.

ਜਦੋਂ ਯੂਬਾ ਸਿਟੀ ਮੇਲੇ (ਨਗਰ ਕੀਰਤਨ) ਤੇ ਇੰਟਰਨੈੱਟ ਗਰੁੱਪ ਜਮੀਨ ਤੇ ਉੱਤਰਿਆ!!...ਇੱਕ ਸਰਵੇਖਣ

(ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ)

ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਹਰ ਸਾਲ ਯੂਬਾ ਸਿਟੀ (ਕੈਲੇਫੋਰਨੀਆਂ) ਵਿੱਚ ਵਿਸ਼ਾਲ ਨਗਰ ਕੀਰਤਨ ਹੁੰਦਾ ਹੈ । ਇਹ ਨਗਰ ਕੀਰਤਨ ਅਮਰੀਕਾ ਦਾ ਸਭ ਤੋਂ ਵੱਡਾ ਨਗਰ ਕੀਰਤਨ ਹੈ । ਇਸ ਨਗਰ ਕੀਰਤਨ ਵਿੱਚ ਟਰੱਕਾਂ ਤੇ ਸਜਾਏ ਫਲੋਟਾਂ ਦੀ ਗਿਣਤੀ ਕਰਨੀ ਮੁਸ਼ਕਲ ਹੋ ਜਾਂਦੀ ਹੈ । ਯੂਬਾ ਸਿਟੀ ਇੱਕ ਪੇਂਡੂ ਇਲਾਕਾ ਹੋਣ ਕਾਰਨ ਟਰੈਫਕ ਦੀ ਜਿਆਦਾ ਸਮੱਸਿਆ ਨਾਂ ਹੋਣ ਕਾਰਣ ਪ੍ਰਸ਼ਾਸ਼ਨ ਨਗਰ ਕੀਰਤਨ ਦੀ ਇਜਾਜਤ ਸਹਿਜੇ ਹੀ ਦੇ ਦਿੰਦਾ ਹੈ। 4-5 ਘੰਟੇ ਲਗਾਤਾਰ ਸੜਕਾਂ ਤੇ ਚਲ ਰਹੇ ਇਸ ਨਗਰ ਕੀਰਤਨ ਦੋਰਾਨ ਸੜਕਾਂ ਦੇ ਦੋਵੇਂ ਪਾਸੇ ਦਾ ਨਜਾਰਾ ਵਿਲੱਖਣ ਹੀ ਹੁੰਦਾ ਹੈ । ਹਰ ਵਾਰ ਸ਼ਾਮਲ ਹੋਣ ਵਾਲਿਆਂ ਦੇ ਅੰਦਾਜੇ ਮੁਤਾਬਕ ਇਸ ਨਗਰ ਕੀਰਤਨ ਵਿੱਚ ਤਕਰੀਬਨ ਇੱਕ ਲ਼ੱਖ ਦੇ ਕਰੀਬ ਸੰਗਤਾਂ ਸ਼ਿਰਕਤ ਕਰਦੀਆਂ ਹਨ । ਨਗਰ ਕੀਰਤਨ ਤੋਂ ਪਹਿਲਾਂ ਕੀਰਤਨ ਦਰਬਾਰ, ਢਾਡੀ ਦਰਵਾਰ, ਕਵੀ ਦਰਬਾਰ ਆਦਿ ਦਾ ਪਰਬੰਧ ਕੀਤਾ ਜਾਂਦਾ ਹੈ । ਆਖਰੀ ਦਿਨ ਕਥਾ ਵਿਚਾਰ ਅਤੇ ਲੈਕਚਰ ਆਦਿ ਵੀ ਹੁੰਦੇ ਹਨ । ਜਿੱਥੇ ਇੱਕ ਪਾਸੇ ਖਾਣ ਪੀਣ ਦੇ ਅਣਗਿਣਤ ਤਰਾਂ ਦੇ ਭਾਂਤ ਸੁਭਾਂਤ ਦੇ ਸਮਾਨ ਦੇ ਫਰੀ ਸਟਾਲ ਹੁੰਦੇ ਹਨ ਉੱਥੇ ਆਮ ਮੇਲਿਆਂ ਵਾਂਗ ਘਰੇਲੂ ਸਮਾਨ ਦੀ ਖਰੀਦੋ ਖਰੋਫਤ ਵੀ ਕੀਤੀ ਜਾਂਦੀ ਹੈ ।