.

ਸ਼੍ਰੋਮਣੀ ਕਮੇਟੀ ਕੋਲੋਂ ਜਥੇਦਾਰ ਦੇ ਅਹੁਦੇ ਬਾਰੇ ਜਾਣਕਾਰੀ ਦੀ ਮੰਗ

ਪਿਛਲੇ ਸਮੇਂ ਸਾਲ 2011 ਵਿੱਚ ਹੀ ਵਿੱਚ ਸਿਖਮਾਰਗ ਵੈਬਸਾਈਟ ਉਤੇ ਲੇਖਕ ਵੱਲੋਂ ‘ਅਕਾਲ-ਤਖਤ’ ਦੇ ਵਿਸ਼ੇ ਤੇ ਲੜੀ-ਰੂਪ ਵਿੱਚ ਲਿਖੇ ਹੋਏ ਅੱਠ ਲੇਖ ਪਾਏ ਗਏ ਜਿਹਨਾਂ ਰਾਹੀਂ ਸਿਖ ਕੌਮ ਅੱਗੇ ਇੱਕ ਨਵੀਂ ਵਿਚਾਰਧਾਰਾ ਪੇਸ਼ ਕੀਤੀ ਗਈ। ਇਹ ਨਵੀਂ ਵਿਚਾਰਧਾਰਾ ਸਿਖ ਮੱਤ ਵਿੱਚ ਪਰਚਲਤ ‘ਅਕਾਲ-ਤਖਤ’ ਵਿਵਸਥਾ ਦੀ ਹੋਂਦ ਨੂੰ ਪੂਰੀ ਤਰ੍ਹਾਂ ਨਕਾਰਦੀ ਹੈ। ਇਹਨਾਂ ਲੇਖਾਂ ਰਾਹੀਂ ਇਹ ਦੱਸਣ ਦਾ ਯਤਨ ਕੀਤਾ ਗਿਆ ਕਿ ‘ਅਕਾਲ-ਤਖਤ’ ਵਿਵਸਥਾ ਦੀ ਕੋਈ ਹੋਂਦ ਹੀ ਨਹੀਂ ਅਤੇ ਇਸ ਕਲਪਿਤ ਵਿਵਸਥਾ ਦੀ ਸਿਖ ਮੱਤ ਵਿੱਚ ਕੋਈ ਪ੍ਰਸੰਗਤਾ ਜਾਂ ਉਪਯੋਗਤਾ ਨਹੀਂ। ਇਹਨਾਂ ਲਿਖਤਾਂ ਵਿੱਚ ਤੱਥਾਂ ਅਤੇ ਤਰਕ ਦੇ ਅਧਾਰ ਤੇ ਦਿੱਤੀਆਂ ਗਈਆਂ ਦਲੀਲਾਂ ਰਾਹੀਂ ਇਹ ਸਾਬਤ ਕਰਨ ਦਾ ਯਤਨ ਕੀਤਾ ਗਿਆ ਕਿ ‘ਅਕਾਲ-ਤਖਤ’ ਵਿਵਸਥਾ ਕੇਵਲ ਇੱਕ ਮਿੱਥ ਹੈ ਅਤੇ ਇਹ ਵਿਵਸਥਾ ਸਿਖ ਕੌਮ ਦੇ ਭਾਰੀ ਨੁਕਸਾਨ ਦਾ ਵਸੀਲਾ ਬਣੀ ਹੈ। ਇਸ ਵਿਚਾਰਧਾਰਾ ਨੂੰ ਸਿਖਮਾਰਗ ਵੈਬਸਾਈਟ ਦੇ ਪਾਠਕਾਂ ਅਤੇ ਆਮ ਸਿੱਖਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਕਰਾਂਤੀਕਾਰੀ ਵਿਚਾਰਧਾਰਾ ਨੂੰ ਨਿਡੱਰ ਅਤੇ ਨਿਝੱਕ ਹੋ ਕੇ ਸਿਖ ਕੌਮ ਅੱਗੇ ਰੱਖਣ ਦਾ ਸਿਹਰਾ ਮੁੱਖ ਤੌਰ ਤੇ ਸਿਖਮਾਰਗ ਵੈਬਸਾਈਟ ਦੇ ਸਿਰ ਬੱਝਦਾ ਹੈ। ਵੈਬਸਾਈਟ ਨੇ ਇਸੇ ਵਿਸ਼ੇ ਤੇ ਸੁਚੱਜੇ ਢੰਗ ਨਾਲ ਵਿਚਾਰ-ਚਰਚਾ ਵੀ ਕਰਵਾਈ ਜੋ ਕਾਫੀ ਲੰਬਾ ਅਰਸਾ ਚੱਲੀ ਅਤੇ ਜਿਸ ਨਾਲ ਸਿਖ ਕੌਮ ਵਿੱਚ ਜਾਗਰੂਕਤਾ ਦਾ ਉਲੇਖਯੋਗ ਵਾਧਾ ਹੋਇਆ ਹੈ।
