.

“ਤਿਨਾੑ ਸਵਾਰੇ ਨਾਨਕਾ

ਜਿਨੑ ਕਉ ਨਦਰਿ ਕਰੇ”

(ਭਾਗ ੩)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਲੜੀ ਜੋੜਣ ਲਈ ਇਸ ਤੋਂ ਪਹਿਲੇ ਦੋਵੇਂ ਭਾਗ ਜ਼ਰੂਰ ਪੜੋ ਜੀ)

“ਮੂੰਡ ਧੁਨੇ ਪਛੁਤਈ ਹੈ” - ਇਸ ਤਰ੍ਹਾਂ ਚਲਦੇ ਆ ਵਿਸ਼ੇ ਨੂੰ ਅਸਾਂ ਕੇਵਲ ਬਾਣੀ ‘ਆਸਾ ਕੀ ਵਾਰ’ `ਚੋਂ ਹੀ ਲੈਣਾ ਸ਼ੁਰੂ ਕੀਤਾ ਹੈ। ਜਦਕਿ ਇਸ ਦਾ ਇਹ ਮਤਲਬ ਵੀ ਨਹੀਂ ਕਿ ਬਾਣੀ ‘ਆਸਾ ਕੀ ਵਾਰ’ ਜਾਂ ਵਿਚਾਰ ਅਧੀਨ ਵਿਸ਼ੇ ਨੂੰ ਸਪਸ਼ਟ ਕਰਣ ਲਈ ਮਿਸਾਲ ਵੱਜੋਂ ਲਏ ਗਏ ਕਬੀਰ ਸਾਹਿਬ ਦੇ ਸ਼ਬਦ “ਚਾਰਿ ਪਾਵ ਦੁਇ ਸਿੰਗ, ਗੁੰਗ ਮੁਖ, ਤਬ ਕੈਸੇ ਗੁਨ ਗਈ ਹੈ. .” ਦੀ ਅੰਤਮ ਤੇ ਫ਼ੈਸਲਾ ਕੁਣ ਪੰਕਤੀ “ਕਹਤ ਕਬੀਰ ਰਾਮ ਨਾਮ ਬਿਨੁ, ਮੂੰਡ ਧੁਨੇ ਪਛੁਤਈ ਹੈ” ਤੋਂ ਇਲਾਵਾ ਗੁਰਬਾਣੀ `ਚ ਇਹ ਵਿਸ਼ਾ ਹੋਰ ਕਿਧਰੇ ਨਹੀਂ ਲਿਆ ਗਿਆ। ਸਚਾਈ ਇਹ ਹੈ ਕਿ ਸਮੂਚੀ ਗੁਰਬਾਣੀ ਰਚਨਾ ਭਾਵ “ਤਨੁ ਮਨੁ ਥੀਵੈ ਹਰਿਆ” ਤੱਕ ਤਾਂ ਗੁਰਦੇਵ ਨੇ ਇਸ ਵਿਸ਼ੇ ਨੂੰ ਬੇਅੰਤ ਵਾਰ ਦ੍ਰਿੜ ਕਰਵਾਇਆ ਹੈ।

ਗੁਰਬਾਣੀ `ਚ ਅਜਿਹੇ ਪ੍ਰਗਟਾਵੇ ਵੀ ਬਹੁਤ ਹਨ ਜੋ ਸਾਬਤ ਕਰਦੇ ਹਨ ਜੀਵ ਨੂੰ ਆਪਣੇ ਮਨੁੱਖਾ ਜਨਮ ਸਮੇਂ ਹਉਮੈ ਅਧੀਨ ਕੀਤੇ ਹੋੲੈ ਕਰਮਾਂ ਦਾ ਫਲ ਭੋਗਣ ਲਈ ਹੀ ਦੂਜੀਆਂ ਭਿੰਨ ਭਿੰਨ ਅਰਬਾਂ ਖਰਬਾਂ ਜੂਨਾਂ ਭੋਗਣੀਆਂ ਪੈਂਦੀਆਂ ਹਨ। ਇਸ ਤਰ੍ਹਾਂ ਦੂਜੀਆਂ ਬੇਅੰਤ ਜੂਨਾਂ, ਕੇਵਲ ਮਨੁੱਖ ਰਾਹੀਂ ਕੀਤੇ ਕਰਮਾਂ ਦਾ ਲੇਖਾ ਜੋਖਾ ਹੀ ਹੁੰਦੀਆਂ ਹਨ। ਉਨ੍ਹਾਂ ਜੂਨਾਂ ਨੂੰ ਭੁਗਤਾਉਣ, ਸਮੇਂ ਉਸ ਨੂੰ ਪ੍ਰਭੂ ਦੇ ਨਿਆਂ `ਚ ਮਿਲੀਆਂ ਭਿੰਨ ਭਿੰਨ ਜੂਨਾਂ, ਆਪਣੇ ਆਪ `ਚ ਉਸ ਲਈ ਪ੍ਰਭੂ ਵੱਲੋਂ ਸਜ਼ਾਵਾਂ ਦੀਆਂ ਕੋਠਰੀਆਂ (Cells) ਹੁੰਦੀਆਂ ਹਨ। ਉਹ ਸਭ “ਹਉ ਵਿਚਿ ਨਰਕਿ ਸੁਰਗਿ ਅਵਤਾਰੁ” (ਪੰ: ੪੬੬) ਅਨੁਸਾਰ ਭਿੰਨ ਭਿੰਨ ਜੂਨਾਂ ਦੇ ਰੂਪ `ਚ ਅਉਖੇ ਤੇ ਸੌਖੇ ਸਰੀਰ ਤੇ ਜੀਵਨ ਹੁੰਦੇ ਹਨ।

ਇਹੀ ਨਹੀਂ ਬਲਕਿ ਗੁਰਬਾਣੀ `ਚ ਅਜਿਹੇ ਪ੍ਰਮਾਣ ਵੀ ਬਹੁਤ ਹਨ ਜੋ ਸਾਬਤ ਕਰਦੇ ਹਨ ਕਿ ਉਸ ਸਮੇਂ ਜੀਵ ਨੂੰ ਸੋਝੀ ਹੁੰਦੀ ਹੈ ਕਿ ਉਸ ਨੂੰ ਅਮੁੱਕੀ ਸਜ਼ਾ ਕਿਉਂ ਤੇ ਉਸ ਰਾਹੀਂ ਬਿਤਾਏ ਮਨੁੱਖਾ ਜਨਮ ਸਮੇਂ ਕੀਤੇ ਕਿਸ ਕਰਮ ਦੀ ਸਜ਼ਾ ਮਿਲ ਰਹੀ ਹੈ। ਜਦਕਿ ਉਦੋਂ, ਉਸ ਸਜ਼ਾ ਤੋਂ ਬਚਣ ਲਈ, ਉਸ ਕੋਲ ਕੋਈ ਰਾਹ ਨਹੀਂ ਹੁੰਦਾ। ਇਸੇ ਲਈ ਉਸ ਸਮੇਂ ਉਸ ਨੂੰ ਅਮੁੱਕੀ ਜੂਨ ਦੇ ਰੂਪ `ਚ ਉਹ ਸਜ਼ਾ ਭੋਗਣੀ ਹੀ ਪੈਂਦੀ ਹੈ। ਹੋਰ ਤਾਂ ਹੋਰ, ਮਨੁੱਖ ਤੋਂ ਇਲਾਵਾ ਉਨ੍ਹਾਂ ਭਿੰਨ ਭਿੰਨ ਜੂਨੀਆਂ ਨੂੰ ਭੁਗਤਾਉਣ ਸਮੇਂ ਤਾਂ ਉਸ ਨੂੰ ਜੋ ਜ਼ਬਾਨ ਵੀ ਮਿਲਦੀ ਹੈ ਤਾਂ ਉਸ ਕੋਲ ਜ਼ਬਾਨ ਵੀ ਗੁੰਗੀ ਹੀ ਹੁੰਦੀ ਹੈ। ਉਸੇ ਕਾਰਨ ਉਦੋਂ ਨਾ ਤਾਂ ਉਹ ਆਪਣੇ ਅੰਦਰਲੇ ਦੁਖ ਬਾਰੇ ਕਿਸੇ ਨੂੰ ਦੱਸ ਸਕਦਾ ਹੈ ਤੇ ਨਾ ਕਿਸੇ ਦੀ ਹਮਦਰਦੀ ਤੱਕ ਹੀ ਹਾਸਲ ਕਰ ਸਕਦਾ ਹੈ।

ਖ਼ੈਰ, ਦਿੱਤੇ ਜਾ ਰਹੇ ਵੇਰਵੇ ਅਨੁਸਾਰ, ਸਬੰਧਤ ਵਿਸ਼ੇ ਲਈ ਬਾਣੀ ‘ਆਸਾ ਕੀ ਵਾਰ’ ਪਉੜੀ ਨੰ: ੧੪ `ਚ ਹੀ ਗੁਰਦੇਵ ਦਾ ਇਸ ਬਾਰੇ ਇਸ ਤਰ੍ਹਾਂ ਫ਼ੁਰਮਾਨ ਹੈ, “ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ॥ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ॥ ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ॥ ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ॥ ਕਰਿ ਅਉਗਣ ਪਛੋਤਾਵਣਾ” (ਪੰ: ੪੭੦) ਇਸ ਦੇ ਅਰਥ ਭਾਵ ਹਨ ਕਿ ਐ ਮਨੁੱਖ! ਇਸ ਸਮੇਂ ਤੈਨੂੰ ਜੋ ਮਨੁੱਖਾ ਜਨਮ ਪ੍ਰਾਪਤ ਹੈ, ਚੇਤੇ ਰਖ! ਤੇਰਾ ਇਹ ਸਰੀਰ ਇਸੇ ਦੁਨੀਆਂ `ਚ ਹੀ ਰਹਿ ਜਾਣਾ ਹੈ। ਜਦਕਿ ਇਸ ਸਰੀਰ ਰਾਹੀਂ ਹਉਮੈ ਅਧੀਨ ਜੋ ਵੀ ਤੂੰ ਚੰਗੇ ਭਾਵੇਂ ਮੰਦੇ ਕੰਮ ਕਰੇਂਗਾ, ਉਨ੍ਹਾਂ ਦਾ ਲੇਖਾ ਤੈਨੂੰ ਆਪਣੇ ਆਪ ਨੂੰ ਹੀ ਭੋਗਣਾ ਹੈ।

“ਜੋ ਮੈ ਕੀਆ ਸੋ ਮੈ ਪਾਇਆ” -ਇਸ ਲਈ ਇਸ ਵੱਕਤ ਜੇਕਰ ਤੂੰ ਇਸ ਸਰੀਰ ਦੇ ਹੰਕਾਰ `ਚ, ਸਰੀਰ ਦੇ ਰਚਨਹਾਰੇ ਪ੍ਰਭੂ ਨੂੰ ਭੁਲਾਅ ਕੇ ਮਨ ਮਾਨੇ ਹੁਕਮ ਅਥਵਾ ਇਸ ਸਰੀਰ ਦੀ ਕੁਵਰਤੋਂ ਕਰੇਂਗਾ ਤਾਂ ਇਸ ਦੇ ਲਈ “ਰਾਹਿ ਭੀੜੈ ਅਗੈ ਜਾਵਣਾ”। ਚੇਤੇ ਰਖ! ਕਿ ਸਰੀਰ ਮੁੱਕਣ ਬਾਅਦ ਵੀ, ਤੇਰੇ ਰਾਹੀਂ ਕੀਤੇ ਜਾ ਰਹੇ ਕਰਮਾਂ ਦਾ ਲੇਖਾ ਹੋਣਾ ਹੈ ਜਦਕਿ ਕਰਤੇ ਦੇ ਨਿਆਂ ਵਾਲਾ ਰਸਤਾ ਵੀ ਬੜਾ ਤੰਗ ਹੈ। ਦੂਜੇ ਲਫ਼ਜ਼ਾਂ `ਚ ਪ੍ਰਭੂ ਦੇ ਉਸ ਨਿਆਂ ਸਮੇਂ ਨਿਰੋਲ “ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ” ਅਥਵਾ “ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ” (ਪੰ: ੫੩੩) ਵਾਲਾ ਨਤੀਜਾ ਹੀ ਤੇਰੇ ਸਾਹਮਣੇ ਆਉਣਾ ਹੈ।

ਤਾਂ ਤੇ “ਨੰਗਾ ਦੋਜਕਿ ਚਾਲਿਆ” ਭਾਵ ਜੇ ਤੂੰ ਆਪਣੇ ਅਮੁਲੇ ਤੇ ਦੁਰਲਭ ਮਨੁੱਖਾ ਜਨਮ ਦੀ ਪਹਿਚਾਣ ਨਾ ਕੀਤੀ ਇਸ ਤਰ੍ਹਾਂ ਜੇਕਰ ਤੂੰ ਖਾਲੀ ਹੱਥ ਹੀ ਸੰਸਾਰ ਤੋਂ ਕੂਚ ਕਰ ਗਿਆ ਤਾਂ ਤੂੰ “ਦੋਜਕਿ” ਭਾਵ ਫ਼ਿਰ ਤੋਂ ਤੂੰ ਜਨਮਾਂ-ਜੂਨਾਂ ਦੇ ਗੇੜ੍ਹ `ਚ ਹੀ ਪਵੇਂਗਾ। ਅਜਿਹੀ ਹਾਲਤ `ਚ “ਤਾ ਦਿਸੈ ਖਰਾ ਡਰਾਵਣਾ” ਅਨੁਸਾਰ ਤੇਰੇ ਲਈ ਉਹ ਸਮਾਂ ਵੀ ਬੜਾ ਭਿਆਣਕ ਹੋਵੇਗਾ। ਇਸ ਤਰ੍ਹਾਂ, ਉਸ ਸਮੇਂ ਤੈਨੂੰ ਆਪਣੇ ਕੀਤੇ ਅਉਗੁਣਾਂ `ਤੇ ਹੀ ਪਛਤਾਉਣਾ ਪਵੇਗਾ। ਭਾਵ ਉਸ ਸਮੇਂ ਬੇਸ਼ਕ ਇਹ ਵਿਚਾਰੇਂਗਾ ਕਿ ਕਾਸ਼ ਮੈ ਉਦੌ ਇਸ ਤਰ੍ਹਾਂ ਨਾ ਕਰਦਾ ਪਰ ਸਮਾਂ ਨਿਕਲਣ ਬਾਅਦ ਉਸ ਦਾ ਕੀ ਲਾਭ? ਕਿਉਂਕਿ ਉਸ ਸਮੇਂ ਸਿਵਾਏ ਕੀਤੇ ਅਉਗੁਣਾ ਲਈ ਪਛਤਾਉਣ ਤੇ ਉਨ੍ਹਾਂ ਬਦਲੇ ਸਜ਼ਾਵਾਂ ਭੋਗਣ ਦੇ ਤੇਰੇ ਕੋਲ ਬਾਕੀ ਹੋਰ ਕੋਈ ਰਾਹ ਵੀ ਨਹੀਂ ਹੋਵੇਗਾ।

ਵਿਚਾਰਨਾ ਹੈ ਕਿ ਗੁਰਦੇਵ ਵੱਲੋਂ ਸਬੰਧਤ ਸਲੋਕ `ਚ ਸਾਰੀ ਚੇਤਾਵਨੀ ਹੀ, ਪ੍ਰਾਪਤ ਮਨੁੱਖਾ ਜਨਮ ਦੀ ਸੰਭਾਲ ਲਈ ਹੈ। ਇਸ ਦੇ ਨਾਲ, ਗੁਰਦੇਵ ਇਥੇ ਤਸਵੀਰ ਦਾ ਦੂਜਾ ਪਾਸਾ ਵੀ ਸਪਸ਼ਟ ਕਰ ਰਹੇ ਹਨ, ਫ਼ੁਰਮਾਅ ਰਹੇ ਹਨ, ਜੇਕਰ ਮਨੁੱਖ ਨੇ ਪ੍ਰਾਪਤ ਮਨੁੱਖਾ ਜਨਮ ਦੀ ਸੰਭਾਲ ਨਾ ਕੀਤੀ ਤਾਂ ੳੇੁਸ ਦਾ ਸਰੀਰਕ ਮੌਤ ਬਾਅਦ ਕੀ ਹਸ਼ਰ ਹੋਵੇਗਾ। ਠੀਕ ਉਹੀ ਗੱਲ ਜੋ ਬਦਲਵੀਂ ਸ਼ਬਦਾਵਲੀ `ਚ ਕਬੀਰ ਸਾਹਿਬ ਨੇ ਆਸਾ ਰਾਗ ਵਿਚਲੇ ਪੰਨਾ ੪੮੧ ਵਾਲੇ ਸ਼ਬਦ “ਕਹਾ ਸੁਆਨ ਕਉ ਸਿਮ੍ਰਿਤਿ ਸੁਨਾਏ॥ ਕਹਾ ਸਾਕਤ ਪਹਿ ਹਰਿ ਗੁਨ ਗਾਏ” `ਚ ਬਿਆਣੀ ਹੈ ਅਤੇ ਇਸ ਬਾਰੇ ਅਸੀਂ ਵਿਚਾਰ ਵੀ ਕਰ ਚੁੱਕੇ ਹਾਂ “ਜੋ ਧੁਰਿ ਲਿਖਿਆ ਸੁ ਕਰਮ ਕਮਾਇਆ” ਕਿ ਇਹ ਸਾਰੀ ਖੇਡ ਉਸੇ ਕਾਰਨ ਹੀ ਬਣਦੀ ਹੈ।

