.

ਸਿਧ ਗੋਸਟਿ (ਕਿਸ਼ਤ ਨੰ: 05)

ਸਿਧਿ ਬੋਲਨਿ ਸੁਣਿ ਨਾਨਕਾ ਤੁਹਿ ਜਗ ਨੋ ਕਿਆ ਕਰਾਮਾਤਿ ਦਿਖਾਈ॥ (੧-੪੨-੧)
ਕੁਝ ਵਿਖਾਲੇਂ ਅਸਾ ਨੋ ਤੁਹਿ ਕਿਉਂ ਢਿਲ ਅਵੇਹੀ ਲਾਈ॥ (੧-੪੨-੨)
ਬਾਬਾ ਬੋਲੇ ਨਾਥ ਜੀ ਅਸਾਂ ਤੇ ਵੇਖਣਿ ਜੋਗੀ ਵਸਤੁ ਨ ਕਾਈ॥ (੧-੪੨-੩)
ਗੁਰ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀਂ ਹਹਿ ਰਾਈ॥ (੧-੪੨-੪)
ਸਿਵ ਰੂਪੀ ਕਰਤਾ ਪੁਰਖੁ ਚਲੇ ਨਾਹੀਂ ਧਰਤਿ ਚਲਾਈ॥ (੧-੪੨-੫)
ਸਿੱਧ ਤੰਤ੍ਰ ਮੰਤ੍ਰਿ ਕਰਿ ਝੜਿ ਪਏ ਸ਼ਬਦਿ ਗੁਰੂ ਕੈ ਕਲਾ ਛਪਾਈ॥ (੧-੪੨-੬)
ਦਦੇ ਦਾਤਾ ਗੁਰੂ ਹੈ ਕਕੇ ਕੀਮਤ ਕਿਨੈ ਨ ਪਾਈ॥ (੧-੪੨-੭)
ਸੋ ਦੀਨ ਨਾਨਕ ਸਤਿਗੁਰ ਸਰਣਾਈ॥ ੪੨॥ (੧-੪੨-੮)
ਪਦ ਅਰਥ: - ਸਿਧਿ ਬੋਲਨਿ ਸੁਣ ਨਾਨਕਾ – ਸਿਧਾਂ ਨੇ ਆਖਿਆ ਨਾਨਕ ਸੁਣਿ।
ਤੁਹਿ ਜਗ ਨੋ ਕਿਆ ਕਰਾਮਾਤਿ ਦਿਖਾਈ - ਤੂੰ ਜੱਗ ਨੂੰ ਕਿਹੜੀ ਕਰਾਮਾਤ ਦਿਖਾਈ ਹੈ?
ਕੁਝ ਵਿਖਾਲੇ ਅਸਾ ਨੋ ਤੁਹਿ ਕਿਉ ਢਿਲ ਅਵੇਹੀ ਲਾਈ – ਸਾਨੂੰ ਵੀ ਕੋਈ ਉਹੋ ਜਿਹੀ ਕਰਾਮਾਤ ਦਿਖਾ - ਸਾਨੂੰ ਦਿਖਾਉਣ ਵਿੱਚ ਕਿਉਂ ਢਿੱਲ ਵਰਤ ਰਿਹਾ ਹੈਂ।
ਬਾਬਾ ਬੋਲੇ ਨਾਥ ਜੀ ਅਸਾਂ ਤੇ ਵੇਖਣਿ ਜੋਗੀ ਵਸਤੁ ਨ ਕਾਈ – ਬਾਬੇ ਨਾਨਕ ਜੀ ਨੇ ਆਖਿਆ ਹੇ ਜੋਗੀ ਮੇਰੇ ਕੋਲ ਵਿਖਾਲਣ ਵਾਲੀ ਤਾਂ ਕੋਈ ਚੀਜ਼ ਹੈ ਹੀ ਨਹੀਂ ਜੋ ਤੁਹਾਨੂੰ ਵਿਖਾ ਦਿਆਂ। ਕੈ – ਜੋ। ਸੰਗ – ਜੁੜਨਾ। ਗਤਿ – ਮੁਕਤ ਹੋਣਾ। ਸੰਗ ਉਸਦਾ ਕਰਨਾ ਜਿਸਦਾ ਸੰਗ ਕਰਨ ਨਾਲ ਕਰਮ-ਕਾਂਡਾਂ ਤੋਂ ਮੁਕਤ ਹੋਇਆ ਜਾ ਸਕਦਾ ਹੈ।
