.

ਸਿਧ ਗੋਸਟਿ (ਕਿਸ਼ਤ ਨੰ: 08)

ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ॥
ਕੰਦ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ॥
ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ॥
ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ॥ ੭॥
ਪਦ ਅਰਥ: - ਹਾਟੀ ਬਾਟੀ – ਗ੍ਰਿਹਸਤ ਤੋਂ ਸੰਨਯਾਸ। ਮਹਾਨ ਕੋਸ। ਇਥੇ ਸਿੱਧ ਗੋਸਟਿ ਅੰਦਰ ਇਸ ਤਰ੍ਹਾਂ ਭਾਵ ਹੈ, ਹਾਟੀ ਬਾਟੀ ਰਹਹਿ ਨਿਰਾਲੇ – ਗ੍ਰਿਹਸਤ ਤੋਂ ਅਸੀਂ ਪਹਿਲਾਂ ਹੀ ਸੰਨਯਾਸ ਲਿਆ ਹੋਇਆ ਹੈ, ਭਾਵ ਘਰ-ਬਾਹਰ ਅਸੀਂ ਪਹਿਲਾਂ ਹੀ ਤਿਆਗਿਆ ਹੋਇਆ ਹੈ। ਨਿਰਾਲੇ - ਨਿਰਲੇਪ ਹਾਂ, ਘਰ-ਬਾਹਰ ਛੱਡਿਆ ਹੋਇਆ ਹੈ। ਹਾਟੀ – ਘਰ। ਬਾਟੀ –ਬਾਹਰ। ਰੂਖਿ ਬਿਰਖਿ ਉਦਿਆਨੇ – ਦਰਖਤਾਂ ਦੀ ਛਾਂ ਹੇਠ ਜੰਗਲਾ ਵਿੱਚ ਰਹਿੰਦੇ ਹਾਂ। ਕੰਦ ਮੂਲੁ ਅਹਾਰੋ ਖਾਈਏ – ਕੰਦ ਮੂਲ ਸਾਡਾ ਆਹਾਰ ਹੈ, ਮੂਲੀ, ਗਾਜਰ, ਪੱਤੇ, ਆਦਿਕ, ਸਾਡੀ ਖ਼ੁਰਾਕ ਹੈ। ਆਉਧੂ ਬੋਲੈ ਗਿਆਨੇ – ਅਉਧੂ ਨੂੰ ਸੰਬੋਧਨ ਹੋ ਕੇ ਲੋਹਾਰੀਪਾ ਬੋਲਿਆ ਕਿ ਅਉਧੂ ਨਾਨਕ ਨੂੰ ਗਿਆਨ ਦੀ ਗੱਲ ਆਖ ਭਾਵ ਸਮਝਾ। ਤੀਰਥ ਨਾਈਐ ਸੁਖ ਫਲੁ ਪਾਈਐ – ਅਸੀਂ ਤਾਂ ਪਹਿਲਾਂ ਹੀ ਤੀਰਥਾਂ ਉੱਪਰ ਨਹਾਉਂਦੇ ਹਾਂ, ਜਿਸ ਨਾਲ ਸੁਖ ਰੂਪ ਫਲ ਦੀ ਪ੍ਰਾਪਤੀ ਹੁੰਦੀ ਹੈ। ਮੈਲੁ ਨ ਲਾਗੈ ਕਾਈ – ਇਸ ਕਰਕੇ ਮੈਲ ਸਾਨੂੰ ਪਹਿਲਾਂ ਕੋਈ ਨਹੀਂ ਲੱਗਦੀ। ਗੋਰਖ ਪੂਤੁ ਲੋਹਾਰੀਪਾ ਬੋਲੈ – ਗੋਰਖ ਦੇ ਪੁੱਤਰ (ਪੈਰੋਕਾਰ) ਲੋਹਾਰੀਪਾ ਨੇ ਇਹ ਕੁੱਝ ਬੋਲਿਆ। ਜੋਗ ਜੁਗਤਿ ਬਿਧਿ ਸਾਈ – ਜੋਗ ਦੀ ਸੱਚੀ ਬਿਧੀ ਇਹੀ ਹੈ। ਦਰਖਤਾਂ ਥੱਲੇ ਜੰਗਲਾ ਵਿੱਚ ਰਹਿਣਾ, ਕੰਦ ਮੂਲ ਖਾਣਾ, ਤੀਰਥਾਂ ਤੇ ਜਾਕੇ ਨਹਾਉਣਾ, ਨਹਾਉਣ ਨਾਲ ਕੋਈ ਮੈਲ ਰਹਿੰਦੀ ਹੀ ਨਹੀਂ। ਇਸ ਕਰਕੇ ਸਾਡਾ ਜੋਗ ਮਾਰਗ ਹੀ ਸਰਵੋਤਮ ਹੈ, ਇਹੀ ਬਿਧ ਚੰਗੀ ਹੈ।
ਅਰਥ:- ਗੋਰਖ ਦੇ ਚੇਲੇ ਲੋਹਾਰੀਪਾ ਨੇ ਅਉਧੂ ਨੂੰ ਸੰਬੋਧਨ ਹੋ ਕੇ ਆਖਿਆ, ਅਉਧੂ! ਆਪਾਂ ਤਾਂ ਪਹਿਲਾਂ ਹੀ ਨਿਰਲੇਪ ਹਾਂ, ਘਰਿ ਬਾਹਰ ਅਸੀਂ ਤਿਆਗਿਆ ਹੋਇਆ ਭਾਵ ਗ੍ਰਿਸਤ ਤੋਂ ਸਨਿਆਸ ਲਿਆ ਹੋਇਆ ਹੈ, ਕੰਦ ਮੂਲ ਆਪਣਾ ਅਹਾਰ ਹੈ, ਭਾਵ ਪੱਤੇ, ਮੂਲੀ, ਗਾਜਰ ਆਦਿ ਆਪਾਂ ਖਾਂਦੇ ਹਾਂ, ਜੰਗਲ ਵਿੱਚ ਦਰਖਤਾਂ ਹੇਠ ਰਹਿੰਦੇ ਹਾਂ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਾਂ, ਸੁਖ ਫਲ ਸਾਨੂੰ ਪ੍ਰਾਪਤ ਹੈ, ਸਾਨੂੰ ਤਾਂ ਪਹਿਲਾਂ ਹੀ ਕੋਈ ਮੈਲ ਨਹੀਂ ਲੱਗੀ। ਇਸ ਕਰਕੇ ਅਉਧੂ ਤੂੰ ਨਾਨਕ ਨੂੰ ਜੋਗ ਮਤ ਦੇ ਗਿਆਨ ਦੀ ਗੱਲ ਸਮਝਾ ਕਿ ਇਹ ਜੋਗ ਦੀ ਬਿਧੀ, ਮੱਤ, ਹੀ ਚੰਗੀ ਹੈ, ਇਹੀ ਸ੍ਰਵੋਤਮ ਹੈ।
