.

“ਸਾਹਿਬ ਸਦਾ ਹਦੂਰਿ ਹੈ ਕਿਆ ਉਚੀ ਕਰਹਿ ਪੁਕਾਰ”

-ਰਘਬੀਰ ਸਿੰਘ ਮਾਨਾਂਵਾਲੀ

ਜਦੋਂ ਕੋਈ ਵੀ ਅਵਾਜ਼ ਭਾਵੇਂ ਕਿੰਨੀ ਵੀ ਅਰਥ-ਭਰਪੂਰ ਹੋਵੇ, ਜੇ ਉਹ ਲੋੜ ਤੋਂ ਵੱਧ ਉੱਚੀ ਹੈ, ਤਾਂ ਉਸ ਦੇ ਅਰਥ ਖ਼ਤਮ ਹੋ ਜਾਂਦੇ ਹਨ। ਲੋੜੋਂ ਵੱਧ ਉੱਚੀ ਅਵਾਜ਼ਉਸ ਸਮੇਂ ਬੇਹੱਦ ਪ੍ਰੇਸ਼ਾਨ ਕਰਦੀ ਹੈ, ਜਦੋਂ ਕੋਈ ਵਿਅਕਤੀ ਕਿਸੇ ਖਾਸ ਕੰਮ ਅਤੇ ਕਿਸੇ ਖਾਸ ਸਮੇਂ ਉੱਤੇ ਇਸ ਅਣਚਾਹੀ ਅਵਾਜ਼ ਨੂੰ ਰੁਕਾਵਟ ਮਹਿਸੂਸ ਕਰੇ। ਸ਼ੋਰ ਇੱਕ ਅਜਿਹਾ ਤਨਾਅ ਜਾਂ ਬੋਝ ਹੈ, ਜੋ ਕਿ ਆਦਮੀ `ਤੇ ਹੀ ਨਹੀਂ ਬਲਕਿ ਜਾਨਵਰਾਂ, ਪਸ਼ੂਆਂ, ਪੰਛੀਆਂ ਅਤੇ ਫਸਲਾਂ `ਤੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਮਾਰੂ ਅਸਰ ਕਰਦਾ ਹੈ। ਬੇਲੋੜਾ ਸ਼ੋਰ ਮਨੁੱਖ ਦੀ ਨਬਜ ਼ਅਤੇ ਸਾਹ ਲੈਣ ਦੀ ਗਤੀ ਵਧਾ ਕੇ ਸ਼ਰੀਰਕ ਅਵਸਥਾ ਵਿੱਚ ਵਿਗਾੜ ਪੈਦਾ ਕਰਦਾ ਹੈ। ਸ਼ੋਰ ਇੱਕ ਅਜਿਹੀ ਅਦਿੱਖ ਗੰਦਗੀ ਹੈ, ਜਿਸ ਨੂੰ ਅੱਖਾਂ ਨਹੀਂ ਵੇਖ ਸਕਦੀਆਂ। ਪ੍ਰੰਤੂ ਦਿਲ ਅਤੇ ਦਿਮਾਗ਼ ਅਨੁਭਵ ਕਰਦੇ ਹਨ। ਭਾਵੇਂ ਸ਼ੋਰ, ਰੌਲਾ ਅਤੇ ਅਣਚਾਹੇ ਅਵਾਜ਼ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਵਾਤਾਵਰਨ ਵਿਭਾਗ ਲੋਕਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕਰਦੀਆਂ ਹਨ। ਫਿਰ ਵੀ ਲੋਕਾਂ ਵਲੋਂ ਸ਼ੋਰ ਪ੍ਰਦੂਸ਼ਣ ਘੱਟ ਕਰਨ ਲਈ ਸਹਿਯੋਗ ਨਹੀਂ ਦਿਤਾ ਜਾ ਰਿਹਾ। ਸਾਨੂੰ ਨਾ ਚਾਹੁੰਦੇ ਹੋਏ ਵੀ ਅਵਾਜ਼ ਅਤੇ ਸ਼ੋਰ. ਪ੍ਰਦੂਸ਼ਣ ਦੀ ਪ੍ਰੇਸ਼ਾਨੀ ਨੂੰ ਸਹਿਣ ਕਰਨਾ ਹੀ ਪੈਂਦਾ ਹੈ। ਭਾਵੇਂ ਪ੍ਰਸਾਸ਼ਨ ਵਲੋਂ ਸ਼ੋਰ ਅਤੇ ਅਵਾਜ਼ਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੀਆਂ ਸੀਮਾਂਵਾਂ ਅਤੇ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਪਰ ਉਹਨਾਂ ਸੀਮਾਂਵਾਂ ਅਤੇ ਹਦਾਇਤਾਂ ਦੀ ਲੋਕਾਂ ਵਲੋਂ ਸ਼ਰੇਆਮ ਉਲੰਘਣਾ ਕੀਤੀ ਜਾਂਦੀ ਹੈ ਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਪ੍ਰਸਾਸ਼ਨ ਅਤੇ ਪੁਲਿਸ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਹੈ।

