.

ਆਤਮਾ ਅਤੇ ਆਤਮਕ ਅਵਸਥਾ

(ਭਾਗ-੧)

ਪ੍ਰਿੰਸੀਪਲ ਗਿ: ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਗੁਰਬਾਣੀ ਨੂੰ ਗਹਿਰਾਈ ਤੋਂ ਸਮਝਣ ਦਾ ਯੱਤਣ ਕਰੀਏ ਤਾਂ ਸਪਸ਼ਟ ਹੁੰਦੇ ਦੇਰ ਨਹੀਂ ਲਗਦੀ ਕਿ ਇਸ ਸਬੰਧ ‘ਦ ਸਾਡੇ ਮਨੁੱਖਾ ਸਰੀਰ ਨਾਲ ਮੋਟੇ ਤੌਰ `ਤੇ ਤਿੰਨ ਵਿਸ਼ੇ ਸਬੰਧਤ ਹਨ। ਇਹ ਤਿੰਨ ਵਿਸ਼ੇ ਹਨ, ਪਹਿਲਾ ਸਾਡੇ ਸਰੀਰ ਅੰਦਰ ਕਰਤੇ ਦਾ ਨੂਰ ਅਥਵਾ ਆਤਮਾ। ਇਸ ਤੋਂ ਬਾਅਦ ਦੂਜਾ ਹੈ ਸਾਡੇ ਕੋਲ ਕਰਤੇ ਦੀ ‘ਮਨ’ ਵਾਲੀ ਦਾਤ ਜੋ ਜੀਵ ਨੂੰ ਕੇਵਲ ਮਨੁੱਖਾ ਜੂਨ ਸਮੇਂ ਹੀ ਮਿਲਦੀ ਹੈ ਤੇ ਉਹ ਵੀ ਮਨੁੱਖਾ ਜਨਮ ਦੇ ਮਨੋਰਥ ਨੂੰ ਸਫ਼ਲ ਕਰਣ ਲਈ ਭਾਵ ਪ੍ਰਭੂ ਮਿਲਾਪ ਦੇ ਸਾਧਨ ਵਜੋਂ। ਫ਼ਿਰ ਤੀਜਾ ਵਿਸ਼ਾ ਹੈ ਸਾਡੇ ਇਸ ਮਨੁੱਖਾ ਸਰੀਰ ਅੰਦਰ ‘ਸੁਰਤ’ ਅਥਵਾ ‘ਲਿਵ’ ਜਿਸਦੇ ਲਈ ਕਿਹਾ ਹੈ “ਮਾਟੀ ਅੰਧੀ ਸੁਰਤਿ ਸਮਾਈ”।

ਜਦਕਿ ਵਿਸ਼ੇ ਅਨੁਸਾਰ ਅੱਗੇ ਜਾ ਕੇ ਇਹ ਵੀ ਦੇਖਾਂਗੇ ਕਿ ਸਾਡੇ ਸਰੀਰ ਅੰਦਰ ਸਾਡੀ ‘ਸੁਰਤ’ ਦਾ ਹੀ ਵਿਕਸਤ ਰੂਪ ਹੁੰਦਾ ਹੈ ਸਾਡਾ ‘ਮਨ’। ਇਹ ‘ਮਨ’ ਸਾਡੇ ਵਿਚਾਰਾਂ-ਕਰਣੀਆਂ ਦਾ ਸਮੂਹ ਤੇ ਉਨ੍ਹਾਂ ਦਾ ਹੀ ਪ੍ਰਗਟਾਵਾ ਹੁੰਦਾ ਹੈ। ਇਸ ਦੇ ਨਾਲ, ਮਨੁੱਖਾ ਜੂਨ ਸਮੇਂ ਸਾਡੇ ਕੋਲ ਇਹ ਮਨ ਹੀ ਇਕੋ ਇੱਕ ਜ਼ਰੀਆ ਤੇ ਸਾਧਨ ਹੈ ਜੋ ਸਾਧਸੰਗਤ `ਚ ਜਾਣ ਤੇ ਗੁਰਬਾਣੀ ਗੁਰੂ ਦੀ ਕਮਾਈ ਰਾਹੀਂ, ਜੀਵਨ ਨੂੰ ਸਫ਼ਲ ਕਰ ਕੇ ਆਤਮਾ ਦੇ ਅਸਲੇ, ਕਰਤੇ ਪ੍ਰਭੂ `ਚ ਅਭੇਦ ਕਰਣ ਲਈ। ਇਸ ਤਰ੍ਹਾਂ ਇਸ ‘ਮਨ’ ਦਾ ਅਸਲ ਮੁਕਾਮ ਹੀ ਉਹੀ ਹੈ ਜਿੱਥੇ ਪੁੱਜ ਕੇ ‘ਮਨ’ ਦੀ ਪ੍ਰਭੂ ਤੋਂ ਵੱਖਰੀ ਹੋਂਦ ਵੀ ਖ਼ਤਮ ਹੋ ਜਾਂਦੀ ਹੈ।

ਫ਼ਿਰ ਸਾਡਾ ਇਹੀ ‘ਮਨ’ ਜਦੋਂ ਆਪਣਾ ਮੂਲ ਭਾਵ ਕਰਤੇ ਦੇ ਮਿਲਾਪ ਵਾਲਾ ਅਸਲ ਰਾਹ ਤਿਆਗ ਕੇ, ਆਪਣੀ ਹਉਮੈ ਕਾਰਣ ਸੰਸਾਰਕ ਰਸਾਂ ਕਸਾਂ `ਚ ਖਚਤ ਹੋ ਜਾਂਦਾ ਤਾਂ ਇਸ ਦੀ ਆਪਣੇ ਅਸਲੇ ਭਾਵ ਪ੍ਰਭੂ ਤੋਂ ਇੱਕ ਵੱਖਰੀ ਹੋਂਦ ਕਾਇਮ ਹੋ ਜਾਂਦੀ ਹੈ। ਇਸ ਰਾਹ `ਤੇ ਚਲਣ ਕਰਕੇ ਕੇਵਲ ਹਉਮੈ ਹੀ ਨਹੀਂ ਬਲਕਿ ਉਸੇ ਤੋਂ ਇਸ ਅੰਦਰ ਜਨਮ ਲੈ ਲੈਂਦੀ ਹੈ ਤ੍ਰਿਸ਼ਨਾ ਵੀ। ਫ਼ਿਰ ਇਸ ਹਉਮੈ ਤੇ ਤ੍ਰਿਸ਼ਨਾ ਰਸਤੇ ਹੀ ਇਸ ਮਨ `ਤੇ ਇੱਕ ਇੱਕ ਕਰਕੇ ਬਾਕੀ ਵਿਕਾਰ ਵੀ ਹਾਵੀ ਹੁੰਦੇ ਜਾਂਦੇ ਹਨ। ਇਸੇ ਤੋਂ ਮਨੁੱਖ ਦੀ ਕਰਤੇ ਤੋਂ ਵਿੱਥ ਬਣਦੀ ਤੇ ਪੱਕੀ ਹੁੰਦੀ ਜਾਂਦੀ ਹੈ। ਇਸ ਤਰ੍ਹਾਂ ਕੁਰਾਹੇ ਪੈ ਚੁੱਕੇ ‘ਮਨ’ ਦੀ ਵਿਚਾਰ ਤੇ ਕਰਣੀ ਵਾਲੀ ਤਾਕਤ ਹੀ ਜੀਵ ਲਈ ਕਰਮਾਂ ਤੇ ਸੰਸਕਾਰਾਂ ਦਾ ਜਾਲ ਬਣ ਜਾਂਦੀ ਹੈ। ਬੱਸ ਇਥੋਂ ਅਰੰਭ ਹੋ ਜਾਂਦਾ ਹੈ ਜੀਵ ਲਈ ਬਾਰ ਬਾਰ ਦੇ ਜਨਮ ਮਰਣ ਤੇ ਭਿੰਨ ਭਿੰਨ ਜੂਨਾਂ-ਗਰਭਾਂ ਵਾਲਾ ਗੇੜ੍ਹ।

ਜੀਵ ਦਾ ਇਹ ਜਨਮ ਮਰਣ, ਜੂਨਾਂ ਤੇ ਭਿੰਨ ਭਿੰਨ ਗਰਭਾਂ ਵਾਲਾ ਚੱਕਰ ਫ਼ਿਰ ਉਦੋਂ ਤੱਕ ਚਲਦਾ ਹੈ ਜਦੋਂ ਤੱਕ ਜੀਵ, ਫ਼ਿਰ ਤੋਂ ਕਰਤੇ ਵੱਲੋਂ ਪ੍ਰਾਪਤ ਕਿਸੇ ਮਨੁੱਖਾ ਜੂਨ ਸਮੇਂ, ਗੁਰੂ-ਗੁਰਬਾਣੀ ਦੀ ਕਮਾਈ ਕਰਕੇ ਜੀਵਨ ਨੂੰ ਸਫ਼ਲ ਹੀ ਨਹੀਂ ਕਰ ਲੈਂਦਾ। ਭਾਵ ਜਦੋਂ ਤੱਕ ਜੀਵ ਦੀ ‘ਮਨ’ ਦੇ ਰੂਪ `ਚ ਕਰਮਾਂ- ਸੰਸਕਾਰਾਂ ਵਾਲੀ ਬਣੀ ਹੋਈ ਪ੍ਰਭੂ ਤੋਂ ਅੱਡਰੀ ਹੋਂਦ ਹੀ ਨਹੀਂ ਮੁੱਕ ਜਾਂਦੀ।