ਹਰਿ ਬੁਝਨਿ ਨਾਹੀ ਹਾਰਿਆ” -ਬਲਕਿ ਇਹ ਉਹੀ ਵਿਸ਼ਾ ਹੈ ਜਿਸ ਦੇ ਮੂਲ ਕਾਰਨਾ ਦਾ ਵੇਰਵਾ ਗੁਰਦੇਵ ਨੇ ਬਾਣੀ ‘ਆਸਾ ਕੀ ਵਾਰ’ ਪਉੜੀ ਨੰ: ੧੭ `ਚ ਵੀ ਦਿੱਤਾ ਹੈ। ਪਉੜੀ ਨੰ: ੧੭ `ਚ ਗੁਰਦੇਵ ਚੇਤਾਵਣੀ ਦਿੰਦੇ ਹਨ “ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ॥ ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ॥ ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ॥ ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ॥ ਜਰੁ ਆਈ ਜੋਬਨਿ ਹਾਰਿਆ” (ਪੰ: ੪੭੨) ਪਾਤਸ਼ਾਹ ਫ਼ੁਰਮਾਉਂਦੇ ਹਨ, ਮਨੁੱਖਾ ਜਨਮ ਪ੍ਰਾਪਤ ਹੋਣ ਬਾਅਦ ਵੀ ਸੰਭਲਣ ਵਾਲੇ, ਫ਼ਿਰ ਵੀ ਥੋੜੇ ਹੀ ਹੁੰਦੇ ਹਨ ਜਦਕਿ ਬਹੁਤਾ ਕਰਕੇ ਮਨੁੱਖ ਦੀ ਦਸ਼ਾ ਇਸ ਪਉੜੀ ਵਾਲੀ ਹੀ ਹੁੰਦੀ ਹੈ। ਜਿਸ ਕਰਤਾਰ ਨੇ ਜੀਵ ਨੂੰ ਬੇਅੰਤ ਜੂਨਾਂ `ਚੋਂ ਕਢ ਕੇ ਇਹ ਦੁਰਲਭ ਤੇ ਅਮੁਲੇ ਮਨੁੱਖਾ ਜਨਮ ਬਖ਼ਸ਼ਿਆ ਹੁੰਦਾ ਹੈ। ਜਿਸ ਪ੍ਰਭੂ ਨੇ ਇਸ ਨੂੰ ਬੇਅੰਤ ਦਾਤਾਂ ਬਖ਼ਸ਼ੀਆਂ ਹੁੰਦੀਆਂ ਹੁੰਦੀਆਂ ਹਨ। ਜਦਕਿ ਇਹ ਮਨੁੱਖ ਉਨ੍ਹਾਂ ਦਾਤਾਂ ਅਤੇ ਆਪਣੇ ਇਸ ਸਰੀਰ `ਚ ਹੀ ਉਲਝਿਆ ਰਹਿ ਕੇ, ਇਸ ਜਨਮ ਤੇ ਇਸ ਮਨੁੱਖਾ ਜੂਨ ਵਾਲੀ ਉਤਮਤਾ ਨੂੰ ਹੀ ਨਹੀਂ ਪਹਿਚਾਣਦਾ।

ਇਸ ਤਰ੍ਹਾਂ ਜਿਸ ਕਰਤੇ ਨੇ ਇਸ ਨੂੰ ਮਨੁੱਖਾ ਜਨਮ ਤੇ ਸਾਰੀਆਂ ਦਾਤਾਂ ਬਖ਼ਸ਼ੀਆਂ ਹੁੰਦੀਆਂ ਹਨ ਉਸ ਦੇ ਲਈ ਜੀਵਨ ਭਰ ਇਸ ਮਨੁੱਖ ਦਾ ਹਾਲ “ਹਰਿ ਬੁਝਨਿ ਨਾਹੀ” ਵਾਲਾ ਹੀ ਬਣਿਆ ਰਹਿੰਦਾ ਹੈ। ਉਸੇ ਦਾ ਨਤੀਜਾ ਹੁੰਦਾ ਹੈ ਕਿ ਇਸ ਸੰਸਾਰ ਤੋਂ ਮਨੁੱਖ ਜੀਵਨ ਦੀ ਬਾਜ਼ੀ ਹਾਰ ਕੇ (ਹਾਰਿਆ) ਹੀ ਜਾਂਦਾ ਹੈ। ਠੀਕ ਇਥੇ ਵੀ ਗੁਰਦੇਵ ਨੇ ਉਹੀ ਗੱਲ ਕਹੀ ਹੈ ਜਿਹੜੀ ਪਉੜੀ ਨੰ: ੧੪ `ਚ “ਨੰਗਾ ਦੋਜਕਿ ਚਾਲਿਆ” ਵਾਲੀ ਸ਼ਬਦਾਵਲੀ ਨਾਲ ਕਹੀ ਸੀ।

ਫ਼ਰਕ ਇਤਨਾ ਹੈ ਕਿ ਇਸ ਪਉੜੀ `ਚ ਗੁਰਦੇਵ ਨੇ ਕਰਤੇ ਦੀਆਂ ਦਾਤਾਂ, ਬਖ਼ਸ਼ਿਸ਼ਾਂ ਤੇ ਸਹੂਲਤਾਂ ਦਾ ਕੁੱਝ ਵੇਰਵਾ ਵੀ ਦਿੱਤਾ ਹੈ ਜਿਨ੍ਹਾਂ – `ਚ ੳੇੁਲਝ ਕੇ ਮਨੁੱਖ ਦਾਤਾਂ ਦੇਣ ਵਾਲੇ ਦਾਤੇ ਨੂੰ ਹੀ ਵਿਸਾਰ ਦਿੰਦਾ ਤੇ ਕੁਰਾਹੇ ਪੈ ਜਾਂਦਾ ਹੈ। ਕਰਤੇ ਦੀਆਂ ਦਾਤਾਂ ਜਿਵੇਂ ਉੱਤਮ ਆਵਾਜਾਈ ਦੇ ਸਾਧਨ, ਅਹੁਦੇ, ਵੱਡੀਆਂ ਜਾਇਦਾਦਾਂ, ਬੇਅੰਤ ਪ੍ਰਕਾਰ ਦੀਆਂ ਸਰੀਰਕ ਤੇ ਸੰਸਾਰਕ ਸੁਖ ਸਹੂਲਤਾਂ ਆਦਿ। ਬਜਾਏ ਇਸ ਦੇ ਕਿ ਮਨੁੱਖ ਇਨ੍ਹਾਂ ਦਾਤਾਂ ਤੇ ਬਖ਼ਸ਼ਿਸ਼ਾਂ ਰਸਤੇ ਆਪਣੇ ਜੀਵਨ ਦੀ ਅਸਲੀਅਤ ਤੇ ਇਸ ਦੇ ਮਕਸਦ ਦੀ ਪਹਿਚਾਣ ਕਰਦਾ। ਜੀਉਂਦੇ ਜੀਅ, ਗੁਰੂ ਗਿਆਨ ਰਾਹੀਂ ਜੀਵਨ ਨੂੰ ਇਲਾਹੀ ਗੁਣਾਂ ਨਾਲ ਭਰਪੂਰ ਕਰਦਾ, ਇਸ ਤਰ੍ਹਾਂ ਇਸ ਜੀਵਨ ਦਾ ਲਾਭ ਲੈਂਦਾ। ਇਸ ਦੇ ਉਲਟ, ਜਦਕਿ ਗੁਰੂ ਗਿਆਨ ਵਿਹੂਨੇ ਮਨੁੱਖ ਦੇ ਜੀਵਨ `ਚ ਵਿਗਾੜ ਵੀ ਇਥੋਂ ਹੀ ਹੁੰਦਾ ਹੈ। ਇਸ ਤਰ੍ਹਾਂ ਕੁਰਾਹੇ ਪੈ ਚੁੱਕੇ ਮਨੁੱਖ ਦੇ ਜੀਵਨ ਦੇ ਵਿਗਾੜ ਦਾ ਕਾਰਨ ਵੀ ਪ੍ਰਭੂ ਦੀਆਂ ਇਨ੍ਹਾਂ ਦਾਤਾਂ ਹੀ ਕੁਵਰਤੋਂ ਹੀ ਹੁੰਦਾ ਹੈ।

ਮਨੁੱਖ ਦੇ ਜੀਵਨ `ਚ ਇਤਨਾ ਵੱਡਾ ਵਿਗਾੜ ਆ ਜਾਂਦਾ ਹੈ ਕਿ ਉਸ ਦਾ ਸੁਭਾਅ ਹੀ “ਕਰਿ ਫੁਰਮਾਇਸਿ ਖਾਇਆ, ਵੇਖਿ ਮਹਲਤਿ ਮਰਣੁ ਵਿਸਾਰਿਆ” ਭਾਵ ਉਸ ਕੁਰਾਹੇ ਪਏ ਨੂੰ ਆਪਣੀ ਮੌਤ ਤੱਕ ਵੀ ਭੁਲੀ ਰਹਿੰਦੀ ਹੈ। ਉਸ ਨੂੰ ਇਹ ਵੀ ਪਤਾ ਨਹੀਂ ਲਗਦਾ ਕਿ ਕਿਸ ਸਮੇਂ ਅਚਾਨਕ ਉਸ ਦੇ ਜੀਵਨ ਵਾਲੀ ਖੇਡ ਵੀ ਮੁੱਕ ਜਾਂਦੀ ਹੈ। ਉਹ ਮਨੁੱਖ “ਜਰੁ ਆਈ ਜੋਬਨਿ ਹਾਰਿਆ” ਅਨੁਸਾਰ ਬਚਪਣ ਤੋਂ ਜੁਆਨੀ, ਉਪ੍ਰੰਤ ਆਪਣਾ ਬੁਢਾਪਾ ਵੀ ਇਸੇ ਤਰ੍ਹਾਂ ਹੀ ਅਜ਼ਾਈਂ ਕਰ ਦਿੰਦਾ ਹੈ। ਇਸ ਤਰ੍ਹਾਂ ਜੀਵਨ ਦੀ ਬਾਜ਼ੀ ਹਾਰ ਕੇ ਅਤੇ ਪ੍ਰਾਪਤ ਮਨੁੱਖਾ ਜਨਮ ਨੂੰ ਬੇਮਕਸਦ ਤੇ ਬਿਰਥਾ ਕਰਕੇ ਜਾਂਦਾ ਅਤੇ ਮੁੜ ਜੂਨਾਂ-ਜਨਮਾਂ ਦੇ ਗੇੜ੍ਹ `ਚ ਹੀ ਪੈਂਦਾ ਹੈ।