ਇਸ ਤੋਂ ਅੱਗੇ ਨਾਨਕ ਜੀ ਹਾਟੀ-ਬਾਟੀ ਗਰਿਸਤ ਤਿਆਗਣ ਵਾਲੀ ਵੀਚਾਰਧਾਰਾ ਤੇ ਵਿਅੰਗ ਕਰਦੇ ਹਨ। ਇਸ ਤੋਂ ਅੱਗੇ ਫਿਰ ਲਗਾਤਾਰ ਅਉਧੂ ਅਤੇ ਨਾਨਕ ਜੀ ਦੇ ਵਿੱਚਕਾਰ ਹੀ ਸਾਰੀ ਗੱਲਬਾਤ ਹੁੰਦੀ ਹੈ।
ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ ਡ+ਲਾਈ॥
ਬਿਨੁ ਨਾਵੈ ਮਨੁ ਟੇਕ ਨ ਟਿਕਈ ਨਾਨਕ ਭੂਖ ਨ ਜਾਈ॥
ਹਾਟੁ ਪਟਣੁ ਘਰੁ ਗੁਰੂ ਦਿਖਾਇਆ ਸਹਜੇ ਸਚੁ ਵਾਪਾਰੋ॥
ਖੰਡਿਤ ਨਿਦ੍ਰਾ ਅਲਪ ਅਹਾਰੰ ਨਾਨਕ ਤਤੁ ਬੀਚਾਰੋ॥ ੮॥
ਪਦ ਅਰਥ: - ਹਾਟੀ ਬਾਟੀ – ਘਰ ਬਾਹਰ ਤਿਆਗਣਾ ਸੰਨਯਾਸ ਲੈਣ ਨਾਲ। ਨੀਦ – ਟੇਕ, ਟਿਕਾਓ, ਚੈਨ। ਨੀਦ ਨ ਆਵੈ, ਮਨੁ ਟੇਕ ਨ ਟਿਕਈ – ਨਾਂਹ ਹੀ ਨੀਂਦ ਪੈਂਦੀ ਹੈ, ਨਾਂਹ ਹੀ ਮਨ ਟਿਕਾਓ ਵਿੱਚ ਆਉਂਦਾ ਹੈ। ਪਰ – ਪਰਾਇਆ। ਪਰ ਘਰਿ – ਪਰਾਏ ਘਰ। ਪਰ ਘਰਿ ਚਿਤੁ ਨ ਡ+ਲਾਈ – ਪ੍ਰਭੂ ਦੇ ਘਰ ਦਰ ਤੋ ਬਗ਼ੈਰ ਕਿਸੇ ਪਰਾਏ ਘਰ ਚਿੱਤ ਲਾਉਣ ਨਾਲ ਡੋਲਣ ਤੋ ਰਹਿ ਹੀ ਨਹੀਂ ਸਕਦਾ। ਬਿਨੁ ਨਾਵੈ ਮਨੁ ਟੇਕ – ਸੱਚ ਨਾਲ ਜੁੜਨ ਤੋ ਬਗ਼ੈਰ ਚੈਨ, ਟੇਕ। ਨ ਟਿਕਈ – ਚੈਨ ਨਾਲ ਟਿਕ ਹੀ ਨਹੀਂ ਸਕਦਾ। ਨਾਨਕ ਭੂਖ ਨ ਜਾਈ – ਨਾਨਕ ਦਾ ਤਾਂ ਇਹ ਵੀਚਾਰ ਹੈ ਕਿ ਇਸ ਤਰ੍ਹਾਂ ਤ੍ਰਿਸ਼ਨਾ ਰੂਪੀ ਭੁੱਖ ਜਾ ਹੀ ਨਹੀਂ ਸਕਦੀ। ਹਾਟੁ ਪਟਣੁ ਘਰੁ ਗੁਰੂ ਦਿਖਾਇਆ ਸਹਜੇ ਸੱਚ ਵਾਪਾਰੋ – ਅਸਲ ਸੱਚਾ ਸੰਨਿਆਸ ਘਰ- ਬਾਰ ਤਿਆਗਣ ਤੋ ਬਗ਼ੈਰ ਹੀ ਅਡੋਲ ਸੱਚ ਦਾ ਆਪਣੇ ਜੀਵਣ ਵਿੱਚ ਵਣਜ ਕਰਨਾ, ਮੇਰੇ ਗੁਰੂ ਨੇ ਮੈਨੂੰ ਮੇਰੇ ਹਿਰਦੇ ਰੂਪੀ ਘਰ ਅੰਦਰ, ਗ੍ਰਿਹਸਤ ਤਿਆਗਣ ਤੋਂ ਬਗ਼ੈਰ ਹੀ ਦਿਖਾਇਆ ਹੈ। ਖੰਡਿਤ – ਖੰਡਣ ਕਰਨਾ, ਰੱਦ ਕਰਨਾ। ਨਿਦ੍ਰਾ – ਅਵਿਦਯਾ, ਭਾਵ ਅਗਿਆਨਤਾ, ਦੇਖੋ ਮਹਾਨ ਕੋਸ਼। ਅਲਪ ਅਹਾਰੰ – ਥੋੜਾ ਖਾਣਾ, ਕੰਦ ਮੂਲ ਦਾ ਆਹਾਰ ਕਰਨਾ। ਨਾਨਕ ਤਤੁ ਬੀਚਾਰੋ – ਹੇ ਭਾਈ ਨਾਨਕ ਤਾਂ ਇਹ ਬੇਨਤੀ ਕਰਦਾ ਹੈ ਕਿ ਅਸਲੀਅਤ ਨੂੰ, ਤੱਤ ਨੂੰ ਵੀਚਾਰਨ ਦੀ ਗੱਲ ਕਰੋ।
ਅਰਥ: - ਹੇ ਭਾਈ ਘਰ ਬਾਹਰ ਤਿਆਗ ਕੇ ਵੀ ਮਨ ਟਿਕ ਨਹੀਂ ਸਕਦਾ। ਨਾ ਹੀ ਸੱਚੇ ਦਾ ਦਰ ਘਰ ਛੱਡਕੇ ਕਿਸੇ ਪਰਾਏ ਘਰ ਚਿੱਤ (ਭਾਵ ਪ੍ਰਭੂ ਦਾ ਘਰਿ ਛੱਡਕੇ ਕਿਤੇ ਹੋਰ) ਜੋੜਨ ਨਾਲ ਮਨ ਡੋਲਣ ਤੋਂ ਰਹਿ ਸਕਦਾ ਹੈ। ਜਿੰਨਾ ਚਿਰ ਕੋਈ ਇਕੁ ਸੱਚੇ ਦਾ ਆਸਰਾ ਨਹੀਂ ਲੈਂਦਾ ਇਹ ਮਨ ਟਿਕਦਾ ਹੀ ਨਹੀਂ। ਜਿੰਨਾ ਚਿਰ ਮਨ ਨਹੀਂ ਟਿਕਦਾ ਉਨ੍ਹਾਂ ਚਿਰ ਤ੍ਰਿਸ਼ਨਾ ਰੂਪੀ ਭੁੱਖ ਮਿਟ ਹੀ ਨਹੀਂ ਸਕਦੀ। ਇਸ ਲਈ ਹੇ ਭਾਈ ਅਸਲ ਸੱਚਾ ਸੰਨਿਆਸ ਘਰ ਬਾਹਰ ਤਿਆਗਣ ਤੋਂ ਬਿਨਾਂ ਗ੍ਰਿਹਸਤ ਵਿੱਚ ਵਿਚਰਦਿਆਂ ਆਪਣੇ ਜੀਵਣ ਵਿੱਚ ਸੱਚ ਤੋਂ ਨਾ ਡੋਲਣ ਵਾਲਾ ਵਣਜ ਕਰਨਾ ਹੀ ਅਸਲ ਵਣਜ ਹੈ। ਇਸ ਕਰਕੇ ਨਾਨਕ ਆਖਦਾ ਹੈ, ਕੰਦ ਮੂਲ ਖਾਣ ਜਿਹੀ ਅਗਿਆਨਤਾ ਨੂੰ ਤਿਆਗ ਕੇ ਅਸਲੀ ਤੱਤ ਨੂੰ ਵੀਚਾਰਨਾ ਚਾਹੀਦਾ ਹੈ। ਭਾਵ ਸੱਚੇ ਦੇ ਸੱਚ ਨਾਲ ਜੁੜਨ ਤੋ ਬਗ਼ੈਰ, ਨਿਰਾ ਘਰ ਬਾਹਰ ਤਿਆਗ ਕੇ ਕੰਦ ਮੂਲ ਖਾ ਕੇ ਗੁਜ਼ਾਰਾ ਕਰ ਲੈਣ ਨਾਲ ਸੱਚ ਦੀ ਪ੍ਰਾਪਤੀ ਨਹੀਂ ਹੁੰਦੀ, ਇਹ ਕੇਵਲ ਅਗਿਆਨਤਾ ਹੈ।
ਅਉਧੂ ਵੱਲੋਂ ਨਾਨਕ ਪਾਤਸਾਹ ਜੀ ਨੂੰ ਪ੍ਰੇਰਨਾਂ: -
ਦਰਸਨੁ ਭੇਖ ਕਰਹੁ ਜੋਗਿੰਦ੍ਰਾ ਮੁੰਦ੍ਰਾ ਝੋਲੀ ਖਿੰਥਾ॥
ਬਾਰਹ ਅੰਤਰਿ ਏਕੁ ਸਰੇਵਹੁ ਖਟੁ ਦਰਸਨ ਇੱਕ ਪੰਥਾ॥
ਇਨ ਬਿਧਿ ਮਨੁ ਸਮਝਾਈਐ ਪੁਰਖਾ ਬਾਹੁੜਿ ਚੋਟ ਨ ਖਾਈਐ॥
ਨਾਨਕੁ ਬੋਲੈ ਗੁਰਮੁਖਿ ਬੂਝੈ ਜੋਗ ਜੁਗਤਿ ਇਵ ਪਾਈਐ॥ ੯॥
ਪਦ ਅਰਥ: - ਦਰਸਨੁ – ਹੂ ਬਹੂ। ਭੇਖ – ਵਿਖਾਵਾ। ਕਰਹੁ – ਕਰੋ। ਜੋਗਿੰਦ੍ਰਾ – ਜੋਗ ਮਤ ਵਾਲਾ ਭੇਖ। ਮੁੰਦ੍ਰਾ – ਮੁੰਦ੍ਰਾ ਜੋ ਜੋਗੀ ਕੰਨਾ ਵਿੱਚ ਪਾਉਂਦੇ ਹਨ। ਝੋਲੀ – ਥੈਲੀ, ਜੋ ਜੋਗੀ ਭਿੱਖਿਆ ਮੰਗਣ ਵੇਲੇ ਨਾਲ ਰੱਖਦੇ ਹਨ, ਜੋ ਕੁੱਝ ਕੋਈ ਉਨ੍ਹਾਂ ਨੂੰ ਦਿੰਦਾ ਹੈ ਉਸ ਵਿੱਚ ਪਾ ਲੈਂਦੇ ਹਨ। ਖਿੰਥਾ – ਗੋਦੜੀ। ਬਾਰਹ – ਬਾਰਾਂ ਗਿਣਤੀ ਦੇ ਬਾਰਾਂ। ਅੰਤਰਿ – ਵਿੱਚੋਂ। ਬਾਰਹ ਅੰਤਰਿ – ਬਾਰਹ ਵਿੱਚੋਂ, ਭਾਵ ਬਾਰਾਂ ਫਿਰਕਿਆਂ ਵਿੱਚੋਂ। ਏਕੁ – ਇੱਕ। ਏਕੁ ਸਰੇਵਹੁ – ਧਾਰਨ ਕਰੋ। ਖਟ ਦਰਸਨ – ਛੇ ਵੱਖਰੇ ਫਿਰਕੇ ਜੰਗਮ, ਯੋਗੀ, ਜੈਨੀ, ਸੰਨਿੰਆਸੀ, ਬੈਰਾਗੀ, ਬੈਸਨੋ, ਹਿੰਦੂ ਫਲਸਫਿਆਂ ਦੇ ਛੇ ਗ੍ਰੰਥ। ਇੱਕ ਪੰਥਾ – ਸਾਡਾ ਹੀ ਇੱਕ ਪੰਥ ਹੈ। ਇਨ ਬਿਧਿ ਮਨੁ ਸਮਝਾਈਐ ਪੁਰਖਾ – ਇਹ ਜੋਗ ਹੀ ਇੱਕ ਰਸਤਾ ਹੈ ਜਿਸਨੂੰ ਧਾਰਨ ਕਰਕੇ ਮਨ ਨੂੰ ਸੋਝੀ ਦਿੱਤੀ ਜਾ ਸਕਦੀ ਹੈ। ਬਾਹੁੜਿ ਚੋਟ ਨ ਖਾਈਐ – ਮੁੜਕੇ ਚੋਟ ਨਹੀਂ ਸਹਾਰਨੀ ਪੈਂਦੀ। ਨਾਨਕੁ ਬੋਲੈ – ਨਾਨਕ ਨੂੰ ਸੰਬੋਧਨ ਹੋ ਕੇ ਜੋਗੀ ਬੋਲਿਆ। ਗੁਰਮੁਖਿ ਬੂਝੈ – ਤਾ ਹੀ ਬੁੱਝਿਆ, ਜਾਣਿਆ ਜਾ ਸਕਦਾ ਹੈ ਕਿ ਗੁਰਮੁਖਿ ਕੌਣ ਹੈ।
ਅਰਥ: - ਨਾਨਕ ਆਖਦਾ ਹੈ ਮੈਨੂੰ ਸੰਬੋਧਨ ਹੋ ਕੇ ਜੋਗੀ ਵਲੋਂ ਇਹ ਗੱਲ ਕਹੀ ਗਈ ਕਿ ਹੇ ਨਾਨਕ, ਹੂ ਬਹੂ ਸਾਡੇ ਵਰਗਾ ਜੋਗ ਮਤ ਵਾਲਾ ਭੇਖ, ਕੰਨਾ ਵਿੱਚ ਮੁੰਦ੍ਰਾ, ਹੱਥ ਵਿੱਚ ਇੱਕ ਮੰਗਣ ਲਈ ਥੈਲੀ, ਗੋਦੜੀ ਆਦਿ ਧਾਰਨ ਕਰ। ਕਿਉਂਕਿ ਬਾਰਾਂ ਜੋਗੀਆਂ ਦੇ ਮੱਤਾ ਅਤੇ ਛੇ ਭੇਖਾਂ ਜੰਗਮ, ਜੋਗੀ, ਜੈਨੀ, ਬੈਰਾਗੀ, ਬੈਸਨੋ, ਸੰਨਿਆਸੀ ਵਿੱਚੋਂ ਇੱਕ ਸਾਡਾ ਮੱਤ ਹੀ ਸ੍ਰੇਸ਼ਟ ਹੈ, ਇਸ ਨੂੰ ਧਾਰਨ ਕਰ। ਇਹ ਮੱਤ ਧਾਰਨ ਕਰਨ ਨਾਲ ਹੀ ਤੈਨੂੰ ਸੂਝ ਪਏਗੀ ਕਿ ਗੁਰਮੁਖਿ ਭਾਵ ਕਰਤਾ ਕੌਣ ਹੈ। “ਗੁਰਮੁਖਿ ਬੂਝੈ” ਭਾਵ ਜੋਗ ਮਤ ਦੇ ਮੁਖੀ ਨੂੰ ਗੁਰਮੁਖਿ, ਕਰਤਾ ਸਮਝ ਤਾਂ ਹੀ ਤੈਨੂੰ ਇਹ ਜੋਗ ਮੱਤ ਵਾਲੀ ਰੀਤੀ ਦੀ ਸਮਝ ਪੈ ਸਕਦੀ ਹੈ।
