.

ਜਸਬੀਰ ਸਿੰਘ ਵੈਨਕੂਵਰ

ਆਸਤਿਕ ਬਨਾਮ ਨਾਸਤਿਕ

ਭਾਰਤੀ ਦਰਸ਼ਨ ਵਿੱਚ ਰੱਬ ਦੀ ਹੋਂਦ, ਪਰਲੋਕ ਅਤੇ ਧਾਰਮਕ ਗ੍ਰੰਥਾਂ ਦੇ ਪ੍ਰਮਾਣਕਤਾ ਵਿੱਚ ਵਿਸ਼ਵਾਸ ਰੱਖਣ ਵਾਲੇ ਨੂੰ ਆਸਤਿਕ ਮੰਨਿਆ ਗਿਆ ਹੈ; ਅਤੇ ਜਿਹੜਾ ਵੇਦ ਨੂੰ ਪਰਮ ਪ੍ਰਮਾਣ ਨਹੀਂ ਮੰਨਦਾ, ਉਸ ਨੂੰ ਨਾਸਤਿਕ ਮੰਨਿਆ ਗਿਆ ਹੈ। ਇਸ ਤੋਂ ਇਲਾਵਾ ਉਹ ਮਨੁੱਖ ਵੀ ਨਾਸਤਿਕ ਮੰਨਿਆ ਗਿਆ ਹੈ ਜੋ ਪਰਲੋਕ ਅਤੇ ਮੌਤ ਤੋਂ ਬਾਅਦ ਦੇ ਜੀਵਨ ਵਿੱਚ ਵਿਸ਼ਵਾਸ ਨਹੀਂ ਰੱਖਦਾ। ਰੱਬ ਦੀ ਹੋਂਦ ਵਿੱਚ ਵਿਸ਼ਵਾਸ ਨਾ ਰੱਖਣ ਵਾਲੇ ਨੂੰ ਵੀ ਨਾਸਤਿਕ ਕਿਹਾ ਗਿਆ ਹੈ।
ਧਾਰਮਕ ਗ੍ਰੰਥਾਂ ਤੋਂ ਭਾਵ ਵਿਸ਼ੇਸ਼ ਤੌਰ `ਤੇ ਵੇਦਾਂ ਤੋਂ ਹੀ ਲਿਆ ਗਿਆ ਹੈ। ਇਸ ਲਈ ਇਹ ਮੁਹਾਵਰਾ ਵੀ ਪ੍ਰਚਲਤ ਰਿਹਾ ਹੈ ਕਿ ਵੇਦਾਂ ਦੀ ਨਿੰਦਿਆ ਕਰਨ ਵਾਲਾ ਨਾਸਤਿਕ ਹੈ। ਇਸ ਮਨੌਤ ਅਨੁਸਾਰ ਵੇਦਾਂ ਨੂੰ ਪ੍ਰਮਾਣਕ ਮੰਨਣ ਵਾਲੇ ਛੇ ਦਰਸ਼ਨਾਂ ਨਿਆਇ, ਵੈਸ਼ੇਸ਼ਿਕ, ਸਾਂਖ, ਯੋਗ, ਪੂਰਬ ਮੀਮਾਸਾ ਅਤੇ ਉੱਤਰ ਮੀਮਾਂਸਾ ਨੂੰ ਆਸਤਿਕ ਦਰਸ਼ਨ ਮੰਨਿਆ ਗਿਆ ਹੈ ਅਤੇ ਬੋਧ, ਜੈਨ ਅਤੇ ਚਾਰਵਾਕ ਨੂੰ ਨਾਸਤਿਕ ਆਖਿਆ ਗਿਆ ਹੈ; ਕਿਉਂਕਿ ਇਹ ਮਤ ਵੇਦਾਂ ਦੀ ਪ੍ਰਮਾਣਕਤਾ ਨੂੰ ਨਹੀਂ ਮੰਨਦੇ। ਇਸ ਧਾਰਨਾ ਕਾਰਨ ਭਾਵੇਂ ਕੋਈ ਈਸ਼ਵਰ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੀ ਪਰ ਵੇਦਾਂ ਨੂੰ ਪ੍ਰਮਾਣਕ ਮੰਨਣ ਕਾਰਨ ਉਨ੍ਹਾਂ ਨੂੰ ਆਸਤਿਕ ਮੰਨ ਲਿਆ ਗਿਆ। ਵੇਦਾਂ ਨੂੰ ਪ੍ਰਮਾਣਕ ਮੰਨਣ ਕਾਰਨ ਆਸਤਿਕ ਆਖੇ/ਸਮਝੇ ਜਾਂਦੇ ਛੇ ਦਰਸ਼ਨਾਂ ਵਿਚੋਂ ਅਕਾਲ ਪੁਰਖ ਦੀ ਹੋਂਦ ਵਿੱਚ ਵਿਸ਼ਵਾਸ ਰੱਖਣ ਵਾਲੇ ਕੇਵਲ ਚਾਰ ਦਰਸ਼ਨ: ਨਿਆਇ, ਵੈਸ਼ੇਸ਼ਿਕ, ਯੋਗ ਅਤੇ ਵੇਦਾਂਤ ਹੀ ਹਨ; ਸਾਂਖ ਅਤੇ ਪੂਰਬ ਮੀਮਾਂਸਾ ਸ੍ਰਿਸ਼ਟੀ ਕਰਤਾ ਰੱਬ ਨੂੰ ਨਹੀਂ ਮੰਨਦੇ।
ਸਿੱਖ ਮਤ ਦਾ ਪ੍ਰਭੂ ਦੀ ਹੋਂਦ ਵਿੱਚ ਅਤੁੱਟ ਵਿਸ਼ਵਾਸ ਹੈ ਅਤੇ ਰੱਬ ਨੂੰ ਸਾਰੇ ਪਸਾਰੇ ਦਾ ਕਰਤਾ ਹੀ ਨਹੀਂ ਸਗੋਂ ਪਾਲਣਹਾਰ ਅਤੇ ਨਾਸ਼ ਕਰਨ ਵਾਲਾ ਵੀ ਮੰਨਿਆ ਗਿਆ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨ ਵਿਚੋਂ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:-