“ਸਭੁ ਕੋ ਆਖੈ ਆਪਣਾ” - ਇਹੀ ਨਹੀਂ ਬਾਣੀ “ਆਸਾ ਕੀ ਵਾਰ” ਦੀ ਹੀ ਪਉੜੀ ਨੰ: ੧੮ “ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ॥ ਸਹਿ ਮੇਲੇ ਤਾ ਨਦਰੀ ਆਈਆ॥ ਜਾ ਤਿਸੁ ਭਾਣਾ ਤਾ ਮਨਿ ਵਸਾਈਆ॥ ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ॥ ਸਹਿ ਤੁਠੈ ਨਉ ਨਿਧਿ ਪਾਈਆ” (ਪੰ: ੪੭੩) `ਚ ਗੁਰਦੇਵ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਇਸ ਸਾਰੇ ਦਾ ਮੂਲ ਕਾਰਨ ਮਨੁੱਖ ਦਾ ਸਦਾ ਥਿਰ ਗੁਰੂ ਅਥਵਾ ਸਤਿਗੁਰ ਦੇ ਦੱਸੇ ਮਾਰਗ `ਤੇ ਨਾ ਚਲਣਾ ਹੀ ਹੁੰਦਾ ਹੈ। ਇਸੇ ਕਾਰਨ ਮਨੁੱਖ ਜੀਵਨ ਭਰ. ਆਪਣੇ ਅਸਲੇ ਪ੍ਰਭੂ ਨਾਲ ਅਭੇਦ ਹੀ ਨਹੀਂ ਹੋ ਸਕਦਾ।

ਇਸ ਤਰ੍ਹਾਂ ਪਉੜੀ ਨੂੰ ੧੮ `ਚ ਸਪਸ਼ਟ ਕਰਣ ਤੋਂ ਬਾਅਦ ਕਿ ਜਿਸ ਆਤਮਕ ਗਿਆਨ ਅਥਵਾ ਸਤਿਗੁਰ ਦੇ ਮਾਰਗ `ਤੇ ਚੱਲ ਕੇ ਇਸ ਮਨੁੱਖਾ ਜਨਮ ਦੀ ਸੰਭਾਲ ਕਰਣੀ ਹੁੰਦੀ ਹੈ। ਇਸੇ ਵਾਰ ਦੀ ਅਗਲੀ ਪਉੜੀ ਭਾਵ ਪਉੜੀ ਨੰ: ੧੯ `ਚ ਗੁਰਦੇਵ ਸਪਸ਼ਟ ਕਰਦੇ ਹਨ “ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ॥ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ॥ ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ॥ ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ॥ ਮੂਰਖੈ ਨਾਲਿ ਨ ਲੁਝੀਐ” (ਪੰ: ੪੭੩)। ਇਸ ਦਾ ਅਰਥ ਭਾਵ ਹੈ ਕਿ ਬੇਸ਼ਕ ਮਨੁੱਖ ਨੂੰ ਮਨੁੱਖਾ ਸਰੀਰ ਸਮੇਤ ਸਮੂਚੀਆਂ ਦਾਤਾਂ ਪ੍ਰਭੂ ਨੇ ਬਖ਼ਸ਼ੀਆਂ ਹੁੰਦੀਆਂ ਹਨ। ਪ੍ਰਭੂ ਨੇ ਮਨੁੱਖ ਨੂੰ ਦਾਤਾਂ ਇਸ ਲਈ ਬਖ਼ਸ਼ੀਆਂ ਹੁੰਦੀਆਂ ਹਨ ਕਿ ਇਸ ਦੀਆਂ ਲੋੜਾਂ ਵੀ ਪੂਰੀਆਂ ਹੋਣ ਤੇ ਇਨ੍ਹਾਂ ਦਾਤਾਂ ਕਾਰਨ ਇਸ ਨੂੰ ਆਪਣੇ ਅੰਦਰ ਵੱਸ ਰਿਹਾਂ ਇਨ੍ਹਾਂ ਦਾਤਾਂ ਨੂੰ ਦੇਣ ਵਾਲਾ ਦਾਤਾ ਵੀ ਨਾ ਵਿਸਰੇ। ਜਿਸਤੋਂ ਇਸ ਦਾ ਜੀਵਨ ਗੁਣਵਾਣ, ਸੁਖੀ ਤੇ ਅਨੰਦ ਮਈ ਬਣਿਆ ਰਵੇ।