ਅੱਗੇ ਪਉੜੀ ਨੰਬਰ ੧੦ ਅਤੇ ੧੧ ਦੋਵੇ ਨਾਨਕ ਪਾਤਸਾਹ ਜੀ ਵਲੋਂ ਉਚਾਰਣ ਹਨ।
ਅੰਤਰਿ ਸਬਦੁ ਨਿਰੰਤਰਿ ਮੁਦ੍ਰਾ ਹਉਮੈ ਮਮਤਾ ਦੂਰਿ ਕਰੀ॥
ਕਾਮੁ ਕ੍ਰੋਧੁ ਅਹੰਕਾਰੁ ਨਿਵਾਰੈ ਗੁਰ ਕੈ ਸਬਦਿ ਸੁ ਸਮਝ ਪਰੀ॥
ਖਿੰਥਾ ਝੋਲੀ ਭਰਿਪੁਰਿ ਰਹਿਆ ਨਾਨਕ ਤਾਰੈ ਏਕੁ ਹਰੀ॥
ਸਾਚਾ ਸਾਹਿਬੁ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ॥ ੧੦॥
ਪਦ ਅਰਥ: -ਇਸ ਪਉੜੀ ਨੂੰ ਸਮਝਣ ਲਈ ਪਿਛਲੀ ਪਉੜੀ ਦੇ ਵਿਸਥਾਰ ਨੂੰ ਧਿਆਨ ਵਿੱਚ ਰੱਖਣਾ ਹੈ। ਅੰਤਰਿ – ਵਿੱਚ, ਅੰਦਰ। ਸਬਦੁ – ਬਖ਼ਸ਼ਿਸ਼। ਅੰਤਰਿ ਸਬਦੁ – ਉਸਦੀ ਬਖ਼ਸ਼ਿਸ਼ ਵਿੱਚ ਮਿਲੀ। ਖਿੰਥਾ – ਦੇਹ, ਸਰੀਰ - “ਖਿੰਥਾ ਜਲਿ ਕੁਇਲਾ ਭਈ” (ਸ. ਕਬੀਰ) ਮਹਾਨ ਕੋਸ਼। ਅੰਤਰਿ ਸਬਦੁ ਨਿਰੰਤਰਿ ਮੁਦ੍ਰਾ ਹਉਮੈ ਮਮਤਾ ਦੂਰਿ ਕਰੀ - ਉਸ ਦੀ ਬਖਸ਼ਿਸ਼ ਵਿੱਚ ਮਿਲੀ ਕਾਇਆਂ (ਸਰੀਰ) ਮੇਰੇ ਲਈ ਖਿੰਥਾ ਹੈ, ਅਤੇ ਇਸ ਸਰੀਰ ਰੂਪੀ ਖਿੰਥਾ ਲਈ ਉਸਦੀ ਬਖ਼ਸ਼ਿਸ਼ ਹੀ, ਜਿਸਨੇ ਮੇਰੀ ਹਉਮੈ ਗ੍ਰਸਤ ਮਨਮੱਤ ਦੂਰ ਕੀਤੀ ਹੈ, ਮੇਰੇ ਲਈ ਮੁੰਦ੍ਰਾਂ ਹਨ। ਕਾਮ ਕ੍ਰੋਧ ਅਹੰਕਾਰ ਨਿਵਾਰੈ – ਜੋ ਕਾਮ ਕ੍ਰੋਧ ਅਹੰਕਾਰ ਖਤਮ ਕੀਤਾ ਹੈ। ਗੁਰ ਕੈ ਸਬਦਿ – ਉਸ ਸੱਚੇ ਸਹਿਬ ਦੀ ਗੁਰ ਰੂਪ ਬਖ਼ਸ਼ਿਸ਼ ਦੀ ਰਾਹੀਂ। ਸੁ ਸਮਝ ਪਰੀ – ਇਹ ਸਮਝ ਪਈ ਹੈ। ਖਿੰਥਾ ਝੋਲੀ – ਕਾਇਆਂ (ਸਰੀਰ) ਹੀ ਝੋਲੀ ਹੈ। ਭਰਿਪੁਰਿ ਰਹਿਆ – ਭਰਪੂਰ ਵੱਸਿਆ ਹੋਇਆ ਹੈ। ਨਾਨਕ ਤਾਰੈ ਏਕੁ ਹਰੀ – ਨਾਨਕ ਇਸ ਗੱਲ ਉੱਪਰ ਦ੍ਰਿੜ ਹੈ ਕਿ ਉਹ ਇਕੁ ਹਰੀ ਹੀ ਹੈ ਜੋ ਤਾਰਨ ਵਾਲਾ ਹੈ। ਸਾਚਾ ਸਾਹਿਬ – ਉਹ ਹੀ ਮੇਰਾ ਸੱਚਾ ਸਾਹਿਬ ਹੈ। ਸਾਚੀ ਨਾਈ – ਸੱਚੀ ਜਿਸ ਦੀ ਬਖ਼ਸ਼ਿਸ਼ ਹੈ। ਪਰਖੈ ਗੁਰ ਕੀ ਬਾਤ ਕਰੀ – ਜਿਹੜਾ ਉਸ ਸੱਚੇ ਦੀ ਬਖ਼ਸ਼ਿਸ਼ ਲੈਂਦਾ ਹੈ, ਉਹੀ ਇਸ ਸੱਚ ਰੂਪ ਨੂੰ ਖਰੀ ਸੱਚੀ ਸੂਝ ਰਾਹੀਂ ਸੱਚ ਹੀ ਪਰਖਦਾ ਹੈ, ਭਾਵ ਸੱਚ ਵਿੱਚ ਹੀ ਯਕੀਨ ਰੱਖਦਾ ਹੈ, ਸੱਚੇ ਸਦੀਵੀ ਰਹਿਣ ਵਾਲੇ ਨੂੰ ਹੀ ਕਰਤਾ ਮੰਨਦਾ ਹੈ।