ਜਦਕਿ ਗੁਰਬਾਣੀ ਅਨੁਸਾਰ ਇਸ ਸਫ਼ਲਤਾ ਭਾਵ ਮਨ ਦੀ ਪ੍ਰਭੂ ਤੋਂ ਬਣੀ ਹੋਈ ਅੱਡਰੀ ਹੋਂਦ ਮੁੱਕਦੀ ਵੀ ਹੈ ਤਾਂ ਕੇਵਲ ਫ਼ਿਰ ਤੋਂ ਕਿਸੇ ਮਨੁੱਖਾ ਜੂਨ `ਚ। ਬਾਕੀ ਅਰਬਾਂ-ਖਰਬਾਂ ਜੂਨਾ `ਚੋਂ ਕਿਸੇ ਵੀ ਜੂਨ ਸਮੇਂ ਅਜਿਹਾ ਸੰਭਵ ਨਹੀਂ। ਇਸ ਲਈ ਗੁਰਬਾਣੀ `ਚ ਜੀਵ ਲਈ ਮਨੁੱਖਾ ਜੂਨ ਦੀ ਪ੍ਰਾਪਤੀ ਵਾਸਤੇ ਦੁਰਲਭ, ਅਮੁਲਾ ਤੇ ‘ਗੋਬਿੰਦ ਮਿਲਣ ਦੀ ਬਰੀਆ’ ਆਦਿ ਲਫ਼ਜ਼ ਵੀ ਆਏ ਹਨ।

ਉਂਜ ਤਾਂ ਕਰਤੇ ਦਾ ਨੂਰ ਹਰੇਕ ਜੀਵ ਸ਼੍ਰੇਣੀ ਲਈ ਉਸ ਦੇ ਜੀਵਨ ਦੀ ਜ਼ਿੰਦਗੀ ਹੈ ਪਰ ਮਨੁੱਖਾ ਜੂਨ ਸਮੇਂ ਇਸ ਕੋਲ ‘ਮਨ’ ਵਾਲਾ ਵਾਧਾ ਵੀ ਹੁੰਦਾ ਹੈ। ਉਪ੍ਰੰਤ ਇਹ ‘ਮਨ’ ਜੋ ਕਿ ਵਿਚਾਰਾਂ-ਕਰਣੀਆਂ ਦਾ ਸਮੂਹ ਹੁੰਦਾ ਹੈ ਇਸੇ ਕਾਰਣ ਇਸ `ਚ ਬਣਦੇ ਹਨ, ਮਨੁੱਖ ਲਈ ਕਰਮ ਤੇ ਸੰਸਕਾਰ। ਚੂੰਕਿ ‘ਮਨ’ ਵਾਲੀ ਦਾਤ ਹੈ ਹੀ ਮਨੁੱਖ ਕੋਲ। ਫ਼ਿਰ ਇਸੇ ਮਨ ਤੋਂ ਮਨੁੱਖ ਦੇ ਜੀਵਨ ਅੰਦਰ ਬਣਦੀ ਤੇ ਤਿਆਰ ਹੁੰਦੀ ਹੈ ਮਨੁੱਖ ਦੇ ਜੀਵਨ `ਚ ਇਸ ਦੀ ਭਿੰਨ ਭਿੰਨ ਆਤਮਕ ਅਵਸਥਾ ਜਿਵੇਂ ਆਤਮਕ ਜੀਵਨ, ਆਤਮਕ ਮੌਤ ਆਦਿ।

“ਤਰਵਰੁ ਕਾਇਆ ਪੰਖਿ ਮਨੁ” - ਇਹੀ ਕਾਰਣ ਹੈ, ਗੁਰਬਾਣੀ ਅਨੁਸਾਰ ਮਨੁੱਖਾ ਜਨਮ ਦਾ ਮਕਸਦ ਹੀ ਗੁਰਬਾਣੀ ਆਸ਼ੇ ਅਨੁਸਾਰ ਜੀਊਂਦੇ ਜੀਅ ਆਤਮਕ ਜਾਗ੍ਰਿਤੀ ਭਾਵ ਜੀਊਂਦੇ ਜੀਅ ਆਤਮਕ ਤੌਰ `ਤੇ ਪ੍ਰਭੂ `ਚ ਅਭੇਦ ਹੋਣਾ ਹੈ। ਇਸੇ ਲਈ ਮਨੁੱਖਾ ਜੀਵਨ ਦਾ ਮਹੱਤਵ ਹੀ ਜੀਊਂਦੇ ਜੀਅ ਆਤਮਕ ਤੌਰ `ਤੇ ਪ੍ਰਭੂ `ਚ ਅਭੇਦ ਹੋਣਾ ਹੀ ਹੈ। ਦੂਜੇ ਪਾਸੇ, ਗੁਰਬਾਣੀ `ਚ ਹੀ ਆਤਮਕ ਤੌਰ ਤੇ ਮੁਰਦਾ ਜੀਵਨ ਨੂੰ ਹੀ ਅਸਫ਼ਲ ਤੇ ਬਿਰਥਾ ਜਨਮ ਆਦਿ ਵੀ ਕਿਹਾ ਹੈ। ਉਪ੍ਰੰਤ ਵਿਸ਼ੇ ਨੂੰ ਹੋਰ ਸਮਝਣ ਲਈ ਰਾਮਕਲੀ ਰਾਗ `ਚ ਪਹਿਲੇ ਪਾਤ: ਦੀ ਰਚਨਾ ਬਾਣੀ “ਓਅੰਕਾਰ” ਚੋਂ ਇੱਕ ਬੰਦ ਵੀ ਲੈਣਾ ਚਾਹਾਂਗੇ। ਇਹ ਬੰਦ ਹੈ:-

“ਤਰਵਰੁ ਕਾਇਆ ਪੰਖਿ ਮਨੁ ਤਰਵਰਿ ਪੰਖੀ ਪੰਚ॥ ਤਤੁ ਚੁਗਹਿ ਮਿਲਿ ਏਕਸੇ ਤਿਨ ਕਉ ਫਾਸ ਨ ਰੰਚ॥ ਉਡਹਿ ਤ ਬੇਗੁਲ ਬੇਗੁਲੇ ਤਾਕਹਿ ਚੋਗ ਘਣੀ॥ ਪੰਖ ਤੁਟੇ ਫਾਹੀ ਪੜੀ ਅਵਗੁਣਿ ਭੀੜ ਬਣੀ॥ ਬਿਨੁ ਸਾਚੇ ਕਿਉ ਛੂਟੀਐ ਹਰਿ ਗੁਣ ਕਰਮਿ ਮਣੀ॥ ਆਪਿ ਛਡਾਏ ਛੂਟੀਐ ਵਡਾ ਆਪਿ ਧਣੀ॥ ਗੁਰ ਪਰਸਾਦੀ ਛੂਟੀਐ ਕਿਰਪਾ ਆਪਿ ਕਰੇਇ॥ ਅਪਣੈ ਹਾਥਿ ਵਡਾਈਆ ਜੈ ਭਾਵੈ ਤੈ ਦੇਇ” (ਪ: ੯੩੪) ਇਸ ਦੇ ਅਰਥਾਂ ਵੱਲ ਵਧਣ ਤੋਂ ਪਹਿਲਾਂ, ਇਨ੍ਹਾਂ ਅਰਥਾਂ ਵਿਚਲਾਰ ਲਫ਼ਜ਼ ‘ਮਨ’ ਵਿਸ਼ੇਸ਼ ਧਿਆਨ ਮੰਗਦਾ ਹੈ। ਕਿਉਂਕਿ ਇਸ ਬੰਦ ਦੇ ਸਾਰੇ ਅਰਥ ‘ਮਨ’ ਵਾਲੇ ਵਿਸ਼ੇ ਨਾਲ ਹੀ ਸਬੰਧਤ ਹਨ।

ਉਪ੍ਰੰਤ ਬੰਦ ਦੇ ਅਰਥ ਇਸ ਪ੍ਰਕਾਰ ਹਨ- “ਮਨੁੱਖਾ) ਸਰੀਰ (ਇਕ) ਰੁੱਖ (ਸਮਾਨ) ਹੈ, (ਇਸ) ਰੁੱਖ ਉਤੇ ਮਨ ਪੰਛੀ ਦੇ ਪੰਜ (ਗਿਆਨ ਇੰਦ੍ਰੇ) ਪੰਛੀ (ਬੈਠੇ) ਹੋਏ ਹਨ। (ਜਿਨ੍ਹਾਂ ਮਨੁੱਖਾਂ ਦੇ ਇਹ ਪੰਛੀ) ਇੱਕ ਪ੍ਰਭੂ ਨਾਲ ਮਿਲ ਕੇ ‘ਨਾਮ’ -ਰੂਪ ਫਲ ਖਾਂਦੇ ਹਨ, ਉਹਨਾਂ ਨੂੰ ਰਤਾ ਭੀ (ਮਾਇਆ ਦੀ) ਫਾਹੀ ਨਹੀਂ ਪੈਂਦੀ। (ਪਰ ਜੋ) ਕਾਹਲੀ ਕਾਹਲੀ ਉੱਡਦੇ ਹਨ ਤੇ ਬਹੁਤੇ ਚੋਗੇ (ਭਾਵ, ਬਹੁਤੇ ਪਦਾਰਥ) ਤੱਕਦੇ ਫਿਰਦੇ ਹਨ, (ਉਹਨਾਂ ਦੇ) ਖੰਭ ਟੁੱਟ ਜਾਂਦੇ ਹਨ, (ਉਹਨਾਂ ਨੂੰ ਮਾਇਆ ਦੀ) ਫਾਹੀ ਆ ਪੈਂਦੀ ਹੈ ਤੇ (ਘਣੀ ਚੋਗ ਵਲ ਤੱਕਣ ਦੇ) ਔਗੁਣ ਬਦਲੇ ਉਹਨਾਂ ਉਤੇ ਇਹ ਬਿਪਤਾ ਆ ਬਣਦੀ ਹੈ।

