.

ਬਾਬੇ ਨਾਨਕ ਦਾ ਸਿੱਖ ਕੌਣ?

ਬਲਜੀਤ ਨੂੰ ਅੱਜ ਕੰਮ ਤੋਂ ਛੁੱਟੀ ਸੀ। ਉਸ ਦੇ ਦੋਵੇਂ ਬੱਚੇ ਜਦੋਂ ਸਕੂਲੋਂ ਆਏ ਤਾਂ ਲੜਕਾ ਅੰਦਰ ਵੜਦਿਆਂ ਹੀ ਕਹਿਣ ਲੱਗਾ, “ਡੈਡ, ਡੈਡ, ਯੂ ਨੋ ਵੱਟ ਹੈਪੰਡ ਇਨ ਅਵਰ ਸਕੂਲ?”
“ਨਹੀਂ, ਮੈਨੂੰ ਸਿਮਰਨ ਦੱਸੇਗੀ ਪੰਜਾਬੀ ਵਿਚ” ਬਲਜੀਤ ਨੇ ਸਿਮਰਨ ਵਲ ਇਸ਼ਾਰਾ ਕਰਦਿਆਂ ਕਿਹਾ।
ਸਿਮਰਨ ਆਪਣੇ ਭਰਾ ਨੂੰ ਅੰਗੂਠਾ ਦਿਖਾਉਣ ਲੱਗ ਪਈ ਤੇ ਉਹ ਸ਼ਰਮਿੰਦਾ ਹੋਇਆ ਰਸੋਈ ਵਲ ਚਲਿਆ ਗਿਆ।
ਬਲਜੀਤ ਨੇ ਇਹ ਢੰਗ ਆਪਣਾ ਕੇ ਆਪਣੇ ਬੱਚਿਆਂ ਨੂੰ ਬਹੁਤ ਵਧੀਆ ਪੰਜਾਬੀ ਬੋਲਣੀ ਸਿਖਾ ਦਿੱਤੀ ਸੀ।
ਸਿਮਰਨ ਤੇ ਗੁਰਪਾਲ ਜੌੜੇ ਭੈਣ ਭਰਾ ਸਨ ਤੇ ਉਹ ਇਕੋ ਕਲਾਸ ਵਿੱਚ ਪੜ੍ਹਦੇ ਸਨ।
“ਹਾਂ ਸਿਮਰਨ, ਦੱਸ ਮੇਰਾ ਪੁੱਤਰ, ਕੀ ਹੋਇਆ ਸਕੂਲੇ?” ਬਲਜੀਤ ਨੇ ਪੁੱਛਿਆ।
“ਡੈਡੀ ਜੀ, ਕੱਲ੍ਹ ਛੁੱਟੀ ਹੋਣ ਤੋਂ ਬਾਅਦ ਮਿਸਟਰ ਕਲਾਰਕ ਸਕੂਲ ਵਿੱਚ ਪੌੜੀਆਂ ਤੋਂ ਡਿਗ ਪਿਆ ਤੇ ਉਹਦੇ ਬਹੁਤ ਸੱਟਾਂ ਲੱਗੀਆਂ ਤੇ ਹੁਣ ਉਹ ਹਸਪਤਾਲ `ਚ ਐ”।
“ਅੱਛਾ, ਇਹ ਕਿਵੇਂ ਹੋ ਗਿਆ” ? ਬਲਜੀਤ ਨੇ ਹੈਰਾਨੀ ਨਾਲ਼ ਪੁੱਛਿਆ।
“ਬਸ ਸਾਨੂੰ ਤਾਂ ਏਨਾ ਕੁ ਈ ਪਤੈ, ਡੈਡੀ ਜੀ”। ਸਿਮਰਨ ਨੇ ਕਿਹਾ।
ਮਿਸਟਰ ਕਲਾਰਕ ਰਿਲੀਅਸ ਐਜੂਕੇਸ਼ਨ ਦਾ ਟੀਚਰ ਸੀ ਉਸੇ ਸਕੂਲ ਵਿੱਚ ਜਿੱਥੇ ਬਲਜੀਤ ਦੇ ਬੱਚੇ ਪੜ੍ਹਦੇ ਸਨ। ਪਿਛਲੇ ਪੰਜ ਚਾਰ ਸਾਲ ਤੋਂ ਬਲਜੀਤ ਤੇ ਉਹਦੀ ਦੋਸਤੀ ਬੜੀ ਗੂੜ੍ਹੀ ਹੋ ਗਈ ਸੀ।