ਗੁਰ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ – ਉਸ ਸੱਚੇ ਦੀ ਸੱਚੀ ਬਖ਼ਸ਼ਿਸ਼ ਨਾਲ ਜੁੜਕੇ ਮੁਕਤੀ ਪ੍ਰਾਪਤ ਹੁੰਦੀ ਹੈ ਉਸਦੀ ਬਖ਼ਸ਼ਿਸ਼ ਲੈਣ ਤੋਂ ਬਿਨਾਂ ਦੂਜਾ ਹੋਰ ਓਟ ਆਸਰਾ ਮੈਂ ਰਾਈ ਜਿਨਾਂ ਵੀ ਨਹੀਂ ਤੱਕਦਾ।
ਸਿਵ ਰੂਪੀ ਕਰਤਾ ਪੁਰਖੁ ਚਲੇ ਨਾਹੀਂ ਧਰਤਿ ਚਲਾਈ – ਜਿਸ ਆਪਣੇ ਮੁਖੀ ਨੂੰ ਤੁਸੀਂ ਸ਼ਿਵ ਰੂਪੀ ਕਰਤਾ ਪੁਰਖ ਮੰਨਦੇ ਹੋ, ਅਸੀਂ ਉਸਨੂੰ ਨਹੀਂ ਮੰਨਦੇ, ਸ਼੍ਰਿਸਟੀ ਉਸਦੀ ਚਲਾਈ ਨਹੀਂ ਚੱਲਦੀ। (ਨੋਟ –ਸ਼ਿਵਜੀ ਨੂੰ ਇਹ ਲੋਗ ਕਰਤਾ ਮੰਨਦੇ ਹਨ, ਇਸ ਤੋਂ ਅੱਗੇ ਜਿਹੜਾ ਮੌਜੂਦਾ ਮੁਖੀ ਹੁੰਦਾ ਹੈ ਉਸ ਨੂੰ ਵੀ ਇਹ ਸ਼ਿਵ ਦਾ ਰੂਪ ਕਰਤਾ ਹੀ ਮੰਨਦੇ ਹਨ)। ਜਿਵੇ ਸਿਧ ਗੋਸਟਿ ਬਾਣੀ ਅੰਦਰ ਚਰਪਟ ਨੂੰ ਸਿਵ ਰੂਪੀ ਭਾਵ ਸਿਵ ਦਾ ਰੂਪ ਮੰਨਦੇ ਹਨ।
ਸਿਧ ਤੰਤ੍ਰ ਮੰਤ੍ਰ ਕਰਕੇ ਝੜਿ ਪਏ ਸਬਦਿ ਗੁਰੂ ਕੈ ਕਲਾ ਛਪਾਈ – ਸਿਧਾਂ ਦੇ ਸਭ ਤੰਤ੍ਰ ਮੰਤ੍ਰ ਨਕਾਰੇ ਹੋ ਗਏ। ਬਾਬੇ ਨਾਨਕ ਜੀ ਨੇ ਕਿਹਾ - ਇਕੁ ਅਕਾਲ ਪੁਰਖ ਦੀ ਗੁਰੂ ਬਖਸ਼ਿਸ਼ ਸ਼ਬਦ ਨੂੰ ਛੁਪਾਇਆ ਭਾਵ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਦਦੇ ਦਾਤਾ ਗੁਰੂ ਹੈ ਕਕੇ ਕੀਮਤ ਕਿਨੇ ਨ ਪਾਈ – ਦੇਣ ਵਾਲਾ ਦਾਤਾ ਹੀ ਗੁਰੂ ਹੈ ਕਿਸੇ ਹੋਰ ਨਾਲ ਉਸਦੀ ਤੁੱਲਣਾ ਨਹੀਂ ਕੀਤੀ ਜਾ ਸਕਦੀ।
ਕੀਮਤ – ਕੀਮਤ ਪਾਉਣੀ ਭਾਵ ਤੁੱਲਣਾ ਦੇਣੀ।
ਸੋ ਦੀਨ ਨਾਨਕ ਸਤਿਗੁਰ ਸਰਣਾਈ।
ਸੋ – ਇਸ ਵਾਸਤੇ। ਦੀਨ – ਦਾਸ। ਸਤਿਗੁਰ – ਸਦਾ ਸਦੀਵੀ ਸਥਿਰ ਰਹਿਣ ਵਾਲਾ ਪਰਮੇਸਰ।
