਹਿਬਜ਼ਾਦਾ ਹਰਗੋਬਿੰਦ ਜੀ ਸਮੇਤ ਸਿਖ ਸੰਗਤ ‘ਡੂੰਘੇ ਸੋਗ’ ਦੀ ਸਥਿਤੀ ਵਿੱਚ ਸੀ ਤਾਂ ਅਕਾਲ ਪੁਰਖ (ਪਰਮੇਸ਼ਵਰ) ਨੇ ਮਾਤਾ ਗੰਗਾ, ਬਾਬਾ ਬੁੱਢਾ, ਭਾਈ ਗੁਰਦਾਸ ਅਤੇ ਸਾਹਿਬਜ਼ਾਦਾ ਹਰਗੋਬਿੰਦ ਦੇ ਸਾਂਹਵੇਂ ਆਪ ਪਰਗਟ ਹੋ ਕੇ ਸਾਹਿਬਜ਼ਾਦਾ ਗੁਰੂਹਰਗੋਬਿੰਦ ਨੂੰ ਆਦੇਸ਼ ਦਿੱਤਾ ਕਿ ਉਹ ਇੱਕ ਤਖਤ ਬਣਾ ਕੇ ਉਸਦਾ ਨਾਮ ਪਰਮੇਸ਼ਵਰ (ਅਕਾਲ-ਪੁਰਖ) ਦੇ ਨਾਮ ਤੇ ਰੱਖਣ। ਸਬੰਧਿਤ ਸਤਰਾਂ ਵਿਚੋਂ ਕੁੱਝ ਹੇਠਾਂ ਦਿੱਤੇ ਅਨੁਸਾਰ ਹਨ:

ਤਾਂਤੇ ਇਹ ਠਾਂ ਤਖਤ ਸਵਾਰਉ। ਮੇਰੇ ਨਾਮ ਤਾਂਹਿ ਮਹਿ ਧਾਰਉ।

ਤਖਤ ਅਕਾਲ ਨਾਮ ਤਿੰਹ ਕੀਜੈ। ਤਾਂਹਿ ਬੈਠ ਪਿਤ ਬਦਲਾ ਲੀਜੈ।

ਮੀਰੀ ਪੀਰੀ ਦੋਊ ਧਾਰੋ। ਧਰਾ ਭਾਰ ਸਭ ਦੂਰ ਨਿਵਾਰੋ।

ਭਾਵ ਅਰਥ:

ਪਰਮੇਸ਼ਵਰ ਜੀ ਕਹਿ ਰਹੇ ਹਨ ਕਿ ਇਸ ਮਕਸਦ ਲਈ ਇਸ ਥਾਂ ਤੇ ਤਖਤ ਬਣਵਾਓ ਅਤੇ ਇਸ ਦੇ ਨਾਮ ਵਿੱਚ ਮੇਰਾ ਆਪਣਾ ਨਾਮ ਸ਼ਾਮਲ ਕਰਨ ਹਿਤ ਇਸ ਨੂੰ ‘ਤਖਤ ਅਕਾਲ’ ਦਾ ਨਾਮ ਦਿਓ। ਫਿਰ ਇਸ ਤਖਤ ਉਤੇ ਬੈਠ ਕੇ ਚੰਦੂ ਹੱਥੋਂ ਹੋਈ ਆਪਣੇ ਪਿਤਾ ਦੀ ਮੌਤ ਦਾ ਬਦਲਾ ਲਵੋ। ਮੀਰੀ ਅਤੇ ਪੀਰੀ ਦੋਵ੍ਹਾਂ ਨੂੰ ਧਾਰਨ ਕਰਦੇ ਹੋਏ ਜ਼ਾਲਮਾਂ ਨੂੰ ਮਾਰ-ਮੁਕਾ ਕੇ ਧਰਤੀ ਉਤਲੇ ਭਾਰ (ਪਾਪ) ਦਾ ਖਾਤਮਾ ਕਰੋ।