ਜਦਕਿ ਗੁਰੂ ਗਿਆਨ ਤੋਂ ਵਿਹੂਣਾ ਰਹਿਕੇ ਮਨੁੱਖ ਆਪਣੇ ਦੁਰਲਭ ਮਨੁੱਖਾ ਜਨਮ ਦੀ ਸਾਰੀ ਖੇਡ ਹੀ ਵਿਗਾੜ ਲੈਂਦਾ ਹੈ। ਬਜਾਏ ਇਸ ਦੇ ਕਿ ਮਨੁੱਖ ਦਾਤੇ ਦੀਆਂ ਬਖ਼ਸ਼ੀਆਂ ਇਨ੍ਹਾਂ ਦਾਤਾਂ ਰਸਤੇ ਦਾਤੇ `ਚ ਅਭੇਦ ਹੋਵੇ, ਉਲਟਾ ਉਹ ਤਾਂ “ਸਭੁ ਕੋ ਆਖੈ ਆਪਣਾ” ਅਨੁਸਾਰ ਦਾਤਾਂ `ਤੇ ਆਪਣੀ ਪਕੜ ਹੀ ਬਣਾ ਕੇ ਬੈਠ ਜਾਂਦਾ ਹੈ। ਇਸੇ ਤੋਂ ਉਸ ਨੂੰ ਇਹ ਵੀ ਚੇਤਾ ਨਹੀਂ ਰਹਿੰਦਾ ਕਿ “ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ” ਭਾਵ ਉਸ ਕੋਲ ਜਦੋਂ ਇਹ ਦਾਤਾਂ ਹੀ ਆਪਣੀਆਂ ਨਹੀਂ ਬਲਕਿ ਕਰਤੇ ਦੀ ਹੇ ਦੇਣ ਹਨ ਤਾਂ ਇਨ੍ਹਾਂ ਦਾ ਹੰਕਾਰ ਕਾਹਦਾ”। ਇਸ ਤਰ੍ਹਾਂ ਜੇ ਸਮਝ ਆ ਜਾਵੇ ਤਾਂ ਇਨ੍ਹਾਂ ਦੀ ਕੁਵਰਤੋਂ ਵੀ ਮੁੱਕ ਜਾਵੇ। ਜਦਕਿ ਇਹ ਸਭ ਕੁੱਝ ਪਤਉੜੀ ਨੰ: ੧੮ ਅਨੁਸਾਰ ਗੁਰੂ ਗਿਆਨ ਤੇ ਕਰਤੇ ਦੀ ਬਖ਼ਸ਼ਿਸ਼ ਬਿਨਾਂ ਸੰਭਵ ਹੀ ਨਹੀਂ।

ਇਸ ਲਈ ਉਸ ਸਾਰੇ ਦਾ ਕਾਰਨ ਵੀ ਇੱਕੋ ਹੁੰਦਾ ਹੈ। ਉਸ ਦਾ ਕਾਰਨ ਹੁੰਦਾ ਹੈ ਕਿ ਪਉੜੀ ਨੰ: ੧੮ ਅਨੁਸਾਰ ਜਿਸ ਸਤਿਗੁਰੂ ਭਾਵ ਗੁਰਬਾਣੀ ਗਿਆਨ ਤੋਂ ਵਿਵੇਕ ਬੁਧ ਲੈ ਕੇ ਮਨੁੱਖ ਨੇ ਆਪਣੇ ਜੀਵਨ ਨੂੰ ਸੁਆਰਨਾ ਤੇ ਸ਼ਿੰਗਾਰਨਾ ਹੁੰਦਾ ਹੈ। ਇਸ ਨੇ ਉਸ ਪਾਸੇ ਟੁਰਣਾ ਤਾਂ ਕੀ ਹੁੰਦਾ ਹੈ ਬਲਕਿ ਉਨ੍ਹਾਂ ਦਾਤਾਂ ਦੀ ਹੀ ਕੁਵਰਤੋਂ ਵਾਲੇ ਪਾਸੇ ਟੁਰ ਪੈਂਦਾ ਹੈ। ਇਸੇ ਤੋਂ ਇਸ ਦਾ ਜੀਵਨ ਹੰਕਾਰ ਦੀ ਭਠੀ ਬਣ ਜਾਂਦਾ ਹੈ। ਇਸੇ ਤੋਂ ਇਸ ਨੂੰ ਗੁਰਦੇਵ ਵੱਲੋਂ ਇਹ ਸਮਝਾਉਣ ਦੀ ਵੀ ਲੋੜ ਪੈ ਜਾਂਦੀ ਹੈ ਕਿ “ਮੰਦਾ ਕਿਸੈ ਨ ਆਖੀਐ, ਪੜਿ ਅਖਰੁ ਏਹੋ ਬੁਝੀਐ” ਪਰ ਅਜਿਹਾ ਮਨੁੱਖ ਫ਼ਿਰ ਵੀ ਜੀਵਨ ਦੇ ਸੱਚ ਨੂੰ ਸਮਝਣ ਲਈ ਤਿਆਰ ਨਹੀਂ ਹੁੰਦਾ।