ਨੋਟ – ਸਿੱਧ ਦਾ ਵਿਚਾਰ ਸੀ ਕਿ ਮੁੰਦ੍ਰਾ, ਖਿੰਥਾ, ਝੋਲੀ ਆਦਿਕ ਜੋ ਜੋਗ ਮੱਤ ਦਾ ਭੇਖ ਦੀਆਂ ਵਸਤੂਆਂ ਧਾਰਨ ਕਰੇ ਉਹੀ ਸੱਚ ਨੂੰ ਸਮਝ ਸਕਦਾ ਹੈ। ਉਹ ਹੀ ਸਾਡੇ ਮੁਖੀ ਨੂੰ ਗੁਰਮੁਖਿ (ਕਰਤਾ) ਜਾਣਕੇ ਜੋਗ ਮੱਤ ਦੇ ਸੱਚ ਨੂੰ ਸਮਝ ਸਕਦਾ ਹੈ, , ਅਤੇ ਭਵ-ਸਾਗਰ ਤਰ ਸਕਦਾ ਹੈ। ਪਰ ਇਸ ਗੱਲ ਨੂੰ ਨਾਨਕ ਜੀ ਰੱਦ ਕਰਦੇ ਹਨ ਅਤੇ ਦੱਸਦੇ ਹਨ ਕਿ ਜੋ ਸੱਚਾ ਅਕਾਲ ਰੂਪ ਹਰੀ ਹੈ ਉਸ ਨੂੰ ਹੀ ਸੱਚਾ ਜਾਣੇ, ਉਸਦੀ ਸ਼ਰਨ ਆਉਣ ਵਾਲਾ ਹੀ ਤਰ ਸਕਦਾ ਹੈ। ਸੱਚੇ ਦੀ ਸ਼ਰਨ ਆਉਣ ਵਾਲਾ ਹੀ ਇਸ ਸੱਚ ਨੂੰ ਪਰਖ ਸਕਦਾ ਹੈ, ਜਾਣ ਸਕਦਾ ਹੈ, ਭਾਵ ਸਦੀਵੀ ਰਹਿਣ ਵਾਲੇ ਸੱਚੇ ਨੂੰ ਹੀ ਕਰਤਾ ਮੰਨਦਾ ਹੈ।
ਅਰਥ: - ਹੇ ਭਾਈ ਨਾਨਕ ਨੂੰ ਤਾਂ ਜੋ ਕਾਇਆਂ (ਸਰੀਰ) ਬਖਸ਼ਿਸ਼ ਰੂਪ ਵਿੱਚ ਮਿਲੀ ਹੈ ਇਹ ਹੀ ਨਾਨਕ ਲਈ ਖਿੰਥਾ ਹੈ ਅਤੇ ਉਸ ਦੀ ਬਖਸ਼ਿਸ਼ (ਸਬਦ) ਗਿਆਨ ਹੀ ਇਸ ਕਾਇਆਂ ਲਈ ਮੁੰਦ੍ਰਾ ਹਨ। ਕਾਮ ਕ੍ਰੋਧ ਅਹੰਕਾਰ ਉਸ ਸੱਚੇ ਹਰੀ ਦੀ ਬਖਸ਼ਿਸ਼ (ਗੁਰ ਸਬਦਿ) ਗਿਆਨ ਰਾਹੀ ਹੀ ਖਤਮ ਹੁੰਦੇ ਹਨ। ਇਹ ਸਮਝ ਉਸਦੀ ਬਖਸ਼ਿਸ਼ ਨਾਲ ਹੀ ਮੈਨੂੰ ਪਈ ਹੈ। ਇਸ ਨੇ ਮੇਰੀ ਮੈਂ ਰੂਪ ਮਤਿ ਦੂਰ ਕਰ ਦਿੱਤੀ ਹੈ। ਇਸ ਕਰਕੇ ਉਹੀ ਮੇਰੀ ਕਾਇਆਂ ਰੂਪ ਖਿੰਥਾ ਦੀ ਹਿਰਦੇ ਰੂਪ ਝੋਲੀ ਵਿੱਚ ਭਰਪੂਰ, ਭਾਵ ਪੂਰਨ ਤੌਰ ਤੇ ਆਪ ਵੱਸ ਰਿਹਾ ਹੈ। ਇਸ ਕਰਕੇ ਨਾਨਕ ਦਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਉਹ ਇੱਕ ਸੱਚਾ ਹਰੀ ਹੀ ਤਾਰਨ ਵਾਲਾ ਹੈ, ਉਹੀ ਸੱਚਾ ਸਾਹਿਬ ਹੈ, ਉਸਦੀ ਬਖ਼ਸ਼ਿਸ਼ ਹੀ ਸੱਚੀ ਹੈ। ਉਸ ਦੀ ਬਖ਼ਸ਼ਿਸ਼ ਵਿੱਚ ਯਕੀਨ ਕਰਨ ਵਾਲਾ ਉਸ ਨੂੰ ਹੀ ਕਰਤਾ (ਗੁਰਮੁਖਿ) ਮੰਨਦਾ ਹੈ, ਅਤੇ ਉਸ ਦੀ ਬਖ਼ਸ਼ਿਸ ਵਿੱਚ ਯਕੀਨ ਕਰਨ ਵਾਲਾ ਉਸ ਇਕੁ ਹਰੀ ਦੇ ਗੁਣਾ ਦੇ ਅਧਾਰ ਤੇ ਹੀ ਹਰ ਗੱਲ ਪਰਖਦਾ ਹੈ।
ਊਂਧਉ ਖਪਰੁ ਪੰਚ ਭੂ ਟੋਪੀ॥
ਕਾਂਇਆ ਕੜਾਸਣੁ ਮਨੁ ਜਾਗੋਟੀ॥
ਸਤੁ ਸੰਤੋਖੁ ਸੰਜਮੁ ਹੈ ਨਾਲਿ॥
ਨਾਨਕ ਗੁਰਮੁਖਿ ਨਾਮੁ ਸਮਾਲਿ॥ ੧੧॥
ਪਦ ਅਰਥ: - ਊਂਧਉ – ਉਲਟਾ, ਉਲਟਿਆ ਹੋਇਆ। ਖਪਰੁ – ਲੋਟਾ। ਪੰਚਭੂ – ਪੰਜ ਤੱਤ। ਟੋਪੀ – ਜੋਗ ਮੱਤ ਲਈ ਟੋਪੀ ਆਕਾਸ਼ ਹੈ। ਗੁਰਮਤਿ ਦੇ ਧਾਰਨੀਆਂ ਲਈ ਉਸਦੀ ਬਖ਼ਸ਼ਿਸ਼ ਹੀ ਆਕਾਸ਼ ਟੋਪੀ ਹੈ। ਪੰਚਭੂ ਟੋਪੀ – ਪੰਜ ਤੱਤਾਂ ਦੇ ਉਪਕਾਰੀ ਗੁਣ (ਆਕਾਸ਼ ਦੀ ਨਿਰਲੇਪਤਾ, ਅਗਨੀ ਦੀ ਤਪਸ਼, ਵਾਯੂ ਦੀ ਚੰਚਲਤਾ, ਜਲ ਦੀ ਸੀਤਲਤਾ, ਧਰਤੀ ਦੀ ਧੀਰਜਤਾ)। ਭਾਵ ਜਿਵੇਂ ਇਸ ਕਾਇਆਂ ਦੇ ਪੰਜ ਤੱਤ ਬੇਸ਼ੱਕ ਆਪਸ ਵਿੱਚ ਵਿਰੋਧੀ ਹਨ, ਉਸ ਦੀ ਰਜ਼ਾ ਅਧੀਨ ਇਸ ਕਾਇਆਂ ਅੰਦਰ ਉਸ ਕਰਤੇ ਦੀ ਬਖਸ਼ਿਸ਼ ਦੇ ਆਕਾਸ਼ ਹੇਠ ਇਕੱਠੇ ਹਨ। ਕੜਾਸਣੁ – ਕੁਸ਼ਾ ਦਾ ਆਸਣ, ਭਾਵ ਕੱਖਾਂ, ਘਾ ਵਗੈਰਾ ਦੀ ਵਿਛਾਈ ਕਰਕੇ ਉਸ ਉੱਪਰ ਬੈਠਕੇ ਜੋਗੀ ਜੋਗ ਸਾਧਨਾ ਕਰਦੇ ਹਨ, ਥੋੜੇ ਸਮੇਂ ਲਈ ਟਿਕਣਾ। ਗੁਰਮਤਿ ਅਨੁਸਾਰ ਆਪਣੀ ਕਾਇਆਂ ਦੇ ਤਲ ਉੱਪਰ ਆਪਣੇ ਜੀਵਣ ਵਿੱਚ ਸੱਚ ਦੇ ਅਧਾਰ ਤੇ ਹਮੇਸ਼ਾ ਲਈ ਟਿਕਣ ਦਾ ਨਾਮ ਹੀ ਕੜਾਸਣ ਹੈ। ਜਾਗੋਟੀ - ਲੰਗੋਟੀ, ਗੁਰਮਤਿ ਅਨੁਸਾਰ ਮਨ ਨੂੰ ਵਿਕਾਰਾਂ ਦੇ ਪਰਭਾਵ ਵਲੋਂ ਵਰਜ ਕੇ ਰੱਖਣ ਦਾ ਨਾਮ ਹੀ ਲੰਗੋਟੀ ਹੈ। ਸਤੁ – ਧੀਰਜ। ਸੰਤੁਖ –ਪ੍ਰਸੰਨਤਾ। ਸੰਜਮੁ – ਵਰਤਣਾ, ਗਿਆਨ ਅਤੇ ਕਰਮ ਇੰਦ੍ਰੀਆਂ ਨੂੰ ਕੰਟਰੋਲ ਵਿੱਚ ਰੱਖਣਾ, ਆਪਣੇ ਆਪ ਨੂੰ ਬੁਰੇ ਕੰਮਾ ਤੋ ਵਰਜਕੇ ਰੱਖਣਾ। ਗੁਰਮੁਖਿ – ਕਰਤਾ। ਨਾਮੁ – ਸੱਚ। ਸਮਾਲਿ – ਟਿਕਾਉਣਾ, ਟਿਕਾਕੇ ਰੱਖਣਾ।
ਅਰਥ: - ਹੇ ਭਾਈ! ਆਪਣੀ ਕਾਇਆਂ ਦੇ ਤਲ ਉੱਪਰ ਸੱਚ ਦੇ ਆਧਾਰ ਤੇ ਆਪਣੇ ਮਨ ਨੂੰ ਹਮੇਸ਼ਾ ਲਈ ਟਿਕਾਉਣਾ ਹੀ ਨਾਨਕ ਲਈ ਕੜਾਸਣੁ ਹੈ। ਵਿਕਾਰਾਂ ਤੋਂ ਵਰਜਣ ਲਈ ਸਤੁ, ਸੰਤੋਖ, ਸੰਜਮੁ, ਦੀ ਲੰਗੋਟੀ ਪਹਿਨਣੀ ਹੈ। ਜਿਸ ਤਰ੍ਹਾਂ ਕਾਇਆਂ ਅੰਦਰਲੇ ਪੰਜ ਤੱਤ ਬੇਸ਼ੱਕ ਆਪਸ ਵਿੱਚ ਵਿਰੋਧੀ ਹਨ, ਉਸ ਦੀ ਰਜ਼ਾ ਅਧੀਨ ਉਸ ਦੀ ਬਖ਼ਸ਼ਿਸ਼ ਦੇ ਆਕਾਸ਼ ਹੇਠ ਇਕ-ਸੁਰ ਹਨ। ਇਸੇ ਕਾਰਨ ਨਾਨਕ ਆਪਣੀ ਕਾਇਆਂ ਦੇ ਤਲ ਉੱਪਰ ਸੱਚ ਦੇ ਆਧਾਰ ਤੇ ਉਸ ਦੀ ਬਖ਼ਸ਼ਿਸ਼ ਨਾਲ ਉਸ ਦੇ ਹੀ ਅਧੀਨ ਹੈ। ਨਾਨਕ ਦਾ ਹਿਰਦੇ ਰੂਪੀ ਖੱਪਰ ਇਕੁ ਸੱਚੇ ਦੇ ਸੱਚ ਨੂੰ ਹਿਰਦੇ ਵਿੱਚ ਵਸਾਉਣ ਤੋਂ ਬਿਨਾਂ ਕਿਸੇ ਹੋਰ ਮੱਤ ਲਈ ਇਹ ਖੱਪਰ ਮੂਧਾ ਮਾਰਿਆ ਹੋਇਆ ਹੈ। ਮੇਰੇ ਹਿਰਦੇ ਰੂਪੀ ਭਾਂਡੇ ਵਿੱਚ ਉਸ ਸੱਚੇ ਦੇ ਸੱਚ ਤੋਂ ਸਿਵਾਏ ਹੋਰ ਕੁੱਝ ਟਿਕ ਹੀ ਨਹੀਂ ਸਕਦਾ। ਨਾਨਕ ਨੇ ਤਾਂ ਸੱਚ ਰੂਪ ਕਰਤੇ ਨੂੰ ਹੀ ਸੱਚ ਜਾਣਕੇ ਹਿਰਦੇ ਵਿੱਚ ਟਿਕਾਇਆ ਹੋਇਆ ਹੈ।
ਅੱਗੇ ਅਉਧੂ ਦਾ ਸਵਾਲ ਹੈ: -
ਕਵਨੁ ਸੁ ਗੁਪਤਾ ਕਵਨੁ ਸੁ ਮੁਕਤਾ॥
ਕਵਨੁ ਸੁ ਅੰਤਰਿ ਬਾਹਰਿ ਜੁਗਤਾ॥
ਕਵਨੁ ਸੁ ਆਵੈ ਕਵਨੁ ਸੁ ਜਾਏ॥
ਕਵਨੁ ਸੁ ਤ੍ਰਿਭਵਣਿ ਰਹਿਆ ਸਮਾਇ॥ ੧੨॥
ਪਦ ਅਰਥ: - ਕਵਨੁ ਸੁ ਗੁਪਤਾ – ਉਹ ਕੌਣ ਹੈ ਜੋ ਗੁਪਤ ਹੈ। ਕਵਨੁ ਸੁ ਮੁਕਤਾ – ਉਹ ਕੌਣ ਹੈ ਜੋ ਮੁਕਤ ਹੈ। ਕਵਨੁ ਸੁ ਆਵੈ – ਉਹ ਕੌਣ ਹੈ ਜੋ ਆਉਂਦਾ ਹੈ। ਕਵਣ ਸੁ ਜਾਏ – ਉਹ ਕੌਣ ਹੈ ਜੋ ਜਾਂਦਾ ਹੈ। ਕਵਨੁ ਸੁ ਤ੍ਰਿਭਵਣਿ ਰਹਿਆ ਸਮਾਇ – ਉਹ ਕੌਣ ਹੈ ਜੋ ਤਿਨਾ ਭਵਣਾ ਵਿੱਚ ਲੀਨ ਹੈ।
ਅਰਥ: - ਹੇ ਨਾਨਕ ਉਹ ਕੌਣ ਹੈ ਜੋ ਗੁਪਤ ਵਸ ਰਿਹਾ ਹੈ, ਉਹ ਕੌਣ ਹੈ ਜੋ ਆਵਾ-ਗਵਣ ਤੋਂ ਮੁਕਤ ਹੈ, ਅੰਤਰਿ ਬਾਹਰ ਜਿਸਦੀ ਜੁਗਤ ਵਰਤ ਰਹੀ ਹੈ, ਉਹ ਕੌਣ ਹੈ? ਜਿਹੜਾ ਜਨਮ ਲੈਂਦਾ ਹੈ, ਉਹ ਕੌਣ ਹੈ ਜਿਸ ਦੀ ਮੌਤ ਹੁੰਦੀ ਹੈ, ਭਾਵ ਉਹ ਕੌਣ ਹੈ ਜੋ ਆਉਣ ਜਾਣ ਦੇ ਚੱਕਰ ਵਿੱਚ ਹੈ? ਉਹ ਕੌਣ ਹੈ ਜੋ ਤਿੰਨਾ ਭਵਣਾ ਵਿੱਚ ਲੀਨ ਹੈ, ਸਮਾ ਰਿਹਾ ਹੈ?