ਕਥਾ ਨੂੰ ਪੂਰੀ ਤਰ੍ਹਾਂ ਮਿਥਹਾਸਿਕ ਬਣਾਉਂਦੇ ਹੋਏ ‘ਗੁਰਬਿਲਾਸ ਪਾਤਸ਼ਾਹੀ 6’ ਦਾ ਲੇਖਕ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਰਾਮ ਅਤੇ ਕ੍ਰਿਸ਼ਨ ਜਿਹੇ ‘ਅਵਤਾਰਾਂ’ ਦੇ ਬਰਾਬਰ ਕਰਨ ਲਈ ਸਾਹਿਬਜ਼ਾਦਾ ਹਰਗੋਬਿੰਦ ਪ੍ਰਤੀ ਪਰਮੇਸ਼ਵਰ ਦਾ ਆਦੇਸ਼ ਹੇਠ ਦਿੱਤੇ ਅਨੁਸਾਰ ਦਰਜ ਕਰਦਾ ਹੈ:

ਰਾਮ ਕ੍ਰਿਸ਼ਨ ਤੇ ਆਦਿ ਲੈ ਪਾਛੇ ਜੋ ਅਵਤਾਰ।

ਜੈਸੇ ਉਨ ਰਾਕਸ਼ ਹਨੇ ਤੈਸੇ ਤੁਮ ਇਨ ਮਾਰ।

ਭਾਵਅਰਥ:

ਪਰਮੇਸ਼ਰ ਜੀ ਸਾਹਿਬਜ਼ਾਦਾ ਹਰਗੋਬਿੰਦ ਨੂੰ ਕਹਿ ਰਹੇ ਹਨ ਕਿ ਜਿਵੇਂ ਰਾਮ ਅਤੇ ਕ੍ਰਿਸ਼ਨ ਜਿਹੇ ਅਵਤਾਰਾਂ ਨੇ ਰਾਕਸ਼ਾਂ ਨੂੰ ਮਾਰਿਆ ਸੀ ਉਹ (ਸਾਹਿਬਜ਼ਾਦਾ ਹਰਗੋਬਿੰਦ) ਵੀ ‘ਅਵਤਾਰ’ (ਗੁਰੁ) ਰੂਪ ਵਿੱਚ ਹੋਣ ਕਰਕੇ ਤਖਤ ਤੇ ਬੈਠ ਕੇ (ਚੰਦੂ ਜਿਹੇ) ਰਾਕਸ਼ਾਂ ਦਾ ਸਫਾਇਆ ਕਰਨ।

ਪੁਸਤਕ ਦੇ ਅਗਲੇ ਭਾਵ ਅੱਠਵੇਂ ਅਧਿਆਇ ਵਿੱਚ ਤਖਤ ਦੀ ਉਸਾਰੀ ਹੋ ਚੁੱਕੀ ਦਰਸਾ ਕੇ ਪਰਮੇਸ਼ਵਰ ਨੂੰ ਇੱਕ ਵਾਰ ਫਿਰ ਪਰਗਟ ਕਰ ਦਿੱਤਾ ਜਾਂਦਾ ਹੈ। ਇਥੇ ਭਾਈ ਬੁੱਢਾ ਜੀ ਨੂੰ ਸਾਹਿਬਜ਼ਾਦਾ ਹਰਗੋਬਿੰਦ ਵੱਲੋਂ ਗੁਰਗੱਦੀ ਗ੍ਰਹਿਣ ਕਰਨ ਦੀ ਰਸਮ ਸੰਪੂਰਨ ਕਰਨ ਸਬੰਧੀ ਆਦੇਸ਼ ਕਰਨ ਉਪਰੰਤ ਪਰਮੇਸ਼ਵਰ ਜੀ ਨੂੰ ਸਾਹਿਬਜ਼ਾਦਾ ਹਰਗੋਬਿੰਦ ਨੂੰ ਮੁਖਾਤਿਬ ਹੁੰਦੇ ਹੋਏ ਹੇਠਾਂ ਦਿੱਤੇ ਅਨੁਸਾਰ ਫੁਰਮਾਉਂਦੇ ਹੋਏ ਵਿਖਾਇਆ ਗਿਆ ਹੈ:

ਕਹਿ ਭਗਵੰਤ ਨਿਜ ਮੋਹਿ ਮਹਿ ਭੇਦ ਕਛੁ ਨਹੀਂ ਚੀਨ।

ਅਕਾਲ ਤਖਤ ਇਹ ਨਾਮ ਕਰ ਤੋਹਿ ਨਾਮ ਨਹਿ ਕੀਨ।

ਭਾਵਅਰਥ:

ਪਰਮੇਸ਼ਰ ਜੀ ਕਹਿ ਰਹੇ ਹਨ ਕਿ ਮੇਰੇ ਅਤੇ ਤੁਹਾਡੇ (ਸਾਹਿਬਜ਼ਾਦਾ ਹਰਗੋਬਿੰਦ) ਵਿਚਕਾਰ (ਸਾਹਿਬਜ਼ਾਦਾ ਹਰਗੋਬਿੰਦ ਨੂੰ ਅਵਤਾਰ ਥਾਪਿਆ ਹੋਣ ਕਰ ਕੇ) ਹੁਣ ਕੋਈ ਫਰਕ ਨਹੀਂ, ਇਸ ਕਰਕੇ ਇਸ ਤਖਤ ਦਾ ਨਾਮ ਤੁਹਾਡੇ ਨਾਮ ਤੇ ਰੱਖਣ ਦੀ ਬਜਾਇ ਪਰਮੇਸ਼ਵਰ (ਅਕਾਲ) ਦੇ ਨਾਮ ਤੇ ਹੀ ਰੱਖ ਦਿੱਤਾ ਗਿਆ ਹੈ।

(ਗੁਰਮੱਤ ਅਨੁਸਾਰ ਪਰਮਾਤਮਾਂ ‘ਨਿਰੰਕਾਰ ਹੈ ਅਤੇ ਉਹ ਕਿਸੇ ਅਕਾਰ ਵਿੱਚ ਪਰਗਟ ਨਹੀਂ ਹੋਵੇਗਾ।)

ਉਪਰੋਕਤ ਪੌਰਾਣਿਕ ਕਿਸਮ ਦੀ ਮਿੱਥ ‘ਗੁਰਬਿਲਾਸ ਪਾਤਸ਼ਾਹੀ 6’ ਵਿੱਚ ਦਰਜ ਉਸ ਕਹਾਣੀ ਵਰਗੀ ਹੀ ਹੈ ਜਿਸ ਵਿੱਚ ਵਿਸ਼ਨੂੰ ਦੇਵਤਾ ਸ੍ਰੀ ਗੁਰੁ ਰਾਮਦਾਸ ਜੀ ਨੂੰ ਆਪਣਾ ਰੂਪ ਬਣਾ ਕੇ ਪੇਸ਼ ਕਰਦਾ ਹੈ ਅਤੇ ਦਰਬਾਰ ਸਾਹਿਬ ਭਵਨ ਦੀ ਉਸਾਰੀ ਵਿਸ਼ਨੂੰ ਦੇਵਤੇ (ਹਰੀ) ਦੀ ਦੇਖ-ਰੇਖ ਹੋਈ ਦਰਸਾਈ ਗਈ ਹੈ ਤਾਂ ਕਿ ਇਸ ਭਵਨ ਦੇ ਬ੍ਰਾਹਮਣੀ ਨਾਮ ‘ਹਰਿਮੰਦਰ’ ਨੂੰ ਜਾਇਜ਼ ਠਹਿਰਾਇਆ ਜਾ ਸਕੇ। (ਉਂਜ ਪੁਸਤਕ ‘ਗੁਰਬਿਲਾਸ ਪਾਤਸ਼ਾਹੀ 6’ ਸਿਖ ਇਤਹਾਸ ਸਬੰਧੀ ਪੌਰਾਣਿਕ ਕਿਸਮ ਦੀਆਂ ਕਹਾਣੀਆਂ ਨਾਲ ਭਰੀ ਪਈ ਹੈ।) ਸਪਸ਼ਟ ਹੈ ਕਿ ਤਖਤ ਦੀ ਉਸਾਰੀ ਅਤੇ ਇਸਦੇ ਨਾਮਕਰਨ ਸਬੰਧੀ ਉਪਰੋਕਤ ਪੌਰਾਣਿਕ ਕਿਸਮ ਦੀ ਮਿੱਥ ਰਾਹੀਂ ਪੁਸਤਕ ਦੇ ਲੇਖਕ ਨੇ ਹੇਠਾਂ ਦਿੱਤੇ ਬ੍ਰਾਹਮਣਵਾਦੀ ਮੰਤਵ ਪੂਰੇ ਕਰਨ ਦਾ ਯਤਨ ਕੀਤਾ ਹੈ:

1. ਸ੍ਰੀ ਗੁਰੁ ਹਰਗੋਬਿੰਦ ਜੀ ਨੂੰ ਅਵਤਾਰ ਦੇ ਤੌਰ ਤੇ ਪੇਸ਼ ਕੀਤਾ ਜਾਣਾ।

2. ਤਖਤ ਦਾ ਪਰਮੇਸ਼ਵਰ ਦੀ ਆਪਣੀ ਮਰਜ਼ੀ ਨਾਲ ਉਸਾਰਿਆ ਗਿਆ ਹੋਣਾ।

3. ਤਖਤ ਦਾ ਨਾਮ ਵੀ ਪਰਮੇਸ਼ਵਰ ਵੱਲੋਂ ਖੁਦ ਆਪਣੇ ਨਾਮ ਤੇ ਰਖਿੱਆ ਗਿਆ ਹੋਣਾ।

ਇਸ ਤੋਂ ਅੱਗੇ ਉਪਰੋਕਤ ਮਨੋਰਥ ਦੀ ਪਰਾਪਤੀ ਰਾਹੀਂ ਪੁਸਤਕ ਦੇ ਲੇਖਕ ਦੀ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੁ ਹਰਗੋਬਿੰਦ ਜੀ ਵੱਲੋਂ ਹਾਲਾਤ ਦੇ ਮੁਤਾਬਿਕ ਆਪਣੀ ਜੀਵਨ-ਜਾਚ ਵਿੱਚ ਤਬਦੀਲੀ ਲਿਆਉਣ ਦੇ ਫੈਸਲੇ ਦੀ ਮਹੱਤਤਾ ਨੂੰ ਘਟਾਉਣ ਦੀ ਮਨਸ਼ਾ ਜ਼ਾਹਰ ਹੁੰਦੀ ਹੈ ਅਤੇ ਉਹ ਗੁਰੁ ਜੀ ਦੇ ਤਖਤ ਦੀ ਮੀਰੀ ਦੇ ਚਿੰਨ ਵਜੋਂ ਭੂਮਿਕਾ ਨੂੰ ਦੂਸਰੇ ਦਰਜੇ ਤੇ ਰੱਖਦੇ ਹੋਏ ਇਸ ਦਾ ਮੁੱਖ ਮਨੋਰਥ, ਪਰਮੇਸ਼ਵਰ ਵੱਲੋਂ ਆਪ ਪਰਗਟ ਹੋ ਕੇ ਦਿੱਤੇ ਆਦੇਸ਼ ਰਾਹੀਂ, ਬਦਲਾ (ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ) ਲੈਣਾ ਦਰਸਾਉਂਦਾ ਹੈ। ਉਧੱਰ ਪੁਸਤਕ ਵਿੱਚ ਤਖਤ ਦੀ ਖੂਬ ਮਹਿਮਾਂ ਕੀਤੀ ਗਈ ਹੈ ਅਤੇ ਇਸ ਦੀ ਪੂਜਾ ਹੁੰਦੀ ਵੀ ਵਿਖਾਈ ਗਈ ਹੈ ਜਦੋਂ ਕਿ ਆਦਿ ਗ੍ਰੰਥ (ਪੋਥੀ ਸਾਹਿਬ) ਨੂੰ ਕੇਵਲ ‘ਗ੍ਰਿੰਥ’ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਵਿਚ-ਵਿਚ ਆਦਿ ਗ੍ਰੰਥ ਨੂੰ ‘ਗੁਰੁ ਗ੍ਰਿੰਥ’ ਵੀ ਕਹਿ ਲਿਆ ਗਿਆ ਹੈ ਜਦੋਂ ਕਿ ਸ੍ਰੀ ਗੁਰੁ ਹਰਗੋਬਿੰਦ ਜੀ ਦੇ ਸਮੇਂ ਹਾਲੇ ਆਦਿ ਗ੍ਰੰਥ ਨੂੰ ਗੁਰਗੱਦੀ ਨਹੀਂ ਸੀ ਮਿਲੀ ਹੋਈ। ਇੱਥੋਂ ਤਕ ਕਿ ਅੱਠਵੇਂ ਅਧਿਆਇ ਵਿੱਚ ਹੀ ਆਦਿ ਗ੍ਰੰਥ ਵਿੱਚ ਰਾਗਮਾਲਾ ਸ਼ਾਮਲ ਹੋਣ ਦਾ ਜ਼ਿਕਰ ਵੀ ਕੀਤਾ ਗਿਆ ਹੈ ਜਦੋਂ ਕਿ ਸਭ ਨੂੰ ਪਤਾ ਹੈ ਕਿ ‘ਰਾਗਮਾਲਾ’ ਆਲਮ ਕਵੀ ਨਾਮੀ ਵਿਅਕਤੀ ਦੀ ਲਿਖੀ ਹੋਈ ਹੈ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਆਦਿ ਗ੍ਰੰਥ ਵਿੱਚ ਸ਼ਾਮਲ ਨਹੀਂ ਕੀਤਾ ਸੀ। ਪੁਸਤਕ ਦੇ ਅਠਵੇਂ ਅਧਿਆਇ ਵਿੱਚ ਦਰਬਾਰ ਸਾਹਿਬ ਲਈ ਸ਼ਰਧਾ ਦੇ ਮੁਕਾਬਲੇ ‘ਅਕਾਲ ਤਖਤ’ ਦੀ ਪੂਜਾ ਤੇ ਵਧੇਰੇ ਜੋਰ ਦਿੱਤਾ ਗਿਆ ਹੈ ਭਾਵੇਂ ਕਿ ਇਸੇ ਅਧਿਆਇ ਵਿੱਚ ‘ਦਰਬਾਰ’ ਅਤੇ ‘ਗੁਰੁ ਗ੍ਰਿੰਥ ਕੀ ਕੋਠੀ’ ਦਾ ਹਵਾਲਾ ਵੀ ਦਿੱਤਾ ਗਿਆ ਹੈ। ਇਸ ਪੌਰਾਣਿਕ ਕਥਾ ਦਾ ਬ੍ਰਾਹਮਣੀ ਅਧਾਰ ਹੋਣ ਕਰਕੇ ਹੀ ਇਸ ਤਖਤ ਦਾ ਨਾਮ ਖੁਦ ਪਰਮੇਸ਼ਵਰ ਆਪ ਰੱਖਦੇ ਹਨ, ‘ਤਖਤ’ ਦੀ ਪਹਿਲੀ ਇੱਟ (ਨੀਂਹ ਰੱਖਣ ਦੀ ਰਸਮ ਦੇ ਤੌਰ ਤੇ) ਸਾਹਿਬਜ਼ਾਦਾ ਹਰਗੋਬਿੰਦ ਵੱਲੋਂ ਲਗਾਈ ਵਿਖਾਈ ਜਾਂਦੀ ਹੈ ਅਤੇ ਤਖਤ ਦੀ ਉਸਾਰੀ ਕਿਸੇ ਰਾਜ-ਮਿਸਤਰੀ ਜਾਂ ਕਿਸੇ ਹੋਰ ਵਿਅਕਤੀ ਦੀ ਸਹਾਇਤਾ ਲਏ ਤੋਂ ਬਿਨਾਂ ਕੇਵਲ ਸਾਹਿਬਜ਼ਾਦਾ ਹਰਗੋਬਿੰਦ ਜੀ, ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਹੀ ਪੂਰੀ ਕਰਦੇ ਹਨ। ਕੁੱਝ ਸੱਜਣਾਂ ਵੱਲੋਂ ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਤਖਤ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਜੀ ਵੱਲੋਂ ਖੁਦ ਰਖਿੱਆ ਗਿਆ ਅਤੇ ‘ਗੁਰਬਿਲਾਸ ਪਾਤਸ਼ਾਹੀ 6’ ਦੇ ਲੇਖਕ ਨੇ ਇਹ ਨਾਮ ਖੁਦ ਪਰਮੇਸ਼ਵਰ ਵੱਲੋਂ ਰੱਖਣ ਦੀ ਮਨਘੜਤ ਕਹਾਣੀ ਬਣਾ ਲਈ। ਇਸ ਦਲੀਲ ਦਾ ਉਤੱਰ ਇਹ ਹੈ ਕਿ ਜੇਕਰ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਤਖਤ ਦਾ ਕੋਈ ਨਾਮ ਰਖਿੱਆ ਹੁੰਦਾ ਤਾਂ ਭਾਈ ਗੁਰਦਾਸ ਦੀ ਰਚਨਾ ਵਿੱਚ ਇਸ ਦਾ ਜ਼ਿਕਰ ਜ਼ਰੂਰ ਹੋਣਾ ਸੀ ਅਤੇ ਜੇਕਰ ‘ਗੁਰਬਿਲਾਸ ਪਾਤਸ਼ਾਹੀ 6’ ਦੀ ਮੂਲ ਕਾਪੀ 1718 ਈਸਵੀ ਵਿੱਚ ਤਿਆਰ ਹੋਈ ਹੋਵੇ ਤਾਂ ਵੀ ਉਪਰੋਕਤ ਬ੍ਰਾਹਮਣਵਾਦੀ ਆਸ਼ੇ ਵਾਲੀ ਕਥਾ ਇਸ ਵਿੱਚ ਜ਼ਰੂਰ ਦਰਜ ਕੀਤੀ ਗਈ ਹੋਵੇਗੀ ਕਿਉਂਕਿ ਸ੍ਰੀ ਗੁਰੂ ਹਰਗੋਬਿੰਦ ਜੀ ਵੱਲੋਂ ਉਸਾਰੇ ਗਏ ਤਖਤ ਦਾ ‘ਅਕਾਲ’ ਵਾਲਾ ਨਾਮ ਰੱਖਣ ਦੇ ਹਵਾਲੇ ਦਾ ‘ਗੁਰਬਿਲਾਸ ਪਾਤਸ਼ਾਹੀ 6’ ਤੋਂ ਬਿਨਾ ਕੋਈ ਹੋਰ ਸਰੋਤ ਉਪਲਭਦ ਨਹੀਂ। ਜ਼ਾਹਰ ਹੈ ਕਿ ਅਲੋਪ ਹੋਏ ਤਖਤ ਦੀ ਜਗਹ ਤੇ ਉਸੱਰੇ ਬੁੰਗੇ ਨੂੰ ‘ਅਕਾਲ ਬੁੰਗਾ’ ਦਾ ਨਾਮ ਵੀ ‘ਗੁਰਬਿਲਾਸ ਪਾਤਸ਼ਾਹੀ 6’ ਵਿੱਚ ਵਰਤੇ ਗਏ ਸ਼ਬਦ-ਰੂਪ ‘ਅਕਾਲ’ ਦੇ ਅਧਾਰ ਤੇ ਹੀ ਦਿੱਤਾ ਗਿਆ।