ਸਗਲੀ ਬਣਤ ਬਣਾਈ ਆਪੇ॥ ਆਪੇ ਕਰੇ ਕਰਾਏ ਥਾਪੇ॥ ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ॥ (ਪੰਨਾ ੧੩੧) ਅਰਥ: ਸਾਰੀ ਬਣਤਰ ਪਰਮਾਤਮਾ ਨੇ ਆਪ ਹੀ ਬਣਾਈ ਹੈ, (ਸਭ ਜੀਵਾਂ ਵਿੱਚ ਵਿਆਪਕ ਹੋ ਕੇ) ਉਹ ਆਪ ਹੀ ਸਭ ਕੁੱਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ, ਉਹ ਆਪ ਹੀ ਜਗਤ ਦੀ ਸਾਰੀ ਖੇਡ ਚਲਾ ਰਿਹਾ ਹੈ। ਹੇ ਨਾਨਕ! ਉਹ ਆਪ ਹੀ ਆਪਣੇ ਇੱਕ ਸਰੂਪ ਤੋਂ ਬੇਅੰਤ ਰੂਪਾਂ ਰੰਗਾਂ ਵਾਲਾ ਬਣਿਆ ਹੋਇਆ ਹੈ। (ਇਹ ਸਾਰਾ ਬਹੁ ਰੰਗੀ ਜਗਤ) ਉਸ ਇੱਕ ਵਿੱਚ ਹੀ ਲੀਨ ਹੋ ਜਾਂਦਾ ਹੈ।
ਪਰੰਤੂ ਵੇਦਾਂ ਨੂੰ ਪ੍ਰਮਾਣਕ ਗ੍ਰੰਥ ਦੇ ਰੂਪ ਵਿੱਚ ਸਵੀਕਾਰ ਨਹੀਂ ਕੀਤਾ ਗਿਆ ਹੈ। ਗੁਰੂ ਸਾਹਿਬ ਨੇ ਵੇਦ ਬਾਣੀ ਨਾਲੋਂ ਗੁਰਬਾਣੀ ਦਾ ਅੰਤਰ ਦਰਸਾ ਕੇ ਗੁਰੂ ਦਰਸ਼ਨ ਦੀ ਸ੍ਰੇਸ਼ਟਤਾ ਨੂੰ ਸਪਸ਼ਟ ਰੂਪ ਇਉਂ ਦਰਸਾਇਆ ਹੈ:- ਕਥਾ ਕਹਾਣੀ ਬੇਦੀਂ ਆਣੀ ਪਾਪੁ ਪੁੰਨੁ ਬੀਚਾਰੁ॥ ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ॥ ਉਤਮ ਮਧਿਮ ਜਾਤੀਂ ਜਿਨਸੀ ਭਰਮਿ ਭਵੈ ਸੰਸਾਰੁ॥ ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ॥ ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੀਂ ਕਰਮਿ ਧਿਆਈ॥ ਹੁਕਮੁ ਸਾਜਿ ਹੁਕਮੈ ਵਿਚਿ ਰਖੈ ਹੁਕਮੈ ਅੰਦਰਿ ਵੇਖੈ॥ ਨਾਨਕ ਅਗਹੁ ਹਉਮੈ ਤੁਟੈ ਤਾਂ ਕੋ ਲਿਖੀਐ ਲੇਖੈ॥ (ਪੰਨਾ ੧੨੪੩) ਅਰਥ: (ਜੋ) ਤਾਲੀਮ ਵੇਦਾਂ ਨੇ ਲਿਆਂਦੀ (ਭਾਵ, ਦਿੱਤੀ), (ਉਸ ਵਿੱਚ ਇਹ) ਵਿਚਾਰ ਹੈ ਕਿ ਪਾਪ ਕੀਹ ਹੈ ਤੇ ਪੁੰਨ ਕੀਹ ਹੈ, (ਉਸ ਤਾਲੀਮ ਨੇ ਇਹ ਦੱਸਿਆ ਹੈ ਕਿ ਹੱਥੋਂ) ਦੇ ਕੇ ਹੀ (ਮੁੜ) ਲਈਦਾ ਹੈ ਤੇ ਜੋ ਕੁੱਝ ਕਿਸੇ ਤੋਂ ਲੈਂਦੇ ਹਾਂ ਉਹ (ਅਗਲੇ ਜਨਮ ਵਿਚ) ਮੋੜੀਦਾ ਹੈ, (ਆਪਣੇ ਕੀਤੇ ਕਰਮਾਂ ਅਨੁਸਾਰ) ਨਰਕ ਵਿੱਚ ਜਾਂ ਸੁਰਗ ਵਿੱਚ ਅੱਪੜੀਦਾ ਹੈ। (ਇਸ ਤਾਲੀਮ ਅਨੁਸਾਰ) ਦੁਨੀਆ ਉੱਚੀਆਂ ਨੀਵੀਆਂ ਜਾਤਾਂ ਤੇ ਕਿਸਮਾਂ ਦੇ ਵਹਿਮਾਂ ਵਿੱਚ ਖ਼ੁਆਰ ਹੁੰਦੀ ਹੈ।