ਅਜਿਹੇ ਮਨੁੱਖ ਦੀ ਮਾਨਸਿਕ ਅਵਸਥਾ ਇਹੋ ਜਹੀ ਬਣ ਚੁੱਕੀ ਹੁੰਦੀ ਹੈ, ਜਿਸ ਬਾਰੇ ਗੁਰਦੇਵ ਦਾ ਫ਼ੈਸਲਾ ਹੈ ਮੂਰਖੈ ਨਾਲਿ ਲੁਝੀਐ ਭਾਵ ਅਜਿਹੀ ਨੀਵੀਂ ਮਾਨਸਿਕ ਅਵਸਥਾ `ਚ ਪੁੱਜ ਚੁੱਕੇ ਮਨੁੱਖ ਨੂੰ ਜੀਵਨ ਦਾ ਸੱਚ ਸਮਝਾਉਣਾ ਵੀ ਸੌਖਾ ਨਹੀਂ ਰਹਿ ਜਾਂਦਾ। ਬਲਕਿ ਕਈ ਵਾਰ ਤਾਂ ਉਸ ਦੇ ਸੰਭਲਣ ਦੀ ਗੁੰਜਾਇਸ਼ ਹੀ ਬਾਕੀ ਨਹੀਂ ਰਹਿ ਜਾਂਦੀ। ਇਸ ਤਰ੍ਹਾਂ ਪ੍ਰਭੂ ਦੀਆਂ ਦਾਤਾਂ ਦੀ ਕੁਵਰਤੋਂ ਦੀ ਹੱਦ ਤੱਕ ਪੁੱਜ ਚੁੱਕੇ ਮਨੁੱਖ ਦੇ ਜੀਵਨ ਦਾ ਇਹੀ ਹਸ਼ਰ ਹੁੰਦਾ ਹੈ। ਇਸੇ ਤੋਂ ਅਜਿਹੇ ਮਨੁੱਖ ਦੀ ਮਾਨਸਿਕ ਹਾਲਤ ਕੀ ਬਣੀ ਹੁੰਦੀ ਹੈ, ਗੁਰਦੇਵ ਉਸ ਸਬੰਧੀ ਉਪਰ ਦਿੱਤੀ ਬਾਣੀ ‘ਆਸਾ ਕੀ ਵਾਰ’ ਦੀ ਪਉੜੀ ਨੰ: ੧੯ `ਚ ਉਸੇ ਦਾ ਹੀ ਵੇਰਵਾ ਦਿੱਤਾ ਹੈ।

ਇਸੇ ਲਈ ਇਸੇ ਲੜੀ `ਚ ਗੁਰਦੇਵ ਮਨੁੱਖ ਨੂੰ ਅਗੇ ‘ਆਸਾ ਕੀ ਵਾਰ’ ਦੀ ਹੀ ਪਉੜੀ ਨੰ; ੨੧ `ਚ ਜੀਵਨ ਰਹਿੰਦੇ ਇਸ ਤਰ੍ਹਾਂ ਸੁਚੇਤ ਵੀ ਕਰਦੇ ਹਨ। ਪਉੜੀ ਹੈ “ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮਾੑਲੀਐ॥ ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ॥ ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ॥ ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ॥ ਕਿਛੁ ਲਾਹੇ ਉਪਰਿ ਘਾਲੀਐ” (ਪੰ: ੪੭੪) ਭਾਵ ਜੇ ਕਰ ਮਨੁੱਖ ਜੀਊਂਦੇ ਜੀਅ, ਆਪਣੇ ਅਸਲੇ ਕਰਤੇ ਅਕਾਲਪੁਰਖ ਦੀ ਪਹਿਚਾਣ ਕਰ ਲਵੇ; ਜੇਕਰ ਮਨੁੱਖ ਆਪਣੀ ਕਰਣੀ-ਸੋਚਣੀ `ਚ ਪ੍ਰਭੂ ਕਰਤੇ ਨਾਲ ਇੱਕ ਮਿਕ ਹੋ ਕੇ ਚੱਲੇ ਤਾਂ ਉਸ ਦਾ ਜੀਵਨ ਕਦੇ ਵੀ ਕੁਰਾਹੇ ਨਹੀਂ ਪਵੇਗਾ।

ਉਸ ਨੂੰ ਆਪਣੀ ਸੁਰਤ `ਚੋਂ ਗੁਰਦੇਵ ਵੱਲੋਂ ਦਿੱਤੀ ਹੋਈ ਇਹ ਚੇਤਾਵਨੀ ਕਦੇ ਨਹੀਂ ਭੁਲੇਗੀ ਕਿ “ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ॥ ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ”। ਉਸ ਦੀ ਸੋਚ ਤੇ ਕਰਣੀ ਕੇਵਲ ਵੱਕਤ ਟਪਾਊ ਤੇ ਜੀਵਨ ਨੂੰ ਧੱਕਾ ਦੇਣ ਤੱਕ ਸੀਮਤ ਨਹੀਂ ਰਵੇਗੀ ਬਲਕਿ ਉਸ ਨੂੰ ਪਤਾ ਹੋਵੇਗਾ ਕਿ ਉਸ ਦੇ ਜੀਵਨ ਦੀ ਸੀਮਾ ਆਤਮਕ ਹੈ, ਸਰੀਰਕ ਨਹੀਂ। ਇਸ ਲਈ ਉਸ ਨੂੰ ਹਰ ਦਮ ਪਤਾ ਰਵੇਗਾ ਕਿ ਉਹ ਆਪਣੀ ਆਤਮਕ ਸੰਭਾਲ ਨਾ ਕਰਕੇ, ਆਪਣੇ ਜੀਵਨ ਦੀ ਬਾਜ਼ੀ ਨੂੰ ਹਾਰ ਵੀ ਸਕਦਾ ਹੈ। ਇਸ ਲਈ ਉਹ ਇਹ ਆਪਣੇ ਜੀਵਨ ਨੂੰ ਇਹੋ ਜਿਹਾ ਘੜੇਗਾ ਹੀ ਨਹੀਂ ਜਿਸ `ਚ ਉਸ ਦੀ ਸੁਰਤ ਪ੍ਰਭੂ ਤੋਂ ਟੁਟੀ ਰਵੇ ਤੇ ਉਸ ਦਾ ਜੀਵਨ ਅਚਣਚੇਤ ਹੀ ਗੁਣਾਹਾਂ ਵੱਲ ਵਧਦਾ ਜਾਵੇ। (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No G 0105-III

“ਤਿਨਾੑ ਸਵਾਰੇ ਨਾਨਕਾ

ਜਿਨੑ ਕਉ ਨਦਰਿ ਕਰੇ” (ਭਾਗ )

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.