ਅੱਜ ਵਿਆਹ ਜਾਂ ਹੋਰ ਖੁਸ਼ੀਆਂ ਦੇ ਸਮਾਗਮ ਅਕਸਰ ਹਰ ਦੂਜੇ-ਤੀਜੇ ਦਿਨ ਕੀਤੇ ਜਾ ਰਹੇ ਹਨ। ਅਜੋਕੇ ਵਿਆਹਾਂ ਵਿੱਚ ਤਾਂ ਸ਼ੋਰ-ਪ੍ਰਦੂਸ਼ਣ ਫੈਲਾਉਣ ਦੀਆਂ ਸਾਰੀਆਂ ਹੱਦਾਂ ਅਤੇ ਸੀਮਾਵਾਂ ਪਾਰ ਕਰ ਦਿਤੀਆਂ ਜਾਂਦੀਆਂ ਹਨ। ਵਿਆਹ ਸਮੇਂ ‘ਲੇਡੀਜ਼ ਸੰਗੀਤ` ਦੇ ਨਾਮ `ਤੇ ਜੋ ਅਵਾਜ਼ ਅਤੇ ਰੌਲੇ-ਰੱਪੇ ਦਾ ਪ੍ਰਦੂਸ਼ਣ ਵਿਆਹ ਵਾਲੇ ਪਰਿਵਾਰ ਵਲੋਂ ਫੈਲਾਇਆ ਜਾਂਦਾ ਹੈ, ਉਸ ਦੀਆਂ ਕੋਈ ਸੀਮਾਵਾਂ ਨਹੀਂ ਹਨ। ਵੱਡੇ-ਵੱਡੇ ਸਪੀਕਰ ਬਾਕਸਾਂ ਅਤੇ ਵੱਡੀ ਧਮਕ ਵਾਲਾ ਡੀ. ਜੇ. ਲੇਡੀਜ਼ ਸੰਗੀਤ ਸਮੇਂ ਲਗਾਏ ਜਾਣ ਦਾ ਰਿਵਾਜ਼ ਬਣ ਗਿਆ ਹੈ। ਡੀ. ਜੇ. ਦੀ ਦਿੱਲ ਹਿਲਾਅ ਦੇਣ ਵਾਲੀ ਅਵਾਜ਼ ਚੰਗੇ-ਭਲੇ ਬੰਦੇ ਨੂੰ ਮਰੀਜ਼ ਬਣਾ ਦਿੰਦੀ ਹੈ। ਪ੍ਰਸਾਸ਼ਨ ਦੀਆਂ ਹਦਾਇਤਾਂ ਮੁਤਾਬਕ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਕੋਈ ਵੀ ਲਾਊਡ ਸਪੀਕਰ ਜਾਂ ਮਿਊਜ਼ਕ ਸਿਸਟਮ ਲਗਾਉਣ ਦੀ ਸਖ਼ਤ ਮਨਾਹੀ ਹੈ। ਪਰ ਵਿਆਹ ਵਾਲੇ ਘਰ ਰਾਤ ਨੂੰ 12 ਵਜੇ ਤੱਕ ਡੀ. ਜੇ. ਬਿਨ੍ਹਾਂ ਰੋਕ-ਟੋਕ ਵਜਾਇਆ ਜਾਂਦਾ ਹੈ। ਡੀ. ਜੇ. ਦੀ ਸ਼ੋਰ ਭਰੀ ਅਵਾਜ਼ `ਤੇ ਘਰਦੇ ਛੋਟੇ-ਵੱਡੇ ਲੋਕਾਂ ਵਲੋਂ ਅੱਧੀ ਰਾਤ ਤੱਕ ਲੱਚਰ ਗੀਤਾਂ `ਤੇ ਡਾਂਸ ਕੀਤਾ ਅਤੇ ਭੰਗੜਾ ਪਾਇਆ ਜਾਂਦਾ ਹੈ। ਅਸਲ ਵਿੱਚ ਉਹ ਭੰਗੜਾ ਜਾਂ ਡਾਂਸ ਨਹੀਂ ਹੁੰਦਾ ਸਿਰਫ਼ ਖੱਪ-ਖਾਨਾ ਹੀ ਹੁੰਦਾ ਹੈ। ਅਤੇ ਇਸ ਖੱਪ-ਖਾਨੇ ਨਾਲ ਉਹ ਆਲੇ-ਦੁਆਲੇ ਦੇ ਘਰਾਂ ਵਾਲਿਆਂ ਨੂੰ ਪ੍ਰੇਸ਼ਾਨ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡਦੇ। ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ, ਨਵ-ਜੰਮੇ ਬੱਚਿਆਂ, ਇਮਤਿਹਾਨਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਅਤੇ ਮਰੀਜ਼ਾਂ ਦੀ ਪ੍ਰਵਾਹ ਬਿਲਕੁਲ ਨਹੀਂ ਕਰਦੇ। ਇਸ ਤਰ੍ਹਾਂ ਆਮ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਸ਼ੋਰ ਪ੍ਰਦੂਸ਼ਣ ਦੇ ਵਿਰੁੱਧ ਅਵਾਜ਼ ਉਠਾਉਣ ਵਾਲੇ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਇਸ ਕਰਕੇ ਅਕਸਰ ਸਿਆਣੇ ਲੋਕ ਚੁੱਪ ਕਰਕੇ ਇਹ ਸਭ ਕੁੱਝ ਸਹਿਣ ਕਰਨ ਲਈ ਮਜਬੂਰ ਹੋ ਜਾਂਦੇ ਹਨ।

ਡੀ. ਜੇ. ਦੀ ਉੱਚੀ ਅਤੇ ਧਮਕ ਵਾਲੀ ਅਵਾਜ਼ ਦਿੱਲ ਦੀਆਂ ਬੀਮਾਰੀਆਂ, ਉੱਚੇ ਖੂਨ ਦੇ ਦਬਾਅ ਅਤੇ ਸ਼ੂਗਰ ਦੇ ਮਰੀਜ਼ ਲਈ ਪ੍ਰੇਸ਼ਾਨੀ ਵਾਲੀ ਅਤੇ ਮਾਰੂ ਸਾਬਿਤ ਹੁੰਦੀ ਹੈ। ਸਮਾਜਿਕ ਅਤੇ ਧਾਰਮਿਕ ਸਮਾਗਮਾਂ ਸਮੇਂ ਨਾ-ਸਹਿਣਯੋਗ ਅਵਾਜ਼ ਨਾਲ ਮਰੀਜ਼ਾਂ ਨੂੰ ਪ੍ਰੇਸ਼ਾਨ ਕਰਨਾ ਕੋਈ ਠੀਕ ਨਹੀਂ ਹੈ। ਹਰ ਹਸਪਤਾਲ ਅਤੇ ਡਾਕਟਰ ਦੀ ਕਲੀਨਿਕ ਦੇ ਬਾਹਰ ਮੋਬਾਇਲ ਫੋਨ ਦੀ ‘ਰਿੰਗ ਟੋਨ` ਬੰਦ ਕਰਨ ਦੀ ਹਦਾਇਤ ਮਰੀਜ਼ ਨੂੰ ਹੋਣ ਵਾਲੀ ਪ੍ਰੇਸ਼ਾਨੀ ਨੂੰ ਧਿਆਨ ਵਿੱਚ ਰੱਖ ਕੇ ਹੀ ਕੀਤੀ ਜਾਂਦੀ ਹੈ। ਡੀ. ਜੇ. ਦੀ 150 ਡੈਸੀਬਲ ਤੋਂ ਉਪਰ ਦੀ ਅਵਾਜ਼ ਮਰੀਜ਼ ਲਈ ਕਿੰਨੀ ਖਤਰਨਾਕ ਸਾਬਤ ਹੋ ਸਕਦੀ ਹੈ ਇਸ ਦਾ ਅੰਦਾਜ਼ਾ ਤਾਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਆਪਣੇ ਸਮਾਜਿਕ ਸਮਾਗਮਾਂ ਦੇ ਬਹਾਨੇ ਦੂਸਰੇ ਲੋਕਾਂ `ਤੇ ਬਦੋਬਦੀ ਸ਼ੋਰ ਪ੍ਰਦੂਸ਼ਣ ਠੋਸਣ ਵਾਲੇ ਕੀ ਕਾਨੂੰਨ ਦੀਆਂ ਨਜ਼ਰਾਂ ਵਿੱਚ ਦੋਸ਼ੀ ਨਹੀਂ ਹਨ? ਫਿਰ ਕਾਨੂੰਨ ਦੀ ਉਲੰਘਣਾ ਕਰਨ ਅਤੇ ਮਨੁੱਖੀ ਅਧਿਕਾਰਾਂ ਦੇ ਵਿਰੁੱਧ ਕੰਮ ਕਰਨ ਵਾਲਿਆਂ `ਤੇ ਪ੍ਰਸਾਸ਼ਨ ਕੋਈ ਕਾਰਵਾਈ ਕਿਉਂ ਨਹੀਂ ਕਰਦਾ? ਇਸ ਸਬੰਧੀ ਪ੍ਰਸਾਸ਼ਨ ਅਤੇ ਸਰਕਾਰ ਦਾ ਕੋਈ ਜਵਾਬ ਨਹੀਂ ਹੈ।

