.

ਆਤਮਾ ਅਤੇ ਆਤਮਕ ਅਵਸਥਾ

(ਭਾਗ-੩)

ਪ੍ਰਿੰਸੀਪਲ ਗਿ: ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਲੜੀ ਜੋੜਣ ਲਈ ਇਸ ਤੋਂ ਪਹਿਲੇ ਦੋ ਭਾਗ ਜ਼ਰੂਰ ਪੜੋ ਜੀ)

ਮਨੁੱਖਾ ਜੂਨ ਤੇ ਆਤਮਕ ਅਵਸਥਾ? -ਵਿਚਾਰਣ ਦਾ ਵਿਸ਼ਾ ਹੈ, ਜੇਕਰ ਮਨੁੱਖਾ ਜੂਨ ਸਮੇਂ ਕਰਤੇ ਵੱਲੋਂ ਬੇਅੰਤ ਸਹੂਲਤਾਂ ਮਿਲਣ ਦੇ ਬਾਵਜੂਦ, ਮਨੁੱਖ ਨੂੰ ਬੇਅੰਤ ਪ੍ਰੇਸ਼ਾਨੀਆਂ ਤੇ ਜੀਵਨ ਦੇ ਅਨੇਕਾਂ ਉਤਾਰ-ਚੜ੍ਹਾਵਾਂ `ਚੋਂ ਨਿਕਲਣਾ ਪੈਂਦਾ ਹੈ। ਬਲਕਿ ਕਈ ਵਾਰ ਤਾਂ ਮਨੁੱਖ, ਇਸੇ ਕਾਰਣ ਆਪਣੀ ਜ਼ਿੰਦਗੀ ਤੋਂ ਇਨਾਂ ਘਬਰਾ ਜਾਂਦਾ ਹੈ ਕਿ ‘ਆਤਮ ਹੱਤਿਆ’ ਵਰਗੀ ਕਾਇਰਤਾ ਭਰਪੂਰ ਮੌਤ ਨੂੰ ਵੀ, ਜ਼ਿੰਦਗੀ ਦੇ ਮੁਕਾਬਲੇ ਤਰਜੀਹ ਦਿੰਦਾ ਹੈ। ਫ਼ਿਰ ਦੇਖਣ ਦੀ ਗੱਲ ਇਹ ਵੀ ਹੈ ਕਿ ਜੀਵ ਨੂੰ ਦੂਜੀਆਂ ਜੂਨਾਂ ਸਮੇਂ ‘ਆਤਮ ਹੱਤਿਆ’ ਵਰਗੀ ਮੌਤ ਦੀ ਲੋੜ ਕਿਉਂ ਨਹੀਂ ਪੈਂਦੀ? ਜਦਕਿ ਦੂਜੀਆਂ ਜੂਨਾਂ ਕੀ ਹਨ? ਇਸ ਦੇ ਬਾਵਜੂਦ ਕਿ ਉਹ ਜੂਨਾਂ ਤਾਂ ਹੈਣ ਹੀ ਕੇਵਲ ਪਿਛਲਾ ਮਨੁੱਖਾ ਜਨਮ ਬਿਰਥਾ ਹੋਣ ਜਾਣ ਦੀ ਸੂਰਤ `ਚ, ਉਸ ਸਮੇਂ ਕੀਤੇ ਹੋਏ ਕਰਮਾਂ-ਸੰਸਕਾਰਾਂ ਲਈ ਭਿੰਨ ਭਿੰਨ ਸਰੀਰਾਂ ਦੇ ਰੂਪ `ਚ ਕੋਠਰੀਆਂ (Cells) ਤੇ ਸਜ਼ਾਵਾਂ ਹੀ ਹੁੰਦੀਆਂ ਹਨ। ਜਦਕਿ ਉਨ੍ਹਾਂ ਜੂਨਾਂ ਸਮੇਂ, ਅਨੇਕਾਂ ਪੱਖਾਂ ਤੋਂ ਜ਼ਿਦੰਗੀ ਬਹੁਤ ਔਖੀ ਤੇ ਕਈ ਵਾਰ ਬਹੁਤ ਗੰਦੀ ਵੀ ਹੁੰਦੀ ਹੈ। ਉਥੇ ਤਾਂ ਜੀਵ ਆਪਣੀ ਮਰਜ਼ੀ ਨਾਲ ਸੱਜੇ ਖਬੇ ਵੀ ਨਹੀਂ ਹੋ ਸਕਦਾ। ਜਿਸ ਤਰ੍ਹਾਂ ਦੀ ਕਰਤੇ ਵੱਲੋਂ ਉਸ ਨੂੰ ਜਿਹੜੀ ਜ਼ਿੰਦਗੀ ਤੇ ਜੂਨ ਮਿਲਦੀ ਹੈ, ਉਸੇ `ਚ ਉਸ ਨੂੰ ਉਸੇ ਤਰ੍ਹਾਂ ਸੁਆਸ ਪੂਰੇ ਕਰਣੇ ਪੈਂਦੇ ਹਨ।

ਜਦਕਿ ਇਹ ਕੇਵਲ ਮਨੁੱਖਾ ਜੂਨ ਹੀ ਹੈ ਜਿੱਥੇ ਮੋਟੇ ਤੌਰ `ਤੇ ਮਨੁੱਖਾ ਜੀਵਨ ਦੀਆਂ ਦੋ ਵਿਰੋਧੀ ‘ਆਤਮਕ ਅਵਸਥਾਵਾਂ’ ਤਿਆਰ ਹੋ ਸਕਦੀਆਂ ਹਨ; ‘ਸਫ਼ਲ’ ਤੇ ‘ਅਸਫ਼ਲ’ ਜੀਵਨ ਵੀ। ‘ਅਸਫ਼ਲ’ ਜੀਵਨ ਨੂੰ ਗੁਰਬਾਣੀ `ਚ ‘ਬਿਰਥਾ ਜਨਮ’ ਵੀ ਕਿਹਾ ਹੈ। ਇਸ ਤਰ੍ਹਾਂ ਇਹੀ ਜਨਮ ਹੈ ਜਿੱਥੇ ਇਸ ਲਈ ਗੁਰਬਾਣੀ ਚੋਂ ਬਿਨਾ ਵਿਤਕਰਾ ਹਰੇਕ ਨੂੰ ਸੇਧ ਵੀ ਮਿਲਦੀ ਹੈ ਕਿ “ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ॥ ਅੰਮ੍ਰਿਤੁ ਨਾਮੁ ਸਦਾ ਮਨਿ ਮੀਠਾ, ਸਬਦੇ ਪਾਵੈ ਕੋਈ” (ਪੰ: ੬੦੪)। ਜਦਕਿ “ਸਬਦੇ ਪਾਵੈ ਕੋਈ” ਅਨੁਸਾਰ ਵਿਰਲੇ ਹੀ ਇਸ ‘ਆਤਮਕ’ ਅਨੰਦ ਨੂੰ ਮਾਣਦੇ ਤੇ ਆਪਣਾ ਜੀਵਨ ਸਫ਼ਲ ਕਰਦੇ ਹਨ।

ਮਨੁੱਖਾ ਸਰੀਰ ਤੇ ਸਰੀਰਕ ਦੁਖ ਸੁਖ- ਇਸ ਸਬੰਧ `ਚ ਇਹ ਵੀ ਦੇਖਣਾ ਹੈ ਕਿ “ਮਨੁੱਖ ਦੇ ਮਨ ਦੀ ‘ਆਤਮਕ ਅਵਸਥਾ’ ਲਈ ਉੱਤਮ ਕਿਸ ਨੂੰ ਕਿਹਾ ਜਾਂਦਾ ਹੈ ਤੇ ਮੁਰਦਾ ਕਿਸ ਨੂੰ?”। ਵਿਚਾਰਣ ਦਾ ਵਿਸ਼ਾ ਹੈ ਕਿ ਸਭ ਤੋਂ ਉੱਤਮ ਜੂਨ, ਮਨੁੱਖਾ ਜੂਨ `ਚ ਹੁੰਦਾ ਹੋਇਆ ਵੀ ਮਨੁੱਖ ਜਦੋਂ ਇਸ ਦੁਰਲਭ ਜਨਮ ਦੀ ਅਸਲੀਅਤ ਤੋਂ ਅਨਜਾਣ ਰਹਿੰਦਾ ਹੈ। ਗੁਰੂ-ਗੁਰਬਾਣੀ ਦੀ ਮੱਤ ਅਨੁਸਾਰ ਨਹੀਂ ਚਲਦਾ, ਆਪਣੇ ‘ਮਨ’ ਪਿਛੇ ਹੀ ਚੱਲਦਾ ਹੈ। ਅਜਿਹੀ ਹਾਲਤ `ਚ ਮਨੁੱਖ ਹਉਮੈ, ਤ੍ਰਿਸ਼ਨਾ, ਭਟਕਣਾ, ਚਿੰਤਾਵਾਂ, ਮਾਨਸਿਕ ਉਖਾੜਾਂ ਦੀ ਭੱਠੀ `ਚ ਹੀ ਸੜਦਾ ਰਹਿ ਕੇ ਜ਼ਿੰਦਗੀ ਨੂੰ ਖ਼ਤਮ ਕਰ ਲੈਂਦਾ ਹੈ। ਫ਼ਿਰ ਭਾਵੇਂ ਇਸ ਕੱਤਾਰ `ਚ ਕੋਈ ਬਾਦਸ਼ਾਹ ਹੋਵੇ ਜਾਂ ਭਿਖਾਰੀ, ਉਨ੍ਹਾਂ ਦੀ ਮਾਨਸਿਕ ਤੇ ਜੀਵਨ ਦੀ ਹਾਲਤ, ਮੂਲ ਰੂਪ `ਚ ਇਕੋ ਜਹੀ ਹੀ ਹੁੰਦੀ ਹੈ। ਮਨੁੱਖ ਦੇ ਜੀਵਨ ਦੀ ਅਜਿਹੀ ਹਾਲਤ ਦਾ ਮੂਲ ਕਾਰਣ ਹੁੰਦਾ ਹੈ ਮਨੁੱਖ ਦੇ ਮਨ ਦੀ ‘ਮੁਰਦਾ ਆਤਮਕ ਅਵਸਥਾ’, ‘ਜੀਵਨ’ ਕਰਕੇ ਗੁਰੂ ਗੁਰਬਾਣੀ ਜੀਵਨ ਤੋਂ ਦੁਰੇਡੇ ਜੀਊਣਾ।