ਗੱਲ ਇਉਂ ਹੋਈ ਕਿ ਇਲਾਕੇ ਦੇ ਸਕੂਲਾਂ ਦੇ ਧਾਰਮਿਕ ਸਿੱਖਿਆ ਦੇ ਟੀਚਰ ਬੱਚਿਆਂ ਨੂੰ ਲੈ ਕੇ ਸਥਾਨਕ ਗੁਰਦੁਆਰੇ ਵਿੱਚ ਆਉਂਦੇ ਸਨ। ਬਲਜੀਤ ਗੁਰਦੁਆਰਾ ਕਮੇਟੀ ਦਾ ਮੈਂਬਰ ਸੀ ਤੇ ਉਹ ਇਹ ਸੇਵਾ ਕਰਦਾ ਸੀ। ਬਸ ਇੱਥੋਂ ਹੀ ਉਹਨਾਂ ਦੀ ਦੋਸਤੀ ਦਾ ਆਰੰਭ ਹੋਇਆ ਸੀ।
ਮਿਸਟਰ ਕਲਾਰਕ ਨੇ ਦੋ ਕੁ ਵਾਰੀ ਬਲਜੀਤ ਨੂੰ ਸਕੂਲ ਦੀ ਅਸੰਬਲੀ ਨੂੰ ਸੰਬੋਧਨ ਕਰਨ ਲਈ ਵੀ ਬੁਲਾਇਆ।
ਮਿਸਟਰ ਕਲਾਰਕ ਬਹੁਤ ਹੀ ਗਹਿਰ-ਗੰਭੀਰ ਸੁਭਾਅ ਦਾ ਵਿਅਕਤੀ ਸੀ ਜਿਸ ਦੇ ਬੋਲਣ ਵਿੱਚ ਬੜਾ ਠਰ੍ਹੰਮਾ ਤੇ ਸਹਿਜ ਸੀ। ਸਿੱਖ ਧਰਮ ਦਾ ਅਧਿਐਨ ਉਹ ਬੜੀ ਗੰਭੀਰਤਾ ਨਾਲ਼ ਕਰਦਾ। ਬਲਜੀਤ ਨੇ ਉਸ ਨੂੰ ਆਪਣੀ ਨਿਜੀ ਲਾਇਬਰੇਰੀ ਵਿਚੋਂ ਕਈ ਕਿਤਾਬਾਂ ਪੜ੍ਹਨ ਲਈ ਦਿਤੀਆਂ। ਉਹ ਇੱਕ ਦੂਸਰੇ ਨੂੰ ਤੋਹਫ਼ੇ ਵੀ ਕਿਤਾਬਾਂ ਦੇ ਹੀ ਦਿੰਦੇ। ਮਿਸਟਰ ਕਲਾਰਕ ਦੀ ਘਰ ਵਾਲ਼ੀ ਵੀ ਬਿਲਕੁਲ ਏਸੇ ਤਰ੍ਹਾਂ ਦੇ ਸੁਭਾਅ ਦੀ ਸੀ।
ਅਧਿਐਨ ਕਰ ਕਰ ਕੇ ਮਿਸਟਰ ਕਲਾਰਕ ਗੁਰੂ ਨਾਨਕ ਦੀ ਫਿਲਾਸਫ਼ੀ ਦਾ ਦੀਵਾਨਾ ਬਣ ਗਿਆ। ਬਲਜੀਤ ਨੂੰ ਯਾਦ ਸੀ ਕਿ ਇੱਕ ਵਾਰੀ ਉਸ ਨੇ ਉਹਨੂੰ ਦੱਸਿਆ ਸੀ ਕਿ ਜਦੋਂ ਉਸ ਨੇ ਗੁਰੂ ਅਰਜਨ ਦਾ ਉਹ ਉਪਦੇਸ਼ ਪੜ੍ਹਿਆ ਜਿਸ ਵਿੱਚ ਗੁਰੂ ਸਾਹਿਬ ਹਿੰਦੂ ਨੂੰ ਚੰਗਾ ਹਿੰਦੂ ਤੇ ਮੁਸਲਮਾਨ ਨੂੰ ਚੰਗਾ ਮੁਸਲਮਾਨ ਬਣਨ ਲਈ ਕਹਿੰਦੇ ਹਨ ਤਾਂ ਉਸ ਨੂੰ ਇਸਾਈ ਮਿਸ਼ਨਰੀਆਂ ਵਲੋਂ ਕੀਤੀ ਜਾਂਦੀ ਲੋਕ ਸੇਵਾ ਦੇ ਪਿੱਛੇ ਛੁਪੀ ਹੋਈ ਧਰਮ ਤਬਦੀਲ ਕਰਵਾਉਣ ਦੀ ਮੰਨਸ਼ਾ `ਤੇ ਬੜੀ ਗਿਲਾਨੀ ਹੋਈ ਸੀ। ਉਸ ਨੇ ਅਫ਼ਰੀਕਾ ਦੇ ਪ੍ਰਸਿੱਧ ਧਾਰਮਿਕ ਲੀਡਰ ਡੈਜ਼ਮੰਡ ਟੂਟੂ ਦਾ ਉਹ ਟੋਟਕਾ ਵੀ ਬਲਜੀਤ ਨੂੰ ਸੁਣਾਇਆ ਸੀ ਜਿਸ ਵਿੱਚ ਟੂਟੂ ਕਹਿੰਦਾ ਹੈ ਕਿ ਜਦੋਂ ਅੰਗਰੇਜ਼ ਅਫ਼ਰੀਕਾ ਵਿੱਚ ਆਏ ਤਾਂ ਅਫ਼ਰੀਕਨ ਲੋਕ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਸਨ ਤੇ ਗੋਰਿਆਂ ਦੇ ਹੱਥ ਵਿੱਚ ਬਾਈਬਲ ਸੀ। ਫਿਰ ਗੋਰੇ ਉਹਨਾਂ ਨੂੰ ਕਹਿਣ ਲੱਗੇ ਕਿ ਆਉ ਅੱਖਾਂ ਬੰਦ ਕਰ ਕੇ ਜੀਸਸ ਅੱਗੇ ਪ੍ਰਾਰਥਨਾ ਕਰੀਏ। ਟੂਟੂ ਕਹਿੰਦੈ ਕਿ ਜਦੋਂ ਪ੍ਰਾਰਥਨਾ ਤੋਂ ਬਾਅਦ ਉਹਨੀਂ ਅੱਖਾਂ ਖੋਲ੍ਹੀਆਂ ਤਾਂ ਜ਼ਮੀਨਾਂ ਜਾਇਦਾਦਾਂ ਗੋਰਿਆਂ ਕੋਲ਼ ਤੇ ਉਹਨਾਂ ਦੇ ਹੱਥਾਂ ਵਿੱਚ ਬਾਈਬਲਾਂ।
ਬਲਜੀਤ ਨੇ ਮਿਸਟਰ ਕਲਾਰਕ ਦੀ ਘਰ ਵਾਲ਼ੀ ਨੂੰ ਫੋਨ ਕੀਤਾ ਤਾਂ ਉਹਨੇ ਦੱਸਿਆ ਕਿ ਸੱਟਾਂ ਜ਼ਿਆਦਾ ਸਨ ਤੇ ਦੋ ਕੁ ਹਫ਼ਤੇ ਹਸਪਤਾਲ ਵਿੱਚ ਠਹਿਰਨਾ ਪਵੇਗਾ। ਬਲਜੀਤ ਨੇ ਉਸ ਪਾਸੋਂ ਹਸਪਤਾਲ ਦੇ ਵਾਰਡ ਬਾਰੇ ਪਤਾ ਕਰ ਲਿਆ।
ਬਲਜੀਤ ਦੋ ਕੁ ਵਾਰੀ ਮਿਸਟਰ ਕਲਾਰਕ ਨੂੰ ਦੇਖ ਆਇਆ ਸੀ।
ਅੱਜ ਜਦੋਂ ਉਹ ਉਸ ਨੂੰ ਮਿਲਣ ਗਿਆ ਤਾਂ ਮਿਸਟਰ ਕਲਾਰਕ ਉਸਨੂੰ ਦੱਸਣ ਲੱਗਾ ਕਿ ਸਕੂਲ ਤੋਂ ਉਸ ਦੇ ਕੁੱਝ ਸਾਥੀ ਅਧਿਆਪਕ ਆਏ ਸਨ ਤੇ ਉਹ ਸਕੂਲ਼ `ਤੇ ਕੇਸ ਕਰਨ ਦੀ ਸਲਾਹ ਦੇ ਰਹੇ ਸਨ। ਇੱਕ ਅਧਿਆਪਕ ਤਾਂ ‘ਨੋ ਵਿਨ ਨੋ ਫੀ’ ਵਾਲ਼ੇ ਕੁੱਝ ਵਕੀਲਾਂ ਦੇ ਟੈਲੀਫੂਨ ਨੰਬਰ ਵੀ ਨਾਲ਼ ਲੈ ਕੇ ਆਇਆ ਸੀ। ਉਸਨੇ ਤਾਂ ਉਹਨਾਂ ਨੂੰ ਸਾਫ਼ ਕਹਿ ਦਿੱਤਾ ਸੀ ਜਿਸ ਸਕੂਲ ਤੋਂ ਉਸਨੇ ਤੀਹ ਸਾਲ ਰੋਟੀ ਖਾਧੀ ਹੈ ਤੇ ਬੱਚੇ ਪਾਲ਼ੇ ਤੇ ਪੜ੍ਹਾਏ ਹਨ ਹੁਣ ਉਸੇ ਨੂੰ ਅਦਾਲਤ ਦੇ ਕਟਹਿਰੇ `ਚ ਕਿਵੇਂ ਖੜ੍ਹਾ ਕਰ ਦਿਆਂ। ਇਹ ਸੱਟਾਂ ਚੋਟਾਂ ਤਾਂ ਘਰ `ਚ ਜਾਂ ਬਾਹਰ ਸੜਕ `ਤੇ ਵੀ ਲੱਗ ਸਕਦੀਆਂ ਸਨ। ਕੰਮ ਤੋਂ ਛੁੱਟੀ ਦੌਰਾਨ ਉਸ ਨੂੰ ਪੂਰੀ ਤਨਖ਼ਾਹ ਮਿਲੀ ਜਾਣੀ ਹੈ। ਹੋਰ ਕੀ ਚਾਹੀਦਾ ਹੈ? ਉਹਦੇ ਸਾਥੀ ਉਹਦਾ ਜਵਾਬ ਸੁਣ ਕੇ ਚਲੇ ਗਏ ਸਨ।
ਜਦੋਂ ਉਹ ਇਹ ਗੱਲ ਦੱਸ ਰਿਹਾ ਸੀ ਤਾਂ ਬਲਜੀਤ ਨੂੰ ਉਹਦੇ ਚਿਹਰੇ `ਤੇ ਇੱਕ ਅਜੀਬ ਆਭਾ ਨਜ਼ਰ ਆ ਰਹੀ ਸੀ ਜੋ ਕਿ ਕਿਸੇ ਸੱਤ ਪੁਰਸ਼ ਦੇ ਚਿਹਰੇ `ਤੇ ਹੀ ਹੋ ਸਕਦੀ ਹੈ।
ਮਿਸਟਰ ਕਲਾਰਕ ਤੋਂ ਛੁੱਟੀ ਲੈ ਕੇ ਉਹ ਘਰ ਨੂੰ ਆ ਰਿਹਾ ਸੀ ਤਾਂ ਉਹਨੇ ਸੋਚਿਆ ਕਿ ਕਿਉਂ ਨਾ ਪੰਜਾਬੀ ਦਾ ਅਖ਼ਬਾਰ ਹੀ ਫੜੀ ਲਿਜਾਵੇ।
ਘਰ ਪਹੁੰਚ ਕੇ ਉਸ ਨੇ ਅਖ਼ਬਾਰ ਦੀਆਂ ਸੁਰਖ਼ੀਆਂ ਦੇਖਣੀਆਂ ਸ਼ੁਰੂ ਕੀਤੀਆਂ ਤਾਂ ਉਸ ਦੀ ਨਿਗਾਹ ਇੱਕ ਮੋਟੀ ਸੁਰਖ਼ੀ `ਤੇ ਪਈ ਜਿਸ ਦੀ ਇਬਾਰਤ ਸੀ, “ਦੇਸੀ ਭਾਈਬੰਦਾਂ ਦਾ ਇੰਸ਼ੋਰੈਂਸ ਕੰਪਨੀਆਂ ਤੋਂ ਝੂਠੇ ਕਲੇਮਾਂ ਦਾ ਪਰਦਾ ਫ਼ਾਸ਼”
ਉਸ ਨੇ ਸਾਰੀ ਖ਼ਬਰ ਪੜ੍ਹੀ ਜਿਸ ਦਾ ਸਾਰੰਸ਼ ਸੀ ਕਿ ਸਿੱਖਾਂ ਦੀ ਬਰਾਤ ਵਾਲੀ ਇੱਕ ਕੋਚ ਦਾ ਮੋਟਰਵੇਅ `ਤੇ ਮਾਮੂਲੀ ਜਿਹਾ ਐਕਸੀਡੈਂਟ ਹੋ ਗਿਆ। ਮੌਕੇ ਤੇ ਹੀ ਐਂਬੂਲੈਂਸ ਅਤੇ ਪੁਲਿਸ ਪਹੁੰਚ ਗਈ। ਕਿਸੇ ਦੇ ਵੀ ਸੱਟ ਚੋਟ ਨਹੀਂ ਸੀ ਲੱਗੀ।