ਸਾਰੇ ਦਿਨ ਦਾ ਥੱਕਿਆ ਟੁੱਟਿਆ ਆਦਮੀ ਰਾਤ ਸਮੇਂ ਅਰਾਮ ਕਰਕੇ ਹੀ ਦੂਜੇ ਦਿਨ ਦੇ ਕੰਮ ਲਈ ਤਿਆਰ ਹੋ ਸਕਦਾ ਹੈ। ਪਰ ਜੇ ਗਲੀ-ਗੁਆਂਢ ਵਿੱਚ ਵਿਆਹ ਦਾ ਸ਼ੋਰ-ਸ਼ਰਾਬਾ ਹੋਵੇ ਤਾਂ ਅਰਾਮ ਨਹੀਂ ਕੀਤਾ ਜਾ ਸਕਦਾ। ਜੇ ਰਾਤ ਦੀ ਨੀਂਦ ਪੂਰੀ ਨਹੀਂ ਹੁੰਦੀ ਤਾਂ ਇਸ ਨਾਲ ਦਿਮਾਗ਼ ਦੀਆਂ ਨਾੜੀਆਂ ਖਿੱਚੀਆਂ-2 ਮਹਿਸੂਸ ਹੁੰਦੀਆਂ ਹਨ। ਇਸ ਦਾ ਸਿੱਧਾ ਅਸਰ ਪਾਚਣ ਸ਼ਕਤੀ, ਖੂਨ ਦੇ ਦੌਰੇ ਅਤੇ ਦਬਾਓ ਉਪਰ ਪੈਂਦਾ ਹੈ। ਬੇਅਰਾਮ ਮਨੁੱਖ ਦੂਜੇ ਦਿਨ ਕੰਮ ਨਹੀਂ ਕਰ ਸਕਦਾ। ਇਸ ਲਈ ਸ਼ੋਰ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਬਹੁਤ ਪ੍ਰੇਸ਼ਾਨੀ ਪੈਦਾ ਕਰਦਾ ਹੈ। ਇਸ ਨੂੰ ਹਰ ਹਾਲਤ ਵਿੱਚ ਬੰਦ ਕਰਨਾ ਚਾਹੀਦਾ ਹੈ। ਮਨੁੱਖੀ ਅਧਿਕਾਰਾਂ ਨੂੰ ਧਿਆਨ ਵਿੱਚ ਰੱਖ ਕੇ ਸ਼ੋਰ ਪ੍ਰਦੂਸ਼ਣ ਕਰਨ ਵਾਲਿਆਂ ਵਿਰੁੱਧ ਵਾਤਾਵਰਨ ਸੁਰੱਖਿਆ ਐਕਟ ਅਧੀਨ ਕਾਰਵਾਈ ਕਰਨੀ ਚਾਹੀਦੀ ਹੈ।

ਧਾਰਮਿਕ ਸਮਾਗਮਾਂ ਸਮੇਂ ਵੀ ਬੇ-ਲੋੜਾ ਸ਼ੋਰ ਪ੍ਰਦੂਸ਼ਣ ਫੈਲਾਇਆ ਜਾਂਦਾ ਹੈ। ਸਵੇਰੇ-ਸ਼ਾਮ ਗੁਰਦੁਆਰਿਆਂ ਦੇ ਬਾਹਰਲੇ ਸਪੀਕਰਾਂ ਚੋਂ ਆਉਂਦੀ ਉੱਚੀ ਅਵਾਜ਼ ਵੀ ਅੱਜ ਕਲ ਇੱਕ ਸਮੱਸਿਆ ਬਣੀ ਹੋਈ ਹੈ। ਬਿਕਰਮੀ ਅਤੇ ਨਾਨਕਸ਼ਾਹੀ ਕੈਲੰਡਰ ਦੇ ਨਵੇਂ ਸਾਲ ਦੀ ਸ਼ੁਰੂਆਤ ਅਕਸਰ ਗੁਰਦੁਆਰਿਆਂ ਵਿੱਚ ਕੀਰਤਨ ਸਮਾਗਮ ਕਰਕੇ ਕੀਤੀ ਜਾਂਦੀ ਹੈ। ਇਹ ਵਧੀਆ ਪਿਰਤ ਹੈ। ਪਰ ਇਹਨਾਂ ਸਮਾਗਮਾਂ ਸਮੇਂ ਨਿਰਧਾਰਤ ਸਮੇਂ ਤੋਂ ਬਾਅਦ ਵੀ ਬਾਹਰਲੇ ਲਾਊਡ ਸਪੀਕਰ ਲਗਾਉਣੇ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ। ਅਖ਼ਬਾਰ ਦੀ ਇੱਕ ਖ਼ਬਰ ਮੁਤਾਬਕ ਇੱਕ ਸ਼ਹਿਰ ਦੇ ਗੁਰਦੁਆਰੇ ਵਿੱਚ ਨਾਨਕਸ਼ਾਹੀ ਕੈਲੰਡਰ ਦੀ ਪੂਰਵ-ਸੰਧਿਆ `ਤੇ ਰਾਤ ਦੇ ਦਸ ਵਜੇ ਤੋਂ ਬਾਅਦ ਵੀ ਗੁਰਦੁਆਰਾ ਸਾਹਿਬ ਦੇ ਬਾਹਰਲੇ ਸਪੀਕਰ ਲਗਾਤਾਰ ਚਲ ਰਹੇ ਸਨ। ਜਦੋਂ ਪ੍ਰਸਾਸ਼ਨ ਵਲੋਂ ਨਿਰਧਾਰਤ ਕੀਤੇ ਸਮੇਂ ਸੀਮਾ ਤੋਂ ਬਾਅਦ ਵੀ ਗੁਰਦੁਆਰੇ ਦੇ ਬਾਹਰਲੇ ਲਾਊਡ ਸਪੀਕਰ ਬੰਦ ਨਾ ਹੋਏ ਤਾਂ ਇਸ ਅਵਾਜ਼ ਤੋਂ ਪ੍ਰੇਸ਼ਾਨ ਮੁਹੱਲੇ ਅਤੇ ਗੁਰਦੁਆਰੇ ਦੇ ਆਲੇ-ਦੁਆਲੇ ਦੇ ਲੋਕਾਂ ਨੇ ਉਥੋਂ ਦੇ ਐਸ਼ਡੀ. ਐਮ. ਅਤੇ ਡੀ. ਐਸ਼ਪੀ. ਨਾਲ ਰਾਤ ਦੇ ਸਾਢੇ ਦਸ ਵਜੇ ਸੰਪਰਕ ਕੀਤਾ ਅਤੇ ਰਾਤ ਦਸ ਵਜੇ ਤੋਂ ਬਾਅਦ ਬਾਹਰਲੇ ਲਾਊਡ ਸਪੀਕਰ ਅਤੇ ਮਿਊਜ਼ਿਕ ਸਿਸਟਮ `ਤੇ ਲੱਗੀ ਸਰਕਾਰੀ ਪਾਬੰਦੀ ਬਾਰੇ ਉਹਨਾਂ ਨੂੰ ਯਾਦ ਕਰਵਾ ਕੇ ਗੁਰਦੁਆਰਾ ਸਹਿਬ ਦੇ ਬਾਹਰਲੇ ਸਪੀਕਰ ਬੰਦ ਕਰਨ ਲਈ ਕਿਹਾ। ਤਾਂ ਕਿ ਘਰਾਂ ਵਿੱਚ ਅਰਾਮ ਕਰਨ ਵਾਲਿਆਂ ਅਤੇ ਮਰੀਜ਼ਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋ ਸਕੇ। ਸਰਕਾਰੀ ਅਧਿਕਾਰੀਆਂ ਨੇ ਉਸੇ ਵਕਤ ਸਬੰਧਤ ਗੁਰਦੁਆਰਾ ਸਾਹਿਬ ਜਾ ਕੇ ਪ੍ਰਬੰਧਕ ਕਮੇਟੀ ਨੂੰ ਬਾਹਰਲੇ ਸਪੀਕਰ ਬੰਦ ਕਰਨ ਦੀ ਬੇਨਤੀ ਕੀਤੀ। ਪਰ ਹੈਰਾਨੀ ਅਤੇ ਦੁੱਖ ਦੀ ਗੱਲ ਇਹ ਹੋਈ ਕਿ ਉਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸਰਕਾਰ ਵਲੋਂ ਬਾਹਰਲੇ ਸਪੀਕਰਾਂ ਦਾ ਸਮਾਂ ਨਿਰਧਾਰਤ ਕੀਤਾ ਹੋਣ ਦੇ ਬਾਵਜੂਦ ਵੀ ਗੁਰਦੁਆਰਾ ਸਾਹਿਬ ਦੇ ਬਾਹਰਲੇ ਸਪੀਕਰ ਬੰਦ ਕਰਨ ਤੋਂ ਕੋਰਾ ਜਵਾਬ ਦੇ ਦਿਤਾ। ਜਦ ਕਿ ਇਸ ਸਮੇਂ ਵਿਦਿਆਰਥੀ ਇਮਤਿਹਾਨਾਂ ਦੀ ਤਿਆਰੀ ਕਰ ਰਹੇ ਸਨ। ਇਸ ਅਵਾਜ਼ ਨਾਲ ਉਹਨਾਂ ਦੀ ਪੜ੍ਹਾਈ ਵਿੱਚ ਭਾਰੀ ਵਿਘਨ ਪੈ ਰਿਹਾ ਸੀ। ਸੋਚਣ ਵਿਚਾਰਨ ਵਾਲੀ ਗੱਲ ਤਾਂ ਇਹ ਹੈ ਕਿ ਸਬੰਧਤ ਗੁਰਦੁਆਰਾ ਸਾਹਿਬ ਦੀ ਕਮੇਟੀ ਵਿੱਚ ਕੀ ਕੋਈ ਅਜਿਹਾ ਸਿਆਣਾ ਅਤੇ ਸੁਲਝਿਆ ਹੋਇਆ ਮੈਂਬਰ ਨਹੀਂ ਸੀ, ਜੋ ਇਸ ਸ਼ੋਰ ਪ੍ਰਦੂਸ਼ਣ ਨੂੰ ਬੰਦ ਕਰਵਾਉਣ ਲਈ ਪਹਿਲ ਕਦਮੀ ਕਰਦਾ? ਜੋ ਗੁਰਬਾਣੀ ਸਿਧਾਂਤ `ਤੇ ਪਹਿਰਾ ਦੇਣ ਦੀ ਹਿੰਮਤ ਕਰਦਾ। ਚਾਹੀਦਾ ਤਾਂ ਇਹ ਸੀ ਕਿ ਰਾਤ ਦਸ ਵਜੇ ਤੋਂ ਬਾਅਦ ਆਪਣੇ-ਆਪ ਹੀ ਗੁਰਦੁਆਰਾ ਕਮੇਟੀ ਦੁਆਰਾ ਬਾਹਰਲੇ ਸਪੀਕਰ ਬੰਦ ਕਰਕੇ ਸੁਚੱਜੇ ਅਤੇ ਸਿਆਣੇ ਪ੍ਰਬੰਧ ਦਾ ਸਬੂਤ ਦਿਤਾ ਜਾਂਦਾ। ਪਰ ਅਫਸੋਸ ਕਿ ਅਜਿਹਾ ਨਹੀਂ ਹੋਇਆ।