ਅਜਿਹਾ ਮਨੁੱਖ ਸਾਧਸੰਗਤ `ਚ ਪਹੁੰਚ ਕੇ ਤੇ ਗੁਰੂ-ਗਿਆਨ ਦੀ ਸਾਂਝ ਕਰਕੇ, ਜਦੋਂ ਤੱਕ ਆਪਣੀ ਅਸਲੀਅਤ ਨੂੰ ਨਹੀਂ ਪਛਾਣਦਾ, ਉਦੋਂ ਤੱਕ ਉਸ ਨੂੰ ਪ੍ਰਭੂ ਦੀ ਰਜ਼ਾ `ਚ ਜੀਨਾਂ ਨਹੀਂ ਆਉਂਦਾ। ਜਦਕਿ ਇਸ ਤੋਂ ਬਿਨਾ ਕਿਸੇ ਦੀ ਮਨ ਦੀ ‘ਆਤਮਕ ਅਵਸਥਾ’ ਦਾ ਬਲਵਾਨ ਹੋਣਾ ਹੀ ਸੰਭਵ ਨਹੀਂ। ਇਸ ਤਰ੍ਹਾਂ ਮਨੁੱਖ ਦੇ ‘ਮਨ’ ਵਾਲੀ ਬਣ ਚੁੱਕੀ ਪ੍ਰਭੂ ਤੋਂ ਵੱਖਰੀ ਹੋਂਦ ਹੀ ਇਸ ਦੇ ਜੀਵਨ ਅੰਦਰ ਟਿਕਾਅ ਨਹੀਂ ਆਉਣ ਦਿੰਦੀ। ਸੰਸਾਰਕ ਮੋਹ ਮਾਇਆ ਦੀਆਂ ਭੁੱਖਾਂ ਤੇ ਖਿੱਚਾਂ ਵੱਲ ਵਧਦੇ, ਉਸ ਦੇ ਜੀਵਨ ਅੰਦਰ ‘ਕੂੜ ਦੀ ਕੰਧ’ (ਪਾਲ) ਅਥਵਾ ਉਸ ਦੇ ‘ਮਨ’ ਦੀ ਕਰਤੇ ਤੋਂ ਆਤਮਕ ਵਿੱਥ, ਹੋਰ ਤੇ ਹੋਰ ਪੱਕੀ ਹੁੰਦੀ ਜਾਂਦੀ ਹੈ। ਕੇਵਲ ਗੁਰਬਾਣੀ-ਗੁਰੂ ਦੀ ਕਮਾਈ ਰਾਹੀਂ ਹੀ ਮਨੁੱਖ ਦੇ ਮਨ ਅੰਦਰ ‘ਆਤਮਕ ਮਜ਼ਬੂਤੀ’ ਤੇ ਜਾਗ੍ਰਿਤੀ ਆਉਣੀ ਸੰਭਵ ਹੈ। ਉਪ੍ਰੰਤ ਉਸੇ ਤੋਂ ਹੀ ਕਿਸੇ ਨੂੰ ਆਪਣੇ ਜੀਵਨ ਦੀ ਸਚਾਈ ਵਾਲੀ ਸਮਝ ਵੀ ਆਊਣੀ ਹੁੰਦੀ ਹੈ।

ਫ਼ਿਰ ‘ਮਨ’ ਦੀ ਇਹੀ ਮਜ਼ਬੂਤ ‘ਆਤਮਕ ਅਵਸਥਾ’ ਹੁੰਦੀ ਹੈ ਜਦੋਂ ਕਿਸੇ ਨੂੰ ਆਰਿਆਂ ਦੇ ਦੰਦੇ, ਉਬਲਦੀਆਂ ਦੇਗਾਂ ਭਾਵ ਸੰਸਾਰ ਤੱਲ ਦੇ ਵੱਡੇ ਤੋਂ ਵੱਡੇ ਤਸੀਹੇ ਵੀ ਨਹੀਂ ਡੁਲਾਅ ਸਕਦੇ। ਇਸ ਤਰ੍ਹਾਂ ਮਨੁੱਖ ਦੇ ‘ਮਨ’ ਦੀ ਅਜਿਹੀ ਅਡੋਲ ਆਤਮਕ ਅਵਸਥਾ ਉਦੋਂ ਬਣਦੀ ਹੈ ਜਦੋਂ ਉਸ ਦੇ ‘ਮਨ’ ਭਾਵ ਜੀਵਨ ਅੰਦਰੋਂ ਹਉਮੈ ਤ੍ਰਿਸ਼ਨਾ ਆਦਿ ਵਿਕਾਰਾਂ ਦਾ ਨਾਸ ਹੋ ਚੁੱਕਾ ਹੋਵੇ। ਅਜਿਹੀ ਅਡੋਲ ‘ਆਤਮਕ ਅਵਸਥਾ’ ਸਮੇਂ, ਮਨੁੱਖ ਦੇ ਕਰਮ ਤੇ ਸੰਸਕਾਰ ਵੀ ਆਪਣੇ ਨਹੀਂ ਰਹਿੰਦੇ। ਅਜਿਹੇ ਜੀਵਨ `ਚੋਂ ਤ੍ਰਿਸ਼ਨਾ, ਭਟਕਣਾ ਆਦਿ ਵਿਕਾਰ; ਸੰਤੋਖ ਤੇ ਮਾਨਸਿਕ ਟਿਕਾਅ `ਚ ਤਬਦੀਲ ਹੋ ਜਾਂਦੇ ਹਨ। ਹਉਮੈ ਕਾਰਣ ਉਸ ਦੇ ‘ਮਨ’ `ਚ ਬਣੀ ਹੋਈ ਪ੍ਰਭੂ ਤੋਂ ਅੱਡਰੀ ਹੋਂਦ ਆਪਣੇ ਆਪ ਮੁੱਕ ਜਾਂਦੀ ਹੈ। ਮਨੁੱਖ ਦੇ ਜੀਵਨ ਅੰਦਰ ‘ਮਨ’ ਤੇ ‘ਆਤਮਾ’ ਦੋ ਨਹੀਂ ਰਹਿ ਜਾਂਦੇ। ਮਨੁੱਖ ਦਾ ‘ਮਨ’, ‘ਆਤਮਾ’ ਭਾਵ ‘ਪ੍ਰਮਾਤਮਾ’ `ਚ ਹੀ ਸਮਾ ਜਾਂਦਾ ਹੈ।

ਇਸ ਤੋਂ ਸਹਿਜੇ ਹੀ ਸਮਝ ਆ ਸਕਦੀ ਹੈ ਕਿ ਜਿਨੇਂ ਵੀ ਸੁਖ ਆਰਾਮ, ਮੁਸ਼ਕਲਾਂ ਜਾਂ ਦੁਖ ਅਸੀਂ ਝੇਲਦੇ ਹਾਂ, ਸਾਰਿਆਂ ਦਾ ਕਾਰਣ, ਸਾਡੀ ‘ਆਤਮਕ ਤੇ ਮਾਨਸਿਕ ਅਵਸਥਾ’ ਹੀ ਹੁੰਦੀ ਹੈ। ਇਸੇ ਕਰਕੇ ਜੇਕਰ ਅਸੀਂ ਏਅਰ ਕੰਡੀਸ਼ਨ ਕਮਰੇ `ਚ ਜਾਂ ਕੁਸ਼ਨਡ ਸੋਫ਼ੇ `ਤੇ ਬੈਠੇ ਹਾਂ, ਸਾਨੂੰ ਆਰਾਮ ਮਿਲਦਾ ਹੈ। ਇਸਦੇ ਉਲਟ ਜੇ ਅਸੀਂ ਕਿਸੇ ਕੰਡਿਆਲੀ, ਗਰਮ-ਠੰਢੀ, ਗੰਦੀ ਜਾਂ ਰੋੜਾਂ ਵਾਲੀ ਥਾਂ `ਤੇ ਬੈਠੇ ਹਾਂ, ਤਾਂ ਦੁਖੀ ਹੁੰਦੇ ਹਾਂ। ਇਸ ਸਾਰੇ ਦਾ ਕਾਰਣ ਹੁੰਦਾ ਹੈ ਸਾਡੇ ਸਰੀਰ ਅੰਦਰ ਵਿਚਾਰਾਂ ਦਾ ਸਮੂਹ ਸਾਡਾ ‘ਮਨ’ ਤੇ ਦੂਜਾ ਕਰਤੇ ਦਾ ਨੂਰ, ਜੀਵਨ ਲੌ ਜਾਂ ਆਤਮਾ ਦੀ ਹੋਂਦ। ਇਸ ਤੋਂ ਬਾਅਦ ਇਸ ਸਾਰੇ ਦਾ ਜ਼ਰੀਆ ਹੁੰਦਾ ਹੈ ਸਾਡਾ ਸਰੀਰ। ਫ਼ਿਰ ਵੀ ਜੋ ਸਾਨੂੰ ਚੰਗਾ ਲੱਗਦਾ ਜਾਂ ਤਕਲੀਫ ਦਿਹ ਹੁੰਦਾ ਹੈ ਤਾਂ ਉਥੇ ਵੀ ਫ਼ਰਕ ਆ ਜਾਂਦਾ ਹੈ ਜਦੋਂ ਸਾਡੇ ‘ਮਨ’ ਦੀ ‘ਆਤਮਕ ਅਵਸਥਾ’ ਸਮੇਂ ਸਥਾਨ ਤੇ ਸਰੀਰ, ਸਰੀਰ ਕਰਕੇ ਵੱਖ ਵੱਖ ਹੁੰਦੀ ਹੈ।