ਯੂਬਾ ਸਿਟੀ ਇਲਾਕੇ ਦੇ ਗੋਰੇ ਨਾਗਰਿਕ ਵੀ ਦੂਰ ਦੁਰਾਡਿਓਂ ਇਸ ਮੇਲੇ ਨੂੰ ਦੇਖਣ ਪੁਜਦੇ ਹਨ । ਅੱਜ ਕੱਲ ਹੋਰ ਨਗਰ ਕੀਰਤਨਾਂ ਵਾਂਗ ਇਹ ਵੀ ਇੱਕ ਮੇਲਾ ਹੀ ਬਣਦਾ ਜਾ ਰਿਹਾ ਹੈ ਜਿੱਥੇ ਕਿ ਗੁਰਮਤਿ ਪ੍ਰਚਾਰ ਨਾਲੋਂ ਦਿਖਾਵੇ ਜਾਂ ਘੁਮਣ ਫਿਰਨ ਅਤੇ ਖਾਣ-ਖਲਾਣ ਦੀ ਸ਼ਰਧਾ ਭਾਵਨਾਂ ਜਿਆਦਾ ਹੁੰਦੀ ਹੈ । ਪਰ ਅਜਿਹੇ ਮੌਕਿਆਂ ਤੇ ਜਿੱਥੇ ਹਰ ਤਰਾਂ ਦੀ ਆਪੋ ਆਪਣੀ ਸ਼ਰਧਾ ਪਰਧਾਨ ਹੁੰਦੀ ਹੈ ਉੱਥੇ ਕੁਝ ਸੱਚ ਨੂੰ ਪ੍ਰਣਾਏ ਵੀਰ ਹਰ ਸੰਗਤ ਜੁੜਨ ਦੇ ਮੌਕੇ ਨੂੰ ਗੁਰੂ ਨਾਨਕ ਸਾਹਿਬ ਦੇ ਨਿਰਾਲੇ ਫਲਸਫੇ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕਰਦੇ ਨਜਰ ਆਉੰਦੇ ਰਹਿੰਦੇ ਹਨ। ਇਸੇ ਤਰਾਂ ਦੀਆਂ ਕੋਸ਼ਿਸ਼ਾਂ ਵਿੱਚ ਲੀਨ ਹੈ ਅਜੋਕਾ “ਅਖੌਤੀ ਸੰਤਾਂ ਦੇ ਕੌਤਕ” ਨਾਮ ਦਾ ਇੱਕ ਇੰਟਰਨੈੱਟ ਗਰੁੱਪ ਜੋ ਕਿ “ਇੱਕ ਗ੍ਰੰਥ ਤੇ ਇੱਕ ਪੰਥ” ਦੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ, ਹਰ ਤਰਾਂ ਦੇ ਡੇਰਾਵਾਦ ਨੂੰ ਮੰਨਦਾ ਹੋਇਆ ਕੇਵਲ ਇੱਕ ਨਾਲ ਇੱਕ ਹੋਣ ਲਈ ਸਮੁੱਚੀ ਲੁਕਾਈ ਨੂੰ , ਕੇਵਲ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨਾਲ ਪ੍ਰਤੀਬੱਧ ਹੋਣ ਦਾ ਹੋਕਾ ਦੇ ਰਿਹਾ ਹੈ ।
ਦੁਨੀਆਂ ਦੇ ਨਵੀਨਤਮ ਵਿਚਾਰਾਂ ਦੇ ਅਦਾਨ ਪ੍ਰਦਾਨ ਕਰਨ ਵਾਲੇ ਸੰਚਾਰ ਸਾਧਨ ਫੇਸਬੁੱਕ ਤੇ ਭਾਵੇਂ ਸੈਂਕੜੇ ਗਰੁੱਪ ਵਿਚਾਰ ਚਰਚਾਵਾਂ ਕਰਦੇ ਰਹਿੰਦੇ ਹਨ ਪਰ “ਅਖੌਤੀ ਸੰਤਾਂ ਦੇ ਕੌਤਕ” ਗਰੁੱਪ ਨੇ ਤਾਂ ਨਵੇਂ ਕੀਰਤੀਮਾਨ ਸਥਾਪਤ ਕਰ ਦਿੱਤੇ ਹਨ । ਫੇਸਬੁੱਕ ਨਾਮੀ ਅਧੁਨਿਕ ਵੈੱਬ ਸਾਈਟ ਨੁਮਾਂ ਪੇਜ ਦੀ ਵਰਤੋਂ ਜਿਆਦਾ ਤਰ ਮੁੰਡੇ-ਕੁੜੀਆਂ ਆਪਸੀ ਗੱਪ-ਸ਼ੱਪ ਲਈ ਕਰਦੇ ਹਨ । ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਇਸੇ ਫੇਸਬੁੱਕ ਦੀ ਵਰਤੋਂ ਇਨੀ ਸਾਰਥਿਕ ਤੌਰ ਤੇ ਵੀ ਕੀਤੀ ਜਾ ਸਕਦੀ ਹੈ । ਫੇਸਬੁੱਕ ਤੇ ਬਹੁਤ ਸਾਰੇ ਲੋਕ ਇਸਦੀ ਜਿਆਦਾ ਵਰਤੋਂ ਆਪਣੇ ਨਿੱਜੀ ਪਰਚਾਰ ਲਈ ,ਆਪਣਾ ਗਿਆਨ ਝਾੜਨ ਲਈ ਜਾਂ ਇਖਲਾਕੋਂ ਗਿਰੀ ਬੋਲੀ ਦੁਆਰਾ ਦੂਜੇ ਨੂੰ ਨੀਚਾ ਦਿਖਾਉਣ ਜਾਂ ਲੜਨ ਝਗੜਨ ਲਈ ਹੀ ਕਰੀ ਜਾ ਰਹੇ ਹਨ । ਜਦ ਕਿ ਕੁਝ ਵੀਰ ਭੈਣਾ ਸਾਫ ਸੁੰਦਰ ਭਾਸ਼ਾ ਵਰਤਦੇ ਹੋਏ ,ਸਭਿਅਕ ਤਰੀਕੇ ਨਾਲ ਵਿਚਾਰ ਵਟਾਂਦਰੇ ਕਰ ਹਮੇਸ਼ਾਂ ਸਿੱਖਣ-ਸਿਖਾਣ ਦੀ ਭਾਵਨਾ ਨਾਲ ਇਸਦੇ ਉਸਾਰੂ ਪੱਖ ਦਾ ਲਾਹਾ ਵੀ ਲੈਂਦੇ ਹਨ ।“ ਅਖਾਉਤੀ ਸੰਤਾਂ ਦੇ ਕੌਤਕ” ਨਾਮੀ ਗਰੁੱਪ ਭਾਵੇਂ ਹਰ ਤਰਾਂ ਦੇ ਡੇਰੇਦਾਰਾਂ ਨੂੰ ਕਰੜੇ ਹੱਥੀਂ ਲੈਂਦਾ ਹੈ ਪਰ ਆਪਸੀ ਵਿਚਾਰਕ ਵਖਰੇਵਿਆਂ ਨੂੰ ਬਹੁਤ ਹੀ ਸ਼ੁਹਿਰਦਤਾ ਨਾਲ ਹਲ ਕਰਦਾ ਹੈ । ਇਸ ਗਰੁੱਪ ਵਿੱਚ ਤਕਰੀਬਨ 35000 ਮੈਂਬਰ ਸ਼ਾਮਲ ਹਨ ਅਤੇ ਇਹਨਾਂ ਦੀ ਗਿਣਤੀ ਹਰ ਰੋਜ ਵਧੀ ਜਾ ਰਹੀ ਹੈ । ਜਿੱਥੇ ਫੇਸਬੁਕ ਦੇ ਬਾਕੀ ਦੇ ਗਰੁੱਪ ਕੇਵਲ ਵਿਚਾਰ ਚਰਚਾਵਾਂ ਤੱਕ ਹੀ ਸੀਮਤ ਹਨ ਉੱਥੇ ਇਸ ਗਰੁੱਪ ਨੇ ਸਾਰੀ ਦੁਨੀਆਂ ਵਿੱਚ ਲਾਮਬੰਦ ਹੋਕੇ ਜਮੀਨੀ ਪੱਧਰ ਤੇ ਹਕੀਕੀ ਪਹੁੰਚ ਅਪਣਾਅ ਪਰਚਾਰ ਵੀ ਸ਼ੁਰੂ ਕਰ ਦਿੱਤਾ ਹੈ । ਇਸ ਗਰੁੱਪ ਨੇ ਆਪਸੀ ਵਿਚਾਰ ਚਰਚਾਵਾਂ ਰਾਹੀਂ ਸਿੱਖੀ ਦੇ ਪਰਚਾਰ ਵਿੱਚ ਸਭ ਤੋਂ ਵੱਡਾ ਅੜਿੱਕਾ ਹਰ ਤਰਾਂ ਦੇ ਡੇਰਾਵਾਦ ਨੂੰ ਮੰਨਿਆਂ ਹੈ । ਇਹ ਗਰੁੱਪ ਬਾਬੇ ਨਾਨਕ ਦੇ ਇੱਕ ਦੇ ਸਿਧਾਂਤ ਨੂੰ ਸਮਰਪਿਤ ਹੈ । ਇੱਕ ਰੱਬ ,ਇੱਕ ਗ੍ਰੰਥ, ਇੱਕ ਪੰਥ, ਇੱਕ ਰਹਿਤ ਮਰਿਆਦਾ ਅਤੇ ਇੱਕ ਹੀ ਨਾਨਕ ਸ਼ਾਹੀ ਕੈਲੰਡਰ ਨੂੰ ਮੰਨਦਿਆਂ ਸਭ ਤੋਂ ਪਹਿਲਾਂ ਇਸ ਗਰੁੱਪ ਨੇ ਕਨੇਡਾ ਦੇ ਸਰੀ ਸ਼ਹਿਰ ਵਿੱਚ “ਸਿੰਘ ਸਭਾ ਇੰਟਰਨੈਸ਼ਨਲ” ਕਨੇਡਾ ਨਾਲ ਸਾਂਝਿਆਂ ਪੰਥਕ ਮੁਦਿਆਂ ਤੇ ਕਾਨਫਰੰਸ ਕਰ ਕੇ ਆਪਣਾ ਕਦਮ ਰੱਖਿਆ । ਉਸਤੋਂ ਬਾਅਦ ਯੂਬਾ ਸਿਟੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਗੁਰਗੱਦੀ ਦਿਵਸ ਨਾਲ ਸਬੰਧਤ ਕੱਢੇ ਜਾਂਦੇ ਨਗਰ ਕੀਰਤਨ (ਮੇਲੇ) ਦੇ ਮੌਕੇ ਤੇ ਵਿਸ਼ਾਲ ਸਟਾਲ ਲਾਕੇ ਹਜਾਰਾਂ ਸੀਡੀਆਂ, ਰਹਿਤ ਮਰਿਆਦਾ ਅਤੇ ਬਹੁਤ ਸਾਰਾ ਗੁਰਮਤਿ ਲਿਟਰੇਚਰ ਫਰੀ ਵੰਡਿਆ ।ਵਿਸ਼ੇਸ਼ ਨਵੀਨਤਮ ਤਕਨੀਕ ਨਾਲ ਅਚਾਨਕ ਜਮੀਨ ਤੇ ਪੂਰੇ ਅਮਰੀਕਾ , ਕਨੇਡਾ ਦੇ ਵੱਖ ਵੱਖ ਸੂਬਿਆਂ ਤੋਂ ਗੁਰਮਤਿ ਪਰਚਾਰ ਲਈ ਇੱਕ ਜਗਾਹ ਆ ਇਕੱਠਾ ਹੋਣਾ ਸਭ ਲਈ ਅਚੰਭਾ ਭਰਪੂਰ ਸੀ । ਸਟਾਲ ਉੱਪਰ ਲਗਾਏ ਪਖੰਡੀ ਸਾਧਾਂ ਦੇ ਦੁਸ਼ਕਰਮਾਂ ਦੇ ਪੋਸਟਰ ਸੰਗਤਾਂ ਵਿੱਚ ਜਾਗਰਤੀ ਭਰ ਰਹੇ ਸਨ। ਸਟਾਲ ਅੱਗੇ ਬਹੁਤ ਵੱਡੇ ਟੀ ਵੀ ਨਾਲ ਪਖੰਡੀ ਸਾਧਾਂ ਦੇ ਗੁਰਮਤਿ ਵਿਰੋਧੀ ਕਾਰਨਾਮਿਆਂ ਨਾਲ ਭਰੀਆਂ ਮੂਵੀਆਂ ਦਿਖਾਈਆਂ ਜਾ ਰਹੀਆਂ ਸਨ । ਜਿੱਥੇ ਲੋਕ ਸਾਧਾਂ ਦੀਆਂ ਕਰਤੂਤਾਂ ਦੇਖਕੇ ਮੂੰਹ ਵਿੱਚ ਊੰਗਲੀਆਂ ਪਾ ਰਹੇ ਸਨ ਉੱਥੇ ਜਾਣ ਲੱਗੇ ਗੁਰਮਤਿ ਵਿਚਾਰਧਾਰਾ ਦੀਆਂ ਸੀਡੀਆਂ ਅਤੇ ਲਿਟਰੇਚਰ ਵੀ ਲਜਾ ਰਹੇ ਸਨ । ਸਟਾਲ ਦੁਆਲੇ ਕਈ ਸੱਚ ਦੇ ਜਗਿਆਸੂ, ਗਰੁੱਪ ਦੇ ਮੈਂਬਰਾਂ ਨਾਲ ਵਿਚਾਰ ਵਿਟਾਂਦਰੇ ਕਰ ਰਹੇ ਸਨ । ਗੁਰਮਤਿ ਫਿਲਾਸਫੀ ਨੂੰ ਸਮਝਣ ਵਾਲੇ ਵਿਚਾਰਵਾਨ ਇਸ ਜਾਗਰਤੀ ਲਿਆਉਣ ਵਾਲੇ ਗੁਰ-ਗਿਆਨ ਰੂਪੀ ਗੁਰ-ਸ਼ਬਦ ਦੇ ਲਾਏ ਲੰਗਰ ਦੀ ਤਾਰੀਫ ਕਰ ਰਹੇ ਸਨ । ਇਸ ਸਟਾਲ ਤੇ ਕਨੇਡਾ ਅਮਰੀਕਾ ਦੀਆਂ ਵੱਖ ਵੱਖ ਸਟੇਟਾਂ ਤੋਂ ਆਏ ਵੀਰ ਅਜੀਬ ਜਿਹੇ ਚਾਅ ਨਾਲ ਸੇਵਾ ਨਿਭਾ ਰਹੇ ਸਨ । ਸ਼ੇਰੇ ਪੰਜਾਬ ਰੇਡੀਓ ਦੇ ਬਹੁ-ਚਰਚਿਤ ਸੂਝਵਾਨ ਹੋਸਟ ਸ ਕੁਲਦੀਪ ਸਿੰਘ ਜੀ ਆਪਣੇ ਰੇਡੀਓ ਤੇ ਨਗਰ ਕੀਰਤਨ ਵਾਰੇ ਲਾਈਵ ਜਾਣਕਾਰੀ ਦਿੰਦੇ ਹੋਏ ਇਸ ਗਰੁੱਪ ਵਾਰੇ ਵਿਸ਼ੇਸ਼ਤਾ ਨਾਲ ਦੱਸ ਰਹੇ ਸਨ। ਭਾਵੇਂ ਇਸ ਗਰੁੱਪ ਦਾ ਮੁਖ ਨਿਸ਼ਾਨਾ ਸਿੱਖ ਕੌਮ ਨੂੰ ਬਿਪਰਵਾਦੀ ਬਣਾ ਰਹੇ ਸਾਧਾਂ ਦੇ ਟੋਲਿਆਂ ਦੀ ਅਸਲੀਅਤ ਜੱਗ ਜਾਹਰ ਕਰ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣ ਲਈ ਪਰੇਰਤ ਕਰਨਾ ਸੀ ਪਰ ਫਿਰ ਵੀ ਬਹੁਤ ਵੀਰ ਦਸਮ ਗ੍ਰੰਥ, ਰਹਿਤ ਮਰਿਆਦਾ ਵਰਗੇ ਸਵਾਲ ਲੈਕੇ ਆ ਰਹੇ ਸਨ ਜਿਨਾਂ ਨੂੰ ਬੜੇ ਹੀ ਸੱਭਿਅਕ ਤਰੀਕੇ ਨਾਲ ਜਵਾਬ ਦਿੱਤੇ ਜਾ ਰਹੇ ਸਨ । ਗਰੁੱਪ ਦੇ ਸ਼ੂਝਵਾਨ ਮੈਂਬਰਾਂ ਦਾ ਗਲ ਬਾਤ ਦਾ ਤਰੀਕਾ ਇਨਾਂ ਮਿੱਠਾ, ਭਾਵਪੂਰਤ ਅਤੇ ਖਿੱਚ ਪਾਊ ਸੀ ਕਿ ਅੰਤਰ ਰਾਸ਼ਟਰੀ ਪੱਤਰਕਾਰ ਸ ਤਰਲੋਚਨ ਸਿੰਘ ਦੁਪਾਲਪੁਰ, ਪੰਥਕ ਲਿਖਾਰੀ ਸ ਮਝੈਲ ਸਿੰਘ ਸੈਨਹੋਜੇ, ਸਿੰਘ ਸਭਾ ਇੰਟਰਨੈਸ਼ਨਲ ਦੇ ਪ੍ਰੋ ਮੱਖਣ ਸਿੰਘ ਸੈਕਰਾਮੈਂਟੋ , ਕੁਲਦੀਪ ਸਿੰਘ ਯੂਬਾ ਸਿਟੀ ਅਤੇ ਸਰਬਜੀਤ ਸਿੰਘ ਸੈਕਰਾਮੈਂਟੋ ਵਰਗੇ ਵੀਰ ਸਾਰਾ ਦਿਨ ਇਸੇ ਸਟਾਲ ਤੇ ਬੈਠੇ ਗੁਰਮਤਿ ਵਿਚਾਰਾਂ ਕਰਦੇ ਰਹੇ । ਗਰੁੱਪ ਦੇ ਸੰਚਾਲਕਾਂ ਨੇ ਖਾਲਸਾ ਨਿਊਜ਼, ਚੜਦੀ ਕਲਾ ਅਤੇ ਕਈ ਹੋਰ ਪਤਰਕਾਰਾਂ ਨਾਲ ਹੋਈ ਇੰਟਰਵਿਊ ਵਿੱਚ ਦੱਸਿਆ ਕਿ ਕਿਸ ਤਰਾਂ ਉਹਨਾਂ ਗਰੁੱਪ ਵਿੱਚ ਅਜਿਹੀ ਲੋੜ ਨੂੰ ਵਾਜਬ ਸਮਝ ਫੇਸਬੁਕ ਤੇ ਵਿਚਾਰ ਵਿਟਾਂਦਰਾ ਕੀਤਾ ਅਤੇ ਕਿਸ ਤਰਾਂ ਇਸ ਫੇਸਬੁੱਕ ਗਰੁੱਪ ਦੇ ਵਿਚਾਰਾਂ ਨਾਲ ਸਹਿਮਤ ਵੀਰਾਂ ਨੇ ਪਰੈਕਟੀਕਲ ਕੰਮ ਦੀ ਤਿਆਰੀ ਕੀਤੀ ।ਉਹਨਾ ਦੱਸਿਆ ਕਿ ਨਗਰ ਕੀਰਤਨ ਤੋਂ ਪਹਿਲਾਂ ਆਕੇ ਗਰੁੱਪ ਸੰਚਾਲਕ ਸ ਦਲਜੀਤ ਸਿੰਘ ਇੰਡਿਆਨਾ, ਹਰਬਕਸ਼ ਸਿੰਘ ਕੂਪਰਟੀਨੋ, ਅਮਰਦੀਪ ਸਿੰਘ ਅਮਰ (ਨਾਵਲਿਸਟ) ਇੰਡਿਆਨਾ, ਬਲਰਾਜ ਸਿੰਘ ਸਪੋਕਨ, ਹਰਪਾਲ ਸਿੰਘ ਕੈਲਗਰੀ, ਲਛਮਣ ਸਿੰਘ ਕੈਲਗਰੀ, ਸ਼ੌਕੀਨ ਸਿੰਘ ਚੁੱਪਕੀਤੀ(ਸਰੀ), ਨਰਿੰਦਰ ਸਿੰਘ ਡੈਲੱਸ, ਕੁਲਵੀਰ ਸਿੰਘ ਫਰਿਜਨੋ ਅਤੇ ਕਵੀਸ਼ਰ ਸਿੰਘ ਆਦਿ ਵੀਰਾਂ ਨੇ ਕਿਸ ਤਰਾਂ ਬਣਾਈ ਯੋਜਨਾਂ ਅਨੁਸਾਰ ਤਿਆਰੀ ਕਰਦਿਆਂ ਦਿਨ ਰਾਤ ਇੱਕ ਕੀਤਾ ਹਾਲਾਂਕਿ ਪੋਸਟਰਾਂ ਅਤੇ ਸੀ ਡੀ ਆਂ ਵਾਰੇ ਚੋਣ ਫੇਸਬੁੱਕ ਗਰੁੱਪ ਵਿੱਚ ਹੀ ਸਰਬ ਸੰਮਤੀ ਨਾਲ ਹੀ ਹੋਈ ਸੀ । ਗਰੁੱਪ ਦੇ ਸਰਗਰਮ ਮੈਂਬਰ ਚੰਨਾ ਕੈਲੇਫੋਰਨੀਆਂ (ਖੁੰਡ ਚਰਚਾ ਡਾਟ ਕਾਮ) ਨੇ ਇੱਕ ਵੱਡੇ ਟੀ ਵੀ ਤੇ ਸਾਧਾਂ ਦੇ ਕਾਰਨਾਮਿਆਂ ਵਾਲੀਆਂ ਮੂਵੀਆਂ ਦਿਖਾਣ ਦਾ ਖਾਸ ਪਰਬੰਧ ਕੀਤਾ ਹੋਇਆ ਸੀ ਜਿਸ ਵਿੱਚ ਸਤਪਾਲ ਸਿੰਘ ਦੁਗਰੀ, ਅਤੇ ਚੰਨੇ ਦੀ ਆਪਣੀ ਬਣਾਈ ਮੂਵੀ ਵੀ ਸ਼ਾਮਲ ਸੀ। ਰਸ਼ਪਾਲ ਸਿੰਘ ਫਰਿਜਨੋ, ਅਮ੍ਰਿਤਪਾਲ ਸਿੰਘ ਸੈਲਮਾ, ਜਗਮੇਲ ਸਿੰਘ ਫਰੀਮੌਂਟ, ਬਲਵਿੰਦਰ ਸਿੰਘ ਲੰਗੜੋਆ ਸੈਨਹੋਜੇ, ਹਰਮਿੰਦਰ ਸਿੰਘ ਸੈਨਹੋਜੇ, ਗੁਰਸੇਵਕ ਸਿੰਘ ਸੈਨਹੋਜੇ, ਕਰਮਜੀਤ ਸਿੰਘ ਸਰੀ, ਦਰਸ਼ਨ ਸਿੰਘ ਬਸਰਾਓਂ(ਸ਼ਿਕਾਗੋ), ਪਰਮਿੰਦਰ ਸਿੰਘ ਫਰੀਮੌਂਟ, ਸਰਵਣ ਸਿੰਘ ਸਰੀ, ਹਰਕੰਵਲ ਸਿੰਘ ਕਨੇਡਾ ਆਦਿ ਗਰੁੱਪ ਮੈਂਬਰਾਂ ਨੇ ਗਰਮ ਜੋਸ਼ੀ ਨਾਲ ਸ਼ਮੂਲੀਅਤ ਕੀਤੀ । ਵੀਰ ਸਤਪਾਲ ਸਿੰਘ ਪੁਰੇਵਾਲ ਸਿਆਟਲ, (ਜਿਨਾਂ ਨੇ ਬਹੁਤ ਮਿਹਨਤ ਨਾਲ ਇੰਟਰਨੈੱਟ ਤੇ