ਅਰਥ: - ਜਦੋ ਸਿਧ ਤੰਤ੍ਰ ਮੰਤ੍ਰ ਕਰਕੇ ਹਾਰ ਗਏ ਭਾਵ ਜੋਗੀਆਂ ਦੇ ਤੰਤ੍ਰਾਂ ਮੰਤ੍ਰਾਂ ਦਾ ਬਾਬੇ ਨਾਨਕ ਜੀ ਉੱਪਰ ਕੋਈ ਅਸਰ ਨਹੀਂ ਹੋਇਆ ਤਾਂ ਸਿਧਾਂ ਨੇ ਬਾਬੇ ਨਾਨਕ ਜੀ ਨੂੰ ਆਖਿਆ - ਨਾਨਕ ਸੁਣਿ, ਜਿਹੜੀ ਕਰਮਾਤ ਤੂੰ ਜਗਤ ਨੂੰ ਦਿਖਾਈ ਹੈ ਉਹੋ ਜਿਹੀ ਕਰਾਮਾਤ ਕੁੱਝ ਸਾਨੂੰ ਵੀ ਦਿਖਾ। ਤਾਂ ਬਾਬੇ ਨਾਨਕ ਜੀ ਨੇ ਆਖਿਆ - ਉਸ ਸੱਚੇ ਦੀ ਸੱਚੀ ਬਖਸ਼ਿਸ਼ ਨਾਲ ਮੈਂ ਜੁੜਿਆ ਹੋਇਆ ਹਾਂ ਜਿਸ ਦੇ ਨਾਲ ਜੁੜਨ ਕਰਕੇ ਹੀ ਕਰਮਕਾਂਡਾਂ ਦੇ ਜਾਲ਼ ਤੋਂ ਛੁਟਕਾਰਾ ਮਿਲਦਾ ਹੈ। ਉਸਦੀ ਬਖ਼ਸ਼ਿਸ਼ ਤੋਂ ਬਿਨਾਂ ਦੂਜਾ ਕੋਈ ਹੋਰ ਓਟ ਆਸਰਾ ਮੈਂ ਰਾਈ ਜਿਨਾਂ ਭਾਵ ਥੋੜਾ ਵੀ ਨਹੀਂ ਤੱਕਦਾ। ਉਸ ਸੱਚੇ ਦੀ ਸੱਚੀ ਬਖ਼ਸ਼ਿਸ਼ ਹੀ ਮੇਰੇ ਲਈ ਸਭ ਤੋਂ ਵੱਡੀ ਕਰਾਮਾਤ ਹੈ। ਇਹੀ ਉਸਦੀ ਕਰਾਮਾਤ ਮੈਂ ਜਗਤ ਨੂੰ ਦਿਖਾਈ ਹੈ। ਜਿਸ ਆਪਣੇ ਮੁਖੀ ਨੂੰ ਤੁਸੀਂ ਸ਼ਿਵ ਦਾ ਰੂਪ ਜਾਣ ਕੇ ਕਰਤਾ ਪੁਰਖ ਮੰਨਦੇ ਹੋ, ਇਹ ਸ੍ਰਿਸਟੀ ਉਸਦੀ ਚਲਾਈ ਨਹੀਂ ਚੱਲਦੀ। ਤੁਸੀਂ ਸ਼ਿਵ ਦੇ ਸਿਖਾਏ ਤੰਤ੍ਰ ਮੰਤ੍ਰ ਕਰਕੇ ਵੀੇ ਥੱਕ ਗਏ ਹੋ, ਤੁਹਾਡਾ ਚਲਾਇਆ ਸ਼ਿਵ ਤੰਤ੍ਰ-ਮੰਤ੍ਰ ਕੋਈ ਵੀ ਕਾਰ-ਆਮਦ ਨਹੀਂ ਹੋਇਆ। ਇਸ ਕਰਕੇ ਜਿਸ ਸੱਚੇ ਦੀ ਸੱਚੀ ਬਖ਼ਸ਼ਿਸ਼ ਦੀ ਮੈਂ ਗੱਲ ਕਰਦਾ ਹਾਂ, ਉਹ ਛੁਪਾਇਆਂ ਛੁਪਦੀ ਨਹੀਂ, ਪ੍ਰਤੱਖ ਹੈ। ਉਹ ਦੇਣ ਵਾਲਾ ਦਾਤਾ ਹੀ ਮੇਰਾ ਗੁਰੂ ਹੈ ਜਿਸਦੀ ਤੁੱਲਣਾ ਕਿਸੇ ਵੀ ਹੋਰ ਨਾਲ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਨਾਨਕ ਤਾਂ ਸਦਾ ਉਸ ਸਦੀਵੀ ਸਥਿਰ ਵਾਲੇ ਦਾ ਦਾਸ ਹੈ, ਅਤੇ ਉਸਦੀ ਹੀ ਸ਼ਰਣ ਹਮੇਸ਼ਾ ਰਹਿੰਦਾ ਹੈ, (ਜਿਸ ਸਦੀਵੀ ਰਹਿਣ ਵਾਲੇ ਦੀ ਕਰਾਮਾਤ ਅੱਗੇ ਕੋਈ ਟਿਕ ਨਹੀਂ ਸਕਦਾ)।