ਇਸ ਤਰ੍ਹਾਂ ਜਦੋਂ ਤੱਕ ਸਰੀਰ ਅੰਦਰ ਪ੍ਰਭੂ ਦਾ ਨੂਰ ਹੁੰਦਾ ਹੈ ਇਹ ਸਿਲਸਲਾ ਚਲਦਾ ਰਹਿੰਦਾ ਹੈ। ਮਨੁੱਖ ਨੂੰ ਦੁਖ ਸੁਖ ਭੋਗਣੇ ਪੈਂਦੇ ਹਨ, ਫ਼ਰਕ ਹੁੰਦਾ ਹੈ ਸਮੇਂ, ਸਥਾਨ ਤੇ ਸਰੀਰ, ਸਰੀਰ ਵਿਚਲੀ ‘ਆਤਮਕ ਅਵਸਥਾ’ `ਚ। ‘ਆਤਮਕ ਅਵਸਥਾ’ ਵਿਚਲਾ ਇਹ ਫ਼ਰਕ ਹੀ ਹੁੰਦਾ ਹੈ ਕਿ ਇੱਕ ਆਤਮ ਹੱਤਿਆ ਕਰ ਲੈਂਦਾ ਹੈ ਤੇ ਦੂਜੇ ਨੂੰ ਆਰਿਆਂ ਦੇ ਦੰਦੇ ਵੀ ਗੁਰੂ ਦੇ ਸਤਿਕਾਰ `ਚ ਸੁਆਦਲੇ ਲਗਦੇ ਹਨ, ਜਿਨ੍ਹਾਂ ਨੂੰ ਉਹ ਖੁਸ਼ੀ ਖੁਸ਼ੀ ਸਹਾਰਦਾ ਸ਼ਹੀਦੀ ਦਾ ਜਾਮ ਵੀ ਪੀ ਲੈਂਦਾ ਹੈ। ਜਦਕਿ ਗੁਰੂ ਦੇ ਹੁਕਮਾਂ ਤੋਂ ਕੁਰਬਾਣ ਹੋਣ ਵਾਲੇ ਅਜਿਹੀ “ਉੱਤਮ ਆਤਮਕ ਅਵਸਥਾ” ਵਾਲੇ ਮਰਜੀਵੜਿਆਂ ਨਾਲ ਸਿੱਖ ਇਤਿਹਾਸ ਭਰਿਆ ਪਿਆ ਹੈ।

ਫ਼ਿਰ ਆਤਮ ਹਤਿਆ ਤੱਕ ਪਹੁੰਚਣ ਦਾ ਅਸਲ ਕਾਰਣ ਵੀ ਪਿਛਲੇ ਅਸਫ਼ਲ ਮਨੁੱਖਾ ਜਨਮ ਤੋਂ ਬਾਅਦ ਚਲਦੇ ਆ ਰਹੇ, ਸਾਡੇ ਹਊਮੈ ਅਧੀਨ ਹੁਣ ਤੱਕ ਬਣ ਰਹੇ ਕਰਮਾ-ਸੰਸਕਾਰਾਂ ਦਾ ਨਤੀਜਾ ਤੇ ਸਾਡਾ ਜਨਮ ਮਰਣ ਦੇ ਗੇੜ੍ਹ `ਚ ਫ਼ਸੇ ਹੋਣਾ ਹੁੰਦਾ ਹੈ। ਜਦਕਿ ਉਥੇ ਸਾਰੇ ਦਾ ਮੂਲ ਹੁੰਦੀ ਹੈ ਸਾਡੀ “ਮੁਰਦਾ ਆਤਮਕ (ਮਾਨਸਿਕ) ਅਵਸਥਾ”। ਦਰਅਸਲ ਜਨਮ ਮਰਣ ਵਾਲਾ ਇਹ ਉਹੀ ਗੇੜ ਹੈ ਜਿਸ `ਚ ਜੀਵ ਨੂੰ ਇੱਕ ਤੋਂ ਬਾਅਦ ਦੂਜੀ ਜੂਨ (ਸਰੀਰ) ਮਿਲਦੇ ਰਹਿੰਦੇ ਹਨ। ਇਹ ਕ੍ਰਮ ਉਦੋਂ ਤੱਕ ਚਾਲੂ ਰਹਿੰਦਾ ਹੈ ਜਦੋਂ ਤੱਕ ਕਿਸੇ ਮਨੁੱਖਾ ਜੂਨ ਸਮੇਂ, ਗੁਰਬਾਣੀ ਆਦੇਸ਼ਾਂ ਦੀ ਕਮਾਈ ਦਾ ਨਤੀਜਾ, ਜਨਮ ਹੀ ਸਫ਼ਲ ਨਾ ਹੋ ਜਾਵੇ।

ਨਹੀਂ ਤਾਂ, ਜਦੋਂ ਮਨੁੱਖ ਦੀ ਮੌਤ ਹੋ ਜਾਂਦੀ ਹੈ ਤਾਂ ਉਹੀ ਸਰੀਰ ਜਿਸ ਨੂੰ ਕੁੱਝ ਸਮਾਂ ਪਹਿਲਾਂ ਸਾਰੇ ਦੁਖ-ਸੁਖ ਮਹਿਸੂਸ ਹੁੰਦੇ ਸਨ, ਭਾਵੇਂ ਕੱਟ ਦੇਵੋ, ਸਾੜ ਦੇਵੋ, ਕੁੱਤੇ-ਇੱਲਾਂ ਖਾ ਜਾਣ ਕੁੱਝ ਵੀ ਮਹਿਸੂਸ ਨਹੀਂ ਹੁੰਦਾ। ਕਾਰਣ, ਸਰੀਰ `ਚੋਂ ਜੋ ‘ਆਤਮਾ’, ‘ਕਰਤੇ ਦਾ ਨੂਰ’ ਤੇ ‘ਲੌ’ ਸੀ, ਅੱਡ ਹੋ ਚੁੱਕੀ ਹੁੰਦੀ ਹੈ। ਇਹੀ ਕਹਾਣੀ ਹਰੇਕ ਜੀਵ ਦੀ ਹੈ। ਜੂਨ ਤੇ ਸਰੀਰ ਚਾਹੇ ਕੋਈ ਹੋਵੇ, ਦੁਖ ਸੁਖ ਤੇ ਕਸ਼ਟ, ਮਨੁੱਖਾ ਜਨਮ ਦੇ ਕਰਮਾਂ ਸੰਸਕਾਰਾਂ ਦੇ ਸਮੂਹ ‘ਮਨ’ ਕਾਰਨ ਹੁੰਦੇ ਹਨ। ਜਦਕਿ ਮਨੁੱਖ ਸਮੇਤ ਸਾਰੀਆਂ ਜੂਨਾਂ ਦੇ ਸਰੀਰਾਂ ਅੰਦਰ ਪ੍ਰਭੂ ਦਾ ‘ਅੰਸ਼, ਆਤਮਾ, ਜੀਵਨ ਲੌ’ ਉਹੀ ਹੁੰਦੀ ਹੈ। ਇਹ ਵੱਖਰੀ ਗੱਲ ਹੈ ਕਿ ਮਨੁੱਖਾ ਜਨਮ ਸਮੇਂ ਜਦੋਂ ਜੀਵਨ ਅੰਦਰ ਗੁਰੂ ਗਿਆਨ ਰਾਹੀਂ ‘ਵਿਵੇਕ ਬੁਧ’ ਪ੍ਰਗਟ ਹੋ ਜਾਵੇ ਤਾਂ ਇਸ ਦੀ ‘ਉੱਤਮ ਆਤਮਕ ਅਵਸਥਾ’, ਸਮੇਂ ਇਸ ਦਾ ਆਰੇ ਨਾਲ ਦੋਫ਼ਾੜ ਹੋਣਾ ਵੀ ਮਨੁੱਖ ਦੀ ‘ਲਿਵ’ ਨੂੰ ਕਰਤੇ ਨਾਲੋਂ ਨਹੀਂ ਤੋੜ ਸਕਦੀ।

ਮਾਤ ਗਰਭ ਮਹਿ” -ਅੱਜ ਮੈਡੀਕਲ ਸਾਇੰਸ, ਇਸ ਸਿੱਟੇ `ਤੇ ਪੁੱਜ ਚੁੱਕੀ ਹੈ ਕਿ ਮਾਂ ਦੇ ਗਰਭ `ਚ ਜਦੋਂ ਸਰੀਰ ਤਿਆਰ ਹੁੰਦਾ ਹੈ, ਤਾਂ ਉਥੇ ਤਾਪਮਾਨ (Temprature) ਇਨਾਂ ਵੱਧ ਹੁੰਦਾ ਹੈ, ਜੇਕਰ ਉਸ `ਚ ਨੰਗੀ ਉਂਗਲ ਪਾਈ ਜਾਵੇ ਤਾਂ ਉਹ ਉਂਗਲੀ ਵੀ ਸੜ ਜਾਏ। ਜਦਕਿ ਉਸ ਸਮੇਂ ਜੇਕਰ ਇਹੀ ਕਸ਼ਟ ਸਾਡੇ ਤਿਆਰ ਹੋ ਰਹੇ ਸਰੀਰ ਨੇ ਸਹਿਣ ਕਰਣੇ ਹੋਣ ਤਾਂ ਸੰਭਵ ਹੀ ਨਹੀਂ। ਇਹ ਵੀ ਕਰਤੇ ਦੀ ਖੇਡ ਹੈ ਕਿ ਉਸ ਸਮੇਂ ਸਾਡੀ ‘ਲਿਵ-ਸੁਰਤ’, ਪ੍ਰਭੂ ਨਾਲ ਜੁੜੀ ਹੁੰਦੀ ਹੈ ਤੇ ਉਸ ਤੋਂ ਸਾਡੇ ਸਰੀਰ ਨੂੰ ਮਹਿਸੂਸ ਤੱਕ ਨਹੀਂ ਹੁੰਦਾ। ਇਸ ਤਰ੍ਹਾਂ ਮਨੁੱਖ ਦੀ ਉਹੀ ‘ਲਿਵ’, ਜਦੋਂ ਜੀਵਨ ਕਾਲ `ਚ ਵੀ “ਉੱਚੀ ਆਤਮਕ ਅਵਸਥਾ” `ਚ ਕਰਤੇ ਨਾਲ ਜੁੜੀ ਹੋਵੇ ਤਾਂ ਸਿਰ ਤੇ ਚਲਦਾ ਆਰਾ, ਉਬਲਦੀਆਂ ਦੇਗਾਂ, ਗਰਮ ਜੰਬੂਰਾਂ ਨਾਲ ਨੋਚਿਆ ਜਾਂਦਾ ਸਾਡੇ ਸਰੀਰ ਦਾ ਮਾਸ ਤੇ ਬੇਅੰਤ ਤਸੀਹੇ ਵੀ ਸਾਨੂੰ ਜੀਵਨ ਦੇ ਸੱਚ ਤੋਂ ਨਹੀਂ ਡੇਗ ਸਕਦੇ।