ਜਿਹੜੇ ਵਿਅਕਤੀ ਕੀਰਤਨ ਸੁਣਨ ਦੇ ਚਾਹਵਾਨ ਸਨ। ਉਹ ਤਾਂ ਗੁਰਦੁਆਰਾ ਸਾਹਿਬ ਵਿੱਚ ਹਾਜ਼ਰੀ ਭਰ ਰਹੇ ਸਨ। ਪਰ ਜੋ ਗੁਰਦੁਆਰੇ ਨਹੀਂ ਗਏ। ਉਹ ਜਾਂ ਤਾਂ ਬੀਮਾਰ ਹੋਣਗੇ ਅਤੇ ਜਾਂ ਉਹਨਾਂ ਨੇ ਅਰਾਮ ਕਰਨਾ ਹੋਵੇਗਾ। ਜਾਂ ਉਹਨਾਂ ਦੇ ਬੱਚੇ ਇਮਤਿਹਾਨਾਂ ਦੀ ਤਿਆਰੀ ਕਰ ਰਹੇ ਹੋਣਗੇ। ਪਾਬੰਦੀ ਲੱਗੀ ਹੋਣ ਦੇ ਬਾਵਜੂਦ ਵੀ ਗੁਰਦੁਆਰਾ ਸਾਹਿਬ ਦੇ ਬਾਹਰਲੇ ਸਪੀਕਰ ਲਗਾ ਕੇ ਮੁਹੱਲੇ ਵਾਸੀਆਂ ਨੂੰ ਪ੍ਰੇਸ਼ਾਨ ਕਰਨਾ ਕਿੰਨੀ ਕੁ ਭਲਾਈ ਦਾ ਕੰਮ ਹੈ? ਜੇ ਸਾਡੇ ਦੁਆਰਾ ਕੀਤੇ ਧਾਰਮਿਕ ਕੰਮ ਦੂਜਿਆਂ ਲਈ ਪ੍ਰੇਸ਼ਾਨੀ ਪੈਦਾ ਕਰਨ ਤਾਂ ਉਹਨਾਂ ਦਾ ਕੋਈ ਲਾਭ ਨਹੀਂ ਹੈ। “ਗੁਰੂ ਦੁਆਰੇ ਹੋਇ ਸੋਝੀ ਪਾਇਸੀ॥ ਏਤੁ ਦੁਆਰੈ ਧੋਇ ਹਛਾ ਹੋਇਸੀ॥ ਅੰਕ 730”॥ ਜੇ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਗੁਰਦੁਆਰੇ ਦਾ ਪ੍ਰਬੰਧ ਕਰਦਿਆਂ ਹੁਣ ਤੱਕ ਗੁਰਬਾਣੀ ਸਿਧਾਂਤ ਦੀ ਕੋਈ ਸੋਝੀ ਨਹੀਂ ਆਈ। ਤਾਂ ਬਾਕੀ ਸੰਗਤ ਨੂੰ ਗੁਰਦੁਆਰੇ ਜਾ ਕੇ ਸਿਰਫ ਮੱਥਾ ਟੇਕਣ ਨਾਲ ਹੀ ਸੋਝੀ ਕਿਵੇਂ ਆਵੇਗੀ? ਕਿਸੇ ਵੀ ਧਰਮ ਦੇ ਕੰਮ ਲਈ ਸੰਵਿਧਾਨਿਕ ਕਾਨੂੰਨਾਂ ਨੂੰ ਛਿੱਕੇ ਨਹੀਂ ਟੰਗਿਆ ਜਾ ਸਕਦਾ? ਗੁਰਦੁਵਾਰੇ ਗਿਆਨ ਦੇ ਸੋਮੇ ਅਤੇ ਸ਼ਾਂਤੀ ਦੇ ਘਰ ਹੁੰਦੇ ਹਨ। ਪਰ ਅੱਜ ਗਿਆਨਹੀਣ ਅਤੇ ਭ੍ਰਿਸ਼ਟ ਲੋਕਾਂ ਦੀ ਬਦੌਲਤ ਗੁਰਦੁਵਾਰੇ ਗਿਆਨ ਦੇ ਸੋਮੇ ਅਤੇ ਸ਼ਾਂਤੀ ਦੇ ਘਰ ਨਹੀਂ ਰਹੇ। ਹੁਣ ਗੁਰਦੁਆਰੇ ਦੁਕਾਨਦਾਰੀਆਂ ਦਾ ਰੂਪ ਧਾਰਨ ਕਰ ਚੁੱਕੇ ਹਨ ਅਤੇ ਪ੍ਰਧਾਨਗੀਆਂ ਲੈਣ ਲਈ ਜੰਗ ਦੇ ਮੈਦਾਨ ਬਣ ਗਏ ਹਨ। ਹੁਣ ਧਾਰਮਿਕ ਲੋਕਾਂ ਦਾ ਇਕੋ-ਇਕ ਮੁੱਖ ਟੀਚਾ ਗੁਰਦੁਆਰੇ ਦੀ ਕਮੇਟੀ ਦੀ ਪ੍ਰਧਾਨਗੀ ਲੈ ਕੇ ਉਥੋਂ ਦੀ ਗੋਲਕ `ਤੇ ਕਬਜ਼ਾ ਕਰਨਾ ਬਣ ਗਿਆ ਹੈ। ਗੁਰਬਾਣੀ ਦੇ ਸੱਚੇ-ਸੁੱਚੇ ਅਤੇ ਉੱਚੇ ਪ੍ਰਚਾਰ ਕੇਂਦਰ ਵਜੋਂ ਤਾਂ ਹੁਣ ਗੁਰਦੁਆਰਿਆਂ ਦੀ ਪਛਾਣ ਹੀ ਖ਼ਤਮ ਹੋ ਗਈ ਹੈ। ਹਿੰਦੂ ਵੀਰ ਵੀ ਆਪਣੇ ਘਰਾਂ ਵਿੱਚ ਜਗਰਾਤੇ ਕਰਵਾਉਂਦੇ ਹਨ। ਰਾਤ ਨੂੰ ਉਹਨਾਂ ਦੇ ਸਮਾਗਮਾਂ ਦੇ ਸਮੇਂ ਵੀ ਅਵਾਜ਼ ਦਾ ਪ੍ਰਦੂਸ਼ਣ ਲੋਕਾਂ ਨੂੰ ਪ੍ਰੇਸ਼ਾਨ ਕਰਦਾ ਹੈ। ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਕਿ ਸਾਨੂੰ ਆਪਣੇ ਧਾਰਮਿਕ ਕਾਰਜ ਮਨੁੱਖਤਾ ਦੇ ਭਲੇ ਨੂੰ ਧਿਆਨ ਵਿੱਚ ਰੱਖਕੇ ਅਤੇ ਅਨੁਸਾਸ਼ਨ ਵਿੱਚ ਰਹਿ ਕੇ ਕੀਤਾ ਜਾਣਾ ਚਾਹੀਦਾ ਹੈ। ਕੋਈ ਵੀ ਧਰਮ, ਕਿਸੇ ਦੇਸ਼ ਦੇ ਸੰਵਿਧਾਨ ਅਤੇ ਕਾਨੂੰਨ ਤੋਂ ਉਪਰ ਨਹੀਂ ਹੋ ਸਕਦਾ। ਸਾਨੂੰ ਆਪਣੇ ਧਾਰਮਿਕ ਸਮਾਗਮ ਇਸ ਢੰਗ ਨਾਲ ਮਨਾਉਣੇ ਚਾਹੀਦੇ ਹਨ ਕਿ ਹੋਰ ਲੋਕ ਵੀ ਧਰਮ ਦੇ ਸੁਚੱਜੇ ਅਤੇ ਸਿਆਣੇ ਪ੍ਰਬੰਧ ਕਰਕੇ ਸਾਡੇ ਨਾਲ ਜੁੜਨ ਅਤੇ ਉਹਨਾਂ ਕਾਰਜਾਂ ਤੋਂ ਸੇਧ ਲੈ ਸਕਣ।