ਬਾਬਾ ਬੋਲੇ ਨਾਥ ਜੀ ਸ਼ਬਦ ਸੁਨਹੁ ਸਚੁ ਮੁਖਹੁ ਅਲਾਈ॥ (੧-੪੩-੧)
ਬਾਝੋ ਸਚੇ ਨਾਮ ਦੇ ਹੋਰ ਕਰਾਮਾਤਿ ਅਸਾ ਤੇ ਨਾਹੀ॥ (੧-੪੩-੨)
ਬਸਤਰਿ ਪਹਿਰੇ ਅਗਨਿ ਕੇ ਬਰਫ ਹਿਮਾਲੇ ਮੰਦਰੁ ਛਾਈ॥ (੧-੪੩-੩)
ਕਰੇ ਰਸੋਈ ਸਾਰ ਦੀ ਸਗਲੀ ਧਰਤੀ ਨਥਿ ਚਲਾਈ॥ (੧-੪੩-੪)
ਏਵਡੁ ਕਰੀ ਵਿਥਾਰ ਕਉ ਸਗਲੀ ਧਰਤੀ ਹਕੀ ਜਾਈ॥ (੧-੪੩-੫)
ਤੋਲੀਂ ਧਰਤਿ ਅਕਾਸਿ ਦੁਇ ਪਿਛੇ ਛਾਬੇ ਟੰਕੁ ਚੜਾਈ॥ (੧-੪੩-੬)
ਇਹ ਬਲੁ ਰਖਾ ਆਪਿ ਵਿਚਿ ਜਿਸੁ ਆਖਾ ਤਿਸੁ ਪਾਸਿ ਕਰਾਈ॥ (੧-੪੩-੭)
ਸਤਿਨਾਮ ਬਿਨੁ ਬਾਦਰਿ ਛਾਈ॥ ੪੩॥ (੧-੪੩-੮)
ਪਦ ਅਰਥ: - ਬਾਬਾ ਬੋਲੇ ਨਾਥ ਜੀ ਸ਼ਬਦ ਸੁਨਹੁ ਸਚੁ ਮੁਖਹੁ ਅਲਾਈ – ਬਾਬੇ ਨਾਨਕ ਜੀ ਨੇ ਆਖਿਆ ਜੋਗੀ ਜੀ ਸੱਚੇ ਦੀ ਸੱਚੀ ਇਲਾਹੀ ਬਖ਼ਸ਼ਿਸ਼ ਨੂੰ ਮੰਨਣ ਦਾ ਯਤਨ ਕਰੋ। ਮੁਖਹੁ – ਉਪਾਇ, ਯਤਨ। ਸੁਨਹੁ – ਸੁਣਨ ਭਾਵ ਮੰਨਣ ਦਾ। ਮੁਖ ਦਾ ਅਰਥ ਮੂੰਹ ਵੀ ਹੈ ਅਤੇ ਉਪਾਇ, ਯਤਨ ਵੀ, ਦੇਖੋ ਮਹਾਨ ਕੋਸ਼। ਇਥੇ ਸ਼ਬਦ ਮੁਖਹੁ – ਦੇ ਅਰਥ ਬਣਦੇ ਹਨ ਯਤਨ ਕਰੋ।
ਬਾਝੋ ਸੱਚੇ ਨਾਮ ਦੇ ਹੋਰ ਕਰਾਮਾਤਿ ਅਸਾ ਤੇ ਨਾਹੀ – ਇੱਕ ਸੱਚੇ ਦੇ ਸੱਚ ਤੋਂ ਬਗ਼ੈਰ ਹੋਰ ਕੋਈ ਕਰਾਮਾਤ ਸਾਡੇ ਕੋਲ ਨਹੀਂ ਹੈ, ‘ਸਤਿਨਾਮੁ’ ਹੀ ਕਰਾਮਾਤ ਹੈ।
ਬਸਤਰਿ ਪਹਿਰੇ ਅਗਨਿ ਕੇ ਬਰਫ ਹਿਮਾਲੇ ਮੰਦਰ ਛਾਈ – ਤੁਸੀਂ ਅਗਨਿ ਦੇ ਬਸ਼ਤਰ ਪਹਿਨੇ ਹੋਏ ਹਨ, ਭਾਵ ਬਾਹਰੋਂ ਤਾਂ ਤੁਸੀਂ ਅੱਗ-ਬਭੂਤਾ ਹੋਏ ਪਏ ਹੋ, ਪਰ ਆਖਦੇ ਹੋ ਕਿ ਸਾਡੇ ਹਿਰਦੇ ਰੂਪੀ ਘਰਿ ਅੰਦਰ ਹਿਮਾਲੀਆ ਪਰਬਤ ਦੀ ਬਰਫ਼ ਵਰਗੀ ਸੀਤਲਤਾ ਛਾਈ ਹੋਈ ਹੈ।
ਕਰੇ ਰਸੋਈ ਸਾਰ ਦੀ ਸਗਲੀ ਧਰਤੀ ਨਥਿ ਚਲਾਈ – ਇਸ ਗੱਲ ਨੂੰ ਸੱਚ ਜਾਣ ਕੇ ਦਾਅਵਾ ਇਹ ਕਰਦੇ ਹੋ ਕਿ ਸਾਰੀ ਧਰਤੀ ਤੁਹਾਡੀ ਭਾਵ ਜੋਗ ਮੱਤ ਦੀ ਚਲਾਈ ਚੱਲਦੀ ਹੈ। ਇਸ ਨੂੰ ਹੀ ਤੁਸੀਂ ਆਪਣੀ ਕਰਾਮਾਤ ਸਮਝਦੇ ਹੋ। ਰਸੋਈ – ਸਿਧ ਕਰਨਾ ਮ: ਕੋਸ। ਇਥੇ ਸਿਧ ਕਰਦੇ ਹੋ, ਦਾਅਵਾ ਕਰਦੇ ਹੋ। ਪਕਾਇਆ ਹੋਇਆ ਹੈ।
ਏਵਡੁ ਕਰੀ ਵਿਥਾਰ ਕਉ ਸਗਲੀ ਧਰਤੀ ਹਕੀ ਜਾਈ – ਜਦੋਂ ਕਿ ਸੱਚ ਇਹ ਹੈ ਕਿ ਏਡਾ ਵੱਡਾ ਸ੍ਰਿਸਟੀ -ਸਮੂੰਹ ਦਾ ਪਸਾਰ ਇੱਕ ਸੱਚੇ ਦੀ ਰਜ਼ਾ ਵਿੱਚ ਹੀ ਚੱਲ ਰਿਹਾ ਹੈ।
ਤੋਲੀਂ ਧਰਤਿ ਅਕਾਸਿ ਦੁਇ ਪਿਛੇ ਛਾਬੇ ਟੰਕੁ ਚੜਾਈ – ਇਸ ਗੱਲ ਦਾ ਵੀ ਦਾਅਵਾ ਕਰਦੇ ਹੋ ਕਿ ਧਰਤੀ ਅਤੇ ਆਕਾਸ਼ ਅਸੀਂ ਦੋਵੇਂ ਇੱਕ ਕੰਡੇ ਦੇ ਛਾਬੇ ਵਿੱਚ ਚਾੜ੍ਹਕੇ ਛੋਟੇ ਜਿਹੇ ਵੱਟੇ ਨਾਲ ਤੋਲ ਦਿੱਤੇ ਹਨ।
ਇਹ ਬਲੁ ਰਖਾ ਆਪਿ ਵਿਚਿ ਜਿਸੁ ਆਖਾ ਤਿਸੁ ਪਾਸਿ ਕਰਾਈ – ਇਹ ਵੀ ਕਿਹੰਦੇ ਹੋ - ਏਡਾ ਵੱਡਾ ਬਲ ਅਸੀਂ ਆਪਣੇ ਵਿੱਚ ਰੱਖਦੇ ਹਾਂ ਜਿਸ ਦੁਆਰਾ ਅਸੀਂ ਜਿਸ ਨੂੰ ਚਾਹੀਏ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਸਕਦੇ ਹਾਂ।
ਬਾਬੇ ਕੀਤੀ ਸਿਧ ਗੋਸਟਿ ਸ਼ਬਦ ਸਾਂਤਿ ਸਿਧੀ ਵਿੱਚ ਆਈ॥ (੧-੪੪-੧)
ਜਿਣਿ ਮੇਲਾ ਸ਼ਿਵਰਾਤਿ ਦਾ ਖਟ ਦਰਸ਼ਨ ਆਦੇਸਿ ਕਰਾਈ॥ (੧-੪੪-੨)
ਸਿਧਿ ਬੋਲਨਿ ਸੁਭ ਬਚਨ ਧੰਨੁ ਨਾਨਕ ਤੇਰੀ ਵਡੀ ਕਮਾਈ॥ (੧-੪੪-੩)
ਵਡਾ ਪੁਰਖੁ ਪਰਗਟਿਆ ਕਲਿਜੁਗ ਅੰਦਰਿ ਜੋਤਿ ਜਗਾਈ॥ (੧-੪੪-੪)
ਮੇਲਿਓਂ ਬਾਬਾ ਉਠਿਆ ਮੁਲਤਾਨੇ ਦੀ ਜਾਰਤਿ ਜਾਈ॥ (੧-੪੪-੫)
ਅਗੋਂ ਪੀਰ ਮੁਲਤਾਨ ਦੇ ਦੁਧਿ ਕਟੋਰਾ ਭਰਿ ਲੈ ਆਈ॥ (੧-੪੪-੬)