(ਇਸ ਭੀੜਾ ਤੋਂ) ਪ੍ਰਭੂ (ਦੇ ਗੁਣ ਗਾਵਣ) ਤੋਂ ਬਿਨਾ ਬਚ ਨਹੀਂ ਸਕੀਦਾ, ਤੇ, ਪ੍ਰਭੂ ਦੇ ਗੁਣਾਂ ਦਾ ਮੱਥੇ ਉਤੇ ਲੇਖ (ਪ੍ਰਭੂ ਦੀ) ਬਖ਼ਸ਼ਸ਼ ਨਾਲ ਹੀ (ਲਿਖਿਆ ਜਾ ਸਕਦਾ) ਹੈ। ਉਹ ਆਪ (ਸਭ ਤੋਂ) ਵੱਡਾ ਮਾਲਕ ਹੈ; ਆਪ ਹੀ (ਮਾਇਆ ਦੀ ਫਾਹੀ ਤੋਂ) ਬਚਾਏ ਤਾਂ ਬਚ ਸਕੀਦਾ ਹੈ। ਜੇ (ਗੋਪਾਲ) ਆਪ ਮੇਹਰ ਕਰੇ ਤਾਂ ਸਤਿਗੁਰੂ ਦੀ ਕਿਰਪਾ ਨਾਲ (ਇਸ ਫਾਹੀ ਤੋਂ) ਨਿਕਲ ਸਕੀਦਾ ਹੈ। (ਗੁਣ ਗਾਵਣ ਦੀਆਂ) ਇਹ ਬਖ਼ਸ਼ਸ਼ਾਂ ਉਸ ਦੇ ਆਪਣੇ ਹੱਥ ਵਿੱਚ ਹਨ, ਉਸੇ ਨੂੰ ਹੀ ਦੇਂਦਾ ਹੈ ਜੋ ਉਸ ਨੂੰ ਭਾਉਂਦਾ ਹੈ। (ਪ੍ਰੋ: ਸਾਹਿਬ ਸਿੰਘ ਜੀ)

ਮੌਤ ਰੱਬ ਦੇ ਹੱਥ `ਚ-ਹਸਪਤਾਲ ਹੋਵੇ ਜਾਂ ਨਰਸਿੰਗ ਹੋਮ-ਡਾਕਟਰ ਸਿਰ `ਤੇ ਖੜੇ ਹਨ, ਫ਼ਿਰ ਵੀ ਅਨੇਕਾਂ ਕੇਸ ਅਜਿਹੇ ਹੁੰਦੇ ਹਨ, ਡਾਕਟਰਾਂ ਦੇ ਹਿਸਾਬ ਨਾਲ ਤਾਂ ਮਰੀਜ਼ ਬਿਲਕੁਲ ਠੀਕ ਹੋ ਰਿਹਾ ਹੈ ਪਰ ਅਚਾਨਕ ਸੁਆਸਾਂ ਦੀ ਲੜੀ ਟੁੱਟ ਜਾਂਦੀ ਹੈ। ਇਸ ਦੇ ਉਲਟ ਅਜਿਹੇ ਮਰੀਜ਼ ਵੀ ਹੁੰਦੇ ਹਨ ਜਿਹੜੇ ਮਰਨ ਕੰਡੇ ਹੁੰਦੇ ਹਨ। ਡਾਕਟਰਾਂ ਦੇ ਹਿਸਾਬ, ਉਨ੍ਹਾਂ ਦੇ ਬਚਣ ਦੀ ਉੱਕਾ ਉਮੀਦ ਨਹੀਂ ਹੁੰਦੀ, ਫਿਰ ਵੀ ਠੀਕ ਠਾਕ ਘਰ ਪਰਤ ਆਉਂਦੇ ਹਨ। ਉਹ ਮਰੀਜ਼ ਵੀ ਹੁੰਦੇ ਹਨ, ਜਿਨ੍ਹਾਂ ਨੂੰ ਡਾਕਟਰ ਠੀਕ ਦੱਸ ਕੇ ਹਸਪਤਾਲ ਤੋਂ ਛੁੱਟੀ ਦੇ ਦਿੰਦਾ ਹੈ ਪਰ ਘਰ ਆਉਂਦੇ ਮੌਤ ਹੋ ਜਾਂਦੀ ਹੈ। ਆਖ਼ਿਰ, ਇਸ ਸਾਰੇ ਦਾ ਕਾਰਨ ਕੀ ਹੈ? ਕਾਰਨ ਹੈ ਕਿ ਮਨੁੱਖਾ ਜੀਵਨ ਦਾ ਮੂਲ, ਸਾਡੇ ਸਰੀਰ ਅੰਦਰ ਪ੍ਰਭੂ ਦਾ ਨੂਰ ਭਾਵ ਆਤਮਾ ਦਾ ਵਾਸਾ ਹੈ। ਸਾਡਾ ਸਰੀਰ ਕੇਵਲ ਸੁਆਸਾਂ ਦਾ ਵਿਸ਼ਾ ਨਹੀਂ। ਮਾਤਾ ਦੇ ਗਰਭ `ਚ ਵੀ ਜਦੋਂ ਸਾਡਾ ਸਰੀਰ ਬਣਨਾ ਸ਼ੁਰੂ ਹੁੰਦਾ ਹੈ ਤਾਂ ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ” (ਪੰ: 277) ਕੁੱਝ ਸਮਾਂ ਸੁਆਸਾਂ ਤੇ ਦਿਮਾਗੀ ਕਿਰਿਆ ਤੋਂ ਬਿਨਾ ਹੀ ਇਸ `ਚ ਵਾਧਾ ਹੁੰਦਾ ਹੈ। ਇਹੀ ਕਾਰਨ ਹੈ, ਜਦੋਂ ਪ੍ਰਭੂ ਦਾ ਇਹੀ ਨੂਰ, ਸਰੀਰ ਤੋਂ ਅੱਡ ਹੋ ਜਾਂਦਾ ਹੈ ਤਾਂ ਫ਼ਿਰ ਪਹਿਲਾਂ ਸੁਆਸਾਂ ਦੀ ਲੜੀ ਟੁੱਟੇ ਜਾਂ ਦਿਮਾਗੀ ਕਿਰਿਆ ਬੰਦ ਹੋਵੇ, ਇਸੇ ਦਾ ਨਾਂ ਹੀ ਮਨੁੱਖ ਦੀ ਮੌਤ ਹੋਣਾ ਹੈ। ਮਤਲਬ, ਸਾਡੀ ਜ਼ਿੰਦਗੀ, ਸਾਡੇ ਅੰਦਰ ਵੱਸ ਰਹੇ ਪ੍ਰਭੂ ਦੇ ਨੂਰ `ਤੇ ਆਧਾਰਤ ਹੈ, ਸੁਆਸਾਂ ਜਾਂ ਦਿਮਾਗ਼ੀ ਕਿਇਆ `ਤੇ ਨਹੀਂ।

ਸਰੀਰਾਂ `ਚ ਆਤਮਾ ਦੀ ਹੋਂਦ-ਮੈਡੀਕਲ ਸਾਇੰਸ ਦੀ ਸਾਰੀ ਦੌੜ, ਪ੍ਰਭੂ ਦੀ ਬਣਾਈ ਹੋਈ ਕੇਵਲ ਇਸ ਰਚਨਾ `ਚੋਂ ਹੀ ਹੈ, ਇਸਦੀ ਪਹੁੰਚ ਇਸ ਨੂੰ ਬਨਾਉਣ ਵਾਲੇ ਤੱਕ ਨਹੀਂ। ਮੈਡੀਕਲ ਸਾਇੰਸ ਤਾਂ ਅਜੇ ਇਸੇ ਗੁੰਝਲ `ਚ ਫ਼ਸੀ ਹੈ ਕਿ ‘ਪਹਿਲਾਂ ਦਿਲ ਦੀ ਹਰਕਤ ਬੰਦ ਹੁੰਦੀ ਹੈ ਜਾਂ ਦਿਮਾਗ਼ ਦੀ’। ਚੂੰਕਿ ਇਹ ਨਿਰਣਾ ਵੀ ਸਰੀਰ ਦੀ ਸੀਮਾਂ `ਚ ਹੈ, ਇਸ ਲਈ ਅੱਜ ਨਹੀਂ ਤਾਂ ਕਲ੍ਹ, ਹੋ ਸਕਦਾ ਕਿ ਇਹ ਵੀ ਪਤਾ ਲਗ ਜਾਵੇ। ਇਸ ਲਈ ਅਸਲ ਵਿਸ਼ਾ ਕੁੱਝ ਹੋਰ ਹੈ ਤੇ ਉਹ ਵਿਸ਼ਾ ਹੈ ਕਿ ਸਾਡਾ ਸਰੀਰ ਨਾ ਡਾਕਟਰ ਨੇ ਘੜਿਆ ਹੈ ਤੇ ਨਾ ਸਾਨੂੰ ਜਨਮ ਦੇਣ ਵਾਲੇ ਸਾਡੇ ਮਾਤਾ-ਪਿਤਾ ਨੇ। ਇਸ ਸਰੀਰ ਨੂੰ ਘੜਣ ਵਾਲੀ ਸ਼ਕਤੀ ਕੋਈ ਹੋਰ ਹੈ। ਉਹ ਸ਼ਕਤੀ ਜੋ ਸਦੀਵੀ ਹੈ, ਜੰਮਦੀ-ਮਰਦੀ ਨਹੀਂ ਤੇ ਉਸ `ਤੇ ਸਮੇਂ ਦਾ ਪ੍ਰਭਾਵ ਵੀ ਨਹੀਂ ਹੁੰਦਾ। ਫ਼ਿਰ ਉਹ ਸ਼ਕਤੀ ਕੇਵਲ ਸਾਡੇ ਸਰੀਰ `ਚ ਹੀ ਨਹੀਂ ਬਲਕਿ ਇਸ ਬੇਅੰਤ ਰਚਨਾ `ਚ ਵੀ ਮੂਲ ਰੂਪ `ਚ ਜੀਵਨ ਸੱਤਾ ਉਸੇ ਪ੍ਰਭੂ ਦੀ ਹੈ। ਉਹ ਪ੍ਰਭੂ ਜੋ ਰਚਨਾ ਦੇ ਜ਼ਰੇ ਜ਼ਰੇ `ਚ ਵਿਆਪਕ ਹੈ ਤੇ ਰਚਨਾ ਉਸੇ ਦੇ ਹੁਕਮ ਚ ਬੱਝੀ ਹੋਈ ਹੈ। ਉਸੇ ਲਈ ਫ਼ੁਰਮਾਨ ਵੀ ਹੈ “ਆਪਹਿ ਏਕੁ, ਆਪਿ ਬਿਸਥਾਰੁ” (ਪੰ: ੨੯੨)।