ਕਈ ਪਿੰਡਾਂ ਵਿੱਚ ਇੱਕ ਤੋਂ ਵੱਧ ਗੁਰਦੁਆਰੇ ਅਤੇ ਮੰਦਰ ਵੀ ਹੁੰਦੇ ਹਨ। ਜਦੋਂ ਇਹਨਾਂ ਸਾਰੀਆਂ ਧਾਰਮਿਕ ਥਾਵਾਂ `ਤੇ ਇਕੋ ਸਮੇਂ ਬਾਹਰਲੇ ਸਪੀਕਰ ਚਲਦੇ ਹਨ ਤਾਂ ਉਥੇ ਰੌਲੇ-ਰੱਪੇ ਤੋਂ ਵੱਧ ਕੁੱਝ ਵੀ ਸੁਣਾਈ ਨਹੀਂ ਦਿੰਦਾ। ਉਸ ਵੇਲੇ ਇਸ ਤਰ੍ਹਾਂ ਲਗਦਾ ਹੈ ਜਿਵੇਂ ਸ਼ੋਰ ਪ੍ਰਦੂਸ਼ਣ ਫੈਲਾਉਣ ਦਾ ਕੋਈ ਮੁਕਾਬਲਾ ਹੋ ਰਿਹਾ ਹੋਵੇ। ਸਵੇਰ-ਸ਼ਾਮ ਧਾਰਮਿਕ ਅਸਥਾਨਾਂ ਤੋਂ ਨਿਕਲਦੀ ਬੇਲੋੜੀ ਅਵਾਜ਼ ਨਾਲ ਘਰਾਂ ਵਿੱਚ ਨਿੱਤਨੇਮ ਕਰਨ ਵਾਲਿਆਂ ਦੀ ਇਕਾਗਰਤਾ ਭੰਗ ਹੁੰਦੀ ਹੈ। ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਵਿਘਨ ਪੈਂਦਾ ਹੈ। ਮਰੀਜ਼ਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ।