(ਪਰ ਜੋ) ਬਾਣੀ ਗੁਰੂ ਨੇ ਉਚਾਰੀ ਹੈ, (ਜਿਸ ਦੇ ਡੂੰਘੇ ਭੇਤ ਨੂੰ) ਗੁਰੂ ਨੇ ਸਮਝਿਆ ਹੈ ਤੇ (ਜਿਸ ਨੂੰ) ਸੁਰਤਿਆਂ ਨੇ ਜਪਿਆ ਹੈ ਉਹ ਬਾਣੀ ਨਾਮ-ਅੰਮ੍ਰਿਤ ਨਾਲ ਭਰੀ ਹੋਈ ਹੈ, {ਭਾਵ ਪ੍ਰਭੂ ਦੇ ਅੰਮ੍ਰਿਤਮਈ ਗੁਣਾਂ} ਤੇ ਪ੍ਰਭੂ ਦੇ ਗੁਣ ਬਿਆਨ ਕਰਦੀ ਹੈ, ਇਹ ਬਾਣੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਤੇ ਪ੍ਰਭੂ ਵਿੱਚ ਸੁਰਤਿ ਜੋੜਿਆਂ ਪਰਗਟ ਹੋਈ ਹੈ। (ਇਹ ਬਾਣੀ ਦੱਸਦੀ ਹੈ ਕਿ) ਪਰਮਾਤਮਾ ਆਪਣਾ ਹੁਕਮ (-ਰੂਪ ਸੱਤਿਆ) ਸਾਜ ਕੇ (ਸਭ ਜੀਵਾਂ ਨੂੰ) ਆਪਣੇ ਹੁਕਮ ਵਿੱਚ ਹੀ ਰੱਖਿਆ ਹੈ ਤੇ ਹੁਕਮ ਵਿੱਚ ਹੀ ਸੰਭਾਲ ਕਰਦਾ ਹੈ। ਹੇ ਨਾਨਕ! (ਇਸ ਬਾਣੀ ਦੀ ਬਰਕਤਿ ਨਾਲ) ਪਹਿਲਾਂ (ਜੀਵ ਦੀ) ਹਉਮੈ ਦੂਰ ਹੁੰਦੀ ਹੈ ਤਾਂ ਜੀਵ ਪ੍ਰਭੂ ਦੀ ਹਜ਼ੂਰੀ ਵਿੱਚ ਪ੍ਰਵਾਨ ਹੁੰਦਾ ਹੈ। (ਨੋਟ: ਉਪਰੋਕਤ ਮੁਹਾਵਰੇ ਅਨੁਸਾਰ ਸਿੱਖ ਧਰਮ ਦੀ ਗਿਣਤੀ ਨਾਸਤਿਕ ਦਰਸ਼ਨ ਵਿੱਚ ਹੁੰਦੀ ਹੈ।)
ਆਧੁਨਿਕ ਕਾਲ ਵਿੱਚ ਕੁੱਝ ਵਿਦਵਾਨ ਆਸਤਿਕ ਦੀ ਪ੍ਰੀਭਾਸ਼ਾ ਉਪਰੋਕਤ ਪ੍ਰਭਾਸ਼ਾ ਨਾਲੋਂ ਅਲਗ ਕਰਨ ਲਗ ਪਏ ਹਨ। ਆਸਤਿਕ ਦੀ ਨਵੀਨ ਪ੍ਰੀਭਾਸ਼ਾ ਅਨੁਸਾਰ ਜੀਵਨ ਦੀਆਂ ਉੱਚ ਕਦਰਾਂ-ਕੀਮਤਾਂ ਅਰਥਾਤ ਸਚ, ਨੇਕੀ ਅਤੇ ਸੁੰਦਰਤਾ ਦੀ ਹੋਂਦ ਅਤੇ ਇਨ੍ਹਾਂ ਦੀ ਪ੍ਰਾਪਤੀ ਵਿੱਚ ਵਿਸ਼ਵਾਸ ਰੱਖਣ ਵਾਲਾ ਆਸਤਿਕ ਹੈ। ਕਈ ਵਿਚਾਰਵਾਨ ਕੇਵਲ ਦ੍ਰਿਸ਼ਟਮਾਨ ਪਦਾਰਥਾਂ ਵਿੱਚ ਹੀ ਵਿਸ਼ਵਾਸ ਕਰਦੇ ਹਨ। ਅਜਿਹੀ ਧਾਰਨਾ ਰੱਖਣ ਵਾਲੇ ਆਤਮਾ, ਪਰਲੋਕ, ਈਸ਼ਵਰ ਅਤੇ ਜੀਵਨ ਤੋਂ ਪਰਾਂ ਦੇ ਮੁੱਲਾਂ ਵਿੱਚ ਵਿਸ਼ਵਾਸ ਨਹੀਂ ਕਰਦੇ। ਇਨ੍ਹਾਂ ਦਾ ਮੰਨਣਾ ਹੈ ਕਿ ਵਿਗਿਆਨ ਦੁਆਰਾ ਇਹ ਸਿੱਧ ਨਹੀਂ ਹੁੰਦੇ; ਇਹ ਕੇਵਲ ਦਾਰਸ਼ਨਿਕ ਕਲਪਨਾਂ ਹਨ, ਇਨ੍ਹਾਂ ਵਿੱਚ ਕੋਈ ਸਚਾਈ ਨਹੀਂ ਹੈ। ਇਸ ਤਰ੍ਹਾਂ ਦੀ ਸੋਚ ਰੱਖਣ ਵਾਲਿਆਂ ਅਨੁਸਾਰ ਆਸਤਿਕ ਉਹੀ ਹੈ ਜੋ ਸੰਸਾਰਕ ਸ਼ਕਤੀ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਦਰਸ਼ਨ ਦੀਆਂ ਮਿਥਿਅਕ ਕਲਪਨਾਂ ਤੋਂ ਮੁਕਤ ਹੈ। ਇਸ ਪ੍ਰੀਭਾਸ਼ਾ ਅਨੁਸਾਰ ਭਾਰਤ ਦਾ ਕੇਵਲ ਚਾਰਵਾਕ ਮਤ ਹੀ ਆਸਤਿਕ ਹੈ।