ਪਾਠਕਾਂ ਅਤੇ ਵਿਦਵਾਨਾਂ ਦੀ ਪੁਰਜ਼ੋਰ ਮੰਗ ਤੇ ਲੇਖਕ ਉਪਰੋਕਤ ਅੱਠ ਲੇਖਾਂ ਦੀ ਸਮੱਗਰੀ ਨੂੰ ਸੁਧਾਈ ਪਿੱਛੋਂ ਪੁਸਤਕ ਰੂਪ ਵਿੱਚ ਪੇਸ਼ ਕਰਨ ਦੇ ਆਹਰ ਵਿੱਚ ਹੈ। ਤਿਆਰੀ-ਅਧੀਨ ਇਸ ਪੁਸਤਕ ਰਾਹੀਂ ‘ਅਕਾਲ-ਤਖਤ’ ਵਿਵਸਥਾ ਦੀ ਉਤਪਤੀ, ਭੂਮਿਕਾ ਅਤੇ ਸਾਰਥਕਾ ਪੱਖੋਂ ਵਿਸ਼ਲੇਸ਼ਣ ਕਰਦੇ ਹੋਏ ਇੱਕ ਸੰਕਲਨ ਦੇ ਰੂਪ ਵਿੱਚ ਪਾਠਕਾਂ ਦੇ ਸਾਹਮਣੇ ਇਸ ਵਿਵਸਥਾ ਦੀ ਅਸਲੀ ਤਸਵੀਰ ਪੇਸ਼ ਕਰਨ ਦਾ ਉਪਰਾਲਾ ਕੀਤਾ ਜਾਵੇਗਾ। ਵਿਚਾਰ-ਅਧੀਨ ਪੁਸਤਕ ਵਿੱਚ ਇੱਕ ਅਧਿਆਇ ‘ਜਥੇਦਾਰ ਦਾ ਅਹੁਦਾ’ ਵਿਸ਼ੇਸ਼ ਤੌਰ ਤੇ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਅਧਿਆਇ ਰਾਹੀਂ ਇਹ ਦੱਸਣ ਯਤਨ ਕੀਤਾ ਜਾਵੇਗਾ ਕਿ ਕਿਸ ਤਰ੍ਹਾਂ ‘ਜਥੇਦਾਰ’ ਦੇ ਅਹੁਦੇ ਨਾਲ ਸਬੰਧਤ ਬੇਨਿਯਮੀਆਂ, ਮਨਮੱਤਾਂ, ਕੁਤਾਹੀਆਂ, ਬਦਨੀਤੀਆਂ ਅਤੇ ਲਿਫਾਫੇਬਾਜੀਆਂ ਉਹ ਕੰਡੇ ਹਨ ਜੋ ‘ਅਕਾਲ-ਤਖਤ’ ਰੂਪੀ ਝਾੜੀ ਦੀਆਂ ਟਹਿਣੀਆਂ ਤੇ ਉੱਗੇ ਹੋਏ ਹਨ ਜਿਸ ਕਰਕੇ ਇਹਨਾਂ ਕੰਡਿਆਂ ਤੋਂ ਛੁਟਕਾਰਾ ਪਾਉਣ ਲਈ ‘ਅਕਾਲ-ਤਖਤ’ ਦੀ ਬੇਲੋੜੀ ਵਿਵਸਥਾ ਨੂੰ ਹੀ ਜੜ੍ਹੋਂ ਪੁੱਟਣ ਅਤੇ ਕੇਵਲ ਅਤੇ ਕੇਵਲ ਗਿਆਰ੍ਹਵੇਂ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਣ ਦੀ ਲੋੜ ਹੈ। ‘ਜਥੇਦਾਰ’ ਦੇ ਅਹੁਦੇ ਦੇ ਵੱਖ-ਵੱਖ ਪਹਿਲੂਆਂ ਦੇ ਵਿਸ਼ਲੇਸ਼ਣ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਸ਼ੈਲੀ, ਭੂਮਿਕਾ ਅਤੇ ਸਾਰਥਕਤਾ ਦੀ ਤਸਵੀਰ ਵੀ ਕਾਫੀ ਸਪਸ਼ਟ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਸਕੇਗੀ।
ਇਸੇ ਸੰਦਰਭ ਵਿੱਚ ਵਿਚਾਰ-ਅਧੀਨ ਪੁਸਤਕ ਦੀ ਤਿਆਰੀ ਦੀ ਪ੍ਰੀਕਿਰਿਆ ਦੇ ਹਿੱਸੇ ਵਜੋਂ ਲੇਖਕ ਵੱਲੋਂ ਆਰ. ਟੀ. ਆਈ. (ਰਾਈਟ ਟੂ ਇਨਫਰਮੇਸ਼ਨ) ਐਕਟ 2005 ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਕੋਲ ਮਿਤੀ 1 ਅਗਸਤ 2011 ਨੂੰ ਦਰਖਾਸਤ ਦੇ ਕੇ ਜਥੇਦਾਰ ਦਾ ਅਹੁਦੇ ਸਬੰਧੀ ਹੇਠ ਲਿਖੀ ਜਾਣਕਾਰੀ ਮੰਗੀ ਗਈ:
1.‘ਅਕਾਲ ਤਖਤ’ ਦੇ ਜੱਥੇਦਾਰ ਦਾ ਅਹੁਦਾ ਸਭ ਤੋਂ ਪਹਿਲਾਂ ਕਦੋਂ ਕਾਇਮ ਕੀਤਾ ਗਿਆ?
2.‘ਅਕਾਲ ਤਖਤ’ ਦੇ ਜੱਥੇਦਾਰ ਦਾ ਅਹੁਦਾ ਸਿਖ ਗੁਰਦੁਆਰਾਜ਼ ਐਕਟ 1925 ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਹੜੇ ਨਿਯਮਾਂ ਅਧੀਨ ਕਾਇਮ ਕੀਤਾ ਗਿਆ?
3. ਕੀ ‘ਅਕਾਲ ਤਖਤ’ ਦੇ ਜੱਥੇਦਾਰ ਦਾ ਅਹੁਦਾ ‘ਅਕਾਲ ਬੁੰਗਾ ਗੁਰਦੁਆਰਾ’ ( ‘ਅਕਾਲ ਤਖਤ’ ਦਾ ਪਹਿਲਾ ਨਾਮ) ਦੇ ਹੈਡ-ਗ੍ਰੰਥੀ (ਹੈਡ-ਮਨਿਸਟਰ) ਨਾਲੋਂ ਭਿੰਨ ਹੈ?
4. ਜੇਕਰ ‘ਅਕਾਲ ਬੁੰਗਾ ਗੁਰਦੁਆਰਾ’ ਦੇ ਹੈਡ-ਗ੍ਰੰਥੀ ਦਾ ਅਹੁਦਾ ਅਤੇ ‘ਅਕਾਲ ਤਖਤ’ ਦੇ ਜੱਥੇਦਾਰ ਦਾ ਅਹੁਦਾ ਅਰੰਭ ਵਿੱਚ ਇੱਕੋ ਹੀ ਸਨ ਤਾਂ ‘ਅਕਾਲ ਤਖਤ’ ਦੇ ਜੱਥੇਦਾਰ ਦਾ ਅਹੁਦਾ ਅਲੱਗ ਅਤੇ ਆਜ਼ਾਦਾਨਾ ਤੌਰ ਤੇ ਕਦੋਂ ਤੋਂ ਕਾਇਮ ਕੀਤਾ ਗਿਆ?