ਇਥੇ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਅੰਮ੍ਰਿਤਸਰ ਵਿਚਲੇ ਤਖਤ ਦੇ ਮਕਸਦ ਪ੍ਰਤੀ ਸਪਸ਼ਟ ਹੋਣ ਦੀ ਵੀ ਲੋੜ ਹੈ। ਛੇਵੇਂ ਗੁਰੁ ਜੀ ਵੱਲੋਂ ਅੰਮ੍ਰਿਤਸਰ ਵਿਖੇ ਉਸਾਰਿਆ ਗਿਆ ਤਖਤ ਉਹਨਾਂ ਵੱਲੋਂ ਸਿਖ ਮੱਤ ਵਿੱਚ ਮੀਰੀ ਦੇ ਪੱਖ ਭਾਵ ਮਨੁੱਖੀ ਹੱਕਾਂ ਦੀ ਰਾਖੀ ਅਤੇ ਬਹਾਲੀ ਹਿਤ ਹਥਿਆਰਬੰਦ ਸੰਘਰਸ਼ ਦੀ ਸਥਾਪਤੀ ਦੇ ਮਨੋਰਥ ਨਾਲ ਅਪਣਾਏ ਗਏ ਅਨੇਕਾਂ ਅੰਸ਼ਾਂ ਵਿੱਚੋਂ ਇੱਕ ਸੀ ਕਿਉਂਕਿ ਉਹਨਾਂ ਨੇ ਸਿਖ ਕੌਮ ਦੀ ਸਰਵਉੱਚ ਪਦਵੀ ਤੇ ਬਿਰਾਜਮਾਨ ਹੁੰਦਿਆਂ ਇਸ ਸੰਘਰਸ਼ ਵਿੱਚ ਆਪੂੰ ਇੱਕ ਬਾਦਸ਼ਾਹ ਵਾਂਗ ਵਿਚਰਨਾ ਸੀ। ਛੇਵੇਂ ਗੁਰੁ ਜੀ ਦੇ ਇਸ ਤਖਤ ਦਾ ਮਕਸਦ ਤਾਂ ਉਹਨਾਂ ਦੇ ਆਪਣੇ ਸਮੇਂ ਵਿੱਚ ਪੂਰਾ ਹੋ ਗਿਆ ਸੀ। ਇਸ ਤਖਤ ਦਾ ਇਤਹਾਸਿਕ ਮਹੱਤਵ ਤਾਂ ਬਹੁਤ ਵੱਡਾ ਸੀ ਪਰੰਤੂ ਸਮਾਂ ਪਾ ਕੇ ਇਹ ਤਖਤ ਅਲੋਪ ਹੋ ਗਿਆ ਜਿਵੇਂ ਕਿ ਗੁਰੁ ਸਾਹਿਬਾਨ ਨਾਲ ਸਬੰਧਿਤ ਬਾਕੀ ਸਾਰੇ ਤਖਤ ਵੀ ਚਿਰੋਕੇ ਅਲੋਪ ਹੋ ਚੁੱਕੇ ਹੋਏ ਹਨ। ਆਪਣੇ ਜੀਵਨ ਦੇ ਪਿਛਲੇ ਦਸ ਸਾਲਾਂ ਤੋਂ ਵੱਧ ਦੇ ਸਮੇਂ ਛੇਵੇਂ ਗੁਰੁ ਜੀ ਕੀਰਤਪੁਰ ਵਿਖੇ ਰਹੇ ਅਤੇ ਉਹਨਾਂ ਨੇ ਅੰਮ੍ਰਿਤਸਰ ਵਾਲੇ ਤਖਤ ਦੀ ਵਰਤੋਂ ਨਹੀਂ ਕੀਤੀ। ਅਗਲੇ ਚਾਰ ਗੁਰੁ ਸਾਹਿਬਾਨ ਵਿੱਚੋਂ ਵੀ ਕੋਈ ਕਦੀ ਇਸ ਤਖਤ ਉਤੇ ਬਿਰਾਜਮਾਨ ਨਹੀਂ ਹੋਇਆ। ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਨੂੰ ਤਾਂ ਦਰਬਾਰ ਸਾਹਿਬ ਇਲਾਕੇ ਦੀ ਸਾਂਭ-ਸੰਭਾਲ ਲਈ ਅੰਮ੍ਰਿਤਸਰ ਭੇਜ ਦਿੱਤਾ ਪ੍ਰੰਤੂ ਆਪ ਉਹ ਇੱਥੇ ਕਦੀ ਆਏ ਹੀ ਨਹੀਂ। ਆਖਰ ਉਹਨਾਂ ਨੇ ਸਿਖ ਪੰਥ ਨੂੰ ਸ੍ਰੀ ਗੁਰੁ ਗ੍ਰੰਥ ਜੀ ਦੇ ਲੜ ਲਾਇਆ ਨਾ ਕਿ ਕਿਸੇ ਦਿੱਖ ਜਾਂ ਅਦਿੱਖ ‘ਤਖਤ’ ਦੇ। ਪਰਤੱਖ ਹੈ ਕਿ ਦੱਸਵੇਂ ਗੁਰੁ ਜੀ ਨੇ ਸਿਖ ਪੰਥ ਦੇ ਭਵਿੱਖ ਲਈ ਬਣਾਈ ਕਾਰਜ-ਯੋਜਨਾ ਵਿੱਚ ‘ਤਖਤ’ ਦੇ ਸੰਕਲਪ ਨੂੰ ਪੂਰੀ ਤਰਾਂ ਨਕਾਰਿਆ ਹੈ। ਪਰੰਤੂ 1925 ਈਸਵੀ ਵਿੱਚ ਅੰਗਰੇਜ਼ ਸਰਕਾਰ ਨੇ ਸਿਖ ਗੁਰਦੁਆਰਾਜ਼ ਐਕਟ ਅਧੀਨ ਬਣੀ ਸ਼੍ਰੋਮਣੀ ਗੁਰਦੁਆਰਾ ਪਬੰਧਕ ਕਮੇਟੀ ਦੇ ਨਿਯਮਾਂ ਰਾਹੀਂ ਗੁਰਦੁਆਰਾ ‘ਅਕਾਲ ਬੁੰਗਾ’ ਨੂੰ ‘ਸ੍ਰੀ ਅਕਾਲ ਤਖਤ ਸਾਹਿਬ’ ਘੋਸ਼ਿਤ ਕਰਵਾ ਦਿੱਤਾ ਜਿੱਥੇ ਅਣਅਧਿਾਰਿਤ ‘ਜੱਥੇਦਾਰ’ ਦੀ ਨਿਯੁਕਤੀ ਕਰਵਾ ਕੇ ਅਜੋਕੀ ‘ਅਕਾਲ-ਤਖਤ’ ਵਿਵਸਥਾ ਕਾਇਮ ਕਰ ਦਿੱਤੀ ਗਈ।