ਗੁਰਮਤਿ ਵਿੱਚ ਆਸਤਿਕਤਾ ਦਾ ਆਧਾਰ ਅਕਾਲ ਪੁਰਖ ਦੀ ਹੋਂਦ `ਚ ਅਤੁੱਟ ਵਿਸ਼ਵਾਸ, ਪ੍ਰਭੂ ਦੀ ਰਜ਼ਾ ਵਿੱਚ ਵਿਚਰਦਿਆਂ, ਮਨੁੱਖੀ ਕਦਰਾਂ-ਕੀਮਤਾਂ ਨੂੰ ਅਪਣਾਉਣਾ ਹੈ। ਨਾਸਤਿਕ ਉਹ ਹੈ ਜਿਹੜਾ ਇਸ ਰਹਿਣੀ ਵਿੱਚ ਵਿਸ਼ਵਾਸ ਨਹੀਂ ਕਰਦਾ ਅਥਵਾ ਇਸ ਦਾ ਧਾਰਨੀ ਨਹੀਂ ਹੈ। ਜੇਕਰ ਕੋਈ ਪ੍ਰਾਣੀ ਇਸ ਜੀਵਨ-ਜੁਗਤ ਵਿੱਚ ਭਰੋਸਾ ਤਾਂ ਰੱਖਦਾ ਹੈ ਪਰ ਇਸ ਦਾ ਧਾਰਨੀ ਨਹੀਂ, ਤਾਂ ਉਸ ਵਿਅਕਤੀ ਦੀ ਗਿਣਤੀ ਆਸਤਿਕਾਂ ਵਿੱਚ ਨਹੀਂ, ਬਲਕਿ ਨਾਸਤਿਕਾਂ ਵਿੱਚ ਹੀ ਕੀਤੀ ਗਈ ਹੈ। ਇਹ ਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਮਨੁੱਖਾਂ ਨੇ ਧਾਰਮਕ ਲਿਬਾਸ ਤਾਂ ਪਹਿਨਿਆਂ ਹੋਇਆ ਹੈ, ਪਾਠ-ਪੂਜਾ ਅਤੇ ਹੋਰ ਧਰਮ ਕਰਮ ਵੀ ਕਰਦੇ ਹਨ ਪਰ ਜੇਕਰ ਉਹ ਇਸ ਜੀਵਨ-ਜੁਗਤ ਤੋਂ ਸਖਣੇ ਹਨ, ਤਾਂ ਉਨ੍ਹਾਂ ਨੂੰ ਧਰਮੀ ਅਥਵਾ ਆਸਤਿਕ ਮੰਨਣ ਦੀ ਥਾਂ, ਉਨ੍ਹਾਂ ਨੂੰ ਮੂਰਖ, ਪਾਖੰਡੀ ਆਦਿ ਕਿਹਾ ਗਿਆ ਹੈ। ਇਸ ਤਰ੍ਹਾਂ ਦੀ ਜ਼ਿੰਦਗੀ ਜਿਊਂਣ ਵਾਲਿਆਂ ਨੂੰ ਸਪਸ਼ਟ ਰੂਪ ਵਿੱਚ ਇਹ ਦਰਸਾਇਆ ਹੈ ਕਿ ਜੇਕਰ ਉਨ੍ਹਾਂ ਨੇ ਜੀਵਨ ਦੀਆਂ ਉੱਚ ਕਦਰਾਂ-ਕੀਮਤਾਂ ਨੂੰ ਨਹੀਂ ਅਪਣਾਇਆ ਤਾਂ ਉਨ੍ਹਾਂ ਦਾ ਭੇਖ, ਧਰਮ ਕਰਮ, ਪਾਠ-ਪੂਜਾ ਆਦਿ ਨਾਲ ਉਨ੍ਹਾਂ ਨੂੰ ਕੋਈ ਲਾਭ ਨਹੀਂ ਹੋਣ ਲੱਗਾ:
ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ॥ ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨਾੑ ਕਾਹੇ ਭਇਆ ਸੰਨਿਆਸੀ॥ ੧॥ ਭਰਮੇ ਭੂਲੀ ਰੇ ਜੈ ਚੰਦਾ॥ ਨਹੀ ਨਹੀ ਚੀਨਿੑਆ ਪਰਮਾਨੰਦਾ॥ ੧॥ ਰਹਾਉ॥ ਘਰਿ ਘਰਿ ਖਾਇਆ ਪਿੰਡੁ ਬਧਾਇਆ ਖਿੰਥਾ ਮੁੰਦਾ ਮਾਇਆ॥ ਭੂਮਿ ਮਸਾਣ ਕੀ ਭਸਮ ਲਗਾਈ ਗੁਰ ਬਿਨੁ ਤਤੁ ਨ ਪਾਇਆ॥ ੨॥ ਕਾਇ ਜਪਹੁ ਰੇ ਕਾਇ ਤਪਹੁ ਰੇ ਕਾਇ ਬਿਲੋਵਹੁ ਪਾਣੀ॥ ਲਖ ਚਉਰਾਸੀਹ ਜਿਨਿੑ ਉਪਾਈ ਸੋ ਸਿਮਰਹੁ ਨਿਰਬਾਣੀ॥ ੩॥ ਕਾਇ ਕਮੰਡਲੁ ਕਾਪੜੀਆ ਰੇ ਅਠਸਠਿ ਕਾਇ ਫਿਰਾਹੀ॥ ਬਦਤਿ ਤ੍ਰਿਲੋਚਨੁ ਸੁਨੁ ਰੇ ਪ੍ਰਾਣੀ ਕਣ ਬਿਨੁ ਗਾਹੁ ਕਿ ਪਾਹੀ॥ ੪॥ (ਪੰਨਾ ੫੨੫-੨੬)
ਅਰਥ:-ਜੇ (ਕਿਸੇ ਮਨੁੱਖ) ਅੰਦਰਲਾ ਮਲੀਨ (ਮਨ) ਸਾਫ਼) ਨਹੀਂ ਕੀਤਾ, ਪਰ ਬਾਹਰ (ਸਰੀਰ ਉੱਤੇ) ਸਾਧੂਆਂ ਵਾਲਾ ਬਾਣਾ ਪਾਇਆ ਹੋਇਆ ਹੈ, ਜੇ ਉਸ ਨੇ ਆਪਣੇ ਹਿਰਦੇ-ਰੂਪ ਕਉਲ ਨੂੰ ਨਹੀਂ ਪਰਖਿਆ, ਜੇ ਉਸ ਨੇ ਆਪਣੇ ਅੰਦਰ ਪਰਮਾਤਮਾ ਨਹੀਂ ਵੇਖਿਆ, ਤਾਂ ਸੰਨਿਆਸ ਧਾਰਨ ਕਰਨ ਦਾ ਕੋਈ ਲਾਭ ਨਹੀਂ। ੧। ਹੇ ਜੈ ਚੰਦਾ! ਸਾਰੀ ਲੋਕਾਈ (ਇਸੇ ਭੁਲੇਖੇ ਵਿਚ) ਭੁੱਲੀ ਪਈ ਹੈ (ਕਿ ਨਿਰਾ ਫ਼ਕੀਰੀ ਭੇਖ ਧਾਰਿਆਂ ਪਰਮਾਤਮਾ ਮਿਲ ਪੈਂਦਾ ਹੈ, ਪਰ ਇਹ ਗ਼ਲਤ ਹੈ, ਇਸ ਤਰ੍ਹਾਂ) ਪਰਮਾਨੰਦ ਪ੍ਰਭੂ ਦੀ ਸੋਝੀ ਕਦੇ ਭੀ ਨਹੀਂ ਪੈਂਦੀ। ੧। ਰਹਾਉ। (ਜਿਸ ਮਨੁੱਖ ਨੇ) ਘਰ ਘਰ ਤੋਂ (ਮੰਗ ਕੇ ਟੁੱਕਰ) ਖਾ ਲਿਆ, (ਆਪਣੇ) ਸਰੀਰ ਨੰ ਚੰਗਾ ਪਾਲ ਲਿਆ, ਗੋਦੜੀ ਪਹਿਨ ਲਈ, ਮੁੰਦ੍ਰਾਂ ਭੀ ਪਾ ਲਈਆਂ, (ਪਰ ਸਭ ਕੁਝ) ਮਾਇਆ ਦੀ ਖ਼ਾਤਰ ਹੀ (ਕੀਤਾ) ਮਸਾਣਾਂ ਦੀ ਧਰਤੀ ਦੀ ਸੁਆਹ ਭੀ (ਪਿੰਡੇ) ਮਲ ਲਈ, ਪਰ ਜੇ ਉਹ ਗੁਰੂ ਦੇ ਰਾਹ ਤੇ ਨਹੀਂ ਤੁਰਿਆ ਤਾਂ ਇਸ ਤਰ੍ਹਾਂ ਤੱਤ ਦੀ ਪ੍ਰਾਪਤੀ ਨਹੀਂ ਹੁੰਦੀ। ੨। ਹੇ ਭਾਈ) ਕਿਉਂ (ਗਿਣੇ ਮਿੱਥੇ) ਜਪ ਕਰਦੇ ਹੋ? ਕਿਉਂ ਤਪ ਸਾਧਦੇ ਹੋ? ਕਾਹਦੇ ਲਈ ਪਾਣੀ ਰਿੜਕਦੇ ਹੋ? (ਹਠ ਨਾਲ ਕੀਤੇ ਹੋਏ ਇਹ ਸਾਧਨ ਤਾਂ ਪਾਣੀ ਰਿੜਕਣ ਸਮਾਨ ਹਨ); ਉਸ ਵਾਸ਼ਨਾ-ਰਹਿਤ ਪ੍ਰਭੂ ਨੂੰ (ਹਰ ਵੇਲੇ) ਯਾਦ ਕਰੋ, ਜਿਸ ਨੇ ਚੌਰਾਸੀ ਲੱਖ (ਜੋਨਿ ਵਾਲੀ ਸ੍ਰਿਸ਼ਟੀ) ਪੈਦਾ ਕੀਤੀ ਹੈ। ਹੇ ਕਾਪੜੀਏ! (ਹੱਥ ਵਿਚ) ਖੱਪਰ ਫੜਨ ਦਾ ਕੋਈ ਲਾਭ ਨਹੀਂ। ਅਠਾਹਠ ਤੀਰਥਾਂ ਤੇ ਭਟਕਣ ਦਾ ਭੀ ਕੋਈ ਲਾਭ ਨਹੀ। ਤ੍ਰਿਲੋਚਨ ਆਖਦਾ ਹੈ-ਹੇ ਬੰਦੇ! ਸੁਣ, ਜੇ (ਭਰੀਆਂ ਵਿਚ) ਅੰਨ ਦੇ ਦਾਣੇ ਨਹੀਂ ਤਾਂ ਗਾਹ ਪਾਣ ਦਾ ਕੋਈ ਲਾਭ ਨਹੀਂ। ੪।
ਇਹ ਗੱਲ ਕੋਈ ਵਧੇਰੇ ਵਿਆਖਿਆ ਦੀ ਮੁਥਾਜ਼ ਨਹੀਂ ਹੈ ਕਿ ਆਪਣੇ ਆਪ ਨੰ ਆਸਤਿਕ ਸਮਝਣ ਵਾਲਿਆਂ ਦਾ ਮਨੁੱਖੀ ਉੱਚ ਕਦਰਾਂ-ਕੀਮਤਾਂ ਵਿੱਚ ਕੋਈ ਵਿਸ਼ਵਾਸ ਨਹੀਂ ਹੈ। ਮਨੁੱਖ ਰੱਬ ਵਿੱਚ ਵਿਸ਼ਵਾਸ ਰੱਖਦਾ ਹੋਇਆ ਵੀ ਇਨਸਾਨੀਅਤ ਤੋਂ ਮੂੰਹ ਮੋੜ ਕੇ ਹੀ ਜਿਊਂਣ ਵਿੱਚ ਵਿਸ਼ਵਾਸ ਰੱਖਦਾ ਹੈ। ਐਸੀ ਪਰਿਸਥਿੱਤੀ ਵਿੱਚ ਮਨੁੱਖ ਦਾ ਰੱਬ ਨਾਲ ਕੋਈ ਸਰੋਕਾਰ ਨਹੀਂ ਹੈ, ਮਨੁੱਖ ਦਾ ਸਰੋਕਾਰ ਕੇਵਲ ਆਪਣੀ ਗ਼ਰਜ਼ ਨਾਲ ਹੀ ਹੈ। ਦੂਜੀ ਵਿਸ਼ਵ ਜੰਗ ਸਮੇਂ ਕਲਕੱਤੇ ਵਿੱਚ ਇੱਕ ਵਿਅਕਤੀ ਹਿਟਲਰ ਦੀ ਪੂਜਾ ਕਰਦਾ ਸੀ। ਚੂੰਕਿ ਜੰਗ ਕਾਰਨ ਉਸ ਨੇ ਬਲੈਕ ਮਾਰਕੀਟ ਦੁਆਰਾ ਖ਼ੂਬ ਰੁਪਯਾ ਕਮਾਇਆ ਸੀ। ਇਸ ਤਰ੍ਹਾਂ ਦੇ ਅਨੇਕਾਂ ਵਿਅਕਤੀ ਹਨ, ਜਿਨ੍ਹਾਂ ਦਾ ਰੱਬ ਨਾਲ ਕੋਈ ਲੈਣ ਦੇਣ ਨਹੀਂ, ਪਰ ਉਂਜ ਉਹ ਪੂਜਾ-ਪਾਠ ਕਰਦੇ ਹਨ। ਉਨ੍ਹਾਂ ਨੂੰ ਇਹ ਵਿਸ਼ਵਾਸ਼ ਹੈ ਕਿ ਇਸ ਤਰ੍ਹਾਂ ਨਾਲ ਉਨ੍ਹਾਂ ਨੂੰ ਮਾਇਕ ਲਾਭ ਹੋਵੇਗਾ। ਕਈ ਰਾਜਨੀਤਕ ਲੋਕ ਜ਼ਾਹਰਾ ਰੂਪ ਵਿੱਚ ਬਹੁਤ ਪੂਜਾ ਪਾਠ ਕਰਦੇ ਹਨ, ਧਾਰਮਕ ਸਥਾਨਾਂ ਦੀ ਯਾਤਰਾ ਵੀ ਕਰਦੇ ਹਨ। ਪਰੰਤੂ ਆਮ ਲੋਕਾਈ ਦੀ ਜਿਸ ਤਰ੍ਹਾਂ ਉਹ ਲੁੱਟ-ਖਸੁੱਟ ਕਰਦੇ ਹਨ, ਸਮਾਜ ਵਿਰੋਧੀ ਅਨਸਰਾਂ, ਇਨਸਾਨੀਅਤ ਦੇ ਕਾਤਲਾਂ, ਵੱਢੀ-ਖ਼ੋਰ ਅਫ਼ਸਰਾਂ ਆਦਿ ਦੀ ਜਿਸ ਤਰ੍ਹਾਂ ਨਾਲ ਮਦਦ ਕਰਦੇ ਹਨ ਜਾਂ ਆਪਣੀਆਂ ਵਜ਼ੀਰੀਆਂ ਨੂੰ ਬਚਾਉਣ ਲਈ ਜਿਸ ਤਰ੍ਹਾਂ ਆਮ ਲੋਕਾਂ ਨੂੰ ਧਰਮ, ਭਾਸ਼ਾ ਜਾਂ ਰਾਸ਼ਟਰ ਆਦਿ ਦੇ ਨਾਮ ਤੇ ਉਕਸਾ/ਭੜਕਾ ਕੇ ਲੜਾਉਂਦੇ ਅਤੇ ਮਰਵਾਉਂਦੇ ਹਨ, ਇਹ ਇਸ ਗੱਲ ਦਾ ਹੀ ਲਖਾਇਕ ਹਨ। ਇਸ ਤਰ੍ਹਾਂ ਦੀ ਸੋਚ ਰੱਖਣ ਵਾਲਿਆਂ ਦੀ ਰੱਬ ਵਿੱਚ ਆਸਥਾ ਝੂਠੀ ਆਸਥਾ ਹੈ। ਉਨ੍ਹਾਂ ਦਾ ਰੱਬ ਨਾਲ ਕੋਈ ਲੈਣ-ਦੇਣ ਨਹੀਂ ਹੈ। ਅਜਿਹੀ ਧਾਰਨਾ ਰੱਖਣ ਵਾਲੇ ਹਮੇਸ਼ਾਂ ਆਪਣਾ ਸਵਾਰਥ ਹੀ ਮੁੱਖ ਰੱਖਦੇ ਹਨ।
ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਮਨੁੱਖੀ ਸਰੀਰ ਲਈ ਘਾਤਕ ਚੀਜ਼ਾਂ ਦੀ ਮਿਲਾਵਟ ਕਰਨ ਵਾਲੇ, ਮੌਤ ਦੇ ਵਾਪਾਰੀ (ਮਾਰੂ ਨਸ਼ਿਆਂ ਦਾ ਧੰਧਾ ਕਰਨ ਵਾਲੇ), ਵੱਢੀ-ਖ਼ੋਰ, ਦੂਜਿਆਂ ਦਾ ਹੱਕ ਮਾਰਨ ਵਾਲੇ, ਬਲਾਤਕਾਰੀ, ਧੀਆਂ ਨੂੰ ਕੁੱਖ ਵਿੱਚ ਹੀ ਮਾਰਨ ਵਾਲੇ, ਨੂੰਹਾਂ ਨੂੰ ਦਹੇਜ ਘਟ ਲਿਆਉਣ ਜਾਂ ਨਾ ਲਿਆਉਣ ਕਾਰਨ ਜਾਨੋਂ ਮਾਰਨ ਵਾਲੇ, ਆਪਣੇ ਸਵਾਰਥ ਦੀ ਪੂਰਤੀ ਕਰਨ ਲਈ ਦੂਜਿਆਂ ਦੇ ਜਮਾਂਦਰੂ ਹੱਕਾਂ ਨੂੰ ਆਪਣੇ ਪੈਰਾਂ ਹੇਠਾਂ ਰੋਲਣ ਵਾਲੇ, ਆਪਣੀ ਮਿਹਨਤ ਪੂਰੀ ਲੈ ਕੇ ਵੀ ਕੰਮ ਨ ਕਰਨ ਵਾਲੇ, ਜਾਂ ਇਹੋ ਜਿਹੇ ਹੋਰ ਕਰਮ ਕਰਨ ਵਾਲੇ ਜੇਕਰ ਰੱਬ ਵਿੱਚ ਵਿਸ਼ਵਾਸ ਰੱਖਦੇ ਵੀ ਹਨ ਤਾਂ ਉਨ੍ਹਾਂ ਦਾ ਇਹ ਵਿਸ਼ਵਾਸ਼ ਅਰਥਹੀਨ ਹੈ। ਇਹ ਸਹੀ ਮਾਅਨਿਆਂ ਵਿੱਚ ਆਸਤਿਕਤਾ ਨਹੀਂ ਹੈ, ਨਾਸਤਿਕਤਾ ਹੈ।
ਪਰਮਾਤਮਾ ਨੂੰ ਖ਼ੁਸ਼ ਕਰਨ ਲਈ ਦੂਜਿਆਂ ਦੇ ਮਾਸੂਮ ਬੱਚਿਆਂ ਦੀ ਬਲੀ ਚੜ੍ਹਾ ਦੇਣ ਵਾਲੇ, ਬੇਗ਼ੁਨਾਹ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ, ਦੂਜੇ ਧਰਮਾਂ ਦੇ ਪੈਰੋਕਾਰਾਂ ਨਾਲ ਘਿਰਣਾ ਕਰਨ ਵਾਲੇ, ਅਨਮਤ ਦੇ ਧਰਮ ਗ੍ਰੰਥਾਂ ਜਾਂ ਮੰਦਰਾਂ ਨੂੰ ਢਾਉਣ ਜਾਂ ਸਾੜ-ਫੁਕ ਕਰਨ ਵਾਲੇ ਆਸਤਿਕਾਂ ਦੀ ਸ਼ਰੇਣੀ ਵਿੱਚ ਨਹੀਂ ਨਾਸਤਿਕਾਂ ਦੀ ਸ਼ਰੇਣੀ ਵਿੱਚ ਆਉਂਦੇ ਹਨ।