ਦਰਅਸਲ ਇਹ ਵਿਸ਼ਾ ਹੀ ‘ਲਿਵ ਤੇ ਆਤਮਕ ਅਵਸਥਾ’ ਦਾ ਹੈ। ਉਪ੍ਰੰਤ ਗਰਭ ਤੋਂ ਬਾਹਰ ਆਉਂਦੇ ਸਾਰ, ਜੀਵ ਦੀ ਇਹੀ ‘ਲਿਵ’ (ਮਾਨਸਿਕ ਅਵਸਥਾ) ਪ੍ਰਭੂ ਨਾਲੋਂ ਟੁੱਟ ਜਾਂਦੀ ਤੇ ਸੰਸਾਰ ਵੱਲ ਮੁੜ ਜਾਂਦੀ ਹੈ ਤਾਂ ਇਸੇ ਤੋਂ ਮਨੁੱਖ ਦੇ ਜੀਵਨ ਦਾ ਰੁਖ ਵੀ ਬਦਲ ਜਾਂਦਾ ਹੈ। ਸਪਸ਼ਟ ਹੈ, ਇਥੇ ਵੀ ਵਿਸ਼ਾ ਸਾਡੇ ‘ਮਾਨਸਿਕ’ ਅਥਵਾ ‘ਆਤਮਕ ਅਵਸਥਾ’ ਦਾ ਹੀ ਹੈ। ਖ਼ੂਬੀ ਇਹ ਕਿ ਪ੍ਰਭੂ ਨਾਲ ‘ਲਿਵ’ ਦੇ ਜੁੜੇ ਹੋਣ `ਤੇ ਮਾਤਾ ਦੇ ਗਰਭ ਦੀ ਅੱਗ ਤਾਂ ਸਾਡੇ ਸਰੀਰ ਨੂੰ ਉਸ ਦਾ ਸੇਕ ਤੱਕ ਮਹਿਸੂਸ ਨਹੀਂ ਹੋਣ ਦਿੰਦੀ। ਜਦਕਿ ਬਾਹਰ ਆਉਂਦੇ ਸਾਰ, ਜਿਉਂ ਹੀ ਜੀਵ ਦੀ ‘ਲਿਵ’ ਕਰਤੇ ਤੋਂ ਟੁੱਟਦੀ ਤੇ ਸੰਸਾਰ ਵਿਚਲੀ ਹਉਮੈ ਤ੍ਰਿਸ਼ਨਾ ਵੱਲ ਮੁੜਦੀ ਹੈ ਤਾਂ ਵਿਕਾਰਾਂ ਦੀ ਅੱਗ `ਚ ਸਾਡਾ ਜੀਵਨ ਸੜਣਾ ਤੇ ਬਰਬਾਦ ਹੋਣਾ ਸ਼ੁਰੁ ਹੋ ਜਾਂਦਾ ਹੈ।

ਸਪਸ਼ਟ ਹੈ ਜੇ ਮਨੁੱਖ ਦੇ ਮਨ ਦੀ ਇਹੀ ‘ਲਿਵ’, ਸੰਸਾਰ `ਚ ਆਉਣ ਤੋਂ ਬਾਅਦ ਵੀ ਪ੍ਰਭੂ ਨਾਲ ਜੁੜੀ ਰਵੇ ਤਾਂ ਮਨੁੱਖ ਦਾ ਜੀਵਨ ਵਿਕਾਰਾਂ ਤੋਂ ਬੱਚ ਸਕਦਾ ਹੈ। ਇਸਤੋਂ ਮਨੁਖਾ ਜਨਮ ਬਿਰਥਾ ਨਹੀਂ ਜਾਵੇਗਾ ਤੇ ਮੁੜ ਜਨਮਾਂ ਦੇ ਗੇੜ੍ਹ `ਚ ਨਹੀਂ ਪੈਣਾ ਪਵੇਗਾ। ਗੁਰਬਾਣੀ ਦਾ ਫ਼ੈਸਲਾ ਹੈ ਕਿ ਬਹੁਤਾ ਕਰਕੇ ਹੁੰਦਾ ਇਸ ਦੇ ਉਲਟ ਹੈ। ਕਿਉਂਕਿ ਜਨਮ ਲੈਂਦੇ ਸਾਰ, ਸਾਡੀ ਲਿਵ ਕਰਤੇ ਤੋਂ ਟੁੱਟ ਜਾਂਦੀ ਹੈ ਤੇ ਸੰਸਾਰ ਵਿਚਲੀ ਤ੍ਰਿਸ਼ਨਾ ਦੀ ਅੱਗ ਸਾਡੇ ਜੀਵਨ ਨੂੰ ਸਾੜਣ ਲਗ ਜਾਂਦੀ ਹੈ। ਤਾਂ ਤੇ ਮਨੁੱਖਾ ਜੀਵਨ ਲਈ ਤ੍ਰਿਸ਼ਨਾ ਦੀ ਅੱਗ ਵੀ ਉਤਨੀ ਹੀ ਖਤਰਨਾਕ ਹੈ ਜਿਨੀਂ ਮਨੁੱਖ ਦਾ ਸਰੀਰ ਤਿਆਰ ਹੋਣ ਸਮੇਂ ਮਾਤਾ ਦੇ ਗਰਭ ਵਿਚਲੀ ਅੱਗ। ਫ਼ਰਕ ਹੈ ਤਾਂ ਅੱਗ, ਅੱਗ ਦੀ ਭਿੰਨਤਾ ਤੇ ਸ਼ਕਲ ਵਾਲਾ।

ਫ਼ੁਰਮਾਨ ਹੈ “ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ ਮਾਇਆ॥ ਮਾਇਆ ਅਗਨਿ ਸਭ ਇਕੋ ਜੇਹੀ ਕਰਤੈ ਖੇਲੁ ਰਚਾਇਆ॥ ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ॥ ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥ ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ” (ਪੰ: ੯੨੧) ਫ਼ਿਰ ਜੇਕਰ ਸੰਸਾਰ `ਚ ਆ ਕੇ ਵੀ ਸਾਡੀ ਆਤਮਕ ਸਾਂਝਪ੍ਰਭੂ ਨਾਲ ਬਣੀ ਰਵੇ ਤਾਂ “ਕਹੈ ਨਾਨਕੁ ਗੁਰ ਪਰਸਾਦੀ, ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ” ਭਾਵ ਤ੍ਰਿਸ਼ਨਾ ਦੀ ਅੱਗ ਵੀ ਨਹੀਂ ਪੋਹ ਸਕਦੀ ਸ਼ਰਤ ਹੈ ਜੇਕਰ ਸੰਸਾਰ `ਚ ਆ ਕੇ ਵੀ, ਲਿਵ ਪ੍ਰਭੂ ਨਾਲ ਜੁੜੀ ਰਵੇ। ਇਸ ਤੋਂ ਮਨੁੱਖ ਆਪਣੇ ਜੀਵਨ ਕਾਲ `ਚ ਵੀ ਪ੍ਰਭੂ ਰੰਗ `ਚ ਰੰਗਿਆ ਰਹਿ ਕੇ ਜੀਵਨ ਦਾ ਰਸ ਤੇ ਅਨੰਦ ਮਾਨ ਸਕਦਾ ਹੈ।

‘ਮਨ’ ਦੀ ਹੀ ਦੇਣ ਹਣ, ਸਾਡੇ ਅਉਗੁਣ-ਦੇਖ ਚੁੱਕੇ ਹਾਂ ਕਿ ਸਾਡੇ ਜੀਵਨ ਦਾ ਮੂਲ ਸਾਡੀ ਆਤਮਾ” (ਕਰਤੇ ਦਾ ਨੂਰ) ਹੈ। ਦੂਜਾ ਹੈ, ਸਾਡੇ ਸਰੀਰ `ਚ ਜਨਮ ਤੋਂ ਨਾਲ ਆਇਆ ਸਾਡਾ ਮਨ ਉਹ ਮਨਜੋ ਸਾਡੇ ਪਿਛਲੇ ਮਨੁੱਖਾ ਜਨਮ ਨਾਲ ਸਬੰਧਤ ਸੁਬੁਧਤੇ ਕਬੁਧਦੇ ਰੂਪ `ਚ ਸਾਡੇ ਕਰਮਾਂ ਸੰਸਕਾਰਾਂ ਦਾ ਸਮੂਹ ਹੈ। ਕਿਉਂਕਿ ਜੇ ਉਸੇ ਮਨੁੱਖਾ ਜਨਮ `ਚ ਸਾਡਾ ਮਨ ਵਿਵੇਕ ਬੁਧ ਵਾਲੀ ਅਵਸਥਾ ਨੂੰ ਪ੍ਰਾਪਤ ਕਰ ਚੁੱਕਾ ਹੁੰਦਾ ਤਾਂ ਅਸਾਂ ਫ਼ਿਰ ਤੋਂ ਜਨਮ-ਮਰਣ ਦੇ ਗੇੜ੍ਹ `ਚ ਆਉਣਾ ਹੀ ਨਹੀਂ ਸੀ? ਉਦੋਂ ਹੀ ਜੀਵਨ ਮੁਕਤ ਹੋ ਜਾਣਾ ਸੀ, ਕਰਤੇ `ਚ ਸਮਾ ਜਾਨਾ ਸੀ। ਇਸ ਲਈ ਸਪਸ਼ਟ ਹੈ “ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥ ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ” (ਪੰ: ੯੨੧) ਕਿ ਸੰਸਾਰਕ ਰਸ, ਜਿਨ੍ਹਾਂ ਵੱਲ ਮਨੁੱਖ ਅਰੰਭ ਤੋਂ ਹੀ ਖਿੱਚਿਆ ਜਾਂਦਾ ਹੈ, ਇਸ ਨੂੰ ਇਨੇਂ ਮਿੱਠੇ ਲਗਦੇ ਹਨ ਕਿ ਮਨੁੱਖ ਦੀ ਹਰ ਸਮੇਂ ਇਨ੍ਹਾਂ ਰਸਾਂ ਵੱਲ ਹੀ ਦੌੜ ਲੱਗੀ ਰਹਿੰਦੀ ਹੈ। ਜਦਕਿ ਇਨ੍ਹਾਂ ਦੀ ਵੱਧ ਤੋਂ ਵੱਧ ਪ੍ਰਾਪਤੀ ਕਰਦੇ ਹੋਏ ਵੀ, ਮਨੁੱਖ ਦੀ ਭੁੱਖ ਘਟਦੀ ਨਹੀਂ ਬਲਕਿ ਵਧਦੀ ਹੈ। ਕੁੱਝ ਪ੍ਰਾਪਤ ਕਰ ਲੈਂਦਾ ਹੈ ਤਾਂ ਹੋਰ ਦੀ ਭੁੱਖ, ਇਸ ਤਰ੍ਹਾਂ ਇਸ ਅੰਦਰ ਤ੍ਰਿਸ਼ਨਾ ਤਾਂ ਵਧਦੀ ਹੈ ਪਰ ਸੰਤੋਖ ਨਹੀਂ ਆਉਂਦਾ।