ਇਸ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਅੰਮ੍ਰਿਤਸਰ ਵਿਚਲੇ ਤਖਤ ਦਾ ਨਾਮ ‘ਅਕਾਲ’ ਤੇ ਨਹੀਂ ਸੀ ਰਖਿੱਆ ਗਿਆ, ਤਖਤ ਬਹੁਤ ਚਿਰ ਪਹਿਲਾਂ ਦਾ ਅਲੋਪ ਹੈ ਅਤੇ ਬਾਕੀ ਰਹਿ ਗਿਆ ‘ਜੱਥੇਦਾਰ’, ਉਹ ਆਪਣੀ ਜੁੰਡਲੀ ਸਮੇਤ ਉਂਜ ਹੀ ਅਣਅਧਿਾਰਿਤ ਹੈ। ਸਿੱਖਾਂ ਲਈ ਸਰਵਉਚ ਤਾਂ ਗਿਆਰ੍ਹਵੇਂ ਗੁਰੂ ਸ੍ਰੀ ਗੁਰੁ ਗ੍ਰੰਥ ਜੀ ਹੀ ਹਨ ਅਤੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਆਦੇਸ਼ ਅਨੁਸਾਰ ਸਿਖ ਕੌਮ ਨੇ ਸ੍ਰੀ ਗੁਰੂ ਗ੍ਰੰਥ ਜੀ ਨੂੰ ਹੀ ਸਮਰਪਿਤ ਹੋਣਾ ਹੈ। ਅਜ ਸਿੱਖ ਕੌਮ ਲਈ ‘ਸੱਚਾ ਤਖਤ’ ਸਿੱਖ ਮੱਤ ਦਾ ਪਵਿੱਤਰ ਗ੍ਰੰਥ ਹੈ ਹਰ ਸਿਖ ਦਾ ਕੇਵਲ ਗੁਰਬਾਣੀ ਦੇ ਸੰਦੇਸ਼ ਰੂਪੀ ਸੱਚੇ ਸਤਗੁਰੂ ਅੱਗੇ ਹੀ ਨਤਮਸਤਕ ਹੋਣਾ ਬਣਦਾ ਹੈ ਨਾ ਕਿ ਕਿਸੇ ਥੜ੍ਹੇ, ਇਮਾਰਤ, ਵਸਤੂ ਜਾਂ ਵਿਅਕਤੀ ਅੱਗੇ। ਗੁਰਬਾਣੀ ਦਾ ਪਵਿੱਤਰ ਸੰਦੇਸ਼ ਕੇਵਲ ‘ਅਕਾਲ ਬੁੰਗਾ’ ਇਮਾਰਤ ਤਕ ਹੀ ਸੀਮਿਤ ਨਹੀਂ ਬਲਕਿ ਹਰ ਜਗਹ ਤੇ ਪਰਾਪਤ ਹੈ। ਫਿਰ ਭਾਈ ਧੂੰਦਾ ਜੀ ਅਤੇ ਉਹਨਾਂ ਦੇ ਹਮਖਿਆਲੀ ਸੱਜਣ ਕਿਹੜੇ ‘ਅਕਾਲ ਤਖਤ’ ਨੂੰ ਅਤੇ ਕਿਉਂ ਨਤਮਸਤਕ ਹੋਣਾ ਚਾਹੁੰਦੇ ਹਨ?