ਨਾਨਕ ਪਾਤਸਾਹ ਜੀ ਦਾ ਉੱਤਰ -
ਘਟਿ ਘਟਿ ਗੁਪਤਾ ਗੁਰਮੁਖਿ ਮੁਕਤਾ॥
ਅੰਤਰਿ ਬਾਹਰਿ ਸਬਦਿ ਸੁ ਜੁਗਤਾ॥
ਮਨਮੁਖਿ ਬਿਨਸੈ ਆਵੈ ਜਾਏ॥
ਨਾਨਕ ਗੁਰਮੁਖਿ ਸਾਚਿ ਸਮਾਇ॥ ੧੩॥
ਪਦ ਅਰਥ: - ਘਟਿ ਘਟਿ ਗੁਪਤਾ – ਜ਼ੱਰੇ-ਜ਼ੱਰੇ ਵਿੱਚ ਗੁਪਤ ਵਰਤ ਰਿਹਾ ਹੈ। ਗੁਰਮੁਖਿ ਮੁਕਤਾ – ਉਹ ਕਰਤਾ ਹੈ ਜੋ ਮੁਕਤ ਹੈ। ਅੰਤਰਿ ਬਾਹਰਿ – ਅੰਦਰ ਅਤੇ ਬਾਹਰ। ਸਬਦਿ ਸੁ ਜੁਗਤਾ – ਉਹ ਆਪਣੀ ਹੀ ਜੁਗਤ ਨਾਲ ਬਖ਼ਸ਼ਿਸ਼ ਰੂਪ ਵਿੱਚ ਵਰਤ ਰਿਹਾ ਹੈ। ਮਨਮੁਖਿ – ਆਪਣੇ ਆਪ ਨੂੰ ਕਰਤਾ ਸਮਝਣ ਵਾਲਾ। ਬਿਨਸੈ – ਬਿਨਸ ਜਾਣ ਵਾਲਾ, ਨਾਸ਼ ਹੋ ਜਾਣ ਵਾਲਾ। ਆਵੈ ਜਾਏ – ਆਉਣ ਜਾਣ ਦੇ ਚੱਕਰ ਵਿੱਚ ਰਹਿੰਦਾ ਹੈ। ਗੁਰਮੁਖਿ ਸਾਚਿ – ਸੱਚ ਰੂਪ ਕਰਤਾ। ਸਮਾਇ – ਰਮਿਆ ਹੋਇਆ ਹੈ, ਸਰਵ-ਵਿਆਪਕ ਹੈ।
ਅਰਥ: - ਹੇ ਭਾਈ ਜੋ ਜ਼ੱਰੇ-ਜ਼ੱਰੇ ਵਿੱਚ ਗੁਪਤ ਵਰਤ ਰਿਹਾ ਹੈ, ਉਹ ਕਰਤਾ ਆਪ ਹੀ ਆਉਣ-ਜਾਣ ਤੋਂ ਮੁਕਤ ਹੈ, ਅਜੂਨੀ ਹੈ। ਅੰਤਰਿ-ਬਾਹਰਿ ਉਸ ਦੀ ਹੀ ਜੁਗਤ ਬਖਸ਼ਿਸ਼ ਰੂਪ ਵਿੱਚ ਵਰਤ ਰਹੀ ਹੈ। ਇਸ ਵਾਸਤੇ ਜੇ ਕੋਈ ਮਨੱਖ ਆਪਣੇ ਆਪ ਨੂੰ ਕਰਤਾ, ਰਚਨਹਾਰ ਸਮਝੇ ਉਹ ਮਨਮੁਖ ਹੈ, ਅਤੇ ਉਹ ਨਾਸ਼ਵਾਨ ਹੈ, ਅਤੇ ਆਉਣ-ਜਾਣ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ। ਜਿਸ ਸੱਚ ਰੂਪ ਗੁਰਮੁਖਿ ਕਰਤੇ ਨੂੰ ਨਾਨਕ ਸਮਰਪਤ ਹੈ, ਉਹ ਸੱਚ ਸਰੂਪ ਕਰਤਾ ਹੀ ਤਿਨ੍ਹਾਂ ਭਵਣਾ ਵਿੱਚ ਰਮਿਆ ਹੋਇਆ ਹੈ, ਸਰਵ-ਵਿਆਪਕ ਹੈ।
ਅਉਧੂ ਦਾ ਸਵਾਲ: -
ਕਿਉ ਕਰਿ ਬਾਧਾ ਸਰਪਨਿ ਖਾਧਾ॥
ਕਿਉ ਕਰਿ ਖੋਇਆ ਕਿਉ ਕਰਿ ਲਾਧਾ॥
ਕਿਉ ਕਰਿ ਨਿਰਮਲੁ ਕਿਉ ਕਰਿ ਅੰਧਿਆਰਾ॥
ਇਹੁ ਤਤੁ ਬੀਚਾਰੈ ਸੁ ਗੁਰੂ ਹਮਾਰਾ॥ ੧੪॥
ਪਦ ਅਰਥ – ਕਿਉ ਕਰਿ ਬਾਧਾ – ਕਿਸ ਕਾਰਣ ਕਰਕੇ ਕੋਈ ਬੰਧਨਾ ਵਿੱਚ ਬੱਝਿਆ ਹੋਇਆ ਹੈ। ਸਰਪਨਿ ਖਾਧਾ – ਕਿਵੇਂ ਕਿਸੇ ਨੂੰ ਮਾਇਆ ਰੂਪੀ ਸਰਪਨੀ ਨੇ ਨਿਗਲਿਆ ਹੋਇਆ ਹੈ। ਕਿਉ ਕਰਿ ਖੋਇਆ – ਕਿਵੇਂ ਕੋਈ ਰਸਤੇ ਤੋਂ ਭਟਕਿਆ ਹੋਇਆ ਹੈ, ਗੁਆਚਿਆ ਹੋਇਆ ਹੈ। ਲਾਧਾ – ਲੱਭ ਲੈਣਾ ਜਾਣ ਲੈਣਾ। ਕਿਉਕਰਿ ਲਾਧਾ – ਕਿਵੇਂ ਤੂੰ ਇਸ ਗੱਲ ਨੂੰ ਜਾਣ ਲਿਆ ਹੈ। ਕਿਉਕਰਿ ਨਿਰਮਲੁ – ਕਿਵੇਂ ਕੋਈ ਨਿਰਮਲ ਹੋ ਸਕਦਾ ਹੈ। ਕਿਵੇਂ ਕੋਈ ਅੰਧਿਆਰਾ ਅਨ੍ਹੇਰ ਵਿੱਚ ਹੈ। ਇਹੁ ਤਤੁ ਬੀਚਾਰੈ ਸੁ ਗੁਰੂ ਹਮਾਰਾ – ਕਿਵੇਂ ਕੋਈ ਇਸ ਅਸਲੀਅਤ ਬਾਰੇ ਜਾਣੇ, ਭਾਵ ਕਿਵੇਂ ਇਸ ਗੱਲ ਦੀ ਪਰਖ ਕਰੇ ਕਿ ਕੌਣ ਮੇਰਾ ਗੁਰੂ ਹੈ, ਭਾਵ ਇਸ ਗਲ ਦਾ ਸਪਸ਼ਟੀਕਰਨ ਦੇਹ, ਇਹ ਗੱਲ ਉੱਪਰ ਆਪਣਾ ਵੀਚਾਰ ਪੇਸ ਕਰ।