ਕੰਪਨੀ ਨੇ ਦੂਸਰੀ ਕੋਚ ਜਲਦੀ ਹੀ ਭੇਜ ਦਿੱਤੀ ਸੀ।
ਵਿਆਹ ਤੋਂ ਕੁੱਝ ਦਿਨ ਬਾਅਦ ਹੀ ਚਾਰ ਪੰਜ ਸਿੱਖਾਂ ਨੇ ਇੰਸ਼ੋਰੈਂਨਸ ਕੰਪਨੀਆਂ ਤੋਂ ਮੁਆਵਜ਼ੇ ਲਈ ਕੇਸ ਕਰ ਦਿੱਤੇ ਜਿਹਨਾਂ ਵਿੱਚ ਕਿਹਾ ਗਿਆ ਸੀ ਕਿ ਹਾਦਸੇ ਵਿੱਚ ਉਗ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਸਨ। ਕੰਪਨੀਆਂ ਵਲੋਂ ਕੇਸਾਂ ਦੀ ਪੂਰੀ ਛਾਣ-ਬੀਣ ਕੀਤੀ ਗਈ। ਪੁਲਿਸ ਤੇ ਐਂਬੂਲੈਂਸ ਦੀਆਂ ਰਿਪੋਰਟਾਂ ਲਈਆਂ ਗਈਆਂ। ਤੇ ਉਧਰ ਇਸੇ ਸਮੇਂ ਵਿੱਚ ਲੜਕੇ ਲੜਕੀ ਦੀ ਅਣਬਣ ਹੋ ਗਈ ਤੇ ਮਾਮਲਾ ਲੜਾਈ ਝਗੜੇ ਤੱਕ ਪਹੁੰਚ ਗਿਆ। ਲੜਕੀ ਵਾਲਿਆਂ ਨੂੰ ਪਤਾ ਸੀ ਕਿ ਲੜਕੇ ਵਾਲਿਆਂ ਨੇ ਝੂਠੇ ਇੰਸ਼ੋਰੈਂਸ ਕਲੇਮ ਕੀਤੇ ਹੋਏ ਸਨ, ਉਹਨਾਂ ਨੇ ਵਿਆਹ ਦੀ ਵੀਡੀਓ ਇੰਸ਼ੋਰੈਂਸ ਵਾਲ਼ਿਆਂ ਨੂੰ ਭੇਜ ਦਿੱਤੀ ਜਿਸ ਵਿੱਚ ਕਲੇਮ ਕਰਨ ਵਾਲ਼ੇ ਇਹਨਾਂ ਚੌਹਾਂ ਪੰਜਾਂ ਬੰਦਿਆਂ ਨੇ ਭੰਗੜਾ ਪਾ ਪਾ ਕੇ ਹੇਠਲੀ ਮਿੱਟੀ ਉੱਤੇ ਕੀਤੀ ਹੋਈ ਸੀ।
ਜੱਜ ਨੇ ਆਪਣੇ ਫ਼ੈਸਲੇ `ਚ ਕਿਹਾ ਸੀ ਕਿ ਉਹਦਾ ਜੀਅ ਤਾਂ ਕਰਦਾ ਸੀ ਕਿ ਇਹਨਾਂ ਨੂੰ ਜੇਲ੍ਹ ਦੇ ਦਲ਼ੀਏ ਦਾ ਸੁਆਦ ਦਿਖਾਉਂਦਾ ਪਰ ਇਸ ਵਾਰੀ ਉਹ ਇਹਨਾਂ ਨੂੰ ਤਾੜਨਾ ਕਰ ਕੇ ਛੱਡ ਰਿਹਾ ਹੈ ਕਿ ਮੁੜ ਅਜਿਹਾ ਕੰਮ ਨਾ ਕਰਨ।
ਖ਼ਬਰ ਪੜ੍ਹ ਕੇ ਬਲਜੀਤ ਸੋਚ ਰਿਹਾ ਸੀ ਬਾਬੇ ਨਾਨਕ ਦਾ ਅਸਲੀ ਸਿੱਖ ਮਿਸਟਰ ਕਲਾਰਕ ਸੀ ਕਿ ਜਾਂ ਇਹ ਝੂਠੇ ਕਲੇਮ ਕਰਨ ਵਾਲ਼ੇ ਅਖਾਉਤੀ ਸਿੱਖ।
ਨਿਰਮਲ ਸਿੰਘ ਕੰਧਾਲਵੀ




.