ਚੰਗਾ ਹੋਵੇ ਜੇਕਰ ਭਾਈ ਧੂੰਦਾ ਜੀ ‘ਜੱਥੇਦਾਰ’ ਜੁੰਡਲੀ ਦੇ ਸਾਹਮਣੇ ਜਾਂ, ਸਾਬਕਾ ‘ਜਥੇਦਾਰ’ ਦਰਸ਼ਨ ਸਿੰਘ ਜੀ ਵਾਂਗ, ਕਿਸੇ ਖਿਆਲੀ ‘ਅਕਾਲ ਤਖਤ’ ਉਤੇ ਪੇਸ਼ ਹੋਣ ਤੋਂ ਪਹਿਲਾਂ ਇਤਹਾਸਿਕ ਤੱਥਾਂ ਨੂੰ ਸਾਹਮਣੇ ਰੱਖਦੇ ਹੋਏ ਉਪਰੋਕਤ ਸਵਾਲ ਦਾ ਉਤੱਰ ਦੇਣ ਦੀ ਖੇਚਲ ਜ਼ਰੂਰ ਕਰਨ।

ਇਕਬਾਲ ਸਿੰਘ ਢਿੱਲੋਂ (ਡਾ.)

ਚੰਡੀਗੜ੍ਹ।
.