ektuhi.com ਦੁਆਰਾ ਗੁਰਬਾਣੀ ਦੇ ਸ਼ੁੱਧ ਉਚਾਰਣ (ਸੰਥਿਆ)ਲਈ ਵੈੱਬ ਸਾਈਟ ਤਿਆਰ ਕੀਤੀ ਹੈ), ਨੇ ਸਟਾਲ ਦੇ ਸੁਚੱਜੇ ਪਰਬੰਧ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ । ਸਿੰਘ ਸਭਾ ਕਨੇਡਾ ਦੇ ਸ ਲਖਵੀਰ ਸਿੰਘ ਸਰੀ ਅਤੇ ਜਰਨੈਲ ਸਿੰਘ ਸਰੀ ਵੀ ਸਾਰਾ ਸਮਾਂ ਸਟਾਲ ਵਿੱਚ ਹਾਜਰ ਰਹੇ । ਸਾਧਾਂ ਦੀਆਂ ਗੁਰਮਤਿ ਦੇ ਉਲਟ ਗਤੀਵਿਧੀਆਂ ਨੂੰ ਪੇਸ਼ ਕਰਦੇ ਪੋਸਟਰ, ਗਰੁੱਪ ਦੇ ਇੱਕ ਸੰਚਾਲਕ ਸ ਜਗਮਨ ਸਿੰਘ ਇੰਗਲੈਂਡ ਨੇ ਡਿਜਾਇਨ ਕੀਤੇ । ਗਰੁੱਪ ਦੇ ਸਪੋਕਸਮੈਨ ਅਜਾਇਬ ਸਿੰਘ ਸਿਆਟਲ ਨੇ ਗੁਰਦੁਆਰਾ ਸਾਹਿਬ ਦੇ ਭਰੇ ਹਾਲ ਵਿੱਚ ਡੇਰੇਦਾਰਾਂ ਵਲੋਂ ਸਧਾਰਣ ਸ਼ਰਧਾਲੂਆਂ ਦੀ ਕੀਤੇ ਜਾ ਰਹੇ ਮਾਨਸਿਕ, ਆਰਥਿਕ ਅਤੇ ਸ਼ਰੀਰਕ ਸ਼ੋਸ਼ਣ ਵਾਰੇ ਸੰਖੇਪ ਨਾਲ ਦੱਸਦਿਆਂ ਸੰਗਤਾਂ ਨੂੰ ਇਹਨਾਂ ਕੋਲੋਂ ਬਚਣ ਅਤੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਤੇ ਚੱਲਣ ਦੀ ਅਪੀਲ ਕੀਤੀ । ਗੁਰਪਰੀਤ ਸਿੰਘ ਸੈਕਰਾਮੈਂਟੋ, ਹਰਜੀਤ ਸਿੰਘ ਸੈਕਰਾਮੈਂਟੋ, ਪਰਮਿੰਦਰ ਸਿੰਘ , ਨਵਦੀਪ ਸਿੰਘ ਟਰੇਸੀ ਵਰਗੇ ਗਰੁੱਪ ਮੈਂਬਰ ਤਨਦੇਹੀ ਨਾਲ ਸੇਵਾ ਵਿੱਚ ਜੁਟੇ ਰਹੇ । ਗੋਰੀ ਤੋਂ ਸਿੰਘ ਸਜੀ ਗੁਰੂ ਗ੍ਰੰਥ ਪਰਚਾਰ ਮਿਸ਼ਨ ਦੀ ਆਗੂ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਸਟਾਲ ਤੇ ਆਕੇ ਇਸ ਇੰਟਰਨੈਟ ਗਰੁੱਪ ਦੀ ਕਾਰਜ ਵਿਧੀ ਤੇ ਸਹਿਮਤੀ ਜਿਤਾਉਂਦਿਆਂ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ।