ਬਾਬੇ ਕਢਿ ਕਰਿ ਬਗਲ ਤੇ ਚੰਬੇਲੀ ਦੁਧ ਵਿਚਿ ਮਿਲਾਈ॥ (੧-੪੪-੭)
ਜਿਉਂ ਸਾਗਰ ਵਿੱਚ ਗੰਗ ਸਮਾਈ॥ ੪੪॥ (੧-੪੪-੮)

ਬਾਬੇ ਕੀਤੀ ਸਿਧ ਗੋਸਟਿ ਸਬਦ ਸਾਂਤਿ ਸਿਧੀ ਵਿੱਚ ਆਈ। -
ਇਸ ਤਰ੍ਹਾਂ ਜਦੋਂ ਬਾਬੇ ਨਾਨਕ ਜੀ ਨੇ ਸਿਧਾਂ ਨਾਲ ਗਿਆਨ-ਗੋਸਟਿ ਕੀਤੀ ਤਾਂ ਸਿਧਾਂ ਵਿੱਚ ਸ਼ਾਂਤੀ ਵਰਤ ਗਈ। ਸਬਦ – ਗਿਆਨ।
ਜਿਣਿ ਮੇਲਾ ਸ਼ਿਵਰਾਤਿ ਦਾ ਖਟ ਦਰਸ਼ਨ ਆਦੇਸਿ ਕਰਾਈ। -ਜਿਣਿ – ਜਿਹੜੇ। ਸਿਵਰਾਤਿ ਦੇ ਮੇਲੇ ਆ ਕੇ ਇਹ ਧੌਂਸ ਜਮਾਉਦੇ ਸਨ ਕਿ ਅਸੀਂਛੇ ਦੂਸਰੇ ਜੰਗਮ, ਜੋਗੀ, ਜੈਨੀ, ਸਨਿੰਆਸੀ, ਵੈਰਾਗੀ ਅਤੇ ਮਦਾਰੀ ਫਿਰਕਿਆਂ ਨੂੰ ਹਰਾਕੇ ਜੋਗ ਮੱਤ ਦਾ ਉਪਦੇਸ ਕੀਤਾ ਹੈ। ਸ਼ਿਵਰਾਤ੍ਰੀ ਦੇ ਮੇਲੇ ਤੇ ਹੋਈ ਗੋਸਟੀ ਵਿੱਚ ਬਾਬੇ ਨਾਨਕ ਜੀ ਦੀ ਜਿੱਤ ਉਪ੍ਰੰਤ ਛੇ ਦਰਸ਼ਨਾਂ ਤੋਂ ਆਪਣੇ ਆਪ ਨੂੰ ਉੱਪਰ ਮੰਨਣ ਵਾਲਿਆਂ ਸਿਧਾਂ ਨੂੰ ਬਾਬੇ ਨਾਨਕ ਜੀ ਦੇ ਗਿਆਨ ਅੱਗੇ ਝੁਕਣਾ ਪਿਆ।
ਸਿਧ ਬੋਲਨਿ ਸ਼ੁਭ ਬਚਨ, ਧੰਨ ਨਾਨਕ ਤੇਰੀ ਵਡੀ ਕਮਾਈ।
ਵਡਾ ਪੁਰਖੁ ਪਰਗਟਿਆ ਕਲਿਜੁਗ ਅੰਦਰ ਜੋਤਿ ਜਗਾਈ।
ਉਹੀ ਸਿਧ ਜਿਹੜੇ ਪਹਿਲਾਂ ਤੱਤੇ ਬਚਨ ਬੋਲਦੇ ਸਨ, ਸ਼ੁਭ ਬਚਨ ਬੋਲਣ ਲੱਗੇ ਅਤੇ ਆਖਣ ਲੱਗੇ - ਧੰਨ ਨਾਨਕ! ਤੇਰੀ ਕਮਾਈ ਵੱਡੀ ਹੈ, ਇੱਕ ਮਹਾਨ ਪੁਰਖੁ ਸਾਡੇ ਅਗਿਆਨ ਦੇ ਹਨੇਰੇ ਅੰਦਰ ਪਰਗਟ ਹੋਇਆ ਹੈ, ਜਿਸ ਨੇ ਸਾਡੇ ਅੰਦਰ ਗਿਆਨ ਦੀ ਜੋਤਿ (ਵੀਚਾਰਧਾਰਾ) ਜਗਾ ਦਿੱਤੀ ਹੈ। ਵਡਾ ਪੁਰਖੁ – ਅਕਾਲ ਪੁਰਖੁ ਜੋ ਸੱਭ ਤੋਂ ਵੱਡਾ ਹੈ, ਉਸ ਨੂੰ ਹੀ ਸਿਧਾਂ ਨੇ ਬਾਬੇ ਨਾਨਕ ਜੀ ਨਾਲ ਹੋਈ ਗੋਸਟਿ ਉਪ੍ਰੰਤ ਵੱਡਾ ਮੰਨਿਆ।
ਮੇਲਿਉ ਬਾਬਾ ਉਠਿਆ ਮੁਲਤਾਨੇ ਦੀ ਜਾਰਤਿ ਜਾਈ।
ਅਗੋ ਪੀਰ ਮੁਲਤਾਨ ਦੇ ਦੁਧਿ ਕਟੋਰਾ ਭਰਿ ਲੈ ਆਈ।
ਸਿਧਾਂ ਨਾਲ ਵੀਚਾਰ ਚਰਚਾ ਤੋਂ ਬਾਅਦ ਬਾਬਾ ਨਾਨਕ ਜੀ ਮੁਲਤਾਨ ਦੇ ਪੀਰਾਂ ਨਾਲ ਮੁਲਾਕਾਤ ਕਰਨ ਲਈ ਚਲੇ ਗਏ। ਅੱਗੋਂ ਮੁਲਤਾਨ ਦੇ ਪੀਰ ਦੁੱਧ ਦਾ ਕਟੋਰਾ ਭਰ ਕੇ ਲੈ ਆਏ।
ਬਾਬੇ ਕਢਿ ਕਰਿ ਬਗਲ ਤੇ ਚੰਬੇਲੀ ਦੁਧ ਵਿਚਿ ਮਿਲਾਈ।
ਜਿਉਂ ਸਾਗਰ ਵਿੱਚ ਗੰਗ ਸਮਾਈ॥ ੪੪॥
ਬਾਬੇ ਨਾਨਕ ਜੀ ਨੇ ਆਪਣੀ ਬਗਲ ਵਿੱਚੋ ਚੰਬੇਲੀ ਕੱਢਕੇ ਦੁੱਧ ਵਿਚਿ ਮਿਲਾਈ, ਜਿਸ ਤਰ੍ਹਾਂ ਸਾਗਰ ਵਿੱਚ ਗੰਗਾ ਸਮਾ ਜਾਂਦੀ ਹੈ।
ਦੁਧ ਦਾ ਕਟੋਰਾ ਪੀਰਾਂ ਵਲੋਂ ਭਰ ਕੇ ਲਿਆਉਣ ਦਾ ਮਤਲਬ ਇਹ ਸੀ ਕਿ ਮੁਲਤਾਨ ਵਿੱਚ ਪਹਿਲਾਂ ਹੀ ਪੀਰਾਂ ਫ਼ਕੀਰਾਂ ਦੀ ਭਰਮਾਰ ਹੈ, ਹੋਰਾਂ ਲਈ ਥਾਂਹ ਨਹੀਂ। ਤਾਂ ਬਾਬੇ ਨਾਨਕ ਜੀ ਨੇ ਕਿਹਾ - ਜਿਵੇਂ ਸਮੁੰਦਰ ਭਾਵੇਂ ਪਹਿਲਾਂ ਹੀ ਕਿਉਂ ਨ ਭਰਿਆ ਹੋਵੇ, ਗੰਗਾ ਫਿਰ ਵੀ ਉਸ ਵਿੱਚ ਸਮਾ ਹੀ ਜਾਂਦੀ ਹੈ, ਸਮੁੰਦਰ ਉਛਲਦਾ ਨਹੀਂ। ਇਸੇ ਤਰਾਂ ਭਾਈ ਅਸੀਂ ਕਿਹੜਾ ਕਿਸੇ ਨੂੰ ਕੋਈ ਦੁੱਖ ਦੇਣਾ ਹੈ ਭਾਵ ਸਾਡੇ ਆਉਣ ਨਾਲ ਕਿਹੜਾ ਕੋਈ ਮੁਲਤਾਨ ਉੱਛਲ ਜਾਣਾ ਹੈ।
ਅਰਥ: - ਇਸ ਤਰ੍ਹਾਂ ਜਦੋ ਬਾਬਾ ਨਾਨਕ ਜੀ ਨੇ ਸਿੱਧਾਂ ਨਾਲ ਗਿਆਨ-ਗੋਸਟੀ ਕੀਤੀ ਤਾਂ ਜਿਹੜੇ ਸਿਧ ਸ਼ਿਵਰਾਤ੍ਰੀ ਦੇ ਮੇਲੇ ਆ ਕੇ ਇਹ ਧੌਂਸ ਜਮਾਉਂਦੇ ਸਨ ਕਿ ਅਸੀਂ ਛੇ ਦੂਸਰੇ ਫਿਰਕੇ ਜੰਗਮ, ਜੋਗੀ, ਜੈਨੀ, ਸੰਨਿਆਸੀ, ਵੈਰਗੀ ਅਤੇ ਮਦਾਰੀ ਫਿਰਕੇ ਹਰਾਕੇ ਜੋਗ ਮੱਤ ਦਾ ਉਪਦੇਸ ਹੀ ਕੀਤਾ ਹੈ, ਅਤੇ ਜਿਹੜੇ ਸਿੱਧ ਪਹਿਲਾਂ ਤੱਤੇ ਬਚਨ ਬੋਲਦੇ ਸਨ, ਉਹੀ ਸ਼ੁਭ ਬਚਨ ਬੋਲਣ ਲੱਗ ਪਏ ਅਤੇ ਆਖਣ ਲੱਗੇ ਕਿ ਨਾਨਕ ਤੇਰੀ ਕਮਾਈ ਧੰਨ ਹੈ, ਵੱਡੀ ਹੈ। ਅੱਜ ਦੀ ਵੀਚਾਰ ਗੋਸਟਿ ਨਾਲ ਜੋ ਤੂੰ ਸਾਡੇ ਅੰਦਰ ਗਿਆਨ ਦੀ ਜੋਤਿ ਜਗਾਈ ਹੈ, ਇਸ ਨਾਲ ਸਾਡੀ ਅਗਿਆਨਤਾ ਦਾ ਹਨੇਰਾ ਚੁੱਕਿਆ ਗਿਆ ਹੈ ਅਤੇ ਗਿਆਨ ਦੇ ਪ੍ਰਕਾਸ ਨਾਲ ਸਾਡੇ ਅੰਦਰ ਸਭ ਤੋਂ ਵੱਡਾ ਪੁਰਖ ਅਕਾਲ ਪੁਰਖ ਪਰਗਟ ਹੋਇਆ ਹੈ। ਗੋਸਟੀ ਸਮਾਪਤ ਕਰਕੇ ਫਿਰ ਬਾਬਾ ਨਾਨਕ ਜੀ ਨੇ ਮੁਲਤਾਨ ਵਲ ਚਾਲੇ ਪਾ ਦਿੱਤੇ, ਜਿਥੇ ਅੱਗੋਂ ਮੁਲਤਾਨ ਦੇ ਪੀਰਾਂ ਨੇ ਦੁੱਧ ਦਾ ਕਟੋਰਾ ਭਰ ਕੇ ਲੈ ਆਂਦਾ ਜਿਸਦਾ ਮਤਲਬ ਇਹ ਸੀ ਕਿ ਇਥੇ ਪੀਰਾਂ ਦੀ ਪਹਿਲਾ ਹੀ ਕੋਈ ਘਾਟਿ ਨਹੀਂ ਹੈ, ਭਾਵ ਮੁਲਤਾਨ ਪੀਰਾ ਨਾਲ ਭਰਿਆ ਪਿਆ ਹੈ। ਬਾਬੇ ਨਾਨਕ ਜੀ ਨੇ ਆਪਣੇ ਕੋਲੋ ਚੰਬੇਲੀ ਸੁਗੰਧੀ ਕੱਢਕੇ ਦੁੱਧ ਵਿੱਚ ਮਿਲਾ ਦਿੱਤੀ ਜਿਸ ਦਾ ਭਾਵ ਇਹ ਸੀ ਕਿ ਭਾਈ ਜੇਕਰ ਮੁਲਤਾਨ ਪਹਿਲਾਂ ਹੀ ਪੀਰਾਂ ਨਾਲ ਭਰਿਆ ਪਿਆ ਹੈ, ਕੋਈ ਗੱਲ ਨਹੀਂ, ਅਸੀਂ ਤਾਂ ਇਸ ਨੂੰ ਗਿਆਨ ਰੂਪੀ ਸੁਗੰਧੀ ਨਾਲ ਸੁਗੰਧਤ ਹੀ ਕਰਨਾ ਹੈ। ਜਿਸ ਤਰ੍ਹਾਂ ਸਾਗਰ ਪਹਿਲਾਂ ਹੀ ਭਰਿਆ ਹੁੰਦਾ ਹੈ, ਪਰ ਜਦੋ ਗੰਗਾ ਉਸ ਵਿੱਚ ਪੈਦੀ ਹੈ ਤਾ ਸਾਗਰ ਉੱਛਲ ਨਹੀਂ ਜਾਂਦਾ। ਇਸੇ ਤਰ੍ਹਾਂ ਸਾਡੇ ਆਉਣ ਨਾਲ ਮੁਲਤਾਨ ਉੱਛਲ ਨਹੀਂ ਜਾਣਾ, ਭਾਵ ਤੁਹਾਨੂੰ ਮੁਲਤਾਨ ਛੱਡਕੇ ਕਿਧਰੇ ਬਾਹਰ ਨਹੀਂ ਜਾਣਾ ਪੈਣਾ। ਭਾਈ ਅਸੀਂ ਤਾਂ ਪੀਰਾਂ ਨਾਲ ਭਰੇ ਮੁਲਤਾਨ ਅੰਦਰ ਗਿਆਨ ਰੂਪੀ ਸੁਗੰਧੀ ਹੀ ਪਾਉਣੀ ਹੈ, ਭਾਵ ਮੁਲਤਾਨ ਨੂੰ ਗਿਆਨ ਨਾਲ ਸੁਗੰਧਤ ਹੀ ਕਰਨਾ ਹੈ। --- ਚਲਦਾ

ਬਲਦੇਵ ਸਿੰਘ ਟੋਰਾਂਟੋ




.