ਜਦੋਂ ਸਪੀਕਰ ਨਹੀਂ ਸੀ ਹੋਇਆ ਕਰਦੇ ਉਦੋਂ ਨਿੱਤਨੇਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਘੜਿਆਲ ਵਜਾ ਦਿਤਾ ਜਾਂਦਾ ਸੀ। ਤੇ ਸਭ ਨੂੰ ਪਤਾ ਲਗ ਜਾਂਦਾ ਸੀ ਕਿ ਹੁਣ ਨਿੱਤਨੇਮ ਦਾ ਸਮਾਂ ਹੋ ਗਿਆ ਹੈ। ਜਿਹਨਾਂ ਨੇ ਗੁਰਦੁਆਰੇ ਜਾਣਾ ਹੁੰਦਾ ਸੀ ਉਹ ਚਲੇ ਜਾਂਦੇ ਸਨ। ਅਕਸਰ ਹੀ ਗੁਰੂ ਘਰ ਦੇ ਗ੍ਰੰਥੀ ਕਿਹਾ ਕਰਦੇ ਹਨ ਕਿ ਭਾਈ…. ਸਵੇਰੇ-ਸ਼ਾਮ ਗੁਰੂ ਘਰ ਆ ਕੇ ਹਾਜ਼ਰੀਆਂ ਭਰਿਆ ਕਰੋ… ਗੁਰੂ ਦੇ ਦਰਸ਼ਨ ਦੀਦਾਰੇ ਕਰਿਆ ਕਰੋ…। ਅਤੇ ਬਾਣੀ ਨਾਲ ਜੁੜਿਆ ਕਰੋ।  ਉਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚੋਂ ਉਦਾਹਰਣ ਵੀ ਦਿੰਦੇ ਹਨ ਕਿ “ਚਰਨ ਸਰਨ ਗੁਰੁ ਏਕ ਪੈਂਡਾ ਜਾਇ ਚਲ, ਸਤਿਗੁਰੁ ਕੋਟਿ ਪੈਂਡਾ ਆਗੈ ਹੋਇ ਲੇਤ ਹੈ।” (ਭਾ. ਗੁ.) ਜਿਸਦਾ ਭਾਵ ਅਰਥ ਉਹ ਇਹ ਕਰਦੇ ਹਨ ਕਿ ਜੇ ਸਿੱਖ ਗੁਰਦੁਆਰੇ ਵੱਲ ਇੱਕ ਕਦਮ ਪੁੱਟਦਾ ਹੈ ਤਾਂ ਗੁਰੂ ਕੋਟ ਕਦਮ ਅੱਗੇ ਹੋ ਕੇ ਆਪਣੇ ਸਿੱਖ ਨੂੰ ਮਿਲਦਾ ਹੈ। ਤਾਂ ਕੀ ਅਸੀਂ ਗੁਰਦੁਆਰੇ ਦੇ ਬਾਹਰਲੇ ਸਪੀਕਰਾਂ ਰਾਹੀਂ ਲੋਕਾਂ ਨੂੰ ਘਰ ਬੈਠਿਆਂ ਉੱਚੀ ਅਵਾਜ਼ ਵਿੱਚ ਬਾਣੀ ਸੁਣਾ ਕੇ ਗੁਰਦੁਆਰੇ ਆਉਣ ਤੋਂ ਨਹੀਂ ਵਰਜ ਰਹੇ? ਸਵੇਰੇ ਸ਼ਾਮ ਨਿੱਤਨੇਮ ਵੇਲੇ ਗੁਰਦੁਆਰੇ ਵਿੱਚ ਸੰਗਤ ਦੇ ਰੂਪ ਵਿੱਚ ਮਿਲ ਬੈਠਣ ਨਾਲ ਭਾਈਚਾਰਾ ਪਰਪੱਕ ਹੁੰਦਾ ਹੈ। ਪਰਸਪਰ ਪਿਆਰ ਅਤੇ ਵਿਚਾਰਾਂ ਦੀ ਸਾਂਝ ਵੱਧਦੀ ਹੈ।

ਜਦੋਂ ਸਵੇਰੇ-ਸ਼ਾਮ ਗੁਰਦੁਆਰੇ ਤੋਂ ਨਿੱਤਨੇਮ ਹੁੰਦਾ ਹੈ ਤਾਂ ਉਸ ਸਮੇਂ ਘਰਾਂ ਵਿੱਚ ਆਮ ਹੀ ਟੀ. ਵੀ. ਚੱਲ ਰਹੇ ਹੁੰਦੇ ਹਨ। ਕਈ ਉਸ ਸਮੇਂ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਟੈਲੀਕਾਸਟ ਕੀਤਾ ਜਾ ਰਿਹਾ ਲਾਈਵ ਕੀਰਤਨ ਦਾ ਪ੍ਰੋਗਰਾਮ ਦੇਖ ਰਹੇ ਹੁੰਦੇ ਹਨ ਅਤੇ ਕਈ ਉਸ ਸਮੇਂ ਟੀ. ਵੀ. `ਤੇ ਸੀਰੀਅਲ ਅਤੇ ਫਿਲਮਾਂ ਵੇਖ ਰਹੇ ਹੁੰਦੇ ਹਨ। ਫਿਰ ਗੁਰਦੁਆਰੇ ਦੇ ਬਾਹਰਲੇ ਸਪੀਕਰ ਤੋਂ ਆਉਂਦੀ ਬਾਣੀ ਦੀ ਅਵਾਜ਼ ਦਾ ਕੀ ਉਦੇਸ਼ ਰਹਿ ਜਾਂਦਾ ਹੈ। “ਸਾਹਿਬ ਸਦਾ ਹਦੂਰਿ ਹੈ ਕਿਆ ਉਚੀ ਕਰਹਿ ਪੁਕਾਰ”॥ ਅੰਕ 1420॥ ਅੱਜ ਚਾਹੀਦਾ ਤਾਂ ਇਹ ਹੈ ਕਿ ਸਵੇਰੇ ਸ਼ਾਮ ਨਿੱਤਨੇਮ ਸਮੇਂ ਗੁਰਦੁਆਰੇ ਦੇ ਬਾਹਰਲੇ ਸਪੀਕਰਾਂ ਰਾਹੀਂ ਹੁਕਮਨਾਮਾ ਲੈ ਕੇ ਸਪੀਕਰ ਬੰਦ ਕਰ ਦਿਤੇ ਜਾਣ। ਅੱਜ ਦੇ ਸਮੇਂ ਵਿੱਚ ਅਵਾਜ਼ ਦਾ ਪ੍ਰਦੂਸ਼ਣ ਘਟਾਉਣ ਲਈ ਇਸ ਤਰ੍ਹਾਂ ਕਰਨਾ ਜਰੂਰੀ ਵੀ ਹੈ। ਤਾਂਕਿ ਕਿਸੇ ਵਿਦਿਆਰਥੀ, ਮਰੀਜ਼ ਅਤੇ ਅਰਾਮ ਕਰਨ ਵਾਲੇ ਵਿਅਕਤੀ ਲਈ ਪ੍ਰੇਸ਼ਾਨੀ ਨਾ ਹੋਵੇ। ਵਿਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਸਿਰਫ ਅੰਦਰਲੇ ਸਪੀਕਰ ਹੀ ਚਲਦੇ ਹਨ। ਤੇ ਉਥੇ ਸ਼ਰਧਾਵਾਨ ਸੰਗਤ ਦੀ ਕਾਫੀ ਰੌਣਕ ਹੁੰਦੀ ਹੈ। ਤੇ ਹਰ ਕੋਈ ਗੁਰੂ ਪ੍ਰਤੀ ਦਿਲੀ ਖਿੱਚ ਨਾਲ ਚੱਲ ਕੇ ਗੁਰਦੁਆਰਾ ਸਾਹਿਬ ਵਿੱਚ ਸਿਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਣ ਲਈ ਆਉਂਦਾ ਹੈ।