ਇਸ ਫੇਸਬੁੱਕ ਗਰੁੱਪ ਦੇ ਮੈਂਬਰਾਂ ਵੱਲੋਂ ਚਲਾਏ ਨਿਵੇਕਲੇ ਅਤੇ ਨਵੀਨ ਕਿਸਮ ਦੇ ਜਾਗਰੂਕ ਅਭਿਆਨ ਦੀ ਹੌਸਲਾ ਹਫਜਾਈ ਕਰਨ ਲਈ ਵਾਸ਼ਿੰਗਟਨ ਡੀ ਸੀ ਤੋਂ ਡਾ ਅਮਰਜੀਤ ਸਿੰਘ,ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਪਰਸਤ ਡਾ ਪ੍ਰਿਤਪਾਲ ਸਿੰਘ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਹੋਠੀ ,ਅਤੇ ਮਨੁੱਖੀ ਅਧਿਕਾਰ ਆਗੂ ਭਜਨ ਸਿੰਘ ਭਿੰਡਰ, ਗੁਰੂ ਗ੍ਰੰਥ ਪਰਚਾਰ ਮਿਸ਼ਨ ਦੇ ਅਵਤਾਰ ਸਿੰਘ ਮਿਸ਼ਨਰੀ , ਕੁਲਵੰਤ ਸਿੰਘ ਮਿਸ਼ਨਰੀ, ਨੌਜਵਾਨ ਕਵੀ ਬਲਜੀਤ ਸਿੰਘ ਦੁਪਾਲਪੁਰ, ਦਲਜੀਤ ਸਿੰਘ ਬਰਮਾਲੀਪੁਰ ਸਮੇਤ ਹੋਰ ਵੀ ਕਈ ਪੰਥਕ ਆਗੂ ਸਟਾਲ ਤੇ ਪੁੱਜੇ । ਗਰੁੱਪ ਦੇ ਕਨਵੀਨਰ ਦਲਜੀਤ ਸਿੰਘ ਇੰਡਿਆਨਾ ਨੇ ਅਖਬਾਰਾਂ ਅਤੇ ਰੇਡੀਓ ਵਾਲਿਆਂ ਨਾਲ ਮੁਲਾਕਾਤਾਂ ਦੌਰਾਨ ਭਵਿੱਖ ਵਿੱਚ ਇਸ ਤੋਂ ਵੀ ਵੱਡੇ ਹੋਰ, ਜਾਗਰੂਕਤਾ ਮੁਹਿੰਮ ਨੂੰ ਸਮਰਪਿਤ ਪਰੋਗਰਾਮ ਕਰਨ ਦੀ ਵਚਨਵੱਧਤਾ ਦੁਹਰਾਊਂਦਿਆਂ ਦੱਸਿਆ ਕਿ ਜਿਸ ਤਰਾਂ ਪੂਰੇ ਸੰਸਾਰ ਦੇ ਹਰ ਦੇਸ਼ ਅਤੇ ਹਰ ਸ਼ਹਿਰ ਵਿੱਚ ਇਸ ਗਰੁੱਪ ਦੀ ਮੈਂਬਰਸ਼ਿਪ ਅਤੇ ਲੋਕ-ਪ੍ਰਿਅਤਾ ਦਿਨੋ-ਦਿਨ ਵਧ ਰਹੀ ਹੈ ਉਸ ਤੋਂ ਜਾਪਦਾ ਹੈ ਕਿ ਲੋਗ ਅਖਾਉਤੀ ਸਾਧਾਂ ਅਤੇ ਸੰਪਰਦਾਵਾਂ ਦੇ ਫੈਲਾਏ ਮੱਕੜ ਜਾਲ ਤੋਂ ਬਹੁਤ ਦੁਖੀ ਹਨ ਅਤੇ ਇਸਤੋਂ ਜਲਦੀ ਛੁਟਕਾਰਾ ਪਾਉਣ ਦੇ ਚਾਹਵਾਨ ਹਨ । ਹਰ ਤਰਾਂ ਦੇ ਡੇਰਾਵਾਦ ਤੋਂ ਨਿਜਾਤ ਪਾਉਣ ਲਈ ,ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਣ ਲਈ ਇਹ ਫੇਸਬੁੱਕ ਰਾਹੀਂ ਨਵੀਂ ਟੈਕਨੌਲੋਜੀ ਅਨੁਸਾਰ ਤਿਆਰ ਹੋਇਆ ਗਰੁੱਪ ਸੱਚ ਮੁੱਚ ਹੀ ਪੂਰੇ ਮੇਲੇ ਤੇ ਅਜੀਬ ਅਤੇ ਸਦੀਵੀ ਛਾਪ ਛੱਡ ਗਿਆ।




.