ਗੁਰਬਾਣੀ ਗਿਆਨ ਤੋਂ ਕੋਰਾ, ਪ੍ਰਭੂ ਤੋਂ ਆਪਣੀ ਅੱਡਰੀ ਹੋਂਦ ਬਣਾਈ ਬੈਠਾ ਅਜਿਹਾ ਮਨ’, ਮਨੁੱਖ ਤਾਂ ਇਸ ਮਨਦੀ ਤ੍ਰਿਸ਼ਨਾ ਨੂੰ ਸ਼ਾਂਤ ਕਰਣ ਲਈ ਬਹੁਤੇਰੇ ਹੱਥ ਪੈਰ ਮਾਰਦਾ ਹੈ। ਇਸ ਦੇ ਲਈ ਸੰਸਾਰਕ ਪ੍ਰਾਪਤੀਆਂ ਤੇ ਪਦਾਰਥਾਂ ਵੱਲ ਦੌੜ ਵੀ ਲਗਾਈ ਰੱਖਦਾ ਹੈ। ਯੋਗ ਤ੍ਰੀਕਿਆਂ ਨਾਲ ਰੱਜ ਨਹੀਂ ਹੁੰਦਾ ਤਾਂ ਅਯੋਗ ਢੰਗ ਅਪਨਾਉਣੇ ਸ਼ੁਰੂ ਕਰ ਦਿੰਦਾ ਹੈ। ਦੂਜੇ ਦਾ ਹੱਕ ਮਾਰਣਾ, ਧੋਖਾ-ਜ਼ੁਲਮ, ਲੁੱਟ-ਖੋਹ, ਚੋਰੀ-ਡਾਕੇ-ਕਤਲ, ਦਗ਼ੇ-ਫਰੇਬ-ਠਗੀਆਂ ਭਾਵ ਜੀਵਨ `ਚ ਆ ਰਹੇ ਅਨੇਕਾਂ ਅਉਗੁਣ, ਮਨੁੱਖ ਦੇ ਕੁਰਾਹੇ ਪਏ ਮਨਦੀ ਇਸੇ ਤ੍ਰਿਸ਼ਨਾ ਦਾ ਹੀ ਵਿਗਾੜ ਤੇ ਵਾਧਾ ਹੁੰਦੇ ਹਨ। ਬਲਾਤਕਾਰ, ਸਮਗਲਿੰਗ, ਸਕੈਂਡਲ, ਡਰੱਗ-ਨਸ਼ੇ, ਉਧਾਲੇ ਤੇ ਘਿਨਾਉਣੇ ਜੁਰਮ, ਸਭ ਇਸੇ ਤ੍ਰਿਸ਼ਨਾ ਭਰੇ ਮਨਦਾ ਹੀ ਭਿਆਨਕ ਰੂਪ ਹੁੰਦੇ ਹਨ।

ਧਰਮ ਦੇ ਭੁਲੇਖੇ ਫੋਕਟ ਕਰਮ- ਰੱਬ ਜੀ ਨੇ ਸਾਰੇ ਮਨੁੱਖ ਮਾਤ੍ਰ ਦਾ ਇਕੋ ਹੀ ਧਰਮ ਘੜਿਆ ਹੈ ਤੇ ਇਹ ਧਰਮ ਹੈ ਮਨੁੱਖਤਾ ਅਥਵਾ ਮਾਨਵਤਾ। ਨਿਸ਼ਾਨਾ ਹੈ ਅੰਦਰੋਂ ਬਾਹਰੋਂ ਮਨੁੱਖ ਬਨਣਾ, ਪ੍ਰਭੂ ਦੀ ਬਖਸ਼ਿਸ਼ ਦਾ ਪਾਤ੍ਰ ਹੋਣਾ। ਬਾਹਰੋਂ, ਪ੍ਰਭੂ ਬਖਸ਼ੇ ਮਨੁੱਖਾ ਸਰੂਪ ਦੀ ਸੰਭਾਲ ਤੇ ਜੀਵਨ ਅੰਦਰ ਗੁਰਬਾਣੀ-ਗੁਰੂ ਗਿਆਨ ਦੀ ਸਿੱਖਿਆ `ਤੇ ਅਮਲ ਰਾਹੀਂ ਰੱਬੀ ਗੁਣਾਂ ਦਾ ਧਾਰਨੀ ਹੋਣਾ। ਇਸ ਪੂਰਨ ਵਿਸ਼ੇ ਨੂੰ ਅਸਾਂ ਗੁਰਮੱਤ ਪਾਠ ਨੰ: ੩੯ ‘ਆਦਿ ਕਾਲ ਦਾ ਧਰਮ ਸਿੱਖ ਧਰਮ’ `ਚ ਨਿਭਾਇਆ ਹੈ।

ਦੇਖ ਚੁੱਕੇ ਹਾਂ ਕਿ ਜੀਵ, ਜਿਸ ਦੀ ਲਿਵਮਾਤਾ ਦੇ ਉਦਰ `ਚ ਤਾਂ ਪ੍ਰਭੂ ਨਾਲ ਜੁੜੀ ਹੁੰਦੀ ਹੈ ਬਾਹਰ ਆਉਂਦੇ “ਲਿਵ ਛੁੜਕੀ ਲਗੀ ਤ੍ਰਿਸਨਾ, ਮਾਇਆ ਅਮਰੁ ਵਰਤਾਇਆ” (ਪੰ: 921) ਅਨੁਸਾਰ, ਉਹੀ ਲਿਵਸੰਸਾਰਕ ਰਸਾਂ-ਕਸਾਂ ਤੇ ਪ੍ਰਾਪਤੀਆਂ ਵੱਲ ਬਦਲ ਜਾਂਦੀ ਹੈ। ਇਸ ਤੋਂ ਮਨ ਦਾ ਟਿਕਾਅ, ਸ਼ਾਂਤੀ, ਸੰਤੋਖ ਆਦਿ ਤਾਂ ਪ੍ਰਾਪਤ ਹੁੰਦੇ ਨਹੀਂ ਬਲਕਿ ਪ੍ਰਭੂ ਤੋਂ ਵਧ ਰਹੀ ਆਤਮਕਵਿੱਥ ਕਾਰਣ, ਮਨੁੱਖ ਦੇ ਮਨ`ਚ ਹਉਮੈ, ਮਾਇਆ ਦੀ ਪਕੜ ਤੇ ਤ੍ਰਿਸ਼ਨਾ ਵਧਦੀ ਹੈ। ਆਪਣੇ ਹੀ ਸੰਸਕਾਰਾਂ-ਕਰਮਾਂ ਤੋਂ ਕਾਇਮ ਹੋ ਚੁੱਕੇ ਅਜਿਹੇ ਮਨਦੀ ਹਾਲਤ-ਜੇ ਕੁੱਝ ਚਾਹੀਦਾ ਹੈ ਤਾਂ ਬ੍ਰਾਹਮਣ ਆਦਿ ਕੋਲੋਂ ਉਪਾਅ; ਮਿਲ ਚੁੱਕਾ ਹੈ ਤਾਂ ‘ਖੁੱਸ ਨਾ ਜਾਵੇ’ ਉਸ ਲਈ ਉਪਾਅ। ਹਰ ਸਮੇਂ ਸੰਸਾਰਕ ਮੰਗਾਂ, ਪ੍ਰਾਪਤੀਆਂ, ਖੁੱਸਣ ਦੇ ਸਹਿਮ ਭਾਵ ਉਪਾਅ ਹੀ ਉਪਾਅ। ਨਤੀਜਾ ਏਹ ਤਿਸਨਾ ਵਡਾ ਰੋਗੁ ਲਗਾ ਮਰਣੁ ਮਨਹੁ ਵਿਸਾਰਿਆ” (ਪੰ: 919) ਅਨੁਸਾਰ ਵਧ ਰਹੀ ਤ੍ਰਿਸ਼ਨਾ ਭੁੱਖ ਦੇ ਚੱਕਰ `ਚ ਇਸ ਨੂੰ ਆਪਣੀ ਮੌਤ ਤੇ ਪ੍ਰਭੂ, ਦੋਵੇਂ ਭੁੱਲੇ ਰਹਿੰਦੇ ਹਨ।