ਗੁਰਦੁਆਰਿਆਂ ਦੇ ਨੇੜੇ ਘਰਾਂ ਵਾਲੇ ਸਵੇਰ-ਸ਼ਾਮ ਗੁਰਦੁਆਰੇ ਤੋਂ ਆਉਂਦੀ ਅਵਾਜ਼ ਦੇ ਪ੍ਰਦੂਸ਼ਣ ਨਾਲ ਬਹੁਤ ਪ੍ਰੇਸ਼ਾਨ ਹੁੰਦੇ ਹਨ। ਉਹਨਾਂ ਲੋਕਾਂ ਨੇ ਦੱਸਿਆ ਹੈ ਕਿ ਉਹ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਬਾਹਰਲੇ ਸਪੀਕਰ ਬੰਦ ਕਰਨ ਜਾਂ ਅਵਾਜ਼ ਘੱਟ ਕਰਨ ਲਈ ਵਾਰ-ਵਾਰ ਬੇਨਤੀਆਂ ਕਰ ਚੁੱਕੇ ਹਨ। ਪਰ ਉਹਨਾਂ ਦੀ ਕੋਈ ਨਹੀਂ ਸੁਣਦਾ। ਉਹਨਾਂ ਨੇ ਇਹ ਵੀ ਦੱਸਿਆਂ ਕਿ ਉਹਨਾਂ ਦੇ ਘਰ ਤਾਂ ਉਸ ਸਮੇਂ ਦੇਸ਼/ਵਿਦੇਸ਼ ਤੋਂ ਆਇਆ ਕੋਈ ਟੈਲੀਫੂਨ ਵੀ ਨਹੀਂ ਸੁਣਿਆ ਜਾ ਸਕਦਾ। ਅਤੇ ਉਹਨਾਂ ਨੂੰ ਉਸ ਸਮੇਂ ਆਪਸ ਵਿੱਚ ਬਹੁਤ ਉੱਚੀ ਅਵਾਜ਼ ਵਿੱਚ ਗੱਲ ਕਰਨੀ ਪੈਂਦੀ ਹੈ। ਨਿੱਤਨੇਮ ਤੋਂ ਬਾਅਦ ਜਦੋਂ ਗੁਰਦੁਆਰੇ ਵਿਚੋਂ ਸਪੀਕਰਾਂ ਦੀ ਉੱਚੀ ਅਵਾਜ਼ ਬੰਦ ਹੋ ਜਾਂਦੀ ਹੈ ਤਾਂ ਉਹ ਇਸ ਤਰ੍ਹਾਂ ਮਹਿਸੂਸ ਕਰਦੇ ਹਨ ਜਿਵੇਂ ਦਿਮਾਗ਼ੀ ਤੌਰ `ਤੇ ਬਹੁਤ ਥੱਕ ਗਏ ਹੋਣ। ਏਸੇ ਕਰਕੇ ਅਜ ਕਲ ਗੁਰਦੁਆਰਿਆਂ ਦੇ ਬਾਹਰਲੇ ਸਪੀਕਰ ਤੋਂ ਆਉਂਦੀ ਬੇਲੋੜੀ ਅਵਾਜ਼ ਦੇ ਕਾਰਨ ਕੋਈ ਵੀ ਵਿਅਕਤੀ ਗੁਰਦੁਆਰੇ ਦੇ ਨੇੜੇ ਆਪਣਾ ਘਰ ਬਣਾਉਣ ਲਈ ਪਲਾਟ ਲੈਣਾ ਪਸੰਦ ਨਹੀਂ ਕਰਦਾ। ਸ਼ੋਰ ਪ੍ਰਦੂਸ਼ਣ ਆਪਣੇ ਆਪ ਵਿੱਚ ਇੱਕ ਸਮੱਸਿਆ ਹੈ, ਭਾਵੇਂ ਉਹ ਕਿਸੇ ਵੀ ਤਰ੍ਹਾਂ ਦਾ ਹੋਵੇ।

ਉੱਚੀ ਅਵਾਜ਼ ਵਿੱਚ ਲੋਕਾਂ ਨੂੰ ਬਾਣੀ ਜਾਂ ਕੀਰਤਨ ਸੁਣਾਉਣ ਨਾਲ ਕੋਈ ਪੁੰਨ ਜਾਂ ਲਾਭ ਨਹੀਂ ਮਿਲ ਸਕਦਾ। ਉੱਚੀ ਅਵਾਜ਼ ਵਿੱਚ ਅਜਿਹੇ ਧਾਰਮਿਕ ਕਾਰਜ ਕਰਨ ਤੋਂ ਤਾਂ ਗੁਰਬਾਣੀ ਸਾਨੂੰ ਰੋਕ ਰਹੀ ਹੈ। “ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ॥“ ਅੰਕ: 1374॥ ਫਿਰ ਵੀ ਸਵੇਰ-ਸ਼ਾਮ ਗੁਰਦੁਆਰਿਆਂ ਦੇ ਬਾਹਰਲੇ ਸਪੀਕਰਾਂ ਦੇ ਬੇਲੋੜੇ ਸ਼ੋਰ ਨੂੰ ਬੰਦ ਨਹੀਂ ਕੀਤਾ ਜਾ ਰਿਹਾ।