5.‘ਅਕਾਲ ਤਖਤ’ ਦੇ ਜੱਥੇਦਾਰ ਦੀਆਂ ਯੋਗਤਾਵਾਂ ਕੀ ਹਨ?
6.‘ਅਕਾਲ ਤਖਤ’ ਦੇ ਜੱਥੇਦਾਰ ਦੀ ਨਿਯੁਕਤੀ ਦਾ ਅਧਿਕਾਰ ਕਿਸ ਕੋਲ ਹੈ?
7.‘ਅਕਾਲ ਤਖਤ’ ਦੇ ਜੱਥੇਦਾਰ ਦੀ ਨਿਯੁਕਤੀ ਲਈ ਕੀ ਢੰਗ-ਤਰੀਕਾ
(procedure) ਅਪਣਾਇਆ ਜਾਂਦਾ ਹੈ?
8.’ਅਕਾਲ ਤਖਤ’ ਦੇ ਜੱਥੇਦਾਰ ਦਾ ਅਹੁਦੇ ਨਾਲ ਸਬੰਧਿਤ ਸੇਵਾ-ਨਿਯਮ
(Service-Rules) ਕੀ ਹਨ?
9.‘ਅਕਾਲ ਤਖਤ’ ਦੇ ਜੱਥੇਦਾਰ ਦੇ ਅਹੁਦੇ ਨਾਲ ਸਬੰਧਿਤ ਸ਼ਕਤੀਆਂ ਕਿਹੜੀਆਂ-ਕਿਹੜੀਆਂ ਹਨ?
10.‘ਅਕਾਲ ਤਖਤ’ ਦੇ ਜੱਥੇਦਾਰ ਦੇ ਅਹੁਦੇ ਨਾਲ ਸਬੰਧਿਤ ਡਿਊਟੀਆਂ
(duties) ਕਿਹੜੀਆਂ-ਕਿਹੜੀਆਂ ਹਨ?
11.‘ਅਕਾਲ ਤਖਤ’ ਦੇ ਜੱਥੇਦਾਰ ਦੀਆਂ ਧਾਰਮਿਕ ਡਿਊਟੀਆਂ
(religious duties) ਕਿਹੜੀਆਂ-ਕਿਹੜੀਆਂ ਹਨ?
12.‘ਅਕਾਲ ਤਖਤ’ ਦੇ ਜੱਥੇਦਾਰ ਦੇ ਅਹੁਦੇ ਲਈ ਕਿਹੜਾ ਪੇ-ਸਕੇਲ
(Pay-Scale) ਨਿਰਧਾਰਿਤ ਹੈ?
13.‘ਅਕਾਲ ਤਖਤ’ ਦੇ ਜੱਥੇਦਾਰ ਦੇ ਅਹੁਦੇ ਦੀ ਤਨਖਾਹ ਦਾ ਸਾਰੀਆਂ ਮੱਦਾਂ ਸਹਿਤ ਵੇਰਵਾ ਦਿੱਤਾ ਜਾਵੇ।
14. ‘ਅਕਾਲ ਤਖਤ’ ਦੇ ਜੱਥੇਦਾਰ ਲਈ ਹੋਰ ਵਾਧੂ ਸਹੂਲਤਾਂ
(Perks) ਕੀ-ਕੀ ਹਨ?
15. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਕਿਸੇ ਸੰਸਥਾ ਦਾ ਉਹ ਬਜਟ-ਹੈੱਡ
(Budget- Head) ਜਿਸ ਵਿੱਚੋਂ ਉਪਰੋਕਤ 13. ਅਤੇ 14. ਵਾਲੀਆਂ ਦੇਣਦਾਰੀਆਂ ਦਾ ਭੁਗਤਾਨ ਕੀਤਾ ਜਾਂਦਾ ਹੈ।
16. 1925 ਈਸਵੀ ਤੋਂ ਲੈਕੇ ਨਿਯੁਕਤ ਕੀਤੇ ਗਏ ‘ਅਕਾਲ ਤਖਤ’ ਦੇ ਜੱਥੇਦਾਰਾਂ ਦੇ ਨਾਂਵਾਂ ਦੀ ਸੂਚੀ।
ਜਦੋਂ ਉਪਰੋਕਤ ਦਰਖਾਸਤ ਰਾਹੀਂ ਕੀਤੀ ਗਈ ਬੇਨਤੀ ਦਾ ਕਾਫੀ ਸਮਾਂ ਬੀਤ ਜਾਣ ਤੇ ਜੁਆਬ ਨਾ ਆਇਆ ਤਾਂ ਲੋੜੀਂਦੀ ਜਾਣਕਾਰੀ ਮਿਲਣ ਵਿੱਚ ਦੇਰੀ ਹੋ ਜਾਣ ਤੇ (ਨਿਯਮਾਂ ਅਨੁਸਾਰ ਸਬੰਧਿਤ ਦਫਤਰ ਨੇ ਜਾਣਕਾਰੀ ਇੱਕ ਮਹੀਨੇ ਦੇ ਸਮੇਂ ਦੇ ਅੰਦਰ ਭੇਜਣੀ ਹੁੰਦੀ ਹੈ) ਸਬੰਧਿਤ ਅਧਿਕਾਰੀਆਂ ਤੋਂ ਲੋੜੀਂਦੀ ਜਾਣਕਾਰੀ ਜਲਦੀ ਮੰਗਵਾਉਣ ਲਈ ਲੇਖਕ ਵੱਲੋਂ ਉਹਨਾਂ ਨੂੰ ਸਮੇਂ-ਸਮੇਂ ਫੋਨ ਰਾਹੀਂ ਕਈ ਬੇਨਤੀਆਂ ਵੀ ਕੀਤੀਆਂ ਗਈਆਂ। ਜਦੋਂ ਤਿੰਨ ਮਹੀਨੇ ਦਾ ਸਮਾਂ ਬੀਤ ਜਾਣ ਤੇ ਵੀ ਸਬੰਧਿਤ ਦਫਤਰ ਵੱਲੋਂ ਕੋਈ ਲੇਖਕ ਦੀ ਦਰਖਾਸਤ ਦਾ ਜੁਆਬ ਪਰਾਪਤ ਨਾ ਹੋਇਆ ਤਾਂ ਨਿਯਮਾਂ ਅਨੁਸਾਰ ਲੇਖਕ ਵੱਲੋਂ 31 ਅਕਤੂਬਰ 2011 ਨੂੰ ਪਹਿਲੀ ਅਪੀਲ ਦਾਇਰ ਕੀਤੀ ਗਈ। ਇਸ ਅਪੀਲ ਨੂੰ ਦਾਇਰ ਕਰਨ ਤੋਂ ਤਕਰੀਬਨ ਤਿੰਨ ਹਫਤੇ ਪਿੱਛੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵੱਲੋਂ ਜੋ ਪੱਤਰ ਪਰਾਪਤ ਹੋਇਆ ਉਹ ਸਕੈਨ ਕਰਕੇ ਹੂਬਹੂ ਰੂਪ ਵਿੱਚ ਹੇਠਾਂ ਪੇਸ਼ ਕੀਤਾ ਜਾ ਰਿਹਾ ਹੈ।