“ਹਰਿ, ਜੀਉ ਗੁਫਾ ਅੰਦਰਿ ਰਖਿ ਕੈ” - ਸਮਝਣ ਦਾ ਵਿਸ਼ਾ ਹੈ ਕਿ ਕੇਵਲ ਮਨੁੱਖ ਹੀ ਨਹੀਂ ਬਲਕਿ ਸਾਰੀ ਰਚਨਾ ਹੀ “ਤਿਸੁ ਭਾਵੈ ਤਾ ਕਰੇ ਬਿਸਥਾਰੁ॥ ਤਿਸੁ ਭਾਵੈ ਤਾ ਏਕੰਕਾਰੁ” (ਪੰ: ੨੯੪) ਵਾਲੇ ਰੱਬੀ ਸੱਚ `ਤੇ ਖੜੀ ਹੈ। ਫ਼ਿਰ ਇਹੀ ਨਹੀਂ “ਜੀਉ ਪਿੰਡੁ ਸਭ ਤਿਸ ਕੀ ਰਾਸਿ॥ ਘਟਿ ਘਟਿ ਪੂਰਨ ਬ੍ਰਹਮ ਪ੍ਰਗਾਸ” (ਪੰ: ੨੭੭) ਭਾਵ ਸਾਡਾ ਸਰੀਰ ਤੇ ਇਸ ਅੰਦਰ “ਸਰਬ ਜੋਤਿ ਮਹਿ ਜਾਕੀ ਜੋਤਿ॥ ਧਾਰਿ ਰਹਿਓ ਸੁਆਮੀ ਓਤਿ ਪੋਤਿ” (ਪੰ: 294) ਵਾਲਾ ਨਿਯਮ ਹੀ ਕੰਮ ਕਰ ਰਿਹਾ ਹੈ ਤੇ ਇਸ ਵਿਸ਼ੇ `ਤੇ ਬੇਅੰਤ ਗੁਰਬਾਣੀ ਫ਼ੁਰਮਾਨ ਮੌਜੂਦ ਹਨ। ਬਲਕਿ ਇਸ ਸਰੀਰ ਲਈ ਵੀ “ਹਰਿ, ਜੀਉ ਗੁਫਾ ਅੰਦਰਿ ਰਖਿ ਕੈ, ਵਾਜਾ ਪਵਣੁ ਵਜਾਇਆ॥ ਵਜਾਇਆ ਵਾਜਾ ਪਉਣ, ਨਉ ਦੁਆਰੇ ਪਰਗਟੁ ਕੀਏ, ਦਸਵਾ ਗੁਪਤੁ ਰਖਾਇਆ” (ਪੰ: ੯੨੨)। ਇਸ ਲਈ ਮਨੁੱਖ ਸਮੇਤ ਇਹ ਬੇਅੰਤ ਰਚਨਾ ਕਰਤੇ ਦੀ ਕੇਵਲ ਖੇਡ ਮਾਤ੍ਰ ਹੈ। ਸਾਡੇ ਮਾਤਾ-ਪਿਤਾ ਨੂੰ ਵੀ ਪ੍ਰਭੂ ਨੇ ਕੇਵਲ ਸਾਧਨ ਬਣਾਇਆ, ਜਿਸ ਤੋਂ ਅਸੀਂ ਸੰਸਾਰ `ਚ ਆਏ। ਦਰ ਅਸਲ ਇਹ ਜੀਵਨ ਸੱਤਾ ਜੋ ਸਾਡੇ ਸਰੀਰ ਅੰਦਰ ਹੈ, ਅਕਾਲਪੁਰਖ ਦਾ ਹੀ ਨੂਰ ਹੈ। ਇਸ ਲਈ ਸਮਝਣਾ ਹੈ ਕਿ ਸਾਡੇ ਦਿਲ ਜਾਂ ਦਿਮਾਗ਼ ਦੀ ਹਰਕਤ ਬੰਦ ਹੋਣ ਨਾਲ ਸਾਡੀ ਮੌਤ ਨਹੀਂ ਹੁੰਦੀ, ਬਲਕਿ ਪ੍ਰਭੂ ਦਾ ਅੰਸ਼ ਅੱਡ ਹੁੰਦੇ ਹੀ ਸਾਡੀ ਮੌਤ ਹੋ ਜਾਂਦੀ ਹੈ, ਫ਼ਿਰ ਚਾਹੇ ਦਿਲ ਦੀ ਹਰਕਤ ਬੰਦ ਹੋਵੇ ਜਾਂ ਦਿਮਾਗ਼ ਦੀ। ਜਦੋਂ ਤੱਕ ਆਤਮਾ ਸਾਡੇ ਅੰਦਰ ਹੈ, ਮਨੁੱਖ ਭਾਵੇਂ ਕੌਮੇ `ਚ ਪਿਆ ਰਵੇ ਪਰ ਉਦੋ ਤੱਕ ਇਸਦੀ ਮੌਤ ਨਹੀਂ ਹੁੰਦੀ। ਦੂਜਾ ਸਾਡੇ ਅੰਦਰ ਆਤਮਾ ਅਥਵਾ ‘ਕਰਤੇ ਦਾ ਅੰਸ਼’ ਚੂੰਕਿ ਰੂਪ, ਰੇਖ, ਰੰਗ ਤੋਂ ਨਿਆਰਾ ਹੈ ਇਸ ਲਈ ਇਹ ਸੰਸਾਰਕ ਕੈਮਰਆਂ ਤੇ ਮੈਡੀਕਲ ਸਾਇੰਸ ਦੀ ਪਹੁੰਚ `ਚ ਵੀ ਨਹੀਂ ਆ ਸਕਦੀ।

ਮਨ ਤੂੰ ਜੋਤਿ ਸਰੂਪੁ ਹੈ -ਜਦੋਂ ਸਾਡੇ ਇਸ ਗੁਰਮੱਤ ਪਾਠ ਦਾ ਸਿਰਲੇਖ ਹੀ “ਆਤਮਾ ਅਤੇ ਆਤਮਕ ਅਵਸਥਾ” ਭਾਵ ਸਾਡੇ ਅੰਦਰ ਕਰਤੇ ਦਾ ਨੂਰ ਤੇ ਮਨ ਦੇ ਆਪਸੀ ਮਿਲਾਪ ਨਾਲ ਸਬੰਧਤ ਹੈ। ਇਸ ਲਈ ਵਿਸ਼ੇ ਵੱਲ ਵਧਣ ਤੋਂ ਪਹਿਲਾਂ ਇਹ ਦੇਖਣਾ ਵੀ ਜ਼ਰੂਰੀ ਹੈ ਕਿ ਸਾਡੇ ਸਰੀਰ ਅੰਦਰ ਸਾਡੇ ‘ਮਨ’ ਦਾ ਕੀ ਸਥਾਨ ਹੈ? ਸਾਡਾ ਉਹ ਮਨ ਜਿਸ ਮਨ ਦੇ ਲਈ ਬਾਣੀ `ਚ ਇਥੋਂ ਤੱਕ ਫ਼ੁਰਮਾਇਆ ਹੈ “ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ” (ਪੰ: ੩੩੦) ਬਲਕਿ ਇਥੋਂ ਤੱਕ ਕਿ “ਇਸੁ ਮਨ ਕਉ ਨਹੀ ਆਵਨ ਜਾਨਾ॥ ਜਿਸ ਕਾ ਭਰਮੁ ਗਇਆ, ਤਿਨਿ ਸਾਚੁ ਪਛਾਨਾ॥ ੬॥ ਇਸੁ ਮਨ ਕਉ ਰੂਪੁ ਨ ਰੇਖਿਆ ਕਾਈ॥ ਹੁਕਮੇ ਹੋਇਆ, ਹੁਕਮੁ ਬੂਝਿ ਸਮਾਈ” (ਪੰ: ੩੩੦) ਉਂਜ ਵੀ ਸੰਪੂਰਣ ਗੁਰਬਾਣੀ `ਚ ‘ਆਤਮਾ’ ਭਾਵ ਕਰਤੇ ਦੇ ‘ਅੰਸ਼’ ਤੋਂ ਬਾਅਦ, ‘ਆਦਿ ਤੋਂ ਅੰਤ ਤੱਕ’ ਜੋ ਮੁੱਖ ਵਿਸ਼ਾ ਹੈ, ਉਹ ਇਹ ‘ਮਨ’ ਹੀ ਹੈ। ਦੂਜਾ, ਕਰਤੇ ਦੀਆਂ ਅਰਬਾਂ-ਖਰਬਾਂ ਜੂਨੀਆਂ `ਚੋਂ, ਗੁਰਮੱਤ ਅਨੁਸਾਰ ਜੀਵ ਨੂੰ ‘ਮਨ’ ਵਾਲੀ ਦਾਤ ਵੀ ਮਿਲਦੀ ਹੈ ਤਾਂ ਕੇਵਲ ਮਨੁੱਖਾ ਜੂਨ ਸਮੇਂ। ਜਦਕਿ ਬਾਕੀ ਜੂਨਾਂ ਦੀ ਸੀਮਾਂ ਕੇਵਲ ‘ਮਤ’ ਤੱਕ ਹੀ ਸੀਮਤ ਹਿ ਜਾਂਦੀ ਹੈ, ਮਨ ਤੱਕ ਨਹੀਂ ਪਹੁੰਚਦੀ ਜਦਕਿ ਇਸ ਬਾਰੇ ਵੀ ਕੁੱਝ ਵਿਚਾਰ ਅੱਗੇ ਜਾ ਕੇ ਕਰਾਂਗੇ। ਦਰਅਸਲ ਮਨੁੱਖਾ ਜਨਮ ਸਮੇਂ ਜੀਵ ਨੂੰ ‘ਮਨ’ ਵਾਲੀ ਦਾਤ ਮਿਲਦੀ ਹੀ ਇਸ ਲਈ ਹੈ ਕਿ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ” (ਪੰ: 441) ਭਾਵ ਐ ਮਨ! ਤੇਰਾ ਅਸਲ ਟਿਕਾਣਾ, ਪ੍ਰਭੂ `ਚ ਅਭੇਦ ਹੋਣਾ ਹੈ। ਉਹ ਪ੍ਰਭੂ ਤਾਂ ਤੇਰੇ ਅੰਦਰ ਵੱਸਦਾ ਹੈ ਇਸ ਲਈ ਤੂੰ ਗੁਰੂ-ਗੁਰਬਾਣੀ ਤੋਂ ਮੱਤ ਲੈ ਤੇ ਆਪਣੀ ਸਚਾਈ ਦੀ ਪਛਾਣ ਕਰ। ਇਸ ਤਰ੍ਹਾਂ ਤੂੰ ਜੀਵਨ ਦੇ ਸਦੀਵੀ ਅਨੰਦ ਨੂੰ ਮਾਨ ਤੇ ਜੀਉਂਦੇ ਜੀਅ ਪ੍ਰਭੂ `ਚ ਸਮਾ ਜਾ, ਪ੍ਰਭੂ `ਚ ਅਭੇਦ ਹੋ ਜਾ, ਜੀਵਨਮੁਕਤ ਹੋ ਜਾ।

ਮਨ, ਸੰਸਕਾਰਾਂ ਦਾ ਸਮੂਹ-ਇਸੇ ਤਰ੍ਹਾਂ ਗੁਰਮੱਤ ਅਨੁਸਾਰ ਸਾਡੇ ਸਰੀਰ ਅੰਦਰ ਆਤਮਾ ਤੋਂ ਬਅਦਾ ਜੋ ਦੂਜੀ ਚੀਜ਼ ਹੈ ਉਹ ਹੈ ਸਾਡਾ ‘ਮਨ’। ਆਤਮਾ ਦੀ ਤਰ੍ਹਾਂ ਸਾਡਾ ‘ਮਨ’ ਵੀ ਸਥੂਲ ਚੀਜ਼ ਨਹੀਂ, ਬਲਕਿ ਇਹ ਕੇਵਲ ਸਾਡੇ ਕਰਮਾਂ ਸੰਸਕਾਰਾਂ ਦਾ ਸਮੂਹ ਹੀ ਹੁੰਦਾ ਹੈ। ਹੋਰ ਤਾਂ ਹੋਰ, ਮਨ ਦੇ ਰੂਪ `ਚ ਮਨੁੱਖ ਦੇ ਪਿਛਲੇ ਸੰਸਕਾਰ ਵੀ, ਜਨਮ ਤੋਂ, ਇਸ ਦੇ ਨਾਲ ਆਉਂਦੇ ਹਨ। ਅਸਲ `ਚ ਮਨੁੱਖ ਨੂੰ ਜਦੋਂ ਆਪਣੇ ਅੰਦਰ ਵੱਸਦੇ ਪ੍ਰਭੂ ਦੀ ਪਛਾਣ ਨਹੀਂ ਹੁੰਦੀ ਤਾਂ ਬਾਹਰ ਦੇ ਮਾਇਕ ਪ੍ਰਭਾਵਾਂ ਤੋਂ ਉਸਦਾ ਇਹ ‘ਮਨ’ ਜੋ ਮੂਲ ਰੂਪ `ਚ “ਮਨ ਤੂੰ ਜੋਤਿ ਸਰੂਪੁ ਹੈ” ਪ੍ਰਭੂ ਤੋਂ ਆਪਣੀ ਅੱਡਰੀ ਹੋਂਦ ਬਣਾ ਲੈਂਦਾ ਹੈ। ਇਸੇ ਤੋਂ ਸ਼ੁਰੂ ਹੁੰਦਾ ਹੈ ਮਨੁੱਖ ਲਈ ਕਰਮਾਂ-ਸੰਸਕਾਰਾਂ ਦਾ ਜਾਲ ਤੇ ਫ਼ਿਰ ਤੋਂ ਜਨਮਾਂ, ਜੂਨਾਂ ਵਾਲਾ ਗੇੜ।

ਜਦਕਿ ਮਨੁੱਖਾ ਜਨਮ ਸਮੇਂ ਗੁਰਬਾਣੀ-ਗੁਰੂ ਦੀ ਆਗਿਆ `ਚ ਜੀਵਨ ਦੀ ਕਮਾਈ ਕਰਕੇ, ਜੇਕਰ ਆਤਮਕ ਅਵਸਥਾ ਦੀ ਸੰਭਾਲ ਕੀਤੀ ਹੋਵੇ ਤਾਂ ਇਸ ‘ਮਨ’ ਅੰਦਰੋਂ ਹਉਮੈ ਦਾ ਵਿਨਾਸ ਹੋ ਜਾਂਦਾ ਹੈ। ਮਨੁੱਖ ਦੇ ਕਰਮ, ਆਪਣੇ ਰਹਿੰਦੇ ਹੀ ਨਹੀਂ ਤੇ ਨਾ ਹੀ ‘ਮਨ’ ਦਾ ਪ੍ਰਭੂ ਤੋਂ ਅੱਡਰਾ ਵਜੂਦ। ਮਨੁੱਖ ਜੀਊਦੇ ਜੀਅ ਪ੍ਰਭੂ `ਚ ਅਭੇਦ ਹੋ ਜਾਂਦਾ ਹੈ। ਫ਼ਿਰ ਵੀ ਕੁੱਝ ਲੋਕ ‘ਮਨ’ ਨੂੰ ‘ਸੂਖਮ ਸਰੀਰ’ ਕਹਿੰਦੇ, ਪ੍ਰਚਾਰਦੇ ਸੁਣੇ ਜਾਂਦੇ ਹਨ। ਜਦਕਿ ਉਹ ਨਿਰੋਲ ਬ੍ਰਾਹਮਣੀ ਵਿਸ਼ਵਾਸ ਹੈ ਜਿਸ `ਤੇ ‘ਗਰੁੜ ਪੁਰਾਣ’ ਦੀ ਸਾਰੀ ਕਿਰਿਆ ਖੜੀ ਹੈ, ਗੁਰਮੱਤ ਕਿਸੇ ਵੀ ਅਜਿਹੇ ‘ਸੂਖਮ (ਸੂਕਸ਼ਮ) ਸਰੀਰ’ ਵਾਲੀ ਵਿਚਾਰਧਾਰਾ ਨੂੰ ਹੀ ਪ੍ਰਵਾਣ ਨਹੀਂ ਕਰਦੀ।

‘ਮਨ’ ਤੇ ਇਸ ਦੇ ਦੋ ਵਿਰੋਧੀ ਰੁਖ-ਇਸ ਲਈ ਗੁਰਬਾਣੀ `ਚ ਜਿਸ ‘ਮਨ’ ਦੀ ਗੱਲ ਕੀਤੀ ਗਈ ਹੈ, ਦਰਅਸਲ ਉਸ ਦੀ ਬਨਾਵਟ ਤੇ ਵਰਤੋਂ ਨੂੰ ਵੀ ਗੁਰਬਾਣੀ `ਚੋਂ ਹੀ ਪਹਿਚਾਨਣ ਦੀ ਲੋੜ ਹੈ, ਨਹੀਂ ਤਾਂ ਵਿਸ਼ਾ ਸਮਝ `ਚ ਆਉਣਾ ਸੌਖਾ ਨਹੀਂ। ਪ੍ਰਭੂ ਨੇ ਮਨੁੱਖ ਸਮੇਤ ਸਾਰੀ ਜੀਵ ਸ਼੍ਰੇਣੀ ਨੂੰ “ਮਾਟੀ ਅੰਧੀ ਸੁਰਤਿ ਸਮਾਈ॥ ਸਭ ਕਿਛੁ ਦੀਆ, ਭਲੀਆ ਜਾਈ॥ ਅਨਦ ਬਿਨੋਦ ਚੋਜ ਤਮਾਸੇ, ਤੁਧੁ ਭਾਵੈ ਸੋ ਹੋਣਾ ਜੀਉ” (ਪੰ: ੧੦੦) ਅਨੁਸਾਰ ‘ਸੁਰਤ’ ਵਾਲੀ ਅਜਿਹੀ ਦਾਤ ਵੀ ਬਖ਼ਸ਼ੀ ਹੋਈ ਹੈ ਜਿਸ `ਤੇ “ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ॥ ਪੀਪਾ ਪ੍ਰਣਵੈ ਪਰਮ ਤਤੁ ਹੈ, ਸਤਿਗੁਰੁ ਹੋਇ ਲਖਾਵੈ” (ਪੰ: ੬੯੫) ਅਨੁਸਾਰ ਪ੍ਰਭੂ ਦੇ ਨੂਰ, ਤਤ ਭਾਵ ਆਤਮਾ ਤੋਂ ਬਾਅਦ ਸਾਰੀ ਜੀਵ ਰਚਨਾ `ਚ ‘ਸੁਰਤ’ ਵਾਲਾ ਹੀ ਮੂਲ ਵਿਸ਼ਾ ਹੈ। ਇਸੇ ਸੁਰਤ ਨੂੰ ਗੁਰਬਾਣੀ `ਚ ‘ਲਿਵ’ ਵੀ ਕਿਹਾ ਹੈ ਜਿਵੇਂ “ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ” (ਪੰ: ੯੨੧)।

“ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ” -ਜਦਕਿ ਬਾਣੀ ਜਪੁ `ਚ ਇਸੇ ‘ਸੁਰਤ’ ਲਈ ਇਸ ਤਰ੍ਹਾਂ ਵੀ ਫ਼ੁਰਮਾਇਆ ਹੈ “ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ” ਅਰਥ ਹਨ, ਐ ਭਾਈ! ਜੇ ਤੂੰ ਜੀਵਨ ਪਦਵੀ ਨੂੰ ਪਾਉਣਾ ਤੇ ਜੀਵਨ ਨੂੰ ਸਫ਼ਲ ਕਰਣਾ ਹੈ ਤਾਂ ਸਭ ਤੋਂ ਪਹਿਲਾਂ ਤੂੰ ਗੁਰਬਾਣੀ ਗਿਆਨ ਦੀ ਕਮਾਈ ਨਾਲ ਆਪਣੀ ‘ਸੁਰਤ’ ਨੂੰ ਘੜ ਤੇ ਸੁਆਰ। ਇਹੀ ਮੂਲ ਹੈ ਜਿਸ ਤੋਂ ਤੇਰੀ ‘ਮਤ’, ‘ਮਨ’ ਤੇ ਮਨ ਤੋਂ ਬਣੀ ‘ਬੁਧ’ ਨੇ ‘ਵਿਵੇਕ ਬੁਧ’ ਬਣ ਕੇ ਗੁਰੂ ਦੀ ਆਗਿਆ ਤੇ ਸਿਖਿਆ ਅਨੁਸਾਰ ਵਿਚਰਨਾ ਹੈ।

ਇਥੋਂ ਇਹ ਵੀ ਦੇਖਣਾ ਹੈ ਕਿ ਕਰਤੇ ਦੇ ‘ਨੂਰ’ ਅਥਵਾ ਆਤਮਾ ਤੋਂ ਬਾਅਦ “ਮਾਟੀ ਅੰਧੀ ਸੁਰਤਿ ਸਮਾਈ” (ਪੰ: ੧੦੦) ਭਾਵ ਸਮੂਹ ਜੀਵ ਸ਼੍ਰੇਣੀ `ਚ ‘ਸੁਰਤ’ ਅਥਵਾ ‘ਲਿਵ’ ਦੀ ਸਾਂਝ ਵੀ ਹੈ। ਫ਼ਿਰ ਇਸੇ ‘ਸੁਰਤ’ ਤੋਂ ਜੀਵ ਦੀ ‘ਮੱਤ’ ਤਿਆਰ ਹੁੰਦੀ ਹੈ। ਜੇਕਰ ਗੁਰਬਾਣੀ ਨੂੰ ਇਸ ਪੱਖੋਂ ਵੀ ਘੋਖਿਆ ਜਾਵੇ ਤਾਂ ਮੂਲ਼ ਰੂਪ `ਚ ਇਸ ‘ਮੱਤ’ ਤੋਂ ਹੀ ਜੀਵਨ ਦੇ ਦੋ ਵਿਰੋਧੀ ਪੱਖ ‘ਸੁਮੱਤ’ ਤੇ ‘ਕੁਮੱਤ’ ਬਣਦੇ ਹਨ। ਫ਼ਿਰ ਇਸੇ ‘ਮੱਤ’ ਦਾ ਹੀ ਅਗਲਾ ਪੜਾਅ ਹੈ ਵਿਚਾਰਾਂ ਤੇ ਕਰਮਾਂ ਦਾ ਸਮੂਹ ‘ਮਨ’। ਜਦਕਿ ਬਾਕੀ ਅਰਬਾਂ-ਖਰਬਾਂ ਜੂਨਾਂ ਦੀ ਸੀਮਾ ਕੇਵਲ ਮੱਤ ਤੱਕ ਹੀ ਹੈ, ‘ਮਨ’ ਤੱਕ ਨਹੀਂ। ਉਪ੍ਰੰਤ ਇਸੇ ‘ਮਨ’ ਦਾ ਸਬੰਧ ਕੇਵਲ ਮਨੁੱਖਾ ਜੂਨ (ਜਨਮ) ਦੀ ਸੰਭਾਲ ਜਾਂ ਇਸ ਦੇ ਬਿਰਥਾ ਹੋਣ ਨਾਲ ਹੈ।

ਇਸ ਲਈ “ਮਨ ਤੂੰ ਜੋਤਿ ਸਰੂਪੁ ਹੈ” (ਪੰ: ੪੪੧) ਮਨੁੱਖ ਨੂੰ ਇਹ ਮਨ ਬੇਸ਼ਕ ਮਨੁੱਖਾ ਜੂਨ ਸਮੇਂ ਅਸਲੇ ਪ੍ਰਭੂ `ਚ ਅਭੇਦ ਹੋਣ ਲਈ ਮਿਲਦਾ ਹੈ। ਫ਼ਿਰ ਵੀ “ਜੇਹਾ ਵੇਖਹਿ ਤੇਹਾ ਵੇਖੁ” (ਪੰ: 466) ਅਨੁਸਾਰ ਮਨੁੱਖ ਜਿਹੋ ਜਹੇ ਵਾਤਾਵਰਣ `ਚ ਪਲਦਾ ਹੈ ਜਿਵੇਂ ਕਿ ਅਰੰਭ `ਚ ਦੇਖ ਚੁੱਕੇ ਹਾਂ ਕਿ ਉਸੇ ਤਰ੍ਹਾਂ ਉਸ ਦੇ ‘ਮਨ’ ਦੀ ਘਾੜਤ ਬਣ ਜਾਂਦੀ ਹੈ। ਕਿਉਂਕਿ ਮੂਲ ਰੂਪ `ਚ ਇਹ ‘ਮਨ’ ਹੈ ਹੀ ਵਿਚਾਰਾਂ ਤੇ ਕਰਣੀ ਦਾ ਸਮੂਹ ਤੇ ਇਸੇ ਲਈ ਇਸ ਦੀਆਂ ਦੋ (੨) ਵਿਰੋਧੀ ਦਿਸ਼ਾਵਾਂ ਹੁੰਦੀਆਂ ਹਨ। ਜੇਕਰ ਇਸ ‘ਮਨ’ ਦੀ ਘਾੜਤ ਸਾਧ ਸੰਗਤ ਤੇ ਗੁਰੂ ਗਿਆਨ ਦੀ ਕਮਾਈ ਨਾਲ ਹੁੰਦੀ ਹੈ ਤਾਂ ਤੇ ਇਸੇ ਤੋਂ ਮਨੁੱਖ ਨੂੰ ਮਿਲਦੀ ਹੈ ਆਤਮਕ ਸਫ਼ਲਤਾ ਤੇ ਆਤਮਕ ਜਾਗ੍ਰਿਤੀ। ਅਜਿਹੀ ਅਵਸਥਾ `ਚ ਹਉਮੈ ਤ੍ਰਿਸ਼ਨਾ ਵਿਕਾਰ ਆਦਿ ਇਸ `ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ। ਮਨੁੱਖ ਜੀਉਂਦੇ ਜੀਅ ਕਰਤੇ `ਚ ਹੀ ਸਮਾ ਜਾਂਦਾ ਹੈ। ਇਸਦੇ ਵੱਖਰੇ ਬਣੇ ਹੋਏ ਸਾਰੇ ਕਰਮ ਨਾਸ ਹੋ ਜਾਂਦੇ ਹਨ। ਇਸ ਲਈ ਮੁੜ ਜਨਮਾਂ-ਜੂਨਾਂ ਤੁ ਗਰਭਾਂ ਆਦਿ ਵਾਲੀ ਗੱਲ ਵੀ ਮੁੱਕ ਜਾਂਦੀ ਹੈ।