ਅਕਾਲ ਤਖ਼ਤ ਸਾਹਿਬ ਤੋਂ ਮਿਤੀ 23-11-2005 ਨੂੰ ਗੁਰਦੁਆਰਿਆਂ ਦੇ ਲਾਊਡ ਸਪੀਕਰਾਂ ਦੀਆਂ ਉੱਚੀਆਂ ਅਵਾਜ਼ਾਂ ਨੂੰ ਘੱਟ ਕਰਨ ਲਈ ਜੋ ਹੁਕਮਨਾਮਾ ਜਾਰੀ ਕੀਤਾ ਗਿਆ ਸੀ। ਉਸ ਅਨੁਸਾਰ ਸਿੱਖ ਸੰਗਤਾਂ ਨੂੰ ਕੀਰਤਨ ਕਥਾ ਅਤੇ ਗੁਰਬਾਣੀ ਸੁਣਾਏ ਜਾਣ ਲਈ ਗੁਰਦੁਆਰਾ ਸਾਹਿਬ ਵਿੱਚ ਲਗਾਏ ਗਏ ਲਾਊਡ ਸਪੀਕਰਾਂ ਦੀਆਂ ਉੱਚੀਆਂ ਅਵਾਜ਼ਾਂ ਬਾਰੇ ਵਿਦਿਆਰਥੀਆਂ, ਰੋਗੀਆਂ, ਮਨੋਵਿਗਿਆਨੀਆਂ, ਸਿਹਤ ਵਿਗਿਆਨੀਆਂ ਅਤੇ ਵੱਖ-ਵੱਖ ਖੇਤਰ ਵਿੱਚ ਵਿਚਰ ਰਹੇ ਵਿਅਕਤੀਆਂ ਵਲੋਂ ਸਿਰੀ ਅਕਾਲ ਤਖਤ ਸਾਹਿਬ ਵਿਖੇ ਪੁੱਜ ਰਹੀਆਂ ਪੱਤ੍ਰਿਕਾਵਾਂ ਦੇ ਮੱਦੇ ਨਜ਼ਰ ਸਮੂਹ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਆਦੇਸ਼ ਦਿਤਾ ਜਾਂਦਾ ਹੈ ਕਿ ਉਹ ਗੁਰੂ ਘਰਾਂ ਵਿੱਚ ਲਾਊਡ ਸਪੀਕਰਾਂ ਦੀ ਅਵਾਜ਼ ਸੀਮਾ ਨਿਰਧਾਰਤ ਕਰਨ। ਉਹ ਅਜਿਹੇ ਪ੍ਰਬੰਧ ਯਕੀਨੀ ਬਣਾਉਣ ਕਿ ਵਿਸ਼ੇਸ਼ ਦਿਹਾੜਿਆਂ ਅਤੇ ਗੁਰਮਤਿ ਸਮਾਗਮਾਂ ਤੋਂ ਇਲਾਵਾ ਲਾਊਡ ਸਪੀਕਰਾਂ ਦੀ ਅਵਾਜ਼ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਹੀ ਸੀਮਤ ਰਹੇ। ਅਫਸੋਸ ਦੀ ਗੱਲ ਹੈ ਕਿ ਅਕਾਲ ਤਖ਼ਤ ਨੂੰ ਉੱਚਾ ਤੇ ਮਹਾਨ ਦੱਸਣ ਵਾਲਿਆਂ ਨੇ ਉਕਤ ਹਕਮਨਾਮੇ ਦੀ ਦੀ ਕੋਈ ਪ੍ਰਵਾਹ ਨਹੀਂ ਕੀਤੀ। ਸਗੋਂ ਇਸ ਹੁਕਮਨਾਮੇ ਦੀਆਂ ਧੱਜੀਆਂ ਉਡਾਅ ਕੇ ਸਵੇਰੇ-ਸ਼ਾਮ ਬਿਨ੍ਹਾ ਸੋਚੇ ਸਮਝੇ ਅਵਾਜ਼ ਪ੍ਰਦੂਸ਼ਣ ਫੈਲਾਉਣ ਵਿੱਚ ਚੋਖਾ ਯੋਗਦਾਨ ਪਾਇਆ ਹੈ। ਨਿੱਤਨੇਮ ਦੀ ਬਾਣੀ ਤੋਂ ਇਲਾਵਾ ਗੁਰਦੁਆਰੇ ਦੇ ਗ੍ਰੰਥੀ ਵਲੋਂ ਜਦੋਂ ਵੀ ਜੀਅ ਕਰੇ ਸ਼ਬਦਾਂ ਦੀਆਂ ਕੈਸਟਾਂ ਲਗਾ ਕੇ ਲੰਮੇ ਸਮੇਂ ਤੱਕ ਅਵਾਜ਼ ਦਾ ਪ੍ਰਦੂਸ਼ਣ ਫੈਲਾਇਆ ਜਾਂਦਾ ਹੈ। ਸ਼ਾਇਦ ਲੋਕਾਂ ਦੀ ਸਮਝ ਅਨੁਸਾਰ ਉੱਚੀ ਅਵਾਜ਼ ਵਿੱਚ ਬਾਣੀ ਸੁਣਾ ਅਤੇ ਪੜ੍ਹ ਕੇ ਹੀ ਫਲ ਮਿਲਦਾ ਹੈ। ਸਰਬਤ ਦੇ ਭਲੇ ਦੀ ਭਾਵਨਾ ਵਾਲੇ ਸਿਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਲਾਗੂ ਕਰਵਾਉਣ ਲਈ ਵੀ ਸ਼ੋਰਮਣੀ ਕਮੇਟੀ ਗੰਭੀਰ ਨਹੀਂ ਹੈ। ਸਿਆਸੀ ਆਗੂਆਂ ਦਾ ਵੋਟ ਬੈਂਕ ਖਰਾਬ ਨਾ ਹੋਵੇ, ਇਸ ਕਰਕੇ ਧਾਰਮਿਕ ਆਗੂ ਆਪਣੇ ਫੈਸਲਿਆਂ ਨੂੰ ਸਖਤੀ ਨਾਲ ਲਾਗੂ ਨਹੀਂ ਕਰ ਰਹੇ। ਭਾਂਵੇਂ ਲੋਕ ਗੁਰਬਾਣੀ ਸਿਧਾਂਤ ਦੇ ਵਿਰੁੱਧ ਹੀ ਕਾਰਜ ਕਰਦੇ ਰਹਿਣ। ਸਭ ਗੁਰਦੁਆਰਿਆਂ ਵਿੱਚ ਬਾਹਰਲੇ ਸਪੀਕਰਾਂ ਰਾਹੀਂ ਅਵਾਜ਼ ਪ੍ਰਦੂਸ਼ਣ ਫੈਲਾਅ ਕੇ ਅਕਾਲ ਤਖ਼ਤ ਦੇ ਹੁਕਮ ਦੀ ਉਲੰਘਣਾ ਕੀਤੀ ਜਾ ਰਹੀ ਹੈ। ਪਰ ਤਾਂ ਵੀ ਅਕਾਲ ਤਖ਼ਤ ਦੇ ਜਥੇਦਾਰਾਂ ਨੇ ਇਸ ਉਲੰਘਣਾ `ਤੇ ਚੁੱਪ ਧਾਰੀ ਹੋਈ ਹੈ। ਅਵਾਜ਼ ਦੇ ਪ੍ਰਦੂਸ਼ਣ ਨੂੰ ਧਿਆਨ ਵਿੱਚ ਰੱਖ ਕੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਅਤੇ ਜਗਰਾਤਾ ਕਰਵਾਉਣ ਵਾਲਿਆਂ ਨੂੰ ਜਰੂਰ ਵਿਚਾਰ ਕਰਨੀ ਚਾਹੀਦਾ ਹੈ ਕਿ ਉਹ ਧਾਰਮਿਕ ਕਾਰਜ ਕਰਦੇ ਸਮੇਂ ਇਸ ਗੱਲ ਨੂੰ ਸਦਾ ਧਿਆਨ ਵਿੱਚ ਰੱਖਣ ਕਿ ਇਸ ਨਾਲ ਕਿਸੇ ਨੂੰ ਪ੍ਰੇਸ਼ਾਨੀ ਨਾ ਹੋਵੇ।

ਜਰੂਰਤ ਇਸ ਗੱਲ ਦੀ ਹੈ ਕਿ ਸਾਨੂੰ ਗੁਰੂਆਂ ਵਲੋਂ ਗੁਰਬਾਣੀ ਰਾਹੀਂ ਦਿਤੀ ਸਿੱਖਿਆ ਅਨੁਸਾਰ ਆਪਣਾ ਜੀਵਨ ਢਾਲਣਾ ਚਾਹੀਦਾ ਹੈ। ਜੇ ਅਸੀਂ ਗੁਰਦੁਆਰਿਆਂ ਵਿੱਚ ਹਰ ਰੋਜ਼ ਅਰਦਾਸ ਸਮੇਂ ਸਰਬਤ ਦਾ ਭਲਾ ਮੰਗਦੇ ਹਾਂ। ਤਾਂ ਸਰਬਤ ਦੇ ਭਲੇ ਵਿੱਚ ਸਾਰੀ ਦੁਨੀਆਂ ਦੇ ਲੋਕ ਆ ਜਾਂਦੇ ਹਨ। ਭਾਵੇਂ ਉਹ ਕਿਸੇ ਵੀ ਧਰਮ, ਜਾਤ ਜਾਂ ਕੌਮ ਦੇ ਹੋਣ। ਗੁਰੂ ਦਾ ਸਿੱਖ ਦੁਨੀਆਂ ਵਿੱਚ ਕਿਸੇ ਦਾ ਵੀ ਬੁਰਾ ਨਹੀਂ ਸੋਚਦਾ ਅਤੇ ਨਾ ਹੀ ਕਿਸੇ ਦਾ ਬੁਰਾ ਕਰਦਾ ਹੈ। ਇਸ ਲਈ ਸਾਨੂੰ ਸਰਬਤ ਦੇ ਭਲੇ ਨੂੰ ਧਿਆਨ ਵਿੱਚ ਰੱਖ ਕੇ ਹੀ ਸਮਾਗਮ ਕਰਨੇ ਚਾਹੀਦੇ ਹਨ।

ਪਿੰਡ ਮਾਨਾਂਵਾਲੀ ਡਾਕ. ਚਾਚੋਕੀ (ਫਗਵਾੜਾ)

ਮੋਬਾਇਲ: 88728-54500




.