“ਨਾਨਕ ਮਤੀ ਮਿਥਿਆ” (ਪੰ: 467) -ਕਰਮਾਂ, ਸੰਸਕਾਰਾਂ ਦਾ ਸਮੂਹ, ਇਸ ਮਨਦੀ ਹਉਮੈ ਤ੍ਰਿਸ਼ਨਾ ਤੋਂ ਕਾਮਨਾਵਾਂ `ਚ ਨਿੱਤ ਵਾਧਾ। ਇਸੇ ਤੋਂ ਇਸ ਮਨਦੀ ਲਗਾਤਾਰ ਫ਼ੋਕਟ ਕਰਮਕਾਂਡਾਂ ਪਿਛੇ ਦੌੜ। ਇਸੇ ਦੌੜ `ਚ, ਇੱਕ ਕਰਤੇ ਤੋਂ ਅਣਜਾਣ ਇਹ ਮਨਅਨੇਕਾਂ ਦੇਵੀਆਂ, ਦੇਵਤੇ, ਇਸ਼ਟ ਤੇ ਭਗਵਾਨ ਤੱਕ ਵੀ ਸਿਰਜ ਲੈਂਦਾ ਹੈ। ਫ਼ਿਰ ਇਸੇ ਤੋਂ ਬ੍ਰਾਹਮਣ ਕੋਲੋਂ ਉਪਾਵਾਂ ਦੀ ਝੜੀ ਲੱਗਦੀ ਹੈ। ਇਥੋਂ ਹੀ ਪੈਦਾ ਹੁੰਦੇ ਹਨ ਫੋਕਟ ਮਹੱਤਵ ਤੇ ਮਹਾਤਮ, ਸਗਨ-ਰੀਤਾਂ, ਊਚ-ਨੀਚ, ਸੁੱਚਾਂ-ਭਿੱਟਾਂ, ਵਹਿਮ-ਸਹਿਮ, ਭਰਮ-ਭੁਲੇਖੇ, ਮਾਲਾ, ਵਰਤ, ਤੀਰਥ ਇਸ਼ਨਾਨ, ਤਪ-ਸਮਾਧੀਆਂ, ਪ੍ਰਵਾਰਾਂ ਦਾ ਤਿਆਗ, ਬੈਰਾਗੀਆਂ, ਜੋਗੀਆਂ, ਨਾਂਗਿਆਂ-ਸੰਨਿਆਸੀਆਂ, -ਬਨਬਾਸੀਆਂ-ਬ੍ਰਹਮਚਾਰੀਆਂ, ਮੌਨਧਾਰੀਆਂ, ਰੋਂਡਾਂ-ਮੋਂਡਾਂ ਤੇ ਜਟਾਧਾਰੀਆਂ, ਪਾਖੰਡੀ ਸੰਤਾਂ-ਸਾਧਾਂ-ਭਗਤਾਂ ਆਦਿ ਵਾਲੇ ਅਨੇਕਾਂ ਭੇਖ। ਇਸ ਤਰ੍ਹਾਂ ਇਹੁ ਮਨੁ ਕਰਮਾ ਇਹੁ ਮਨੁ ਧਰਮਾ ਅਨੁਸਾਰ ਆਪਣੇ ਹੀ ਸੰਸਕਾਰਾਂ ਤੋਂ ਬਣੇ ਇਸ ਮਨਪਿਛੇ ਦੌੜ ਹੀ ਮਨੁੱਖ ਦਾ ਧਰਮ ਬਣ ਜਾਂਦੀ ਹੈ। ਇਹੀ ਦੌੜ ਮਨੁੱਖ ਨੂੰ ਆਪਣੇ ਆਤਮਕ ਰੱਬੀ ਧਰਮਦੀ ਸਮਝ ਹੀ ਨਹੀਂ ਆਉਣ ਦਿਂਦੀ। ਅਜਿਹੇ ਮਨਤੋਂ ਪੈਦਾ ਹੋਈਆਂ ਆਸ਼ਾਵਾਂ-ਮੰਗਾਂ ਤੇ ਉਨ੍ਹਾਂ ਲਈ ਫੋਕਟ ਉਪਾਅ ਹੀ ਮਨੁੱਖ ਦਾ ਧਰਮ ਬਣ ਕੇ ਰਹਿ ਜਾਂਦੇ ਹਨ। ਇਹੀ ਹੈ ਮਨੁੱਖ ਦੀ ਆਤਮਕ ਮੌਤ `ਤੇ ਕਰਤੇ ਤੋਂ ਵਿੱਥ ਦਾ ਕਾਰਣ, ਕਰਮਾਂ ਦਾ ਸਮੂਹ ਮਨ

ਨਾਸਤਿਕਤਾ, ਸਾਮਵਾਦ ਤੇ ਕਮਿਊਨਿਜ਼ਮ? - ਅਜਿਹੇ ‘ਮਨ’ ਤੋਂ ਪੈਦਾ ਕੀਤੇ ਜਾ ਚੁੱਕੇ ਅਨੇਕਾਂ ਫੋਕਟ ਕਰਮ, ਇੱਕ ਕਰ ਰਿਹਾ ਹੈ ਤੇ ਦੂਜਾ ਕਰਵਾ ਰਿਹਾ ਹੈ। ਦੋਵੇਂ ਪਾਸੇ ਮਨੁੱਖ ਆਪਣਾ ਅਮੁੱਲਾ ਤੇ ਦੁਰਲਭ ਜਨਮ ਬਿਰਥਾ ਕਰ ਰਿਹਾ ਹੁੰਦਾ ਹੈ। ਗੁਰਬਾਣੀ ਅਨੁਸਾਰ ਇਸੇ ਕਾਰਣ ਪੂਰਾਂ ਦੇ ਪੂਰ ਡੁੱਬਦੇ ਹਨ। ਦੋਵੇਂ ਪਾਸੇ ਹਉਮੈ, ਤ੍ਰਿਸ਼ਨਾ ਦੀ ਭੱਠੀ `ਚ ਸੜ ਰਿਹਾ ਮਨੁੱਖ ਹੀ ਧਰਮ ਦੇ ਨਾਂ `ਤੇ ਪਾਖੰਡ ਕਰਮਾਂ ਨੂੰ ਕਰਣ ਤੇ ਕਰਵਾਉਣ ਵਾਲਾ ਹੈ। ਦੋਵੇਂ, ਸੰਸਾਰ ਤੱਲ `ਤੇ ਬੁਰਾਈਆਂ ਲੁੱਟਾਂ, ਖੋਹਾਂ, ਸਕੈਂਡਲਾਂ, ਠੱਗੀਆਂ, ਜੁਰਮਾਂ `ਚ ਵਾਧਾ ਕਰਦੇ ਹਨ ਤੇ ਨਾਲ ਹੀ ਆਪਣੇ ਜੀਵਨ ਦੀ ਬਲੀ ਵੀ ਚੜ੍ਹਾ ਰਹੇ ਹੁੰਦੇ ਹਨ। ਸਾਰੇ ਦਾ ਮੁੱਖ ਕਾਰਣ ਹੁੰਦਾ ਹੈ, ਅੰਦਰ ਵੱਸ ਰਹੇ ਪ੍ਰਭੂ ਤੌਂ ਅਨਜਾਣ ਤੇ ਬਾਹਰਲੇ ਸੰਸਕਾਰਾਂ ਤੋਂ ਘੜਿਆ ਜਾ ਚੁੱਕਾ ਮਨੁੱਖ ਦਾ ਮਨ ਇਹੀ ਫਾਸਲਾ ਮਨੁੱਖ ਨੂੰ ਫ਼ਿਰ ਤੋਂ ਧੱਕ ਦਿੰਦਾ ਹੈ ਜਨਮ ਮਰਨ ਤੇ ਭਿੰਨ ਭਿੰਨ ਜੂਨਾਂ ਦੇ ਗੇੜ `ਚ।

ਆਤਮਕ ਤੱਲ `ਤੇ ਮੁਰਦਾ’, ਪ੍ਰਭੂ ਸੋਝੀ ਤੋਂ ਅਨਜਾਣ, ਫੋਕਟ ਕਰਮਕਾਡਾਂ ਦੇ ਤਾਨੇ-ਬਾਨੇ `ਚ ਉਲਝੇ, ਤ੍ਰਿਸ਼ਨਾ ਦੀ ਅੱਗ `ਚ ਸੜ ਰਹੇ ਮਨੁੱਖ ਦੇ ਜੀਵਨ `ਚ ਅਨੇਕਾਂ ਵਿਕਾਰ ਆਪਣੇ ਆਪ ਜਨਮ ਲੈ ਲੈਂਦੇ ਹਨ। ਇਸੇ ਦਾ ਨਤੀਜਾ, ਮਨੁੱਖ ਨੂੰ ਜਦੋਂ ਖੋਖਲੇ ਧਰਮ ਚੋਂ ਨਿਰਾਸ਼ਾ ਤੋਂ ਸਿਵਾ ਕੁੱਝ ਨਹੀਂ ਮਿਲਦਾ ਤਾਂ ਨਿਰਾਸ਼ ਮਨੁੱਖ ਨਾਸਤਿਕਤਾ, ਕਮਿਊਨਿਜ਼ਮ ਦੀ ਖੱਡ `ਚ ਜਾ ਡਿੱਗਦਾ ਹੈ। ਤ੍ਰਿਸਨਾ ਅਗਨਿ ਜਲੈ ਸੰਸਾਰਾ॥ ਜਲਿ ਜਲਿ ਖਪੈ ਬਹੁਤੁ ਵਿਕਾਰਾ” (ਪੰ:1044) ਭਾਵ ਜਦੋਂ ਉਥੇ ਵੀ ਮਾਨਸਿਕ ਸ਼ਾਂਤੀ ਨਹੀਂ ਮਿਲਦੀ ਤਾਂ ਆਤਮ ਹਤਿਆ ਆਦਿ ਦੀ ਸੀਮਾ ਤੱਕ ਵੀ ਪੁੱਜ ਜਾਂਦਾ ਹੈ। ਤਾਂ ਤੇ, ਜੇ ਆਤਮਕ ਸ਼ਾਤੀ ਚਾਹੀਦੀ ਹੈ ਤਾਂ ਯਕੀਨਣ ਗੁਰਬਾਣੀ ਦੀ ਸੋਝੀ, ਉਸ `ਤੇ ਅਮਲ ਭਾਵ ਗੁਰਬਾਣੀ ਜੀਵਨ ਤੋਂ ਹੀ ਮਿਲੇਗੀ।