ਜਿਵੇਂ ਕਿ ਉਪੱਰ ਦਸਿੱਆ ਗਿਆ ਹੈ ਲੇਖਕ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਕੋਲੋਂ ‘ਅਕਾਲ ਤਖਤ’ ਦੇ ਜੱਥੇਦਾਰ ਦੇ ਸੇਵਾ-ਕਾਰਜ ਸਬੰਧੀ ਸੋਲਾਂ ਨੁਕਤਿਆਂ ਬਾਰੇ ਜਾਣਕਾਰੀ ਮੰਗੀ ਗਈ ਸੀ। ਸ਼੍ਰੋਮਣੀ ਕਮੇਟੀ ਦੇ ਦਫਤਰ ਵੱਲੋਂ ਲੇਖਕ ਦੀਆਂ ਦਰਖਾਸਤਾਂ ਦੇ ਸਬੰਧ ਵਿੱਚ ਭੇਜੇ ਗਏ ਉਪਰੋਕਤ ਪੱਤਰ ਵਿੱਚ ਤਿੰਨ ਨੁਕਤੇ ਹੀ ਸ਼ਾਮਲ ਕੀਤੇ ਗਏ ਹਨ ਜੋ ਗੈਰਪ੍ਰਸੰਗਕ ਹੋਣ ਦੇ ਨਾਲ-ਨਾਲ ਅਪਹੁਦਰੇ ਢੰਗ ਨਾਲ ਘੜੇ ਗਏ ਹੋਏ ਹਨ।
1. ਸ਼੍ਰੋਮਣੀ ਕਮੇਟੀ ਦੇ ਦਫਤਰ ਨੇ ਜੁਆਬ ਵਜੋਂ ਪਹਿਲਾ ਨੁਕਤਾ ਹੇਠਾਂ ਦਿੱਤੇ ਅਨੁਸਾਰ ਪੇਸ਼ ਕੀਤਾ ਹੈ:
“ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬਾਨ ਦੀ ਲਿਸਟ”
ਜਿਸ ਤੋਂ ਇਹ ਭਾਵ ਪਰਤੀਤ ਹੁੰਦਾ ਹੈ ਕਿ 1925 ਈਸਵੀ ਤੋਂ ਲੈ ਕੇ ਨਿਯੁਕਤ ਕੀਤੇ ਗਏ ‘ਅਕਾਲ ਤਖਤ’ ਦੇ ਜੱਥੇਦਾਰਾਂ ਦੇ ਨਾਂਵਾਂ ਦੀ ਲਿਸਟ (ਸੂਚੀ) ਪੱਤਰ ਦੇ ਨਾਲ ਨੱਥੀ ਕੀਤੀ ਗਈ ਹੈ ਜਦ ਕਿ ਪੱਤਰ ਨਾਲ ਕੋਈ ਸੂਚੀ ਪਰਾਪਤ ਨਹੀਂ ਹੋਈ (ਨਾ ਹੀ ਕੋਈ ਲਿਸਟ ਪੱਤਰ ਦੇ ਅੰਦਰ ਅੰਕਿਤ ਕੀਤੀ ਗਈ ਹੋਈ ਹੈ)। ਸਪਸ਼ਟ ਹੈ ਕਿ ਲੋੜੀਂਦੀ ਸੂਚੀ ਭੇਜਣ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬੰਧਿਤ ਅਧਿਕਾਰੀਆਂ ਨੇ ਝੂਠ ਬੋਲਿਆ ਹੈ।
2. ਸ਼੍ਰੋਮਣੀ ਕਮੇਟੀ ਦੇ ਦਫਤਰ ਨੇ ਜੁਆਬ ਵਜੋਂ ਜੋ ਦੂਸਰਾ ਨੁਕਤਾ ਪੇਸ਼ ਕੀਤਾ ਹੈ ਉਹ ਹੇਠਾਂ ਦਿੱਤੇ ਅਨੁਸਾਰ ਹੈ:
“ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਦੀ ਨਿਯੁਕਤੀ ਅਤੇ ਤਨਖਾਹ ਦੇ ਅਧਿਕਾਰ ਅੰਤਰਿੰਗ ਕਮੇਟੀ ਪਾਸ ਹਨ।”