ਮਨੁੱਖਤਾ ਨੂੰ ਫੋਕਟ ਧਰਮ ਕਰਮ ਵਿੱਚ ਫਸਾ ਕੇ ਆਪਣਾ ਪੇਟ ਭਰਨ ਵਾਲੇ, ਦੂਜਿਆਂ ਦਾ ਜੀਵਨ ਨਰਕ ਬਣਾ ਕੇ ਆਪ ਐਸ਼-ਇਸ਼ਰਤ ਦੀ ਜ਼ਿੰਦਗੀ ਭੋਗਣ ਵਾਲੇ, ਲਚਾਰ ਅਤੇ ਬੇਸਹਾਰਿਆਂ ਦੀ ਮਜਬੂਰੀ ਦਾ ਲਾਭ ਉਠਾਉਣ ਵਾਲੇ ਆਸਤਿਕ ਕਿਵੇਂ ਹੋ ਸਕਦੇ ਹਨ? ਆਸਤਿਕ ਤਾਂ ਦੱਸਾਂ ਨਹੂੰਆਂ ਦੀ ਕਿਰਤ ਕਮਾਈ ਵਿੱਚ ਹੀ ਵਿਸ਼ਵਾਸ ਰੱਖਣ ਵਾਲੇ ਹੁੰਦੇ ਹਨ। ਉਹ ਪਰਾਏ ਹੱਕ ਨੂੰ ਜ਼ਹਰ ਸਮਝ ਕੇ ਇਸ ਨੂੰ ਵਰਤਣ ਤੋਂ ਸੰਕੋਚ ਕਰਦੇ ਹਨ। ਉਹ ਦੂਜੇ ਦੇ ਹੰਝੂਆਂ ਵਿਚੋਂ ਖ਼ੁਸ਼ੀ ਨਹੀਂ ਲੱਭਦੇ।
ਉਹ ਮਨੁੱਖ ਘੋਰ ਨਾਸਤਿਕ ਹਨ ਜਿਹੜੇ ਆਸਤਿਕਤਾ ਦਾ ਬੁਰਕਾ ਪਹਿਨ ਕੇ ਇਨਸਾਨੀਅਤ ਨੂੰ ਕਲੰਕਤ ਕਰਨ ਵਾਲੀਆਂ ਕਰਤੂਤਾਂ ਕਰਦੇ ਹਨ। ਜਿਨ੍ਹਾਂ ਦੀਆਂ ਘਿਣਾਉਣੀਆਂ ਕਰਤੂਤਾਂ ਨੂੰ ਦੇਖ ਸੁਣ ਕੇ ਆਮ ਮਨੁੱਖ ਦਾ ਧਰਮ ਤੋਂ ਵਿਸ਼ਵਾਸ ਉੱਠ ਜਾਂਦਾ ਹੈ। ਧਰਮ ਸਥਾਨ ਦੇ ਪ੍ਰਬੰਧ ਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵਿਰੋਧੀ ਧਿਰ ਨੂੰ ਲਲਕਾਰੇ ਮਾਰਨ ਵਾਲੇ, ਮਾਂ ਭੈਣ ਦੀਆਂ ਗੰਦੀਆਂ ਗਾਲਾਂ ਕੱਢਣ ਵਾਲੇ, ਤਲਵਾਰਾਂ ਆਦਿ ਨਾਲ ਇੱਕ ਦੂਜੇ ਉੱਤੇ ਹਮਲੇ ਕਰਨ ਵਾਲੇ, ਇੱਕ ਦੂਜੇ ਦੀਆਂ ਪਗਾਂ ਉਛਾਲਣ ਵਾਲੇ ਆਸਤਿਕ ਨਹੀਂ ਮਹਾਂ ਨਾਸਤਿਕ ਹਨ। ਇਨ੍ਹਾਂ ਦੀਆਂ ਇਹੋ ਜਿਹੀਆਂ ਘਿਣਾਉਣੀਆਂ ਕਰਤੂਤਾਂ ਆਮ ਮਨੁੱਖ ਦੇ ਮਨ ਵਿੱਚ ਧਰਮ ਪ੍ਰਤੀ ਗ਼ਿਲਾਨੀ ਦਾ ਭਾਵ ਪੈਦਾ ਕਰਦੀਆਂ ਹਨ; ਜਨ-ਸਾਧਾਰਨ ਨੂੰ ਧਰਮ ਤੋਂ ਦੂਰ ਲਿਜਾਂਦੀਆਂ ਹਨ। ਆਮ ਮਨੁੱਖ ਨੂੰ ਧਰਮ ਤੋਂ ਦੂਰ ਇਹੋ ਜਿਹੇ ਕਥਿੱਤ ਆਸਤਿਕਾਂ ਨੇ ਕੀਤਾ ਹੈ ਨਾ ਕਿ ਰੱਬ ਤੋਂ ਮੁਨਕਰ ਹੋਇਆਂ ਨੇ।
ਇਹ ਵੀ ਆਮ ਹੀ ਦੇਖਣ/ਸੁਣਨ ਵਿੱਚ ਆਉਂਦਾ ਹੈ ਕਿ ਧਰਮ ਦੇ ਨਾਮ `ਤੇ ਆਮ ਲੋਕਾਈ ਦੀ ਲੁੱਟ-ਖਸੁੱਟ ਕਰਨ ਵਾਲੇ, ਜਨ-ਸਾਧਰਨ ਨੂੰ ਵਹਿਮਾਂ-ਭਰਮਾਂ ਅਤੇ ਕਰਮ ਕਾਂਡਾਂ ਦੀ ਦਲਦਲ ਵਿੱਚ ਧਕੇਲ ਕੇ ਆਪਣੇ ਸਵਾਰਥ ਦੀ ਪੂਰਤੀ ਵਾਲੇ, ਉਨ੍ਹਾਂ ਲੋਕਾਂ ਨੂੰ ਨਾਸਤਿਕਤਾ ਦੇ ਫ਼ਤਵੇ ਦੇਂਦੇ ਹਨ, ਜਿਹੜੇ ਜਨ-ਸਾਧਾਰਨ ਨੂੰ ਇਨ੍ਹਾਂ ਦੀ ਲੁੱਟ-ਖਸੁੱਟ ਤੋਂ ਜਾਣੂ ਕਰਾਉਂਦੇ ਹਨ।