ਇਸ ਦੇ ਉਲਟ ਜਦੋਂ ਮਨੁੱਖ ਦਾ ਇਹੀ ‘ਮਨ’ ਸੰਸਾਰਕ ਰਸਾਂ ਕਸਾਂ ਤੇ ਬਹੁਤ ਵਾਰੀ ਵਿਕਾਰਾਂ ਵੱਲ ਵੀ ਦੌੜਦਾ ਹੈ ਤਾਂ ਜੀਵ ਦੀ ਇਸੇ ਤੋਂ ‘ਆਤਮਕ ਮੌਤ’ ਵੀ ਹੋ ਜਾਂਦੀ ਹੈ। ਜੀਵਨ `ਚ ਕਰਮਾਂ ਦਾ ਜਾਲ ਬੁਣਿਆ ਜਾਂਦਾ ਹੈ। ਇਹ ਕਰਮ ਵਾਲਾ ਜਾਲ ਹੀ, ਜੀਵ ਲਈ ਫ਼ਿਰ ਤੋਂ ਜਨਮ ਮਰਣ ਦਾ ਗੇੜ੍ਹ ਬਣਦਾ ਹੈ। ਭਾਵ ਰਹਿਣੀ ਅਨੁਸਾਰ, ਇਸ ਦੀ ‘ਸੁਰਤ’ ਤੋਂ ਜਿਹੜੀ ਇਸ ਦੇ ਜੀਵਨ ਅੰਦਰ ‘ਸੁਮੱਤ ਜਾਂ ‘ਕੁਮਤ’ ਤਿਆਰ ਹੋਈ ਹੁੰਦੀ ਹੈ ਉਸੇ ਤੋਂ ਇਸਦੇ ਜੀਵਨ `ਚ ਬਣਦੀ ਤੇ ਤਿਆਰ ਹੁੰਦੀ ਹੈ ‘ਸਬੁਧ’ ਜਾਂ ‘ਕਬੁਧ’। ਉਪ੍ਰੰਤ ਸਾਡੇ ਇਸੇ ‘ਮਨ’ ਦੀ ਤਿਆਰੀ ਜਦੋਂ ਸਾਧਸੰਗਤ `ਚ ਵਿਚਰ ਕੇ ਅਤੇ ਗੁਰਬਾਣੀ-ਗੁਰੂ ਦੇ ਗਿਆਨ ਦੀ ਕਮਾਈ ਨਾਲ ਹੁੰਦੀ ਹੈ ਤਾਂ ਇਸੇ ਮਨ ਤੋਂ ਸਾਡੇ ਜੀਵਨ `ਚ ਤਿਆਰ ਹੁੰਦੀ ਹੈ ‘ਵਿਵੇਕ ਬੁਧ’।

ਇਸ ਤਰ੍ਹਾਂ ਬੁਧ ਤੋਂ ਹੀ ਤਿਆਰ ਹੋਈ ‘ਸਬੁਧ’ ਤੇ ‘ਕਬੁਧ’ ਦਾ ਮੂਲ ਹੀ ਹੁੰਦੀ ਹੈ ਸਾਡੀ ਹਉਮੈ ਭਰਪੂਰ ਜੀਵਨ ਰਹਿਣੀ। ਜਦਕਿ ਉਸੇ ਬੁਧ ਤੋਂ ਸਾਡੇ ਜੀਵਨ ਅੰਦਰ ਤਿਆਰ ਹੋਈ ‘ਵਿਵੇਕ ਬੁਧ’ ਦਾ ਮੂਲ ਹੁੰਦਾ ਹੈ “ਮਨੁ ਬੇਚੈ ਸਤਿਗੁਰ ਕੈ ਪਾਸਿ” (ਪੰ: ੪੮੬) ਭਾਵ ਜੀਵਨ ਦੀ ਹਉਮੈ ਰਹਿਤ ਅਵਸਥਾ। ਮਨ ਦੀ ਉਹ ਅਵਸਥਾ ਜਿਸ ਲਈ ਫ਼ੁਰਮਾਇਆ ਹੈ “ਮਨ ਹਰਿ ਜੀ ਤੇਰੈ ਨਾਲਿ ਹੈ, ਗੁਰਮਤੀ ਰੰਗੁ ਮਾਣੁ” (ਪੰ: 441)। ਇਸੇ ਤੋਂ ਅਸੀਂ ਇਸੇ ਜਨਮ `ਚ ਜੀਵਨਮੁਕਤ ਦੀ ਉਸ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਜਿਸ ਦਾ ਪ੍ਰਗਟਾਵਾ ਹੈ “ਸੇਵ ਕੀਤੀ ਸੰਤੋਖੀਈਂ ਜਿਨੀੑ ਸਚੋ ਸਚੁ ਧਿਆਇਆ॥ ਓਨੀੑ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ” (ਪੰ: ੪੬੬)।

ਇਸ ਤਰ੍ਹਾਂ ਜੇ ਸਾਡੇ ਇਸ ‘ਮਨ’ ਦੀ ਤਿਆਰੀ ਗੁਰਬਾਣੀ-ਗੁਰੂ ਦੀ ਕਮਾਈ ਨਾਲ ਨਹੀਂ ਹੁੰਦੀ ਤਾਂ ਅਸੀਂ ਹਉਮੈ ਰੋਗ ਤੋਂ ਕਿਸੇ ਤਰ੍ਹਾਂ ਵੀ ਨਹੀਂ ਬੱਚ ਸਕਦੇ। ਇਸੇ ਤੋਂ ਸਾਡੇ ‘ਮਨ’ ਤੋਂ ਜੋ ਬੁਧ ਤਿਆਰ ਹੁੰਦੀ ਹੈ ਉਹ ਵਿਵੇਕ ਬੁਧ ਨਹੀਂ ਬਲਕਿ ‘ਕੁਬੁਧ’ ਜਾਂ ‘ਸਬੁਧ’ ਹੀ ਤਿਆਰ ਹੋਵੇਗੀ। ਸਾਡੇ ‘ਮਨ’ ਦੀ ਅਜਿਹੀ ਹਉਮੈ ਵਾਲੀ ਅਵਸਥਾ `ਚ ਸਾਡੇ ਜੀਵਨ ਦੀ ਦੌੜ “ਹਉ ਵਿਚਿ ਪਾਪ ਪੁੰਨ ਵੀਚਾਰੁ॥ ਹਉ ਵਿਚਿ ਨਰਕਿ ਸੁਰਗਿ ਅਵਤਾਰੁ” ਵਾਲੀ ਹੀ ਬਣਦੀ ਹੈ। ਇਸ ਤਰ੍ਹਾਂ ਸਾਡੇ ਜੀਵਨ ਅੰਦਰ ‘ਵਿਵੇਕ ਬੁਧ ਦੀ ਬਜਾਏ ਹਉਮੈ ਬੁਧ ਤੋਂ ਤਿਆਰ ਹੋਈ ‘ਸਬੁਧ’ ਅਥਵਾ ‘ਕਬੁਧ’ ਦਾ ਹੀ ਨਤੀਜਾ ਹੁੰਦਾ ਹੈ ਕਿ ਸਮਾਜਕ ਤੱਲ `ਤੇ ਚੰਗੇ ਕੰਮ ਕਰੀਏ ਭਾਵੇਂ ਮੰਦੇ ਪਰ ਸਾਡੇ ਲਈ ਕਰਮ ਜਾਲ ਹੀ ਬਣਦਾ ਹੈ। ਸਰੀਰ ਨੇ ਤਾਂ ਇੱਕ ਦਿਨ ਮੁੱਕਣਾ ਹੁੰਦਾ ਹੈ ਪਰ ਉਨ੍ਹਾਂ ਕਰਮਾਂ ਨੂੰ ਭੌਗਣ ਲਈ ਸਾਡੇ ਲਈ ਫ਼ਿਰ ਤੋਂ ਜਨਮਾਂ ਤੇ ਭਿੰਨ ਭਿੰਨ ਜੂਨਾਂ ਵਾਲੇ ਗੇੜ੍ਹ ਤਿਆਰ ਹੋ ਜਾਂਦੇ ਹਨ। ਉਪ੍ਰੰਤ ਅਜਿਹੇ ਚੰਗੇ ਭਾਵੇਂ ਮਾੜੇ, ਪਰ ਹਉਮੈ ਅਧੀਨ ਕੀਤੇ ਕਰਮਾਂ ਲਈ ਹੀ ਫ਼ੁਰਮਾਇਆ ਹੈ “ਸੁਰਤਿ ਮਤਿ ਚਤੁਰਾਈ ਤਾ ਕੀ ਕਿਆ ਕਰਿ ਆਖਿ ਵਖਾਣੀਐ॥ ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ॥ ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ” (ਪੰ: ੧੩੮)।

ਇਸ ਲਈ ਇਥੇ ਵਿਸ਼ਾ ਹੈ ਕਿ ਹਊਮੈ ਅਧੀਨ ਕੀਤੇ ਚੰਗੇ ਭਾਵੇਂ ਮਾੜੇ ਕੰਮਾ ਕਾਰਣ ਮਨੁੱਖ ਲਈ ਫ਼ਿਰ ਤੌਂ ਜਨਮ ਮਰਣ ਤੇ ਜੂਨਾਂ ਨੂੰ ਭੋਗਣ ਲਈ ਕਰਮਾ ਵਾਲਾ ਜਾਲ ਹੀ ਬੁਣਿਆ ਜਾਂਦਾ ਹੈ। ਗੁਰਦੇਵ ਨੇ ਬਾਣੀ `ਚ ਇਸ ਵਿਸ਼ੇ ਨੂੰ ਅਨੇਕਾਂ ਵਾਰ ਸਪਸ਼ਟ ਕੀਤਾ ਹੈ ਜਿਵੇਂ “ਹਉਮੈ ਵਿਚਿ ਜਗੁ ਬਿਨਸਦਾ, ਮਰਿ ਜੰਮੈ ਆਵੈ ਜਾਇ॥ ਮਨਮੁਖ ਸਬਦੁ ਨ ਜਾਣਨੀ, ਜਾਸਨਿ ਪਤਿ ਗਵਾਇ” (ਪੰ: ੩੩) ਪੁਨਾ “ਮਨਮੁਖ ਕਰਮ ਕਮਾਵਣੇ, ਹਉਮੈ ਜਲੈ ਜਲਾਇ॥ ਜੰਮਣੁ ਮਰਣੁ ਨ ਚੂਕਈ, ਫਿਰਿ ਫਿਰਿ ਆਵੈ ਜਾਇ” (ਪੰ: ਪ੬੮)