ਜਦ ਕਿ ਅਕਾਲ ਤਖਤ ਦੇ ਜੱਥੇਦਾਰ ਦੀ ਨਿਯੁਕਤੀ ਅਤੇ ਸੇਵਾ-ਵਿਵਸਥਾ ਸਬੰਧੀ ਜਾਣਕਾਰੀ ਪਰਾਪਤ ਕਰਨ ਹਿਤ ਪੰਦਰਾਂ ਨੁਕਤੇ ਰੱਖੇ ਗਏ ਸਨ ਅਤੇ ਉਪਰੋਕਤ ਨੁਕਤਾ ਉਹਨਾਂ ਵਿੱਚੋਂ ਕਿਸੇ ਦਾ ਵੀ ਜੁਆਬ ਨਹੀਂ ਬਣਦਾ। ਸਪਸ਼ਟ ਹੈ ਕਿ ਸਬੰਧਿਤ ਦਫਤਰ ਵੱਲੋਂ ਮੰਗੀ ਗਈ ਲੋੜੀਂਦੀ ਜਾਣਕਾਰੀ ਪੇਸ਼ ਨਹੀਂ ਕੀਤੀ ਗਈ।
3. ਸ਼੍ਰੋਮਣੀ ਕਮੇਟੀ ਦੇ ਦਫਤਰ ਵੱਲੋਂ ਜੁਆਬ ਵਜੋਂ ਪੇਸ਼ ਕੀਤਾ ਗਿਆ ਤੀਸਰਾ ਨੁਕਤਾ ਹੇਠਾਂ ਦਿੱਤੇ ਅਨੁਸਾਰ ਹੈ:
“ਸਾਕਾ ਨੀਲਾ ਤਾਰਾ ਦੌਰਾਨ ਦਫਤਰ ਦਾ ਪਿਛਲਾ ਰਿਕਾਰਡ ਸੜ ਸੜ ਚੁੱਕਾ ਹੈ।”
ਜਦ ਕਿ ਜਾਣਕਾਰੀ ਪਰਾਪਤ ਕਰਨ ਹਿਤ ਦਿੱਤੇ ਗਏ ਸੋਲਾਂ ਨੁਕਤਿਆਂ ਵਿੱਚੋਂ ਕਿਸੇ ਦਾ ਵੀ ਸਬੰਧ ਸੰਨ 1984 ਈਸਵੀ ਵੇਲੇ ਸੜੇ ਰਿਕਾਰਡ ਨਾਲ ਨਹੀਂ ਬਣਦਾ।
ਉਪਰੋਕਤ ਤੋਂ ਸਪਸ਼ਟ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਲੇਖਕ ਵੱਲੋਂ ਉਠਾਏ ਗਏ ਨੁਕਤਿਆਂ ਸਬੰਧੀ ਦੋ-ਟੁੱਕ ਸਪਸ਼ਟੀਕਰਨ ਦੇਣ ਤੋਂ ਪਾਸਾ ਵੱਟ ਲਿਆ ਹੈ। ਉਪਰੋਕਤ ਸੋਲਾਂ ਨੁਕਤਿਆਂ ਦੇ ਰੂਪ ਵਿੱਚ ਮੰਗੀ ਗਈ ਸਾਰੀ ਜਾਣਕਾਰੀ ਦਾ ਸਬੰਧ ਸ਼੍ਰੋਮਣੀ ਕਮੇਟੀ ਦੇ ਦਫਤਰ ਦੀ ਵਰਤਮਾਨ ਵਿਵਸਥਾ ਨਾਲ ਬਣਦਾ ਹੈ ਅਤੇ ਸ਼੍ਰੋਮਣੀ ਕਮੇਟੀ ਦਾ ਦਫਤਰ ਸਬੰਧਿਤ ਐਕਟ ਅਧੀਨ ਇਹ ਸਾਰੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਪਾਬੰਦ ਹੈ। ਹਾਲਾਤ ਨੂੰ ਸਾਹਮਣੇ ਰੱਖਦੇ ਹੋਏ, ਲੇਖਕ ਵਿਚਾਰ-ਅਧੀਨ ਜਾਣਕਾਰੀ ਪਰਾਪਤ ਕਰਨ ਹਿਤ ਨਿਯਮਾਂ ਅਧੀਨ ਅਗਲੇਰੀ ਕਾਰਵਾਈ ਕਰਨ ਲਈ ਮਜਬੂਰ ਹੋਵੇਗਾ।
ਇਕਬਾਲ ਸਿੰਘ ਢਿੱਲੋਂ (ਡਾ.)
ਚੰਡੀਗੜ੍ਹ।




.