ਚਿਰ ਹੋਇਆ ਇੱਕ ਸੱਜਣ ਨੇ ਆਪਣੀ ਹੱਡ-ਬੀਤੀ ਘਟਨਾ ਸੁਣਾਈ ਕਿ ਉਹ ਦਿੱਲੀ ਰੇਲਵੇ ਸਟੇਸ਼ਨ ਤੋਂ ਬਾਹਰ ਆਟੋ ਰਿਕਸ਼ੇ ਦੀ ਉਡੀਕ ਕਰ ਰਿਹਾ ਸੀ ਕਿ ਉੱਥੇ ਇੱਕ ਵਿਅਕਤੀ ਨੇ ਉਸ ਦਾ ਹੱਥ ਫੜ ਕੇ ਉਸ ਦੇ ਭੂਤ ਅਤੇ ਭਵਿੱਖ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ। ਪਰ ਉਹ ਇਨ੍ਹਾਂ ਗੱਲਾਂ ਵਿੱਚ ਵਿਸ਼ਵਾਸ ਨਹੀਂ ਸੀ ਕਰਦਾ, ਇਸ ਲਈ ਉਸ ਨੇੋ ਆਪਣਾ ਹੱਥ ਛੁਡਾ ਕੇ ਉਸ ਨੂੰ ਕਿਹਾ ਕਿ ਉਹ ਜੋਤਸ਼ ਵਿੱਚ ਵਿਸ਼ਵਾਸ ਨਹੀਂ ਰੱਖਦਾ। ਉਸ ਦੀ ਇਹ ਗੱਲ ਸੁਣ ਕੇ ਮੱਲੋ-ਮੱਲੀ ਹੱਥ ਫੜ ਕੇ ਭੂਤ ਭਵਿੱਖ ਦੱਸਣ ਵਾਲਾ ਕਹਿਣ ਲੱਗਾ ਕਿ ਤੁਹਾਡੇ ਵਰਗੇ ਨਾਸਤਿਕਾਂ ਕਾਰਨ ਹੀ ਦੁਨੀਆਂ ਵਿੱਚ ਵਿਭਚਾਰ, ਪਾਪ ਅਤੇ ਅਸ਼ਾਂਤੀ ਫੈਲ ਰਹੀ ਹੈ। ਤੁਸੀਂ ਲੋਕ ਮਾਇਆਧਾਰੀ ਹੋ, ਤੁਹਾਨੂੰ ਸੰਸਾਰੀ ਲੋਕਾਂ ਨੂੰ ਅਧਿਆਤਮਕਤਾ ਦੀ ਕੀ ਸਾਰ ਹੈ। ਜਨ-ਸਾਧਾਰਨ ਦੀ ਇਹੋ ਜਿਹੇ ਪਾਖੰਡ ਦੁਆਰਾ ਲੁੱਟ-ਖਸੁੱਟ ਕਰਨ ਵਾਲੇ ਆਪਣੇ ਆਪ ਨੂੰ ਧਾਰਮਕ ਅਥਵਾ ਆਸਤਿਕ ਸਮਝਦੇ ਹਨ ਅਤੇ ਇਹੋ ਜਿਹੇ ਪਾਖੰਡ ਨੂੰ ਨਾ ਮੰਨਣ ਵਾਲਿਆਂ ਨੂੰ ਨਾਸਤਿਕ ਸੱਦਦੇ ਹਨ। ਪਰ ਇਹੋ ਜਿਹੇ ਵਿਅਕਤੀ ਆਸਤਿਕ ਨਹੀਂ ਨਾਸਤਿਕ ਹਨ।
ਅੰਤ ਵਿੱਚ ਪਾਠਕਾਂ ਦਾ ਧਿਆਨ ਭਾਈ ਕਾਨ੍ਹ ਸਿੰਘ ਨਾਭਾ ਦੀ ਨਿਮਨ ਲਿਖਤ ਵਲ ਦਿਵਾ ਰਹੇ ਹਾਂ: ਜੋ ਸਰਵ ਵਯਾਪੀ ਕਰਤਾਰ ਦੀ ਹੋਂਦ ਅਤੇ ਕਰਮ ਫਲ ਦਾ ਵਿਸ਼ਵਾਸੀ ਨਹੀਂ, ਉਹ ਨਾਸਤਿਕ ਹੈ, ਪਰ ਸਭ ਨਾਸਤਿਕਾਂ ਦਾ ਸਰਦਾਰ ਉਹ ਹੈ ਜੋ ਆਪਣੇ ਤਾਈਂ ਆਸਤਿਕ ਪ੍ਰਗਟ ਕਰਦਾ ਹੋਇਆ ਪੂਰਾ ਨਾਸਤਿਕ ਹੈ, ਜਿਵੇਂ-ਗੁਰੂ ਗ੍ਰੰਥ ਜੀ ਮਾਨੀਏ ਪ੍ਰਗਟ ਗੁਰੂ ਕੀ ਦੇਹ’ ਵਾਕ ਨਿੱਤ ਪੜ੍ਹਕੇ ਗੁਰੂ ਸਾਹਿਬ ਦੀ ਮੌਜੂਦਗੀ ਵਿੱਚ ਚੋਰੀ ਜਾਰੀ ਨਿੰਦਾ ਗਾਲੀ ਆਦਿ ਪਾਪ ਕਰਮਾਂ ਨੂੰ ਨਹੀਂ ਤਯਾਗਦਾ, ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਤੁਕ ਦਾ ਪਾਠ ਕਰਕੇ ਨੀਚ ਨੀਚ ਆਖ ਕੇ ਲੋਕਾਂ ਨੂੰ ਧੱਕੇ ਮਾਰਦਾ ਹੈ, ‘ਸਭ ਕੋ ਮੀਤ ਹਮ ਆਪਨ ਕੀਨਾ’ ਪਾਠ ਪੜ੍ਹਦਾ ਹੋਯਾ ਧੜੇਬੰਦੀਆਂ ਰਚਕੇ ਫੁੱਟ ਦਾ ਬੀਜ ਬੀਜਦਾ ਹੈ, ਭਾਵ, ਇਹ ਹੈ ਕਿ ਜਿਸ ਦੀ ਆਪਣੇ ਧਰਮ ਦੇ ਉਪਦੇਸ਼ਾਂ ਤੇ ਸ਼ਰਧਾ ਨਹੀਂ, ਜੋ ਮੁਖੋਂ ਪੜ੍ਹਦਾ ਹੈ ਉਸਦੇ ਉਲਟ ਅਮਲ ਕਰਦਾ ਹੈ, ਉਹ ਨਾਸਤਿਕ ਹੈ।” (ਗੁਰੁਮਤ ਮਾਰਤੰਡ)




.