“ਇਹੁ ਮਨੁ ਕਰਮਾ, ਇਹੁ ਮਨੁ ਧਰਮਾ” - ਪ੍ਰਭੂ ਨੇ ਤਾਂ ਮਨੁੱਖ ਨੂੰ ਬੇਅੰਤ ਦਾਤਾਂ ਬਖਸ਼ੀਆਂ ਹੋਈਆਂ ਹਨ। ਫ਼ਿਰ ਵੀ ਅਗਿਆਨੀ ਤੇ ਬੇਸਬਰੇ ਮਨੁੱਖ ਦੀ ਸਾਰੀ ਦੌੜ, ਇਨ੍ਹਾਂ ਦਾਤਾਂ `ਤੇ ਆਪਣਾ ਜਫਾ ਪੱਕਾ ਕਰਣ ਤੱਕ ਹੀ ਸੀਮਤ ਰਹਿੰਦੀ ਹੈ। ਇਸੇ ਅਗਿਆਨਤਾ ਦੀ ਦੌੜ `ਚ, “ਤ੍ਰਿਸਨਾ ਅਹਿਨਿਸਿ ਅਗਲੀ ਹਉਮੈ ਰੋਗੁ ਵਿਕਾਰੁ” (ਪੰ: ੨੦) ਭਾਵ ਮਨੁੱਖ ਅੰਦਰ ਦਿਨ ਰਾਤ ਪੈਦਾ ਹੋਣ ਵਾਲੀ ਤ੍ਰਿਸ਼ਨਾ ਤੋਂ ਹੀ ਜੀਵਨ ਅੰਦਰ ਵਿਕਾਰ ਵਧਦੇ ਹਨ। ਇਸੇ ਤ੍ਰਿਸ਼ਨਾ ਤੋਂ ਧਰਮ ਦੇ ਨਾਂ `ਤੇ ਇਸ ਦੇ ਜੀਵਨ `ਚ ਪ੍ਰਵੇਸ਼ ਕਰਦੇ ਹਨ ਬੇਅੰਤ ਪ੍ਰਕਾਰ ਦੇ ਪਾਖੰਡ ਕਰਮ ਜਿਵੇਂ ਤਪ ਸਾਧਨੇ, ਸਨਿਆਸੀਆਂ ਬੈਰਾਗੀਆ ਆਦਿ ਵਾਲੇ ਅਨੇਕਾਂ ਭੇਖ, ਦਾਨ-ਪੁੰਨ, ਵਰਤ-ਨੇਮ, ਸਗਨ-ਰੀਤਾਂ, ਚਾਲੀਹੇ-ਸੁੱਖਨਾਂ, ਜਾਤ-ਵਰਣ ਦੇ ਵਿਤਕਰੇ, ਤੀਰਥ ਇਸ਼ਨਾਨ, ਟੇਵੇ-ਮਹੂਰਤ, ਕਾਮਨਾਵਾਂ ਤੇ ਮੱਗਾਂ ਦੀ ਦੌੜ, ਵਹਿਮ-ਸਹਿਮ-ਟੂਣੇ ਤੇ ਹੋਰ ਬਹੁਤ ਕੁਝ। ਇਸਦਾ ਮੁੱਖ ਕਾਰਨ ਹੁੰਦਾ ਹੈ “ਇਹੁ ਮਨੁ ਕਰਮਾ, ਇਹੁ ਮਨੁ ਧਰਮਾ॥ ਇਹੁ ਮਨੁ, ਪੰਚ ਤਤੁ ਤੇ ਜਨਮਾ” (ਪੰ: 415) ਭਾਵ ਮਨੁੱਖ ਦੇ ਜੀਵਨ ਅੰਦਰ ਮਾਇਕ ਦੌੜ ਤੋਂ ਹਉਮੈ ਤ੍ਰਿਸ਼ਨਾ ਕਾਰਣ ਬਣ ਚੁੱਕੀ ਇਸ ਦੇ ‘ਮਨ’ ਵਾਲੀ ਪ੍ਰਭੂ ਤੋਂ ਵੱਖਰੀ ਹੋਂਦ। ਪ੍ਰਭੂ ਵੱਲੋਂ ਮਨੁੱਖਾ ਜਨਮ ਨੂੰ ਸਫ਼ਲ ਕਰਣ ਲਈ ਜੋ ‘ਮਨ’ ਵਾਲੀ ਦਾਤ ਮਿਲੀ ਹੁੰਦੀ ਹੈ, ਉਸੇ ਦੀ ਕੁਵਰਤੋਂ ਕਾਰਣ, ਮਨੁੱਖ ਪ੍ਰਭੂ ਨਾਲ ਜੁੜਣ ਦੀ ਬਜਾਏ ਸੰਸਾਰਕ ਪ੍ਰਾਪਤੀਆਂ ਦੀ ਦੌੜ `ਚ ਆਪਣੇ ਲਈ ਪ੍ਰਭੂ ਤੋਂ ਵਿੱਥ ਪੱਹੀ ਕਰ ਲੈਂਦਾ ਹੈ।

ਇਸ ਤਰ੍ਹਾਂ ਚੂੰਕਿ ‘ਮਨ’ ਦਾ ਨਵੇਂ ਸਿਰਿਉਂ ਜਨਮ ਹੀ “ਇਹੁ ਮਨੁ ਪੰਚ ਤਤੁ ਤੇ ਜਨਮਾ” ਅਨੁਸਾਰ ਮਾਇਕ ਪਦਾਰਥਾਂ ਦੀ ਦੌੜ `ਚੌ ਹੁੰਦਾ ਹੈ ਇਸ ਕਰਕੇ ਇਸ ਮਨੁੱਖ ਦਾ ਧਰਮ ਵੀ ‘ਪ੍ਰਭੂ ਮਿਲਾਪ’ ਨਾ ਰਹਿ ਕੇ ਇਹੁ ਮਨੁ ਕਰਮਾ, ਇਹੁ ਮਨੁ ਧਰਮਾ” ਭਾਵ ਸੰਸਾਰਿਕ ਮੋਹ ਮਾਇਆ ਤੇ ਉਸੇ ਤੋਂ ਪੈਦਾ ਹੋਇਆ ਉਸ ਦੇ ਆਪਣੇ ਕਰਮਾਂ ਦਾ ਜਾਲ ਹੀ ਬਣਦਾ ਜਾਂਦਾ ਹੈ। ਅਜਿਹਾ ‘ਮਨ’, ਜਿਸਦਾ ਜਨਮ ਹੀ ਮਾਇਕ ਪਦਾਰਥਾਂ `ਚੋਂ ਹੋਇਆ ਹੁੰਦਾ ਹੈ ਮਨੁੱਖ ਨੂੰ, ਗੁਰਮੱਤੀਆ ਤਾਂ ਬਨਣ ਨਹੀਂ ਦਿੰਦਾ ਬਲਕਿ ਰੱਬੀ ਤੇ ਇਲਾਹੀ ਧਰਮ ਤੋਂ ਕੋਰਾ ਰਖ ਕੇ, ਮਨਮਤੀਆ ਹੀ ਬਣਾਉਂਦਾ ਹੈ।

ਕਰਮ ਜਾਲ, ਗੁਰਮੱਤ ਤੇ ਬ੍ਰਾਹਮਣ ਮੱਤ `ਚ ਫ਼ਰਕ- ਗੁਰਮੱਤ ਕਿਸੇ ਪ੍ਰਕਾਰ ਦੇ ਵੀ ਚਿਤ੍ਰ-ਗੁਪਤ, ਧਰਮਰਾਜ, ਜਮਰਾਜ, ਸੁਰਗ-ਨਰਕ, ਇੰਦ੍ਰਲੋਕ, ਦੇਵਲੋਕ, ਜਮਲੋਕ, ਰੂਹਾਂ-ਬਦਰੂਹਾਂ, ਭੂਤ-ਪ੍ਰੇਤ, ਮਹਾਕਾਲ, ਕਾਲਚਕਰ, ਯੁਗ ਵੰਡ ਜਾਂ ਕਿਸੇ ਵੀ ਰੂਪ `ਚ ਇਸ ਵਿਸ਼ੇ ਨਾਲ ਸਬੰਧਤ ਬ੍ਰਾਹਮਣੀ ਤੇ ਗਰੁੜ ਪੁਰਾਨ ਆਧਾਰਤ ਵਿਚਾਰਧਾਰਾ `ਚ ਵਿਸ਼ਵਾਸ ਨਹੀਂ ਰਖਦੀ। ਇਸੇ ਕਰਕੇ ਇਸ ਵਿਚਾਰਧਾਰਾ ਨਾਲ ਸਬੰਧਤ ਭਿੰਨ ਭਿੰਨ ਜੂਨੀਆਂ ਵਾਲੇ ਵਿਸ਼ਵਾਸ ਤੇ ਕਰਮ ਜਾਲ ਦੀ ਫ਼ਿਲਾਸਫ਼ੀ ਨਾਲ ਵੀ ਗੁਰਮੱਤ ਦਾ ਕੁੱਝ ਲੈਣਾ ਦੇਣਾ ਨਹੀਂ। ਬਲਕਿ ਗੁਰਬਾਣੀ ਅਨੁਸਾਰ ਉਹ ਸਭ ਧਰਮ ਦੇ ਨਾਂ `ਤੇ ਮਨੁੱਖ ਨਾਲ ਕੇਵਲ ਧੋਖਾ ਮਾਤ੍ਰ ਹੀ ਹਨ। ਇਸੇ ਤਰ੍ਹਾਂ ਅਨਮੱਤੀ ਬਹਿਸ਼ਤ-ਦੋਜ਼ਖ, ਹੈਵਨ-ਹੈਲ `ਚ ਵੀ ਗੁਰਮੱਤ ਦਾ ਵਿਸ਼ਵਾਸ ਨਹੀਂ। (ਚਲਦਾ)

#G 0106Is011.02.011#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No G 0106-I

ਆਤਮਾ ਅਤੇ ਆਤਮਕ ਅਵਸਥਾ (ਭਾਗ-੧)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.