ਹਰਿਮੰਦਰ ਹੈ ਮਨੁੱਖਾ ਸਰੀਰ-ਗੁਰਬਾਣੀ `ਚ ਪਾਤਸ਼ਾਹ ਨੇ ਮਨੁੱਖਾ ਸਰੀਰ ਨੂੰ ਹੀ ਹਰਿਮੰਦਰ ਕਿਹਾ ਹੈ। ਪ੍ਰਭੂ, ਹਰ ਜੀਵ `ਚ ਅੰਸ਼ ਰੂਪ ਹੋ ਕੇ ਵੱਸ ਰਿਹਾ ਹੈ। ਇਹ ਕੇਵਲ ਮਨੁੱਖਾ ਜੂਨ ਹੀ ਹੈ ਜਦੋਂ ਗੁਰੂ ਗਿਆਨ ਰਾਹੀਂ ਇਸ ਨੂੰ ਅੰਦਰ ਵੱਸਦੇ ਪ੍ਰਭੂ ਦੀ ਸੋਝੀ ਆ ਸਕਦੀ ਹੈ। ਸਾਧ ਸੰਗਤ `ਚ ਆ ਕੇ ਗੁਰਬਾਣੀ-ਗੁਰੂ ਦੇ ਗਿਆਨ ਦੀ ਸਾਂਝ ਨਾਲ ਇਸ ਮਨਵਾਲੀ ਬਣ ਚੁੱਕੀ ਪ੍ਰਭੂ ਤੋਂ ਅੱਡਰੀ ਹੋਂਦ ਨੂੰ ਖਤਮ ਕੀਤਾ ਜਾ ਸਕਦਾ ਹੈ। ਜਿਉਂ ਜਿਉਂ ਮਨੁੱਖ ਆਪਣੇ ਜੀਵਨ ਨੂੰ ਗੁਰਬਾਣੀ ਸਿੱਖਿਆ ਦੇ ਅਮਲ `ਚ ਲਿਆਉਂਦਾ ਹੈ ਉਸ `ਚੋਂ, ਕਰਮਾਂ-ਸੰਸਕਾਰਾਂ ਦਾ ਜਮਾਵੜਾ ਕੱਟਦਾ ਤੇ ਮੁੱਕਦਾ ਜਾਂਦਾ ਹੈ। ਅਜਿਹੇ ਮਨਵਾਲੀ ਬਣ ਚੁੱਕੀ ਪ੍ਰਭੂ ਤੋਂ ਅੱਡਰੀ ਹੋਂਦ ਮੁੱਕ ਜਾਂਦੀ ਹੈ। ਫ਼ਿਰ ਇਹ ਫਰਜ਼ੀ ਸੁਰਗਾਂ-ਨਰਕਾਂ, ਧਰਮਰਾਜ, ਜਮਰਾਜ ਆਦਿ ਵਾਲੇ ਭਰਮ ਭੁਲੇਖਿਆਂ ਦਾ ਸ਼ਿਕਾਰ ਨਹੀਂ ਹੁੰਦਾ। ਜੀਵਨ ਅੰਦਰ ਆ ਚੁੱਕਾ ਗੁਰਬਾਣੀ-ਗੁਰੂ ਵਾਲਾ ਗਿਆਨ ਅਜਿਹੇ ਭਰਮ-ਜਾਲ ਨੂੰ ਕੱਟ ਦਿੰਦਾ ਹੈ। ਸਾਫ਼ ਹੋ ਜਾਂਦਾ ਹੈ ਕਿ ਕਰਤੇ ਵੱਲੋਂ ਮਨੁੱਖਾ ਜਨਮ ਮਿਲਿਆ ਹੀ ਜੀਵਨਮੁਕਤਤੇ ਜਨਮ ਮਰਨ ਦੇ ਗੇੜ ਤੋਂ ਮੁਕਤ ਹੋਣ ਲਈ ਹੈ। ਅਜਿਹੀ ਜਾਗ੍ਰਿਤ ਆਤਮਕ ਅਵਸਥਾ ਵਾਲੇ ਜੀਵਨ ਨੂੰ ਫੋਕਟ ਕਰਮ ਕਾਂਡਾਂ ਦੀ ਲੋੜ ਨਹੀਂ ਰਹਿੰਦੀ। ਜਿਹੜੇ ਆਪਣੇ ਸਰੀਰ ਵਿਚਲੇ ਹਰਿਮੰਦਰ ਦੀ ਕੀਮਤ ਨੂੰ ਪਛਾਣ ਲੈਂਦੇ ਹਨ, ਉਨ੍ਹਾਂ ਦੇ ਜੀਵਨ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ” (ਪੰ: 522) ਵਾਲੀ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਨ। ਇਸ ਦੇ ਉਲਟ ਮਨਮੁਖ ਹਰਿਮੰਦਰ (ਮਨੁੱਖਾ ਸਰੀਰ) ਕੀ ਸਾਰ ਨ ਜਾਣਨੀ ਤਿਨੀ ਜਨਮੁ ਗਵਾਤਾ” (ਪੰ: 953) ਜਨਮ ਬਿਰਥਾ ਕਰਕੇ ਜਾਂਦੇ ਹਨ।

ਮਨੁਖਾ ਜੂਨ? -ਸਪਸ਼ਟ ਹੋਇਆ ਕਿ ਹਊਮੈ ਅਧੀਨ ਕੀਤੇ ਕਰਮਾਂ-ਸੰਸਕਾਰਾਂ ਕਾਰਣ ਹੀ ਆਪਣੇ ਲਈ ਜਨਮ-ਮਰਨ ਵਾਲਾ ਗੇੜ, ਅਸੀਂ ਆਪ ਸਹੇੜਦੇ ਹਾਂ। ਮਨੁੱਖ ਹੁੰਦੇ ਹੋਏ ਤੇ ਇਸ ਸਬੰਧੀ ਗੁਰਬਾਣੀ `ਚ ਸਪਸ਼ਟ ਵਿਆਖਿਆ ਦੇ ਬਾਵਜੂਦ ਅਸੀਂ ਇਸ ਅਮੁਲੇ ਤੇ ਦੁਰਲਭ ਜਨਮ ਦੀ ਪਛਾਣ ਨਹੀਂ ਕਰਦੇ। ਉਲਟਾ ਇਸ ਜਨਮ `ਚ, ਅਸੀਂ ਆਪਣੇ ਲਈ ਹੋਰ ਬੇਅੰਤ ਕਰਮਾਂ-ਸੰਸਕਾਰਾਂ ਵਾਲਾ ਜਾਲ ਬੁਣ ਕੇ ਨਾਲ ਲਿਜਾਂਦੇ ਹਾਂ। ਜਿਸ ਦਾ ਨਤੀਜਾ, ਅਸੀਂ ਫਿਰ ਤੋਂ ਜਨਮਾਂ ਦੇ ਗੇੜ `ਚ ਪੈਂਦੇ ਹਾਂ। ਜਦਕਿ ਦੂਜੀਆਂ ਬੇਅੰਤ ਜੂਨਾਂ ਕੇਵਲ, ਆਪਣੇ ਪਿਛਲੇ ਮਨੁੱਖਾ ਜਨਮ ਸਮੇਂ ਕੀਤੇ ਕਰਮਾਂ-ਸੰਸਕਾਰਾਂ ਨੂੰ ਭੋਗਣ ਲਈ ਪ੍ਰਭੂ ਵੱਲੋਂ ਸਾਡੇ ਲਈ ਸਜ਼ਾਵਾਂ ਮਾਤ੍ਰ ਤੇ ਭਿੰਨ ਭਿੰਨ ਸਰੀਰਾਂ ਦੇ ਰੂਪ `ਚ ਕੋਠਰੀਆਂ (Cells) ਹੀ ਹੁੰਦੀਆਂ ਹਨ। ਉਨ੍ਹਾਂ ਜੂਨਾਂ ਸਮੇਂ ਜੀਵ ਨੂੰ ਮਨੁੱਖਾ ਸਰੀਰ ਵਾਂਗ ਬਹੁਪੱਖੀ ਸਰੀਰ, ਬਹੁਪੱਖੀ ਦਿਮਾਗ਼ ਤੇ ਅਜਿਹੇ ਮਨਵਾਲੀ ਦਾਤ ਵੀ ਪ੍ਰਾਪਤ ਨਹੀਂ ਹੁੰਦੀ, ਜਿਸ ਮਨਦੀ ਯੋਗ ਵਰਤੋਂ ਕਰਕੇ ਜੀਵ, ਆਪਣੀ ਸੰਭਾਲ ਕਰ ਸਕੇ। ਇਹ ਵੱਖਰੀ ਗੱਲ ਹੈ ਕੁੱਝ ਥੁਰੋਂ ਥਾਪੀਆਂ ਹਸਤੀਆਂ ਵੀ ਮਨੁੱਖਾ ਸਰੀਰ `ਚ ਹੀ ਜਨਮ ਲੈ ਕੇ ਆਉਂਦੀਆਂ ਹਨ, ਜਿਨ੍ਹਾਂ ਦਾ ਪਿਛਲੇ ਜਨਮਾਂ-ਕਰਮਾਂ ਨਾਲ ਕੁੱਝ ਸਬੰਧ ਤੇ ਲੈਣਾ ਦੇਣਾ ਨਹੀਂ ਹੁੰਦਾ। ਜਦਕਿ ਕਰਤੇ ਦੀ ਅਜਿਹੀ ਕਰਣੀ ਉਨ੍ਹਾਂ ਦੀ ਜੀਵਨ ਲੀਲਾ ਤੋਂ ਹੀ ਸਾਬਤ ਹੋ ਰਹੀ ਹੁੰਦੀ ਹੈ, ਜਿਵੇਂ ਕਿ ਦਸ ਗੁਰੂ ਪਾਤਸ਼ਾਹੀਆਂ।

ਫ਼ਿਰ ਵੀ ਕੁੱਝ ਸੱਜਨ ਸੁਆਲ ਕਰਦੇ ਹਨ ਕਿ, ਕੀ ਕਰਮਾਂ ਦਾ ਨਾਸ ਹੋ ਜਾਣ ਤੋਂ ਬਾਅਦ ਹੀ ਮਨੁੱਖਾ ਜਨਮ ਮਿਲਦਾ ਹੈ? ਇਸ ਬਾਰੇ ਗੁਰਬਾਣੀ ਸਪਸ਼ਟ ਕਰਦੀ ਹੈ ਕਿ ਜੀਵ ਦੇ ਕਰਮ ਨਹੀਂ ਮੁੱਕਦੇ, ਹਾਂ ਕਰਮਾਂ ਨੂੰ ਮੁਕਾਉਣ ਤੇ ਵਾਪਿਸ ਅਸਲੇ ਪ੍ਰਭੂ `ਚ ਅਭੇਦ ਹੋਣ ਲਈ ਹੀ ਮਨੁੱਖਾ ਜੂਨ ਮਿਲਦੀ ਹੈ। ਕਿਉਂਕਿ “ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ” (ਪੰ: 920) ਜਦਕਿ ਅਜਿਹਾ ਕਿਸੇ ਹੋਰ ਜੂਨ `ਚ ਸੰਭਵ ਹੀ ਨਹੀਂ। ਇਸ ਤਰ੍ਹਾਂ ਅਨੇਕ ਜੂਨਾਂ ਭੋਗਦਿਆਂ, ਮਨੁੱਖਾ ਜੂਨ ਤਾਂ ਪ੍ਰਭੂ ਵੱਲੋਂ “ਕਰਮੀ ਆਵੈ ਕਪੜਾ” ਸਾਡੇ ਤੇ ਪ੍ਰਭੂ ਦੀ ਖਾਸ ਬਖਸ਼ਿਸ਼ ਹੁੰਦੀ ਹੈ। ਪ੍ਰਭੂ ਵੱਲੋਂ ਇਹ ਅਵਸਰ, ਵਾਰੀ ਤੇ ਮੋਕਾ ਹੁੰਦਾ ਹੈ ਤਾ ਕਿ ਗੁਰਬਾਣੀ-ਗੁਰੂ ਦੇ ਗਿਆਨ, ਅਮਲ ਤੇ ਸਾਧਸੰਗਤ ਦੇ ਸਹਿਯੋਗ ਨਾਲ ਜੀਵਨ ਦੀ ਤਿਆਰੀ ਕਰ ਕੇ, “ਨਦਰੀ ਮੋਖੁ ਦੁਆਰੁ” ਆਪਣੇ ਅਸਲੇ ਪ੍ਰਭੂ `ਚ ਅਭੇਦ ਹੋ ਸਕੀਏ, ੳੇੁਸ ਦੇ ਦਰ `ਤੇ ਪ੍ਰਵਾਣ ਹੋ ਸਕੀਏ।

ਜਦਕਿ ਬਹੁਤਾ ਕਰਕੇ ਹੁੰਦਾ ਇਥੇ ਵੀ ਉਲਟਾ ਹੀ ਹੈ। ਤੱਕਦੇ ਹਾਂ ਬੱਚਾ ਜਨਮ ਲੈਂਦਾ ਹੈ ਉਸ ਨੂੰ ਅਜੇ ਇਸ ਸੰਸਾਰ ਦੀ ਸੁਰਤ ਤਾਂ ਹੁੰਦੀ ਨਹੀਂ, ਫਿਰ ਵੀ ਉਹ ਆਪਣੇ ਧਿਆਨ ਕਦੇ ਹੱਸਦਾ, ਕਦੇ ਰੋਂਦਾ, ਕਦੇ ਖੇਡਦਾ ਹੈ ਕਿਉਂ? ਕਿਉਂਕਿ ਅਜੇ ਪਿਛਲੇ ਜਨਮਾਂ ਦੀਆਂ ਯਾਦਾਂ `ਚ ਹੀ ਉਲਝਿਆ ਹੁੰਦਾ ਹੈ। ਜਿਉਂ ਜਿਉਂ ਉਸ ਦੀ ਸੁਰਤ ਇਸ ਸੰਸਾਰ ਦੇ ਆਹਰਾਂ `ਚ ਆਉਂਦੀ ਜਾਂਦੀ ਹੈ, ਪਿਛਲਾ ਵਿੱਸਰਦਾ ਜਾਂਦਾ ਹੈ। ਦਰਅਸਲ ਪਿਛਲੇ ਕਰਮਾਂ ਨੂੰ ਮੁਕਾਉਣ ਲਈ ਹੀ ਪ੍ਰਭੂ ਵੱਲੋਂ ਮਨੁੱਖਾ ਜਨਮ, ਇੱਕ ਅਵਸਰ ਮਿਲਿਆ ਹੁੰਦਾ ਹੈ ਨਾ ਕਿ ਕਰਮਾਂ ਦੇ ਮੁੱਕਣ ਬਾਅਦ। ਇਸ ਤਰ੍ਹਾਂ ਜੇਕਰ ਪਿਛਲੇ ਮਨੁੱਖਾ ਜਨਮ ਸਮੇਂ ਹੀ ਸਾਡੇ ਕਰਮ ਮੁੱਕ ਚੁੱਕੇ ਹੁੰਦੇ ਤਾਂ ਸਾਡਾ ਇਹ ਜਨਮ ਹੋਣਾ ਹੀ ਨਹੀਂ ਸੀ, ਅਸੀਂ ਉਦੋਂ ਹੀ ਜੀਵਨ ਮੁਕੱਤ ਹੇੋ ਗਏ ਹੁੰਦੇ।

“ਆਤਮਾ ਪਰਾਤਮਾ ਏਕੋ ਕਰੈ” -ਹੁਣ ਤੱਕ ਦੀ ਵਿਚਾਰ ਦਾ ਸਿੱਟਾ ਹੈ ਕਿ ਅਸੀਂ ਸਮਝ ਸਕੀਏ ਕਿ ਸਾਡੇ ਮਨੁੱਖਾ ਸਰੀਰ ਅੰਦਰ ਮਨਤੇ ਇਸ ਦੀਆਂ ਭਿੰਨ ਭਿੰਨ ਹਾਲਤਾਂ ਕੀ ਹਨ? ਸਾਡੇ ਕਰਮ ਕੀ ਹਨ? ਕਰਮ ਬਣਦੇ ਕਿਵੇਂ ਤੇ ਨਾਸ ਕਿਵੇਂ ਹੁੰਦੇ ਹਨ? ਇਸੇ ਤਰ੍ਹਾਂ ਮਨਵਾਲੀ ਬਣੀ ਹੋਈ ਪ੍ਰਭੂ ਤੋਂ ਵੱਖਰੀ ਹੋਂਦ ਦਾ ਮੁੱਕਣਾ ਕੀ ਹੈ? ਕੀ ਇਹੀ ਹੈ ਸਾਡੇ ਕਰਮਾਂ ਤੇ ਸੰਸਕਾਰਾਂ ਦਾ ਖਤਮ ਹੋਣਾ ਵੀ? ਕੀ ਇਹੀ ਹੈ ਜੀਊਂਦੇ ਜੀਅ ਪ੍ਰਭੂ `ਚ ਇੱਕ ਮਿੱਕ ਹੋਣਾ, ਨਿਜ ਘਰ ਦਾ ਵਾਸੀ ਹੋਣਾ, ਜੀਵਨਮੁਕਤ ਹੋਣਾ, ਸਚਿਆਰਾ ਬਨਣਾ, ਕਰਤੇ `ਚ ਸਮਾ ਜਾਣਾ ਆਦਿ? ਕੀ ਇਹੀ ਹੈ ਮਨੁੱਖਾ ਜਨਮ ਦਾ ਮਨੋਰਥ? । ਦੂਜੇ ਲਫ਼ਜ਼ਾਂ `ਚ ਮਨਦਾ ਆਪਣੀ ਮੂਲ ਅਵਸਥਾ `ਚ ਵਾਪਿਸ ਆਉਣਾ। ਕੀ ਮਨਦਾ ਆਪਣੀ ਆਤਮਕ ਅਵਸਥਾ ਨੂੰ ਪ੍ਰਾਪਤ ਕਰ ਲੈਣਾ ਹੀ ਮਨਤੇ ਆਤਮਾ ਦਾ ਸੁਮੇਲ ਹੈ? ਇਸ ਤਰ੍ਹਾਂ ਜਦੋਂ ਮਨਦੀ ਵੱਖਰੀ ਹੋਂਦ ਮੁੱਕ ਜਾਂਦੀ ਹੈ, ਆਤਮਾ-ਪ੍ਰਮਾਤਮਾਇੱਕ ਹੋ ਜਾਂਦੇ ਹਨ। ਇਸ ਤਰ੍ਹਾਂ ਜੀਵ ਜਨਮ ਮਰਨ ਦੇ ਗੇੜ ਚੋਂ ਨਿਕਲ ਜਾਂਦਾ ਹੈ। ਇਸੇ ਲਈ ਗੁਰਦੇਵ ਨੇ ਸਾਰੀ ਗੁਰਬਾਣੀ `ਚ ਮਨੁੱਖ ਦੇ ਮਨਹੀ ਨੂੰ ਸੰਬੋਧਨ ਕੀਤਾ ਤੇ ਹਲੂਣਾ ਦਿੱਤਾ ਹੈ ਕਿ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ” (ਪੰ: 441) ਭਾਵ ਐ ਮਨ! ਤੇਰਾ ਅਸਲ ਟਿਕਾਣਾ ਪ੍ਰਭੂ `ਚ ਇੱਕ ਮਿੱਕ ਹੋਣਾ ਹੈ ਤੂੰ ਆਪਣੀ ਅਸਲੀਅਤ ਦੀ ਪਛਾਣ ਕਰ। ਪ੍ਰਭੂ ਤਾਂ ਤੇਰੇ ਅੰਦਰ ਵੱਸ ਰਿਹਾ ਹੈ, ਗੁਰੂ ਤੋਂ ਮੱਤ ਲੈ ਤੇ ਆਪਣੇ ਜਨਮ ਦੇ ਸਦੀਵੀ ਅਨੰਦ ਨੂੰ ਜੀਊਂਦੇ ਜੀਅ ਪ੍ਰਾਪਤ ਕਰ। ਬਲਕਿ ਗੁਰਬਾਣੀ `ਚ ਤਾਂ ਇਥੋਂ ਤੱਕ ਵੀ ਫ਼ੁਰਮਾਇਆ ਹੈ “ਜਿਨੀ ਆਤਮੁ ਚੀਨਿਆ, ਪਰਮਾਤਮੁ ਸੋਈ॥ ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤੁ ਹੋਈ” (ਪੰ: ੪੨੧) ਅਥਵਾ “ਨਦਰਿ ਕਰੇ ਤਾ ਸਿਮਰਿਆ ਜਾਇ॥ ਆਤਮਾ ਦ੍ਰਵੈ ਰਹੈ ਲਿਵ ਲਾਇ॥ ਆਤਮਾ ਪਰਾਤਮਾ ਏਕੋ ਕਰੈ॥ ਅੰਤਰ ਕੀ ਦੁਬਿਧਾ ਅੰਤਰਿ ਮਰ” (ਪੰ: ੬੬੧) #G 0106IIIs011.02.011# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No G 0106-III

ਆਤਮਾ ਅਤੇ ਆਤਮਕ ਅਵਸਥਾ (ਭਾਗ-੩)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.