ਅਰਥ: - ਹੇ ਨਾਨਕ! ਮੈਨੂੰ ਇਹ ਸਪਸ਼ਟ ਕਰ ਕੇ ਦੱਸ ਕਿ ਕਿਹੜਾ ਵਿਅਕਤੀ ਬੰਧਨਾ ਵਿੱਚ ਬੱਝਾ ਹੋਇਆ ਹੈ। ਕਿਸ ਨੂੰ ਮਾਇਆ ਰੂਪ ਸਰਪਨੀ ਨੇ ਡੱਸਿਆ ਹੋਇਆ ਹੈ। ਕੌਣ ਅਸਲ ਮਾਰਗ ਤੋਂ ਖੋਇਆ ਭਾਵ ਭਟਕਿਆ ਹੋਇਆ ਹੈ। ਕੌਣ ਨਿਰਮਲ ਹੈ, ਮਲੀਨ ਨਹੀਂ ਹੈ। ਕੌਣ ਅਗਿਆਨਤਾ ਦੇ ਅੰਧਕਾਰ ਵਿੱਚ ਫਸਿਆ ਹੋਇਆ ਹੈ। ਕਿਵੇਂ ਇਸ ਅਸਲੀਅਤ ਨੂੰ ਜਾਣਿਆ ਮੰਨਿਆ ਜਾਏ, ਕਿਵੇਂ ਪਰਖ ਕੀਤੀ ਜਾਏ ਕਿ ਕੌਣ ਮੇਰਾ ਗੁਰੂ ਹੈ। ਇਸ ਗੱਲ ਤੇ ਆਪਣਾ ਵੀਚਾਰ ਪੇਸ ਕਰ।
ਨਾਨਕ ਪਾਤਸਾਹ ਜੀ ਦਾ ਜਵਾਬ ਦੋ ਪਉੜੀਆ ਵਿੱਚ ਹੈ: -
ਦੁਰਮਤਿ ਬਾਧਾ ਸਰਪਨਿ ਖਾਧਾ॥
ਮਨਮੁਖਿ ਖੋਇਆ ਗੁਰਮੁਖਿ ਲਾਧਾ॥
ਸਤਿਗੁਰੁ ਮਿਲੈ ਅੰਧੇਰਾ ਜਾਏ॥
ਨਾਨਕ ਹਉਮੈ ਮੇਟਿ ਸਮਾਇ॥ ੧੫॥

ਨੋਟ: - ਪਉੜੀ ਨੰਬਰ ੧੫ ਅਤੇ ਪਉੜੀ ਨੰਬਰ ੧੬ ਦੋਨਾਂ ਅੰਦਰ ਨਾਨਕ ਜੀ ਦਾ ਉੱਤਰ ਹੈ। ਕਿਉਂਕਿ ਪਉੜੀ ਨੰ: ੧੪ ਵਿੱਚ ਅਉਧੂ ਨੇ ਇਕੱਠੇ ਦੋ ਸੁਆਲ ਕੀਤੇ ਸਨ।
ਪਦ ਅਰਥ: - ਦੁਰਮਤਿ – ਬੇਸਮਝੀ, ਅਗਿਆਨਤਾ, ਮਾੜੀ ਸਮਝ। ਦੁਰਮਤਿ ਬਾਧਾ ਸਰਪਨਿ ਖਾਧਾ – ਅਗਿਆਨਤਾ ਵਿੱਚ ਫਸਿਆ ਹੋਇਆ, ਮਾਇਆ ਰੂਪੀ ਸਰਪਨੀ ਦਾ ਡਸਿਆ ਹੋਇਆ। ਮਨਮੁਖਿ ਖੋਇਆ – ਮਨਮੁਖਿ ਭਟਕਣਾ ਵਿੱਚ ਫਸਿਆ ਹੋਇਆ ਹੈ। ਗੁਰਮੁਖਿ ਲਾਧਾ – ਜਿਸ ਨੇ ਆਪਣੇ ਆਪ ਵਿੱਚ ਕਰਤੇ ਨੂੰ ਪਛਾਣ ਲਿਆ ਹੈ। ਲਾਧਾ – ਜਾਣ ਲੈਣਾ, ਲੱਭ ਲੈਣਾ। ਸਤਿਗੁਰੁ – “ਸਤਿਗੁਰੁ ਹੈ ਗਿਆਨੁ ਸਤਿਗੁਰੁ ਹੈ ਪੂਜਾ” ਆਤਮਕਿ ਗਿਆਨ ਦੀ ਸੂਝ ਦਾ ਨਾਮ ਹੀ ਸਤਿਗੁਰ ਹੈ। ਸਤਿਗੁਰੁ ਮਿਲੈ – ਆਤਮਿਕ ਗਿਆਨ ਦੀ ਸੂਝ ਪ੍ਰਾਪਤ ਹੋਏ ਤਾਂ। ਅੰਧੇਰਾ ਜਾਏ – ਅਗਿਆਨਤਾ ਰੂਪੀ ਹਨੇਰਾ ਮਿਟ ਜਾਂਦਾ ਹੈ। ਹਉਮੈ – ਮੈਂ-ਮੈਂ। ਹਉਮੈ ਮੇਟਿ – ਹਉਮੈ ਮਿਟਦੀ ਹੈ। ਸਮਾਇ – ਸਮਾਇਆ ਹੋਇਆ, ਭਾਵ ਰਮਿਆ ਹੋਇਆ ਕਰਤਾਰ।
ਨੋਟ: - ਗੁਰਮੁਖੀ ਦੀ ਵਿਆਕਰਣ ਦੇ ਨਿਯਮ ਅਨੁਸਾਰ, ਸਤਿਗੁਰ ਦਾ ਰਾਰਾ ਜਿਥੇ ਮੁਕਤਾ ਹੋਵੇਗਾ ਉਥੇ ਸਤਿਗੁਰ ਸ਼ਬਦ ਕਰਤੇ ਲਈ ਹੈ। ਜਿਥੇ ਸਤਿਗੁਰੁ ਦੇ ਰਾਰੇ ਥੱਲੇ ਔਂਕੜ ਹੈ, ਉਥੇ ਸਤਿਗੁਰੁ (ਕਰਤੇ) ਦੀ ਬਖ਼ਸ਼ਿਸ਼ ਆਤਮਿਕ ਗਿਆਨ ਦੀ ਸੂਝ ਲਈ ਹੈ।
ਅਰਥ: - ਹੇ ਭਾਈ ਜਿਸ ਕਿਸੇ ਨੇ ਆਪਣੇ ਆਪ ਨੂੰ ਗੁਰਮੁਖਿ (ਕਰਤਾ) ਜਾਣ ਲਿਆ ਹੈ, ਸਮਝੋ ਉਹ ਮਨਮੁਖ ਹੈ, ਅਤੇ ਉਹ ਦੁਰਮਤਿ (ਅਗਿਆਨਤਾ) ਵਿੱਚ ਫਸਿਆ ਹੋਇਆ ਹੈ। ਉਸ ਨੂੰ ਸਮਝੋ ਮਾਇਆ ਰੂਪੀ ਸ੍ਰਪਨੀ ਨੇ ਗ੍ਰਸਿਆ ਹੋਇਆ ਹੈ। ਨਾਨਕ ਦਾ ਇਹ ਵੀਚਾਰ ਹੈ ਕਿ ਆਤਮਿਕ ਗਿਆਨ ਦੀ ਸੂਝ ਪ੍ਰਾਪਤ ਹੋਣ ਨਾਲ ਜਿਸ ਦਾ ਅਗਿਆਨਤਾ ਰੂਪੀ ਅੰਧੇਰਾ ਅਤੇ ਮੈਂ-ਮੈਂ ਖ਼ਤਮ ਹੋ ਜਾਂਦੀ ਹੈ, ਉਹ ਉਸ ਰੰਮੇ ਹੋਏ ਕਰਤੇ ਨੂੰ ਹੀ ਆਪਣਾ ਗੁਰੂ ਮੰਨਦਾ ਹੈ। ਨਾਨਕ ਦਾ ਤਾਂ ਕਰਤੇ ਦੀ ਬਖ਼ਸ਼ਿਸ਼ (ਸਬਦੁ) ਗਿਆਨ ਹੀ ਗੁਰੂ ਹੈ।

ਬਲਦੇਵ ਸਿੰਘ ਟੋਰਾਂਟੋ




.